29 April 2024

ਪੰਜ ਗ਼ਜ਼ਲਾਂ—ਰੂਪ ਸਿੱਧੂ

ਹਾਜ਼ਰ ਹੈ ਰੂਪ ਸਿੱਧੂ:

ਪੰਜਾਬੀ ਸ਼ਾਇਰੀ ਨਾਲ ਇੱਕ ਲੰਮੇ ਸਮੇਂ ਤੋਂ ਜੁੜਿਆ ਹੋਇਆ ਸ੍ਰੀ ਰੂਪ ਸਿੱਧੂ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਥਾਜ ਨਹੀਂ ਫਿਰ ਵੀ ਇਹ ਦੱਸਣਾ ਕੁਥਾਂਹ ਨਹੀਂ  ਹੋਵੇਗਾ ਕਿ  ਰੂਪ ਸਿੱਧੂ ਪੰਜਾਬੀ ਗ਼ਜ਼ਲ ਨੂੰ ਸਮਰਪਿਤ ਇੱਕ ਪ੍ਰਤੀਬੱਧ ਗ਼ਜ਼ਲ-ਗੋਅ ਹੈ ਜਿਸਦੀ ਉਡਾਨ ਨੀਲਾ-ਅੰਬਰ ਹੋਣ ਦੇ ਬਾਵਜੂਦ ਉਸ ਨੇ ਆਪਣੇ ਕਦਮਾਂ ਨੂੰ ਧਰਤ ਤੋਂ ਨਿਖੜਨ ਨਹੀਂ ਦਿੱਤਾ। ‘ਲਿਖਾਰੀ’ ਦੇ ਪਾਠਕਾਂ ਦੇ ਰੂ-ਬ-ਰੂ ਉਸ ਦੀਅਂ ਪੰਜ ਗ਼ਜ਼ਲਾਂ ਪੇਸ਼ ਕਰਦਿਅਂ ਪਰਸੰਨਤਾ ਦਾ ਅਨੁਭਵ ਕਰ ਰਿਹਾ ਹਾਂ।—ਗੁਰਦਿਆਲ ਸਿੰਘ ਰਾਏ

੧.

ਕਿਸ ਗੱਲੋਂ ਸੀ ਭਰਿਆ ਪੀਤਾ ਇਹ ਵੀ ਸੋਚੋ।
ਉਸਨੇ ਜੋ ਕੀਤਾ ਕਿਉਂ ਕੀਤਾ ਇਹ ਵੀ ਸੋਚੋ।

ਬੇਪਰਤੀਤੋ ਆਖੋ ਬੇਪਰਤੀਤਾ ਪਰ ਉਹ
ਕਾਹਤੋਂ ਹੋਇਆ ਬੇਪਰਤੀਤਾ ਇਹ ਵੀ ਸੋਚੋ। 

ਜਿੰਨਾ ਚਾਹੋ ਦਾਨ ਦਿਓ ਵਿਹਲੜ ਨੂੰ ਪਰ ਉਹ
ਬੇ ਚਾਰਾ ਹੈ ਜਾਂ ਬਦਨੀਤਾ ਇਹ ਵੀ ਸੋਚੋ। 

ਪੱਥਰ-ਵੱਟਾ, ਅਕੜੂ, ਗੁੰਮ-ਸੁੰਮ ਕਹਿਣੋ ਪਹਿਲਾਂ
ਕਿਉਂ ਹੈ ਕੋਈ ਚੁੱਪ ਚੁਪੀਤਾ ਇਹ ਵੀ ਸੋਚੋ। 

ਪੈਸਾ ਮਿਲ ਸਕਦੈ ਪਰ ਵਿਛੜੇ ਵੀਰ ਨ ਮਿਲਦੇ
ਉਹ ਸੱਜਣਾ, ਉਹ ਭਾਈ ਮੀਤਾ ਇਹ ਵੀ ਸੋਚੋ। 

ਬਾਹਲਾ ਔਖੈ ਆਪੇ ਆਪਣਾ ਮਾਸ ਪਰੁੰਨਣਾ
ਜ਼ਖਮ ਅਸਾਂ ਇਹ ਕਿੱਦਾਂ ਸੀਤਾ ਇਹ ਵੀ ਸੋਚੋ। 

ਰੂਪ ਬਣਾਕੇ ਸਾਧਾਂ ਵਰਗਾ ਸਾਧ ਨਾ ਬਣਦੇ
ਚਿੱਤ ਕਰਨਾ ਹੈ ਚਿੱਤ ਦਾ ਚੀਤਾ ਇਹ ਵੀ ਸੋਚੋ।

੨.

ਉਹ ਜੋ ਚਾਹੇ ਮੁਕਾਮ ਲੈ ਸਕਦਾ।
ਹੋ ਰਿਹਾ ਹੈ ਨਿਲਾਮ ਲੈ ਸਕਦਾ। 

ਸ਼ਾਇਰੀ ਵੀ ਕਰੇ ਮਗਰ, ਸ਼ਾਤਿਰ
ਕਰ ਕਰਾ ਕੇ ਇਨਾਮ ਲੈ ਸਕਦਾ। 

ਉਹ ਸ਼ਰਾਰਤ-ਮਿਜਾਜ਼ ਮੇਰਾ ਵੀ
ਇਸ ਸ਼ਗ਼ੂਫੇ ‘ਚ ਨਾਮ ਲੈ ਸਕਦਾ।

 ਕਾਸ਼ ਦੇ ਕੇ ਤਮਾਮ ਖੁਸ਼ੀਆਂ, ਮੈਂ
ਦਰਦ ਉਸਦੇ ਤਮਾਮ ਲੈ ਸਕਦਾ। 

ਇਸ਼ਕ ਨੂੰ ਆਖ ਕੇ ਵਿਦਾ ਹੀ ਉਹ
ਝੋਰਿਆਂ ਤੋ ਵਿਰਾਮ ਲੈ ਸਕਦਾ। 

ਨਿਮਰਤਾ ਦਾ ਇਨਾਮ ਕੋਈ ਵੀ
ਜੀਭ ਨੂੰ ਪਾ ਲਗ਼ਾਮ ਲੈ ਸਕਦਾ। 

ਦੀਦ ਦਰਕਾਰ ਜਿਨ੍ਹੂੰ ਦੀਦ ਕਰੇ
ਜੇਸ ਨੂੰ ਤਲਬ ਜਾਮ ਲੈ ਸਕਦਾ। 

ਦੇਸ਼ ਦੇ ਦੁਸ਼ਮਣਾਂ ਵਲੋਂ ਦੱਸੋ
ਰੂਪ ਕੀਕਣ ਸਲਾਮ ਲੈ ਸਕਦਾ ?
—–

੩.

ਪਰਦੇਸੀ ਹੋਣੇ ਦੀ ਉਜਰਤ, ਹੁਣ ਸਮਝੇ ਹਾਂ।
ਧੋਬੀ ਦੇ ਕੁੱਤੇ ਦੀ ਕਿਸਮਤ, ਹੁਣ ਸਮਝੇ ਹਾਂ। 

ਸੋਚ ਰਹੇ ਸਾਂ ਖੂਨ ਉਬਾਲੇ ਮਾਰੇਗਾ ਪਰ
ਮੌਤ ਕਰਾਵੇ ਕਿੱਦਾਂ ਨਫਰਤ, ਹੁਣ ਸਮਝੇ ਹਾਂ। 

ਆਮ ਜਿਹੀ ਇਕ ਛਿੱਕ ਵੀ ਖ਼ੌਫ਼-ਜ਼ਦਾ ਕਰ ਦੇਂਦੀ
ਰਾਈ ਕਿੱਦਾਂ ਬਣਦੀ ਪਰਬਤ, ਹੁਣ ਸਮਝੇ ਹਾਂ। 

ਆਕੀ ਹੋ ਚੁੱਕੇ ਸਾਂ ਕੁਝ ਇੱਕ ਖੋਜਾਂ ਥੀਂ, ਪਰ
ਖ਼ਾਲਿਕ ਦੇ ਹੱਥ ਹੁੰਦੀ ਖ਼ਲਕਤ, ਹੁਣ ਸਮਝੇ ਹਾਂ। 

ਲੱਖ ਝਿੜਕਾਂ ਦੇ ਕੇ ਵੀ ਆਖਿਰ ਗਲ਼ ਲਾ ਲੈਨੈ
ਇਹ ਤੇਰੀ ਫਿਤਰਤ ਇਹ ਰਹਿਮਤ, ਹੁਣ ਸਮਝੇ ਹਾਂ। 

ਏਸ ਤਰਾਂ ਹੈ? ਅੱਛਾ? ਇਹ ਵੀ ਹਾਂ ਹੁੰਦੀ ਹੈ?
ਹਲਕੀ ਜੇਹੀ ਅੱਖ ਦੀ ਹਰਕਤ, ਹੁਣ ਸਮਝੇ ਹਾਂ। 

ਦੌੜ ਭਜਾਈ ਵਾਹੋ ਦਾਹੀ ਭੁੱਲ ਭੁਲਾ ਕੇ
ਸਬਰ ਸਬੂਰੀ ਰਾਹਤ ਬਰਕਤ, ਹੁਣ ਸਮਝੇ ਹਾਂ। 

ਕੀ ਕੀ ਪਾਪੜ ਵੇਲਣ ਡਾਹਵੇ ਰੂਪ ਕਜ਼ਾ ਦਾ
ਕੀ ਕੀ ਨਾਚ ਨਚਾਉਂਦੀ ਗੁਰਬਤ, ਹੁਣ ਸਮਝੇ ਹਾਂ।

੪.

ਅਲਫ਼ਾਜ਼ ਤੇ ਅਹਿਸਾਸ ਦਾ ਇਕ ਰਾਬਤਾ ਹੈ ਸ਼ਇਰੀ।
ਪਰ ਕਾਤਿਬਾਂ ਦੀ ਭੀੜ ਵਿਚ ਹੁਣ ਲਾਪਤਾ ਹੈ ਸ਼ਾਇਰੀ। 

ਫੁੱਲਾਂ ਜਿਹੇ ਲਫ਼ਜ਼ੀਂ ਲਪੇਟੇ ਨਰਮ ਫੇਹੇ ਰੱਖ ਕੇ
ਤਪਦੇ ਦਿਲਾਂ ਨੂੰ ਰਾਹਤਾਂ ਕਰਨਾ ਅਤਾ ਹੈ ਸ਼ਾਇਰੀ। 

ਸ਼ਬਦਾਂ ਦੇ ਤਾਣੇ ਬਾਣਿਆਂ ਦਾ ਖੇਡ ਹੀ ਨਾ ਸਮਝਣਾ
ਆਨੰਦ ਤੇ ਵਿਸਮਾਦ ਦਾ ਪੱਕਾ ਪਤਾ ਹੈ ਸ਼ਾਇਰੀ। 

ਮਿਲਦੀ ਜਦੋਂ ਇਸਦੀ ਮਧੁਰ ਮਹਿਕਾਰ ਮਹਿਕਣ ਮਸਤੀਆਂ
ਮਸਤਾਨਿਆਂ ਦੇ ਬਾਗ਼ ਦੀ ਮਲਿਕਾ ਲਤਾ ਹੈ ਸ਼ਾਇਰੀ। 

ਵਿਛੜੇ ਮਿਲਾਵੇ ਆਣ ਤਾਂ ਇਹ ਹੈ ਗੁਣਾਂ ਦਾ ਵਾਸੁਲਾ
ਕਰ ‘ਦੇ ਦਿਲਾਂ ਨੂੰ ਦੂਰ ਤਾਂ ਅਗਿਆਨਤਾ ਹੈ ਸ਼ਾਇਰੀ।

ਏਦਾਂ ਨਹੀ ਕਿ ਜੋ ਜਿਦ੍ਹਾ ਵੀ ਜੀ ਕਰੇ ਲਿਖਦਾ ਰਹੇ
ਇਕ ਸਿਨਫ ਹੈ ਇਕ ਜਾਚ ਹੈ ਇਕ ਜ਼ਾਬਤਾ ਹੈ ਸ਼ਾਇਰੀ। 

ਆ ਦੇਖ ਲੈ ਪੜ੍ਹਕੇ ਬਿਸ਼ੱਕ ਲਿਖਦਾ ਜਦੋਂ ਵੀ ‘ਰੂਪ’ ਤਾਂ
ਸੁਖ ਦਾ ਸੁਨੇਹਾ ਅਮਨ ਵਾਲੀ ਫਾਖਤਾ ਹੈ ਸ਼ਾਇਰੀ।

੫.

ਬਦੀਆਂ ਨਾਲ ਬਗਾਵਤ ਬਹੁਤ ਜ਼ਰੂਰੀ ਹੈ।
ਸੱਚ ਸੁਣਨੇ ਦੀ ਆਦਤ ਬਹੁਤ ਜ਼ਰੂਰੀ ਹੈ।  

ਚਲਦੈ ਐਸਾ ਦੌਰ ਕਿ ਅੱਜ ਕਲ ਇਸ਼ਕ ‘ਚ ਵੀ
ਥੋੜੀ ਬਹੁਤ ਸਿਆਸਤ ਬਹੁਤ ਜ਼ਰੂਰੀ ਹੈ। 

ਦਿਲ ਤੋਂ ਦਿਲ ਤੱਕ ਜੀ ਟੀ ਰੋਡ ਬਨਾਉਣੈ ਤਾਂ
ਦੋਹੀਂ ਪਾਸੀਂ ਚਾਹਤ ਬਹੁਤ ਜ਼ਰੂਰੀ ਹੈ। 

ਇਹ ਨਾ ਹੋਵੇ ਖੁਸ਼ੀਆਂ ਝੱਲਾ ਕਰ ਦੇਵਣ
ਕੁਝ ਦਰਦਾਂ ਦੀ ਦਾਵਤ ਬਹੁਤ ਜ਼ਰੂਰੀ ਹੈ।

ਕਹਿੰਦਾ ਨਈਂ ਪਰ ਚਾਹੁੰਦਾ ਏ ਦਿਲ ਤੋਂ ਉਹ ਵੀ
ਇਹ ਗੱਲ ਉਸਦੇ ਬਾਬਤ ਬਹੁਤ ਜ਼ਰੂਰੀ ਹੈ।

ਖੇਡ ਸਿਆਸੀ ਹੈ ਪਰ ਇਸ ਦੇ ਵਿੱਚ ਵੀ ਤਾਂ
ਥੋੜੀ ਬਹੁਤ ਦਿਆਨਤ ਬਹੁਤ ਜ਼ਰੂਰੀ ਹੈ। 

ਚਲ ਜੇ ਲੋਕੀ ਉਸਨੂੰ ਇਹ ਵੀ ਆਖਣ ਤਾਂ
ਰੂਪ ਲਈ ਉਹ ਆਫ਼ਤ ਬਹੁਤ ਜ਼ਰੂਰੀ ਹੈ।

About the author

ਰੂਪ ਸਿੱਧੂ
roop999@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ