8 December 2024

ਪੇਸ਼ ਹਨ ਪ੍ਰੀਤਮ ਸਿੰਘ ਧੰਜਲ ਦੀਆਂ ਗ਼ਜ਼ਲਾਂ

ਪੇਸ਼ ਹਨ ਪ੍ਰੀਤਮ ਸਿੰਘ ਧੰਜਲ ਦੀਆਂ ਗ਼ਜ਼ਲਾਂ

1.

ਔਕੜਾਂ ਦੀ  ਪਾਲ ਦੀ  ਚਿੰਤਾ ਨਾ ਕਰ,
ਰਾਹ ‘ਚ ਲੱਗੇ ਜਾਲ ਦੀ ਚਿੰਤਾ ਨਾ ਕਰ।

ਸਾਦਗੀ ਨੂੰ  ਕੌਣ  ਲੁੱਟਣ  ਆਏਗਾ!
ਗੋਦੜੀ ਦੇ ਲਾਲ ਦੀ ਚਿੰਤਾ ਨਾ ਕਰ।

ਮੈਂ  ਕੋਈ ਮੋਤੀ  ਜਾਂ ਹੀਰਾ  ਤਾਂ ਨਹੀਂ,
ਨਾ, ਮੇਰੀ ਸੰਭਾਲ ਦੀ ਚਿੰਤਾ ਨਾ ਕਰ।

ਕੱਲ੍ਹ, ਅੱਜ ਤੇ ਭਲਕ, ਅਣਹੋਣੀ ਨਹੀਂ,
ਤੂੰ ਕਿਸੇ ਵੀ ਕਾਲ ਦੀ ਚਿੰਤਾ ਨਾ ਕਰ।

ਪੈਰਾਂ  ਦੇ  ਛਾਲੇ  ਸਦਾ ਰਹਿੰਦੇ ਨਹੀਂ,
ਧੀਮੀ ਹੋਈ ਚਾਲ ਦੀ ਚਿੰਤਾ ਨਾ ਕਰ।

ਅਗਲੇ ਦਮ  ਦੀ ਹੀ ਨਹੀਂ ਸਾਨੂੰ ਖ਼ਬਰ!
ਦਿਨ ਮਹੀਨੇ ਸਾਲ ਦੀ ਚਿੰਤਾ ਨਾ ਕਰ।

ਇਹ ਤੇ  ਜਨਮੀ  ਹੀ ਹੈ ਚੋਟਾਂ ਖਾਣ ਨੂੰ,
ਪਰਉਪਕਾਰੀ ਢਾਲ ਦੀ ਚਿੰਤਾ ਨਾ ਕਰ।

ਫਲ ਗਵਾ  ਕੇ ਵੀ  ਇਹ ਜੀਣਾ  ਜਾਣਦੀ,
ਪ੍ਰੀਤਮ! ਸੱਖਣੀ ਡਾਲ ਦੀ ਚਿੰਤਾ ਨਾ ਕਰ।

2.

ਖ਼ੁਦ-ਮਿਜ਼ਾਜੀ ਦਾ ਸਮਾਂ ਹੈ, ਦੋਸਤੋ!
ਸੰਗ-ਤਰਾਸ਼ੀ ਦਾ ਸਮਾਂ ਹੈ, ਦੋਸਤੋ!

ਖੇਡ ਦੇ ਕਾਨੂੰਨ ਸਿੱਧੇ ਕਰ ਲਏ,
ਆਪਣੀ-ਬਾਜ਼ੀ ਦਾ ਸਮਾਂ ਹੈ, ਦੋਸਤੋ!

ਹੁਣ ਸ਼ਰਾਫ਼ਤ ਦੜ ਕੇ ਨਾ ਰਹਿ ਜਾਏਗੀ,
ਹੁਣ   ਆਜ਼ਾਦੀ   ਦਾ ਸਮਾਂ  ਹੈ, ਦੋਸਤੋ!

ਲੱਗਦੇ ਲੱਗਦੇ ਲਿਵ ਅਸਾਡੀ ਲੱਗ ਗਈ,
ਹੁਣ   ਖ਼ੁਮਾਰੀ  ਦਾ   ਸਮਾਂ  ਹੈ,  ਦੋਸਤੋ!

ਨਿਅਮਤਾਂ ਦੀ, ਅੱਜ ਲੱਗੀ ਹੈ ਝੜੀ,
ਪੁਰ-ਆਬਾਦੀ  ਦਾ ਸਮਾਂ ਹੈ, ਦੋਸਤੋ!

 

3

ਨਿਰਾਸੀ ਜ਼ਿੰਦਗੀ ਨੂੰ ਜਦ ਕੋਈ ਹਮਰਾਜ਼ ਮਿਲ ਜਾਵੇ,
ਜਿਵੇਂ ਖ਼ੁਸ਼ੀਆਂ  ਦੇ ਹੁੰਦੇ  ਅੰਤ ਨੂੰ ਆਗ਼ਾਜ਼ ਮਿਲ ਜਾਵੇ।

ਠੋਕਰ ਖਾ ਕੇ ਡਿੱਗਾ ਹੋਇਆ ਜਦ ਅਸਮਾਨ ਵਿੰਹਦਾ ਹਾਂ,
ਪਰਾਂ ਨੂੰ ਖ਼ੁਦ-ਬਖ਼ੁਦ ਕਿਤਿਓਂ ਕੋਈ ਪਰਵਾਜ਼ ਮਿਲ ਜਾਵੇ।

‘ਤੇਰੇ ਤੋਂ ਵੱਧ, ਤੇਰਾ ਹਮਦਰਦ, ਕੋਈ ਹੋਰ ਨਹੀਂ ਹੋਣਾ`।
ਜੇ   ਤੈਨੂੰ ਇਸ  ਤਰ੍ਹਾਂ ਦੇ ਜੀਣ ਦਾ ਅੰਦਾਜ਼ ਮਿਲ ਜਾਵੇ।

ਬਰਤਨ ਧੋਂਦਿਆਂ ਹੋਇਆਂ, ਕਰੋ ਕੋਈ ਜਲ-ਤਰੰਗ ਪੈਦਾ,
ਕਿ ਮਸਰੂਫ਼ੀਅਤ ਦੇ ਬੋਲ ਨੂੰ ਕੋਈ ਸਾਜ਼ ਮਿਲ ਜਾਵੇ।

ਦੋਹਾਂ ਦੀ ਇਕ ਹਾਲਤ ਵਿਚ ਵੀ ਮੈਂ ਫ਼ਰਕ ਵਿੰਹਦਾ ਹਾਂ,
ਜਦੋਂ  ਨਾਰਾਜ਼  ਹੋਏ  ਨੂੰ ਦੂਜਾ  ਨਾਰਾਜ਼    ਮਿਲ ਜਾਵੇ।

ਚੁਰਾਸੀ ਲੱਖ ਜੂਨਾਂ ਦੇ ਦਿਲ ਦੀ ਸੁਣ ਸਕਾਂ ਪ੍ਰੀਤਮ!
ਮੈਨੂੰ ਕੰਨ ਅਤੇ ਜਾਂ ਇਹਨਾਂ ਨੂੰ ਆਵਾਜ਼ ਮਿਲ ਜਾਵੇ।

 

4

ਰੌਸ਼ਨੀ ਦੀ ਤਾਂਘ ਵਿਚ, ਨ੍ਹੇਰੇ ਨੂੰ ਗਲ ਲਾਇਆ ਨਹੀਂ,
ਦੂਸਰਾ ਪਾਸਾ ਵੀ ਹੁੰਦਾ, ਦਿਲ ਨੂੰ ਸਮਝਾਇਆ ਨਹੀਂ।

ਸਿੱਖ ਲੈਣਾ,  ਜ਼ਿੰਦਗੀ ਦੇ   ਘਾਟਿਆਂ   ਨੂੰ ਭੁਲਣਾ,
ਜੋ ਸਮੇਂ ਨੇ ਖੋਹ ਲਿਆ ਹੈ, ਫੇਰ ਪਰਤਾਇਆ ਨਹੀਂ।

ਅੱਜ ਦੇ   ਸਫ਼ਿਆਂ ਦੇ ਉੱਤੇ,  ਛਾਪ ਕੋਈ   ਛੱਡ ਦਿਓ ,
ਭਲਕ ਨਾ ਆਖੇ ਕਿ ਏਥੇ ਕੱਲ੍ਹ ਕੋਈ ਆਇਆ ਨਹੀਂ।

ਖਾ ਕੇ ਪਛਤਾਉਣਾ ਪਵੇ, ਨਾ-ਖਾ-ਕੇ ਪਛਤਾਉਣਾ ਪਵੇ,
ਬੂਰ ਦੇ ਲੱਡੂ ਸੀ ਭਾਵੇਂ,   ਜੀਅ ਨੂੰ ਤਰਸਾਇਆ ਨਹੀਂ।

ਨੇਹੁੰ, ਬਸ ਖ਼ੁਦ ਨਾਲ ਜਾਂ ਫਿਰ ਆਪਣਿਆਂ ਦੇ ਵਾਸਤੇ,
ਲਾਵਣਾ ਤਾਂ ਚਾਹਿਆ ਸੀ, ਪਰ ਅਸਾਂ ਲਾਇਆ ਨਹੀਂ।

ਫੁੱਲ   ਹੋਵੇ   ਤਾਂ ਉਹਦੇ ਤੋਂ, ਆਸ   ਰੱਖੀ ਜਾ ਸਕੇ,
ਐ ਪ੍ਰੀਤਮ! ਕੰਡਿਆਂ ਨੇ ਬਾਗ ਮਹਿਕਾਇਆ ਨਹੀਂ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001-2007)
(ਦੂਜੀ ਵਾਰ 8 ਦਸੰਬਰ 2021)

***
536
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ