27 November 2022

“ਆਪਣੀਆਂ ਯਾਦਾਂ ਸਬੰਧੀ ਲਿਖੋ”- ਜੈਨੇਟ ਬੋਅਈ – ਡਾ: ਗੁਰਦਿਆਲ ਸਿੰਘ ਰਾਏ

“ਆਪਣੀਆਂ ਯਾਦਾਂ ਸਬੰਧੀ ਲਿਖੋ”- ਜੈਨੇਟ ਬੋਅਈ

ਡਾ: ਗੁਰਦਿਆਲ ਸਿੰਘ ਰਾਏ

ਬਰਤਾਨਵੀ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕ ਜਾਂ ਅਧਿਆਪਕਾਵਾਂ ਨੂੰ ਅਕਸਰ ਬਹੁਤ ਸਾਰੀਆਂ ਔਕੜਾਂ ਦਾ ਸਾਮਣਾ ਕਰਨਾ ਪੈਂਦਾ ਹੈ। ਇਹਨਾਂ ਵਿਚੋਂ ਸਭ ਤੋਂ ਵੱਡੀ ਔਕੜ ਉਹਨਾਂ ਨੂੰ ਆਉਂਦੀ ਹੈ ਜਿਹਨਾਂ ਪਾਸ ਕੋਈ ਪੱਕੀ ਨੌਕਰੀ ਨਹੀਂ ਹੁੰਦੀ ਜਾਂ ਜਿਹੜੇ ਹਾਲਾਂ ਸਪਲਾਈ ਟੀਚਿੰਗ ਦੇ ਤੌਰ ਤੇ ਕੰਮ ਕਰ ਰਹੇ ਹੁੰਦੇ ਹਨ। “ਸਪਲਾਈ ਟੀਚਿੰਗ” ਦੇ ਤੌਰ ਤੇ ਕੰਮ ਕਰਦਿਆਂ ਅਕਸਰ ਨਿੱਤ ਨਵੇਂ ਨਵੇਂ ਸਕੂਲਾਂ ਵਿਚ ਅਤੇ ਨਿੱਤ ਨਵੀਆਂ ਅਤੇ ਵੱਖਰੀਆਂ ਵੱਖਰੀਆਂ ਕਲਾਸਾਂ ਵਿਚ ਜਾ ਕੇ ਪੜ੍ਹਾਉਣਾ ਪੈਂਦਾ ਹੈ। ਨਿੱਤ ਨਵੀਆਂ ਨਵੀਆਂ ਕਲਾਸਾਂ ਲੈਣ ਕਾਰਨ ਅਧਿਆਪਕਾਂ ਲਈ ਅਗਾਊਂ ਪਾਠ ਦੀ ਤਿਆਰੀ ਕਰ ਸਕਣੀ ਅਸੰਭਵ ਹੁੰਦੀ ਹੈ। ਅਜਿਹੀ ਸਥਿਤੀ ਵਿਚ ਫਸੇ ਅਧਿਆਪਕ/ਅਧਿਆਪਕਾਵਾਂ ਲਈ ਇਕ ਨੇਕ ਸਲਾਹ ਦਿੱਤੀ ਗਈ ਹੈ। ਜਦੋਂ ਵੀ ਤੁਹਾਨੂੰ ਕਿਸੇ ਨਵੇਂ ਸਕੂਲ ਦੀ ਨਵੀਂ ਕਲਾਸ ਪਹਿਲੀ ਵਾਰ ਪੜ੍ਹਾਉਣ ਦਾ ਮੌਕਾ ਮਿਲੇ ਤਾਂ ਸਭ ਤੋਂ ਪਹਿਲਾਂ ਸਾਰੀ ਕਲਾਸ ਨੂੰ ਇਕ ਇਕ ਕਾਗ਼ਜ਼ ਦੇ ਕੇ ਆਖੋ: “ਲਿਖੋ।”

ਪੁੱਛ ਹੋਵੇਗੀ: “ਕਾਸ ਬਾਰੇ?”
ਜਵਾਬ ਦਿਉ: “ਆਪਣੇ ਬਾਰੇ।”
“ਆਪਣੇ ਬਾਰੇ?”
“ਹਾਂ, ਹਾਂ ਆਪਣੇ ਬਾਰੇ।”

ਅਧਿਆਪਨ ਦੇ ਕਾਰਜ ਵਿਚ ਇਹ ਇਕ ਸਫ਼ਲਤਾ ਪੂਰਬਕ ਵਰਤਿਆ ਢੰਗ ਹੈ ਜਿਹੜਾ ਕਿ ਸਦਾ ਹੀ ਕੰਮ ਕਰਦਾ ਹੈ। “ਆਪਣੇ ਬਾਰੇ ਲਿਖਣਾ” ਇਕ ਅਜਿਹਾ ਸਿਰਲੇਖ/ਵਿਸ਼ਾ ਹੈ ਜਿਸ ਬਾਰੇ ਹਰ ਸ਼੍ਰੈਣੀ ਦੇ ਵਿਦਿਆਰਥੀ/ਵਿਦਿਆਰਥਣਾ ਨੂੰ ਕੁਝ ਨਾ ਕੁਝ ਜ਼ਰੂਰ ਹੀ ਪਤਾ ਹੁੰਦਾ ਹੈ। ਉਹਨਾਂ ਦੀ ਲਿਖਤ ਵਿਚ ਯਥਾਰਥ ਹੁੰਦਾ ਹੈ ਅਤੇ ਨਾਲ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਵਿਸ਼ੇਸ਼ਣਾਂ ਦੀ ਸਜਾਵਟ ਵਿਚ ਕੱਜਿਆ ਸੱਚ ਵੀ।

ਅਤੇ ਜਦੋਂ ਤੁਹਾਨੂੰ ਇਹ ਕਿਹਾ ਜਾਂਦਾ ਹੈ ਅਤੇ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀਆਂ ਪੁਰਾਣੀਆਂ ਯਾਦਾਂ ਸਬੰਧੀ ਲਿਖੋ ਤਾਂ ਇਕ ਤਰ੍ਹਾਂ ਨਾਲ ਇਹ ਵੀ “ਤੁਹਾਨੂੰ, ਤੁਹਾਡੇ ਆਪਣੇ ਬਾਰੇ ਹੀ ਇਕ ਤਰ੍ਹਾਂ ਨਾਲ ਲਿਖਣ ਦੀ ਹੀ ਸਲਾਹ ਹੈ।” ਅਤੇ ਸੱਚ ਜਾਨਣਾ ਕਿ ਕੀ, ਹਰ ਲੇਖਕ ਆਪਣੀਆਂ ਲਿਖਤਾਂ ਵਿਚ ਇਹੋ ਹੀ ਨਹੀਂ ਕਰਦਾ? ਕਰਦਾ ਹੈ, ਪਰ ਉਹ ਆਪਣੀ ਲਿਖਤ ਵਿਚ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਹੀ ਧੜਕਦਾ ਹੈ। ਪਰ–

ਪਰ ਆਪਣੇ ਬਾਰੇ ਲਿਖਣਾ, ਆਪਣੀਆਂ ਯਾਦਾਂ, ਆਪਣੀ ਜੀਵਨੀ ਅਤੇ ਆਪਣੀ ਡਾਇਰੀ ਲਿਖਣਾ ਅਤੇ ਫਿਰ ਲਿੱਖ ਕੇ ਪ੍ਰਕਾਸ਼ਨਾ ਕਰਕੇ ਪਾਠਕਾਂ ਤਕ ਪਹੁੰਚਾਉਣ ਵਿਚ ਢੇਰ ਸਾਰੀਆਂ ਮੁਸ਼ਕਲਾਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਪਾਠਕਾਂ ਨੂੰ ਕੀ ਲੋੜ ਪਈ ਹੈ ਕਿ ਉਹ ਤੁਹਾਡੀ ਜੀਵਨੀ ਨੂੰ ਪੜ੍ਹੇ ਜਾਂ ਤੁਹਾਡੀ ਸਵੈ-ਜੀਵਨੀ ਨੂੰ ਵਾਚੇ। ਹਾਂ, ਜੇਕਰ ਕੋਈ ਪ੍ਰਸਿੱਧ ਰਾਜਨੀਤਕ ਲੀਡਰ ਹੋਵੇ, ਫੁੱਟ-ਬਾਲਰ ਹੋਵੇ, ਸੰਗੀਤਕਾਰ ਹੋਵੇ, ਲੇਖਕ ਹੋਵੇ, ਪਰਧਾਨ ਮੰਤਰੀ ਹੋਵੇ ਤਾਂ ਸ਼ਾਇਦ ਤੁਹਾਡੀ ਲਿਖੀ ਸਵੈ-ਜੀਵਨੀ ਨੂੰ ਪਾਠਕ ਪੜ੍ਹਨਾ ਚਾਹੁਣ ਅਤੇ ਤੁਹਾਨੂੰ ਕੋਈ ਪਬਲਿਸ਼ਰਜ਼ ਮਿਲ ਜਾਵੇ।

ਜੈਨੇਟ ਬੋਅਈ ਨੇੇ 1966 ਵਿਚ ਲਿਖਣਾ ਆਰੰਭ ਕੀਤਾ ਅਤੇ ਫਿਰ ਕਦੇ ਉਸ ਨੇ ਮੁੜ ਕੇ ਪਿਛਾਂਹ ਵਲ ਨਹੀਂ ਤੱਕਿਆ ਅਤੇ ਲਿਖਣ ਕਾਰਜ ਬੜੀ ਹੀ ਬਚਨ-ਬਧਤਾ ਨਾਲ ਜਾਰੀ ਰੱਖਿਆ। ਜੈਨੇਟ ਬੋਅਈ, ਗਰੀਨਕ ਅਕੇਡਮੀ ਵਿਚ 1960 ਵਿਚ “ਇਨਫੈਂਟਸ” ਦੀ ਮੁੱਖ ਅਧਿਆਪਿਕਾ ਰਹੀ ਅਤੇ 1970 ਵਿਚ ਫਿਨਾਰਟ ਹਾਈ ਸਕੂਲ, ਗਰੀਨਕ ਵਿਖੇ “ਰਿਮੀਡੀਅਲ ਵਿਸਿ਼ਆਂ” ਦੀ ਪ੍ਰਿੰਸੀਪਲ ਅਧਿਆਪਿਕਾ ਰਹੀ। 1950 ਵਿਚ ਐਚ ਐਮ ਜੇਲ੍ਹ ਗਰੀਨਕ ਦੇ ਬੋਰਸਟਲ ਵਿਭਾਗ ਵਿਚ ਉਸ ਨੂੰ ਪੜ੍ਹਾਉਣ ਦਾ ਬਹੁਤ ਹੀ ਦਿਲਚਸਪ ਤਜਰਬਾ ਹੋਇਆ। ਉਸਨੇ ਸਭ ਤੋਂ ਪਹਿਲਾਂ ਰੇਡੀਉ ਲਈ ਬੱਚਿਆਂ ਸਬੰਧੀ ਕਹਾਣੀਆਂ ਅਤੇ ਨਾਟਕ ਲਿਖੇ ਅਤੇ ਇਸਦੇ ਨਾਲ ਹੀ ਰੇਡੀਉ ਰਾਹੀਂ ਲੈਕਚਰ ਅਤੇ ਬਹਿਸਾਂ ਵਿਚ ਭਾਗ ਲਿਆ। ਉਸਦੀਆਂ ਕਈ ਦਰਜਨ ਕਹਾਣੀਆਂ, ਇਤਿਹਾਸਕ ਅਤੇ ਵਿਦਿਅਕ ਲੇਖ, ਕਵਿਤਾਵਾਂ ਆਦਿ ਅਖਬਾਰਾਂ ਅਤੇ ਪਰਚਿਆਂ ਵਿਚ ਛੱਪੀਆਂ। ਪਰ ਉਹ “ਪੈਨੀ ਟਰਾਈਲੋਜੀ” ਸਵੈ-ਜੀਵਨੀ ਲੜੀ ਲਈ ਸੁ-ਪ੍ਰਸਿੱਧ ਹੈ ਜਿਸ ਵਿਚ ਉਸਨੇ 1930, 1950 ਅਤੇ 1970 ਵਿਚ ਕਲਾਈਡਸਾਈਡ ਸਕੂਲਾਂ ਦਾ ਵੇਰਵਾ ਦਿੱਤਾ। ਉਸਦੀਆਂ ਕਿਰਤਾਂ ਲਈ 1973 ਵਿਚ ਲੇਖਕਾਂ ਦੀ ਸਕਾਟਿਸ਼ ਐਸੋਸੀਏਸ਼ਨ ਵਲੋਂ ਕਾਨਸਟੇਬਲ ਟਰੌਫੀ ਪਰਦਾਨ ਕੀਤੀ ਗਈ। ਅੱਜ ਉਹ ਇਸ ਸੰਸਥਾ ਦੀ ਮੀਤ-ਪਰਧਾਨ ਹੈ। ਇਸ ਪਿੱਛੋਂ ਉਸਨੇ ਇਤਿਹਾਸਕ ਨਾਵਲ ਲਿਖਿਆ ਅਤੇ ਅੱਜਕਲ ਉਹ 20ਵੀਂ ਸਦੀ ਦੇ ਵਿਦਿਅਕ ਢਾਂਚੇ ਸਬੰਧੀ ਸਵੈ-ਜੀਵਨੀ ਉਤੇ ਕੰਮ ਕਰ ਰਹੀ ਹੈ।

ਜੈਨੇਟ ਬੋਅਈ ਨੇ ਸਵੈ-ਜੀਵਨੀ ਕਿਉਂ ਲਿਖੀ ਸਬੰਧੀ ਵਿਚਾਰ ਪੇਸ਼ ਕਰਦਿਆਂ ਸਪਸ਼ਟ ਕੀਤਾ ਕਿ ਬੱਚਿਆਂ ਨੂੰ ਪੜ੍ਹਾਉਣ ਦਾ ਕਾਰਜ ਕਸ਼ਟਮਈ ਹੋਣ ਦੀ ਥਾਂ ਕਿੰਨਾ ਉਲਾਸ ਮਈ ਹੋ ਸਕਦਾ ਹੈ ਜੇਕਰ ਅਧਿਆਪਕ, ਅਧਿਆਪਿਕਾ ਯਥਾਰਥਵਾਦੀ ਹੋਵੇ ਅਤੇ ਹਰ ਚੀਜ਼ ਨੂੰ ਉਸਦੀ ਦ੍ਰਿਸ਼ਟੀ-ਸੀਮਾ ਜਾਂ ਮਤ ਅਨੁਸਾਰ ਦੇਖੇ। ਅਰਥਾਤ ਅਧਿਆਪਕ, ਅਧਿਆਪਿਕ ਅਤੇ ਲੇਖਕ ਦੀ ਪਹੁੰਚ, ਵਸਤੂ-ਪੂਰਕ ਜਾਂ ਯਥਾਰਥਕ ਹੋਵੇ ਅਤੇ ਉਹ ਹਰ ਗੱਲ, ਹਰ ਸਮੱਸਿਆ ਨੂੰ ਉਸਦੀ ਸਹੀ ਪਿੱਠ-ਭੂਮੀ ਅਨੁਸਾਰ ਦੇਖਣ ਲਈ ਤਤਪਰ ਰਹੇ। ਲੇਖਕ ਦੀ ਦ੍ਰਿਸ਼ਟੀ ਕਿਸੇ ਵੀ ਪੱਖ-ਪਾਤ ਤੋਂ ਸੱਖਣੀ ਹੋਣੀ ਚਾਹੀਦੀ ਹੈ।

ਦਰਅਸਲ “ਸਵੈ ਜੀਵਨੀ” ਲਿਖਣ ਲਈ ਕੋਈ ਬਹੁਤ ਵੱਡਾ ਮੰਤਵ ਚਾਹੀਦਾ ਹੈ। ਸਿਰਫ ਆਪਣੀ ਮੈਂ ਨੂੰ ਪੱਠੇ ਪਾਉਣ ਲਈ ਲਿਖਣਾ ਉਚਿਤ ਨਹੀਂ ਅਤੇ ਨਾ ਹੀ ਅਜਿਹਾ ਲਿਖਿਆ, ਪੜ੍ਹਿਆ ਜਾਂ ਮਾਣਿਆ ਹੀ ਜਾਣਾ ਹੈ ਅਤੇ ਨਿਸਚੈ ਹੀ ਅਜਿਹੀ ਲਿਖਤ ਨੇ ਸਾਹਿਤ ਦਾ ਵੀ ਕੁਝ ਨਹੀਂ ਸੰਵਾਰਨਾ। ਇਹ ਸੰਭਵ ਹੈ ਕਿ ਤੁਹਾਡੇ-ਸਾਡੇ ਜੀਵਨ ਵਿਚ ਵੀ ਬਹੁਤ ਸਾਰੇ ਚੰਗੇ-ਮੰਦੇ ਹਾਦਸੇ ਵਾਪਰੇ ਹੋਣ ਅਤੇ ਦੁਰਘਟਨਾਵਾਂ ਨਾਲ ਸਾਹਮਣਾ ਹੋਇਆ ਹੋਵੇ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਸਾਡੇ-ਤੁਹਾਡੇ ਨਾਲ ਵਾਪਰਿਆ ਇਹ ਸਭ ਕੁਝ, ਕਿਸੇ ਦੂਜੇ ਲਈ ਪੜ੍ਹਨ ਦੀ ਪ੍ਰੇਰਨਾ ਬਣ ਸਕਦਾ ਹੈ?

ਜੈਨੇਟ ਦਾ ਕਹਿਣਾ ਹੈ ਕਿ ਲੇਖਕ ਨੇ ਜਦੋਂ ਇਕ ਬਾਰ “ਕੁਝ” ਲਿਖਣ ਦਾ ਫੈਸਲਾ ਲੈ ਲਿਆ ਹੋਵੇ ਤਾਂ ਉਸ “ਕੁਝ” ਦਾ ਮੰਤਵ ਸਦਾ ਹੀ ਸਾਹਮਣੇ ਰੱਖਣਾ ਚਾਹੀਦਾ ਹੈ। ਵਿਸ਼ੇਸ਼ ਕਰਕੇ ਉਸ ਸਮੇਂ ਜਦੋਂ ਕਿ ਤੁਹਾਡੀ ਸਵੈ-ਜੀਵਨੀ ਤੁਹਾਡੇ ਕਿੱਤੇ ਤਕ ਹੀ ਸੀਮਤ ਹੋਵੇ ਤਾਂ। ਪਰ ਜੇਕਰ ਲੇਖਕ ਨੇ ਜਨਮ ਉਪਰੰਤ, ਪੰਘੂੜੇ ਵਿਚ ਰਾਤਾਂ ਕੱਟਣ ਤੋਂ ਲੈ ਕੇ ਮੌਤ ਤਕ ਪੁੱਜਣ ਦਾ ਹੀ ਸਫ਼ਰ ਉਲੀਕਣਾ ਹੋਵੇ ਤਾਂ ਉਸਦਾ ਪ੍ਰਯੋਜਨ ਕੇਵਲ ਦਿੱਲ-ਖਿਚ੍ਹਵੇਂ, ਮਨਮੋਹਣੇ ਜਾਂ ਰੀਝਾਉਣ ਵਾਲੇ ਅਨੁਭਵਾਂ ਦਾ ਪ੍ਰਗਟਾਵਾ ਵੀ ਹੋ ਸਕਦਾ ਹੈ। ਪਰ—

ਪਰ ਜੇਕਰ ਕਿਸੇ ਲੇਖਕ ਦਾ ਇਰਾਦਾ ਸਵੈ-ਜੀਵਨੀ ਲਿਖਣ ਦਾ ਹੋਵੇ ਤਾਂ ਇਸ ਗੱਲ ਦੀ ਪੱਕ ਕਰ ਲੈਣੀ ਚਾਹੀਦੀ ਹੈ ਕਿ ਲੇਖਕ ਦਾ ਕਿਹਾ ਹੋਇਆ ਸੱਚ ਅਤੇ ਦਿੱਤਾ ਹੋਇਆ ਵੇਰਵਾ ਪਾਠਕ ਤਕ ਇੰਝ ਪੁੱਜੇ ਕਿ ਉਹ ਲਿਖਤ ਵਿਚ ਪਾਠਕ ਦੇ ਸਾਹਮਣੇ ਆਪਣੇ ਦੁੱਖ-ਦਰਦ, ਖੁਸ਼ੀਆਂ-ਖੇੜੇ ਅਤੇ ਸਫ਼ਲਤਾਵਾਂ/ਅਸਫ਼ਲਤਾਵਾਂ ਦੇ ਆਹਮਣੇ ਸਾਹਮਣੇ ਖੜੋ ਸਕੇ।

ਦੂਜੇ ਅਰਥਾਂ ਵਿਚ ਅਸੀਂ ਇਹ ਮੰਨਦੇ ਹਾਂ ਕਿ ਇਕ ਸਵੈ-ਜੀਵਨੀ ਵਿਚ ਵੀ ਇਕ ਚੰਗੀ ਕਹਾਣੀ ਵਾਲੇ ਗੁਣ ਹੋਣੇ ਚਾਹੀਦੇ ਹਨ। ਇਸਦੇ ਨਾਲ ਹੀ ਇਹ ਮੰਨਣ ਵਿਚ ਵੀ ਝਿਝਕ ਦਾ ਅਨੁਭਵ ਨਹੀਂ ਕਰਦੇ ਕਿ “ਸਵੈ-ਜੀਵਨੀ” ਲਿਖਣਾ, ਲਿਖਣ ਸ਼ੈਲੀ ਨੂੰ ਬਨਾਉਣ ਅਤੇ ਵਿਕਸਾਉਣ ਦਾ ਇਕ ਬਹੁਤ ਹੀ ਚੰਗਾ ਅਤੇ ਲਾਹੇਵੰਦਾ ਸਾਧਨ ਹੈ। ਸਵੈ-ਜੀਵਨੀ ਲਿਖਣ ਦੇ ਅਭਿਆਸ ਨਾਲ, ਲੇਖਕ ਦਾ ਕਹਿਣ ਢੰਗ, ਨਿਰੋਲ ਉਸਦਾ ਆਪਣਾ ਅਤੇ ਸਿਰਫ ਉਸਦਾ ਨਿੱਜੀ, ਨਵੇਕਲਾ ਅਤੇ ਆਪਣਾ ਹੀ ਬਣਦਾ/ਉਸਰਦਾ ਹੈ।

ਇਕ ਪ੍ਰਸਿੱਧ ਨਾਵਲਿਸਟ ਅਤੇ ਕਹਾਣੀਕਾਰ ਐਰਿਕ ਲਿਨਕਲੇਟਰ (Eric Linklater) ਨੇ ਆਪਣੇ ਕਹਾਣੀ ਸੰਗ੍ਰਿਹ God Likes them Plain ਵਿਚ ਕਿਹਾ ਹੈ: A good story is a good story or a bad story only by virtue of the style in which it is told.

ਕਹਾਣੀ ਨੂੰ ਸ਼ੈਲੀ ਹੀ ਕਹਾਣੀ ਬਣਾਉਂਦੀ ਹੈ। ਅਤੇ ਸ਼ੈਲੀ ਬਨਾਉਣ ਲਈ ਜਦੋਂ ਤੁਸੀਂ ਸਵੈ-ਜੀਵਨੀ ਲਿਖੋਗੇ ਤਾਂ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਤੁਸੀਂ(ਲੇਖਕ) ਆਪਣੀ ਯਾਦ ਕਹਾਣੀ ਦਾ ਅੱਖਰ ਅੱਖਰ ਆਪੂੰ ਹੀ, ਆਪਣੇ ਨਿੱਜ ਦੇ ਅੰਦਾਜ਼ ਵਿਚ ਹੀ ਲਿਖੋਗੇ। ਸੰਭਵ ਹੈ ਕਿ ਤੁਸੀਂ ਆਪੰੂ ਕਦੇ ਕਿਸੇ ਕਿਤਾਬਾਂ ਦੀ ਦੁਕਾਨ ਉਤੇ ਰੁਲਦੀਆਂ ਪਈਆਂ ਅਕਸਰ ਬਹੁਤ ਸਾਰੀਆਂ ਸਵੈ-ਜੀਵਨੀਆਂ ਦੇਖੋ ਜਿਹੜੀਆਂ ਇੰਝ ਦੀਆਂ ਲਿਖੀਆਂ ਨਹੀਂ ਮਿਲਦੀਆਂ। ਬਹੁਤੀਆਂ ਲਿਖੀਆਂ ਸਵੈ-ਜੀਵਨੀਆਂ ਤਾਂ ਸਾਹਿਤਕ ਪਰਿਭਾਸ਼ਾ ਦੇ ਨੇੜੇ ਵੀ ਨਹੀਂ ਢੁੱਕਦੀਆਂ। ਅਗ੍ਹਾਂ ਅਸੀਂ ਦਰਜ ਕਰਾਂਗੇ ਕਿ ਜੈਨੇਟ ਬੋਅਈ ਸਵੈ-ਜੀਵਨੀ ਕਿਵੇਂ ਲਿਖਦੀ ਹੈ ਅਤੇ ਲਿਖਣ ਸਬੰਧੀ ਕੀ ਸੁਝਾ ਦਿੰਦੀ ਹੈ।

ਇਹ ਫੈਸਲਾ ਕਰਨ ਉਪਰੰਤ ਕਿ ਇਕ ਲੇਖਕ ਪਾਸ ਉਹ ਸਭ ਸਾਮੱਗਰੀ (ਕੱਚਾ ਮਾਲ) ਉਸ ਦੇ ਦਿਮਾਗ (ਸਿਰ) ਵਿਚ ਭਰੀ ਪਈ ਹੈ ਤਾਂ ਫਿਰ ਬਾਕੀ ਉਸ ਲਈ ਇਤਨਾ ਹੀ ਬੱਚਦਾ ਹੈ ਕਿ ਉਹ ਕਾਗ਼ਜ਼ ਲਵੇ ਅਤੇ ਪੈੱਨ ਹੱਥ ਫੜੇ ਅਤੇ ਲਿਖਣਾ ਆਰੰਭ ਕਰ ਦੇਵੇ। ਕੋਈ ਵੀ ਇਤਨਾ ਕੁ ਕੰਮ ਤਾਂ ਕਰ ਹੀ ਸਕਦਾ ਹੈ ਪਰ ਅਜਿਹਾ “ਲਿਖਣ ਕਾਰਜ” ਸਮਾਪਤੀ ਉਪਰੰਤ ਪੜ੍ਹਨ ਤੇ ਝੱਟ ਹੀ ਦੱਸ ਦੇਵੇਗਾ ਕਿ ਉਹ ਲੇਖਕ ਆਪਣੀ ਲਿਖਤ ਵਿਚ ਟਪੂਸੀਆਂ ਮਾਰ ਰਿਹਾ ਹੈ। ਉਸ ਵਿਚ ਸੰਧੀ, ਜੋੜ-ਮਿਲਾਪ ਨਹੀਂ ਕੇਵਲ ਉੱਘੜ-ਦੁਘੜੇ ਵਿਚਾਰ ਹੀ ਹੋਣਗੇ। ਆਪਣੀਆਂ ਯਾਦਾਂ ਸਬੰਧੀ ਲਿਖਣ ਵਾਲੇ ਲੇਖਕ ਵੀ ਅਕਸਰ ਭੁੱਲ ਜਾਣ ਦੀ ਗ਼ਲਤੀ ਕਰਦੇ ਹਨ ਕਿ ਸਵੈ-ਜੀਵਨੀ ਵੀ ਇਕ ਢਾਂਚਾ ਮੰਗਦੀ ਹੈ।

ਲੇਖਕ ਪਾਸ ਮੌਜੂਦ ਕੱਚੇ ਮਾਲ ਨੂੰ ਪੇਸ਼ ਕਰਨ ਲਈ ਢਾਂਚੇ ਦੀ ਲੋੜ ਹੈ। ਕੱਚਾ ਮਾਲ, ਮੂਲ ਰੂਪ ਵਿਚ ਤੱਥ ਹੋਣਗੇ, ਹਕੀਕਤਾਂ ਹੋਣਗੀਆਂ ਅਤੇ ਘਟਨਾਵਾਂ ਦੀ ਕੜੀ/ਕੜੀਆਂ ਹੋਣਗੀਆਂ ਇਹਨਾਂ ਵਿਚੋਂ ਲਿਖਤ ਵਿਚ ਦੇਣ ਲਈ ਚੋਣ ਕਰਨੀ ਪਵੇਗੀ ਕਿਉਂਕਿ ਇਹ ਸਭ ਤੱਥ ਪਾਠਕਾਂ ਲਈ ਅਸੰਗਤ, ਅਸਬੰਧਿਤ ਅਤੇ ਬੇ-ਤੁਕੇ ਹੋਣ ਕਾਰਨ ਉਹਨਾਂ ਦੀ ਦਿਲਚਸਪੀ ਦਾ ਕਾਰਨ ਨਹੀਂ ਹੋਣਗੇ। ਇਸ ਲਈ ਜੈਨੇਟ ਬੋਅਈ ਇਕ ਤਰਤੀਬ ਦਾ ਜਿ਼ਕਰ ਕਰਦੀ ਹੈ ਜੋ ਲਾਹੇਵੰਦ ਸਾਬਤ ਹੋ ਸਕਦੀ ਹੈ। ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਕੱਚੇ ਮਾਲ ਨੂੰ ਤਰਤੀਬ ਦੇਣ ਲਈ ਖੁਲ੍ਹੇ ਕਾਗ਼ਜ਼ਾਂ ਵਾਲੀਆਂ ਨੋਟ-ਬੁਕਸ ਲੈਣ। ਇਹਨਾਂ ਦੇ ਕੱਵਰ ਜ਼ਰਾ ਕੁ ਸਖਤ/ਮਜ਼ਬੂਤ ਹੋਣੇ ਚਾਹੀਦੇ ਹਨ ਕਿਉਂਕਿ ਇਹਨਾਂ ਦੀ ਬਹੁਤ ਵਰਤੋਂ ਕੀਤੀ ਜਾਣੀ ਹੈ। ਇਹ ਲਿਖਣ ਕਾਪੀਆਂ ਸਦਾ ਹੀ ਲੇਖਕ ਨੂੰ ਆਪਣੇ ਲਿਖਣ ਸਥਾਨ ਦੇ ਨੇੜੇ ਹੀ ਰੱਖਣੀਆਂ ਚਾਹੀਦੀਆਂ ਹਨ।

ਸਭ ਤੋਂ ਪਹਿਲਾਂ ਕਿਸੇ ਸ਼ਬਦ, ਵਾਕ ਜਾਂ ਪੈਰਾਗਰਾਫ਼ ਵਿਚੋਂ ਯਾਦ ਆਉਂਦੇ ਤੱਥ ਲਿਖੋ ਅਤੇ ਫਿਰ ਉਸ ਤੱਥ ਸਬੰਧੀ ਛੋਟਾ ਜਿਹਾ ਪੈਰਾਗਰਾਫ ਲਿਖਣਾ ਵੀ ਯਾਦ ਰੱਖੋ। ਇਕ ਤੱਥ ਦੇ ਚੇਤੇ ਆਉਂਦਿਆਂ ਹੀ ਲੇਖਕ ਦੇ ਚੇਤੇ ਵਿਚ ਹੋਰ ਹੋਰ ਤੱਥਾਂ ਦੀਆਂ ਯਾਦਾਂ ਦੀ ਭਰਮਾਰ ਵੀ ਰੌਲਾ ਪਾਉਂਦੀ ਮਿਲੇਗੀ। ਇਸ ਪਿੱਛੋਂ ਇਕ ਸਮਾਂ ਆਵੇਗਾ ਕਿ ਜਦੋਂ ਲੇਖਕ ਇਹਨਾਂ ਤੱਥਾਂ ਨੂੰ ਮਿਤੀ ਵਾਰ ਤਰਤੀਬ ਦੇਣਾ ਜ਼ਰੂਰੀ ਸਮਝੇਗਾ। ਇੰਝ ਤਰਤੀਬ ਦੇਣ ਸਮੇਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਬਹੁਤ ਸਾਰੇ ਤੱਥ ਅਜਿਹੇ ਵੀ ਹਨ ਜਿਹੜੇ ਮਹਤੱਵ-ਪੂਰਨ ਨਹੀਂ ਅਤੇ ਇਹਨਾਂ ਤੱਥਾਂ ਦੀ ਵਰਤੋਂ ਕਰਨੀ ਰਚਨਾ ਲਈ ਲਾਹੇਵੰਦ ਨਹੀਂ ਹੋਵੇਗੀ। ਇਸ ਉਪਰੰਤ ਜਿਵੇਂ ਜਿਵੇਂ ਇਹ ਮਸਾਲਾ ਇਕੱਠਾ ਹੋਈ ਜਾਵੇ, ਆਪਣੇ ਸਾਕ-ਸੰਬੰਧੀਆਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੋਂ ਵੀ ਆਪਣੀਆਂ ਯਾਦਾਂ (ਕੱਚੇ ਮਸਾਲੇ) ਦੀ ਤਸਦੀਕ ਕਰਵਾਕੇ ਸੋਧਦੇ ਜਾਉ। ਇਹ ਚੇਤਾ ਵੀ ਬੜੀ ਅਜੀਬ ਦਿਮਾਗੀ ਹਥਿਆਰ ਹੈ, ਕਸਰਤ ਹੈ। ਚੇਤਾ ਕਰਦਿਆਂ ਸਾਨੂੰ ਹੈਰਾਨੀ ਹੋਵੇਗੀ ਕਿ ਸਾਨੂੰ ਆਪਣੇ ਭੂਤ ਬਾਰੇ ਕਿੰਨਾ ਕੁ ਚੇਤੇ ਆਉਂਦਾ ਹੈ ਅਤੇ ਇਸ ਤੋਂ ਵੀ ਵੱਧ ਕਿ ਕਿੰਨਾ ਕੁ ਯਾਦ ਨਹੀਂ ਆਉਂਦਾ। ਇਸੇ ਕਾਰਨ ਹੀ ਆਪਣੇ ਤੱਥਾਂ ਦੀ ਤਸਦੀਕ ਕਰਨੀ ਬਹੁਤ ਜ਼ਰੂਰੀ ਹੈ। ਮਿੱਤਰਾਂ/ਰਿਸ਼ਤੇਦਾਰਾਂ ਪਾਸੋਂ ਕਈ ਅਜਿਹੀਆਂ ਘਟਨਾਵਾਂ ਦਾ ਚੇਤਾ ਆ ਸਕਦਾ ਹੈ ਜਿਹੜੀਆਂ ਜ਼ਹਿਨ ਚੋਂ ਨਿਕਲ ਚੁੱਕੀਆਂ ਹੋਣ।

ਇਹ ਇਕੱਠੇ ਕੀਤੇ ਸਾਰੇ ਤੱਥ ਵੱਖ ਵੱਖ ਸਿਰਲੇਖਾਂ ਹੇਠ ਲਿੱਖ ਕੇ ਸੰਭਾਲੇ ਜਾ ਸਕਦੇ ਹਨ ਅਤੇ ਫਿਰ ਲਿਖਣ ਸਮੇਂ ਇਹਨਾਂ ਨੂੰ ਤਰਤੀਬ ਦੇਂਦਿਆਂ ਬੇ-ਤੁੱਕੇ ਅਤੇ ਅਸੰਗਤ ਤੱਥ ਕੱਟੇ ਜਾ ਸਕਦੇ ਹਨ। ਲੇਖਕ ਨੂੰ ਚਾਹੀਦਾ ਹੈ ਕਿ ਸਿਰਫ਼ ਅਜਿਹੇ ਹੀ ਤੱਥ ਦੇਵੇ ਜਿਹੜੇ ਦਿਲਚਸਪ ਹੋਣ ਅਤੇ ਲੋੜੀਂਦੇ ਵੀ। ਇਸਦੇ ਨਾਲ ਹੀ ਦੂਜੀਆਂ ਲਿਖਣ ਕਾਪੀਆਂ ਵਿਚ, ਤੁਹਾਡੇ ਲਿਖੇ ਜਾਣ ਵਾਲੇ ਸਮੇਂ ਵਿਚ, ਸਥਾਨਕ, ਪ੍ਰਾਂਤਿਕ, ਦੇਸ-ਪਰਦੇਸ ਭਾਵ ਸੰਸਾਰ ਦੇ ਹੋਰ ਦੇਸ਼ਾਂ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਵੀ ਸਿਲਸਿਲੇ ਵਾਰ ਇੰਦਰਾਜ ਹੋਣਾ ਚਾਹੀਦਾ ਹੈ ਤਾਂ ਜੋ ਤੁਸੀਂ ਲਿਖੇ ਜਾਣ ਵਾਲੇ ਸਮੇਂ ਨੂੰ ਆਪਣੀਆਂ ਨਿੱਜੀ ਜੀਵਨ ਦੀਆਂ ਘਟਨਾਵਾਂ ਦੀ ਰੌਸ਼ਨੀ ਵਿਚ ਬਾਹਰ ਵਾਪਰੀਆਂ ਘਟਨਾਵਾਂ ਨਾਲ ਜੋੜਦਿਆਂ ਦੇਖ ਸਕੋ। ਸਵੈ-ਜੀਵਨੀ ਲਿਖਦਿਆਂ ਲੇਖਕ ਕੇਵਲ ਆਪਣੇ ਨਿੱਜੀ ਜੀਵਨ ਬਾਰੇ ਹੀ ਨਹੀਂ ਲਿਖ ਰਿਹਾ ਹੁੰਦਾ ਹੈ ਸਗੋਂ ਪਿੱਠ-ਭੂਮੀ ਵਜੋਂ ਆਪਣੇ ਪਰਵਾਰ, ਗਵਾਂਢ, ਪਿੰਡ, ਸ਼ਹਿਰ, ਪ੍ਰਾਂਤ, ਦੇਸ, ਪਰਦੇਸ ਬਾਰੇ ਵੀ ਲਿੱਖ ਰਿਹਾ ਹੁੰਦਾ ਹੈ। ਇਸ ਲਈ ਇਸ ਸਮੇਂ ਦੀਆਂ ਮਹੱਤਵ-ਪੂਰਨ ਘਟਨਾਵਾਂ ਦਾ ਜਾਨਣਾ ਜ਼ਰੂਰੀ ਹੈ। ਲੇਖਕ ਦੀ ਸਵੈ-ਜੀਵਨੀ ਵਿਚ ਦਿੱਤੇ ਵਰਨਣ ਦੀ ਮਹਾਨਤਾ, ਸਮੇਂ ਦੇ ਇਤਿਹਾਸਕ, ਧਾਰਮਕ, ਸਮਾਜਕ ਅਤੇ ਰਾਜਨੀਤਕ ਵੇਰਵੇ ਨਾਲ ਹੀ ਹੈ। ਕਿਉਂਕਿ ਕੋਈ ਵੀ ਨਿੱਜੀ ਜੀਵਨ ਸਮੇਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ। ਹੋਰ ਤਾਂ ਹੋਰ ਲੇਖਕ ਨੂੰ ਲਿਖੇ ਜਾਣ ਵਾਲੇ ਸਮੇਂ ਦੇ ਨਿੱਜੀ ਵੇਰਵਿਆਂ ਵਿਚ ਮੌਸਮ ਅਤੇ ਰੁੱਤਾਂ ਦੇ ਤੱਥਾਂ ਦਾ ਵਰਨਣ ਵੀ ਕਰਨਾ ਚਾਹੀਦਾ ਹੈ। ਰੁਤ/ਮੌਸਮ ਦਾ ਜੀਵਨ ਉਤੇ ਪੈਂਂਦੇ ਪ੍ਰਭਾਵ ਨੂੰ ਵੀ ਦਰਸਾਉ। ਮੰਨ ਲਉ ਕਿਸੇ ਦਾ ਜਨਮ ਕੋਇਟੇ ਵਿਚ ਉਸ ਸਮੇਂ ਹੋਇਆ ਹੋਵੇ ਜਦੋਂ ਕਿ ਉਥੇ ਭੁਚਾਲ ਆਏ ਹੋਣ। ਲੇਖਕ ਲਈ ਜ਼ਰੂਰੀ ਹੈ ਕਿ ਉਹ ਇਸ ਸਮੇਂ ਆਏ ਭੁਚਾਲ ਜਾਂ ਹੜਾਂ ਜਾਂ ਪੈਂਦੀ ਬਰਫ਼ ਦੇ ਪ੍ਰਭਾਵ ਵੀ ਦਰਸਾਏ। ਗੱਲ ਕੀ ਸਵੈ-ਜੀਵਨੀ ਲਿਖਣ ਲਈ ਇਤਿਹਾਸਕ, ਰਾਜਨੀਤਕ ਅਤੇ ਸਮਾਜਕ ਤੱਥਾਂ ਦਾ ਕੋਈ ਇਨਸਾਈਕਲੋਪੀਡੀਆ ਜਾਂ ਸੰਦਰਭ ਗ੍ਰੰਥ ਬਹੁਤ ਹੀ ਲਾਭਦਾਇਕ ਸਿੱਧ ਹੋ ਸਕਦਾ ਹੈ।

ਇੰਝ ਹੀ ਪੁਰਾਣੀਆਂ ਅਖਬਾਰਾਂ, ਅਖਬਾਰਾਂ ਦੇ ਤਰਾਸ਼ੇ ਅਤੇ ਤਸਵੀਰਾਂ ਵੀ ਕੰਮ ਆ ਸਕਦੀਆਂ ਹਨ। ਬਰਤਾਨੀਆ ਵਿਚ ਆਪਣੇ ਪੂਰਵਜਾਂ ਦੇ ਪਤੇ ਕੱਢਣ ਲਈ ਜੇਕਰ ਤੁਸੀਂ ਸਕੌਟਿਸ਼ ਹੋ ਤਾਂ ਰਜਿਸਟਰ ਹਾਊਸ, ਐਡਨਬਰਾ ਤੋਂ ਪਤਾ ਕੀਤਾ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਅੰਗਰੇਜ ਹੋ ਤਾਂ ਸਮਰਸੈਟ ਹਾਊਸ ਤੋਂ ਪਤਾ ਕਰ ਸਕਦੇ ਹੋ। ਭਾਰਤ ਵਿਚ ਰਹਿੰਦਿਆਂ ਲਈ ਗੰਗਾ ਦੇ ਪਾਂਡਿਆਂ ਤੋਂ ਵੇਰਵੇ ਮਿਲ ਸਕਦੇ ਹਨ ਜਾਂ ਪਿੰਡ/ਸ਼ਹਿਰਾਂ ਦੇ ਪਟਵਾਰੀਆਂ ਅਤੇ ਚੌਕੀਦਾਰਾਂ ਪਾਸੋਂ। ਦਰਅਸਲ ਸਵੈ-ਜੀਵਨੀ ਲਿਖਣ ਲਈ ਵੀ ਲੇਖਕਾਂ ਨੂੰ ਹਰ ਤਰ੍ਹਾਂ ਦੀ ਖੋਜ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਜੈਨੇਟ ਬੋਅਈ ਦਸਦੀ ਹੈ ਕਿ ਜਦੋਂ ਉਸ ਨੇ ਆਪਣਾ ਵੇਰਵਾ ਲਿਖਣਾ ਆਰੰਭਿਆ ਤਾਂ ਉਸਨੂੰ 1932 ਦਾ ਵਰਨਣ ਕਰਦਿਆਂ ਇਸ ਗੱਲ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਉਸ ਸਮੇਂ “ਆਮਦਨ ਟੈਕਸ” ਦਾ ਦਰ ਕੀ ਸੀ। ਇੰਨਸਪੈਕਟਰ ਆਫ਼ ਟੈਕਸਜ਼ ਤੋਂ ਪਤਾ ਕਰਨ ਤੇ ਦੱਸਿਆ ਗਿਆ ਕਿ ਉਸ ਸਮੇਂ ਹਰ ਇੱਕ ਪੌਂਡ ਦੀ ਆਮਦਨ ਮਗਰ 5 ਸ਼ਲਿੰਗ ਟੈਕਸ ਲੱਗਦਾ ਸੀ। ਉਸਨੂੰ ਇਹ ਵੀ ਦੱਸਿਆ ਗਿਆ ਕਿ ਜਿਹਨਾਂ ਦੀ ਸਾਲਾਨਾ ਆਮਦਨੀ 175 ਪੌਂਡ ਤੋਂ ਘੱਟ ਸੀ ਉਹਨਾਂ ਨੂੰ ਅੱਜ ਦੇ ਸਾਢੇ ਬਾਰਾਂ ਪੈਂਸ ਪ੍ਰਤੀ ਪੌਂਡ ਟੈਕਸ ਲੱਗਦਾ ਸੀ। 1932 ਵਿਚ ਅਧਿਆਪਕਾਂ ਦੀ ਆਰਥਕ ਹਾਲਤ ਤਾਂ ਹੋਰ ਵੀ ਖਰਾਬ ਸੀ। ਬਹੁਤ ਘੱਟ ਅਧਿਆਪਕ 175 ਪੌਂਡ ਸਾਲਾਨਾ ਤੋਂ ਵੱਧ ਪਾਂਦੇ ਸਨ।

ਨਿਸਚੈ ਹੀ, ਸਵੈ-ਜੀਵਨੀ ਦੇ ਮੁੱਖ ਪਾਤਰ ਤੋਂ ਬਿਨਾਂ ਵੀ ਹੋਰ ਪਾਤਰ ਹੋਣਗੇ। ਇਹ ਪਾਤਰ ਪ੍ਰਸੰਨਤਾ ਦੇਣ ਵਾਲੇ ਵੀ ਹੋਣਗੇ ਅਤੇ ਅ-ਪ੍ਰਸੰਨ ਕਰਨ ਵਾਲੇ ਵੀ। ਸਵੈ-ਜੀਵਨ ਫਿਕਸ਼ਨ ਨਹੀਂ ਹੁੰਦੀ। ਇਸ ਲਈ, ਇਸ ਵਿਚ ਸਭ ਦਾ ਵੇਰਵਾ ਸੱਚ ਸੱਚ ਹੋਣਾ ਚਾਹੀਦਾ ਹੈ। ਪਰ ਹੁਣ ਪ੍ਰਸ਼ਨ ਉੱਠਦਾ ਹੈ ਕਿ ਤਾਂ ਫਿਰ ਇਕ ਲੇਖਕ ਕਿਸੇ ਬਾਰੇ ਲਿਖਦਿਆਂ ਠਹੲ ਼ਅੱ ੌਾਂ ਼ਬਿੲਲ ਤੋਂ ਕਿਵੇਂ ਬੱਚ ਸਕੇਗਾ? ਸੱਚ ਤਾਂ ਇਹ ਹੈ ਕਿ ਬਿਲਕੁਲ ਨਹੀਂ ਬੱਚ ਸਕੇਗਾ। ਇਸ ਲਈ ਹੀ ਸਵੈ-ਜੀਵਨੀ ਲਿਖਣ ਵਾਲੇ ਲੇਖਕ ਨੂੰ ਪੂਰੀ ਸਮਝ ਅਤੇ ਸਹਿਨਸ਼ੀਲਤਾ ਨਾਲ ਲਿਖਣਾ ਬਣਦਾ ਹੈ ਕਿ ਉਸ ਦੀ ਲਿਖਤ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਵੇ ਅਤੇ ਕੋਈ ਦੂਜਾ ਲਿਖਤ ਕਾਰਨ ਬੇ-ਇਜ਼ਤੀ ਦਾ ਅਨੁਭਵ ਨਾ ਕਰੇ। ਲੇਖਕ ਲਈ ਜ਼ਰੂਰੀ ਹੈ ਕਿ ਉਹ ਕਿਸੇ ਪਾਸੋਂ ਨਫ਼ਰਤ ਦੀ ਪ੍ਰਾਪਤੀ ਕਰਨ ਲਈ ਅਜਿਹੇ ਸ਼ਬਦ/ਵਾਕ ਨਾ ਵਰਤੇ ਕਿ ਉਹਨਾਂ ਵਿਚ ਲੇਖਕ ਵਿਰੁੱਧ ਬਦਲਾ ਲੈਣ ਦੀ ਭਾਵਨਾ ਜਾਗ੍ਰਿਤ ਹੋ ਜਾਵੇ। ਜੇਕਰ ਤੁਸੀਂ (ਲੇਖਕ) ਆਪਣੀ ਲਿਖਤ ਵਿਚ ਆਪਣੀ ਜਾਂ ਕਿਸੇ ਹੋਰ ਦੀ ਆਲੋਚਨਾ ਕਰਦੇ ਹੋ ਤਾਂ ਆਪਣੇ ਉਤੇ ਹੱਸੋ ਵੀ। ਇੰਝ ਕਰਦਿਆਂ ਤੁਸੀਂ ਵੈਰ-ਵਿਰੋਧ ਦੀ ਭਾਵਨਾ ਨਹੀਂ ਜਗਾਉਗੇ। ਹਾਂ, ਤੁਸੀਂ ਕੁਝ ਨਾਂ ਬਦਲ ਸਕਦੇ ਹੋ ਪਰ ਫਿਰ ਵੀ ਕਾਨੂੰਨੀ ਤੌਰ ਤੇ ਤੁਸੀਂ ਇਕ ਲੇਖਕ ਦੇ ਤੌਰ ਤੇ ਜਿ਼ੰਮੇਵਾਰ ਹੋ ਕਿ ਕਿਸੇ ਦੀ ਸਾਖ ਨੂੰ ਇੰਨੀ ਹਾਨੀ ਨਾ ਪਹੁੰਚੇ ਕਿ ਉਸਦੇ ਸਾਧਨਾਂ ਤੇ ਰੋਕ ਲੱਗੇ। ਉਂਝ, ਲੇਖਕ ਦੇ ਨਾਲ ਨਾਲ ਹੀ ਪਬਲਿਸ਼ਰਜ਼ ਅਤੇ ਸੰਪਾਦਕ ਵੀ ਬਹੁਤ ਮਾਹਿਰ ਹੁੰਦੇ ਹਨ ਅਤੇ ਉਹ ਲਿਖਤ ਵਿਚ ਆਈਆਂ ਅਜਿਹੀਆਂ ਖਾਮੀਆਂ ਵਲਾਂ ਧਿਆਨ ਦੁਆਕੇ, ਲੇਖਕ ਪਾਸੋਂ ਸੋਧ-ਸੁਧਾਈ ਵੀ ਕਰਵਾ ਲੈਂਦੇ ਹਨ। ਪਰ ਲੇਖਕ ਦੀ ਜਾਣਕਾਰੀ ਅਨੁਸਾਰ ਹਾਲਾਂ ਪੰਜਾਬੀ ਵਿਚ ਅਜਿਹਾ ਕਰਨ ਦੀ ਪਰਪਾਟੀ ਘੱਟ ਹੀ ਹੈ।

ਲੇਖਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਵੈ-ਜੀਵਨੀ, ਕਿਸੇ ਹੋਰ ਸਾਹਿਤਕ ਲਿਖਤ ਵਾਂਗ ਹੀ ਰੀਪੋਰਟਿੰਗ ਨਹੀਂ। ਫਿਕਸ਼ੰਨ ਨਾਵਲ ਵਾਂਗ ਹੀ ਸਿੱਧੇ ਸਪਾਟ ਮੌਖਿਕ ਬਿਆਨ (ਵਾਰਤਾਲਾਪ) ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਘੱਟੋ ਘੱਟ ਪੂਰੇ ਬਿਆਨ ਦਾ ਅੱਧਾ ਹਿੱਸਾ ਜ਼ਰੂਰ ਹੀ ਵਾਰਤਾਲਾਪ ਦਾ ਹੋਣਾ ਚਾਹੀਦਾ ਹੈ।

ਸਵੈ-ਜੀਵਨੀ ਦੀ ਵੀ ਬਹੁਤ ਮਾਰਕਿਟ ਹੈ। ਪੰਜਾਬੀ ਵਿਚ ਵੀ ਬਹੁਤ ਸਾਰੀਆਂ ਸਵੈ-ਜੀਵਨੀਆਂ ਲਿਖੀਆਂ ਗਈਆਂ ਹਨ। ਲੋਕੀਂ (ਪਾਠਕ) ਸੱਚੇ ਤਜ਼ਰਬੇ ਪੜ੍ਹਨ ਲਈ ਪਿਆਸੇ ਹਨ। ਹੋਰ ਤਾਂ ਹੋਰ ਹਰ ਇਕ ਪਾਠਕ ਵਿਚ ਵੀ ਘੱਟੋ ਘੱਟ ਇਕ ਕਿਤਾਬ ਤਾਂ ਮੌਜੂਦ ਹੈ ਹੀ। ਬਸ ਸਮੱਸਿਆ ਹੈ ਕਿ ਪਾਠਕ ਦੇ ਅੰਦਰ ਲੁੱਕੀ ਕਿਤਾਬ ਨੂੰ ਸਵੈ-ਜੀਵਨੀ ਦੀ ਸ਼ਕਲ ਕਿਵੇਂ ਦਿੱਤਾ ਜਾਵੇ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 20.04.2005)
(ਦੂਜੀ ਵਾਰ ਅਕਤੂਬਰ 2021)

***
5??
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ