ਸ੍ਰੀ ਗੁਰੂ ਗਰੰਥ ਸਾਹਿਬ ਜੀਚਰਨਜੀਤ ਸਿੰਘ ਪੰਨੂ [ਸੈਨਹੋਜ਼ੇ,ਯੂ.ਐੱਸ] |
ਚਰਨਜੀਤ ਸਿੰਘ ਪੰਨੂ ਪੰਜਾਬੀ ਦੇ ਬਹੁਪੱਖੀ ਲੇਖਕ ਹਨ। ਉਹਨਾਂ ਨੇ ਸਫਲਤਾ ਨਾਲ ਪੰਜਾਬੀ ਕਵਿਤਾ, ਲੇਖ, ਕਹਾਣੀ ਅਤੇ ਨਾਵਲ ਦੀ ਵਿਧਾ ਉਤੇ ਹੱਥ ਅਜ਼ਮਾਏ ਹਨ। ਉਹ ਭਾਰਤ ਸਰਕਾਰ ਦੇ ਨੈਸ਼ਨਲ ਸੈਂਪਲ ਸੱਰਵੇ ਮਹਿਕਮੇ ਵਿੱਚਂੋ ਬਤੌਰ ਸੁਪਰਿਟੈਂਡੈਂਟ ਸੇਵਾ ਮੁੱਕਤ ਹੋਏ ਹਨ। ਸਰਕਾਰੀ ਸੇਵਾ ਦੇ ਨਾਲ ਨਾਲ ਉਹਨਾਂ ਪੰਜਾਬੀ ਸਾਹਿਤ ਵਿੱਚ ਵੀ ਚੰਗਾ ਯੋਗਦਾਨ ਪਾਇਆ ਹੈ। 1969 ਵਿੱਚ ‘ਨਾਨਕ ਰਿਸ਼ਮਾਂ’ ਨਾਮੀਂ ਧਾਰਮਿਕ ਕਾਵਿ ਸੰਗ੍ਰਿਹ ਨਾਲ ਉਹਨਾਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ‘ਭਟਕਦੀ ਰਾਤ’, ‘ਪੀਹੜੀਆਂ ਦੇ ਫਾਸਲ’ੇ, ‘ਸੰਦਲ ਦਾ ਸ਼ਰਬਤ’, ‘ਸ਼ੀਸ਼ੇ ਦੇ ਟੁਕੜੇ’ ਚਾਰ ਕਹਾਣੀ ਸੰਗ੍ਰਿਹ ਦਿੱਤੇ। ਆਪਦਾ ਇੱਕ ਨਾਵਲ ‘ਤਿੜਕੇ ਚਿਹਰੇ’ [ਲੜੀਵਾਰ, ਪੰਜਾਬ ਨਿਊਜ਼ ਕੈਲੇਫੋਰਨੀਆਂ ਵਿੱਚ ਹਰ ਹਫ਼ਤੇ ਛੱਪ ਰਿਹਾ ਹੈ] ਅਤੇ ਇੱਕ ਕਾਵਿ ਸੰਗ੍ਰਿਹ ‘ਗੁਲਦਸਤਾ’ ਪਿਛਲੇ ਸਾਲਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਭੇਟ ਕੀਤੇ ਅਤੇ ਹੁਣ ਅਜੇ ਇਹ ਸਫ਼ਰ ਜਾਰੀ ਹੈ। ਅੱਜ ਕ੍ਹੱਲ ਸੈਨਹੋਜ਼ੇ-ਅਮਰੀਕਾ ਵਿਖੇ ਰਹਿੰਦੇ ਹਨ।
ਉਹਨਾਂ ਦਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨਾਮੀ ਲੇਖ ‘ਲਿਖਾਰੀ’ ਦੇ ਪਾਠਕਾਂ ਨਾਲ ਸਾਂਝਾ ਕਰਦਿਆਂ ਪਰਸੰਨਤਾ ਦਾ ਅਨੁਭਵ ਹੋ ਰਿਹਾ ਹੈ>—ਲਿਖਾਰੀ *** ਗੁਰੁ ਗ੍ਰੰਥ ਸਾਹਿਬ ਜੀ ਜ੍ਹਿੱਥੇ ਸਮੁੱਚੇ ਸਿੱਖ ਜਗਤ ਲਈ ਪਾਵਨ ਗੁਰੁ ਦਾ ਦਰਜਾ ਰੱਖਦਾ ਹੈ ਤੇ ਸਾਰਾ ਸਿੱਖ ਪੰਥ ਇਸ ਵਿਚੋਂ ਆਪਣੇ ਦਸਾਂ ਗੁਰੂਆਂ ਦੀ ਜਾਗਦੀ ਜੋਤ ਨੂੰ ਦੇਖਦਾ ਹੈ, ਉਥੇ ਉਸ ਸਮੇ ਤੱਕ ਦੇ ਧਾਰਮਿਕ ਸਮਾਜਿਕ ਆਰਥਿਕ ਤੇ ਰਾਜਨੀਤਕ ਵਿਸ਼ਾਲ ਇਤਿਹਾਸ ਬਾਰੇ ਵੀ ਬੜਾ ਵਿਸ਼ਾਲ ਅਦਭੁਤ ਸ਼ਬਦ ਚਿਤਰਨ ਪੇਸ਼ ਕਰਦਾ ਅਮੁਕ ਖ਼ਜਾਨਾ ਸਮੋਈ ਬੈਠਾ ਹੈ। ਸਿੱਖ ਧਰਮ ਸਰਵ ਸਾਂਝੀਵਾਲਤਾ ਦਾ ਧਰਮ ਹੈ। ਗੁਰੂ ਸਾਹਿਬਾਂ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹੋਏ ਸਾਰੀ ਦੁਨੀਆਂ ਨੂੰ ਇੱਕ ਮੁੱਠ ਇੱਕ ਮਣਕੇ ਵਿੱਚ ਪ੍ਰੋਣ ਦੀ ਕੋਸ਼ਿਸ ਕੀਤੀ। 1604 ਈਸਵੀ ਵਿੱਚ ਆਦਿ ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਸਥਾਪਨਾ ਮੁਗ਼ਲ ਕਾਲ ਦੀ ਸਭ ਤੋਂ ਮਹੱਤਵਪੂਰਨ ਮਹਾਨ ਘਟਨਾ ਹੈ: ਸੱਭੇ ਸਾਂਝੀਵਾਲ ਕਹਾਇਨ ਕੋਈ ਨਾ ਦੀਸੈ ਬਾਹਰਾ ਜੀਉ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰ ਮੁਸਲਮਾਨ ਦਾ ਪੀਰ। ਅੱਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜੱਗ ਉਪਜਿਆ ਕੋ ਭਲੇ ਕੋ ਮੰਦੇ। ਆਖਣ ਖੋਲ੍ਹ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਣੇ। ਬਾਬਾ ਆਖੇ ਹਾਜੀਆ ਸ਼ੁਭ ਕਰਮਾਂ ਬਾਝੋਂ ਦੋਵੇਂ ਰੋਈ। ਗੁਰੂ ਨਾਨਕ ਦੇਵ ਜੀ ਨੇ ਹਜਾਰਾਂ ਮੀਲ ਪੈਦਲ ਚੱਲ ਕੇ ਚਾਰ ਉਦਾਸੀਆਂ ਸਮੇ ਇੱਸੇ ਵਿਚਾਰਧਾਰਾ ਨੂੰ ਪਰਚਾਰਿਆ। ਗੁਰੂ ਅਮਰਦਾਸ ਨੇ ਇਸੇ ਆਸ਼ੇ ਨਾਲ ਊਚ ਨੀਚ ਦਾ ਭੇਦਭਾਵ ਖਤਮ ਕਰਨ ਲਈ ਪਹਿਲੇ ਪੰਗਤ ਪਾਛੈ ਸੰਗਤ ਦੀ ਰੀਤ ਚਲਾਈ। ਗੁਰੁ ਰਾਮਦਾਸ ਨੇ 1577 ਈਸਵੀ ਵਿੱਚ ਅੰਮਿਰਤ ਸਰੋਵਰ ਦੀ ਨੀਂਹ ਰੱਖੀ ਤੇ ਰਾਮਦਾਸਪੁਰ-ਅੰਮ੍ਰਿਤਸਰ ਦੀ ਸਥਾਪਨਾ ਕੀਤੀ। 1581 ਵਿੱਚ ਗੁਰੁ ਅਰਜਨ ਦੇਵ ਗੁਰ ਗੱਦੀ ਸੰਭਾਲਣ ਤੋਂ ਬਾਅਦ ਸਰੋਵਰ ਨੂੰ ਪੱਕਾ ਕਰਨਾ ਸ਼ੁਰੂ ਕਰਾ ਦਿੱਤਾ। ਇਸ ਸਰੋਵਰ ਦੇ ਵਿਚਕਾਰ ਗੁਰੂ ਅਰਜਨ ਦੇਵ ਨੇ 1587 ਵਿੱਚ ਚਾਰ ਦਰਵਾਜਿਆਂ ਵਾਲੇ ਹਰੀਮੰਦਰ ਸਾਹਿਬ ਦੀ ਨੀਂਹ ਪ੍ਰਸਿੱਧ ਸੂਫੀ ਫਕੀਰ ਸਾਈਂ ਮੀਆਂਮੀਰ ਦੇ ਹੱਥੀਂ ਰਖਵਾਕੇ ਚਹੁੰਆਂ ਵਰਨਾਂ ਲਈ ਖ੍ਹੱਲੇ ਇਕ ਸਾਂਝੇ ਧਰਮ ਅਸਥਾਨ ਦੀ ਸਥਾਪਨਾ ਕੀਤੀ। ਇਸ ਸਮੇ ਸਰੋਵਰ ਦੇ ਕੰਢ੍ਹੇ ਇੱਕ ਇਲੈਚੀ ਬੇਰੀ ਦੇ ਹੇਠ ਡੇਰਾ ਲਗਾ ਕੇ ਹਰੀਮੰਦਰ ਸਾਹਿਬ ਦੀ ਉਸਾਰੀ ਦੀ ਦੇਖ ਰੇਖ ਕਰਦੇ ਰਹੇ। ਗੁਰੁ ਘਰ ਦ ਨਿਕਟਵਰਤੀ ਵਫ਼ਾਦਾਰ ਸਿਆਣੇ ਸਿਖਾ ਦੀ ਸਲਾਹ ਨਾਲ ਗੁਰੁ ਘਰ ਦੇ ਦਾਰਸ਼ਨਿਕ ਵਿਦਵਾਨ ਭਾਈ ਗੁਰਦਾਸ ਨੂੰ ਬੀੜ ਲਿਖਣ ਦੀ ਸੇਵਾ ਸੌਂਪੀ। ਰਾਮਸਰ ਵਿਖੇ ਗੁਰੁ ਅਰਜਨ ਦੀ ਅਗਵਾਈ ਅਨੁਸਾਰ ਸਾਰੀ ਪਵਿੱਤਰ ਬਾਣੀ ਦੀ ਪੜਚੋਲ ਸਮੀਖਿਆ ਹੁੰਦੀ ਰਹੀ। ਇਸ ਦੀ ਸੰਪਾਦਨਾ ਦੌਰਾਨ ਅਰਜਨ ਦੇਵ ਦੀ ਤੀਖਣਬੁੱਧੀ ਬੜੀ ਸਪੱਸਟ ਹੈ, ਜਿੱਥੇ ਕਿਸੇ ਲਿਖਾਰੀ ਨਾਲ ਉਹ ਸਹਿਮਤ ਨਹੀਂ ਹੋਏ ਉਥੇ ਉਹਨਾਂ ਆਪਣੀਂ ਟਿਪਣੀ ਸਹਿਤ ਵਿਆਖਿਆ ਕੀਤੀ ਹੋਈ ਹੈ ਜਾਂ ਆਪਣੇ ਵਿਚਾਰ ਦਿੱਤੇ ਹਨ। ਭਾਦੋਂ ਸੁਦੀ ਇੱਕ[ਤੀਹ ਅਗੱਸਤ]ਸੰਨ ,ਸੋਲਾਂ ਸੌ ਚਾਰ ਨੂੰ ਗੁਰੁ ਅਰਜਨ ਦੇਵ ਜੀ ਨੇ ਹਰੀਮੰਦਰ ਸਾਹਿਬ ਵਿਖੇ ਗੁਰੁ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਬਾਬਾ ਬੂ੍ਹੱਢਾ ਸਾਹਿਬ ਜੀ ਦੇ ਕਰ ਕਮਲਾ ਨਾਲ ਕਰਵਾ ਕੇ ਉਹਨਾਂ ਨੂੰ ਪਹਿਲਾ ਸੇਵਾਦਾਰ ਮੁੱਖ ਗ੍ਰੰਥੀ ਥਾਪਿਆ। ਜਿਥੈੇ ਜਾਏ ਬਹੈੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮਰਾਜੇ। ਹਰਮਿੰਦਰ ਸਾਹਿਬ ਵਿਖੇ ਇੱਕ ਉੱਚਾ ਪੀਹੜਾ ਸਾਹਿਬ ਲਗਾ ਕੇ ਉਪਰ ਚੰਦੋਆਂ ਤਾਣ ਕੇ ਗਰੰਥ ਸਾਹਿਬ ਨੂੰ ਸਜਾ ਕੇ ਨਤਮਸਤਿਕ ਕੀਤਾ। ਪਹਿਲਾ ਮੁੱਖਵਾਕ –ਤਾਬਿਆ ਤੇ ਉਪੱਸਥਿਤ ਪਹਿਲੇ ਗਰੰਥੀ ਬਾਬੇ ਬੁੱਢ੍ਹੇ ਜੀ ਨੇ ਹੇਠ ਲਿਖਿਆ ਹੁਕਮਨਾਮਾ ਜੋ ਬਖਸ਼ਿਸ਼ ਹੋਇਆ , ਸੰਗਤਾਂ ਨੂੰ ਸਰਵਣ ਕਰਾਕੇ ਨਿਹਾਲ ਨਿਹਾਲ ਕਰ ਦਿੱਤਾ: ਸੰਤਾਂ ਕੇ ਕਾਰਜਿ ਆਪ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।-– ਸਾਰੇ ਪਾਸੇ ਜੈ ਜੈ ਕਾਰ ਹੋ ਗਈ। ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦਾ ਹ੍ਹੜ ਉੱਮਡ ਪਿਆ। ਇਹ ਗਰੰਥ ਸਰਵਵਿਆਪਕ ਅਕਾਲ ਪੁਰਖ ਦੀ ਭੇਜੀ ਧੁਰ ਕੀ ਬਾਣੀ ਹੈੇ। ਇਹ ਗਿਆਨ ਦੀ ਆਂਧੀ, ਦਰਸ਼ਨ ਦਾ ਠਾਠਾਂ ਮਾਰਦਾ ਸਮੁੰਦਰ , ਸਰਬ ਦੀਰਘ ਦੁੱਖਾਂ ਮੁਸੀਬਤਾਂ ਦਾ ਦਾਰੂ ਹੈ। ਇਸ ਵਿੱਚ ਹਰ ਕਿਸਮ ਦੇ ਸੰਸਾਰਕ ਕਸ਼ਟ, ਦੁੱਖ ਦਰਦ, ਚਿੰਤਾ ਹਰਨ ਦੀ ਸ਼ਕਤੀ ਹੈ। ਹਰ ਗੁਰੁ ਸਿੱਖ ਨੂੰ ਖੁਸ਼ੀ ਗਮੀਂ ਦੇ ਮੌਕੇ ਇਸ ਦਾ ਓਟ ਆਸਰਾ ਲੈਣਾ ਬਣਦਾ ਹੈ: ਧੁਿਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਰਬ ਰੋਗ ਕਾ ਅਉਖਦ ਨਾਮ। ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। 1430 ਪੰਨਿਆਂ ਵਾਲੇ ਇਸ ਮਹਾਨ ਗ੍ਰੰਥ ਵਿੱਚ ਕੁੱਲ 5894 ਸ਼ਬਦ ਹਨ ਜੋ ਚਉਪਦੀ, ਅਸ਼ਟਪਦੀ, ਛੰਦ, ਸਵੱਈਏ, ਸਲੋਕ, ਵਾਰਾ ਤੇ ਹੋਰ ਬਹੁਤ ਸਾਰੇ ਕਾਵਿਕ ਰੂਪਾਂ ਵਿੱਚ ਦਰਜ ਹਨ। ਬਹੁਤ ਸਾਰੇ ਸੂਫੀ ਸੰਤਾਂ ਭਗਤਾਂ, ਮਹਾਤਮਾਂ, ਨਾਥ ਜੋਗੀਆਂ, ਗੁਰੁ ਘਰ ਦੇ ਨਿਕਟਵਰਤੀ ਸ਼ਰਧਾਲੂਆ ਅਤੇ ਭੱਟਾਂ ਦੀਆਂ ਕਿਰਤਾਂ ਸ਼ਾਮਲ ਹਨ ਜੋ ਵੱਖ ਵੱਖ ਇਕੱਤੀ ਰਾਗ ਰਾਗਣੀਆਂ ਵਿੱਚ ਲਿਖੇ, ਮਾਨਣ ਸਰਵਣ ਯੋਗ ਹਨ। ਇਸ ਪਾਵਨ ਗ੍ਰੰਥ ਵਿੱਚ ਮਨੁਖੀ ਜੀਵਨ ਦੇ ਅਸਲੀ ਉਦੇਸ਼, ਪ੍ਰਕਿਰਤੀ ਦੀ ਰਚਨਾਂ ਅਤੇ ਵਿਕਾਸ਼ ਦੇ ਨਿਯਮ, ਮਨੁੱਖ ਦੀ ਸਮਾਜਿਕ ਭੂਮਿਕਾ, ਸਮਕਾਲੀ ਸਮਾਜ ਦੀ ਨ੍ਹਿੱਘਰੀ ਹਾਲਤ, ਰਾਜਸੀ ਹਾਕਮ ਜਰਵਾਣਿਆਂ ਦੇ ਤਸੱyਦਿਦ ਤੇ ਹੋਰ ਹਰ ਤਰਾਂ ਦੇ ਵਿਸ਼ੇ ਦਾ ਬੜਾ ਹੀ ਸੁੰਦਰ ਸ਼ਬਦ ਚਿਤਰਨ ਹੈ। ਨਿੱਡਰਤਾ ਸਹਿਤ ਵੇਲੇ ਦੇ ਹਾਕਮਾਂ ਦੇ ਮੂੰਹ ਤੇ ਚਪੇੜ ਮਾਰ ਕੇ ਉਹਨਾਂ ਦੀ ਕਰਤੂਤ ਨੰਗੀ ਕੀਤੀ ਹੈ। ਰਾਜੇ ਸ਼ੀਂਹ ਮੁਕੱਦਮ ਕੁੱਤੇ,ਜਾੲੈ ਜਗਾਇਨ ਬੈਠੇ ਸੁੱਤੇ । ਪਾਪ ਕੀ ਜੰਜ ਲੈ ਕਾਬਲੋੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ। ਕਰਤੂਤ ਪਸ਼ੂ ਕੀ ਮਾਣਸ ਜਾਤਿ । ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ । ਛਪਸ ਨਾਹਿ ਕਛੂ ਕਰੇ ਛੁਪਾਇਆ। ਇਹ ਨਰਕ ਸੁਰਗ਼, ਅਗਲੇ ਤੇ ਪਿਛਲੇ ਕਰਮਾਂ ਦੀ ਗੱਲ ਵੀ ਕਰਦਾ ਹੈ। ਪ੍ਰਲੋਕਿਕ ਜਗਤ ਦੀ ਹੋਂਦ ਤੇ ਬਰੀਕੀਆਂ ਨੂੰ ਸਮਝਣ ਹਿਤ ਇੱਕ ਬ੍ਰਹਮ ਦਾ ਸੰਕਲਪ ਪੇਸ਼ ਕਰਦਾ ਹੈ। ਗੁਰੁ ਗ੍ਰੰਥ ਸਾਹਿਬ ਦੇ ਮੱਤ ਅਨੁਸਾਰ ਪ੍ਰਮਾਤਮਾ ਇੱਕ ਹੈ। ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਉਸ ਪਰਮ ਪ੍ਰਮਾਤਮਾ ਬ੍ਰਹਮ ਦਾ ਹੁਲੀਆ ਬੜੀ ਬਰੀਕੀ ਨਾਲ ਚਿਤਰਿਆ ਹੋਇਆ ਹੈ। ਬzzਹਮ ਪ੍ਰਮਾਤਮਾ ਜੋ ਨਿਰਗੁਣ ਵੀ ਹੈ ਸਰਗੂਣ ਵੀ ਹੈ। ਉਹ ਕਿਸੇ ਰੂਪ ਵਿੱਚ ਨਹੀਂ ਦਿੱਸਦਾ ਫਿਰ ਵੀ ਉਹ ਸਾਰੀ ਸਰਿਸ਼ਟੀ ਵਿੱਚ ਮੌਜੂਦ ਹੈ ਅਤੇ ਇਹ ਸਾਰਾ ਬ੍ਰਿਹਮੰਡ ਉਸੇ ਦਾ ਹੀ ਰੂਪ ਹੈ। ਬ੍ਰਹਮ ਦੇ ਇਸੇ ਰੂਪ ਦਾ ਤੀਖਣ ਅਨਭਵ ਹੀ ਅਸਲ ਵਿੱਚ ਪਰਮਾਤਮਾ ਦੀ ਪਰਾਪਤੀ ਹੈ। ਉਹ ਨਿਰਭਉ, ਨਿਰਵੈਰ, ਨਿਰਾਕਾਰ ਤੇ ਅਜੂੰਨੀਂ ਹੈ ਤੇ ਸਾਰੀ ਸ੍ਰਿਸ਼ਟੀ ਉਸ ਦੇ ਭਾਣੇ ਅੰਦਰ ਚੱਲ ਰਹੀ ਹੈ: ਹੁੁਕਮੀ ਹੋਵਨਿ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨਿ ਜੀਅ ਹੁਕਮਿ ਮਿਲੇ ਵਡਿਆਈ। ਇਹ ਜਗੁ ਸੱਚੇ ਦੀ ਹੈ ਕੋਠੜੀ ਸੱਚੇ ਦਾ ਵਿਚ ਵਾਸ। ਇਕਨਾ ਹੁਕਮ ਸਮਾਇ ਲਏ ਇਕਨਾ ਹੁਕਮ ਕਰੇ ਵਿਣਾਸ। ਨਿਰਗੁਣ ਆਪ ਸਰਗੁਣ ਭੀ ਓਹੀ1ਕਲਾਧਾਰਿ ਜਿਨਿ ਸਗਲੀ ਮੋਹੀ। ਸਰਗੁਨ ਨਿਰਗੁਨ ਨਿਰੰਕਾਰ,ਸੁੰਨ ਸਮਾਧੀ ਆਪਿ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪਿ। ਸਿੱਖ ਸਿਧਾਂਤ ਅਨੁਸਾਰ ਗੁਰੁ ਦਾ ਦਰਜਾ ਬਹੁਤ ਉੱਤਮ ਹੈ। ਭਗਤੀ ਰਸ ,ਪ੍ਰੇਮ ਰਸ ,ਗੁਰੁ ਦੀ ਮਹਿਮਾ ਵਡਿਆਈ ਵੱਖ ਵੱyਖ ਤਰਾਂ ਨਾਲ ਬਿਆਨ ਕੀਤਾ ਗਿਆ ਹੈ। ਗੁਰੂ ਪਰਮਾਤਮਾ ਨੂੰ ਪਰੀਤਮ, ਪਿਤਾ, ਪਤੀ ਕੰਤ ਆਦਿ ਸ਼ਬਦ ਨਾਲ ਸੰਬੋਧਨ ਕੀਤਾ ਗਿਆ ਹੈ। ਗੁਰੂ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਨਾਲ ਨਾਲ ਧਾਰਮਿਕ ਕਰਮ ਕਾਂਡ ਦਾ ਜੋਰਦਾਰ ਖੰਡਨ ਤੇ ਗੁਰਮਤ ਦੇ ਸਿਧਾਂਤਾਂ ਦੀ ਵਿਆਖਿਆ ਵੀ ਮਿਲਦੀ ਹੈ। ਕਿਰਤ ਕਰਨਾਂ, ਵੰਡ ਛਕਣਾ, ਨਾਮ ਜਪਣਾਂ, ਮਿੱਠਾ ਬੋਲਣਾਂ, ਨਿਉਂ ਕੇ ਚਲਣਾਂ ਸਿੱਖੀ ਦੇ ਖਾਸ ਅਸੂਲ ਹਨ। ਗੁਰੂੁ ਦਾ ਸਿੱਖ ਸਰਬੱਤ ਦਾ ਭਲਾ ਮੰਗਦਾ ਹੈ: ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਰਮ ਕਾਂਡ ਬਹੁ ਕਰਹਿ ਆਚਾਰ, ਬਿਨ ਨਾਵੈਂ ਧ੍ਰਿਗ ਅਹੰਕਾਰ। ਇਹ ਧੁਰ ਕੀ ਬਾਣੀ ਆਪ ਹੀ ਗੁਰੂ ਹੈ ਜੋ ਸਰਵ ਕਲਾਂ ਸੰਪੂਰਨ ਹੈ। ਬਾਣੀ ਗੁਰੁ ਗੁਰੁ ਹੈ ਬਾਣੀ,ਵਿੱਚ ਬਾਣੀ ਅੰਮ੍ਰਿਤ ਸਾਰੇ,ਗੁਰੁ ਬਾਣੀ ਕਹੇ ਸੇਵਕ ਜਨ ਮਾਨੇ ਪਰਤੱਖ ਗੁਰੁ ਨਿਸਤਾਰੈ। ਸਿੱਖ ਇੱਕ ਉਂਕਾਰ ਨੂੰ ਮੰਨਦਾ ਹੈ, ਤੇ ਗੁਰੂ ਗ੍ਰੰਥ ਦਾ ਉਪਾਸ਼ਕ ਹੈ ਵਾਸਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਨਿਰਲੇਪ ਉੱਪਰ ਉੱਠ ਕੇ ਉੱਚਾ ਤੇ ਸੁੱਚਾ ਜੀਵਨ ਜੀਉਣਾ ਗਾਡੀ ਰਾਹ ਹੈ। ਹੋਰ ਕਿਸੇ ਹੋਂਦ ਗੋਰਖ, ਸ਼ਿਵ, ਵਿਸ਼ਨੂ, ਬ੍ਰਹਮਾ, ਮਹੇਸ਼, ਪਾਰਬਤੀ ਆਦਿ ਨੂੰ ਮੰਨਣਾਂ ਜਾਂ ਧਿਆਉਣਾ, ਗੁੱਗੇ ਮੜੀਆਂ ਮਸਾਣਾਂ ਨੂੰ ਪੂਜਣਾ ਮਨਮੱਤ ਹੈ ਤੇ ਵਿਵਰਜਿਤ ਹੈ: ਕਿਸ਼ਨ ਬਿਸ਼ਨ ਮੈਂ ਕਭੀ ਨਾ ਧਿਆਊਂ ਜੋ ਵਰ ਚਾਹੂੰ ਸੋ ਤੂਝ ਤੇ ਪਾਊਂ। ਸ਼ਬਦ ਗੁਰੁ ਗਰੰਥ ਸਾਹਿਬ ਜੀਵਨ ਦੀਆਂ ਕਈ ਅਟੱਲ ਸਚਾਈਆਂ ਦੀਆਂ ਉਦਾਹਰਨਾਂ ਦੇ ਕੇ ਜੀਵਨ ਜਾਚ ਸਿਖਾਉਂਦਾ ਹੈ: ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਮਨ ਜੀਤੇ ਜੱਗ ਜੀਤ। ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬ– ਗੁਰੁ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੁ ਅਮਰਦਾਸ ਜੀ, ਗੁਰੁ ਰਾਮਦਾਸ ਜੀ, ਗੁਰੁ ਅਰਜਨ ਦੇਵ ਜੀ ਅਤੇ ਗੁਰੁ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਬਾਣੀ ਦਰਜ ਹੈ। ਗੁਰੂ ਨਾਨਕ ਦੀ ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਸਮੇਤ 974 ਸ਼ਬਦ, ਗੁਰੁ ਅਮਰਦਾਸ ਦੀ ਅਨੰਦ ਸਾਹਿਬ ਸਮੇਤ 907, ਗੁਰੁ ਅਰਜਨ ਦੇਵ ਦੀ ਸੁਖਮਣੀ ਸਾਹਿਬ ਸਮੇਤ 2218, ਗੁਰੁ ਅੰਗਦ ਦੇ 62, ਗੁਰੁ ਰਾਮਦਾਸ ਦੇ 679 ਅਤੇ ਗੁਰੁ ਤੇਗ ਬਹਾਦਰ ਦੇ 115 ਸ਼ਬਦ ਪੰਜਾਬੀ ਸਾਹਿਤ ਦਾ ਬੜਾ ਹੀ ਸੁੰਦਰ ਤੇ ਅਮੋਲ ਖਜਾਨਾ ਹੈ। ਪੰਦਰਾਂ ਭਗਤਭਗਤ ਫਰੀਦ ਜੀ, ਭਗਤ ਬੈਣੀ ਜੀ, ਭਗਤ ਸੈਣੀ ਜੀ, ਭਗਤ ਸੂਰਦਾਸ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ , ਭਗਤ ਪੀਪਾ ਜੀ, ਭਗਤ ਸਦਨਾ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤ੍ਰੀਲੋਚਨ ਜੀ, ਭਗਤ ਧੰਨਾਂ ਜੀ, ਭਗਤ ਭੀਖਣ ਜੀ, ਭਗਤ ਜੈਦੇਵ ਜੀ। ਭਗਤ ਕਬੀਰ ਜੀ ਭਗਤੀ ਲਹਿਰ ਦੇ ਸਭ ਤੋਂ ਵੱਧ ਪ੍ਰਿੰਸੱਧ ਕ੍ਰਾਂਤੀਕਾਰੀ ਕਵੀ ਹੋਏ ਹਨ ਜ੍ਹਿਨਾ ਨੇ ਸਮਾਜਿਕ ਤੇ ਧਾਰਮਿਕ ਵਹਿਮਾਂ ਭਰਮਾਂ ਅਤੇ ਜਾਤੀ ਭੇਦ ਭਾਵ ਨੂੰ ਮਿਟਾਉਣ ਲਈ ਸਮਾਜ ਨੂੰ ਪ੍ਰੇਰਿਆ। ਭਗਤ ਸੂਰ ਦਾਸ ਦੀ ਇੱਕੋ ੱਇਕ ਤੁਕ ਮਨਜੂਰ ਹੋ ਗਈ। ਭਗਤ ਬਾਣੀ ਦੇ ਕੁੱਲ 922 ਸ਼ਬਦਾਂ ਵਿਚੋਂ ਇਕੱਲੇ ਕਬੀਰ ਦੇ 541 ਹਨ ਜੋ ਗਿਣਤੀ ਵਿੱਚ ਸਭ ਤੋ ਂਵੱਧ ਹਨ। ਭਾਰਤ ਦੇ ਦੂਰ ਦੁਰਾਡੇ ਕੋਨਿਆਂ ਵਿੱਚੋਂ ਲਈ ਇਹਨਾਂ ਭਗਤਾਂ ਦੀ ਬਾਣੀ ਨੇ ਭਾਰਤ ਵਿੱਚ ਬੋਲੀਆਂ ਜਾਂਦੀਆਂ ਹੋਰ ਭਾਖਾਵਾਂ ਤੇ ਉਪ ਭਾਖਾਵਾਂ ਦੇ ਸ਼ਬਦਾਂ ਅਤੇ ਉਥੋਂ ਦੇ ਰਹਿਣ ਸਹਿਣ ਤੇ ਰਸਮੋ ਰਿਵਾਜ ਦੀ ਜਾਣਕਾਰੀ ਨਾਲ ਪੰਜਾਬੀ ਬੋਲੀ ਨੂੰ ਅਮੀਰ ਮਾਲਾਮਾਲ ਕਰ ਦਿੱਤਾ। ਚਾਰ ਹੋਰ ਸਿੱਖ,–ਭਾਈ ਮਰਦਾਨਾ ਜੀ,ਭਾਈ ਸੁੰਦਰਜੀ,ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ। ਤੇਰਾਂ ਭੱਟਜਾਲਪ, ਮਥੁਰਾ, ਗੱਯੰਦ, ਬੱਲ, ਭੱਲ, ਭਿਖਾ, ਹਰਬੰਸ, ਨੱਲ, ਸੱਲ, ਕਲਸਹਾਰ, ਕੀਰਤ ਆਦਿ ਲੇਖਕਾਂ ਦੀਆਂ ਭਗਤੀ ਭਾਵ ਅਧਿਆਤਮਕ ਵਿਚਾਰਧਾਰਾ ਦੀਆ ਰਚਨਾਵਾਂ ਨੂੰ ਅੰਕਿਤ ਕਰ ਕੇ ਸਰਵ ਪ੍ਰਮਾਣਿਕ ਧਰਮ ਗਰੰਥ ਦੀ ਸਿਰਜਨਾਂ ਕੀਤੀ। ਬਾਅਦ ਵਿੱਚ ਗੁਰੁ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਰਾਹੀਂ ਗੁਰੁ ਤੇਗ ਬਹਾਦਰ ਸਾਹਿਬ ਦੀ ਬਾਣੀ ਸੰਮਿਲਤ ਕਰਕੇ ਇਸ ਨੂੰ ਸ਼ਬਦ ਗੁਰੂ ਦਾ ਦਰਜਾ ਦਿੱਤਾ। ਸਭ ਸਿੱਖਨ ਕੋ ਹੁਕਮ ਹੈ,ਗੁਰੁ ਮਾਨਿਉ ਗ੍ਰੰਥ।ਹੁਕਮ ਦੇ ਕੇ ਦੇਹਧਾਰੀ ਗੁਰੂਆਂ ਦਾ ਨਿਬੇੜਾ ਕਰ ਦਿੱਤਾ। ਸਿੱਖਾਂ ਦੇ ਪੰਜਵੇਂ ਗੁਰੁ ਅਰਜਨ ਦੇਵ ਜੀ ਆਪ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਲਿਖਾਰੀ ਤੇ ਦੂਰਅੰਦੇਸ਼ੀ ਦੇ ਮਾਲਕ ਸਨ। ਪ੍ਰਭੂ ਭਗਤੀ ਵਿੱਚ ਲੀਨ ਗੁਰੁ ਜੀ ਨੇ ਬਹੁਤ ਸਾਰੀ ਕਵਿਤਾ ਲਿਖੀ ਜਿਸ ਨੂੰ ਬਾਅਦ ਵਿੱਚ ਗੁਰਬਾਣੀ ਦਾ ਦਰਜਾ ਮਿਲਿਆ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੁ ਰਾਮਦਾਸ ਜੀ ਦੀਆਂ ਕਿਰਤਾਂ ਉਹਨਾਂ ਕੋਲ ਪਿਤਾਪੁਰਖੀ ਜਾਂ ਪੀਹੜੀ ਦਰ ਪੀਹੜੀ ਪਰੰਪਰਾਗਤ ਸੁਰਖਿਅਤ ਸਨ ਜਿਹਨਾਂ ਵਿੱਚ ਗੁਰੁ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਸਮੇ ਹੋਰ ਸਮਕਾਲੀਆ ਤੇ ਹਮ ਖਿਆਲੀਆਂ ਕੋਲੋਂ ਇਕੱਤਰ ਕੀਤੀਆ ਹੋਰ ਢੇਰ ਸਾਰੀਆਂ ਰਚਨਾਵਾਂ ਵੀ ਸ਼ਾਮਲ ਸਨ। ਉਦਾਸੀਆਂ ਸਮੇ ਗੁਰੁ ਨਾਨਕ ਦੇਵ ਜੀ ਹੱਥ ਵਿੱਚ ਕਿਤਾਬ ਰੱਖਦੇ ਸਨ, ਜ੍ਹਿਨਾਂ ਵਿੱਚ ਜਾਹਿਰ ਹੈ ਉਹ ਸਮੇ ਸਮੇ ਰਸਤੇ ਯਾਤਰਾ ਦੇ ਤਜਰਬੇ ਤੇ ਘਟਨਾਵਾਂ ਅੰਕਿਤ ਕਰਦੇ ਰਹੇ ਤੇ ਹੋਰਾਂ ਤੋਂ ਇਕੱਤਰ ਕੀਤੀਆਂ ਰਚਨਾਵਾਂ ਜਮਾਂ ਕਰਦੇ ਰਹੇ। ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਅਜੇਹੀ ਬਹੁਮੁੱਲੀ ਪ੍ਰਮਾਤਮਾ ਨਾਲ ਜੋੜਨ ਵਾਲੀ ਮੌਲਿਕ ਅਸਲੀ ਕਵਿਤਾ ਦੀ ਸਾਂਭ ਸੰਭਾਲ ਕਰਨੀ ਜਰੂਰੀ ਹੈ ਤਾ ਜੋ ਇਸ ਵਿੱਚ ਖੋਟ ਨਾ ਰਲ ਜਾਏ ਕਿਉਂਕਿ ਉਹਨਾਂ ਦਿਨਾਂ ਵਿੱਚ ਪਿਰਥੀ ਚੰਦ ਤੇ ਮਿਹਰਬਾਨ ਜੋ ਗੁਰੁ ਘਰ ਦਾ ਵਿਰੋਧੀ ਸੀ, ਨੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਆਪਣੀਆ ਨਕਲੀ ਪੋਥੀਆਂ ਬਣਵਾ ਲਈਆਂ ਸਨ। ਭਾਰਤ ਦੇ ਹੋਰ ਹਿਸਿਆਂ ਵਿੱਚ ਵੀ ਪ੍ਰਭੂ ਭਗਤੀ ਨਾਲ ਓਤਪੋਤ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ਼ ਰੱਖਣ ਵਾਲੇ ਰੱਬ ਨੂੰ ਪਹੁੰਚੇ ਭਗਤਾਂ ਬਾਰੇ ਉਹਨਾਂ ਨੂੰ ਗਿਆਨ ਸੀ ਜਿਹਨਾ ਦੀਆਂ ਰਚਨਾਵਾਂ ਜਾਂ ਤਾਂ ਸਮੇ ਦੇ ਗੇੜ ਥੱਲੇ ਗੁਆਚ ਗਈਆਂ ਸਨ ਜਾਂ ਰੁਲ ਰਹੀਆਂ ਸਨ। ਉਸ ਸਮੇ ਇਕ ਦੂਸਰੇ ਤੱਕ ਪਹੁੰਚ ਕਰਨੀ ਅਤੀਅੰਤ ਮੁਸ਼ਕਿਲ ਸੀ। ਆਵਾਜਾਈ ਦੇ ਸਾਧਨ ਬਿੱਲਕੁੱਲ ਹੀ ਨਹੀਂ ਸਨ ਜਾਂ ਸੀਮਤ ਸਨ। ਇਸ ਮਨੋਰਥ ਲਈ ਉਹਨਾ ਨੇ ਉਹਨਾ ਤੱਕ ਪਹੁੰਚ ਕਰਨ ਦੀ ਸਕੀਮ ਬਣਾਈ ਤੇ ਹਰਕਾਰਿਆਂ ਰਾਹੀਂ ਆਪਣਾ ਸੰਦੇਸ਼ ਉਹਨਾ ਤੱਕ ਪਹੁੰਚਾਇਆ ਤੇ ਪ੍ਰਚਾਰਿਆ। ਅਜੇਹੇ ਨੇਕ ਕੰਮ ਲਈ ਉਹਨਾਂ ਨੂੰ ਬਹੁਤ ਹੀ ਘਾਲਣਾ ਘਾਲਣੀਆਂ ਪਈਆਂ ਤੇ ਬਹੁਤ ਮੁਸ਼ਕਲਾਂ ਦਾ ਸਾਮਨਾ ਕਰਨਾ ਪਿਆ। ਕੁਛ ਲਿਖਾਰੀਆਂ ਨੇ ਸਵੈਇੱਛਾ ਨਾਲ ਆਪਣੀਆਂ ਕਲਾ ਕਿਰਤਾਂ ਪੇਸ਼ ਕਰ ਦਿੱਤੀਆਂ ਜਾਂ ਭੇਜ ਦਿੱਤੀਆਂ। ਗੁਰੁ ਰਾਮਦਾਸ ਤੇ ਹੋਰ ਗੁਰੂਆਂ ਦੀ ਕੁਝ ਬਹੁਤ ਹੀ ਮਹੱਤਵਪੂਰਨ ਬਾਣੀ ਜੋ ਗੋਇੰਦਵਾਲ ਵਿਖੇ ਬਾਬੇ ਮੋਹਣ ਕੋਲ ਪਈ ਸੀ ਉਹ ਅਜੇ ਤੱਕ ਨਹੀਂ ਸੀ ਮਿਲੀ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਭਾਈ ਮੋਹਨ ਜੀ ਕੋਲੋਂ ਇਹ ਬਾਣੀਆਂ ਲਿਆਉਣ ਲਈ ਕਾਮਯਾਬ ਨਾ ਹੋ ਸਕੇ। ਉਹ ਚੁਬਾਰੇ ਵਿੱਚ ਪ੍ਰਭੂ ਭਗਤੀ ਵਿੱਚ ਲੀਨ ਭਾਈ ਮੋਹਣ ਦੀ ਸਮਾਧੀ ਨਾ ਖੁਲ੍ਹਵਾ ਸਕੇ ਜੋ ਆਪਣੇ ਸੁਆਸ ਦਸਵੇਂ ਦੁਆਰ ਚੜ੍ਹਾਈ ਬੈਠਾ ਸੀ। ਗੁਰੂ ਅਰਜਨ ਦੇਵ ਜੀ ਆਪ ਪੈਦਲ ਚੱਲ ਕੇ ਉਥੇ ਪਹੁੰਚੇ। ਥੱਲੇ ਧਰਤੀ ਤੇ ਬਿਰਾਜਮਾਨ ਹੋ ਕੇ ਕੀਰਤਨ ਕਰਨ ਲੱਗੇ—ਮੋਹਨ ਤੇਰੇ ਉੱਚੇ ਮਹਿਲ ਮਨਾਰੇ। ਬੜੇ ਸਬyਰ ਸੰਤੋਖ ਨਾਲ ਉਹ ਬਾਰ ਬਾਰ ਇਹੀ ਕੀਰਤਨ ਕਰਦੇ, ਉਸ ਦੀ ਸਮਾਧੀ ਦੇ ਖੁਲ੍ਹਣ ਦੀ ਇੰਤਜਾਰ ਵਿੱਚ ਸ਼ਬਦ ਦੁਹਰਾੳਂਦੇ ਰਹੇ, ਮਿੰਨਤਾਂ ਤਰਲੇ ਅਰਜ਼ਾਂ ਕਰਦੇ ਰਹੇ। ਅਖੀਰ ਮੋਹਨ ਜੀ ਦੀ ਸਮਾਧੀ ਖ੍ਹੱਲੀ। ਉਹ ਬਹੂਤ ਖ਼ਫਾ ਹੋਇਆ। ਆਪ ਉੱਠ ਕੇ ਥੱਲੇ ਆਇਆ, ਗੁਰੁ ਜੀ ਨੂੰ ਬੁਰਾ ਬਲਾ ਕਿਹਾ। ਸ਼ਾਂਤ ਚਿੱਤ ਗੁਰੁ ਜੀ ਨੇ ਬੜੇ ਠਰ੍ਹੰਮੇ ਨਾਲ ਕਿਹਾ ਕਿ ਤੁਸੀਂ ਇਸ ਸੂਰਤ ਵਿੱਚ ਬਹੁਤ ਸੁੰਦਰ ਚੰਗੇ ਲਗਦੇ ਹੋ, ਹੋਰ ਅਜਿਹੇ ਬਚਨ ਕਰਦੇ ਰਹੋ। ਉਹ ਛਿੱਥਾ ਝੂਠਾ ਜਿਹਾ ਹੋ ਗਿਆ। ਗੁਰੁ ਜੀ ਕੋਲੋਂ ਆਪਣੀ ਭੁੱਲ ਬਖਸ਼ਾਈ ਤੇ ਆਂਉਣ ਦਾ ਕਾਰਨ ਪੁੱਛਿਆ। ਗੁਰੁੂ ਜੀ ਨੇ ਬੜੀ ਨਿਮਰਤਾਂ ਨਾਲ ਆਪਣਾ ਮਨੋਰਥ ਸਪੱਸ਼ਟ ਕੀਤਾ। ਫਿਰ ਮੋਹਨ ਜੀ ਬੜੇ ਪ੍ਰਸੰਨ ਹੋਏ ਤੇ ਬੜੇ ਅਦਬ ਨਾਲ ਬਿਨਾ ਕਿਸੇ ਹੀਲ ਹੁੱਜਤ ਦੇ ਪੋਥੀਆਂ ਗੂਰੂ ਅਰਜਨ ਦੇਵ ਜੀ ਦੇ ਸਪੁਰਦ ਭੇਟ ਕਰ ਦਿੱਤੀਆਂ। ‘ਧੰਨਭਾਗ ਮੇਰੇ! ਤੁਸਾਂ ਮੇਰੀ ਬਹੁਤ ਵੱਡੀ ਜਿੰਮੇਵਾਰੀ ਤੋਂ ਮੈਨੂੰ ਮੁੱਕਤ ਕਰ ਦਿੱਤਾ ਹੈ। ਲੈ ਜਾਉ, ਮੈਨੂੰ ਪਤਾ ਹੈ ਹੁਣ ਇਹ ਚੰਗੇ ਸੁਰਖਿਅਤ ਹੱਥਾਂ ਵਿੱਚ ਚੰਗੀ ਅਨੁਕੂਲ ਜਗ੍ਹਾ ਵਿੱਚ ਰਹਿਣਗੀਆਂ।‘ ਗੁਰੁ ਅਰਜਨ ਦੇਵ ਜੀ ਇਸ਼ਨਾਨ ਕਰਕੇ ਬੜੇ ਸ਼ਰਧਾ ਸਤਿਕਾਰ ਨਾਲ ਪੋਥੀਆਂ ਨੂੰ ਗ੍ਰਹਿਣ ਕੀਤਾ ਤੇ ਨੰਗੇ ਪੈਰੀਂ ਚੌਰ ਝੁਲਾਊਂਦੇ ਹੋਏ ਪੈਦਲ ਅੰਮ੍ਰਿਤਸਰ ਪਹੁੰਚ ਕੇ ਰਾਮਸਰ ਸਾਹਿਬ ਦੇ ਥੜੇ ਤੇ ਬਿਰਾਜਮਾਨ ਜਾ ਕੀਤਾ। ਭਾਈ ਗੁਰਦਾਸ ਜੀ ਜੋ ਪਹਿਲਾਂ ਹੀ ਇੰਤਜਾਰ ਕਰ ਰਹੇ ਸਨ ਨੇ ਗੁਰੁ ਜੀ ਦੇ ਹੁਕਮ ਅਨੁਸਾਰ ਇਹ ਬਾਣੀ ਸੰਮਿਲਤ ਕਰਕੇ ਆਦਿ ਗ੍ਰੰਥ ਸੰਪੂਰਨ ਕੀਤਾ। ਇਸ ਦੇ 974 ਪੰਨੇ ਅਤੇ 30 ਰਾਗਾਂ ਵਿੱਚ 5763 ਸ਼ਬਦ ਅੰਕਿਤ ਹੋਏ।ਇਸ ਗ੍ਰੰਥ ਦੀ ਜਿਲਦ ਬੰਨਾ੍ਹਉਣ ਦੀ ਸੇਵਾ ਭਾਈ ਬੰਨੋਂ ਜੀ ਦੇ ਹਿੱਸੇ ਆਈ। ਗੁਰੂ ਅਰਜਨ ਜੀ ਦੇ ਹੁਕਮ ਅਨੁਸਾਰ ਉਹ ਪੈਦਲ ਨੰਗੇ ਪੈਰੀਂ ਲਹੌਰ ਲੈ ਗੲੈ ਤੇ ਕੁਝ ਦਿਨਾਂ ਵਿੱਚ ਜਿਲਦ ਬੰਨ੍ਹਵਾ ਕੇ ਵਾਪਸ ਅੰਮ੍ਰਿਤਸਰ ਮੁੜ ਆਏ। ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਬੰਨੋ ਜੋ ਆਪ ਵੀ ਇੱਕ ਵਿਦਵਾਨ ਤੇ ਧਾਰਮਿਕ ਸਾਹਿਤ ਦਾ ਰਸੀਆ ਹਸਤੀ ਸੀ, ਨੇ ਬੜੀ ਹੁਸ਼ਿਆਰੀ ਨਾਲ ਇਸ ਗ੍ਰੰਥ ਦੀ ਇੱਕ ਹੋਰ ਪਰਤੀ ਸੈਂਚੀ ਤਿਆਰ ਕਰ ਲਈ ਸੀ ਜੋ ਅੱਜ ਕਲ ਕਰਤਾਰਪੁਰ ਵਿਖੇ ਸਸ਼ੋਭਤ ਹੈ ਤੇ ਕਰਤਾਰਪੁਰ ਵਾਲੀ ਬੀੜ ਨਾਲ ਜਾਣੀਂ ਜਾਂਦੀ ਹੈ। ਇਸ ਸਮੇ ਕੁਝ ਹੋਰ ਕਵੀਆਂ ਨੇ ਆਪਣੇ ਅਸਰ ਰਸੂਖ ਅਤੈ ਧੌਂਸ ਥੱਲੇ ਆਪਣੀਆਂ ਰਚਨਾਵਾਂ ਗ੍ਰੰਥ ਸਹਿਬ ਵਿੱਚ ਸ਼ਾਮਲ ਕਰਨ ਲਈ ਸੰਪਾਦਿਕ ਗੁਰੁ ਅਰਜਨ ਦੇਵ ਤੇ ਜੋਰ ਪਾਇਆ ਪਰ ਗੁਰੂ ਅਰਜਨ ਦੇਵ ਨੇ ਅਜੇਹੇ ਹੈਂਕੜ ਭਰੇ ਸੁਨੇਹੇ ਨਜ਼ਰ ਅੰਦਾਜ਼ ਕਰ ਕੇ ਠੁਕਰਾ ਦਿੱਤੇ। ਉਸ ਵੇਲੇ ਦੇ ਮੰਨੇ ਪਰਮੰਨੇ ਸ਼ਾਇਰ ਪੀਲੂ, ਸ਼ਾਹ ਹੁਸੈਨ, ਕਾਹਨਾ, ਛੱਜੂ ਆਦਿ ਭਗਤ ਆਪਣੀਆਂ ਰਚਨਾਵਾਂ ਲੈ ਕੇ ਲਹੌਰ ਤੋਂ ਉਚੇਚੇ ਤੌਰ ਤੇ ਆਪ ਪਾਸ ਪਹੁੰਚੇ ਪਰ ਉਹਨਾਂ ਦੀ ਰਚਨਾ ਗੁਰੁ ਗ੍ਰੰਥ ਦੀ ਕਸਵੱਟੀ ਤੋਂ ਫੇਲ ਹੋ ਗਈ। ਸੰਪਾਦਿਕ ਨੇ ਆਪਣਾ ਆਸ਼ਾ ਤੇ ਮਨੋਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਗ੍ਰੰਥ ਵਿੱਚ ਜਾਤਾਂ ਵਰਨਾਂ ਤੇ ਧਰਮਾਂ ਦੇ ਭੇਦ ਭਾਵ ਤੋਂ ਉਪਰ ਉੱਠ ਕੇ ਸਿਰਫ ਪ੍ਰਮਾਤਮਾ ਦੀ ਮਹਿਮਾਂ ਦੀ ਗੱਲ ਕਰਦੀ ਬਾਣੀ ਹੀ ਅੰਕਿਤ ਕੀਤੀ ਜਾਣੀ ਹੈ ਪਰ ਉਹ ਨਰਾਜ਼ ਹੋ ਗਏ। ਸ਼ਾਹ ਹੁਸੈਨ ਕਾਹਨੇ ਨੇ ਧਮਕੀ ਦਿੱਤੀ ਕਿ ਉਹ ਦਿੱਲੀ ਦਰਬਾਰ ਦੀ ਸਿਫ਼ਾਰਿਸ਼ ਤੇ ਰੋਹਬ ਪੁਵਾ ਕੇ ਆਪਣੀ ਗੱਲ ਮਨਵਾ ਲੈਣਗੇ ਪਰ ਅਰਜਨ ਦੇਵ ਜੀ ਨੇ ਉਹਨਾਂ ਦੀ ਧਮਕੀ ਠੁਕਰਾ ਦਿੱਤੀ। ਜਹਾਂਗੀਰ ਦੀ ਆਪਣੀ ਰਚਨਾ ਜੋ ਉਸ ਨੇ ਇਸ ਗਰੰਥ ਵਿੱਚ ਘੁਸਪੈਠ ਕਰਾਉਣ ਦੀ ਕੋਸ਼ਿਸ਼ ਕੀਤੀ, ਵੀ ਨਾਕਾਬਲ ਤੇ ਨਾਮਨਜੂਰ ਹੋ ਗਈ। ਬਾਅਦ ਵਿੱਚ ਉਸ ਨੇ– ਮਿੱਟੀ ਮੁਸਲਮਾਨ ਦੀ ਪੇੜੇ ਪਈ ਘੁਮਿਆਰਪੰਗਤੀ ਕ੍ਹੱਢਣ ਲਈ ਦਬਾ ਪਾਇਆ, ਪਰ ਗੁਰੁ ਜੀ ਇਸ ਲਈ ਵੀ ਰਾਜੀ ਨਾ ਹੋਏ। ਜਹਾਂਗੀਰ ਨੇ ਅਖੀਰਲਾ ਬਚਨ ਮੰਗਿਆ-ਗ੍ਰੰਥ ਵਿੱਚ ਹਜਰਤ ਮੁਹੰਮਦ ਦੀ ਤਾਰੀਫ ਲਿੱਖ, ਮੁਸਲਮਾਨ ਬਣ ਜਾਹ, ਜਾਂ ਤਲਵਾਰ ਦਾ ਵਾਰ ਝੱਲਣ ਲਈ ਤਿਆਰ ਹੋ ਜਾਹ। ਗੁਰੂ ਅਰਜਨ ਦੇ ਸਾਫ ਇਨਕਾਰ ਦਾ ਨਤੀਜਾ ਹਕੂਮਤ ਨਾਲ ਸਿਰ ਵ੍ਹੱਢਵਾਂ ਵੈਰ ਸ਼ੁਰੂ ਹੋ ਗਿਆ। ਜਹਾਂਗੀਰ ਵਾਸਤੇ ਇਹ ਗੱਲ ਨਾਕਾਬਲੇ ਬਰਦਾਸ਼ਤ ਸੀ ਕਿ ਸਿੱਖ ਧਰਮ ਸੰਸਥਾਤਮਿਕ ਰੂਪ ਵਿੱਚ ਪੂਰੀ ਤਰਾਂ ਸੰਗਠਤ ਹੋ ਕੇ ਮੁਗਲਾਂ ਲਈ ਸਿਰਦਰਦੀ ਖੜੀ ਕਰਕੇ ਮੁਕਾਬਲੇ ਵਿੱਚ ਖੜਾ ਹੋ ਜਾਏ। ਬਾਗ਼ੀਆਨਾ ਵਿਦਰੋਹ ਤੇ ਹਕੂਮਤ ਨਾਲ ਟੱਕਰ ਦਾ ਫੱਤਵਾ ਲਗਾ ਕੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ 30 ਮਈ 1606 ਈਸਵੀ ਨੂੰ ਲਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਗਰੰਥ ਜਿਹੀ ਮਹਾਨ ਸੰਪਾਦਨਾ ਨੇ ਜਹਾਂਗੀਰ ਦੀ ਅੱਖ ਚੁੰਭਲਾ ਦਿੱਤੀ। ਉਸ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਤੇ ਡੌਂਡੀ ਪਿਟਵਾ ਦਿੱਤੀ ਕਿ ਗਰੰਥ ਦੀਆਂ ਸਾਰੀਆਂ ਜਿਲਦਾਂ ਜ਼ਬyਤ ਕਰਕੇ ਸਰਕਾਰੇ ਦਰਬਾਰੇ ਜਮਾਂ ਕਰਾਈਆਂ ਜਾਣ। ਇਸ ਵਾਸਤੇ ਉਸ ਨੇ ਢੇਰ ਸਾਰਾ ਇਨਾਮ ਵੀ ਰੱਖਿਆ। ਜਿੱਥੇ ਕਿਤੇ ਹੋਇਆ, ਮਿਲਿਆ ਸਾਰਾ ਗੁਰਮਤ ਸਾਹਿਤ ਦਰਿਆ ਬੁਰਦ ਕਰ ਦਿਤਾ ਗਿਆ ਜਾ ਨਸ਼ਟ ਕਰ ਦਿੱਤਾ ਗਿਆ। ਗੁਰੁ ਅਰਜਨ ਦੇਵ ਦੀ ਸ਼ਹਾਦਤ ਤੋਂ ਲੈ ਕੈ ਗੁਰੁ ਤੇਗ ਬਹਾਦਰ ਦੀ ਸ਼ਹਾਦਤ ਵਿਚਕਾਰ ਸਿੱਖਾਂ ਨਾਲ ਬੜੇ ਜੁਲਮ ਤਸ਼ੱਦਦ ਤੇ ਵਿਤਕਰੇ ਹੋਏ। ਮੁਗਲਾਂ ਤੇ ਸਿੱਖਾਂ ਦੇ ਕਈ ਟੱਕਰਾਉ ਹੋਏ। ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ। ਘਰ ਬਾਰ ਛੱਡ ਕੇ ਬਹਾਦਰ ਸਿੱਖ ਕੌਮ ਜੰਗਲਾਂ ਵਿੱਚ ਲੁਕਦੀ ਰਹੀ। ਸਭ ਕੁਛ ਖੁਰਦ ਬੁਰਦ ਹੁੰਦਾ ਰਿਹਾ। ਬਾਕੀ ਛਪਿਆ ਅਣਛਪਿਆ ਸਾਹਿਤ ਜੋ ਕੁਛ ਬਚਿਆ ਗੁਰੁ ਗੋਬਿੰਦ ਸਿੰਘ ਕੋਲ ਪਹੁੰਚਾ। ਉਹਨਾਂ ਨੂੰ ਪਹਾੜੀ ਰਾਜੇ ਵਫ਼ਾਦਾਰੀ ਦੀਆਂ ਸੌਹਾਂ ਖਾ ਕੇ ਦਗ਼ਾ ਦੇ ਗਏ। ਗੁਰੂ ਜੀ ਨੂੰ ਆਪਣਾ ਘਰ ਬਾਰ ਛੱਡਣਾ ਪਿਆ। ਅਨੰਦਪੁਰ ਛੱਡਣ ਸਮੇ, ਪੂਰੀ ਭਾਜੜ ਸਮੇਂ ਉਹ ਕੀਮਤੀ ਵਡਮੁਲਾ ਗੁਰਮਤ ਸਾਹਿਤ ਦਾ ਭੰਡਾਰ ਵੀ ਸਰਸਾ ਨਦੀ ਦੀ ਭੇਟ ਚੜ੍ਹ ਗਿਆ। ਠੰਡ ਠੰਡਾਉੜਾ ਹੋਣ ਤੋਂ ਬਾਅਦ ਗੁਰੁ ਗੋਬਿੰਦ ਸਿੰਘ ਨੂੰ ਜਦ ਫੁਰਸ਼ਤ ਮਿਲੀ, ਉਹਨਾਂ ਤਲਵੰਡੀ ਸਾਬੋ ਵਿਖੇ ਇੱਕ ਵੱਡਾ ਦਰਬਾਰ ਲਗਾਇਆ। ਉਥੇ ਸਿੱਖਾਂ ਦੀਆਂ ਸ਼ਹੀਦੀਆ ਤੇ ਖੱਟੀਆਂ ਗਵਾਈਆਂ ਪੂੰਜੀਆਂ ਦਾ ਲੇਖਾ ਜੋਖਾ ਕੀਤਾ ਗਿਆ। ਹਾਜਰ ਲੋਕਾਂ ਕੋਲੋਂ ਗੁਰੁ ਗਰੰਥ ਵਿੱਚੋਂੇ ਜਬਾਨੀ ਕਲਾਮੀ ਯਾਦ ਬਾਣੀ ਸੁਣੀ ਗਈ। ਕਰਤਾਰਪੁਰ ਵਾਲੀ ਬੀੜ ਵੀ ਉਪਲਬਦ ਨਾਂ ਹੋ ਸਕੀ। ਇਸ ਤਰਾਂ ਭੱਟ ਮਰਾਸੀ ਤੇ ਹੋਰ ਨਿੱਤਨੇਮੀਏ ਗੁਰਸਿੱਖ ਜੋ ਜਬਾਨੀ ਪਾਠ ਕਰਿਆ ਕਰਦੇ ਸਨ ਦੀ ਮਦਦ ਨਾਲ ਭਾਈ ਮਨੀ ਸਿੰਘ ਕੋਲੋਂ ਦੋਬਾਰਾ ਸੰਨ 1608 ਵਿੱਚ ਨਵੀਂ ਬੀੜ ਲਿਖਵਾਈ ਗਈ ਜਿਸ ਵਿੱਚ ਗੁਰੁ ਤੇਗ ਬਹਾਦਰ ਦੇ ਪੰਜ ਸ਼ਲੋਕ ਤੇ ਉਨਾਹਠ ਸ਼ਬਦ ਬਾਣੀ ਅਖੀਰ ਵਿੱਚ ਅੰਕਿਤ ਕੀਤੇ ਗਏ। ਉਹੀ ਸੰਪੂਰਨ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਅੱਜ ਵਰਤਮਾਨ ਸਾਨੂੰ ਪ੍ਰਾਪਤ ਹਨ ਤੇ ਇਸ ਨੂੰ ਦਮਦਮੀ ਬੀੜ ਸਾਹਿਬ ਵੀ ਕਿਹਾ ਜਾਂਦਾ ਹੈ ਅਤੇ ਇਹੀ ਰੂਪ ਅੱਜ ਕੱਲ ਸਾਡੇ ਕੋਲ ਮੌਜੂਦ ਹੈ। ਅਕਬਰ ਦੀ ਧਾਰਮਿਕ ਉਦਾਰਚਿੱਤ ਨੀਤੀ ਤੇ ਦੀਨੇ ਇਲਾਹੀ ਜਿਹੇ ਮੱਤ ਨਾਲ ਜਿੱਥੇ ਗੈਰ ਮੁਸਲਿਮ ਮੱਤ ਤੇ ਵਿਚਾਰਧਾਰਾ ਵਾਲੇ ਲੋਕਾਂ ਨੂੰ ਜ਼ਬਾਨ ਖ੍ਹੋਲਣ ਦੀ ਫੁਰਸਤ ਮਿਲੀ ਸੀ, ਉਥੇ ਜਹਾਂਗੀਰ ਦੇ ਸ਼ਾਸਨ ਕਾਲ ਸਮੇੇ ਅਜੇਹੀਆਂ ਗੈਰ ਮੁਸਲਿਮ ਸੰਸਥਾਵਾ ਨੂੰ ਬੜੇ ਨਫਰਤ ਤੇ ਸ਼ੱਕ ਭਰੀਆਂ ਨਿਗਾਹਾਂ ਨਾਲ ਕਾਫਿਰਾਂ ਵਾਂਗ ਦੇਖਿਆ ਜਾਣ ਲੱਗਾ। ਜਹਾਂਗੀਰ ਆਪ ਬੜਾ ਕੱਟੜ ਮੁਸਲਮਾਨ ਸੀ ਤੇ ਇਹੀ ਕੱਟੜਪੁਣਾ ਉਸ ਦੀ ਧਾਰਮਕ ਤੇ ਰਾਜਨੀਤਕ ਪਾਲਿਸੀ ਸੀ। ਸਭ ਧਰਮਾਂ ਨੂੰ ਮੁਸਲਮਾਨ ਬਣਾਉਣ ਲਈ ਉਸ ਨੇ ਆਪਣੇ ਜਾਲ ਵਿਛਾ ਦਿੱਤੇ। ਗੁਰੁ ਅਰਜਨ ਦੇਵ ਜਿਸ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਦਰਿਆ ਬਿਆਸ ਦੇ ਕੰਢੇ ਗੋਇੰਦਵਾਲ ਵਿਖੇ ਬਣਾ ਲਿਆ ਸੀ, ਬਾਰੇ ਤੁਜ਼ਕੇ ਜਹਾਂਗੀਰ ਵਿੱਚ ਉਹ ਲਿਖਦਾ ਹੈ ਕਿ ਅਰਜਨ ਨਾਮੀ ਹਿੰਦੂ ਨੇ ਦਰਿਆ ਬਿਆਸ ਦੇ ਕੰਢ੍ਹੇ ਆਪਣੀ ਧਰਮ ਦੀ ਦੁਕਾਨ ਚਲਾ ਰੱਖੀ ਹੈ ਤੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਤੇ ਮੂਰਖ ਮੁਸਲਮਾਨਾਂ ਨੂੰ ਗੁਮਰਾਹ ਕਰ ਰਿਹਾ ਹੈ। ਆਪਣੀ ਰਹੁਰੀਤੀ ਦੇ ਅਨੁਆਈ ਬਣਾ ਕੇ ਪੀਰੀ ਤੇ ਵਲੀਪੁਣੇ ਦੀ ਡੌਂਡੀ ਪਿਟਵਾਈ ਹੋਈ ਹੈ। ਲੋਗ ਉਸ ਨੂੰ ਗੁਰੁ ਮੰਨਦੇ ਹਨ। ਮੈਂ ਸੋਚਦਾ ਹਾਂ ਉਸ ਦੀ ਦੁਕਾਨ ਨੂੰ ਬੰਦ ਕਰਾ ਦਿਆਂ। ਗੁਰੂ ਅਰਜਨ ਦੇਵ ਦੀ ਅਦੂਤੀ ਲਾਸਾਨੀ ਸ਼ਹੀਦੀ ਇਸੇ ਕੱਟੜਪੁਣੇ ਦੀ ਕੜੀ ਦਾ ਇੱਕ ਹਿੱਸਾ ਸੀ। ਇਹ ਗੁਰੁ ਗ੍ਰੰਥ ਸਾਹਿਬ ਦੀ ਪਾਣ ਅਤੇ ਅਗਵਾਈ ਦਾ ਹੀ ਸਿੱਟਾ ਹੈ ਕਿ ਦੁਨੀਆਂ ਦੇ ਵੱਡੇ ਵੱਡੇ ਸੂਰਬੀਰ ਸ਼ਹੀਦ ਜਿੰਨੇ ਸਿੱਖ ਧਰਮ ਵਿੱਚ ਹੋਏ ਹੋਰ ਕਿਸੇ ਵੀ ਮਜ੍ਹਬ ਵਿੱਚ ਨਹੀਂ ਹੋਏ। ਗੁਰੁ ਅਰਜਨ ਦੇਵ, ਗੁਰੁ ਤੇਗ ਬਹਾਦਰ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਤੇ ਹੋਰ ਹਜਾਰਾਂ ਲੱਖਾਂ ਸਿੰਘਾਂ ਦੀਆਂ ਸ਼ਹੀਦੀਆਂ ਗੁਰੁ ਗ੍ਰੰਥ ਸਾਹਿਬ ਦੀ ਚੰਡ ਦੀ ਹੀ ਬਖਸ਼ਿਸ਼ ਹੈ। ਇਹ ਵੀ ਬੜੀ ਵੱਡੀ ਅਟੱਲ ਇਤਿਹਾਸਿਕ ਤੇ ਧਾਰਮਿਕ ਸਚਾਈ ਹੈ ਕਿ ਜੇ ਉਸ ਸਮੇ ਗੁਰੁ ਗ੍ਰੰਥ ਦੀ ਸਥਾਪਨਾ ਨਾ ਹੁੰਦੀ, ਸਿੱਖਾਂ ਨੂੰ ਇਸ ਦੀ ਅਗਵਾਈ ਤੇ ਮਾਰਗ ਦਰਸ਼ਨ ਨਾ ਮਿਲਦਾ ਤਾਂ ਇਸ ਵੇਲੇ ਸਾਰੀ ਦੁਨੀਆਂ ਸਿੱਖਾਂ ਤੋਂ ਸੱਖਣੀ ਹੁੰਦੀ। ਸਿੱਖਾਂ ਦਾ ਨਾਮ ਨਿਸ਼ਾਨ ਨਾ ਹੁੰਦਾ ਤੇ ਸੁੰਨਤ ਹੁੰਦੀ ਸੱਭਕੀ। ਗੁਰੂ ਗ੍ਰੰਥ ਵਿੱਚ ਭਗਤ ਰਵੀਦਾਸ ਜੀ ਦਾ ਬੜਾ ਹੀ ਸੁੰਦਰ ਬੇਗਮਪੁਰਾ ਸ਼ਹਿਰ ਦਾ ਸੰਕਲਪ ਹੈ। ਬੇਗਮਪੁਰਾ ਸ਼ਹਿਰ ਕੋ ਨਓਂ।ਦੁੱਖ ਅੰਦੇਹੂ ਨਹੀਂ ਤੇ ਠਾਓਂ। ਨਾ ਤਸ਼ਵੀਸ਼ ਖਿਰਾਜ਼ ਨਾ ਮਾਲ,ਖੌਫ ਨਾ ਖਤਾ ਨਾ ਤਰਸ ਜੀਵਾਲ। ਬੇ-ਗਮ ਸ਼ਾਂਤਮਈ ਗਲੋਬਲ ਸ਼ਹਿਰ ਜਿਥੇ ਕੋਈ ਗਮ ਫਿਕਰ ਦੁੱਖ ਭੈ ਨਾ ਹੋਵੇ, ਬੰਬਾਂ ਬੰਦੂਕਾਂ ਤੋਂ ਮੁਕਤ ਸਾਰਾ ਚੌਗਿਰਦਾ ਸ਼ਾਂਤਮਈ ਜੀਵਨ ਨਾਲ ਭਰਪੂਰ ਹੋਵੇ, ਜਿਥੇ ਕੋਈ ਕਿਸੇ ਦਾ ਦੁਸ਼ਮਣ ਨਾ ਹੋਵੇ। ਗੁਰੂ ਦੇ ਸਿੱਖਾਂ ਨੂੰ ਸਭ ਤੂੰ ਹੀ ਤੂੰ ਨਜ਼ਰ ਆਵੇ। ਭਾਈ ਘਨੱਈਏ ਵਾਂਗ ਹਰ ਇੱਕ ਦੇ ਹੱਥ ਮਰਹਮ ਦੀ ਡੱਬੀ ਹੋਵੇ ਤੇ ਉਹ ਬਿਨਾ ਕਿਸੇ ਭੇਦਭਾਵ ਵਿਤਕਰੇ ਤੋਂ ਸਭ ਲੋੜਵੰਦ ਦੁਖੀਆਂ ਦੇ ਜ਼ਖਮਾਂ ਤੇ ਪੱਟੀ ਕਰਦਾ ਰਹੇ, ਬੰਨ੍ਹਦਾ ਰਹੇ। ਗੁਰੁ ਗਰੰਥ ਸਾਹਿਬ ਦੇ ਪਾਠ, ਅਖੰਡਪਾਠ ਤੇ ਸੇਵਾ ਸੰਭਾਲ ਵਾਸਤੇ ਕੁਛ ਮਾਪਤੰਡ ਮਰਯਾਦਾ ਤੇ ਕਾਇਦੇ ਕਨੂਨ ਨਿਰਧਾਰਤ ਕੀਤੇ ਗਏ। ਕੁੱਲ ਦੁਨੀਆਂ ਨੂੰ ਇੱਕ ਮਣਕੇ ਵਿੱਚ ਪਰੋਣ ਵਾਲੇ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੁ ਗਰੰਥ ਸਾਹਿਬ ਦੇ ਕੁਝ ਸਿੱਖ ਅੱਜ ਕ੍ਹੱਲ ਆਪ ਹੀ ਕੁਰਾਹੇ ਪੈ ਗਏ ਨੇ। ਆਪਣੀਆਂ ਆਪਣੀਆਂ ਡਫ਼ਲੀਆਂ ਕਲਗੀਆ ਕੁਰਸੀਆਂ ਲੈ ਕੇ ਅੱਡੋ ਅੱਡ ਟੋਲੇ ਸੰਸਥਾਵਾਂ ਬਣਾ ਬੈਠੇ ਹਨ। ਅੰਨ੍ਹੇ ਨੂੰ ਬੋਲਾ ਘੜੀਸ ਰਿਹਾ ਹੈ। ——–ਤੇ ਕਈ ਹੋਰ ਜਾਤਾਂ, ਕਬੀਲਿਆਂ ਤੇ ਧਰਮਾਂ ਤੇ ਨਾਮ ਦੀਆ ਸੰਸਥਾਵਾਂ ਨੇ ਗੁਰੁ ਗਰੰਥ ਦੀਆਂ ਸਿਖਿਆਵਾਂ ਨੂੰ ਉਪਦੇਸ਼ਣ ਲਈ ਭਿੰਨ ਭਿੰਨ ਤਰੀਕੇ ਤੇ ਰਸਤੇ ਅਪਨਾ ਲਏ ਹਨ। ਗੁਰੂ ਅਰਜਨ ਦੇਵ ਨੇ ਕਿੰਨੀਂਆ ਘਾਲਣਾਂ ਨਾਲ ਅੱਡੋ ਅੱਡਰੇ ਮੱਤਾਂ ਦੀਆਂ ਪੋਥੀਆਂ, ਖਿੱਲਰੇ ਪੱਤਰੇ ਤੇ ਤੁਕਾਂ ਇੱਕ ਥਾਂ ਇਕੱਠੀਆਂ ਕੀਤੀਆ, ਉਹਨਾਂ ਨੂੰ ਇਹ ਲੋਕ ਫੇਰ ਅੱਡੋ ਅੱਡ ਪੋਥੀਆਂ ਵਿੱਚ ਵੰਡਣ ਦੀ ਤਾਕ ਵਿੱਚ ਹਨ। —— ਗੁਰੁ ਘਰ ਦੀ ਸੇਵਾ ਸੰਭਾਲ ਵਾਸਤੇ ਕਾਇਮ ਹੋਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਬਹੁਤੇ ਅਹੁਦੇਦਾਰ ਤੇ ਮੈਂਬਰ ਜ੍ਹਿਨਾ ਨੇ ਹੋਰਾਂ ਵਾਸਤੇ ਚਾਨਣ ਮੁਨਾਰਾ ਬਣਨਾ ਹੈ, ਵੀ ਦਰਸਾਈ ਹੋਈ ਰਹਿਤ ਮਰਯਾਦਾ ਦੀ ਪਾਬੰਦੀ ਅਤੇ ਕਹਿਣੀ ਤੇ ਕਥਨੀਂ ਦੇ ਪੂਰੇ ਨਹੀਂ, ਜੋ ਬੜਾ ਵੱਡਾ ਖਤਰਨਾਕ ਰੁਝਾਨ ਹੈ: ਔਰਨ ਕਹਾ ਉਪਦੇਸਤ ਹੈ ਪਸ਼ੂ ਤੋਹਿ ਪ੍ਰਬੋਧ ਨਾ ਲਾਗੈ। ਗੁਰੁ ਨਾਨਕ ਦੇ ਉਪਾਸ਼ਕ ਤੇ ਨਾਨਕ ਨਾਮ ਲੇਵਾ ਹਿੰਦੂ ਮੁਸਲਿਮ ਈਸਾਈ ਸਿੱਖ ਤੇ ਹੋਰ ਦੁਨੀਆਂ ਦੇ ਹਰ ਛੋਟੇ ਵੱਡੇ ਦੇਸ਼ ਵਿੱਚ ਬੜਾ ਖੁਸ਼ਹਾਲ ਜੀਵਨ ਬਸਰ ਕਰ ਰਹੇ ਹਨ, ਚੰਗਾ ਨਾਮਨਾ ਖੱਟ ਰਹੇ ਹਨ ਤੇ ਇਹ ਉਸ ਅਕਾਲ ਪੁਰਖ ਚਾਨਣ ਮੁਨਾਰਾ ਸ਼ਬਦ ਗੁਰੁ, ਗੁਰੁ ਗਰੰਥ ਸਾਹਿਬ ਦੀ ਮਹਾਨ ਬਖਸ਼ਿਸ਼ ਸਦਕਾ ਹੀ ਸੰਭਵ ਹੋਇਆ ਹੈ। ਸਿੱਖ ਛੇ ਨਵੰਬਰ 2005 ਨੂੂੰ ਯੂਬਾ ਸਿਟੀ ਕੈਲੇਫੋਰਨੀਆ ਅਮਰੀਕਾ ਵਿਖੇ ਜੁੱਗੋ ਜੁੱਗ ਅਟੱਲ ਸ਼ਬਦ ਗੁਰੁ, ਗੁਰੁ ਗਰੰਥ ਸਾਹਿਬ ਜੀ ਦਾ ਸਾਲਾਨਾ ਗੁਰ ਗੱਦੀ ਦਿਵਸ ਮਨਾਉਣ ਤੇ ਨਗਰ ਕੀਰਤਨ ਸਮੇਂ ਮੈ ਬੜੀ ਸ਼ਰਧਾ ਸਤਿਕਾਰ ਨਾਲ ਸਿਰ ਨਿਵਾਉਂਦਾ ਹਾਂ। ਉਪਰੰਤ ਸਮੁੱਚੀ ਸਿੱਖ ਸੰਗਤ ਨੂੰ ਲੱਖ ਲੱਖ ਮੁਬਾਰਿਕ ਦਿੰਂਦਾ ਹਾਂ ਤੇ ਉੱਪਰ ਲਿਖੇ ਮੇਰੇ ਤੁੱਛ ਜਿਹੇ ਸ਼ਰਧਾ ਦੇ ਸ਼ਬਦ ਫੁੱਲ ਭੇਟ ਕਰਦਿਆਂ ਲਗਾਂ ਮਾਤਰਾਂ ਦੀਆਂ ਭੁਲਾਂ ਦਾ ਬਖਸ਼ਣਹਾਰ ਹਾਂ ਤੇ ਹੇਠ ਲਿਖੀਆਂ ਪੰਗਤੀਆ ਵਿੱਚ ਅਕਾਲਪੁਰਖ ਨੂੰ ਜੋਦੜੀ ਬੇਨਤੀ ਕਰਦਾ ਖ਼ਿਮਾ ਦਾ ਜਾਚਕ ਹਾਂ1 ਵਾਂਗ ਯਤੀਮਾਂ ਹੋ ਗਿਐ, ਤੇਰਾ ਪੰਥ ਪਿਆਰਾ ਦਰਦੀਆ। ਇਹ ਭੁਰਦਾ ਮਹਿਲ ਜੋ ਧਰਮ ਦਾ ਆ ਦੇਹ ਸਹਾਰਾ ਦਰਦੀਆ। ਤੇਰੇ ਸਿੱਖ ਕੁਰਾਹੇ ਪੈ ਗਏ, ਆ ਕੇ ਫੇਰ ਬਿਦਾਵਾ ਪਾੜ। ਉਹ ਬੇਮੁੱਖ ਹੋ ਰਹੇ ਅਕਾਲ ਪੁਰਖ ਤੋ ਂਸਭ ਹੋ ਗਏ ਪਾਟੋਧਾੜ। ਸੁਮੱਤ ਬਖਸ਼ ਇਹਨਾਂ ਆਗੂਆ, ਛੱਡ ਦੇਣ ਇਹ ਵੰਡਾਂ ਸਾਰੀਆਂ। ਨਿਕਲ ਜਾਏ ਬੇੜੀ ਮੰਝਧਾਰ ਤੋਂ ਮਿਲ ਜਾਣ ਸਰਦਾਰੀਆਂ। ਚਰਨਜੀਤ ਸਿੰਘ ਪੰਨੂ–ਸੈਨਹੋਜ਼ੇ |
***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 2005) *** |