ਚਰਨਜੀਤ ਸਿੰਘ ਪੰਨੂ ਪੰਜਾਬੀ ਦੇ ਸਥਾਪਿਤ ਕਹਾਣੀ ਕਾਰਾਂ ਵਿਚੋਂ ਇੱਕ ਸਿਰਕੱਢਵਾਂ ਨਾਮ ਹੈ। ਉਹ ਭਾਰਤ ਸਰਕਾਰ ਦੇ ਨੈਸ਼ਨਲ ਸੈਂਪਲ ਸਰਵੇ ਸੰਗਠਨ ਵਿਚੋਂ ਬਤੌਰ ਸੁਪਰਿਨਟੈਡੈਂਟ ਸੇਵਾ ਮੁਕਤ ਹੋਏ ਹਨ। ਸਰਕਾਰੀ ਸੇਵਾ ਦੇ ਨਾਲ ਨਾਲ ਪੰਜਾਬੀ ਸਾਹਿਤ ਵਿੱਚ ਵੀ ਚੰਗਾ ਯੋਗਦਾਨ ਪਾਇਆ ਹੈ। 1969 ਵਿੱਚ ਨਾਨਕ ਰਿਸ਼ਮਾਂ ਨਾਮੀ ਧਾਰਮਿਕ ਕਾਵਿ ਸੰਗ੍ਰਹਿ ਨਾਲ ਉਹਨਾਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਭਟਕਦੀ ਰਾਤ-1978, ਪੀਹੜੀਆਂ ਦੇ ਫਾਸਲੇ-1979, ਸੰਦਲ ਦਾ ਸ਼ਰਬਤ-2000, ਸ਼ੀਸ਼ੇ ਦੇ ਟੁਕੜੇ-2004 ਚਾਰ ਕਹਾਣੀ ਸੰਗ੍ਰਹਿ ,ਇੱਕ ਨਾਵਲ ਤਿੜਕੇ ਚਿਹਰੇ-2002 {ਜੋ ਪੰਜਾਬ ਨਿਊਜ਼ ਨਿਊਜ਼ ਕੈਲੀਫੋਰਨੀਆ ਵਿੱਚ ਹਫਤਾਵਾਰ ਛਪ ਰਿਹਾ ਹੈ} ਤੇ ਇੱਕ ਕਾਵਿ ਸੰਗ੍ਰਹਿ ਗੁਲਦਸਤਾ-2003 ਪਿਛਲੇ ਸਾਲਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਭੇਟ ਕੀਤੇ ਅਤੇ ਹੁਣ ਅਜੇ ਇਹ ਸਫ਼ਰ ਜਾਰੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ, ਪੰਜਾਬੀ ਸਾਹਿਤ ਅਕੈਡਮੀ ਦੇ ਜੀਵਨ ਮੈਂਬਰ , ਰਾਮ ਪੁਰ ਸਾਹਿਤ ਸਭਾ ਦੇ ਮੈਂਬਰ, ਲਿਖਾਰੀ ਸਭਾ ਜਗਤ ਪੁਰ ਦੇ ਮੈਂਬਰ, ਪੰਜਾਬੀ ਸਾਹਿਤ ਸੱਭਿਆਚਾਰਕ ਸਦਨ ਫਗਵਾੜਾ ਦੇ ਪ੍ਰਧਾਨ, ਪ੍ਰੀਤ ਸਾਹਿਤ ਸਭਾ ਫਗਵਾੜਾ ਦੇ ਸੰਸਥਾਪਕ ਚੇਅਰਮੈਨ, ਸਾਹਿਤ ਸਭਾ ਬਹਿਰਾਮ ਦੇ ਚੇਅਰਮੈਨ, ਸਿੰਘ ਸਭਾ ਗੁਰਦਵਾਰਾ ਪ੍ਰੀਤ ਨਗਰ ਫਗਵਾੜਾ ਦੇ ਸਕੱਤਰ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਮੈਂਬਰ ਤੇ ਹੋਰ ਕਈ ਸਭਾਵਾਂ ਅਤੇ ਸੰਸਥਾਵਾਂ ਨਾਲ ਸਬੰਧਿਤ ਰਹੇ ਹਨ। ਅੱਜ ਕੱਲ ਸੈਨਹੋਜ਼ੇ-ਅਮਰੀਕਾ ਵਿਖੇ ਪੰਜਾਬੀ ਸਾਹਿਤ ਤੇ ਸਮਾਜ ਸੇਵਾ ਨੂੰ ਅਰਪਣ ਹਨ। ਸੰਪਰਕ ਫੋਨ-408 365 8182
ਪਹਿਲੀ ਸਾਮੀ ਨੂੰ ਭੁਗਤਾ ਕੇ ਪਟਵਾਰੀ ਬਹੁਤ ਪ੍ਰਸੰਨ ਹੋਇਆ। ਉਸ ਦੀ ਪਹਿਲੀ ਬੋਹਣੀ ਹੀ ਬਹੁਤ ਸ਼ੁਭ ਸ਼ਗਨਾਂ ਵਾਲੀ ਚੰਗੀ ਰਹੀ, ਜਿਸ ਨੇ ਕਿਸੇ ਹੀਲ ਹੁੱਜਤ ਤੋਂ ਬਿਨਾ ਖਿੜੇ ਮੱਥੇ ਮੂੰਹ ਮੰਗੇ ਪੰਜ ਸੌ ਰੁਪੈ ਮੇਜ਼ ਤੇ ਢੇਰੀ ਕਰ ਦਿੱਤੇ। ਕੰਮ ਤਾਂ ਛੋਟਾ ਜਿਹਾ ਸੀ ਇਕ ਮਿੰਟ ਦਾ, ਬੱਸ ਤਸਦੀਕ ਹੀ ਤਾਂ ਕਰਨਾ ਸੀ ਕਿ ਉਸ ਦੀ ਇਕ ਲੜਕੀ ਜੋ ਵਿਆਹੁਣ ਯੋਗ ਹੈ, ਅਜੇ ਅਣ-ਵਿਆਹੀ ਹੀ ਹੈ। ਪੰਚਾਂ ਸਰਪੰਚਾਂ ਨੇ ਪਹਿਲਾਂ ਹੀ ਉਸ ਦੀ ਤਸਦੀਕ ਕੀਤੀ ਹੋਈ ਸੀ। ਬੱਸ ਉਸ ਨੇ ਇਕ ਘੁੱਗੀ ਜਿਹੀ ਹੀ ਤਾਂ ਮਾਰਨੀ ਸੀ ਛੋਟੀ ਜਿਹੀ। ਪਟਵਾਰੀ ਨੇ ਉਂਗਲ ‘ਚ ਨਵੇਂ-ਨਵੇਂ ਪਾਏ ਚਮਕਦੇ ਪੁਖਰਾਜ ਨਗ ਨੂੰ ਚੁੰਮਿਆ ਤੇ ਨਾ-ਮੁਕੰਮਲ ਪਏ ਗਿਰਦਾਵਰੀ ਰਜਿਸਟਰ ਦੀ ਖਾਨਾ-ਪੂਰੀ ਕਰਨ ਲੱਗਾ, ਜਿਸ ਦਾ ਜਿਨਸ ਗੋਸ਼ਵਾਰਾ ਤਾਂ ਪਹਿਲਾਂ ਹੀ ਉਹ ਭੇਜ ਚੁੱਕਾ ਸੀ ਬਿਨਾਂ ਸਫ਼ਾ-ਵਾਰ ਜੋੜ ਕਰਨ ਦੇ, ਤੇ ਸਮੇਂ ਸਿਰ ਗੋਸ਼ਵਾਰਾ ਭੇਜਣ ਲਈ ਉਹ ਤਹਿਸੀਲਦਾਰ ਤੋਂ ਵੀ ਸ਼ਾਬਾਸ਼ ਲੈ ਚੁੱਕਾ ਸੀ।
ਵਿਆਹ ਵਾਲੀ ਘੋੜੀ ਵਾਂਗ ਲਿਸ਼ਕਦੀ ਸ਼ਿੰਗਾਰੀ ਹੋਈ ਇਕ ਬੜੀ ਲੰਮੀ ਚੌੜੀ ਵਿਦੇਸ਼ੀ ਲਗਦੀ ਕਾਰ ਪਟਵਾਰ ਖ਼ਾਨੇ ਸਾਹਮਣੇ ਆ ਖੜੀ ਹੋਈ ਵੇਖ ਕੇ ਭਿੰਦੇ ਪਟਵਾਰੀ ਦਾ ਮੱਥਾ ਠਣਕਿਆ। ਉਸ ਦੇ ਹੱਥ ਦੀ ਕਲਮ ਰੁਕ ਗਈ ਤੇ ਨਾਲ ਹੀ ਸਾਹ ਸੂਤ ਕੇ ਉਸ ਨੇ ਸ਼ਿਕਾਰੀ ਵਾਲੀ ਨਜ਼ਰ ਦੁੜਾਈ। ਉਹ ਕੰਬ ਉਠਿਆ… ਜਰੂਰ ਕੋਈ ਵੱਡਾ ਅਫਸਰ ਹੈ… ਕੋਈ ਵਿਜੀਲੈਂਸ ਵਾਲਾ ਹੋਵੇ, ਐਸ ਡੀ ਐਮ ਹੋਵੇ… ਨਹੀਂ… ਨਹੀਂ… ਡੀ ਸੀ”ਨਹੀਂ! ਉਹਨਾਂ ਕੋਲ ਤਾਂ ਅਜਿਹੀ ਕਾਰ ਕਿਥੋਂ ਆ ਸਕਦੀ ਹੈ। ਉਹਨਾਂ ਦੇ ਤਾਂ ਸਰਕਾਰੀ ਛਕੜੇ ਹੀ ਹਨ ਜੋ ਮਸਾਂ ਹੀ ਖੜ ਖੜ ਕਰਦੇ ਖਿੱਚ ਧੂਹ ਕੇ ਆਪਣੀ ਕਾਰਗੁਜ਼ਾਰੀ ਪੂਰੀ ਕਰਦੇ ਹਨ। ਚੌਕਸੀ ਵਿਭਾਗ ਦਾ ਛਾਪਾ ਵੀ ਅੱਜ ਕੱਲ ਹਰ ਸਰਕਾਰੀ ਦਫ਼ਤਰ ਵਿਚ ਹਊਆ ਬਣਿਆ ਪਿਆ ਹੈ। ਉਹ ਭੇਸ ਬਦਲ ਕੇ ਆਉਂਦੇ ਹਨ ਤੇ ਉਹਨਾਂ ਨੇ ਗ਼ੈਰਹਾਜ਼ਰ ਫੜ ਕੇ ਕਈ ਮੁਲਾਜ਼ਮ ਮੁਅੱਤਲ ਕਰਾਏ ਤੇ ਕਈਆਂ ਨੂੰ ਰਿਸ਼ਵਤ, ਗ਼ਬਨ ਤੇ ਹੋਰ ਮਾਮਲਿਆਂ ਵਿੱਚ ਫੜਿਆ ਹੈ ਤੇ ਚਲਾਣ ਪੇਸ਼ ਕੀਤਾ ਹੈ। ਸਰਕਾਰੀ ਮਸ਼ੀਨਰੀ ਸਾਰੀ ਨਹੀਂ ਤਾਂ ਕੁੱਝ ਕੁੱਝ ਇਹਨਾਂ ਦੇ ਡਰ ਤੋਂ ਆਪਣੇ ਕੰਮਾਂ ਵਿਚ ਚੁਸਤ ਚੌਕੰਨੀ ਹੋਈ ਹੈ। ਸਰਕਾਰੀ ਕਰਮਚਾਰੀ ਕੰਮ ਕਰਨ ਲੱਗੇ ਹਨ।
ਇਕ ਲੰਮੀ ਫਿਰਕੀ ਉਸ ਦੇ ਦਿਮਾਗ ਵਿਚ ਘੁੰਮ ਗਈ। ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੇ ਟੇਬਲ ਤੋਂ ੳੱਘੜ ਦੁੱਗੜੇ ਨੋਟ ਚੁੱਕ ਕੇ ਪਿੱਛੇ ਚੁੱਲ੍ਹੇ ਦੀ ਚਿਮਨੀ ਵਿਚ ਤੁੰਨ ਦਿੱਤੇ। ਪਤਾ ਨਹੀਂ ਕੀ ਬਲਾਅ ਸੀ ਜੋ ਹੁਣੇ ਗਿਆ, ਕਿਸੇ ਦੇ ਦਿਲਾਂ ਦੀ ਬਦਨੀਤੀ ਦਾ ਕੀ ਪਤਾ! ਪੰਜ ਸੌ ਦੇ ਕੇ ਜਾ ਘੱਲਿਆ ਵਿਜੀਲੈਂਸ ਵਾਲਿਆਂ ਨੂੰ! ਉਹਨਾਂ ਕੁੱਟ ਕੁੱਟ ਹੱਡ ਭੰਨ ਸੁੱਟਣੇ ਨੇ ਤੇ ਇਹ ਪੁਰਾਣੇ ਪੁਰਜ਼ੇ ਦੁਬਾਰਾ ਪੈਣੇ ਵੀ ਨਹੀਂ।
ਉਸ ਦੇ ਸਾਹ ਵਿਚ ਸਾਹ ਆਇਆ। ਕਾਰ ਦੀ ਤਾਕੀ ਖੁੱਲ੍ਹਦੇ ਇਕ ਬਾਬੂ ਜੀ ਤੇ ਇਕ ਮੈਡਮ ਹੱਥ ਵਿਚ ਤਿਕੋਨਾ ਜਿਹਾ ਪਰਸ ਲਟਕਾਈ ਬਾਹਰ ਨਿਕਲੀ। ਉਸਨੇ ਆਪਣੇ ਪ੍ਰੌੜ੍ਹ ਤਜਰਬੇ ਨਾਲ ਉਹਨਾਂ ਨੂੰ ਸਿਰ ਤੋ ਪੈਰਾਂ ਤੱਕ ਮਿਣਿਆ। ਉਹਨਾਂ ਦੀ ਔਕਾਤ ਦੀ ਕੀਮਤ ਲਗਾਈ, ਚੰਗੀ ਚੋਖੀ ਸੀ ਖੂਬ ਭਰਵੀਂ ਰੱਜਵੀਂ। ਉਹ ਅੰਦਰੇ ਅੰਦਰ ਬਹੁਤ ਖੁਸ਼ ਹੋਇਆ।
‘ਨਮਸਕਾਰ… ਪਟਵਾਰੀ ਸਾਹਿਬ!’ ਦੋਹਾਂ ਨੇ ਇਕੋ ਆਵਾਜ਼ ਵਿਚ ਦੋਵੇਂ ਹੱਥ ਜੋੜ ਕੇ ਪ੍ਰਣਾਮ ਕੀਤਾ।
‘ਨਮਸਕਾਰ! …।’ ਪਟਵਾਰੀ ਨੇ ਵੀ ਉਤਨੇ ਸਲੀਕੇ ਨਾਲ ਹੀ ਉੱਠ ਕੇ ਉਹਨਾਂ ਨੂੰ ਹੱਥ ਜੋੜ ਕੇ ਜੀ ਆਇਆਂ ਕਿਹਾ। ਪਟਿਆਂ ਵਾਲੀ, ਖ਼ੁਸ਼ਬੂਆਂ ਨਾਲ ਲੱਦੀ ਮੇਮ ਆਪਣੇ ਕਮਰੇ ਵਿਚ ਵੇਖ ਕੇ ਉਹ ਪੈਰ ਦੇ ਪੋਟੇ ਤੋਂ ਸਿਰ ਦੇ ਗੰਜ ਤੱਕ ਨਸ਼ਿਆ ਗਿਆ।
ਪਟਵਾਰੀ ਨੇ ਇਕ ਦਮ ਉਂਗਲੀ ਬਾਹਰ ਕੱਢੀ। ਪੁਖਰਾਜ ਨਗ ਉਸ ਦੀ ਮੁੰਦੀ ਵਿਚ ਜੜਿਆ ਹੋਇਆ ‘ਨੌਂ ਨਿਧਾਂ ਬਾਰਾਂ ਸਿਧਾਂ।’ ਉਸਨੂੰ ਜੋਤਸ਼ੀ ਨੇ ਨਗ ਵਿਚਲੀ ਲੰਮੀ ਉਂਗਲੀ ਵਾਲੀ ਮੁੰਦੀ ਵਿੱਚ ਪਾਉਣ ਲਈ ਕਿਹਾ ਸੀ।
‘ਇਹਨੂੰ ਵਿਚਕਾਰਲੀ ਉਂਗਲੀ ‘ਚ ਪਾਈਂ ਤੇ ਫਿਰ ਦੇਖੀਂ ਇਹਦੇ ਚਮਤਕਾਰ! ਜੋ ਆਏਗਾ ਕੁਝ ਦੇ ਕੇ ਹੀ ਜਾਏਗਾ… ਹਾਅ… ਹਾਅ… ਹਾਅ।’ ਇਹ ਤਾਂ ਬੜਾ ਚੰਗਾ ਮਹੂਰਤ ਕੀਤਾ ਹੈ, ਇਸ ਨੇ ਅੱਜ…। ਪਟਵਾਰੀ ਜੋਤਿਸ਼ੀ ਦੇ ਜੋਤਿਸ਼ ਤੋਂ ਕਾਇਲ ਹੋ ਗਿਆ।
ਉਹ ਉੱਠਿਆ, ਆਪੇ ਹੀ ਨੁੱਕਰ ‘ਚ ਪਈ ਠੰਢੇ ਪਾਣੀ ਵਾਲੀ ਝੱਜਰ ਵਿਚੋਂ ਅੰਨ੍ਹੇ ਗਿਲਾਸ ਭਰ ਕੇ ਚੰਗੇ ਮੇਜ਼ਬਾਨਾਂ ਵਾਲਾ ਸਬੂਤ ਦਿੰਦੇ ਨਿੱਘੇ ਆਦਰ ਨਾਲ ਪੇਸ਼ ਕੀਤੇ। ਉਹਨਾਂ ਨੇ ਗਿਲਾਸ ਚੁੱਕ ਕੇ ਇਕੋ ਸਾਹੇ ਖਾਲੀ ਕਰ ਕੇ ਵਾਪਸ ਮੋੜ ਦਿੱਤੇ।
‘ਥੈਂਕ ਯੂ …।’ ਮੈਡਮ ਨੇ ਕਿਹਾ।
‘ਸ਼ੁਕਰੀਆ… ਬਹੁਤ ਧੰਨਵਾਦ।’ ਬਾਬੂ ਜੀ ਦੀ ਅਵਾਜ਼ ਸੀ। ਮੇਮ ਸਾਹਿਬ ਪਾਣੀ ਪੀ ਕੇ ਠੰਢੀ ਠਾਰ ਹੋ ਗਈ। ਸ਼ਾਇਦ ਪੰਜਾਬੀ ਘੱਟ ਜਾਣਦੀ ਸੀ ਜਾਂ ਬਾਹਰਲੀ ਭਾਸ਼ਾ ਬੋਲ ਕੇ ਪਟਵਾਰੀ ਤੇ ਧੌਂਸ ਜਮਾਉਣਾਂ ਚਾਹੁੰਦੀ ਸੀ। ‘ਬੈਂਕ ਯੂ ਪਲੀਜ਼’… ਉਸ ਨੇ ਫਿਰ ਦੁਹਰਾ ਕੇ ਪਟਵਾਰੀ ਨੂੰ ਖੁਸ਼ ਕਰ ਦਿੱਤਾ।
‘ਮੈਂ ਸਾਹਿਬ ਜੀ! ਦਰੁਸਤੀ ਕਰਾਉਣੀ ਹੈ… ਆਪਣੀ ਜਮ੍ਹਾਬੰਦੀ ਦੀ…।’ ਬਾਬੂ ਨੇ ਆਪਣਾ ਆਉਣ ਦਾ ਕਾਰਨ ਦੱਸਿਆ। ਨਾਲ ਹੀ ਮੇਮ ਸਾਹਿਬ ਨੇ ਗਲੇ ਸੜੇ ਪੁਰਾਣੇ ਕਾਗ਼ਜ਼ ਕੱਢ ਕੇ ਮੇਜ਼ ਤੇ ਰੱਖ ਦਿੱਤੇ।
‘ਕੋਈ ਨਾ! ਲਿਆਉ ਜੀ! ਹੁਣੇ ਹੀ ਕਰਦੇ ਹਾਂ…।’ ਪਟਵਾਰੀ ਨੇ ਕਾਗ਼ਜ਼ਾਂ ਦੀ ਤਹਿ ਖੋਲ੍ਹਦੇ ਸਿੱਧੇ ਕੀਤੇ।
‘ਹਾਂ ਜੀ ਠੀਕ ਹੈ… ਕੀ ਕਰਨਾ ਇਹਨਾਂ ਦਾ?’ ਪਟਵਾਰੀ ਹੁਣ ਕੁੱਝ ਕੁੱਝ ਆਪਣੇ ਪਟਵਾਰ ਲਹਿਜੇ ਵਿਚ ਆ ਗਿਆ।
‘ਇਹ ਜਨਾਬ ਤੁਹਾਡੇ ਪਟਵਾਰੀ ਦੀ ਹੀ ਮਿਹਰਬਾਨੀ ਹੋਈ ਹੈ ਕਿ ਮੇਰੀ ਵੈਫ ਦਾ ਨਾਮ ਅਜੀਤ ਕੋਰ ਦੀ ਥਾਂ ਹਰਜੀਤ ਕੋਰ ਲਿਖ ਦਿੱਤਾ। ਇਹ ਤਾਂ ਅਜੀਤ ਕੋਰ ਹੈ ਤੇ ਹੁਣ ਤੁਸੀਂ ਮਿਹਰਬਾਨੀ ਕਰਕੇ ਇਹਨੂੰ ਠੀਕ ਕਰ ਦਿਉ।’ ਬਾਬੂ ਨੇ ਨਿਹੋਰੇ ਭਰੇ ਸ਼ਬਦਾਂ ‘ਚ ਪਟਵਾਰੀ ਨੂੰ ਹਲੂਣਿਆ।
‘ਜਨਾਬ ਇਹ ਕੰਮ ਏਨਾ ਛੋਟਾ ਨਹੀਂ! ਇਤਨਾ ਸੌਖਾ ਵੀ ਨਹੀਂ! ਇਹਦੇ ਵਾਸਤੇ ਤੁਹਾਨੂੰ ਤਸੀਲਦਾਰ ਕੋਲ ਜਾਣਾ ਪਵੇਗਾ। ਐਸ ਡੀ ਐਮ ਦੇ ਪੇਸ਼ ਹੋਣਾ ਪਵੇਗਾ ਤੇ ਹੋਰ ਉੱਪਰ ਡੀ ਸੀ ਤੱਕ ਵੀ ਪਹੁੰਚਣਾਂ ਪਵੇਗਾ। ਉਹ ਜੋ ਹੁਕਮ ਕਰਨਗੇ ਮੈਂ ਉਹੀ ਕਰਾਂਗਾ।’
ਪਟਵਾਰੀ ਨੇ ਕੁਰਸੀ ਤੋਂ ਜਰਾ ਕੁ ਉੱਪਰ ਉੱਠ ਕੇ ਕਾਗ਼ਜ਼ਾਂ ਨੂੰ ਉਲਟੇ ਸਿੱਧੇ ਕਰਦੇ ਹੱਥ ਦੇ ਇਸ਼ਾਰੇ ਨਾਲ ਗੱਲਾਂ ਕਰਦੇ ਉਹਨਾਂ ਨੂੰ ਚੱਕਰਾਂ ਵਿਚ ਪਾ ਦਿੱਤਾ।
ਪਟਵਾਰੀ ਹੋਵੇ ਸਿਫ਼ਾਰਸ਼ੀ, ਆਪਣੀ ਮਰਜ਼ੀ ਦੀ ਸੀਟ, ਧਨਾਢ ਲੋਕ ਉਸ ਦੀ ਰਾਇਆ, ਤੇ ਉਸ ਦੇ ਬੱਚਿਆਂ ਦੀ ਰੀਝ ਪੂਰੀ ਨਾਂ ਹੋਵੇ! ਲਾਹਨਤ ਹੈ। ਉਸ ਨੇ ਬੱਚਿਆ ਦੀ ਕੰਪਿਊਟਰ ਦੀ ਲੋੜ ਮਹਿਸੂਸ ਕਰਦੇ ਹੋਏ ਪਹਿਲੀ ਤਰੀਕ ਤੋਂ ਸਾਰੀ ਆਮਦਨ ਇਕੱਠੀ ਕਰਨ ਦੀ ਠਾਣ ਲਈ, ਜਿੰਨਾ ਚਿਰ ਤੀਹ ਹਜ਼ਾਰ ਨਹੀਂ ਬਣ ਜਾਂਦਾ, ਉਨਾਂ ਚਿਰ ਉਹ ਦਰਾਜ ਵਿੱਚੋਂ ਨਹੀਂ ਕੱਢੇ ਗਾ।
ਪਹਿਲਾਂ ਤਾਂ ਮੁਹਾਵਰਾ ਸੀ”, ‘ਤੂੰ ਕਾਹਦਾ ਪਟਵਾਰੀ ਮੁੰਡਾ ਮੇਰਾ ਰੋਏ ਅੰਬ ਨੂੰ, ਪਰ ਹੁਣ ਅੰਬ ਨਾਲ ਨਹੀਂ ਸਰਨਾ। ਅੱਜ ਦੇ ਜੁਆਕ ਇਸ ਤੋਂ ਅੱਗੇ ਨਿਕਲ ਗਏ ਨੇ… ਉਹ ਚੰਨ ਲੈਣ ਦੇ ਮਨਸੂਬੇ ਬਣਾ ਰਹੇ ਨੇ।’ ਉਸ ਨੇ ਮਨ ਹੀ ਮਨ ਵਿੱਚ ਘੋੜ ਦੌੜ ਕੀਤੀ।
‘ਓ ਛੱਡੋ ਜਨਾਬ ਐਸੀ ਬਾਤੇਂ… ਮੈਂ ਲੰਡਨ ਤੋਂ ਆਇਆ ਹਾਂ… ਤੁਸੀਂ ਆਪ ਹੀ ਮਿਹਰਬਾਨੀ ਕਰ ਦਿਉ।’
‘ਸਰ ਜੀ ਮੇਰੀ ਗੱਲ ਸਮਝੋ”ਚੰਗੀ ਤਰਾਂ! ਇਹ ਮੇਰੇ ਵੱਸੋਂ ਬਾਹਰ ਦੀ ਗੱਲ ਹੈ। ਮੈਂ ਤੁਹਾਡੇ ਤੇ ਮਿਹਰਬਾਨੀ ਕਰਕੇ ਆਪਣੀ ਨੌਕਰੀ ਗਵਾਉਣੀ?’ ਪਟਵਾਰੀ ਦੇ ਬੋਲਾਂ ‘ਚ ਰੁੱਖਾ-ਪਨ ਭਾਰੂ ਹੋ ਗਿਆ।
‘ਭਾਈ ਸਾਹਿਬ! ਜੇ ਪਟਵਾਰੀ ਦੀ ਗਲਤੀ ਨਾਲ ਅਜੀਤ ਕੌਰ ਹਰਜੀਤ ਕੌਰ ਬਣ ਸਕਦੀ ਹੈ ਤਾਂ ਹਰਜੀਤ ਕੌਰ ਅਜੀਤ ਕੌਰ ਵੀ ਤਾਂ ਬਣ ਹੀ ਸਕਦੀ ਹੈ। ਪਟਵਾਰੀ ਦੀ ਮਰਜ਼ੀ ਨਾਲ ਜਾਂ ਗਲਤੀ ਨਾਲ ਸਮਝ ਲਓ।’ ਬਾਬੂ ਨੇ ਆਪਣੇ ਹੰਢੇ ਵਰਤੇ ਤੇ ਗਿਆਨਵਾਨ ਸੁਘੜ ਹੋਣ ਦਾ ਸਬੂਤ ਦਿੰਦੇ ਹੱਸਦੇ ਹੋਏ ਪਟਵਾਰੀ ਨੂੰ ਠਿੱਬੀ ਮਾਰਨ ਦੀ ਕੋਸ਼ਿਸ਼ ਕੀਤੀ।
‘ਇਹ ਤਾਂ ਤੁਹਾਡੀ ਗੱਲ ਠੀਕ ਹੈ ਜਨਾਬ! ਪਰ ਉਹ ਜ਼ਮਾਨਾ ਹੋਰ ਸੀ, ਹੁਣ ਹੋਰ ਹੈ, ਬੜਾ ਖਤਰਨਾਕ ਜ਼ਮਾਨਾ ਹੈ ਅੱਜ ਕੱਲ… । ਉਪਰੋਂ ਬੜੀ ਸਖ਼ਤੀ ਹੈ… ਬੜੀ ਚੈਕਿੰਗ ਹੈ…।’
‘ਤੁਹਾਡੇ ਮਹਿਕਮੇ ਦੀ ਕੀਤੀ ਹੋਈ ਇਸ ਬੱਜਰ ਗਲਤੀ ਨੇ ਸਾਥੋਂ ਕਿੰਨੇ ਅਣਚਾਹੇ ਜੁਰਮ ਕਰਾਏ, ਕਿੰਨੇ ਗੁਨਾਹ ਕਰਾਏ। ਉਹਨਾਂ ਦਿਨਾਂ ਵਿਚ ਕੁਝ ਸੋਕੇ ਦੀ ਮਾਰ ਤੇ ਫਿਰ ਇਕ ਸਾਲ ਹੜ੍ਹਾਂ ਦੀ ਤਬਾਹੀ ਨੇ ਕਿਸਾਨੀ ਆਰਥਿਕਤਾ ਦਾ ਲੱਕ ਤੋੜ ਦਿੱਤਾ। ਸਰਕਾਰ ਦੇ ਮਨ ਮਿਹਰ ਪੈ ਗਈ। ਖ਼ਰਾਬੇ ਦੇ ਆਰਡਰ ਹੋ ਗਏ। ਪਟਵਾਰੀ ਦੇ ਪਿੱਛੇ ਪੈ ਕੇ ਸੌ ਰੁਪੈ ਕਿੱਲੇ ਦੇ ਹਿਸਾਬ ਉਹਨੂੰ ਦੇ ਕੇ ਖ਼ਰਾਬਾ ਲਿਖਾਇਆ ਤੇ ਕਈ ਪਾਪੜ ਵੇਲ ਵੇਲ ਕੇ ਇਕ ਚੈੱਕ ਮਿਲਿਆ ਪੰਦਰਾਂ ਸੌ ਰੁਪੈ ਦਾ। ਉਹ ਵੀ ਵੇਖ ਕੇ ਮੈਂ ਹੱਕਾ-ਬੱਕਾ ਰਹਿ ਗਿਆ। ਚੈੱਕ ਅਜੀਤ ਕੌਰ ਦਾ ਨਾਂ ਹੋ ਕੇ ਹਰਜੀਤ ਕੌਰ ਦਾ ਸੀ। ਮੈਂ ਪਟਵਾਰੀ ਨੂੰ ਮੋੜਿਆ ਤੇ ਠੀਕ ਕਰਨ ਦੀ ਬੇਨਤੀ ਕੀਤੀ।
‘ਸਰਦਾਰ ਜੀ ਪੀ ਜਾਉ ਇਹ ਸਭ ਕੁਝ… ਜੇ ਹੋਰ ਬੋਲੇ ਤਾਂ ਫਿਰ ਕਊਆ ਕਾਟੇ…।’ ਉਹ ਸ਼ੈਤਾਨਾਂ ਵਾਲੀ ਹਾਸੀ ਹੱਸਿਆ ਸੀ। ਮੈਂ ਸਮਝ ਗਿਆ ਕਿ ਇਹ ਜਾਦੂਗਰੀ ਸਾਡੇ ਪਟਵਾਰੀ ਦੀ ਹੀ ਹੈ।
‘ਇਹ ਖੇਤਾਂ ਦੀ ਮਾਲਕ ਹਰਜੀਤ ਕੌਰ ਹੈ, ਅਜੀਤ ਕੋਰ ਨਹੀਂ…ਤੇ ਜੇ ਤੁਸੀਂ ਦਰੁਸਤੀ ਦੇ ਚੱਕਰ ‘ਚ ਪੈ ਗਏ ਤਾਂ ਪਤਾ ਨਹੀਂ ਗੱਲ ਕਿੱਥੇ ਜਾ ਕੇ ਨਿੱਬੜੇ … ਤੇ ਫਿਰ ਇਹ ਚੈੱਕ ਵੀ ਨਹੀਂ ਮਿਲਨਾ..ਪਤਾ ਨੀਂ ਕਿੰਨੀ ਵੀਹੀਂ ਸੌ ਹੋਊ ਫਿਰ.।’
ਖੁਰਾਕ ਇਨਸਪੈੱਕਟਰ ਨੂੰ ਅਸਲੀਅਤ ਦੱਸ ਕੇ ਉਸ ਦੀ ਮੁੱਠੀ ਗਰਮ ਕਰਕੇ ਨਕਲੀ ਰਾਸ਼ਨ ਕਾਰਡ ਬਣਾਇਆ। ਬੈਂਕ ‘ਚ ਖਾਤਾ ਖੁਲ੍ਹਵਾਇਆ ਤੇ ਹਰਜੀਤ ਕੌਰ ਖ਼ਰਾਬੇ ਵਾਲੇ ਚੈੱਕ ਦੀ ਮਾਲਕ ਬਣੀ। ਇਸ ਹਰਜੀਤ ਕੌਰ ਦੇ ਦਸਖ਼ਤਾਂ ਨਾਲ ਸੌ ਪੰਦਰਾਂ ਰੁਪੈ, ਖ਼ਰਾਬਾ ਵਸੂਲ ਕੀਤਾ ਸਰਕਾਰ ਤੋਂ।’
‘ਬਹੁਤ ਖੂਬ .. ਬਹੁਤ ਚੰਗਾ… ਸਰਦਾਰ ਜੀ … ਫਿਰ ਤਾਂ ਬਣ ਗਿਆ ਕੰਮ.. ਸਮਝੋ ਉਹ ਪੰਦਰਾਂ ਸੌ ਤੁਹਾਨੂੰ ਨਾਂ ਹੀ ਮਿਲੇ ਸਮਝ ਲਓ। ਉਸੇ ਵਿੱਚ ਹੋਰ ਹੰਗਾਲ ਪਾ ਕੇ ਬਾਹਰੇ ਬਾਹਰ ਖਰਚ ਕੇ ਅੱਜ ਤੁਹਾਡਾ ਇਹ ਕੰਮ ਠੀਕ ਹੋ ਜਾਊ… ਨਾਇਬ ਸਾਹਿਬ ਬਹੁਤ ਚੰਗੇ ਹਨ।’
ਪਟਵਾਰੀ ਨੇ ਆਪਣੀ ਔਕਾਤ ਦਾ ਮਿਆਰੀ ਹੱਦ ਸੁੱਤੇ ਸਿੱਧ ਸਪਸ਼ਟ ਕਰ ਦਿੱਤੀ।
‘ਤੇ ਭਾਜੀ ਪਟਵਾਰੀ ਸਾਹਿਬ! ਜਿਹੜਾ ਸਾਡੇ ਮਨ ਦਾ ਖੌਅ, ਭੈ, ਧੁੜਕੂ, ਜੇਲ੍ਹ ਦੀ ਸਜ਼ਾ ਦਾ ਡਰ, ਇਹ ਸਾਰੇ ਪੰਦਰਾਂ ਸਾਲ ਸਾਨੂੰ ਵੱਢ ਵੱਢ ਖਾਂਦਾ ਰਿਹਾ ਹੈ… ਇਸ ਦਾ ਕੋਣ ਜ਼ੁੰਮੇਵਾਰ ਹੈ?’ ਉਹ ਤਲਖ਼ ਹੋਈ ਆਵਾਜ਼ ਨਾਲ ਮਿੰਨ੍ਹਾ- ਮਿੰਨ੍ਹਾ ਮੁਸਕਰਾਉਂਦਾ ਹੈ।
ਪਟਵਾਰੀ ਖਚਰੀ ਜਿਹੀ ਹਾਸੀ ਹੱਸਿਆ। ਉਸ ਨੇ ਵੀ ਪਾਨ ਲਿੱਬੜੇ ਦੰਦ ਬਾਹਰ ਕੱਢ ਕੇ ਹੱਸਣ ਵਿੱਚ ਉਹਨਾਂ ਦਾ ਸਾਥ ਦਿੱਤਾ।
‘ਠੀਕ ਆ… ਠੀਕ ਆ… ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਨਾਇਬ ਸਾਹਿਬ ਨੂੰ ਪੁੱਛ ਵੇਖਦੇ ਹਾਂ। ਤੁਸੀਂ ਬਾਹਰ ਜਾ ਕੇ ਏਨੀ ਮਿਹਨਤ ਕਰਦੇ ਹੋ… ਆਪਣੇ ਦੇਸ਼ ਦੀ ਸੇਵਾ ਕਰਦੇ ਓ… ਆਪਣੇ ਲੋਕਾਂ ਦਾ ਢਿੱਡ ਭਰਦੇ ਓ, ਇਥੇ ਮੰਦਰਾਂ ਡੇਰਿਆਂ ਵਾਸਤੇ ਲੱਖਾਂ ਰੁਪਏ ਡੋਨੇਸ਼ਨ ਦਿੰਦੇ ਹੋ… ਸਾਡਾ ਵੀ ਤਾਂ ਫਰਜ਼ ਬਣਦਾ ਹੈ ਕਿ ਅਸੀਂ ਵੀ ਤੁਹਾਡੀ ਸੇਵਾ ਕਰੀਏ”ਤੁਹਾਡੇ ਕਿਸੇ ਕੰਮ ਆ ਸਕੀਏ।’
‘ਏਸੇ ਲਈ ਹੀ ਤਾਂ ਬਾਹਰਲਿਆਂ ਦੀ ਮਿੱਟੀ ਪਲੀਤ ਹੁੰਦੀ ਹੈ ਇੱਥੇ! ਦਿੱਲੀ ਏਅਰ ਪੋਰਟ ਦੇ ਕਰਮਚਾਰੀਆਂ ਤੋਂ ਲੈ ਕੇ ਰਸਤੇ ਦੀ ਪੁਲਸ ਤੇ ਹੋਰ ਮਹਿਕਮੇ ਸਭ ਵਿਦੇਸ਼ੀਆਂ ਦੇ ਖੀਸੇ ਟੋਹਣ ਲਈ ਮੂੰਹ ਅੱਡੀ ਖੜੇ ਹਨ।’ਬੀਬੀ ਨੇ ਪਟਵਾਰੀ ਨੂੰ ਛਿੱਥਾ ਜਿਹਾ ਕਰ ਦਿੱਤਾ’
ਮੋਬਾਈਲ ਕੱਢ ਕੇ ਨੰਬਰ ਮਿਲ਼ਾਉਂਦਾ ਹੈ।
‘ਨਾਇਬ ਸਾਹਿਬ! …
ਸਰ … ਇਕ ਸੱਜਣ ਆਏ ਬੈਠੇ ਨੇ ਮੇਰੇ ਕੋਲ ਵਲਾਇਤ ਤੋਂ… ਉਹ ਕੁੱਝ ਸੋਧ ਕਰਾਉਣੀ ਚਾਹੁੰਦੇ ਨੇ ਜਮ੍ਹਾਬੰਦੀ ਦੀ… ਹਾਂ … ਹਾਂ… ਠੀਕ ਹੈ ਜਨਾਬ! ਹੁਣੇ ਹਾਜਰ ਹੁੰਦੇ ਹਾਂ…।’
ਪਟਵਾਰੀ ਨੇ ਤੋਲਿਆ ਕਿ ਉਸ ਦੀ ਕੀਮਤ ਮਿਹਨਤਾਨਾ ਸ਼ੁਕਰਾਨਾ ਘੱਟੋ ਘੱਟ ਦੋ ਸੌ ਪੌਂਡ ਤਾਂ ਹੋਵੇਗੀ ਹੀ। ਇਸ ਦਾ ਮਤਲਬ ਸਤਾਰਾਂ ਹਜ਼ਾਰ ਰੁਪੈਆ… ਬੱਸ! ਗ਼ਲਤੀ ਤਾਂ ਭਾਵੇਂ ਸਾਡੀ ਹੀ ਹੈ। ਨਾਲੇ ਸਾਡੀ ਗ਼ਲਤੀ ਦੀ ਦਰੁਸਤੀ ਹੋ ਜਾਏਗੀ ਨਾਲੇ ਮੇਰੀ ਜੇਬ ਵਿਚ ਰੌਣਕ ਹੋ ਜਾਏਗੀ। ਟੈਲੀਫੋਨ, ਬਿਜਲੀ, ਪਾਣੀ ਦੇ ਲੱਕ ਤੋੜਵੇਂ ਬਿੱਲ ਭੁਗਤ ਜਾਣਗੇ ਤੇ ਨਾਲੇ ਨਾਇਬ ਸਾਹਿਬ ਵੀ ਖੁਸ਼ ਹੋ ਜਾਣਗੇ।
‘ਤੁਹਾਡੇ ਤਾਂ ਜਨਾਬ ਜੀ! ਦੋ ਸੌ ਪੌਂਡਾਂ ਦੀ ਕੋਈ ਕੀਮਤ ਨਹੀਂ ਉੱਧਰ, ਕਹਿੰਦੇ ਇੱਕ ਦਿਨ ਦੀ ਮਾਰ ਹੈ, ਪਰ ਅਸੀਂ ਤਾਂ ਇਹਨਾਂ ਨੂੰ ਬੜਾ ਪਿਆਰ ਕਰਦੇ ਹਾਂ, ਬੜੀ ਬਰਕਤ ਹੋ ਜਾਂਦੀ ਹੈ ਇਹਨਾਂ ਦੀ। ਬਾਹਰਲਾ ਜੋ ਵੀ ਆਉਂਦਾ ਹੈ, ਦੋ ਸੌ ਤਾਂ ਹੱਸ ਕੇ ਦੇ ਜਾਂਦਾ। ਅਸੀਂ ਵੀ ਜਿਆਦਾ ਕਿਸੇ ਨੂੰ ਤੰਗ ਨਹੀਂ ਕਰਦੇ ਨਾਂ ਹੀ ਬਹੁਤਾ ਲਾਲਚ ਕਰਦੇ ਹਾਂ।’
‘ਨੋ ਪਲੀਜ਼ ਨੋ… ਐਸਾ ਨਹੀਂ ਬਨਤਾ…। ਰਾਤ ਦਿਨ ਮਿਹਨਤ ਕਰਕੇ ਜਾਨ ਕੋ ਬਹੁਤ ਕਸ਼ਟ ਦੇਣਾ ਪੜਤਾ ਹੈ।’ ਮੈਡਮ ਨੇ ਟੁੱਟੀ ਫੁੱਟੀ ਹਿੰਦੀ ‘ਚ ਉਚਾਰਨ ਕਰਕੇ ਦੱਸ ਦਿੱਤਾ ਕਿ ਉਹ ਸਾਰੀ ਗੱਲਬਾਤ ਸਮਝ ਰਹੀ ਹੈ।
‘ਹਮ ਆਪ ਕੀ ਸੇਵਾ ਕਰੇਗਾ.. ਪੂਰੀ ਫੀਸ ਦੇ ਗਾ ਸਰਕਾਰੀ ਫੀਸ ਨਕਦ! ਜਾਂ”ਜਹਾਂ ਕਹੋ ਬੈਂਕ ਮੇਂ ਜਮਾਂ ਕਰਾ ਦੇਂ ਗੇ।’ਪਟਵਾਰ ਖ਼ਾਨੇ ਦੀ ਕੰਧ ਤੇ ਲਿਖੀ ਫੀਸਾਂ ਦੀ ਲਿਸਟ ਵੱਲ ਇਸ਼ਾਰਾ ਕਰਦੇ ਉਸ ਨੇ ਸਿਰ ਹਿਲਾਇਆ।
ਕੰਧਾਂ ਤੇ ਫੀਸਾਂ ਦੀ ਫਰਿਸਤ ਚਿਪਕਾ ਕੇ ਵੀ ਸਰਕਾਰ ਨੇ ਨਵਾਂ ਕਜੀਆ ਖੜਾਂ ਕਰ ਦਿੱਤਾ। ਪਟਵਾਰੀ ਮਨ ਹੀ ਮਨ ਵਿੱਚ ਕਲਪ ਉੱਠਿਆ।
‘ਚਲੋ ਮੈਡਮ! ਅਭੀ ਨਾਇਬ ਸਾਹਿਬ ਤੋਂ ਸਲਾਹ ਪੁੱਛ ਲੈਂਦੇ ਹਾਂ…ਅਸਲੀ ਤਾਂ ਉਹੀ ਮਾਲਕ ਹਨ, ਅਸੀਂ ਤਾਂ ਨੌਕਰ ਹਾਂ।’ ਉਹ ਰਜਿਸਟਰ ਜਮ੍ਹਾਬੰਦੀ ਤੇ ਹੋਰ ਕਾਗ਼ਜ਼ ਪੱਤਰ ਲੈ ਕੇ ਉਹਨਾਂ ਦੇ ਨਾਲ ਕਾਰ ਵਿਚ ਜਾ ਬੈਠਾ।
‘ਤੁਹਾਡੇ ਡੀ ਸੀ ਸਾਹਿਬ ਨੇ ਨਾ.. ਪ੍ਰੇਮ ਸਾਹਿਬ।’
‘ਹਾਂ ਜੀ ਹਾਂ …।’ ਪਟਵਾਰੀ ਨੇ ਬੜੀਆਂ ਹਲੀਮੀ ਭਰੀਆਂ ਨਿਗਾਹਾਂ ਨਾਲ ਹੁੰਗਾਰਾ ਭਰਿਆ।
‘ਉਹ ਮੇਰੇ ਕਲਾਸ ਫੈਲੋ ਸਨ! ਮੈਂ ਕਿਹਾ ਉਹਨਾਂ ਨੂੰ ਕੀ ਜ਼ਹਿਮਤ ਦੇਣੀ ਆ… ਪਹਿਲਾਂ ਤੁਹਾਨੂੰ ਹੀ ਪੁੱਛ ਲੈਂਦੇ ਹਾਂ । ਤੇ ਦੂਸਰਾ ਤੁਹਾਡਾ ਮਾਲ ਮੰਤਰੀ ਵੀ ਮੇਰੀ ਭੂਆ ਦਾ ਪੁੱਤਰ ਭਰਾ ਹੈ…।’ ਕਾਰ ਵਿਚ ਬੈਠਦੇ ਹੀ ਇਹ ਛਵ੍ਹੀਆਂ ਵਰਗੇ ਬੋਲ ਪਟਵਾਰੀ ਦੇ ਸੁਪਨਿਆਂ ਦੀ ਹਿੱਕ ਬੋਟੀ ਬੋਟੀ ਛਲਨੀ ਕਰ ਗਏ। ਉਸ ਦਾ ਜੀਅ ਕੀਤਾ ਕੋਈ ਬਹਾਨਾ ਲਾ ਕੇ ਟਰਕਾਈ ਕੀਤੀ ਜਾਏ ਜਾਂ ਅਜਿਹੀ ਗੱਦੇਦਾਰ ਏ ਸੀ ਕਾਰ ਵਿਚੋਂ ਬਾਹਰ ਛਾਲ ਮਾਰ ਦੇਵੇ.ਜਿਸ ਵਿੱਚ ਬੈਠ ਕੇ ਕੰਡਿਆਂ ਵਰਗੇ ਬੋਲ ਸੁਣਨੇ ਪਏ।
‘ਇਹ ਤਾਂ ਟੇਢੀ ਖੀਰ ਟੱਕਰ ਗਈ…।’ ਉਸ ਦੇ ਸੁਪਨੇ ਅਸਮਾਨੀ ਤਾਰਿਆਂ ਵਾਂਗ ਟੁੱਟਣ ਲੱਗੇ।
‘ਹਾਏ ਹੁਣ ਕੀ ਬਣੂੰ! ਉਹ ਨਾਇਬ ਸਾਹਿਬ ਦੇ ਕਿੱਦਾਂ ਮੱਥੇ ਲੱਗੇਗਾ, ਉਸਨੂੰ ਕੀ ਮੂੰਹ ਦਿਖਾਏਗਾ। ਉਸ ਨੂੰ ਤਾਂ ਗੁੱਝੇ ਸ਼ਬਦਾਂ ਵਿਚ ਦੱਸਿਆ ਸੀ, ਪਈ ਚੰਗੀ ਮੋਟੀ ਬਰਾਇਲਰ ਮੁਰਗ਼ੀ ਐ ਬਾਹਰਲੀ।’ ਉਹ ਸੋਚਾਂ ਵਿਚ ਡੁੱਬ ਗਿਆ।
‘ਇਹ ਵੀ ਕੀ ਸਮਝੇਗਾ… ਵੱਡਾ ਆਇਆ ਭਰਾ ਮਿਨਿਸਟਰ ਦਾ! ਮੈਂ ਤਾਂ ਸੋਚਿਆ ਸੀ, ਇਸ ਦਾ ਕੰਮ ਕਰ ਦਿਆਂਗੇ ਪਹਿਲੇ ਹੱਲੇ ਹੀ ਬਾਹਰੇ ਬਾਹਰ… ਪਰ ਇਹ ਖੀਰ ਸਿੱਧੀ ਉਂਗਲੀ ਨਾਲ ਨਹੀਂ ਨਿਕਲਣ ਵਾਲੀ…।’ ਉਸ ਦੇ ਮਨ ਨੇ ਨਵੀਂ ਸਕੀਮ ਸੋਚੀ।
‘ਬਹੁਤ ਚੰਗਾ ਹੈ ਸਰ! ਤੁਸੀਂ ਸਾਡੇ ਬਹੁਤ ਹੀ ਸਤਿਕਾਰ ਯੋਗ ਮਹਿਮਾਨ ਹੋ, ਨਾਲੇ ਸਾਡੇ ਡੀ ਸੀ ਤੇ ਮਿਨਿਸਟਰ ਦੇ ਕਰੀਬੀ ਖਾਸ ਬੰਦੇ ਹੋ। ਬੱਸ ਤੁਹਾਡਾ ਕੰਮ ਤਾਂ ਹੋਇਆ ਹੀ ਪਿਆ…।’ ਨਖਰੇਲੀ ਜਿਹੀ ਹਾਸੀ ਹੱਸਦੇ ਉਸਨੇ ਉਹਨਾਂ ਨੂੰ ਤਸੱਲੀ ਦਿਵਾ ਦਿੱਤੀ।
‘ਪਰ ਭਾਅ ਜੀ ਚੰਗਾ ਹੋਇਆ ਤੁਸੀਂ ਵੇਲੇ ਸਿਰ ਟੱਕਰ ਗਏ… ਮੇਰੀ ਚੰਗੀ ਕਿਸਮਤ ਨੂੰ … ਮੇਰੀ ਬਦਲੀ ਦੇ ਆਰਡਰ ਹੋਏ ਪਏ ਨੇ। ਚੰਗਾ ਹੋਵੇ ਬਦਲੀ ਰੁਕਵਾ ਦਿਉ… ਇਥੇ ਦਾ ਜਲਵਾਯੂ ਮੇਰੀ ਸਿਹਤ ਨੂੰ ਚੰਗਾ ਖੁਸ਼ਗਵਾਰ ਹੋ ਕੇ ਲੱਗਾ ਹੈ…।’ ਪਟਵਾਰੀ ਨੇ ਇਹ ਸਵਾਲ ਕਰਕੇ ਉਹਨਾਂ ਦੀ ਵਜ਼ੀਰ ਜਾਂ ਡੀ ਸੀ ਨਾਲ ਸਾਂਝ ਦੀ ਤੰਦ ਨਾਪਣੀ ਚਾਹੀ।
‘ਹਾਂ ਹਾਂ ਕਿਉਂ ਨਹੀਂ! ਪੁੱਛ ਵੇਖਾਂਗੇ… ਪਰ ਉਹਨਾਂ ਨੂੰ ਕਈ ਸਾਲ ਹੋ ਗਏ ਮਿਲੇ ਵਰਤੇ ਹੀ ਨਹੀਂ। ਸਾਕ ਤਾਂ ਮਿਲੇ ਵਰਤੇ ਦੇ ਹੀ ਹੁੰਦੇ ਨੇ… ਪਰ ਹਾਂ, ਤੁਹਾਡੇ ਬ਼ਹਾਨੇਂ ਉਹਨਾਂ ਨੂੰ ਮਿਲਿਆ ਜਾ ਸਕਦਾ ਹੈ…।’
‘ਵਾਹ ਜੀ ਵਾਹ ਸਰਕਾਰ ਜੀ! ਮੈਂ ਉਹਨਾਂ ਨੂੰ ਤੁਹਾਡੇ ਬ਼ਹਾਨੇਂ ਮਿਲਨਾ ਸੋਚਿਆ ਸੀ ਤੇ ਤੁਸੀਂ ਮੇਰਾ ਬਹਾਨਾ ਭਾਲਦੇ ਹੋ…।’ ਪਟਵਾਰੀ ਖੁੱਲ੍ਹ ਕੇ ਹੱਸਿਆ। ਉਹ ਦੋਨੇਂ ਤੀਵੀਂ ਆਦਮੀ ਝੇਪ ਗਏ।
‘ਬੈਠੋ ਮੈਂ ਹੁਣੇ ਅੰਦਰ ਜਾ ਕੇ ਆਇਆ…।’ ਉਹਨਾਂ ਨੂੰ ਬਾਹਰ ਬੈਂਚ ਤੇ ਬਿਠਾ ਕੇ ਉਹ ਨਾਇਬ ਸਾਹਿਬ ਦੇ ਅੰਦਰ ਗਿਆ ਤੇ ਦੋ ਚਾਰ ਮਿੰਟ ਵਿੱਚ ਹੀ ਅੰਦਰੋਂ ਬੁਲਾਵਾ ਆ ਗਿਆ।
‘ਟਰਨ”ਟਰਨ।’
ਛੋਟੀ ਉਮਰੇ ਬਣੇ ਨਾਇਬ ਸਾਹਿਬ ਨੇ ਘੰਟੀ ਟੁਣਕਾ ਕੇ ਚਪੜਾਸੀ ਨੂੰ, ‘ਪਹਿਲਾਂ ਪਾਣੀ ਤੇ ਫਿਰ ਫ਼ਸਟ ਕਲਾਸ ਚਾਹ’, ਕਹਿ ਕੇ ਦੋਹਾਂ ਮਹਿਮਾਨਾਂ ਨੂੰ ਬਾਗੋ-ਬਾਗ ਕਰ ਦਿੱਤਾ। ਉਹਨਾਂ ਵੱਲ ਦੇਖਣ ਤੋਂ ਬਿਨਾ ਹੀ ਕਿਸੇ ਫਾਈਲ ਵਿਚ ਸਿਰ ਗੱਡੀ ਕਲਮ ਘਸਾਉਂਦਾ ਰਿਹਾ।
‘ਮੁਆਫ਼ ਕਰਨਾ”ਦੋ ਮਿੰਟ..।’ ਉਸ ਨੇ ਚੰਗੇ ਸੁੰਦਰ ਸ੍ਰਿਸ਼ਟਾਚਾਰ ਦਾ ਵਿਖਾਵਾ ਕੀਤਾ।
‘ਨੋ ਮੈਟਰ!’ ਉਹਨਾਂ ਘੜੀ ਵੱਲ ਝਾਤੀ ਮਾਰੀ। ਨਾਲੇ ਚਾਹ ਦੀ ਉਡੀਕ ਤਾਂ ਕਰਨੀ ਹੀ ਸੀ। ਕੁਝ ਦੇਰ ਉਹ ਦੋਨੋਂ ਜੀਅ ਇਕ ਦੂਜੇ ਦੇ ਕੰਨ ਵਿਚ ਕਾਨਾ ਫੂਸੀ ਕਰਦੇ ਰਹੇ।
‘ਹਾਂ ਜੀ! ਫਰਮਾਓ! ਹੁਕਮ ਕਰੋ!’ ਬੜੀ ਮਿੱਠੀ ਬੋਲੀ ਨਾਲ ਉਹ ਕਲਮ ਛੱਡ ਕੇ ਉਹਨਾਂ ਵੱਲ ਸਿੱਧਾ ਹੋਇਆ।
‘ਐਹ ਸੋਧ ਕਰਾਉਣੀ ਹੈ ਜੀ… ਅਸੀਂ ਪਿਛਲੇ ਪੰਦਰਾਂ ਸਾਲ ਤੋਂ ਬੜੇ ਪਰੇਸ਼ਾਨ ਹੋਏ ਆਂ…ਸਾਡੇ ਤੇ ਮਿਹਰਬਾਨੀ ਕਰੋ…।’
ਪਟਵਾਰੀ ਨੇ ਉਹੀ ਕਾਗ਼ਜ਼ ਖੋਲ੍ਹ ਕੇ ਸਾਹਿਬ ਦੇ ਸਾਹਮਣੇ ਰੱਖ ਦਿੱਤੇ।
‘ਇਹ ਤਾਂ ਬੜਾ ਗੰਭੀਰ ਮਾਮਲਾ ਹੈ ਜਨਾਬ ! ਪਰ ਵੇਖੋ ਇਹ ਵੀ ਸੱਜਣ ਬੜੀ ਆਸ ਉਮੀਦਾਂ ਨਾਲ ਆਏ ਨੇ!’ ਉਸ ਦੇ ਕੰਨ ਲਾਗੇ ਹੋ ਕੇ ਕੁੱਝ ਛੁਪਾ ਕੇ, ਕੁੱਝ ਉਹਨਾਂ ਨੂੰ ਸੁਣਾ ਕੇ ਪਟਵਾਰੀ ਨੇ ਭਰਵੱਟੇ ਝਟਕਾਏ।
‘ਹਾਂ…ਅੱਛਾ…ਇਹ ਉਹ ਕੇਸ ਹੈ…? ਸਮਝ ਗਏ”।’ ਕਾਗ਼ਜ਼ ਹੱਥਾਂ ਚ ਮਸਲਦੇ ਸਾਹਿਬ ਨੇ ਹੈਰਾਨੀ ਜਿਹੀ ਜਿਤਾਈ।
ਨਾਇਬ ਤਸੀਲਦਾਰ ਅੱਖਾਂ ਮੀਟ ਕੇ ਮੱਥੇ ਨੂੰ ਫੜ ਬੈਠਾ ਜਿਵੇਂ ਕੋਈ ਬੜੀ ਗੰਭੀਰ ਸਮੱਸਿਆ ਨੂੰ ਸੁਲਝਾਉਣ ਦਾ ਤਰੀਕਾ ਢੂੰਡ ਰਿਹਾ ਹੋਵੇ।
‘ਤੁਸੀਂ ਜਰਾ ਬਾਹਰ ਜਾਉ ਬੈਠੋ!’ ਉਸਨੇ ਪਟਵਾਰੀ ਨੂੰ ਇਸ਼ਾਰਾ ਕੀਤਾ, ਜਿਵੇਂ ਉਹ ਉਹਨਾਂ ਇਕੱਲਿਆਂ ਨਾਲ ਹੀ ਭਰੋਸੇ ਵਿਚ ਲੈ ਕੇ ਕੋਈ ਗੁਪਤ ਗੱਲ ਕਰਨੀ ਚਾਹੁੰਦਾ ਹੋਵੇ। ਪਟਵਾਰੀ ਬਾਹਰ ਚਲਾ ਗਿਆ।
‘ਵੀਰ ਜੀ! ਭੈਣ ਜੀ!’ ਉਹ ਦੋਹਾਂ ਨੂੰ ਮੁਖ਼ਾਤਬ ਸੀ।
‘ਹਾਂ ਜੀ! ਹਾਂ… ਵੀਰ ਜੀ…!’
‘ਤੁਸੀਂ ਪੜ੍ਹੇ ਲਿਖੇ ਜਾਪਦੇ ਉ! ਤੁਹਾਨੂੰ ਪਤਾ ਆਪਣੇ ਆਪ ਦੀ ਗ਼ਲਤ ਸ਼ਨਾਖ਼ਤ ਤੇ ਗਲਤ ਬਿਆਨੀ ਕਿੰਨਾ ਵੱਡਾ ਜੁਰਮ ਹੈ ਤੇ ਇਸ ਦੀ ਘੱਟੋ ਘੱਟ ਪੰਜ ਸਾਲ ਕੈਦ ਦੀ ਸਜਾ ਹੈ!’ ਉਸ ਦੇ ਸ਼ਹਿਦ ਲਿੱਬੜੇ ਬੋਲਾਂ ਨੇ ਪਹਿਲੀ ਸੱਟੇ ਉਹਨਾਂ ਦੇ ਕਾਲਜੇ ਧੂਹ ਪਾ ਦਿੱਤੀ।
‘ਸਰ! ਅਸੀਂ ਤੁਹਾਡੀ ਗੱਲ ਸਮਝ ਗਏ ਹਾਂ…ਪਰ ਇਹ ਗ਼ਲਤ ਕੰਮ ਅਸੀਂ ਮਜਬੂਰੀ ਤਹਿਤ ਕੀਤਾ…।’
‘ਤੇ ਸਜ਼ਾ ਭੁਗਤੋ ਫਿਰ, ਕੀਤਾ ਤਾਂ ਹੈ ਨਾਂ! ਬੜਾ ਵੱਡਾ ਗਬਨ! ਫੌਜਦਾਰੀ ਕੇਸ ਹੈ ਇਹ!’ ਨਾਇਬ ਦੀਆਂ ਅੱਖਾਂ ‘ਚ ਲਾਲ ਡੋਰੇ ਉੱਤਰ ਆਏ।
‘ਅਸੀਂ ਇਹੋ ਜਿਹੇ ਕੇਸਾਂ ਦੀ ਪੁਨਰ-ਪੜਤਾਲ ਕਰ ਰਹੇ ਹਾਂ। ਬਹੁਤੇ ਕੇਸ ਵਿਜੀਲੈਂਸ ਮਹਿਕਮੇ ਕੋਲ ਜਾ ਚੁੱਕੇ ਨੇ…ਤੇ ਚੰਗਾ! ਤੁਹਾਡੀ ਕਿਸਮਤ ਚੰਗੀ! ਤੁਸੀਂ ਆ ਗਏ…ਨਹੀਂ ਤੇ ਇਹ ਵੀ ਤਾਂ ਜਾਣ ਹੀ ਵਾਲਾ ਸੀ।’
‘ਨਮਾਜ਼ ਬਖ਼ਸ਼ਾਉਣ ਗਏ ਰੋਜ਼ੇ ਗਲ ਪੈ ਗਏ।’ ਉਹਨਾਂ ਇਕ ਦੂਸਰੇ ਵੱਲ ਦੇਖਿਆ। ਦੋਹਾਂ ਦੀਆਂ ਡਰੀਆਂ ਹੋਈਆਂ ਨਜ਼ਰਾਂ ਵਿੱਚ ਭੂਤਕਾਲ ਦੀ ਭਿਆਨਕ ਬੱਜਰ ਗਲਤੀ ਦੇ ਫਲਸਰੂਪ ਭਵਿੱਖ ਵਿਚ ਹੋਣ ਵਾਲਾ ਹਸ਼ਰ ਹਾਵੀ ਹੋ ਗਿਆ।
‘ਜਨਾਬ ਅਸੀਂ ਤਾਂ ਆਪ ਹੀ ਆਏ ਹਾਂ…ਪਰ ਸਾਨੂੰ ਪਤੇ ਅਸੀਂ ਮੁਜਰਮ ਹਾਂ…ਬਣੇ ਹਾਂ…ਪਰ ਸਾਨੂੰ ਇਸ ਗਧੀ-ਗੇੜ ਚੋਂ ਕੱਢੋ। ਸਾਡੀ ਤਾਂ ਵਾਪਸੀ ਟਿਕਟ ਵੀ ਇੱਕ ਹਫ਼ਤੇ ਦੀ ਹੈ…।’
‘ਨਹੀਂ! ਤੁਸੀਂ ਵਾਪਿਸ ਕਿੱਦਾਂ ਜਾ ਸਕਦੇ ਹੋ! ਜਦ ਇਹ ਗ਼ਬਨ ਦਾ ਫੌਜਦਾਰੀ ਕੇਸ ਚੱਲਿਆ ਤਾਂ ਫਿਰ ਤੁਹਾਡੇ ਪਾਸਪੋਰਟ ਵੀ ਤਾਂ ਜ਼ਬਤ ਹੋ ਜਾਣਗੇ…।’ਅਧਿਕਾਰੀ ਦਬਕੇ ਤੇ ਉੱਤਰ ਆਇਆ।
‘ਪਲੀਜ਼! ਇਹ ਪਾਪ ਨਾ ਕਰਿਓ! ਅਸੀਂ ਤਾਂ ਆਪਣਾ ਕੰਮ ਛੱਡ ਕੇ ਆਏ ਹਾਂ…ਇਕ ਵੀਕ ਦੀ ਛੁੱਟੀ ਐ ਸਿਰਫ਼।’
‘ਭਾਅ ਜੀ ਤੁਸੀਂ ਸਰਕਾਰੀ ਤਿਕੜਮ ਬਾਜੀਆਂ ਤੋਂ ਅਨਜਾਣ ਹੋ। ਮੈਨੂੰ ਭਲੇ ਲੋਕ ਲਗਦੇ ਹੋ, ਇਸ ਲਈ ਮੈਂ ਤੁਹਾਡੀ ਸ਼ਰਾਫ਼ਤ ਦੀ ਕਦਰ ਕਰਦਾ ਹਾਂ, ਨਹੀਂ ਤੇ ਹੁਣ ਤੱਕ ਪੁਲਿਸ, ਬੈਂਕ ਵਾਲੇ, ਖੁਰਾਕ ਸਪਲਾਈ ਮਹਿਕਮਾ ਤੇ ਵਿਜੀਲੈਂਸ ਵਾਲੇ ਤੁਹਾਡੇ ਪਿੱਛੇ ਪੁਆ ਦਿੰਦਾ, ਮੈਂ ਬਲੈਕ- ਮੇਲਿੰਗ ਦੇ ਬੜਾ ਖ਼ਿਲਾਫ਼ ਹਾਂ।
ਵੀਰ ਜੀ! ਇਹ ਰੀਵਾਲਵਰ ਕਿਹੜਾ ਜੇ? ਕਦੋਂ ਲਿਆ…? ਲਾਈਸੈਂਸ ਕਿੱਥੋਂ ਲਿਆ?’
ਤਿੰਨੇ ਸਵਾਲ ਲਗਾਤਾਰ ਅਗਨ-ਬਾਣ ਵਾਂਗ ਅਜਨਬੀ ਦੇ ਕਪਾਟ ਤੇ ਮੁਸਾਮ ਛਲਨੀ ਛਲਨੀ ਕਰਦੇ ਰਹੇ।
‘ਮੈਨੂੰ ਪਤੇ ਤੁਹਾਡੀ ਅਮੀਰਾਂ ਵਜ਼ੀਰਾਂ ਤੇ ਵੱਡੇ ਵੱਡੇ ਅਧਿਕਾਰੀਆਂ ਨਾਲ ਰਿਸ਼ਤੇਦਾਰੀ ਹੈ ਤੇ ਯਾਰੀ ਹੈ…ਤੇ ਇਹ ਲਾਈਸੈਂਸ ਵੀ ਤਾਂ ਏਦਾਂ ਹੀ ਮਿਲੇ ਹਨ…ਫੋਕਟ ਵਿੱਚ ਮੁਲਾਹਜ਼ੇਦਾਰੀ ਨਾਲ”।’
‘ਹਾਂ ਜੀ ਹਾਂ…ਤੁਸੀਂ ਤਾਂ ਜਾਣਦੇ ਹੀ ਹੋ…ਆਪਣਾ ਮਿੱਤਰ ਲੱਗਾ ਸੀ ਕਿਸੇ ਵੇਲੇ ਡੀ ਸੀ, ਕਹਿੰਦਾ ਜੋ ਮਰਜ਼ੀ ਕਰਾ ਲਓ। ਉਸ ਦੀ ਹੀ ਮਿਹਰਬਾਨੀ ਹੋਈ ਹੈ ਕਿ ਇਹ ਹਥਿਆਰ ਮੇਰੇ ਹੱਥ ਲੱਗਾ। ਛਿੱਤਰ ਨਾਲ ਸਹਿਆ…ਲਾਈਸੈਂਸ ਵੀ ਮੁਫ਼ਤ ਤੇ ਇਹ ਵੀ ਕੌਡੀਆਂ ਦੇ ਭਾਅ, ਸਰਕਾਰੀ ਨੀਲਾਮੀ ਵਿਚ…।’
ਉਸ ਨੇ ਡੱਬ ਨੂੰ ਹੱਥ ਪਾਉਂਦਿਆਂ ਬੜੇ ਮਾਣ ਹੰਕਾਰ ਨਾਲ ਦੱਸਿਆ।
‘ਮੈਂ ਵੀ ਤਾਂ ਇਸੇ ਕਰਕੇ ਤੁਹਾਨੂੰ ਪੁੱਛਿਆ? ਵੀਰ ਜੀ ਕਿਸੇ ਹੋਰ ਕੋਲ ਨਾ ਗੱਲ ਕਰ ਬੈਠਿਓ! ਇਸ ਪਿੱਛੇ ਵੀ ਬੜੀ ਲੰਮੀ ਚੌੜੀ ਇਨਕੁਆਰੀ ਚੱਲ ਰਹੀ ਹੈ। ਕਈ ਅਫ਼ਸਰ ਫਸੇ ਹਨ। ਕਈ ਬੈਨਾਮੇ ਲਾਈਸੈਂਸ-ਧਾਰੀ ਅੜਿੱਕੇ ਆ ਰਹੇ ਹਨ। ਅਜਿਹੇ ਲੋਕਾਂ ਨੂੰ ਲਾਈਸੈਂਸ ਇਸ਼ੂ ਹੋਏ ਜਿਨ੍ਹਾਂ ਦਾ ਕੋਈ ਨਾਂ ਪਤਾ, ਥਾਂ ਟਿਕਾਣਾ ਨਹੀਂ ਮਿਲਦਾ। ਜ਼ਾਹਿਰ ਹੈ ਤੁਹਾਡਾ ਵੀ ਅਜਿਹਾ ਹੀ ਕੇਸ ਹੋਵੇਗਾ…। ਤੁਹਾਨੂੰ ਬਾਹਰ ਬੈਠੇ ਬਿਠਾਏ ਹੀ ਇਥੋਂ ਲਾਈਸੈਂਸ ਵੀ ਮਿਲ ਗਿਆ ਤੇ ਪੁਰਜ਼ਾ ਵੀ…।’
ਨਾਇਬ ਸਾਹਿਬ ਦੀ ਇਕ ਇਕ ਮਿੱਠੀ ਕਾਟ ਜਿਵੇਂ ਉਹਨਾਂ ਦਾ ਪੁਰਜ਼ਾ ਪੁਰਜ਼ਾ ਬੋਟੀ ਬੋਟੀ ਕੀਮਾ ਕਰ ਰਹੀ ਸੀ। ਉਹ ਨੱਸਣ ਦੀ ਤਾਕ ਵਿਚ ਸਨ…। ਪਸੀਨੇ ਨਾਲ ਗੜੁੱਚ ਦੋਹਾਂ ਨੇ ਇਕ ਦੂਸਰੇ ਦੀਆਂ ਡਰੀਆਂ ਘਬਰਾਈਆਂ ਅੱਖਾਂ ਚੋਂ ਹਾਲਾਤ ਦੀ ਭਿਆਨਕ ਗਹਿਰਾਈ ਦੀ ਹਾਥ ਨਾਪੀ।
‘ਚਲੋ ਜੀ! ਸਰ! ਇਕੇਰਾਂ ਸਾਡਾ ਛੁਟਕਾਰਾ ਕਰਾ ਦਿਉ।’ ਉਹ ਦੋਵੇਂ ਝੁਕੇ ਪਏ ਸਨ।
‘ਤੁਸੀਂ ਤਾਂ ਮੈਨੂੰ ਵੀ ਫਸਾ ਲਿਆ ਵਿੱਚ ਆ ਕੇ..ਮੇਰੇ ਸਾਹਮਣੇ ਏਨੇ ਵੱਡੇ ਘਿਣਾਉਣੇ ਅਪਰਾਧੀ ਪਿਛੋਕੜ ਵਾਲੇ ਮੁਜਰਮ ਬੈਠੇ ਹੋਣ। ਪਟਵਾਰੀ ਨੂੰ ਇਸ ਦੀ ਭਿਣਕ ਹੋਵੇ, ਮੈਂ ਤੁਹਾਨੂੰ ਛੱਡ ਦੇਵਾਂ…ਤੇ ਫਿਰ ਪਤਾ ਕਿੰਨੀ ਵੀਹੀਂ ਸੌ ਹੋਊ? ਮੇਰੀ ਨੌਕਰੀ! ਪਟਵਾਰੀ ਦੀ…ਤੇ ਮੇਰੇ ਬਾਲ ਬੱਚੇ ਦਾ ਭਵਿੱਖ ?? ਇਹ ਤਾਂ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਗੱਲ ਬਣ ਗਈ….।’
‘ਚਲੋ ਜਿਵੇਂ ਆਪ ਦੀ ਮਰਜ਼ੀ! ਆਪ ਹਮੇਂ ਹਥਕੜੀ ਲਗਾਈਏ।’ ਅੱਖਾਂ ਤੇ ਜ਼ਬਾਨ ਦੋਨਾਂ ਚੋਂ ਤਰਲ ਹੋਈ ਹਰਜੀਤ ਕੌਰ ਨੇ ਆਪਣੀਆਂ ਸੋਨੇ ਭਰੀਆਂ ਦੋਨੋਂ ਕਲਾਈਆਂ ਉਸ ਅੱਗੇ ਕਰ ਦਿੱਤੀਆਂ।
‘ਨਹੀਂ! ਨਹੀਂ! ਮੁਆਫ਼ ਕਰਨਾ ਭੈਣ ਜੀ! ਆਪ ਜੈਸੇ ਪਹਿਲੇ ਕਹਿ ਰਹੇ ਥੇ ਨਾਂ! ਕਿ ਇੰਡੀਆ ਮੇਂ ਸਭ ਘਪਲੇਬਾਜ਼ੀ, ਰਿਸ਼ਵਤਖੋਰੀ ਤੇ ਜੰਗਲੀ ਰਾਜ ਚੱਲ ਰਿਹਾ…ਇਸ ਪਿੱਛੇ ਔਰ ਇਸ ਕੇ ਸਾਥ ਆਪ ਕੀ ਭੀ ਸਾਂਝ ਹੈ…ਆਪ ਕਾ ਭੀ ਹਿੱਸਾ ਹੈ…ਆਪ ਜਿੰਮੇਵਾਰ ਹੈਂ ਇਸ ਕੇ।’
‘ਹਾਂ…ਹਾਂ…ਹੈ…ਇਸ ਹਮਾਮ ਮੇਂ ਸਾਰੇ ਨੰਗੇ, ਹਮ ਮਾਨਤੇ ਹੈਂ…ਆਪ ਹਮੇਂ ਜੁਰਮਾਨਾ ਕਰੋ…ਹਮ ਦੇਣੇ ਕੋ ਤਿਆਰ ਹੈਂ…ਪਰ ਆਪ ਸੀਧੀ ਬਾਤ ਕਰੇਂ..ਹਮੇਂ ਧਮਕੀਆਂ ਔਰ ਜ਼ਲਾਲਤ ਮੇਂ ਜਲੀਲ ਮੱਤ ਕਰੋ… ਪਾਣੀ ਪਲੀਜ਼!’
ਸੱਚਮੁੱਚ ਹੀ ਪਾਣੀ ਪਾਣੀ ਹੋਈ ਹਰਜੀਤ ਕੌਰ ਨੇ ਪਾਣੀ ਦੇ ਗਿਲਾਸ ਦੀ ਤਲਬ ਜ਼ਾਹਰ ਕੀਤੀ ਤੇ ਪੂਰੀ ਦੀ ਪੂਰੀ ਨਾਇਬ ਸਾਹਿਬ ਨੂੰ ਅਰਪਣ ਹੋ ਗਈ।
‘ਹਮੇਂ ਯਹ ਵੀ ਪਤਾ ਹੈ ਕਿ ਆਪ ਸਿੱਧੇ ਅਸਿੱਧੇ ਤਰੀਕੇ ਸੇ ਨੌਂ-ਜੁਆਨ ਲੜਕੇ ਲੜਕੀਉਂ ਕੋ ਵਰਗਲਾ ਕੇ ਬਾਹਰ ਭੇਜਣ ਕੇ ਬਹਾਨੇ ਲਾਖੋਂ ਕਰੋੜੋਂ ਰੁਪੈ ਬਟੋਰੇ ਹਨਾ ਮੈਂ ਔਰ ਨਵਾਂ ਚੈਪਟਰ ਨਹੀਂ ਖੌਲਣਾ ਚਾਹਤਾ। ਮੈਂ ਸੱਚ ਕਹਿੰਦਾ ਹਾਂ…ਆਪ ਕੋ ਸਪੱਸ਼ਟ ਕਰਤਾ ਹੂੰ ਕਿ ਅਗਰ ਆਪ ਕਹੀਂ ਭੀ ਕਿਸੇ ਏਕ ਕੇਸ ਮੈਂ ਇੰਟਰੈਪ ਹੋ ਗਏ ਤੋਂ ਸਾਰੀ ਉਮਰ ਯਹਾਂ ਹੀ ਕੇਸ ਭੁਗਤਦੇ ਭੁਗਤਦੇ ਨਿਕਲ ਜਾਏਗੀ…ਆਪ ਕੀ…।’ ਹਥੌੜੇ ਦੀ ਇਕ ਹੋਰ ਸੱਟ ਮਾਰ ਕੇ ਉਹਨਾਂ ਦਾ ਰਹਿੰਦਾ-ਖੂੰਹੰਦਾ ਸਾਹ ਸੱਤ ਚਿੱਤ ਕਰ ਦਿੱਤਾ।
‘ਹਮ ਨੇ ਏਕ ਬਾਰ ਬਤਾ ਦੀਆ…ਆਪ ਜੋ ਕਹੇ, ਜੈਸੇ ਕਹੇਂ ਹਮ ਤਿਆਰ ਹੈਂ।’
‘ਤਾਂ ਫਿਰ ਪਲੀਜ਼ ਤੁਸੀਂ ਮੇਰੇ ਕੋਲ ਨਾ ਆਉ…ਪਟਵਾਰੀ ਹੀ ਸਭ ਕੁੱਝ ਹੈ…ਉਹ ਹੀ ਖੇਤਾਂ ਦਾ ਮਾਲਕ ਹੈ ਤੇ ਨਾਲ ਸਾਡਾ ਵੀ…ਅਸੀਂ ਵੀ ਪਟਵਾਰੀ ਤੋਂ ਚਾਲੂ ਹਾਂ…। ਤੁਸੀਂ ਸੁਣਿਆ ਨਹੀਂ! ਪਟਵਾਰੀ ਤੋਂ ਤਾਂ ਰੱਬ ਵੀ ਡਰਦਾ ਹੈ ਕਿ ਕਿਤੇ ਉਸ ਦਾ ਸਿੰਘਾਸਨ ਅਰਸ਼ੋਂ ਲਾਹ ਕੇ ਫਰਸ਼ ਤੇ ਨਾ ਪਟੱਕ ਦੇਵੇ ਜਾਂ ਇਹ ਖੁਦਾ ਦੇ ਨਾਮ ਨਾ ਕਰ ਦੇਵੇ ਜਿਵੇਂ ਤੁਹਾਡਾ ਕੀਤਾ ਹੈ। ਇਹ ਤਾਂ ਇਸੇ ਦੀ ਹੀ ਕਲਮ ਦਾ ਕ੍ਰਿਸ਼ਮਾ ਐ…।’ ਨਾਇਬ ਸਾਹਿਬ ਦੀ ਮੁਸਕਰਾਹਟ ਨਾਲ ਉਹਨਾਂ ਦੇ ਬੁੱਲ੍ਹਾਂ ਦੀ ਜੰਮੀ ਪਿੱਛੀ ਕੁੱਝ ਕੁੱਝ ਮੱਧਮ ਹੋਈ।
‘ਲਓ ਚਾਹ ਪੀਉ…।’ ਸੇਵਾਦਾਰ ਚਾਹ ਰੱਖ ਗਿਆ।
‘ਇਹ ਚਾਹ ਸਾਨੂੰ ਕਿਵੇਂ ਲੰਘੇ ਗੀ? ਤੁਸੀਂ ਤਾਂ ਸਾਨੂੰ ਨੜ੍ਹਿਨਵੇਂ ਦੇ ਚੱਕਰ ‘ਚ ਪਾ ਦਿੱਤਾਂ…।’
‘ਕੋਈ ਨਾ ਇਹ ਤਾਂ ਸਰਕਾਰੀ ਫਾਰਮੈਲਿਟੀ ਸੀ….ਤੁਸੀਂ ਪਟਵਾਰੀ ਨਾਲ ਗੱਲ ਕਰ ਲਓ…ਹੋ ਜਾਏਗਾ…ਜਿਵੇਂ ਕਹੋ ਹੋ ਜਾਏਗਾ”। ਚਿੰਤਾਂ ਨਾ ਕਰੋ”ਲੋ ਚਾਹ ਲਓ ਪਲੀਜ। ਬਾਕੀ ਸਾਡੀ ਕੋਈ ਮੰਗ ਨਹੀਂ ਹੁੰਦੀ, ਸਿਰਫ਼ ਉਪਰਲੇ ਅਫ਼ਸਰਾਂ ਵਜ਼ੀਰਾਂ ਦੀ ਸੇਵਾ ਪਾਣੀ ਲਈ ਸਾਨੂੰ ਜ਼ਹਿਰ ਫੱਕਣਾ ਪੈਂਦਾ ਹੈ, ਉਹ ਤੁਸੀਂ ਆਪਣੀ ਵਿਤ ਅਨੁਸਾਰ ਜੋ ਮਰਜ਼ੀ ਹਿੱਸਾ ਪਾ ਜਾਉ।’
‘ਪਟਵਾਰੀ ਸਾਹਿਬ! ਇਹ ਠੀਕ ਬੰਦੇ ਨੇ, ਇਹਨਾਂ ਦਾ ਕੰਮ ਕਰ ਦਿਉ, ਜੇ ਕਰ ਸਕਦੇ ਹੋ ਤਾਂ…।’ ਨਾਇਬ ਸਾਹਿਬ ਨੇ ਪਟਵਾਰੀ ਨੂੰ ਸੈਨਤ ਮਾਰੀ।
ਪਟਵਾਰੀ ਜੋ ਉਹਲੇ ਬੈਠਾ ਸਭ ਕੁਝ ਸੁਣ ਰਿਹਾ ਸੀ, ਸਾਹਮਣੇ ਆਇਆ।
‘ਸਰ ਕੰਪਿਊਟਰ ਲੈਣਾਂ..! ਮੇਰੇ ਤਾਂ ਘਰਵਾਲੀ ਨੇ ਘਰ ਨੀਂ ਵੜਨ ਦੇਣਾ..।’
‘ਤੇ ਹਾਂ ਲਓ! ਇਹ ਕਿਹੜਾ ਨਾਂਹ ਕਰਦੇ ਨੇ! ਤੁਸੀਂ ਕੰਪਿਊਟਰ ਲਓ ਤੇ ਇੱਕ ਮੇਰੇ ਵਾਸਤੇ ਵੀ..’.ਲੈਂਪ-ਟਾਪ’.. ਪਰ ਇਹਨਾਂ ਦਾ ਕੰਮ ਪੂਰਾ ਤਸੱਲੀ ਬਖ਼ਸ਼ ਕਰ ਦਿਉ…ਕੋਈ ਸ਼ਕਾਇਤ ਦੀ ਗੁੰਜਾਇਸ਼ ਨਾ ਰਹੇ।’ ਸਾਹਿਬ ਨੇ ਅੱਖ ਦਾ ਕੋਨਾ ਨੱਪਿਆ।
‘ਕਿਉਂ ਜੀ ਠੀਕ ਹੈ ਨਾ…? ਨਾਇਬ ਸਾਹਿਬ ਨੇ ਆਦਮੀ ਵੱਲ ਹੱਥ ਵਧਾਇਆ।’
‘ਹਾਂ ਜੀ ਠੀਕ! ਬਿਲਕੁਲ ਠੀਕ…।’ ਉਸਨੇ ਵੀ ਅੱਗੋਂ ਮੁਸਕਰਾਉਂਦੇ ਹੋਏ ਤਸੀਲਦਾਰ ਨਾਲ ਹੱਥ ਮਿਲਾ ਦਿੱਤਾ |