28 April 2024

ਅਦੀਬ ਸਮੁੰਦਰੋਂ ਪਾਰ ਦੇ: ਗੁਰਮਤਿ ਨੂੰ ਸਮਰਪਿਤ ਸ਼ਖ਼ਸੀਅਤ ਅਵਤਾਰ ਸਿੰਘ ਆਦਮਪੁਰੀ—ਹਰਮੀਤ ਸਿੰਘ ਅਟਵਾਲ

 

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (14 ਨਬੰਵਰ 2021 ਨੂੰ) 62ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਅਵਤਾਰ ਸਿੰਘ ਆਦਮਪੁਰੀ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਗੁਰਮਤਿ ਨੂੰ ਸਮਰਪਿਤ ਸ਼ਖ਼ਸੀਅਤ ਅਵਤਾਰ ਸਿੰਘ ਆਦਮਪੁਰੀ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

 

ਅਦੀਬ ਸਮੁੰਦਰੋਂ ਪਾਰ ਦੇ:
ਗੁਰਮਤਿ ਨੂੰ ਸਮਰਪਿਤ ਸ਼ਖ਼ਸੀਅਤ ਅਵਤਾਰ ਸਿੰਘ ਆਦਮਪੁਰੀ
-ਹਰਮੀਤ ਸਿੰਘ ਅਟਵਾਲ-

ਗੁਰਮਤਿ ਵਿਚਾਰਧਾਰਾ ਉਸ ਜੀਵਨ ਵਿਧੀ ਨੂੰ ਕਿਹਾ ਜਾਂਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੁਆਰਾ ਪ੍ਰਗਟ ਕੀਤੀ ਗਈ ਹੈ, ਜਿਸ ਵਿਚ ਪਰਵਦਿਗਾਰ ਅਪਾਰ ਅਗੰਮ ਬੇਅੰਤ ਪਰਮਾਤਮਾ ਦਾ ਨਾਮ ਸਿਮਰਨ, ਜਾਤੀ ਭੇਦ ਭਾਵ ਦਾ ਅਭਾਵ, ਗ੍ਰਹਿਸਥ ਜੀਵਨ ਧਾਰਨ ਕਰਨਾ, ਕਿਰਤ ਕਰਨਾ, ਸੱਚ ਬੋਲਣਾ, ਸੇਵਾ ਵਿਚ ਚੱਲਣਾ ਤੇ ਬਿਨਾਂ ਕਿਸੇ ਤਰ੍ਹਾਂ ਦੀ ਈਰਖਾ ਤੋਂ ਸਬਰ, ਸੰਤੋਖ ਤੇ ਸੰਜਮ ਵਾਲਾ ਜੀਵਨ ਜਿਊਣਾ ਸ਼ਾਮਲ ਹੈ। ਸਾਡਾ ਅਮਰੀਕਾ ਵੱਸਦਾ ਅਦੀਬ ਅਵਤਾਰ ਸਿੰਘ ਆਦਮਪੁਰੀ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਇਸ ਅਨਮੋਲ ਵਿਚਾਰਧਾਰਾ ਨੂੰ ਹਰ ਪੱਖੋਂ ਪੂਰੀ ਤਰ੍ਹਾਂ ਸਮਰਪਿਤ ਹੈ।

ਅਵਤਾਰ ਸਿੰਘ ਆਦਮਪੁਰੀ ਦਾ ਜਨਮ 7 ਜਨਵਰੀ 1957 ਨੂੰ ਪਿਤਾ ਹਰਬੰਸ ਸਿੰਘ ਬ੍ਰਹਮ (ਜੰਡੀ ਵਾਲੇ) ਤੇ ਮਾਤਾ ਜੀਤ ਕੌਰ ਦੇ ਘਰ ਆਦਮਪੁਰ ਦੋਆਬਾ (ਜਲੰਧਰ) ਵਿਖੇ ਹੋਇਆ। ਅਵਤਾਰ ਸਿੰਘ ਆਦਮਪੁਰੀ ਨੇ 1972 ਵਿਚ ਪਹਿਲਾਂ ਯੂਕੇ ’ਚ ਪੈਰ ਧਰਿਆ। ਉਥੇ ਐਡਵਾਂਸ ਇੰਗਲਿਸ਼ ਕਰ ਕੇ ਸਾਈਕਾਲੋਜੀ ਪੜ੍ਹਨੀ ਸ਼ੁਰੂ ਕੀਤੀ। 1981 ਵਿਚ ਕੈਨੇਡਾ ਦੀ ਧਰਤੀ ’ਤੇ ਜਾ ਵਾਸਾ ਕੀਤਾ ਤੇ 1984 ਵਿਚ ਅਮਰੀਕਾ ਪਹੁੰਚ ਗਿਆ ਤੇ ਅੱਜਕੱਲ੍ਹ ਉਥੇ ਉਸ ਵੱਲੋਂ ਦੁਭਾਸ਼ੀਏ ਦਾ ਕੰਮ ਜਾਰੀ ਹੈ। ਸਾਹਿਤ ਸਿਰਜਣਾ ਵਾਲੇ ਪਾਸੇ ਆਉਣ ਦਾ ਸਬੱਬ ਅਵਤਾਰ ਸਿੰਘ ਦੇ ਆਪਣੇ ਅਨੁਸਾਰ ਇਉ ਹੈ:-

ਪਰਿਵਾਰ ਵਿਚ ਪਿਤਾ ਜੀ ਟੀਚਰ ਅਤੇ ਚੰਗੇ ਲਿਖਾਰੀ ਵੀ ਸਨ। ਵੱਡੀ ਭੈਣ ਸੁਖਵਿੰਦਰ ਕੌਰ ਵੀ ਸੂਝਵਾਨ ਲੇਖਕ ਹਨ ਜੋ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਕਈ ਵਧੀਆ ਕੀਮਤੀ ਕਿਤਾਬਾਂ ਪਾ ਚੱੁਕੇ ਹਨ। ਮੈਂ ਲਿਖਣਾ 1974 ਤੋਂ ਸ਼ੁਰੂ ਕੀਤਾ। ਜ਼ਿਆਦਾ ਮਹੱਤਵਪੂਰਨ ਵਿਸ਼ਿਆਂ ’ਤੇ ਹਾਲਾਤ ਨੂੰ ਕਵਿਤਾਵਾਂ, ਗੀਤਾਂ, ਕਹਾਣੀਆਂ ਤੇ ਆਰਟੀਕਲਜ਼ ਰਾਹੀਂ ਨਿਊਜ਼ ਪੇਪਰਾਂ ਤੇ ਸਟੇਜਾਂ ਤੋਂ ਬੋਲਣਾ ਤੇ ਗਾਉਣਾ ਸ਼ੁਰੂ ਕੀਤਾ ਜੋ ਅੱਜ ਤਕ ਜਾਰੀ ਹੈ।

ਅਵਤਾਰ ਸਿੰਘ ਆਦਮਪੁਰੀ ਦੀ ਇਕ ਬਹੁਤ ਗਹਿਰ-ਗੰਭੀਰ ਵਿਸ਼ਿਆਂ ਨੂੰ ਨਿਭਾਉਂਦੀ ਪੁਸਤਕ ‘ਤੇਰੈ ਭਰੋਸੈ ਪਿਆਰੇ’ ਸਾਡੇ ਅਧਿਐਨ ਦੇ ਅੰਤਰਗਤ ਆਈ ਹੈ। ਇਸ ਪੁਸਤਕ ਦੀ ਮੂਲ ਸੁਰ ਗੁਰਮਤਿ ਵਿਚਾਰਧਾਰਾ ਤੋਂ ਧੁਰ ਅੰਦਰੋਂ ਪ੍ਰੇਰਿਤ ਹੈ। ਇਸ ਪੁਸਤਕ ਦੀ ਹੋਰ ਅੰਤਰਝਾਤ ਤੋਂ ਪਹਿਲਾਂ ਆਰੰਭ ’ਚ ਲਿਖੇ ਅਵਤਾਰ ਸਿੰਘ ਆਦਮਪੁਰੀ ਦੇ ਇਹ ਵਿਚਾਰ ਸੰਪੂਰਨ ਧਿਆਨ ਦੀ ਮੰਗ ਕਰਦੇ ਹਨ :-

‘ਤੇਰੈ ਭਰੋਸੈ ਪਿਆਰੇ’ ਵਿਚਲੇ ਗੀਤ, ਕਵਿਤਾਵਾਂ ਦਰਅਸਲ ਮੇਰੇ ਨਹੀਂ ਹਨ। ਪਰਮਾਤਮਾ ਨੇ ਜੋ ਲਿਖਵਾਇਆ ਹੈ ਉਹੀ ਲਿਖ ਸਕਿਆਂ ਹਾਂ। ਇਨ੍ਹਾਂ ਲਿਖਤਾਂ ਰਾਹੀਂ ਮੈਂ ਪ੍ਰਭੂ ਪ੍ਰਮੇਸ਼ਰ ਨੂੰ ਯਾਦ ਕਰਦਾ ਹਾਂ। ਮਾਲਕ ਦੀ ਯਾਦ ਹੀ ਅਸਲ ਵਿਚ ਉਸ ਦਾ ਸਿਮਰਨ ਹੈ। ਮੇਰੇ ਆਲੇ ਦੁਆਲੇ ਸਮਾਜ ਵਿਚ ਜੋ ਵੀ ਵਾਪਰਦਾ ਹੈ ਉਹ ਮੇਰੀਆਂ ਰਚਨਾਵਾਂ ਵਿਚ ਆਉਣਾ ਕੁਦਰਤੀ ਹੈ ਪਰ ਹੈ ਇਹ ‘‘ਸਭੁ ਤੇਰਾ ਖੇਲੁ ਅਖਾੜਾ ਜੀਉ।’’ ਇਹ ਹਰਫ਼ ਮੇਰੀ ਤਰਫ਼ੋਂ ਇਕ ਤੁੱਛ ਜਿਹੀ ਭੇਟਾ ਹੈ। ਪਰਮਾਤਮਾ ਦੀਆਂ ਵਡਿਆਈਆਂ ਨੂੰ ਕਲਮ ਬੰਦ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਹੈ। ਧਾਰਮਿਕ, ਅਧਿਆਤਮਕ, ਸਮਾਜਿਕ, ਇਨਕਲਾਬੀ, ਵਿਅੰਗਮਈ ਜਾਂ ਹਾਸਰਸ, ਕੁਝ ਵੀ ਲਿਖਾਂ, ਜਾਪਦਾ ਹੈ ਪਰਮਾਤਮਾ ਹੀ ਲਿਖਾ ਰਿਹਾ ਹੈ। ਸਭ ਕੁਝ ਉਸ ਵਾਹਿਗੁਰੂ ਜੀ ਦਾ ਹੀ ਤਾਂ ਹੈ। ਜੇਕਰ ਇਨ੍ਹਾਂ ਕਵਿਤਾਵਾਂ ਰਾਹੀਂ ਕਿਸੇ ਮਨੁੱਖੀ ਆਤਮਾ ਅੰਦਰ ਪ੍ਰਭੂ ਮੇਲ-ਮਿਲਾਪ ਦੀ ਤਲਾਸ਼ ਅਤੇ ਖਿੱਚ ਪੈਦਾ ਹੋ ਜਾਵੇ ਤਾਂ ਮੈਂ ਆਪਣੇ ਧੰਨ ਭਾਗ ਸਮਝਾਂਗਾ।

ਅਵਤਾਰ ਸਿੰਘ ਆਦਮਪੁਰੀ ਦੀ ਇਸ ਪੁਸਤਕ ਦੇ ਪੰਜ ਭਾਗ ਹਨ। ਪਹਿਲੇ ਭਾਗ ਵਿਚ ਬੀਰ ਰਸੀ, ਇਨਕਲਾਬੀ ਅਤੇ ਇਤਿਹਾਸਕ ਕਵਿਤਾਵਾਂ ਹਨ। ਦੂਜੇ ਭਾਗ ਵਿਚ ਕੌਮੀ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਹਨ। ਤੀਜੇ ਭਾਗ ਵਿਚ ਅਧਿਆਤਮਕ ਰੰਗ ਦੀਆਂ ਕਾਵਿ-ਰਚਨਾਵਾਂ ਹਨ। ਚੌਥੇ ਭਾਗ ਵਿਚ ਸਮਾਜਿਕ ਵਿਸ਼ਿਆਂ ਬਾਰੇ ਤੇ ਪੰਜਵੇਂ ਭਾਗ ਵਿਚ ਵਿਅੰਗਮਈ, ਹਾਸਰਸ ਤੇ ਕੁਝ ਹੋਰ ਕਾਵਿ-ਰਚਨਾਵਾਂ ਹਨ। ਇਨ੍ਹਾਂ ਰਚਨਾਵਾਂ ਦੀ ਸਾਦਗੀ ਵਿਚ ਹੀ ਗਹਿਰਾਈ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਬਹੁਤੇ ਵਿਦਵਤਾ ਵਾਲੇ ਜਾਂ ਗੁੰਝਲਦਾਰ ਜਿਹੇ ਅਜੀਬ ਜਿਹੀਆਂ ਰਮਜਾਂ ਭਰੇ ਫ਼ਿਕਰੇ ਹੀ ਕਿਸੇ ਕਾਵਿ-ਰਚਨਾ ਨੂੰ ਭਾਵਪੂਰਤ ਬਣਾਉਣ। ਰਚਨਾ ਉਹੀ ਪ੍ਰਵਾਨ ਹੁੰਦੀ ਹੈ ਜਿਹੜੀ ਸਹਿਜ ਰੂਪ ’ਚ ਪਾਠਕ ਜਾਂ ਸਰੋਤੇ ਦੀ ਸੁਰਤ ਨਾਲ ਜਾ ਜੁੜੇ। ਅਵਤਾਰ ਸਿੰਘ ਆਦਮਪੁਰੀ ਦੀਆਂ ਇਹ ਕਾਵਿ-ਰਚਨਾਵਾਂ ਦੀ ਪੜ੍ਹਨ-ਸੁਣਨ ਵਾਲੇ ਤਕ ਰਸਾਈ ਸੌਖੀ ਹੈ। ‘ਗੁਰਬਾਣੀ’ ਨਾਂ ਦੀ ਕਵਿਤਾ ’ਚੋਂ ਕੁਝ ਬੰਦ ਇਥੇ ਹਾਜ਼ਰ ਹਨ:-

ਬਾਣੀ ਪੜ੍ਹਦਿਆਂ ਸੁਰਤ ਜਾ ਤੇਰੀ
ਗਿਆਨ ਖੰਡ ਵਿਚ ਜਾਵੇਗੀ
ਰੱਬ ਦੇ ਘਰ ਦੀ ਸੋਝੀ ਬੰਦਿਆ
ਸਮਝ ਤੇਰੀ ਵਿਚ ਆਵੇਗੀ
ਪੜ੍ਹਿਆ ਕਰ ਸਤਿਗੁਰ ਦੀ ਬਾਣੀ
ਦੁੱਖ ਸੁੱਖ ਦੋਨੋ ਸਮ ਹੋ ਜਾਵਣ
ਮਸਤੀ ਰਹੇ ਸਦਾ ਦਿਨ ਰੈਣੀ
ਮੇਰੀ ਮੇਰੀ ਦਿਸਣੋਂ ਹਟ ਜਾਊ
ਏਕੋ ਜੋਤ ਰਹੂਗੀ ਨੈਣੀ
ਭਵਜਲ ਦੇ ਇਸ ਫੇਰੇ ਵਾਲੀ
ਚਿੰਤਾ ਮੂਲ ਨਾ ਖਾਏਗੀ।
ਬਾਣੀ ਪੜ੍ਹਦਿਆਂ ਸੁਰਤ ਜਾ ਤੇਰੀ
ਗਿਆਨ ਖੰਡ ਵਿਚ ਜਾਵੇਗੀ
ਪੜ੍ਹਿਆ ਕਰ ਸਤਿਗੁਰ ਦੀ ਬਾਣੀ (ਪੰਨਾ-102)

ਅਵਤਾਰ ਸਿੰਘ ਆਦਮਪੁਰੀ ਦੀਆਂ ਕਾਵਿ-ਰਚਨਾਵਾਂ ਵਿਚਲਾ ਹਾਸਰੰਗ ਵੀ ਵੰਨਗੀ ਵਜੋਂ ਆਪ ਦੀ ਨਜ਼ਰ ਹੈ :-

ਆਏ ਸੀ ਪ੍ਰਾਹੁਣੇ ਸਾਨੂੰ ਤੰਗ ਕਰ ਗਏ
ਸ਼ਾਂਤੀ ਉਹ ਘਰ ਸਾਡੇ ਭੰਗ ਕਰ ਗਏ
ਆਉਦੇ ਸਾਰ ਕਹਿੰਦੇ ਦਿਨ ਪੰਜ ਰਹਿਣਾ ਏ
’ਕੱਲਾ ’ਕੱਲਾ ਮੰਜਾ ਰੂਮ ਵੱਖ ਲੈਣਾ ਏ
ਮਜ਼ਾਲ ਹੈ ਜੇ ਕਿਸੇ ਗੱਲੋਂ ਸੰਗ ਕਰ ਗਏ
ਆਏ ਸੀ ਪ੍ਰਾਹੁਣੇ ਸਾਨੂੰ ਤੰਗ ਕਰ ਗਏ

ਦੇਸੀ ਘਿਓ ਦੇ ਤੜਕੇ ਪਰਾਉਠੇ ਪੱਕਦੇ
ਜਿਵੇਂ ਕੱਲ ਚੜ੍ਹਨਾ ਨੀ ਏਦਾਂ ਛਕਦੇ
ਸਾਡੇ ਪਰਿਵਾਰ ਨੂੰ ਉਹ ਦੰਗ ਕਰ ਗਏ
ਆਏ ਸੀ ਪ੍ਰਾਹੁਣੇ ਸਾਨੂੰ ਤੰਗ ਕਰ ਗਏ (ਪੰਨਾ-220)

ਇੰਜ ਇਸ ਸਾਰੀ ਪੁਸਤਕ ਵਿਚ ਕਾਵਿ-ਸ਼ਕਤੀ ਦੇ ਕਈ ਰੂਪ ਹਨ। ਹਰ ਰੂਪ ਦਾ ਆਪਣਾ ਰਸ-ਰੋਅਬ ਹੈ। ਹੋਰ ਵੀ ਕਈ ਸਾਂਝੀਆਂ ਪੁਸਤਕਾਂ ਤੇ ਅਖ਼ਬਾਰਾਂ ਵਿਚ ‘ਆਦਮਪੁਰੀ’ ਦੇ ਆਰਟੀਕਲ ਛਪਦੇ ਰਹਿੰਦੇ ਹਨ। ਆਉਦੇ ਸਮੇਂ ’ਚ ਕੁਝ ਹੋਰ ਪੁਸਤਕਾਂ ਵੀ ਉਸ ਦੀਆਂ ਛਪਕੇ ਪਾਠਕਾਂ ਸਨਮੁੱਖ ਹੋਣਗੀਆਂ।

ਅਵਤਾਰ ਸਿੰਘ ਆਦਮਪੁਰੀ ਨਾਲ ਵਿਚਾਰਾਂ ਦੀ ਸਾਂਝ ਸਾਡੀ ਪੈਂਦੀ ਰਹਿੰਦੀ ਹੈ। ਉਸ ਵੱਲੋਂ ਕੁਝ ਅੰਸ਼ ਇਥੇ ਲਿਖੇ ਜਾਂਦੇ ਹਨ:-

* ਅਮਰੀਕਾ ਵਿਚ ਤਾਂ ਬਹੁਤ ਲੇਖਕ ਹਨ। ਵਾਸ਼ਿੰਗਟਨ ਸੂਬੇ ਵਿਚ ਸਰਗਰਮ ਲੇਖਕ ਜੋ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ ਨਾਲ ਜੁੜੇ ਹੋਏ ਹਨ ਉਨ੍ਹਾਂ ਵਿਚ ਵਾਸਦੇਵ ਸਿੰਘ ਪਰਹਾਰ, ਹਰਦਿਆਲ ਸਿੰਘ ਚੀਮਾ, ਡਾ. ਜੇ.ਬੀ. ਸਿੰਘ, ਸਵਰਾਜ ਕੌਰ, ਮਨਜੀਤ ਕੌਰ ਗਿੱਲ, ਕਰਨੈਲ ਸਿੰਘ ‘ਕੈਲ’, ਡਾ. ਪ੍ਰੇਮ ਕੁਮਾਰ, ਹਰਪਾਲ ਸਿੱਧੂ, ਬਲਿਹਾਰ ਲਹਿਲ, ਸਾਧੂ ਸਿੰਘ ਝੱਜ, ਸ਼ੰਗਾਰਾ ਸਿੰਘ ਸਿੱਧੂ, ਹਰਸ਼ਿੰਦਰ ਸਿੰਘ ਸੰਧੂ, ਡਾ. ਜਸਬੀਰ ਕੌਰ, ਅਮਰਜੀਤ ਸਿੰਘ ਤਰਸਿੱਕਾ, ਗੁਰਪ੍ਰੀਤ ਸੋਹਲ, ਡਾ. ਸੁਖਬੀਰ ਬੀਹਲਾ, ਜਸਕਰਨ ਕੌਰ ਬਰਾੜ ਆਦਿ ਸ਼ਾਮਲ ਹਨ।

* ਏਥੋਂ ਦੀਆਂ ਪੰਜਾਬੀ ਸਾਹਿਤ ਸਭਾਵਾਂ ਦਾ ਸਰਾਹਨਾਯੋਗ ਕਾਰਜ ਇਹ ਹੈ ਕਿ ਪਰਦੇਸਾਂ ਵਿਚ ਪੰਜਾਬੀ ਬੋਲੀ, ਵਿਰਸਾ ਅਤੇ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਹਨ। ਚੰਗਾ ਲਿਖਣਾ ਤੇ ਪ੍ਰਚਾਰ ਆਰਥਿਕ ਤੌਰ ’ਤੇ ਜ਼ਰੂਰਤਮੰਦ ਸਾਹਿਤਕਾਰ ਦੀ ਸਮੇਂ-ਸਮੇਂ ਮਦਦ ਵੀ ਕੀਤੀ ਜਾਂਦੀ ਹੈ।

* ਸਾਇੰਸ ਦੀ ਤਰੱਕੀ ਨੇ ਨੌਜਵਾਨਾਂ ਨੂੰ ਫੋਨਾਂ ਰਾਹੀਂ ਏਨਾ ਕੁਝ ਚਟਪਟਾ ਤੇ ਮਨੋਰੰਜਕ ਦੇ ਦਿੱਤਾ ਹੈ ਕਿ ਉਨ੍ਹਾਂ ਕੋਲ ਵਿਹਲ ਹੀ ਨਹੀਂ ਰਿਹਾ। ਥਾਲੀ ਵਿਚ ਪਰੋਸਿਆ ਮਿਲ ਰਿਹਾ ਹੈ ਤਾਂ ਕੀ ਲੋੜ ਹੈ ਪੜ੍ਹਨ-ਸੁਣਨ ਅਤੇ ਲਿਖਣ ਦੀ? ਵੈਸੇ ਵੀ ਸਾਡੇ ਲੋਕਾਂ ਨੂੰ ਪੜ੍ਹਨ-ਲਿਖਣ ਦਾ ਸ਼ੌਂਕ ਘੱਟ ਹੀ ਹੈ।

* ਸਭ ਤੋਂ ਪਹਿਲਾਂ ਮੈਂ ਬਾਣੀ ਪੜ੍ਹਨ ਅਤੇ ਵਿਚਾਰਨ ਦਾ ਯਤਨ ਕਰਦਾ ਹਾਂ। ਫਿਰ ਕੁਝ ਅਖ਼ਬਾਰਾਂ ਵੀ ਪੜ੍ਹਦਾ ਹਾਂ ਤੇ ਰਸਾਲੇ ਵੀ।

* ਪੰਜਾਬੀ ਦੇ ਲੇਖਕਾਂ ਵਿਚ ਪਹਿਲਾਂ ਨਾਲੋਂ ਬਹੁਤ ਵਾਧਾ ਹੋਇਆ ਹੈ। ਪਰ ਸਾਡੇ ਬਹੁਤੇ ਲੇਖਕ ਆਪਣੀ ਆਲੋਚਨਾ ਨਹੀਂ ਸਹਾਰਦੇ। ਮੈਨੂੰ ਅੱਜ ਵੀ ਕੋਈ ਮੇਰੀ ਲਿਖਤ ਵਿਚ ਕਮੀ ਜਾਂ ਗ਼ਲਤੀ ਦੱਸੇ ਤਾਂ ਮੈਂ ਉਸ ਦਾ ਧੰਨਵਾਦ ਕਰਦਾ ਹਾਂ। ਗੁੱਸਾ ਨਹੀਂ ਕਰਦਾ।

* ਲਿਖਣ ਅਤੇ ਗਾਉਣ ਤੋਂ ਇਲਾਵਾ ਮੈਨੂੰ ਵੰਨ ਸੁਵੰਨੇ ਖਾਣੇ ਬਣਾਉਣ, ਗਾਰਡਨ ਵਿਚ ਫਲ-ਫੁਲ ਅਤੇ ਸਬਜ਼ੀਆਂ ਲਗਾਉਣ ਦਾ ਵੀ ਸ਼ੌਕ ਹੈ।

* ਨਵੇਂ ਉਭਰਦੇ ਲੇਖਕਾਂ ਨੂੰ ਬੇਨਤੀ ਹੈ ਕਿ ਭਾਵੇਂ ਥੋੜ੍ਹਾ ਲਿਖੋ ਪਰ ਪੁਖਤਾ ਲਿਖੋ। ਆਪਣੇ ਲਿਖੇ ਨੂੰ ਵਾਰ-ਵਾਰ ਪੜ੍ਹਕੇ ਅਤੇ ਕਿਸੇ ਸੂਝਵਾਨ ਪਾਠਕ ਤੋਂ ਪਾਸ ਕਰਵਾ ਕੇ ਹੀ ਛਪਣ ਲਈ ਘੱਲੋ ਜਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰੋ। …ਅਸ਼ਲੀਲ ਨਾ ਲਿਖੋ।

ਨਿਰਸੰਦੇਹ ਅਵਤਾਰ ਸਿੰਘ ਆਦਮਪੁਰੀ ਗੁਰਮੁਖ ਸ਼ਖ਼ਸ ਹੈ ਜਿਸ ਦੀਆਂ ਕਾਵਿ-ਕਿਰਤਾਂ ਸ਼ੁੱਧ ਅਧਿਆਤਮਕ ਆਸਥਾ ’ਤੇ ਆਧਾਰਤ ਹਨ। ਅਜਿਹੀ ਆਸਥਾ ਨਿਸ਼ਚੇ ਹੀ ਕਲਮ ਦੇ ਕਰਮ ਵਿਚ ਬਰਕਤ ਪਾਉਦੀ ਹੈ ਤੇ ਉਂਝ ਵੀ ਪ੍ਰਾਣੀ ਦਾ ਬੇੜਾ ਪਾਰ ਲੰਘਾਉਦੀ ਹੈ।
***
496
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ