9 October 2024

ਕਹਾਣੀ – ਰੱਸੀਆਂ ਧਰ ਕੇ ਮਿਣਦੇ ਲੋਕੀ – ਸ਼ਿਵਚਰਨ ਜੱਗੀ ਕੁੱਸਾ

ਰੱਸੀਆਂ ਧਰ ਕੇ ਮਿਣਦੇ ਲੋਕੀ

ਸ਼ਿਵਚਰਨ ਜੱਗੀ ਕੁੱਸਾ

ਗਿੰਦਰ ਥੋੜ੍ਹਾ ਜਿਹਾ ਸਿੱਧ-ਪੱਧਰਾ ਬੰਦਾ ਸੀ। ਦਿਮਾਗ ਤਾਂ ਜਿਵੇਂ ਰੱਬ ਨੇ ਉਸ ਨੂੰ ਦਿੱਤਾ ਹੀ ਨਹੀਂ ਸੀ। ਜਿਵੇਂ ਕਿਸੇ ਨੇ ਆਖ ਦਿੱਤਾ, ਉਸ ਨੂੰ ਹੀ ‘ਹਾਂ ਬਾਈ! ਬੱਸ ਏਵੇਂ ਈ ਐਂ!” ਕਰਕੇ ਮੰਨਣਾ। ਜਿੱਧਰ ਨੂੰ ਕਿਸੇ ਨੇ ਆਖ ਦਿੱਤਾ, ਬੱਸ! ਬਿਨ-ਮੁਹਾਰੇ ਬੋਤੇ ਵਾਂਗ ਉਧਰ ਨੂੰ ਹੀ ਤੁਰ ਪੈਣਾ। ਨਫ਼ੇ-ਨੁਕਸਾਨ ਦਾ ਉਸ ਨੂੰ ਕੋਈ ਪਤਾ ਨਹੀਂ ਸੀ। ਪਰ ਪਿੰਡ ਦੇ ਲੋਕ ਵੀ ਉਸ ਨੂੰ ਦਰਵੇਸ਼ ਬੰਦਾ ਸਮਝ ਕੇ ਉਸ ਨਾਲ ਕੋਈ ਹੇਰ-ਫੇਰ ਨਾ ਕਰਦੇ।

ਗਿੰਦਰ ਕੋਲ ਦਸ ਏਕੜ ਸਾਹਣ ਦੇ ਸਿਰ ਵਰਗੀ ਜ਼ਮੀਨ ਸੀ ਅਤੇ ਪਿੰਡੋਂ ਬਾਹਰ-ਬਾਹਰ ਗੁਜ਼ਾਰੇ ਜੋਗਾ ਬੜਾ ਵਧੀਆ ਮਕਾਨ ਪਾਇਆ ਹੋਇਆ ਸੀ। ਗਿੰਦਰ ਦੇ ਘਰਵਾਲੀ ਮਲਕੀਤ ਕੌਰ ਬੜੀ ਹੀ ਅੜਬ ਔਰਤ ਸੀ। ਪੰਜਾਂ ਭਰਾਵਾਂ ਦੀ ਇੱਕੋ-ਇੱਕ ਭੈਣ! ਗਿੰਦਰ ਨੂੰ ਉਹ ਮੂੰਹ ਨਾ ਬੋਲਦੀ। ਇੱਕੋ-ਇੱਕ ਕੁੜੀ ਜੰਮਣ ਤੋਂ ਬਾਅਦ ਮਲਕੀਤ ਕੌਰ ਮੁੜ ਢਿੱਡੋਂ ਨਾ ਫ਼ੁੱਟੀ। ਕੋਈ ਬੱਚਾ ਨਾ ਹੋਇਆ। ਬਥੇਰੇ ਸਾਧਾਂ-ਸੰਤਾਂ ਦੇ ਡੇਰੇ ਗਾਹੇ, ਮੱਥੇ ਰਗੜੇ, ਪਰ ਸਭ ਬੇਅਰਥ! ਜੇ ਸਾਧਾਂ-ਸੰਤਾਂ ਦੇ ਡੇਰਿਆਂ ਤੋਂ ਪੁੱਤ ਮਿਲਦੇ ਹੁੰਦੇ ਤਾਂ ਘੱਟੋ-ਘੱਟ ਭਾਰਤ ਵਿਚ ਕੋਈ ‘ਨਿਪੁੱਤਾ’ ਨਾ ਮਰਦਾ। ਇਹ ਤਾਂ ਜੇ ਅਕਾਲ ਪੁਰਖ਼ ਦੇ ਘਰ ਹਿੱਸਾ ਹੋਵੇ, ਤਾਂ ਹੀ ਗ਼ਨੀਮਤ ਫ਼ਲ ਮਿਲਦੇ ਹਨ।ਮਲਕੀਤ ਕੌਰ ਸਬਰ ਕਰ ਕੇ ਬੈਠ ਗਈ। ਗਿੰਦਰ ਨੂੰ ਬਹੁਤਾ ਕੋਈ ਫ਼ਰਕ ਨਹੀਂ ਸੀ।ਪਰ ਪਿੰਡ ਦੀਆਂ ਬੁੜ੍ਹੀਆਂ ਗਿੱਟੇ ਸੋਟੀ ਲਾਉਣੋਂ ਬਾਜ ਨਾ ਆਉਂਦੀਆਂ। ਆਖਰ ਖਿਝੀ ਹੋਈ ਮਲਕੀਤ ਕੌਰ ਅਲੀ-ਅਲੀ ਕਰਕੇ ਪੈਂਦੀ।-“ਮੇਰੇ ਪਿਉ ਦੀਆਂ ਰੰਨਾਂ-ਕਿਵੇਂ ਫ਼ੱਟ ‘ਤੇ ਅੱਕ ਚੋਂਦੀਐਂ ਆ ਕੇ! ਜੇ ਕਿਸੇ ਨੂੰ ਬਾਹਲਾ ਈ ਦਰਦ ਐ ਤਾਂ ਲੈਜੇ ਮੇਰੇ ਖਸਮ ਨੂੰ ਆਬਦੇ ਘਰੇ ਤੇ ਜੰਮ ਕੇ ਦੇ-ਦੇ ਮੁੰਡਾ!” ਮਲਕੀਤ ਕੌਰ ਦੀ ਬੱਕੜਵਾਹ ਸੁਣ ਕੇ ਬੱਚੀ ਕੁਲਵੰਤ ਰੋਣ ਲੱਗ ਪੈਂਦੀ ਤਾਂ ਮਲਕੀਤ ਕੌਰ ਗਿੰਦਰ ਨੂੰ ਕੁਦਾੜ ਕੇ ਆਉਂਦੀ।-“ਐਥੇ ਖੜ੍ਹਾ ਜਾੜ੍ਹਾਂ ਜੀਆਂ ਕੱਢੀ ਜਾਨੈਂ-ਕੁੜੀ ਨ੍ਹੀ ਵਿਰਾ ਹੁੰਦੀ?” ਤਾਂ ਗਿੰਦਰ ਕਮਲਿਆਂ ਵਾਂਗੂੰ ਕਲਪਦਾ।-“ਬਹੁੜ੍ਹੀ ਉਏ ਲੋਕੋ! ਵੱਡੇ ਘੂਰ ਕੇ ਡਰਾਉਂਦੇ ਐ ਤੇ ਛੋਟੇ ਰੋ ਕੇ ਡਰਾਉਂਦੇ ਐ!” ਉਹ ਰੋਂਦੀ ਕੁੜੀ ਨੂੰ ਚੁੱਕ ਛੱਤ ਵੱਲ ਨੂੰ ਝਾਕਦਾ। ਮਲਕੀਤ ਕੌਰ ‘ਬੁੜ-ਬੁੜ’ ਕਰਦੀ ਰਹਿੰਦੀ।ਇਕ ਦਿਨ ਗਿੰਦਰ ਦੀ ਬਿਰਧ ਮਾਂ ਚਿੰਤੀ ਸਰਪੰਚ ਕੋਲ ਗਈ। ਸਰਪੰਚ ਬੜੇ ਮਾਣ ਨਾਲ ਮਿਲਿਆ।

-“ਪੁੱਤ ਗੋਪਾਲ ਮੋਚਨ ਨ੍ਹਾਉਣ ਚੱਲੇ ਓਂ?”

-“ਹਾਂ ਤਾਈ-ਜਾਣੈਂ?”

-“ਵੇ ਮੈਂ ਕਾਹਨੂੰ ਜਾਣੈਂ ਪੁੱਤ? ਵੇ ਆਪਣੇ ਆਲੇ ਸਿੱਧਰੇ ਨੂੰ ਵੀ ਲੈ ਜਾਇਓ-ਕੀ ਐ ਉਹਦਾ ਡਮਾਕ ਲੋਟ ਹੋਜੇ?”

-“ਲੈ ਜਾਵਾਂਗੇ ਤਾਈ-ਇਹ ਵੀ ਕੋਈ ਗੱਲ ਐ? ਤੂੰ ਉਹਨੂੰ ਪਰਸੋਂ ਤਿਆਰ ਕਰਦੀਂ-ਸਵੇਰੇ ਪੰਜ ਵਜੇ ਪਿੰਡੋਂ ਤੁਰਾਂਗੇ।”

-“ਕਰਦੂੰ ਭਾਈ-ਇਹ ਤਾਂ ਪੁੰਨ ਈ ਐਂ।” ਤੇ ਮਾਈ ਸੰਤੁਸ਼ਟ ਹੋ ਕੇ ਤੁਰ ਆਈ।

ਮਿਥੇ ਸਮੇਂ ਅਨੁਸਾਰ ਬੱਸ ਪੁੱਜ ਗਈ ਅਤੇ ਉਹਨਾਂ ਗੋਪਾਲ ਮੋਚਨ ਨੂੰ ਚਾਲੇ ਪਾ ਦਿੱਤੇ।

ਗਿੰਦਰ ਦੇ ਨਾਲ ਉਸ ਦਾ ਜੋਟੀਦਾਰ ਸੰਤੋਖ ਵੀ ਸੀ। ਸੰਤੋਖ ਬੜਾ ਹੀ ਬਹਿਵਤੀ ਸੀ। ਉਹ ਗਿੰਦਰ ਨੂੰ ਉਂਗਲ ਲਾ ਕੇ ਕੋਈ ਨਾ ਕੋਈ ਘਤਿੱਤ ਖੜ੍ਹੀ ਕਰੀ ਰੱਖਦਾ ਅਤੇ ਆਪ ਪਾਸੇ ਹੋ ਜਾਂਦਾ।

ਗੋਪਾਲ ਮੋਚਨ ਮੇਲੇ ਵਿਚ ਤਰ੍ਹਾਂ-ਤਰ੍ਹਾਂ ਦੀ ਭੀੜ ਦੇਖ ਕੇ ਗਿੰਦਰ ਲਾਚੜ ਗਿਆ। ਪੁਲਸ ਪ੍ਰਬੰਧ ਪੂਰਾ ਸੀ।

-“ਦੇਖ ਉਏ ਗਿੰਦਰਾ! ਐਥੇ ਤਾਂ ਕੁੜੀਆਂ ਵੀ ਪੁਲਸ ਆਲੀ ਬਰਦੀ ਪਾਈ ਫਿਰਦੀਐਂ।” ਸੰਤੋਖ ਨੇ ਆਦਤ ਅਨੁਸਾਰ ਸਿੰਗੜੀ ਛੇੜੀ।

-“ਲੈ ਹਾਂ ਬਈ! ਹੱਦ ਈ ਕਰਤੀ?”

-“ਇਹ ਸ਼ਹਿਰੀ ਕੁੜੀਐਂ-ਪਿੰਡਾਂ ਦੇ ਜੱਟਾਂ ਨੂੰ ਬੜਾ ਮੋਹ ਕਰਦੀਐਂ!”

-“ਅੱਛਾ!”

-“ਟੋਹ ਕੇ ਦੇਖ ਲੈ-ਜੇ ਨਾ ਗੰਧਾਲੇ ਮਾਂਗੂੰ ਹਿੱਕ ‘ਚ ਵੱਜੀ-ਮੈਨੂੰ ਫੜਲੀਂ!” ਸੰਤੋਖ ਦੀ ‘ਚੁੱਕ’ ‘ਤੇ ਗਿੰਦਰ ਨੇ ਇਕ ਲੇਡੀ ਪੁਲੀਸ ਅਫ਼ਸਰ ਗੁੱਤੋਂ ਜਾ ਫੜੀ, “ਮਖਿਆ ਕੁੱਤੀਏ! ਆਹ ਪਤਲੂਣ ਜੀ ਕਿਮੇਂ ਪਾਈ ਫਿਰਦੀ ਐਂ?” ਤੇ ਲੇਡੀ ਪੁਲਸ-ਅਫ਼ਸਰ ਨੇ ਕਰੋਧ ਵਿਚ ਇਕ ਲੰਬੀ ਵਿਸਲ ਮਾਰੀ ਤਾਂ ਰਲਵੀਂ-ਮਿਲਵੀਂ ਪੁਲਸ ਭਰਿੰਡਾਂ ਵਾਂਗ ਇਕੱਠੀ ਹੋ ਗਈ ਅਤੇ ਗਿੰਦਰ ਨੂੰ ਮੁਰਗੀ ਵਾਂਗ ਨੱਪ ਲਿਆ।

ਸਰਪੰਚ ਹੋਰਾਂ ਦੇ ਭਾਅ ਦੀ ਬਣ ਗਈ। ਸਾਰੇ ਹੱਥ ਜੋੜੀ ਅਫ਼ਸਰ ਦੇ ਸਾਹਮਣੇਂ ਪੇਸ਼ ਹੋਏ।

-“ਸਰਕਾਰ ਇਹਦੇ ਦਿਮਾਗ ‘ਚ ਫਰਕ ਐ-ਘਰਦਿਆਂ ਨੇ ਸਾਡੇ ਨਾਲ ਨਹਾਉਣ ਤੋਰਿਐ ਬਈ ਕੀ ਐ ਇਹਦਾ ਦਿਮਾਗ ਈ ਠੀਕ ਹੋ ਜਾਵੇ? ਸਾਡੀ ਮਿੰਨਤ ਐ-ਇਹਦੀ ਖਲਾਸੀ ਕਰੋ!”

ਅਫ਼ਸਰ ਢੈਲੀ ਪੈ ਗਈ।

-“ਮੈਂ ਪੇਂਡੂ ਜੱਟ ਐਂ!” ਵਿਚੋਂ ਹੀ ਗਿੰਦਰ ਬੋਲ ਪਿਆ। ਉਹ ਸੋਚਦਾ ਸੀ ਬਈ ਕੀ ਐ ਪੁਲੀਸ ਵਾਲੀ ਮੈਨੂੰ ਸ਼ਹਿਰੀ ਸਮਝ ਕੇ ਹੀ ਕਰੋਧੀ ਹੋ ਗਈ ਹੋਵੇ? ਹੁਣ ਪੇਂਡੂ ਜੱਟ ਦੇ ਨਾਂ ਨੂੰ ਹਿੱਕ ਨਾਲ ਲੱਗ ਜਾਵੇਗੀ!

-“ਭੌਂਕ ਨਾ ਉਏ ਕੁੱਤਿਆ!” ਸਰਪੰਚ ਗਿੰਦਰ ਨੂੰ ਹੂਰਾ ਲੈ ਕੇ ਪਿਆ।

-“ਸਰਕਾਰ! ਮੈਂ ਪਿੰਡ ਦਾ ਸਰਪੰਚ ਹਾਂ-ਕ੍ਰਿਪਾ ਕਰੋ ਤੇ ਇਹਨੂੰ ਬਖ਼ਸ਼ੋ!”

-“ਦੇਖੋ ਸਰਪੰਚ ਸਾਹਿਬ! ਤੁਹਾਡੀ ਜ਼ਿੰਮੇਵਾਰੀ ‘ਤੇ ਛੱਡ ਰਹੀ ਹਾਂ-ਨਹੀਂ ਇਸਦਾ ਦਿਮਾਗ ਅਸੀਂ ਠੀਕ ਕਰ ਦਿੰਦੇ-ਅਗਰ ਹੁਣ ਇਸ ਨੇ ਮੇਲੇ ਵਿਚ ਕੋਈ ਹਰਕਤ ਕੀਤੀ-ਅਸੀਂ ਕੇਸ ਦਰਜ਼ ਕਰ ਕੇ ਅੰਦਰ ਦੇ ਦੇਣੈਂ!”

-“ਮੇਰੀ ਪੂਰੀ ਜ਼ਿੰਮੇਵਾਰੀ ਐ ਸਰਕਾਰ-ਮਿਹਰਬਾਨੀ!” ਤੇ ਉਹ ਹੱਥ ਜੋੜ ਕੇ ਤੁਰ ਪਏ। ਫਿਰ ਤਿੰਨੇ ਦਿਨ ਸਰਪੰਚ ਗਿੰਦਰ ਨਾਲੋਂ ਪਾਸੇ ਨਾ ਹੋਇਆ ਅਤੇ ਨਾ ਹੀ ਸੰਤੋਖ ਨੂੰ ਉਸ ਦੇ ਲਾਗੇ ਲੱਗਣ ਦਿੱਤਾ। ਨਹਾ ਕੇ ਆਉਂਦਿਆਂ ਨੂੰ ਹੀ ਗੁਆਂਢੀਆਂ ਦੀ ਭਰ ਜੁਆਨ, ਕਾਲਜ ਪੜ੍ਹਦੀ ਕੁੜੀ ਚੱਲ ਵਸੀ। ਅਗਲੇ ਦਿਨ ਗਿੰਦਰ ਕੁੜੀ ਦਾ ਅਫ਼ਸੋਸ ਕਰਨ ਗਿਆ ਤਾਂ ਸਿੱਧਾ ਹੀ ਬੁੜ੍ਹੀਆਂ ਵਿਚ ਜਾ ਬੈਠਾ।

-“ਅੱਛਾ! ਕਰਤਾਰੋ ਕੁੜੀ ਮਰਗੀ ਫੇਰ?”

-“ਹਾਂ ਗਿੰਦਰਾ! ਮਰ ਗਈ ਨਾਲੇ ਸਾਨੂੰ ਮਾਰ ਕੇ ਸਿੱਟਗੀ!” ਕਰਤਾਰੋ ਅੰਦਰੋਂ ਡੱੁਬਿਆ ਹਾਉਕਾ ਫਿਰ ਉਠਿਆ।

ਗਿੰਦਰ ਨੇ ਆਪਣਾ ਘੋਰੜੂ ਵਜਾਉਣਾ ਸ਼ੁਰੂ ਕਰ ਦਿੱਤਾ। ਆਪਦੇ ਜਾਣੇਂ ਉਹ ਸਹੀ ਗੱਲਾਂ ਕਰ ਰਿਹਾ ਸੀ।

-“ਚਲੋ! ਜਿੰਨੀ ਬੰਦੇ ਦੀ ਲਿਖੀ ਐ-ਭੋਗਣੀ ਪੈਂਦੀ ਐ-ਹੁਣ ਤਾਂ ਸਹੁਰੀ ਵਿਆਹੁੰਣ ਆਲੀ ਸੀ-ਚਲੋ ਵਿਆਹ ਵੱਲੋਂ ਤਾਂ ਖਹਿੜ੍ਹਾ ਛੁੱਟਿਆ? ਪੰਜ ਛੇ ਲੱਖ ਦੀ ਘਾਣੀਂ ਸੀ! ਸਹੁਰਿਆਂ ਦੇ ਮਾਰਨ ਨਾਲੋਂ ਆਪ ਈ ਮਰਗੀ-ਸੋਹਣਾ ਹੋਇਆ!”

ਸਾਰੇ ਹੀ ਦੰਗ ਹੋਏ ਗਿੰਦਰ ਦੀ ਅਕਾਸ਼ਬਾਣੀਂ ਸੁਣ ਰਹੇ ਸਨ। ਉਹ ਕੱਛ ‘ਚੋਂ ਮੂੰਗਲੇ ਕੱਢ-ਕੱਢ ਮਾਰ ਰਿਹਾ ਸੀ।

-“ਚੱਲ ਗਿੰਦਰਾ-ਆ ਚੱਲੀਏ!” ਨੰਬਰਦਾਰ ਨੇ ਉਸ ਨੂੰ ਨਾਲ ਤੁਰਦਾ ਕਰ ਲਿਆ। ਪਰ ਤੁਰਦਾ-ਤੁਰਦਾ ਉਹ ਇਕ ਹੋਰ ਭੜ੍ਹਾਕਾ ਸੁੱਟ ਗਿਆ।

-“ਚੰਗਾ ਕਰਤਾਰੋ! ਕੁੜੀ ਤਾਂ ਮਰਨ ਆਲੀ ਮਰਗੀ-ਹੁਣ ਤੂੰ ਨਾ ਧਰਮਰਾਜ ਦੇ ਡੇਰੇ ਨੂੰ ਤੁਰਪੀਂ! ਤੇਰੇ ਪਿੱਛੋਂ ਬਚਦਾ ਫਿਰ ਮਹਿੰਦਰ ਸਿਉਂ ਵੀ ਨ੍ਹੀ! ਮਹਿੰਦਰ ਸਿਉਂ ਪਿੱਛੋਂ ਮੁੰਡਿਆਂ ਨੇ ਤਾਂ ਕੀ ਬਚਣੈਂ? ਉਹ ਤਾਂ ਪਹਿਲਾਂ ਈ ਸਿਵਿਆਂ ਦੀ ਟਿਗਟ ਕਟਾਈ ਫਿਰਦੇ ਐ! ਕਿਧਰੇ ਸ਼ਰਾਬ-ਕਿਧਰੇ ਗੋਲੀਆਂ-ਘਰ ਤਾਂ ਫਿਰ ਉੱਜੜ ਗਿਆ! ਉੱਜੜੇ ਘਰਾਂ ‘ਚ ਤਾਂ ਫਿਰ ਕੁੱਤੇ ਈ ਮੂਤਦੇ ਐ-!”

-“ਉਏ ਤੁਰਪਾ ਹੁਣ-ਬਾਪੂ!” ਤੇ ਨੰਬਰਦਾਰ ਗਿੰਦਰ ਨੂੰ ਬੱਚੇ ਵਾਂਗ ਉਂਗਲ ਲਾ ਕੇ ਲੈ ਗਿਆ।

ਦਿਨ ਗੁਜ਼ਰਦਿਆਂ ਨੂੰ ਕੀ ਲੱਗਦੈ? ਦਿਨ ਚੜ੍ਹਦਾ ਰਿਹਾ, ਛੁਪਦਾ ਰਿਹਾ। ਗਿੰਦਰ ਦੀ ਕੁੜੀ ਮਾਮਿਆਂ ਨੇ ਪਲੱਸ-ਟੂ ਕਰਵਾ ਕੇ ਪੜ੍ਹਨੋਂ ਹਟਾ ਲਈ ਅਤੇ ਇਕ ਵਧੀਆ ਜਿਹਾ ਘਰ ਦੇਖ ਕੇ ਕੁਲਵੰਤ ਦਾ ਵਿਆਹ ਧਰ ਦਿੱਤਾ। ਕੁਲਵੰਤ ਨੂੰ ਕਮਲੇ-ਬਾਪੂ ‘ਤੇ ਕਦੇ ਗੁੱਸਾ ਨਹੀਂ ਆਇਆ ਸੀ। ਬਾਪੂ ਤਾਂ ਉਸ ਦੀ ਆਤਮਾ ਸੀ। ਇਕ ਨਿਰਲੇਪ ਆਤਮਾ! ਗਿੰਦਰ ਨੇ ਵੀ ਕਦੇ ਧੀ ਨੂੰ ਮੰਦਾ ਬਚਨ ਨਹੀਂ ਬੋਲਿਆ ਸੀ।

ਡੋਲੀ ਵਿਚ ਬੈਠ ਕੇ ਤੁਰਦੀ ਕੁਲਵੰਤ ਨੂੰ ਗਿੰਦਰ ਕਹਿਣ ਲੱਗਿਆ।

-“ਤੇਰਾ ਮਸਾਂ ਵਿਆਹ ਕੀਤੈ ਕੁੜੀਏ-ਹੁਣ ਨਿੱਤ ਨਾ ਐਧਰ ਨੂੰ ਮੂੰਹ ਚੱਕ ਲਿਆ ਕਰੀਂ! ਸਿਆਣੀ ਬਣ ਕੇ ਆਬਦੇ ਘਰੇ ਰਹੀਂ!” ਬਾਪੂ ਦੇ ਸਿੱਧ-ਪੱਧਰੇ ਬੋਲ ਸੁਣ ਕੇ ਕੁੜੀ ਦੇ ਵੈਰਾਗ ਦਾ ਹੜ੍ਹ ਟੱੁਟ ਗਿਆ ਅਤੇ ਉਹ ਬੱਚੇ ਵਾਂਗ ਧਾਹ ਮਾਰ ਕੇ ਬਾਪੂ ਦੇ ਗਲ ਨੂੰ ਚਿੰਬੜ ਗਈ। ਗਿੰਦਰ ਵੀ ਮਸੋਸਿਆ ਜਿਹਾ ਹੋ ਗਿਆ।

ਡੋਲੀ ਤੁਰ ਗਈ।

ਕੁਲਵੰਤ ਦਾ ਪ੍ਰਾਹੁਣਾ ਅੱਤ ਦਰਜ਼ੇ ਦਾ ਲਾਲਚੀ ਸੀ ਅਤੇ ਸੱਸ ਨਿਰੀ ਹੀ ਕਲੇਸ਼ੀ! ਉਹਨਾਂ ਨੇ ਰਿਸ਼ਤਾ ਹੀ ਇਸੇ ਲਾਲਚ ਕਰਕੇ ਲਿਆ ਸੀ ਕਿ ਇਕੱਲੀ-ਇਕੱਲੀ ਕੁੜੀ ਹੈ। ਜ਼ਮੀਨ-ਜਾਇਦਾਦ ਸਾਰੀ ਸਾਨੂੰ ਹੀ ਆਵੇਗੀ। ਮਹੀਨਾ ਕੁ ਭਰ ਤਾਂ ਕੁਲਵੰਤ ਨੂੰ ਬਾਹਵਾ ‘ਪੁੱਤ-ਪੁੱਤ’ ਹੋਈ। ਪਰ ਫਿਰ ਉਸ ਦੇ ਮਾੜੇ ਦਿਨ ਸ਼ੁਰੂ ਹੋ ਗਏ। ਉਸ ਦਾ ਪਤੀ ਦਿਲਬਾਗ ਹਰ ਰੋਜ਼ ਹੀ ਸ਼ਰਾਬ ਪੀ ਕੇ ਆਉਂਦਾ ਅਤੇ ਬਿਨਾ ਗੱਲੋਂ ਕੁਲਵੰਤ ਨੂੰ ਕੁੱਟ ਧਰਦਾ। ਪਰ ਉਹ ਸਾਰਾ ਦਰਦ ਦਿਲ ਵਿਚ ਹੀ ਦਬਾ ਲੈਂਦੀ। ਪਰ ਇਕ ਦਿਨ ਤਾਂ ਇੰਤਹਾ ਹੀ ਹੋ ਗਈ, ਜਿਸ ਦਿਨ ਦਿਲਬਾਗ ਅਤੇ ਉਸ ਦੀ ਮਾਂ ਨੇ ਰਲ ਕੇ ਕੁਲਵੰਤ ਨੂੰ ਕੁੱਟਿਆ।

ਕੁਲਵੰਤ ਦੀ ਸੱਸ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਆਪਣੇ ਬੂਝੜ ਪਿਉ ਨੂੰ ਆਖ ਕਿ ਸਾਰੀ ਜ਼ਮੀਨ, ਤੁਰੰਤ ਦਿਲਬਾਗ ਦੇ ਨਾਂ ਲੁਆਵੇ ਅਤੇ ਨਹੀਂ ਆਪਦੀ ਧੀ ਨੂੰ ਆਪਦੇ ਘਰ ਰੱਖੇ! ਪੜ੍ਹੀ-ਲਿਖੀ ਕੁਲਵੰਤ ਸੋਚਾਂ ਵਿਚ ਪੈ ਗਈ। ਬਾਪੂ ਨੇ ਕਿਹੜਾ ਇਨਕਾਰ ਕਰਨਾ ਸੀ? ਬਾਪੂ ਨੇ ਤਾਂ ਸਹਿਜ-ਸੁਭਾਅ ਇਹ ਹੀ ਆਖ ਦੇਣਾ ਸੀ, “ਲੁਆ ਦਿੰਨੇ ਐਂ ਭਾਈ!” ਪਰ ਜ਼ਮੀਨ ਦੇਣ ਤੋਂ ਬਾਅਦ ਬਾਪੂ-ਬੇਬੇ ਤਾਂ ਜੂਨੋਂ ਬੇਜੂਨ ਹੋ ਜਾਣਗੇ! ਦਿਲਬਾਗ ਤਾਂ ਉਹਨਾਂ ਨੂੰ ਪੂੜੇ ਦੇਣੋਂ ਰਿਹਾ?

ਕੁਲਵੰਤ ਪੇਕੀਂ ਆ ਗਈ। ਬਾਪੂ ਦੀ ਬੁੱਕਲ ਵਿਚ ਵੜ ਜ਼ਾਰੋ-ਜ਼ਾਰ ਰੋਈ। ਬਾਪੂ ਦਾ ਉਸ ਨੂੰ ਦਿਲੋਂ ਦਰੇਗ ਸੀ।

-“ਤੈਨੂੰ ਸਹੁਰੀਂ ਕੋਈ ਤੰਗੀ-ਫੰਗੀ ਤਾਂ ਨ੍ਹੀ?” ਬਾਪੂ ਨੇ ਗੜ੍ਹਕ ਕੇ ਪੁੱਛਿਆ।

-“ਨਹੀਂ ਬਾਪੂ-ਮੈਂ ਤਾਂ ਬਹੁਤ ਸੁਖੀ ਐਂ।” ਕੁਲਵੰਤ ਦਾ ਹਿਰਦਾ ਲੀਰਾਂ ਹੋਇਆ ਪਿਆ ਸੀ।

-“ਜੇ ਕੋਈ ਤੰਗ-ਫੰਗ ਕਰੇ, ਦੱਸ ਦੇਈਂ! ਚਾਰ ਮਾਰਾਂਗੇ ਛਿੱਤਰ-ਲੋਕਾਂ ਦੇ ਵਿਆਹਾਂ ‘ਚ ਮੇਰੇ ਵੀਹ ਚੂਹੜ੍ਹੇ ਲੱਡੂਆਂ ਨਾਲ ਕੁੱਟੇ ਵੇ ਐ!” ਗਿੰਦਰ ਬੋਲਿਆ ਅਤੇ ਕੁੜੀ ਹੰਝੂ ਕੇਰਦੀ ਹੱਸ ਪਈ। ਧੀ, ਬਾਪੂ ਦੀ ਸਾਦਗੀ ‘ਤੇ ਜਾਨ ਵਾਰਦੀ ਸੀ। ਕੁਰਬਾਨ ਹੁੰਦੀ ਸੀ।

ਇਕ ਵਾਰੀ ਦੀ ਗੱਲ ਹੈ ਕਿ ਪਿੰਡ ਵਿਚ ਕਿਸੇ ਦਾ ਵਿਆਹ ਸੀ। ਗਿੰਦਰ ਵੀ ਨਾਲ ਬਰਾਤੀ ਗਿਆ ਹੋਇਆ ਸੀ। ਦੁਪਿਹਰੋਂ ਬਾਅਦ ਰੋਟੀ ਵੇਲੇ ਸ਼ਰਾਬੀ ਹੋਏ ਬਰਾਤੀ ਲੜ ਪਏ। ਦਾਰੂ ਨਾਲ ਧੁੱਤ ਹੋਏ ਕਮਲੇ ਜੱਟ ਵੇਲ ਦੇ ਥਾਲ, ਇਕ-ਦੂਜੇ ਵੱਲ ਵਗਾਹ-ਵਗਾਹ ਮਾਰਨ ਲੱਗ ਪਏ। ਉਹਨਾਂ ਵੱਲ ਦੇਖ ਕੇ ਗਿੰਦਰ ਨੇ ਵੀ ਥਾਲ ਚਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਕਿਸੇ ਪੇਂਡੂ ਨੇ ਗਿੰਦਰ ਨੂੰ ਆ ਕੇ ਪੁੱਛਿਆ, “ਉਏ ਇਹ ਕੀ ਕਰਦੈਂ?” ਤਾਂ ਗਿੰਦਰ ਬੜੇ ਮਜਾਜ ਨਾਲ ਬੋਲਿਆ, “ਔਹਨਾਂ ਨੂੰ ਦੇਖ ਕੇ ਕਰਦੈਂ।” ਤਾਂ ਪੇਂਡੂ ਬੋਲਿਆ, “ਉਹ ਤਾਂ ਕਮਲਿਆ ਲੜਦੇ ਐ-ਪਰ ਤੇਰੀ ਤਾਂ ਕਿਸੇ ਨਾਲ ਕੋਈ ਦੁਸ਼ਮਣੀਂ ਨ੍ਹੀ?”

-“ਉਹ ਲੜਦੇ ਐ?” ਗਿੰਦਰ ਹੈਰਾਨ ਸੀ।

-“ਤੇ ਹੋਰ ਕੀ?”

-“ਲੈ! ਮੈਂ ਐਵੇਂ ਈ ਕਮਲਿਆਂ ਮਾਂਗੂੰ ਥਾਲ ਵਗਾਹ-ਵਗਾਹ ਮਾਰੀ ਜਾਨੈਂ? ਮੈਂ ਤਾਂ ਇਹ ਸੋਚਿਆ ਸੀ ਬਈ ਏਸ ‘ਲਾਕੇ ‘ਚ ਇਹ ਕੋਈ ਰਿਵਾਜ ਹੋਣੈਂ?”

ਖ਼ੈਰ! ਕੁਲਵੰਤ ਦਿਲ ਕਰੜਾ ਕਰਕੇ ਸਹੁਰੀਂ ਪਰਤ ਗਈ। ਕੁਪੱਤੀ ਸੱਸ ਨੇ ਫ਼ੈਸਲਾ ਪੁੱਛਿਆ।

-“ਬਾਪੂ ਜੀ ਕਹਿੰਦੇ ਹਾੜ੍ਹੀ ਦੀ ਵਾਢੀ ਮਗਰੋਂ ਸਾਰਾ ਕੁਛ ਈ ਨਾਂ ਲੁਆ ਦਿਆਂਗੇ।” ਕੁਲਵੰਤ ਨੇ ਅਸਲੋਂ ਹੀ ਝੂਠ ਬੋਲਿਆ। ਉਹ ਸੋਚਦੀ ਸੀ ਕਿ ਚਾਰ-ਪੰਜ ਮਹੀਨੇ ਤਾਂ ਸੌਖੇ ਨਿਕਲਣਗੇ? ਬਾਕੀ ਗੁਰੂ ਭਲੀ ਕਰੇਗਾ! ਸੱਸ ਸੰਤੁਸ਼ਟ ਹੋ ਗਈ। ਦਿਲਬਾਗ ਨੇ ਕੁਲਵੰਤ ਨੂੰ ਕੁੱਟਣਾ ਮਾਰਨਾ ਛੱਡ ਦਿੱਤਾ। ਸੱਸ ਦੀ ‘ਪੁੱਤ-ਪੁੱਤ’ ਫਿਰ ਸ਼ੁਰੂ ਹੋ ਗਈ।

ਕੁਲਵੰਤ ਨੂੰ ਅਚਾਨਕ ਹੀ ਇਕ ਅਤੀਅੰਤ ਹਿਰਦੇਵੇਧਕ ਖ਼ਬਰ ਮਿਲੀ। ਗਿੰਦਰ ਅਚਾਨਕ ਚੜ੍ਹਾਈ ਕਰ ਗਿਆ ਸੀ। ਕੁੜੀ ਨੇ ਭੁੱਬ ਮਾਰੀ, ਆਪਣੀ ਛਾਤੀ ਪਿੱਟ-ਪਿੱਟ ਲਾਲ ਕਰ ਲਈ। ਪਰ ਸੱਸ ਅਤੇ ਦਿਲਬਾਗ ਅੰਦਰ ਕੁਤਕੁਤੀ ਹੋਈ। ਉਹ ਲੋਕ-ਲਾਜ ਨੂੰ ਮਕਾਣ ਦੀ ਟਰਾਲੀ ਭਰ ਕੁਲਵੰਤ ਦੇ ਪੇਕਿਆਂ ਨੂੰ ਰਵਾਨਾ ਹੋ ਗਏ। ਦਿਲਬਾਗ ਅਤੇ ਉਸ ਦੀ ਮਾਂ, ਮਨ ਵਿਚ ਕਈ ਚੁੱਪ ਸਕੀਮਾਂ ਉਸਾਰ ਚੁੱਕੇ ਸਨ।

ਬਾਪੂ ਦੀ ਲਾਸ਼ ‘ਤੇ ਡਿੱਗ ਕੇ ਕੁਲਵੰਤ ਨੇ ਧਾਹ ਮਾਰੀ।

-“ਤੂੰ ਮੈਨੂੰ ਕਿਹੜੇ ਵਹਿਣਾਂ ਵਿਚ ਸਿੱਟ ਕੇ ਤੁਰ ਗਿਆ ਵੇ ਮੇਰਿਆ ਪਿਆਰਿਆ ਬਾਬਲਾ—!” ਪਰ ਹਰ ਵਕਤ ਯੱਭਲੀਆਂ ਮਾਰਨ ਵਾਲਾ ‘ਬਾਬਲ’ ਤਾਂ ਅਹਿਲ ਪਿਆ ਸੀ। ਬਿਲਕੁਲ ਹੀ ਚੱੁਪ-ਚਾਪ ਅਤੇ ਖ਼ਾਮੋਸ਼! ਸਾਰਾ ਪਿੰਡ ਹੀ ਦੱੁਖ ਵਿਚ ਗਰਾਸਿਆ, ਗੂੰਗਾ ਬਣਿਆਂ ਬੈਠਾ ਸੀ। ਪਿੰਡ ਦੀ ਰੌਣਕ, ਗਿੰਦਰ ਤੁਰ ਗਿਆ ਸੀ। ਰਿਸ਼ਤੇਦਾਰ ਵੱਖ ਦੁਖੀ ਸਨ। ਅਸਲੀਅਤ ਦਾ ਤਾਂ ਸਾਰਿਆਂ ਨੂੰ ਹੀ ਪਤਾ ਸੀ।

ਅਸਲ ਵਿਚ ਗੁਆਂਢੀਆਂ ਦੇ ਮੁੰਡੇ ਦਾ ਵਿਆਹ ਸੀ। ਅਗਲੇ ਦਿਨ ਬਰਾਤ ਜਾਣੀ ਸੀ। ਉਹਨਾਂ ਨੇ ਗਿੰਦਰ ਤੋਂ ਦੋ ਘੜ੍ਹੇ ਦੇਸੀ ਦਾਰੂ ਦੇ ਪੁਆ ਦਿੱਤੇ। ਪੂਰੀਆਂ ਅੱਠ ਬੋਤਲਾਂ ਨਿਕਲ ਆਈਆਂ। ਪਰ ਉਹਨਾਂ ਨੇ ਦਾਰੂ ਨੂੰ ‘ਖੱਟਰ’ ਕਰਨ ਵਾਸਤੇ ਇਕ ਜਾਣੂੰ-ਪਹਿਚਾਣੂੰ ਡਾਕਟਰ ਤੋਂ ਬਾਰਾਂ ਨੰਬਰੀ ‘ਮਿਕਚਰ’ ਬਣਵਾ ਕੇ ਦੇਸੀ ਦਾਰੂ ਵਾਲੇ ਗੇਲਣ ਵਿਚ ਪਾ ਦਿੱਤੀ। ਨਸ਼ਾਦਰ ਵਾਲੀ ਦਾਰੂ ਵਿਚ ‘ਮਿਕਚਰ’ ਮਿਲਣ ਕਾਰਨ ਜ਼ਹਿਰ ਬਣ ਗਈ। ਪਰ ਪਤਾ ਕਿਸੇ ਨੂੰ ਵੀ ਨਹੀਂ ਸੀ!
-“ਲੈ ਬਈ ਚਾਚਾ, ਦੇਖ ਟੈਸਟ ਕਰਕੇ!” ਵਿਆਹ ਵਾਲੇ ਮੁੰਡੇ ਨੇ ਗਿੰਦਰ ਨੂੰ ਗਿਲਾਸ ਭਰ ਕੇ ਪੇਸ਼ ਕੀਤਾ। ਗਿੰਦਰ ਨੇ ਜਾੜ੍ਹ ਘੁੱਟ ਕੇ ਗਿਲਾਸ ਖਾਲੀ ਕਰ ਦਿੱਤਾ। ਉਸ ਦੀ ਜੁਬਾਨ ਤਾਲੂਏ ਲੱਗ ਗਈ।

-“ਪੂਰੀ ਖਰੀ ਐ ਬਈ–!” ਕਹਿਣ ਨੂੰ ਤਾਂ ਗਿੰਦਰ ਨੇ ਆਖ ਦਿੱਤਾ। ਪਰ ਕੁਝ ਪਲਾਂ ਬਾਅਦ ਹੀ ਉਸ ਨੂੰ ਬੁਰੀ ਤਰ੍ਹਾਂ ਖ਼ੂਨ ਦੀ ਉਲਟੀ ਆਈ। ਡਾਕਟਰ ਅਤੇ ਵਿਆਂਦੜ੍ਹ ਭਮੱਤਰ ਗਏ। ਗਿੰਦਰ ਦਾ ਬੁਰਾ ਹਾਲ ਹੋ ਗਿਆ ਸੀ।

-“ਦਾਰੂ ਬਾਹਲੀ ਘੈਂਟ ਐ ਚਾਚਾ-ਇਕ ਹੋਰ ਅੰਦਰ ਸਿੱਟ-ਠੀਕ ਹੋਜੇਂਗਾ!” ਤੇ ਵਿਆਂਦੜ੍ਹ ਨੇ ਇਕ ਗਿਲਾਸ ਹੋਰ ਗਿੰਦਰ ਦੇ ਹਲਕ ਵਿਚ ਖਾਲੀ ਕਰ ਦਿੱਤਾ। ਇਕ ਤਰ੍ਹਾਂ ਨਾਲ ਜ਼ਹਿਰ ਦਾ ਪੂਰਾ ਗਿਲਾਸ ਗਿੰਦਰ ਅੰਦਰ ਜਾ ਚੱੁਕਾ ਸੀ। ਪਹਿਲਾਂ ਤਾਂ ਉਹ ਦੇਹ-ਤੋੜ ਤੜਫ਼ਿਆ ਅਤੇ ਫਿਰ ਬੇਹੋਸ਼ ਹੋ ਗਿਆ। ਵਿਆਂਦੜ੍ਹ ਅਤੇ ਡਾਕਟਰ ਦਾਰੂ ਵਾਲਾ ਗੇਲਣ ਚੱੁਕ ਤਿੱਤਰ ਹੋ ਗਏ। ਦੱਸਿਆ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਸੀ। ਮਲਕੀਤ ਕੌਰ ਵੀ ਵਿਆਹ ਵਾਲੇ ਘਰੇ ਹੀ ਸੀ। ਜੇ ਗਿੰਦਰ ਨੂੰ ਤੁਰੰਤ ਹਸਪਤਾਲ ਪਹੁੰਚਾ ਦਿੱਤਾ ਜਾਂਦਾ, ਸ਼ਾਇਦ ਉਸ ਦੀ ਜਾਨ ਬਚ ਜਾਂਦੀ?

ਜਦ ਅੱਧੀ ਕੁ ਰਾਤੋਂ ਮਲਕੀਤ ਕੌਰ ਵਿਆਹ ਵਾਲੇ ਘਰੋਂ ਪਰਤੀ ਤਾਂ ਗਿੰਦਰ ਫੱਟੇ ਵਾਂਗ ਆਕੜਿਆ, ਮੂੰਹ ਅੱਡੀ ਪਿਆ ਸੀ। ਅੱਖਾਂ ਉਸ ਦੀਆਂ ਚੌਫ਼ਾਲ ਖੁੱਲ੍ਹੀਆਂ ਸਨ। ਮੂੰਹ ‘ਤੇ ਲਹੂ ਲਿਬੜੀ ਝੱਗ ਸੁੱਕੀ ਪਈ ਸੀ।

ਮਲਕੀਤ ਕੌਰ ਨੇ ਦੁਹੱਥੜ ਮਾਰੀ। ਉਸ ਦੇ ਹਾਲ-ਦੁਹਾਈ ਪਾਉਣ ‘ਤੇ ਸਾਰਾ ਪਿੰਡ ਇਕੱਠਾ ਹੋ ਗਿਆ। ਦਾਰੂ ਕੱਢਣ ਬਾਰੇ ਮਲਕੀਤ ਕੌਰ ਨੂੰ ਪਤਾ ਸੀ। ਉਸ ਨੇ ਕਰੋਧ ਵਿਚ ਸੁਣਾਈ ਕੀਤੀ, “ਕੁੱਤਿਓ ਬਾਹਮਣੋਂ! ਮੇਰਾ ਸਾਧ ਅਰਗਾ ਖਸਮ ਤਾਂ ਤੁਸੀਂ ਲੈ ਲਿਆ-ਹੁਣ ਥੋਡੇ ਸਾਰੇ ਖਲਣੇਂ ਨੂੰ ਨਰੜਾ ਕੇ ਮਰਵਾਊਂ–!”

ਮਲਕੀਤ ਕੌਰ ਦੀ ਸਖ਼ਤ ਧਮਕੀ ‘ਤੇ ਪੰਡਤਾਂ ਦੇ ਸਾਰੇ ਟੱਬਰ ਨੇ ਆ ਕੇ ਉਸ ਦੇ ਪੈਰ ਫੜ ਲਏ। ਪੰਚਾਇਤ ਦਾ ਮਿੰਨਤ-ਤਰਲਾ ਕੀਤਾ। ਸਰਪੰਚ ਤੁਰੰਤ ਮਲਕੀਤ ਕੌਰ ਕੋਲ ਪਹੁੰਚਿਆ।

-“ਜੋ ਕੁਛ ਹੋ ਗਿਆ ਮਲਕੀਤ ਕੁਰੇ, ਕਿਸੇ ਦੇ ਵੱਸ ਨ੍ਹੀ-ਹੁਣ ਤੂੰ ਸਿਆਣੀ ਬਣ-ਪੁਲਸ ਵੀਹ ਟਟਬੈਰ ਖੜ੍ਹੇ ਕਰ ਕੇ ਖੁਆਰ ਕਰੂ ਤੇ ਕਚਿਹਰੀਆਂ ਦੇ ਗੇੜੇ ਵਾਧੂ ਦੇ ਮਾਰਾਂਗੇ! ਇਹਨਾਂ ਨੂੰ ਸਜਾ ਬੋਲਣ ਨਾਲ ਗਿੰਦਰ ਸਿਉਂ ਨੇ ਮੁੜ ਨ੍ਹੀ ਆਉਣਾ-ਵਾਧੂ ਇਹਦੀ ਲਾਸ਼ ਈ ਖੱਜਲ ਕਰਾਂਗੇ-ਪੁਲਸ ਆਲੇ ਪੋਸਟ ਮਾਰਟਮ ਕਰਵਾਉਣਗੇ-ਵੀਹ ਪੰਗੇ ਖੜ੍ਹੇ ਕਰਨਗੇ-ਹਾਂ, ਜੇ ਤੂੰ ਕਹੇਂ ਪੰਡਤਾਂ ਦੇ ਊਂ ਛਿਤਰੌਲਾ ਫੇਰ ਦਿੰਨੇ ਐਂ?”

ਮਲਕੀਤ ਕੌਰ ਚੱੁਪ ਸੀ। ਸਰਪੰਚ ਨੇ ਸੱਚ ਹੀ ਤਾਂ ਬੋਲਿਆ ਸੀ।

-“ਪੰਚਾਇਤ ਰੱਬ ਵਰਗੀ ਹੁੰਦੀ ਐ ਭਾਈ-ਧੱਕੀਦੀ ਨਹੀਂ ਹੁੰਦੀ!” ਬੂਟਾ ਧਾਲੀਵਾਲ ਬੋਲਿਆ।

-“ਜੋ ਹੋਇਆ, ਬਹੁਤ ਬੁਰਾ ਹੋਇਆ-ਗੱਲ ‘ਤੇ ਮਿੱਟੀ ਪਾਓ ਤੇ ਸਸਕਾਰ ਕਰੋ।” ਤਾਏ ਉਜਾਗਰ ਸਿੰਘ ਨੇ ਕਿਹਾ।

ਸਿਆਣਿਆਂ ਦੀ ਦਿੱਤੀ ਮੱਤ ‘ਤੇ ਗਿੰਦਰ ਦਾ ਸਸਕਾਰ ਕਰ ਦਿੱਤਾ ਗਿਆ। ਸਾਰੇ ਰਿਸ਼ਤੇਦਾਰ ਵਿਦਾਅ ਹੋ ਗਏ।

ਗਿੰਦਰ ਤਾਂ ਚਲਾ ਗਿਆ ਸੀ। ਪਰ ਮਲਕੀਤ ਕੌਰ ਦੀ ਜ਼ਿੰਦਗੀ ਵਿਚ ਹਨ੍ਹੇਰ ਛਾ ਗਿਆ। ਹੁਣ ਉਹ ਆਪ ਪੱਠੇ ਲਿਆਉਂਦੀ, ਕੁਤਰਦੀ ਅਤੇ ਪਸ਼ੂਆਂ ਨੂੰ ਪਾਉਂਦੀ। ਜਦੋਂ ਉਸ ਦੇ ਦਿਲੋਂ ਲਾਂਬੂ ਉਠਦਾ ਤਾਂ ਉਹ ਰੱਬ ਨੂੰ ਸਿੱਧੀ ਹੋ ਜਾਂਦੀ।

-“ਰੱਬਾ! ਜੇ ਉਹਨੂੰ ਈ ਚੱਕਣਾ ਸੀ ਤਾਂ ਇਕ ਪੁੱਤ ਈ ਦੇ ਦਿੰਦਾ!” ਚਾਹੇ ਉਹ ਗਿੰਦਰ ਨੂੰ ਕਿੰਨਾ ਵੀ ਮੰਦਾ ਚੰਗਾ ਬੋਲਦੀ ਸੀ, ਪਰ ਉਸ ਨੂੰ ਯਾਦ ਕਰ-ਕਰ, ਬੁੱਕ-ਬੁੱਕ ਹੰਝੂ ਕੇਰਦੀ, ਝੂਰਦੀ ਰਹਿੰਦੀ। ਹੋਂਦ ਅਤੇ ਅਣਹੋਂਦ ਦਾ ਅਹਿਸਾਸ ਹੁੰਦਾ!

ਕੁਲਵੰਤ ਅਤੇ ਦਿਲਬਾਗ ਕਦੇ-ਕਦੇ ਗੇੜਾ ਮਾਰਦੇ ਅਤੇ ਸ਼ਾਮ ਨੂੰ ਮੁੜ ਜਾਂਦੇ। ਦਿਲਬਾਗ ਦਾ ਤਾਂ ਬੱਸ ਇੱਕੋ ਹੀ ਮਕਸਦ ਸੀ। ਪਰ ਕੁਲਵੰਤ ਨੇ ਇਸ ਬਾਰੇ ਮਾਂ ਕੋਲ ਬਾਤ ਨਾ ਪਾਈ। ਪਰ ਕੋਈ ਕਿੰਨਾਂ ਕੁ ਚਿਰ ਚੁੱਪ ਰਹਿ ਸਕਦੈ? ਇਕ ਦਿਨ ਅੱਕੀ ਹੋਈ ਕੁਲਵੰਤ ਨੇ ਦਿਲਬਾਗ ਦੀ ਬਦਨੀਤ ਬਾਰੇ ਦੱਸ, ਮਾਂ ਦੇ ਸੀਨੇ ਬਰਛੀ ਮਾਰ ਹੀ ਦਿੱਤੀ। ਮਾਂ ਦਾ ਦਿਲ ਖੱਖੜੀਏਂ ਹੋ ਗਿਆ। ਮਾਂ ਨੇ ਅਜਿਹਾ ਹਾਉਕਾ ਖਿੱਚਿਆ ਕਿ ਰਾਤ ਨੂੰ ਮੰਜੇ ‘ਤੇ ਪਈ ਫਿਰ ਉਹ ਮੁੜ ਕੇ ਨਾ ਉਠੀ।

ਦਿਲਬਾਗ ਅਤੇ ਪਿੰਡ ਵਾਲਿਆਂ ਨੇ ਮਲਕੀਤ ਕੌਰ ਦੀ ਮਿੱਟੀ ਕਿਉਂਟੀ। ਫੁੱਲ ਤਾਰ ਆਏ। ਪਿੰਡ ਪਹੁੰਚੇ ਤਾਂ ਤਾਇਆ ਉਜਾਗਰ ਸਿੰਘ ਬਹੁੜ ਪਿਆ। ਉਹ ਦਿਲਬਾਗ ਨੂੰ ਹੀ ਸੰਬੋਧਨ ਹੋਇਆ।

-“ਸ਼ੇਰਾ! ਉਹ ਤਾਂ ਤੁਰਨ ਆਲੇ ਗਏ ਤੁਰ-ਪਰ ਹੁਣ ਤੂੰ ਜਮੀਨ ਤੇ ਘਰ ਦੀ ਸਾਂਭ ਸੰਭਾਲ ਕਰ! ਇਹ ਸਾਰਾ ਕੁਛ ਹੁਣ ਤੇਰਾ ਤੇ ਕੁਲਵੰਤ ਦਾ ਈ ਐ।”

-“ਪਰ ਤਾਇਆ ਜੀ! ਮੇਰਾ ਤਾਂ ਪਿੱਛੇ ਵੀ ਬਹੁਤ ਮੁਸ਼ਕਲ ਐ?” ਦਿਲਬਾਗ ਨੇ ਚਤਰਾਈ ਖੇਡੀ।

-“ਫੇਰ ਪੁੱਤਰਾ ਇਉਂ ਕਰ! ਇਹਨੂੰ ਸਾਰੇ ਕਾਸੇ ਨੂੰ ਵੇਚ-ਵੱਟ ਕੇ ਪੈਸਾ ਹੱਥ ਹੇਠ ਕਰ-ਸ਼ਰੀਕਾਂ ਤੋਂ ਡਰੀਦੈ-ਕੱਲ੍ਹ ਨੂੰ ਕਿਸੇ ਨੇ ਕਬਜਾ ਕਰ ਲਿਆ-ਬਾਧੂ ਸਿਰ ਪਾਟਣ ਨੂੰ ਥਾਂ ਕਰੇਂਗਾ।”

ਦਿਲਬਾਗ ਦੇ ਦਿਲ ਦੀ ਹੋ ਗਈ।

ਪਰ ਉਹ ਚੱੁਪ ਰਿਹਾ।

-“ਕੀ ਸੋਚਣ ਲੱਗ ਪਿਆ?” ਤਾਇਆ ਸੱਚੀ ਹਮਦਰਦੀ ਵਿਚ ਨੁੱਚੜੀ ਜਾ ਰਿਹਾ ਸੀ। ਉਸ ਦਾ ਚਿੱਟਾ ਸਾਊ ਦਾਹੜਾ ਹਵਾ ਵਿਚ ਲਹਿਰਾ ਰਿਹਾ ਸੀ। ਦਿਲਬਾਗ ਦੇ ਦਿਲ ਦੀ ਅੰਦਰਲੀ ਕਾਲਸ ਦਾ ਉਸ ਨੂੰ ਪਤਾ ਨਹੀਂ ਸੀ।

-“ਮੈਂ ਸੋਚਦਾ ਸੀ ਤਾਇਆ ਜੀ ਬਈ ਇਸ ਬਹਾਨੇ ਇੱਥੇ ਆਉਣ ਜਾਣ ਬਣਿਆਂ ਰਹਿੰਦਾ?”

-“ਤੂੰ ਸ਼ੇਰਾ ਜੀਅ ਸਦਕੇ ਆ-ਸਾਰਾ ਪਿੰਡ ਈ ਤੇਰੈ-ਗਿੰਦਰ ਪਿੰਡ ਦਾ ਸਾਂਝਾ ਸੀ-ਉਹ ਤਾਂ ਇਕ ਪਾਕ-ਪਵਿੱਤਰ ਰੂਹ ਸੀ-ਦੁਨੀਆਂ ਦੇ ਝੰਜਟਾਂ ਤੋਂ ਲੱਖਾਂ ਕੋਹਾਂ ਪਰ੍ਹੇ-ਪਰ ਤੂੰ ਜਮੀਨ ਆਲਾ ਟੈਂਟਾ ਜਰੂਰ ਨਬੇੜ-ਜੇ ਗਿੰਦਰ ਸਿਉਂ ਦੀ ਪੈਲੀ ਕਰਕੇ ਕੋਈ ਝਗੜਾ ਹੋਇਆ ਤਾਂ ਮੈਂ ਤਾਂ ਜਿਹੜਾ ਦੁਖੀ ਹੋਣੈਂ, ਹੋਣਾ ਈ ਐਂ-ਨਾਲ ਅੱਧਾ ਪਿੰਡ ਦੁਖੀ ਹੋਊ!” ਤਾਇਆ ਉਜਾਗਰ ਸਿੰਘ ਵਿਤੋਂ ਵੱਧ ਜਜ਼ਬਾਤੀ ਹੋ ਗਿਆ।

-“ਪਰ ਤਾਇਆ ਜੀ-ਗਾਹਕ ਵੀ ਕੋਈ ਮਿਲੇ?”

-“ਗਾਹਕ ਬਥੇਰ੍ਹੇ! ਮੈਂ ਲੱਭ ਕੇ ਦਿਊਂ!” ਤਾਏ ਨੇ ਆਪਣੀ ਹਿੱਕ ‘ਤੇ ਵੱਡਾ ਸਾਰਾ ਹੱਥ ਮਾਰਿਆ।

ਫ਼ੈਸਲਾ ਹੋ ਗਿਆ। ਗਾਹਕ ਵੀ ਮਿਲ ਗਿਆ।

ਤਾਏ ਉਜਾਗਰ ਸਿੰਘ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਕੁਝ ਸਿੱਧੇ ਅਤੇ ਕੁਝ ਅਸਿੱਧੇ ਹੀਲੇ-ਵਸੀਲੇ ਕਰ ਕੇ ਗਿੰਦਰ ਵਾਲੀ ਜ਼ਮੀਨ ਅਤੇ ਘਰ ਵੇਚ ਕੇ ਪੈਸੇ ਦਿਲਬਾਗ ਦੇ ਹੱਥ ਫੜਾ ਦਿੱਤੇ। ਕਬਜ਼ਾ ਹਾੜ੍ਹੀ ਤੋਂ ਬਾਅਦ ਦੇਣਾ ਮਿਥਿਆ ਸੀ। ਹਾੜ੍ਹੀ ਦੀ ਸਾਰੀ ਫ਼ਸਲ ਦਾ ਦਿਲਬਾਗ ਹੀ ਮਾਲਕ ਹੋਣਾ ਸੀ। ਹਾੜ੍ਹੀ ਦੀ ਵਾਢੀ ਤੋਂ ਲੈ ਕੇ ਕਣਕ ਦੀ ਕਢਾਈ ਤੱਕ, ਸਾਰੀ ਜ਼ਿੰਮੇਵਾਰੀ ਉਸੇ ਦੀ ਹੀ ਸੀ। ਉਹ ਮਿਲੇ ਚਾਲੀ ਲੱਖ ਰੁਪਏ ਬੈਂਕ ਵਿਚ ਰੱਖ, ਪਿੰਡ ਨੂੰ ਬੱਸ ਚੜ੍ਹ ਗਿਆ। ਹੁਣ ਉਸ ਦੇ ਧਰਤੀ ‘ਤੇ ਪੈਰ ਨਹੀਂ ਲੱਗਦੇ ਸਨ। ਚਾਲੀ ਲੱਖ ਰੁਪਏ? ਤੇ ਉਹ ਵੀ ਮੱਲੋਮੱਲੀ ਮਿਲਣੇ? ਦਿਲਬਾਗ ਤਾਂ ਅੱਜ ਸਿਰੋਂ ਸਰਦਾਰ ਸੀ!

ਹਾੜ੍ਹੀ ਦੀ ਵਾਢੀ ਆ ਗਈ। ਦਿਲਬਾਗ ਨੇ ਪਿੰਡੋਂ ਕੰਬਾਈਨ ਲਿਆ ਕੇ ਕਣਕ ਵਢਵਾ ਦਿੱਤੀ ਅਤੇ ਦਾਣੇਂ ਆਪਣੇ ਆੜ੍ਹਤੀਆਂ ਨੂੰ ਤੁਲਵਾ ਕੇ ਚੁਕਵਾ ਦਿੱਤੇ। ਚਾਰੇ ਪਾਸਿਓਂ ਫ਼ਾਰਗ ਹੋ ਕੇ ਦਿਲਬਾਗ ਅਤੇ ਉਸ ਦੇ ਜੁੰਡੀ ਦੇ ਯਾਰਾਂ ਨੇ ਸ਼ਾਮ ਨੂੰ ਗਿੰਦਰ ਦੇ ਘਰੇ ਝੰਡਾ ਆ ਗੱਡਿਆ। ਬੋਤਲਾਂ ਖੁੱਲ੍ਹ ਗਈਆਂ, ਬੱਕਰਾ ਵੱਢਿਆ ਗਿਆ। ਕੋਠੇ ‘ਤੇ ਦੋ ਮੰਜੇ ਜੋੜ ਕੇ ਸਪੀਕਰ ਲਾਇਆ ਗਿਆ। ਦਾਰੂ ਨਾਲ ਬੱਕਰਾ ਚੂੰਡਿਆ ਜਾ ਰਿਹਾ ਸੀ ਅਤੇ ਸਪੀਕਰ ‘ਤੇ ਗੰਦੇ ਗੀਤ ਵੱਜ ਰਹੇ ਸਨ। ਲਲਕਾਰੇ ਵੱਜ ਰਹੇ ਸਨ ਅਤੇ ਬੋਤੇ ਵਾਂਗ ਮੱਘੇ ਕੱਢੇ ਜਾ ਰਹੇ ਸਨ।

ਸਾਰਾ ਪਿੰਡ ਕੰਨਾਂ ਵਿਚ ਉਂਗਲਾਂ ਦੇਈ ਪਿਆ ਸੀ। ਜਿਵੇਂ ਸਾਰਾ ਪਿੰਡ ਮਰ ਗਿਆ ਸੀ। ਜਿਵੇਂ ਸਾਰਾ ਪਿੰਡ ਉੱਜੜ ਗਿਆ ਸੀ। ਜਿਵੇਂ ਸਾਰੇ ਪਿੰਡ ਨੂੰ ‘ਦਿਉ’ ਖਾ ਗਿਆ ਸੀ। ਪਰ ਸਪੀਕਰ ‘ਤੇ ਤਵਾ ਖੜਕ ਰਿਹਾ ਸੀ, “ਰੱਸੀਆਂ ਧਰ ਕੇ ਮਿਣਦੇ ਲੋਕੀ-ਔਤ ਗਿਆਂ ਦੀਆਂ ਥਾਵਾਂ—!”

ਸਾਰੇ ਪਿੰਡ ਨੂੰ ਇੰਜ ਮਹਿਸੂਸ ਹੋਇਆ ਕਿ ਗਿੰਦਰ ਅਸਲ ਵਿਚ ਉਸ ਦਿਨ ਨਹੀਂ, ਅੱਜ ਮਰਿਆ ਸੀ!

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 8 ਫਰਵਰੀ 2006)
(ਦੂਜੀ ਵਾਰ 7 ਸਤੰਬਰ 2021)

***
327
***

ਸ਼ਿਵਚਰਨ ਜੱਗੀ ਕੁੱਸਾ

ਸ਼ਿਵਚਰਨ ਜੱਗੀ ਕੁੱਸਾ

View all posts by ਸ਼ਿਵਚਰਨ ਜੱਗੀ ਕੁੱਸਾ →