8 December 2024

ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੀ ਵੱਡੀ ਜੁੰਮੇਵਾਰੀ—ਦਰਸ਼ਨ ਸਿੰਘ ਪ੍ਰੀਤੀਮਾਨ

ਜਦ ਆਮ ਲੋਕ ਕਿਰਤੀ, ਕਾਮੇ, ਕਿਸਾਨ ਸੱਤਾ ਤੇ ਕਾਬਜ ਹੁੰਦੇ ਹਨ ਤਾਂ ਜੰਤਾ ਵਿਚ ਖੁਸ਼ਹਾਲੀ ਦੀ ਉਮੀਦ ਬੱਝਦੀ ਹੈ।ਲੋਕਾਂ ਵਿਚ ਖੁਸ਼ੀ ਦੀ ਕਿਰਨ ਫੁੱਟਦੀ ਹੈ। ਰੋਸ਼ਨੀ ਦੀ ਮਹਿਕ ਮਾਨਣ ਲਈ, ਦਿਲਾਂ ਵਿਚ ਆਸ ਲਾਈ ਬੈਠੇ ਲੋਕ ਆਪਣੇ ਸੁਪਨੇ ਸਾਕਾਰ ਹੁੰਦੇ ਵੇਖਣ ਲਈ ਉਤਾਵਲੇ ਹੋਏ ਨਜ਼ਰ ਆਉਂਦੇ ਹਨ। ਹੁਣ ਆਮ ਆਦਮੀ ਪਾਰਟੀ ਸੱਤਾ ਤੇ ਕਾਬਜ ਹੋਈ ਹੈ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਭਗਵੰਤ ਮਾਨ ਬਿਰਾਜਮਾਨ ਹੋਏ ਹਨ।

ਮੁੱਢਲਾ ਜੀਵਨ:-ਭਗਵੰਤ ਮਾਨ ਸੂਬੇ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਛੋਟੇ ਜਿਹੇ ਪਿੰਡ ਸਤੌਜ ਦੇ ਜੰਮਪਲ ਹਨ। ਉਨ੍ਹਾਂ ਦਾ ਜਨਮ ਮਾਤਾ ਹਰਪਾਲ ਕੌਰ ਦੀ ਕੁੱਖੋਂ 17 ਅਕਤੂਬਰ, ਸੰਨ 1973 ਈ: ਨੂੰ ਹੋਇਆ, ਪਿਤਾ ਮਹਿੰਦਰ ਸਿੰਘ ਦੇ ਘਰ ਨੂੰ ਭਾਗ ਲੱਗੇ ਤੇ ਦਾਦੇ ਦਿਲਬਾਰ ਸਿੰਘ ਦੇ ਵਿਹੜੇ ਰੁਸ਼ਨਾਈ ਹੋਈ।ਭਗਵੰਤ ਮਾਨ, ਮਨਪ੍ਰੀਤ ਕੌਰ ਭੈਣ ਦੇ ਇਕਲੌਤੇ ਵੀਰ ਹਨ। ਮਾਨ ਸਾਹਿਬ ਦੀ ਸ਼ਾਦੀ ਸ੍ਰੀ ਮਤੀ ਇੰਦਰਪ੍ਰੀਤ ਕੌਰ ਨਾਲ ਹੋਈ,ਉਨ੍ਹਾਂ ਦੇ ਘਰ ਬੇਟੀ ਸੀਰਤ ਕੌਰ ਮਾਨ ਤੇ ਬੇਟੇ ਦਿਲਸ਼ਾਨ ਮਾਨ ਨੇ ਜਨਮ ਲਿਆ। ਆਪ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਸਤੌਜ ਦੇ ਸਕੂਲ ਤੋਂ ਤੇ ਬੀ.ਕਾਮ. ਦੀ ਸਿੱਖਿਆ ਸ਼ਹੀਦ ਊਧਮ ਸਿੰਘ ਕਾਲਜ, ਸ਼ਹਿਰ ਸੁਨਾਮ ਤੋਂ ਹਾਸਲ ਕੀਤੀ। ਭਗਵੰਤ ਮਾਨ ਦਾ ਪਿੰਡਾਂ ਦੇ ਆਮ ਬੱਚਿਆਂ ਵਾਂਗ ਹੀ ਪਾਲਣ-ਪੋਸ਼ਣ ਹੋਇਆ। ਉਹ ਘਰਾਂ ਦੇ ਬੱਚਿਆਂ ਨਾਲ, ਦਾਈ-ਦੁਕੜੇ, ਖੁੱਦੋ-ਖੂੰਡੀ, ਬਾਦਰਕਿਲਾ, ਕੌਡੀਆਂ, ਗੋਲੀਆਂ ਵੀ ਖੇਡੇ ਤੇ ਪਿੰਡ ਦੇ ਸਕੂਲ ‘ਚ ਹਾਣੀ ਬੱਚਿਆਂ ਨਾਲ ਵਾਲੀਵਾਲ, ਫੁੱਟਬਾਲ, ਕਬੱਡੀ, ਹਾਕੀ ਵੀ ਖੇਡਦੇ ਰਹੇ। ਉਨ੍ਹਾਂ ਦੇ ਪਿਤਾ ਇੱਕ ਅਧਿਆਪਕ ਤੇ ਕਿਸਾਨ ਸੀ। ਜਿਮੀਦਾਰਾ ਕੰਮ ਹੋਣ ਕਰਕੇ ਭਗਵੰਤ ਮਾਨ ਨੇ ਡੰਗਰ-ਪਸੂ ਵੀ ਚਾਰੇ ਅਤੇ ਖੇਤੀ ਦਾ ਕੰਮ ਹੱਥੀਂ ਕੀਤਾ। ਖੇਤੀ ਫਸਲਾ ਨੂੰ ਪਾਣੀ ਲਾਇਆ, ਖਾਲ ਘੜੇ, ਕਣਕਾਂ ਵੱਢੀਆਂ, ਚਰੀਆਂ, ਬਰਸੀਮਾਂ ਵੱਢੀਆਂ ਤੇ ਟਰੈਕਟਰ ਚਲਾਇਆ। ਚੁਸਤੀ-ਫੁਰਤੀ ਤੇ ਤੀਖਣ ਬੁੱਧੀ ਦੇ ਮਾਲਕ ਨੂੰ ਕਮੇਡੀ ਨਾਲ ਪਿਆਰ ਬਚਪਨ ਤੋਂ ਹੀ ਸੀ।

ਕਲਾਕਾਰੀ ਦਾ ਅਰੰਭ:– ਭਗਵੰਤ ਮਾਨ ਨੂੰ ਨਿੱਕਿਆਂ ਹੁੰਦਿਆਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਹ ਸਕੂਲ ਪੜ੍ਹਦਿਆਂ ਹੀ ਆਪਣੇ ਹਾਣੀਆਂ ਨੂੰ ਹਸਾਉਂਦਾ ਰਹਿੰਦਾ ਸੀ। ਉਸ ਕੋਲ ਹਸਾਉਣ ਦੀ ਵੱਖਰੀ ਕਲਾ, ਵੱਖਰਾ ਅੰਦਾਜ਼ ਹੈ। ਜਦ ਉਨ੍ਹਾਂ ਦੀ ਕੈਸਿਟ ‘ਗੋਭੀ ਦੀਏ ਕੱਚੀਏ ਵਪਾਰਨੇ’ ਆਈ ਤਾਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਲੋਕਾਂ ਨੇ ਇਹ ਕੈਸਿਟ ਬਹੁਤ ਪਸੰਦ ਕੀਤੀ। ਪਹਿਲੀ ਕੈਸਿਟ ਨਾਲ ਹੀ ਮਾਨ ਸਾਹਿਬ ਦੀ ਕਲਾਕਾਰੀ ਦੇ ਖੇਤਰ ਵਿਚ ਥਾਂ ਬਣ ਗਈ। ਇਸ ਕੈਸਿਟ ਤੋਂ ਪਿੱਛੋਂ ਕਲਾਕਾਰ ਦੀਆਂ ਦਰਜਨਾਂ ਕੈਸਿਟਾਂ ਮਾਰਕਿਟ ਵਿੱਚ ਆਈਆਂ।

ਭਗਵੰਤ ਮਾਨ ਨੂੰ ਹਾਸਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਆਮ ਗੱਲਾਂ ਕਰਦਾ ਵੀ ਉਹ ਇੰਝ ਲੱਗਦਾ ਹੈ ਜਿਵੇਂ ਵਿਅੰਗਮਈ ਮਖੌਲ ਕਰ ਰਿਹਾ ਹੋਵੇ। ਸੁਤੇ ਸੁਭਾਅ ਵੀ ਉਨ੍ਹਾਂ ਦੇ ਮੂੰਹੋਂ ਨਿਕਲੀ ਗੱਲ ਹਾਸੇ ਦਾ ਮਹੌਲ ਪੈਦਾ ਕਰਦੀ ਹੈ। ਉਹ ਅਸ਼ਲੀਲਤਾ ਵਾਲੀ ਗਾਇਕੀ ਤੋਂ ਹਮੇਸ਼ਾਂ ਦੂਰ ਰਿਹਾ। ਕਦੇ ਵੀ ਉਨ੍ਹਾਂ ਨੇ ਦੋ ਧਾਰੀ ਅਰਥਾਂ ਵਾਲੀ ਕਮੇਡੀ ਨਹੀਂ ਕੀਤੀ ਤੇ ਦੁਨੀਆਂ ਦੀਆਂ ਬੁਰਾਈਆਂ ਤੇ ਅਜਿਹੇ ਵਿਅੰਗ ਕਸੇ ਹਨ ਕਿ ਲੋਕ ਸੁਣਕੇ ਅਸ਼-ਅਸ਼ ਕਰ ਉੱਠਦੇ ਹਨ। ਉਨ੍ਹਾਂ ਨੂੰ ਪਰਿਵਾਰਕ ਕਮੇਡੀ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ।

ਜਿੱਥੇ ਉਹ ਆਪਣੀਆਂ ਗੱਲਾਂ ਨਾਲ ਉਹ ਰੋਂਦਿਆਂ ਤਾਂਈ ਹਸਾਉਂਦਾ ਹੈ, ਢਿੱਡੀਂ ਪੀੜਾਂ ਪਾਉਂਦਾ ਹੈ ਉਥੇ ਹੀ ਉਹ ਹਾਸੇ ਭਰੇ ਵਿਅੰਗਾਂ ਰਾਹੀਂ ਲੀਡਰਾਂ ਦੀਆਂ ਕਾਲੀਆਂ ਕਰਤੂਤਾਂ ਵੀ ਨੰਗਿਆਂ ਕਰਦਾ ਅਤੇ ਭਿਉਂ-ਭਿਉਂ ਛਿੱਤਰ ਵੀ ਮਾਰਦਾ ਹੈ। ਭ੍ਰਿਸ਼ਟ, ਰਿਸ਼ਵਤਖੋਰ, ਠੱਗ, ਚੋਰ ਸਭ ਨੂੰ ਲੋਕ ਕਚਹਿਰੀ ‘ਚ ਨੰਗਿਆਂ ਕਰਦਾ ਰਿਹਾ। ਲੋਕ ਉਨ੍ਹਾਂ ਦਾ ਪ੍ਰੋਗਰਾਮ ਵੇਖਣ ਦੂਰ-ਦੂਰ ਤੱਕ ਜਾਂਦੇ ਅਤੇ ਉਨ੍ਹਾਂ ਦੀ ਅਗਲੀ ਕੈਸਿਟ ਦੀ ਉਡੀਕ ਰੱਖਦੇ ਇਸ ਤਰ੍ਹਾਂ ਹਰ ਬੱਚੇ-ਬੱਚੇ ਦੇ ਬੁੱਲ੍ਹਾਂ ਤੇ ਕਲਾਕਾਰ ਦਾ ਨਾਂ ਚੜ੍ਹਿਆ। ਮਾਨ ਸਾਹਿਬ ਨੇ ਟੀ.ਵੀ. ਤੇ ਵੀ ਆਪਣੇ ਜੌਹਰ ਵਿਖਾਏ ਹਨ ਅਤੇ ਫਿਲਮਾਂ ਵਿਚ ਵੀ ਕੰਮ ਕੀਤਾ ਹੈ, ਉਹ ਇੱਕੋ ਵੇਲੇ ਗੀਤਕਾਰ, ਕਵੀ, ਸਾਹਿਤਕਾਰ, ਲੋਕ ਗਾਇਕ, ਸਮਾਜ ਸੇਵੀ, ਕਾਮੇਡੀ ਕਲਾਕਾਰ, ਵਿਅੰਗਕਾਰ ਤੇ ਸਿਆਸਤਦਾਨ ਹੈ।

ਸਮਾਜ ਸੇਵਾ:- ਭਗਵੰਤ ਮਾਨ ਕੈਂਸਰ ਤੋਂ ਪੀੜਤ ਲੋਕਾਂ ਲਈ ਅਖਬਾਰਾਂ ਲਈ ਲੇਖ ਵੀ ਲਿਖਦਾ ਹੈ। ਆਪਣੇ-ਬਿਗਾਨੇ ਇੱਕੋ ਸਮਝਣ ਵਾਲਾ ਐਨ.ਜੀ.ਓ.’ਜ’ ਦਾ ਦੁਨੀਆਂ ਭਰ ਦੇ ਦੁਖੀਆਂ ਲੋਕਾਂ ਵੱਲ ਧਿਆਨ ਖਿੱਚਦਾ ਹੈ।ਇਨਸਾਨੀਅਤ ਦਾ ਹਮਦਰਦੀ ਲੋੜਵੰਦਾਂ ਦੀ ਹਮੇਸ਼ਾਂ ਮਦਦ ਕਰਦਾ ਹੈ। ਆਪਣੀ ਕਮਾਈ ‘ਚੋਂ ਵੱਧ ਤੋਂ ਵੱਧ ਦਾਨ ਦੇਣਾ ਆਪਣਾ ਫਰਜ ਸਮਝਦਾ ਹੈ। ਮਾਨ ਸਾਹਿਬ ਨੇ ਡਬਲਿਊ. ਐਚ. ਓ. ਨਿਊਯਾਰਕ ਤੋਂ ਸਪੈਸ਼ਲ ਡਾਕਟਰਾਂ ਦੀ ਟੀਮ ਲਿਆ ਕੇ ਵੱਡੇ ਪੱਧਰ ਤੇ ਪਿੰਡ ਤੇਜਾ ਰੁਹੇਲਾ ਵਿਖੇ ਮੈਡੀਕਲ ਦਾ ਕੈਂਪ ਲਗਵਾਇਆ। ਪਾਣੀ ਤੋਂ ਪੀੜਤ ਲੋਕਾਂ ਨੂੰ, ਸਮਰਸੀਬਲ ਪੰਪ ਲਗਾਕੇ, ਸਹੂਲਤ ਦਿੱਤੀ, ਇੱਥੇ ਹੀ ਵੱਸ ਨਹੀਂ ਸੰਨ 1971 ਈ: ਦੀ ਜੰਗ ਦੇ ਸ਼ਹੀਦ ਅਮਰਜੀਤ ਦੇ ਪਿੰਡ ਬਨਭੌਰਾ ਜਾ ਕੇ ਆਪਣੀ ਕਮਾਈ ਤੇ ਪਿੰਡ ਦੀ ਮੱਦਦ ਨਾਲ ਘਰ ਬਣਾ ਕੇ ਦਿੱਤਾ। ਦਿਆਵਾਨ ਇੱਕ ਗਰੀਬ ਘਰ ਦੀ ਲੜਕੀ ਦੀ ਪੜ੍ਹਾਈ ਦਾ ਖਰਚ ਆਪਣੇ ਪੱਲਿਓ ਦਿੰਦਾ ਹੈ, ਇਸ ਤਰ੍ਹਾਂ ਦੁਨੀਆਂ ਦੇ ਅਮੀਰਦਾਨੀ, ਬਿਲ ਗੇਟਸ ਤਾਂਈ ਪੱਤਰ ਲਿਖ ਪਾਇਆ, ਵਿਦੇਸ਼ੀ ਅਮੀਰ, ਪ੍ਰਵਾਸੀ ਭਾਰਤੀਆਂ ਨੂੰ ਲੋਕਾਂ ਦੀ ਮੱਦਦ ਲਈ ਆਖ ਰਿਹਾ ਹੈ। ਐਨ.ਜੀ.ਓ. ਲੋਕ ਲਹਿਰ ਫਾਉਂਡੇਸ਼ਨ ਦਾ ਵੀ ਧਿਆਨ ਖਿੱਚਦਾ ਹੈ। ਏਜੰਟਾ ਦੇ ਡਿੱਕੇ ਚੜ੍ਹ ਕੇ ਬਾਹਰਲੇ ਮੁਲਕਾਂ ਵਿੱਚ ਫਸੇ ਸੈਂਕੜੇ ਵਿਆਕਤੀਆਂ ਦੀ ਮਦਦ ਕੀਤੀ ਇਸ ਤਰ੍ਹਾਂ ਮਾਨ ਸਾਹਿਬ ਚੰਗੇ ਲੋਕ ਭਲਾਈ ਦੇ ਕੰਮ ਕਰਕੇ ਸਮਾਜ ਵਿਚ ਹਰਮਨ ਪਿਆਰੇ ਬਣੇ ਹਨ।

ਸਿਆਸਤ ਵੱਲ ਮੋੜਾ:- ਭਗਵੰਤ ਮਾਨ ਨੇ ਬਲਵੰਤ ਸਿੰਘ ਰਾਮੂਵਾਲੀਏ ਦੀ ‘ਲੋਕ ਭਲਾਈ ਪਾਰਟੀ’ ਵਿੱਚ ਪੈਰ ਧਰਿਆ, ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ, ਪੀਪਲਜ਼, ਪਾਰਟੀ ਵਿਚ ਵੀ ਚਮਕਾਰਾ ਪਾਇਆ ਤੇ ਫਿਰ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਅਪਣਾਈ। ਦਿਨ-ਰਾਤ ਇੱਕ ਕਰਕੇ ਪਾਰਟੀ ਸਿੱਖਰਾਂ ਤੇ ਪਹੁੰਚਾਈ। ਮਾਨ ਸਾਹਿਬ ਨੰੂੰ ਭਾਵੇਂ ਸੰਨ 2012 ਈ: ਦੀਆਂ ਚੋਣਾਂ ਸਮੇਂ ਅਸਫਲਤਾ ਮਿਲੀ, ਪਰ ਬੁਲੰਦ ਹੌਂਸਲੇ ਦੇ ਮਾਲਕ ਨੇ ਸਖ਼ਤ ਮਿਹਨਤ ਕਰਕੇ ਸੰਨ 2014 ਈ: ਦੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਤੇ ਜਿੱਤ ਹਾਸਲ ਕੀਤੀ। ਪੰਜਾਬ ਦੇ ਮੁੱਦੇ-ਮਸਲੇ ਪਾਰਲੀਮੈਂਟ ‘ਚ ਚੁੱਕਣੇ ਸ਼ੁਰੂ ਕੀਤੇ। ਸੰਸਦ ਦੇ ਦੋਵੇਂ ਸਦਨਾਂ ਸਮੇਤ ਦੇਸ਼ ਭਰ ਦੇ ਵੱਡੇ-ਵੱਡੇ ਸਿਆਸਤ-ਦਾਨ ਧਿਆਨ ਨਾਲ ਸੁਣਨ ਲੱਗੇ। ਮਾਨ ਸਾਹਿਬ ਦੀ ਆਪਣੇ ਹਲਕੇ ‘ਚ ਚੰਗੀ ਕਾਰਗੁਜ਼ਾਰੀ ਕਰਕੇ ਸੰਨ 2019 ਈ: ਦੀਆਂ ਲੋਕ ਸਭਾ ਚੋਣਾਂ ਵਿਚ ਫਿਰ ਜਿੱਤ ਹਾਸਲ ਕਰ ਗਏ। ਸਮਾਜ ਦੀ ਸੇਵਾ ਵਿਚ 24 ਘੰਟੇ ਤਤਪਰ ਰਹਿਣ ਵਾਲਾ ਪੰਜਾਬ ਤੇ ਪੰਜਾਬੀਅਤ ਦੇ ਅੱਖੀਆਂ ਦਾ ਤਾਰਾ ਬਣ ਗਿਆ। ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਭਗਵੰਤ ਮਾਨ ਨੂੰ ਲੋਕ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਸਨ ਜੋ ਲੋਕਾਂ ਨੇ 2022 ਈ: ਦੀਆਂ ਵਿਧਾਨ ਸਭਾ ਚੋਣਾਂ ਵਿਚ ਬਦਲਾਅ ਲਿਆ ਕੇ ਆਪਣਾ ਸੁਪਨਾ ਪੂਰਾ ਕੀਤਾ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਨਸੀਬ ਹੋਈ ਹੈ।

ਮੁੱਖ ਮੰਤਰੀ ਦਾ ਦੌਰ ਸ਼ੁਰੂ:-ਭਗਵੰਤ ਮਾਨ ਦਾ ਮਾਣਯੋਗ ਮੁੱਖ ਮੰਤਰੀ ਵਜੋਂ ਦੌਰ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਨੂੰ ਪੰਜਾਬ ਦੀ ਲੀਹੋਂ ਲੱਥੀ ਗੱਡੀ ਨੂੰ ਮੁੜ ਲੀਹ ਤੇ ਚੜਾਉਣਾ ਕੋਈ ਖਾਲਾ ਜੀ ਦਾ ਵਾੜਾ ਤਾਂ ਨਹੀਂ ਪਰ ਮੁੱਖ ਮੰਤਰੀ ਨੂੰ ਆਪਣੀ ਦੂਰ-ਅੰਦੇਸ਼ੀ ਸੋਚ ਨਾਲ ਟਿੱਬਿਆਂ ‘ਤੇ ਪੈਰ-ਪੈਰ ਤੇ ੳੁੱਘੇ ਲੇਹ, ਪੋਹਲੀ, ਭੱਖੜਾ ਤੇ ਰਾਹਾਂ ਦੀਆਂ ਵੱਡੀਆਂ ਭੜ੍ਹੀਆਂ ਉੱੱਤੇ ਖੜੇ ਗੁਲਾਮੀ ‘ਚ ਰੱਖ ਰਹੇ ਮਲ੍ਹੇ-ਝਾੜ, ਥੋਹਰ ਅਤੇ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ਫਿਰਨੀਆਂ ਦੇ ਵਿੱਚ ਡੂੰਘੇ ਪੁੱਟੇ ਹੋਏ ਟੋਏ ਪਾਣੀ ਨਾਲ ਭਰਕੇ ਚਾਲ੍ਹੇ ਬਣੇ ਸਭ ਨੂੰ ਕਰਾਹ ਨਾਲ ਪੱਧਰ ਕਰਕੇ ਸਾਫ ਕਰਨਾ ਪਵੇਗਾ। ਅੰਬਰੀਂ ਚੜ੍ਹੀ ਮਹਿੰਗਾਈ ਨੂੰ ਹੇਠਾਂ ਧਰਤ ਵੱਲ ਲਿਆਉਣਾ ਪਵੇਗਾ। ਨਸ਼ਿਆ ਦੀ ਦਲਦਲ ‘ਚ ਫਸੀ ਜਵਾਨੀ ਨੂੰ ਹੰਭਲਾ ਮਾਰਕੇ ਬਾਹਰ ਕੱਢਣਾ ਪਵੇਗਾ। ਸਭ ਤੋਂ ਪਹਿਲਾਂ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਪੈਣਗੇ। ਰਿਸ਼ਵਤ ਖੋਰੀ, ਭ੍ਰਿਸ਼ਟਾਚਾਰੀ ਤੇ ਨਿਗ੍ਹਾ-ਸਾਨੀ ਰੱਖਣੀ ਹੋਵੇਗੀ ਸਿਹਤ, ਪਾਣੀ ਤੇ ਵਿੱਦਿਆ ਲਈ ਖਾਸ ਉਪਰਾਲੇ ਕਰਨੇ ਪੈਣਗੇ। ਪੰਜਾਬੀ ਮਾਂ-ਬੋਲੀ ਨੂੰ ਜਿਉਂਦਾ ਰੱਖਣ ਲਈ ਹਰ ਦਫ਼ਤਰ, ‘ਚ ਕੰਮ ਪੰਜਾਬੀ ‘ਚ ਲਾਜ਼ਮੀ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ‘ਚ ਪੰਜਾਬੀ ਵਿਸ਼ਾ ਜਰੂਰੀ ਕਰਨ ਲਈ ਬੋਰਡ ਦਾ ਗਠਨ ਕਰਨਾ ਪਵੇਗਾ।

ਅੱਜ ਪੰਜਾਬ ਦੇ ਸਮਾਜਿਕ, ਸੱਭਿਆਚਾਰਕ, ਰਾਜਨੀਤਕ ਤੇ ਆਰਥਿਕ ਪੱਖ ਮਾੜੀ ਹਾਲਤ ਵਿੱਚ ਹਨ। ਪੰਜਾਬ ਦੇ ਗ਼ਮ ਨੂੰ ਲਾਹੁਣਾ ਤੇ ਖੁਸ਼ਹਾਲੀ ਨੂੰ ਲਿਆਉਣ ਲਈ ਸਮਾਂ ਤਾਂ ਲੱਗੇਗਾ ਹੀ। ਸਮਾਂ ਬੱਧ ਨੀਤੀਆਂ ਤਿਆਰ ਕਰਨੀਆਂ ਪੈਣਗੀਆਂ। ਰੁਜ਼ਗਾਰ ਦਾ ਵੱਡੇ ਪੱਧਰ ਤੇ ਮਸਲਾ ਹੱਲ ਕਰਨ ਲਈ ਸਰਵ-ਪੱਖੀ ਵਿਕਾਸ ਲਾਜ਼ਮੀ ਹੈ ਫਿਰ ਹੀ ਜਾ ਕੇ ਕਿਤੇ 23-24 ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ।

ਤਬਾਹ ਹੋ ਰਹੀ ਕਿਸਾਨੀ ਦੇ ਹਰ ਕਾਲੇ ਕਾਨੂੰਨ ਨੂੰ ਨੱਥ ਮਾਰ ਕੇ ਕਿਸਾਨ ਦੀ ਜਿਨਸ ਦਾ ਭਾਅ ਸੂਚਕ-ਅੰਕ ਨਾਲ ਜੋੜਨ ਲਈ ਸੋਚਣਾ ਪਵੇਗਾ ਤਾਂ ਹੀ ਕਿਸਾਨੀ ਬਚ ਸਕੇਗੀ। ਉੱਜੜ ਰਹੇ ਕਿਰਤੀ, ਕਿਸਾਨ ਦੇ ਕਰਜ਼ੇ ਤੇ ਲਕੀਰ ਮਾਰ ਕੇ ਉਨ੍ਹਾਂ ਨੂੰ ਦੁਬਾਰਾ ਤੋਂ ਜ਼ਿੰਦਗੀ ਜਿਉਣ ਲਈ ਉਤਸ਼ਾਹ ਦੇਣਾ ਪਵੇਗਾ। ਹਰ ਖੇਤਰ ਦਾ ਖਾਸ਼ ਖਿਆਲ ਰੱਖ ਕੇ ਹੀ ਡੁੱਬਦੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਕਿਸਾਨ, ਮਜਦੂਰ, ਦੁਕਾਨਦਾਰ, ਵਪਾਰੀ, ਮੁਲਾਜ਼ਮ ਹਰ ਵਰਗ ਦਾ ਖਿਆਲ ਰੱਖਣ ਨਾਲ ਹੀ ਡਿਕਡੋਲੇ ਖਾਂਦੇ, ਉਦਾਸ ਪੈ ਰਹੇ ਪੰਜਾਬ ਵਿਚ ਖੁਸ਼ਹਾਲੀ ਤਾਂ ਹੀ ਚਾਬੜ੍ਹਾਂ ਪਾਵੇਗੀ। ਅੱਜ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਲਈ ਪੰਜਾਬ ਦਾ ਹਰ ਖੇਤਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਉਨ੍ਹਾਂ ਨੂੰ ਹਰ ਖੇਤਰ ਵੱਲ ਝਾਤ ਪਾੳਂੁਦਿਆਂ ਬੜੀ ਸੂਝ-ਬੂਝ ਨਾਲ ਸੋਚਣਾ ਪਵੇਗਾ। ਗੰਧਲੇ ਹੋਏ ਸਮਾਜਿਕ ਸਿਸਟਮ ਨੂੰ ਚੁਟਕੀ ਨਾਲ ਨਹੀਂ ਸੁਧਾਰਿਆ ਜਾ ਸਕਦਾ, ਸਗੋਂ ਸਿਸਟਮ ਨੂੰ ਬਦਲਣ ਲਈ ਲੋਕ ਲਹਿਰ ਖੜੀ ਕਰਨੀ ਪਵੇਗੀ। ਨਰਕਾਂ ਭਰੀ ਜ਼ਿੰਦਗੀ ’ਚੋਂ ਸਮਾਜ ਨੂੰ ਕੱਢਣ ਲਈ ਸਭ ਤੋਂ ਪਹਿਲਾਂ ਸਮਾਜ ਦੀ ਸੋਚ ਬਦਲਣ ਤੇ ਪਹਿਰਾ ਦੇਣਾ ਲਾਜ਼ਮੀ ਹੋਵੇਗਾ। ਸਿਸਟਮ ਨੂੰ ਬਦਲਣਾ ਪਵੇਗਾ। ਪੰਜਾਬ ਤਿੰਨ ਲੱਖ ਕਰੋੜ ਦਾ ਕਰਜ਼ਾਈ, ਪਹਿਲੇ ਨੰਬਰ ਤੋਂ 19 ਵੇਂ ਨੰਬਰ ਤੇ ਜਾ ਖੜੇ ਨੂੰ ਮੁੜ ਲੀਹ ਤੇ ਲਿਆਉਣ ਲਈ ਪੰਜਾਬ ਦੇ ਚੰਗੇ ਮਾਹਰਾਂ ਦੀ ਰਾਇ ਵੀ ਲੈਣੀ ਪਵੇਗੀ। ਖੁਰਦੇ ਜਾ ਰਹੇ ਪੰਜਾਬ ਨੂੰ ਅੱਜ ਸਹਾਰੇ ਦੀ ਲੋੜ ਹੈ। ਸੋ, ਪੰਜਾਬ ਦੇ ਲੋਕ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਵੱਡੀਆਂ ਉਮੀਦਾਂ ਲਾਈ ਬੈਠੇ ਹਨ।

ਵੋਟਾਂ ਵੇਲੇ ਲਈਆ ਗਰੰਟੀਆਂ:– ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਕੀਤੇ ਵਾਅਦੇ ਪੁਗਾਉਣੇ ਪੈਣਗੇ। ਜਿਵੇ:-

(1) 24 ਘੰਟੇ ਬਿਜਲੀ, ਪੁਰਾਣੇ ਘਰੇਲੂ ਬਿੱਲ ਮੁਆਫ਼, ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ

(2) 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ

(3) ਪੰਜਾਬ ਵਿੱਚ ਪੈਦਾ ਹੋਣ ਵਾਲੇ ਬੱਚੇ ਨੂੰ ਮੁਫ਼ਤ ਅਤੇ ਚੰਗੀ ਸਿੱਖਿਆ ਦੇਣੀ, ਸ਼ਾਨਦਾਰ ਸਕੂਲ ਤੇ ਨਵੇਂ ਸਕੂਲ ਬਣਾਉਣੇ, ਅਧਿਆਪਕ ਪੱਕੇ ਕਰਨਾ ਤੇ ਚੰਗੀ ਤਨਖ਼ਾਹ ਦੇਣੀ

(4) ਮੁਫ਼ਤ ਅਤੇ ਵਧੀਆ ਇਲਾਜ, ਸਾਰੀਆਂ ਦਵਾਈਆਂ, ਟੈਸਟ ਤੇ ਮਹਿੰਗੇ ਅਪ੍ਰੇਸ਼ਨ ਮੁਫ਼ਤ, ਪਰਿਵਾਰ ਦੇ ਹਰ ਮੈਂਬਰ ਲਈ ਹੈਲਥ ਕਾਰਡ, ਨਵੇਂ ਵਿਸ਼ਵ ਪੱਧਰ ਦੇ ਸਰਕਾਰੀ ਹਸਪਤਾਲ ਖੋਲ੍ਹਣੇ ਤੇ ਪੁਰਾਣੇ ਹਸਪਤਾਲਾਂ ਨੂੰ ਸ਼ਾਨਦਾਰ ਬਣਾਉਣਾ, ਪੰਜਾਬ ਵਿਚ ਹਰ ਪਿੰਡ, ਹਰ ਸ਼ਹਿਰ ਦੇ ਹਰ ਵਾਰਡ ਵਿੱਚ ਕਲੀਨਿਕ ਖੋਲ੍ਹਣਾ, ਕੁਲ ਪੰਜਾਬ ‘ਚ 16000 ਕਲੀਨਿਕ ਖੋਲ੍ਹਣੇ

(5) ਐਸੀ.ਸੀ. ਭਾਈਚਾਰੇ ਲਈ, ਹਰ ਇੱਕ ਬੱਚੇ ਨੂੰ ਮੁਫ਼ਤ ਸਿੱਖਿਆ, ਬੱਚਿਆਂ ਦੀ ਕੋਚਿੰਗ ਫੀਸ ਸਰਕਾਰ ਨੇ ਦੇਣੀ, ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਖ਼ਰਚਾ ਸਰਕਾਰ ਨੇ ਝੱਲਣਾ, ਇਹ ਐਸ. ਸੀ. ਭਾਈਚਾਰੇ ਲਈ ਕੀਤੇ ਵਾਹਦੇ

(6) ਬੇਅਦਬੀਆਂ ਦੇ ਦੋਸ਼ੀਆਂ/ਸਾਜਿਸ਼ ਰਚਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਅਤੇ ਸੰਗਤ ਨੂੰ ਇਨਸਾਫ ਦੇਣਾ ਤੇ ਪੰਜਾਬ ‘ਚ ਸਾਂਤੀ ਅਤੇ ਭਾਈਚਾਰਾ ਕਾਇਮ ਕਰਨਾ

(7) ਨਸ਼ਾ ਮਾਫ਼ੀਆ ਨੂੰ ਖ਼ਤਮ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ, ਨਸ਼ਾ ਮਾਫ਼ੀਆ ਨਾਲ ਜੁੜੇ ਲੋਕਾਂ ਨੂੰ ਸਖ਼ਤ ਸਜ਼ਾ ਦੇਣੀ

(8) ਵਪਾਰੀਆਂ ਅਤੇ ਕਾਰੋਬਾਰੀਆਂ ਲਈ ਅਮਨ-ਕਾਨੂੰਨ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨਾ, ਉਦਯੋਗਪਤੀ-ਵਪਾਰੀ ਸਰਕਾਰ ਵਿਚ ਫੈਸਲੇ ਲੈਣ ਵਿਚ ਭਾਗੀਦਾਰ ਹੋਵੇਗੀ, ਇਹਨਾਂ ਦੇ ਫੈਸਲਿਆਂ ਅਨੁਸਾਰ ਕੰਮ ਕਰਨਾ, ਇੰਸਪੈਕਟਰ ਰਾਜ ਪ੍ਰਣਾਲੀ ਨੂੰ ਖਤਮ ਕਰਨਾ, ਵਪਾਰੀਆਂ ਨੂੰ ਰੈਡ ਸਿਸ਼ਟਮ ਤੋਂ ਅਜ਼ਾਦੀ ਦਿਵਾਉਣੀ, ਜਿਸ ਨਾਲ ਉਦਯੋਗ ਆਪਣਾ ਕੰਮ ਸੀਮਤ ਢੰਗ ਨਾਲ ਕਰ ਸਕਣਗੇ, ਵਪਾਰੀਆਂ ਲਈ ਉਨ੍ਹਾਂ ਦੇ ਸਵਾਲਾਂ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ 24 ਘੰਟੇ ਦੀ ਹੈਲਪ ਲਾਈਨ ਸ਼ੁਰੂ ਕਰਨੀ, 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣੀ

(9) ਸੈਨਾ ਵਿਚ ਜਾਂ ਪੁਲਿਸ ਵਿਚ ਡਿਊਟੀ ਦੌਰਾਨ ਕੋਈ ਨੌਜਵਾਨ ਸ਼ਹੀਦ ਹੋ ਜਾਵੇ ਤਾਂ ਉਸ ਨੌਜਵਾਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਸ਼ਨਮਾਨ ਰਾਸ਼ੀ ਆਦਿ। ਇਹ ਸਨ ਆਪ ਸਰਕਾਰ ਦੀਆਂ ਵੋਟਾਂ ਵੇਲੇ ਲਈਆਂ ਗਰੰਟੀਆਂ।

ਹੁਣ ਸੋਚਣਾ ਇਹ ਹੋਵੇਗਾ ਕਿ ਜੇਕਰ ਸਰਕਾਰ ਆਪਣੇ ਕੀਤੇ ਵਾਅਦਿਆਂ ਤੇ ਖਰੀ ੳੁੱਤਰਦੀ ਹੈ ਤਾਂ ਮੋਏ ਪੰਜਾਬ ਵਿਚ ਜਾਨ ਪਵੇਗੀ। ਉਦਾਸ ਚੇਹਰਿਆਂ ਤੇ ਲਾਲੀ ਲਿਸ਼ਕਾਂ ਮਾਰਨ ਲੱਗੇਗੀ ਤੇ ਆਪ ਦੀ ਸਰਕਾਰ ਦੀਆਂ ਜੜ੍ਹਾਂ ਹੋਰ ਮਜਬੂਤ ਹੋਣਗੀਆਂ। ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ। ਭਗਵੰਤ ਮਾਨ ਲਈ ਲੋਕਾਂ ਨਾਲ ਕੀਤੇ ਵਾਅਦੇ ਪੁਗਾਉਣੇ ਅਤੀ ਜਰੂਰੀ ਹਨ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਇਹ ਵੀ ਪਤਾ ਹੈ ਕਿ ਸੱਚ ਨੂੰ ਫਾਂਸੀ ਲੱਗਦੀ ਹੈ ਪਰ ਗੱਲ ਇਹ ਵੀ ਹੈ ਕਿ ਝੂਠ ਕੁਝ ਦਿਨਾਂ ਦਾ ਮਹਿਮਾਨ ਤੇ ਸੱਚ ਦੀ ਮੁਨਿਆਦ ਲੰਬੀ ਹੁੰਦੀ ਹੈ। ਅੱਜ ਪੰਜਾਬ ਦੀ ਵਾਗਡੋਰ ਆਪਦੇ ਹੱਥ ਹੈ। ਸਾਰੇ ਸਮਾਜ ਨੂੰ ਇੱਕ ਅੱਖ ਨਾਲ ਵੇਖਣਾ ਹੀ ਸੱਤਾ-ਧਾਰੀ ਰਾਜੇ ਦਾ ਕੰਮ ਹੁੰਦਾ ਹੈ। ਦੁੱਖੀ ਜਨਤਾ ਲਈ ਚਾਰੇ ਦਰਵਾਜੇ ਖੁੱਲ੍ਹੇ ਰੱਖਣੇ ਤੇ ਦੁੱਖੀ ਲੋਕਾਂ ਦਾ ਦਰਦ ਵੰਡਾਉਣਾ, ਸਭ ਦੇ ਦੁੱਖ ਨੂੰ ਆਪਣਾ ਮਹਿਸੂਸ ਕਰਨ ਵਾਲਾ ਹੀ ਅਸਲ ਲੋਕ ਸੇਵਕ ਅਖਵਾਉਂਦਾ ਹੈ। ਉਮੀਦ ਹੈ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਕਿ ਆਪਣੇ ਮੂੰਹੋਂ ਨਿਕਲਿਆ ਇੱਕ-ਇੱਕ ਸ਼ਬਦ ਪੁਗਾਉਣਗੇ ਅਤੇ ਸਮਾਜ ਦੀਆਂ ਆਸਾਂ-ਉਮੰਗਾਂ ਤੇ ਖਰੇ ਉਤਰਨਗੇ।
***

ਦਰਸ਼ਨ ਸਿੰਘ ਪ੍ਰੀਤੀਮਾਨ
ਮੋ: 98786-06963
email:dspreetimaan@gmail.com
***
676
***

+91 98786-06963 | email:dspreetimaan@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਦਰਸ਼ਨ ਸਿੰਘ ਪ੍ਰੀਤੀਮਾਨ
ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ
ਜ਼ਿਲ੍ਹਾ ਬਠਿੰਡਾ (ਪੰਜਾਬ)
ਪਿੰਨ ਕੋਡ 151103
ਮੋ: 98786-06963
email:dspreetimaan@gmail.com

ਦਰਸ਼ਨ ਸਿੰਘ ਪ੍ਰੀਤੀਮਾਨ

ਦਰਸ਼ਨ ਸਿੰਘ ਪ੍ਰੀਤੀਮਾਨ ਪਿੰਡ ਤੇ ਡਾਕ ਘਰ ਰਾਮਪੁਰਾ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ (ਪੰਜਾਬ) ਪਿੰਨ ਕੋਡ 151103 ਮੋ: 98786-06963 email:dspreetimaan@gmail.com

View all posts by ਦਰਸ਼ਨ ਸਿੰਘ ਪ੍ਰੀਤੀਮਾਨ →