13 June 2024

ਜੜ੍ਹੋਂ ਉਖੜੇ ਪੰਜਾਬੀ ਪਰਵਾਸੀਆਂ ਦੀ ਦਾਸਤਾਨ “ਟਾਹਣੀਉਂ ਟੁੱਟੇ” – ਲੇਖਿਕਾ: ਡਾ. ਰਜਨੀ ਰਾਣੀ

ਜੜ੍ਹੋਂ ਉਖੜੇ ਪੰਜਾਬੀ ਪਰਵਾਸੀਆਂ ਦੀ ਦਾਸਤਾਨ “ਟਾਹਣੀਉਂ ਟੁੱਟੇ”

-ਲੇਖਿਕਾ: ਡਾ. ਰਜਨੀ ਰਾਣੀ-

ਆਧੁਨਿਕ ਪੰਜਾਬੀ ਸਾਹਿਤ ਵਿਚ ਔਰਤ ਦਾ ਜੋ ਬਿੰਬ ਉਭਰਿਆ ਹੈ ਉਹ ਮਰਦ ਲੇਖਕਾਂ ਵੱਲੋਂ ਹੀ ਪੇਸ਼ ਕੀਤਾ ਗਿਆ ਹੈ। ਔਰਤ ਲੇਖਕਾਵਾਂ ਵਿਚੋਂ ਜ਼ਿਆਦਾਤਰ ਸ਼ਹਿਰੀ ਮੱਧ ਸ਼੍ਰੇਣੀ ਨਾਲ ਸੰਬੰਧਿਤ ਹਨ। ਪੁਰਾਣੀਆਂ ਕਹਾਣੀਆਂ ਵਿਚ ਔਰਤ ਨਾਇਕਾ ਜ਼ਿਆਦਾਤਰ ਦੁੱਖ ਭੋਗਦੀ ਨਜ਼ਰ ਆਉਂਦੀ ਹੈ। ਪਰ ਚੌਥੇ ਪੜ੍ਹਾਅ ਦੀ ਪੰਜਾਬੀ ਕਹਾਣੀ ਦਾ ਇਕ ਮਹੱਤਵਪੂਰਣ ਪੱਖ ਪਰਵਾਸੀ ਕਹਾਣੀ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਇਸ ਖੇਤਰ ਵਿਚ ਉਭਰੇ ਕਹਾਣੀਕਾਰਾਂ ਵਿਚ ਜਰਨੈਲ ਸਿੰਘ, ਅਮਨਪਾਲ ਸਾਰਾ, ਰਾਣੀ ਨਗੇਂਦਰ, ਹਰਜੀਤ ਅਟਵਾਲ, ਵੀਨਾ ਵਰਮਾ ਅਤੇ ਪ੍ਰਵੇਜ਼ ਸੰਧੂ ਦਾ ਨਾਂ ਉਲੇਖਯੋਗ ਹੈ।

ਪਰਵਾਸੀ ਜੀਵਨ ਦੇ ਵਿਭਿੰਨ ਸਰੋਕਾਰਾਂ ਵਿਚੋਂ ਕਿਸੇ ਉਭਰਵੇਂ ਥੀਮ ਨੂੰ ਬਲ ਪੂਰਵਕ ਚਿੱਤਰ ਕੇ ਇੰਨ੍ਹਾਂ ਕਹਾਣੀਕਾਰਾਂ ਨੇ ਆਪਣੀ ਵਿਲੱਖਣਤਾ ਪ੍ਰਗਟ ਕੀਤੀ ਹੈ। ਮਿਸਾਲ ਵਜੋਂ ਵੀਨਾ ਵਰਮਾ ਦਾ ਬਲ ਪਰਵਾਸੀ ਔਰਤ ਮਰਦ ਦੇ ਜਿਨਸੀ ਸੰਬੰਧਾਂ ਦੀ ਬੇਬਾਕ ਬਿਆਨੀ ਤੇ ਆਧਾਰਿਤ ਹੈ। ਉਸ ਨੇ ਪਰਵਾਸੀ ਔਰਤ ਦੇ ਬਹੁ-ਰੂਪੀ ਸ਼ੋਸਣ ਨੂੰ ਨਾਰੀਵਾਦੀ ਦ੍ਰਿਸ਼ਟੀ ਤੋਂ ਪ੍ਰਗੀਤਕ ਕਥਾ ਸੈ਼ਲੀ ਵਿਚ ਪੇਸ਼ ਕਰ ਕੇ ਮਾਨਤਾ ਹਾਸਿਲ ਕੀਤੀ ਹੈ। ਵੀਨਾ ਵਰਮਾ ਦੇ ਨਾਲ ਨਾਲ ਪ੍ਰਵੇਜ਼ ਸੰਧੂ ਵੀ ਇਸੇ ਪੀੜ੍ਹੀ ਦੀਆਂ ਲੇਖਕਾਵਾਂ ਵਿਚ ਨਵੀਆਂ ਸੰਭਾਵਨਾਵਾਂ ਸਮੇਤ ਸਮੱਰਥਾਵਾਨ ਕਹਾਣੀਕਾਰ ਦੇ ਰੂਪ ਵਿਚ ਉਭਰ ਰਹੀ ਹੈ।

ਪ੍ਰਵੇਜ਼ ਸੰਧੂ ਦੀ ਸ਼ਕਤੀ ਬਹੁਤ ਸੂਖਮ ਤੇ ਸ਼ਿੱਦਤ ਭਰੇ ਮਾਨਵੀ ਅਹਿਸਾਸਾਂ ਦੀ ਵੈਰਾਗਾਤਮਿਕ ਕਥਾ ਜਗਤ ਦੁਆਰਾ ਪੇਸ਼ਕਾਰੀ ਕਰਕੇ ਹੈ। ਉਸ ਦੀਆਂ ਕਹਾਣੀਆਂ ਵਿਚੋਂ ਜੋ ਬਿੰਬ ਉਭਰ ਕੇ ਸਾਹਮਣੇ ਆਇਆ ਹੈ ਉਹ ਪਰੰਪਰਾਗਤ ਸੰਸਕਾਰਾਂ ਨਾਲ ਜੁੜੀ ਉਸ ਔਰਤ ਦਾ ਬਿੰਬ ਹੈ ਜਿਹੜੀ ਯੂਰਪ ਦੇ ਵਿਕਸਤ ਸਭਿਆਚਾਰ ਵਿਚ ਰਹਿ ਕੇ ਵੀ ਨਵੇਂ ਸਭਿਆਚਾਰ ਦੇ ਸਨਮੁੱਖ ਹੋਣੋਂ ਝਿਜਕਦੀ ਹੈ। ਉਸ ਦੀ ਸੋਚ ਅਨੁਸਾਰ ਮਰਦ ਦੇ ਗੁਣ ਤੇ ਕਮਜ਼ੋਰੀ ਉਸ ਨਾਲ ਰਿਸ਼ਤੇ ਤੇ ਆਧਾਰਿਤ ਹਨ, ਪਰ ਕਥਾ ਜਗਤ ਵਿਚ ਉਸ ਦੀ ਸਿਰਜਣਾ ਮਾਨਵੀ ਰਿਸ਼ਤਿਆਂ ਦੀਆਂ ਅਪਹੁੰਚ ਪਰਤਾਂ ਨੂੰ ਛੋਹਦੀ ਹੈ। ਪ੍ਰਵੇਜ਼ ਸੰਧੂ ਕੁਝ ਪਰਤਾਂ ਨੂੰ ਨਵੀਂ ਦ੍ਰਿਸ਼ਟੀ ਤੋਂ ਪੰਜਾਬੀ ਕਹਾਣੀ ਦੀ ਵਸਤ ਬਣਾਉਂਦੀ ਹੈ।

ਪ੍ਰਵੇਜ਼ ਸੰਧੂ ਨੇ ਪੰਜਾਬੀ ਕਹਾਣੀ ਵਿਚ ਆਪਣੀ ਪਹਿਲੀ ਪੁਸਤਕ ‘ਮੁੱਠੀ ਭਰ ਸੁਪਨੇ’ ਨਾਲ਼ ਵੱਖਰਾ ਸਥਾਨ ਬਣਾ ਲਿਆ। ਪਰ ਉਸ ਦੀਆਂ ਪ੍ਰਕਾਸ਼ਿਤ ਨਵੀਆ ਕਹਾਣੀਆਂ ਨਾਲ਼ ਉਸਦੀ ਵਿਕਸਿਤ ਸਾਹਿਤਕ ਸੂਝ ਦਾ ਸਬੂਤ ਮਿਲ਼ਦਾ ਹੈ। ਦੂਸਰੇ ਕਹਾਣੀਕਾਰਾਂ ਨਾਲੋਂ ਉਸਦੀ ਵੱਖਰਤਾ ਵਿਸ਼ਿਆਂ ਦੇ ਨਵੇਂਪਣ ਦੇ ਨਾਲ਼ ਨਾਲ਼ ਕਲਾਤਮਿਕ ਪੱਖ ਤੋਂ ਵੀ ਕਹਾਣੀ ਦੀ ਸੰਰਚਨਾ ਵਿਚ ਮੌਜੂਦ ਹੈ।

ਪ੍ਰਵੇਜ਼ ਸੰਧੂ ਦੀਆਂ ਨਵੀਆਂ ਕਹਾਣੀਆਂ ਦਾ ਨਵਾਂ ਸੰਗ੍ਰਹਿ ਟਾਹਣੀਉਂ ਟੁੱਟੇ ਪੰਜਾਬੀ ਸਭਿਆਚਾਰ ਅਤੇ ਪੱਛਮੀ ਸਭਿਆਚਾਰ ਦੇ ਆਪਸੀ ਟਕਰਾ ਤੇ ਤਣਾਉ ਨੂੰ ਪੇਸ਼ ਕਰਦਾ ਹੈ। ਪ੍ਰਵੇਜ਼ ਸੰਧੂ ਦੇ ਇਸ ਸੰਗ੍ਰਹਿ ਬਾਰੇ ਦਲੀਪ ਕੌਰ ਟਿਵਾਣਾ ਲਿਖਦੀ ਹੈ, “ਪ੍ਰਵੇਜ਼ ਸੰਧੂ ਦੀ ਕਹਾਣੀ ਦੀ ਤਾਕਤ ਅਤੇ ਨਜ਼ਾਕਤ ਦੇ ਪਿੱਛੇ ਪੂਰਬੀ ਚਿੰਤਨ ਅਤੇ ਪੱਛਮੀ ਮਿਹਨਤ ਹੈ। ਇਸੇ ਲਈ ਹੀ ਉਹ ਨਿਵੇਕਲੀ ਕਿਸਮ ਦੀਆਂ ਕਹਾਣੀਆਂ ਲਿਖ ਸਕੀ ਹੈ।” ਜਸਬੀਰ ਸਿੰਘ ਭੁੱਲਰ ਅਨੁਸਾਰ, “ਟਾਹਣੀਉਂ ਟੁੱਟੇ ਸੰਗ੍ਰਹਿ ਦੀਆਂ ਕਹਾਣੀਆਂ ਪ੍ਰਵੇਜ਼ ਦੀ ਰੂਹ ਦੇ ਰੁੱਖ ਤੋਂ ਝਵੇ ਹੋਏ ਪੀਲ਼ੇ ਪੱਤੇ ਨਹੀਂ ਸਗੋਂ ਸਾਹ ਲੈਂਦੀਆਂ ਫੜਕਦੀਆਂ ਹਰੀਆਂ ਕਚੂਰ ਇਕਾਈਆਂ ਨੇ। ਇਨ੍ਹਾਂ ਇਕਾਈਆਂ ਦੇ ਪੈਰਾਂ ਹੇਠ ਪ੍ਰਵਾਸ ਦੇ ਹੇਰਵੇ ਤੇ ਕੋਰੀ ਭਾਵੁਕਤਾ ਦੇ ਪੜਾਵੇ ਨਹੀਂ, ਯਥਾਰਥ ਦੀ ਧਰਤੀ ਹੈ। ਪਰ ਉਸ ਧਰਤੀ ਦੀ ਹਵਾ ਪੰਜਾਬੀ ਰਹਿਤਲ ਦੇ ਮਕਾਨ ਲਈ ਸੁਖਾਵੀਂ ਨਹੀਂ। ਉਹ ਹਵਾ ਪ੍ਰਵੇਜ਼ ਦੀਆ ਕਹਾਣੀਆਂ ਦਾ ਸਰੋਕਾਰ ਹੈ। ਇਸੇ ਲਈ ਮੈਂ ਇਨ੍ਹਾਂ ਕਹਾਣੀਆਂ ਨੂੰ ਸਹੀ ਮਾਅਨਿਆਂ ਵਿਚ ਅਮਰੀਕਨ ਪੰਜਾਬੀ ਕਹਾਣੀਆਂ ਆਖਦਾ ਹਾਂ।”

ਸੱਚ ਵੀ ਹੈ ਪੰਜਾਬੀ ਔਰਤ ਦਾ ਸਿਦਕ ਵੀ ਮਹਾਨ ਹੈ। ਪਤੀ ਵਰਤਾ ਦੀ ਪਰੰਪਰਾਗਤ ਕੀਮਤ ਅਜੇ ਵੀ ਇਸ ਔਰਤ ਦੀ ਪੂੰਜੀ ਹੈ। ਭਾਵੇਂ ਪ੍ਰਵਾਸੀ ਔਰਤ ਵਿਚ ਸਾਹਸ, ਹਿੰਮਤ, ਦਲੇਰੀ ਅਤੇ ਆਪਣਾ ਪੱਖ ਪੇਸ਼ ਕਰ ਸਕਣ ਦੀ ਸੂਝ ਆ ਗਈ ਹੈ ਪਰ ਇਨ੍ਹਾਂ ਗੁਣਾਂ ਨੂੰ ਉਹ ਘਰ ਤੋੜਨ ਨਾਲੋਂ ਘਰ ਨੂੰ ਬੰਨ੍ਹੇ ਰੱਖਣ ਲਈ ਵਧੇਰੇ ਵਰਤਦੀ ਹੈ। ਵਿਦੇਸ਼ ਵਿਚ ਜਾ ਕੇ ਭਾਵੇਂ ਉਸਦੀ ਚੇਤਨਾ ਸੈਕਸ ਦੀ ਅਹਿਮੀਅਤ ਨੂੰ ਸਵੀਕਾਰਨ ਲੱਗੀ ਹੈ ਅਤੇ ਉਹ ਇਸ ਖੇਤਰ ਵਿਚ ਮਰਦ ਦੀ ਬਰਾਬਰੀ ਕਰਨ ਦੀ ਜੁਰੱਅਤ ਦਿਖਾਉਣ ਲੱਗੀ ਹੈ ਫਿਰ ਵੀ ਸੈਕਸ ਉਸ ਲਈ ਅੰਤਿਮ ਨਿਸ਼ਾਨਾ ਨਹੀਂ ਹੈ। ਲੋੜੀਂਦੀ ਹਾਲਤ ਵਿਚ ਉਹ ਇਸਨੂੰ ਤਿਆਗ ਵੀ ਸਕਦੀ ਹੈ। ਕਹਾਣੀ ਵੇਲਾਂ ਰੁੱਖ ਤੇ ਰਿਸ਼ਤੇ ਵੀ ਇਸੇ ਤਰ੍ਹਾਂ ਦੀ ਕਹਾਣੀ ਹੈ। ਬਿਰਤਾਂਤਕਾਰ ਦਸਦੀ ਹੈ ਕਿ ਉਸਦੀਆਂ ਦੋ ਸਹੇਲੀਆਂ ਹਨ ਜਿਨ੍ਹਾਂ ਵਿਚੋਂ ਇਕ ਅਮਰੀਕਨ ਅਤੇ ਇਕ ਪੰਜਾਬਣ ਹੈ। ਕੈਥੀ ਜੋ ਅਮਰੀਕਨ ਕੁੜੀ ਹੈ ਤੇ ਹੁਣੇ ਤੇਰਾਂ ਵਰ੍ਹਿਆਂ ਦੇ ਵਿਆਹ ਦੇ ਬੰਧਨ ਨੂੰ ਤੋੜ ਕੇ ਆਈ ਸੀ ਮੈਂ ਪਾਤਰ ਦੇ ਪੁੱਛਣ ਤੇ ਕਿ, “ਕੈਥੀ ਉਸ ਬੰਧਨ ਨੂੰ ਤੋੜਦਿਆਂ ਤੂੰ ਆਪ ਕਿਉਂ ਨਹੀਂ ਟੁੱਟ ਗਈ? ਕੁਝ ਤਾਂ ਤਿੜਕਿਆ ਹੋਵੇਗਾ ਤੇਰੇ ਅੰਦਰ ਵੀ…..ਭਲਾ ਸੌਖੇ ਤੇ ਨਹੀਂ ਹੁੰਦੇ ਇਹ ਰਿਸ਼ਤੇ ਤੋੜਨੇ?” ਮੇਰੇ ਮੁੰਹੋਂ ਨਿਕਲ਼ਿਆ ਸੀ।

“ਹਾਂ ਤੂੰ ਠਕਿ ਕਹਿੰਦੀ ਏਂ ਕਿਸੇ ਵੀ ਚਜ਼ਿ ਦਾ ਟੁੱਟ ਜਾਣਾ ਸੌਖਾ ਨਹੀਂ ਹੁੰਦਾ। ਖ਼ਾਸ ਤੌਰ ਤੇ ਇਨ੍ਹਾਂ ਰਿਸ਼ਤਿਆਂ ਦਾ ਅੱਧ ਵਿਚਕਾਰੋਂ ਟੁੱਟ ਜਾਣਾ। ਫੇਰ ਜਿਹੜੇ ਰਿਸ਼ਤਿਆਂ ਵਿਚ ਸਦਾ ਪੀੜ ਰਿਸਦੀ ਰਹੇ ਉਨ੍ਹਾਂ ਦਾ ਟੁੱਟ ਜਾਣਾ ਹੀ ਠੀਕ ਹੁੰਦੈ…..।

“ਜਿਸ ਰਿਸ਼ਤੇ ਵਿਚ ਰੂਹ ਨੂੰ ਸਕੂਨ ਨਹੀਂ ਤੂੰ ਦੱਸ ਇਉਂ ਇਨਸਾਨ ਕਦੋਂ ਕੁ ਤਕ ਜਿਉਂ ਸਕਦਾ….ਅਜਿਹੇ ਰਿਸ਼ਤਿਆਂ ਵਿਚ ਇਨਸਾਨ ਨਾ ਆਪਣੇ ਨਾਲ਼ ਵਫ਼ਾ ਕਰ ਸਕਦਾ ਤੇ ਨਾ ਅਪਣੇ ਸਾਥੀ ਨਾਲ਼…..।”

“ਕੈਥੀ ਖਬਰੇ ਥੋਡੇ ਅਮਰੀਕਨ ਰਿਸ਼ਤੇ ਕਿਹੋ ਜਿਹੇ ਨੇ ਜਿਹੜੇ ਪਲਾਂ ਵਿਚ ਜੁੜਦੇ ਨੇ ਤੇ ਘੜੀਆਂ ਵਿਚ ਟੁੱਟ ਦੇ ਨੇ।…..ਸਾਡੇ ਰਿਸ਼ਤੇ ਤਾਂ ਇਨ੍ਹਾਂ ਰੁੱਖਾਂ ਵਰਗੇ ਨੇ। ਡੂੰਘੇ ਪਾਤਾਲਾਂ ਵਿਚ ਵਿਛੀਆਂ ਜੜ੍ਹਾਂ ਵਰਗੇ।….ਇਕ ਵੀ ਪੱਤਾ ਟੁੱਟੇ ਤਾਂ ਸਾਰੇ ਰੁੱਖ ਨੂੰ ਦਰਦ ਹੁੰਦੈ-ਹਰ ਟਾਹਣੀ ਵਿਚੋਂ ਚੀਸ ਉੱਠਦੀ ਐ।”

ਅਸਲ ਵਿਚ ਇਸ ਕਹਣੀ ਦੀ ਬਿਰਤਾਂਤਕਾਰ ‘ਮੈਂ’ ਪਾਤਰ ਥੋੜ੍ਹੀ ਦੇਰ ਪਹਿਲਾਂ ਹੀ ਆਪਣੀ ਪਰਵਾਸੀ ਪੰਜਾਬਣ ਸਹੇਲੀ ਜੰਗੀਰਾਂ ਦੇ ਸੰਸਕਾਰ ਤੋਂ ਵਾਪਿਸ ਆਈ ਹੈ। ਜੰਗੀਰਾਂ ਜਿਸਦਾ ਪਤੀ ਤੀਰਥਾ ਉਸਨੂੰ ਛੱਡ ਕੇ ਕਿਸੇ ਹੋਰ ਨਾਲ਼ ਰਹਿਣ ਲੱਗਾ ਸੀ। ਨਾਇਕਾ ਮੈਂ ਪਾਤਰ ਦੇ ਤੀਰਥ ਤੋਂ ਇਸਦਾ ਕਾਰਣ ਪੁੱਛਣ ਤੇ ਉਸਨੇ ਦੱਸਿਆ, “ਮੈਂ ਆਪਣੀ ਜ਼ੁਮੇਵਾਰੀ ਤੋਂ ਨਹੀਂ ਭੱਜਦਾ-ਬੱਚੇ ਪਾਲ਼ਾਂਗਾ ਜੰਗੀਰਾਂ ਨੂੰ ਕਿਸੇ ਗੱਲੋਂ ਔਖਾ ਨਹੀਂ ਹੋਣ ਦਿਆਂਗਾ ਪਰ ਮੈਂ ਉਹਨੂੰ ਪਿਆਰ ਨਹੀਂ ਕਰ ਸਕਦਾ।…..।

“ਤੁਸੀਂ ਆਪ ਦੱਸੋ ਭੈਣ ਜੀ ਇਨਸਾਨ ਕਦੋਂ ਤਕ ਇਹੋ ਜਿਹੇ ਰਿਸ਼ਤੇ ਦਾ ਬੋਝ ਢੋ ਸਕਦੈ ਜਿਸ ਰਿਸ਼ਤੇ ਵਿਚ ਪਿਆਰ ਨਾ ਹੋਵੇ।” ਤੀਰਥ ਦੀ ਆਵਾਜ਼ ਵਿਚ ਦਰਿੜਤਾ ਝਲਕ ਰਹੀ ਸੀ।

ਨਾਇਕਾ ਨੇ ਸਮਝਾਉਂਦਿਆਂ ਕਿਹਾ ਕਿ ਉਹ ਇਕ ਅਜਿਹਾ ਰਸਤਾ ਲੱਭੇ ਜਿਸ ਨਾਲ਼ ਜੰਗੀਰਾਂ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਜਾਵੇ। ਇਸ ਤੇ ਉਸਨੇ ਜਵਾਬ ਦਿੱਤਾ “ਮੇਰੇ ਤੋਂ ਇਉਂ ਨਹੀਂ ਹੋ ਸਕਣਾ। ਮੈਂ ਆਪਣੇ ਆਪ ਨੂੰ ਵੰਡ ਨਹੀਂ ਸਕਦਾ। ਮੇਰੀ ਰੂਹ ਜ਼ਮੀਨ ਦਾ ਟੁਕੜਾ ਨਹੀਂ,…..ਆਈ ਕੈਂਟ ਲਿਵ ਲਾਈਕ ਦੈਟ।” ਫਿਰ ਜਦੋਂ ਨਾਇਕਾ ਆਪਣੀ ਸਹੇਲੀ ਜੰਗੀਰਾਂ ਨੂੰ ਤੀਰਥ ਤੋਂ ਤਲਾਕ ਲੈਣ ਲਈ ਆਖਦੀ ਹੈ ਤਾਂ ਉਹ ਜਵਾਬ ਦਿੰਦੀ ਹੈ, “ਨਾ ਭੈਣ ਮੇਰੀਏ….ਲੋਕੀਂ ਕੀ ਕਹਿਣਗੇ ਕਿ ਇਹਦੇ ਬੰਦੇ ਨੂੰ ਕੋਈ ਦੂਜੀ ਜਨਾਨੀ ਲੈ ਗਈ?”

ਇਨ੍ਹਾਂ ਸ਼ਬਦਾਂ ਤੋਂ ਇਹ ਤੱਥ ਪੇਸ਼ ਹੁੰਦਾ ਹੈ ਕਿ ਭਾਵੇਂ ਜੰਗੀਰਾਂ ਤਲਾਕ ਲੈਣਾ ਚੰਗਾ ਨਹੀਂ ਸਮਝਦੀ ਪਰ ਉਹ ਆਪਣੇ ਪਤੀ ਦਾ ਪਰਾਈ ਔਰਤ ਵਲੋਂ ਖੋਹ ਕੇ ਲੈ ਜਾਣਾ ਵੀ ਬਰਦਾਸ਼ਤ ਨਹੀਂ ਕਰਦੀ। ਉਹ ਉਸ ਉੱਤੇ ਆਪਣਾ ਹੀ ਹੱਕ ਸਮਝਦੀ ਹੈ। ਜਿਵੇਂ ਤੀਰਥ ਇਕ ਇਨਸਾਨ ਨਾ ਹੋ ਕੇ ਸੱਚਮੁੱਚ ਜਾਇਦਾਦ ਦਾ ਟੁਕੜਾ ਹੋਵੇ ਤੇ ਜੰਗੀਰਾਂ ਉਸਦੀ ਮਾਲਕ ਹੋਵੇ। ਲਾਵਾਂ ਦੇ ਅਰਥ ਜੰਗੀਰਾਂ ਲਈ ਬੜੇ ਡੂੰਘੇ ਸਨ, ਬੁੱਢੇ ਰੁੱਖ ਦੀਆਂ ਜੜ੍ਹਾਂ ਵਰਗੇ। ਉਸਦੀ ਨਸ ਨਸ ਵਿਚ ਖੁੱਭੇ ਹੋਏ। ਪਾਤਰ ਮੈਂ ਜੰਗੀਰਾਂ ਨੂੰ ਤਲਾਕ ਲੈਣ ਨੂੰ ਕਹਿਂੰਦੀ ਤੇ ਪੂਰਬ ਤੇ ਪੱਛਮੀ ਦੇਸ਼ਾਂ ਦੇ ਫ਼ਰਕ ਨੂੰ ਸਮਝਾਉਂਦੀ ਹੋਈ ਆਖਦੀ ਹੈ, “ਜੰਗੀਰਾਂ ਇਹ ਕਿਹੜਾ ਪੰਜਾਬ ਏ….ਇਨੀ ਵੱਡੀ ਦੁਨੀਆਂ ਵਸਦੀ ਏ ਬਾਹਰ ਨਿਕਲ਼ ਕੇ ਤੱਕ…ਅਮਰੀਕਾ ਵਿਚ ਰਹਿੰਦਿਆਂ ਤੀਵੀਆਂ ਕੀ ਨਹੀਂ ਕਰ ਸਕਦੀਆਂ…ਛੱਡ ਖਹਿੜਾ ਉਹਦਾ।”

ਅਸੀਂ ਵੇਖਦੇ ਹਾਂ ਕਿ ਇਥੇ ਇੰਨ੍ਹਾਂ ਸਬਦਾਂ ਵਿਚ ਪ੍ਰਵੇਜ਼ ਸੰਧੂ ਦੀ ਕਹਾਣੀ ਵੇਲਾਂ ਰੁੱਖ ਤੇ ਰਿਸ਼ਤੇ ਦੀ ਨਾਇਕਾ ਨਾਰੀਵਾਦੀ ਸੁਰ ਅਪਣਾ ਲੈਦੀ ਹੈ ਤੇ ਸੋਚਦੀ ਹੈ ਕਿ ਉਹ ਇਸ ਸਭ ਕੁਝ ਨੂੰ ਬਦਲ ਦੇਵੇਗੀ। ਸਮਾਜ ਦੇ ਦਸਤੂਰਾਂ ਨਾਲ ਲੜਦੀ ਝਗੜਦੀ ਉਹ ਇਸ ਦੁਨੀਆਂ ਨੂੰ ਬਦਲ ਦੇਵੇਗੀ। ਪਰ ਇਸ ਦੇ ਨਾਲ ਹੀ ਉਸ ਦੇ ਪੈਰਾਂ ਵਿਚ ਪੂਰਬੀ ਸੰਸਕਾਰਾਂ ਦੀਆਂ ਜੰ਼ਜੀਰਾਂ ਉਸ ਨੂੰ ਰੋਕਦੀਆਂ ਹਨ ਅਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਦੁਨੀਆਂ ਨਾਲ ਲੜ ਨਹੀਂ ਸਕਾਂਗੀ….ਪਹਾੜਾਂ ਦੇ ਸੀਨੇ ਨੂੰ ਸਰ ਨਹੀਂ ਕਰ ਸਕਾਂਗੀ…ਉਂਝ ਹੀ ਬੇਬਸੀ ਨਾਲ ਅੰਦਰੋਂ ਅੰਦਰੀ ਮੁੱਕਦੀ ਰਹਾਂਗੀ…ਕੁਝ ਨਹੀਂ ਕਰ ਸਕਾਂਗੀ ਜਿਵੇਂ ਜੰਗੀਰਾਂ ਲਈ ਕੁਝ ਨਹੀਂ ਕਰ ਸਕੀ।

ਚਾਰ ਲਾਵਾਂ ਦੀ ਕੱਚੀ ਜਿਹੀ ਤੰਦ ਨਾਲ ਬੱਝੀਆਂ ਦੋ ਜਿੰ਼ਦਗੀਆਂ ਇਕ ਛੱਤ ਹੇਠਾ ਡਰ ਰਹੀਆ ਸਨ, ਇਕ ਵਸਦੇ ਘਰ ਦਾ ਭੁਲੇਖਾ ਪਾਲ ਰਹੀਆਂ ਸਨ ਦੋਵੇ ਆਪੋ ਆਪਣੀ ਥਾਂ ਮਜਬੂਰ। ਪਿਆਰ ਤੇ ਹੱਕ ਦੀ ਮਜਬੂਰੀ। ਤੀਰਥ ਜੋ ਕਿ ਦੂਸਰੀ ਔਰਤ ਨੂੰ ਆਪਣਾ ਪਿਆਰ ਸਮਝਦਾ ਸੀ ਜੋ ਉਸ ਨੂੰ ਕਈ ਸਾਲਾਂ ਬਾਦ ਮਿਲਿਆ। ਇਸ ਤੇ ਜਗੀਰਾਂ ਆਪਣਾ ਹੱਕ ਸਮਝਦੀ ਸੀ ਕਿਉਂ ਕਿ ਉਹ ਜਗੀਰਾਂ ਨੂੰ ਸੌ ਬੰਦਿਆਂ ਨਾਲ ਵਿਆਹ ਕਿ ਲਿਆਇਆ ਸੀ। ਜਦੋਂ ਨਾਇਕਾ ਉਸ ਨੂੰ ਸਲਾਹ ਦਿੰਦੀ ਹੈ ਕਿ ਉਹ ਜਗੀਰਾਂ ਨੂੰ ਇਨਾਂ ਪਿਆਰ ਕਰੇ ਕਿ ਉਹ ਬਾਹਰ ਵੱਲ ਦੇਖੇ ਹੀ ਨਾ ਤਾਂ ਜਗੀਰਾਂ ਜਵਾਬ ਦਿੰਦੀ ਹੈ ਕਿ ਉਸ ਨੂੰ ਜਗੀਰਾਂ ਵਿਚੋਂ ਦੁਜੀ ਔਰਤ ਦੀ ਬੋਅ ਆਉਦੀ ਹੈ। ਇਸ ਲਈ ਉਹ ਉਸ ਨੂੰ ਛੱਡ ਵੀ ਨਹੀਂ ਸਕਦੀ, ਜਿਸ ਨੇ ਉਸ ਦੀ ਰੂਹ ਜਾਲ਼ੀ ਹੈ ਉਹ ਉਸ ਨੂੰ ਸੁਖੀ ਨਹੀ ਰਹਿਣ ਦੇਵੇਗੀ।

ਜਗੀਰਾਂ ਦੇ ਇਨ੍ਹਾਂ ਸਬਦਾਂ ਤੋਂ ਲਗਦਾ ਹੈ ਕਿ ਇਹ ਕਿਸ ਤਰ੍ਹਾਂ ਦਾ ਸੰਬੰਧ ਹੈ, ਨਾ ਪਿਆਰ, ਨਾ ਸਤਿਕਾਰ ਸਿਰਫ਼ ਦੁਨੀਆਂ ਦਿਖਾਵਾ, ਰੀਤੀ ਰਿਵਾਜਾਂ ਨਾਲ ਬੰਨ੍ਹਿਆਂ ਇਕ ਸੰਜੋਗੀ ਰਿਸ਼ਤਾ, ਗਲ ਪਾਏ ਫਾਹੇ ਵਰਗਾ….ਜਿੱਥੇ ਪਲ-ਪਲ ਰੂਹਾਂ ਨੂੰ ਵੰਡਿਆਂ ਜਾ ਰਿਹਾ ਸੀ….ਦਿਲਾਂ ਨੂੰ ਹਲਾਲ ਕੀਤਾ ਜਾ ਰਿਹਾ ਸੀ ਪਰ ਫਿਰ ਵੀ ਚਹੁੰ ਕੰਧਾਂ ਤੇ ਇਕ ਛੱਤ ਵਾਲੇ਼ ਘਰ ਦਾ ਭੁਲੇਖਾ ਦਿੱਤਾ ਜਾ ਰਿਹਾ ਸੀ।

ਦਿਨ, ਹਫ਼ਤੇ ਤੇ ਮਹੀਨੇ ਸਾਲਾਂ ਵਿਚ ਪਿਘਲ ਗਏ-ਵਕਤ ਤੁਰਦਾ ਗਿਆ। ਤੀਰਥ ਤੇ ਜਗੀਰਾਂ ਦੇ ਸੰਬੰਧਾਂ ਵਿਚ ਤਰੇੜਾਂ ਪੈਂਦੀਆਂ ਗਈਆਂ, ਦਿਲਾਂ ਦੀ ਦੂਰੀ ਵੱਧ ਗਈ ਤੇ ਹਫ਼ਤੇ ਬਾਦ ਹੀ ਜਗੀਰਾਂ ਨੇ ਜ਼ਹਿਰ ਪੀ ਲਿਆ। ਅਸਲ ਵਿਚ ਜਗੀਰਾਂ ਨੇ ਜ਼ਹਿਰ ਤਾਂ ਉਸੇ ਦਿਨ ਪੀ ਲਿਆ ਸੀ ਜਦੋਂ ਉਸ ਦੇ ਪਤੀ ਨੇ ਉਸ ਦਾ ਹੱਕ ਕਿਸੇ ਪਰਾਈ ਔਰਤ ਨੂੰ ਦੇ ਦਿੱਤਾ ਸੀ।

ਪ੍ਰਵੇਜ਼ ਸੰਧੂ ਨੇ ਇਸ ਕਹਾਣੀ ਵਿਚ ‘ਵੇਲ’ ਤੇ ‘ਰੁੱਖ’ ਨੂੰ ਬਿੰਬ ਰੂਪ ਵਿਚ ਵਰਤਿਆ ਹੈ ਜਦੋਂ ‘ਮੈਂ’ ਪਾਤਰ ਨੇ ਇਕ ਬਜ਼ੁਰਗ ਕੋਲੋਂ ਉਸ ਦੇ ਘਰ ਅੱਗੇ ਰੁੱਖ ਦੇ ਨਾਲ ਵੇਲ ਦਾ ਕਾਰਨ ਪੁੱਛਿਆ ਤਾਂ ਉਸ ਬਜੁਰਗ ਨੇ ਉੱਤਰ ਦਿੱਤਾ ਕਿ ਉਸ ਨੇ ਇਕ ਜੰਗਲੀ ਵੇਲ ਇਸ ਰੁੱਖ ਦੀਆਂ ਜੜ੍ਹਾਂ ਕੋਲ ਲਾ ਦਿੱਤੀ। ਉਹ ਵੇਲ ਇੰਨਾਂ ਵਧੀ ਕਿ ਉਸ ਨਾਲ ਰੁੱਖ ਸੁੱਕਣਾ ਸੁ਼ਰੂ ਹੋ ਗਿਆ,ਫਿਰ ਦੋਨਾਂ ਵਿਚੋਂ ਇਕ ਨੂੰ ਹਰਾ ਰੱਖਣ ਲਈ ਦੂਜੇ ਨੂੰ ਵੱਢਣਾ ਪਿਆ। ਇਸੇ ਤਰ੍ਹਾਂ ਇਸ ਕਹਾਣੀ ਵਿਚ ਇਕ ਪਾਸੇ ਤਾਂ ਉਥੇ ਦੀ ਜੰੰਮੀ ਪਲੀ ਕੈਥੀ ਹੈ ਜੋ ਤਲਾਕ ਲੈ ਕੇ ਖੁਸ਼ ਹੈ। ਇਕ ਪਾਸੇ ਜਗੀਰਾਂ ਹੈ ਜੋ ਭਾਰਤੀ ਔਰਤ ਹੈ ਜੋ ਉਸ ਪਰਾਏ ਮੁਲਕ ਵਿਚ ਅਜਿਹਾ ਕਰਨ ਤੋਂ ਅਸਮੱਰਥ ਹੈ ਤੇ ਉਸ ਨੇ ਆਪਣੇ ਆਪ ਨੂੰ ਹੀ ਖਤਮ ਕਰ ਲਿਆ ਕਿਉਂਕਿ ਉਸ ਤੋਂ ਇਸ ਰਿਸ਼ਤੇ ਦਾ ਭਾਰ ਨਾ ਤਾਂ ਜਿਉਂਦੇ ਜੀ ਉਠਾਇਆ ਗਿਆਂ ਅਤੇ ਨਾ ਹੀ ਨਿਭਾਇਆ ਗਿਆ ਜਿਸ ਕਾਰਣ ਉਹ ਆਪਣੇ ਆਪ ਨੂੰ ਹੀ ਖ਼ਤਮ ਕਰ ਲੈਂਦੀ ਹੈ।

ਪ੍ਰਵੇਜ਼ ਸੰਧੂ ਦੀਆਂ ਕਹਾਣੀਆਂ ਵਿਚ ਉਭਰਿਆਂ ਬਿੰਬ ਪਰੰਪਰਾਗਤ ਸੰਸਕਾਰਾਂ ਨਾਲ ਜੁੜੀ ਔਰਤ ਦਾ ਬਿੰਬ ਹੈ, ਜਿਹੜੀ ਯੂਰਪ ਦੇ ਵਿਕਸਤ ਸੱਭਿਆਚਾਰ ਵਿਚ ਰਹਿ ਕੇ ਵੀ ਨਵੇਂ ਸਭਿਆਚਾਰ ਦੇ ਸਨਮੁੱਖ ਹੋਣ ਤੋਂ ਝਿਜਕਦੀ ਹੈ। ਪ੍ਰਵੇਜ਼ ਸੰਧੂ ਰਿਸ਼ਤਿਆਂ ਦੇ ਭਾਵੁਕ ਆਧਾਰਾਂ ਨੂੰ ਕਈ ਨਵੇਂ ਮੋੜ ਦਿੰਦੀ ਹੈ। ਉਹ ਆਪਣੀਆਂ ਮੂਲ ਜੜ੍ਹਾਂ ਤੋਂ ਹੱਟ ਕੇ ਬਿਗਾਨੀ ਪਛਾਣ ਵਿਚ ਗੁੰਮ ਹੁੰਦੀ ਆਪਣੀ ਹਂੋਦ ਲਈ ਜੜ੍ਹਾਂ ਤਲਾਸ਼ਦੀ ਹੈ। ਇਸ ਤਲਾਸ਼ ਦੀ ਪ੍ਰਕਿਰਿਆ ਦੌਰਾਨ ਜੜ੍ਹਾਂ ਨਾਲ ਜੁੜੇ ਹੋਏ ਛੋਟੇ ਛੋਟੇ ਵਾਕ ਪ੍ਰਵੇਜ਼ ਦੀਆਂ ਕਹਾਣੀਆਂ ਦਾ ਆਧਾਰ ਬਣਦੇ ਹਨ। ਪ੍ਰਵੇਜ਼ ਆਪਣੀ ਕਹਾਣੀ ‘ਸੁਪਨੇ,ਮੇਰਾ ਪਿੰਡ ਤੇ ਮੈਂਂ’ ਵਿਚ ਭਾਵੁਕਤਾ ਦੇ ਨਾਲ ਜੁੜੇ ਰਿਸ਼ਤੇ ਨੂੰ ਪੇਸ਼ ਕਰਦੀ ਹੈ। ਪ੍ਰਵੇਜ਼ ਇਸ ਕਹਾਣੀ ਵਿਚ ਆਪਣੇ ਜੀਵਨ ਦੇ ਵਰ੍ਹਿਆਂ ਦਾ ਲੇਖਾ-ਜੋਖਾ ਕਰਦਿਆ ਸੋਚਦੀ ਹੈ ਕਿ ਅਮਰੀਕਾ ਵਿਚ ਵਸਦਿਆਂ ਭਾਵੇਂ ਉਸ ਨੂੰ 26 ਸਾਲ ਹੋ ਚੁੱਕੇ ਹਨ। ਉਸ ਨੇ ਉਨੇ ਵਰ੍ਹੇ ਆਪਣੇ ਪਿੰਡ ਵਿਚ ਵੀ ਨਹੀਂ ਗੁਜ਼ਾਰੇ ਜਿੰਨੇ ਕਿ ਇਸ ਪਰਾਏ ਮੁਲਕ ਵਿਚ ਗੁਜ਼ਾਰ ਚੁੱਕੀ ਹੈ, ਪਰ ਫਿਰ ਵੀ ਉਹ ਉਸ ਪਿੰਡ ਨੂੰ ਕਦੇ ਅਲਵਿਦਾ ਨਹੀਂ ਕਹਿ ਸਕੀ। ਪ੍ਰਵੇਜ਼ ਸੰਧੂ ਦਾ ਵਿਚਾਰ ਹੈ ਕਿ ਵਿਦੇਸ਼ ਵਸਦੇ ਬਾਕੀ ਲੋਕਾਂ ਨਾਲ ਵੀ ਇੰਝ ਹੀ ਹੁੰਦਾ ਹੈ। ਉਨ੍ਹਾਂ ਦੇ ਅੰਦਰ ਵੀ ਬਹੁਤ ਕੁਝ ਟੁੱਟਦਾ ਭੱਜਦਾ ਰਹਿੰਦਾ ਹੈ। ਆਪਣੀ ਮਿੱਟੀ ਆਪਣਾ ਪਿੰਡ ਯਾਦ ਆਉਂਦਾ ਹੈ। ਪਿੰਡ ਵਿਚ ਭਾਵੇ ਕਿ ਬਹੁਤ ਕੁਝ ਬਦਲ ਗਿਆ ਹੈ ਪਰ ਪ੍ਰਵੇਜ਼ ਦੇ ਸੁਪਨਿਆਂ ਵਿਚ ਅੱਜ ਵੀ ਉਹੀ 26 ਸਾਲ ਪੁਰਾਣਾ ਪਿੰਡ ਹੈ। ਪੂਰੇ ਦਾ ਪੂਰਾ ਸੰਸਾਰ ਜਿਵੇਂ ਪਿੰਡ ਵਿਚ ਵੱਸਦਾ ਨਜ਼ਰ ਆਉਂਦਾ ਹੈ। ਉਹ ਹਮੇਸ਼ਾ ਆਪਣੇ ਪਿੰਡ ਦੇ ਸੁਪਨਿਆਂ ਵਿਚ ਗੁਆਚੀ ਰਹਿੰਦੀ ਹੈ। ਉਸ ਨੂੰ ਇਕ ਅਜੀਬ ਜਿਹਾ ਅਹਿਸਾਸ ਹੁੰਦਾ ਹੈ ਜਿਸ ਨੂੰ ਘਰ ਦਾ ਕੋਈ ਹੋਰ ਮੈਂਬਰ ਮਹਿਸੂਸ ਨਹੀਂ ਕਰ ਸਕਦਾ। ਬਿਰਤਾਂਤਕਾਰ ਦੀ ਮਾਂ ਨੂੰ ਵੀ ਉਸੇ ਤਰ੍ਹਾਂ ਨਾਲ ਪਿੰਡ ਦੀ ਯਾਦ ਆਉਂਦੀ ਹੈ। ਉਸ ਨੂੰ ਲਗਦਾ ਹੈ ਜਿਵੇਂ ਉਸ ਦੀ ਰੂਹ ਦਾ ਇਕ ਟੁੱਕੜਾ ਅੱਜ ਵੀ ਪਿੰਡ ਵਿਚ ਘੁੰਮਦਾ ਹੈ। ਕਈ ਵਾਰ ਉਹ ਸੋਚਦੀ ਹੈ ਕਿ ਇਕ ਨਿੱਕੇ ਜਿਹੇ ਬੇਜੁਬਾਨ ਪੌਦੇ ਨੂੰ ਇਕ ਥਾਂ ਤੱੋਂ ਦੂਜੀ ਥਾਂ ਤੇ ਲਾਉਣ ਵੇਲੇ ਵੀ ਇਹੀ ਹਾਲਤ ਹੁੰਦੀ ਹੋਵਗੀ। ਉਸ ਦਾ ਇਕ ਭਤੀਜਾ ਜੋ ਕਿ ਪਿੰਡ ਛੱਡ ਕੇ ਫਗਵਾੜੇ ਜਾ ਵਸਿਆ ਹੈ ਅੱਜ ਵੀ ਪਿੰਡ ਦੀਆਂ ਗੱਲਾਂ ਕਰਦਾ ਹੈ ਅਤੇ ਵੱਡਾ ਹੋ ਕੇ ਪਿੰਡ ਵਿਚ ਖੇਤੀ ਕਰਨ ਦੇ ਸੁਪਨੇ ਲੈਂਦਾ ਹੈ। 26 ਸਾਲਾਂ ਬਾਦ ਵੀ ਲੇਖਕਾ ਦਾ ਮਨ ਉਸ ਵਿਦੇਸ਼ੀ ਧਰਤੀ ਤੇ ਨਹੀਂ ਲੱਗਿਆ। ਜਦੋਂ ਉਸ ਨੇ ਅਮਰੀਕਾ ਵਿਚ ਆਪਣੀ ਮਨ ਮਰਜ਼ੀ ਦਾ ਘਰ ਬਣਾ ਲਿਆ ਤਾਂ ਉਸ ਨੂੰ ਲੱਗਿਆ ਸ਼ਾਇਦ ਪਿੰਡ ਵਾਲੇ ਘਰ ਦੀ ਯਾਦ ਭੁੱਲ ਜਾਵੇ ਪਰ ਤੀਜੇ ਦਿਨ ਹੀ ਲੇਖਕਾ ਨੂੰ ਆਪਣੇ ਪਿੰਡ ਵਾਲੇ ਘਰ ਦਾ ਸੁਪਨਾ ਆਇਆ। ਇਸ ਤੋਂ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਭਾਵੇ ਅਮਰੀਕਾ ਆ ਕੇ ਵਸ ਗਈ ਪਰ ਉਸ ਦੇ ਅੰਦਰੋਂ ਪਿੰਡ ਦਾ ਮੋਹ ਨਹੀਂ ਜਾ ਸਕਿਆ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਲੋਕ ਦੁਨੀਆਂ ਦੇ ਕੋਣੇ ਕੋਣੇ ਵਿਚ ਵਸੇ ਹੋਏ ਹਨ। ਵਿਦੇਸ਼ ਵਿਚ ਰਹਿੰਦਿਆ ਉਨ੍ਹਾਂ ਨੂੰ ਨਾ ਕੇਵਲ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਸਗੋਂ ਆਪਣੇ ਘਰ ਪਰਿਵਾਰ ਤੇ ਧਰਤੀ ਤੋਂ ਦੂਰ ਓਪਰੇ ਦੇਸ਼ ਦੀ ਬੇਗਾਨਗੀ, ਮਾਨਸਿਕ ਗੁਲਾਮੀ, ਨਸਲੀ ਵਿਤਕਰੇ ਜਿਹੀਆਂ ਜ਼ਲਾਲਤਾਂ ਦਾ ਸਾਹਮਣਾ ਵੀ ਕਰਨਾ ਪੈਦਾ ਹੈ।

ਪਰਵਾਸੀ ਸਾਹਿਤਕਾਰਾਂ ਦੀਆਂ ਰਚਨਾਵਾਂ ਵਿਚ ਪ੍ਰਮੁੱਖ ਵਿਸ਼ੇ ਭੂ-ਹੇਰਵਾ, ਪੀੜ੍ਹੀ-ਪਾੜ੍ਹਾ, ਰਿਸ਼ਤਿਆਂ ਦੀ ਟੁੱਟਭੱਜ, ਸਭਿਆਚਾਰਕ ਤਨਾਉਂ, ਔਰਤਾਂ ਦੀ ਤਰਸਯੋਗ ਹਾਲਤ, ਬਜ਼ੁਰਗਾਂ ਦੀਆਂ ਸਮੱਸਿਆਵਾਂ, ਆਰਥਿਕ ਸੰਘਰਸ਼, ਸਮਾਜਿਕ ਨਾ ਬਰਾਬਰੀ, ਮਾਨਸਿਕ ਤਨਾਉਂ ਅਤੇ ਬੇਗਾਨਗੀ ਜਿਹੀਆਂ ਸਮੱਸਿਆਵਾਂ ਹਨ। ਪੰਜਾਬੀਆਂ ਦੀ ਮਾਨਸਿਕ ਬਣਤਰ ਪੱਛਮੀ ਸੱਭਿਆਚਾਰ ਦਾ ਮੁਕਾਬਲਾ ਨਾ ਕਰਦੀ ਹੋਈ ਉਸੇ ਵਿਵਸਥਾ ਵਿਚ ਲਿਪਤ ਹੁੰਦੀ ਜਾ ਰਹੀ ਹੈ। ਇਸੇ ਤਰਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਤੇ ਭਾਰਤ ਵਿਚ ਰਹਿੰਦੇ ਉਨਾਂ੍ਹ ਦੇ ਰਿਸ਼ਤੇਦਾਰਾਂ ਵਿਚ ਆਪਸੀ ਸੰਬੰਧ ਆਰਥਿਕਤਾ ਤੇ ਆਧਾਰਿਤ ਹੋ ਚੁੱਕੇ ਹਨ। ਪੰਜਾਬੀਆਂ ਦੀ ਪਹਿਲੀ ਪੀੜ੍ਹੀ ਜੋ ਸਿਰਫ ਧਨ ਕਮਾਉਣ ਦੇ ਮਕਸਦ ਨਾਲ ਵਿਦੇਸ਼ ਗਈ ਉਹ ਲੋੜੀਦਾ ਧਨ ਕਮਾ ਕੇ ਵਾਪਸ ਪਰਤ ਆਉਣਾ ਚਾਹੂੰਦੀ ਸੀ ਇਸ ਲਈ ਉਸ ਨੇ ਵੱਧ ਤੋਂ ਵੱਧ ਕਜੂੰਸੀ ਕਰਕੇ ਧਨ ਇਕੱਠਾ ਕੀਤਾ। ਪ੍ਰਵਾਸੀ ਚੇਤਨਾ ਜਿੱਥੇ ਭੂ-ਹੇਰਵੇ ਕਾਰਨ ਉਪਜੀ ਉਦਾਸੀਨਤਾ ਦਾ ਪ੍ਰਗਟਾਅ ਕਰਦੀ ਹੈ ਉਥੇ ਪ੍ਰਵਾਸ ਦੁਆਰਾ ਅਪਣਾਏ ਦੇਸ਼ ਸਮਾਜ ਪ੍ਰਤੀ ਬੇਗਾਨਗੀ ਦੇ ਲੱਛਣ ਵੀ ਉਭਾਰਦੀ ਹੈ। ਪ੍ਰਵੇਜ਼ ਸੰਧੂ ਦੀ ਕਹਾਣੀ ‘ਟਾਹਣੀਓ ਟੁੱਟੇ’ ਵੀ ਕੁਝ ਇਸ ਤਰ੍ਹਾਂ ਦੀ ਹੀ ਕਹਾਣੀ ਹੈ। ਪ੍ਰਵੇਜ਼ ਸੰਧੂ ਆਪਣੀਆਂ ਕਹਾਣੀਆਂ ਨੂੰ ਸਮਾਜ ਵਿਗਿਆਨਕ ਦ੍ਰਿਸ਼ਟੀ ਤੋਂ ਸਿਰਜ ਰਹੀ ਹੈ।

ਕਹਾਣੀ ‘ਟਾਹਣੀਓ ਟੁੱਟੇ’ ਦਾ ਨਾਇਕ ਜਗਤ (ਜੈਗ) ਜਦੋਂ ਵਿਦੇਸ਼ ਵਿਚ ਆਪਣੇ ਆਖਰੀ ਸਮੇਂ ਉੱਤੇ ਆ ਕੇ ਆਪਣੇ ਪਿੰਡ ਨੂੰ ਯਾਦ ਕਰਦਾ ਹੈ, ਆਪਣੇ ਬਾਬੇ ਦੀਆਂ ਆਖੀਆ ਗੱਲਾਂ ਯਾਦ ਆਉਂਦੀਆਂ ਹਨ ਜਦੋਂ ਉਸ ਨੂੰ ਇਲਾਜ਼ ਲਈ ਸ਼ਹਿਰ ਲੈ ਗਏ ਪਰ ਉਹ ਹੋਸ਼ ਵਿਚ ਆੳਦਾ ਹੀ ਸਾਰਾ ਹਸਪਤਾਲ ਸਿਰ ਤੇ ਚੁੱਕ ਲੈਂਦਾ ਤੇ ਆਪਣੇ ਪੁੱਤਰਾਂ ਨੂੰ ਗਾਲਾਂ ਕੱਢਦਾ ਅਤੇ ਜਗਤ ਨੂੰ ਪੁਚਕਾਰਦਾ ਆਖਦਾ: “ ਜਗਤੇ, ਸ਼ੇਰਾਂ ਬੱਗਿਆ ਮੈਨੂੰ ਘਰ ਲੈ ਚੱਲ,ਮੈਂ ਇਥੇ ਮਰਨਾ ਨਹੀਂ ਚਾਹੁੰਦਾ,ਇਥੇ ਭਲਾ਼ ਮੇਰਾ ਕੌਣ ਆ..ਜੇ ਮੇਰੇ ਸ਼ਾਹ ਨਿਕਲ ਗਏ ਤਾਂ ਇੰਨਾ ਸਹੁਰੀ ਦਿਆਂ ਮੈਨੂੰ ਇਥੇ ਹੀ ਫੂਕ ਦੇਣੈ…..।

ਪਰ ਸਭ ਨੂੰ ਇਹ ਲਗਦਾ ਹੈ ਕਿ ਬਾਬੇ ਦਾ ਦਿਮਾਗ ਹਿਲ ਗਿਆ ਏ। ਉਹ ਕਮਲਾ ਹੋ ਗਿਆ ਹੈ ਪਰ ਜਦੋਂ ਅੱਜ ਜਗਤੇ ਦੀ ਵਿਦੇਸ਼ ਵਿਚ ਉਹੋ ਸਥਿਤੀ ਸੀ ਤਾਂ ਉਸ ਨੂੰ ਬਾਬੇ ਦੀ ਗੱਲ ਸਮਝ ਆਈ।

“ ਜਗਤ ਇਸ ਮਿੱਟੀ ਵਿਚ ਮੇਰੇ ਬਜੁਰਗਾਂ ਦਾ ਖੂ਼ਨ ਪਸੀਨਾ ਡੁਲ੍ਹਿਆ ਹੋਇਆ ..ਮੇਰੇ ਵੱਡੇ ਵਡੇਰੇ ਇਨ੍ਹਾਂ ਮੜ੍ਹੀਆਂ ਵਿਚ ਵੱਸਦੇ ਆ, ਪ੍ਰਦੇਸਾਂ ਵਿਚ ਬੰਦੇ ਦਾ ਭਲਾ ਕੌਣ ਆਂ…ਐਥੇ ਪਿੰਡ ਵਿਚ ਸਾਰੇ ਆਪਣੇ,ਜਿਉਂਦਾ ਬੰਦਾ ਵੀ ਆਪਣਿਆਂ ਵਿਚ ਤੇ ਮਰਨ ਤੋਂ ਬਾਦ ਵੀ ਅਪਣਿਆਂ ਵਿਚ…..।

ਪਰ ਜਦੋਂ ਵਿਦੇਸ਼ ਵਿਚ ਆ ਜਗਤ ਸਿਹੁੰ ਜੈਗ ਬਣ ਗਿਆ ਅਤੇ ਉਸ ਨੇ ਉੱਥੇ ਹੀ ਰੂਥ ਨਾਂ ਦੀ ਔਰਤ ਨਾਲ ਵਿਆਹ ਕਰ ਲਿਆ। ਪਿੱਛੇ ਆਪਣੀ ਪਤਨੀ ਨੰਦ ਕੌਰ ਨਾਲ ਕੀਤੇ ਵਾਅਦੇ ਭੁੱਲ ਗਿਆ। ਉਸ ਦੀ ਪਤਨੀ ਰੂਥ ਦੇ ਪੁੱਛਣ ਤੇ ਕਿ ਕੀ ਕਦੇ ਉਸ ਨੂੰ ਆਪਣੀ ਪਹਿਲੀ ਪਤਨੀ ਦੀ ਯਾਦ ਨਹੀਂ ਆਉਂਦੀ ਤਾਂ ਉਸ ਨੂੰ ਆਪਣੇ ਤਾਏ ਦੀ ਗੱਲ ਯਾਦ ਆ ਜਾਂਦੀ ਹੈ ਜੋ ਕਿ ਬਹੁਤ ਸਮਾਂ ਪਹਿਲਾਂ ਇਸ ਵਿਦੇਸ਼ੀ ਧਰਤੀ ਤੇ ਆ ਕੇ ਵਸ ਗਿਆ ਸੀ ਅਤੇ ਮੁੜ ਕਦੇ ਆਪਣੇ ਪਿੰਡ ਵੱਲ ਮੂੰਹ ਨਾ ਕੀਤਾ। ਜਗਤੇ ਦਾ ਬਾਬਾ ਸਾਰੀ ਉਮਰ ਉਸ ਦੇ ਤਾਏ ਨੂੰ ਹੀ ਕੋਸਦਾ ਮਰ ਗਿਆ। ਉਸ ਦਾ ਤਾਇਆ ਜਗਤ ਨੂੰ ਆਖਦਾ:

“ ਪੁੱਤਰਾ ਪਿੱਛੇ ਮੁੜ-ਮੁੜ ਕੇ ਦੇਖਣ ਵਾਲੇ ਇਨਸਾਨ ਕਦੇ ਅੱਗੇ ਨਹੀਂ ਵੱਧ ਸਕਦੇ।” ਪਰ ਅੱਜ ਹਸਪਤਾਲ ਦੇ ਨਿੱਕੇ ਜਿਹੇ ਕਮਰੇ ਵਿਚ ਬੀਤ ਚੁੱਕਿਆ ਕਲ੍ਹ ਪੋਲੇ ਪੈਰੀਂ ਕਮਰੇ ਦੀਆਂ ਸਰਦਲਾਂ ਲੰਘ ਕੇ ਜਿਵੇਂ ਜੈਗ ਦੇ ਸਿਰਹਾਣੇ ਆ ਕੇ ਖਲੋ ਗਿਆ ਹੋਵੇ। ਜਦੋਂ ਉਖੜੀਆਂ ਜਿੰਦਾਂ, ਟੁੱਟੇ ਪੱਤਿਆਂ ਵਰਗੀਆਂ ਲਾਵਾਰਿਸ ਰੂਹਾਂ, ਕੁਝ ਧੁੰਧਲ਼ੇ ਹੋ ਚੁੱਕੇ ਨਕਸ਼…..ਜਗਤ ਤੇ ਜੈਗ ਦੀ ਪਛਾਣ ਕਰਦੇ ਕਈ ਚਿਹਰੇ…ਵਕਤ ਸਰਕਦਾ ਸਰਕਦਾ ਪਲਾਂ ਵਿਚ ਹੀ ਅੱਧੀ ਸਦੀ ਤੋਂ ਵੱਧ ਪਿਛਾਂਹ ਮੁੜ ਗਿਆ ਸੀ। ਤਾਏ ਦੀਆ ਲੀਹਾਂ ਤੇ ਤੁਰਦਾ ਤੁਰਦਾ ਜਗਤ ਅਮਰੀਕਾ ਦਾ ਹੋ ਕੇ ਰਹਿ ਗਿਆ ਸੀ। ਪਰਵਾਸੀ ਆਪਣੀਆਂ ਜੜ੍ਹਾਂ ਨਾਲ਼ ਜੁੜੇ ਰਹਿਣਾ ਚਾਹੁੰਦੇ ਹਨ। ਇਸ ਲਈ ਵਿਦੇਸ਼ ਵਿਚ ਜੰਮੀ ਪਲ਼ੀ ਆਪਣੀ ਔਲਾਦ ਦਾ ਵਿਆਹ ਵੀ ਪਰਵਾਸੀਆਂ ਨਾਲ਼ ਕਰ ਦਿੰਦੇ ਹਨ। ਜਿਵੇਂ ਰੂਥ ਦੇ ਫਾਦਰ ਇੰਡੀਆ ਦੇ ਜੰਮ ਪਲ਼ ਹੋਣ ਤੋਂ ਮਗਰੋਂ ਵੀ ਉਸਦਾ ਵਿਆਹ ਇਕ ਪਰਵਾਸੀ ਇੰਡੀਅਨ ਨਾਲ਼ ਕਰ ਦਿੰਦੇ ਹਨ ਜੋ ਉਸ ਲੜਕੀ ਲਈ ਇਕ ਅਣਜਾਣ ਬੰਦਾ ਹੈ। ਜੈਗ ਦਾ ਇਲਾਜ ਕਰ ਰਹੇ ਡਾਕਟਰ ਨੇ ਰੂਥ ਨੂੰ ਦੱਸਿਆ ਕਿ ਜਦੋਂ ਬੰਦਾ ਹੌਲ਼ੀ ਹੌਲੀ ਸਭ ਕੁਝ ਭੁੱਲ ਜਾਂਦਾ ਹੈ….ਕਈ ਵਾਰ ਬਹੁਤ ਸਾਰੀਆ ਪੁਰਾਣੀਆਂ ਗੱਲਾਂ ਯਾਦ ਰਹਿ ਜਾਂਦੀਆ ਹਨ ਪਰ ਨਵੀਂ ਕੋਈ ਗੱਲ ਯਾਦ ਨਹੀਂ ਰਹਿੰਦੀ। ਜਦੋਂ ਵੀ ਮਿਸਟਰ ਸਿੰਘ ਪੰਜਾਬੀ ਭਾਸ਼ਾ ਬੋਲੇ ਸਮਝ ਲੈਣਾ ਕਿ ਉਹ ਜ਼ਰੂਰ ਕਿਧਰੇ ਬੀਤੇ ਵਿਚ ਗੁਆਚ ਗਿਆ ਹੈ। ਇਨ੍ਹਾਂ ਸਾਰੇ ਹਾਲਾਤ ਦਾ ਰੂਥ ਆਪਣੇ ਆਪ ਨੂੰ ਜ਼ੁਮੇਵਾਰ ਠਹਿਰਾਉਂਦੀ ਹੋਈ ਸੋਚਦੀ ਹੈ ਕਿ ਜਵਾਨੀ ਵਿਚ ਉਹ ਉਨ੍ਹਾਂ ਨੂੰ ਭੁੱਲਿਆ ਰਿਹਾ ਪਰ ਬੁਢਾਪੇ ਵਿਚ ਉਹ ਸਾਨੂੰ ਭੁੱਲ ਜਾਏਗਾ। ਅੱਜ ਰੂਥ ਨੇ ਸੋਚਿਆ ਕਿ ਉਹ ਕਿੰਜ ਜਿਉੰਦਾ ਰਿਹਾ ਹੋਵੇਗਾ ਆਪਣਿਆਂ ਨਾਲ਼ੋਂ ਟੱਟ ਕੇ…।”

ਸੱਚਮੁੱਚ ਕਈ ਵਾਰ ਜੈਗ ਨੂੰ ਵੀ ਮਹਿਸੂਸ ਹੁੰਦਾ ਕਿ ਆਪਣਿਆਂ ਵਿਚ ਬੈਠਾ ਵੀ ਯਤੀਮ….ਧਰਤੀ ਦੇ ਪਾੜਿਆਂ ਵਿਚ ਭਟਕਦਾ….ਰੂਥ ਦੇ ਨਾਲ਼ ਨਾਲ਼ ਤੁਰਦਾ ਹੋਇਆ ਵੀ ਅਣਜਾਣ….ਰੂਥ ਦੇ ਚਿਹਰੇ ਵਿਚ ਕਿਸੇ ਹੋਰ ਦੇ ਨਕਸ਼ ਲੱਭਦਾ ਉਹ ਉਮਰ ਭਰ ਰੂਥ ਦਾ ਬਣ ਹੀ ਨਹੀਂ ਸਕਿਆ। ਅਗਰ ਉਨ੍ਹਾਂ ਵਿਚ ਕੋਈ ਸਾਂਝ ਹੈ ਤਾਂ ਕੇਵਲ ਉਹ ਦੋ ਬੱਚੇ। ਡੇਵਿਡ ਤੇ ਰੋਜ਼ੀ। ਪਰ ਉਹ ਦੋਵੇਂ ਬੱਚੇ ਵੀ ਆਪਣੇ ਨਾਂ ਦੇ ਅਰਥ ਚਾਹੁੰਦੇ ਹਨ।ਰੂਥ ਤੇ ਜੈਗ ਨੇ ਭਾਵੇਂ ਇਨ੍ਹਾਂ ਹਾਲਤਾਂ ਵਿਚ ਵੀ ਬਥੇਰੀਆਂ ਵਾਟਾਂ ਤੈਅ ਕਰ ਲਈਆਂ ਸਨ ਪਰ ਡੇਵਿਡ ਤੇ ਰੋਜ਼ੀ ਦੀ ਹੋਂਦ ਨੇ ਤਾਂ ਜੈਗ ਨਾਲ਼ ਹੀ ਗੁਆਚ ਜਾਣਾ ਸੀ। ਡੇਵਿਡ ਨੂੰ ਇਹ ਪਛਤਾਵਾ ਹੈ ਕਿ ਉਹ ਆਪਣੀਆਂ ਜੜ੍ਹਾਂ ਨੂੰ ਨਹੀਂ ਲੱਭ ਸਕਿਆ। ਉਸਦੀ ਮਾਂ ਰੂਥ ਨੇ ਵੀ ਕਦੇ ਉਸਦੇ ਪਿਉ ਦੇ ਪਿਛੋਕੜ ਬਾਰੇ, ਘਰ ਪਰਿਵਾਰ ਬਾਰੇ, ਭਾਸ਼ਾ ਬਾਰੇ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਭਾਵੇਂ ਪੜ੍ਹ ਲਿਖ ਕੇ ਆਪਣੇ ਬਾਪ ਵਾਲ਼ੀ ਜ਼ਮੀਨ ਸਾਂਭ ਕੇ ਵਧੀਆਂ ਫਾਰਮਰ ਤੇ ਬਿਸਨੈਸਮੈਨ ਬਣ ਜਾਵੇਗਾ ਪਰ ਉਹ ਫੈਮਲੀ ਟਰੀ ਨਹੀਂ ਬਣ ਸਕੇਗਾ ਕਿਉਂਕਿ ਉਹ ਤਾਂ ਰੁੱਖ ਦੀ ਟੁੱਟੀ ਟਾਹਣੀ ਦੇ ਸਮਾਨ ਹੈ ਜੋ ਕਦੇ ਵੀ ਆਪਣੀ ਹੋਂਦ ਨੂੰ ਜੈਗ ਮਗਰੋਂ ਕਾਇਮ ਨਹੀਂ ਰੱਖ ਸਕੇਗਾ। ਜਿਸ ਪ੍ਰਕਾਰ ਰੁੱਖ ਦੀ ਟੁੱਟ ੀ ਟਾਹਣੀ ਤੋਂ ਇਹ ਪਤਾ ਨਹੀਂ ਲੱਗਦਾ ਕਿ ਇਹ ਕਿਸ ਰੁੱਖ ਨਾਲ਼ੋਂ ਟੱਟੀ ਹੈ ਇਸੇ ਪ੍ਰਕਾਰ ਉਸਦੀ ਵੀ ਆਪਣੀ ਕੋਈ ਵਾਸਤਵਿਕ ਪਹਿਚਾਣ ਨਹੀਂ ਰਹੇਗੀ। ਪ੍ਰਵੇਜ਼ ਸੰਧੂ ਦੀ ਇਸ ਕਹਾਣੀ ਦਾ ਨਾਇਕ ਆਪਣੇ ਆਖਰੀ ਸਾਹਾਂ ਵਿਚ ਕਹਿ ਰਿਹਾ ਸੀ, “ਮੈਨੂੰ ਪਿੰਡ ਲੈ ਚੱਲੋ…ਆਪਣਿਆਂ ਤੋਂ ਬਿਨਾਂ ਮੇਰੀ ਮੁਕਤੀ ਨਹੀਂ ਹੋਣੀ…ਮੈਨੂੰ ਪਿੰਡ ਲੈ ਚੱਲੋ।”

ਜੈਗ ਦੇ ਅਜਿਹੇ ਸ਼ਬਦ ਸੁਣ ਕੇ ਅੱਜ ਡੇਵਿਡ ਵੀ ਉਹੋ ਗੱਲ ਕਰ ਰਿਹਾ ਸੀ ਜੋ ਕਦੇ ਉਹ ਆਪਣੇ ਬਾਬੇ ਬਾਰੇ ਸੋਚਦਾ ਸੀ ਕਿ ਇਹ ਤਾਂ ਕਮਲ਼ਾ ਹੋ ਗਿਆ ਹੈ। ਡੇਵਿਡ ਵੀ ਇਹੋ ਸੋਚਦਾ ਹੈ ਤੇ ਆਖਦਾ ਹੈ, “ਆਈ ਥਿੰਕ ਦੈਟ ਇਜ਼ ਲੂਜ਼ਿੰਗ ਹਿਜ਼ ਮਾਈਂਡ…।

ਅਸੀਂ ਵੇਖਦੇ ਹਾਂ ਕਿ ਕਈ ਥਾਂ ਪ੍ਰਵੇਜ਼ ਸੰਧੂ ਦੀਆਂ ਕਹਾਣੀਆਂ ਵਿਚ ਔਰਤ ਕਹਾਣੀਕਾਰ ਹੋਣ ਦੀ ਧੁਨੀ ਵੀ ਸੁਣਾਈ ਦਿੰਦੀ ਹੈ ਭਾਵੇਂ ਉਸ ਦੇ ਪਹਿਲੇ ਕਹਾਣੀ ਸੰਗ੍ਰਹਿ ‘ਮੁੱਠੀ ਭਰ ਸੁਪਨੇ’ ਵਿਚ ਔਰਤ ਦੇ ਕਈ ਰੂਪ ਸਾਹਮਣੇ ਆਉਂਦੇ ਹਨ। ਕਹਾਣੀ ‘ਸਿਰਫ਼ ਇਕ ਵਾਰ’ ਵਿਚ ਵੀ ਪਰਵਾਸ ਵਿਚ ਜਿਸਮਾਂ ਲਈ ਭਟਕ ਰਹੇ ਪਾਤਰ ਹਨ। ਸ਼ੈਲੀ ਨਾਂ ਦੀ ਪਾਤਰ ਜੋ ਕਿ ਅਮਰੀਕਾ ਵਿਚ ਪਲੀ ਹੈ, ਉਧਰਲੀ ਨਵੀਂ ਪੀੜ੍ਹੀ ਦੀ ਪ੍ਰਤੀਨਿਧ ਹੈ। ਗੁਰਮੀਤ ਨਾਇਕਾ ਦੀ ਮਾਂ ਇਕ ਭਾਰਤੀ ਔਰਤ ਹੈ। ਜੱਗੀ ਆਪਣੀ ਪਹਿਚਾਣ ਖੋਹ ਚੁੱਕਿਆ ਅਜਿਹਾ ਆਦਮੀ ਹੈ ਜੋ ਕਿ ਰਹਿੰਦਾ ਭਾਵੇ ਅਮਰੀਕਾ ਵਿਚ ਹੈ। ਉਹ ਰਹਿੰਦਾ ਭਾਵੇਂ ਅਮਰੀਕਾ ਵਿਚ ਹੈ ਤੇ ਉਸਦੀ ਸੋਚ ਆਪਣੇ ਲਈ ਭਾਵੇਂ ਅਮਰੀਕਾ ਦੀਆਂ ਗੋਰੀਆਂ ਪਿੱਛੇ ਦੌੜਦੀ ਹੈ ਪਰ ਉਸਤੋਂ ਆਪਣੀ ਧੀ ਦੇ ਪਾਏ ਹੋਏ ਅਮਰੀਕੀ ਕਪੜੇ ਵੀ ਜਰੇ ਨਹੀਂ ਜਾਂਦੇ। ਇਸ ਕਹਾਣੀ ਦਾ ਪਾਤਰ ਜੱਗੀ ਅਸਲ ਵਿਚ ਜ਼ਿੰਦਗੀ ਤੋਂ ਤਿੜਕਿਆ ਹੋਇਆ ਇਨਸਾਨ ਹੈ। ਉਹ ਅਮਰੀਕਾ ਦੀ ਇਕ ਫ਼ੈਕਟਰੀ ਵਿਚ ਕੰਮ ਕਰਦਾ ਹੈ ਜਿੱਥੇ ਉਸ ਦੇ ਮਿੱਤਰ ਮੱਖਣ ਤੇ ਬੰਤ ਹਨ। ਉਹ ਹਰ ਸਮੇਂ ਗੋਰੀਆਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਜੱਗੀ ਨੂੰ ਦੱਸਿਆ ਕਿ:

“ਯਾਰ ਜਿਸ ਨੇ ਕਿਸੇ ਗੋਰੀ ਨਾਲ ਤੁਰ ਫਿਰ ਕੇ ਨਹੀਂ ਦੇਖਿਆ, ਉਸ ਨੂੰ ਤਾਂ ਧਰਮਰਾਜ ਨੇ ਵੀ ਨਹੀਂ ਬਖਸ਼ਣਾ…। ਉਸ ਨੇ ਕਹਿਣਾ ਹੈ ਕਿ ਪਰੀਆਂ ਦੇ ਦੇਸ਼ ਜਾਕੇ ਵੀ ਸੁੱਕਾ ਮੁੜ ਆਇਆ।”

“ਆਪਣੀਆ ਜਨਾਨੀਆਂ ਤਾਂ ਦੋ ਜਵਾਕ ਜੰਮਕੇ ਹੀ ਬੁੜੀਆਂ ਹੋ ਜਾਂਦੀਆ ਹਨ।” ਬੰਤਾ ਸਿੰਘ ਨੇ ਕਿਹਾ।

“ਉਏ ਆਪਾ ਤਾਂ ਜਿਵੇ ਮੱਝਾਂ ਖਿੱਚੀ ਫਿਰਦੇ ਹਾਂ……ਊਂ ਵੀ ਇਹ ਤਾਂ ਘਰ ਵਾਰ ਸਾਂਭਣ ਲਈ ਹੁੰਦੀਆਂ ਹਨ…..ਅਸਲੀ ਸੁੱਖ ਮਾਨਣਾ ਹੋਵੇ ਤਾਂ ………।” ਆਪਣੇ ਸਾਥੀਆਂ ਦੀਆਂ ਗੱਲਾਂ ਸੁਣ ਕੇ ਜੱਗੀ ਨੂੰ ਵੀ ਲੱਗਦਾ ਹੈ ਕਿ ਉਹ ਵੀ ਸਿਰਫ਼ ਇਕ ਬਾਰ ਕਿਸੇ ਗੋਰੀ ਨਾਲ਼ ‘ਤੁਰ ਫਿਰ ਕੇ’ ਆਵੇ ਅਤੇ ਫਿਰ ਸੱਚ ਹੀ ਉਹ ਈਵੇਨ ਦੇ ਪਿਆਰ ਵਿਚ ਪੈ ਕੇ ਉਹ ਆਪਣੀ ਪਤਨੀ ਗੁਰਮੀਤ ਨੂੰ ਕਿਤੇ ਪਿੱਛੇ ਛੱਡ ਆਇਆ ਤੇ ਗੋਰੀ ਦਾ ਹੀ ਬਣਕੇ ਰਹਿ ਗਿਆ। ਉਹੀ ਗੁਰਮੀਤ ਜਿਸ ਨੂੰ ਉਹ ਪੰਜਾਹ ਬੰਦਿਆ ਦੀ ਬਰਾਤ ਨਾਲ ਵਿਆਹ ਕੇ ਲਿਆਇਆ ਸੀ। ਇਹੋ ਗੁਰਮੀਤ ਕਦੇ ਉਸ ਲਈ ਰਾਤਾਂ ਦਾ ਚੰਨ ਬਣ ਕੇ ਚਮਕਿਆ ਕਰਦੀ ਸੀ..ਪਰ ਅੱਜ ਜੱਗੀ ਦੇ ੱਿੲਕ ਪਿਆਰ ਭਰੇ ਬੋਲ ਲਈ ਵੀ ਤਰਸ ਰਹੀ ਸੀ।

ਜੱਗੀ ਹਰ ਵਾਰ ਸੋਚਦਾ ਕਿ ਹੁਣ ਉਹ ਕਿਸੇ ਵੱਲ ਧਿਆਨ ਨਹੀ ਦੇਵੇਗਾ, ਸਿਰਫ਼ ਆਪਣੇ ਘਰ ਵੱਲ ਹੀ ਧਿਆਨ ਦੇਵੇਗਾ ਪਰ ਹਰ ਵਾਰ ਇਹ ਸੋਚ ਕੇ ਕਿ ਬੱਸ ਸਿਰਫ਼ ਅੱਜ ਦੀ ਰਾਤ….ਆਖਰੀ ਵਾਰ….ਅੱਜ ਤੋਂ ਬਾਦ ਨਹੀਂ। ਹਰ ਰਾਤ ਨਵੇਂ ਜਿਸਮ ਲਈ ਉਹ ਬੇਚੈਨ ਹੋ ਕੇ ਘਰੋਂ ਤੁਰ ਪੈਂਦਾ…।ਪੈਦਾ ….। ਚਿੱਟੀ ਚਮੜੀ ਵਾਲੇ ਤਨ ਲਈ ਉਸ ਦੀ ਭੁੱਖ ਵੱਧਦੀ ਗਈ ਅਤੇ ਆਤਮਾ ਮਰਦੀ ਗਈ, ਮੁੱਕਦੀ ਗਈ। ਇਸ ਭੁੱਖ ਸਾਹਮਣੇ ਉਹ ਇਹ ਭੁੱਲ ਗਿਆ ਕਿ ਉਹ ਇਕ ਪਤੀ ਤੇ ਬਾਪ ਵੀ ਹੈ…। ਪਰ ਅੱਜ ਆਪਣੀ ਧੀ ਨੂੰ ਆਪਣੇ ਮੂਹਰੇ ਬੋਲਦੀ ਦੇਖ ਕੇ ਉਸ ਨੂੰ ਮਹਿਸੂਸ ਹੋਇਆ ਕਿ ਅੱਜ ਘਰ ਤੋਂ ਨਿਕਲ਼ਦਿਆਂ ਉਸ ਦੀ ਪਤਨੀ ਦੀਆਂ ਨਜ਼ਰਾਂ ਹੀ ਨਹੀਂ ਸਗੋਂ ਉਸਦੀ ਜੁਆਨ ਧੀ ਸ਼ੈਲੀ ਦੀਆਂ ਨਜ਼ਰਾਂ ਵੀ ਉਸ ਦਾ ਪਿੱਛਾ ਕਰ ਰਹੀਆਂ ਹਨ। ਇਹ ਦੇਖ ਕੇ ਉਸ ਨੂੰ ਜਾਪਿਆ ਜਿਵੇਂ ਉਹ ਕੋਈ ਚੋਰੀ ਕਰਨ ਜਾ ਰਿਹਾ ਹੋਵੇ।

ਕਹਾਣੀ ‘ਕਿਸੇ ਵਿਹੜੇ ਦਾ ਚਾਨਣ’ ਇਕ ਮਾਸੂਮ ਬੱਚੇ ਜੋਤ ਦੀ ਕਹਾਣੀ ਹੈ । ਇਹ ਕਹਾਣੀ ਵਿਚ ਮਾਂ ਪਿਉ ਬਾਹਰੇ ਪਰਵਾਸੀ ਪੰਜਾਬੀ ਬੱਚਿਆ ਦਾ ਤ੍ਰਾਸਦਿਕ ਜੀਵਨ ਦਰਸਾਇਆ ਗਿਆ ਹੈ। ‘ਉੱਥੇ ਲੈ ਚੱਲ ਚਰਖਾ ਮੇਰਾ’ ਵਿਚ ਨਾਇਕਾ ਪ੍ਰੀਤੋ ਅਮਰੀਕਾ ਦੇ ਇਕ ਸ਼ਹਿਰ ਵਿਚ ਆ ਕੇ ਪ੍ਰੀਤੀ ਬਣ ਗਈ ਹੈ। ਉਸ ਦਾ ਪਤੀ ਗੁਰਚੇਤਨ ਅਜੇ ਵੀ ਪਛੜੇ ਭਾਰਤੀ ਵਿਚਾਰਾਂ ਦਾ ਮਾਲਿਕ ਹੈ। ਪਰ ਪ੍ਰੀਤੋ ਅਮਰੀਕਾ ਦੀਆ ਗੋਰੀਆ ਦੀ ਚਾਲ ਚੱਲਦੀ ਹੈ। ਉਸ ਸੋਚਦੀ ਹੈ ਕਿ ਉਹ ਵੇਲੇ ਸਿਰ ਇੰਡੀਆ ਤੋ ਬਾਹਰ ਆ ਗਏ ਨਹੀਂ ਤਾਂ ਉਮਰ ਬੀਤ ਜਾਣੀ ਸੀ। ਇਹੋ ਜਿਹੀ ਚਕਾਚੌਦ, ਇਹੋ ਜਿਹਾ ਘਰ ਤਾਂ ਸੁਪਨੇ ਵਿਚ ਵੀ ਨਹੀਂ ਸੀ ਮਿਲਣਾ। ਫਰ ਉਸ ਦਾ ਪਤੀ ਉਸ ਨੂੰ ਕੁਝ ਨਾ ਕਹਿੰਦਾ ਮਨ ਵਿਚ ਹੀ ਸੋਚਦਾ, “ਏ ਸੋਹਣਾ ਮਕਾਨ ਏਂ…ਘਰ ਤਾਂ ਉਥੇ ਹੀ ਰਹਿ ਗਿਆ। ਇਸ ਕਹਾਣੀ ਵਿਚ ਪਰਵਾਸ ਭਾਰੂ ਹੈ। ਇਸੇ ਤਰ੍ਹਾਂ ਪ੍ਰਵੇਜ਼ ਸੰਧੂ ਦੀ ਕਹਾਣੀ ‘ਰੂਹਾਂ ਦੇ ਹਾਣੀ’ ਵਿਚ ਦੋ ਸੱਭਿਆਤਾਵਾਂ ਦਾ ਅੰਤਰ ਦਰਸਾਇਆ ਗਿਆ ਹੈ।

ਅੰਤ ਵਿਚ ਅਸੀਂ ਦੇਖਦੇ ਹਾ ਕਿ ਪ੍ਰਵੇਜ਼ ਸੰਧੂ ਦੀਆਂ ਕਹਾਣੀਆਂ ਦਾ ਸੰਗ੍ਰਹਿ ‘ਟਾਹਣੀਓ ਟੁੱਟੇ’ ਆਪਣੀਆ ਜੜਾਂ੍ਹ ਨਾਲੋ ਟੁੱਟੇ, ਪੜਾਅ ਲੱਭਦੇ ਪਾਤਰਾਂ ਦੀ ਗਾਥਾ ਹੈ। ਆਪਣੇ ਪਿੰਡ ਬਾਰੇ ਉਸ ਦੇ ਪਿਛਲਖੁਰੀ ਰੁਮਾਂਟਿਕ ਵਿਚਾਰ ਲੱਗਭੱਗ ਸਾਰੀਆਂ ਕਹਾਣੀਆ ਵਿਚ ਪ੍ਰਗਟ ਹੁੰਦੇ ਹਨ। ਪ੍ਰਵੇਜ਼ ਸੰਧੂ ਨੇ ਪ੍ਰਵਾਸ ਨੂੰ ਆਪਣਾ ਘਰ ਸਵੀਕਾਰ ਕੀਤਾ ਹੈ ਤੇ ਉਹਦੇ ਨਾਲ਼ ਹੀ ਹੈ ਆਪਣੀ ਜੰਮਣ-ਭੋਂ ਨੂੰ ਵੀ ਚੇਤੇ ਰੱਖਿਆ ਹੈ। ਸਮਲੰਿਗੀ ਸੰਬੰਧਾਂ ਦੀ ਔਖੀ ਕਹਾਣੀ ਲਿਖਣ ਦੀ ਵਿਧੀ ਨੂੰ ਬੇਲੋੜੇ ਕਾਮੁਕ ਸੰਬੰਧਾਂ ਦੇ ਵਰਣਨ ਤੋਂ ਬਗੈਰ ਉੱਚਕੋਟੀ ਦੀ ਕਹਾਣੀ ਲਿਖਣਾ ਹੀ ਇਸ ਲੇਖਕਾ ਦਾ ਸਭ ਤੋਂ ਵੱਡਾ ਗੁਣ ਹੈ। ਇਸੇ ਕਾਰਣ ਉਸਨੇ ਅਮਰੀਕਾ ਵਿਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਵਿਚ ਇਕ ਵਿਸ਼ੇਸ਼ ਥਾਂ ਹਾਸਿਲ ਕਰ ਲਿਆ ਹੈ। ਮਾਨਵੀ ਰਿਸ਼ਤਿਆਂ ਦੇ ਭਾਵੁਕ ਆਧਾਰਾਂ ਨੂੰ ਉਹ ਕਈ ਨਵੇਂ ਮੋੜ ਦਿੰਦੀ ਹੈ। ਇਸ ਵਿਚ ਇਕ ਸੂਤਰ ਮਨੁੱਖੀ ਪਹਿਚਾਣ ਦੀ ਸਾਂਝ ਨਾਲ਼ ਜੁੜਿਆ ਹੋਇਆ ਹੈ। ਆਪਣੀਆਂ ਮੂਲ਼ ਜੜ੍ਹਾਂ ਤੋਂ ਟੁੱਟ ਕੇ ਬਿਗਾਨੀ ਪਛਾਣ ਵਿਚ ਗੁੰਮ ਹੁੰਦੀ ਆਪਣੀ ਹੋਂਦ ਨੂੰ ਮਨੁੱਖ ਆਪਣੀਆਂ ਜੜ੍ਹਾਂ ਵਿਚ ਤਲਾਸ਼ਦਾ ਹੈ। ਇਸ ਤਲਾਸ਼ ਦੀ ਪ੍ਰਕਿਰਿਆ ਦੌਰਾਨ ਜੜ੍ਹਾਂ ਨਾਲ਼ ਜੁੜੇ ਹੋਏ ਛੋਟੇ ਛੋਟੇ ਵਾਕ ਪ੍ਰਵੇਜ਼ ਦੀਆਂ ਕਹਾਣੀਆਂ ਦਾ ਆਧਾਰ ਬਣਦੇ ਹਨ। ਜੀਵਨ ਅਨੁਭਵ ਨੂੰ ਮਾਨਵੀ ਸਰੋਕਾਰਾਂ ਦੇ ਪ੍ਰਸੰਗ ਵਿਚ ਰੱਖ ਕੇ ਪੇਸ਼ ਕਰਨਾ ਹੀ ਉਸਦੀ ਪ੍ਰਾਪਤੀ ਹੈ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2002)
(ਦੂਜੀ ਵਾਰ 16 ਸਤੰਬਰ 2021)

***
368
***

About the author

ਡਾ. ਰਜਨੀ ਰਾਣੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸੀ-122, ਯੂਨੀਵਰਸਿਟੀ ਕੈਂਪਸ, ਕੁਰੂਕਸ਼ੇਤਰ, ਹਰਿਆਣਾ (ਇੰਡੀਆ)-136119.

ਡਾ. ਰਜਨੀ ਰਾਣੀ

ਸੀ-122, ਯੂਨੀਵਰਸਿਟੀ ਕੈਂਪਸ, ਕੁਰੂਕਸ਼ੇਤਰ, ਹਰਿਆਣਾ (ਇੰਡੀਆ)-136119.

View all posts by ਡਾ. ਰਜਨੀ ਰਾਣੀ →