21 April 2024

ਨੇਰੵੇ, ਨਵਾਂ ਸਾਲ ਤੇ ਨਵਾਂ ਸੂਰਜ – ਕੰਵਰ ਇਮਤਿਆਜ਼

ਸ਼ਹਿਬਾਜ਼ ਸਪੁੱਤਰ ਸ੍ਰੀ ਕੰਵਰ ਇਮਤਿਆਜ਼ ਹੁਰਾਂ ਨੇ ਆਪਣੇ ਪਿਤਾ ਦੀ ਅੰਤਿਮ ਕਵਿਤਾ ‘ਲਿਖਾਰੀ’ ਲਈ ਭੇਜੀ ਹੈ। ‘ਨੇਰੵੇ, ਨਵਾਂ ਸਾਲ ਤੇ ਨਵਾਂ ਸੂਰਜ’ ਨਾਂ ਦੀ ਇਹ ਕਵਿਤਾ ਸ਼ਾਇਰ ਕੰਵਰ ਇਮਤਿਆਜ਼ ਨੇ ਇਸ ਸੰਸਾਰ ਦੀ ਯਾਤਰਾ ਸਮਾਪਤ ਕਰਨ ਤੋਂ ਕੁਝ ਸਮਾਂ ਪਹਿਲਾਂ ਲਿਖੀ ਸੀ। ਸਾਨੂੰ ਪੂਰਨ ਆਸ ਹੈ ਕਿ ਪਾਠਕ ਪਸੰਦ ਕਰਨਗੇ।

‘ਲਿਖਤੁਮ ਸ਼ਹਿਰ ਭੰਬੋਰ’ ਪੁਸਤਕ ਦੇ ਲੇਖਕ ਕੰਵਰ ਇਮਤਿਆਜ਼ ਨੂੰ ਯਾਦ ਕਰਦਿਆਂ ਕਵੀ ਸੁਰਿੰਦਰ ਸੋਹਲ ਨੇ ਬਹੁਤ ਹੀ ਪਿਆਰਾ ਅਤੇ ਦਿਲ-ਟੁੰਬਵਾਂ ਲੇਖ ‘ਲਿਖਾਰੀ’ ਲਈ ਲਿਖਿਆ ਸੀ। —-ਲਿਖਾਰੀ

ਨੇਰੵੇ, ਨਵਾਂ ਸਾਲ ਤੇ ਨਵਾਂ ਸੂਰਜ

ਹੇ ਅਰੁਣ!
ਆ ਸਾਵਿਤ੍ਰੀ ਦੇ ਆਗੋਸ਼ ਨੂੰ ਤਿਆਗੀਏ
ਬਾਹਰ ਧਰਤ ‘ਤੇ ਉਠਦੇ
ਕਾਲੇ ਧੂੰਏਂ ਦੇ ਜੰਜਾਲ ਨੂੰ ਹਰੀਏ
ਕੰਵਲ ਦੀਆਂ ਕੋਮਲ ਪੱਤੀਆਂ
ਹੁਣ ਕਾਇਆਂ ਵਿੱਚ ਸੂਲਾਂ ਵਾਂਗ ਖੁੱਭ ਰਹੀਆਂ
ਇਹਨਾਂ ਨੂੰ ਅਲਵਿਦਾ ਆਖੀਏ
ਆਦਿਤੀ ਮਾਂ ਤੋਂ ਆਸ਼ੀਰਵਾਦ ਲਈਏ

ਹੇ ਅਰੁਣ!
ਸੁਰਖ ਘੋੜਿਆਂ ਦੀ ਆਲਸ
ਖਰਖਰੇ ਨਾਲ ਉਤਾਰੀਏ
ਇੰਦਰ, ਸੋਮ ਅਤੇ ਅਗਨ ਦੀ ਆਰਤੀ ਉਤਾਰੀਏ
ਮਾਤ ਲੋਕ ਨੂੰ ਰੰਗਾਂ ਨਾਲ ਸ਼ਿੰਗਾਰੀਏ
ਨੇਰੵੇ ਨੂੰ ਰਾਜ ਗੱਦੀ ਤੋਂ ਉਤਾਰੀਏ

ਹੇ ਅਰੁਣ!
ਆ ਭਾਸਵਤੀ ਨਗਰ ਦੇ ਨੇਰੵੇ ਕੁੰਭ ਵਿੱਚੋਂ
ਰੱਥ ਨੂੰ ਚਟਕਾਰਾ ਮਾਰ ਘੋੜਿਆਂ ਨੂੰ ਹਿੱਕ
ਬਾਹਰ ਮਾਂ ਧਰਤ ਦਾ ਰਿਦਾ ਸੜ ਰਿਹਾ
ਹਾ-ਹਾ-ਕਾਰ ਕਰ ਰਿਹਾ
ਹਰ ਪਲ ਹਰ ਛਿਣ ਮਨੁੱਖ ਮਰ ਰਿਹਾ
ਵਿਵਸ਼ਵਤੀ ਨਗਰ ਵਿੱਚ ਸੁੱਤੀ ਅਰਧੰਗਨੀ
ਮੇਰੀ ਪਤਨੀ ਸੰਜਨਾ
ਨੂੰ ਭਰੀ ਨਜ਼ਰ ਨਾਲ ਤੱਕੀਏ
ਆ ਮਾਤ ਲੋਕ ਵੱਲ ਚੱਲੀਏ
ਧਰਤ ਤੇ ਪਸਰੇ ਹਨ੍ਹੇਰ ਵਿੱਚ ਝਾਤੀ ਮਾਰੀਏ
ਚਾਨਣ ਦੀ ਮਾਣਮਤੀ ਜੂਨ ਸੁਆਰੀਏ

ਹੇ ਅਰੁਣ!
ਕਿਵੇਂ ਤਿਆਗ ਦੇਵਾਂ ਮੈਂ ਮਨੂਵੈਵਸਵਤ, ਯਮ ਅਤੇ ਪੁੱਤਰੀ ਯਮੀ ਦਾ ਮੋਹ
ਕਿਵੇਂ ਤਿਆਗ ਦੇਵਾਂ ਅਸ਼ਵਿਨੀ ਅਤੇ ਰੇਵੰਤ ਸੰਜਨਾ ਦੇ ਰਾਜ ਦੁਲਾਰ
ਇਸ ਤੋਂ ਪਹਿਲਾਂ ਕਿ
ਯਾਗਵਲਕ ਰਿਸ਼ੀ ਨੂੰ ਸ਼ੁਕਲ ਯੁਜਰਵੇਦ ਸੁਨਾਉਣ ਦੀ ਥਾਂ
ਕੋਈ ਨੇਰੵੇ ਦੀ ਸੰਥਾ ਪੜ੍ਹਾ ਦੇਵੇ
ਚੱਲ ਸਾਵਿਤ੍ਰੀ ਦੀ ਕੁੱਖੋਂ ਬਾਹਰ
ਭਾਸਵਤੀ ਨਗਰ ਨੂੰ ਤਿਆਗ
ਮਾਤ ਲੋਕ ਉਥਾਨ ਕਰੀਏ
ਹਿਣਕਦੇ ਘੋੜਿਆਂ ਨੂੰ ਕੰਡਿਆਲਾ ਦੇ ਤੇ ਰੱਥ ਜੋੜ
ਅੱਠੇ ਪਹਿਰ ਨੇਰੵੇ ਵਿੱਚ ਗਰਕ ਨਾ ਹੋ ਜਾਣ

ਹੇ ਅਰੁਣ!
ਮੈਂ ਤਾਂਬੇ ਰੰਗੇ ਕ੍ਰੋਧ ਨਾਲ ਭਰ ਗਿਆ ਹਾਂ
ਮੇਰੇ ਹੱਥਾਂ ਵਿੱਚ ਫੜੇ ਕੰਵਲਾਂ ਦੀਆਂ ਪੱਤੀਆਂ
ਸੜ ਕੇ ਝੜ ਰਹੀਆਂ
ਮੈਂ ਮਿਹਰ ਵਾਲਾ ਹੱਥ ਅਜੇ ਵੀ ਮਾਤ ਲੋਕੀਆਂ ਲਈ
ਖੁੱਲ੍ਹਾ ਰੱਖਣ ਦਾ ਇੱਛਾਵਾਨ
ਹੇ ਅਰੁਣ ਰੱਥਵਾਨ!!

ਰੱਥ ਦੇ ਚੀਕਦੇ ਪਹੀਏ
ਵਹਿਸ਼ਤ ਦੀ ਮਿੱਝ ਮੰਗਦੇ
ਹੋ ਰਹੇ ਨੇ ਉਤਾਵਲੇ
ਰੱਥ ਦੇ ਘੋੜੇ ਹਿਣਕਦੇ ਤੇ ਫੁੰਕਾਰਦੇ
ਮਾਤ ਲੋਕ ਵੰਨੀ ਝਾਤੀ ਮਾਰਦੇ

ਹੇ ਅਰੁਣ!
ਅਜੇ ਪਿਤਾ ਵਿਸ਼ਵਕਰਮਾ ਨੇ
ਹੱਕ ਲਈ ਤ੍ਰਿਸ਼ੂਲ
ਸੱਚ ਲਈ ਸੁਦਰਸ਼ਨ ਚੱਕਰ
ਅਤੇ ਅਧਿਕਾਰ ਲਈ ਇੱਕ ਨੇਜ਼ਾ ਹੋਰ ਬਨਾਉਣਾ ਹੈ
ਨਵਾਂ ਸਾਲ ਆ ਰਿਹੈ
ਛੇਤੀ ਕਰ
ਮੈਂ ਵੀ ਭਾਸਵਤੀ ਨਗਰ ‘ਚੋਂ
ਹੁਣ ਬਾਹਰ ਆਉਣਾ ਹੈ

ਹੇ ਅਰੁਣ!
ਇਹ ਕੌਣ ਹੈ
ਜੋ ਕਦੇ ਇਸਲਾਮਾਬਾਦ ਵਿੱਚ
ਕਦੇ ਅਹਿਮਦਾਬਾਦ ਵਿੱਚ
ਕਦੇ ਕਸ਼ਮੀਰ ਵਿੱਚ
ਤੇ ਕਦੇ ਮੁੰਬਈ ਮਹਾਂਨਗਰ ਵਿੱਚ
ਅਗਨ ਵਰਸਾਉਂਦਾ ਹੈ
ਮਾਤਲੋਕ ਵਾਸੀਆਂ ਨੂੰ
ਕੰਬਾਉਂਦਾ ਹੈ
ਡਰਾਉਂਦਾ ਹੈ
ਇਸ ਨੂੰ ਮੈਂ ਆਪਣੀ ਅੱਖ ਨਾਲ ਵੇਖਣਾ ਹੈ
ਚੱਲ ਰੱਥ ਨੂੰ ਛੇੜ
ਸੁੱਤੇ ਰਹਿਣ ਦੇ ਯਮ ਤੇ ਯਮੀ
ਮੈਂ ਆਪਣੀ ਧੀ ਜਮਨਾ ਦੇ ਨੀਰ ਸੰਗ
ਠੰਡ ਦਾ ਛੱਟਾ ਵਰਤਾਉਣਾ ਹੈ

ਛੇਤੀ ਕਰ
ਮੈਂ ਭਾਸਵਤੀ ਨਗਰ ‘ਚੋਂ
ਤੇ ਸਾਵਿਤ੍ਰੀ ਦੀ ਗੋਦ ‘ਚੋਂ
ਹੁਣੇ ਹੀ ਬਾਹਰ ਆਉਣਾ ਹੈ।
ਹੇ ਅਰੁਣ!
ਹੇ ਅਰੁਣ!

*****
-ਕੰਵਰ ਇਮਤਿਆਜ਼
ਪਿੰਡ ਤੇ ਡਾਕਘਰ : ਸਿੱਧਵਾਂ ਦੋਨਾ
ਜ਼ਿਲ੍ਹਾ : ਕਪੂਰਥਲਾ
ਫ਼ੋਨ : 9417132365
email : ikanwar@yahoo.com

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 10 ਜਨਵਰੀ 2010)
(ਦੂਜੀ ਵਾਰ ਸਤੰਬਰ 2021)

***
321
***

About the author

ਕੰਵਰ ਇਮਤਿਆਜ਼
ਕੰਵਰ ਇਮਤਿਆਜ਼
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿੰਡ ਤੇ ਡਾਕਘਰ : ਸਿੱਧਵਾਂ ਦੋਨਾ
ਜ਼ਿਲ੍ਹਾ : ਕਪੂਰਥਲਾ

ਕੰਵਰ ਇਮਤਿਆਜ਼

ਪਿੰਡ ਤੇ ਡਾਕਘਰ : ਸਿੱਧਵਾਂ ਦੋਨਾ ਜ਼ਿਲ੍ਹਾ : ਕਪੂਰਥਲਾ

View all posts by ਕੰਵਰ ਇਮਤਿਆਜ਼ →