24 May 2024

ਪ੍ਰਵਾਸੀ ਪੰਜਾਬੀਆਂ ਲਈ ਵਲੈਤ ਦੀ ਧਰਤੀ ਤੇ ਚਾਨਣ-ਮੁਨਾਰਾ – ਰਣਜੀਤ ਧੀਰ : ਕੁਲਵੰਤ ਢਿੱਲੋਂ

ਪ੍ਰਵਾਸੀ ਪੰਜਾਬੀਆਂ ਲਈ ਵਲੈਤ ਦੀ ਧਰਤੀ ਤੇ ਚਾਨਣ-ਮੁਨਾਰਾ – ਰਣਜੀਤ ਧੀਰ

-ਕੁਲਵੰਤ ਢਿੱਲੋਂ-

ਅਸੀਂ ਸਾਡੇ ਬਹੁਤ ਹੀ ਅਜ਼ੀਜ਼ ਕੁਲਵੰਤ ਕੌਰ ਢਿੱਲੋਂ ਜੀ ਵੱਲੋਂ ਇੰਗਲੈਂਡ ਵੱਲ ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਹੋਏ ਪਰਵਾਸ ਦੀ ਕਹਾਣੀ ਵਿਚੋਂ ਉਪਜੀ ਬਹੁਪੱਖੀ ਸ਼ਖ਼ਸੀਅਤ ਤੇ ਆਪਣੇ ਆਪ ਵਿਚ ਪੰਜਾਬੀ ਦੀ ਇਕ ਵੱਡੀ ਸੰਸਥਾ ਵਜੋਂ ਜਾਣੇ ਜਾਂਦੇ ਰਣਜੀਤ ਧੀਰ ਜੀ ਨਾਲ ਕੀਤੀ ਮੁਲਾਕਾਤ ਛਾਪਣ ਦਾ ਅਨੰਦ ਲੈ ਰਹੇ ਹਾਂ।
ਉਮੀਦ ਹੈ ਕੇ ਪਾਠਕ ਇਹ ਮੁਲਾਕਾਤ ਖ਼ੁਦ ਪੜ੍ਹ ਕੇ ਅਨੰਦ ਲੈਣਗੇ ਤੇ ਇਸ ਨੂੰ ਅੱਜ ਦੇ ਨੌਜਵਾਨ ਪੰਜਾਬੀ ਆਵਾਸੀਆਂ ਨਾਲ ਵੀ ਸਾਂਝਾ ਕਰਨਗੇ।
– ਲਿਖਾਰੀ ਟੀਮ

*****

ਪੇਸ਼ ਹੈ ਰਣਜੀਤ ਧੀਰ ਨਾਲ ਇਕ ਮੁਲਾਕਾਤ

 ਰਣਜੀਤ ਧੀਰ

ਰਣਜੀਤ ਧੀਰ ਵਲੈਤ ਰਹਿੰਦੇ ਉਨ੍ਹਾਂ ਕੁਝ ਕੁ ਭਾਰਤੀਆਂ ਵਿੱਚੋਂ ਹਨ, ਜਿਹੜੇ ਆਪਣੀਆਂ ਲਿਖਤਾਂ ਅਤੇ ਆਪਣੇ ਸਿਆਸੀ ਕੱਦ ਕਰਕੇ ਪੰਜਾਬ ਵਿੱਚ ਚੰਗੀ ਤਰ੍ਹਾਂ ਜਾਣੇ ਜਾਂਦੇ ਹਨ। ਸਭ ਤੋਂ ਪਹਿਲਾਂ ਵਿਸ਼ਵ ਪੰਜਾਬੀ ਸਾਹਿਤ ਸਮਾਗਮ ਕਰਾਉਣ ਕਰਕੇ ਵੀ ਆਪ ਦੇ ਇਸ ਕਾਰਜ ਦੀ ਅੱਜ ਤੀਕ ਸਾਰੇ ਪੰਜਾਬ ਵਿੱਚ ਪ੍ਰਸੰਸਾ ਅਤੇ ਚਰਚਾ ਹੈ। ਬਰਤਾਨੀਆ ਰਹਿੰਦਿਆਂ ਆਪ ਨੇ ਮੇਅਰ ਅਤੇ ਮੈਜਿਸਟਰੇਟ ਵਰਗੇ ਵੱਡੇ ਅਦਾਲਤੀ ਅਤੇ ਸਿਆਸੀ ਅਹੁਦਿਆਂ ਉੱਤੇ ਕੰਮ ਕੀਤਾ ਹੈ। ਕੌਂਸਲ ਦੇ ਡਿਪਟੀ ਲੀਡਰ ਵੀ ਰਹੇ। ਬਰਤਾਨਵੀ ਸਰਕਾਰ ਅਤੇ ਮਲਕਾ ਨੇ ਆਪ ਨੂੰ ਕਈ ਇਨਾਮਾਂ ਸਨਮਾਨਾਂ ਜਿਵੇਂ (OBE – Order of the British Empire ) ਅਤੇ ਲੰਡਨ ਦੀ ਈਲਿੰਗ ਕੌਂਸਲ ਨੇ ਵੀ ਆਪਣੇ ਸਭ ਤੋ ਵੱਡੇ ਸਨਮਾਨ (Honourable Freeman of the Borough) ਨਾਲ ਨਿਵਾਜਿਆ ਹੈ।

ਆਪਣੇ ਪਿਛੋਕੜ ਬਾਰੇ ਕੁਝ ਦੱਸੋ, ਤੁਹਾਡਾ ਕਿਹੜਾ ਪਿੰਡ ਸ਼ਹਿਰ ਹੈ?
ਕੁਲਵੰਤ ਜੀ, ਸਾਡੇ ਪਿਤਾ ਜੀ ਦਾ ਪਰਿਵਾਰ ਬਠਿੰਡਾ ਜ਼ਿਲ੍ਹੇ ਦੇ ਭਗਤ ਭਾਈ ਕਾ ਅਤੇ ਲਾਗਲੇ ਪਿੰਡਾਂ ਵਿਚ ਜ਼ਿਮੀਂਦਾਰ ਕਿਰਸਾਨੀ ਪਰਿਵਾਰ ਸੀ, ਪਰ ਸਾਡੇ ਵੱਡੇ ਹੋਣ ਤੀਕ ਪਿੰਡ ਵਿਚ ਹਾਈ ਸਕੂਲ ਨਾ ਹੋਣ ਕਰਕੇ ਉਹ ਮੋਗੇ ਆ ਵਸੇ। ਮੋਗਾ ਤੋਂ ਮੈਟ੍ਰਿਕ ਮਗਰੋਂ ਡੀ ਐੱਮ ਕਾਲਜ ਮੋਗੇ ਤੋਂ ਹੀ ਮੈਂ ਬੀ. ਏ. ਕੀਤੀ। ਇਹ ਕਾਲਜ ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਵੱਡੇ ਕਾਲਜਾਂ ਵਿੱਚ ਗਿਣਿਆ ਜਾਂਦਾ ਸੀ। ਇਸ ਮਗਰੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ ਦੀ ਐੱਮ. ਏ. ਪਾਸ ਕਰਕੇ ਵੀਹ ਸਾਲਾਂ ਦੀ ਉਮਰ ਵਿੱਚ ਹੀ ਅੰਗਰੇਜ਼ੀ ਦਾ ਪ੍ਰੋਫੈਸਰ ਬਣ ਚੁੱਕਿਆ ਸੀ, ਪੜਾਈ ਲਿਖਾਈ ਵਿੱਚ ਮੈਂ ਤਕੜਾ ਸੀ ਅਤੇ 1963 ਸਾਲ ਦੌਰਾਨ ਮੈਂ ਪੰਜਾਬ ਵਿੱਚ ਨਿਯੁਕਤ ਹੋਏ ਸਭ ਤੋਂ ਛੋਟੀ ਉਮਰ ਦਾ ਪ੍ਰੋਫੈਸਰ ਸਾਂ।

ਮੈ ਵੀ ਇਹੋ ਸੁਣਿਆ ਸੀ ਤੁਸੀਂ ਪੰਜਾਬ ਵਿੱਚ ਪ੍ਰੋਫੈਸਰ ਦੇ ਵਧੀਆਂ ਅਹੁਦੇ ‘ਤੇ ਸੀ, ਫੇਰ ਵਲੈਤ ਆਉਣ ਦਾ ਸਬੱਬ ਕਿਵੇਂ ਬਣਿਆ ?
ਠੀਕ ਹੈ, ਪ੍ਰੋਫੈਸਰੀ ਦੀ ਨੌਕਰੀ ਵਧੀਆਂ ਸੀ, ਬਹੁਤ ਛੋਟੀ ਉਮਰੇ ਵਿੱਚ ਇਸ ਅਹੁਦੇ ਉੱਤੇ ਪਹੁੰਚਣ ਬਾਅਦ ਹੋਰ ਕਈ ਵੱਡੀਆਂ ਨੌਕਰੀਆਂ ਤੀਕ ਪਹੁੰਚਣ ਦੀਆਂ ਉਮੀਦਾਂ ਵੀ ਸਨ। ਪਰ ਚੰਡੀਗੜ੍ਹ ਮਗਰੋਂ ਮੁਕਤਸਰ ਗੌਰਮਿੰਟ ਕਾਲਜ ਦੀ ਨੌਕਰੀ ਵਿੱਚ ਮੈਨੂੰ ਅਜੀਬ ਜਿਹੀ ਘੁਟਣ ਮਹਿਸੂਸ ਹੋਣ ਲੱਗੀ। ਕਿੱਥੇ ਚੰਡੀਗੜ੍ਹ ਦੇ ਖੁੱਲ੍ਹੇ ਖ਼ੂਬਸੂਰਤ ਮਾਹੌਲ ਵਿੱਚ ਯੂਨੀਵਰਸਿਟੀ ਦੇ ਹੋਸਟਲਾਂ ਦੀ ਰੁਮਾਂਚਕ ਜ਼ਿੰਦਗੀ ਅਤੇ ਕਿੱਥੇ ਮੁਕਤਸਰ ਵਰਗੇ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਸੀਮਤ ਜਿਹੀ ਹੋਂਦ, ਕੋਈ ਮੁਕਾਬਲਾ ਹੀ ਨਹੀਂ ਸੀ।

ਕੁਲਵੰਤ ਕੌਰ ਢਿੱਲੋਂ ਨਾਲ ਰਣਜੀਤ ਧੀਰ

ਅਸਲ ਵਿੱਚ ਅੰਗਰੇਜ਼ੀ ਅਤੇ ਯੂਰਪੀਨ ਸਾਹਿਤ ਨੇ ਮੇਰੀ ਜੀਵਨ ਸੋਚ ਨੂੰ ਝੰਜੋੜ ਕੇ ਇੱਕ ਨਵੇਂ ਪੜਾਅ  ਉੱਤੇ ਲਿਆ ਖੜ੍ਹਾ ਕੀਤਾ ਸੀ। ਮੋਗੇ ਕਾਲਜ ਦੇ ਦੌਰ ਵਿੱਚ ਮੈ ਪੰਜਾਬੀ ਹਿੰਦੀ ਸਾਹਿਤ ਦੀਆਂ ਜਿੰਨੀਆਂ ਵੀ ਕਿਤਾਬਾਂ ਲਾਇਬਰੇਰੀ ਵਿੱਚ ਸਨ, ਸਭ ਪੜ੍ਹ ਲਈਆਂ ਸਨ ਹਾਲਾਂਕਿ ਮੈਂ ਇਕਨਾਮਿਕਸ ਅਤੇ ਪੁਲਿਟੀਕਲ ਦਾ ਵਿਦਿਆਰਥੀ ਸੀ ਪਰ ਪੰਜਾਬੀ ਹਿੰਦੀ ਦੀ ਰੁਚੀ ਅਤੇ ਪੜ੍ਹਾਈ ਨੇ ਮੇਰੇ ਸਿਰ ਸੋਚ ਨੂੰ ਹਲੂਣ ਦਿੱਤਾ ਸੀ। ਪਹਿਲੀ ਘਟਨਾ 1964 ਦੀ ਹੈ ਮੇਰਾ ਪੁਰਾਣਾ ਦੋਸਤ ਬਲਵਿੰਦਰ ਸਿੰਘ ਬਰਾੜ ਤਿੰਨ ਸਾਲਾਂ ਮਗਰੋਂ ਵਲੈਤੋਂ ਭਾਰਤ ਗੇੜਾ ਮਾਰਨ ਆਇਆ ਸੀ ਤੇ ਮੈਨੂੰ ਮੁਕਤਸਰ ਮਿਲਣ ਆਇਆ। ਮੋਗੇ ਕਾਲਜ ਵਿੱਚ ਉਹ ਸਾਡੀ ਢਾਣੀ ਦਾ ਬਹੁਤ ਹੀ ਖਪੀ ਮੁੰਡਾ ਸੀ ਤੇ ਫ਼ੇਲ੍ਹ ਹੋ ਕੇ ਆਪਣੇ ਵੱਡੇ ਭਰਾ ਕੋਲ ਵਲੈਤ ਚਲਿਆ ਗਿਆ। ਵੇਖੋ ਤਿੰਨ ਸਾਲਾਂ ਵਿੱਚ ਹਾਲਤ ਕਿੰਨੇ ਬਦਲ ਗਏ ਕਿ ਮੈਂ ਮੁਕਤਸਰ ਕਾਲਜ ਵਿੱਚ ਪ੍ਰੋਫੈਸਰ ਬਣ ਗਿਆ ਅਤੇ ਬਲਵਿੰਦਰ ਵਲੈਤੀ ਅਮੀਰੀ ਦਾ ਲੱਦਿਆ ਨਵੀਂ ਕਾਰ ਲੈ ਕੇ ਮੈਨੂੰ ਮਿਲਣ ਆਇਆ। ਰੰਗ ਅੱਗੇ ਨਾਲੋਂ ਨਿੱਖਰਿਆਂ ਹੋਇਆ ਸੀ। ਵਲੈਤੀ ਕੱਪੜਿਆਂ ਵਿੱਚ ਪੂਰਾ ਫਬਿਆ ਹੋਇਆ। ਮੈਂ ਉਹਦੀ ਅਮੀਰੀ ਨੂੰ ਸਮਝਣਾ ਚਾਹੁੰਦਾ ਸੀ ਕਿ ਤਿੰਨ ਸਾਲਾਂ ਵਿੱਚ ਕਿਵੇਂ ਚਮਤਕਾਰ ਹੋ ਗਿਆ।

ਰਣਜੀਤ ਧੀਰ 1995 ਵਿਚ ਗੌਰਮਿੰਟ ਕਾਲਜ ਮੁਕਤਸਰ ਫੇਰੀ ਦੌਰਾਨ

ਮੈ ਉਹਨੂੰ ਪੁੱਛਦਾ ਕਿ ਵਲੈਤ ਵਿੱਚ ਕੰਮ ਕੀ ਕਰਦੇ, ਤਾਂ ਉਹ ਗੱਲ ਕਿਸੇ ਹੋਰ ਪਾਸੇ ਲੈ ਜਾਂਦਾ। ਫੇਰ ਅਚਾਨਕ ਮੈਨੂੰ ਕਹਿੰਦਾ, ਜੀਤਿਆ, ਤੇਰੀ ਤਨਖ਼ਾਹ ਕਿੰਨੀ ਐ! ਮੈ ਦੱਸਿਆ ਤਾਂ ਕਹਿੰਦਾ, ਲੈ ਐਨੀ ਤਾਂ ਤੂੰ ਵਧੀਆਂ ਖਾ ਪੀ ਕੇ ਹਰ ਹਫ਼ਤੇ ਬਚਾਅ ਲਿਆ ਕਰੇਂਗਾ। ਇਹ ਗੱਲ ਮੇਰੇ ਦਿਲ ਵਿੱਚ ਸਮਝੋ ਤੀਰ ਵਾਂਗ ਖੁੱਭ ਗਈ ਬਲਵਿੰਦਰ ਅਗਲੇ ਦਿਨ ਚਲਾ ਗਿਆ ਪਰ ਮੇਰੀ ਜ਼ਿੰਦਗੀ ਵਿੱਚ ਖਲਬਲੀ ਮੱਚ ਗਈ। ਇਹ ਘਟਨਾ 1965 ਦੀ ਹੈ ਜਦ ਮੈ ਗਰਮੀਆਂ ਦੇ ਮਹੀਨੇ ਕਿਸੇ ਕੰਮ ਲੁਧਿਆਣੇ ਗਿਆ ਉੱਥੇ ਸ਼ਾਇਦ ਘੰਟਾ ਘਰ ਕੋਲ ਮੇਰਾ ਮੋਗੇ ਦਾ ਇੱਕ ਹੋਰ ਜਮਾਤੀ ਮਿਲ ਗਿਆ। ਜਿਹੜਾ ਬੀ. ਏ. ਕਰਨ ਮਗਰੋਂ ਟਰੈਵਲ ਏਜੰਟ ਹਰੀ ਸਿੰਘ ਐਂਡ ਸੰਨਜ਼ ਦੇ ਦਫ਼ਤਰ ਵਿੱਚ ਮੈਨੇਜਰ ਲੱਗਿਆ ਹੋਇਆ ਸੀ। ਮੇਰਾ ਹਾਲ ਪੁੱਛਿਆ ਤਾਂ ਮੈਂ ਕਿਹਾ ਯਾਰ, ਹਾਲ ਕੋਈ ਖ਼ਾਸ ਚੰਗਾ ਨਹੀਂ ਉਹ ਕਹਿੰਦਾ, ਓਏ, ਪ੍ਰੋਫੈਸਰ ਦੀਆਂ ਮੌਜਾਂ ਕਰਦਾ ਹੈਂ, ਕੀ ਹੋਇਆ ਤੈਨੂੰ? ਜੇ ਖ਼ੁਸ਼ ਨਹੀਂ ਤਾਂ ਇੰਗਲੈਂਡ ਚਲੇ ਜਾ। ਮੈਂ ਪੁੱਛਿਆ ਕਿ ਕੀ ਮੈਂ ਜਾ ਸਕਦਾ? ਉਹ ਕਹਿੰਦਾ, ਤੂੰ ਹੁਣੇ ਫਾਰਮ ਭਰ ਦੇ 28 ਦਿਨਾਂ ਦੇ ਅੰਦਰ ਤੇਰਾ ਵਰਕ ਵਾਊਚਰ ਆ ਜਾਣਾ ਮੈਂ ਫਾਰਮ ਭਰ ਦਿੱਤਾ ਤੇ ਉਹੀ ਗੱਲ ਹੋਈ ਵਾਊਚਰ ਆ ਗਿਆ ਤੇ ਸਾਡੇ ਘਰ ਵਿੱਚ ਕਲੇਸ਼ ਪੈ ਗਿਆ। ਮੈਂ ਮਨ ਵਿੱਚ ਫ਼ੈਸਲਾ ਕਰ ਚੁੱਕਿਆ ਸੀ ਤੇ 1966 ਦੀ ਕ੍ਰਿਸਮਿਸ ਵਾਲੇ ਦਿਨ ਮੈਂ ਲੰਡਨ ਆ ਪਹੁੰਚਿਆ।

ਪੰਜਾਹ ਸੱਠ ਸਾਲ ਪਹਿਲਾਂ ਤਾਂ ਵਲੈਤ ਚੋਂ ਬਹੁਤ ਨਸਲੀ ਵਿਤਕਰਾ ਹੁੰਦਾ ਸੀ ਤੁਹਾਡਾ ਤਜਰਬਾ ਕਿਵੇਂ ਰਿਹਾ ? ਕੀ ਕਦੇ ਤੁਹਾਨੂੰ ਵਲੈਤ ਆਉਣ ਦਾ ਪਛਤਾਵਾ ਹੋਇਆ ?
ਬਿਲਕੁਲ ਠੀਕ ਕਿਹਾ , ਤੁਸੀਂ । ਨਸਲੀ ਵਿਤਕਰੇ ਤੋਂ ਬਿਨਾਂ ਏਸ਼ੀਅਨ ਅਤੇ ਅਫ਼ਰੀਕੀ ਮੂਲ ਦੇ ਆਵਾਸੀਆਂ ਉੱਤੇ ਨਸਲੀ ਹਮਲੇ ਵੀ ਹੁੰਦੇ ਸਨ।

ਰਣਜੀਤ ਧੀਰ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ (2003)

ਪੜ੍ਹੇ ਲਿਖੇ ਲੋਕਾਂ ਨੂੰ ਵਧੀਆਂ ਤੋ ਵਧੀਆਂ ਨੌਕਰੀ ਪੋਸਟਮੈਨ ਡਾਕੀਏ ਜਾਂ ਬੱਸ ਕੰਡਕਟਰ ਦੀ ਹੁੰਦੀ ਸੀ। ਭਾਰਤ ਦੀਆਂ ਡਿੱਗਰੀਆਂ ਪੜ੍ਹਾਈਆਂ ਦੀ ਕੋਈ ਵੁੱਕਤ ਨਹੀਂ ਸੀ ਹੁੰਦੀ। ਮੇਰੀ ਅੰਗਰੇਜ਼ੀ ਦੀ ਪੜ੍ਹਾਈ ਦਾ ਕੋਈ ਮੁੱਲ ਨਾ ਪਿਆ। ਮੈਨੂੰ ਯਕੀਨ ਨਾ ਆਵੇ ਕਿ ਮੈਂ ਸਰਕਾਰੀ ਕਾਲਜ ਦਾ ਪੱਕਾ ਪ੍ਰੋਫੈਸਰ ਬੇਰੁਜ਼ਗਾਰ ਕਿਵੇਂ ਹੋ ਗਿਆ? ਵਲੈਤ ਆ ਕੇ ਮੈਨੂੰ ਇੱਕ ਛੋਟੇ ਜਿਹੇ ਬਾਕਸ ਰੂਮ ਵਿੱਚ ਰਹਿਣਾ ਪਿਆ। ਮੈਨੂੰ ਲੱਗੇ ਮੈਂ ਲੱਖ ਤੋ ਕੱਖ ਦਾ ਰਹਿ ਗਿਆ। ਪਿੱਛੇ ਕਾਲਜ ਦੇ ਪ੍ਰਿੰਸੀਪਲ ਰਾਮ ਗੋਪਾਲ ਵਾਜਪਾਈ ਸਾਹਿਬ ਨੂੰ ਚਿੱਠੀ ਲਿਖੀ। ਉਨ੍ਹੀਂ ਦਿਨੀਂ ਅੰਗਰੇਜ਼ੀ ਦੇ ਪ੍ਰੋਫੈਸਰਾਂ ਦੀ ਬਹੁਤ ਕਿੱਲਤ ਸੀ ਉਨ੍ਹਾਂ ਕਿਹਾ ਤੂੰ ਮੁੜ ਆ, ਤੇਰੀ ਜਗ੍ਹਾ ਹਾਲੇ ਕੋਈ ਨਵੀਂ ਨਿਯੁਕਤੀ ਨਹੀਂ ਕੀਤੀ ਤੈਨੂੰ ਵਾਪਸ ਤੇਰੀ ਨੌਕਰੀ ਤੇ ਰੱਖ ਲਵਾਂਗਾ। ਦੂਜੇ ਪਾਸੇ ਇੱਥੇ ਰੈਡਿੰਗ ਸ਼ਹਿਰ ਜਿੱਥੇ ਮੈਂ ਆਇਆ ਸੀ, ਉੱਥੇ ਬਹੁਤੇ ਬੰਦੇ ਮੋਗੇ ਲਾਗਲੇ ਪਿੰਡਾਂ ਦੇ ਸਨ ਉਹਨਾਂ ਨੂੰ ਮੇਰੇ ਨਾਲ ਬਹੁਤ ਹਮਦਰਦੀ ਸੀ। ਬਲਕਾਰ ਸਿੰਘ ਬਰਾੜ ਮੋਗੇ ਨਾਲ ਬੁੱਕਣਵਾਲੇ ਪਿੰਡ ਦਾ ਸੀ। ਉਹਨੇ ਸਾਰਿਆਂ ਤੋਂ ਦੋ ਸੋ ਪੌਂਡ ਇਕੱਠੇ ਕੀਤੇ ਤੇ ਮੇਰੇ ਕੋਲ ਆਇਆ ਕਹਿੰਦਾ “ਬਾਈ ਸਾਨੂੰ ਪਤਾ ਤੈਥੋਂ ਫ਼ੈਕਟਰੀ ਵਿੱਚ ਕੰਮ ਨਹੀਂ ਹੋਣਾ ਫ਼ੈਸਲਾ ਤੂੰ ਕਰਨਾ ਜੇ ਤੂੰ ਮੁੜਨਾ ਤਾਂ ਆ ਦੋ ਸੌ ਪੌਂਡ ਤੇਰੇ ਲਈ ਇਕੱਠੇ ਕੀਤੇ ਆ।”  ਇੱਕ ਸੌ ਵੀਹ ਤੇਰੀ ਵਾਪਸੀ ਟਿਕਟ ਦੇ ਅਤੇ ਅੱਸੀ ਪੌਡਾਂ ਦੀ ਸ਼ਾਪਿੰਗ ਕਰ ਲਵੀਂ। ਮੇਰੇ ਅੱਖਾਂ ਵਿੱਚ ਹੰਝੂ ਆ ਗਏ। ਮੈਂ ਕਿਹਾ “ਪੈਸੇ ਮੈਂ ਅਜੇ ਨਹੀਂ ਲੈਣੇ, ਪਰ ਜੇ ਮੈਨੂੰ ਮੁੜਨਾ ਪਿਆ ਤਾਂ ਫੇਰ ਲੈ ਲਵਾਂਗਾ।” ਰੱਬ ਦੀ ਕਿਰਪਾ ਹੋਈ, ਰੈਡਿੰਗ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਮਾਈਕਲ ਹਿੱਲ ਜਿਹੜਾ ਲੇਬਰ ਕੌਂਸਲਰ ਵੀ ਸੀ ਮੈਨੂੰ ਅਚਾਨਕ ਮਿਲ ਗਿਆ। ਉਹ ਮੈਨੂੰ ਆਪਣੀ ਕਾਰ ਵਿੱਚ ਬਿਠਾ ਕੇ ਇੱਕ ਦਿਨ ਬ੍ਰਿਸਟਲ ਯੂਨੀਵਰਸਿਟੀ ਅਤੇ ਦੋਸਤ ਪ੍ਰੋਫੈਸਰ ਦੇ ਘਰ ਲੈ ਗਿਆ, ਮੈਨੂੰ ਦਾਖਲਾ ਦੁਆ ਕੇ ਮੇਰੇ ਖ਼ਰਚੇ ਵਾਸਤੇ ਗਰਾਂਟ ਦਾ ਪ੍ਰਬੰਧ ਵੀ ਕਰ ਦਿੱਤਾ। ਇੱਥੋਂ ਦੀ ਪੜ੍ਹਾਈ ਮਗਰੋਂ ਤਰੱਕੀ ਹੀ ਤਰੱਕੀ, ਕੋਈ ਮਸਲਾ ਨਾ ਰਿਹਾ। ਹੋਲੀ ਹੋਲੀ ਇਸ ਤਰ੍ਹਾਂ ਮੈ ਤਰੱਕੀ ਦੇ ਰਾਹ ਪੈ ਗਿਆ, ਵਲੈਤ ਆਉਣ ਦਾ ਕੋਈ ਪਛਤਾਵਾ ਨਾ ਰਿਹਾ ਹੈ।

ਵਲੈਤ ਆ ਕੇ ਪੰਜਾਬੀ ਨਾਲ ਸਬੰਧ ਕਿਵੇਂ ਬਣ ਗਿਆ ? ਤੁਸੀਂ ਤਾਂ ਅੰਗਰੇਜ਼ੀ ਵਿੱਚ ਵੀ ਲਿਖ ਸਕਦੇ ਸੀ ?
ਬ੍ਰਿਸਟਲ ਵਿਚ ਭਾਰਤੀ ਬਹੁਤ ਘੱਟ ਸਨ, ਸਿਰਫ਼ ਭਾਟੜਾ ਬਰਾਦਰੀ ਦੇ ਕੁਝ ਪਰਿਵਾਰ ਸਨ। ਜਿਹੜੇ ਪਿੰਡਾਂ ਵਿੱਚ ਮੋਟਰ ਸਾਈਕਲਾਂ ਉੱਤੇ ਕੱਪੜਾ ਅਤੇ ਹੋਰ ਨਿੱਕ ਸੁਕ ਲੱਦ ਕੇ ਵੇਚਣ ਦਾ ਕੰਮ ਕਰਦੇ ਸਨ। ਹੋਸਟਲ ਵਿੱਚ ਰਹਿਣ ਕਰਕੇ ਭਾਰਤੀ ਖਾਣਿਆਂ ਦੀ ਵੀ ਯਾਦ ਸਤਾਉਂਦੀ ਸੀ। ਸੋ ਮੈਂ ਦੋ ਚਾਰ ਹਫ਼ਤਿਆਂ ਬਾਅਦ ਸਾਊਥਾਲ ਆ ਜਾਂਦਾ। ਉੱਥੇ ਸਾਡੇ ਮੋਗੇ ਦਾ ਲੇਖਕ ਸ਼ੇਰ ਜੰਗ ਜਾਂਗਲੀ ਰਹਿੰਦਾ ਸੀ, ਵਲੈਤ ਆਉਣ ਸਮੇਂਂ ਮੈ ਉਹਦੇ ਭਰਾਂ ਤੋਂ ਉਹਦਾ ਪਤਾ ਲੈ ਕੇ ਆਇਆ ਸਾਂ।

ਉਹ ਬਹੁਤ ਹਸਮੁਖ ਅਤੇ ਮਹਿਮਾਨ ਨਿਵਾਜ ਬੰਦਾ ਸੀ, ਉਹਦੇ ਘਰ ਵਧੀਆ ਪਰੌਂਠੇ ਅਤੇ ਰੋਟੀ ਮਿਲ ਜਾਂਦੀ ਅਤੇ ਸੁਰਜੀਤ ਹਾਂਸ, ਜੋਗਿੰਦਰ ਸ਼ਮਸ਼ੇਰ, ਤਰਸੇਮ ਨੀਲਗਿਰੀ ਅਤੇ ਸਾਥੀ ਲੁਧਿਆਣਵੀ ਵਰਗੇ ਲੇਖਕਾਂ ਦਾ ਸਾਥ ਵੀ। ਬਾਕੀ ਮੋਗੇ ਕਾਲਜ ਦੇ ਸਮੇਂ ਤੋਂ ਮੈਂ ਢੇਰ ਸਾਰਾ ਪੰਜਾਬੀ ਸਾਹਿਤ ਪੜ੍ਹ ਚੁੱਕਿਆ ਸੀ। ਬੀ. ਏ. ਕਰਨ ਮਗਰੋਂ ਮੈਂ ਵਾਧੂ ਪੰਜਾਬੀ ਇਲੈਕਟਿਵ ਮਜ਼ਮੂਨ ਦਾ ਇਮਤਿਹਾਨ ਵੀ ਫ਼ਸਟ ਕਲਾਸ ਵਿੱਚ ਪਾਸ ਕਰ ਚੁੱਕਿਆ ਸੀ। ਇਸ ਤੋਂ ਬਿਨਾ ਬੇਗਾਨੇ ਦੇਸ਼ ਰਹਿੰਦਿਆਂ ਲੋਕ ਆਪਣੀ ਬੋਲੀ ਅਤੇ ਵਿਰਸੇ ਬਾਰੇ ਸੁਚੇਤ ਹੋ ਜਾਂਦੇ ਸਨ। ਅੰਗਰੇਜ਼ੀ ਵਿੱਚ ਨਾ ਲਿਖਣ ਕਰਕੇ ਮੇਰੇ ਅੰਗਰੇਜ਼ ਦੋਸਤ ਵੀ ਹੈਰਾਨ ਹਨ ਤੇ ਗ਼ੁੱਸੇ ਵੀ। ਉਹ ਕਹਿੰਦੇ ਹਨ “ਤੂੰ ਅੱਧੀ ਸਦੀ ਤੋਂ ਇੱਥੇ ਰਹਿ ਰਿਹਾਂ, ਤੇਰੇ ਪੋਤੇ ਦੋਹਤੀਆਂ ਇੱਥੋਂ ਦੇ ਜੰਮੇ ਪਲ਼ੇ, ਤੂੰ ਲਿਖੀ ਜਾਨਾਂ ਪਿੱਛੇ ਰਹਿੰਦੇ ਭਾਰਤੀਆਂ ਵਾਸਤੇ ਜਿੱਥੇ ਤੂੰ ਜਾਣਾ ਹੀ ਨਹੀਂ।” ਮੈਂ ਆਪਣੀ ਇੱਕ ਪੁਸਤਕ ਆਪਣੇ ਦੋਸਤ ਪ੍ਰੋਫੈਸਰ ਮਾਈਕਲ ਹਿੱਲ ਨੂੰ ਸਮਰਪਿਤ ਕੀਤੀ ਉਹਨੇ ਵੀ ਇਹੋ ਕਿਹਾ ਕਿ ਮੇਰੇ ਸਤਿਕਾਰ ਕਰਨ ਦਾ ਸ਼ੁਕਰੀਆ, ਪਰ ਮੈਨੂੰ ਅਫ਼ਸੋਸ ਹੈ ਕਿ ਮੈਂ ਤੇਰੀ ਪੁਸਤਕ ਨਹੀਂ ਪੜ੍ਹ ਸਕਦਾ, ਮੈਨੂੰ ਕਦੇ ਪਤਾ ਨਹੀਂ ਲੱਗੇਗਾ ਕਿ ਤੂੰ ਕੀ ਲਿਖਿਆ ਹੈ। ਮੈਂ ਸਮਝਦਾ ਹਾਂ ਕਿ ਅੰਗਰੇਜ਼ ਲੋਕਾਂ ਨੂੰ ਸਾਡੀ ਮਾਤਭਾਸ਼ਾ ਬਾਰੇ ਪ੍ਰਤੀਬੱਧਤਾ ਵੀ ਅਜੀਬ ਲੱਗਦੀ ਹੈ।

ਆਪਣੀਆਂ ਲਿਖਤਾਂ ਬਾਰੇ ਕੁਝ ਦੱਸੋ, ਤੁਸੀਂ ਕਿਹੜੇ ਮਸਲਿਆਂ / ਵਿਸ਼ਿਆਂ ਬਾਰੇ ਲਿਖਦੇ ਹੋ ਜਾ ਲਿਖਿਆ ਹੈ?
ਮੇਰੀਆਂ ਪੰਜ ਪੁਸਤਕਾਂ ਛਪ ਚੁੱਕੀਆਂ ਹਨ ਅਤੇ ਸਾਰੀਆਂ ਨਵਯੁੱਗ ਪਬਲਿਸ਼ਰਜ਼ ਦਿੱਲੀ ਵਾਲਿਆਂ ਨੇ ਛਾਪੀਆਂ ਹਨ ਇਹਨਾਂ ਦੇ ਨਾਮ: 1 ਵਤਨੋਂ ਦੂਰ, 2 ਪ੍ਰਦੇਸ, 3 ਸਾਊਥਾਲ ਦਾ ਸੂਰਜ, 4 ਜੇਰੂਸਲੂਮ ਹਾਲੇ ਦੂਰ ਹੈ, 5 ਵਲਾਇਤੋਂ ਨਿੱਕ ਸੁੱਕ। ਜਿਵੇਂ ਇਹਨਾਂ ਦੇ ਨਾਵਾਂ ਤੋਂ ਸਪਸ਼ਟ ਹੈ ਸਾਰਿਆਂ ਦੇ ਵਿਸ਼ੇ ਪ੍ਰਦੇਸਾਂ ਨਾਲ ਸਬੰਧਿਤ ਹਨ। ਪ੍ਰਦੇਸਾਂ ਵਿੱਚ ਭਾਰਤੀ ਅਤੇ ਹੋਰ ਮੁਲਕਾਂ ਦੇ ਆਵਾਸੀ ਅਤੇ ਦੂਰ ਦੁਰਾਡੇ ਦੇਸ਼ਾਂ ਵਿੱਚ ਮੇਰੇ ਸਫ਼ਰ ਅਤੇ ਸੈਰਾਂ ਬਾਰੇ ਵਿੱਚ ਮੇਰੇ ਵਿਸ਼ੇ ਹਨ। ਵਾਰਤਕ ਵਿੱਚ ਲਿਖੇ ਇਹ ਲੇਖ ਰੋਚਕ ਕਹਾਣੀਆਂ ਵੀ ਹਨ ਕਿਉਂ ਕਿ ਇਹਨਾਂ ਵਿੱਚ ਮੇਰੇ ਜਾਤੀ ਜੀਵਨ ਦੇ ਕਿੱਸੇ ਕਹਾਣੀਆਂ ਅਤੇ ਮੇਰੇ ਤਜਰਬੇ ਹਨ।

ਸਾਲ 1980 ਵਿੱਚ ਤੁਸੀਂ ਪਹਿਲਾਂ ਵਿਸ਼ਵ ਪੰਜਾਬੀ ਸਾਹਿਤ ਸੰਮੇਲਨ ਕਰਵਾਇਆ ਸੀ। ਇਸ ਦੇ ਪਿੱਛੇ ਦੇ ਉਦੇਸ਼ ਸੀ ? ਉਸ ਤੋ ਮਗਰੋਂ ਵੀਹਾਂ ਹੋਰ ਵਿਸ਼ਵ ਸਮਾਗਮ ਹੋ ਚੁੱਕੇ ਹਨ । ਕੀ ਤੁਸੀਂ ਇਸ ਮੂਵਮੈਂਟ ਦੀ ਦਿਸ਼ਾ ਅਤੇ ਕਾਰਗੁਜ਼ਾਰੀ ਤੋ ਸੰਤੁਸ਼ਟ ਹੋ?

1980 ਤੋਂ ਪਹਿਲਾਂ ਦੋ ਦਹਾਕਿਆਂ ਵਿੱਚ ਭਾਰਤੀ ਵਿਸ਼ੇਸ਼ ਕਰਕੇ ਪੰਜਾਬੀ ਦੁਨੀਆ ਦੇ ਕਈ ਦੇਸਾਂ ਵਿੱਚ ਵੱਸ ਚੁੱਕੇ ਸਨ। ਨਸਲੀ ਵਿਤਕਰੇ ਅਤੇ ਨਸਲੀ ਹਿੰਸਾ ਦੀਆਂ ਮੁਸ਼ਕਲਾਂ ਤੋਂ ਬਿਨਾਂ ਉਨ੍ਹਾਂ ਦੀਆਂ ਸਭਿਆਚਾਰਕ, ਭਾਸ਼ਾਈ ਅਤੇ ਵਿਰਸੇ ਦੀਆਂ ਲੋੜਾਂ ਸਨ। ਇੰਗਲੈਂਡ ਵਿੱਚ ਸਭ ਤੋ ਪਹਿਲਾਂ ਅਤੇ ਮਗਰੋਂ, ਹੋਰ ਦੇਸਾਂ ਵਿੱਚ ਪੰਜਾਬੀ ਵੱਸ ਚੁੱਕੇ ਸਨ ਉਨ੍ਹਾਂ ਦੀਆਂ ਮੁਸ਼ਕਲਾਂ ਸਾਂਝੀਆਂ ਸਨ। ਇਨ੍ਹਾਂ ਮੁਸ਼ਕਲਾਂ ਦੇ ਹੱਕ ਲਈ ਸਭ ਨੂੰ ਇੱਕ ਅੰਤਰਰਾਸ਼ਟਰੀ ਮੰਚ ਉੱਤੇ ਇਕੱਠੇ ਕਰਨਾ ਚਾਹੁੰਦੇ ਸੀ। ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ, ਅਤੇ ਹੋਰ ਕਈ ਦੇਸ਼ਾਂ ਤੋਂ ਲੇਖਕ ਆਏ। ਮੁਸ਼ਕਲਾਂ ਬਾਰੇ ਚਰਚਾ ਹੋਈ, ਹੱਲ ਦੇ ਸੁਝਾਅ ਸਾਂਝੇ ਕੀਤੇ, ਭਵਿੱਖ ਵਾਸਤੇ ਅੰਤਰਰਾਸ਼ਟਰੀ ਕਮੇਟੀ ਬਣਾ ਦਿੱਤੀ ਪਰ ਹੋਲੀ ਹੋਲੀ ਇਸ ਲਹਿਰ ਵਿੱਚ ਅਨੁਸ਼ਾਸਨ ਨਾ ਰਿਹਾ। ਕਈ ਬੰਦਿਆਂ ਨੇ ਆਪਣੇ ਹਿੱਤਾਂ ਖ਼ਾਤਰ ਆਪਣੀਆਂ ਵੱਖਰੀਆਂ ਕਾਨਫ਼ਰੰਸਾਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਰਤਾਰੇ ਨਾਲ ਲਹਿਰ ਖਿੱਲਰ ਕੇ ਆਪਣੇ ਆਸ਼ੇ ਤੋਂ ਭਟਕ ਗਈ ਹੁਣ ਕਾਨਫ਼ਰੰਸਾਂ ਹੁੰਦੀਆਂ ਹਨ ਠੀਕ ਹੈ, ਲੇਖਕ ਕਿਤੇ ਵੀ ਮਿਲ ਬੈਠਣ ਕੋਈ ਮਾੜੀ ਗੱਲ ਨਹੀਂ। ਪਰ ਇਹਦੇ ਵਿੱਚੋਂ ਕਮਿਊਨਿਟੀ ਦਾ ਕੀ ਸੰਵਰਦਾ ਹੈ ਬਾਰੇ ਬਹੁਤ ਸ਼ੰਕੇ ਹਨ ਬਾਕੀ ਸਾਰਾ ਸੰਸਾਰ ਗਲੋਬਲ ਪਿੰਡ ਬਣ ਚੁੱਕਿਆਂ ਹੈ। ਪੱਛਮੀ ਦੇਸ਼ਾਂ ਵਿੱਚ ਸਾਡੀਆਂ ਭਾਸ਼ਾਵਾਂ, ਧਰਮ ਨੂੰ ਹੁਣ ਮਾਨਤਾ ਮਿਲਦੀ ਹੈ। ਇਸ ਕਰਕੇ ਵੀ ਜ਼ਰੂਰੀ ਹੈ ਕਿ ਇਸ ਲਹਿਰ ਦੀ ਲੋੜ ਅਤੇ ਦਿਸ਼ਾ ਬਾਰੇ ਨਵੇਂ ਸਿਰੇ ਤੋ ਸੋਚਣ ਦੀ ਲੋੜ ਹੈ।

ਅਜੀਤ ਕੌਰ ਨਾਲ ਸਾਊਥਾਲ ਵਿਚ ਰਣਜੀਤ ਧੀਰ ਦੇ ਘਰ , ਸ਼ੇਰ ਜੰਗ ਜਾਂਗਲੀ, ਤਰਸੇਮ ਨੀਲਗਿਰੀ, ਸਵਰਨ ਚੰਦਨ, ਅਵਤਾਰ ਜੰਡਿਆਲਵੀ ਤੇ ਹੋਰ।

ਵਿਸ਼ਵ ਕਾਨਫ਼ਰੰਸ: ਰੂਸੀ ਪੰਜਾਬੀ ਲੇਖਕ ਸਾਰਬਿਕੋਵ, ਡਾ. ਵਿਸ਼ਵਾਨਾਥ ਤਿਵਾੜੀ ਲੇਖਕਾਂ ਸੰਗ

ਰਣਜੀਤ ਧੀਰ, ਉਹਨਾਂ ਦੀ ਪਤਨੀ, ਭਾਪਾ ਪ੍ਰੀਤਮ ਸਿੰਘ ਤੇ ਕਰਤਾਰ ਸਿੰਘ ਦੁੱਗਲ ਨਾਲ (1983, ਦਿੱਲੀ)

ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਸਮੇਂ ਸ.ਸ.ਮੀਸ਼ਾ, ਰਣਜੀਤ ਧੀਰ, ਸ਼ਰੀਫ਼ ਕੁੰਜਾਹੀ, ਗੁਲਜ਼ਾਰ ਸੰਧੂ ਅਤੇ ਕਰਨੈਲ ਸਿੱਧੂ

ਬਰਤਾਨੀਆ ਵਿੱਚ ਪੰਜਾਬੀ ਸਾਹਿਤ ਅਤੇ ਭਾਸ਼ਾ ਦੀ ਕੀ ਸਥਿਤੀ ਹੈ ਅਤੇ ਕੀ ਸਰਗਰਮੀਆਂ ਹਨ ? ਪੰਜਾਬੀ ਭਾਸ਼ਾ ਦਾ ਏਥੇ ਕੀ ਭਵਿੱਖ ਹੈ ?
ਪਿਛਲੀ ਸਦੀ ਦੇ ਸੱਠਵਿਆਂ ਤੋ ਲੈ ਕੇ ਸਦੀ ਦੇ ਅਖੀਰ ਤੱਕ ਇੱਥੇ ਬਹੁਤ ਸਰਗਰਮੀਆਂ ਸਨ। ਹਰ ਸ਼ਹਿਰ ਵਿੱਚ ਪ੍ਰਗਤੀਸ਼ੀਲ ਸਾਹਿਤ ਸਭਾ ਹੁੰਦੀ ਸੀ ਬਹੁਤ ਗੋਸ਼ਟੀਆਂ, ਕਾਨਫ਼ਰੰਸਾਂ, ਕਵੀ ਦਰਬਾਰ ਹੁੰਦੇ। ਪਰਚੇ ਪੜ੍ਹੇ ਜਾਂਦੇ, ਭਖਵੀਂਆਂ ਬਹਿਸਾਂ ਹੁੰਦੀਆਂ। ਸਾਹਿਤ ਸਭਾਵਾਂ ਦੀ ਆਪਣੀ ਸਿਆਸਤ ਖਹਿਬਾਜ਼ੀ ਵੀ ਚੱਲਦੀ। ਕਿਤਾਬਾਂ ਛਪਦੀਆਂ ਅਤੇ ਕਿਤਾਬਾਂ ਦੇ ਲੋਕ ਅਰਪਣ ਸਮਾਗਮ, ਪੰਜਾਬ ਵਾਂਗ ਸਬ ਕੁਝ ਹੁੰਦਾ। ਬਹੁਤ ਵਧੀਆ ਸਮਾਂ ਸੀ ਪਰ ਹੁਣ ਹਾਲਤ ਇਹ ਹੈ ਕਿ ਇਹਨਾਂ ਸਰਗਰਮੀਆਂ ਵਿੱਚ ਪੁਰਾਣੀ ਚੜ੍ਹਤ ਨਹੀਂ ਰਹੀ। ਬਹੁਤੇ ਪਰਚੇ ਬੰਦ ਹੋ ਚੁੱਕੇ ਹਨ ਬਹੁਤੇ ਪੁਰਾਣੇ ਲਿਖਾਰੀ ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ। ਪੰਜਾਬੀ ਭਾਸ਼ਾ ਦੀ ਤਰੱਕੀ ਵਾਲਾ ਮਾਡਲ ਕਾਮਯਾਬ ਨਹੀਂ ਹੋਇਆ। ਹੱਲਾਸ਼ੇਰੀ ਅਸੀਂ ਹੁਣ ਵੀ ਦਿੰਦੇ ਹਾਂ ਪਰ ਬਹੁਤੇ ਮਾਪਿਆਂ ਅਤੇ ਬੱਚਿਆਂ ਨੂੰ ਮਾਂ ਬੋਲੀ ਦੀ ਪੜ੍ਹਾਈ ਵੱਲ ਰੁਚਿਤ ਨਹੀਂ ਕਰ ਸਕੇ। ਮੈਂ ਸਮਝਦਾ ਹਾਂ ਕਿ ਪੰਜਾਬੀ ਨੂੰ ਇੱਥੇ ਮੁੱਖ ਧਾਰਾ ਭਾਸ਼ਾਵਾਂ ਦੀ ਪੜਾਈ ਨਾਲ ਜੋੜ ਕੇ ਹੀ ਉੱਨਤ ਕੀਤਾ ਜਾ ਸਕਦਾ ਹੈ। ਜਰਮਨ ਅਤੇ ਫਰਾਂਸੀਸੀ ਭਾਸ਼ਾਵਾਂ ਇੱਥੇ ਲੋਕ ਪੜ੍ਹਦੇ ਹਨ ਕਿਉਂਕਿ ਇਹਨਾਂ ਨੂੰ ਮੁੱਖ ਧਾਰਾ ਸਮਾਜ ਦੇ ਬੱਚੇ ਪੜ੍ਹਦੇ ਹਨ ਹਾਲਾਂ ਕਿ ਇਹਨਾਂ ਦੇਸ਼ਾਂ ਤੋਂ ਆਏ ਬੱਚਿਆ ਦੀ ਗਿਣਤੀ ਮਮੂਲੀ ਹੈ। ਦੂਜੇ ਪਾਸੇ ਬਰਤਾਨੀਆ ਵਿੱਚ ਤਕਰੀਬਨ ਛੇ ਲੱਖ ਪੰਜਾਬੀ ਰਹਿੰਦੇ ਹਨ ਅਤੇ ਇਹ ਗਿਣਤੀ ਜਰਮਨਾਂ ਅਤੇ ਫਰਾਂਸੀਸੀਆਂ ਨਾਲੋਂ ਕਿਤੇ ਵੱਧ ਹੈ ਪਰ ਸ਼ਾਇਦ ਇੱਕ ਵੀ ਅੰਗਰੇਜ਼ ਬੱਚਾ ਪੰਜਾਬੀ ਨਹੀਂ ਪੜ੍ਹਦਾ। ਲੋੜ ਹੈ, ਵਿਗਿਆਨ (Phonetics) ਦੀ ਪੂਰੀ ਯੋਗਤਾ ਅਨੁਸਾਰ ਪੰਜਾਬੀ ਨੂੰ ਜਰਮਨ, ਪੋਲਿਸ਼ ਅਤੇ ਰੂਸੀ ਭਾਸ਼ਾਵਾਂ ਦੇ ਬਰਾਬਰ ਪੇਸ਼ ਕਰ ਸਕੀਏ ਤਾਂ ਕਿ ਮੁੱਖ ਧਾਰਾ ਸਮਾਜ ਦੇ ਬੱਚੇ ਵੀ ਇਹਨੂੰ ਆਧੁਨਿਕ ਭਾਸ਼ਾਵਾਂ ਦੇ ਸਿਲੇਬਸ ਵਜੋਂ ਚੁਣ ਸਕਣ।

ਤੁਸੀਂ ਬਰਤਾਨੀਆ ਦੀ ਮੁੱਖ ਧਾਰਾ ਸਮਾਜ ਦੀ ਸਿਆਸਤ ਵਿੱਚ ਸਰਗਰਮ ਹੋ ਚਾਲੀ ਸਾਲਾਂ ਤੋ ਕੌਂਸਲਰ ਚੁਣੇ ਜਾਂਦੇ ਰਹੇ ਹੋ। ਮੇਅਰ ਅਤੇ ਜਸਟਿਸ ਆਫ਼ ਪੀਸ ਦੇ ਉੱਚੇ ਅਹੁਦਿਆਂ ਉੱਤੇ ਕੰਮ ਕਰ ਚੁੱਕੇ ਹੋ ਅਤੇ ਮਲਕਾ ਨੇ ਤੁਹਾਨੂੰ ਵੱਡੇ ਖ਼ਿਤਾਬ ਨਾਲ ਸਨਮਾਨਿਆ ਵੀ ਹੈ। ਤਜਰਬੇ ਦੇ ਆਧਾਰ ਤੇ ਤੁਹਾਡੇ ਵਿਚਾਰ ਵਿੱਚ ਭਾਰਤੀ ਆਵਾਸੀਆਂ ਦਾ ਕੀ ਭਵਿੱਖ ਹੈ।

ਰਣਜੀਤ ਧੀਰ ਮੇਅਰ ਵਜੋਂ ਭਾਸ਼ਣ ਸਮੇਂ।

ਬਰਤਾਨਵੀ ਸਾਮਰਾਜ ਦੀਆਂ ਬਸਤੀਆਂ ਵਿੱਚ ਮਜ਼ਦੂਰੀ ਅਤੇ ਦਰਮਿਆਨੇ ਦਰਜੇ ਦੀਆਂ ਪ੍ਰਸ਼ਾਸਕੀ ਨੌਕਰੀਆਂ ਖ਼ਾਤਰ ਭਾਰਤੀ ਆਵਾਸੀ ਤਕਰੀਬਨ 1870 ਦੇ ਸਮਿਆਂ ਤੋਂ, ਕੈਰੇਬੀਅਨ ਟਾਪੂਆਂ ਤੋਂ ਸ਼ੁਰੂ ਹੋ ਕੇ ਸਾਊਥ ਅਫ਼ਰੀਕਾ, ਕੀਨੀਆ, ਯੁਗਾਂਡਾ, ਨਾਈਜੀਰੀਆ, ਘਾਨਾ, ਸਿੰਘਾਪੁਰ, ਹਾਂਗਕਾਂਗ, ਚੀਨ, ਮੌਰੀਸ਼ਿਸ, ਇੰਡੋਨੇਸ਼ੀਆ, ਗਿਆਨਾ ਆਦਿ ਦੇਸ਼ਾਂ ਵਿੱਚ ਜਾ ਵਸੇ। ਉੱਥੇ ਹਰ ਮੁਲਕ ਵਿੱਚ ਇਹਨਾਂ ਨੇ ਚੰਗੀ ਚੋਖੀ ਤਰੱਕੀ ਕੀਤੀ, ਅਮੀਰ ਵਪਾਰੀ ਬਣੇ, ਛੋਟੇ ਦਰਜੇ ਦੀਆਂ ਨੌਕਰੀਆਂ ਤੋ ਸ਼ੁਰੂ ਹੋ ਕੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ। ਸਿਆਸਤ ਵਿੱਚ ਵੀ ਵਜ਼ੀਰ ਮਨਿਸਟਰ ਬਣੇ ਪਰ ਅਖੀਰ ਵਿੱਚ ਉਨ੍ਹਾਂ ਨੂੰ ਹਰ ਮੁਲਕ ਵਿੱਚੋਂ ਨਿਕਲਣਾ ਪਿਆ।

ਜਿਹੜੇ ਥੋੜ੍ਹੇ ਬਹੁਤੇ ਪਿੱਛੇ ਹਾਲੇ ਵੀ ਰਹਿੰਦੇ ਹਨ, ਉਨ੍ਹਾਂ ਖ਼ਿਲਾਫ਼ ਨਸਲੀ ਹਿੰਸਾ ਅਤੇ ਵਿਤਕਰਾ ਆਮ ਹੈ। ਇਹਦੇ ਦੋ ਕਾਰਨ ਹਨ ਪਹਿਲਾਂ ਇਹ ਕਿ ਉਹ ਬਰਤਾਨਵੀ ਸਾਮਰਾਜ ਦੀ ਧਿਰ ਬਣ ਕੇ ਗਏ ਸਨ ਅਤੇ ਉਨ੍ਹਾਂ ਨੂੰ ਵੀ ਲੁਟੇਰੀ ਧਿਰ ਸਮਝਿਆ ਜਾਂਦਾ ਸੀ। ਦੂਜਾ ਵੱਡਾ ਕਾਰਨ ਇਹ ਸੀ ਕਿ ਉਨ੍ਹਾਂ ਵੱਖ ਵੱਖ ਮੁਲਕਾਂ ਵਿੱਚ ਰਹਿੰਦਿਆਂ ਸਥਾਨਿਕ ਸਮਾਜਾਂ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਨਾ ਬਣਾਈ। ਬੇਗਾਨੇ ਦੇ ਬੇਗਾਨੇ ਬਣ ਕੇ ਰਹੇ। ਇਤਿਹਾਸ ਯਾਦ ਕਰਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਹੁਣ ਅਸੀਂ ਬਰਤਾਨੀਆ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਵੱਸੇ ਹਾਂ। ਜਦ ਅਸੀਂ ਆਏ ਸਾਂ ਤਾਂ ਨਸਲੀ ਵਿਤਕਰਾ ਏਨਾ ਜ਼ਿਆਦਾ ਸੀ ਕਿ ਅਖ਼ਬਾਰਾਂ ਵਿੱਚ ਘਰਾਂ ਅਤੇ ਨੌਕਰੀਆਂ ਦੇ ਇਸ਼ਤਿਹਾਰਾਂ ਵਿੱਚ ਲਿਖਿਆ ਹੁੰਦਾ ਸੀ “No coloured, no blacks and no dogs”! ਪਰ ਅੰਗਰੇਜ਼ ਸਮਾਜ ਦੀ ਤਾਰੀਫ਼ ਕਰਨੀ ਬਣਦੀ ਹੈ ਕਿ ਸਾਡੇ ਵਿੰਹਦਿਆਂ ਵਿਹੰਦਿਆਂ ਨਸਲੀ ਵਿਤਕਰੇ ਅਤੇ ਹਿੰਸਾ ਬਹੁਤ ਹੱਦ ਤੱਕ ਕੰਟਰੋਲ ਹੋ ਚੁੱਕੀ ਹੈ, ਬਿਲਕੁਲ ਖ਼ਤਮ ਨਹੀਂ ਹੋਈ ਪਰ ਸਖ਼ਤ ਕਾਨੂੰਨ ਬਣਾ ਕੇ ਅਤੇ ਲਾਗੂ ਕੀਤੇ ਜਾਣ ਨਾਲ ਸਾਡਾ ਜੀਵਨ ਇਹਨਾਂ ਮੁਲਕਾਂ ਵਿੱਚ ਬਹੁਤ ਸੌਖਾ ਹੈ। ਬਹੁਤੇ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਹ ਦੇਸ਼ ਤਾਂ ਸਵਰਗ ਹਨ। ਪਰ ਅਸੀਂ ਇਹਨਾਂ ਉਦਾਰਵਾਦੀ ਦੇਸ਼ਾਂ ਵਿੱਚ ਆ ਕੇ ਵੀ ਉਨ੍ਹਾਂ ਕਦਰਾਂ ਕੀਮਤਾਂ ਨੂੰ ਅਪਣਾਉਣ ਤੋਂ ਇਨਕਾਰੀ ਹਾਂ ਜਿਨ੍ਹਾਂ ਕਰਕੇ ਇਹ ਦੇਸ਼ ਸਵਰਗ ਬਣੇ ਹਨ। ਹੁਣ ਵਿਸ਼ਵ ਪੰਜਾਬੀ ਸਮਾਗਮਾਂ ਵਿੱਚ ਹਰ ਧਿਰ ਆਪਣੇ ਆਪਣੇ ਰਾਹ ਤੁਰ ਰਹੀ ਹੈ। ਹਰ ਧਿਰ ਕਹਿੰਦੀ ਹੈ ਕਿ ਅਸੀਂ, ਸਾਡਾ ਸਭਿਆਚਾਰ, ਧਰਮ ਸਭ ਕੁਝ ਸ੍ਰੇਸ਼ਠ ਹੈ। ਬਹੁਤੇ ਘੱਟ ਗਿਣਤੀ ਅਦਾਰੇ ਇਸ ਨਵੇਂ ਮਾਹੌਲ ਵਿੱਚ ਅਨੇਕਤਾ ਵਿੱਚ ਕੌਮੀ ਦੇਵਤਾ ਅਤੇ ਪਰਸਪਰ ਰਾਸ਼ਟਰੀ ਇਕਸਾਰਤਾ ਦੇ ਆਦਰਸ਼ਾਂ ਤੋ ਬੇਖ਼ਬਰ ਹਨ। ਇਸ ਕਰਕੇ ਬਾਹਰੋਂ ਭਾਵੇਂ ਸਭ ਠੀਕ ਠਾਕ ਚੱਲਦਾ ਲੱਗਦਾ ਹੈ, ਪਰ ਅੰਦਰੂਨੀ ਤੌਰ ਤੇ ਤਣਾਉ ਵਧ ਰਹੇ ਹਨ। ਬਰਤਾਨੀਆ ਸਮੇਤ ਸਾਰੇ ਯੂਰਪ ਵਿੱਚ ਆਵਾਸੀ ਵਿਰੋਧੀ ਭਾਵਨਾ ਬਹੁਤ ਵੱਧ ਰਹੀ ਹੈ। ਬਰਤਾਨੀਆ ਸਮੇਤ ਸਾਰੇ ਯੂਰਪ ਵਿੱਚ ਆਵਾਸੀ ਵਿਰੋਧੀ ਭਾਵਨਾ ਬਹੁਤ ਵੱਧ ਰਹੀ ਹੈ। ਮੇਰੇ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਸਾਨੂੰ ਗੰਭੀਰ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤੁਹਾਡੇ ਕੀ ਸ਼ੌਕ ਹਨ ? ਪਤਾ ਲੱਗਿਆ ਤੁਸੀਂ ਹਾਰਮੋਨੀਅਮ ਉੱਤੇ ਗੁਰਬਾਣੀ ਸ਼ਬਦਾਂ ਦਾ ਗਾਇਣ ਵੀ ਕਰ ਲੈਂਦੇ ਹੋ ?
ਅਸੀਂ ਛੇ ਭਰਾ ਹਾਂ ਪਰ ਰੱਬ ਨੇ ਸਾਨੂੰ ਭੈਣ ਕੋਈ ਨਾ ਦਿੱਤੀ । ਸਾਰੇ ਭਰਾਵਾਂ ਨੂੰ ਸੰਗੀਤ ਦਾ ਬੇਹੱਦ ਸ਼ੌਕ ਹੈ। ਛੋਟੇ ਦੋ ਭਾਈ ਤਾਂ ਵਧੀਆਂ ਸ਼ਾਸਤਰੀ ਰਾਗਾਂ ਦੇ ਧਨੀ ਹਨ । ਮੈਂ ਵੀ ਗੁਰਬਾਣੀ ਰਾਗਾਂ ਦੀ ਥੋੜ੍ਹੀ ਬਹੁਤੀ ਵਿੱਦਿਆ ਆਪਣੇ ਛੋਟੇ ਭਾਈ ਮਦਨ ਤੋਂ ਸਿੱਖੀ ਪਰ ਸੰਗੀਤ ਲਗਾਤਾਰ ਰਿਆਜ਼ ਮੰਗਦਾ ਹੈ। ਸਿਆਸੀ ਖੇਤਰ ਵਿੱਚ ਹੋਣ ਕਰਕੇ ਇਸ ਚੰਗੇ ਕੰਮ ਵਾਸਤੇ ਮੇਰੇ ਕੋਲ ਕਦੇ ਵੀ ਸਮਾਂ ਨਹੀਂ ਨਿਕਲਿਆ। ਹੁਣ ਤਾਂ ਬਹੁਤਾ ਭੁੱਲ ਭਲਾਈ ਗਿਆ ਹਾਂ, ਪਰ ਇੱਕ ਪੜਾਅ ਤੇ ਮੈਂ ਵਾਹਵਾ ਸ਼ਬਦ ਗਾਇਣ ਕਰ ਲੈਂਦਾ ਸੀ, ਮੈਨੂੰ ਦੂਰ ਦੁਰਾਡੇ ਦੇਸ਼ਾਂ ਵਿੱਚ ਸੈਰਾਂ ਦਾ ਬਹੁਤ ਸ਼ੌਕ ਹੈ। ਮੈਂ ਆਪਣੀ ਪਤਨੀ ਤੇ ਬੱਚਿਆਂ ਨਾਲ 61 ਦੇਸ਼ਾਂ ਵਿੱਚ ਜਾ ਚੁੱਕਿਆਂ ਹਾਂ। ਮੈਨੂੰ ਇੰਗਲੈਂਡ ਦੇ ਪਿੰਜੌਰ ਕਾਲਕਾ ਵਰਗੀਆਂ ਛੋਟੀਆਂ ਛੋਟੀਆਂ ਪਹਾੜੀਆਂ ਵਿੱਚ ਤੁਰਨ ਫਿਰਨ ਦਾ ਸ਼ੌਕ ਵੀ ਹੈ। ਲੰਡਨ ਤੋਂ ਥੋੜ੍ਹੀ ਦੂਰ ਭਰ ਬਾਕਸ ਹਿੱਲ ਵਰਗੀਆਂ ਪਹਾੜੀਆਂ ਦਾ ਚੱਪਾ ਚੱਪਾ ਮੈਂ ਗਾਹਿਆ ਹੋਇਆ ਹੈ। ਅੰਗਰੇਜ਼ ਖਾਣੇ ਖ਼ਾਸ ਕਰਕੇ ਮੇਰੇ ਬਣਾਏ ਬਰਤਾਨਵੀ ਨਾਸ਼ਤੇ ਦਾ ਕਈ ਦੋਸਤ ਸੁਆਦ ਲੈ ਚੁੱਕੇ ਹਨ। ਮੇਰੀ ਪਤਨੀ ਨੂੰ ਮੇਰੇ ਖਾਣੇ ਬਹੁਤ ਸਵਾਦੀ ਲੱਗਦੇ ਹਨ ਅੰਗੂਰਾਂ ਤੋਂ ਬਣੀ ਵਾਈਨ ਬਾਰੇ ਦੋਸਤ ਸਲਾਹ ਮਸ਼ਵਰਾ ਮੇਰੇ ਕੋਲੋਂ ਲੈਂਦੇ ਹਨ।

ਤੁਸੀਂ ਆਪਣੇ ਸਫ਼ਰਨਾਮਿਆਂ ਬਾਰੇ ਵੀ ਕੁਝ ਦੱਸੋ।
ਵੇਖ ਲਉ, ਕਿੱਥੋਂ ਭਾਈ ਭਗਤੇ ਤੋਂ ਤੁਰ ਕੇ ਮੋਗੇ, ਚੰਡੀਗੜ੍ਹ ਅਤੇ ਮੁਕਤਸਰ ਵਿੱਚ ਦੀ ਹੁੰਦਾ ਮੈਂ ਦੁਨੀਆ ਦੇ ਚਹੁੰ ਕੋਨਿਆਂ ਵਿੱਚ ਤੁਰ ਫਿਰ ਚੁੱਕਿਆ ਹਾਂ। ਮੇਰੇ ਮਾਤਾ ਜੀ ਕਿਹਾ ਕਰਦੇ ਸਨ ਜੀਤਿਆ, ਤੇਰੇ ਪੈਰਾਂ ਵਿੱਚ ਕੋਈ ਚੱਕਰ ਹੈ, ਤੂੰ ਕਦੇ ਕਿਤੇ ਤੇ ਕਦੇ ਹੋਰ ਥਾਂ ਬੱਸ ਤੁਰਿਆ ਹੀ ਰਹਿਨੈ। ਇਹ ਗੱਲ ਸੱਚੀ ਹੀ ਸਾਬਤ ਹੋਈ। ਦੁਨੀਆ ਦੇ ਧੁਰ ਉੱਤਰੀ ਧਰੁਵ ਲਾਗੇ ਆਈਸਲੈਂਡ ਤੋ ਹੇਠਾਂ ਧੁਰ ਦੱਖਣ ਵਿੱਚ ਸਾਊਥ ਅਫ਼ਰੀਕਾ, ਪੱਛਮ ਵਿੱਚ ਅਮਰੀਕਾ – ਕਨੇਡਾ – ਕਿਊਬਾ ਤੋਂ ਲੈ ਕੇ ਧੁਰ ਪੂਰਬ ਵਿੱਚ ਆਸਟ੍ਰੇਲੀਆ – ਨਿਊਜੀਲੈਡ, ਰੂਸ, ਚੀਨ ਸਾਰਾ ਯੂਰਪ, ਜਿਬਰਾਲਟਰ, ਇਜ਼ਰਾਈਲ ਵਰਗੇ ਦੇਸਾਂ ਵਿੱਚ ਜਾ ਆਇਆ ਹਾਂ। ਭਾਰਤ ਛੱਡ ਕੇ ਬਹੁਤ ਉਦਰੇਵੇਂ ਤੇ ਮੁਸ਼ਕਲਾਂ ਕੱਟੀਆਂ, ਕਈ ਕੁਝ ਹੋਰ ਖੱਟਿਆ ਕਮਾਇਆ। ਪਰ ਦੂਰ ਦੁਰਾਡੇ ਦੇਸਾਂ ਵਿੱਚ ਜਾ ਸਕਣ ਦਾ ਮੌਕਾ ਇਸ ਸਾਕੇ ਦਾ ਮੇਰੇ ਵਾਸਤੇ ਸਭ ਤੋ ਵੱਡਾ ਹਾਸਲ ਹੈ। ਇਨ੍ਹਾਂ ਸੈਰਾਂ ਨੇ ਮੈਨੂੰ ਦੁਨੀਆ ਦੇ ਇਤਿਹਾਸ, ਜੁਗਰਾਫ਼ੀਏ ਅਤੇ ਵੱਖ ਵੱਖ ਦੇਸਾਂ, ਮਹਾਂਦੀਪਾਂ ਦੇ ਪਰਸਪਰ ਸਬੰਧਾਂ ਬਾਰੇ ਬਹੁਤ ਕੁਝ ਸਿਖਾਇਆ ਹੈ। ਮੇਰੀਆਂ ਪੰਜੇ ਪੁਸਤਕਾਂ ਵਿੱਚ ਇਨ੍ਹਾਂ ਸਫ਼ਰਾਂ ਦੇ ਵਰਣਨ ਹਨ। ਪਰ ਹੁਣ ਮੈ ਦੋ ਪੁਸਤਕਾਂ ਮੇਰੀਆਂ ਚੋਣਵੀਂਆਂ ਯਾਤਰਾਵਾਂ ਦੇ ਨਾ ਹੇਠ ਛਪਵਾ ਰਿਹਾ ਹਾਂ।

ਤੁਸੀਂ 55 ਸਾਲਾਂ ਤੋਂ ਆਪਣੀ ਜੰਮਣ ਭੋਇ ਤੋਂ ਦੂਰ ਬਿਤਾਏ ਹਨ। ਕੀ ਆਪਣਾ ਦੇਸ਼ ਹੁਣ ਭੁੱਲ ਗਿਆ ਹੈ?
ਨਹੀਂ, ਇਹ ਗੱਲ ਨਹੀਂ। ਦੇਸ਼ ਦਾ ਮੋਹ ਸਗੋਂ ਸਮਾਂ ਪੈਣ ਨਾਲ ਹੋਰ ਵੀ ਤੀਬਰ ਹੈ, ਕਿਉਂਕਿ ਹੁਣ ਸਬ ਉਹ ਮਸਲੇ ਹੱਲ ਹੋ ਚੁੱਕੇ ਹਨ ਜਿਨ੍ਹਾਂ ਕਰਕੇ ਪਰਦੇਸੀ ਹੋਏ ਸੀ। ਪੈਸੇ ਦਾ ਕੋਈ ਮਸਲਾ ਨਹੀਂ। ਤਾਂਹੀਓਂ ਆਪਣੇ ਆਪ ਤੇ ਖਿੱਝ ਆਉਂਦੀ ਹੈ ਤੇ ਦਿਲ ਪੁੱਛਦਾ ਹੈ ਕਿ ਹੁਣ ਕਿਉਂ ਨਹੀਂ ਵਾਪਸ ਜਾਂਦੇ? ਪਰ ਦਿਮਾਗ਼ ਦਲੀਲ ਦਿੰਦਾ ਹੈ ਕਿ ਭਾਈ ਹੁਣ ਹਾਲਾਤ ਬਦਲ ਗਏ ਹਨ। ਹੁਣ ਬੱਚੇ ਵਲੈਤ, ਪੋਤੇ, ਪੋਤੀਆਂ, ਦੋਹਤੇ, ਦੋਹਤੀਆਂ ਸਬ ਕੁਝ ਵਲੈਤ ਵਿੱਚ ਸਬ ਕੁਝ ਪਿੱਛੇ ਛੱਡ ਕੇ ਇੱਕ ਵਾਰ ਫੇਰ ਇਕੱਲੇ ਰਿਫ਼ਿਊਜੀ ਬਣਨੈ ਮਸਲਾ ਅਸਲੀ ਹੁਣ ਇਸ ਨਵੀਂ ਦੁਚਿੱਤੀ ਦਾ ਹੈ।

1. ਇਸ ਮੁਲਾਕਾਤ ਦੇ ਲਿਖਾਰੀ ਤੇ ਛਪਣ ਤੱਕ ਰਣਜੀਤ ਧੀਰ ਦੀ ਛੇਵੀਂ ਕਿਤਾਬ ਛਾਪ ਚੁੱਕੀ ਹੈ – ਦੂਰ ਦੁਰਾਡੇ ਦੇਸ਼ਾਂ ਵਿਚ ਮੇਰੀਆਂ ਚੋਣਵੀਂਆਂ ਯਾਤਰਾਵਾਂ (ਭਾਗ -ਪਹਿਲਾ)

***
844
***

About the author

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ