17 September 2024
ਸਾਥੀ ਲੁਧਿਆਣਵੀ

ਪੰਜਾਬੀ ਬ੍ਰਾਡਕਾਸਟਿੰਗ ਮੀਡੀਆ ਓਵਰਸੀਜ਼: ਸਾਥੀ ਲੁਧਿਆਣਵੀ-ਲੰਡਨ

ਪੰਜਾਬੀ ਬ੍ਰਾਡਕਾਸਟਿੰਗ ਮੀਡੀਆ ਓਵਰਸੀਜ਼

ਸਾਥੀ ਲੁਧਿਆਣਵੀ-ਲੰਡਨ

(ਨੋਟ: ਇਹ ਪੇਪਰ ਵਿਸ਼ਵ ਪੰਜਾਬੀ ਕਾਨਫਰੰਸ 6-7-8 ਜੁਲਾਈ 2006 ਨੂੰ ਲੈਸਟਰ ਵਿਖੇ ਪੜ੍ਹਿਆ ਤੇ ਵਿਚਾਰਿਆ ਗਿਆ)

ਸੈਟੇਲਾਈਟ ਅਤੇ ਇੰਟਰਨੈਟ ਦੇ ਯੁਗ ਵਿਚ ਬ੍ਰਾਡਕਾਸਟਿੰਗ ਇੱਕ ਨਵੇਂ, ਨਵੇਕਲੇ ਅਤੇ ਅਣਕਿਆਸੇ ਦੌਰ ਵਿੱਚ ਦਾਖਲ ਹੋ ਚੁੱਕਿਆ ਹੈ । ਰੇਡੀਓ, ਟੀ.ਵੀ ਅਤੇ ਇਲੈਕਟਰੌਨਿੱਕ ਮੀਡੀਆ ਏਨਾ ਤੇਜ਼ ਤਰਾਰ ਹੋ ਗਿਆ ਹੈ ਕਿ ਕਈ ਖ਼ਬਰਾਂ ਕੁੱਝ ਘੰਟਿਆਂ ਵਿੱਚ ਹੀ ਪੁਰਾਣੀਆਂ ਹੋ ਜਾਂਦੀਆਂ ਹਨ । ਦੁਨੀਆ ਸੁੰਗੜ ਕੇ ਗਲੋਬਲ ਵਿੱਲੇਜ (ਵਿਸ਼ਵੀ ਪਿੰਡ) ਬਣ ਗਈ ਹੈ । ਇੰਟਰਨੈਟ ਨੇ ਇੰਟਰਐਕਸ਼ਨ (ਵਿਚਾਰ ਵਟਾਂਦਰਾ, ਤਬਾਦਲਾ-ਏ-ਖ਼ਿਆਲਾਤ ਅਤੇ ਬਹਿਸ) ਦਾ ਦੌਰ ਅਰੰਭ ਕਰ ਦਿੱਤਾ ਹੈ । ਦੁਨੀਆਂ ਦੇ ਲੱਖਾਂ ਲੋਕ ਇੱਕੋ ਵੇਲੇ ਇੱਕੋ ਵਿਸ਼ੇ ਸਬੰਧੀ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ । ਸੈਟੇਲਾਈਟ ਨਾਲ ਜੁੜੇ ਟੈਲੀਵੀਯਨ ਰਾਹੀਂ ਲਾਲ ਬਟਨ ਦਬਾ ਕੇ ਇੰਟਰਐਕਟ ਵੀ ਹੋਇਆ ਜਾ ਸਕਦਾ ਹੈ ਤੇ ਇੱਕੋ ਵੇਰ ਕਈ ਕਈ ਚੈਨਲਾਂ ਤੇ ਹੋ ਰਹੀਆਂ ਬਹਿਸਾਂ ‘ਚ ਹਿੱਸਾ ਵੀ ਲਿਆ ਜਾ ਸਕਦਾ ਹੈ । ਅੱਜ ਦੇ ਟੈਕਨੌਲੋਜਿਸਟ ਬੜੀ ਛੇਤੀਂ ਛੇਤੀਂ ਨਵੀਂ ਨਵੀਂ ਇਨੋਵੇਸ਼ਨ ਤੇ ਇਨਵੈਨਸ਼ਨ ਨੂੰ ਜਜ਼ਬ ਕਰਨ ਵਿੱਚ ਲੱਗੇ ਰਹਿੰਦੇ ਹਨ । ਜਿਸ ਦਾ ਭਾਵ ਇਹ ਹੈ ਕਿ ਅੱਜ ਦੇ ਯੁਗ ਵਿੱਚ ਬੰਦੇ ਨੂੰ ਬੜੀ ਤੇਜ਼ੀ ਤੇ ਚੁੱਸਤੀ ਨਾਲ ਟੈਕਨੌਲੋਜੀ ਦੇ ਨਾਲ ਨਾਲ ਤੁਰਨਾ ਪੈਂਦਾ ਹੈ ।ਅੱਜ ਦਾ ਖ਼ਰੀਦਿਆ ਹੋਇਆ ਪ੍ਰਸਾਰਨ-ਯੰਤਰ ਕਲ੍ਹ ਨੂੰ ਪੁਰਾਣਾ ਹੋ ਜਾਂਦਾ ਹੈ । ਇਸ ਲਈ ਇਹ ਗੱਲ ਯਕੀਨੀ ਹੋ ਗਈ ਹੈ ਕਿ ਬ੍ਰਾਡਕਾਸਟਿੰਗ ਦੇ ਖੇਤਰ ਵਿੱਚ ਜਿਹੜੀ ਜ਼ਬਾਨ ਨਵੀਂ ਟੈਕਨੌਲੋਜੀ ਤੇ ਨਵੀਂ ਇੰਟਰਨੈੱਟ ਵਿਧੀ ਨਾਲ ਹਮਕਦਮ ਨਹੀਂ ਹੁੰਦੀ ਤੇ ਇਸ ਤੋਂ ਫਾਇਦਾ ਨਹੀਂ ਉਠਾਉਂਦੀ ਉਹ ਕਿਤੇ ਪਿਛਾਂਹ ਹੀ ਰਹਿ ਜਾਂਦੀ ਹੈ ਜਾਂ ਰਹਿ ਸਕਦੀ ਹੈ । ਪੰਜਾਬੀ ਲੋਕ ਇਸ ਨਵੀਂ ਐਡਵਾਂਸਮੈਂਟ ਤੋਂ ਬਹੁਤੇ ਸੁਚੇਤ ਨਹੀਂ ਲੱਗਦੇ ।ਇਸ ਪਾਸੇ ਵੱਲ ਪੰਜਾਬੀਆਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ।

ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਸਾਡੇ ਅਨੇਕਾਂ ਰੇਡੀਓ ਸਟੇਸ਼ਨ ਖੁਲ੍ਹ ਗਏ ਹਨ । ਕਈ ਟੈਲੀਵੀਯਨ ਚੈਨਲਾਂ ਵੀ ਹਨ ਜਿਹੜੀਆਂ ਵਧੇਰੇ ਕਰਕੇ ਭਾਰਤ ਤੇ ਪਾਕਿਸਤਾਨ ‘ਚ ਹੋਈ ਫ਼ਿਲਮ-ਰੀਕਾਰਡਿੰਗ ਵਿਖਾ ਰਹੀਆਂ ਹਨ । ਇੰਗਲੈਂਡ ਅਤੇ ਹੋਰ ਪੱਛਮੀ ਦੇਸ਼ਾਂ ‘ਚ ਕਿਉਂਕਿ ਫਿਲਮਿੰਗ ਬਹੁਤ ਮਹਿੰਗੀ ਪੈਂਦੀ ਹੈ ਤੇ ਏਸ਼ੀਅਨ ਟੀ.ਵੀ. ਚੈਨਲਾਂ ਇਹ ਖ਼ਰਚੇ ਝੱਲ ਨਹੀਂੇ ਸਕਦੀਆਂ ਇਸ ਲਈ ਉਨ੍ਹਾਂ ਦਾ ਜ਼ੋਰ ਰੀਕਾਰਡਡ ਮੈਟੀਰੀਅਲ ਟੈਲੀਕਾਸਟ ਕਰਨ ਵੱਲ ਹੀ ਲੱਗਾ ਰਹਿੰਦਾ ਹੈ। ਹਾਂ ਕੁੱਝ ਚੈਨਲਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਬ੍ਰਾਡਕਾਸਟਿੰਗ ਜ਼ਰੂਰ ਕਰਦੀਆ ਹਨ ਜਿਸ ਨੂੰ ਪੰਜਾਬੀਆਂ ਦਾ ਸਿੱਖ ਤੇ ਹਿੰਦੂ ਭਾਈਚਾਰਾ ਦੇਖਦਾ ਹੈ । ਖ਼ੁਸ਼ਕਿਸਮਤੀ ਨਾਲ਼ ਕੁਝ ਕੁ ਟੀ ਵੀ ਕੰਪਨੀਆਂੁ ਅੱਜਕਲ ਅਪਣੇ ਕੈਮਰਾਮੈਨ ਏਸ਼ੀਅਨ ਸਮਾਗ਼ਮਾਂ ‘ਤੇ ਮੇਲਿਆਂ ਵਿਚ ਵੀ ਭੇਜਣ ਲੱਗ ਪਈਆਂ ਹਨ। ਪੰਜ ਕੁ ਵਰ੍ਹੇ ਪਹਿਲਾਂ ਲਸ਼ਕਾਰਾ ਟੈਲੀਵੀਯਨ (ਆਰ.ਟੀ.ਵੀ ਨੈੱਟਵਰਕ) ਵਾਲਿਆ ਨੇ ਇੱਥੋਂ ਹੀ ਫ਼ਿਲਮਿੰਗ ਕਰਨੀ ਸ਼ੁਰੂ ਕੀਤੀ ਸੀ । ਇਨ੍ਹਾਂ ਸਤਰਾਂ ਦਾ ਲੇਖਕ ਵੀ ਉਥੇ ਪਰੈਜ਼ੈਂਟਰ/ਪਰੋਡਿਊਸਰ ਰਿਹਾ ਹੈ । ਜਿਸ ਹੱਦ ਤੀਕ ਟੈਲੀਵੀਯਨ ‘ਤੇ ਚੱਲਣ ਵਾਸਤੇ ਰੀਕਾਰਡਿੰਗ ਉੱਤੇ ਆਉਂਦਾ ਖ਼ਰਚ ਮੈਂ ਦੇਖਿਆ ਹੈ ਉਸ ਤੋਂ ਇਹੋ ਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇੰਗਲੈਂਡ ਵਰਗੇ ਮਹਿੰਗੇ ਦੇਸ਼ ਵਿਚ ਇਹ ਗੱਲ ਉਨੀ ਦੇਰ ਤੀਕ ਸੰਭਵ ਨਹੀਂ ਹੋ ਸਕਣੀ ਜਿੰਨੀ ਦੇਰ ਤੀਕ ਕਿ ਪੰਜਾਬੀ ਟੀ.ਵੀ ਚੈਨਲਾਂ ਨੂੰ ਸੱਪੋਰਟ ਕਰਨ ਵਾਲੀਆਂ ਭਾਵ ਉਨ੍ਹਾਂ ਉੱਤੇ ਐਡਵਰਟਾਈਜ਼ ਕਰਨ ਵਾਲੀਆਂ ਕੰਪਨੀਆਂ ਦਾ ਇਹ ਵਿਸ਼ਵਾਸ ਨਹੀਂ ਬੱਝਦਾ ਕਿ ਪੰਜਾਬੀ ਚੈਨਲਾਂ ਉੱਤੇ ਵਿਗਿਆਪਨ ਦਿਖਾਉਣੇ ਲਾਹੇਬੰਦੇ ਹੁੰਦੇ ਹਨ । ਇਹ ਗੱਲ ਗੌਰਤਲਬ ਹੈ ਕਿ ਲਸ਼ਕਾਰਾ ਟੈਲੀਵੀਯਨ ਲੰਡਨ ਵਿਚ ਕਾਮਯਾਬ ਨਹੀਂ ਸੀ ਹੋ ਸਕਿਆ। ਬੇਸ਼ੱਕ ਜ਼ੀ.ਟੀ.ਵੀ ਦੀ ਪੰਜਾਬੀ ਚੈਨਲ ਕਾਮਯਾਬ ਦਿਖਾਈ ਦੇ ਰਹੀ ਹੈ। ਕੁੱਝ ਚੈਨਲਾਂ ਲਾਈਵ ਟੈਲੀਫ਼ੋਨ ਕਾਲਾਂ ਰਾਹੀਂ ਵੀ ਪੈਸੇ ਕਮਾ ਰਹੀਆਂ ਹਨ ਪਰ ਇਹ ਚਿਰਜੀਵਿਆ ਹੱਲ ਨਹੀਂ ਹੈ ਕਿਉਂਕਿ ਕਾਲਰਾਂ ਵਾਸਤੇ ਇਹ ਕਾਲਾਂ ਬਹੁਤ ਮਹਿੰਗਿੀਆਂ ਪੈਂਦੀਆਂ ਹਨ ਤੇ ਉਹ ਹੌਲ਼ੀ ਹੌਲ਼ੀ ਇਨਾਂ੍ਹ ਤੋਂ ਪਿਛਾਂਹ ਹਟ ਸਕਦੇ ਹਨ।

ਇਹ ਗੱਲ ਵੀ ਕਹਿਣੀ ਬਣਦੀ ਹੈ ਕਿ ਕੁਝ ਪੰਜਾਬੀ ਲੋਕ ਕੁਝ ਪੰਜਾਬੀ ਚੈਨਲਾਂ ਉਤੇ ਭੰਗੜਾ ਸਟਾਈਲ ਗੀਤਾਂ ਤੇ ਉਨ੍ਹਾਂ ਉੱਤੇ ਫਿਲਮਾਈਆਂ ਗਈਆਂ ਫਿਲਮਾਂ ਤੋਂ ਵੀ ਪ੍ਰੇਸ਼ਾਨ ਹਨ । ਉਨ੍ਹਾਂ ਦਾ ਮੱਤ ਹੈ ਕਿ ਪੰਜਾਬੀ ਗੀਤਾਂ ਉੱਤੇ ਫਿਲਮਾਏ ਗਏ ਕੁੱਝ ਸੀਨ ਪੰਜਾਬੀਅਤ ਦੀ ਪ੍ਰਤੀਨਿਧਤਾ ਨਹੀਂ ਜੇ ਕਰਦੇ ਤੇ ਪੰਜਾਬੀਆਂ ਦੇ ਇੱਮੇਜ ਨੂੰ ਅਸ਼ਲੀਲ ਢੰਗ ਨਾਲ ਪੇਸ਼ ਕਰਦੇ ਹਨ ਤੇ ਪੰਜਾਬੀਆਂ ਨੂੰ ਸਿਰਫ ਨੱਚਣ ਕੁੱਦਣ ਵਾਲੇ ਲੋਕ ਹੀ ਵਿਖਾਉਂਦੇ ਹਨ । ਕਈ ਲੋਕ ਖੁੱਲਮ ਖੁੱਲ੍ਹਾ ਕਹਿਣ ਲੱਗ ਪਏ ਹਨ ਕਿ ਅਜਿਹੇ ਸੀਨ ਪੰਜਾਬੀ ਸਭਿਆਚਾਰ ਦੇ ਭਵਿੱਖ ਨੂੰ ਗੰਧਲਾ ਕਰਨ ਵਿਚ ਸਹਾਈ ਹੋ ਰਹੇ ਹਨ ।

ਜਿੱਥੇ ਮੈਂ ਉੱਪਰ ਪੰਜਾਬੀ ਟੈਲੀਵੀਯਨ ਨੂੰ ਮਹਿੰਗਿਆਂ ਕਿਹਾ ਹੈ ਉੱਥੇ ਇਹ ਗੱਲ ਵੀ ਯਕੀਨਨ ਕਹਿਣੀ ਪਵੇਗੀ ਕਿ ਇਸ ਮਾਧਿਅਮ ਤੋਂ ਬਹੁਤੀ ਦੇਰ ਤੀਕ ਪਰ੍ਹਾਂ ਬੈਠੇ ਰਹਿਣਾ ਵੀ ਖ਼ਤਰਨਾਕ ਹੋਵੇਗਾ । ਸਮਂੇ ਨਾਲ ਹਮਕਦਮ ਹੋਣਾ ਪੰਜਾਬੀ ਜ਼ਬਾਨ ਲਈ ਬਹੁਤ ਜ਼ਰੂਰੀ ਹੈ।

ਟੈਲੀਵੀਯਨ ਤੋਂ ਘੱਟ ਖ਼ਰਚ ਵਾਲਾ ਬ੍ਰਾਡਕਾਸਟਿੰਗ ਮੀਡੀਆ ਰੇਡੀਓ ਵਾਲਾ ਹੈ । ਇੰਗਲੈਂਡ ਵਿੱਚ ਔਫਕੌਮ (ਪਹਿਲਾਂ ਇਸਨੂੰ ਰੇਡੀਓ ਲਾਈਸੈਂਸਿੰਗ ਅਥੌਰਿਟੀ ਕਿਹਾ ਜਾਂਦਾ ਸੀ) ਦਾ ਸਰਕਾਰੀ ਅਦਾਰਾ ਗਿਣੇ ਚੁਣੇ ਲਾਈਸੈਂਸ ਹੀ ਦਿੰਦਾ ਹੈ । ਕਈ ਰੇਡੀਓ ਸਟੇਸ਼ਨ ਇਸੇ ਕਰਕੇ ਹੀ ਐਸਟਰਾ ਸੈਟੇਲਾਈਟ ਜਾਂ ਸਕਾਈ ਸੈਟੇਲਾਈਟ ਰਾਹੀਂ ਰੇਡੀਓ ਚਲਾ ਰਹੇ ਹਨ । ਕਈ ਕੇਬਲ ਰਾਹੀਂ ਵੀ ਇੰਝ ਕਰ ਰਹੇ ਹਨ। ਸੈਟੇਲਾਂਈਟ ਦਾ ਲਾਈਸੈਂਸ ਛੇਤੀਂ ਮਿਲ਼ ਜਾਂਦਾ ਹੈ। ਸੈਟੇਲਾਈਟ ਰਾਹੀਂ ਚੱਲਣ ਵਾਲ਼ੇ ਰੇਡੀਓਜ਼ ਨੂੰ ਕੇਵਲ ਟੈਲੀਵੀਯਨ ਸੈੱਟ ਰਾਹੀਂ ਹੀ ਸੁਣਿਆ ਜਾ ਸਕਦਾ ਹੈ। ਪੰਜਾਬ ਰੇਡੀਓ (ਇਸ ਨੂੰ ਡੈਬ ‘ਤੇ ਵੀ ਸੁਣਿਆਂ ਜਾ ਸਕਦਾ ਹੈ), ਅਕਾਸ਼ ਰੇਡੀਓ, ਰਾਜ ਰੇਡੀਓ, ਏਸ਼ੀਅਨ ਗੋਲਡ ਰੇਡੀਓ, ਅੰਮ੍ਰਿਤ ਬਾਣੀ ਰੇਡੀਓ, ਸੁੱਖ ਸਾਗਰ ਰੇਡੀਓ ਅਤੇ ਯਾਰ ਰੇਡੀਓ ਅਜਿਹੇ ਹੀ ਰੇਡੀਓ ਸਟੇਸ਼ਨ ਹਨ । ਇਹ ਰੇਡੀਓ ਘਰਾਂ ਅਤੇ ਕਾਰਾਂ ਦੇ ਪ੍ਰਸਾਰਨ-ਯੰਤਰਾਂ ਉੱਤੇ ਨਹੀਂ ਆਉਂਦੇ । ਇੰਗਲੈਂਡ ‘ਚ ਪ੍ਰਸਾਰਨ ਦੇ ਖ਼ੇਤਰ ਵਿਚ ਪਹਿਲ-ਕਦਮੀ ਸੰਨਰਾਈਜ਼ ਰੇਡੀਓ ਨੇ ਕੀਤੀ ਸੀ । ਇਹ ਪਹਿਲਾ ਆਜ਼ਾਦ ਏਸ਼ੀਅਨ ਰੇਡੀਓ ਸਟੇਸ਼ਨ ਸੀ ਜਿਸਦੇ ਆਗਮਨ ਨੇ ਏਸ਼ੀਅਨ ਲੋਕਾਂ ‘ਚ ਵਾਹਵਾ ਤਰਥੱਲੀ ਮਚਾ ਦਿੱਤੀ ਸੀ । ਇਨ੍ਹਾਂ ਸਤਰਾਂ ਦਾ ਲੇਖਕ ਪਹਿਲਾ ਪੰਜਾਬੀ ਲੇਖਕ ਤੇ ਬ੍ਰਾਡਕਾਸਟਰ ਸੀ ਜਿਸਨੇ ਇਸ ਸਟੇਸ਼ਨ ਉੱਤੇ ਅੱਜ ਤੋਂ 16/17 ਵਰ੍ਹੇ ਪਹਿਲਾਂ ਪੰਜਾਬੀ ਵਿੱਚ ਖ਼ਬਰਾਂ ਦੇਣੀਆਂ ਸ਼ੁਰੂ ਕੀਤੀਆਂ ਸਨ ਤੇ ਇਸਦਾ ਨੀਊਜ਼ ਐਡੀਟਰ, ਡਿਸਕਸ਼ਨ ਹੋਸਟ ਤੇ ਪ੍ਰੈਜ਼ੈਂਟਰ ਵੀ ਰਿਹਾ । ਅੱਜਕਲ੍ਹ ਉਹ ਇਸੇ ਕੰਪਣੀ ਦੇ ਕਿਸਮਤ ਰੇਡੀਓ ‘ਤੇ ਡਿਸਕਸ਼ਨ ਹੋਸਟ ਹੈ । ਸੰਨਰਾਈਜ਼ ਰੇਡੀਓ ਬਰਤਾਨੀਆ ਦੇ ਅਨੇਕਾਂ ਸ਼ਹਿਰਾਂ ਵਿੱਚ ਸੁਣਿਆ ਜਾ ਸਕਦਾ ਹੈ । ਸੈਟੇਲਾਈਟ ਰਾਹੀਂ ਇਸਨੂੰ ਸਾਰੇ ਬਰਤਾਨੀਆਂ ਤੇ ਯੂਰਪ ਵਿੱਚ ਅਤੇ ਇੰਟਰਨੈਟ ਉੱਤੇ ਦੁਨੀਆ ਦੇ ਹਰ ਹਿੱਸੇ ਵਿੱਚ ਸੁਣਿਆ ਜਾ ਸਕਦਾ ਹੈ । ਇਹ ਅਦਾਰਾ ਨਹਾਇਤ ਸਫ਼ਲ ਕਿਹਾ ਜਾ ਸਕਦਾ ਹੈ । ਇਸ ਦਾ ਮਾਲਕ/ਸੰਚਾਲਕ ਡਾਕਟਰ ਅਵਤਾਰ ਲਿੱਟ ਅਨੇਕਾਂ ਹੋਰ ਰੇਡੀਓ ਸਟੇਸ਼ਨ ਵੀ ਚਲਾ ਰਿਹਾ ਹੈ। ਉਸ ਦੇ ਸ੍ਰੀ ਲੰਕਾ ਅਤੇ ਮੌਰੇਸ਼ੀਅਸ ਵਿਚ ਵੀ ਰੇਡੀਓ ਸਟੇਸ਼ਨ ਹਨ। ਅਵਟਾਰ ਲਿਟ ਦਾ ਨਾਮ ‘ਸੰਡੇ ਟਾਈਮਜ਼’ ਦੀ ਨਿਹਾਇਤ ਅਮੀਰ ਲੋਕਾਂ ਦੀ ਲਿਸਟ ਵਿਚ ਸ਼ਾਮਲ ਹੈ।

ਡਿਜਿਟਲ ਟੈਕਨੌਲੋਜੀ ਰਾਹੀਂ ਵੀ ਹੁਣ ਬ੍ਰਾਡਕਾਸਟਿੰਗ ਹੋਣ ਲੱਗ ਪਈ ਹੈ । ਧੳਭ ਉੱਤੇ ਪੰਜਾਬ ਰੇਡੀਓ, ਯਾਰ ਰੇਡੀਓ, ਸੰਨ ਰਾਈਜ਼ ਰੇਡੀਓ, ਬੀ. ਬੀ. ਸੀ ਏਸ਼ੀਅਨ ਨੈਟਵਰਕ ਆਦਿ ਨੂੰ ਸੁਣਿਆ ਜਾ ਸਕਦਾ ਹੈ । ਲਗ ਭਗ ਸਾਰੇ ਹੀ ਏਸ਼ੀਅਨ ਰੇਡੀਓ ਸਟੇਸ਼ਨ ਇੰਟਰਨੈਟ ਰਾਹੀਂ ਦੁਨੀਆਂ ਵਿਚ ਕਿਧਰੇ ਵੀ ਸੁਣੇ ਜਾ ਸਕਦੇ ਹਨ । ਧੳਭ ਸਿਸਟਮ ਹੌਲੀ ਹੌਲੀ ਅਤਿਅੰਤ ਲੋਕਪ੍ਰੀਆ ਹੋ ਜਾਵੇਗਾ ਤੇ ਹੌਲ਼ੀ ਹੌਲ਼ੀ ਵਰਤਮਾਨ ਐਨਾਲੌਗ ਸਿਸਟਮ ਖ਼ਤਮ ਹੋ ਜਾਵੇਗਾ ਬਲਕਿ ਕਹਿਣਾ ਚਾਹੀਦਾ ਹੈ ਕਿ ਇਹ ਤਕਰੀਬਨ ਖ਼ਤਮ ਹੋ ਹੀ ਗਿਆ ਹੈ। ਬ੍ਰਾਡਕਾਸਟਿੰਗ ਦੇ ਖੇਤਰ ਵਿੱਚ ਡੈਬ ਰਾਹੀਂ ਇੱਕ ਨਵਾਂ ਇਨਕਲਾਬ ਆ ਗਿਆ ਹੈ । ਇਸ ਰਾਹੀਂ ਸਰੋਤਿਆਂ ਨੂੰ ਹੋਰ ਵੀ ਵਧੇਰੇ ਚੋਣ (ਚੌਇਸ) ਦਾ ਮੌਕਾ ਮਿਲਿਆ ਹੈ । ਡੈਬ ਰਾਹੀਂ ਰੇਡੀਓ ਨੂੰ ਵਧੇਰੇ ਕਲੈਰਿਟੀ ਨਾਲ ਸੁਣਿਆ ਜਾ ਸਕਦਾ ਹੈ । ਡੈਬ ਉੱਤੇ ਆੳਂਦਾ ਹਰ ਰੇਡੀਓ ਬੜੀ ਆਸਾਨੀ ਨਾਲ ਕੈਚ ਕੀਤਾ ਜਾ ਸਕਦਾ ਹੈ । ਇਸ ਰਾਹੀਂ ਐਫ. ਐਮ ਨਾਲੋਂ ਵੱਧੀਆਂ ਰੀਸੈਪਸ਼ਨ ਆਉਂਦੀ ਹੈ । ਇਸ ਨੂੰ ੌਨੲ ਠੁੋਚਹ ਠੁਨਨਿਗ ਕਹਿੰਦੇ ਹਨ । ਅੱਜਕਲ੍ਹ ਜਿੱਥੇ ਫਰੀਕੁਐਂਸੀ ਦੀ ਘਾਟ ਹੋਣ ਕਰਕੇ ਬਹੁਤੇ ਲਾਈਸੈਂਸ ਨਹੀਂ ਦਿੱਤੇ ਜਾ ਸਕਦੇ ਉੱਥੇ ਡੈਬ ‘ਚ ਇਹ ਸੀਮਾ ਪਾਰ ਕਰ ਦੇਣ ਦੀ ਸਮਰਥਾ ਹੈ । ਇੰਗਲੈਂਡ ‘ਚ ਡੈਬ ਨੂੰ ਕਾਰਾਂ ਵਿੱਚ ਬਤੌਰ ਸਟੈਂਡਰਡ ਰੇਡੀਓ ਦੇ ਫਿੱਟ ਕਰਨ ਦੀ ਪਿਰਤ ਵੀ ਚੱਲ ਪਈ ਹੈ । ਬੀ.ਬੀ.ਸੀ ਦੇ ਤਕਰੀਬਨ ਸਾਰੇ ਹੀ ਰੇਡੀਓ ਸਟੇਸ਼ਨ ਡੈਬ ਉੱਤੇ ਆਉਣ ਲੱਗ ਪਏ ਹਨ । ਏਸ਼ੀਅਨ ਜਾਂ ਪੰਜਾਬੀ ਰੇਡੀਓ ਆਰਥਕ ਵਸੀਲਿਆਂ ਦੀ ਘਾਟ ਕਾਰਨ, ਕੁੱਝ ਕੁ ਨੂੰ ਛੱਡ ਕ,ੇ ਡੈਬ ਵੱਲ ਨਹੀਂ ਆ ਰਹੇ । ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸੈਟੇਲਾਈਟ ਦੀ ਸਾਲਾਨਾ ਫੀਸ ਏਨੀ ਜ਼ਿਆਦਾ ਹੈ ਕਿ ਕਈ ਰੇਡੀਓ ਸਟੇਸ਼ਨ ਆਪਣੇ ਸੀਮਤ ਬੱਜਟ ਕਾਰਨ ਤੰਗਦਸਤੀ ਵਿਚੀਂ ਗੁਜ਼ਰ ਰਹੇ ਹਨ । ਡੈਬ ਦੀ ਫੀਸ ਵੀ ਤਕੜੀ ਹੁੰਦੀ ਹੈ । ਐਸ ਵੇਲੇ ਡੈਬ ਲਾਈਸੈਂਸ ਖਾਸ ਖਾਸ ਇਲਾਕਿਆਂ ਲਈ ਖ਼ਾਸ ਖ਼ਾਸ ਰੇਡੀਓ ਸਟੇਸ਼ਨਾਂ ਨੂੰ ਹੀ ਦਿੱਤਾ ਜਾ ਰਿਹਾ ਹੈ ।

ਇੰਗਲੈਂਡ ਦੀ ਏਸ਼ੀਅਨ ਕਮੱਰਸ਼ੀਅਲ ਮਾਰਕੀਟ ਦੀ ਵੀ ਆਪਣੀ ਸੀਮਾ ਹੈ । ਏਸ਼ੀਅਨ ਬਿਜ਼ਨਸਮੈਨ ਆਪਣੇ ਪਰੋਡਕਟ ਨੂੰ ਵੱਧ ਤੋਂ ਵੱਧ ਲੋਕਾਂ ਤੀਕ ਪਹੁੰਚਾਉਣਾ ਚਾਹੁੰਦਾ ਹੁੰਦਾ ਹੈ ਪਰ ਜਦੋਂ ਉਹ ਦੇਖਦਾ ਹੈ ਕਿ ਪੰਜਾਬੀ ਰੇਡੀਓ ਸਟੇਸ਼ਨਾਂ ਦੀ ਸੀਮਾ ਬਹੁਤ ਘੱਟ ਹੈ ਤਾਂ ਉਹ ਉਨ੍ਹਾਂ ਸਟੇਸ਼ਨਾਂ ਵੱਲ ਚਲਾ ਜਾਂਦਾ ਹੈ ਜਿੱਥੇ ਉਸਨੂੰ ਜ਼ਿਆਦਾ ੲਣਪੋਸੁਰੲ ਮਿਲ ਸਕਦਾ ਹੁੰਦਾ ਹੈ। ਏਸੇ ਕਰਕੇ ਸਾਡੇ ਦੇਸੀ ਰੇਡੀਓ ਸਟੇਸ਼ਨ ਸਾਡੀ ਵਧਾਈ ਦੇ ਪਾਤਰ ਹਨ ਕਿਉਂਕਿ ਆਰਥਕ ਤੌਰ ‘ਤੇ ਕੇਵਲ ਪੰਜਾਬੀ ਵਿਚ ਹੀ ਬ੍ਰਾਡਕਾਸਟ ਕਰਨਾ ਕੋਈ ਸੌਖਾ ਕੰਮ ਨਹੀਂ ਹੈ ।

ਅਜਕਲ ਬ੍ਰਿਟਿਸ਼ ਸਰਕਾਰ ਨੇ ਕਮਿਉਨਿਟੀ ਰੇਡੀਓ ਸਟੇਸ਼ਨਾਂ ਨੂੰ ਲਾਈਸੈਂਸ ਦੇਣੇ ਸ਼ੁਰੂ ਕੀਤੇ ਹੋਏ ਹਨ । ਇਸ ਕਿਸਮ ਦੇ ਲਾਈਸੈਂਸ ਅਨੇਕਾਂ ਸ਼ਹਿਰਾਂ ਵਿੱਚ ਮਿਲੇ ਵੀ ਹੋਏ ਹਨ । ਸਾਊਥਾਲ ਦਾ ਦੇਸੀ ਰੇਡੀਓ ਇਸ ਦੀ ਇੱਕ ਮਿਸਾਲ ਹੈ ।ਇਸ ਕਿਸਮ ਦੇ ਰੇਡੀਓ ਸਟੇਸ਼ਨਾ ਦੁਆਰਾ ਏਸ਼ੀਅਨ ਭਾਈਚਾਰਾ ਆਪਣੇ ਆਲ਼ੇ ਦੁਆਲ਼ੇ ਦੀਆਂ ਸਮਾਜਕ ਅਤੇ ਸਿਆਸੀ ਪ੍ਰਸਥਿਤੀਆਂ ਵਾਰੇ ਹੋਰ ਵੀ ਸੁਚੇਤ ਹੋ ਜਾਇਆ ਕਰੇਗਾ।

ਬੇਸ਼ੱਕ ਸਾਡੇ ਬਹੁਤੇ ਰੇਡੀਓ ਸਟੇਸ਼ਨ ਗੀਤ ਸੰਗੀਤ ਵੱਲ ਵਧੇਰੇ ਧਿਆਨ ਦੇ ਰਹੇ ਹਨ ਪਰ ਹੌਲੀ ਹੌਲੀ ਇਨ੍ਹਾਂ ‘ਤੇ ਡਿਸਕਸ਼ਨ ਪ੍ਰੋਗਰਾਮ ਵੀ ਹੋਣ ਲੱਗ ਪਏ ਹਨ । ਖ਼ਬਰਾਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਇਹ ਗੱਲ ਖ਼ੇਦ ਨਾਲ ਕਹਿਣੀ ਪੈ ਰਹੀ ਹੈ ਕਿ ਕੁਝ ਕੁ ਦੀਆਂ ਖ਼ਬਰਾਂ ਅਤੇ ਬਹਿਸਾਂ ਦਾ ਧੁਰਾ ਆਮ ਕਰਕੇ ਭਾਰਤ ਅਤੇ ਪੰਜਾਬ ਦੀ ਸਿਆਸਤ ਨਾਲ ਹੀ ਬੱਝਾ ਰਹਿੰਦਾ ਹੈ । ਅਗਰ ਕੁਝ ਕੁ ਪੇਸ਼ਕਾਰ ਇਥੇ ਦਰਪੇਸ਼ ਆਉਂਦੀਆਂ ਸਮੱਸਿਅਵਾਂ ਦੀ ਗੱਲ ਕਰਦੇ ਵੀ ਹਨ ਤਾਂ ਉਨ੍ਹਾਂ ਦੀ ਸੀਮਤ ਜਾਣਕਾਰੀ ਲੁਕੀ ਛਿਪੀ ਨਹੀਂ ਰਹਿੰਦੀ। ਡਿਸਕਸ਼ਨ ਪਰੋਗਰਾਮ ਕਰਨ ਵਾਸਤੇ ਬਹੁਤ ਅਧਿਅਨ ਦੀ ਲੋੜ ਹੁੰਦੀ ਹੈ ਤੇ ਪੁਲੀਟੀਕਲ ਤੇ ਸੋਸ਼ਲ ਖ਼ਬਰਾਂ ਤੋਂ ਬਹੁਤ ਸੁਚੇਤ ਹੋਣਾ ਜ਼ਰੂਰੀ ਹੈ। ਬਹੁਤ ਸਾਰੇ ਪੰਜਾਬੀ ਸਟੇਸ਼ਨਾਂ ਦੀ ਆਮਦਨ ਦਾ ਸਾਧਨ ਧਾਰਮਕ ਪ੍ਰੋਗਰਾਮਾਂ ਦਾ ਪ੍ਰਸਾਰਨ ਹੈ । ਆਪਣੇ ਆਪ ‘ਚ ਇਹ ਪ੍ਰਸਾਰਨ ਵਧੀਆਂ ਗੱਲ ਹੈ ਪਰ ਰੇਡੀਓ ਦੇ ਮਾਧਿਅਮ ਨੂੰ ਵਧੇਰੇ ਪ੍ਰਫ਼ੁੱਲਤ ਤੇ ਸਾਰਥਕ ਬਨਾਉਣ ਲਈ ਇਹ ਜ਼ਰੂਰੀ ਹੈ ਕਿ ਧਰਮ ਤੋਂ ਬਾਹਰ ਦੇ ਵਿਸ਼ਿਆਂ ਵਾਰੇ ਵੀ ਦੱਬ ਕੇ ਗੱਲ ਕੀਤੀ ਜਾਵੇ ਤੇ ਆਮਦਨ ਦੇ ਹੋਰ ਵਸੀਲੇ ਵੀ ਲੱਭੇ ਜਾਣ। ਡਿਸਕਸ਼ਨ ਪੋ੍ਰਗਰਾਮਾਂ ਵਾਰੇ ਮੈਂ ਕੁਝ ਹੋਰ ਵੀ ਕਹਿਣਾ ਚਾਹਾਂਗਾ। ਕਿਸਮਤ ਰੇਡੀਓ ਉੱਤੇ ਮੇਰੇ ਵਲੋਂ ਕੀਤੀ ਜਾਂਦੀ ਬਹਿਸ ਭਾਵੇਂ ਮਲਟੀਲਿੰਗੂਅਲ ਹੈ ਪਰ ਪਿਛਲੇ ਲਗਭਗ ਵੀਹਾਂ ਸਾਲਾਂ ਦੇ ਪ੍ਰਸਾਰਨ-ਪ੍ਰਯੋਗ ਤੋਂ ਮੈਂ ਇਹ ਗੱਲ ਸਿੱਖੀ ਹੈ ਕਿ ਜਦੋਂ ਤੁਸੀਂ ਸਰੋਤਿਆਂ ਨੂੰ ਸੋਚਣ ਵਾਲੇ ਤੇ ਦਿਮਾਗੀ (ਇੰਟਲੈਕਚੂਅਲ) ਕਿਸਮ ਦੇ ਵਿਸ਼ੇ ਦਿੰਦੇ ਹੋ ਤਾਂ ਉਹ ਹੌਲੀ ਹੌਲੀ ਸਿਆਣੀਆਂ ਗੱਲਾਂ ਵੀ ਕਰਨ ਲੱਗ ਪੈਂਦੇ ਹਨ । ਮੈਂ ਨਿਰੋਲ ਪੰਜਾਬੀ ਵਿਚ ਵੀ ਇੰਟਲੈਕਚੁਅਲ ਵਿਸ਼ੇ ਲਿਆ ਕੇ ਵੇਖੇ ਹਨ। ਲੋਕਾਂ ਨੂੰ ਸਿਆਣੀਆਂ ਗੱਲਾਂ ਕਰਨ ਵਲ ਹਰਗ਼ਿਜ਼ ਪਰੇਰਿਆ ਜਾ ਸਕਦਾ ਹੈ। ਇਹ ਮੇਰਾ ਵਿਸ਼ਵਾਸ ਵੀ ਹੈ ਤੇ ਤਜਰਬਾ ਵੀ ਹੈ। ਰੇਡੀਓ ਉੱਤੇ ਫਜ਼ੂਲ ਤੇ ਵਾਧੂ ਕਿਸਮ ਦੀਆਂ ਗੱਲਾਂ ਕਰਨ ਤੋਂ ਰੋਕਣਾ ਤਾਂ ਪਰਿਜ਼ੈਂਟਰ ਦੀ ਆਪਣੀ ਲਿਆਕਤ ‘ਤੇ ਹੀ ਮੁਨੱਅਸਰ ਕਰਦਾ ਹੈ ਪਰ ਸਰੋਤਿਆਂ ਨੂੰ ਸਹੀ ਬਹਿਸ ਕਰਨ ਲਈ ਸ਼ਿਖਸ਼ਤ ਕਰਨਾ ਵੀ ਪ੍ਰੀਜ਼ੈਂਟਰ ਦੀ ਜ਼ੁੰਮੇਵਾਰੀ ਹੁੰਦੀ ਹੈ ।

ਪੇਪਰ ਮੀਡੀਆ ਦੀ ਆਪਣੀ ਸੀਮਾ ਹੈ। ਕਿਤਾਬਾਂ ਅਖ਼ਬਾਰਾਂ ਜਾਂ ਮੈਗਜ਼ੀਨ ਪੜ੍ਹਨ ਲਈ ਕਿਸੇ ਲਿੱਪੀ ਦਾ ਆਉਣਾ ਜ਼ਰੂਰੀ ਹੈ ਪਰ ਰੇਡੀਓ ਸੁਨਣ ਲਈ ਸਿਰਫ ਕੰਨਾਂ ਤੇ ਸੁਨਣ-ਸ਼ਕਤੀ ਨੂੰ ਹੀ ਸੁਚੇਤ ਕਰਨ ਦੀ ਲੋੜ ਹੁੰਦੀ ਹੈ।ਇਸੇ ਲਈ ਰੇਡੀਓ ਉਤੇ ਕੰਮ ਕਰਦੇ ਲੋਕ ਇਕ ਦਮ ਬਹੁ ਚਰਚਿਤ ਹੋ ਜਾਂਦੇ ਹਨ।

ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਪੰਜਾਬੀ ਦੇ ਬਹੁਤ ਸਾਰੇ ਲੇਖਕ ਬ੍ਰਾਡਕਾਸਟਿੰਗ ਦੀ ਸ਼ਕਤੀ ਤੋਂ ਅਣਜਾਣ ਹਨ । ਕਈ ਤਾਂ ਰੇਡੀਓ ਉੱਤੇ ਆਉਣੋਂ ਬਹੁਤ ਝਿੱਜਕਦੇ ਹਨ । ਜਿੱਥੇ ਕਵੀ ਦਰਬਾਰਾਂ ਤੇ ਪੰਜਾਬੀ ਸਾਹਿਤਕ ਕਾਨਫ਼ਰੰਸਾਂ ਵਿੱਚ ਸਰੋਤਿਆਂ ਦੀ ਹਾਜ਼ਰੀ ਦਿਨੋ ਦਿਨ ਘਟ ਰਹੀ ਹੈ ਉੱਥੇ ਇਹ ਗੱਲ ਮੈਂ ਤਜਰਬੇ ਤੋਂ ਕਹਿ ਸਕਦਾ ਹਾਂ ਕਿ ਰੇਡੀਓ ਸਟੇਸ਼ਨਾਂ ਤੋਂ ਪ੍ਰਸਾਰਤ ਹੁੰਦੇ ਕਵਿਤਾ ਪਾਠ ਜਾਂ ਸਾਹਿਤਕ ਗੱਲ ਸੁਨਣ ਵਾਲੇ ਸਰੋਤਿਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ । ਇਸਦਾ ਫਾਇਦਾ ਇਹ ਹੋ ਰਿਹਾ ਹੈ ਕਿ ਇਸ ਗਿਣਤੀ ‘ਚ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਗੁਰਮੁਖੀ ਜਾਂ ਫਾਰਸੀ ਲਿੱਪੀ ਤੋਂ ਅਣਜਾਣ ਹਨ ।

ਭਾਵੇਂ ਪੇਪਰ ਮੀਡੀਆ ਬੇਸ਼ੱਕ ਹਮੇਸ਼ਾ ਸੁਰਜੀਤ ਰਹੇਗਾ ਪਰ ਇਲੈਕਟ੍ਰੌਨਿਕ ਮੀਡੀਆ ਦੀ ਲੋਕ-ਪ੍ਰੀਅਤਾ ਵੀ ਦਿਨੋ ਦਿਨ ਵਧ ਰਹੀ ਹੈ। ਇਲੈਕਟਰੌਨਿਕ ਮਾਧਿਅਮ ਰਾਹੀਂ ਹੁਣ ਕਈ ਖ਼ਬਰਨਾਮੇ/ਮੈਗ਼ਜ਼ੀਨ ਆਦਿ ਚਲ ਪਏ ਹਨ। ਕੰਪਿਊਟਰ ਰਾਹੀਂ ਗੁਰਮੁਖੀ ਲਿੱਪੀ ਦੀ ਅੱਖਰਮਾਲਾ ਨੇ ਇਲੈਕਟਰੌਨਿੱਕ ਦੇ ਬੂਹੇ ਖੋਲ੍ਹ ਦਿੱਤੇ ਹਨ । ਐਪਲ, ਆਈ.ਬੀ.ਐਮ, ਮਾਈਕਰੋਸੌਫਟ ਵਿੰਡੋਜ਼ ‘ਚੋਂ ਗੁਜ਼ਰਦਾ ਹੋਇਆ ਅੱਜ ਦਾ ਕੰਪਿਊਟਰ ਇਸ ਸਟੇਜ ਉੱਤੇ ਪਹੁੰਚ ਗਿਆ ਹੈ ਕਿ ਪੰਜਾਬੀ ਅੱਖਰਮਾਲਾ ਨੂੰ ਸਟੈਂਡਰਡਾਈਜ਼ ਕੀਤਾ ਜਾ ਸਕੇ । ਡਾਕਟਰ ਕੁਲਬੀਰ ਸਿੰਘ ਥਿੰਦ ਨੇ ਅੱਖਰਮਾਲਾ ਦੀ ਸੰਪੂਰਨਤਾ ਵਲ ਠੋਸ ਕਦਮ ਚੁੱਕੇ ਹਨ । ਏਸ ਸਿਲਸਲੇ ਵਿਚ ਜਨਮੇਜਾ ਸਿੰਘ ਜੌਹਲ ਨੇ ਵੀ ਬਹੁਤ ਕੰਮ ਕੀਤਾ ਹੈ । ਹੋਰ ਦੋਸਤਾਂ ਦੇ ਕੰਮਾਂ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ਵਿਦੇਸ਼ਾਂ ਵਿੱਚ ਖ਼ਾਸ ਕਰਕੇ ਇੰਗਲੈਂਡ ਵਿਚ ਬਲਦੇਵ ਕੰਦੋਲਾ ਦਾ ਉਦੱਮ ਵੀ ਸਲਾਹੁਣਯੋਗ ਹੈ। ਪਰ ਕਈਆਂ ਵਿਦਵਾਨਾਂ ਵਲੋਂ ਅਣਥੱਕ ਕੀਤੇ ਜਾ ਰਹੇ ਯਤਨਾਂ ਦੇ ਬਾਵਯੂਦ ਵੀ ਪੰਜਾਬੀ ਜ਼ਬਾਨ ਵਿਗਿਆਨ ਟੈਕਨੌਲੋਜੀ ਤੋਂ ਵਾਂਝਿਆਂ ਰਹਿ ਰਹੀ ਹੈ।

ਦੁਨੀਆਂ ਦੀਆਂ ਅਨੇਕਾ ਘਟਨਾਵਾਂ ਲੋਕਾਂ ਸਾਹਮਣੇ ਲਿਆਉਣ ਲਈ ਬ੍ਰਾਡਕਾਸਟਿੰਗ ਮੀਡੀਆ ਇੱਕ ਵਿਸ਼ੇਸ਼ ਰੋਲ ਅਦਾਅ ਕਰ ਸਕਦਾ ਹੈ । ਮਿਸਾਲ ਵਜੋਂ 2004 ਦੀ ਸੁਨਾਮੀ ਘਟਨਾ ਹੀ ਲਈ ਜਾ ਸਕਦੀ ਹੈ । ਇਹ ਬ੍ਰਾਡਕਾਸਟਿੰਗ ਅਤੇ ਇਲੈਕਟਰੌਨਿਕ ਮੀਡੀਆ ਹੀ ਸੀ ਜਿਸਨੇ ਸੱਭ ਤੋਂ ਪਹਿਲਾਂ ਦੁਨੀਆ ਭਰ ਦੇ ਲੋਕਾਂ ਨੂੰ ਇਸ ਤ੍ਰਾਸਦੀ ਵਾਰੇ ਜਾਣੂ ਕਰਵਾਇਆ ਤੇ ਦੁਖਿਆਰਿਆਂ ਦੀ ਮਦਦ ਲਈ ਪ੍ਰੇਰਿਆ । ਏਸੇ ਤਰ੍ਹਾਂ ਪਾਕਿਸਤਾਨ ਵਿਚ ਆਏ ਭੁਚਾਲ ਵਾਰੇ ਵੀ ਕਿਹਾ ਜਾ ਸਕਦਾ ਹੈ । ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਜਨਰਲ ਸਕੱਤਰ ਕੋਫ਼ੀ ਏਨਾਨ ਦਾ ਕਹਿਣਾ ਹੈ ਕਿ ਮੀਡੀਆ ਹੀ ਸਾਡਾ ਅਜਿਹਾ ਹਥਿਆਰ/ ਮਾਧਿਅਮ ਹੈ ਜਿਹੜਾ ਵਿਸ਼ਵ ਦੇ ਆਮ ਲੋਕਾਂ ਨੂੰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ‘ਚ ਫੈਲੀਆਂ ਹੋਈਆਂ ਬੀਮਾਰੀਆਂ, ਗ਼ਰੀਬੀ, ਭੁੱਖ ਨੰਗ ਅਤੇ ਵਾਤਾਵਰਨ ਦੇ ਨਿਘਾਰ ਵਾਰੇ ਸੁਚੇਤ ਕਰਨ ਦੇ ਕਾਬਲ ਹੈ ।

ਦਸੰਬਰ 2003 ‘ਚ ਵਰਲਡ ਇਲੈਕਟਰੌਨਿਕ ਮੀਡੀਆ ਫ਼ੋਰਮ ਦੀ ਪਹਿਲੀ ਕਾਨਫ਼ਰੰਸ ਹੋਈ ਸੀ ਜਿਸ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਸੀ ਕਿ ਬ੍ਰਾਡਕਾਸਟਿੰਗ ਮੀਡੀਆ ਨਾਲ ਸੰਬੱਧਤ ਲੋਕਾਂ ਉੱਤੇ ਇਸ ਗੱਲ ਦੀ ਬਹੁਤ ਵੱਡੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਦੁਨੀਆਂ ਭਰ ਦੇ ਲੋਕਾਂ ਵਿਚਕਾਰ ਸਭਿਆਚਾਰਕ ਮੇਲ ਜੋਲ ਅਤੇ ਵੱਖ ਵੱਖ ਰੰਗਾਂ ਦੇ ਲੋਕਾਂ ਦੀ ਸਹਿਹੋਂਦ ਉੱਤੇ ਜ਼ੋਰ ਦੇਣ ਤੇ ਇਸ ਲੋੜ ਨੂੰ ਹਾਂ ਪੱਖੀ (ਪੌਜ਼ੇਟਿਵ) ਢੰਗ ਨਾਲ ਪੇਸ਼ ਕਰਨ । ਇਸ ਗੱਲ ਉੱਤੇ ਦੁਨੀਆਂ ਭਰ ਦੇ ਬੁੱਧੀਜੀਵੀ ਅਤੇ ਦਾਨਿਸ਼ਵਰਾਂ ਨੇ ਬਹਿਸਾਂ ਕੀਤੀਆਂ ਤੇ ਇਸ ਦਾ ਨਚੋੜ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸਕੱਤਰ ਜਨਰਲ ਨੂੰ ਭੇਜਿਆ। ਨਵਾਂ ਇਲੈਕਟਰੌਨਿਕ ਮੀਡੀਆ ਅਤੇ ਪੁਰਾਣਾ ਤੇ ਰਵਾਇਤੀ ਮੀਡੀਆ ਹਮਕਦਮ ਹੋ ਕੇ ਵੀ ਦੁਨੀਆਂ ਦੇ ਭਲੇ ਦੀ ਗੱਲ ਕਰ ਸਕਦੇ ਹਨ । ਰਵਾਇਤੀ ਮੀਡੀਆ ਅਜੇ ਵੀ ਨਹਾਇਤ ਲੋਕ-ਪ੍ਰੀਆ ਹੈ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਲੋਕੀਂ ਨਵੇਂ ਇਲੈਕਟਰੌਨਿਕ ਮੀਡੀਆ ਵਾਰੇ ਵਿਦੁੱਤ ਨਹੀਂ ਹਨ । ਇਸੇ ਲਈ ਇਹ ਜ਼ਰੂਰੀ ਹੈ ਕਿ ਨਵੇਂ ਇਲੈਕਟਰੌਨਿਕ ਮੀਡੀਆ ਦੇ ਜਾਣਕਾਰ ਪੁਰਾਣੇ ਰਵਾਇਤੀ ਮੀਡੀਆ ਦੇ ਜਾਣਕਾਰਾਂ ਨੂੰ ਨਾਲ ਲੈ ਕੇ ਤੁਰਨ । ਯਾਨੀ ਕਿ ਅੱਜ ਦੇ ਯੁਗ ‘ਚ ਇਹ ਜ਼ਰੂਰੀ ਹੈ ਕਿ ਮੌਡਰਨ ਮੀਡੀਆ ਟੈਕਨੌਲੋਜੀ ਨੂੰ ਸਮਝਿਆ ਜਾਵੇ ਕਿਉਂਕਿ ਮੌਡਰਨ ਮੀਡੀਆ ਅੱਜ ਦੀ ਦੁਨੀਆਂ ਨੂੰ ਘੜਨ ਵਿੱਚ ਮੂਹਰਲੀ ਕਤਾਰ ‘ਚ ਹੈ ।

ਦੁਨੀਆਂ ਦੇ ਕਿਸੇ ਹਿੱਸੇ ਵਿਚ ਵੀ ਜਾ ਕੇ ਵੇਖੀਏ ਤਾਂ ਇਹ ਪਤਾ ਲਗਦਾ ਹੈ ਕਿ ਬਰਤਾਨੀਆ ਵਰਗੀ ਟੈਲੀਵੀਯਨ ਅਤੇ ਰੇਡੀਓ ਬ੍ਰਾਡਕਾਸਟਿੰਗ ਕਿਧਰੇ ਵੀ ਨਹੀਂ ਮਿਲਦੀ ।ਬੀ.ਬੀ.ਸੀ ਹੀ ਇਹੋ ਜਿਹਾ ਇੱਕ ਪ੍ਰਸਾਰ-ਮਾਧਿਅਮ ਹੈ ਜਿਹੜਾ ਕਮੱਰਸ਼ੀਅਲ ਐਡਵਰਟਾਈਜ਼ਿੰਗ ਉੱਤੇ ਨਿਰਭਰ ਨਹੀਂ ਕਰਦਾ; ਜਿਸਦਾ ਸਿੱਧਾ ਭਾਵ ਇਹ ਹੈ ਕਿ ਇਸਦੇ ਪ੍ਰੋਗਰਾਮ ਨਾ ਸਿਰਫ ਨਿਰਵਿਘਨ ਹੀ ਰਹਿੰਦੇ ਹਨ ਸਗੋਂ ਪੱਖਪਾਤ ਤੋਂ ਵੀ ਨਿਰਲੇਪ ਰਹਿੰਦੇ ਹਨ । ਬੀ.ਬੀ.ਸੀ ਦਾ ਆਗਾਜ਼ 1922 ਵਿੱਚ ਹੋਇਆ ਸੀ । ਉਸ ਵੇਲੇ ਇਸਦਾ ਸਾਲਾਨਾ ਲਾਈਸੈਂਸ ਦਸ ਸ਼ਲਿੰਗ ਹੋਇਆ ਕਰਦਾ ਸੀ । ਅੱਜਕਲ੍ਹ ਇਹ 132 ਪੌਂਡ ਹੈ । ਇਸ ਲਾਈਸੈਂਸ ਦੇ ਪੈਸਿਆਂ ਨਾਲ ਹੀ ਇਹ ਅਦਾਰਾ ਚਲਦਾ ਹੈ । ਬੀ.ਬੀ.ਸੀ ਦੀ ਰੇਡੀਓ ਬ੍ਰਾਡਕਾਸਟਿੰਗ 1930 ਤੱਕ ਹੋਰ ਵੀ ਵਿਕਸਤ ਹੋ ਗਈ ਸੀ। ਖ਼ਾਸ ਕਰਕੇ ਜਦੋਂ ਇਸਦੇ ਰੇਡੀਓ ਸਟੇਸ਼ਨਾਂ ‘ਤੇ ਸਪੋਰਟਸ ਅਤੇ ਸਮਾਚਾਰਾਂ ਨੂੰ ਪਹਿਲ ਦਿੱਤੀ ਜਾਣ ਲੱਗੀ ।ਉਦੋਂ ਤੀਕ ਬੀ.ਬੀ.ਸੀ ਦੇ ਨਿਊਜ਼ ਬੁਲੇਟਿਨ ਉਤੇ ਏਨਾ ਯਕੀਨ ਕੀਤਾ ਜਾਣ ਲੱਗ ਪਿਆ ਸੀ ਕਿ ਇਸਦੀ ਖ਼ਬਰ ਦੇ ਗ਼ਲਤ ਹੋਣ ਦੀ ਤਬੱਕੋ ਵੀ ਨਹੀਂ ਸੀ ਕੀਤੀ ਜਾ ਸਕਦੀ । ਬੀ.ਬੀ.ਸੀ ਉਤੇ ਬੋਲੀ ਜਾਂਦੀ ਬੋਲੀ ਨੂੰ ਟਕਸਾਲੀ ਅੰਗ੍ਰੇਜ਼ੀ ਦੇ ਤੌਰ ਤੇ ਜਾਣਿਆ ਜਾਣ ਲੱਗ ਪਿਆ ਸੀ । ਇਸਨੂੰ ਕਿੰਗਜ਼ ਇੰਗਲਿਸ਼ ਵੀ ਕਿਹਾ ਜਾਂਦਾ ਸੀ । 1932 ਵਿਚ ਚੱਲੀ ਬੀ.ਬੀ.ਸੀ ਵਰਲਡ ਸਰਵਿਸ ਅਜੇ ਤੀਕ ਬਰਕਰਾਰ ਹੈ । ਬੀ ਬੀ ਸੀ ਵਰਲਡ ਸਰਵਿਸ ਅਨੇਕਾਂ ਜ਼ਬਾਨਾਂ ਵਿਚ ਪ੍ਰਸਾਰਨ ਕਰਦੀ ਹੈ ਪਰ ਪੰਜਾਬੀ ਇਸ ਵਿਚ ਸ਼ਾਮਲ ਨਹੀਂ ਹੈ। ਮੈਂ ਇਸ ਗੱਲ ਦੀ ਤਹਿ ਤੀਕ ਜਾਣ ਦੀ ਕੋਸ਼ਸ਼ ਕੀਤੀ ਤਾਂ ਪਤਾ ਚੱਲਿਆ ਕਿ ਪੰਜਾਬੀਆਂ ਵਲੋਂ ਨਾ ਤਾਂ ਇਸ ਦੀ ਕੋਈ ਖ਼ਾਸ ਡੀਮਾਂਡ ਹੀ ਆਉਂਦੀ ਹੈ ਤੇ ਨਾ ਹੀ ਕੋਈ ਸ਼ਿਕਾਇਤ। ਇਹ ਚੀਜ਼ ਪੰਜਾਬੀਆਂ ਵਲੋਂ ਆਪਣੀ ਜ਼ਬਾਨ ਦੀ ਅਣਗਹਿਲੀ ਦੀ ਇਕ ਵਧੀਆ ਉਦਾਹਰਣ ਹੈ। ਬੀ ਬੀ ਸੀ ਵਰਲ਼ਡ ਸਰਵਿਸ ਇਕ ਐਹੋ ਜਿਹਾ ਅਦਾਰਾ ਹੈ ਜਿਹੜਾ ਲਗਭਗ ਸਾਰੀ ਦੁਨੀਆਂ ਵਿਚ ਸੰਬੰਧਤ ਦੇਸ ਦੀ ਆਪਣੀ ਜ਼ਬਾਨ ਵਿਚ ਪਹੂੰਚਦਾ ਹੈ ਪਰ ਕੁਝ ਜ਼ਬਾਨਾਂ ਇਸ ਵਿਚ ਸ਼ਾਮਲ ਨਹੀਂ ਹਨ ਜਿਵੇਂ ਸਾਡੀ ਆਪਣੀ ਮਾਂ ਬੋਲੀ ਪੰਜਾਬੀ। ਕਮਾਲ ਦੀ ਗੱਲ ਤਾਂ ਇਹ ਵੀ ਹੈ ਕਿ ਇਥੇ ਪੰਜਾਬੀ ਪੇਸ਼ਕਾਰ ਵੀ ਕੰਮ ਕਰਦੇੇ ਹਨ/ਸਨ ਜਿਵੇਂ ਪ੍ਰਸਿੱਧ ਐਕਟਰ ਬਲਰਾਜ ਸਾਹਨੀ ਅਤੇ ਉਨ੍ਹਾਂ ਦੀ ਪਹਿਲੀ ਬੀਵੀ ਦਮਿਅੰਤੀ(ਦੰਮੋਂ)।

1936 ਵਿਚ ਇੰਗਲੈਂਡ ਵਿਚ ਪਹਿਲੀ ਵੇਰ ਟੈਲੀਵੀਯਨ ਦੇ ਮਾਧਿਅਮ ਦੀ ਸ਼ੁਰੂਆਤ ਹੋਈ ਜਿਹੜੀ ਦੂਜੀ ਵੱਡੀ ਜੰਗ ਦੌਰਾਨ ਗਾਹੇ ਵਗਾਹੇ ਚਲਦੀ ਰਹੀ ।ਜਰਮਨ ਫ਼ੌਜ ਅਤੇ ਏਅਰਫੋਰਸ ਨੇ ਲੰਡਨ ਦੇ ‘ਬ੍ਰਾਡਕਾਸਟਿੰਗ ਹਾਊਸ’ ਨੂੰ ਆਪਣਾ ਪਹਿਲਾ ਨਿਸ਼ਾਨਾ ਬਣਾਇਆ ਹੋਇਆ ਸੀ ।ਅਕਤੂਬਰ 1940 ਵਿਚ ਇੱਕ ਬੰਬ ਇਸ ਹਾਊਸ ਉਤੇ ਉਸ ਸਮੇਂ ਡੇਗਿਆ ਗਿਆ ਸੀ ਜਦੋਂ ਇਸਦਾ ਪਹਿਲਾ ਨਿਊਜ਼ਕਾਸਟਰ ਬਰੂਸ ਬੈਲਫ਼ਰੇਜ਼ ਖ਼ਬਰਾਂ ਪੜ੍ਹ ਰਿਹਾ ਸੀ ।

ਦੂਜੀ ਆਲਮੀ ਜੰਗ ਤੋਂ ਬਾਅਦ 1950 ਤੀਕ ਬੀ.ਬੀ.ਸੀ ਟੈਲੀਵੀਯਨ ਛੱਤੀ ਘੰਟੇ ਪ੍ਰਤੀ ਹਫ਼ਤਾ ਬ੍ਰਾਡਕਾਸਟਿੰਗ ਕਰਨ ਲੱਗ ਪਿਆ ਸੀ ਪਰ ਮਹਾਂਰਾਣੀ ਅਲਿਜ਼ਾਬੈੱਥ ਦੀ 1953 ‘ਚ ਹੋਈ ਤਾਜਪੋਸ਼ੀ ਦੇ ਪ੍ਰੋਗਰਾਮਾਂ ਨੇ ਬੀ.ਬੀ.ਸੀ ਨੂੰ ਬਹੁਤ ਲੋਕ ਪ੍ਰੀਆ ਬਣਾ ਦਿੱਤਾ । ਏਸ ਸਮਾਗ਼ਮ ਨੂੰ ਬੀ.ਬੀ.ਸੀ ਨੇ ਪਹਿਲੀ ਵੇਰ ਜ਼ਿੰਦਾ (ਲਾਈਵ) ਬ੍ਰਾਡਕਾਸਟ ਕੀਤਾ ਸੀ ।

1955 ‘ਚ ਬਰਤਾਨੀਆਂ ਦੀਆਂ ਆਜ਼ਾਦ ਬ੍ਰਾਡਕਾਸਟਿੰਗ ਕੰਪਣੀਆਂ ਨੇ ਬੀ.ਬੀ.ਸੀ ਨੂੰ ਮੁਕਾਬਲੇ ਲਈ ਵੰਗਾਰਿਆ । ਸਰਕਾਰ ਨੇ ਇੱਕ ਇੰਡੀਪੈਂਡੈਟ ਟੈਲੀਵੀਯਨ ਕੰਪਣੀ ਨੂੰ ਬਰਾਡਕਾਸਟਿੰਗ ਲਾਈਸੈਂਸ ਦੇ ਦਿੱਤਾ । ਇਹ ਅਤੇ ਹੋਰ ਅਦਾਰੇ ਅੱਜ ਤੀਕ ਵੱਖ ਵੱਖ ਚੈਨਲਾਂ ਚਲਾ ਰਹੇ ਹਨ । ਜਿੱਥੇ ਬੀ.ਬੀ.ਸੀ ਟੈਲੀਵੀਯਨ ਲੋਕਾਂ ਤੋਂ ਲਈ ਹੋਈ ਲਾਈਸੈਂਸ ਫੀਸ ਨਾਲ ਚਲਦਾ ਹੈ ਉੱਥੇ ਆਜ਼ਾਦ ਟੈਲੀਵੀਯਨ ਕੰਪਣੀਆਂ ਕਮੱਰਸ਼ੀਅਲ ਵਿਗਿਆਪਨਾਂ ਦੁਆਰਾ ਚਲਦੀਆਂ ਹਨ । ਏਸੇ ਤਰ੍ਹਾਂ ਹੀ ਇੰਗਲੈਂਡ ‘ਚ ਸੈਂਕੜੇ ਹੀ ਰੇਡੀਓ ਸਟੇਸ਼ਨ ਐਡਵਰਟਾਈਜ਼ਿੰਗ ਦੇ ਸਹਾਰੇ ਚਲਦੇ ਹਨ ਜਿਨ੍ਹਾਂ ਵਿੱਚ ਏਸ਼ੀਅਨ ਰੇਡੀਓ ਸਟੇਸ਼ਨ ਵੀ ਸ਼ਾਮਲ ਹਨ । ਏਸ਼ੀਅਨ ਰੇਡੀਓ ਸਟੇਸ਼ਨਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਮਲਕੀਅਤ ਹੇਠ ਹੈ।

ਲੰਡਨ ਦਾ ਸੰਨਰਾਈਜ਼ ਰੇਡੀਓ ਇੰਡੀਪੈਂਡੈਂਟ ਏਸ਼ੀਅਨ ਰੇਡੀਓ ਬ੍ਰਾਡਕਾਸਟਿੰਗ ਦਾ ਮੋਢੀ ਕਿਹਾ ਜਾ ਸਕਦਾ ਹੈ ਬਲਕਿ ਸੱਚ ਤਾਂ ਇਹ ਹੈ ਕਿ ਇਹ ਇੱਕ ਇਹੋ ਜਿਹਾ ਸਟੇਸ਼ਨ ਹੈ ਜਿਸਨੂੰ ਸੱਭ ਤੋਂ ਵੱਡਾ,ਪਹਿਲਾ ਆਜ਼ਾਦ, ਬਹੁਭਾਸ਼ੀ ਅਤੇ ਬਹੁਪੱਖੀ ਰੇਡੀਓ ਕਿਹਾ ਜਾ ਸਕਦਾ ਹੈ। ਅੱਜਕਲ ਸੰਨਰਾਈਜ਼ ਰੇਡੀਓ,ੇ ਕਿਸਮਤ ਰੇਡੀਓ ਅਤੇ ਯਾਰ ਰੇਡੀਓ ਇਕੋ ਹੀ ਬਿਲਡਿੰਗ ਚੋਂ ਸਾਊਥਾਲ ਤੋਂ ਚਲਦੇ ਹਨ।ਕਲੱਬ ਏਸ਼ੀਆ,ਰੇਡੀਓ ਐਕਸ ਐਲ, ਬੀ ਬੀ ਸੀ ਰੇਡੀਓ ਨੈੱਟਵਰਕ ਤੇ ਏਸ਼ੀਅਨ ਗੋਲਡ ਆਦਿ ਦੂਸਰੇ ਬਹੁ ਭਾਸ਼ੀ ਰੇਡੀਓ ਸਟੇਸ਼ਨ ਹਨ।

ਬੀ.ਬੀ.ਸੀ ਟੀ.ਵੀ ਦੇ ਬਰਮਿੰਘਮ ਤੋਂ ਆਉਂਦੇ ਸ਼ੁਰੂ ਸ਼ੁਰੂ ਦੇ ਏਸ਼ੀਅਨ ਪ੍ਰੋਗਰਾਮਾਂ ਵਿਚ ਹਰ ਇੱਕ ਨੂੰ ਹਿੰਦੀ ਬੋਲਣ ਲਈ ਆਖਿਆ ਜਾਂਦਾ ਸੀ । ਇੱਥੋਂ ਤੱਕ ਕਿ ਸ਼ਿਵ ਕੁਮਾਰ ਤੇ ਅੰਮ੍ਰਿਤਾ ਪੀ੍ਰਤਮ ਨੂੰ ਵੀ ਹਿੰਦੀ ਵਿਚ ਹੀ ਬੋਲਣ ਲਈ ਆਖਿਆ ਗਿਆ ਸੀ । ਇਸੇ ਤਰਾ੍ਹ ਮੇਰੇ ਨਾਲ਼ ਕੀਤੀ ਗਈ ਇੰਟਰਵੀਊ ਵੇਲੇ ਵੀ ਮੇਰੇ ਮੁਲਾਕਾਤੀ ਚਮਨ ਲਾਲ ਚਮਨ ਨੇ ਕੈਮਰਾ ਰੋਲ ਹੋਣ ਤੋਂ ਪਹਿਲਾਂ ਮੈਨੂੰ ਦਸਿਆ ਸੀ ਕਿ ਮੈਂ ਹਿੰਦੀ ਵਿਚ ਹੀ ਬੋਲਾਂ। ਪਰ ਮੈਨੂੰ ਤੇ ਉਨ੍ਹਾਂ ਨੂੰ ਪਤਾ ਸੀ ਕਿ ਇਹ ਪਾਲਸੀ ਬੀ.ਬੀ.ਸੀ ਦੇ ਏਸ਼ੀਅਨ ਸੰਚਾਲਕਾਂ ਦੀ ਸੀ ਨਾ ਕਿ ਕਿਸੇ ਇੱਕ ਪੇਸ਼ਕਾਰ ਦੀ । ਉਨ੍ਹੀਂ ਦਿਨੀ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਂਦਾ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ‘ਚੋਂ ਵਾਰੀ ਵਾਰੀ ਪੇਸ਼ਕਾਰ ਲਏ ਜਾਣ । ਸੋ ਜੇ ਇੱਕ ਹਫ਼ਤੇ ਸਾਲੀਮ ਸ਼ਾਹਿਦ ਆਉਂਦਾ ਹੁੰਦਾ ਸੀ ਤਾਂ ਦੂਜੇ ਹਫ਼ਤੇ ਮਹਿੰਦਰ ਕੌਲ ਦੀ ਵਾਰੀ ਹੁੰਦੀ ਸੀ । ਵਿਚ ਵਿਚ ਦੇ ਹੋਰ ਛੋਟੇ ਮੋਟੇ ਪ੍ਰੋਗਰਾਮਾਂ ਵਿਚ ਹੋਰ ਧਰਮਾਂ ਦੇ ਪੇਸ਼ਕਾਰ ਸ਼ਾਮਲ ਹੁੰਦੇ ਸਨ । ਏਸ਼ੀਅਨ ਪ੍ਰੋਗਰਾਮਾਂ ‘ਚ ਵੱਡਾ ਇਨਕਲਾਬ ਉਦੋਂ ਆਇਆ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਟੀ.ਵੀ ਚੈਨਲਾਂ ਸੈਟੇਲਾਈਟ ਰਾਹੀਂ ਬਰਤਾਨੀਆ ਅਤੇ ਹੋਰ ਦੇਸ਼ਾਂ ਦੇ ਡਰਾਇੰਗ ਰੂਮਾਂ ਵਿਚ ਆ ਵੜੀਆਂ । ਪੰਜਾਬ ਰੇਡੀਓ, ਸੰਨਰਾਈਜ਼ ਰੇਡੀਓ, ਆਕਾਸ਼ ਰੇਦੀਓ, ਸਪੈਕਟਰਮ ਰੇਡੀਓ, ਅੰਮ੍ਰਿਤ ਬਾਣੀ ਰੇਡੀਓ, ਅਤੇ ਸੁੱਖ ਸਾਗਰ ਰੇਡੀਓ ਆਦਿ ਅਨੇਕਾਂ ਸੈਟੇਲਾਈਟ ਰੇਡੀਓ ਸਿੱਖ ਧਰਮ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕਰਦੇ ਹਨ । ਇਨ੍ਹਾਂ ਵਿਚੋਂ ਕਈ ਹੋਰ ਧਰਮਾਂ ਨੂੰ ਵੀ ਟਾਈਮ ਦਿੰਦੇ ਹਨ।

ਏਸ਼ੀਅਨ ਰੇਡੀਓ ਸਟੇਸ਼ਨਾਂ ਵਲ੍ਹੋਂ ਦਿਤੇ ਜਾਂਦੇੇ ਪੰਜਾਬੀ ਪ੍ਰੋਗਰਾਮਾਂ ਦੇ ਬੜ੍ਹਾਵੇ ਕਾਰਨ ਗੀਤ ਸੰਗੀਤ ਆਦਿ ਨੂੰ ਇੱਕ ਦਮ ਲੋਕਾਂ ਤੀਕ ਪਹੁੰਚਾਇਆ ਜਾਣ ਲੱਗ ਪਿਆ ਹੈ । ਕੁੱਝ ਕੁ ਰੇਡੀਓ ਸਟੇਸ਼ਨਾਂ ਤੇ ਵੱਜਦੇ ਇਨ੍ਹਾਂ ਗੀਤਾਂ ਦੀ ਕੁਆਲਟੀ ਉੱਤੇ ਕਦੇ ਘੱਟ ਵੱਧ ਹੀ ਵਿਚਾਰ ਕੀਤਾ ਜਾਂਦਾ ਲਗਦਾ ਹੈ । ਪੇਸ਼ਕਾਰ ਜਿੱਥੇ ਇੱਕ ਗੀਤ ਵਧੀਆਂ ਪੋਇਟਰੀ ਤੇ ਸੁਰ ਤਾਲ ਵਾਲਾ ਵਜਾ ਦਿੰਦਾ ਹੈ ਉੱਥੇ ਇੱਕ ਦਮ ਇਹੋ ਜਿਹਾ ਗੀਤ ਵੀ ਪੇਸ਼ ਕਰ ਦਿੱਤਾ ਜਾਂਦਾ ਹੈ ਜਿਹੜਾ ਨਹਾਇਤ ਲੱਚਰ ਕਿਸਮ ਦਾ ਹੁੰਦਾ ਹੈ । ਕਈਆਂ ਦੇ ਬੋਲ ਮਲਟੀਕਲਚਰਲ ਸੋਸਾਇਟੀ ਲਈ ਢੁੱਕਵੇਂ ਵੀ ਨਹੀਂ ਹੁੰਦੇ । ਕਈਆਂ ਵਿਚ ਜ਼ਾਤ ਪਾਤ ਦਾ ਜ਼ਿਕਰ ਹੁੰਦਾ ਹੈ । ਕਈਆਂ ਵਿਚ ਕਿਸੇ ਇਕ ਕੌਮ ਨੂੰ ਬਾਕੀਆਂ ਨਾਲੋਂ ਵਧੀਆ ਦਿਖਾਉਣ ਦੀ ਕੋਸ਼ਸ਼ ਹੁੰਦੀ ਹੈ ਤੇ ਕਈਆਂ ਵਿਚ ਸ਼ਰਾਬ ਤੇ ਡਰਗਜ਼ ਨੂੰ ਗਲੋਰੀਫਾਈ ਕੀਤਾ ਹੋਇਆ ਹੁੰਦਾ ਹੈ । ਕਈਆਂ ਗੀਤਾਂ ਵਿਚ ਲਿੰਗ ਵਿਤਕਰਾ ਹੁੰਦਾ ਹੈ ਭਾਵ ਜਿਨ੍ਹਾਂ ਦੇ ਪੁੱਤਰ ਹੁੰਦੇ ਹਨ ਉਹ ਕਰਮਾਂ ਵਾਲੇ ਮਾਪੇ ਦਰਸਾਏੇ ਜਾਂਦੇ ਹਨ ਤੇ ਜਿਨ੍ਹਾਂ ਦੇ ਸਿਰਫ ਧੀਆਂ ਹੁੰਦੀਆਂ ਹਨ ਉਹ ਬਦਕਿਸਮਤ ਦਿਖ਼ਾਏ ਜਾਂਦੇ ਹਨ। ਕਈਆਂ ਗੀਤਾਂ ਵਿਚ ਕੁੱਝ ਕੁ ਮਨੁੱਖੀ ਤੇ ਪਵਿਤਰ ਸਮਝੇ ਜਾਂਦੇ ਰਿਸ਼ਤਿਆਂ ਨੂੰ ਅਸ਼ਲੀਲ ਢੰਗ ਨਾਲ ਦਿਖਾਇਆ ਜਾਂਦਾ ਹੈ। ਕਈਆਂ ਵਿਚ ਬਜ਼ੁਰਗਾਂ ਦਾ ਮਜ਼ਾਕ ਉੜਾਇਆ ਜਾਂਦਾ ਹੈ ।ਜੁਆਨ ਕੁੜੀਆਂ ਕਾਮੁਕ ਰੁਚੀਆਂ ਵਾਲੀਆਂ ਅਤੇ ਇਸ਼ਕ ਵਿਚ ਅੰਨ੍ਹੀਆਂ ਹੋਈਆਂ ਦੱਸੀਆਂ ਜਾਂਦੀਆਂ ਹਨ । ਅਜਿਹੇ ਗੀਤ ਵੀ ਗਾਏ ਜਾਂਦੇ ਹਨ ਜਿਨ੍ਹਾਂ ਵਿਚ ਮਾਰ ਧਾੜ ਤੇ ਪਿਸਤੌਲ ਦੀ ਵਰਤੋਂ ਅਤੇ ਗੰਡਾਸਿਆਂ ਦਾ ਪ੍ਰਯੋਗ ਕਰਨਾ ਬਹਾਦਰੀ ਦੇ ਚਿੰਨ੍ਹ ਦੱਸੇ ਜਾਂਦੇ ਹਨ । ਪੜ੍ਹਾਈਆਂ ਲਿਖਾਈਆਂ ਨੂੰ ਛੱਡ ਕੇ ਇਸ਼ਕ ਪੇਚਿਆਂ ਦੀ ਜ਼ਿੰਦਗੀ ਉੱਤੇ ਜ਼ੋਰ ਦਿੱਤਾ ਜਾਂਦਾ ਹੈ । ਪਰਦੇਸਾਂ ਦੇ ਗੁਣ ਗਾਏ ਜਾਂਦੇ ਹਨ ਤੇ ਪੰਜਾਬ ਦੀ ਗ਼ਰੀਬੀ ਦੇ ਕੀਰਨੇ ਪਾਏ ਜਾਂਦੇ ਹਨ । ਵਰਕ ਕਲਚਰ ਦੀ ਖਿੱਲੀ ਉਡਾਈ ਜਾਂਦੀ ਹੈ । ਪੰਜਾਬੀਆਂ ਵਾਰੇ ਝੂਠੇ ਅਣਖੀ ਗੀਤ ਪੇਸ਼ ਕੀਤੇ ਜਾਂਦੇ ਹਨ । ਪੰਜਾਬੀ ਗੀਤ ਸੰਗੀਤ ਭੰਗੜੇ ਗਿੱਧੇ ਕਿਸਮ ਦੇ ਗੀਤਾਂ ਤੀਕ ਹੀ ਮਹਿਦੂਦ ਹੋ ਕੇ ਰਹਿ ਗਏ ਲਗਦੇ ਹਨ ।ਬੇਸ਼ਕ ਪਾਕਿਸਤਾਨੀ ਪੰਜਾਬ ਤੇ ਭਾਰਤੀ ਪੰਜਾਬ ਚੋਂ ਅੱਜਕਲ੍ਹ ਕੁੱਝ ਚੰਗੀ ਕਿਸਮ ਦਾ ਸੰਗੀਤ ਆ ਰਿਹਾ ਹੈ ।

ਰੇਡੀਓ ਪੇਸ਼ਕਾਰ ਆਮ ਤੌਰ ਤੇ ਆਪਣੇ ਪ੍ਰੋਗਰਾਮ ਦਾ ਐਡੀਟਰ ਵੀ ਆਪ ਹੀ ਹੁੰਦਾ ਹੈ । ਉਹ ਆਪਣੀ ਸੂਝ ਅਨੁਸਾਰ ਹੀ ਗੀਤ ਪੇਸ਼ ਕਰਦਾ ਹੈ ।ਪਰ ਏਸ਼ੀਅਨ ਰੇਡੀਓ ਸਟੇਸ਼ਨਾਂ ਦੀ ਭਰਮਾਰ ਨੇ ਅਜਿਹੇ ਪੇਸ਼ਕਾਰ ਵੀ ਪੈਦਾ ਕਰ ਦਿੱਤੇ ਹਨ ਜਿਨ੍ਹਾਂ ਦੀ ਆਪਣੀ ਬੋਲ ਚਾਲ ਤੇ ਤੱਲਫ਼ਜ਼ ਵੀ ਠੀਕ ਨਹੀਂ ਹੁੰਦਾ । ਉਹ ਗ਼ਜ਼ਲ ਨੂੰ ਗਜਲ ਕਹਿ ਰਿਹਾ ਹੁੰਦਾ ਹੈ, ਜ਼ਿਆਦਾ ਨੂੰ ਜਾਦਾ, ਖ਼ੁਦਕੁਸ਼ੀ ਨੂੰ ਖ਼ੁਦਕਸ਼ੀ, ਅਵਾਜ਼ ਨੂੰ ਅਵਾਜ, ਜਜ਼ਬਾਤ ਨੂੰ ਜਜਬਾਤ ਤੇ ਕਮੀਜ਼ ਨੂੰ ਕਮੀਚ ਆਦਿ। ਇੱਕ ਪੇਸ਼ਕਾਰ ਨੂੰ ਮੈਂ ਬਾਅਦ ਦੁਪਹਿਰ ਦਾ ਪ੍ਰੋਗਰਾਮ ਸਾਈਨ ਔਫ ਕਰਨ ਵੇਲੇ ਸ਼ੱਬਾ ਖ਼ੈਰ ਕਹਿੰਦਿਆਂ ਵੀ ਸੁਣਿਆ ਹੈ । ਬਹੁਤ ਘੱਟ ਪੰਜਾਬੀ ਪੇਸ਼ਕਾਰ ਪਰੋਫੈਸ਼ਨਾਲਿਜ਼ਮ ਦੀ ਕਸੌਟੀ ਉੱਤੇ ਪੂਰੁੇ ਉੱਤਰਦੇ ਹਨ । ਕੈਨੇਡਾ ਦੇ ਇੱਕ ਪੇਪਰ ਨੇ ਪਿੱਛੇ ਜਿਹੇ ਇੱਕ ਲੰਮਾ ਚੌੜਾ ਆਰਟੀਕਲ ਲਿਖਿਆ ਸੀ ਜਿਸਦਾ ਨਚੋੜ ਇਹੋ ਸੀ ਕਿ ਬਹੁਤੇ ਪੰਜਾਬੀ ਪੇਸ਼ਕਾਰ ਆਪਣੀ ਹੀ ਅਵਾਜ਼ ਦੇ ਸਦਕੇ ਵਾਰੀ ਜਾਂਦੇ ਰਹਿੰਦੇ ਹਨ । ਕਈਆਂ ਕੁੜੀਆਂ ਮੁੰਡਿਆਂ ਨੇ ਰੇਡੀਓ ਬ੍ਰਾਡਕਾਸਟਰ ਬਨਣ ਦੇ ਚੱਕਰ ‘ਚ ਆਪਣੇ ਘਰ ਵੀ ਪੁੱਟ ਲਏ ਹਨ । ਬਹੁਤੇ ਰੇਡੀਓ ਸਟੇਸ਼ਨ ਆਪਣੇ ਪੇਸ਼ਕਾਰਾਂ ਨੂੰ ਘੱਟ ਫ਼ੀਸ ਦਿੰਦੇ ਹਨ । ਦੂਜੇ ਪਾਸੇ ਕਈ ਰੇਡੀਓ ਸਟੇਸ਼ਨਾਂ ਵਾਲੇ ਮਸਾਂ ਗੁਜ਼ਾਰਾ ਹੀ ਕਰਦੇ ਹਨ । ਵਿਗਿਆਪਨ ਲੈਣ ਲਈ ਦੌੜ ਭੱਜ ਕਰ ਰਹੇ ਇਨ੍ਹਾਂ ਦੇ ਸੰਚਾਲਕ ਸੀਮਤ ਜਿਹੀ ਏਸ਼ੀਅਨ ਕਮੱਰਸ਼ੀਅਲ ਮਾਰਕੀਟ ‘ਚ ਇਕ ਦੂਜੇ ਤੋਂ ਅੱਗੇ ਹੋ ਹੋ ਕੇ ਰੇਟ ਘੱਟ ਦੇਣ ਤੀਕ ਚਲੇ ਜਾਂਦੇ ਹਨ। ਕੈਨੁੇਡਾ ਵਿਚ ਤਾਂ ਕਈ ਪੰਜਾਬੀ ਸਟੇਸ਼ਨ ਉਂਗਲਾਂ ਤੇ ਗਿਨਣ ਜੋਗੀ ਫਓz ੀਂੰਓ੍ਰਠੀੌਂ ਾਂਓਓ ਹੀ ਚਾਰਜ ਕਰਦੇ ਹਨ । ਜੇ ਰੇਡੀਓ ਸਟੇਸ਼ਨਾਂ ਵਾਲਿਆਂ ਨੂੰ ਆਮਦਨ ਨਹੀਂ ਹੋਵੇਗੀ ਤਾਂ ਉਹ ਪੇਸ਼ਕਾਰਾਂ ਨੂੰ ਚੰਗੀ ਫੀਸ ਕਿਥੋਂ ਦੇਣਗੇ? ਦੂਜੇ ਪਾਸੇ ਜੇ ਪੇਸ਼ਕਾਰ ਮੁਫ਼ਤ ਵਿਚ ਜਾਂ ਨਿਗੂਣੀ ਜਿਹੀ ਫੀਸ ਲੈ ਕੇ ਕੰਮ ਕਰ ਰਹੇ ਹਨ ਤਾਂ ਉਹ ਵਧੀਆ ਕੁਆਲਿਟੀ ਦਾ ਪ੍ਰੋਗਰਾਮ ਵੀ ਕਿਵੇਂ ਪੇਸ਼ ਕਰ ਸਕਦੇ ਹਨ ।ਦਰਅਸਲ ਤਾਂ ਇਹ ਪੇਸ਼ਕਾਰ ਰੋਜ਼ਗਾਰ ਲਈ ਕਿਸੇ ਹੋਰ ਥਾਂ ਹੀ ਕੰਮ ਕਰਦੇ ਹੁੰਦੇ ਹਨ । ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੀ ਦੇਰ ਤੀਕ ਬ੍ਰਾਡਕਾਸਟਿੰਗ ਵਿਚ ਪਰੋਫੈਸ਼ਨਾਲਿਜ਼ਮ ਨਹੀਂ ਆੳਂੁਦਾ ਉੱਨੀ ਦੇਰ ਤੀਕ ਪੰਜਾਬੀ ਤੇ ਹੋਰ ਏਸ਼ੀਅਨ ਜ਼ਬਾਨਾਂ ਵੀ ਤਰੱਕੀ ਵੱਲ ਨਹੀਂ ਜਾ ਸਕਦੀਆਂ । ਪਰ ਇਕ ਹੋਰ ਗੱਲ ਵੀ ਸਾਡੇ ਪੰਜਾਬੀ ਅਤੇ ਏਸ਼ੀਅਨ ਰੇਡੀਓ ਸਟੇਸ਼ਨਾਂ ਦੇ ਕਰੈਡਿਟ ਵਿਚ ਜਾਂਦੀ ਹੈ ਕਿ ਇਨਾਂ੍ਹ ਨੇ ਸਾਡੀ ਕਮਿੁਊਨਿਟੀ ਵਿਚ ਛੁਪਿਆ ਹੋਇਆ ਟੇਲੈਂਟ ਵੀ ਬਾਹਰ ਕੱਢਿਆ ਹੈ ਤੇ ਕਈਆਂ ਨੌਜਵਾਨਾ ਅਤੇ ਮੁਟਿਆਰਾਂ ਨੂੰ ਮਾਈਕਰੋਫ਼ੋਨ ਮੂਹਰੇ ਬੈਠਣ ਦਾ ਅਵਸਰ ਦਿੱਤਾ ਹੈ।

ਜਿੱਥੇ ਕੈਨੇਡਾ ਤੇ ਹੋਰ ਦੇਸ਼ਾਂ ਵਿਚ ਏਸ਼ੀਅਨ/ਪੰਜਾਬੀ ਰੇਡੀਓ ਸਟੇਸ਼ਨ ਜੱਦੀ ਅੰਗ੍ਰੇਜ਼ੀ ਰੇਡੀਓ ਸਟੇਸ਼ਨਾਂ ਤੋਂ ਬ੍ਰਾਡਕਾਸਟਿੰਗ ਟਾਈਮ ਖ਼ਰੀਦ ਕੇ ਪ੍ਰੋਗਰਾਮ ਪੇਸ਼ ਕਰਦੇ ਹਨ ਉੱਥੇ ਇੰਗਲੈਂਡ ਵਿਚ ਬਹੁਤੇ ਰੇਡੀਓ ਸਟੇਸ਼ਨ ਜ਼ਾਤੀ ਜਾਂ ਲਿਮਿਟਡ ਕੰਪਨੀਆਂ ਦੀ ਮਲਕੀਅਤ ਹੇਠ ਹਨ ਭਾਵੇਂ ਕਿ ਇਨ੍ਹਾਂ ਨੂੰ ਸਰਕਾਰ ਵਲੋਂ ਦਿੱਤੀ ਹੋਈ ਗਾਈਡ ਲਾਈਨ ਹੇਠ ਹੀ ਪ੍ਰੋਗਰਾਮ ਪੇਸ਼ ਕਰਨੇ ਪੈਂਦੇ ਹਨ । ਏਸੇ ਲਈ ਇਨ੍ਹਾਂ ਦੇ ਮਾਲਕ ਹਰ ਵੇਲੇ ਹੁਸ਼ਿਆਰ ਰਹਿੰਦੇ ਹਨ। ਇਨ੍ਹਾਂ ਰੇਡੀਓ ਸਟੇਸ਼ਨਾਂ ਦੇ ਸੰਚਾਲਕਾਂ ਦਾ ਮੁੱਦਾ ਇਸ ਕੰਮਕਾਰ ਪਿੱਛੇ ਸ਼ੋਕ ਨੂੰ ਪਾਲਣਾ ਵੀ ਹੈ ਤੇ ਵਿਉਪਾਰਕ ਤੌਰ ਤੇ ਕਾਮਯਾਬ ਹੋਣਾ ਵੀ ਹੈ ।ਇਨ੍ਹਾਂ ਵਿੱਚੋਂ ਕੁੱਝ ਰੇਡੀਓ ਸਟੇਸ਼ਨ ਵਿਉਪਾਰਕ ਤੌਰ ਤੇ ਅਤੀ ਸਫ਼ਲ ਹਨ ਤੇ ਕੁੱਝ ਕੁ ਤਕੜੇ ਸੰਘਰਸ਼ ਵਿਚੀਂ ਵੀ ਗੁਜ਼ਰ ਰਹੇ ਹਨ ।ਪੰਜਾਬੀ ਰੇਡੀਓ ਸਟੇਸ਼ਨਾਂ ਦੇ ਸੰਚਾਲਕਾਂ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ।

ਇੰਗਲੈਂਡ ਵਿਚ ਪੰਜਾਬ ਰੇਡੀਓ, ਦੇਸੀ ਰੇਡੀਓ, ਯਾਰ ਰੇਡੀਓ, ਸੁੱਖਸਾਗਰ ਰੇਡੀਓ, ਅੰਮ੍ਰਿਤ ਬਾਣੀ ਰੇਡੀਓ, ਅਕਾਸ਼ ਰੇਡੀਓ ਤੇ ਲੈਸਟਰ ਤੋਂ ਚਲਦੇ ਰਾਜ ਰੇਡੀਓ ਨੂੰ ਅਸਲ ਤੌਰ ਤੇ ਕੇਵਲ ਤੇ ਕੇਵਲ ਪੰਜਾਬੀ ਰੇਡੀਓ ਸਟੇਸ਼ਨ ਕਿਹਾ ਜਾ ਸਕਦਾ ਹੈ । ਕੁੱਝ ਰੇਡੀਓ ਸਟੇਸ਼ਨਾਂ ਦੇ ਨਾਮ ਮੇਰੇ ਜ਼ਿਹਨਵਿੱਚੋਂ ਨਿਕਲ ਗਏ ਵੀ ਹੋ ਸਕਦੇ ਹਨ । ਦੂਸਰੇ ਰੇਡੀਓ ਬਹੁ-ਭਾਸ਼ੀ ਰੇਡੀਓ ਹਨ ਜਿਨ੍ਹਾਂ ਵਿਚ ਅਕਸਰ ਹੀ ਪੰਜਾਬੀਆਂ ਤੇ ਪੰਜਾਬੀ ਦਾ ਬੋਲ ਬਾਲਾ ਹੁੰਦਾ ਹੈ । ਕਿਸਮਤ ਤੇ ਸੰਨਰਾਈਜ਼ ਰੇਡੀਓ ਅੰਗ੍ਰੇਜ਼ੀ, ਉਰਦੂ, ਹਿੰਦੀ ਤੇ ਪੰਜਾਬੀ ਤੋਂ ਇਲਾਵਾ ਦੂਜੀਆਂ ਏਸ਼ੀਅਨ ਭਾਸ਼ਾਵਾਂ ਵਿਚ ਵੀ ਬ੍ਰਾਡਕਾਸਟ ਕਰਦੇ ਹਨ । ਸਿਆਸੀ ਅਤੇ ਸਮਾਜਕ ਗੱਲਾਂ ਤੋਂ ਲੈ ਕੇ ਸਪੋਰਟਸ ਅਤੇ ਧਾਰਮਕ ਪ੍ਰੋਗਰਾਮ ਵੀ ਪੇਸ਼ ਕਰਦੇ ਹਨ । ਸੈਟੇਲਾਈਟ ਤੇ ਸੁਣੇ ਜਾ ਸਕਣ ਵਾਲੇ ਏਸ਼ੀਅਨ ਗੋਲਡ ਰੇਡੀਓ ਉੱਤੇ ਵੀ ਇਹੋ ਕੁੱਝ ਹੁੰਦਾ ਹੈ ।ਕਲੱਬ ਏਸ਼ੀਆ ਤੇ ਯਾਰ ਰੇਡੀਓ ਨਵੀਂ ਪੀੜ੍ਹੀ ਲਈ ਕੇਟਰ ਕਰਦੇ ਹਨ । ਸਪੈਕਟਰਮ ਰੇਡੀਓ ਬਹੁ-ਭਾਸ਼ੀ ਹੈ । ਰੇਡੀਓ ਐਕਸ ਐਲ ਤੇ ਬੀ.ਬੀ.ਸੀ ਏਸ਼ੀਅਨ ਨੈਟਵਰਕ ਵੀ ਇਸੇ ਸੁਰ ਦੇ ਹਨ । ਮੇਰੀ ਜਾਣਕਾਰੀ ਅਨੁਸਾਰ ਪੰਜਾਬੀ ਪਾਕਿਸਤਾਨੀਆਂ ਦਾ ਕੋਈ ਵੀ ਪੰਜਾਬੀ ਰੇਡੀਓ ਸਟੇਸ਼ਨ ਨਹੀਂ ਹੈ । ਬਹੁਤੇ ਪਾਕਿਸਤਾਨੀ ਬਹੁ-ਭਾਸ਼ੀ ਏਸ਼ੀਅਨ ਰੇਡੀਓ ਸਟੇਸ਼ਨਾਂ ਨਾਲ ਜੁੜੇ ਹੋਏ ਲਗਦੇ ਹਨ। ਬਹੁਤੇ ਪੰਜਾਬੀ ਰੇਡੀਓ ਸਟੇਸ਼ਨਾਂ ਨੂੰ ਸ਼ਾਇਦ ਉਹ ਸਿੱਖ ਧਰਮ ਨਾਲ ਜੁੜੇ ਹੋਏ ਤੇ ਭਾਰਤ-ਪੱਖੀ ਸਮਝਦੇ ਹਨ। ਪਰ ਇਹ ਕਹਿਣਾ ਵੀ ਗ਼ਲਤ ਹੋਵੇਗਾ ਕਿ ਪਾਕਿਸਤਾਨੀ ਪੰਜਾਬੀ, ਉੱਕਾ ਚੁੱਕਾ ਪੰਜਾਬੀ ਰੇਡੀਓ ਸੁਣਦੇ ਹੀ ਨਹੀਂ। ਉਪਰੋਕਤ ਦਿੱਤੇ ਨਾਵਾਂ ਤੋਂ ਇਲਾਵਾ ਏਸ਼ੀਅਨ ਸਊਂਡ ਰੇਡੀਓ ਇੰਗਲੈਂਡ ਦੇ ਨੌਰਥ ਵੈਸਟ ਨੂੰ ਕਵਰ ਕਰਦਾ ਹੈ ।ਇਸ ਉੱਤੇ ਅੰਗ੍ਰੇਜ਼ੀ, ਪੰਜਾਬੀ, ਉਰਦੂ, ਗੁਜਰਾਤੀ ਅਤੇ ਬੰਗਾਲੀ ‘ਚ ਪ੍ਰੋਗਰਾਮ ਬ੍ਰਾਡਕਾਸਟ ਕੀਤੇ ਜਾਂਦੇ ਹਨ । ਗਰੇਟਰ ਲੰਡਨ ਰੀਜਨ ਵਿਚ ਬੀ.ਬੀ.ਸੀ ਥਰੀ ਕਾਊਂਟੀਜ਼ ਰੇਡੀਓ ਬਹੁ-ਭਾਸ਼ੀ ਪ੍ਰੋਗਰਾਮ ਦਿੰਦਾ ਹੈ । ਲੈਸਟਰ ਦਾ ਸੱਬਰਸ ਰੇਡੀਓ 1990 ‘ਚ ਚੱਲਿਆ ਸੀ ਤੇ ਬਹੁ-ਭਾਸ਼ੀ ਹੈ । ਕੁੱਝ ਕੁ ਟੈਲੀਵੀਯਨ ਸਟੇਸ਼ਨ ਵੀ ਹਨ ਜਿਵੇਂ ਜ਼ੀ.ਟੀ.ਵੀ ਪੰਜਾਬੀ, ਬੀ ਫ਼ਾਰ ਯੂ, ਸੋਨੀ, ਏਰੀ, ਪੀ.ਟੀ.ਵੀ,ਐਮ ਡੀ ਟੀ ਵੀ, ਆਸਥਾ, ਐਮ.ਏ.ਟੀ.ਵੀ, ਡੀ.ਏ.ਟੀ.ਵੀ, ਸਟਾਰ ਪਲੱਸ, ਸਟਾਰ ਨਿਊਜ਼ ਆਦਿ।ਪਤਾ ਲੱਗਾ ਹੈ ਕਿ ਸਤੰਬਰ ਤੋਂ ‘ਸ਼ਾਨ ਪੰਜਾਬ ਦੀ’ ਨਾਂ ਦਾ ਇਕ ਪੰਜਾਬੀ ਚੈਨਲ ਚੱਲਣ ਲੱਗਾ ਹੈ।ਇਸੇ ਤਰਾਂ੍ਹ ਸੰਨਰਾਈਜ਼ ਰੇਡੀਓ ਵਲ੍ਹੋਂ ਵੀ ਇਕ ਸੰਨਰਾਈਜ਼ ਟੈਲਵੀਯਨ ਚਲਾਉਣ ਦੀ ਯੋਜਨਾ ਦਾ ਪਤਾ ਲੱਗਾ ਹੈ।

ਅਮਰੀਕਾ ਵਿਚ ਕੈਲੇਫ਼ੋਰਨੀਆਂ ਤੋਂ ਇਕ ਦੋ ਰੇਡੀਓ ਸਟੇਸ਼ਨ ਕਾਮਯਾਬੀ ਨਾਲ਼ ਚੱਲ ਰਹੇ ਹਨ। ਨਿਊਯੋਰਕ,ਵਾਸ਼ਿੰਗਟਨ ਅਤੇ ਕਲੀਵਲੈਂਡ ਤੋਂ ਵੀਕਐਂਡ ਤੇ ਪ੍ਰਸਾਰਨ ਹੁੰਦਾ ਹੈ।ਕੈਨੇਡਾ ਵਿਚ ਇਕਬਾਲ ਮਾਹਲ ਉਨਾਂ੍ਹ ਲੋਕਾਂ ਵਿਚੋਂ ਹਨ ਜਿੰਨ੍ਹਾਂ ਨੇ ਟਰੋਂਟੋ ਵਿਚ ਪਹਿਲੀ ਵੇਰ ਅੱਸੀਵਿਆਂ ਵਿਚ ਟੈਲੀਵੀਯਨ ਤੇ ਰੇਡੀਓ ਚਲਾਉਣ ਦਾ ਆਯੋਜਨ ਕੀਤਾ ਸੀ।ਉਨਾਂ੍ਹ ਦੀ ਪੁਸਤਕ ‘ਸੁਰਾਂ ਦੇ ਸੁਦਾਗ਼ਰ’ ਨੇ ਜਿੱਥੇ ੳਨਾਂ੍ਹ ਨੂੰ ਬਤੌਰ ਵਧੀਆ ਵਾਰਤਾਕਾਰ ਦੇ ਸਥਾਪਤ ਕੀਤਾ ਹੈ ਉਥੇ ਬ੍ਰਾਡਕਾਸਟਿੰਗ ਦੇ ਭਾਈਚਾਰੇ ਵਿਚ ੳਨੁਂਾਂ੍ਹ ਦਾ ਮਾਣ ਸਤਕਾਰ ਵਧਾਇਆ ਹੈ।ਟਰੋਂਟੋ ਵਿਚ ਕੁਲਦੀਪ ਦੀਪਕ ਇਕ ਹੋਰ ਹਸਤਾਖ਼ਰ ਹੈ ਜਿਸ ਨੇ ਨਾ ਸਿਰਫ਼ ਗਾਇਕੀ ਦੇ ਖ਼ੇਤਰ ਵਿਚ ਹੀ ਨਾਮਣਾ ਖ਼ੱਟਿਆ ਹੈ ਸਗ਼ੋਂ ਬ੍ਰਾਡਕਾਸਟਿੰਗ ਦੇ ਖ਼ੇਤਰ ਵਿਚ ਵੀ ਤਕੜਾ ਥਾਂ ਬਣਾਇਆ ਹੈ।ਪਹਿਲਾਂ ਪਹਿਲ ਇਕਬਾਲ ਮਾਹਲ ਅਤੇ ਕੁਲਦੀਪ ਦੀਪਕ ਇਕੱਠੇ ਹੀ ਟੀ ਵੀ/ਰੇਡੀਓ ਚਲਾਇਆ ਕਰਦੇ ਸਨ।ਟਰੋਂਟੋ ਤੋਂ ਇਲਾਵਾ ਵੈਨਕੂਵਰ ਤੋਂ ਵੀ ਕਈ ਰੇਡੀਓ ਤੇ ਟੀ ਵੀ ਚੈਨਲਾਂ ਚਲਦੀਆਂ ਹਨ।ਉਨ੍ਹਾਂ ਦੀ ਕੁਆਲਟੀ ਵਾਰੇ ਤਾਂ ਸ਼ਾਇਦ ਕਿੰਤੂ ਪ੍ਰੰਤੂ ਹੋ ਸਕਦਾ ਹੈ ਪਰ ਸੁਹਿਰਦਤਾ ਵਾਰੇ ਨਹੀਂ।

ਇੰਗਲੈਂਡ ਵਿਚ ਪੰਜਾਬ ਰੇਡੀਓ ਦੇ ਸੰਚਾਲਕ ਸੁਰਜੀਤ ਘੁੰਮਣ, ਸੁਖ਼ ਸਾਗ਼ਰ ਅਤੇ ਏਸ਼ੀਅਨ ਗੋਲਡ ਰੇਡੀਓ ਦੇ ਸੰਚਾਲਕ ਜ਼ੋਰਾਵਰ ਸਿੰਘ ਗਾਖ਼ਲ,ਆਕਾਸ਼ ਰੇਡੀਓ ਦੇ ਸੰਚਾਲਕ ਸੁਖ਼ਵਿੰਦਰ ਸਿੰਘ, ਰਾਜ ਰੇਡੀਓ ਦੇ ਸੰਚਾਲਕ ਡਾਕਟਰ ਚਰਨਪ੍ਰੀਤ ਸਿੰਘ ਜੌਹਲ, ਸੁਖ਼ਦੇਵ ਸਿੰਘ ਅੋਜਲਾ, ਦੇਵਿੰਦਰ ਸਿੰਘ ਢੇਸੀ ਅਤੇ ਉਨਾਂ੍ਹ ਦੇ ਸਾਰੇ ਸਾਥੀ ਅਤੇ ਹੋਰ ਰੇਡੀਓ ਸਟੇਸ਼ਨਾ ਵਾਲ਼ੇ ਬੜੀ ਮਿਹਨਤ ਕਰ ਰਹੇ ਹਨ ਤੇ ਆਪਣੀ ਆਪਣੀ ਥਾਂ ਸਫ਼ਲ ਵੀ ਹਨ।ਬਹੁਤੇ ਪ੍ਰਸਾਰਨ ਮੀਡੀਏ ਦਾ ਮਤਲਬ ਬਹੁਤਾ ਕੰਪੀਟੀਸ਼ਨ ਵੀ ਹੈ। ਕੰਪੀਟੀਸ਼ਨ ਹਮੇਸ਼ਾ ਹੀ ਸਿਹਤਮੰਦ ਹੁੰਦਾ ਹੈ।

ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇੰਗਲੈਂਡ ਵਿਚ ਏਸ਼ੀਅਨ ਰੇਡੀਓ ਦਾ ਭਵਿੱਖ ਰੌਸ਼ਨ ਹੈ ।ਬਹੁਤੇ ਪੰਜਾਬੀ ਰੇਡੀਓ ਸਟੇਸ਼ਨ ਬਹੁਤ ਕਾਮਯਾਬ ਹਨ ।ਪੰਜਾਬੀ ਟੈਲੀਵੀਯਨ ਵਾਲੇ ਵੀ ਹੌਲੀ ਹੌਲੀ ਕਾਮਯਾਬੀ ਵੱਲ ਵਧ ਰਹੇ ਹਨ।

ਮੈਂ ਇਸ ਪਰਚੇ ਵਿਚ ਪੇਪਰ ਮੀਡੀਆ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਇਹ ਵਿਸ਼ਾ ਇੱਕ ਵੱਖਰੇ ਅਤੇ ਵੱਡ-ਆਕਾਰੀ ਪਰਚੇ ਦੀ ਮੰਗ ਕਰਦਾ ਹੈ । ਪਰ ਫ਼ਿਰ ਵੀ ਇੱਥੇ ਸੰਖ਼ੇਪ ਵਿਚ ਇਸ ਦਾ ਇਤਿਹਾਸ ਦੱਸਣਾ ਜ਼ਰੂਰੀ ਹੈ। ਇੰਗਲੈਂਡ ਵਿਚ ਬਹੁਤੇ ੲੈਸ਼ੀਅਨ ਸੱਠਵਿਆਂ ਵਿਚ ਅਉਣੇ ਸ਼ੁਰੂੁ ਹੋਏ ਸਨ। ਇਨਾ੍ਹ ਨਵੇਂ ਆਇਆਂ ਵਿਚ ਪੜ੍ਹੇ ਲਿਖ਼ੇ ਤੇ ਸਾਹਿਤ ਵਿਚ ਮੱਸ ਰੱਖ਼ਣ ਵਾਲ਼ੇ ਲੋਕ ਪਰ ਖ਼ਾਸ ਕਰਕੇ ਨੌਜਵਾਨ ਵੀ ਸ਼ਾਮਲ ਸਨ। ਇਨਾਂ੍ਹ ਨੇ ਇਥੇ ਆਕੇ ਨਾ ਸਿਰਫ਼ ਸਾਹਿਤ ਸਭਾਵਾਂ ਹੀ ਬਣਾਈਆਂ ਤੇ ਲਿਖ਼ਣ ਪੜ੍ਹਨ ਵਾਲ਼ੇ ਦੋਸਤਾਂ ਨੂੰ ਇਕੱਠੇ ਹੀ ਕੀਤਾ ਸਗੋਂ ਪੰਜਾਬੀ ਵਿਚ ਅਖ਼ਬਾਰਾਂ ਅਤੇ ਮੈਗ਼ਜ਼ੀਨ ਕੱਢਣ ਦਾ ਵੀ ਉਤਸ਼ਾਹ ਦਿਖ਼ਾਇਆ। ਏਸ ਸੂਚੀ ਵਿਚ ਕੁਝ ਨਾਮ ਸ਼ਾਮਲ ਹਨ। ਜਿਹੜੇ ਨਾਮ ਮੈਂ ਭੁੱਲ ਗਿਆ ਹੋਵਾਂ ਉਨ੍ਹਾਂ ਦੇ ਪੁਰਾਣੇ ਤੇ ਨਵੇਂ ਸੰਚਾਲਕਾਂ ਤੋਂ ਮੁਆਫ਼ੀ ਮੰਗਦਾ ਹਾਂ। ਸਭ ਤੋਂ ਪਹਿਲਾ ਪੇਪਰ, ਮੇਰੀ ਜਾਣਕਾਰੀ ਅਨੁਸਾਰ, ਪਰਦੇਸੀ ਸੰਤੋਖ਼ ਧਾਲੀਵਾਲ ਅਤੇ ਸ਼ਾਥੀ ਲੁਧਿਆਣਵੀ ਵਲੋਂ ਚਲਾਇਆ ਗਿਆ ਸੀ। ਫ਼ਿਰ ਚਰਚਾ (ਵਿਸ਼ਨੂੰ ਦੱਤ ਸ਼ਰਮਾ-ਹੁਣ ਦਰਸ਼ਨ ਢਿਲੋਂ), ਦੇਸ ਪਰਦੇਸ(ਤਰਸੇਮ ਪੁਰੇਵਾਲ-ਹੁਣ ਗ਼ੁਰਬਖ਼ਸ਼ ਸਿੰਘ ਬਿਰਕ)),ਪੰਜਾਬ ਟਾਈਮਜ਼ (ਗੁਰਨਾਮ ਸਿੰਘ ਸਾਹਨੀ-ਹੁਣ ਡਰਬੀ ਦੇ ਮਿਸਟਰ ਪੁਰੇਵਾਲ), ਸੰਦੇਸ਼ ਇੰਟਰਨੈਸ਼ਨਲ (ਅਜੀਤ ਸਤਿ ਭੰਬਰਾ ਤੇ ਜੰਡਿਆਲਵੀ), ਸਵੇਰਾ(ਗੁਰਚਰਨ ਸੱਗੂ), ਸੂਰਜ (ਸਵਰਨ ਚੰਦਨ),ਪ੍ਰਵਚਨ (ਸੰਤੋਖ਼ ਧਾਲੀਵਾਲ- ਸਵਰਨ ਚੰਦਨ), ਹੁਣ(ਅਵਤਾਰ ਜੰਡਿਆਲਵੀ), ਰਣਜੀਤ(ਮੁਫ਼ਤ), ਮਨ ਜਿੱਤ(ਮੁਫ਼ਤ), ਸ਼ਬਦ (ਹਰਜੀਤ ਅਟਵਾਲ), ਪਰਦੇਸਣ, ਰਚਨਾ(ਗ ਸ ਅਜੀਬ), ਮੀਰਜ਼ਾਦਾ(ਜੀਤ), ਆਵਾਜ਼ਿ-ਕੌਮ, ਸੁਭਾਗਵਤੀ, ਰੂਪਵਤੀ (ਕੈਲਾਸ਼ ਪੁਰੀ), ਪੰਜਾਬ ਦੀ ਆਵਾਜ਼, ਪੰਜਾਬੀ ਦਰਪਨ (ਕੌਸ਼ਲ), ਪੰਜਾਬੀ ਪੋਸਟ, ਸਾਹਿਬ,ਸਿੱਖ਼ ਟਾਈਮਜ਼ ,ਪੰਜਾਬ ਇੰਟਰਨੈਸ਼ਨਲ(ਸੰਧੂ) ਆਦਿ। ਇਨਾਂ੍ਹ ਚੋਂ ਕਈੇ ਪੇਪਰ ਬੰਦ ਹੋ ਚੁੱਕੇ ਹਨ। ਕੈਨੇਡਾ ਤੇ ਅਮਰੀਕਾ ਚੋਂ ਵੀ ਅਨੇਕਾਂ ਪਰਚੇ ਨਿਕਲਦੇ ਹਨ/ਸਨ ਜਿਵੇਂ ਇੰਡੋ ਕੈਨੇਡੀਅਨ ਟਾਈਮਜ਼, ਹਮਦਰਦ, ਪੰਜ ਦਰਿਆ, ਪੰਜ ਪਾਣੀ, ਨਗ਼ਾਰਾ, ਰਣਜੀਤ, ਟ੍ਰਿਬਿਊਨ, ਟਰੋਂਟੋ ਟ੍ਰਿਬਿਊਨ, ਪੰਜਾਬ ਸਟਾਰ, ਪੰਜਾਬੀ ਪੋਸਟ, ਸਾਂਝ ਸਵੇਰਾ, ਪ੍ਰਵਾਸੀ,ਖ਼ਬਰਨਾਮਾ ਆਦਿ। ਕੁਝ ਕੁ ਦੇ ਨਾਮ ਮੈਨੂੰ ਪਤਾ ਵੀ ਨਹੀਂ ਹੋ ਸਕਦੇ। ਇਸ ਵਾਸਤੇ ਮੈਂ ਖ਼ਿਮਾ ਮੰਗਦਾ ਹਾਂ। ਇਹ ਪਰਚਾ ਮੈਂ ਆਪਣੇ ਵਲ੍ਹੋ ਪੂਰੀ ਸੁਹਿਰਦਤਾ ਨਾਲ਼ ਲਿਖ਼ਿਆ ਹੈ। ਕਮੀਆਂ ਜ਼ਰੂਰ ਰਹਿ ਗਈਆਂ ਹੋਣਗੀਆਂ। ਪਰ ਕਹਿਣਾ ਬਣਦਾ ਹੈ ਕਿ ਇਹ ਸਬਜੈਕਟ ਬਹੁਤ ਵੱਡਾ ਹੈ ਤੇ ਹੋਰ ਵੀ ਵਧੇਰੇ ਸਫ਼ਿਆਂ ਦੀ ਮੰਗ ਕਰਨ ਵਾਲ਼ਾ ਹੈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 15 ਅਗਸਤ 2006)
(ਦੂਜੀ ਵਾਰ ਜੂਨ 2022)

***
804

***