24 April 2024
gursharan singh kumar

ਪ੍ਰੇਰਨਾਦਾਇਕ ਲੇਖ: ਜ਼ਿੰਦਗੀ ਦੇ ਸੁਨਹਿਰੀ ਸਾਲ—ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ ਜੀ ਦੀਅਾਂ 9 ਪੁਸਤਕਾਂ

‘ਮਨੁੱਖ’ ਪ੍ਰਮਾਤਮਾ ਦੀ ਇਕ ਉੱਤਮ ਰਚਨਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਕੀ ਮਨੁੱਖਾ ਜਨਮ ਲੈ ਕੇ ਵੀ ਅਸੀਂ ਕੋਈ ਉੱਤਮ ਕੰਮ ਕਰਦੇ ਹਾਂ ਕਿ ਨਹੀਂ? ਜਾਂ ਖਾ ਲਿਆ, ਪੀ ਲਿਆ, ਸੌਂ ਲਿਆ ਅਤੇ ਆਪਣਾ ਪਰਿਵਾਰ ਵਧਾ ਲਿਆ ਬੱਸ ਖਤਮ। ਜੇ ਏਨੀ ਹੀ ਗੱਲ ਹੈ ਤਾਂ ਮਨੁੱਖ ਅਤੇ ਜਾਨਵਰ ਵਿਚ ਫਰਕ ਹੀ ਕੀ ਰਹਿ ਗਿਆ? ਇਹ ਸਾਰੇ ਕੰਮ ਤਾਂ ਪੰਛੀ ਅਤੇ ਜਾਨਵਰ ਵੀ ਕਰਦੇ ਹਨ। ਮਨੁੱਖ ਇਕ ਸੱਭਿਅਕ ਪ੍ਰਾਣੀ ਹੈ। ਪ੍ਰਮਾਤਮਾ ਨੇ ਮਨੁੱਖ ਨੂੰ ਇਕ ਵਿਕਸਤ ਦਿਮਾਗ ਦਿੱਤਾ ਹੈ। ਫਿਰ ਇਸ ਨੂੰ ਲਿਪੀ ਅਤੇ ਭਾਸ਼ਾ ਦੀ ਦਾਤ ਬਖ਼ਸ਼ੀ ਹੈ। ਮਨੁੱਖ ਦੇ ਸਰੀਰਕ ਅੰਗ ਵੀ ਜਾਨਵਰਾਂ ਨਾਲੋਂ ਵਿਕਸਤ ਹਨ। ਇਸ ਹਿਸਾਬ ਸਿਰ ਤਾਂ ਮਨੁੱਖ ਨੂੰ ਕੰਮ ਵੀ ਉੱਤਮ ਕਰਨੇ ਚਾਹੀਦੇ ਹਨ ਤਾਂ ਕਿ ਪ੍ਰਮਾਤਮਾ ਨੂੰ ਇਹ ਅਫ਼ਸੋਸ ਨਾ ਹੋਵੇ ਕਿ ਕਿਸੇ ਪ੍ਰਾਣੀ ਨੂੰ ਉਸ ਨੇ ਮਨੁੱਖਾ ਜਨਮ ਦੇ ਕੇ ਕੋਈ ਗ਼ਲਤ ਕੰਮ ਤਾਂ ਨਹੀਂ ਕੀਤਾ। ਸਾਨੂੰ ਮਨੁੱਖ ਹੋਣ ਦਾ ਸਬੂਤ ਵੀ ਦੇਣਾ ਚਾਹੀਦਾ ਹੈ। ਇਹ ਇਸ ਗੱਲ ਤੋਂ ਹੀ ਪ੍ਰਗਟ ਹੁੰਦਾ ਹੈ ਕਿ ਅਸੀਂ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹਾਂ।

ਧਰਤੀ ’ਤੇ ਬੱਚੇ ਦਾ ਜਨਮ ਕੁਦਰਤ ਦਾ ਇਕ ਕ੍ਰਿਸ਼ਮਾ ਹੀ ਹੁੰਦਾ ਹੈ। ਇਸ ਜਨਮ ਦੇ ਨਾਲ ਹੀ ਮਨੁੱਖ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਜਨਮ ਸਮੇਂ ਬੱਚਾ ਬਹੁਤ ਹੀ ਨਿਰਬਲ ਹੁੰਦਾ ਹੈ। ਉਸ ਨੂੰ ਆਪਣੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਕਿਸੇ ਦੂਸਰੇ ਬੰਦੇ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਹੌਲੀ ਹੌਲੀ ਜਦ ਬੱਚਾ ਵੱਡਾ ਹੁੰਦਾ ਹੈ ਤਾਂ ਉਹ ਤੋਤਲੀ ਜੁਬਾਨ ਵਿਚ ਬੋਲਣਾ ਸਿੱਖਦਾ ਹੈ ਅਤੇ ਡੋਲਦੀਆਂ ਲੱਤਾਂ ਨਾਲ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਬੱਚੇ ਦੀਆਂ ਇਹ ਛੋਟੀਆਂ ਛੋਟੀਆਂ ਹਰਕਤਾਂ ਬਹੁਤ ਪਿਆਰੀਆਂ ਲੱਗਦੀਆਂ ਹਨ। ਫਿਰ ਉਹ ਵਿਦਿਅਕ ਗਿਆਨ ਅਤੇ ਹੋਰ ਕਈ ਨਵੀਆਂ ਨਵੀਆਂ ਗੱਲਾਂ ਸਿੱਖਦਾ ਹੈ। ਜਵਾਨੀ ਦੀ ਉਮਰ ਵਿਚ ਆ ਕੇ ਬੰਦਾ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਕਰਦਾ ਹੈ। ਇਹ ਉਮਰ ਉਸ ਦੀ ਘੋੜੇ ਦੀ ਤਰ੍ਹਾਂ ਹੁੰਦੀ ਹੈ। ਉਹ ਸ਼ਕਤੀ ਨਾਲ ਭਰਪੂਰ ਹੁੰਦਾ ਹੈ। ਉਹ ਕਮਾਈ ਕਰਦਾ ਹੈ ਅਤੇ ਸ਼ਾਦੀ ਕਰ ਕੇ ਆਪਣਾ ਇਕ ਨਵਾਂ ਸੰਸਾਰ ਵਸਾਉਂਦਾ ਹੈ। ਇਸ ਦੇ ਨਾਲ ਹੀ ਉਸ ਨੂੰ ਅਣਕਿਆਸੀਆਂ ਜ਼ਰੂਰਤਾਂ ਅਤੇ ਸੁਰੱਖਿਅਤ ਭੱਵਿਖ ਲਈ ਕੁਝ ਵੱਖਰਾ ਧਨ ਬਚਾ ਕਿ ਰੱਖਣ ਦੀ ਵੀ ਜ਼ਰੂਰਤ ਹੁੰਦੀ ਹੈ। ਬਿਮਾਰੀਆਂ, ਠੋਕਰਾਂ ਅਤੇ ਦੁਰਘਟਨਾਵਾਂ ਤੋਂ ਕਿਸੇ ਤਰ੍ਹਾਂ ਬਚਦਾ ਹੋਇਆ ਉਹ ਆਪਣੀ ਉਮਰ ਦੇ ਅਗਲੇ ਪੜਾਅ ਵੱਲ ਅੱਗੇ ਵਧਦਾ ਹੈ। ਜ਼ਿੰਦਗੀ ਵਿਚ ਇਕ ਐਸੀ ਚੀਜ਼ ਹੈ ਜੋ ਬਿਨਾ ਤੁਹਾਡੀ ਕਿਸੇ ਕੋਸ਼ਿਸ਼ ਜਾਂ ਬਿਨਾ ਕਿਸੇ ਜ਼ੋਰ ਲਾਣ ਤੋਂ ਅੱਗੇ ਵਧਦੀ ਹੀ ਰਹਿੰਦੀ ਹੈ ਉਹ ਹੈ ਤੁਹਾਡੀ ਉਮਰ।

ਸੱਠ ਕੁ ਸਾਲ ਦੀ ਉਮਰ ਦੇ ਪੜਾਅ ਤੇ ਆ ਕੇ ਮਨੁੱਖ ਦੀ ਉਮਰ ਕੁਝ ਢਲਣੀ ਸ਼ੁਰੂ ਹੋ ਜਾਂਦੀ ਹੈ। ਸਰੀਰ ਦੇ ਸਾਰੇ ਅੰਗ ਕੁਝ ਕਮਜ਼ੋਰ ਪੈ ਜਾਂਦੇ ਹਨ। ਇਸ ਅਵਸਥਾ ਵਿਚ ਆ ਕਿ ਉਹ ਆਪਣੇ ਆਪ ਨੂੰ ਕੁਝ ਬੁੱਢਾ ਮਹਿਸੂਸ ਕਰਨ ਲੱਗ ਪੈਂਦਾ ਹੈ। ਇਕ ਪੀੜ੍ਹੀ ਦਾ ਪਾੜਾ ਵੀ ਪੈ ਜਾਂਦਾ ਹੈ। ਇਸ ਸਮੇਂ ਮਨੁੱਖ ਨੂੰ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਸਮਝੌਤੇ ਵੀ ਕਰਨੇ ਪੈਂਦੇ ਹਨ। ਉਸ ਨੂੰ ਪੁਰਾਣੀਆਂ ਕੌੜੀਆਂ ਕੁਸੈਲੀਆਂ ਘਟਨਾਵਾਂ ਨੂੰ ਯਾਦ ਕਰ ਕੇ ਦੁਖੀ ਨਹੀਂ ਹੁੰਦੇ ਰਹਿਣਾ ਚਾਹੀਦਾ। ਜੇ ਉਹ ਈਰਖਾ ਤੇ ਲਾਲਚ ਨੂੰ ਛੱਡ ਕੇ ਸੰਤੁਸ਼ਟ ਰਹੇਗਾ ਤਾਂ ਹੀ ਉਸ ਨੂੰ ਸੱਚੀ ਖ਼ੁਸ਼ੀ ਮਿਲੇਗੀ। ਭਵਿੱਖ ਬਾਰੇ ਵੀ ਕੋਈ ਬਹੁਤੀਆਂ ਝੂਠੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ। ਕੀ ਪਤਾ ਕੱਲ ਆਵੇ ਜਾਂ ਨਾ ਆਵੇ। ਮਨੁੱਖ ਦੀ ਜ਼ਿੰਦਗੀ ਉਹ ਹੀ ਹੈ ਜੋ ਅੱਜ ਉਹ ਜੀ ਰਿਹਾ ਹੈ। ਇਸ ਲਈ ਕਿਸੇ ਨਾਲ ਵਰਤਦੇ ਸਮੇਂ ਇਹ ਹੀ ਸੋਚੋ ਕਿ ਸ਼ਾਇਦ ਤੁਹਾਡੀ ਉਸ ਨਾਲ ਅੰਤਿਮ ਮੁਲਾਕਾਤ ਹੀ ਹੈ। ਫਿਰ ਦੁਨੀਆਂ ਵਿਚ ਕੇਵਲ ਤੁਹਾਡੀਆਂ ਗੱਲਾਂ ਹੀ ਰਹਿ ਜਾਣੀਆਂ ਹਨ, ਤੁਸੀਂ ਆਪ ਨਹੀਂ ਹੋਣਾ। ਤੁਹਾਡੀਆਂ ਅੰਤਿਮ ਰਸਮਾਂ ਵਿਚੋਂ ਵੀ ਤੁਸੀਂ ਆਪ ਗ਼ੈੈਰ ਹਾਜ਼ਰ ਹੀ ਹੋਣਾ ਹੈ। ਇਸ ਲਈ ਅੱਜ ਨੂੰ ਮਾਣੋ।

ਹਰ ਮਨੁੱਖ ਚਾਹੁੰਦਾ ਹੈ ਕਿ ਉਸ ਦੀ ਪ੍ਰਸਨ ਲੰਮੀ ਉਮਰ ਹੋਵੇ ਪਰ ਇਸ ਲਈ ਮਨੁੱਖ ਨੂੰ ਆਪ ਕੁਝ ਯਤਨ ਵੀ ਕਰਨੇ ਚਾਹੀਦੇ ਹਨ। ਬਿਮਾਰ ਹੋ ਕੇ ਬਿਸਤਰ ਤੇ ਪੈ ਕੇ ਦੂਜਿਆਂ ਤੋਂ ਸੇਵਾ ਕਰਾ ਕੇ ਜੀਣਾ ਵੀ ਕੀ ਜੀਣਾ? ਇਹ ਇਕ ਨਰਕ ਭਰੀ ਜ਼ਿੰਦਗੀ ਭੁਗਤਣਾ ਹੀ ਹੈ। ਇਸ ਲਈ ਆਪਣੀ ਸਿਹਤ ਦੀ ਸੰਭਾਲ ਰੱਖੋ। ਤੁਹਾਡੀ ਅਸਲ ਜ਼ਿੰਦਗੀ ਉਹ ਹੀ ਹੈ ਜੋ ਤੁਸੀਂ ਆਪ ਖ਼ੁਸ਼ ਰਹਿ ਕੇ ਦੂਜਿਆਂ ਨੂੰ ਖ਼ੁਸ਼ੀਆਂ ਵੰਡਦੇ ਹੋਏ ਜਿਉਂਦੇ ਹੋ।

ਜਨਮ ਅਤੇ ਮੌਤ ਮਨੁੱਖ ਦੇ ਆਪਣੇ ਹੱਥ ਨਹੀਂ। ਬੇਸ਼ੱਕ ਇਹ ਸਭ ਨੂੰ ਪਤਾ ਹੈ ਕਿ ਉਸ ਦੀ ਅੰਤਿਮ ਮੰਜ਼ਿਲ ਮੌਤ ਹੀ ਹੈ ਪਰ ਕਦੋਂ, ਕਿੱਥੇ, ਕਿਸ ਸਮੇਂ ਅਤੇ ਕਿਵੇਂ ਮਰਨਾ ਹੈ ਇਹ ਕੋਈ ਨਹੀਂ ਜਾਣਦਾ। ਮਰ ਕੇ ਉਸ ਨਾਲ ਕੀ ਬੀਤਣੀ ਹੈ, ਕਿੱਥੇ ਜਾਣਾ ਹੈ, ਇਹ ਵੀ ਕੋਈ ਨਹੀਂ ਜਾਣਦਾ। ਜੋ ਇਕ ਵਾਰੀ ਇਸ ਦੁਨੀਆਂ ਤੋਂ ਤੁਰ ਜਾਂਦਾ ਹੈ ਉਹ ਫਿਰ ਕਦੀ ਵਾਪਸ ਨਹੀਂ ਆਉਂਦਾ। ਇਸ ਲਈ ਕੁਦਰਤ ਦਾ ਇਹ ਭੇਦ ਬਣਿਆ ਹੀ ਰਹਿੰਦਾ ਹੈ। ਬੰਦੇ ਦੇ ਭਾਗ (ਕਿਸਮਤ) ਨੂੰ ਕੇਵਲ ਭਗਵਾਨ ਹੀ ਜਾਣਦਾ ਹੈ ਪਰ ਉਹ ਕਿਸੇ ਦੇ ਭਾਗਾਂ ਵਿਚ ਦਖਲ ਨਹੀਂ ਦਿੰਦਾ। ਬੰਦੇ ਨੂੰ ਆਪਣੀ ਕਿਸਮਤ ਆਪਣੇ ਕਰਮਾਂ ਦੁਆਰਾ ਖ਼ੁਦ ਹੀ ਬਣਾਉਣੀ ਪੈਂਦੀ ਹੈ। ਅਸਲ ਵਿਚ ਅੱਗੋਂ ਕੀ ਹੋਣ ਵਾਲਾ ਹੈ ਇਸ ਦਾ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ।

ਪੈਸੇ ਦੇ ਲਾਲਚ ਕਾਰਨ ਮਨੁੱਖ ਮਾਇਆ ਦੇ ਢੇਰ ਇਕੱਠੇ ਕਰਨਾ ਚਾਹੁੰਦਾ ਹੈ। ਇਸ ਨਾਲ ਉਸ ਦਾ ਹੰਕਾਰ ਵਧਦਾ ਹੈ ਅਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਦਾ ਹੈ ਪਰ ਐਸੀ ਉੱਚਾਈ ਦਾ ਵੀ ਕੀ ਫਾਇਦਾ ਜਿੱਥੋਂ ਆਪਣੇ ਹੀ ਨਜ਼ਰ ਨਾ ਆਉਣ। ਜੇ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ ਤਾਂ ਤੁਹਾਨੂੰ ਦੁਸ਼ਮਣਾ ਦੀ ਲੋੜ ਨਹੀਂ। ਤੁਹਾਨੂੰ ਬਰਬਾਦ ਕਰਨ ਲਈ ਇਹ ਦੋ ਗੁਣ ਹੀ ਕਾਫੀ ਹਨ। ਦੁਨੀਆਂ ਤੇ ਆਏ ਹੋ ਤਾਂ ਹੜਕੰਪ ਮਚਾ ਕੇ ਦੂਸਰਿਆਂ ਨੂੰ ਬੇਚੈਨ ਨਾ ਕਰੋ। ਕਿਸੇ ਦਾ ਹੱਕ ਨਾ ਮਾਰੋ। ਕਿਸੇ ਦਾ ਦਿਲ ਨਾ ਦੁਖਾਵੋ। ਗ਼ਰੀਬ ਗੁਰਬੇ ਦੀ ਮਦਦ ਕਰੋ। ਆਪਣੇ ਧਨ ਨੂੰ ਸ਼ੁਭ ਕਰਮਾਂ ਦੀ ਕਰੰਸੀ ਵਿਚ ਬਦਲੋ। ਇਹ ਸ਼ੁਭ ਕਰਮਾਂ ਦਾ ਧਨ ਹੀ ਅੱਗੇ ਤੁਹਾਡੇ ਨਾਲ ਜਾਏਗਾ ਅਤੇ ਤੁਹਾਡੇ ਕੰਮ ਆਏਗਾ। ਸਹਿਜ ਨਾਲ ਜ਼ਿੰਦਗੀ ਜੀਓ। ਫੁੱਲਾਂ ਦੀ ਤਰ੍ਹਾਂ ਸੁੰਦਰਤਾ ਅਤੇ ਖ਼ੁਸ਼ਬੂਆਂ ਵੰਡੋ।

ਯਾਦ ਰੱਖੋ ਬੁਢਾਪਾ ਉਮਰ ਨਾਲ ਨਹੀਂ ਆਉਂਦਾ ਸਗੋਂ ਬੁਢਾਪਾ ਬੰਦੇ ਦੇ ਵਿਚਾਰਾਂ ਨਾਲ ਆਉਂਦਾ ਹੈ। ਕਈ ਲੋਕ 18 ਸਾਲ ਦੀ ਉਮਰ ਵਿਚ ਹੀ ਬੁੱਢੇ ਹੋ ਜਾਂਦੇ ਹਨ ਪਰ ਕਈ ਲੋਕ 100 ਸਾਲ ਦੀ ਉਮਰ ਵਿਚ ਵੀ ਜੁਆਨ ਰਹਿੰਦੇ ਹਨ। ਆਪਣੇ ਆਪ ਨੂੰ ਬੁੱਢਾ ਸਮਝਣਾ ਆਪਣੀ ਪ੍ਰਗਤੀ ਰੋਕਣਾ ਹੈ। ਇਸ ਲਈ ਕਦੀ ਨਾ ਸਮਝੋ ਕਿ ਮੈਂ ਬੁੱਢਾ ਹੋ ਰਿਹਾ ਹਾਂ ਸਗੋਂ ਇਹ ਸਮਝੋ ਕਿ ਮੈਂ ਹੋਰ ਤਜ਼ਰਬੇਕਾਰ, ਸਿਆਣਾ ਤੇ ਲੋਕ ਪ੍ਰਿਅ ਹੋ ਰਿਹਾ ਹਾਂ।ਤੁਹਾਡੇ ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਤੁਹਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਤੁਹਾਡਾ ਸਬੰਧ ਜੋੜਦੀਆਂ ਹਨ।

ਜ਼ਿੰਦਗੀ ਵਿਚ ਕੋਈ ਆਦਮੀ ਵੀ ਸੰਪੂਰਨ ਨਹੀਂ ਹੁੰਦਾ। ਗੁਣ ਅੋਗੁਣ ਸਭ ਵਿਚ ਹੀ ਹੁੰਦੇ ਹਨ। ਜੇ ਤੁਹਾਡੀ ਪਹਿਲੀ ਜ਼ਿੰਦਗੀ ਦੁੱਖਾਂ ਭਰੀ ਰਹੀ ਹੈ ਤਾਂ ਹੁਣ ਸਭ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਸ਼ਂਾਤਮਈ ਬਣਾਓ। ਕਈ ਵਾਰੀ ਪੈਰਾਂ ਦੇ ਛਾਲਿਆਂ ਨਾਲ ਵੀ ਜ਼ਿੰਦਗੀ ਦਾ ਸਫ਼ਰ ਤਹਿ ਕਰਨਾ ਪੈਂਦਾ ਹੈ ਅਤੇ ਮੰਜ਼ਿਲ ਤੇ ਪਹੁੰਚਿਆ ਜਾਂਦਾ ਹੈ। ਤਹਾਡੀ ਪਹਿਲੀ ਜ਼ਿੰਦਗੀ ਭਾਵੇਂ ਜਿਹੋ ਜਿਹੀ ਮਰਜ਼ੀ ਬੀਤੀ ਹੋਵੇ ਪਰ ਤੁਹਾਡੀ ਅੰਤਲੀ ਉਮਰ ਬਹੁਤ ਖ਼ੁਸ਼ਹਾਲ ਅਤੇ ਸੁੱਖਮਈ ਹੋਣੀ ਚਾਹੀਦੀ ਹੈ। ਮਨ ਤੇ ਕਿਸੇ ਕਿਸਮ ਦਾ ਕੋਈ ਬੋਝ ਨਹੀਂ ਹੋਣਾ ਚਾਹੀਦਾ ਤਾਂ ਕਿ ਤੁਹਾਡੀ ਮੌਤ ਇਕ ਸ਼ਾਨਦਾਰ ਮੌਤ ਹੋਵੇ। ਮੰਜ਼ਿਲ ਤੇ ਉਹ ਹੀ ਪਹੁੰਚਦੇ ਹਨ ਜੋ ਰੁਕਾਵਟਾਂ ਨੂੰ ਹੌਸਲੇ ਨਾਲ ਪਾਰ ਕਰਨ ਦਾ ਜਿਗਰਾ ਰੱਖਦੇ ਹਨ ਅਤੇ ਦੁੱਖਾਂ ਨੂੰ ਸਬਰ ਨਾਲ ਸਹਾਰਦੇ ਹਨ।

ਆਪਣੇ ਬੁਢਾਪੇ ਤੇ ਕਦੀ ਨਾ ਝੂੂੂੂੂੂੂੂੂੂੂੂੂੂੂੂਰੋ। ਇਹ ਤੁਹਾਨੂੰ ਕੁਦਰਤ ਵਲੋਂ ਬੋਨਸ ਮਿਲਿਆ ਹੈ ਜੋ ਕਈਆਂ ਨੂੰ ਨਸੀਬ ਨਹੀਂ ਹੁੰਦਾ। ਤੁਹਾਡੀ ਉਮਰ ਦੇ ਸੁਨਹਿਰੀ ਸਾਲ ਹੁਣ ਸ਼ੁਰੂ ਹੋਏ ਹਨ। ਹੁਣ ਤੁਹਾਡੇ ਤੇ ਨੌਕਰੀ ਦੇ ਜਾਂ ਰੁਜ਼ਗਾਰ ਦੇ ਕੋਈ ਬੰਧਨ ਨਹੀਂ। ਤੁਸੀਂ ਆਪਣੀ ਮਰਜ਼ੀ ਨਾਲ ਜੋ ਕੰਮ ਕਰਨਾ ਚਾਹੋ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਆਪਣੇ ਹਿਸਾਬ ਸਿਰ ਖੁੱਲ ਕੇ ਜੀਅ ਸਕਦੇ ਹੋ। ਤੁਹਾਡੇ ਚਿਹਰੇ ਤੇ ਹਰ ਸਮੇਂ ਇਕ ਨੂਰ ਝਲਕਣਾ ਚਾਹੀਦਾ ਹੈ।
***
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861

***
551
***

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →