29 March 2024

ਵਿਸ਼ਵ ਕਵਿਤਾ ਦਿਵਸ ‘ਤੇ ਵਿਸ਼ੇਸ਼: ਕੋਰੜਾ ਛੰਦ (ਰੰਗ ਕਵਿਤਾ ਦੇ) —ਖੁਸ਼ੀ ਮੁਹੰਮਦ ਚੱਠਾ 

ਕੋਰੜਾ ਛੰਦ (ਰੰਗ ਕਵਿਤਾ ਦੇ) —ਖੁਸ਼ੀ ਮੁਹੰਮਦ ਚੱਠਾ 

ਕਵਿਤਾ ਦਾ ਹਰ ਰੰਗ ਸੋਹਣਾ ਲੱਗਦਾ
ਹਰ ਵੇਲੇ  ਇੱਕੋ  ਰੰਗ ਨਹੀਂਓਂ ਫੱਬਦਾ 
ਨੌਆਂ ਰਸਾਂ ਨੂੰ ਹੀ ਅਜਮਾਉਣਾ ਚਾਹੀਦਾ
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ 

ਰਸ ਜੋ “ਸ਼ਿੰਗਾਰ”, ਪ੍ਰਤੀਕ ਪਿਆਰ ਦਾ
ਸੱਜਣਾਂ ਦਾ ਪਿਆਰ ਨਾਲ ਸੀਨਾ ਠਾਰਦਾ
ਹੋਵੇ  ਜੇ  ਪਿਆਰ ਤਾਂ ਜਤਾਉਣਾ ਚਾਹੀਦਾ
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ 

“ਬੀਰ ਰਸ”  ਹੌਂਸਲੇ  ਬੁਲੰਦ  ਕਰਦਾ 
ਸੂਰਬੀਰਾਂ ਯੋਧਿਆਂ ‘ਚ  ਜੋਸ਼  ਭਰਦਾ
ਲਿਖ ਲਿਖ ਹੌਂਸਲਾ ਵਧਾਉਣਾ ਚਾਹੀਦਾ
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ 

ਕਿਸੇ  ਗੱਲੋਂ  ਗੁੱਸੇ  ਵਿੱਚ  ਹੋਵੇ  ਦਿਲ ਜੇ
“ਰੌਦਰ” ‘ਚ ਲਿਖ ਕੱਢ ਦਿਓ ਕੜਿੱਲ ਜੇ
ਗੁੱਸਾ ਏਸ  ਰਸ  ‘ਚ ਦਿਖਾਉਣਾ ਚਾਹੀਦਾ
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ 

“ਕਰੁਣ” ਹੈ  ਰਸ  ਸ਼ੋਕ  ਅਤੇ ਗ਼ਮੀ ਦਾ
ਕਾਰਣ ਕੀ ਲਿਖੋ ਅੱਖਾਂ ਵਿੱਚ ਨਮੀਂ ਦਾ
ਦਿਲ ਵਾਲਾ ਦੁੱਖ ਵੀ ਸੁਣਾਉਂਣਾ ਚਾਹੀਦਾ
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ 

“ਅਦਭੁੱਤ ਰਸ”  ਹੁੰਦਾ  ਹੈ  ਹੈਰਾਨੀ  ਦਾ 
ਸਾਂਝਾ  ਕਰੋ  ਭੇਦ  ਏਹੇ  ਜਿੰਦਗਾਨੀ  ਦਾ
ਏਹੋ ਜਿਹਾ ਰੰਗ ਵੀ ਵਿਖਾਉਣਾ ਚਾਹੀਦਾ
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ 

ਘਿਰਣਾ ਦੇ ਭਾਵ ਲਿਖਦੇ ਜੋ ਰਹਿੰਦੇ ਨੇ 
“ਵੀਭਤਸ ਰਸ” ਇਸਨੂੰ ਹੀ ਕਹਿੰਦੇ ਨੇ 
ਘਿਰਣਾ ਦਾ ਭਾਵ ਸਮਝਾਉਣਾ ਚਾਹੀਦਾ 
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ 

ਹੋਵੇ  ਜੇ  ਮਹੌਲ,  ਹਰ  ਪਾਸੇ  ਡਰ  ਦਾ
“ਭਿਆਨਕ ਰਸ” ਲਿਖਕੇ  ਸੁਚੇਤ  ਕਰਦਾ
ਦੁਨੀਆਂ ਨੂੰ ਆਗਾਹ ਕਰਵਾਉਣਾ ਚਾਹੀਦਾ 
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ 

ਹਾਸੇ-ਠੱਠੇ ਬਿਨਾਂ ਜ਼ਿੰਦਗੀ ਅਧੂਰੀ ਹੈ
“ਹਾਸਰਸ”  ਕਰੇ  ਏਹੇ ਘਾਟ  ਪੂਰੀ ਹੈ
ਖੁਦ ਹੱਸੋ, ਹੋਰਾਂ ਨੂੰ ਹਸਾਉਣਾ ਚਾਹੀਦਾ 
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ 

ਹੋਵੇ ਜੇ ਵੈਰਾਗੀ ਮਨ  ਜਾਂ  ਉਦਾਸ  ਜੀ
“ਸ਼ਾਂਤ ਰਸ” ਵਿੱਚ ਲਿਖੋ ਅਹਿਸਾਸ ਜੀ
“ਖੁਸ਼ੀ” ਸਾਰੇ ਰੰਗਾਂ ਨੂੰ ਨਿਭਾਉਣਾ ਚਾਹੀਦਾ 
ਉਨ੍ਹਾਂ ਤੇ ਵੀ ਲਿਖਣਾ ਲਿਖਾਉਣਾ ਚਾਹੀਦਾ
***
697

About the author

ਖੁਸ਼ੀ ਮੁਹੰਮਦ ਚੱਠਾ
✍️ਖੁਸ਼ੀ ਮੁਹੰਮਦ "ਚੱਠਾ"
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

270d.pngਖੁਸ਼ੀ ਮੁਹੰਮਦ ਚੱਠਾ
Khushi Mohammed Chatha
ਪਿੰਡ ਤੇ ਡਾਕ:  ਦੂਹੜੇ (ਜਲੰਧਰ )
ਮੋਬਾ:  9779025356

Lyricist (Water) @Punjabi Folk Songs and Poetry
Former Petty Officer Radio at Indian Navy

✍️ਖੁਸ਼ੀ ਮੁਹੰਮਦ "ਚੱਠਾ"

270d.pngਖੁਸ਼ੀ ਮੁਹੰਮਦ ਚੱਠਾ Khushi Mohammed Chatha ਪਿੰਡ ਤੇ ਡਾਕ:  ਦੂਹੜੇ (ਜਲੰਧਰ ) ਮੋਬਾ:  9779025356 Lyricist (Water) @Punjabi Folk Songs and Poetry Former Petty Officer Radio at Indian Navy

View all posts by ✍️ਖੁਸ਼ੀ ਮੁਹੰਮਦ "ਚੱਠਾ" →