1 December 2022
ਲਾਲ ਸਿੰਘ ਦਸੂਹਾ

ਕਹਾਣੀ: ਕਥਾ ਕਾਲੇ ਕਲਾਮ ਦੀ—ਲਾਲ ਸਿੰਘ ਦਸੂਹਾ

ਕਹਾਣੀ: ਕਥਾ ਕਾਲੇ ਕਲਾਮ ਦੀ  

ਲਾਲ ਸਿੰਘ ਦਸੂਹਾ

ਐਓਂ ਕਰੀਂ ਜ਼ਰਾ ਸਹਿਜ ਨਾਲ ਜਾ ਬੈਠੀਂ ਉਸਦੇ ਮੰਜੇ ਲਾਗੇ। ਕਿਸੇ ਵੀ ਕੁਰਸੀ ਸਟੂਲ ਤੇ। ਬਿੜਕ ਹੁੰਦਿਆ-ਕਰਦਿਆਂ ਉਹ ਅੱਖਾਂ ਖੋਲੇਗੀ। ਤੈਨੂੰ ਦੇਖਦਿਆਂ ਸਾਰ ਪਹਿਲਾ ਸਵਾਲ ਇਹ ਕਰੇਗੀ –‘ਭਾਅ ਜੀ ਮੇਰਾ ਇੱਕ ਕੰਮ ਕਰੋਗੇ?‘ ਤੇਰੀ ਹਾਂ-ਨਾਂਹ ਉਡੀਕੇ ਬਿਨਾਂ ਉਹ ਅਗਲਾ ਵਾਕ ਫਿਰ ਉਹੀ ਬੋਲੇਗੀ, ਥੋੜਾ ਬਦਲ ਕੇ –“ਮੇਰਾ ਇਹ ਕੰਮ ਜ਼ਰੂਰ ਕਰੋ, ਮੈਨੂੰ ਘਰ ਛੱਡ ਆਓ।”

ਤੂੰ ਹੈਰਾਨ ਹੋਵੇਂਗਾ ਤੇ ਚਿੰਤਾਵਾਨ ਵੀ। ਅਪਣੇ ਘਰ ਬੈਠੀ ਇਹ ਕਿਹੜੀ ਥਾਂ ਜਾਣ ਨੂੰ ਆਖ ਰਹੀ ਐ। ਉਸ ਦੇ ਅਗਲੇ ਬੋਲ ਸੁਨਣ ਤੋਂ ਪਹਿਲਾਂ ਤੂੰ ਆਖੇਂਗਾ–“ਅਪਣੇ ਘਰ ਈ ਤਾਂ ਬੈਠੀ ਏਂ ਤੂੰ। ਇਹ ਤੇਰਾ ਈ ਘਰ ਆ ਬੀਬਾ। “ਉਸਦਾ ਝੱਟ ਉੱਤਰ ਹੋਵੇਗਾ –“ਨਹੀਂ, ਇਹ ਮੇਰਾ ਘਰ ਨਈਂ। ਇਹ ਪਤਾ ਨਈਂ ਕੇਦਾ, ਮੈਂ ਜਿੱਦਣ ਦੀ ਆਈ ਆਂ ਓਦਣ ਦੀ ਈ ਬੀਮਾਰ ਆਂ। ਅਪਣੇ ਘਰ ਮੈਂ ਕਦੀ ਬੀਮਾਰ ਨਹੀਂ ਸੀ ਹੋਈ। ਮੈਨੂੰ ਉਥੇ ਲੈ ਕੇ ਚੱਲ ਵੀਰ ਬਣ ਕੇ। ਮੈਂ ਹੱਥ ਜੋੜਦੀ ਆਂ, ਪੈਰੀ ਪੈਨੀਂ ਆ ਤੇਰੇ।” ਤੇ ਸੱਚ-ਮੁੱਚ ਉਹ ਹੱਥ ਜੋੜ ਕੇ ਤੇਰੇ ਪੈਰਾਂ ਵਲ੍ਹ ਨੂੰ ਝੁਕੇਗੀ। ਤੂੰ ਉਸਨੂੰ ਰੋਕੇਂਗਾ। ਉਸ ਨੂੰ ਪਿਆਰ ਦਏਂਗਾ। ਉਸ ਦੇ ਸਿਰ ਤੇ ਹੱਥ ਫੇਰੇਂਗਾ। ਤੂੰ ਇਹ ਨਾ ਸਮਝਣਾ ਉਹਨੇ ਤੈਨੂੰ ਪਛਾਣਿਆਂ ਨਹੀਂ।ਸਭ ਜਾਣਦੀ ਐ, ਚੰਗੀ ਤਰਾਂ ਪਛਾਣਦੀ ਆ ਤੈਨੂੰ। ਤੇਰਾ ਹੱਥ ਲੱਗਦਿਆ ਸਾਰ ਉਸਨੇ ਰੋਣ ਲੱਗ ਪੈਣਾ।ਪਹਿਲਾਂ ਹਟਕੋਰੀਂ, ਫਿਰ ਉੱਚੀ ਉੱਚੀ ਭੁਬਾਂ ਮਾਰਕੇ। ਬਿਲਕੁਲ ਉਸੇ ਤਰਾਂ ਜਿਵੇਂ ਉਹ ਦਫ਼ਤਰ ਆ ਕੇ ਰੋਈ ਸੀ, ਤੇਰੀ ਮੁਅੱਤਲੀ ਵੇਲੇ। ਹੋਰ ਵੀ ਕਰਮਚਾਰੀ ਸਨ ਹੀ ਉਸ ਵਰਗੇ। ਬਿਲਕੁਲ ਨਾਲ ਦੇ ਕਮਰੇ ‘ਚ। ਲਾਗੇ-ਲਾਗੇ ਬੈਠਦੇ ਸਨ ਸਾਰੇ। ਸਭ ਨੂੰ ਇਕ ਸਾਰ ਪਤਾ ਲੱਗ ਗਿਆ ਕਿ ਨਵੇਂ ਆਏ ਸਾਬ੍ਹ ਦੀ ਬਦਲੀ ਨਹੀਂ ਮੁਅੱਤਲੀ ਹੋਈ ਐ। ਕਾਰਨ ਝੱਟ ਸਮਝ ਗਏ ਸਨ ਉਹ, ਕਿ ਨਵੇਂ ਸਾਬ੍ਹ ਉੱਪਰਲੀਆਂ ਆਸਾਂ ਤੇ ਪੂਰੇ ਨਹੀਂ ਸੀ ਉੱਤਰੇ। ਪੂਰਾ ਛੱਡ ਕੇ ਥੋੜ੍ਹਾ-ਬਹੁਤ ਹੁੰਗਾਰਾ ਵੀ ਨਹੀਂ ਸੀ ਭਰਿਆ। ਦਫ਼ਤਰੀ ਰੁਟੀਨ ‘ਚ ਵਿਚਰਦਿਆਂ ਤੂੰ ਦਫ਼ਤਰੀ  ਨਿਯਮਾਂ ਦੀ ਪਾਲਣਾ ਵੱਧ ਕਰਦਾ। ਮਹਿਕਮਾਂ ਕੁਝ ਹੋਰ ਭਾਲਦਾ ਸੀ ਤੇਰੇ ਤੋਂ। ਤੂੰ ਉੱਪਰਲੇ-ਹੇਠਲੇ ਹੁਕਮਾਂ ਵਲ੍ਹ ਧਿਆਨ ਨਹੀਂ ਸੀ ਦਿੱਤਾ। ਧਿਆਨ ਦੇਣਾ ਤਾਂ ਇਕ ਪਾਸੇ ਰਿਹਾ ਬਹੁਤੀ ਵਾਰ ਨਾਂਹ-ਨੁੱਕਰ ਹੀ ਕਰ ਦਿੱਤੀ। ਭਲਾ-ਚੰਗਾ ਪਤਾ ਸੀ ਤੈਨੂੰ ਕਿ ਉੱਪਰਲੇ ਹੁਕਮ ਹੁਣ ਪਹਿਲੋਂ ਵਰਗੇ ਨਹੀਂ ਸੀ ਰਹੇ। ਤਾਸੀਰ ਬਦਲ ਗਈ ਸੀ ਇਹਨਾਂ ਦੀ। ਹੇਠੋਂ ਲੈ ਕੇ ਉੱਪਰ ਤੱਕ। ਇਹ ਨਾਂਹ-ਨੁੱਕਰ ਤਾਂ ਕੀ ਕਿਸੇ ਦੀ ਤਰਾਂ ਦੀ ਅਪੀਲ-ਦਲੀਲ ਬਰਦਾਸ਼ਤ ਨਹੀਂ ਸੀ ਕਰਦੇ ਜਿਵੇਂ ਪਹਿਲਾਂ ਵਾਲੇ ਕਰ ਲਿਆ ਕਰਦੇ ਸਨ। ਉਹਨਾਂ ਨਾਲ ਤਾਂ ਬਹਿਸ-ਮੁਬਾਸਾ ਵੀ ਕਰ ਲੈਂਦਾ ਸੀ। ਉਹ ਤੇਰਾ ਪੱਖ ਸੁਣ ਵੀ ਲਿਆ ਕਰਦੇ ਸਨ। ਜੇ ਚਾਰੇ ਸਿਰੇ ਗੱਲ ਕਿਸੇ ਤਣ-ਪੱਛਣ ਨਾ ਲੱਗੇ, ਤਾਂ ਵੱਧ ਤੋਂ ਵੱਧ ਚਿਤਾਵਨੀ ਜਾਂ ਚਾਰਜ਼ਸ਼ੀਟ। ਜੇ ਤਲਖ਼-ਕਲਾਮੀ ਬਾਹਲੀ ਈ ਇਤਰਾਜ਼ਯੋਗ ਹੁੰਦੀ ਤਾਂ ਵੱਡੀ ਤੋਂ ਵੱਡੀ ਸਜ਼ਾ ਹੁੰਦੀ ਬਦਲੀ। ਜਿਸ ਨੂੰ ਆਮ ਵਰਤਾਰਾ ਸਮਝਣ ਲੱਗ ਪਿਆ ਸੀ ਤੂੰ। ਪਰ, ਇਸ ਵਾਰ ਤਾਂ ਗੱਲ ਵੀ ਕੋਈ ਖਾਸ ਨਹੀਂ ਸੀ ਹੋਈ। ਤੈਨੂੰ ਆਪਦੇ ਦਫ਼ਤਰ ਦੇ ਇਕ ਸਿਆਣੇ-ਬਿਆਣੇ ਕਰਮਚਾਰੀ ਦੀਆਂ ਦਫ਼ਤਰੋਂ ਬਾਹਰਲੀਆਂ ਗਤੀਵਿਧੀਆਂ ਦੱਸਣ ਲਈ ਕਿਹਾ ਗਿਆ, ਗੁਪਤ ਢੰਗ ਨਾਲ। ਤੇਰਾ ਉੱਤਰ ਸੀ – “ਮੇਰਾ ਵਾਹ-ਵਾਸਤਾ ਉਸਦੇ ਦਫ਼ਤਰੀ ਕਾਰ-ਵਿਹਾਰ ਨਾਲ ਐ, ਉਸਦੇ ਨਿੱਜੀ ਜੀਵਨ ਨਾਲ ਨਹੀਂ। ਡਿਊਟੀਓਂ ਬਾਅਦ ਉਹ ਆਜ਼ਾਦ ਐ, ਕੋਈ ਵੀ ਸਮਾਜਿਕ ਕੰਮ ਕਰੇ ਜਾਂ ਸੱਭਿਆਚਾਰਕ ਮੈਂ ਉਸ ਨੂੰ ਕਿਵੇਂ ਰੋਕ ਸਕਦਾਂ।”

ਵਾਰ-ਵਾਰ ਪੁੱਛੇ ਜਾਣੇ ਤੇ ਤੇਰਾ ਉਸ ਵਾਰ ਦਾ ਉੱਤਰ ਥੋੜੀ ਕੁ ਤਲ਼ਖ-ਬਾਣੀ ‘ਚ ਬਦਲ ਗਿਆ। ਫਿਰ ਵੀ ਸ਼ੁਕਰ ਕਰ ਤੂੰ ਨੇੜੇ ਹੀ ਬੱਚ ਗਿਆ। ਨਹੀਂ ਤਾਂ ਦੇਸ਼-ਧਰੋਹੀ, ਜੇਲ੍ਹ-ਬੰਦੀ ਵਰਗੇ ਤਗ਼ਮੇਂ ਸੌਖਿਆਂ ਹੀ ਲਟਕ ਜਾਣੇ ਸਨ ਤੇਰੇ ਗ਼ਲੇ ‘ਚ। ਇਹ ਤੇਰੀ ਕਾਬਲੀਅਤ ਸੀ ਜਾਂ ਮਹਿਕਮਾਨਾਂ ਬਾਰੀਕੀਆਂ ਦੀ ਡੂੰਘੀ ਜਾਣਕਾਰੀ ਕਿ ਤੈਨੂੰ ਮਿਲੀ ਸਜ਼ਾ ਕੇਵਲ ਮੁਅੱਤਲੀ ਤੱਕ ਹੀ ਸੀਮਤ ਰਹੀ। ਪਰ, ਪੱਕੀ  ਗੱਲ ਇਹ ਐ ਕਿ ਤੂੰ ਇਸ ਨੂੰ ਵਾਰਨਿੰਗ ਹੀ ਸਮਝ-‘ਜੇ ਮੁੜ ਕਿਸੇ ਨਾਲ ਐਹੀ ਜਿਹੀ ਬਹਿਸਬਾਜ਼ੀ ਕੀਤੀ ਤਾਂ ਬਰਖਾਸਤੀ ਨੋਟਸ ਤੇਰੇ ਹੱਥਾਂ ‘ਚ ਹੋਵੇਗਾ। ਫਿਰ ਤੁਰਿਆ ਫਿਰੀਂ ਐਧਰ-ਓਧਰ ਟੱਕਰਾਂ ਮਾਰਦਾ। ਕੋਰਟ ਕਚਿਹਰੀ ਸਮੇਤ ਉੱਪਰ ਤੱਕ ਤੇਰੀ ਇਕ ਨਹੀਂ ਸੁਨਣੀ ਕਿਸ ਨੇ।’

ਤੇ ਬੱਸ…ਤੇਰੀ ਉਸ ਵਾਰ ਦੀ ਹੁਕਮ-ਅਦੂਲੀ ਦਾ ਸਿੱਟਾ ਸੀ-ਤੇਰੇ ਦਫ਼ਤਰੀ ਲੈਪ-ਟਾਪ ਤੇ ਛਪੀ ਤੇਰੀ ਮੁਅੱਤਲੀ ਦੀ ਇਬਾਰਤ, ਜਿੱਸ ਨੂੰ ਪੜ੍ਹ ਕੇ ਇਹ ਬਹੁਤ ਰੋਈ ਸੀ । ਪਹਿਲਾਂ ਅਪਣੀ ਸੀਟ ਤੇ ਬੈਠੀ ਫਿਰ ਤੇਰੇ ਕਮਰੇ ‘ਚ ਆ ਕੇ। ਤੂੰ ਇਬਾਰਤੀ-ਹੁਕਮ ਪੜ੍ਹ ਕੇ ਏਨਾਂ ਪ੍ਰੇਸ਼ਾਨ ਨਹੀਂ ਸੀ ਹੋਇਆ, ਜਿੰਨਾਂ ਇਹਨੂੰ ਰੋਂਦੀ ਨੂੰ ਦੇਖ ਕੇ ਹੋਇਆ ਸੀ। ਕਈ ਸਾਰੇ ਯਤਨ ਕਰਨੇ ਪਏ ਸਨ ਤੈਨੂੰ ਇਸਨੂੰ ਢਾਰਸ ਦੇਣ ਲਈ, ਤੂੰ ਬੇ-ਹੱਦ ਠਰੱਮੇਂ ਨਾਲ ਆਖਿਆ ਸੀ ਇਸਨੂੰ – “ਹੌਸਲਾ ਰੱਖ ਬੀਬਾ, ਹਿੰਮਤ ਕਰ। ਮੇਰੇ ਲਈ ਇਹ ਕੋਈ ਨਵੀਂ ਗੱਲ ਨਈਂ। ਇਹ ਬਦਲੀਆਂ ਚਾਰਜ਼ਸ਼ੀਟਾਂ-ਮੁਅੱਤਲੀਆਂ ਤਾਂ ਮੇਰੇ ਪਿੱਛ-ਪਿੱਛੇ ਹੀ ਰਹਿੰਦੀਆਂ। ਕਈ ਵਾਰ ਤਾਂ ਮੇਰੇ ਪੁੱਜਣ ਤੋਂ ਪਹਿਲਾਂ ਹੀ ਅੱਪੜ ਜਾਂਦੀਆਂ ਅਗਲੀ ਥਾਂ ਤੇ। ਤੂੰ ਕਾਹਨੂੰ ਦਿਲ ਛੋਟਾ ਕਰਦੀ ਐਂ। ਹਿੰਮਤ ਰੱਖ ਹਿੰਮਤ। ਜਿਹਨੇ ਵੀ ਗਲ਼ਤ-ਮਲਤ਼ ਹੁਕਮਾਂ ਤੋਂ ਇਨਕਾਰੀ ਹੋਣਾ, ਉਹਨੂੰ ਐਹੋ ਜਿਹੀ ਬਦਸਲੂਕੀ ਤਾਂ ਝੱਲਣੀ–ਸਹਾਰਨੀ ਹੀ ਪਊ !”

“ਨਈਂ ਝੱਲ ਹੋਈ….ਈ….ਸਰ ਏਨ੍ਹਾਂ ਤੋਂ! … ਮੁੜ ਘੜੀ ਦੀ ਬਦਲੀ ਨੂੰ … ਹੇਠੀ ਮੰਨਿਆ ਸੀ ਇਨ੍ਹਾਂ।…ਡਾਂਵਾਡੋਲ ਹੋਏ ਸਲਫਾਸ ਨਿਗਲ ਕੇ ….”, ਰੁੱਕ-ਰੁੱਕ ਕੇ ਦੱਸਦੀ ਦਾ ਉਸ ਦਿਨ ਜਿਵੇਂ ਕੜ੍ਹ ਹੀ ਪਾੜ ਗਿਆ ਸੀ ਇਸਦਾ।

ਉਸ ਵਾਰ ਦਾ ਵਿਰਲਾਪ ਤੇਰੇ ਤੋਂ ਦੇਖ-ਸਹਾਰ ਨਹੀਂ ਸੀ ਹੋਇਆ। ਆਪਣੀ ਸੀਟ ਤੋਂ ਉੱਠਕੇ ਤੂੰ ਇਸਦੇ ਲਾਗੇ ਜਾ ਖੜੋਇਆ ਸੀ। ਇਸਦਾ ਸਿਰ-ਮੂੰਹ ਪਲੋਸਦੇ ਨੇ  ਮਸਾਂ ਰੋਣੋ ਰੋਕਿਆ ਸੀ ਇਸਨੂੰ। ਇਸ ਦੇ ਘਰ-ਬਾਹਰ, ਬਾਲ-ਬੱਚਿਆਂ ਬਾਰੇ ਪੁੱਛਣਾ, ਤੈਨੂੰ ਉਸ ਦਿਨ ਮਨਾਸਿਬ ਨਹੀਂ ਸੀ ਲੱਗਾ। ਉਂਝ ਉਸ ਦਿਨ ਦੇ ਤੇਰੇ ਵਿਵਹਾਰ ਨੇ ਇਸ ਨੂੰ ਢਾਰਸ ਵੀ ਬਹੁਤ ਦਿੱਤੀ ਸੀ ਅਤੇ ਤੇਰੇ ਲਈ ਬਣਿਆ ਮਾਣ-ਸੱਤਿਕਾਰ ਹੋਰ ਵੀ ਕਿੰਨਾ ਸਾਰਾ ਵੱਧ ਗਿਆ ਸੀ ਇਸ ਅੰਦਰ।

ਇਹ ਉਸ ਮਾਣ-ਸੱਤਿਕਾਰ ਦਾ ਹੀ ਹਿੱਸਾ ਕਿ ਤੂੰ ਹੁਣ ਤੱਕ ਯਾਦ ਰੱਖਿਆ ਇਸ ਨੂੰ। ਮੁਅੱਤਲੀ ਹੁਕਮ ਰੱਦ ਕਰਵਾ ਕੇ ਮੁੜੇ ਨੂੰ ਤੈਨੂੰ ਇਹ ਦਫ਼ਤਰ ਨਾਹੀਂ ਸੀ ਲੱਭੀ। ਲੱਭਦੀ ਵੀ ਕਿਵੇਂ! ਇਸ ਨੂੰ ਮੰਜੇ ਤੱਕ ਸੀਮਤ ਕਰਨ ਵਿੱਚ ਇਸਦੇ ਘਰ ਨਾਲੋਂ ਵੱਧ ਤੇਰੇ ਦਫ਼ਤਰ ਦਾ ਹਿੱਸਾ ਐ !…ਤੇਰੀ ਥਾਂ ਆਉਣ ਵਾਲਾ ਅਧਿਕਾਰੀ ਤੇਰੇ ਵਰਗਾ ਕੋਮਲ ਚਿੱਤ ਨਹੀਂ ਸੀ। ਪੂਰਾ ਹਠੀ ਤੇ ਅੜੀਅਲ ਸੀ ਉਹ। ਉਂਝ ਵੀ ਹੁਸ਼ਿਆਰ ਸੀ ਹਰ ਪਾਸਿਉਂ। ਪੂਰੀ ਬਿੜਕ ਰੱਖਦਾ ਸੀ ਉੱਪਰ–ਹੇਠਾਂ ਦੀ।  ਇਕੱਲੀ ਬਿੜਕ ਹੀ ਨਹੀਂ ਪੂਰੀ ਸਮਰੱਥਾ ਰੱਖਦਾ ਸੀ ਆਸੇ–ਪਾਸੇ, ਉੱਪਰ–ਹੇਠਾਂ ਅਨੁਸਾਰ ਢਲਣ-ਸਮੋਣ ਦੀ। ਇਸਨੂੰ ਵੀ ਉਸਨੇ ਆਪਣੇ ਹਿਸਾਬ ਨਾਲ ਢਾਲਣ-ਤੋਰਨ ਦੇ ਯਤਨ ਕੀਤੇ। ਬਣਦੀ ਹੱਦ ਤੱਕ ਇਹ ਤੁਰਦੀ ਵੀ ਰਹੀ ਉਸਦੇ ਨਾਲ ਨਾਲ। ਪਰ, ਇੱਕ ਥਾਂ ਪੁੱਜ ਕੇ ਇਸ ਤੋਂ ਉਸਦੀ ਹਰਕਤ ਬਰਦਾਸ਼ਤ ਨਹੀਂ ਸੀ ਹੋਈ। ਉਸ ਵਲੋਂ ਬੋਲੀ ਇਬਾਰਤ-ਕਾਪੀ ਵਗਾਹ ਕੇ ਮਾਰੀ ਸੀ ਇਸ ਨੇ। ਸਹਿਬਨ ਇਹ ਕਾਪੀ ਮੇਜ਼ ਤੇ  ਤਿਲਕਣ ਦੀ ਥਾਂ ਥੋੜੀ ਕੁ ਹਵਾ ‘ਚ ਉੱਲਰ ਗਈ। ਸਾਹਮਣੇ ਆਰਾਮ ਕੁਰਸੀ ਵਰਗੀ ਲੇਟਵੀਂ ਮੁੱਦਰਾ ‘ਚ ਝੂਲਦੇ ਸਾਹਬ ਦੇ ਮੂੰਹ-ਸਿਰ ‘ਚ ਨਹੀਂ ਵੱਜੀ, ਤਾਂ ਵੀ ਇਸ ਨੂੰ ਹੁਕਮ-ਅਦੂਲੀ ਸਮੇਤ ਸਖ਼ਸ਼ੀ-ਹਮਲਾ ਸੌਖਿਆਂ ਹੀ ਗਰਦਾਨ ਦਿੱਤਾ ਗਿਆ। ਸਿੱਟੇ ਵਜੋਂ ਅਗਲੇ ਹੀ ਦਿਨ ਤੋਂ ਇਹ ਹਰਕਤ ਚਾਰਜ਼ਸ਼ੀਟ ਤੇ ਤੁਰਦੀ ਛਾਂਟੀ ਨੋਟਿਸ ਤੱਕ ਪੁੱਜ ਗਈ ਸੀ। ਇਸ ਦੇ ਕੌਮਲ-ਚਿੱਤ ਵਰਤਾਰੇ ਲਈ ਦੂਜਾ ਵੱਡਾ ਝਟਕਾ ਸੀ ਇਹ। ਇਸ ਤੋਂ ਰਤੀ ਭਰ ਵੀ ਬਰਦਾਸ਼ਤ ਨਹੀਂ ਸੀ ਹੋਇਆ। ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਨਾ ਹਿੰਮਤ ਬਚੀ ਸੀ ਇਸ ‘ਚ ਨਾ ਸੁੱਧ-ਬੁੱਧ। ਛੇਤੀ ਹੀ ਇਹ ਮਨੋ-ਸਥਿਤੀ ਦਿਮਾਗੀ-ਅਸਥਿਰਤਾ ‘ਚ ਬਦਲ ਗਈ, ਕਿਸੇ ਨਾ-ਮੁਰਾਦ ਬੀਮਾਰੀ ਨੇ ਕਿੰਨਾਂ ਕੁਝ ਭੁੱਲਦਾ ਕਰ ਦਿੱਤਾ। ਜੋ ਕੁਝ ਯਾਦ ਰਿਹਾ, ਉਹ ਅਸਲੋਂ ਹੀ ਬੇ-ਤਰਤੀਬਾ। ਲਗਾਤਾਰ ਬੋਲੀ ਜਾਣ ਨੂੰ ਡਾਕਟਰ ਵੱਖਰੀ ਤਰਾਂ ਦਾ ਨੁਕਸ ਦੱਸਦੇ ਰਹੇ। ਕੋਈ ਵੀ ਦੁਆਈ ਕਾਰਗਰ ਸਿੱਧ ਨਾ ਹੋਈ। ਇਹ ਕਦੀ ਕਿਧਰੇ ਉੱਠ ਤੁਰਦੀ ਕਦੀ ਕਿਧਰੇ। ਛੋਟੇ ਛੋਟੇ ਬਾਲ ਇਹਨੂੰ ਫੜ੍ਹ-ਪਕੜ੍ਹ ਕੇ ਮਸਾਂ ਘਰ ਲਿਆਉਂਦੇ।

ਇਸ ਬੇ-ਹਿਸਾਬੀ ਹਿਲਜੁਲ ਨੇ ਇਸਦੀ ਸਰੀਰਕ ਸਮਰਥਾ ਸਮੇਤ ਯਾਦ-ਸ਼ਕਤੀ ਨੂੰ ਹੋਰ ਦੀ ਘੱਟਦਾ ਕਰ ਦਿੱਤਾ। ਪਰ , ‘ਮੈਨੂੰ ਮੇਰੇ ਘਰ ਛੱਡ ਆਓ ‘ਦੀ ਇਬਾਰਤ ਜਿਵੇਂ ਪੱਕੀ-ਠੱਕੀ ਇਸਦੇ ਮਨ-ਮਸਤਕ ਤੇ ਉੱਕਰੀ ਰਹੀ, ਰਾਤ-ਪੁਰ-ਦਿਨੇ ਬੱਸ ਇਕੋ ਹੀ ਰਟ-‘ਏਹ ਮੇਰਾ ਘਰ ਨਈਂ, ਮੈਨੂੰ ਮੇਰੇ …..।’ ਜਿੱਸ ਨੂੰ ਇਹ ਮੇਰਾ ਘਰ ਕਹਿੰਦੀ ਐ, ਉਸਦੀ ਇਕ ਛੋਟੀ ਜਿਹੀ ਦਾਸਤਾਨ ਐਂ। ਤੈਨੂੰ ਇਹ ਭਾਵੇਂ ਐਵੇਂ-ਕਿਵੇਂ ਵੀ ਲੱਗੇ, ਪਰ ਹੈ ਥੋੜਾ ਅਰਥ-ਭਰਪੂਰ।

…ਪਤੀ ਨੂੰ ਸਰਕਾਰੀ ਨੌਕਰੀ ਮਿਲਣ ਤੇ ਇਹਨੂੰ ਪਿੰਡ ਤੋਂ ਸ਼ਹਿਰ ‘ਚ ਆਉਣਾ ਪਿਆ। ਥੋੜਾ ਕੁ ਚਿਰ ਕਿਰਾਏ ਦੇ ਕਮਰਿਆਂ ‘ਚ ਰਹੀ, ਫਿਰ ਆਏ ਦਿਨ ਦੀ ਅਦਲਾ-ਬਦਲੀ ਤੋਂ ਮੁਕਤ ਹੋਣ ਲਈ ਇਕ ਘਰ ਖ਼ਰੀਦ ਲਿਆ, ਛੋਟਾ ਜਿਹਾ। ਸੰਘਣੀ ਵਸੋਂ, ਨਾਲ ਨਾਲ ਜੁੜਵੇਂ ਮਕਾਨ। ਤੰਗ ਜਿਹੀ ਗਲੀ। ਖੜੇ ਪੈਰ ਏਨੀਂ ਕੁ ਹੀ ਗੁਜ਼ਾਇਸ਼ ਬਣੀ। ਤਾਂ ਵੀ, ਇਸ ਨੂੰ ਆਪਣਾ ਕਹਿਣ ਦਾ ਚਾਅ ਅਪਣੀ ਤਰਾਂ ਦਾ ਹੁਲਾਸ ਦਿੰਦਾ ਸੀ। ਇਹ ਹੁਲਾਸ ਸੀ ਜਾਂ ਪਤੀ ਦਾ ਅਫ਼ਸਰੀ ਆਹੁਦਾ, ਇਹ ਪੈਂਦੀ ਸੱਟੇ ਆਂਢ-ਗੁਆਂਢ ‘ਚ ਭਿੱਜੀ ਨਾ। ਆਂਢੀ-ਗੁਆਂਢੀ ਸਨ ਵੀ ਸਾਧਾਰਨ ਲੋਕ। ਬਹੁਤੇ ਕੰਮ-ਕਾਜੀ, ਥੋੜੇ ਕੁ ਨੌਕਰੀ-ਪੇਸ਼ਾ। ਕੰਮ-ਕਾਜ਼ ਵੀ ਨਿੱਕਾ-ਮੋਟਾ, ਸਾਈਕਲ–ਸਕੂਟਰ ਮਕੈਨਿਕ, ਦਿਹਾੜੀਦਾਰ ਮਿਸਤਰੀ ਜਾਂ ਆਈ-ਚਲਾਈ ਵਾਲੇ ਛੋਟੇ ਦੁਕਾਨਦਾਰ। ਪਰ, ਘਰ ਮਾਲਕੀ ਸਭ ਦੀ ਅਪਣੀ। ਉਹ ਇਕ ਦੂਜੇ ਘਰੀਂ–ਵਿਹੜੀਂ ਬੇ-ਝਿਜਕ ਹੋ ਕੇ ਵਿਚਰਦੇ। ਕਿਸੇ ਦੀ ਜਾਤ-ਵਰਗ, ਉੱਚੇ-ਨੀਵੇਂ ਆਹੁਦੇ-ਰੁਤਬੇ ਦੀ ਕਦੀ ਗਿਣਤੀ-ਮਿਣਤੀ ਨਹੀਂ ਸੀ ਕਰਦੇ। ਇਹਨੂੰ ਵੀ ਅਪਣੀ ਭੁੱਲ ਦਾ ਪਛਤਾਵਾ ਹੋਣ ਲੱਗਾ। ਪਹਿਲਾਂ ਵਾਲੀ ਸੰਗ-ਝਿਜਕ ਛੱਡ-ਛਡਾ ਕੇ ਇਹ ਵੀ ਉਹਨਾਂ ਵਰਗੀ ਬਣਦੀ ਗਈ। ਕਿਸ਼ੋਰ ਉਮਰੀ ਸੁਆਣੀਆਂ ਸਿਰੇ ਦਾ ਹਾਸਾ-ਠੱਠਾ ਕਰਦੀਆਂ ਇਹ ਨੂੰ ਵੀ ਸ਼ਾਮਿਲ ਕਰਦੀਆਂ ਗਈਆਂ। ਇਸ ਦੇ ਘਰ ਜਨਮੇਂ ਦੋਨੋਂ ਬਾਲ ਵੀ ਜਿਵੇਂ ਇਸਦੇ ਘੱਟ ਉਹਨਾਂ ਦੇ ਵੱਧ ਹੋਣ। ਇਹਨੇ ਹੋਰ ਵੇਲਾ ਸਾਂਭਿਆ। ਅਧਵਾਟੇ ਰੁਕੀ, ਦਫ਼ਤਰੀ ਨੌਕਰੀ ਲਈ ਲੋੜੀਂਦੀ ਯੋਗਤਾ ਪੂਰੀ ਕਰ ਲਈ। ਪਤੀ ਨੇ ਨੱਠ-ਭੱਜ ਕਰਕੇ ਤੇਰੇ ਮਹਿਕਮੇਂ ‘ਚ ਸਟੈਨੋ ਭਰਤੀ ਕਰਵਾ ਲਿਆ। ਬੱਸ ਐਥੇ ਕੁ ਪੁੱਜ ਕੇ ਇਹਦੇ ਪੈਰ ਥੋੜਾ ਕੁ ਉੱਖੜ ਜਿਹੇ ਗਏ। ਥੋੜੀ ਕੁ ਅਟਕ-ਮਟਕ ਦੀ ਲਿਪੇਟ ‘ਚ ਆ ਗਈ। ਇਹ ਦੇ ਤਨਖਾਹਾਂ ਦੀ ਹਊ ਸੀ ਜਾਂ ਹੋਰ ਕੋਈ ਲਾਲਸਾ, ਇਹਨੇ ਪਤੀ ਦੇਵ ਤੇ ਜ਼ੋਰ ਪਾ ਕੇ ਇਕ ਪਲਾਟ ਖ਼ਰੀਦ ਲਿਆ, ਨਵੀਂ ਉੱਸਰਦੀ ਕਾਲੋਨੀ ‘ਚ। ਦੌੜ-ਭੱਜ ਕਰਦਿਆਂ ਵੀ ਕੋਠੀ ਉਸਾਰਨ ‘ਚ ਦੋ ਸਾਲ ਲੱਗ ਗਏ। ਕੋਠੀ ਸੀ ਤਾਂ ਸ਼ਹਿਰੋ ਬਾਹਰ ਬਾਹਰ। ਖੁੱਲ੍ਹੀ-ਮੋਕਲ੍ਹੀ ਫਿਜ਼ਾ। ਇਸ ਦੇ ਸੱਜੇ-ਖੱਬੇ ਵੀ ਇਕੋ-ਜਿਹੀਆਂ ਹੀ ਇਮਾਰਤਾਂ। ਕੋਈ ਇਕ-ਮੰਜ਼ਲੀ ਕੋਈ ਦੋ-ਢਾਈ। ਧੁਰ ਉੱਪਰ ਮੱਮਟੀਆਂ। ਪਾਣੀ ਟੈਂਕੀਆਂ ਜਿਵੇਂ ਸਾਵੇਂ-ਪੰਧੇਰ ਆਕਾਸ਼ ਨਾਲ ਗੱਲਾਂ ਕਰਦੀਆਂ ਹੋਣ। ਪਰ, ਇਹਨਾਂ ਘਰਾਂ-ਕੋਠੀਆਂ ਦਾ ਆਪਸੀ ਮੇਲ-ਮਿਲਾਪ ਕਰੀਬ ਕਰੀਬ ਜ਼ੀਰੋ। ਨਾ ਕਿਸੇ ਦੀ ਇਕ-ਦੂਜੇ ਨਾਲ ਹੈਲੋ-ਹੈਲੋ, ਨਾ ਇਕ –ਦੂਜੇ ਦਾ ਦੁੱਖ-ਸੁੱਖ। ਜਿਹੋ ਜਿਹੇ ਵੱਡੇ ਜੀਅ, ਅਗਾਂਹ ਉਹੋ ਜਿਹੇ ਛੋਟੇ ਬਾਲ। ਸਭ ਅਪਣੇ ਅਪਣੇ ਮੋਬਾਇਲਾਂ ‘ਚ ਗੁੰਮ। ਨਾ ਕੋਈ ਖੇਡ ਦਿਲਚਸਪੀ ਨਾ ਰੰਗ ਰੰਗੀਲੀ ਦੌੜ-ਭੱਜ। ਇਸ ਥਾਂ ਰਹਿਣ ਵਾਲੇ ਜਾਂ ਤਾਂ ਵੱਡੇ ਕਾਰੋਬਾਰੀ ਸਨ ਜਾਂ ਅਧਿਕਾਰੀ, ਉਹਨਾਂ ਦਾ ਸਵੇਰੇ ਘਰੋਂ ਜਾਣ ਦਾ ਸਮਾਂ ਤਾਂ ਨਿੱਸਚਤ, ਪਰ ਪਰਤ ਕੇ ਆਉਣ ਦਾ ਕੋਈ ਨਾ। ਕੋਈ ਵੀ ਦਿਨ-ਖੜੇ ਘਰ ਨਾ ਪੁੱਜਦਾ। ਸਭ ਹਨੇਰਾ ਹੁੰਦਿਆਂ-ਕਰਦਿਆਂ ਪਰਤਣ ਲਗਦੇ, ਉਹ ਵੀ ਉੱਖੜੇ ਪੈਰੀਂ। ਇਹਨਾਂ ਦੀਆਂ ਘਰ-ਗ੍ਰਹਿਣੀਆਂ ਹੋਰ ਵੀ ਅੰਤਰ-ਮੁਖੀ, ਇਕੱਲ-ਵਾਸੀ। ਉਹਨਾਂ ਦਾ ਬਹੁਤਾ ਸਮਾਂ ਮੂੰਹ-ਸਿਰ ਸੁਆਰਨੇ ‘ਚ ਲੱਗਦਾ ਜਾਂ ਬਾਜ਼ਾਰੀ ਗੇੜਿਆਂ ਵਿਚ। ਹਰ ਕਿਸੇ ਦਾ ਅਪਣਾ–ਆਪਣਾ ਦਾਇਰਾ, ਅਪਣੇ-ਅਪਣੇ ਖੋਲ। ਜਿਹਨਾਂ ਵਿੱਚੋਂ ਕਦੇ-ਕਿਦਾਈਂਂ ਬਾਹਰ ਵਲ ਝਾਕਦੀਆਂ, ਇਹ ਕਿਸੇ ਓਪਰੇ ਗ੍ਰਹਿ ਦੇ ਜੀਵ-ਜੰਤੂ ਜਾਪਦੀਆਂ।

ਨਵੀਂ ਕੋਠੀ ‘ਚ ਪੁੱਜ ਕੇ ਇਹਨੂੰ ਹੋਈ ਨਿਰਾਸ਼ਾ ਪਹਿਲਾਂ ਫਿਕਰਮੰਦੀ ‘ਚ ਬਦਲ ਗਈ ਫਿਰ ਉਦਾਸੀ ‘ਚ। ‘ਸਵੇਰੇ ਸਕੂਲ ਗਏ ਬੱਚੇ ਛੁੱਟੀ ਵੇਲੇ ਪੁਰਾਣੇ ਘਰ ਚਲੇ ਜਾਂਦੇ। ਬਿਨਾਂ ਕੁਝ ਖਾਧੇ-ਪੀਤੇ ਮੇਲੀਆਂ-ਹਮਜੋਲੀਆਂ ਨਾਲ ਖੇਡਦੇ ਰਹਿੰਦੇ। ਸ਼ਾਮੀਂ ਦਫ਼ਤਰੋਂ ਮੁੜਦੀ ਇਹ ਆਪ ਉਹਨਾਂ ਨੂੰ ਓਧਰੋਂ ਲਿਆ ਕੇ ਸੰਭਲਦੀ। ਅਦਲੀਆਂ-ਬਦਲੀਆਂ ਦੇ ਘੇੜ ‘ਚ ਉਲਝਿਆ ਪਤੀ ਕਿਧਰੇ ਛੁੱਟੀ ਵਾਲੇ ਦਿਨ ਹੀ ਘਰ ਹੁੰਦਾ। ਸਾਰਾ ਹਫ਼ਤਾ ਤੇਰੀ ਸਟੈਨੋ ਜਿਵੇਂ ਸੂਲੀ ਤੇ ਟੰਗ ਹੋਈ ਰਹਿੰਦੀ।

ਇਹ ਵਰਤਾਰਾ ਵੀ ਬਹੁਤਾ ਚਿਰ ਨਾ ਚੱਲਿਆ, ਬਸ…ਥੋੜੇ ਕੁ ਚਿਰੀਂ ਚਾਨਚੱਕ ਇਹਦੇ ਗਲ਼ੇ ਆ ਪਏ ਨਾਗ਼ਵਲੀ ਫੰਦੇ ਨੇ ਤਾਂ ਜਿਵੇਂ ਇਹਦਾ ਸਾਹ-ਸੱਤ ਹੀ ਘੁੱਟਦਾ ਕਰ ਦਿੱਤਾ।

ਉਸ ਵਾਰ ਘਰ ਪਰਤਿਆ ਪਤੀ ਅਗਲੇ ਦਿਨ ਵਾਪਿਸ ਨਾ ਗਿਆ। ਉਸ ਤੋਂ ਅਗਲੇ ਦਿਨ ਵੀ। ਚਾਰ-ਪੰਜ ਦਿਨ ਇਵੇਂ ਲੰਘ ਗਏ। ਉਹ ਨਾ ਕੁਝ ਬੋਲੇ, ਨਾ ਦੱਸੇ। ਇਸ ਦੇ ਪੁੱਛਣ ਤੇ ਹੂੰ-ਹਾਂ ਕਰ ਛੱਡੇ। ਆਖਿਰ ਤੰਗ ਪਏ ਨੇ ਹੋਰ ਈ ਘੁੰਢੀ ਖੋਲ਼ ਦਿੱਤੀ– ‘ਉਸਦੀ ਹੱਦੀ –ਸਰਹੱਦੀ ਜ਼ਿਲੇ ‘ਚ ਕੀਤੀ ਬਦਲੀ ਉਸਤੋਂ ਬਰਦਾਸ਼ਤ ਨਹੀਂ ਸੀ ਹੋਈ। ਉਸ ਥਾਂ ਤਾਇਨਾਤ ਸਾਰੇ ਅਫ਼ਸਰ ਇਕੋ ਰਾਹ ਤੇ ਰਾਹੀਂ ਗਿਣ ਹੁੰਦੇ ਸਨ। ਇਸ ਵਾਰ ਉਸ ਨੂੰ ਜਾਣ-ਬੁੱਝ ਕੇ ਸਰਹੱਦੀ ਰੰਗ ‘ਚ ਰੰਗਿਆ ਗਿਆ ਸੀ। ਉਸਨੇ ਸੌ ਉੱਪਰਾਲੇ ਕੀਤੇ। ਵੱਡੀ ਤੋਂ ਵੱਡੀ ਕੁਰਸੀ ਤੱਕ ਦੇ ਤਰਲੇ –ਮਿਨਤਾਂ ਕੀਤੀਆਂ ਪਰ, ਸਭ ਵਿਅਰਥ।‘

ਹੇਠੀ-ਨਿਮੋਸ਼ੀ ‘ਚ ਘਿਰਿਆ ਉਹ ਇਕ ਦਿਨ ਨੂਰੀ ਦੇ ਘਰ ਪਰਤਣ ਤੋਂ ਪਹਿਲਾਂ ਹੀ ਦੂਰ-ਪਾਰ ਦੀ ਉਡਾਰੀ ਮਾਰ ਗਿਆ। ਸਾਹਮਣੇ ਪਈ ਲਾਸ਼ ਵੱਲ ਦੇਖਦੀ, ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਮਿੱਟੀ ਹੋ ਗਈ। ਸੁੰਨ-ਵੱਟਾ ਹੋਈ ਨੂੰ ਘੜੀ-ਪਲ ਤਾਂ ਸਮਝ ਹੀ ਨਾ ਲੱਗੀ ਇਹ ਹੋਇਆ ਕੀ ਐ! ਉਸਦੇ ਪਤੀ ਨੇ ਕੀਤਾ ਕੀ ਐ? ਉਸਦੇ ਸਾਲਮ-ਸਬੂਤੇ ਮਰਦ ਨੇ ਧੋਖਾ ਕਿਉਂ ਦਿੱਤਾ ਉਸਨੂੰ, ਉਸਦੇ ਬਾਲ-ਪ੍ਰਵਾਰ ਨੂੰ!….. ਇਹੋ ਜਿਹੀਆਂ ਤਾਂ ਅਖ਼ਬਾਰੀ ਖ਼ਬਰਾਂ ਹੀ ਉਸਦਾ ਸਾਹ-ਸੂਤ ਲਿਆ ਕਰਦਿਆਂ ਸਨ। ਉਹ ਅਕਸਰ ਪੁੱਛ ਲਿਆ ਕਰਦੀ ਸੀ ਪਤੀ ਸਮੇਤ ਉਸਦੇ ਹਰ ਸੰਗੀ–ਸਨੇਹੀ ਤੋਂ। ਬਹੁਤੀ ਵਾਰ ਤਲ਼ਖ ਹੋਈ ਸਿੱਧਾ ਆਖ ਦਿਆ ਕਰਦੀ–‘ਇਸ ਥਾਂ ਦੇ ਵੱਡੇ ਵਡੇਰਿਆਂ ਤਾਂ ਉਮਰਾਂ ਗਾਲ ਦਿੱਤੀਆਂ ਸਨ, ਕੰਢਿਆਲੇ ਰਾਹਾਂ ਤੇ ਤੁਰਦਿਆਂ। ਨਿੱਕੇ-ਨਿੱਕੇ ਬਾਲਾਂ ਤੋਂ ਲੈ ਕੇ ਗਭਰੂਆਂ-ਵਿਰਧਾਂ, ਗੁਰੂਆਂ-ਪੀਰਾਂ ਤੱਕ ਦੀ ਬਲੀ ਚਾੜ੍ਹ ਦਿੱਤੀ ਸੀ ਆਪਣੀ ਹੋਂਦ-ਅਣ਼ਖ ਨੂੰ ਬੱਚਦਾ ਰੱਖਣ ਲਈ। ਸਾਹ-ਘੁੱਟਵੀਆਂ ਕੋਠੜੀਆਂ, ਦੇਹ-ਸਾੜਵੇਂ ਪਿੰਜਰਿਆਂ ‘ਚ ਗੁੱਛਾ ਹੋਇਆਂ ਵੀ ਕਦੀ ਆਤਮ-ਹੱਤਿਆ ਨਈਂ ਸੀ ਕੀਤੀ, ਤੇ ਹੁਣ….ਹੁਣ, ਕੋਈ ਦਿਨ ਖਾਲੀ ਗਿਆ। ਕਦੀ ਇਕ-ਦੋ, ਕਦੀ ਇਸ ਤੋਂ ਵੀ ਵੱਧ। ਆਤਮ-ਹੱਤਿਆ ਤਾਂ ਜਿਵੇਂ ਇੱਥੋਂ ਦੀ ਕਿਸੇ ਫ਼ਸਲ-ਬੂਟੀ ਦਾ ਨਾਂ ਹੋ ਗਿਆ ਹੋਵੇ। ਇਹ ਹੁਣ, ਖੇਤਾਂ ‘ਚ ਵੀ ਉੱਗਦੀ ਐ ਤੇ, ਘਰਾਂ-ਹਵੇਲੀਆਂ ‘ਚ ਵੀ। ਕੀ ਹੋ ਗਿਆ ਐ ਇਸ ਮਿੱਟੀ ਦੀ ਅਣ਼ਖ ਨੂੰ?” ਇਸ ਦੇ ਪਤੀ ਸਮੇਤ ਕਿਸੇ ਦੀ ਵੀ ਸਮਝ–ਬੂਝ ਨੇ ਇਸ ਦਾ ਸੰਸਾ ਦੂਰ ਨਹੀਂ ਸੀ ਕੀਤਾ।

ਉਹੀ ਵਰਤਾਰਾ ਅਪਣੇ ਘਰ, ਅਪਣੇ ਸੌਣ ਕਮਰੇ ‘ਚ ਵਾਪਰਿਆ ਦੇਖ, ਉਸ ਅੰਦਰੋਂ ਉੱਠਿਆ ਰੋਣ-ਉਬਾਲ, ਇਕ-ਦੋ ਚੀਕਾਂ-ਲੇਰਾਂ ਪਿੱਛੋਂ ਬੰਦ ਹੋ ਗਿਆ। ਸ਼ਾਹ-ਕਾਲੀ ਘੇਰਨੀ ‘ਚ ਘਿਰੀ ਦੀ ਪਹਿਲਾਂ ਸੁੱਧ-ਬੁੱਧ ਜਾਂਦੀ ਰਹੀ, ਫਿਰ ਬੇ-ਹੋਸ਼ ਹੋਈ ਹੇਠਾਂ ਡਿੱਗ ਪਈ ਫ਼ਰਸ਼ ਤੇ। ਉਸਦੀ ਸਕੂਟਰੀ ਪਿੱਛੇ ਬੈਠ ਕੇ ਘਰ ਆਏ ਦੋਨੋਂ ਬੱਚੇ, ਨਾ ਉਸ ਨੂੰ ਉਠਾਲਣ ਜੋਗੇ ਸਨ ਨਾ ਸੰਭਾਲਣ ਜੋਗੇ। ਰੋਣ-ਕੁਰਲਾਉਣ ਤੋਂ ਸਿਵਾ,  ਉਹਨਾਂ ਪਾਸ ਕੋਈ ਚਾਰਾ ਨਹੀ ਸੀ ਬਚਿਆ। ਮੋਢੇ ਲਟਕਦਾ ਬਸਤਾ ਵਿਗਾਹ ਕੇ  ਸੁੱਟਦਾ ਇਕ ਜਣਾ ਦੋ ਕੁ ਪਲਾਟ ਹਟਵੇਂ ਨੇੜਲੇ ਘਰ ਵਲ ਦੌੜਿਆ। ਕਾਫੀ ਸਾਰੀ ਉਡੀਕ ਪਿੱਛੋਂ ਇਕ ਅੱਧ-ਨੰਗੀ ਸੁਆਣੀ ਉਬਾਸੀਆਂ ਲੈਂਦੀ ਗੇਟ ਖੋਲ ਕੇ ਉਸਦੇ ਸਾਹਮਣੇ ਸੀ। ਖਿੱਲਰੇ ਵਾਲ੍ਹ ਸੁਆਰਦੀ ਨੇ ਉੱਸਦੇ ਬੱਚੇ ਦਾ ਰੋਣ-ਧੋਣ ਸੁਣਿਆ। ‘ਚੱਲ ਮੈਂ ਆਈ’ ਆਖ ਕੇ ਉਹ ਵਾਪਿਸ ਅੰਦਰ ਮੁੜ ਗਈ। ਅੰਦਰੋਂ, ਕਿਸੇ ਥਾਂ ਟੈਲੀਫੂਨ ਕਰਕੇ ਉਸਨੇ ਗੁਆਂਢ ਵਾਪਰੇ ਹਾਦਸੇ ਦਾ ਸਾਰ-ਅੰਸ਼ ਦੱਸ ਦਿੱਤਾ। ਥੋੜੇ ਕੁ ਚਿਰ ਪਿੱਛੋਂ ਉਸਦੇ ਪਤੀ ਦੇ ਬਜਾਏ ਕੋਈ ਨੌਕਰ ਮੁੰਡਾ ਸਕੂਟਰ ਭਜਾਉਂਦਾ ਪਹਿਲਾਂ ਉਸ ਪਾਸ ਪੁੱਜਾ ਫਿਰ ਬੇ-ਹੋਸ਼ ਡਿੱਗੀ ਨੂਰੀ ਪਾਸ। ਉਸਨੇ ਹਿੰਮਤ ਕਰਕੇ ਨੂਰੀ ਦੇ ਸਿਰ ਮੂੰਹ ਤੇ ਛਿੱਟੇ ਮਾਰੇ। ਉਸ ਨੂੰ ਬੈਠਦੀ ਕਰਕੇ ਰੋਣ ਜੋਗਾ ਕਰ ਲਿਆ। ਪਰ, ਝੱਟ ਹੀ ਕਮਲਿਆ-ਯਮਲਿਆਂ ਵਾਂਗ ਅਵਾ-ਤਵਾ ਬੋਲਦੀ, ਡੋਲਦੀ-ਡੁਲਕਦੀ, ਅੰਦਰ-ਬਾਹਰ ਘੁੱਮਣ ਲੱਗੀ ਨੂੰ ਰੋਕਣ-ਸੰਭਾਲਣ ਦੀ ਉਸਦੀ ਹਿੰਮਤ ਨਾ ਹੋਈ।

ਦਿਨ ਢਲਦਿਆਂ–ਕਰਦਿਆਂ ਨੂਰੀ ਦੇ ਨਵੇਂ ਘਰ ਦੇ ਆਂਢ-ਗੁਆਂਢ ਨਾਲੋਂ ਕਿਤੇ ਵੱਧ ਉਸਦੇ ਪਹਿਲੇ ਘਰ ਦੇ ਮੇਲੀ-ਗੇਲੀ, ਉਸ ਸਮੇਤ ਬਾਲਾਂ ਨੂੰ ਸੰਭਾਂਲਦੇ-ਵਰਚਾਉਂਦੇ ਅਗਲੇ ਕਿਰਿਆ–ਕਾਰਜ ਵਿੱਚ ਰੁਝੇ ਰਹੇ।

ਨਵੇਂ ਘਰ ‘ਚ ਆਈ ਨੂੰ ਲੱਗੇ ਇਸ ਪਹਿਲੇ ਝਟਕੇ ਨੇ ਇਸ ਨੂੰ ਸਾਲ ਭਰ ਪੈਰੀਂ ਨਹੀਂ ਸੀ ਆਉਣ ਦਿੱਤਾ। ਕਿਸੇ ਵੀ ਸਾਕ-ਸਬੰਧੀ ਨੇ ਡਿਗੀ-ਢੱਠੀ ਦੀ ਬਾਂਹ ਨਾ ਫੜੀ। ਆਖਿਰ ਇਸਦੀ ਵਿੱਰਧ ਮਾਂ ਨੂੰ ਹੀ ਹੱਡ–ਗੋਢੇ ਜੋੜਨੇ ਪਏ, ਮਾਵਾਂ ਤੋਂ ਬਿਨਾਂ ਹੋਰ ਕਿੱਸਦਾ ਅੰਦਰ ਵਿਲਕਦਾ, ਐਹੋ ਜਿਹੀ ਔਖ-ਵੇਲੇ! ਮਾਂ ਸੀ ਵੀ ਨਾ ਹੋਇਆਂ ਨਾਲ ਦੀ। ਇਕ ਉਮਰੋਂ ਆਤਰ, ਇਕ ਅੱਖਾਂ ਤੋਂ ਹੀਣੀ। ਦਿਨ ਵੇਲੇ ਉਸ ਨੂੰ ਥੋੜਾ-ਬਹੁਤ ਦਿੱਸਦਾ ਸੀ, ਰਾਤ ਵੇਲੇ ਉਹ ਵੀ ਖ਼ਤਮ। ਉਹਨੇ ਟੋਹ-ਟੱਕਰਾਂ ਮਾਰਦੀ ਨੇ ਲਾਵਾਰਸ ਹੋਏ ਦੋਨੋਂ ਬਾਲ ਸਾਂਭੇ ਤਾਂ ਜ਼ਰੂਰ, ਪਰ ਨਾ ਤਾਂ ਉਹ ਠੀਕ ਤਰਾਂ ਪੜ੍ਹ ਸਕੇ, ਨਾ ਠੀਕ ਤਰਾਂ ਰਹਿ-ਵਿਚਰ ਸਕੇ। ਜਿੰਨਾ ਕੁ ਮਿਲਿਆ, ਜਿਵੇਂ ਦਾ ਮਿਲਿਆ ਖਾ-ਪੀ ਲਿਆ। ਨਹੀਂ ਤਾਂ ਭੁੱਖੇ–ਤਿਹਾਏ ਡੌਰ-ਭੌਰ ਹੋਏ ਰਹਿੰਦੇ। ਲਚਾਰਗੀ ਬੱਸ, ਉਹ ਥੋੜੀ-ਬਹੁਤ ਹਿੰਮਤ ਵੀ ਕਰਦੇ, ਪਰ ਬਾਲ ਸਨ ਕਿੰਨਾਂ ਕੁ ਧੋਅ-ਸੁਆਰ ਲੈਣਾ ਸੀ ਉਹਨਾਂ ਆਪਣਾ-ਆਪ।

ਡੂਡ-ਦੋ-ਸਾਲ ਸਾਰਾ ਟੱਬਰ ਸੁੰਨ–ਵੱਟਾ ਹੋਇਆ ਮਨੂਰ–ਪੱਥਰ ਜਿਸ ਬਣਿਆ ਰਿਹਾ।
ਕਿਧਰੋਂ ਦੇਸੀ ਦੁਆਈ ਖਾਂਦੀ, ਥੋੜੀ ਕੁ ਠੀਕ ਦਿੱਸਦੀ ਨੂਰੀ ਦਫ਼ਤਰ ਗਈ ਈ ਗਈ ਤਾਂ ਤੇਰੀ ਥਾਂ ਆਏ ਨਵੇਂ ਸਾਬ੍ਹ ਨੇ ਹੋਰ ਈ ਚੰਦ ਚਾੜ੍ਹ ਦਿੱਤਾ। ਇਹ ਕਿਸੇ ਪਾਸੇ ਜੋਗੀ ਨਾ ਰਹੀ। ਇਸ ਦਾ ਰੋਜ਼ਗਾਰ ਵੀ ਖੁੱਸਦਾ ਹੋ ਗਿਆ ਤੇ ਥੋੜ੍ਹੀ ਕੁ ਠੀਕ ਹੋਈ ਸੁਰਤੀ ਮੁੜ ਵਿਚਲ ਗਈ। ਵਿਚਲ ਕਾਹਦੀ ਗਈ, ਇਕ ਤਰ੍ਹਾਂ ਨਾਲ ਨੀਮ-ਪਾਗ਼ਲਾਂ ‘ਚ ਸ਼ਾਮਿਲ ਹੋ ਗਈ !….. ਹੁਣ ਇਸ ਨੂੰ ਸਮਝ ਨਹੀਂ ਲੱਗਦੀ, ਕਰਨਾ ਕੀ ਐ ਕੀ ਨਹੀਂ ਕਰਨਾ! ਬੋਲਣਾ ਕੀ ਐ, ਕੀ ਨਹੀਂ ਬੋਲਣਾ!! ਬੱਸ ਇੱਕੋ-ਇਕ ਵਹਿਮ ਇਸ ਦਾ ਸਾਰੇ ਦਾ ਸਾਰਾ ਅੰਦਰ ਜਿਵੇਂ ਮੱਲ ਕੇ ਬੈਠ ਗਿਆ ਹੋਵੇ। ਇਸ ਨੂੰ ਲੱਗਦਾ, ਇਸਦੀ ਇਹ ਹਾਲਤ ਨਵੀਂ ਥਾਂ ਨੇ ਬਣਾਈ ਐ। ਇਸ ਦੀ ਭਲੀ-ਚੰਗੀ ਚੱਲਦੀ ਚਾਲ ਏਸੇ ਨੇ ਉੱਖੜਦੀ ਕੀਤੀ ਐ। ਇਸ ਦੇ ਪਤੀ ਸਮੇਤ ਇਸ ਦਾ ਰੋਜ਼ਗਾਰ ਵੀ ਇਸੇ ਥਾਂ ਨੇ ਖੋਹਿਆ। ਇਹਨੀ ਦਿਨੀਂ ਇਹ ਨਵੇਂ ਘਰ ਨੂੰ ਹੀ ਸਭ ਤੋਂ ਵੱਡਾ ਦੋਸ਼ੀ ਗਰਦਾਨਦੀ। ਹਰ ਆਏ-ਗਏ ਮੂਹਰੇ ਪਹਿਲਾਂ ਤਰਲਾ ਇਹੀ ਕਰੇਗੀ – “ਮੈਨੂੰ ਮੇਰੇ ਘਰ ਛੱਡ ਆਓ…!”

ਪੰਜ-ਛੇ ਦਿਨ ਪਹਿਲਾਂ ਵੀ ਇਵੇਂ ਹੀ ਵਾਪਰਿਆ। ਇਸ ਦੇ ਪਤੀ ਦਾ ਕਿੰਨ੍ਹਾ ਸਾਰਾ ਦਫ਼ਤਰੀ ਅਮਲਾ ਅਫ਼ਸੋਸ ਕਰਨ ਆਇਆ। ਸੱਚ-ਮੁੱਚ ਦੀ ਹਮਦਰਦੀ ਵਜੋਂ ਜਾਂ ਐਵੇਂ ਮੂੰਹ-ਪੋਚੀ ਕਰਨ। ਇਸ ਦੀ ਨੂਰੀ ਨੂੰ ਬਹੁਤੀ ਸਮਝ ਨਹੀਂ ਸੀ ਲੱਗੀ। ਸਮਝਣ ਜੋਗੀ ਰਹੀ ਵੀ ਕਿੱਥੇ ਸੀ! ਇਹ ਡੌਰ-ਭੌਰ ਹੋਈ ਉਹਨਾਂ ਵਲ ਦੇਖਦੀ ਰਹੀ। ਵਿਚ-ਵਾਰ ਪਹਿਲੋਂ ਵੀ ਆਉਂਦੇ ਰਿਹਾਂ ਦੋ-ਤਿੰਨਾਂ ਨੂੰ ਪਛਾਣਦੀ ਵੀ ਰਹੀ। ਉਹ ਜਿੰਨਾ ਚਿਰ ਬੈਠੇ, ਇਸ ਦੇ ਪਤੀ ਦੀ ਸਿਫ਼ਤ-ਸਲਾਹ ਕਰਦੇ ਰਹੇ। ਉਸਨੂੰ ਨੇਕ-ਦਿਲ, ਮਿਹਨਤੀ, ਨਿੰਦਿਆ-ਚੁੱਗਲੀ ਤੋਂ ਨਿਰਲੇਪ, ਇਮਾਨਦਾਰ, ਆਪਣੇ ਕੰਮ ਨਾ ਕੰਮ ਰੱਖਣ ਵਾਲਾ ਵਰਗੇ ਵਿਸ਼ੇਸ਼ਣਾਂ ਦੇ ਸਰੋਪੇ ਦਿੰਦੇ ਰਹੇ। ਹੋਰ ਕਰਦੇ ਵੀ ਕੀ ਹੁਣ! ਉਂਝ ਉਸ ਨਾਲ ਰਹਿੰਦੇ–ਵਿਚਰਦੇ ਤਾਂ ਉਸਨੂੰ ਝੁੱਡੂ-ਭੋਂਦੂ, ਡਰਾਕਲ ਵਰਗੇ ਲੱਕਵਾਂ ਨਾਲ ਹੀ ਨਿਵਾਜਦੇ ਰਹੇ ਸਨ। ਦਫ਼ਤਰੀ ਹਿੱਸੇ-ਪੱਤੀ ‘ਚ ਵਿਗਨਪਾਊ ਅੰਨਸਰ ਹੀ ਸਮਝਦੇ, ਉਸ ਨੂੰ ਊਲ-ਜਲੂਲ ਦੀਆਂ ਟਾਂਚਾ-ਟਕੋਰਾਂ ਵੀ ਕਰਦੇ ਰਹੇ ਸਨ। ਪਰ ਹੁਣ, ਉਸਦੇ ਘਰ ਪੁੱਜ ਕੇ ਉਹਨਾਂ ਪੂਰਾ ਜ਼ਬਤ ਰੱਖਿਆ ਸੀ, ਉਸਨੂੰ ਅਪਣੇ ਘਰ-ਪ੍ਰੀਵਾਰ ਦਾ ਸੁਘੜ-ਸਿਆਣਾ ਜੀਅ ਆਖ ਕੇ ਉਸਦੇ ਬਾਲ-ਬੱਚਿਆਂ ਦੀ ਪੂਰੀ ਪੂਰੀ ਸਹਾਇਤਾ ਕਰਦੇ ਰਹਿਣ ਦੇ ਵਾਹਦੇ ਕੀਤੇ ਸਨ।

ਇਹ ਉਹਨਾਂ ਦੀ ਬਾਤ-ਚੀਤ ਦਾ ਅਸਰ ਸੀ ਜਾਂ ਹੋਰ ਕਿਸੇ ਕਿਸਮ ਦੀ ਰਾਹਤ, ਨੂਰੀ ਆਮ ਕਰਕੇ ਚੁੱਪ ਹੀ ਰਹੀ, ਲਗਾਤਾਰ ਸੁਣਦੀ ਰਹੀ ਥੋੜਾ-ਬਹੁਤ ਸਮਝਦੀ ਵੀ ਰਹੀ। ਉਹਨਾਂ ‘ਚੋਂ ਤਿੰਨ ਕੁ ਜਣੇ-ਇਸ ਨੇ ਪਛਾਣੇ ਵੀ ਸਨ। ਉਹਨਾਂ ‘ਚ ਇਕ ਰਾਜਵੀਰ ਨਾਮ ਦਾ ਬੰਦਾ ਪਹਿਲਾਂ ਵੀ ਕਈ ਵਾਰ ਆਉਂਦਾ ਰਿਹਾ ਸੀ ਇਸਦੇ ਪਤੀ ਨਾਲ। ਸ਼ਾਮੀ ਹਲਕੇ ਜਿਹੇ ਸਰੂਰ ‘ਚ ਹੋਏ ਦੋਨੋਂ ਵਾਹਵਾ ਚਿਰ ਗੱਲੀਂ ਪਏ ਰਹਿੰਦੇ। ਘਰ-ਗ੍ਰਿਸਤੀ ਤੋਂ, ਦੇਸ਼-ਮੁਲਕ ਤੋਂ, ਮੰਤਰੀਆਂ-ਮੰਤਰੀਆਂ, ਤੋਂ ਸ਼ੁਰੂ ਹੋਏ ਉਹ ਬਹੁਤਾ ਸਮਾਂ ਮਹਿਕਮਾਨਾ ਕਾਰਜ਼ੁਗਾਰੀ ‘ਚ ਹੀ ਉਲਝਦੇ ਰਹੇ। ਮੰਡਾਂ-ਝੰਗਾਂ ਦਾ ਭੱਠੀ-ਕਾਰੋਬਾਰ, ਪੈਕਟਾਂ-ਖੇਪਾਂ ਦੀ ਲੰਘ–ਲੰਘਾਈ, ਬਾਰਡਰ ਫੋਰਸਾਂ ਨਾਲ ਮਿਲੀ-ਭੁਗਤ, ਜ਼ੋਨ-ਪੱਧਰੀ, ਜ਼ਿਲਾ ਪੱਧਰੀ ਕਮਿਸ਼ਨਾਂ, ਹਿੱਸੇ-ਕੋਟੇ ਆਮ ਕਰਕੇ ਉਹਨਾਂ ਦੀ ਬਾਤ-ਚੀਤ ‘ਚ ਸ਼ਾਮਿਲ ਹੁੰਦੇ ਸਨ। ਇਸਦਾ ਪਤੀ ਹੁੰਗਾਰਾ ਤਾਂ ਭਰਦਾ ਸੀ, ਪਰ ਐਵੇਂ ਢਿੱਲਾ-ਢਿੱਲਾ ਜਿਹਾ। ਜਿਵੇਂ ਉਸਨੂੰ ਅੱਧ-ਪਚੱਧ ਦੀ ਹੀ ਜਾਣਕਾਰੀ ਹੋਵੇ, ਜਾਂ ਉਸ ਤੋਂ ਵੀ ਘੱਟ। ਪਰ, ਰਾਜਵੀਰ ਦੀ ਹਰ ਗੱਲ ਬੜੀ ਨਿੱਠਵੀਂ ਹੁੰਦੀ ਸੀ, ਤੱਥ ਮੂਲਕ ਹੁੰਦੀ ਸੀ। ਜਿਹਨਾਂ ਦਾ ਜ਼ਿਕਰ ਵੀ ਉਹ ਬੜੇ ਠਰੱਮੇਂ ਨਾਲ, ਬੜੀ ਸੰਜੀਦਗੀ ਨਾਲ ਕਰਦਾ। ਇਹ ਠਰੱਮਾਂ, ਇਹ ਸੰਜੀਦਗੀ ਉਸਦੇ ਮੂੰਹ-ਚਿਹਰੇ ਨੂੰ ਹੋਰ ਵੀ ਨਿੱਖਰਦਾ ਕਰਦੇ ਜਾਪਦੇ ਸਨ ਨੂਰੀ ਨੂੰ। ਇਹ ਆਨੀ-ਬਹਾਨੀਂ ਉਹਨਾਂ ਲਾਗੇ ਆ ਵਹਿੰਦੀ। ਬਹੁਤੀ ਘਰ ਭੁਜੀਆ-ਸਲਾਦ ਰੱਖਣ-ਦੇਖਣ ਦੇ ਬਹਾਨੇ। ਉੰਝ ਇਸਦਾ ਧਿਆਨ ਰਾਜਵੀਰ ਵੱਲ ਹੁੰਦਾ। ਉਸਦੇ ਹੋਰ ਵੀ ਸੁੰਦਰ ਦਿੱਸਣ ਲੱਗੇ ਚਿਹਰੇ ਵੱਲ ਹੁੰਦਾ। ਇਸਦੇ ਪਤੀ ਦੇ ਹਮ–ਉਮਰ ਰਾਜਵੀਰ ਨੇ ਵੀ ਇਸਨੂੰ ਨਿਰਾਸ਼ ਨਹੀਂ ਸੀ ਕੀਤਾ। ਇਸ ਦੀ ਕਰੀਬ ਹਰ ਇਕ ਤੱਕਣੀ ਨੂੰ ਪ੍ਰਵਾਨ ਕਰਦਿਆਂ, ਢੁੱਕਵੀਂ ਮੁੱਸਕਾਨ ਮੋੜੀ ਸੀ ਨੂਰੀ ਵੱਲ ਨੂੰ। ਪੂਰੇ ਜ਼ਾਬਤੇ ‘ਚ ਰਹਿੰਦਿਆਂ।

ਉਸਦਾ ਇਹ ਵਿਵਹਾਰ ਨੂਰੀ ਨੂੰ ਕਲ੍ਹ ਹੋਏ–ਵਾਪਰੇ ਵਾਂਗ ਕਿੰਨਾਂ ਕਿੰਨਾਂ ਚਿਰ ਯਾਦ ਰਹਿੰਦਾ ਰਿਹਾ। ਬਹੁਤੀ ਵਾਰ ਇਹ ਯਾਦ ਉਸਦੀ ਅਗਲੀ ਫੇਰੀ ਦੀ ਉਡੀਕ ਕਰਨ ਲਈ ਉਤਾਵਲੀ ਵੀ ਹੋਈ ਰਹਿੰਦੀ।

…ਪਤੀ ਦੇ ਦਫ਼ਤਰੀ ਅਮਲੇ ਨਾਲ ਆਏ ਰਾਜਵੀਰ ਨੂੰ ਦੇਖਦਿਆਂ ਸਾਰ, ਇਹਨੀਂ ਦਿਨੀਂ ਝੱਲ-ਵਲੱਲੀ ਹੋਈ ਵਿਚਰਦੀ ਨੂਰੀ ਦੇ ਤਨ-ਬਦਨ ਤੇ ਜਿਵੇਂ ਚੈਨ-ਆਰਾਮ ਦੇ ਛਿੱਟੇ ਤਰੌਂਕੇ ਗਏ ਹੋਣ। ਆਏ ਬੰਦਿਆਂ ਲਾਗੇ ਮਾਂ ਨਾਲ ਬੈਠੀ ਨੇ ਇਸਨੇ ਕੋਈ ਓਪਰੀ-ਉਕਾਊ ਹਿੱਲ-ਜੁੱਲ ਨਾ ਕੀਤੀ। ਇਹਦੀ ਨੀਵੇਂ ਡਿਗੀ ਨਿਗਾਹ, ਵਿਚ-ਵਾਰ, ਉੱਪਰ ਵੱਲ ਨੂੰ ਉੱਠੀ ਰਾਜਵੀਰ ਦੇ ਮੂੰਹ-ਚਿਹਰੇ ਦੀ ਪ੍ਰਕਰਮਾਂ ਜ਼ਰੂਰ ਕਰਦੀ ਸੀ। ਇਉਂ ਕਰਨ ਤੇ ਇਸ ਨੂੰ ਆਪਣਾ ਆਪ ਹੋਰ ਵੀ ਸਹਿਜ ਹੋਇਆ ਜਾਪਦਾ ਸੀ। ਫਿਰ ਵੀ ਇਸਦੀ ਵਿਚਲੱਤ ਹੋਈ ਸੁਰਤ-ਬੂਝ ਤੋਂ ਜਿਵੇਂ ਸਾਂਭ ਨਹੀਂ ਹੋਇਆ, ਆਪਣਾ ਆਪ। ਸ਼ੋਕ-ਵਾਰਤਾ ਮੁੱਕੀ ਤੇ ਕਮਰਿਉਂ ਬਾਹਰ ਨਿਕਲਦਿਆਂ ਸਭ ਤੋਂ ਪਿਛੋਂ ਜਾਣ ਲੱਗੇ ਰਾਜਵੀਰ ਨਾਲ ਇਹ ਧਾਅ ਕੇ ਆ ਚਿਮੜੀ। ਉਸ ਦੁਆਲੇ ਬਾਹਾਂ ਬਗਲ ਕੇ ਉੱਚੀ ਉੱਚੀ ਰੋਣ ਲੱਗ ਪਈ। ਰੌਦੀ ਰੋਂਦੀ ਮੁੜ ਉਹੀ ਰੱਟ ਲਾਉਂਦੀ ਰਹੀ– “ਮੈਨੂੰ ਮੇਰੇ ਘਰ ਛੱਡ  ਆਓ …ਮੈਨੂ ਮੇਰੇ ਘਰ ਛੱਡ ਆਓ …।” ਨਾਲ ਨਾਲ ਰੋਣ, ਨਾਲ ਨਾਲ ਰੱਟ! ਅਜੀਬ ਸਥਿਤੀ ‘ਚ ਫਸਿਆ ਇਸਦੇ ਪਤੀ ਦਾ ਹਮ-ਉਮਰ ਰਾਜਵੀਰ ਨੀਵੀਂ ਪਾਈ ਖੜਾ ਰਿਹਾ। ਨਾ ਉਸਤੋਂ ਨੂਰੀ ਨੂੰ ਵਗਲਗੀਰ ਕਰਨ ਲਈ ਇਸ ਦੁਆਲੇ ਬਾਹਾਂ ਵਗਲ ਹੋਈਆਂ, ਨਾ ਇਸਦੀ ਜਕੜ ਖੋਲ-ਤੋੜ ਕੇ ਇਸ ਤੋਂ ਵੱਖਰਾ ਹੋ ਸਕਿਆ। ਛਛੋਪੰਜ ‘ਚ ਘਿਰਿਆ ਉਹ ਨੂਰੀ ਨੂੰ ਇਹ ਵੀ ਨਾ ਕਹਿ ਸਕਿਆ – ‘ਏਹ ਤੇਰਾ ਈ ਘਰ ਐ, ਹੋਰ ਕਿਸੇ ਦਾ ਨਹੀਂ।‘
ਉਵੇਂ ਚੁਪ-ਚਾਪ ਖੜੋਤੇ ਨੇ ੳਸਨੇ ਨੂਰੀ ਨੂੰ ਰੋਈ ਜਾਣ ਦਿੱਤਾ, ਰੋਈ ਜਾਣ ਦਿੱਤਾ। ਫਿਰ ਚਾਨਚੱਕ ਜਿਵੇਂ ਨੂਰੀ ਨੂੰ ਅਪਣੀ ਭੁੱਲ-ਭੱਟਕ ਦਾ ਅਹਿਸਾਸ ਹੋ ਗਿਆ ਹੋਵੇ। ਰਾਜਵੀਰ ਦੁਆਲਿਉਂ ਝੱਟ ਦੇਣੀ ਬਾਹਾਂ ਖੋਲਕੇ, ਬਿਨਾਂ ਉਸ ਵੱਲ ਦੇਖੇ ਕਮਰਿਉਂ ਬਾਹਰ ਨਿਕਲ ਗਈ।

ਦਫ਼ਤਰੀ ਅਮਲੇ ਨੂੰ ਗੇਟ ਤੱਕ ਛੱਡ ਕੇ ਮੁੜੀ ਇਸ ਦੀ ਮਾਂ ਨੂੰ ਨੂਰੀ ਦੇ ਉਸ ਦਿਨ ਦੇ ਵਿਵਹਾਰ ‘ਚੋਂ ਇਸਦੇ ਤੰਦਰੁਸਤੀ ਵੱਲ ਨੂੰ ਪੁੱਟ ਹੋਏ ਪਹਿਲੇ ਕਦਮ ਦੀ ਆਹਟ ਵੀ ਸੁਣਾਈ ਦਿੱਤੀ ਸੀ।

ਇਹ ਆਹਟ ਉਸਨੂੰ ਦੋ ਕੁ ਦਿਨ ਪਿੱਛੋਂ, ਨੂਰੀ ਦੇ ਸਹੁਰੇ ਪਿੰਡ ਸ਼ੇਰਗੜੋ ਆਈ ਮਕਾਣ ਸਮੇਂ ਹੋਰ ਵੀ ਪੱਸਰਦੀ ਮਹਿਸੂਸ ਹੋਈ। ਮਾਂ ਤਾਂ ਖੈਰ ਜਾਣਦੀ ਸੀ ਸਾਰਾ ਕੁਝ। ਉਸ ਸਮੇਤ ਉਸਦੀ ਸਾਰੀ ਪੀੜੀ ਹੀ ਵਾਕਿਫ਼ ਸੀ ਮਕਾਣੀ ਰਸਮਾਂ ਤੋਂ। ਨੂਰੀ ਵੀ ਜਾਣਦੀ ਸੀ ਕਿੰਨਾ ਕੁਝ। ਵਿਹੜੇ ਸਮੇਤ ਸੁਹਰੇ ਪਿੰਡ ਦੇ ਗੂੜ੍ਹੀ ਸਾਂਝ ਵਾਲੇ ਟੱਬਰਾਂ ਦੇ ਕਿੰਨੇ ਸਾਰੇ ਇਸਤਰੀਆਂ-ਮਰਦ, ਉਸ ਦਿਨ ਆਏ ਸਨ ਨੂਰੀ ਨਾਲ ਦੁੱਖ ਸਾਂਝਾ ਕਰਨ। ਚਿੱਟੇ ਦੁੱਪਟੇ-ਚਿੱਟੀਆਂ ਪੱਗਾਂ ਸਿਰਾਂ ਤੇ। ਉਹ ਸਾਰੇ ਨੂਰੀ ਦੇ ਘਰ ਤੋਂ ਕਾਫੀ ਸਾਰੀ ਵਿੱਥ ਤੇ ਪਿਛਾਂਹ ਟੈਂਪੂ ‘ਚੋਂ ਉੱਤਰ ਕੇ ਪੈਦਲ ਚੱਲ ਪਏ। ਮੂਹਰੇ ਇਸਤਰੀਆਂ, ਪਿੱਛੇ ਮਰਦ। ਨਾਲ ਆਈ ਨੈਣ ਨੇ ਉੱਚੀ ਸਾਰੀ ਲੇਅਰ ਮਾਰਕੇ ਸਭ ਦੀ ਅਗਵਾਈ ਸਾਂਭ ਲਈ। ਅੱਗੇ–ਅੱਗੇ ਨੈਣ, ਪਿੱਛੇ ਮਾਈਆਂ, ਬੀਬੀਆਂ ਦੀ ਵੈਣ-ਸੁਰ। ਘਰ ਸਾਹਮਣੇ ਪੁੱਜ ਕੇ ਉਹਨਾਂ ਥੋੜਾ ਕੁ ਚਿਰ ਹੋਰ ਪਿੱਟ-ਸਿਆਪਾ ਕੀਤਾ, ਗੋਲ-ਘੇਰਾ ਬਣਾ ਕੇ। ਨੂਰੀ ਦੇ ਨਵੇਂ ਆਂਢ-ਗੁਆਂਢ ਲਈ ਅਜੀਬ ‘ਨਜ਼ਾਰਾ’ ਸੀ ਇਹ। ਉਹਨਾਂ ਗੇਟਾਂ ਤੇ ਖੜੋਕੇ ਜਾਂ ਛੱਤਾਂ ਤੇ ਚੜ੍ਹ ਕੇ ਇਸਦਾ ‘ਅਨੰਦ ਮਾਣਿਆ ।’

ਫਿਰ, ਛੇਤੀ ਹੀ ਉੱਚੀ ਸੁਰ ਦਾ ਰੋਣ-ਧੋਣ ਬੰਦ ਹੋਏ ਤੇ ਸਭ ਜਣੇ ਅੰਦਰ ਚਲੇ ਗਏ। ਮਰਦ ਬਾਹਰ ਬਰਾਂਡੇ ‘ਚ ਬੈਠ, ਨੂਰੀ ਦੇ ਪਹਿਲੇ ਘਰ ਦੇ ਗੁਆਂਢੀਆਂ ਨਾਲ ਗੱਲੀਂ ਪਏ ਅਫ਼ਸੋਸ ਕਰਦੇ ਰਹੇ, ਇਸਤਰੀਆਂ ਦਾ ਸੱਚਾ-ਝੂਠਾ ਰੋਣ-ਡੁਸਕਣ ਅੰਦਰਲੇ ਕਮਰੇ ‘ਚ ਪੁੱਜਣ ਤੱਕ ਵੀ ਜਾਰੀ ਰਿਹਾ। ਉਹ ਵਾਰੀ ਵਾਰੀ ਨੂਰੀ ਗਲ਼ ਲੱਗ ਕੇ ਆਪ ਵੀ ਰੋਈਆਂ, ਉਸ ਨੂੰ ਵੀ ਰੁਆਇਆ।

ਇਹ ਸਾਰਾ ਕੁਝ ਕਰਦਿਆਂ, ਨੂਰੀ ਦੀ ਮਾਂ ਨੂੰ ਉਸਦੇ ਵਰਤਾਓ ‘ਚ ਥੋੜਾ ਨਹੀਂ ਕਾਫੀ ਸਾਰੀ ਠਰੱਮਾਂ ਦਿੱਸਿਆ ਸੀ। ਨਾਂ ਇਹ ਤਿਲਮਲਾਈ ਸੀ ਨਾ ਆਵਾ-ਤਵਾ ਬੋਲੀ ਸੀ। ਸਗੋਂ ਬਰਾਂਡ ‘ਚ ਬੇਠੇ ਮਰਦਾਂ ਕੋਲ ਪੁੱਜ ਕੇ ਇਸ ਨੇ ਪੁੱਛਿਆ ਸੀ ਚਾਚੇ ਫੁੱਮਣ ਬਾਰੇ, ਤਾਏ ਸੰਤੇ ਬਾਰੇ, ਬਾਬੇ ਈਸ਼ਰ ਸਮੇਤ ਹੋਰ ਕਈਆਂ ਬਾਰੇ। ਅੱਗੋਂ ਮਰਦਾਂ ਵੱਲੋਂ ਮਿਲੇ ਉੱਤਰ ਨੇ ਜਿਵੇਂ ਇਸ ਨੂੰ ਹੋਰ ਵੀ ਸਹਿਜ ਕਰ ਦਿੱਤਾ ਹੋਵੇ। ਉਹਨਾਂ ਕਿਹਾ ਸੀ –“ ਉਹ ਸਾਰੇ ਮੋਚਰੇ ‘ਚ ਪੁੱਜੇ ਪਏ ਆ। ਜਦ ਦੇ ਗਏ ਆ ਕੋਈ ਨਹੀਂ ਮੁੜਿਆ। ਸਿਵਾ ਲੱਛਮਣ ਬਾਬੇ ਤੋਂ। ਉਹ ਵੀ ਜੀਉਂਦਾ ਨਈਂ ਲਾਸ਼ ਬਣ ਕੇ ਮੁੜਿਆ ਸੀ ਦਿੱਲੀਉਂ। ਥੋੜੇ ਕੁ ਦਿਨ ਪਹਿਲਾਂ। ਜ਼ੋਰਦਾਰ ਮੀਂਹ ਕਾਰਨ ਉਹਦਾ ਤੰਬੂ ਰਾਤ ਭਰ ਡੁਬਾ ਰਿਹਾ ਸੀ ਪਾਣੀ ‘ਚ। ਉਹਨੇ ਵੀ ਪਿਓ ਦੇ ਪੁੱਤ ਨੇ ਪੂਰਾ ਹੱਠ ਰੱਖਿਆ। ਜਿੰਨਾ ਹੋ ਸਕਿਆ ਤੰਬੂ ਸਾਂਭੀ ਰੱਖਿਆ। ਆਖਿਰ ਵਧੇ ਝੱਖੜ-ਝਾਂਜੇ ਨੇ ਉਸਨੂੰ ਬੇ-ਬੱਸ ਕਰ ਦਿੱਤਾ। ਅਗਲੇ ਕਈ ਦਿਨ ਲਗਾਤਾਰ ਚੜ੍ਹੇ ਪੰਜ-ਭੱਠ ਬੁਖਾਰ ਨੇ ਆਖਿਰ ਉਹਦੇ ਪ੍ਰਾਣ ਵੀ ਖੋਹ ਲਏ ਸੀ ਉਸਤੋਂ।

ਨੂਰੀ ਨੂੰ ਇਕ-ਦੰਮ ਝੱਟਕਾ ਤਾਂ ਲੱਗਾ ਸੀ ਲੱਛਮਣ ਬਾਬੇ ਦਾ ਸੁਣ ਕੇ, ਪਰ ਇਹ ਡੋਲੀ-ਘਬਰਾਈ ਨਾ। ਉਸੇ ਹੀ ਪਲ ਇਸ ਦੇ ਸਾਹਮਣੇ ਜਿਵੇਂ ਦੋ ਲਾਸ਼ਾਂ ਬਰਾਬਰ-ਬਰਾਬਰ ਵਿੱਛ ਗਈਆਂ ਹੋਣ। ਚਿੱਟੇ ਕੱਫਣਾਂ ‘ਚ ਢੱਕ ਹੋਈਆਂ। ਇਕ ਦੇ ਹੇਠਾਂ ਇਸਦਾ ਵੱਡਾ-ਵਡੇਰਾ ਲਛੱਮਣ ਬਾਬਾ, ਦੂਜੇ ਹੇਠ ਇਸਦਾ ਪਤੀ ਮਲਕੀਤ। ਇਕ ਨੇ ਵਾਰੀ-ਯੋਗ ਖੇਤਾਂ-ਬੰਨਿਆਂ ਦੀ ਰਾਖੀ ਕਰਦਿਆਂ ਜਾਨ ਦਿੱਤੀ ਸੀ, ਦੂਜੇ ਨੇ ਆਪਣੀ ਅਣਖ਼-ਇੱਜਤ ਨੂੰ ਹਰਫ਼ ਆਉਦਾ ਦੇਖ ਕੇ ਆਤਮ ਹੱਤਿਆ ਕੀਤੀ। ਨਾ ਇਕ ਨੇ ਪੂਰੀ ਉਮਰ ਭੋਗੀ ਨਾ ਦੂਜੇ ਨੇ। ਪਰ ਕਿਉਂ? ਕਿੱਸ ਨੇ ਕੀਤੇ ਸਨ ਇਹ ਅੱਤਿਆਚਾਰ ਉਹਨਾਂ ਤੇ। ਇਹ ਪ੍ਰਸ਼ਨ ਵਿਕਰਾਲ ਰੂਪ ਧਾਰ ਕੇ ਨੂਰੀ ਸਾਹਮਣੇ ਆ ਖੜੋਇਆ। ਇਹ ਪ੍ਰਸ਼ਨ ਇਸਨੇ ਰਾਜਵੀਰ ਤੋਂ ਵੀ ਪੁੱਛਿਆ ਸੀ ਦੋ-ਤਿੰਨ ਵਾਰ। ਥੋੜਾ ਕੁ ਰੰਗ ‘ਚ ਹੋਏ ਨੂੰ। ਪੁੱਛਿਆ ਨਹੀਂ ਇਕ ਤਰਾਂ ਦੱਸਿਆ ਸੀ ਉਸਨੂੰ ਨੂਰੀ ਨੇ –‘ਹਰ ਰੋਜ਼ ਤਾਂ ਕੁਝ ਨਾ ਕੁਝ ਵਾਪਰਦਾ ਐਧਰ-ਓਧਰ। ਕਦੀ ਕਿਸੇ ਨੇ ਆਤਮ-ਹੱਤਿਆ ਕੀਤੀ ਹੁੰਦੀ, ਕਦੀ ਕਿਸੇ ਨੂੰ ਜਾਨੋਂ ਮਾਰ ਦਿੱਤਾ ਹੁੰਦਾ। ਨਾ ਬਾਲ-ਬੱਚੇ ਬਚੇ ਹੁੰਦੇ, ਨਾ ਬੁੱਢੇ-ਠੇਰੇ, ਨਾ ਜੁਆਨ ਗਭਰੂ। ਕਾਰਨ ਵੀ ਕੋਈ ਨਾ ਕੋਈ ਜੋੜ ਦਿੱਤਾ ਹੁੰਦਾ ਨਾਲ। ਇਕ ਵਾਰ ਤਾਂ ਨੂਰੀ  ਨੇ ਰਾਜਵੀਰ ਨੂੰ ਸਿੱਧਾ ਹੀ ਪੁੱਛ ਲਿਆ ਸੀ ਕਿ ਕਿਸਾਨੀ ਘਰਾਂ ‘ਚ ਹੁੰਦੀਆਂ ਮੌਤਾਂ ਆਤਮ-ਹੱਤਿਆਵਾਂ ਹਨ, ਜਾਂ ਜ਼ੋਰ-ਜ਼ਬਰੀ ਖੋਹੀਆਂ ਜਾਨਾਂ !?

ਆਪਣੀ ਸਮਝ-ਸੂਝ ਤੇ ਪੂਰਾ ਜ਼ੋਰ ਪਾ ਕੇ ਦੱਸਿਆ ਸੀ ਉਸ ਦਿਨ ਰਾਜਵੀਰ ਨੇ ਨੂਰੀ ਨੂੰ –“ਇਹ ਮੌਤਾਂ ਸਾਧਾਰਨ ਮੌਤਾਂ ਹਰਗਿਜ਼ ਨਈਂ। ਇਹਨਾਂ ਨਾਲ ਇਕ ਤਰ੍ਹਾਂ ਸਾਡੇ ਮੁਲਕ ਵਿਸ਼ੇਸ਼ ਕਰਕੇ ਸੂਬੇ ਦੀ ਅੱਧਿਉਂ ਵੱਧ ਵਸੋਂ ਦਾ ਅਰਥਚਾਰਾ ਜੁੜਿਆ ਪਿਆ। ਮਾਂ ਤੋਂ ਵੀ ਵੱਧ ਗੁਣਕਾਰ ਗਿਣ ਹੁੰਦੀ ਧਰਤੀ ਦੀ ਹਿੱਕ ਤੇ ਉੱਗਦੀਆਂ ਫ਼ਸਲਾਂ, ਇਕੱਲੇ ਮਾਨੁੱਖ ਦੀ ਨਹੀਂ, ਲੱਖਾਂ-ਅਰਬਾਂ ਪਸ਼ੂਆਂ–ਪੰਛੀਆਂ ਤੇ ਹੋਰਨਾਂ ਜੀਵ-ਜੰਤੂਆਂ ਦੀ ਵੰਨ-ਸੁਵੱਨੀ ਭੁੱਖ ਦਾ ਸਮਾਧਾਨ ਕਰਦੀਆਂ। ਪਰ, ਅਜੀਬ ਗੱਲ ਦੇਖੋ, ਇਹਨਾਂ ਫਸਲਾਂ ਨੂੰ ਬੀਜਣ -ਵੱਢਣ ਵਾਲੇ ਹੱਥ ਕਿਸੇ ਗਿਣਤੀ –ਮਿਣਤੀ ‘ਚ ਨਈਂ। ਇਹਨਾਂ ਫ਼ਸਲਾਂ ਨੂੰ ਉਗਾਉਣ –ਸਾਂਭਣ ਵਾਲੀ ਕਿਰਤ–ਮਿਹਨਤ ਦੀ ਕੋਈ ਕਦਰ-ਕੀਮਤ ਨਈਂ। ਸਾਡੇ ਮੁਲਕ ਦੇ ਰਾਜਕੀ ਟੋਲਿਆਂ ਨੇ ਤਾਂ ਜਿਵੇਂ ਖੇਤੀ-ਘਰਾਂ ਦੀ ਅਰਥ–ਵਿਵਸਥਾ ਦਾ ਫਿਕਰ ਕਰਨਾ ਊਈਂ ਛੱਡ ਦਿੱਤਾ ਐ। ਖੇਤੀ ਕਿੱਤੇ ‘ਚ ਲੱਗਾ ਕੌਣ ਜੀਉਂਦਾ, ਕੌਣ ਮਰਦਾ ਇਹਨਾਂ ਨੂੰ ਕੋਈ ਚਿੰਤਾ ਨਈਂ। ਉਹ ਕਿਉਂ ਮਰਦਾ , ਕਿਵੇਂ ਮਰਦਾ ਇਸਦੀ ਕੋਈ ਪ੍ਰਵਾਹ ਨਈਂ। ਤੂੰ ਈ ਦੱਸ ਨੂਰੀ ਜੀਊਣ ਨੂੰ ਕਿਸਦਾ ਜੀਅ ਨਈਂ ਕਰਦਾ। ਮਰਨਾ ਜਾਂ ਅਪਣੇ ਆਪ ਨੂੰ ਮਾਰਨਾ ਕੋਈ ਸੌਖਾ ਕੰਮ ਆ। ਕੋਈ ਐਮੇਂ-ਕਿਮੇਂ ਦਾ ਖੇਲ ਐ!? ਸੱਚ ਇਹ ਐ ਇਸ ਖੇਲ ਪਿੱਛੇ ਇਕ ਵੱਡਾ ਛੜਜੰਤਰ ਕਾਰਜ਼ਸ਼ੀਲ ਐ ਨੂਰੀ। ਇਹ ਮੌਤਾਂ, ਇਹ ਹੱਤਿਆਵਾਂ ਜ਼ੋਰ-ਜ਼ਬਰੀ ਕੀਤੇ ਗਏ ਕਤਲ ਐ ਨੂਰੀ, ਕਤਲ।”

ਅਚਨਚੇਤ ਰਾਜਵੀਰ ਤੋਂ ਨੂਰੀ ਦਾ ਨਾਂ ਪਤਾ ਨਹੀਂ ਵਾਰ-ਵਾਰ ਕਿਵੇਂ ਸ਼ਾਮਿਲ ਹੋ ਗਿਆ।
ਲਗਾਤਾਰ ਬੋਲੀ ਗਿਆ ਰਾਜਵੀਰ, ਸੱਚ–ਮੁੱਚ ਭਾਵੁਕ ਹੋ ਗਿਆ ਸੀ, ਉਸ ਨੇ ਸਾਹਮਣੇ ਪਏ ਜੱਗ ‘ਚੋਂ ਠੰਡੇ ਪਾਣੀ ਦੇ ਚਾਰ-ਪੰਜ ਘੁੱਟ ਇੱਕੋ ਡੀਕੇ ਅੰਦਰ ਲੰਘਾਏ। ਫਿਰ ਮੋਢੇ ਤੇ ਪਏ ਰੁਮਾਲ ਨਾਲ ਮੂੰਹ ਸਾਫ਼ ਕੀਤਾ, ਨਾਲ ਹੀ ਅੱਖਾਂ।

ਥੋੜਾ ਕੁ ਚਿਰ ਚੁੱਪ ਰਹਿਣ ਪਿਛੋਂ ਉਸ ਅੰਦਰੋਂ ਦੋ-ਬਾਰਾ ਨਿਕਲੇ ਬੋਲ ਜਿਵੇਂ ਡੂੰਘੇ ਖੂਹ ‘ਚੋਂ ਸੁਣਾਈ ਦਿੱਤੇ ਹੋਣ। ਉਹਨੇ ਆਖਿਆ ਸੀ – “ਕਸੂਰ ਇਕੱਲੇ ਪ੍ਰਬੰਧ ਦਾ ਹੀ ਨਈਂ, ਅਪਣਾ ਵੀ ਐ ਸਾਡਾ। ਕਿਸਾਨੀ ਰਹਿਤਲ ਦਾ। ਅਸੀਂ ਵੀ ਅਪਣੀ ਜੱਟਕੀਂ ਹਓਂ ‘ਚ ਵਿਚਰਦੇ, ਖਾਹ-ਮੁਖਾਹ ਦੇ ਕਰਜਈ ਹੁੰਦੇ ਰਹਿੰਨੇ ਆਂ।”

ਨੂਰੀ ਅੱਗੇ ਚੁੱਪ। ਇਹ ਚੁੱਪ ਰਾਜਵੀਰ ਦੇ ਆਖੇ–ਦੱਸੇ ਨਾਲ ਸਹਿਮਤ ਹੋਣ ਦੀ ਸੀ ਜਾਂ ਅਸਹਿਮਤ। ਉਸਤੋਂ ਝੱਟ-ਪੱਟ ਕੋਈ ਨਿਰਨਾ ਨਹੀਂ ਸੀ ਹੋ ਸਕਿਆ। ਫਿਰ, ਕਿੰਨਾ ਹੀ ਚਿਰ ਪਿੱਛੋਂ ਤੱਕ ਵੀ ਉਹ ਰਾਜਵੀਰ ਦੇ ਸ਼ਬਦਾਂ-ਬੋਲਾਂ ਦੇ ਪੈੜ-ਚਾਲੇ ਤੁਰੀ, ਹਾਂ-ਨਾਂਹ ਦੀ ਸੰਗਿਆ ਵਿਚਕਾਰ ਵਿਚਰਦੀ ਰਹੀ।

ਹੁਣ….ਹੁਣ ਉਹ ਮੁੜ ਉਸੇ ਤਰ੍ਹਾਂ ਦੀ ਅਵਲ ਉਸਤੋਂ ਵੀ ਵੱਧ ਡਰਾਉਣੀ ਘਟਨਾ ਦੀ ਮਾਰ ਹੇਠ ਸੀ। ਹੁਣ ਤਾਂ ਸਗੋਂ ਇਸਦੇ ਆਪਣੇ ਘਰ ਅਪਣੇ ਸੌਣ ਕਮਰੇ ‘ਚ ਆ ਲਟਕਿਆ ਸੀ ਉਹੀ ਪ੍ਰਸ਼ਨ। ਹੁਣ ਇਹ ਕਿੱਸ ਤੋਂ ਪੁੱਛੇਗੀ ਕਿ ਇਸਦੇ ਪਤੀ ਨੇ ਆਤਮ –ਹੱਤਿਆ ਕੀਤੀ ਜਾਂ ਉਸ ਨੂੰ ਜ਼ੋਰ-ਜ਼ਬਰੀ ਕਤਲ ਕੀਤਾ ਗਿਆ। ਸਹੁਰੇ ਪਿੰਡੋਂ ਅਫਸੋਸ ਕਰਨ ਆਏ ਵੱਡੇ-ਵਡੇਰਿਆਂ ਤੋਂ ਪੁੱਛਣ ਦੀ ਇਸਦੀ ਹਿੰਮਤ ਨਾ ਹੋਈ , ਤੇ…ਤੇ ਇਸ ਦੀ ਰੂਹ-ਜਾਨ ਤੇ ਲਟਕਦੇ ਭਾਰ ਕਾਰਨ ਜੋ ਕੁਝ ਹੋਇਆ–ਵਾਪਰਿਆ, ਉਹ ਸਭ ਲਈ ਹੈਰਾਨੀ-ਜਨਕ। ਹੈਰਾਨੀ-ਜਨਕ ਵੀ ਚਿੰਤਾਜਨਕ ਵੀ। ਵਾਪਿਸ ਪਿੰਡ ਨੂੰ ਜਾਣ ਲਈ ਉੱਠ ਤੁਰਨ ਲੱਗੇ ਫੁੱਮਣ ਚਾਚੇ ਨਾਲ ਝੱਟ ਦੇਣੀ ਚਿੱਮੜ ਕੇ ਨੂਰੀ ਫਿਰ ਉਹੀ ਰਾਗ ਅਲਾਪਣ ਲੱਗ ਪਈ – “ਮੈਨੂੰ ਮੇਰੇ ਘਰ ਛੱਡ ਆਓ …ਏਹ ਮੇਰਾ ਘਰ ਨਈਂ ….ਮੈਨੂੰ ਮੇਰੇ ਘਰ ਛੱਡ ਆਓ।” ਉਸ ਦਿਨ, ਉਦਾਸੀ –ਪ੍ਰੇਸ਼ਾਨੀ ‘ਚ ਘਿਰੇ ਪਿੰਡ ਵਾਸੀ, ਹੋਰ ਵੀ ਫਿਕਰਮੰਦ ਹੋ ਕੇ ਵਾਪਿਸ ਮੁੜੇ ਸਨ। ਥੋੜੀ ਕੁ ਆਸਮੰਦ ਹੋਈ ਨੂਰੀ ਦੀ ਮਾਂ ਮੁੜ ਨਿਰਾਸ਼ਾ ‘ਚ ਘਿਰ ਗਈ। ਤਾਂ ਵੀ ਉਸਨੇ ਆਸ-ਉਮੀਦ ਦਾ ਪੱਲਾ ਨਹੀਂ ਸੀ ਛੱਡਿਆ। ਉਸਦਾ ਯਕੀਨ ਸੀ ਕਿ ਸਿਆਣੇ-ਸੂਝਵਾਨ ਜੀਆਂ ਦੀ ਸੰਗਤ, ਨੂਰੀ ਦੀ ਵਿਚਲੱਤ ਹੋਈ ਸੁਰਤੀ ਨੂੰ ਕਿਸੇ ਵੀ ਦੁਆ-ਦਰਮਲ ਨਾਲੋਂ ਵੱਧ ਰਾਹਤ ਦਿੰਦੀ ਐ। ਮਲਕੀਤ ਦਾ ਅਫ਼ਸੋਸ ਕਰਨ ਆਏ ਹਰ ਕਿਸੇ ਨਾਲ ਹੋਈ ਬਾਤ-ਚੀਤ ‘ਚ ਉਸਨੇ ਨੂਰੀ ਨੂੰ ਵੀ ਸ਼ਾਮਿਲ ਕੀਤੀ ਰੱਖਿਆ, ਭਾਵੇਂ, “ਮੈਨੂੰ ਮੇਰੇ ਘਰ ….਼” ਵਾਲੀ ਰਟ ਨੂਰੀ ਤੋਂ ਬਹੁਤੀ ਨਹੀਂ ਸੀ ਤਿਆਗ ਹੋਈ ਅਜੇ।

ਤੈਨੂੰ ਵੀ ਜਾਂਦੇ ਨੂੰ ਉਹ ਇਹੀ ਕਹੇਗੀ –‘ਭਾਅ ਬਣ ਕੇ ਮੇਰਾ ਇਹ ਕੰਮ ਜ਼ਰੂਰ ਕਰ! ਕਹੇਗੀ ਹੀ ਨਹੀਂ ਤਰਲੇ ਮਾਰੇਗੀ, ਲੇਹਲੜੀਆਂ ਕੱਢੇਗੀ, ਹੱਥ ਵੀ ਜੋੜੇਗੀ। ਜੁੜੇ ਹੱਥ ਸੱਚ-ਮੁੱਚ ਤੇਰੇ ਪੈਰਾਂ ਵਲ੍ਹ ਨੂੰ ਝੁਕਣਗੇ। ਤੂੰ ਇਸ ਨੂੰ ਇਉਂ ਕਰਨੋਂ ਮਸਾਂ ਰੋਕੇਂਗਾ। ਇਸ ਦਾ ਸਿਰ ਮੂੰਹ ਪਲੋਸੇਗਾਂ। ਇਸ ਨੂੰ ਢਾਰਸ ਦੇਵੇਂਗਾ। ਬਿਲਕੁਲ ਉਵੇਂ ਜਿਵੇਂ ਆਪਦੇ ਦਫ਼ਤਰ ‘ਚ ਦਿੱਤੀ ਸੀ। ਤੇਰਾ ਹੱਥ ਲੱਗਦਿਆਂ ਸਾਰ ਇਹ ਵਿਲਕ ਉੱਠੇਗੀ, ਪਹਿਲਾਂ ਹੱਟਕੋਰੀਂ ਫਿਰ ਉੱਚੀ–ਉੱਚੀ। ਤੇਰੇ ਨਾਲ ਚਿੱਮੜ ਕੇ ਇਸ ਨੇ ਧੁਰ ਅੰਦਰ ਤੱਕ ਰੋ-ਕਲਪ ਲੈਣਾ, ਹਲਕਾ ਕਰ ਲੈਣਾ ਅਪਣਾ ਆਪ। ਹੋਰ ਘੜੀ-ਪਲ ਨੂੰ ਤੈਨੂੰ ਇਹ ਬਿਲਕੁਲ ਸਹਿਜ ਜਾਪੇਗੀ। ਸਾਰਾ ਕੁਝ ਨਹੀਂ ਤਾਂ ਕਿੰਨਾ ਕੁਝ ਸੁਨਣ-ਸਮਝਣ ਲੱਗੇਗੀ।

ਹੁਣ, ਇਹ ਤੇਰੇ  ਤੇ  ਨਿਰਭਰ ਐ , ਕਿ ਤੂੰ ਅਗਾਂਹ ਕੀ ਕਰਨਾ ! ਤੂੰ ਇਸ ਨੂੰ ਹੋਸ਼ੀ –ਬੇ-ਹੋਸ਼ੀ ਵਿਚਕਾਰ ਲਟਕਦਾ ਰੱਖਣਾ ਜਾਂ ਇਸ ਨੂੰ ਸੁਰਤ ਸਿਰ ਕਰਨ ਦਾ ਕੋਈ ਉਪਰਾਲਾ ਕਰਨਾ। ਇਕ ਪੱਕ ਐ, ਤੂੰ ਕੁਝ ਨਾ ਕੁਝ ਜ਼ਰੂਰ ਕਰੇਗਾ, ਇਸ ਨੂੰ ਤ੍ਰਿਸ਼ੰਕੂ ਸਥਿਤੀ ‘ਚੋਂ ਬਾਹਰ ਕੱਢਣ ਲਈ ਜ਼ਰੂਰ ਹੰਭਲਾ ਮਾਰੇਂਗਾ। ਤੂੰ…ਤੂੰ…. ਇਸ ਨੂੰ ਦੱਸੇਗਾ –‘ ਤੇਰੀ ਇਹ ਹਾਲਤ ਕੇਵਲ ਨੌਕਰੀ ਖੁਸ ਜਾਣ ਕਾਰਨ ਜਾਂ ਪਤੀ ਦੀ ਆਤਮ ਹੱਤਿਆ ਕਾਰਨ ਹੀ ਨਹੀਂ ਬਣੀ। ਇਹ ਤਾਂ ਹਕੂਮਤੀ ਕਿਸਮ ਦੀਆਂ ਘਟਨਾਵਾਂ, ਜੋ ਇਸ ਵਾਰ ਤੇਰੇ  ਸਿਰ ਤੇ  ਆ ਡਿਗੀਆਂ, ਇਕੱਠੀਆਂ। ਵਿਵੇਕਹੀਣ ਵਾਰਤਾਵਾਂ ਨੇ ਜੋ ਤੇਰੇ ਮੱਥੇ ਤੇ ਆ ਚਿੱਪਕੀਆਂ। ਸੱਚ ਇਹ ਐ, ਇਹ ਵਾਰਤਾਵਾਂ ਇਹ ਘਟਨਾਵਾਂ ਨਾ ਆਪਣੇ ਆਪ ਵਾਪਰਦੀਆਂ, ਨਾ ਲਿੱਖ ਹੁੰਦੀਆਂ। ਇਹਨਾਂ ਦੀ ਤਹਿ ‘ਚ ਵਾਪਰਦਾ ਵੱਡਾ ਵਰਤਾਰਾ ਕੁਝ ਹੋਰ ਐ। ਉਹ ਬਹੁਤ ਵੱਖਰੀ ਤਰ੍ਹਾਂ ਦਾ। ਦੇਖਣ-ਛੂਹਣ ਨੂੰ ਮੁਲਾਇਮ, ਪਰ ਹੇਠਲੀ ਪਰਤੋਂ ਚੁੱਭਵਾਂ, ਇਕ ਕਮ ਖੁਰਦੜਾ। ਇਸ ਨੂੰ ਸੁਣਦੇ-ਪੜ੍ਹਦੇ ਸਾਰੇ, ਪਰ ਸਮਝਦੇ ਬਹੁਤ ਘੱਟ।’

ਨਿਸਚੈ ਹੀ ਤੈਨੂੰ ਉਸ ਵਰਤਾਰੇ ਦੀ ਪੂਰੀ ਜਾਣਕਾਰੀ ਐ। ਤੂੰ…ਤੂੰ ਇਸ ਦੀ ਇਬਾਰਤ ਦੇ  ਕੁਝ ਨਾ ਕੁਝ ਬਿੰਦੂ ਜ਼ਰੂਰ ਦੱਸੀਂ ….ਨੂਰੀ ਨੂੰ। ਤੂੰ ਬਹਤਾ ਨਹੀਂ, ਤਾ ਸ਼ਾਮਯੁੱਗੀ ਸ਼ਿਕਾਰ –ਕਰਨ ਤੋਂ ਸ਼ੁਰੂ ਕਰਕੇ ਸਰਮਾਇਆ ਯੁੱਗ ਦੇ ਪੁਲਾੜੀ ਸਫ਼ਰ ਤੱਕ ਦਾ ਮੋਟਾ-ਮੋਟਾ ਜ਼ਿਕਰ ਜ਼ਰੂਰ ਕਰੀਂ। ਗਾਰਾਂ-ਗੁਫਾਵਾਂ ਦੇ ਸਿਰ–ਢੱਕਣ ਤੋਂ ਲੈ ਕੇ ਸ਼ੀਸ਼ ਮਹਿਲਾਂ ਵਰਗੇ ਰੈਣ-ਵਸੇਰਿਆਂ ਤੱਕ ਪੁੱਜੇ ਅੱਜ ਦੇ ਮਾਨੁੱਖ ਦੇ ਚੰਗੇ–ਮਾੜੇ ਵਰਤਾਓ ਦਾ ਖੁਲਾਸਾ ਕਰਦਾ ਤੂੰ ਸਾਮੰਤੀ ਤੇ ਰਾਜਾਵਾਦੀ ਪ੍ਰਬੰਧਾਂ ਅੰਦਰ ਖੇਤੀ ਕਾਮਿਆਂ ਸਮੇਤ ਖੇਤੀ ਜਿਣਸਾਂ ਦੀ ਹੁੰਦੀ ਰਹੀ ਦੁਰਗੱਤ ਦਾ ਵਿਸਥਾਰ ਜ਼ਰੂਰ ਦੇਈਂ। ਬੀਤੇ ਸਮਿਆਂ ਵਿੱਚ ਖੇਤ-ਮਾਲੀਏ ਦੀ ਧੋਣ ਮਰੋੜ ਕੇ ਸਾਮੰਤੀ ਸਰਦਾਰਾ, ਪ੍ਰਸ਼ਾਸ਼ਕੀ ਆਹੁਦਿਆਂ, ਰਾਜ ਗੱਦੀਆਂ ਦੇ ਖ਼ਰਚ-ਖਰਾਬਿਆਂ ਦਾ ਖੁਲਾਸਾ ਕਰਦੇ ਨੇ। ਤੂੰ ਨੂਰੀ ਦੇ ਕਈ ਸਾਰੇ ਸ਼ੰਕਿਆਂ ਦੀ ਨਵਿਰਤੀ ਸਹਿ-ਸੁਭਾ ਹੀ ਕਰ ਜਾਵੇਂਗਾ। ਮਾਨਵੀ ਮੁੱਲਾਂ ਨੂੰ ਪਿਛਾੜ ਕੇ ਖਾਹ–ਮਖਾਹ ਦੀ ਹਵਸ-ਹੋੜ ਪਿੱਛੇ ਵਿਆਕਲ ਹੋਈ ਅਜੋਕੇ ਸਮਿਆਂ ਦੀ ਮਾਨਸਿੱਕਤਾ ਨੂਰੀ ਨੂੰ ਪਤੀ ਦੀ ਹੱਤਿਆ ਪਿੱਛੇ ਕਾਰਜ਼ਸ਼ੀਲ ਵੱਡੇ ਕਾਰਨਾਂ ਦੀ ਪਛਾਣ ਵੀ ਕਰਵਾਏਗੀ।

ਤੇ ਸੱਚੀ ਗੱਲ ਐ, ਇਹ ਸਭ ਕੁਝ ਸੁਣੇਗੀ ਵੀ ਤੇ ਸਮਝੇਗੀ ਵੀ।ਇਹ ਮੁੱਢ-ਸ਼ੁਰੂ ਤੋਂ ਸੂਝਵਾਨ ਰਹੀ ਐ, ਇਸ ਪੱਖੋਂ। ਜਿਉਂ-ਜਿਉਂ ਤੂੰ ਇਸ ਦਾ ਜੀਣ-ਥੀਣ ਵਿਚਲੱਤ ਕਰਨ ਵਾਲੀ ਉਸ ਕਲਮੂੰਹੀ ਲਿਖਤ ਦੇ ਪੱਤਰੇ ਪਰਤਾਈ ਜਾਏਂਗਾ। ਤਿਉਂ-ਤਿਉਂ ਇਸ ਦੀ ਉਲਝੀ-ਬਿਖ਼ਰੀ ਸੁਰਤ-ਸ਼ਕਤੀ ਤਹਿ ਸਿਰ ਹੁੰਦੀ ਜਾਣੀ।

ਤੈਨੂੰ ਇਹ ਯਤਨ ਇਕ-ਦੋ ਵਾਰ ਨਹੀਂ, ਕਈ ਵਾਰ ਆ ਕੇ ਕਰਨੇ ਪੈਣੇ।
ਪੁਰਾਣੇ ਘਰ ਜਾ ਨਵੇਂ ਘਰ ਦਾ ਹਿਸਾਬ-ਕਿਤਾਬ ਤੂੰ ਆਪ ਜੁੜਦਾ ਕਰ ਲਈਂ, ਮੌਕਾ ਵਿਚਾਰ ਕੇ ।
——-
ਪਤਾ : ਨੇੜੇ ਸੈਂਟ ਪਾਲ ਕਾਨਵੈਂਟ
ਸਕੂਲ,ਨਿਹਾਲਪੁਰ-144205 (ਦਸੂਹਾ ਜਿਲ੍ਹਾ : ਹੁਸ਼ਿਆਰਪੁਰ
ਸੰਪਰਕ : 946557486

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
904
***

About the author

ਲਾਲ ਸਿੰਘ ਦਸੂਹਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ