25 April 2024

ਭਾਰਤ ਵਿਚ ਚੱਲ ਰਹੇ (ਕਿਸਾਨ) ਜਨ ਅੰਦੋਲਨ ਅਤੇ ਕਰੋਨਾ ਦੀ ਬਿਪਤਾ ਨੂੰ ਸੰਬੋਧਿਤ ਕੁਝ ਗ਼ਜ਼ਲਾਂ—ਆਤਮਾ ਰਾਮ ਰੰਜਨ

ਆਤਮਾ ਰਾਮ ਰੰਜਨ ਦੀ ਤਸਵੀਰ: ਆਸਿਫ ਰਜ਼ਾ

1.ਜ਼ਖ਼ਮੀ ਤਲੀਆਂ ਚੁੱਕ ਸਲੀਬਾਂ ਚੱਲੇ ਰਾਮ ਦੁਲਾਰੇ ।
ਨੰਗੇ  ਪੈਰੀਂ  ਲੰਮੇ  ਪੈਂਡੇ  ਸੱਤਾ ਦੇ ਦੁਰਕਾਰੇ ।

ਮਜਹਬ ਦੇ ਚੜ ਘੋੜੇ ਪੁੱਜੇ  ਸੱਤਾ ਦੇ ਗਲਿਆਰੇ।
ਜ਼ਹਿਰੀ ਨਾਗਾਂ ਵਾਂਗੂੰ ਹੁਣ ਉਹ ਮਾਰਨ ਰੋਜ ਫੁਕਾਰੇ।

ਦਿਲ ਵਿਚ ਸਾਂਭੀ ਬੈਠੇ ਹਨ ਉਹ ਧੁੱਖਦੀ ਅਗਨ ਬਥੇਰੀ
ਠੋਕਰ ਖਾਂਦੇ ਚੀਸਾਂ ਸਹਿੰਦੇ ਭਟਕਣ ਕਰਮਾਂ ਮਾਰੇ।

ਖਿੜ ਖਿੜ ਹੱਸਦੇ ਫੁੱਲਾਂ ਤੇ ਵੀ ਘੋਰ ਉਦਾਸੀ ਛਾਈ
ਜੰਗਲ ਬੇਲੇ ਸਹਿਮੇ ਸਹਿਮੇ  ਵੇਖ ਵੇਖ ਵਰਤਾਰੇ।

ਕੰਬਣ ਦਰਖ਼ਤ ਟੁੱਟਣ ਲਗਰਾਂ ਪੰਛੀ ਦੇਣ ਦੁਹਾਈ
ਹਾਕਮ ਦੇ ਡੰਡੇ ਤੋਂ ਡਰਦੇ ਲੁਕਦੇ ਜਦ ਦੁਖਿਆਰੇ।

ਚੰਗਾ ਘਟ ਤੇ ਮੰਦਾ ਬਹੁਤਾ ਕਰਦੇ ਦੇਸ਼ ਦੇ ਰਹਿਬਰ
ਕਿਰਤੀ ਖਾਤਰ ਬੰਦ ਖ਼ਜਾਨੇ ਦਿਲ ਦੇ ਨਾ ਸਚਿਆਰੇ।

ਧੰਨ ਕੁਬੇਰਾਂ ਖਾਤਰ ਭੇਜੇ ਸ਼ਾਹੀ ਉੜਨ ਖਟੋਲੇ
ਸਾਰ ਲਈ ਨਾ ਕਿਰਤੀ ਦੀ ਤੈਂ ਫਿੱਟੇ ਮੂੰਹ ਸਰਕਾਰੇ।

ਚੋਪੜ ਕੇ ਮੂੰਹ ਰੋਜ ਮੁਰਾਰੀ ਟੀ ਵੀ ਉੱਤੇ ਆਉਂਦਾ
ਝੂਠ ਪਲੇਥਣ ਲਾ ਕੇ ਵੰਡੇ ਭਾਂਤ ਭਾਂਤ ਦੇ ਲਾਰੇ।

ਮੰਜਿਲ ਤੀਕਣ ਪਹੁੰਚਣਗੇ ਕੁਝ ਗਿਣ ਮੀਲਾਂ ਦੇ ਪੱਥਰ
ਥੱਕੇ ਹਾਰੇ ਕਈਆਂ ਰੰਜਨ  ਹੋਣਾ ਰੱਬ ਨੂੰ ਪਿਆਰੇ।
*

2.

ਗੂੰਗੀਆਂ  ਤੇਹਾਂ  ਨੇ   ਆਖਰ ਹੈ ਉਦੋਂ ਤਾਂ ਬੋਲਣਾ।
ਜ਼ਹਿਰ ਜਦ ਵੀ ਮਾਛੀਆਂ ਨੇ ਪਾਣੀਆਂ ਵਿਚ ਘੋਲਣਾ।

ਲਾਰਿਆਂ ਤੇ ਜੁਮਲਿਆਂ ਨੂੰ ਵਰਤਣਾ ਹੈ ਕਿਸ ਤਰ੍ਹਾਂ
ਇਸ ਵਿਸ਼ੇ ਦਾ ਵੀ ਪਵੇਗਾ ਮਹਿਕਮਾਂ ਇਕ ਖੋਲ੍ਹਣਾ।

ਸੋਚ ਵਿਚ ਹੈ ਪਾਸਕੂ ਤੇ ਖੋਲ ਬੈਠਾ ਜੋ ਦੁਕਾਨ
ਲੋਕ ਫਿਰ ਵੀ ਸੋਚਦੇ ਪੂਰਾ ਸਦਾ ਇਸ ਤੋਲਣਾ।

ਵੇਲ ਕੌੜੀ ਲਾ ਰਹੇ ਹਨ ਸਿਰਫਿਰੇ ਕੁਝ ਲੋਕ ਪਰ
ਸੌਂ ਰਿਹਾ ਗੁਲਫਾਮ ਹੈ ਅਫਸੋਸ ਇਸ ਨੇ ਮੌਲਣਾ।

ਵਹਿਮ  ਤੈਨੂੰ  ਹੋ ਗਿਆ ਹੈ ਜੇ  ਸਿਕੰਦਰ ਹੋਣ ਦਾ
ਤੇਰੀਆਂ  ਮੱਕਾਰੀਆਂ  ਨੇ  ਪਾਜ ਇਹ ਵੀ ਖੋਲਣਾ।

ਢੰਗ  ਤੇਰੀ  ਦੋਸਤੀ  ਦਾ  ਹੈ  ਨਿਰਾਲਾ ਦੋਸਤਾ
ਕਰ ਤੂੰ ਗ਼ਰਜ਼ਾਂ ਪੂਰੀਆਂ ਮੁੜ ਨਾ ਪਛਾਣੇ ਢੋਲਣਾ।

ਜ਼ਿੰਦਗੀ ਭਰ ਵੇਖੀਆਂ ਹਨ ਤੁਰਸੀਆਂ ਦੁਸ਼ਵਾਰੀਆਂ
ਸੂਲੀਆਂ ਦੇ ਖੋਫ਼ ਤੋਂ ਫਿਰ ਕਿਉਂ ਦਿਲਾਂ ਤੈਂ ਡੋਲਣਾ।

ਸੇਕ ਜੋ ਮਾਰੂਥਲਾਂ ਦਾ ਇਸ ਹਯਾਤੀ ਝੱਲਿਆ
ਰੰਜਨਾ ਹੁਣ ਛੱਡ ਦੇ ਅੰਗਾਰਿਆਾਂ ਨੂੰ ਫੋਲਣਾ।
*

 

 

 

 


3.
ਚੋਗ ਖ਼ਾਤਰ ਇਹ ਜੁੜੇ ਨੇ ਪੰਛੀਆਂ ਨੂੰ ਬੋਲ ਨਾ ਕੁਝ ।
ਜੰਗ ਹੈ ਇਹ ਜਰ ਜ਼ਮੀਂ ਦੀ ਕਿਰਤੀਆਂ ਨੂੰ ਬੋਲ ਨਾ ਕੁਝ।

ਤਾਰ ਬੰਦੀ ਹੋ ਗਈ ਹੈ ਸੀਲ ਬਾਡਰ ਹੋ ਗਏ ਹਨ
ਬੇਰੁਖੀ ਇਹ ਕਿਸ ਲਈ ਹੈ ਹਾਕਮਾਂ ਨੂੰ ਬੋਲ ਨਾ ਕੁਝ ।

ਬਾਤ ਮਨ ਦੀ ਕੌਣ ਸੁਣਦਾ ਪਰ ਅਡੰਬਰ ਰੋਜ ਹੁੰਦਾ
ਭੰਡ ਜੋ ਪਰਚਾਰ ਕਰਦੇ ਤੂੰ ਇਨ੍ਹਾਂ ਨੂੰ ਬੋਲ ਨਾ ਕੁਝ ।

ਕੌਰਵਾਂ ਦਾ ਰਾਜ ਹੈ ਇਹ ਸੁਕਨੀਆ ਦਾ ਹੈ ਜ਼ਮਾਨਾ
ਚਾਪਲੂਸਾਂ ਵਿਚ ਘਿਰੇ ਦੁਰਯੋਧਨਾਂ ਨੂੰ ਬੋਲ ਨਾ ਕੁਝ ।

ਪੱਥਰਾਂ ਦੇ ਘਰ ਬਣੇ ਹਨ ਕਾਗ਼ਜੀ ਵਿਚ ਫੁੱਲ ਖਿੜੇ ਹਨ
ਸੁਪਨਿਆਂ ਵਿਚ ਖੁਸ਼ ਬੜੇ ਹਨ ਸੌਂ ਰਿਹਾਂ ਨੂੰ ਬੋਲ ਨਾ ਕੁਝ ।

ਥਿਰਕਦੀ ਹੈ ਜ਼ਿੰਦਗੀ  ਹੁਣ ਬੇਸੁਰੇ ਪਰ ਸਾਜ ਵੱਜਦੇ
ਨੱਚ ਰਹੇ ਮਜਬੂਰ ਹੋ ਕੇ ਨੱਚਦਿਆਂ ਨੂੰ ਬੋਲ ਨਾ ਕੁਝ ।

ਸੋਚਣਾ ਸੀ ਪਰਖਣਾ ਸੀ ਵੋਟ ਜਦ ਤੂੰ ਪਾ ਰਿਹਾ ਸੀ
ਕਰ ਦਗ਼ਾ ਉਹ ਮੌਜ ਕਰਦੇ ਨਟਵਰਾਂ ਨੂੰ ਬੋਲ ਨਾ ਕੁਝ ।

ਦੇਸ਼ ਨੂੰ ਜੋ ਖਾ ਰਹੇ ਨੇ ਵੇਲ ਜ਼ਹਿਰੀ ਲਾ ਰਹੇ ਨੇ
ਨੀਂਦ ਗਹਿਰੀ ਸੌਂ ਰਹੇ ਨੇ ਰਹਿਬਰਾਂ ਨੂੰ ਬੋਲ ਨਾ ਕੁਝ।

ਰੰਜਨਾਂ ਤੂੰ ਸੁਣ ਲਿਆ ਕਰ ਹੈ ਭਲਾ ਚੁੱਪ ਰਹਿਣ ਵਿਚ ਹੀ
ਤਕੜਿਆਂ ਦਾ ਬੋਲਬਾਲਾ ਨਾਬਰਾਂ ਨੂੰ ਬੋਲਨਾ ਕੁਝ ।

* 

ਮੁਸਤਜ਼ਾਦ ਗ਼ਜ਼ਲ     4

ਘੇਰ ਲਈ ਹੈ ਦਿੱਲੀ ਸਾਰੀ , ਹੋਇਆ ਨਵਾਂ ਸਵੇਰਾ, ਵੇਖੋ ਜੇਰਾ ।
ਜਾਗ ਪਈ ਹੈ ਸੁੱਤੀ ਖਲਕਤ, ਮਿਟਣਾ ਘੋਰ ਹਨੇਰਾ , ਕਹਿਣਾ ਮੇਰਾ।

ਬੋਲ ਬੋਲ ਕੇ ਝੂਠ ਜਿਨ੍ਹਾਂ ਨੇ , ਲੋਕਾਂ ਨੂੰ ਭਰਮਾਇਆ, ਨਾ ਸ਼ਰਮਾਇਆ
ਚੜ੍ਹਦੇ ਸੂਰਜ ਦੀ ਟਿੱਕੀ ਨੂੰ , ਘੂਰੇ ਵੇਖ ਹਨੇਰਾ, ਡਰੇ ਬਥੇਰਾ।

ਧਨਵਾਨਾਂ ਦੇ ਗਹਿਣੇ ਪਾਵੇ , ਦੁੱਲ੍ਹੇ ਦੀ ਸਰਦਾਰੀ, ਅਸੀਂ ਵੰਗਾਰੀ ।
ਸੜ ਜਾਵੇਗੀ ਉਸ ਦੀ ਲੰਕਾ, ਦਿਲ ਵਿਚ ਅਗਨ ਫਰੇਰਾ, ਸੇਕ ਬਥੇਰਾ।

ਐਰੇ ਗ਼ੈਰੇ ਨੱਥੂ ਖੈਰੇ,  ਲੋਕਾਂ ਦੇ ਦੁਰਕਾਰੇ, ਸੁਣ ਲੈ ਪਿਆਰੇ
ਬੋਲ ਰਹੇ ਉਹ ਮੰਦੀ ਭਾਸ਼ਾ, ਤੋਲੇ ਕੁਫਰ ਬਥੇਰਾ, ਕੁਨਬਾ ਤੇਰਾ।

ਨੀਰੋ ਤਾਂ ਬਦਨਾਮ ਬੜਾ ਸੀ, ਨਾ ਬਣ ਉਸ ਦਾ ਚੇਲਾ, ਸੋਚ ਅਕੇਲਾ
ਬੰਸੀਂ ਵਾਜੇ ਫੇਰ ਵਜਾਈਂ, ਵੇਖ ਤੂੰ ਆ ਕੇ ਘੇਰਾ, ਪਰਖ਼ ਨਾ ਜੇਰਾ।

ਕਲਮਾਂ ਨੇ ਇਤਿਹਾਸ ਇਹ ਲਿਖਣਾ, ਲਿਖਣੇ ਸਭ ਦੇ ਲੇਖੇ , ਜੋ ਉਸ ਵੇਖੇ
ਥੂ ਥੂ ਹੋਈ ਤੇਰੀ ਜਗ ਵਿਚ, ਕਹਿੰਦੇ ਲੋਕ ਲੁਟੇਰਾ, ਬੱਲੇ ਸ਼ੇਰਾ।

ਕੀ ਕਹੀਏ ਹੁਣ ਉਸ ਨੂੰ ਰੰਜਨ, ਜਿਸ ਨੇ ਲਾਹੀ ਲੋਈ, ਸ਼ਰਮ ਨਾ ਕੋਈ
ਚੋਰਾਂ ਨਾਲ ਨਿਭਾਵੇ ਯਾਰੀ, ਠੱਗਾਂ ਨਾਲ ਵਸੇਰਾ, ਪੱਕਾ ਡੇਰਾ।
*

5
ਲਖੀਮਪੁਰ ਖੀਰੀ ਦੀ ਦਰਿੰਦਗੀ ਦੇ ਨਾਂ :

 

 

 


ਕੁਰਬਾਨ ਹੋ ਰਹੇ ਨੇ ਅਪਣੀ ਜ਼ਮੀਂ ਦੀ ਖਾਤਰ

ਪਰਖੇ ਸਿਦਕ ਇਨ੍ਹਾਂ ਦਾ ਦਿੱਲੀ ਦਤ ਤਖ਼ਤ ਜਾਬਰ।

ਕੈਸੀ ਦਰਿੰਦਗੀ ਇਹ ਜ਼ਾਲਮ ਨਿਜ਼ਾਮ ਦੀ ਹੈ
ਫਰਿਆਦੀਆਂ ਨੂੰ ਦਰੜਨ ਇਹ ਮੌਤ ਦੇ ਸੁਦਾਗਰ।

ਮਦਹੋਸ਼ ਨੇ ਨਸ਼ੇ ਵਿਚ ਸੱਤਾ ਜੁ ਹੱਥ ਆਈ
ਇਨਸਾਨ ਤਾਂ ਨਹੀਂ ਇਹ ਜਾਪਣ ਜਿਵੇਂ ਨਿਸਾਚਰ।

ਮਿੱਟੀ ‘ਚ ਰੋਲ਼ ਦਿੱਤੀ ਤਹਿਜ਼ੀਬ ਦੇਸ਼ ਦੀ ਤੇ
ਸੰਸਦ ‘ਚ ਬੈਠ ਕਰਦੇ ਸੰਵਿਧਾਨ ਦਾ ਨਿਰਾਦਰ ।

ਦੁਸ਼ਮਣ ਸਮਾਜ ਦੇ ਇਹ ਕੋਰੇ ਮਨੁੱਖਤਾ ਤੋਂ
ਕੋਝੇ ਕਰੂਰ ਚਿਹਰੇ ਹੁਣ ਹੋ ਰਹੇ ਉਜਾਗਰ ।

ਮਿੱਟੀ ਪਲੀਤ ਕੀਤੀ ਇਸ ਦੇਸ਼ ਦੀ ਇਨ੍ਹਾਂ ਨੇ
ਸੰਸਾਰ ਵਿਚ ਰਿਹਾ ਨਾ ਦੇਸ਼ ਦਾ ਉਹ ਆਦਰ ।

ਕੁਝ ਤਿਲਮਿਲਾ ਰਹੇ ਨੇ, ਕੁਝ ਛਟਪਟਾ ਰਹੇ ਨੇ
ਡਰਪੋਕ ਨੇ ਦਿਲੋਂ ਇਹ ਸਹਿ ਲੈਣ ਸਭ ਨਿਰਾਦਰ ।

ਕੁਤਬੇ ਇਨ੍ਹਾਂ ਦਾ ਲਿਖਦੇ ਸ਼ਾਇਰ ਅਗਰ ਤੂੰ ਰੰਜਨ
ਤੇ ਮਰਸੀਏ ਵੀ ਪੜ੍ਹ ਦੇ ਤਾਜਰ ਜਮਾਤ ਖਾਤਰ ।

***
21 ਅਕਤੂਬਰ 2021
***
452
***

About the author

ਆਤਮਾ ਰਾਮ ਰੰਜਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਮ: ਆਤਮਾ ਰਾਮ ਰੰਜਨ
ਜਨਮ ਸਥਾਨ : ਪੰਜਾਬ ਅਤੇ ਹਰਿਆਣਾ ਦੀ ਹਦਾਂ ਨਾਲ ਲਗਦਾ ਚਿੜੀ ਦੇ ਪੂੰਝੇ ਜਿੱਡਾ ਕੁ ਪਿੰਡ ਢਾਣੀ ਨਾਈਆਂ ਵਾਲੀ  (ਅਬੋਹਰ) ਜ਼ਿਲ੍ਹਾ ਫ਼ਾਜ਼ਿਲਕਾ  ਪੰਜਾਬ
ਪਰਿਵਾਰਕ ਪਿਛੋਕੜ : ਕਿਸਾਨੀ
ਵਿਦਿਅਕ ਯੋਗਤਾ : ਬੀ. ਕਾਮ ( ਐਚ. ਡੀ. ਸੀ ਡਿਪਲੋਮਾ)
ਕਿੱਤਾ : ਸਹਿਕਾਰਤਾ ਵਿਭਾਗ ਪੰਜਾਬ ਵਿਚ 31 ਸੇਵਾ ਨਿਭਾ ਕੇ 2012 ਵਿਚ ਬਤੌਰ ਸਹਾਇਕ ਰਜਿਸਟਰਾਰ ਸੇਵਾ ਮੁਕਤ ਹੋਇਆ ਪੈਨਸ਼ਨਰ।
ਪਰਿਵਾਰਕ ਜਾਣਕਾਰੀ: ਪਤਨੀ ਅਨਿਤਾ, ਪੁੱਤਰ ਰੁਪੇਂਦਰ ਧਰਮ, ਧੀ ਅਨੁਸਿਖਾ ਅਤੇ ਪੋਤੀਆਂ ਰੂਹੀਨ ਅਤੇ ਪਾਵਨੀ ਨਾਲ ਅਬੋਹਰ ਵਿਖੇ ਰਿਆਇਸ਼
ਸਾਹਿਤਕ ਗਤੀਵਿਧੀਆਂ : ਪੰਜਾਬੀ ਮਾਂ ਬੋਲੀ ਦੀ ਝੋਲੀ ਤਿੰਨ ਗ਼ਜ਼ਲ ਸੰਗ੍ਰਹਿ-- ਸੁਪਨਿਆਂ ਦੀ ਸਰਦਲ, ਸਰਦਲਾਂ ਤੋ ਪਾਰ ਅਤੇ ਸ਼ੂਲੀ ਟੁੰਗੇ ਸੂਰਜ ਪਾਇਆ ਹੈ ਤੇ ਕਹਾਣੀ ਸੰਗ੍ਰਹਿ “ਸੁਲਗਦੀ ਥੇਹ” ਪ੍ਰਕਾਸ਼ਿਤ ਹੋ ਰਹੀ ਹੈ।
ਅੰਤਰ ਰਾਸ਼ਟਰੀ ਪੰਜਾਬੀ ਲਿਟਰੇਚਰ ਫੋਰਮ ਨਾਲ ਕਈ ਸਾਲਾ ਤੋ ਜੁੜਿਆ ਹਾਂ।
ਸਾਹਿਤ ਸੱਭਿਆਚਾਰ ਮੰਚ (ਰਜਿ.) ਦੇ ਸਾਹਿਤਕ ਬੁਲਾਰੇ “ਪਰਵਾਜ਼” ਦੀ ਛੇ ਸਾਲ ਤੌਂ ਸੰਪਾਦਨਾ ਕਰ ਰਿਹਾ ਹਾਂ ।

ਆਤਮਾ ਰਾਮ ਰੰਜਨ

ਨਾਮ: ਆਤਮਾ ਰਾਮ ਰੰਜਨ ਜਨਮ ਸਥਾਨ : ਪੰਜਾਬ ਅਤੇ ਹਰਿਆਣਾ ਦੀ ਹਦਾਂ ਨਾਲ ਲਗਦਾ ਚਿੜੀ ਦੇ ਪੂੰਝੇ ਜਿੱਡਾ ਕੁ ਪਿੰਡ ਢਾਣੀ ਨਾਈਆਂ ਵਾਲੀ  (ਅਬੋਹਰ) ਜ਼ਿਲ੍ਹਾ ਫ਼ਾਜ਼ਿਲਕਾ  ਪੰਜਾਬ ਪਰਿਵਾਰਕ ਪਿਛੋਕੜ : ਕਿਸਾਨੀ ਵਿਦਿਅਕ ਯੋਗਤਾ : ਬੀ. ਕਾਮ ( ਐਚ. ਡੀ. ਸੀ ਡਿਪਲੋਮਾ) ਕਿੱਤਾ : ਸਹਿਕਾਰਤਾ ਵਿਭਾਗ ਪੰਜਾਬ ਵਿਚ 31 ਸੇਵਾ ਨਿਭਾ ਕੇ 2012 ਵਿਚ ਬਤੌਰ ਸਹਾਇਕ ਰਜਿਸਟਰਾਰ ਸੇਵਾ ਮੁਕਤ ਹੋਇਆ ਪੈਨਸ਼ਨਰ। ਪਰਿਵਾਰਕ ਜਾਣਕਾਰੀ: ਪਤਨੀ ਅਨਿਤਾ, ਪੁੱਤਰ ਰੁਪੇਂਦਰ ਧਰਮ, ਧੀ ਅਨੁਸਿਖਾ ਅਤੇ ਪੋਤੀਆਂ ਰੂਹੀਨ ਅਤੇ ਪਾਵਨੀ ਨਾਲ ਅਬੋਹਰ ਵਿਖੇ ਰਿਆਇਸ਼ ਸਾਹਿਤਕ ਗਤੀਵਿਧੀਆਂ : ਪੰਜਾਬੀ ਮਾਂ ਬੋਲੀ ਦੀ ਝੋਲੀ ਤਿੰਨ ਗ਼ਜ਼ਲ ਸੰਗ੍ਰਹਿ-- ਸੁਪਨਿਆਂ ਦੀ ਸਰਦਲ, ਸਰਦਲਾਂ ਤੋ ਪਾਰ ਅਤੇ ਸ਼ੂਲੀ ਟੁੰਗੇ ਸੂਰਜ ਪਾਇਆ ਹੈ ਤੇ ਕਹਾਣੀ ਸੰਗ੍ਰਹਿ “ਸੁਲਗਦੀ ਥੇਹ” ਪ੍ਰਕਾਸ਼ਿਤ ਹੋ ਰਹੀ ਹੈ। ਅੰਤਰ ਰਾਸ਼ਟਰੀ ਪੰਜਾਬੀ ਲਿਟਰੇਚਰ ਫੋਰਮ ਨਾਲ ਕਈ ਸਾਲਾ ਤੋ ਜੁੜਿਆ ਹਾਂ। ਸਾਹਿਤ ਸੱਭਿਆਚਾਰ ਮੰਚ (ਰਜਿ.) ਦੇ ਸਾਹਿਤਕ ਬੁਲਾਰੇ “ਪਰਵਾਜ਼” ਦੀ ਛੇ ਸਾਲ ਤੌਂ ਸੰਪਾਦਨਾ ਕਰ ਰਿਹਾ ਹਾਂ ।

View all posts by ਆਤਮਾ ਰਾਮ ਰੰਜਨ →