19 May 2024

ਅੰਤਰਰਾਸ਼ਟਰੀ ਜਮਹੂਰੀਅਤ ਦਿਵਸ, 15 ਸਤੰਬਰ, ‘ਤੇ ਵਿਸ਼ੇਸ਼: ਜਮਹੂਰੀਅਤ ਦੀ ਉੱਤਪਤੀ ਤੇ ਵਿਕਾਸ: ਮਨੁੱਖੀ ਇਤਿਹਾਸ ਤੇ ਪ੍ਰਗਤੀ ਦੇ ਪ੍ਰਸੰਗ ਵਿੱਚ—ਡਾ. ਸੁਖਪਾਲ ਸੰਘੇੜਾ

ਦੋ ਸਦੀਆਂ ਪਹਿਲੇ, ਲੋਕਾਂ ਵਿੱਚ ਹਰ ਕੋਈ ਜਮਹੂਰੀ ਅਧਿਕਾਰਾਂ ਤੋਂ ਬਾਂਝਾ ਸੀ; ਅੱਜ, ਅਰਬਾਂ (billions) ਮਨੁੱਖ ਉਹ ਅਧਿਕਾਰ ਮਾਣਦੇ ਨੇ। ਇਹ ਉਤਸ਼ਾਹਜਨਕ ਖ਼ਬਰ ਹੈ। ਕਿਸੇ ਨਾ ਕਿਸੇ ਰੂਪ ਵਿੱਚ ਜਮਹੂਰੀਅਤ ਦੇ ਸੰਕਲਪ ਤੇ ਅਮਲ ਦੇ ਨਿਸ਼ਾਨ ਕੁਝ ਪ੍ਰਾਚੀਨ ਸੱਭਿਅੱਤਾਵਾਂ ਵਿੱਚ ਵੀ ਮਿਲਦੇ ਨੇ, ਪਰ ਹੱਥਲੇ ਲੇਖ ਵਿੱਚ, ਅਸੀਂ ਰਾਜਾਸ਼ਾਹੀ/ਜਾਗੀਰਦਾਰੀ, ਜਾਂ ਮੱਧਯੁੱਗ, ਤੋਂ ਬਾਅਦ ਦੀ ਜਮਹੂਰੀਅਤ ਦੀ ਗੱਲ ਕਰਦੇ ਹਾਂ। ਇਸ ਪ੍ਰਸੰਗ ਵਿੱਚ, ਧਰਤੀ ਉੱਪਰ ਮਨੁੱਖੀ ਇਤਿਹਾਸ ਵਿਚ ਜਮਹੂਰੀਅਤ ਦੇ ਜਨਮ ਨੂੰ ਸਮਝਣ ਲਈ, ਸਾਨੂੰ ਇਤਿਹਾਸ ਦੀ ਰਾਹ ‘ਤੇ ਯੂਰਪੀਅਨ ਰੇਨਾਸਾਂਸ ਤੱਕ ਵਾਪਸ ਜਾਣਾ ਪਵੇਗਾ, ਜੋ ਕਿ 14ਵੀਂ ਸਦੀ ਵਿੱਚ ਸ਼ੁਰੂ ਹੋ ਕੇ 17ਵੀਂ ਸਦੀ ਦੇ ਅੰਤ ਤੱਕ ਫੈਲਿਆ ਹੋਇਆ ਹੈ, ਤੇ ਜਿਹਨੇ ਪ੍ਰਬੋਧਨ (Enlighenment) ਲਹਿਰ ਨੂੰ ਜਨਮ ਦਿੱਤਾ ਜੋ 19ਵੀਂ ਦੀ ਸ਼ੁਰੂਆਤ ਤੱਕ ਚੱਲਦੀ ਸਦੀ, ਅਤੇ 18ਵੀ ਸਦੀ ਵਿੱਚ ਆਪਣੇ ਸਿਖਰ ‘ਤੇ ਪਹੁੰਚੀ। ਪੰਜਾਬੀ ਲੋਕਾਂ ਤੇ ਲੇਖਕਾਂ ਲਈ ਇਹ ਵਿਚਾਰਣ-ਹਿੱਤ ਬੜੀ ਮਹੱਵਤਪੂਰਣ ਗੱਲ ਹੈ ਕਿ ਰੇਨਾਸਾਂਸ ਤੇ ਪ੍ਰਬੋਧਨ ਦੋਨੋਂ ਮੂਲ ਤੌਰ ‘ਤੇ ਬੌਧਿਕ ਲਹਿਰਾਂ ਸਨ, ਕਵਿਤਾ ਅਤੇ ਹੋਰ ਸਾਹਿਤ ਤੇ ਕਲਾ ਰੂਪਾਂ ਸਮੇਤ; ਜਿਨ੍ਹਾਂ ਦੇ ਇਨਕਲਾਬ ਵੀ ਲਿਆਂਦੇ ਤੇ ਯੁੱਗ ਵੀ ਬਦਲੇ।

ਯੂਰਪੀਅਨ ਰੇਨਾਸਾਂਸ ਲਹਿਰ: ਮਨੁੱਖੀ ਇਤਿਹਾਸ ਦੇ ਪ੍ਰਸੰਗ ਵਿੱਚ: ਰੇਨਾਸਾਂਸ ਦੀਆਂ ਦੋ ਅਸਰਦਾਇਕ ਮੂਲ ਚਾਲਕ ਸ਼ਕਤੀਆਂ ਸਨ: ਤਰਕ ਤੇ ਮਾਨਵਵਾਦ। ਰੇਨਾਸਾਂਸ ਮਾਨਵਵਾਦ ਨੇ ਐਸੇ ਪੜ੍ਹੇ-ਲਿਖੇ ਨਾਗਰਿਕਾਂ ਦੀ ਉਸਾਰੀ ‘ਤੇ ਜ਼ੋਰ ਦਿੱਤਾ ਜੋ ਆਪਣੇ ਭਾਈਚਾਰਿਆਂ ਦੇ ਸਿਵਲ ਜੀਵਨ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੇ ਯੋਗ ਹੋਣ। ਇਸ ਉਦੇਸ਼ ਨਾਲ ਜਨਤਕ ਲਾਇਬ੍ਰੇਰੀਆਂ ਅਤੇ ਇਕ ਸਮੁੱਚਾ ਅਧਿਐਨ ਖੇਤਰ ‘studia humanitatis’, ਜਾਣਿ ਕਿ ਮਨੁੱਖਤਾ ਅਧਿਅਨ, ਸਥਾਪਤ ਹੋਏ, ਜਿਸ ਨੂੰ ਅੱਜ ਹਿਊਮੈਨਿਟੀਜ਼ (humanities) ਵਜੋਂ ਜਾਣਿਆ ਜਾਂਦਾ ਹੈ, ਅਤੇ ਜਿਸ ਵਿਚ ਉਦੋਂ ਨੈਤਿਕ ਦਰਸ਼ਨ, ਕਵਿਤਾ, ਧੜੱਲੇਦਾਰ-ਅਲੰਕਾਰਿਕ ਵਿੱਦਿਆ (rhetoric), ਵਿਆਕਰਣ, ਅਤੇ ਇਤਿਹਾਸ ਦੇ ਵਿਸ਼ੇ ਸ਼ਾਮਲ ਸਨ। ਰੇਨਾਸਾਂਸ ਦੌਰਾਨ ਵਿਕਸਤ ਕੀਤੇ ਗਏ ਮੁੱਖ ਆਦਰਸ਼ਾਂ ਵਿੱਚੋਂ ਇੱਕ ਨੂੰ ‘ਰੇਨਾਸਾਂਸ ਆਦਮੀ’ ਦੇ ਸੰਕਲਪ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਇਸ ਖ਼ਿਆਲ ਨੂੰ ਮੂਰਤੀਮਾਨ ਕਰਦਾ ਸੀ: “ਮਨੁੱਖ ਸਭ ਕੁਝ ਕਰ ਸਕਦਾ ਹੈ ਜੇ ਉਹ ਚਾਹੇ ਤਾਂ।” ਇਹ ਆਦਰਸ਼ ਰੇਨਾਸਾਂਸ ਲਹਿਰ ਦੇ ਮਾਨਵਵਾਦ ਦੇ ਮੂਲ ਮੱਤ ਦਾ ਪ੍ਰਗਟਾਵਾ ਕਰ ਰਿਹਾ ਸੀ ਕਿ “ਮਨੁੱਖ ਬ੍ਰਹਿਮੰਡ ਦਾ ਕੇਂਦਰ ਹੈ।” ਇਸਦਾ ਅਰਥ ਇਹ ਹੈ ਕਿ ਵਿਕਾਸ ਦੇ ਰਾਹ ‘ਤੇ ਮਨੁੱਖ ਦੀਆਂ ਸੰਭਾਵਨਾਵਾਂ ਦੀ ਕੋਈ ਸੀਮਾ ਨਹੀਂ; ਇਸ ਲਈ ਮਨੁੱਖਾਂ ਨੂੰ ਆਪਣੀ ਕਾਬਲੀਅਤ ਨੂੰ ਪੂਰਨ ਰੂਪ ਵਿਚ ਵਿਕਸਿਤ ਕਰਨ ਲਈ ਸਾਰੇ ਗਿਆਨ ਤੇ ਹੁਨਰਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਸਮੇਂ ਦੇ ਆਦਰਸ਼ ਰੇਨਾਸਾਂਸ ਮੈਨਾਂ ਵਿੱਚੋਂ ਇੱਕ ਪ੍ਰਸਿੱਧ ਸੀ ਇਟਲੀ ਦਾ ਲਿਓਨਾਰਡੋ ਡਾ ਵਿੰਸੀ (1452–1519), ਜਿਸਨੇ ਲੇਖਨ, ਆਰਟ, ਸੰਗੀਤ, ਵਿਗਿਆਨ/ਕਾਢ, ਬੁੱਤ ਘੜਤਾ, ਨਿਰਮਾਨ ਕਲਾ, ਆਦਿ ਖੇਤਰਾਂ ਵਿੱਚ ਜੌਹਰ ਦਿਖਲਾਏ। ਇਹ ਉਹੀਓ ਲਿਓਨਾਰਡੋ ਹੈ ਜਿਹਦੀਆਂ ਮੋਨਾ ਲੀਸਾ, ਲਾਸਟ ਸਪਰ (ਆਖ਼ਰੀ ਭੋਜਨ), ਤੇ ਹੋਰ ਕਿੰਨੀਆ ਕਲਾ ਕ੍ਰਿਤਾਂ ਅੱਜ ਵੀ ਹਰਮਨ ਪਿਆਰੀਆ ਨੇ।

ਰੇਨਾਸਾਂਸ ਨੂੰ ਪੁਰਾਣੇ ਸੱਭਿਆਚਾਰ ਦੀ ਪੁਨਰ-ਸੁਰਜੀਤੀ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਨੋਟ ਕਰਨਾ ਮਹੱਤਵਪੂਰਣ ਹੈ ਕਿ ਇੱਥੇ ਪੁਨਰ-ਸੁਰਜੀਤੀ ਮੱਧਯੁੱਗ (ਈ. 476 ਤੋਂ 1492) ਦੀ ਨਹੀਂ ਸੀ, ਜਿਹਦੀਆਂ ਮੁੱਖ ਵਿਸ਼ੇਸ਼ਤਾਵਾਂ ਸਨ ਜਗੀਰਦਾਰੀ ਦੀ ਚੜ੍ਹਤ ਤੇ ਕੈਥੋਲਿਕ ਚਰਚ ਕੋਲ ਲੋਕਾਂ ਦੇ ਜੀਵਨ ਕੰਟਰੋਲ ਕਰਨ ਦੀ ਸ਼ਕਤੀ; ਇਸ ਦੀ ਬਜਾਏ ਪੁਨਰ-ਸੁਰਜੀਤੀ ਗਰੀਕ ਦਾਰਸ਼ਨਿਕਾਂ ਦੇ ਕਲਾਸੀਕਲ ਪੀਰੀਅਡ (500 ਬੀ ਸੀ ਤੋਂ ਈ 500 ਤੱਕ) ਦੀ ਸੀ ਜਿਹਦੀ ਵਿਸ਼ੇਸ਼ਤਾ ਉਨ੍ਹਾਂ ਵਿਚਾਰਾਂ ਦੇ ਵਿਕਾਸ ਵਿੱਚ ਪਈ ਹੈ ਜੋ ਅੱਜ ਦੇ ਸਾਹਿਤ, ਕਲਾ, ਗਣਿਤ ਅਤੇ ਵਿਗਿਆਨ ਦੀ ਬੁਨਿਆਦ ਹਨ। ਗਰੀਕ ਅਤੇ ਰੋਮਨ ਲਿਖਤਾਂ ਦੇ ਕਲਾਕ੍ਰਿਤੀਆਂ ਦੀ ਮੁੜ ਖੋਜ ਕੀਤੀ ਗਈ ਸੀ। ਰੇਨਾਸਾਂਸ ਦੇ ਚਿੰਤਕਾਂ ਨੇ ਉਨ੍ਹਾਂ ਪੁਰਾਣੇ ਵਿਚਾਰਾਂ ਨੂੰ ਆਪਣੇ ਸਮੇਂ ਦੇ ਗਿਆਨ ਨਾਲ ਮਿਲਾ ਦਿੱਤਾ, ਤਰਕ ਦੀ ਵਰਤੋਂ ਕਰਕੇ। ਰੇਨਾਸਾਂਸ ਦੇ ਬਾਹਲੇ ਮਾਨਵਵਾਦੀ ਬੁੱਧੀਜੀਵੀ ਭਾਵੇਂ ਧਾਰਮਿਕ ਸਨ, ਲੇਕਿਨ ਚਰਚ ਪ੍ਰਸ਼ਾਸਨ ਦੀਆਂ ਕੁਰੀਤੀਆਂ, ਦੁਰਉਪਯੋਗ, ਤੇ ਦੁਰਵਿਵਹਾਰ ਵਿਰੁੱਧ ਤਰਕ ਦਾ ਹੱਲਾ ਬੋਲ ਰਹੇ ਸਨ; ਹਾਲਾਂ ਕਿ ਉਹ ਚਰਚ ਦੇ ਵਿਰੁੱਧ ਨਹੀਂ ਸਨ। ਉਸ ਸਮੇਂ ਚਰਚ ਅਰਿਸਟੋਟਲ ਦੇ ਮਾਡਲ ਨੂੰ ਮੰਨਦਾ ਸੀ ਜਿਸ ਅਨੁਸਾਰ ਧਰਤੀ ਬ੍ਰਹਿਮੰਡ ਦਾ ਕੇਂਦਰ ਸੀ ਤੇ ਬਾਕੀ ਸਾਰੇ ਗ੍ਰਹਿ, ਸੂਰਜ, ਆਦਿ ਧਰਤੀ ਦੁਆਲੇ ਘੁੰਮਦੇ ਸਨ, ਕਿਉਂਕਿ ਇਹ ਮਾਡਲ, ਚਰਚ ਲੀਡਰਾਂ ਦੀ ਸਮਝ ਅਨੁਸਾਰ, ਬਾਈਬਲ ਵਿੱਚ ਪੇਸ਼ ਕੀਤੇ ਬ੍ਰਹਿਮੰਡ ਮੱਤ ਦੇ ਜ਼ਿਆਦਾ ਸੂਤ ਬਹਿੰਦਾ ਸੀ। ਜਦੋਂ ਵਿਗਿਆਨਕ ਖ਼ੋਜਾਂ ਨੇ ਉਸ ਮਾਡਲ ਨੂੰ ਨਿਕਾਰਦੇ ਹੋਏ ਦਿਖਾਉਣਾ ਸ਼ੂਰੂ ਕਰ ਦਿੱਤਾ ਕਿ ਸੱਭ ਕੁਛ ਧਰਤੀ ਦੁਆਲੇ ਕੋਈ ਗ੍ਰਹਿ ਨਹੀਂ ਘੁੰਮਦਾ, ਬਲਕਿ ਧਰਤੀ ਤੇ ਸਾਰੇ ਗ੍ਰਹਿ ਸੂਰਜ ਦੁਆਲੇ ਘੁੰਮਦੇ ਹਨ, ਤਾਂ ਚਰਚ ਲੀਡਰਾਂ ਨੇ ਸਰ੍ਹੇਆਮ ਵਿਗਿਆਨ ਖ਼ਿਲਾਫ਼ ਖੜ੍ਹੇ ਹੋ ਕੇ ਇਨ੍ਹਾਂ ਖ਼ੋਜਾਂ ਨਾਲ ਸੰਬੰਧਿਤ ਵਿਗਿਆਨੀਆਂ ਨੂੰ ਖ਼ੱਜਲ-ਖੁਆਰ ਕਰਨਾ ਸ਼ੁਰੂ ਕਰ ਦਿੱਤਾ। ਉਦਾਹਰਣ ਵਜੋਂ, ਗੈਲੀਲੀਓ ਗੈਲੀਲੀ ਉੱਤੇ 1633 ਵਿੱਚ ਮੁਕੱਦਮਾ ਚਲਾਇਆ ਗਿਆ ਅਤੇ ਉਹਨੂੰ ਬਾਕੀ ਦੀ ਜ਼ਿੰਦਗੀ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ। ਰੇਨਾਸਾਂਸ ਦੇ ਮਾਨਵਵਾਦੀਆਂ ਨੇ ਚਰਚ ਵਲੋਂ ਲਏ ਵਿਗਿਆਨ ਵਿਰੋਧੀ ਸਟੈਂਡ ਨੂੰ ਰੱਦ ਕਰਦਿਆਂ ਵਿਗਿਆਨ ਦਾ ਸਾਥ ਦਿੱਤਾ। ਇਸ ਤਰ੍ਹਾਂ, ਹੌਲੀ ਹੌਲੀ ਮਾਨਵਵਾਦੀ ਲਹਿਰ ਚਰਚ ਦੇ ਅਧਿਆਤਮਵਾਦ ਦੇ ਘੇਰੇ ਦੇ ਚੁੰਗਲ ‘ਚੋਂ ਬਾਹਰ ਨਿੱਕਲਣੀ ਸ਼ੁਰੂ ਹੋ ਗਈ।

ਤਕਰੀਬਨ ਸਾਰੇ ਖੇਤਰਾਂ ਨੂੰ ਪ੍ਰਭਾਵਤ ਕਰਦਿਆਂ, ਵਿਗਿਆਨ ਦੀ ਸਹਾਇਤਾ ਨਾਲ, ਰੇਨਾਸਾਂਸ ਲਹਿਰ ਨੇ ਨਾ ਸਿਰਫ ਮੱਧਯੁੱਗ ਦੇ ਯੂਰਪ ਨੂੰ ਪੂਰਵ-ਆਧੁਨਿਕ ਯੁੱਗ ਨਾਲ ਜੋੜਿਆ, ਬਲਕਿ ਪ੍ਰਬੋਧਨ (enlightenment) ਲਹਿਰ ਨੂੰ ਵੀ ਜਨਮ ਦਿੱਤਾ ਜਿਹਨੇ ਆਧੁਨਿਕਤਾ ਨੂੰ ਪਰਿਭਾਸ਼ਤ ਕਰਦਿਆਂ ਯੂਰਪ ਨੂੰ ਹੀ ਨਹੀਂ, ਇੰਗਲੈਂਡ ਦੀ ਰਾਜਾਸ਼ਾਹੀ ਨਾਲ ਸਿੱਧੀ ਟੱਕਰ ਲੈਂਦੇ ਅਮਰੀਕਾ ਨੂੰ ਵੀ, ਆਧੁਨਿਕ ਯੁੱਗ ਨਾਲ ਜੋੜਿਆ।

ਯੂਰਪੀਅਨ ਪ੍ਰਬੋਧਨ ਲਹਿਰ: ਮਨੁੱਖੀ ਇਤਿਹਾਸ ਦੇ ਪ੍ਰਸੰਗ ਵਿੱਚ: ਰੇਨਾਸਾਂਸ ਵਾਂਗ, ਪ੍ਰਬੋਧਨ ਵੀ ਬੌਧਿਕ ਲਹਿਰ ਸੀ ਜਿਸਨੇ ਯੂਰਪ ਦੇ ਕਈ ਗਿਆਨ ਖੇਤਰਾਂ, ਅਤੇ ਸਮਾਜਿਕ, ਧਾਰਮਿਕ, ਤੇ ਰਾਜਨੀਤਕ ਪੱਖਾਂ ਨੂੰ ਪ੍ਰਭਾਵਿਤ ਕੀਤਾ। 17ਵੀਂ ਸਦੀ ਤੋਂ 19ਵੀਂ ਸਦੀ ਤੱਕ ਫ਼ੈਲੀ ਇਸ ਲਹਿਰ ਦੀ ਪਹਿਲੀ ਲਿਖਤ ਨਿਊਟਨ ਦੀ 1687 ਵਿੱਚ ਪ੍ਰਕਾਸ਼ਤ ਵਿਗਿਆਨਕ ਲਿਖਤ ‘ਪ੍ਰਿੰਸੀਪੀਆ ਮੈਥੇਮੈਟਿਕਾ’ ਨੂੰ ਮੰਨਿਆ ਜਾਂਦਾ ਹੈ। ਪ੍ਰਬੋਧਨ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ਼ਾਮਲ ਸਨ: ਇਮੈਨੁਅਲ ਕਾਂਤ, ਜਾਨ ਲੌਕ, ਵੋਲਟਾਇਰਕਾਂਤ, ਰੂਸੋ, ਬੇਕਰੀਰੀਆ, ਬਾਰੂਚ ਸਪਿਨੋਜ਼ਾ, ਡਾਈਡ੍ਰੋਟ, ਅਤੇ ਐਡਮ ਸਮਿਥ। ਪ੍ਰਬੋਧਨ ਲਹਿਰ ਦੀ ਸੋਚ ਦੀਆਂ ਪਰਿਭਾਸ਼ਾਤਮਕ ਵਿਸ਼ੇਸ਼ਤਾਵਾਂ ਵਿੱਚੋਂ ਦੋ ਸਨ਼: ਵਿਗਿਆਨਕ ਵਿਧੀ ਅਤੇ ਘਟਾਅਵਾਦ, ਅਰਥਾਤ ਕਿਸੇ ਗੁੰਝਲਦਾਰ ਵਰਤਾਰੇ ਨੂੰ ਸਰਲ ਜਾਂ ਵਧੇਰੇ ਬੁਨਿਆਦੀ ਵਰਤਾਰੇ ਜਾਂ ਵਰਤਾਰਿਆਂ ਦੇ ਰੂਪ ਵਿੱਚ ਬਿਆਨਿਆ ਜਾ ਸਕਦਾ ਹੈ। ਇਸ ਤਰ੍ਹਾਂ ਸੋਚਣ ਵਿੱਚ ਧਾਰਮਿਕ ਕੱਟੜਪੰਥੀ ਉੱਤੇ ਕੁਦਰਤੀ ਤੌਰ ‘ਤੇ ਸਵਾਲ ਉੱਠਦੇ ਸਨ। ਮਿਸਾਲ ਵਜੋਂ, ਇਮੈਨੁਅਲ ਕਾਂਤ ਨੇ ਆਪਣੇ ਪ੍ਰਸਿੱਧ ਲੇਖ “What is enlightenment?”, ਭਾਵ ”ਗਿਆਨਵਾਨਤਾ ਕੀ ਹੈ?”, ਵਿੱਚ ਕਿਹਾ: ਪ੍ਰਬੋਧਨ ਦੀ ਪ੍ਰਭਾਸ਼ਾ ਹੈ ਕਿ ਮਨੁੱਖਤਾ ਆਪ-ਛਹੇੜੇ ਕੱਚੇਪਣ (immaturity), ਆਲਸੀਪਣ, ਕਾਇਰਤਾ, ਅਤੇ ਧਾਰਮਿਕ ਜਾਂ ਰਾਜਨੀਤਿਕ ਅਥਾਰਟੀਆਂ ਦੀਆਂ ਰੂੜ੍ਹੀਆਂ ਤੇ ਫਾਰਮੂਲਿਆਂ ਸਾਹਮਣੇ ਗੋਡਿਆ ਟੇਕਣ ਦੇ ਅਮਲ ਵਿੱਚੋਂ ਨਿੱਕਲ ਕੇ ਚੀਜ਼ਾ ਨੂੰ ਖ਼ੁਦ ਸਮਝਣ ਦੀ ਦਲੇਰੀ ਕਰੇ। ਉਹਦੇ ਅਨੁਸਾਰ ਪ੍ਰਬੋਧਨ ਲਹਿਰ ਦੀ ਬੁਨਿਆਦੀ ਮੰਗ ਸੀ: “ਸੋਚ ਤੇ ਬੋਲਣ ਦੀ ਆਜ਼ਾਦੀ।” ਉਹਦੇ ਲਈ ਪ੍ਰਬੋਧਨ ਦਾ ਮਤਲਬ ਇਹ ਵੀ ਸੀ ਕਿ ਇਕ ਯੁੱਗ ਦੁਆਰਾ ਕੀਤਾ ਗਿਆ ਅਜੇਹਾ ਇਕਰਾਰਨਾਮਾ ਮਨੁੱਖੀ ਸੁਭਾਅ ਖ਼ਿਲਾਫ਼ ਜੁਰਮ ਹੋਵੇਗਾ, ਜੋ ਇਕਰਾਰਨਾਮਾ ਆਉਂਦੇ ਯੁੱਗਾਂ ਲਈ ਆਪਣੀ ਸੂਝ ਦਾ ਵਿਸਤਾਰ ਕਰਨ, ਗਿਆਨ ਨੂੰ ਵਧਾਉਣ, ਤੇ ਗਲਤੀਆਂ ਨੂੰ ਦੂਰ ਕਰਨ ਉੱਪਰ ਜੰਦਰਾ ਲਗਾ ਦੇਵੇ; ਕਿਉਕਿ ਮਨੁੱਖੀ ਸੁਭਾਅ ਦੀ ਤਕਦੀਰ (ਜਾਂ ਮੰਜ਼ਲ) ਹੀ ਬਿਲਕੁਲ ਅਜਿਹੀ ਪ੍ਰਗਤੀ ਵਿੱਚ ਪਈ ਹੈ।

ਪ੍ਰਬੋਧਨ ਲਹਿਰ ਦੇ ਵਿਚਾਰਾਂ ਨੇ ਰਾਜਸ਼ਾਹੀ ਅਤੇ ਚਰਚ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਦਿੱਤਾ; 18ਵੀਂ ਤੇ 19ਵੀਂ ਸਦੀ ਦੇ ਰਾਜਨੀਤਿਕ ਇਨਕਲਾਬਾਂ ਜਿਵੇਂ ਕਿ ਫ੍ਰੈਂਚ ਇਨਕਲਾਬ (1789 — 1799) ਤੇ ਅਮਰੀਕੀ ਇਨਕਲਾਬ (1765 — 1783) ਲਈ ਰਾਹ ਪੱਧਰਾ ਕੀਤਾ; ਅਤੇ ਉਨ੍ਹਾਂ ਨੂੰ ਸ਼ੁਰੂ ਕਰਨ, ਤੇ ਉਨ੍ਹਾਂ ਦੀ ਰੂਪ ਧਾਰਨਾ ਵਿੱਚ ਵਿਸ਼ੇਸ਼ ਹਿੱਸਾ ਪਾਇਆ। ਮਿਸਾਲ ਵਜੋਂ, ਅਮਰੀਕੀ ਇਨਕਲਾਬ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਰਾਜਨੀਤਿਕ ਅਤੇ ਬੁੱਧੀਜੀਵੀ ਸ਼ਖਸੀਅਤਾਂ ਵਿਚਾਰਧਾਰਿਕ ਤੌਰ ‘ਤੇ ਪ੍ਰਬੋਧਨ ਲਹਿਰ ਨਾਲ ਨੇੜਿਓਂ ਜੁੜਦੀਆਂ ਹੋਈਆਂ ਸਨ: ਥੌਮਸ ਜੈਫਰਸਨ ਨੇ ਅਮਰੀਕਾ ਦੇ ਆਜ਼ਾਦੀ-ਐਲਾਨਨਾਮੇ (1776) ਵਿੱਚ ਪ੍ਰਬੋਧਨ ਦੇ ਕੁਝ ਆਦਰਸ਼ਾਂ ਨੂੰ ਸ਼ਾਮਲ ਕੀਤਾ; ਬੈਂਜਾਮਿਨ ਫਰੈਂਕਲਿਨ ਕਈ ਵਾਰ ਯੂਰਪ ਯਾਤਰਾ ਕਰ ਉਥੋਂ ਦੀਆਂ ਵਿਗਿਆਨਕ ਤੇ ਰਾਜਨੀਤਿਕ ਬਹਿਸਾਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦਾ ਅਤੇ ਉਥੋਂ ਨਵੇਂ ਵਿਚਾਰ ਵਾਪਸ ਅਮਰੀਕਾ ਲਿਆਉਂਦਾ ਰਿਹਾ; ਅਤੇ ਜੇਮਜ਼ ਮੈਡੀਸਨ ਨੇ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ (1787) ਵਿਚ ਵੀ ਪ੍ਰਬੋਧਨ ਦੇ ਕੁਝ ਆਦਰਸ਼ਾਂ ਨੂੰ ਸ਼ਾਮਲ ਕੀਤਾ। ਇੱਥੇ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਵਿੱਚੋਂ ਇੱਕ ਪੇਸ਼ ਹੈ ਜੋ ਸੰਯੁਕਤ ਰਾਜ ਅਮਰੀਕਾ ਦੇ ਆਜ਼ਾਦੀ-ਐਲਾਨਨਾਮੇ ਵਿੱਚ ਵੇਖੀ ਜਾ ਸਕਦੀ ਹੈ:
“ਅਸੀਂ ਇਹ ਸਚਾਈ ਆਪਣੇ ਆਪ ਵਿੱਚ ਪ੍ਰਮਾਣਿਕ ਮੰਨਦੇ ਹਾਂ ਕਿ ਸਾਰੇ ਬੰਦੇ ਬਰਾਬਰ ਰਚੇ ਗਏ ਹਨ ਤੇ ਉਹ ਸਾਰੇ ਆਪਣੇ ਰਚਣਹਾਰੇ ਵਲੋਂ ਕੁਝ ਖ਼ਾਸ ਅਟੱਲ ਹੱਕਾਂ ਨਾਲ ਨਿਵਾਜ਼ੇ ਗਏ ਨੇ, ਜਿਨ੍ਹਾਂ ਵਿੱਚੋਂ ਕੁਝ ਹਨ: ਜ਼ਿੰਦਗੀ, ਸਵਤੰਤਰਤਾ, ਤੇ ਖ਼ੁਸ਼ੀ ਦੀ ਭਾਲ——ਇਹ ਅਧਿਕਾਰ ਸੁਰੱਖਿਅਤ ਕਰਨ ਲਈ, ਬੰਦੇ ਸਰਕਾਰਾਂ ਸਥਾਪਿਤ ਕਰਦੇ ਨੇ, ਤੇ ਸਰਕਾਰਾਂ ਲੋਕਾਂ ਤੋਂ ਉਨ੍ਹਾਂ ਦੀ ਮਰਜ਼ੀ ਨਾਲ ਹੀ ਆਪਣੀ ਤਾਕਤ ਗ੍ਰਹਿਣ ਕਰਦੀਆ ਹਨ ਜਿਨ੍ਹਾਂ ‘ਤੇ ਉਹ ਰਾਜ ਕਰਨ।”

ਇਸ ਉੱਕਤ ਕਥਨ ਦੀ ਤੁਲਨਾ ਕਰੋ ਪ੍ਰਬੋਧਨ ਲਹਿਰ ਦੇ ਜਾਨ ਲਾੱਕ ਨਾਲ ਜਿਸ ਅਨੁਸਾਰ ਹਰੇਕ ਮਨੁੱਖ ਕੁਝ ਕੁਦਰਤੀ ਅਧਿਕਾਰ ਲੈਕੇ ਜੰਮਦਾ ਹੈ, ਜਿਨ੍ਹਾਂ ਵਿੱਚ ਸ਼ਾਮਲ ਨੇ: ਸੰਪੂਰਨ ਬਰਾਬਰੀ ਤੇ ਆਜ਼ਾਦੀ, ਅਤੇ ਜੀਵਨ ਤੇ ਜਾਇਦਾਦ ਨੂੰ ਸੁਰੱਖਿਅਤ ਰੱਖਣ ਦੇ ਅਧਿਕਾਰ; ਇਹ ਕੁਦਰਤੀ ਅਧਿਕਾਰ ਕੁਦਰਤ ਦਾ ਨਿਯਮ ਹੈ। ਲਾੱਕ, ਹੋਬਜ਼, ਤੇ ਰੂਸੋ ਇਸ ਗੱਲ ‘ਤੇ ਸਹਿਮਤ ਸਨ ਕਿ ਮਨੁੱਖ ਲਈ ਸਿਵਲ ਸੁਸਾਇਟੀ ਵਿਚ ਰਹਿਣ ਲਈ ਇਕ ਸਮਾਜਿਕ ਸਮਝੌਤਾ ਜ਼ਰੂਰੀ ਹੁੰਦਾ ਹੈ ਜਿਹਦੇ ਅਨੁਸਾਰ ਸਰਕਾਰ ਦਾ ਅਧਿਕਾਰ ਲੋਕਾਂ ਦੀ ਮਰਜ਼ੀ ਨਾਲ ਹੋਵੇ। ਇਹ ਸ਼ਰਤ ਜਮਹੂਰੀਅਤ ਦਾ ਬੀਜ ਸੀ; ਇਹ ਤੇ ਮੁੱਢਲੇ ਮਨੁੱਖੀ ਹੱਕਾਂ ਦੀ ਪੂਰਤੀ ਨਾਲ ਹੀ ਮਨੁੱਖ ਤਰਕਸ਼ੀਲ ਹੁੰਦੇ ਹਨ ਅਤੇ ਕੁਦਰਤੀ ਕਾਨੂੰਨ ਦੀ ਪਾਲਣਾ ਕਰਦੇ ਹਨ। ਪ੍ਰਬੋਧਨ ਲਹਿਰ ਦੇ ਅਜੇਹੇ ਵਿਚਾਰਾਂ ਤੇ ਆਦਰਸ਼ਾਂ ‘ਤੇ ਸਿਰਫ ਸੰਯੁਕਤ ਰਾਜ ਅਮਰੀਕਾ ਹੀ ਨਹੀਂ, ਆਮ ਤੌਰ ‘ਤੇ ਬਾਹਲੇ ਪੱਛਮੀ ਜਮਹੂਰੀ ਰਾਜਾਂ ਦੀਆਂ ਬੁਨਿਆਦਾਂ ਰੱਖੀਆਂ ਗਈਆ ਸਨ।

ਪ੍ਰਬੋਧਨ ਲਹਿਰ ਇਕ ਅਜੇਹੀ ਮਸ਼ੀਨ ਸੀ ਜਿਹਨੇ ਵਿਚਾਰਾਂ ਦੀ ਭਰਪੂਰ ਸਪਲਾਈ ਪੈਦਾ ਕੀਤੀ, ਜਿਸ ਵਿਚ ਵਿਚਾਰਾਂ ਦੀ ਇਕ ਅਜੇਹੀ ਸ਼੍ਰੇਣੀ ਵੀ ਸ਼ਾਮਲ ਸੀ ਜਿਹਦੇ ਵਿਚਾਰ ਇਕ ਦੂਜੇ ਨਾਲ ਇੱਕ-ਸੁਰ ਬੱਝੇ ਹੋਏ ਸਨ; ਇਸ ਲਈ ਬੱਝਵਾਂ ਅਸਰ ਪਾਉਂਦੇ ਹੋਏ ਉਹ ਸਭ ਵੱਧ ਪ੍ਰਭਾਵਸ਼ਾਲੀ ਸਨ; ਤੇ ਇਸ ਸ਼੍ਰੇਣੀ ਦੇ ਵਿਚਾਰ ਉਸ ਸਮੇਂ ਮਨੁੱਖੀ ਵਿਕਾਸ ਦੇ ਪੜਾਅ ਦੇ ਮੇਚ ਆਉਂਦੇ ਸਨ, ਕੁਦਰਤੀ ਤਬਦੀਲੀ ਨਿਯਮ ਦੇ ਪ੍ਰਸੰਗ ਵਿੱਚ। ਇਸ ਸ਼੍ਰੇਣੀ ਦੇ ਵਿਚਾਰਾਂ ‘ਚੇ ਸ਼ਾਮਲ ਸਨ: ਗਿਆਨ ਇੰਦਰੀਆਂ ਦਾ ਪ੍ਰਮਾਣ ਗਿਆਨ ਦਾ ਮੁੱਖ ਸਰੋਤ ਹੋਵੇ, ਤਰਕ ਦੀ ਪ੍ਰਭੂਸੱਤਾ, ਸਹਿਣਸ਼ੀਲਤਾ, ਭਰੱਪਣ, ਆਜ਼ਾਦੀ, ਚਰਚ ਤੇ ਰਾਜ ਵਿਚਕਾਰ ਅਲਹਿਦਗੀ, ਸੰਵਿਧਾਨਕ ਸਰਕਾਰ, ਅਤੇ ਪ੍ਰਗਤੀ। ਵਿਚਾਰਾਂ ਦੀ ਇਹ ਸ਼੍ਰੇਣੀ ਤਿੰਨ ਥੀਮਾਂ ‘ਤੇ ਅਧਾਰਤ ਸੀ: ਤਰਕ, ਵਿਗਿਆਨ, ਅਤੇ ਮਾਨਵਵਾਦ। ਇਨ੍ਹਾਂ ਥੀਮਾਂ, ਜਾਂ ਆਦਰਸ਼ਾਂ, ‘ਤੇ ਆਧਾਰਿਤ ਪ੍ਰਬੋਧਨ ਲਹਿਰ ਨੇ ਮਨੁੱਖੀ ਪ੍ਰਗਤੀ ਤੇ ਜਮਹੂਰੀਅਤ ਦੋਨ੍ਹਾਂ ਜਨਮ ਦਿੱਤਾ ਜਾਂ ਅਗਾਂਹ ਤੋਰਿਆ। ਦੋਹਾਂ ਵਿੱਚ ਰਿਸ਼ਤਾ ਸਮਝਣ ਲਈ, ਆਓ ਪਹਿਲਾ ਮਨੁੱਖੀ ਪ੍ਰਗਤੀ ਦੇ ਕਾਰਕ (factor) ਨੂੰ ਫ਼ਰੋਲੀਏ।

ਤਰਕ, ਵਿਗਿਆਨ, ਅਤੇ ਮਾਨਵਵਾਦ ਕਿੰਝ ਮਨੁੱਖੀ ਪ੍ਰਗਤੀ ਨੂੰ ਜਨਮ ਦੇੰਦੇ ਨੇ? ਤਰਕ, ਵਿਗਿਆਨ ਅਤੇ ਮਾਨਵਤਾ ਕੁਦਰਤੀ ਤੌਰ ‘ਤੇ ਤਰੱਕੀ/ਪ੍ਰਗਤੀ ਨੂੰ ਜਨਮ ਦਿੰਦੇ ਹਨ। ਮਿਸਾਲ ਵਜੋਂ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਪਹਿਲੇ ਉਦਯੋਗਿਕ ਇਨਕਲਾਬ (1760 — 1840) ਨੇ ਉਤਪਾਦਨ ਦੇ ਸਾਧਨਾਂ ਤੇ ਸੰਦਾਂ ਨੂੰ ਹੱਥ-ਸੰਦਾਂ ਤੋਂ ਮਸ਼ੀਨਾਂ ਤੇ ਵਿਗਿਆਨਕ ਤਰੀਕਿਆਂ ਵਿੱਚ ਤਬਦੀਲ ਕਰ ਦਿੱਤਾ; ਨਤੀਜਣ, ਮਨੁੱਖੀ ਸਮਾਜ ਦੇ ਪੈਦਾਵਾਰੀ ਰਿਸ਼ਤੇ ਵੀ ਬਦਲ ਗਏ। ਇੰਝ ਉਦਯੋਗਿਕ ਇਨਕਲਾਬ ਨੇ ਆਧੁਨਿਕ ਯੁੱਗ ਵਿਚ ਮਨੁੱਖੀ ਸਮਾਜ ਨੂੰ ਪਰਿਭਾਸ਼ਿਤ ਕਰਨ ਤੇ ਇਸ ਨੂੰ ਮਾਡਰਨ ਰੂਪ ਵਿੱਚ ਢਾਲਣ ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਭੂਮਿਕਾ ਦੀ ਲਪੇਟ ਵਿੱਚ ਆਏ: ਸਮਾਜਿਕ ਰਿਸ਼ਤੇ, ਧਰਮ, ਰਾਜਨੀਤੀ, ਆਰਥਿਕਤਾ; ਤੁਸੀਂ ਗਿਣਦੇ ਰਹੋ। ਉਦਯੋਗਿਕ ਕ੍ਰਾਂਤੀ ਦਾ ਅਰੰਭ ਕਰਨ ਵਾਲੇ ਤੇ ਇਹਦੇ ਚਾਲਕ, ਇੰਜਣ ਅਤੇ ਮਸ਼ੀਨਾਂ, ਵਿਗਿਆਨਕ ਖੋਜਾਂ ਤੋਂ ਬਿਨਾਂ ਇੱਥੇ ਨਹੀਂ ਬਣਨੀਆਂ ਸਨ। ਧਰਤੀ ਉੱਤੇ ਆਧੁਨਿਕ ਯੁੱਗ ਵਿੱਚ ਮਨੁੱਖੀ ਜੀਵਨ ਦੀਆਂ ਅਣਗਿਣਤ ਤੇ ਕਰੀਬ ਸਾਰੀਆਂ ਭੌਤਿਕ ਜ਼ਰੂਰਤਾਂ ਤੇ ਸੁੱਖ ਸਹੂਲਤਾਂ ਵਿਗਿਆਨ ਦੀਆਂ ਖੋਜਾਂ ਅਤੇ ਉਨ੍ਹਾਂ ਤੋਂ ਉਪਜੀ ਟੈਕਨੋਲੋਜੀ ਦੁਆਰਾ ਬਣਾਈਆ/ਉਸਾਰੀਆਂ ਗਈਆਂ ਹਨ: ਇੰਜਨ ਤੋਂ ਟਿਊਬਵੈੱਲ ਤੱਕ; ਟਰੱਕ/ਕਾਰਾਂ ਤੋਂ ਹਵਾਈ ਜਹਾਜ਼ਾਂ ਤੱਕ; ਬਿਜਲਈ ਚੁੱਲ੍ਹਿਆਂ, ਫਰਿੱਜਾਂ, ਤੇ ਏਅਰਕੰਡੀਸ਼ਨਰਾਂ ਤੋਂ ਘਰਾਂ, ਸੜਕਾਂ, ਤੇ ਸ਼ਹਿਰਾਂ ਨੂੰ ਜਗਮਗਾਉਂਦੀ ਰੰਗ-ਬਰੰਗੀ ਰੌਸ਼ਨੀ ਤੱਕ; ਰੇਡੀਓ, ਟੀ.ਵੀ., ਤੇ ਕੰਪਿਊਟਰਾਂ ਤੋਂ ਇੰਟਰਨੈੱਟ, ਸ਼ੋਸ਼ਲ ਮੀਡੀਆਂ, ਤੇ ਸਮਾਰਟ ਫ਼ੋਨਾਂ ਤੱਕ; ਅਤੇ ਵੈਕਸੀਨਾਂ ਤੋਂ ਭਿੰਨ ਭਿੰਨ ਬਿਮਾਰੀਆਂ ਦੇ ਇਲਾਜਾਂ ਤੱਕ। ਮੁੱਕਦੀ ਗੱਲ, ਵਿਗਿਆਨ ਵਲੋਂ ਖ਼ੋਜੇ ਕੁਦਰਤੀ ਸਿਧਾਂਤਾਂ ਤੇ ਨਿਯਮਾਂ ਸਦਕੇ ਟੈਕਨੋਲੋਜੀ ਤੇ ਵਿਗਿਆਨ ਨੇ ਮਨੁੱਖ ਅਤੇ ਮਨੁੱਖੀ ਸਮਾਜ ਤੇ ਸਭਿਆਤਾ ਨੂੰ ਹਨੇਰੀਆਂ ਗ਼ੁਫ਼ਾਵਾਂ ਵਿੱਚ ਰਾਹਇਸ਼ਾਂ ਦੇ ਜ਼ਮਾਨੇ ਤੋਂ ਅੱਜ ਦੇ ਆਕਾਸ਼ ਛੋਹਦੀਆਂ ਜਗਮਗ ਕਰਦੀਆਂ ਇਮਾਰਤਾਂ ਦੇ ਜ਼ਮਾਨੇ ਤੱਕ ਲਿਆਉਣ ਵਿੱਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਿਗਿਆਨਕ ਖੋਜਾਂ ਕਰਨ ਅਤੇ ਵਿਗਿਆਨ ਵਿਚ ਗਿਆਨ ਇਕੱਤਰ ਕਰਨ ਲਈ ਵਰਤੀ ਜਾਣ ਵਾਲੀ ਵਿਗਿਆਨਕ ਵਿਧੀ ਦਾ ਸਾਹ ਹੁੰਦਾ ਹੈ: ਤਰਕ। ਇਸ ਤਰ੍ਹਾਂ, ਸਪਸ਼ਟ ਹੈ ਕਿ ਤਰਕ ਅਤੇ ਵਿਗਿਆਨ, ਪ੍ਰਬੋਧਨ ਲਹਿਰ ਦੇ ਤਿੰਨ ਥੀਮਾਂ ‘ਚੋਂ ਦੋ, ਉੱਨਤੀ ਜਾਂ ਪ੍ਰਗਤੀ ਨੂੰ ਜਨਮ ਦਿੰਦੇ ਹਨ।

ਪ੍ਰਬੋਧਨ ਲਹਿਰ ਦਾ ਤੀਜਾ ਬੁਨਿਆਦੀ ਥੀਮ, ਭਾਵ ਮਾਨਵਵਾਦ, ਵੀ ਕਈ ਤਰੀਕਿਆਂ ਨਾਲ ਪ੍ਰਗਤੀ ਲਈ ਜ਼ਰੂਰੀ ਹੈ। ਪਹਿਲਾਂ, ਰੇਨਾਸਾਂਸ ਦੀ ਮਿਸਾਲ ਹੀ ਲੈ ਲਓ, ਜੋ ਵੱਡੇ ਪੱਧਰ ‘ਤੇ ਇੱਕ ਮਾਨਵਵਾਦੀ ਲਹਿਰ ਸੀ, ਅਤੇ ਇਸ ਲਹਿਰ ਦੌਰਾਨ ਤੇ ਇਸ ਦੇ ਕਾਰਨ ਯੂਰਪ ਨੇ ਲਗਭਗ ਹਰ ਖੇਤਰ ਵਿੱਚ ਭਰਭੂਰ ਤਰੱਕੀ ਕੀਤੀ। ਇਸ ਤੋਂ ਇਲਾਵਾ, ਇਹ ਤੱਥ ਕਿ ਰੇਨੇਸੈਂਸ ਨੇ ਯੂਰਪ ਨੂੰ ਮੱਧ ਯੁੱਗ ਤੋਂ ਪੂਰਵ-ਆਧੁਨਿਕ ਯੁੱਗ ਵਿੱਚ ਬਦਲਣ ਲਈ ਪਰਿਵਰਤਨ ਕਾਲ ਤੇ ਅਗਾਂਹ-ਵਧੂ ਸ਼ਕਤੀ ਵਜੋਂ ਕੰਮ ਕੀਤਾ ਅਤੇ ਆਧੁਨਿਕਤਾ ਨੂੰ ਪ੍ਰਭਾਸ਼ਿਤ ਕਰਨ ਵਾਲੀ ਪ੍ਰਬੋਧਨ ਲਹਿਰ ਨੂੰ ਜਨਮ ਦਿੱਤਾ। ਇਹ ਤੱਥ ਜ਼ਾਮਨੀ ਭਰਦੇ ਨੇ ਕਿ ਮਾਨਵਵਾਦ ਵੀ ਪ੍ਰਗਤੀ ਦੀ ਇੱਕ ਚਾਲਕ ਸ਼ਕਤੀ ਹੈ। ਇਸ ਤੋਂ ਵੀ ਵੱਧ, ਸੋਚੋ, ਜੇ ਵਿਗਿਆਨਕ ਗਿਆਨ ਦੀ ਵਰਤੋਂ ਮਨੁੱਖਤਾ ਦੀ ਪ੍ਰਗਤੀ ਕਰਨ ਲਈ ਵਰਤੀ ਜਾ ਸਕਦੀ ਹੈ, ਤਾਂ ਇਸਦੀ ਗਲਤ ਵਰਤੋਂ ਸਮੇਤ ਧਰਤੀ ਦੇ ਮਨੁੱਖ ਨੂੰ ਨਸ਼ਟ ਵੀ ਕਰ ਸਕਦੀ ਹੈ; ਸਾਰੀ ਪ੍ਰਗਤੀ ਢੱਠੇ ਖੂਹ ਵਿੱਚ। ਉਦਾਹਰਣ ਲਈ, ਅਸੀਂ ਐਟਮ ਬਾਰੇ ਵਿਗਿਆਨਕ ਗਿਆਨ ਦੀ ਵਰਤੋਂ ਕਰ ਸਕਦੇ ਹਾਂ ਮਨੁੱਖਤਾ ਦੀ ਸੇਵਾ ਵਿੱਚ ਨਿਊਕਲੀਅਰ ਊਰਜਾ ਪੈਦਾ ਕਰਕੇ; ਤੇ ਉਹੀ ਵਿਗਿਆਨਕ ਗਿਆਨ ਵਰਤਿਆ ਜਾ ਸਕਦਾ ਹੈ ਐਟਮ ਬੰਬ ਅਤੇ ਨਿਊਕਲੀਅਰ ਬੰਬ ਬਣਾ ਕੇ ਧਰਤੀ ਸਮੇਤ ਮਨੁੱਖ ਦਾ ਖ਼ੁਰਾ ਖੋਜ ਮਿਟਾਉਣ ਲਈ ਵੀ। ਇਸੇ ਤਰ੍ਹਾਂ, ਜੀਵਨ ਬਾਰੇ ਵਿਗਿਆਨਕ ਗਿਆਨ ਦੀ ਵਰਤੋਂ ਮਨੁੱਖ ਦੀ ਹਿਫ਼ਾਜਤ ਲਈ ਵੈਕਸੀਨ ਤੇ ਹੋਰ ਦਵਾਈਆਂ ਬਣਾਉਣ ਲਈ ਕੀਤੀ ਜਾ ਸਕਦੀ ਹੈ, ਅਤੇ ਇਸ ਦੇ ਨਾਲ ਨਾਲ ਹੀ ਮਨੁੱਖ-ਨਾਸ਼ਕ ਬਾਇਓਪੈਨਜ਼ ਉਸਾਰਨ ਲਈ ਵੀ। ਤਾਂ ਫਿਰ, ਧਰਤੀ ਉੱਪਰ ਹੋਈ ਮਨੁੱਖੀ ਪ੍ਰਗਤੀ ਨੂੰ ਵਿਨਾਸ਼ਕਾਰੀ ਤਾਕਤਾਂ ਤੋਂ ਕੌਣ ਬਚਾਉਂਦਾ ਰਿਹਾ ਹੈ? ਇਸ ਦਾ ਉੱਤਰ ਵੱਡੇ ਪੱਧਰ ‘ਤੇ ਮਾਨਵਵਾਦ ਹੀ ਹੈ, ਸਿੱਧੇ ਤੇ ਅਸਿੱਧੇ ਤੌਰ ‘ਤੇ, ਵਿਅਕਤੀਗਤ ਤੇ ਸੰਗਠਿਤ ਰੂਪ ਵਿਚ। ਇਹ ਸਚਾਈ ਇਸ ਤੱਥ ਵਿੱਚ ਵੀ ਕੁਦਰਤੀ ਤੌਰ’ ਤੇ ਪਈ ਹੈ ਕਿ ਵਿਗਿਆਨੀ ਵਿਗਿਆਨਕ ਗਿਆਨ ਵੱਡੇ ਪੱਧਰ ‘ਤੇ ‘ਕੱਠਾ ਕਰਦੇ ਤੇ ਚੀਜ਼ਾਂ ਬਣਾਉਣ ਲਈ ਲਾਗੂ ਕਰਦੇ ਰਹੇ ਹਾਂ ਸਮੁੱਚੀ ਮਨੁੱਖਤਾ ਦੀ ਭਲਾਈ ਤੇ ਪ੍ਰਗਤੀ ਲਈ, ਨਾ ਕਿ ਸਿਰਫ ਕੁਝ ਵਿਅਕਤੀਆਂ ਲਈ। ਇਹ ਨੁਕਤਾ ਮਾਨਵਵਾਦ ਦੀ ਉਲਟ-ਮਾਨਵਵਾਦ ਨਾਲ ਅਰਥਕੋਸ਼ੀ ਤੁਲਨਾ ਕਰਦਿਆਂ ਵੀ ਸਪੱਸ਼ਟ ਹੋ ਜਾਂਦਾ ਹੈ: ਜਵਾਬਦੇਹੀ, ਸੰਵੇਦਨਸ਼ੀਲਤਾ ਤੇ ਅਨਭੂਤੀ ਵਿਰੁੱਧ ਉਦਾਸੀਨਤਾ; ਪਰਉਪਕਾਰੀ, ਉਦਾਰਤਾ, ਸਦਭਾਵਨਾ ਤੇ ਦਾਨ ਵਿਰੁੱਧ ਸੁਆਰਥ; ਦਿਆਲਤਾ, ਹਮਦਰਦੀ, ਸੰਵੇਦਨਾ ਤੇ ਦਇਆ ਵਿਰੁੱਧ ਬੇਰਹਿਮੀ; ਪਿਆਰ ਤੇ ਦੋਸਤੀ ਵਿਰੁੱਧ ਨਫ਼ਰਤ ਤੇ ਵੈਰ; ਅਤੇ ਮਨੁੱਖਤਾ ਵਿਰੁੱਧ ਅਨਮਨੁੱਖਤਾ। ਇਹ ਸਪਸ਼ਟ ਹੈ ਕਿ ਕਿਹੜੀ ਧਿਰ ਮਨੁੱਖੀ ਪ੍ਰਗਤੀ ਦਾ ਸਮਰਥਨ ਤੇ ਸੁਰੱਖਿਆ ਕਰਦੀ ਹੈ, ਅਤੇ ਕਿਹੜੀ ਇਹਦੇ ਵਿਰੁੱਧ ਭੁਗਤਦੀ ਹੈ।

ਪ੍ਰਬੋਧਨ ਲਹਿਰ ਦੇ ਤਿੰਨ ਬੁਨਿਆਦੀ ਥੀਮ ਅਤੇ ਚਾਲਕ ਸ਼ਕਤੀਆਂ ਅਰਥਾਤ ਤਰਕ, ਵਿਗਿਆਨ ਅਤੇ ਮਾਨਵਵਾਦ ਨੇ ਆਧੁਨਿਕਤਾ ਨੂੰ ਪਰਿਭਾਸ਼ਿਤ ਕਰ ਕੇ, ਆਧੁਨਿਕਤਾ ਦੇ ਸਾਰੇ ਅਦਾਰਿਆਂ ਦੇ ਮਿਸ਼ਨਾਂ ਦੀ ਬੁਨਿਆਦ ਰੱਖ ਦਿੱਤੀ; ਅਦਾਰਿਆਂ ਵਿੱਚ ਸ਼ਾਮਲ ਨੇ ਖ਼ਾਨਦਾਨੀ ਰਾਜ ਤੇ ਤਾਨਾਸ਼ਾਹੀ ਦੀ ਥਾਂ ਜਮਹੂਰੀ ਸਰਕਾਰਾਂ, ਜਨਤਕ ਸਕੂਲ ਤੇ ਯੂਨੀਵਰਸਿਟੀਆਂ ਸਮਾਚਾਰ ਏਜੰਸੀਆਂ, ਹਸਪਤਾਲ, ਦਾਨ ਸੰਸਥਾਵਾਂ, ਅਤੇ ਅੰਤਰਰਾਸ਼ਟਰੀ ਮਨੁੱਖੀ ਭਲਾਈ ਸੰਸਥਾਵਾਂ।

ਜਮਹੂਰੀਅਤ ਦਾ ਵਿਕਾਸ
ਪ੍ਰਬੋਧਨ ਲਹਿਰ ਦੀ ਜਾਈ ਜਮਹੂਰੀਅਤ ਯੂਰਪ/ਅਮਰੀਕਾ ਤੋਂ ਸ਼ੁਰੂ ਹੋ ਕੇ ਦੁਨੀਆਂ ਵਿੱਚ ਹੌਲੀ ਹੌਲੀ ਫ਼ੈਲਣ ਲੱਗੀ ਤੇ ਫ਼ੈਲਦੀ ਹੀ ਰਹੀ। ਜਿਵੇਂ ਚਿਤਰ ਦਿਖਾਉਂਦਾ ਹੈ, ਪਿਛਲੀਆਂ ਸਵਾ ਦੋ ਸਦੀਆਂ ਦੌਰਾਨ ਹੋਰ ਤੇ ਹੋਰ ਦੇਸ਼ ਜਮਹੂਰੀ ਬਣਦੇ ਗਏ ਨੇ। ਚਿਤਰ ਇਹ ਵੀ ਦਿਖਾਉਂਦਾ ਕਿ ਅਮਰੀਕਣ ਇਨਕਲਾਬ (1775 ਸ਼ੁਰੂ) ਦੁਨੀਆਂ ਬੰਦ ਤਾਨਾਸ਼ਾਹੀ (closed autocracies) ਰਾਜਾਂ ਨਾਲ ਭਰੀ ਹੋਈ, ਅੱਜ ਵੀ ਦੁਨੀਆਂ ਦੇ 17 ਫ਼ੀ ਸਦੀ ਰਾਜ ‘ਬੰਦ ਤਾਨਾਸ਼ਾਹੀ’ ਨੇ। 18ਵੀਂ ਸਦੀ ਦੌਰਾਨ ਕੋਈ ਵੀ ਦੇਸ਼ ਅਸਲ ਜਮਹੂਰੀ ਨਹੀਂ ਸੀ। ਲੱਗਪੱਗ ਸਾਰੇ ਰਾਜ ਬੰਦ ਤਾਨਾਸ਼ਾਹੀ ਸਨ। 18ਵੀਂ ਸਦੀ ਦੇ ਆਖਰ ਜਿਹੇ ਨੂੰ, ਦੁਨੀਆਂ ਵਿੱਚ ਕੇਵਲ ਰਾਜ ‘ਚੋਣਾਵੀਂ ਤਾਨਾਸ਼ਾਹੀ’ ਸਨ: ਅਮਰੀਕਾ ਤੇ ਇੰਗਲੈਂਡ, ਬਾਅਦ ਵਿੱਚ ਦੋਨੋਂ ਤਰੱਕੀ ਗਏ। ‘ਚੋਣਾਵੀਂ ਤਾਨਾਸ਼ਾਹੀ’ ਰਾਜ ਢਾਂਚੇ ਵਿੱਚ ਸਰਕਾਰੀ ਨੇਤਾ ਚੁਣੇ ਜਾਂਦੇ ਨੇ, ਪਰ ਨਾਗਰਿਕਾਂ ਹੋਰ ਅਜ਼ਾਦੀ ਜਾਂ ਅਧਿਕਾਰ ਨਹੀਂ ਹੁੰਦੇ ਜਿਨ੍ਹਾਂ ਨਾਲ ਚੋਣਾਂ ਨੂੰ ਅਜ਼ਾਦ ਤੇ ਖਰੀਆਂ (fair) ਬਣਾ ਸਕਣ। ਅੱਜ ਵੀ 33 ਫ਼ੀ ਸਦੀ ਰਾਜ ‘ਚੋਣਾਵੀਂ ਤਾਨਾਸ਼ਾਹੀ’ ਨੇ।

ਅਰਥ ਭਰਪੂਰ ਤੇ ਤਸੱਲੀਬਖ਼ਸ਼ ਜਮਹੂਰੀਅਤ ‘ਚੋਣ ਲੋਕਤੰਤਰ’ (Electoral democracy) ਤੋਂ ਸ਼ੁਰੂ ਹੁੰਦੀ ਹੈ; ਇਹ ਉਹ ਰਾਜ ਢਾਂਚਾ ਹੈ ਜਿਸ ਵਿੱਚ ਨਾਗਰਿਕਾਂ ਦਾ ਹੱਕ ਹੈ ਸਰਕਾਰ ਚੁਣਨ ਦਾ: ਅਰਥ ਭਰਪੂਰ, ਆਜ਼ਾਦ, ਤੇ ਖਰੀਆਂ ਚੋਣਾਂ ਵਿੱਚ। 19ਵੀਂ ਸਦੀ ਵਿੱਚ ਸਿਰਫ਼ ਥੋੜੇ ਜਿਹੇ ਰਾਜ ਹੀ ‘ਚੋਣ ਲੋਕਤੰਤਰ’ ਸਨ; ਅੱਜ ਉਹ 33 ਫ਼ੀ ਸਦੀ ਹਨ। ਜਿਵੇਂ ਚਿਤਰ ਦਿਖਾਉਂਦਾ ਹੈ, ‘ਚੋਣ ਲੋਕਤੰਤਰ’ ਤੇ ‘ਉਦਾਰ ਲੋਕਤੰਤਰ’ 20ਵੀ ਸਦੀ ਛਾਲਾਂ ਮਾਰਦੇ ਹੋਰ ਕਿੰਨੇ ਹੀ ਦੇਸ਼ਾਂ ਵਿੱਚ ਫ਼ੈਲ ਗਏ। ’ਉਦਾਰ ਲੋਕਤੰਤਰ’ (Liberal democracy) ਅਜੇਹਾ ਲੋਕਤੰਤਰ ਹੁੰਦਾ ਹੈ ਜਿਸ ਵਿਅੱਕਤੀਆਂ ਤੇ ਘੱਟ-ਗਿਣਨੀਆਂ ਦੇ ਕੁਝ ਵਾਧੂ ਅਧਿਕਾਰ ਹੁੰਦੇ ਨੇ, ਅਤੇ ਵਿਧਾਨ-ਸਭਾਵਾਂ (ਕਾਂਗਰਸ, ਪਾਰਲੀਮੈਂਟ ਆਦਿ) ਤੇ ਅਦਾਲਤਾਂ ਕਾਰਜਕਾਰਨੀਆਂ (ਪ੍ਰਧਾਨ/ਪ੍ਰਧਾਨ ਮੰਤਰੀ, ਕੈਬਨਿਟ ਆਦਿ) ਦੇ ਨੱਥ ਪਾ ਕੇ ਰੱਖਦੇ ਨੇ। ਅੱਜ 18 ਫ਼ੀ ਸਦੀ ਰਾਜ ’ਉਦਾਰ ਲੋਕਤੰਤਰ’ ਨੇ।

ਸੋ, ਕੁਲ ਮਿਲੇ ਕੇ, ਅੱਜ ਦੁਨੀਆਂ ਵਿੱਚ ਅਰਥਪੂਰਣ ਜਮਹੂਰੀਅਤਾਂ, ਯਾਨਿ ‘ਚੋਣ ਲੋਕਤੰਤਰ’ ਤੇ ‘ਉਦਾਰ ਲੋਕਤੰਤਰ’, 51 ਫ਼ੀ ਸਦੀ ਨੇ, ਅਤੇ ਕੁੱਲ ਤਾਨਾਸ਼ਾਹੀਆਂ, ਯਾਣਿ ‘ਚੋਣਾਵੀਂ ਤਾਨਾਸ਼ਾਹੀ’ ਤੇ ‘ਬੰਦ ਤਾਨਾਸ਼ਾਹੀ’, 49 ਫ਼ੀ ਸਦੀ ਨੇ; ਯਾਨਿ ਕਿ ਦੁਨੀਆਂ ਦੇ ਰਾਜ ਗਿਣਤੀ ਵਿੱਚ ਜਮਹੂਰੀਅਤਾਂ ਤੇ ਤਾਨਾਸ਼ਾਹੀਆਂ ਵਿੱਚ ਅੱਧੇ ਅੱਧੇ ਵੰਡੇ ਹੋਏ ਨੇ, ਅੱਜ 21ਵੀਂ ਸਦੀ ਵਿੱਚ ਵੀ। ਇਸ ਬੜੀ ਚਿੰਤਾਜਨਕ (alarming) ਖ਼ਬਰ ਹੈ। ਇੱਥੇ ਹੀ ਬੱਸ ਨਹੀਂ, ਜਿੱਥੇ ਜਮਹੂਰੀਅਤਾਂ ਹਨ, ਉਹ ਗਰੰਟੀ ਸ਼ੁਦਾ ਨਹੀਂ।

ਜਮਹੂਰੀਅਤ ਨੂੰ ਖ਼ਤਰਾ: ਆਧੁਨਿਕ ਯੁੱਗ ਵਿੱਚ? ਅਸੀਂ, ਪੱਛਮ ਵਿਚ ਵਸਦੇ, ਆਧੁਨਿਕਤਾ/ਜਮਹੂਰੀਅਤ ਤੇ ਇਸ ਦੇ ਅਦਾਰਿਆਂ ਨੂੰ ਗਰੰਟੀ ਸ਼ੁਦਾ ਸਮਝ ਲੈਂਦੇ ਹਾਂ; ਅਖੇ ਆਧੁਨਿਕਤਾ//ਜਮਹੂਰੀਅਤ ਤੇ ਇਸਦੀ ਬੁਨਿਆਦ ਤਰਕ, ਵਿਗਿਆਨ ਅਤੇ ਮਨੁੱਖਤਾਵਾਦ ਨੂੰ ਕੌਣ ਚੁਣੌਤੀ ਦੇਵੇਗਾ? ਬੈਂਜਾਮਿਨ ਫਰੈਂਕਲਿਨ ਨੇ ਇਹਨਾਂ ਚੀਜ਼ਾਂ ਨੂੰ ਗਰੰਟੀ ਸ਼ੁਦਾ ਸਮਝਣ ਦੀ ਇਸ ਸੋਚ ਦੇ ਵਿਰੁੱਧ ਸ਼ੁਰੂ ਵਿੱਚ ਹੀ ਅਮਰੀਕੀ ਕੌਮ ਨੂੰ ਚੇਤਾਵਨੀ ਦੇ ਦਿੱਤੀ ਸੀ। ਸੰਨ 1787 ਵਿਚ, ਸੰਵਿਧਾਨਕ ਸੰਮੇਲਨ ਦੌਰਾਨ ਫਿਲਡੇਲਫੀਆ ਵਿਚ ‘ਸੁਤੰਤਰਤਾ ਹਾਲ’ ਦੇ ਬੰਦ ਦਰਵਾਜ਼ਿਆਂ ਦੇ ਪਿੱਛੇ ਪ੍ਰਸਤਾਵਿਤ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਸਨ। ਅਖੀਰ ਵਿੱਚ, ‘ਸੁਤੰਤਰਤਾ ਹਾਲ’ ਦੇ ਬਾਹਰ ਇਕੱਠੇ ਹੋਏ ਚਿੰਤਤ ਨਾਗਰਿਕਾਂ ਦੇ ਸਮੂਹ ਵਿੱਚੋਂ, ਸ੍ਰੀਮਤੀ ਪਾਵੇਲ ਨੇ ਬੈਂਜਾਮਿਨ ਫਰੈਂਕਲਿਨ ਨੂੰ ਪੁੱਛਿਆ, “ਅੱਛਾ, ਡਾਕਟਰ ਜੀ, ਸਾਨੂੰ ਕੀ ਮਿਲਿਆ, ਪ੍ਰਜਾਤੰਤਰ ਜਾਂ ਖ਼ਾਨਦਾਨੀ ਰਾਜ?” ਇਕ ਫਟ ਕਰਕੇ ਫ੍ਰੈਂਕਲਿਨ ਨੇ ਜਵਾਬ ਦਿੱਤਾ ਜੋ ਹੁਣ ਇਕ ਪ੍ਰਸਿੱਧ ਇਤਿਹਾਸਕ ਹਵਾਲਾ ਬਣ ਚੁੱਕਿਆ ਹੈ, “ਇਕ ਪ੍ਰਜਾਤੰਤਰ, ਜੇ ਤੁਸੀਂ ਇਸਨੂੰ ਸਾਂਭ ਸਕਦੇ ਹੋ।”

ਬੈਂਜਾਮਿਨ ਫਰੈਂਕਲਿਨ ਦੇ ਬਿਆਨ ਨੇ ਇੱਕ ਤਰ੍ਹਾਂ ਨਾਲ ਇਹ ਭਵਿੱਖਬਾਣੀ ਕੀਤੀ ਸੀ ਕਿ ਪ੍ਰਬੋਧਨ ਲਹਿਰ ਆਦਰਸ਼ਾਂ ਤੇ ਉਹਨਾਂ ‘ਚੋਂ ਜਨਮੀ ਆਧੁਨਿਕਤਾ/ਜਮਹੂਰੀਅਤ ਨੂੰ ਰਾਖ਼ੀ ਦੀ ਜ਼ਰੂਰਤ ਪਵੇਗੀ। ਇਹ ਭਵਿੱਖਬਾਣੀਆਂ ਉਸ ਸਮੇਂ ਤੋਂ ਅੱਜ ਤੱਕ ਸੱਚੀਆਂ ਸਾਬਤ ਹੋ ਰਹੀਆਂ ਹਨ, ਜਿਵੇਂ ਕਿ ਪ੍ਰਬੋਧਨ ਲਹਿਰ ਦਾ ਮੁੱਢ ਵਿੱਚ ਹੀ ਤੇਜ਼ੀ ਨਾਲ ਜਵਾਬੀ ਪ੍ਰਤੀਕਰਮ ਹੋਇਆ, ਰੋਮਾਂਸਵਾਦ ਲਹਿਰ ਦੇ ਰੂਪ ਵਿੱਚ, ਜੋ ਘੱਟੋ ਘੱਟ ਅੰਸ਼ਕ ਤੌਰ ‘ਤੇ ਇੱਕ ਬੌਧਿਕ ਲਹਿਰ ਸੀ, ਜਿਸ ਵਿੱਚ ਦਰਸ਼ਨ, ਧਰਮ ਸ਼ਾਸਤਰ, ਕਲਾ ਤੇ ਸਾਹਿਤ ਸ਼ਾਮਲ ਸਨ, ਅਤੇ ਜੋ ਯੂਰਪ ਵਿੱਚ 18 ਵੀਂ ਸਦੀ ਦਾ ਅੰਤ ‘ਚ ਸ਼ੁਰੂ ਹੋ ਕੇ 19 ਵੀਂ ਸਦੀ ਦੇ ਅੰਤ ਤੱਕ ਚਲੀ। ਰੋਮਾਂਸਵਾਦ ਨੇ ਰਾਸ਼ਟਰਵਾਦ, ਵਿਅਕਤੀਵਾਦ, ਭਾਵੁਕਤਾ, ਤੇ ਕੁਦਰਤ ਦੇ ਵਿਚਾਰਵਾਦੀ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੰਦੇ ਹੋਏ ਅਤੀਤ ਜਿਵੇਂ ਮੱਧਕਾਲ ਕਾਲ ਤੇ ਇਹਦੀ ਜਾਗੀਰਦਾਰੀ ਤੇ ਉਹਦੀਆਂ ਕਦਰਾਂ ਕੀਮਤਾਂ ਦੀ ਵਡਿਆਈ ਵਿੱਚ ਸੋਹਲੇ ਗਾਏ; ਜਿਵੇਂ ਪੰਜਾਬ ਵਿੱਚ ਕਵੀ ਪੂਰਨ ਸਿੰਘ ਮੋਢਿਆਂ ‘ਤੇ ਡਾਂਗਾਂ ਓਲਾਰ ਕੇ ਖੜ੍ਹ ਵਾਲੇ ਗਭਰੂਆਂ ਨੂੰ ਵਡਿਆਉਂਦਾ ਹੈ, ਜਿਵੇਂ ਅਸੀਂ ਪੰਜਾਬੀ ਅੱਜ ਵੀ ਪੱਕੀਆ ਸੜਕਾਂ ‘ਚੋਂ ਕੱਚੇ ਰਾਹਾਂ ਤੇ ਪਗਡੰਡੀਆਂ ਨੂੰ ਝੂਰਦੇ ਰਹਿੰਦੇ ਹਾਂ, ਦੁਨੀਆਂ ਦੇ ਕਿਸੇ ਵੀ ਸ਼ਹਿਰ ਵਿੱਚ ਆ ਵੱਸੀਏ, ਸਾਨੂੰ ਪੰਜਾਬ ਦੀ ਮਿੱਟ ਦੀ ਗੰਧ ਆਉਂਦੀ ਰਹਿੰਦੀ ਹੈ, ਆਦਿ। ਖ਼ੈਰ, ਰੋਮਾਂਸਵਾਦ ਲਹਿਰ ਤੋਂ ਅੱਗੇ ਵੱਧਦੇ ਹੋਏ, ਯੂਰਪ ਵਿਚ ਅਲਫਰੇਡ ਵਾਲੈਸ (1823-1913) ਤੇ ਚਾਰਲਸ ਡਾਰਵਿਨ (1809-1882) ਵਲੋਂ ਵਿਗਿਆਨਕ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਪੇਸ਼ ਕੀਤੇ ਵਿਗਿਆਨਕ ਸਿਧਾਂਤ ‘ਵਿਕਾਸਵਾਦ’ ਨੇ ਜਦੋਂ ਯੂਰਪ ਵਿੱਚ ਹਲਚੱਲੀ ਮਚਾ ਦਿੱਤੀ, ਅਤੇ ਧਾਰਮਿਕ ਸਮੂਹਾਂ ਨੇ ਤੁਰੰਤ ਇਹਦੇ ਸਖਤ ਵਿਰੋਧ ਲਹਿਰ ਸ਼ੁਰੂ ਕਰ ਦਿੱਤੀ ਕਿਉਂਕਿ ਉਨ੍ਹਾਂ ਹੱਥਾਂ ਪੈਰਾਂ ਦੀ ਪੈ ਗਈਆਂ ਆਪਣੇ ਸਿਰਜਣਾਵਾਦੀ ਵਿਸ਼ਵਾਸ ਕਰਕੇ ਕਿ ਬ੍ਰਹਿਮੰਡ ਸਮੇਤ ਧਰਤੀ ਤੇ ਇਸ ਉੱਪਰ ਜੀਵਨ ਕਿਸੇ ਦੈਵੀ/ਬ੍ਰਹਮ ਸਕਤੀ ਦੀਆਂ ਅਲੌਕਿਕ ਕਿਰਿਆਵਾਂ ਦੁਆਰਾ ਉਤਪੰਨ ਹੋਏ ਸਨ। ਵਿਗਿਆਨਕ ਸਿਧਾਂਤ ‘ਵਿਕਾਸਵਾਦ’ ਦੇ ਇਸ ਵਿਰੋਧ ਸ਼ਾਮਲ ਹੋ ਗਈ ਸੀ ਅਮਰੀਕਾ ਦੀ ਲਗਭਗ ਇੱਕ ਸਦੀ ਲੰਬੀ ਸਿਰਜਣਾਵਾਦੀ ਲਹਿਰ ਵੀ, ਜੋ 20ਵੀਂ ਸਦੀ ਦੇ ਅਰੰਭ ਵਿੱਚ ਸ਼ੁਰੂ ਹੋਈ। ਇਸ ਤਰ੍ਹਾਂ, ਜਿਵੇਂ ਪ੍ਰਬੋਧਨ ਦੇ ਆਦਰਸ਼ ਮਨੁੱਖੀ ਪ੍ਰਗਤੀ ਨੂੰ ਅੱਗੇ ਵਧਾਉਂਦੇ ਰਹੇ, ਉਲਟ-ਪ੍ਰਬੋਧਨ ਤਾਕਤਾਂ ਵੀ ਸਰਗਰਮ ਰਹੀਆਂ ਆਪਣੀ ਭੂਤਮੁੱਖੀ ਪਹੁੰਚ ਨਾਲ, ਸ਼ੁਰੂ ਤੋਂ ਹੁਣ ਤੱਕ, ਮਨੁੱਖੀ ਪ੍ਰਗਤੀ ਨੂੰ ਪਿਛਾਂਹ ਵੱਲ ਨੂੰ ਧੱਕਾ ਲਾਉਣ ਲਈ।

ਖਤਰੇ ਦਾ ਘੁੱਗੂ ਵੱਜ ਰਿਹਾ: ਅਜੋਕੇ ਉਲਟ-ਪ੍ਰਬੋਧਨ ਰੁਝਾਣ ਸਾਹਮਣੇ. ਪ੍ਰਬੋਧਨ ਲਹਿਰ ਦੇ ਆਦਰਸ਼ਾਂ, ਜਮਹੂਰੀਅਤ ਜਿਨ੍ਹਾਂ ਦੀ ਪੈਦਾਵਾਰ ਹੈ, ਦੀਆਂ ਵਿਰੋਧੀ ਸ਼ਕਤੀਆਂ ਤੋਂ ਇਹਨਾਂ ਆਦਰਸ਼ਾ ਤੇ ਜਮਹੂਰੀਅਤ ਦੀ ਰਾਖੀ ਦੀ ਜ਼ਰੂਰਤ ਦੀ ਗੱਲ ਨੂੰ 21ਵੀਂ ਸਦੀ ਤੋਰਦੇ ਹੋਏ, ਪ੍ਰੋਫੈਸਰ ਸਟੀਵਨ ਪਿੰਕਰ ਦੀ 2018 ਵਿਚ ਛਪੀ ਕਿਤਾਬ ‘ਪ੍ਰਬੋਧਨ ਹੁਣੇ’ (Enlighenment Now) ਦਾ ਇੱਥੇ ਜ਼ਿਕਰ ਕਰਨਾ ਬਣਦਾ ਹੈ, ਜਿਸ ਵਿਚ ਪ੍ਰਬੋਧਨ ਲਹਿਰ ਦੇ ਆਦਰਸ਼ਾਂ ਦੀ ਰੱਖਿਆ ਲਈ ਕੇਸ ਪੇਸ਼ ਕਰਦੇ ਹੋਏ ਪ੍ਰੋਫੈਸਰ ਪਿੰਕਰ ਨੇ ਆਧੁਨਿਕਤਾ / ਜਮਹੂਰੀਅਤ ਦੀਆਂ ਸੰਸਥਾਵਾਂ ਵਿਚ ਡੁੱਬ ਰਹੇ ਵਿਸ਼ਵਾਸ ਤੋਂ 21 ਵੀਂ ਸਦੀ ਦੇ ਦੂਜੇ ਦਹਾਕੇ ਵਿਚ ਪੈਦਾ ਹੋਈਆਂ ਲੁਭਾਊ (populist) ਲਹਿਰਾਂ ਦੇ ਉਭਾਰ ਦਾ ਮਸਲਾ ਉਠਾਇਆ ਹੈ। ਇਨ੍ਹਾਂ ਲੁਭਾਊ ਲਹਿਰਾਂ ਦੇ ਨਤੀਜੇ ਵਜੋਂ ਯੂਰਪ ਤੇ ਅਮਰੀਕਾ ਵਿੱਚ ਕੁਝ ਉਲਟ-ਪ੍ਰਬੋਧਨ ਸਰਕਾਰਾਂ ਦਾ ਗਠਨ ਹੋਇਆ। ਇਸ ਸਥਿਤੀ ਦਾ ਵਿਅੰਗ ਇਹ ਹੈ ਕਿ ਉਲਟ-ਪ੍ਰਬੋਧਨ ਤਾਕਤਾਂ ਜਮਹੂਰੀਅਤ, ਪ੍ਰਬੋਧਨ ਲਹਿਰ ਦੀ ਜਾਈ, ਦੀ ਵਰਤੋਂ ਰਹੀਆਂ ਹਨ ਉਲਟ-ਪ੍ਰਬੋਧਨ ਸਰਕਾਰ ਬਣਾਉਣ ਲਈ ਅਤੇ ਫਿਰ ਉਨ੍ਹਾਂ ਸਰਕਾਰਾਂ ਦੀ ਵਰਤ ਰਹੀਆਂ ਹਨ ਜਮਹੂਰੀਅਤ ਤੇ ਇਹਦੇ ਅਦਾਰਿਆਂ ‘ਤੇ ਹਮਲੇ ਕਰਨ ਲਈ, ਇਨ੍ਹਾਂ ਨੂੰ ਕਮਜ਼ੋਰ ਤੇ ਤਬਾਹ ਕਰਨ ਦੇ ਇਰਾਦੇ ਨਾਲ। ਇਨ੍ਹਾਂ ਲੁਭਾਊ ਲਹਿਰਾਂ ਦਾ ਵਰਣਨ ਕਰਦਿਆਂ ਪਿੰਕਰ ਕਹਿੰਦਾ ਹੈ ਕਿ ਉਹ ਪ੍ਰਬੋਧਨ ਦੇ ਆਦਰਸ਼ਾਂ ਦਾ ਦੋ-ਟੁੱਕ ਖੰਡਨ ਕਰਦੇ ਹਨ, ਤੇ ਉਹ ਹਨ “ਵਿਸ਼ਵਵਿਆਪੀ ਥਾਂ ਕਬੀਲਾਵਾਦੀ, ਜਮਹੂਰੀ ਥਾਂ ਤਾਨਾਸ਼ਾਹ, ਗਿਆਨ ਦਾ ਸਤਿਕਾਰ ਕਰਨ ਵਾਲੇ ਦੀ ਥਾਂ ਮਾਹਰਾਂ ਨੂੰ ਨਫ਼ਰਤ ਵਾਲੇ, ਅਤੇ ਬਿਹਤਰ ਭਵਿੱਖ ਲਈ ਆਸਵੰਦ ਦੀ ਥਾਂ ਉਦਾਸੀਨ ਤੇ ਅਤੀਤ ਪ੍ਰਤੀ ਰਮਣੀਕ ਵਤੀਰਾ ਅਪਣਾਉਣ ਵਾਲੇ”। ਆਮ ਲੋਕਾਂ ਅਤੇ ਬੁੱਧੀਜੀਵੀਆਂ ਕੁਝ ਹਲਕਿਆਂ ਵਿਚ, ਪ੍ਰਬੋਧਨ ਦੇ ਰਾਹ ਚੱਲਦਿਆਂ ਕੀਤੀ ਗਈ ਮਨੁੱਖੀ ਪ੍ਰਗਤੀ ਬਾਰੇ ਬੇ-ਸਮਝੀ ਤੇ ਇਹਦੀ ਕਦਰਦਾਨੀ ਦੀ ਘਾਟ/ਸਨਕ ਕਰਕੇ ਘਬਰਾਹਟ ਤੇ ਲੁੱਟ ਲਏ ਮਾਰ ਲਏ ਕਰਨ ਵਾਲਾ ਰਵੱਈਆ ਅਪਣਾ ਲੈਂਦੇ ਨੇ, ਉਨ੍ਹਾਂ ਅਦਾਰਿਆਂ ਪ੍ਰਤੀ ਜੋ ਇਸ ਪ੍ਰਗਤੀ ਦੀ ਰਾਖੀ ਕਰ ਰਹੇ ਹਨ; ਮਿਸਾਲ ਵਜੋਂ ਉਦਾਰਵਾਦੀ ਜਮਹੂਰੀਅਤ ਅਤੇ ਅੰਤਰਰਾਸ਼ਟਰੀ ਮਨੁਖੀ ਸਹਿਯੋਗ ਦੀਆਂ ਸੰਸਥਾਵਾਂ, ਜਿਵੇਂ ਪ੍ਰੋਫੈਸਰ ਪਿੰਕਰ ਆਪਣੀ ਕਿਤਾਬ ਵਿੱਚ ਸਹੀ ਢੰਗ ਨਾਲ ਦੱਸਦਾ ਹੈ। ਉਲਟ-ਪ੍ਰਬੋਧਨ ਤਾਕਤਾਂ ਮਨੁੱਖੀ ਪ੍ਰਗਤੀ ਦਾ ਪਹੀਆ ਪਿਛਾਂਹ ਵੱਲ ਨੂੰ ਮੋੜਨ ਲਈ ਲੋਕਾਂ ਵਿਚ ਇਨ੍ਹਾਂ ‘ਘਬਰਾਹਟ ਤੇ ਲੁੱਟ ਲਏ ਮਾਰ ਲਏ’ ਭਾਵਨਾਵਾਂ ਨੂੰ ਭੜਕਾ ਉਨ੍ਹਾਂ ਦਾ ਸ਼ੋਸ਼ਣ ਕਰ ਸਕਦੀਆਂ ਹਨ; ਤੇ ਕਰ ਰਹੀਆਂ ਹਨ, ‘ਫਿਰ ਤੋਂ ਮਹਾਨ ਬਣਾਓ’ (ਮਿਸਾਲ ਵਜੋਂ “Make Ameria Great Again”) ਵਰਗੇ ਨਾਅਰਿਆਂ ਥੱਲੇ। ਇਸ ਨਾਅਰੇ ਵਿੱਚ ‘ਫਿਰ’ ਸਪਸ਼ਟ ਤੌਰ ‘ਤੇ ਅਤੀਤ ਨੂੰ ਮਾਰੀ ਹਾਕ ਹੈ; ਜਿਵੇਂ ਪੰਜਾਬ ਵਿੱਚ ਵਰਿਸ਼ ਸ਼ਾਹ, ਬੁੱਲੇ ਸ਼ਾਹ, ਬਾਬਾ ਨਾਨਕ, ਰਣਜੀਤ ਸਿੰਘ ਦਾ ਰਾਜ ਆਦਿ ਨੂੰ ਮਾਰੀਆਂ ਹਾਕਾਂ ਹੁੰਦੀਆਂ ਨੇ; ਘੱਟੋ ਘੱਟ ਤਰਜ਼ ਉਹੀਓ ਹੀ ਹੈ: ਭੂਤਮੁੱਖੀ!

ਲੁਭਾਊ (populist) ਲਹਿਰ ਦੇ ਲੀਡਰਾਂ ਦੇ ਕਾਰਜਾਂ ਵਿੱਚ ਲੋਭ ਤੇ ਅਕ੍ਰਿਤਘਣਤਾ ਆਦਿ ਜਿਹੇ ਉਲਟ-ਮਾਨਵਵਾਦੀ ਲੱਛਣਾਂ ਦਾ ਸਿਖਰਾਂ ‘ਤੇ ਪ੍ਰਗਟਾਵਾ ਹੁੰਦਾ ਹੈ। ਮਿਸਾਲ ਵਜੋਂ, ਬਾਕੀ ਸਾਰਿਆਂ ਦੇ ਨਾਲ ਹੀ, ਲੁਭਾਊ ਲੀਡਰ ਪੀੜ੍ਹੀਆਂ ਤੋਂ, ਪ੍ਰਬੋਧਨ ਲਹਿਰ ਦੇ ਇੱਕ ਆਦਰਸ਼, ਵਿਗਿਆਨ, ਦੀਆਂ ਖੋਜਾਂ ਦੇ ਫਲਾਂ ਦਾ ਆਨੰਦ ਲੈਂਦੇ ਆ ਰਹੇ ਹਨ: ਅੱਜ ਦੇ ਮਨੁੱਖੀ ਜੀਵਨ ਦੀਆਂ ਕਰੀਬ ਸਾਰੀਆਂ ਜ਼ਰੂਰਤਾਂ ਅਤੇ ਸੁੱਖ-ਸਹੂਲਤਾਂ ਰੂਪ ਵਿੱਚ, ਜਿਵੇਂ ਸਾਧਨ, ਉਪਯੋਗਤਾਵਾਂ, ਤੇ ਸੰਦ। ਉਹ ਪ੍ਰਬੋਧਨ ਲਹਿਰ ਦੇ ਮੂਲ ਆਦਰਸ਼ਾਂ ਦੀ ਪੈਦਾਵਾਰ, ਜਮਹੂਰੀਅਤ ਢਾਂਚਾ, ਨੂੰ ਚਲਾ ਰਹੇ ਸੰਵਿਧਾਨ ਨੂੰ ਵਰਤ ਕੇ ਆਪਣੀ ਸਰਕਾਰ ਬਣਾਉਂਦੇ ਨੇ, ਤੇ ਫਿਰ ਉਸੇ ਸਰਕਾਰ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਨੇ, ਜਮਹੂਰੀ ਆਦਾਰਿਆਂ ਨੂੰ ਭ੍ਰਿਸ਼ਟ ਤੇ ਤਹਿਸ਼-ਨਹਿਸ਼ ਕਰਨ ਲਈ; ਤਾਂ ਜੋ ਮਨੁੱਖੀ ਸਮਾਜ ਦੀ ਕੀਤੀ ਪ੍ਰਗਤੀ ਨੂੰ ਪਿਛਾਂਹ ਧਕੇਲਣ ਦੇ ਆਪਣੇ ਮਣਸ਼ੇ ਪੂਰੇ ਕਰ ਸਕਣ। ਇਸ ਪਰੋਸਿਸ ਦੌਰਾਨ ਉਹ ਸੰਵਿਧਾਨ ਦੀਆਂ ਉਲੰਘਣਾਵਾਂ ਵੀ ਕਰਦੇ ਨੇ ਅਤੇ ਸਰਕਾਰੀ ਕਾਨੂੰਨ ਵੀ ਤੋੜਦੇ ਨੇ। ਮਿਸਾਲ ਵਜੋਂ, ਆਪਣੀਆ ਅਜੇਹੀਆ ਕਰਤੂਤਾਂ ਸਦਕਾ ਦੁਨੀਆਂ ਦਾ ਪ੍ਰਸਿੱਧ ਲੁਭਾਊ ਲੀਡਰ, ਅਮਰੀਕਾ ਦਾ ਸਾਬਕਾ ਪ੍ਰਧਾਨ, ਡੋਨਾਲਡ ਟਰੰਪ ਅਮਰੀਕਾ ਵਿੱਚ ਚਾਰ ਅਪਰਾਧਕ ਕੇਸਾਂ ‘ਚੇ ਕੁੱਲ ਮਿਲਾ 91 ਦੋਸ਼ਾਂ (charges or Counts) ਦਾ ਸਾਹਮਣਾ ਕਰ ਰਿਹਾ ਹੈ।

ਮੁੱਕਦੀ ਗੱਲ, ਰੇਨਾਸਾਂਸ ਤੇ ਪ੍ਰਬੋਧਨ ਲਹਿਰਾਂ ਦੇ ਆਦਰਸ਼ਾਂ (ਤਰਕ, ਵਿਗਿਆਨ, ਅਤੇ ਮਾਨਵਵਾਦ) ਦੀ ਅੱਜ ਵੀ ਉੱਨੀ ਹੀ ਲੋੜ ਹੈ ਜਿੰਨੀ ਮੱਧਯੁੱਗ ਤੋਂ ਸ਼ੁਰੂ ਕਰਦੀਆਂ ਇਨ੍ਹਾਂ ਲਹਿਰਾਂ ਸਮੇਂ ਸੀ; ਸਿਰਫ਼ ਤਾਨਾਸ਼ਾਹੀ ਥੱਲੇ ਰਹਿ ਰਹੇ ਲੋਕਾਂ ਨੂੰ ਹੀ ਨਹੀਂ, ਜਮਹੂਰੀਅਤ ਵਿੱਚ ਰਹਿ ਰਹਿਆਂ ਨੂੰ ਵੀ। ਧਰਤੀ ਉੱਪਰ ਮਨੁੱਖ ਦੀ ਪ੍ਰਗਤੀ ਨੂੰ ਜਾਰੀ ਰੱਖਣ ਲਈ, ਹਰ ਮਨੁੱਖ-ਪੱਖੀ ਵਿਅੱਕਤੀ ਤੇ ਸੰਸਥਾ ਦਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਆਦਰਸ਼ਾਂ (ਤਰਕ, ਵਿਗਿਆਨ, ਅਤੇ ਮਾਨਵਵਾਦ) ਨੂੰ ਫ਼ੈਲਾਉਣ ਅਤੇ ਇਨ੍ਹਾਂ ਦੀ ਪੈਦਾਵਾਰ (ਯਾਨਿ ਜਮਹੂਰੀਅਤ ਤੇ ਜਮਹੂਰੀ ਅਦਾਰਿਆਂ) ਦੀ ਰਾਖੀ ਵਿੱਚ ਆਪਣਾ ਬਣਦਾ ਹਿੱਸਾ ਪਾਉਣ। “ਜਮਹੂਰੀਅਤ ਦੀ ਰਾਖੀ ਕਰਨੀ ਪਊ” ਦੀ ਚਿਤਾਵਨੀ ਜਮਹੂਰੀਅਤ ਦੀ ਸਥਾਪਨਾ ਤੋਂ ਪਹਿਲਾਂ ਹੀ ਮਿਲ ਗਈ ਸੀ, ਬੈਂਜਾਮਿਨ ਫਰੈਂਕਲਿਨ ਕੋਲੋਂ:
“ਇਕ ਲੋਕਤੰਤਰ, ਜੇ ਤੁਸੀਂ ਇਸਨੂੰ ਸਾਂਭ ਸਕਦੇ ਹੋ।”
***
ਈਮੇਲ: dr.sukhpal.sanghera@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1191
***

About the author

ਡਾ. ਸੁਖਪਾਲ ਸੰਘੇੜਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸੁਖਪਾਲ ਸੰਘੇੜਾ

View all posts by ਡਾ. ਸੁਖਪਾਲ ਸੰਘੇੜਾ →