28 March 2024

ਅੱਠ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)

1. ਜੀਵਨ ‘ਚ ਮੇਰੇ ਅਜਕਲ ਆਇਆ ਭੁਚਾਲ ਰਹਿੰਦੈ॥
(SSI. SISS . SSI .SISS)

o ਗ਼ ਜ਼ ਲ

ਜੀਵਨ ‘ਚ ਮੇਰੇ ਅਜਕਲ ਆਇਆ ਭੁਚਾਲ ਰਹਿੰਦੈ॥
ਧਰਤੀ ਦਾ ਪਾੜ ਸੀਨਾ ਪਾਉਂਦਾ ਧਮਾਲ ਰਹਿੰਦੈ॥

ਰਾਤੀਂ ਨਾ ਨੀਂਦ ਆਵੇ ਮਿਲਦਾ ਨਾ ਚੈਨ ਦਿਨ ਨੂੰ,
ਉਪਰਾਮਤਾ ਦਾ ਸਾਯਾ ਮੇਰੇ ਨਾਲ-ਨਾਲ ਹਹਿੰਦੈ॥

ਖ਼ਬਰਾਂ ਉਦਾਸ ਆਵਣ ਹਰ ਪਾਸਿਓਂ ਹੀ ਯਾਰੋ,
ਅਖ਼ਬਾਰ ਮੀਡੀਆ ਹਰ ਕਰਦਾ ਨਿਢਾਲ ਰਹਿੰਦੈ॥

ਭਾਅ ਦੀ ਬਣੀ ਹੈ ਸਭ ‘ਤੇ ਪਰਜਾ ਹੈ ਧਰਨਿਆਂ ‘ਤੇ,
ਹਾਕਮ ਅਸਾਡਾ ਫਿਰ ਵੀ ਚਲਦਾ ਹੀ ਚਾਲ ਰਹਿੰਦੈ॥

ਭਾਣੇਂ ਉਦ੍ਹੇ ਨੂੰ ਮੰਨ ਕੇ ਸੰਸਾਰ  ਜੀ ਰਿਹਾ ਏ,
ਕਰ ਕੋਸ਼ਿਸ਼ਾਂ ਰਿਦੇ ਨੂੰ ਕਰਦਾ ਵਿਸ਼ਾਲ ਰਹਿੰਦੈ॥

ਸ਼ਾਇਰ ਉਹ ਕੀ ‘ਅਜੀਬਾ’ ਜੋ ਅਸ਼ਕ ਨਾ ਵਹਾਏ,
ਗੰਗਾ ‘ਚ ਮੁਰਦਿਆਂ ਨੂੰ ਤਕ ਮਨ ਨਿਢਾਲ ਰਹਿੰਦੈ॥

ਤੇਰੀ ਗ਼ਜ਼ਲ ‘ਅਜੀਬਾ’ ਚਾਨਣ ਮੁਨਾਰਿਆਂ ਦਾ,
ਹਰ ਸ਼ਿਅਰ ਵਿਚ ਗ਼ਜ਼ਲ ਦੇ ਬਲ ਕੇ ਮਸ਼ਾਲ ਰਹਿੰਦੈ॥
01.06.2021
**
2. ਦਿਲ ਖ਼ੁਸ਼ ਹੈ ਆਪ ਆਏ ਮੇਰੇ ਗ਼ਰੀਬ-ਖ਼ਾਨੇ॥
(SSI.SISS.SSI.SISS)

੦ ਗ਼ ਜ਼ ਲ

ਦਿਲ   ਖ਼ੁਸ਼  ਹੈ  ਆਪ  ਆਏ  ਮੇਰੇ  ਗ਼ਰੀਬ-ਖ਼ਾਨੇ॥
ਰਬ   ਮੇਲ    ਅਜ   ਮਿਲਾਏ  ਮੇਰੇ   ਗ਼ਰੀਬ-ਖ਼ਾਨੇ॥

ਕਲੀਆਂ  ਨੇ  ਝੁੰਡ  ਖੋਲ੍ਹੇ  ਭੰਵਰੇ  ਮਨਾਉਣ ਖ਼ੁਸ਼ੀਆਂ,
ਮੌਸਮ   ਨੇ   ਫੁਲ   ਖਿਲਾਏ   ਮੇਰੇ   ਗ਼ਰੀਬ-ਖ਼ਾਨੇ॥

ਚੰਨ-ਚਾਰ ਲਗ ਗਏ ਨੇ ਘਰ  ਦੇ  ਨਸੀਬ  ਨੂੰ ਅਜ,
ਮਨ   ਖ਼ੁਸ਼   ਹੈ   ਤਿਲਮਿਲਾਏ  ਮੇਰੇ ਗ਼ਰੀਬ-ਖ਼ਾਨੇ॥

ਛਾਇਆ ਸੀ ਸੋਗ  ਜਿਸ ਥਾਂ •ਕੋਰੋਨਿਆਂ ਦੇ ਕਾਰਨ,
ਸਾਰੇ    ਹੀ    ਮੁਸਕਰਾਏ    ਮੇਰੇ     ਗ਼ਰੀਬ-ਖ਼ਾਨੇ॥

ਕਹਿਣੇ ਨੂੰ ਅਜ ਗ਼ਜ਼ਲ ਇਹ ‘ਗੁਰਸ਼ਰਨ’ ਮਨ ਬਣਾਇਆ,
ਅਸ਼ਿਆਰ   ਉਤਰ   ਆਏ   ਮੇਰੇ    ਗ਼ਰੀਬ-ਖ਼ਾਨੇ॥

ਖ਼ੁਸ਼ੀਆਂ ਦਾ ਅਜ ਦਿਹਾੜਾ ਖ਼ੁਸ਼ੀਆਂ  ਮਨਾ ‘ਅਜੀਬਾ’,
ਕੌਈ   ਨੀਰ   ਨਾ   ਵਹਾਏ   ਮੇਰੇ    ਗ਼ਰੀਬ-ਖ਼ਾਨੇ॥
28.05.2021
**

3. ਜਾਗਦੇ ਰਹਿਣਾ ਹਨੇਰੀ ਰਾਤ ਹੈ॥
SISS.SISS.SIS.

੦ ਗ਼ ਜ਼ ਲ

ਜਾਗਦੇ   ਰਹਿਣਾ   ਹਨੇਰੀ    ਰਾਤ   ਹੈ॥
ਚੜ੍ਹਣ  ਵਾਲੀ  ਜਲਦ  ਸ਼ੁਭ-ਪ੍ਰਭਾਤ   ਹੈ॥

ਹਰ   ਪਰਾਣੀ   ਤੰਗ    ਹੈ   ਹਾਲਾਤ   ਤੋਂ,
ਹੋ ਰਿਹਾ  ਜੀਵਨ  ਦਾ  ਆਤਮਘਾਤ  ਹੈ॥

ਵਾਂਗ  ਖੁੰਬਾਂ  ਦਿਸਦੀਆਂ   ਲੋਥਾਂ  ਤਮਾਮ,
ਸੋਗ ਵਿਚ ਗੰਗਾ ਦਾ ਤਟ ਦਿਨ ਰਾਤ ਹੈ॥

ਰੌਣਕਾਂ  ਸ਼ਮਸ਼ਾਨ   ਅੰਦਰ   ਅਰਥੀਆਂ,
ਆ ਰਹੀ ਮਰਗਾਂ ਦੀ ਨਿੱਤ ਬਾਰਾਤ  ਹੈ॥

ਮੌਤ ਬਿਨ ਕੋਈ  ਖ਼ਬਰ  ਨਾ  ਆ  ਰਹੀ,
ਜਾਣ ਨੂੰ ਮੰਨਦੀ ਨਾ ਰੁਤ  ਕਮਜ਼ਾਤ  ਹੈ॥

ਬਿਨ ਦੁਆ ਦੇ ਹੋਰ ਕੋਈ  ਚਾਰਾ  ਨਹੀਂ,
ਕਰ ਸਕਾਂ ਹੱਲ ਮੇਰੀ ਕੀ  ਔਕਾਤ ਹੈ ॥

ਜੀਣ ਦਾ ਕੋਈ ਹੱਜ ਨਾ, ਨਾ ਚਾਅ ਕੁਈ,
ਅਣਸੁਖਾਵਾਂ  ਹਰ  ਤਰਫ਼  ਹਾਲਾਤ  ਹੈ॥

ਕੀ ਬਣੂੰ ‘ਗੁਰਸ਼ਰਨ’ ਇਸ  ਸੰਸਾਰ  ਦਾ,
ਹੋ ਰਹੀ  ਦੁੱਖਾਂ ਦੀ ਨਿਤ  ਬਰਸਾਤ  ਹੈ॥
25.05.2021
**

4. ਬਹਾਰੋ ਗੁਣਗੁਣਾਓ ਗੀਤ ਮੇਰਾ ਮੀਤ ਆਇਆ ਹੈ॥
(ISSS. ISSS. ISSS. ISSS)

੦ ਗ਼ ਜ਼ ਲ

ਬਹਾਰੋ ਗੁਣਗੁਣਾਓ ਗੀਤ ਮੇਰਾ ਮੀਤ ਆਇਆ ਹੈ॥
ਕਿ ਮੇਰਾ ਮੀਤ ਆਇਆ ਹੈ ਮਧੁਰ ਸੰਗੀਤ ਆਇਆ ਹੈ॥

ਝੜੀ ਭਾਂਵੇਂ ਨਾ ਲੱਗੀ ਸੌਣ ਦੀ ਤਾਂ ਫੇਰ ਕੀ ਹੋਇਐ?,
ਕਿ ਵਾਤਾਵਰਨ ਹੈ ਪੁਰ-ਸੀਤ ਮੇਰਾ ਮੀਤ ਆਇਆ ਹੈ॥

ਕਰੇ ਦਿਲ ਕਹਿ ਦਿਆਂ ਹੁਣ ਅਲਵਿਦਾ ਅਪਣੀ  ਸ਼ਰਾਫ਼ਤ  ਨੂੰ,
ਬਦਲ ਜਾਵੇ ਨਾ ਰੱਬਾ ਨੀਤ ਮੇਰਾ ਮੀਤ ਆਇਆ ਹੈ॥

ਚਮਨ ਦੇ ਪੌਦਿਆਂ ਦੇ ਚਿਹਰਿਆਂ ‘ਤੇ ਟਪਕਦੀ ਲਾਲੀ,
ਹੈ ਪੌਣਾਂ ਵਿਚ ਪਵਨ-ਸੰਗੀਤ ਮੇਰਾ ਮੀਤ ਆਇਆ ਹੈ॥

ਸੁਬ੍ਹਾ ਸੁੰਦਰ ਸੁਹਾਨੀ ਦੇ ਚਮਕਦੈ ਨੂਰ ਚਿਹਰੇ ‘ਤੇ,
ਨਾ ਕੋਈ ਸ਼ਾਖ਼ ਰੁਖ ਭੈਭੀਤ ਮੇਰਾ ਮੀਤ ਆਇਆ ਹੈ॥

ਕਹੇ ‘ਗੁਰਸ਼ਰਨ’ ਗ਼ਜ਼ਲਾਂ ਗੀਤ ਤੇਰੇ ਆਣ ‘ਤੇ ਹਮਦਮ,
ਫ਼ਿਜ਼ਾਵਾਂ ਗੁਣਗੁਣਾਵਣ ਗੀਤ ਮੇਰਾ ਮੀਤ ਆਇਆ ਹੈ॥

‘ਅਜੀਬਾ’ ਆਖ ਜੀ ਆਇਆਂ ਨੂੰ! ਦਿਲ ‘ਚੋਂ ਕਰ ਸਵਾਗਤ ਵੀ,
ਜੋ ਕਰਨਾ ਕਰ ਹੋ ਕੇ  ਸੁਰਜੀਤ ਮੇਰਾ ਮੀਤ ਆਇਆ ਹੈ॥

ਭੁਲਾ ਮਸਰੂਫ਼ੀਆਂ ਕਰ ਲੈ ‘ਅਜੀਬਾ’ ਪਿਆਰ ਜੇ ਕਰਨਾ,
ਸਮਾਂ ਜਾਵੇ ਨਾ ਸੁੰਦਰ ਬੀਤ ਮੇਰਾ ਮੀਤ ਆਇਆ ਹੈ॥
**

5. ਬੜਾ ਬੇਜ਼ਾਰ ਹੈ ਮੌਸਮ ਦਿਲੇ-ਦਿਲਦਾਰ ਆ ਜਾਵੋ!
(ISSSx4)

੦ ਗ਼ ਜ਼ ਲ

ਬੜਾ  ਬੇਜ਼ਾਰ  ਹੈ ਮੌਸਮ ਦਿਲੇ-ਦਿਲਦਾਰ   ਆ  ਜਾਵੋ॥
ਕਿ ਮੇਰਾ ਦਿਲ ਨਹੀਂ ਲਗਦਾ ਗੁਲੇ-ਗੁਲਜ਼ਾਰ ਆ ਜਾਵੋ॥

ਗ਼ਮਾਂ  ਨੇ ਮਾਰ ਸੁੱਟਿਆ ਹੈ, ਰਹੇ ਉਪਰਾਮ ਇਹ ਮਨਵਾ,
ਸਕੂੰਨੇ-ਦਿਲ  ਦੀ ਖ਼ਾਤਰ ਐ ਮਿਰੀ ਸਰਕਾਰ ਆ ਜਾਵੋ॥

ਖ਼ਿਆਲੇ-ਯਾਰ ਵਿਚ ਖੋਇਆ ਸਦਾ ਮਨ ਚਿਤ ਮਿਰਾ  ਰਹਿੰਦੈ,
ਮਿਰੇ ਹਮਦਮ ਮਿਰੇ ਦਿਲਬਰ ਖ਼ਿਆਲੇ-ਯਾਰ ਆ ਜਾਵੋ॥

ਸਮਾਂ  ਨਾਜ਼ੁਕ  ਘੜੀ  ਔਖੀ  ਕਿਸੇ ‘ਤੇ  ਨਾ  ਕਦੇ  ਆਵੇ,
ਕਿ ਦੂਰੀ ਵਾਲੜਾ ਸਾਗਰ  ਤੁਸੀਂ  ਕਰ ਪਾਰ ਆ  ਜਾਵੋ॥

ਬੜਾ ਮਿਲਣੇ ਨੂੰ ਮਨ ਲੋਚੇ ਗਲੇ ਲਾਵਣ ਨੂੰ ਦਿਲ ਕਰਦੈ,
ਕਿ ਬਾਹਾਂ ਖੁੱਲ੍ਹੀਆਂ ਦਾ ਯਾਰ ਲੈ ਕੇ ਹਾਰ ਆ ਜਾਵੋ॥

ਬਿਨਾਂ ਉਪਕਾਰ ਤੇਰੇ ਦੇ ਨਹੀਂ ਕੁਝ ਸੌਰਣਾ ਸਾਡਾ,
ਰਤਾ ਲਾਚਾਰ ਮਨ ‘ਤੇ ਕਰਨ ਨੂੰ ਉਪਕਾਰ ਆ ਜਾਵੋ॥

ਕਿ ਅਜ਼ਲਾਂ ਤੋਂ ਤੁਹਾਡੀ ਦੀਦ ਦੇ ਦੀਦਾਰ ਨਾ ਹੋਏ,
ਦਿਖਾਵਣ ਨੂੰ ਹਸੀਂ ਚੰਨ-ਪੁਰਨਮੀ-ਰੁਖ਼ਸਾਰ ਆ ਜਾਵੋ॥

ਮੁਹੱਬਤ ਬਿਨ ‘ਅਜੀਬਾ’ ਜੀਵਣਾ ਵੀ ਜੀਵਣਾ ਕਾਹਦਾ,
ਸਦਾ ਰਲ ਨਾਲ ਰਹਿਣੇ ਦਾ ਕਰਨ ਇਕਰਾਰ ਆ ਜਾਵੋ॥
20.05.2021
**

6. ਕੀ ਹੋ ਰਿਹਾ ਏ? ਜਗ ਤੋਂ ਵਿਦਵਾਨ ਜਾ ਰਹੇ ਨੇ
(SSI + SISS x 2)

o ਗ਼ ਜ਼ ਲ

ਕੀ ਹੋ ਰਿਹਾ ਏ? ਜਗ ਤੋਂ ਵਿਦਵਾਨ  ਜਾ ਰਹੇ ਨੇ॥
ਕਾਬਲ ਅਦੀਬ ਸ਼ਾਇਰ ਇਨਸਾਨ  ਜਾ ਰਹੇ  ਨੇ॥

•ਸਾਥੀ ਤੇ •ਕਾਲੜਾ ਜੀ ਕਲ੍ਹ ਹੀ ਅਜੇ  ਗਏ  ਹਨ,
ਨਿਸ ਦਿਨ ਅਜ਼ੀਮ ਉੱਤਮ ਕਪਤਾਨ ਜਾ ਰਹੇ ਨੇ॥

ਮਰਗਾਂ ਦੀ  ਜਾਪਦਾ  ਹੈ ਰੁਤ  ਆ  ਗਈ  ਬਸੰਤੀ,
ਬਿਨ ਕੱਫ਼ਣੋਂ ਹੀ ਜਗ ਤੋਂ  ਇਨਸਾਨ ਜਾ  ਰਹੇ ਨੇ॥

ਘੇਰੇ    ਕਰੋਨੇ   ਅਜਕਲ   ਬੱਚੇ   ਜਵਾਨ   ਬੁੱਢੇ,
ਡਾਕਟਰ ਮਰੀਜ਼ ਨਰਸਾਂ ਦਰਬਾਨ ਜਾ ਰਹੇ  ਨੇ॥

ਮੌਲ਼ਾ ਮਿਰੇ ਨਾ ਕਰ ਇੰਝ ਤੂੰ ਹਾਲ ਇਸ ਖ਼ਲਕ ਦਾ,
ਕਰ ਬੰਦ ਜ਼ੁਲਮ ਘਾਤਕ ਜਜਮਾਨ  ਜਾ ਰਹੇ  ਨੇ॥

ਸਹਿਮੇ ਡਰੇ ਨੇ ਲੋਕੀਂ ਸੁੱਝਦਾ  ਨਹੀਂ  ਹੈ  ਕੁਝ  ਵੀ,
ਮਰਦੇ ਹੀ ਰੋਜ਼ ਸਭ  ਦੇ ਅਰਮਾਨ  ਜਾ  ਰਹੇ  ਨੇ॥

ਚੱਲੇ ਨਾ ਪੇਸ਼ ਸਭ  ਦੀ  ਡਰਿਆ ਅਵਾਮ ਰਹਿੰਦੈ,
ਕਾਮੇ ਕਿਸਾਨ ਕਿਰਤੀ  ਭਲਵਾਨ  ਜਾ  ਰਹੇ  ਨੇ॥

ਆਖੇ   ‘ਅਜੀਬ’   ਤੈਨੂੰ   ਰੱਬਾ   ਬਚਾ    ਲੁਕਾਈ,
ਘਰ ਘਰ ‘ਚੋਂ ਮਾਲਕ ਘਰ ਦੇ ਮਹਿਮਾਨ ਜਾ ਰਹੇ ਨੇ॥

• ਸਾਥੀ: ਗ਼ਜ਼ਲਗੋ ਮਹਿੰਦਰ ਸਾਥੀ
• ਕਾਲੜਾ: ਗ਼ਜ਼ਲਗੋ ਪਰਿੰਸੀਪਲ ਕਰਤਾਰ ਸਿੰਘ ਕਾਲੜਾ

19.05.2021
**
7. ਸਾਫ਼ ਕਰਾਈ ਗੰਗਾ ਦੇ ਵਿਚ ਲਾਸ਼ਾਂ ਦਾ ਸ਼ਮਸ਼ਾਨ ਦਿਖੇ
(SSx7)

o ਗ਼ ਜ਼ ਲ

ਸਾਫ਼ ਕਰਾਈ ਗੰਗਾ ਦੇ ਵਿਚ ਲਾਸ਼ਾਂ ਦਾ ਸ਼ਮਸ਼ਾਨ ਦਿਖੇ॥
ਹਰ ਇਕ ਲਾਸ਼ ਵਿਕਾਸ ਤਿਰੇ ਦੀ ਹਾਲਤ ਕਰਦੀ ਬਿਆਨ ਦਿਖੇ॥

ਨਾ ਕੋਈ ਤੇਰੀ ਟਿੱਪਣੀ ਕਰਦੈ ਨਾ ਕੋਈ ਤੈਨੂੰ ਦਿੰਦੈ ਮੱਤ,
ਟੋਲੀ ਤੇਰੀ ਦੇ ਵਿਚ ਸ਼ਾਮਲ ਯੋਗੀ ਸੰਤ ਮਹਾਨ ਦਿਖੇ॥

“ਬੇਟੀ ਬਚਾਓ ਬੇਟੀ ਪੜ੍ਹਾਓ” ਨਾਹਰਾ ਸੁਣ ਸੁਣ ਥੱਕ ਗਏ ਹਾਂ,
ਵਿੱਚ ਅਸਲ ਦੇ ਔਰਤ ਨੂੰ ਨਾ ਮਿਲਦਾ ਕੋਈ ਸਨਮਾਨ ਦਿਖੇ॥

ਮੰਗ ਰਿਹਾ ਜੋ ਸੜਕੀਂ ਬਹਿ ਕੇ ਰਦ ਕਰਨ ਨੂੰ ਕਾਲੇ ਕਾਨੂੰਅ,
ਡਟਿਆ ਹੱਕਾਂ ਖ਼ਾਤਰ ਬੈਠਾ ਧਰਨੇ ‘ਤੇ ਕਿਰਸਾਨ ਦਿਖੇ॥

ਤੇਰੀ ਨਜ਼ਰ ‘ਚ ਭਾਵੇਂ ਹੋਸਣ ਲੋਕ ਮਕੌੜੇ ਕੀੜੇ ਆਦਿ,
ਪਰ ਸਾਨੂੰ ਬਾਸ਼ਿੰਦਾ ਹਿੰਦ ਦਾ ਹਰ ਇਕ ਹੀ ਮੁਲਵਾਨ
ਦਿਖੇ॥

ਤੇਰੇ ਲਈ ਕੋਈ ਹਿੰਦੂੂ ਮੁਸਲਿਮ ਸਿੱਖ ਇਸਾਈ ਹੋ ਸਕਦੈ,
ਸਾਨੂੰ ਤਾਂ ਹਰ ਬੰਦੇ ਵਿੱਚੋਂ ਰੱਬ ਖ਼ੁਦਾ ਭਗਵਾਨ ਦਿਖੇ॥

ਪੱਪੂ ਲਗਦੈ ਲੋਕਾਂ ਨੂੰ ਪਹਿਣ ਕਮੀਜ਼ ਪਜਾਮਾ ਉਹ,
ਕੱਖਪਤੀ ਤੋਂ ਅਰਬਪਤੀ ਜੋ ਬਣਿਆ ਸਿਆਸਤਦਾਨ ਦਿਖੇ॥

ਲੋਕ ਮਰੀਵਣ ਸੰਗ ਕਰੋਨੇ ਹਾਕਮ ਨੂੰ ਕੋਈ ਫ਼ਿਕਰ ਨਹੀ,
‘ਗੁਰਸ਼ਰਨਾ’ ਉਹ ਥਾਂ ਥਾਂ ਉੁੱਤੇ ਕਰਵਾਉਂਦਾ ਮਤਦਾਨ ਦਿਖੇ॥

ਸ਼ਬਦ ਹਰੇਕ ਹੀ ਮੋਤੀ ਹੁੰਦਾ ਸਤਰ ‘ਅਜੀਬਾ’ ਗਾਨੀ,
ਸ਼ਾਇਰ ਨੂੰ ਹਰ ਸ਼ਿਅਰ ਗ਼ਜ਼ਲ ਦਾ ਹੀਰਾ ਰਤਨ ਸਮਾਨ  ਦਿਖੇ॥
17.05.2021
**
ਗੁਜਰਾਂਵਾਲੇ ਪੈਦਾ ਹੋਇਆਂ ਪਲਿਆਂ ਵਿਚ ਫਗਵਾੜੇ॥
(SSx7

8. ਗ਼ ਜ਼ ਲ 

ਗੁਜਰਾਂਵਾਲੇ ਪੈਦਾ ਹੋਇਆਂ ਪਲਿਆਂ ਵਿਚ ਫਗਵਾੜੇ॥
ਵਿੱਚ ਵਲਾਇਤ  ਕੱਟ ਰਹੇ ਹਾਂ ਕੁਝ ਚੰਗੇ  ਦਿਨ ਮਾੜੇ॥

ਤਿੰਨ ਮੁਲਕਾਂ ਦਾ  ਪਾਣੀ ਪੀ ਕੇ ਆਪਾਂ ਉਮਰ ਗੁਜ਼ਾਰੀ,
ਭਾਰਤ ਪਾਕ ਯੂਨਾਈਟਿਡ ਕਿੰਗਡਮ ਮੇਰੇ ਘੋਲ-ਅਖਾੜੇ॥

ਕਾਸ਼ ਕਿ  ਤਿੰਨੋਂ ਦੇਸ਼ ਇਹ ਮੇਰੇ  ਇੱਕੋ  ਹੀ ਹੋ ਜਾਵਣ,
ਆਪਸ ਵਿਚ ਰਲ  ਮਿਲ ਕੇ  ਰਹੀਏ ਛਡ-ਛੁਡ ਚੀਕ ਚਿਹਾੜੇ॥

ਮਾਰ   ਕਰੋਨੇ  ਐਸੀ  ਦਿੱਤੀ  ਨਾਨੀ  ਯਾਦ  ਕਰਾਈ,
ਅਪਣੇ ਘਰ ਵਿਚ ਕੈਦੀ  ਹੋਏ ਜ਼ਿਹਨੋਂ ਖ਼ੂਬ ਲਿਤਾੜੇ॥

ਖਾਧਾ  ਪੀਤਾ   ਸੁੱਤੇ   ਉੱਠੇ   ਉਠ   ਦੁਬਾਰਾ   ਖਾਧਾ,
ਆਲਸ  ਦੇ  ਪਸਲੇਟੇ  ਮਾਰੇ!  ਮਾਰੇ  ਖ਼ੂਬ  ਘੁਰਾੜੇ॥

ਸਾਲ  ਬਵੰਜਾ ਦਾ ਬਨਵਾਸਾ ਕੱਟ  ਲਿਆ  ਹੈ ਭਾਵੇਂ,
ਇਉਂ ਲਗਦੈ ਜਿਉਂ ਕੱਲ੍ਹ ਹੀ ਆਏ ਸਾਂ ਬਣ ਯੂ.ਕੇ. ਲਾੜੇ॥

ਯਾਰ ‘ਅਜੀਬਾ’ ਜ਼ਰਬਾਂ ਮਨਫ਼ੀ ਕਰਦੇ ਉਮਰ ਗੁਜ਼ਾਰੀ,
ਪੌਂਡ ਰੁਪਈਆਂ ਦੇ ਨਿਤ ਰਟ ਕੇ ਮਾਇਆ ਰੂਪ ਪਹਾੜੇ॥
***
199
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →