ਸ਼ੁੱਧ ਪੰਜਾਬੀ ਕਿਵੇਂ ਲਿਖੀਏ? -ਜਸਵੀਰ ਸਿੰਘ ਪਾਬਲਾ- |
੧. ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਊੜੇ (ੳ) ਅੱਖਰ ਦੀ ਸਥਿਤੀ:
ਕਿਹਾ ਜਾਂਦਾ ਹੈ ਕਿ ਪੰਜਾਬੀ ਬੋਲੀ ਭਾਰਤ ਦੀਆਂ ਸਭ ਤੋਂ ਪੁਰਾਤਨ ਬੋਲੀਆਂ ਵਿੱਚੋਂ ਇੱਕ ਹੈ। ਦੁਨੀਆ ਦਾ ਸਭ ਤੋਂ ਪ੍ਰਾਚੀਨ ਧਾਰਮਿਕ ਗ੍ਰੰਥ ‘ਰਿਗਵੇਦ’ ਵੀ ਪੰਜਾਬ ਦੀ ਇਸ ਪਵਿੱਤਰ ਧਰਤੀ ਉੱਤੇ ਉਸ ਸਮੇਂ ਦੀ ਭਾਸ਼ਾ ‘ਵੈਦਿਕ ਸੰਸਕ੍ਰਿਤ’ ਜਾਂ ‘ਛਾਂਦਸਿ’ ਵਿੱਚ ਹੀ ਲਿਖਿਆ ਗਿਆ ਸੀ। ਕੋਈ ਵੀ ਬੋਲੀ ਪਹਿਲਾਂ ਜਨਮ ਲੈਂਦੀ ਹੈ ਅਤੇ ਉਸ ਦੀ ਵਿਆਕਰਨ ਦੇ ਨਿਯਮ ਉਸ ਦੇ ਰੂਪ ਅਤੇ ਵਰਤਾਰੇ ਅਨੁਸਾਰ ਬਾਅਦ ਵਿੱਚ ਨਿਰਧਾਰਿਤ ਕੀਤੇ ਜਾਂਦੇ ਹਨ। ਵਿਆਕਰਨ ਦੇ ਇਹਨਾਂ ਨਿਯਮਾਂ ਵਿਚੋਂ ਸ਼ਬਦ-ਜੋੜਾਂ ਦੀ ਸ਼ੁੱਧਤਾ ਵੀ ਇਸੇ ਵਰਤਾਰੇ ਦਾ ਇਕ ਅਭਿੰਨ ਅੰਗ ਹੈ। ਸ਼ਬਦ ਜੋੜਾਂ ਦੀ ਸ਼ੁੱਧਤਾ ਕਾਰਨ ਹੀ ਕੋਈ ਬੋਲੀ ਸੁਚੱਜਾ ਅਤੇ ਸੁੰਦਰ ਰੂਪ ਧਾਰਨ ਕਰ ਸਕਦੀ ਹੈ। ਪੰਜਾਬੀ ਬੋਲੀ ਦੇ ਸ਼ਬਦ-ਜੋੜਾਂ ਵਿੱਚ ਇਕਸਾਰਤਾ ਪੈਦਾ ਕਰਨ ਤੇ ਪੰਜਾਬੀ ਸ਼ਬਦ-ਜੋੜਾਂ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਦੀ ਖਾਤਰ ਵਿਦਵਾਨ ਸਮੇਂ-ਸਮੇਂ ‘ਤੇ ਕੁਝ ਨਿਯਮ ਬਣਾਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੀ ਬੋਲੀ ਨੂੰ ਹੋਰ ਵੀ ਖ਼ੂਬਸੂਰਤ ਬਣਾਉਣ ਦੇ ਸਮਰੱਥ ਹੁੰਦੇ ਹਾਂ। ਅਜੋਕੀ ਪੰਜਾਬੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਦੁਆਰਾ ਸੰਪਾਦਿਤ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਪੰਜਾਬੀ ਦੇ ਵਿਆਕਰਨਿਕ ਨਿਯਮਾਂ ਨੂੰ ਦਰਸਾਉਂਦੀ ਪੁਸਤਕ ਇੱਕ ਅਜਿਹਾ ਹੀ ਉਪਰਾਲਾ ਹੈ। ਇਸ ਪੁਸਤਕ ਵਿੱਚ ਸੁਝਾਏ ਗਏ ਕੁਝ ਨਿਯਮਾਂ ਦਾ ਉਦਾਹਰਨਾਂ ਸਹਿਤ ਜ਼ਿਕਰ ਇਸ ਲੇਖ-ਲੜੀ ਵਿੱਚ ਲਗਾਤਾਰ ਕਰਨ ਦਾ ਜਤਨ ਕੀਤਾ ਜਾਵੇਗਾ। ਗੁਰਮੁਖੀ ਲਿਪੀ ਦੇ ਪਹਿਲੇ ਅੱਖਰ ਊੜੇ ਨੂੰ ਦਸਾਂ ਵਿੱਚੋਂ ਕੁੱਲ ਤਿੰਨ ਲਗਾਂ ਲੱਗਦੀਆਂ ਹਨ- ਔਂਕੜ, ਦੁਲੈਂਕੜ ਅਤੇ ਹੋੜਾ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ, ਜਿਵੇਂ: ਉੱਠ, ਊਠ ਅਤੇ ਓਟ। ਅੱਜ ਦੀ ਇਸ ਪਲ਼ੇਠੀ ਕਿਸ਼ਤ ਵਿਚ ਅਸੀਂ ਦੇਖਦੇ ਹਾਂ ਕਿ ਪੰਜਾਬੀ ਸ਼ਬਦਾਂ ਦੇ ਅੰਤ ਵਿਚ ਊੜੇ ਅੱਖਰ ਨੂੰ ਲੱਗਦੀਆਂ ਹੋੜੇ ਅਤੇ ਔਂਕੜ ਦੀਆਂ ਦੋ ਲਗਾਂ ਦੀ ਵਰਤੋਂ ਕਦੋਂ ਅਤੇ ਕਿਵੇਂ ਕਰਨੀ ਹੈ? ਕੋਈ ਸਮਾਂ ਸੀ ਜਦੋਂ ਘਿਓ ਨੂੰ ਘਿਉ, ਪਿਓ ਨੂੰ ਪਿਉ ਅਤੇ ਲਓ ਨੂੰ ਲਉ ਅਰਥਾਤ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਲੱਗੇ ਊੜੇ ਦੀ, ਭਾਵੇਂ ਔਂਕੜ ਦੀ ਅਵਾਜ਼ ਆਉਂਦੀ ਹੋਵੇ, ਭਾਵੇਂ ਹੋੜੇ ਦੀ; ਆਮ ਤੌਰ ‘ਤੇ ਉਹਨਾਂ ਨੂੰ ਔਂਕੜ ਪਾ ਕੇ ਹੀ ਲਿਖਿਆ ਜਾਂਦਾ ਸੀ ਪਰ ਸਮਾਂ ਬਦਲਿਆ ਅਤੇ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆਉਣ ਉਪਰੰਤ ਇਹਨਾਂ ਸ਼ਬਦਾਂ ਨੂੰ ਹੀ ਨਹੀਂ ਸਗੋਂ ਹੋਰ ਵੀ ਅਨੇਕਾਂ ਸ਼ਬਦਾਂ ਨੂੰ ਇਸ ਕੋਸ਼ ਵਿੱਚ ਸੁਝਾਏ ਗਏ ਨਿਯਮਾਂ ਅਨੁਸਾਰ ਲਿਖਣ ਦੀ ਪਿਰਤ ਆਰੰਭ ਹੋਈ ਹੈ। ਸ਼ਬਦਾਂ ਦੇ ਅੰਤ ਵਿਚ ਆਮ ਤੌਰ ‘ਤੇ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ: ਦੇਖਣ ਵਿੱਚ ਆਇਆ ਹੈ ਕਿ ‘ਜਗਰਾਓਂ’ ਅਤੇ ‘ਸਮਰਾਓਂ’ ਵਾਲ਼ੇ ਬਹੁਤੇ ਸੱਜਣ ਅਜੇ ਵੀ ਆਪਣੇ ਇਹਨਾਂ ਸ਼ਹਿਰਾਂ ਦੇ ਨਾਂ ਪੁਰਾਤਨ ਰਵਾਇਤਾਂ ਅਨੁਸਾਰ ਅਰਥਾਤ ਊੜੇ ਨੂੰ ਔਂਕੜ ਪਾ ਕੇ ਹੀ ਲਿਖ ਰਹੇ ਹਨ ਜੋਕਿ ਅਜੋਕੇ ਵਿਆਕਰਨਿਕ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਗ਼ਲਤ ਹੈ। ਇਹ ਤਾਂ ਹੋ ਸਕਦਾ ਹੈ ਕਿ ਇਹਨਾਂ ਸ਼ਹਿਰਾਂ ਦੇ ਨਾਂਵਾਂ ਦੀ ਨੋਟੀਫ਼ਿਕੇਸ਼ਨ ਹੀ ਪੁਰਾਤਨ ਰਵਾਇਤਾਂ ਅਨੁਸਾਰ ਅਰਥਾਤ ਗਲਤ ਢੰਗ ਨਾਲ਼ ਹੋਈ ਹੋਵੇ ਪਰ ਅਜੋਕੇ ਨਿਯਮਾਂ ਅਨੁਸਾਰ ਸਾਨੂੰ ਅਜਿਹੇ ਸ਼ਹਿਰਾਂ ਦੇ ਨਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਚਾਹੀਦੇ ਹਨ ਤੇ ਜਾਰੀ ਹੋਏ ਨੋਟੀਫ਼ਿਕੇਸ਼ਨਾਂ ਵਿੱਚ ਸੋਧ ਕਰਵਾਉਣ ਦੇ ਉਪਰਾਲੇ ਵੀ ਨਾਲ਼ੋ-ਨਾਲ਼ ਜਾਰੀ ਰੱਖਣੇ ਚਾਹੀਦੇ ਹਨ। ਸੋ, ਉਪਰੋਕਤ ਚਾਰ ਸ਼ਬਦਾਂ (ਇਉਂ, ਕਿਉਂ, ਜਿਉਂ, ਤਿਉ) ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਅੱਖਰ ਨਾਲ਼ ਕੇਵਲ ਹੋੜੇ ਦੀ ਲਗ ਹੀ ਲੱਗਣੀ ਹੈ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ, ਔਂਕੜ ਦੀ ਲਗ ਬਿਲਕੁਲ ਨਹੀਂ ਲਾਉਣੀ। ਉਪਰੋਕਤ ਚਾਰ ਸ਼ਬਦਾਂ ਨੂੰ ਉੱਪਰ ਦੱਸੇ ਗਏ ਨਿਯਮਾਂ ਤੋਂ ਛੋਟ ਦੇਣ ਦਾ ਕਾਰਨ ਇਹ ਹੈ ਕਿ ਇਹਨਾਂ ਚਾਰ ਸ਼ਬਦਾਂ ਨੂੰ ਇਸੇ ਰੂਪ ਵਿੱਚ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਇਹਨਾਂ ਸ਼ਬਦਾਂ ਦੇ ਇਹੋ ਸ਼ਬਦ-ਰੂਪ ਹੀ ਸਹੀ ਮੰਨੇ ਗਏ ਹਨ। ਕਿਸੇ ਸ਼ਬਦ ਦੇ ਵਿਚਕਾਰ ਆਉਣ ‘ਤੇ ‘ਊੜੇ’ ਨੂੰ ਕਿਹੜੀ ਲਗ ਲੱਗਣੀ ਹੈ? ਉਪਰੋਕਤ ਨਿਯਮ ਅਨੁਸਾਰ ਕਿਸੇ ਸ਼ਬਦ ਦੇ ਵਿਚਕਾਰ ਆਉਣ ‘ਤੇ ਊੜੇ ਦੇ ਉਚਾਰਨ ਅਨੁਸਾਰ ਲੱਗਣ ਵਾਲੀਆਂ ਲਗਾਂ ਦੀਆਂ ਕੁਝ ਹੋਰ ਉਦਾਹਰਨਾਂ ਇਸ ਪ੍ਰਕਾਰ ਹਨ: ਊੜੇ ਨੂੰ ਔਂਕੜ: ਊੜੇ ਨੂੰ ਹੋੜਾ ਜਾਂ ਊੜੇ ਦਾ ਮੂੰਹ ਖੁੱਲ੍ਹਾ: ੳ ਨੂੰ ਦੁਲੈਂਕੜ: ਸਾਰਾਂਸ਼: ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਅੰਤ ਵਿੱਚ ਵ ਅੱਖਰ ਪਾਏ ਜਾਣ ਨਾਲ਼ ਉਹ ਨਾਂਵ-ਸ਼ਬਦ ਦਾ ਰੂਪ ਧਾਰ ਲੈਂਦੇ ਹਨ, ਜਿਵੇਂ: ਬਦਲਾਵ, ਛਿੜਕਾਵ, ਦਬਾਵ, ਬਚਾਵ ਆਦਿ। ਪੰਜਾਬੀ ਵਿੱਚ ਪਹਿਲਾਂ-ਪਹਿਲ ਅਜਿਹੇ ਸ਼ਬਦਾਂ ਨੂੰ ਵਾਵੇ ਦੀ ਥਾਂ ਊੜੇ ਨੂੰ ਔਂਕੜ ਪਾ ਕੇ, ਜਿਵੇਂ: ਬਦਲਾਵ ਨੂੰ ਬਦਲਾਉ, ਛਿੜਕਾਵ ਨੂੰ ਛਿੜਕਾਉ, ਦਬਾਵ ਨੂੰ ਦਬਾਉ ਬਚਾਵ ਨੂੰ ਬਚਾਉ ਜਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਕੰਮ ਸਾਰ ਲਿਆ ਜਾਂਦਾ ਸੀ। ਕਈ ਤਾਂ ਅਜਿਹੇ ਸ਼ਬਦਾਂ ਨੂੰ ਹਿੰਦੀ ਵਾਂਗ ਅੰਤ ਵਿੱਚ ਵ ਅੱਖਰ ਪਾ ਕੇ ਹੀ ਲਿਖ ਦਿਆ ਕਰਦੇ ਸਨ। ਪਰ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆ ਜਾਣ ਉਪਰੰਤ ਇਹ ਪਿਰਤ ਹੁਣ ਬੰਦ ਹੋ ਗਈ ਹੈ। ਇਸ ਕੋਸ਼ ਨੇ ਸਾਨੂੰ ਦੱਸਿਆ ਹੈ ਕਿ ਜਿੱਥੇ ਵੀ ਅਜਿਹੇ ਢੰਗ ਨਾਲ਼ ਬਣੇ ਕਿਸੇ ਨਾਂਵ-ਸ਼ਬਦ ਨੂੰ ਲਿਖਣ ਦੀ ਨੌਬਤ ਆਉਂਦੀ ਹੈ, ਉੱਥੇ ਨਾ ਤਾਂ ਸ਼ਬਦ ਦੇ ਅੰਤ ਵਿੱਚ ਵਾਵਾ ਅੱਖਰ ਹੀ ਪਾਇਆ ਜਾਣਾ ਹੈ, ਨਾ ਊੜੇ ਦਾ ਮੂੰਹ ਖੁੱਲ੍ਹਾ ਰੱਖਿਆ ਜਾਣਾ ਹੈ ਅਤੇ ਨਾ ਹੀ ਊੜੇ ਨੂੰ ਔਂਕੜ ਹੀ ਪਾਇਆ ਜਾਣਾ ਹੈ। ਅਜਿਹੀ ਹਾਲਤ ਵਿੱਚ ਸ਼ਬਦ ਦੇ ਅੰਤ ਵਿੱਚ ਹਮੇਸ਼ਾਂ ‘ਐੜਾ’ ਮੁਕਤਾ (ਅ) ਹੀ ਪਾਉਣਾ ਹੈ, ਜਿਵੇਂ ਬਦਲਾਉਣਾ ਤੋਂ ਬਦਲਾਅ, ਛਿੜਕਾਉਣਾ ਤੋਂ ਛਿੜਕਾਅ, ਦਬਾਉਣਾ ਤੋਂ ਦਬਾਅ ਅਤੇ ਬਚਾਉਣਾ ਤੋਂ ਬਚਾਅ ਆਦਿ। ਇਸ ਸੰਬੰਧ ਵਿੱਚ ਤ੍ਰਾਸਦੀ ਇਹ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਇਹਨਾਂ ਸ਼ਬਦਾਂ ਦੇ ਅੰਤ ਵਿੱਚ ਊੜੇ ਨੂੰ ਔਂਕੜ (ਉ) ਪਾ ਕੇ ਜਾਂ ਹਿੰਦੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਵ ਅੱਖਰ ਪਾ ਕੇ ਹੀ ਲਿਖੀ ਜਾ ਰਹੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਭਾਸ਼ਾ ਦੇ ਵਿਆਕਰਨਿਕ ਨਿਯਮ ਉਸ ਦੇ ਆਪਣੇ ਉਚਾਰਨ, ਮੁਹਾਂਦਰੇ ਅਤੇ ਮੁਹਾਵਰੇ ਅਨੁਸਾਰ ਹੀ ਘੜੇ ਗਏ ਹੁੰਦੇ ਹਨ। ਇਹਨਾਂ ਨਿਯਮਾਂ ਉੱਤੇ ਅਮਲ ਕਰ ਕੇ ਹੀ ਅਸੀਂ ਕਿਸੇ ਭਾਸ਼ਾ ਦੇ ਲਿਖਤੀ ਰੂਪ ਵਿੱਚ ਇਕਸਾਰਤਾ ਲਿਆ ਸਕਦੇ ਹਾਂ। ਸੋ, ਪੰਜਾਬੀ ਭਾਸ਼ਾ ਵਿੱਚ ਇਕਸਾਰਤਾ ਸੁੰਦਰਤਾ ਅਤੇ ਸੁਚੱਜਤਾ ਲਿਆਉਣ ਦੀ ਖ਼ਾਤਰ ਸਾਨੂੰ ਪੰਜਾਬੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਉੱਤੇ ਪੂਰੀ ਤਨਦੇਹੀ ਨਾਲ਼ ਪਹਿਰਾ ਦੇਣ ਦੀ ਲੋੜ ਹੈ। ਸੋ, ਇਸ ਨਿਯਮ ਸੰਬੰਧੀ ਯਾਦ ਰੱਖਣ ਵਾਲੀ ਪਹਿਲੀ ਗੱਲ ਤਾਂ ਉੱਪਰ ਲਿਖੀ ਹੀ ਜਾ ਚੁੱਕੀ ਹੈ ਕਿ ਅਜਿਹੇ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿਚਲੇ ਨਾਂਵ-ਸ਼ਬਦਾਂ ਦੇ ਪਿੱਛੇ ਲੱਗਿਆ ਵ ਅੱਖਰ ਪੰਜਾਬੀ ਵਿੱਚ ਐੜਾ ਮੁਕਤਾ ਵਿੱਚ ਬਦਲ ਜਾਂਦਾ ਹੈ। ਦੂਜੀ ਗੱਲ ਇਹ ਹੈ ਕਿ ਜੇਕਰ ਅਸੀਂ ਊੜੇ ਅੱਖਰ ਦਾ ਮੂੰਹ ਖੁੱਲ੍ਹਾ ਰੱਖਦੇ ਹਾਂ ਤਾਂ ਇਹਨਾਂ ਨਾਂਵ-ਸ਼ਬਦਾਂ ਦੇ ਕਿਰਿਆ-ਸ਼ਬਦਾਂ ਵਿੱਚ ਬਦਲ ਜਾਣ ਦਾ ਡਰ ਹੈ, ਜਿਵੇਂ: ਦਬਾਓ (ਕਿਸੇ ਚੀਜ਼ ਨੂੰ ਦਬਾਉਣ ਦੀ ਕਿਰਿਆ), ਬਚਾਓ (ਬੱਚਤ ਕਰਨੀ ਜਾਂ ਕਿਸੇ ਖ਼ਤਰੇ ਆਦਿ ਤੋਂ ਬਚਾਉਣ ਦੀ ਕਿਰਿਆ) ਅਤੇ ਛਿੜਕਾਓ (ਪਾਣੀ ਜਾਂ ਕੋਈ ਦਵਾਈ ਆਦਿ ਛਿੜਕਾਉਣਾ)। ਤੀਜੀ ਗੱਲ ਇਹ ਹੈ ਕਿ ਜੇਕਰ ਅਸੀਂ ਆਖ਼ਰ ਵਿੱਚ ਆਏ ਊੜੇ ਨੂੰ ਔਂਕੜ (ਉ) ਪਾ ਕੇ ਲਿਖਦੇ ਹਾਂ ਤਾਂ ਇਸ ਸੰਬੰਧੀ ਅਸੀਂ ਇਸ ਲੇਖ- ਲੜੀ ਦੇ ਭਾਗ-੧ ਵਿੱਚ ਦੇਖ ਹੀ ਚੁੱਕੇ ਹਾਂ ਕਿ ਇੰਞ ਲਿਖਣਾ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਦੀ ਘੋਰ ਉਲੰਘਣਾ ਹੈ ਕਿਉਂਕਿ ਇਸ ਨਿਯਮ ਅਨੁਸਾਰ ਅਸੀਂ ਪੰਜਾਬੀ ਸ਼ਬਦਾਂ ਦੇ ਅਖੀਰ ਵਿਚ ਆਏ ਕੇਵਲ “ਇਉਂ, ਜਿਉਂ, ਕਿਉਂ, ਤਿਉਂ” ਚਾਰ ਸ਼ਬਦਾਂ ਨੂੰ ਹੀ ਊੜੇ ਨੂੰ ਔਂਕੜ ਪਾ ਕੇ ਲਿਖ ਸਕਦੇ ਹਾਂ, ਬਾਕੀ ਸਾਰੇ ਸ਼ਬਦ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਹਨ। ਸੋ, ਜਦੋਂ ਵੀ ਅਜਿਹੇ ਨਾਂਵ-ਸ਼ਬਦਾਂ ਨੂੰ ਲਿਖਣਾ ਹੋਵੇ ਤਾਂ ਕਦੇ ਵੀ ਇਹਨਾਂ ਸ਼ਬਦਾਂ ਨੂੰ ਹਿੰਦੀ ਭਾਸ਼ਾ ਦੀ ਰੀਸੇ ਅੰਤ ਵਿਚ ਵ ਅੱਖਰ ਪਾ ਕੇ ਜਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਨਹੀਂ ਲਿਖਣਾ ਸਗੋਂ ਅਜਿਹੇ ਸ਼ਬਦਾਂ ਦੇ ਅੰਤ ਵਿੱਚ ਐੜਾ (ਅ) ਅੱਖਰ ਪਾ ਕੇ ਹੀ ਲਿਖਣਾ ਹੈ। ਹਾਂ, ਇਸ ਸੰਬੰਧ ਵਿਚ ਹੁਣ ਤੱਕ ਇੱਕ ਅਪਵਾਦ ਦੇਖਣ ਨੂੰ ਜ਼ਰੂਰ ਮਿਲ਼ਿਆ ਹੈ ਕਿ “ਘਿਰਾਓ” ਸ਼ਬਦ ਨੂੰ ਉਪਰੋਕਤ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ। ਉਹ ਵੀ ਸ਼ਾਇਦ ਇਸ ਕਾਰਨ ਕਿ ਇਸ ਸ਼ਬਦ ਦੇ ਅਖੀਰ ਵਿੱਚ ਊੜੇ ਦਾ ਮੂੰਹ ਖੁੱਲ੍ਹਾ ਰੱਖਣ ਨਾਲ਼ ਇਹ ਸ਼ਬਦ ਕਿਰਿਆ-ਰੂਪ ਇਖ਼ਤਿਆਰ ਨਹੀਂ ਕਰਦਾ ਸਗੋਂ ਨਾਂਵ-ਸ਼ਬਦ ਹੀ ਰਹਿੰਦਾ ਹੈ। ਇਸ ਦੇ ਕਿਰਿਆ ਰੂਪ ਘੇਰੋ, ਘੇਰਨਾ, ਘੇਰਿਆ ਆਦਿ ਸ਼ਬਦ ਹਨ। ਹੋ ਸਕਦਾ ਹੈ ਕਿ ਇਹੋ-ਜਿਹੇ ਇੱਕਾ-ਦੁੱਕਾ ਕੁਝ ਹੋਰ ਸ਼ਬਦ ਵੀ ਹੋਣ ਪਰ ਅਜਿਹੀ ਸੰਭਾਵਨਾ ਬਹੁਤ ਘੱਟ ਹੈ। ਇਸ ਸੰਬੰਧ ਵਿੱਚ ਸ਼ਬਦਾਂ ਦੇ ਅੰਤ ਵਿੱਚ ਅ ਮੁਕਤਾ ਨਾਲ਼ ਲਿਖੇ ਜਾਣ ਵਾਲ਼ੇ ਨਾਂਵ-ਸ਼ਬਦਾਂ ਦੀਆਂ ਕੁਝ ਹੋਰ ਉਦਾਹਰਨਾਂ ਹੇਠ ਲਿਖੇ ਅਨੁਸਾਰ ਹਨ: ਉਪਾਅ, ਝੁਕਾਅ, ਢੁਕਾਅ, ਨਿਭਾਅ, ਸੁਭਾਅ, ਟਿਕਾਅ, ਰੱਖ- ਰਖਾਅ, ਫੜ-ਫੜਾਅ, ਠਹਿਰਾਅ, ਰਿਸਾਅ, ਲੁਕਾਅ, ਛਿਪਾਅ, ਵਹਾਅ, ਪ੍ਰਗਟਾਅ, ਚਾਅ, ਜੀਅ, ਲੋਅ, ਉਤਰਾਅ, ਚੜ੍ਹਾਅ,ਅਕੜਾਅ, ਅਟਕਾਅ, ਸੁਝਾਅ, ਸਰਾਂਅ (ਬਹੁਵਚਨ ਸਰਾਵਾਂ), ਵਧਾਅ-ਘਟਾਅ, ਕੰਬੋਅ (ਕੰਬੋਜ), ਫੈਲਾਅ, ਲਮਕਾਅ, ਲਿਖ-ਲਿਖਾਅ, ਖਿਚਾਅ, ਘੁਮਾਅ, ਪਘਰਾਅ (ਪੱਘਰ ਤੋਂ ਬਣਿਆ), ਜਮਾਅ, ਗਰਾਂਅ (ਪਿੰਡ), ਲਗਾਅ ਆਦਿ। ਉਪਰੋਕਤ ਉਦਾਹਰਨਾਂ ਅਨੁਸਾਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਸ਼ਬਦਾਂ ਦੇ ਅੰਤ ਵਿਚ ਲੱਗੀਆਂ ਵ ਤੋਂ ਬਿਨਾਂ ਜ ਜਾਂ ਯ ਆਦਿ ਧੁਨੀਆਂ ਵੀ ਅ ਧੁਨੀ ਦੇ ਰੂਪ ਵਿੱਚ ਬਦਲ ਜਾਂਦੀਆਂ ਹਨ। ਕਈ ਵਾਰ ਦੇਖਣ ਵਿੱਚ ਇਹ ਗੱਲ ਵੀ ਆਈ ਹੈ ਕਿ ਕੁਝ ਲੋਕ ਉਪਰੋਕਤ ਅ-ਅੰਤਿਕ ਨਾਂਵ-ਸ਼ਬਦਾਂ ਨੂੰ ਕਿਰਿਆ-ਸ਼ਬਦਾਂ ਦੀ ਥਾਂ ‘ਤੇ ਵਰਤਣਾ ਸ਼ੁਰੂ ਕਰ ਦਿੰਦੇ ਹਨ ਜੋਕਿ ਸਰਾਸਰ ਗ਼ਲਤ ਰੁਝਾਨ ਹੈ। ਉਦਾਹਰਨ ਦੇ ਤੌਰ ‘ਤੇ “ਨਿਭਾ ਰਿਹਾ” ਨੂੰ “ਨਿਭਾਅ ਰਿਹਾ”, “ਫੈਲਾ ਰਿਹਾ” ਨੂੰ “ਫੈਲਾਅ ਰਿਹਾ” ਅਤੇ “ਬਚਾ ਰਿਹਾ” ਨੂੰ “ਬਚਾਅ ਰਿਹਾ” ਦੇ ਤੌਰ ‘ਤੇ ਲਿਖਣਾ ਪੂਰੀ ਤਰ੍ਹਾਂ ਗ਼ਲਤ ਹੈ। ਪੰਜਾਬੀ ਵਿੱਚ ਲਿਖਣ ਵੇਲ਼ੇ ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਬਚਣ ਦੀ ਲੋੜ ਹੈ। ਜਿਨ੍ਹਾਂ ਸ਼ਬਦਾਂ ਪਿੱਛੇ ‘ਅ’ ਮੁਕਤਾ ਪਾਉਣ ਦੀ ਲੋੜ ਨਹੀਂ ਹੈ: ਦਾ,ਦੇ ਅਤੇ ਦਾਅ,ਦੇਅ ਸ਼ਬਦਾਂ ਵਿੱਚ ਵਖਰੇਵਾਂ ਪਾਉਣ ਲਈ ‘ਅ’ ਦੀ ਵਰਤੋਂ: ਪੰਜਾਬੀ ਵਿੱਚ ਐੜੇ ਅੱਖਰ ਨਾਲ਼ ਦਸਾਂ ਵਿੱਚੋਂ ਕੁੱਲ ਚਾਰ ਲਗਾਂ: ਮੁਕਤਾ, ਕੰਨਾ, ਦੁਲਾਵਾਂ ਅਤੇ ਕਨੌੜਾ ਲੱਗਦੀਆਂ ਹਨ ਅਤੇ ਈੜੀ ਨਾਲ਼ ਸਿਹਾਰੀ, ਬਿਹਾਰੀ ਅਤੇ ਲਾਂ। ਸ਼ਬਦਾਂ ਦੇ ਅੰਤ ਵਿੱਚ ਆਈ ‘ਈੜੀ’ (ੲ) ਨੂੰ ਲਾਂ ਜਾਂ ਸਿਹਾਰੀ ਕਦੋਂ ਪਾਈਏ? ੩. ਪੰਜਾਬੀ ਸ਼ਬਦਾਵਲੀ ਵਿੱਚ ‘ਰ’ ਤੋਂ ਬਾਅਦ ਣ ਜਾਂ ਨ ਵਿੱਚੋਂ ਹਮੇਸ਼ਾਂ ‘ਨ’ ਅੱਖਰ ਹੀ ਪਵੇਗਾ ਇਸੇ ਨਿਯਮ ਅਧੀਨ ਹੀ ਹਿੰਦੀ ਦਾ ‘ਕਾਰਣ’ ਸ਼ਬਦ ਹੁਣ ‘ਕਾਰਨ’ ਬਣ ਗਿਆ ਹੈ; ‘ਵਿਆਕਰਣ’, ‘ਵਿਆਕਰਨ’ ਬਣ ਗਿਆ ਹੈ ਅਤੇ ‘ਸਾਧਾਰਣ’ ਸ਼ਬਦ ‘ਸਧਾਰਨ’ ਵਿੱਚ ਬਦਲ ਚੁੱਕਿਆ ਹੈ। ਇਹਨਾਂ ਤੋਂ ਬਿਨਾਂ ਇਸ ਨਿਯਮ ਅਧੀਨ ਜਿਹੜੇ ਹੋਰ ਸ਼ਬਦਾਂ ਵਿੱਚ ਬਦਲਾਅ ਆਇਆ ਹੈ, ਉਹ ਹਨ: ਵਰਨ (ਵਰਣ ਤੋਂ ਬਣਿਆ), ਚਰਨ (ਚਰਣ), ਚੂਰਨ (ਚੂਰਣ), ਪੂਰਨ (ਪੂਰਣ), ਸ਼ਰਨ (ਸ਼ਰਣ), ਹਰਨ, ਉਦਾਹਰਨ (ਉਦਾਹਰਣ), ਉਚਾਰਨ (ਉਚਾਰਣ), ਵਰਨਨ/ਵਰਨਣ, ਅਹਿਰਨ, ਸੰਸਮਰਨ (ਸੰਸਮਰਣ), ਕਰਨ (ਕਰਨ- ਕਾਰਕ), ਨਿਰਨਾ (ਨਿਰਣਯ=ਫ਼ੈਸਲਾ), ਨਿਰਨਾ (ਨਿਰਨੇ ਕਾਲ਼ਜੇ/ਖ਼ਾਲੀ ਪੇਟ), ਸ਼ੀਰਨੀ, ਸਿਮਰਨ, ਮਿਸ਼ਰਨ, ਚਿਤਰਨ, ਅੰਤਹਿਕਰਨ, ਵਰਨ (ਇੱਕ ਜਾਤੀ), ਵਰਨ-ਵਿਵਸਥਾ, ਵਰਨ-ਆਸ਼੍ਰਮ; ਵਰਨ (ਅੱਖਰ) ਤੋਂ ਵਰਨਿਕ ਵਰਨ-ਮਾਲਾ, ਵਰਨ-ਬੋਧ; ਵਿਆਕਰਨ ਤੋਂ ਵਿਆਕਰਨਿਕ, ਵਿਆਕਰਨਕਾਰ; ਘਿਰਨਾ (ਨਫ਼ਰਤ), ਘਿਰਨਾਯੋਗ, ਘਿਰਨਿਤ; ਜੀਰਨ, ਅਜੀਰਨ (ਬਦਹਜ਼ਮੀ), ਵਾਤਾਵਰਨ, ਪ੍ਰੇਰਨਾ ਆਦਿ। ਦੁੱਤ ਅੱਖਰ ‘ਰ’ (ਵਿਅੰਜਨ-ਅੱਖਰਾਂ ਦੇ ਪੈਰਾਂ ਵਿੱਚ ਪਾਏ ਗਏ ‘ਰਾਰੇ’) ਤੋਂ ਬਾਅਦ ਜਾਂ ‘ਰ’ ਅਤੇ ‘ਣ’ ਦੇ ਵਿਚਕਾਰ ਕੋਈ ‘ਲਗ’ ਆ ਜਾਣ ‘ਤੇ ਉਪਰੋਕਤ ਨਿਯਮ ਲਾਗੂ ਨਹੀਂ ਹੋਵੇਗਾ, ਜਿਵੇਂ: ਪ੍ਰਣ, ਪ੍ਰਾਣ, ਪ੍ਰਾਣੀ, ਪਰੈਣ, ਭਰੂਣ, ਰਾਣੀ, ਰਾਣੀ ਖਾਂ, ਰਾਣੀਖੇਤ (ਇਕ ਬਿਮਾਰੀ), ਰਾਣੀਹਾਰ, ਦਰਾਣੀ, ਰੋਣ, ਰੋਣਾ, ਰੌਣ, ਰੌਣੀ, ਰੌਣਕ, ਰੈਣ, ਰੈਣ-ਸਬਾਈ, ਰੈਣ-ਬਸੇਰਾ, ਕਰੁਣਾ (ਕਰੁਣਾ ਰਸ) ਆਦਿ। ਸੋ, ਹੁਣ ਤੱਕ ਇਸ ਲੇਖ-ਲੜੀ ਦੇ ਤਿੰਨ ਭਾਗਾਂ ਵਿੱਚ ਅਸੀਂ ਇਹ ਗੱਲ ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਕਿ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮ ਏਨੇ ਔਖੇ ਨਹੀਂ ਹਨ ਸਗੋਂ ਇਹਨਾਂ ਨਿਯਮਾਂ ਨੂੰ ਯਾਦ ਰੱਖਣਾ ਅਤੇ ਇਹਨਾਂ ਉੱਪਰ ਅਮਲ ਕਰਨਾ ਬਹੁਤ ਹੀ ਅਸਾਨ ਹੈ। ਮੇਰੇ ਖ਼ਿਆਲ ਅਨੁਸਾਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਸ਼ਬਦ-ਜੋੜ ਇੱਕ ਵਾਰ ਸਾਡੀ ਮਾਨਸਿਕਤਾ ਦਾ ਹਿੱਸਾ ਬਣ ਜਾਂਦੇ ਹਨ, ਸਾਡੇ ਲਈ ਉਹਨਾਂ ਤੋਂ ਖਹਿੜਾ ਛੁਡਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਜੇਕਰ ਇੱਕ ਵਾਰ ਕਿਸੇ ਨਵੀਂ ਚੀਜ਼ ਨੂੰ ਸਿੱਖਣ ਦਾ ਮਨ ਬਣਾ ਲਿਆ ਜਾਵੇ ਤਾਂ ਇਹ ਕੰਮ ਏਨਾ ਔਖਾ ਵੀ ਨਹੀਂ ਹੈ। ਸਾਰਾਂਸ਼: ਪੰਜਾਬੀ ਵਿਆਕਰਨ ਦਾ ਇੱਕ ਨਿਯਮ ਹੈ ਕਿ ਤਿੰਨ ਜਾਂ ਤਿੰਨ ਤੋਂ ਵੱਧ ਅੱਖਰਾਂ ਵਾਲ਼ੇ ਸ਼ਬਦਾਂ ਵਿਚ ਜੇਕਰ ਪਹਿਲੇ ਦੋ ਅੱਖਰਾਂ ਨਾਲ਼ ਦੀਰਘ ਮਾਤਰਾਵਾਂ ਲੱਗਦੀਆਂ ਹੋਣ ਤਾਂ ਆਮ ਤੌਰ ‘ਤੇ ਅਜਿਹੇ ਸ਼ਬਦਾਂ ਦੇ ਪਹਿਲੇ ਅੱਖਰ ਨਾਲ਼ ਲੱਗੀ ਦੀਰਘ ਮਾਤਰਾ ਜਾਂ ਤਾਂ ਅਲੋਪ ਹੋ ਜਾਵੇਗੀ ਜਾਂ ਫਿਰ ਉਹ ਲਘੂ ਮਾਤਰਾ ਵਿੱਚ ਬਦਲ ਜਾਵੇਗੀ, ਜਿਵੇਂ: ਬੀਮਾਰ/ਬਿਮਾਰ, ਈਮਾਨਦਾਰ/ ਇਮਾਨਦਾਰ, ਬਾਜ਼ਾਰ/ਬਜ਼ਾਰ ਆਦਿ। ਉਪਰੋਕਤ ਤਿੰਨੇ ਸ਼ਬਦਾਂ ਵਿੱਚ ਅਸੀਂ ਦੇਖਦੇ ਹਾਂ ਕਿ ਪਹਿਲੇ ਸ਼ਬਦ ‘ਬੀਮਾਰ’ ਵਿੱਚ ਪਹਿਲੇ ਦੋ ਅੱਖਰਾਂ ਨੂੰ ‘ਬਿਹਾਰੀ’ ਅਤੇ ‘ਕੰਨੇ’ ਦੀਆਂ ਦੀਰਘ ਮਾਤਰਾਵਾਂ ਲੱਗੀਆਂ ਹੋਈਆਂ ਹਨ ਪਰ ਉਪਰੋਕਤ ਨਿਯਮ ਅਨੁਸਾਰ ਪਹਿਲੇ ਅੱਖਰ ‘ਬ’ ਨਾਲ਼ ਲੱਗੀ ‘ਬਿਹਾਰੀ’ ਦੀ ਦੀਰਘ ਮਾਤਰਾ ‘ਸਿਹਾਰੀ’ ਵਿੱਚ ਬਦਲ ਜਾਵੇਗੀ ਅਤੇ ਇਸ ਉਪਰੰਤ ਜਿਸ ਨਵੇਂ ਸ਼ਬਦ ਦੀ ਸਿਰਜਣਾ ਹੋਵੇਗੀ, ਉਹ ਹੈ- ਬਿਮਾਰ। ਇਸੇ ਪ੍ਰਕਿਰਿਆ ਰਾਹੀਂ ‘ਈਮਾਨਦਾਰ’ ਸ਼ਬਦ ‘ਇਮਾਨਦਾਰ’ ਵਿੱਚ ਬਦਲ ਚੁੱਕਿਆ ਹੈ ਅਤੇ ‘ਬਾਜ਼ਾਰ’ ਸ਼ਬਦ ‘ਬਜ਼ਾਰ’ ਵਿੱਚ ਬਦਲ ਗਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਪਹਿਲੇ ਦੋ ਸ਼ਬਦਾਂ ਵਿੱਚ ‘ਬਿਹਾਰੀ’ ਦੀ ਦੀਰਘ ਮਾਤਰਾ ਲਘੂ ਮਾਤਰਾ ‘ਸਿਹਾਰੀ’ ਵਿੱਚ ਬਦਲ ਗਈ ਹੈ ਅਤੇ ਤੀਜੇ ਸ਼ਬਦ ‘ਬਾਜ਼ਾਰ’ ਵਿੱਚ ਪਹਿਲੇ ਅੱਖਰ ‘ਬ’ ਨਾਲ਼ ਲੱਗੇ ‘ਕੰਨੇ’ ਦੀ ਦੀਰਘ ਮਾਤਰਾ ਅਲੋਪ ਹੋ ਗਈ ਹੈ। ਸੋ, ਉਪਰੋਕਤ ਨਿਯਮ ਅਧੀਨ ਜੇਕਰ ਪਹਿਲੇ ਅੱਖਰ ਨਾਲ਼ ਬਿਹਾਰੀ ਦੀ ਮਾਤਰਾ ਹੈ ਤਾਂ ਉਹ ਸਿਹਾਰੀ ਵਿੱਚ ਬਦਲ ਜਾਵੇਗੀ ਜੇਕਰ ਦੁਲੈਂਕੜ ਦੀ ਮਾਤਰਾ ਹੈ ਤਾਂ ਉਹ ਔਂਕੜ ਦੀ ਮਾਤਰਾ ਵਿੱਚ ਬਦਲ ਜਾਵੇਗੀ ਅਤੇ ਜੇਕਰ ਪਹਿਲੇ ਦੋਂਹਾਂ ਅੱਖਰਾਂ ਨਾਲ਼ ਕੰਨੇ ਦੀਆਂ ਮਾਤਰਾਵਾਂ ਹਨ ਤਾਂ ਪਹਿਲੇ ਅੱਖਰ ਨਾਲ਼ੋਂ ਕੰਨਾ ਅਲੋਪ ਹੋ ਜਾਵੇਗਾ। ਇਸ ਸੰਬੰਧ ਵਿੱਚ ਕੁਝ ਉਦਾਹਰਨਾਂ ਦੇਖੋ: ‘ਸਾਲਾਨਾ’ ਅਤੇ ‘ਦੀਵਾਲੀ’ ਬਨਾਮ ‘ਸਲਾਨਾ’ ਅਤੇ ‘ਦਿਵਾਲੀ’: ਜਿਨ੍ਹਾਂ ਸ਼ਬਦਾਂ ਦੇ ਅਰਥਾਂ ਵਿੱਚ ਫ਼ਰਕ ਪੈਣ ਦਾ ਡਰ ਹੈ, ਉਹਨਾਂ ਉੱਤੇ ਉਪਰੋਕਤ ਨਿਯਮ ਲਾਗੂ ਨਹੀਂ ਹੋਵੇਗਾ: ਉਪਰੋਕਤ ਨਿਯਮ ਦੇ ਸੰਬੰਧ ਵਿੱਚ ਇੱਕ ਹੋਰ ਗੱਲ ਜਿਹੜੀ ਯਾਦ ਰੱਖਣਯੋਗ ਹੈ, ਉਹ ਇਹ ਹੈ ਕਿ ਇਸ ਨਿਯਮ ਅਧੀਨ ਜਿਨ੍ਹਾਂ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਪੈਣ ਦਾ ਡਰ ਹੈ, ਉਹਨਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਅਜਿਹੇ ਸ਼ਬਦਾਂ ਨੂੰ ਉਹਨਾਂ ਦੇ ਪਹਿਲੇ ਅਰਥਾਤ ਮੂਲ ਰੂਪ ਅਨੁਸਾਰ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਅਜਿਹੇ ਸ਼ਬਦਾਂ ਵਿੱਚ ਪਹਿਲੇ ਅੱਖਰ ਨਾਲ਼ ਲੱਗੀ ਲਗ ਨੂੰ ਲਘੂ ਮਾਤਰਾ ਵਿੱਚ ਨਹੀਂ ਬਦਲਿਆ ਜਾ ਸਕਦਾ ਜਾਂ ਅਲੋਪ ਕੀਤਾ ਜਾ ਸਕਦਾ, ਜਿਵੇਂ: ਆਲੋਚਨਾ, ਆਲੋਚਕ, ਆਧਾਰ, ਆਕਾਰ, ਆਚਾਰ (ਚਾਲ-ਚਲਣ ਵਾਲ਼ਾ), ਆਸਾਰ, ਆਵੇਗ, ਆਵੇਸ਼, ਆਦੇਸ਼, ਆਵੇਦਨ, ਆਚਾਰੀਆ, ਆਗਾਮੀ, ਭੂਗੋਲ, ਬੇਗਾਨਾ, ਨਾਜਾਇਜ਼, ਨਾਚੀਜ਼, ਤਾਦਾਦ, ਮਾਮੂਲੀ, ਬਾਕਾਇਦਾ, ਆਜੀਵਨ, ਸਾਕਾਰ, ਸਾਕਾਰਾਤਮਿਕ, ਤਾਮੀਲ, ਤਾਮੀਰ, ਤਾਸੀਰ, ਤਾਰੀਫ਼, ਤਾਰੀਖ਼ (‘ਤਰੀਕ’ ਵੀ ਸਹੀ ਹੈ), ਮਾਲੂਮ, ਨਾਮਾਲੂਮ, ਨਾਦਾਨ, ਨਾਲਾਇਕ ਲਾਵਾਰਸ, ਲਾਚਾਰ ਆਦਿ। ਇਹਨਾਂ ਅਤੇ ਇਹਨਾਂ ਤੋਂ ਬਿਨਾਂ ਕੁਝ ਹੋਰ ਸ਼ਬਦਾਂ ਦੇ ਅਜਿਹੇ ਸ਼ਬਦ-ਰੂਪ ਹੀ ਸ਼ੁੱਧ ਮੰਨੇ ਗਏ ਹਨ। ਕੁਝ ਸ਼ਬਦਾਂ ਦੇ ਆਖ਼ਰੀ ਅੱਖਰ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਜਾਂ ਔਂਕੜ ਦੀ ਲਗ ਖ਼ਤਮ ਕਰ ਦਿੱਤੀ ਗਈ ਹੈ: ਉਪਰੋਕਤ ਤੋਂ ਬਿਨਾਂ ਪੰਜਾਬੀ ਸ਼ਬਦਾਵਲੀ ਦੇ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਅੰਤਲੇ ਅੱਖਰ ਤੋਂ ਪਹਿਲੇ ਅੱਖਰ ਨਾਲ਼ ਲੱਗਣ ਵਾਲ਼ੀ ਸਿਹਾਰੀ ਜਾਂ ਔਂਕੜ ਦੀ ਮਾਤਰਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਜਿਵੇਂ: ਮੰਦਿਰ= ਮੰਦਰ, ਪੰਡਿਤ= ਪੰਡਤ, ਮਸਜਿਦ= ਮਸਜਦ, ਜ਼ਾਲਿਮ= ਜ਼ਾਲਮ, ਕਠਿਨ= ਕਠਨ, ਮਾਹਿਰ=ਮਾਹਰ, ਸ਼ਾਮਿਲ= ਸ਼ਾਮਲ, ਕੋਸ਼ਿਸ਼= ਕੋਸ਼ਸ਼, ਵਾਰਿਸ= ਵਾਰਸ, ਬਾਰਿਸ਼= ਬਾਰਸ਼, ਖ਼ਾਲਿਸ= ਖ਼ਾਲਸ, ਜ਼ਾਹਿਰ= ਜ਼ਾਹਰ, ਕਾਤਿਲ= ਕਾਤਲ, ਹਾਸਿਲ= ਹਾਸਲ, ਚਤੁਰ= ਚਤਰ, ਚਤੁਰਾਈ= ਚਤਰਾਈ, ਚਿੰਤਾਤੁਰ= ਚਿੰਤਾਤਰ, ਠਾਕੁਰ= ਠਾਕਰ, ਭਾਵੁਕ= ਭਾਵਕ ਆਦਿ ਉਪਰੋਕਤ ਸ਼ਬਦਾਂ ਤੋਂ ਬਿਨਾਂ “ਦਸਹਿਰਾ” (ਦਸ+ਅਹਿਰ) ਸ਼ਬਦ ਨੂੰ ਵੀ ਬਿਨਾਂ ਔਂਕੜ ਤੋਂ ਹੀ ਲਿਖਣਾ ਹੈ ਕਿਉਂਕਿ ਇਹ ਸ਼ਬਦ ਦਸ ਦੀ ਗਿਣਤੀ (ਦਸ ਦਿਨਾਂ ਦੀਆਂ ਧਾਰਮਿਕ ਰਵਾਇਤਾਂ ਨਿਭਾਉਣ ਉਪਰੰਤ ਆਉਣ ਵਾਲ਼ਾ ਤਿਉਹਾਰ) ਨਾਲ਼ ਸੰਬੰਧਿਤ ਹੈ। ‘ਅਹਿਰ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ: ਦਿਨ। ਸੋ, ਅਸੀਂ ਦੇਖਦੇ ਹਾਂ ਕਿ ਸਮੇਂ ਦੇ ਨਾਲ ਭਾਸ਼ਾ ਅਤੇ ਉਸ ਦੀ ਵਿਆਕਰਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ। ਵੱਖ-ਵੱਖ ਸ਼ਬਦਾਂ ਦੇ ਸ਼ਬਦ-ਜੋੜਾਂ ਜਾਂ ਸ਼ਬਦ-ਰੂਪਾਂ ਵਿੱਚ ਤਬਦੀਲੀ ਆਉਣੀ ਵੀ ਅਜਿਹੇ ਵਰਤਾਰਿਆਂ ਵਿੱਚੋਂ ਇੱਕ ਹੈ। ਮਾਂ-ਬੋਲੀ ਪੰਜਾਬੀ ਨਾਲ਼ ਪਿਆਰ ਕਰਨ ਵਾਲ਼ਿਆਂ ਨੂੰ ਵੀ ਅਜਿਹੀਆਂ ਤਬਦੀਲੀਆਂ ਨੂੰ ਧਿਆਨ ਨਾਲ਼ ਵਾਚਦੇ ਰਹਿਣਾ ਚਾਹੀਦਾ ਹੈ ਅਤੇ ਬਦਲ ਚੁੱਕੇ ਅਜਿਹੇ ਨਿਯਮਾਂ ਉੱਤੇ ਅਮਲ ਕਰਨ ਦੀ ਵੱਧ ਤੋਂ ਵੱਧ ਕੋਸ਼ਸ਼ ਕਰਨੀ ਚਾਹੀਦੀ ਹੈ ਤਾਂਜੋ ਅਸੀਂ ਆਪਣੀ ਮਾਤ-ਭਾਸ਼ਾ ਨੂੰ ਹੋਰ ਵੀ ਵਧੇਰੇ ਅਮੀਰ, ਖ਼ੂਬਸੂਰਤ ਅਤੇ ਸੁਹਜ-ਭਰਪੂਰ ਬਣਾ ਸਕੀਏ ਅਤੇ ਹਿੰਦੀ/ਅੰਗਰੇਜ਼ੀ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਵਿੱਚ ਵੀ ਇਕਸਾਰਤਾ ਪੈਦਾ ਕਰ ਸਕੀਏ। ‘ਕ-ਅੰਤਿਕ’ ਸ਼ਬਦਾਂ ਨੂੰ ਲਿਖਣ ਸੰਬੰਧੀ ਨਿਯਮ: ‘ਕ-ਅੰਤਿਕ’ ਸ਼ਬਦਾਂ ਤੋਂ ਭਾਵ ਹੈ, ਉਹ ਸ਼ਬਦ ਜਿਨ੍ਹਾਂ ਦੇ ਅੰਤ ਵਿੱਚ ‘ਕੱਕਾ’ ਅੱਖਰ ਲੱਗਿਆ ਹੋਵੇ। ਪੰਜਾਬੀ-ਵਿਆਕਰਨ ਦਾ ਇੱਕ ਨਿਯਮ ਹੈ ਕਿ ਕੁਝ ਅਜਿਹੇ ਸ਼ਬਦਾਂ ਨੂੰ ਵਿਸ਼ੇਸ਼ਣ ਬਣਾਉਣ ਲਈ ਜਿਨ੍ਹਾਂ ਦੇ ਅੰਤ ਵਿੱਚ ‘ਕ’ ਅੱਖਰ ਲੱਗਿਆ ਹੋਵੇ, ਉਸ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਪਾਈ ਜਾਂਦੀ ਹੈ, ਜਿਵੇਂ: ਸਮਾਜ (ਨਾਂਵ) ਤੋਂ ਸਮਾਜਿਕ (ਵਿਸ਼ੇਸ਼ਣ), ਧਰਮ (ਨਾਂਵ) ਤੋਂ ਧਾਰਮਿਕ (ਵਿਸ਼ੇਸ਼ਣ) ਅਤੇ ਭੂਗੋਲ (ਨਾਂਵ) ਤੋਂ ਬਣਿਆ ਭੂਗੋਲਿਕ (ਵਿਸ਼ੇਸ਼ਣ) ਸ਼ਬਦ ਆਦਿ। ‘ਸਮਾਜਿਕ’ ਗਤੀਵਿਧੀਆਂ, ‘ਧਾਰਮਿਕ’ ਤਿਉਹਾਰ ਅਤੇ “ਭੂਗੋਲਿਕ’ ਪਰਿਸਥਿਤੀਆਂ ਸ਼ਬਦ-ਜੁੱਟਾਂ ਵਿੱਚ ਉਪਰੋਕਤ ਤਿੰਨੇ ਸ਼ਬਦ ਆਪਣੇ ਨਾਲ਼ ਲੱਗੇ ਸ਼ਬਦਾਂ ‘ਗਤੀਵਿਧੀਆਂ’, ‘ਤਿਉਹਾਰ’ ਅਤੇ ‘ਪਰਿਸਥਿਤੀਆਂ’ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਹਨ। ਇਸੇ ਤਰ੍ਹਾਂ ਜਿਹੜੇ ਕੁਝ ਹੋਰ ‘ਕ-ਅੰਤਿਕ’ ਸ਼ਬਦ ਅੰਤਲੇ ਅੱਖਰ ‘ਕੱਕੇ’ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਲੱਗਣ ਕਾਰਨ ਵਿਸ਼ੇਸ਼ਣੀ ਰੂਪ ਧਾਰਨ ਕਰ ਗਏ ਹਨ, ਉਹ ਹਨ: ਸਾਹਿਤ ਤੋਂ ਸਾਹਿਤਿਕ, ਸਰੀਰ ਤੋਂ ਸਰੀਰਿਕ, ਰਾਜਨੀਤੀ ਤੋਂ ਰਾਜਨੀਤਿਕ, ਸੱਭਿਆਚਾਰ ਤੋਂ ਸੱਭਿਆਚਾਰਿਕ, ਇਸੇ ਤਰ੍ਹਾਂ: ਆਰਥਿਕ, ਆਤਮਿਕ, ਪਦਾਰਥਿਕ, ਪ੍ਰਸ਼ਾਸਨਿਕ, ਪ੍ਰਮਾਣਿਕ, ਆਚਰਨਿਕ, ਵਿਆਕਰਨਿਕ, ਵਿਗਿਆਨਿਕ, ਭਾਈਚਾਰਿਕ, ਸਦਾਚਾਰਿਕ, ਪਰਿਵਾਰਿਕ, ਸਪਤਾਹਿਕ, ਮਾਸਿਕ, ਜਨਤਿਕ, ਪ੍ਰਸੰਗਿਕ, ਸੰਗੀਤਿਕ, ਪ੍ਰਯੋਗਿਕ ਆਦਿ। ਉਪਰੋਕਤ ਨਿਯਮ ਨਾਲ਼ ਸੰਬੰਧਿਤ ਕੁਝ ਗ਼ਲਤ-ਫ਼ਹਿਮੀਆਂ: ਇਸ ਨਿਯਮ ਦੇ ਸੰਬੰਧ ਵਿੱਚ ਕੁਝ ਲੋਕਾਂ ਦੁਆਰਾ ਘੜੀ ਗਈ ਇਹ ‘ਦਲੀਲ’ ਅਕਸਰ ਸੁਣਨ ਨੂੰ ਮਿਲ਼ਦੀ ਸੀ/ਹੈ ਕਿ ਇਹ ਨਿਯਮ ਤਾਂ ਕੇਵਲ ਤਿੰਨ ਜਾਂ ਚਾਰ ਅੱਖਰਾਂ ਨਾਲ਼ ਬਣੇ ਸ਼ਬਦਾਂ ਉੱਤੇ ਹੀ ਲਾਗੂ ਹੁੰਦਾ ਹੈ, ਪੰਜ ਜਾਂ ਉਸ ਤੋਂ ਵੱਧ ਅੱਖਰਾਂ ਨਾਲ਼ ਬਣੇ ਸ਼ਬਦਾਂ ਉੱਤੇ ਨਹੀਂ। ਜਦਕਿ ਅਜਿਹੀ ਆਧਾਰਹੀਣ ਗੱਲ ਲਿਖਤੀ ਰੂਪ ਵਿੱਚ ਕਿਧਰੇ ਵੀ ਮੌਜੂਦ ਨਹੀਂ ਹੈ। ਇਸ ਸਭ ਕਾਸੇ ਦਾ ਕਾਰਨ ਕੇਵਲ ਏਨਾ ਕੁ ਹੀ ਸਮਝ ਆਉਂਦਾ ਹੈ ਕਿ ਜਾਂ ਤਾਂ ਅਸੀਂ ਅਜਿਹੇ ਸ਼ਬਦਾਂ ਵਿਚ ਸਿਹਾਰੀ ਪਾਉਣ ਨੂੰ ਇੱਕ ਫ਼ਾਲਤੂ ਦੀ ਪਰੇਡ ਹੀ ਸਮਝਦੇ ਹਾਂ ਜਾਂ ਫਿਰ ਸ਼ਬਦ-ਜੋਡ਼ਾਂ ਦੇ ਸੰਬੰਧ ਵਿੱਚ ਅਜਿਹੇ ਨਿਯਮਾਂ ਤੋਂ ਹੀ ਬੇਖ਼ਬਰ ਹਾਂ। ਦੂਜੀ ਗੱਲ ਇਹ ਕਿ ਸਰੀਰਿਕ, ਸਾਹਿਤਿਕ ਤੇ ਜਨਤਿਕ ਆਦਿ ਸ਼ਬਦ ਵੀ ਤਾਂ ਚਾਰ ਅੱਖਰਾਂ ਵਾਲ਼ੇ ਹੀ ਹਨ; ਪੰਜ ਜਾਂ ਛੇ ਅੱਖਰਾਂ ਵਾਲੇ ਨਹੀਂ; ਫਿਰ ਇਹਨਾਂ ਸ਼ਬਦਾਂ ਵਿੱਚ ਸਿਹਾਰੀ ਕਿਉਂ ਨਹੀਂ ਪਾਈ ਜਾਂਦੀ? ਕੀ ਇਹਨਾਂ ਸ਼ਬਦਾਂ ਨਾਲ਼ ਸਿਹਾਰੀ ਜਚਦੀ ਨਹੀਂ ਜਾਂ ਕੋਈ ਹੋਰ ਵਜ੍ਹਾ ਹੈ? ਸਾਨੂੰ ਅਜਿਹੀਆਂ ਨਿਰਾਧਾਰ, ਗੁਮਰਾਹਕੁੰਨ, ਬੇਦਲੀਲੀਆਂ ਤੇ ਸੁਣੀਆਂ- ਸੁਣਾਈਆਂ ਗੱਲਾਂ ਤੋਂ ਸੁਚੇਤ ਰਹਿਣ ਦੀ ਲੋਡ਼ ਹੈ। ‘ਕ-ਅੰਤਿਕ’ ਨਾਂਵ-ਸ਼ਬਦਾਂ ਨੂੰ ਉਪਰੋਕਤ ਸਿਹਾਰੀ ਨਹੀਂ ਪਾਉਣੀ: ਉਪਰੋਕਤ ਅਨੁਸਾਰ ਜਦੋਂ ਅਸੀਂ ‘ਕ-ਅੰਤਿਕ’ ਵਿਸ਼ੇਸ਼ਣੀ ਸ਼ਬਦਾਂ ਵਿੱਚ ‘ਕ’ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਨਹੀਂ ਪਾਉਂਦੇ ਤਾਂ ਅਸੀਂ ਉਸ ਸ਼ਬਦ ਨੂੰ ਬੇਵਜ੍ਹਾ ਹੀ “ਕਰਤਰੀ-ਨਾਂਵ” ਬਣਾਉਣ ਦੀ ਕਵਾਇਦ ਕਰ ਰਹੇ ਹੁੰਦੇ ਹਾਂ ਤੇ ਇਸ ਪ੍ਰਕਾਰ ਜਾਣੇ-ਅਨਜਾਣੇ ਵਿੱਚ ਇੱਕ ਬਹੁਤ ਵੱਡੀ ਕੁਤਾਹੀ ਕਰ ਬੈਠਦੇ ਹਾਂ। ਉਦਾਹਰਨ ਦੇ ਤੌਰ ‘ਤੇ ਜੇਕਰ ਉਪਰੋਕਤ ਸ਼ਬਦਾਂ ਵਿੱਚੋਂ ਇੱਕ ਸ਼ਬਦ ‘ਵਿਗਿਆਨਿਕ’ ਹੀ ਲੈ ਲਈਏ ਤਾਂ ਪਤਾ ਲੱਗਦਾ ਹੈ ਕਿ ਇਹ ਸ਼ਬਦ ਉਪਰੋਕਤ ਵਿੱਚੋਂ ਪਹਿਲੇ ਨਿਯਮ ਅਨੁਸਾਰ ਇੱਕ ਵਿਸ਼ੇਸ਼ਣੀ-ਸ਼ਬਦ ਹੈ ਪਰ ਜੇਕਰ ਇਸ ਸ਼ਬਦ ਦੇ ਅੰਤਿਮ ਅੱਖਰ ‘ਕ’ ਤੋਂ ਪਹਿਲੇ ਅੱਖਰ ‘ਨ’ ਨੂੰ ਸਿਹਾਰੀ ਨਹੀਂ ਪਾਉਂਦੇ ਤਾਂ ਅਜਿਹਾ ਕਰਨ ਨਾਲ਼ ਇਸ ਸ਼ਬਦ ਨੂੰ ਭੁਲੇਖੇ ਕਾਰਨ ‘ਨਾਂਵ-ਸ਼ਬਦ’ ਸਮਝ ਲਏ ਜਾਣ ਦਾ ਡਰ ਹੈ ਜਦਕਿ ਇਸ ਸ਼ਬਦ ਦਾ ਨਾਂਵ-ਰੂਪ ਦਰਅਸਲ ‘ਵਿਗਿਆਨੀ’ (ਸਾਇੰਸਦਾਨ) ਹੁੰਦਾ ਹੈ। ਇਸ ਪ੍ਰਕਾਰ ਅਜਿਹੀ ਅਣਗਹਿਲੀ ਕਰਨ ਨਾਲ਼ ਇੱਕ ਚੰਗੇ-ਭਲੇ ਵਿਸ਼ੇਸ਼ਣੀ-ਸ਼ਬਦ ਦੇ ਕਰਤਰੀ-ਨਾਂਵ ਵਿੱਚ ਤਬਦੀਲ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਕਾਰਨ ਕਈ ਲੋਕ ‘ਵਿਗਿਆਨੀ’ ਨੂੰ ‘ਵਿਗਿਆਨਕ’ ਵੀ ਲਿਖ ਬੈਠਦੇ ਹਨ। ਵਿਸ਼ੇਸ਼ਣੀ-ਸ਼ਬਦ ‘ਵਿਗਿਆਨਿਕ’ ਦੇ ਅਰਥ ਹਨ- ਵਿਗਿਆਨ ਨਾਲ਼ ਸੰਬੰਧਿਤ, ਜਿਵੇਂ: ਵਿਗਿਆਨਿਕ ਵਿਚਾਰਧਾਰਾ/ਵਿਗਿਆਨਿਕ ਸੋਚ ਆਦਿ। ਸੋ, ਉਪਰੋਕਤ ਅਨੁਸਾਰ ਸਾਨੂੰ ਚਾਹੀਦਾ ਹੈ ਕਿ ਅਸੀਂ ਸ਼ਬਦ-ਜੋੜਾਂ ਦੇ ਨਿਯਮਾਂ ਨਾਲ਼ ਖਿਲਵਾੜ ਨਾ ਕਰੀਏ ਸਗੋਂ ਇਹਨਾਂ ਉੱਤੇ ਸਾਵਧਾਨੀ ਨਾਲ਼ ਅਮਲ ਕਰਦਿਆਂ ਆਪਣੀ ਮਾਂ-ਬੋਲੀ ਪੰਜਾਬੀ ਦੀ ਸ਼ਾਨ ਵਿੱਚ ਵਾਧਾ ਕਰਨ ਲਈ ਆਪੋ-ਆਪਣਾ ਬਣਦਾ ਯੋਗਦਾਨ ਪਾਈਏ। ਸਾਰਾਂਸ਼: ੫. “ਭੂਤ-ਕ੍ਰਿਦੰਤ” ਸ਼ਬਦਾਂ ਵਿੱਚ ਵੀ ਅੰਤਿਮ ਅੱਖਰ ‘ਤ’ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਲੱਗੇਗੀ ਪੰਜਾਬੀ-ਵਿਆਕਰਨ ਅਨੁਸਾਰ ਭੂਤ-ਕ੍ਰਿਦੰਤ ਸ਼ਬਦ ਉਹਨਾਂ ਸ਼ਬਦਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਤੋਂ ਇਸ ਗੱਲ ਦਾ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਅਰਥਾਤ ਭੂਤ-ਕਾਲ ਵਿੱਚ ਹੋ ਚੁੱਕਿਆ ਹੈ। ਇਹਨਾਂ ਸ਼ਬਦਾਂ ਦੀ ਇੱਕ ਨਿਸ਼ਾਨੀ ਇਹ ਹੈ ਕਿ ਇਹਨਾਂ ਦੇ ਅੰਤ ਵਿੱਚ ‘ਤ’ ਧੁਨੀ ਲੱਗੀ ਹੁੰਦੀ ਹੈ ਤੇ ਇਸ ਧੁਨੀ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਪਾਈ ਜਾਂਦੀ ਹੈ, ਜਿਵੇਂ: ਕਲਪਿਤ, ਰਚਿਤ, ਜੀਵਿਤ, ਸਾਧਿਤ, ਸੰਪਾਦਿਤ, ਪ੍ਰਕਾਸ਼ਿਤ, ਅਨੁਬੰਧਿਤ, ਪ੍ਰਭਾਵਿਤ, ਸ਼ਾਸਿਤ, ਅਨੁਸ਼ਾਸਿਤ, ਪ੍ਰਬੰਧਿਤ, ਪ੍ਰਚਲਿਤ, ਵਰਜਿਤ, ਨਿਰਧਾਰਿਤ, ਅੰਕਿਤ, ਸੰਬੰਧਿਤ, ਲਿਖਿਤ, ਰੁਚਿਤ, ਪ੍ਰਸਤਾਵਿਤ, ਕਥਿਤ, ਨਿਸ਼ਚਿਤ, ਸਨਮਾਨਿਤ, ਅਪਮਾਨਿਤ, ਗਠਿਤ, ਸੰਗਠਿਤ, ਪ੍ਰਜ੍ਵਲਿਤ, ਪ੍ਰਦੀਪਿਤ, ਸੰਕੁਚਿਤ, ਪ੍ਮਾਣਿਤ, ਪ੍ਰਵਾਨਿਤ, ਸੰਕਲਿਤ ਆਦਿ। ਆਮ ਤੌਰ ‘ਤੇ ਅਸੀਂ ਦੇਖਦੇ ਹਾਂ ਕਿ ਅਜਿਹੇ ਸ਼ਬਦਾਂ ਨੂੰ ਲਿਖਣ ਸਮੇਂ ਅਸੀਂ ਵਿਆਕਰਨਿਕ ਹਿਦਾਇਤਾਂ ਅਨੁਸਾਰ ਅੰਤਲੇ ਅੱਖਰ ਤ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਦੀ ਵਰਤੋਂ ਘੱਟ ਹੀ ਕਰਦੇ ਹਾਂ ਅਤੇ ਅਕਸਰ ਪ੍ਰਕਾਸ਼ਿਤ ਜਾਂ ਪ੍ਰਚਲਿਤ ਆਦਿ ਸ਼ਬਦਾਂ ਨੂੰ ਬਿਨਾਂ ਸਿਹਾਰੀ ਤੋਂ ਪ੍ਰਕਾਸ਼ਤ ਅਤੇ ਪ੍ਰਚਲਤ ਹੀ ਲਿਖਿਆ ਹੋਇਆ ਦੇਖਦੇ ਹਾਂ ਜੋਕਿ ਇੱਕ ਵੱਡੀ ਕੁਤਾਹੀ ਹੈ। ਸਿਹਾਰੀ ਅਤੇ ਤ ਧੁਨੀ ਦਾ ਉਪਰੋਕਤ ਸ਼ਬਦਾਂ ਦੇ ਨਿਰਮਾਣ ਵਿੱਚ ਕੀ ਯੋਗਦਾਨ ਹੈ? ਹੁਣ ਦੇਖਦੇ ਹਾਂ ਕਿ ਉਪਰੋਕਤ ਨਿਯਮ ਅਨੁਸਾਰ ਬਣੇ ਸ਼ਬਦਾਂ ਨੂੰ ਉਹਨਾਂ ਦੇ ਅਰਥ ਦੇਣ ਵਿੱਚ ਸਿਹਾਰੀ ਅਤੇ ਤ ਧੁਨੀ ਦਾ ਕੀ ਮਹੱਤਵ ਅਤੇ ਯੋਗਦਾਨ ਹੈ? ਉੱਪਰ ਅਸੀਂ ਦੇਖ ਹੀ ਚੁੱਕੇ ਹਾਂ ਕਿ ਤ ਧੁਨੀ ਦਾ ਇਸਤੇਮਾਲ ਅਕਸਰ ਉਹਨਾਂ ਸ਼ਬਦਾਂ ਵਿੱਚ ਕੀਤਾ ਜਾਂਦਾ ਹੈ ਜਿੱਥੇ ਕੋਈ ਕੰਮ ਬੀਤੇ ਸਮੇਂ ਵਿੱਚ ਹੋ ਚੁੱਕਿਆ ਹੋਵੇ। ਸਾਡੇ ਵਿੱਚੋਂ ਬਹੁਤਿਆਂ ਨੇ ਇਹ ਗੱਲ ਵੀ ਜ਼ਰੂਰ ਨੋਟ ਕੀਤੀ ਹੋਣੀ ਹੈ ਕਿ ਸਾਡੇ ਵਡੇਰੇ ਬਹੁਤਾ ਕਰਕੇ ਸੀ ਜਾਂ ਸਨ ਸ਼ਬਦਾਂ ਦੀ ਥਾਂ ਤੀ/ ਤਾ /ਤੇ ਆਦਿ ਸ਼ਬਦਾਂ ਦੀ ਹੀ ਵਰਤੋਂ ਕਰਿਆ ਕਰਦੇ ਸਨ, ਜਿਵੇਂ: ਮੈਂ ਆਇਆ ਤੀ/ਉਹ ਗਿਆ ਤੀ/ਉਹ ਗਏ ਤੀ ਆਦਿ। ਉਦੋਂ ਅਸੀਂ ਇਹ ਸਮਝਿਆ ਕਰਦੇ ਸਾਂ ਕਿ ਵਿੱਦਿਅਕ ਸਹੂਲਤਾਂ ਦੀ ਘਾਟ ਕਾਰਨ ਜਾਂ ਉਸ ਸਮੇਂ ਦੇ ਆਮ ਲੋਕਾਂ ਦੀ ਬੋਲ-ਚਾਲ ਦੀ ਭਾਸ਼ਾ ਹੀ ਅਜਿਹੀ ਹੋਣ ਕਾਰਨ ਉਹ ਇਸ ਤਰ੍ਹਾਂ ਬੋਲਦੇ ਸਨ। ਪਰ ਅੱਗੋਂ ਆਉਣ ਵਾਲੀਆਂ ਪੀਡ਼੍ਹੀਆਂ ਜਦੋਂ ਕੁਝ ਪੜ੍ਹ-ਲਿਖ ਗਈਆਂ ਤਾਂ ਇਸ ਦੇ ਨਾਲ਼ ਹੀ ਤਾ, ਤੀ, ਤੇ ਆਦਿ ਸ਼ਬਦ ਵੀ ਸੀ, ਸਨ ਆਦਿ ਸ਼ਬਦਾਂ ਵਿੱਚ ਬਦਲ ਗਏ। ਜੇ ਮੈਂ ਗ਼ਲਤ ਨਾ ਹੋਵਾਂ ਤਾਂ ਮਾਲਵੇ ਦੇ ਇਲਾਕੇ ਵਿੱਚ ਸ਼ਾਇਦ ਅਜੇ ਵੀ ਬਹੁਤੇ ਲੋਕ ਸੀ/ਸਨ ਦੀ ਥਾਂ ਤੀ, ਤਾ, ਤੇ ਆਦਿ ਸ਼ਬਦਾਂ ਦੀ ਹੀ ਵਰਤੋਂ ਕਰਦੇ ਹਨ। ਦੁਆਬੇ ਵਿੱਚ ਇਹ ਪਰੰਪਰਾ ਬੇਸ਼ੱਕ ਹੁਣ ਕਾਫ਼ੀ ਘਟ ਗਈ ਹੈ। ਧੁਨੀਆਂ ਦੇ ਅਰਥਾਂ ਦਾ ਅਧਿਐਨ ਕੀਤਿਆਂ ਪਤਾ ਲੱਗਦਾ ਹੈ ਕਿ ਉਪਰੋਕਤ ਅਨੁਸਾਰ ਸਾਡੇ ਵੱਡੇ-ਵਡੇਰੇ ਨਹੀਂ ਸਗੋਂ ਅਸੀਂ ਹੀ ਗ਼ਲਤ ਸਾਂ। ਕਿਉਂਕਿ ਤ ਧੁਨੀ ਦੇ ਇੱਕ ਅਰਥ ਹੀ ਅਜਿਹੇ ਹਨ ਜਿਨ੍ਹਾਂ ਰਾਹੀਂ ਕਿਸੇ ਕੰਮ ਨੂੰ ਬੀਤ ਚੁੱਕੇ ਸਮੇਂ ਵਿਚ ਪ੍ਰਗਟਾਇਆ ਜਾਂਦਾ ਹੈ। ਜੇਕਰ ਗਹੁ ਨਾਲ਼ ਦੇਖਿਆ ਜਾਵੇ ਤਾਂ ਇਸ ਚਰਚਾ ਤੋਂ ਇਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਹਿੰਦੀ ਭਾਸ਼ਾ ਵਿੱਚ ਵਰਤੇ ਜਾਂਦੇ ਥਾ, ਥੇ, ਥੀ (ਕਹਾਂ ਗਯਾ ਥਾ/ਕਹਾਂ ਗਏ ਥੇ/ ਕਹਾਂ ਗਈ ਥੀ) ਆਦਿ ਸ਼ਬਦ/ਧੁਨੀਆਂ ਦਰਅਸਲ ਤਾ, ਤੇ, ਤੀ ਸ਼ਬਦਾਂ ਜਾਂ ਧੁਨੀਆਂ ਤੇ ਇਹਨਾਂ ਦੇ ਉਪਰੋਕਤ ਅਰਥਾਂ ਦੀ ਹੀ ਦੇਣ ਹਨ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਥਾ,ਥੇ,ਥੀ ਧੁਨੀਆਂ ਦੀ ਰਚਨਾ ਤ ਵਾਲ਼ੀਆਂ ਉਪਰੋਕਤ ਧੁਨੀਆਂ (ਤਾ/ਤੇ/ਤੀ) ਤੋਂ ਹੀ ਹੋਈ ਹੈ। ਸਿਹਾਰੀ ਲਗ ਦੇ ਅਰਥ: ਪਤੀ/ਪਤਨੀ ਸ਼ਬਦਾਂ ਵਿੱਚ ਤ ਅੱਖਰ ਤੇ ਸਿਹਾਰੀ ਦੀ ਭੂੁਮਿਕਾ: ੬. ਪੰਜਾਬੀ ਦੇ ਤਿੰਨ ਸਜਾਤੀ ਅਗੇਤਰਾਂ: ਪਰ,ਪਰਿ ਅਤੇ ਪ੍ਰ ਨਾਲ਼ ਬਣੇ ਕੁਝ ਸ਼ਬਦ: ਸੰਸਕ੍ਰਿਤ ਮੂਲ ਦੇ ਤਿੰਨ ਅਗੇਤਰਾਂ: ਪਰ, ਪਰਿ ਅਤੇ ਪ੍ਰ ਨਾਲ਼ ਪੰਜਾਬੀ ਭਾਸ਼ਾ ਦੇ ਅਨੇਕਾਂ ਸ਼ਬਦ ਬਣੇ ਹੋਏ ਹਨ। ਇਹਨਾਂ ਅਗੇਤਰਾਂ ਦੀ ਆਪਸ ਵਿੱਚ ਵਿੱਚ ਇੱਕ ਗੱਲ ਸਾਂਝੀ ਹੈ ਕਿ ਪ ਅਤੇ ਰ ਅੱਖਰ ਤਿੰਨਾਂ ਹੀ ਅਗੇਤਰਾਂ ਵਿੱਚ ਸ਼ਾਮਲ ਹਨ। ਇਹਨਾਂ ਅਗੇਤਰਾਂ ਦੀ ਇਸੇ ਸਾਂਝ ਕਾਰਨ ਹੀ ਇਹਨਾਂ ਨੂੰ ਸਜਾਤੀ ਅਗੇਤਰ ਵੀ ਆਖਿਆ ਜਾ ਸਕਦਾ ਹੈ। ਕੁਝ ਲੋਕ ਲਿਖਣ ਸਮੇਂ ਅਕਸਰ ਇਹਨਾਂ ਅਗੇਤਰਾਂ ਬਾਰੇ ਭੁਲੇਖੇ ਵਿੱਚ ਪੈ ਜਾਂਦੇ ਹਨ ਕਿ ਸੰਬੰਧਿਤ ਸ਼ਬਦ ਵਿੱਚ ਇਹਨਾਂ ਵਿੱਚੋਂ ਕਿਹੜਾ ਅਗੇਤਰ ਇਸਤੇਮਾਲ ਕੀਤੇ ਜਾਣਾ ਹੈ। ਇਸੇ ਭੁਲੇਖੇ ਕਾਰਨ ਕਈ ਲੋਕ ਪਰਿਭਾਸ਼ਾ ਨੂੰ ਪ੍ਰੀਭਾਸ਼ਾ, ਪ੍ਰਚਲਿਤ ਨੂੰ ਪਰਚਲਿਤ ਅਤੇ ਪਰੀਖਿਆ ਨੂੰ ਪ੍ਰੀਖਿਆ ਆਦਿ ਲਿਖ ਦਿੰਦੇ ਹਨ। ਪਰ ਜੇਕਰ ਸਾਨੂੰ ਇਹਨਾਂ ਤਿੰਨਾਂ ਹੀ ਅਗੇਤਰਾਂ ਦੇ ਅਰਥ ਪਤਾ ਹੋਣਗੇ ਤੇ ਇਹਨਾਂ ਦੀ ਸ਼ਬਦ-ਵਿਉਤਪਤੀ ਸੰਬੰਧੀ ਪਤਾ ਹੋਵੇਗਾ ਤਾਂ ਅਸੀਂ ਇਹਨਾਂ ਅਗੇਤਰਾਂ ਦੀ ਵਰਤੋਂ ਕਰਨ ਸਮੇਂ ਹਮੇਸ਼ਾਂ ਢੁਕਵੇਂ ਅਗੇਤਰ ਦੀ ਹੀ ਵਰਤੋਂ ਕਰਾਂਗੇ, ਗ਼ਲਤ ਜਾਂ ਗ਼ੈਰਪ੍ਰਸੰਗਿਕ ਅਗੇਤਰ ਦੀ ਨਹੀਂ। ਸੋ, ਇਹਨਾਂ ਅਗੇਤਰਾਂ ਤੋਂ ਬਣਨ ਵਾਲੇ ਸ਼ਬਦਾਂ ਸੰਬੰਧੀ ਚਰਚਾ ਦੇ ਨਾਲ਼-ਨਾਲ਼ ਸਾਡੇ ਲਈ ਇਹ ਜਾਣਨਾ ਵੀ ਅਤਿ ਜ਼ਰੂਰੀ ਹੈ ਕਿ ਇਹਨਾਂ ਅਗੇਤਰਾਂ ਦੇ ਅਰਥ ਕੀ ਹਨ, ਇਹਨਾਂ ਦੀ ਵਿਉਤਪਤੀ ਕਿਵੇਂ ਹੋਈ ਹੈ ਤੇ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ? ਉਪਰੋਕਤ ਅਗੇਤਰਾਂ ਵਿੱਚੋਂ ਪਹਿਲਾ ਅਗੇਤਰ ਹੈ- ਪਰ। ਇਸ ਦੇ ਅਰਥ ਹਨ ਦੂਜਾ, ਬੇਗਾਨਾ ਜਾਂ ਪਰਾਇਆ ਆਦਿ। ਇਸ ਅਗੇਤਰ ਤੋਂ ਬਣਨ ਵਾਲ਼ੇ ਕੁਝ ਸ਼ਬਦ ਹਨ: ਪਰਦੇਸ (ਦੂਜਾ ਦੇਸ), ਪਰਦੇਸੀ, ਪਰਵਾਸ (ਦੂਜੀ ਥਾਂ ‘ਤੇ ਰਹਿਣਾ) ਪਰਉਪਕਾਰ (ਦੂਜੇ ਦਾ ਭਲਾ ਕਰਨਾ), ਪਰਲੋਕ (ਦੂਜਾ ਜਾਂ ਅਗਲਾ ਜਹਾਨ), ਪਰਾਧੀਨ (ਪਰ+ਅਧੀਨ= ਕਿਸੇ ਦੂਜੇ ਦੇ ਅਧੀਨ ਹੋਣਾ, ਪਰਲਾ (ਪਰ+ਲਾ)= ਦੂਜੇ ਪਾਸੇ ਦਾ, ਉਰਲੇ ਦਾ ਉਲਟ; ਪਰਨਾਰੀ, ਪਰਜੀਵੀ, ਪਰਵੱਸ, ਪਰਤੰਤਰ ਆਦਿ। ਉਂਞ ਇੱਕ ‘ਪਰ’ ਸ਼ਬਦ ‘ਪਰੰਤੂ’ ਤੋਂ ਵੀ ਬਣਿਆ ਹੈ ਜਿਸ ਦੇ ਅਰਥ ਹਨ- ਲੇਕਿਨ। ਜੇਕਰ ਧੁਨੀਆਂ ਦੇ ਅਰਥਾਂ ਪੱਖੋਂ ਦੇਖਿਆ ਜਾਵੇ ਤਾਂ ਇੱਥੇ ਵੀ ਪਰ ਜਾਂ ਪ੍ਰੰਤੂ ਸ਼ਬਦ ਦੇ ਅਰਥ ਲਗ-ਪਗ ਉਪਰੋਕਤ ਅਗੇਤਰ ‘ਪਰ’ ਵਾਲ਼ੇ ਹੀ ਹਨ ਅਰਥਾਤ ‘ਦੂਜੀ ਗੱਲ’ ਜਾਂ ‘ਦੂਜੇ ਸਿਰੇ ਵਾਲ਼ੀ ਗੱਲ’, ਜਿਵੇਂ: “ਉਹ ਕੰਮ ਤੇ ਗਿਆ ‘ਪਰ’ ਛੇਤੀ ਹੀ ਘਰ ਮੁੜ ਆਇਆ।” ਇਸ ਵਾਕ ਵਿੱਚ ਦੋ ਸਮਾਨ ਜਾਂ ਸਧਾਰਨ ਵਾਕਾਂ ਦੀ ਵਰਤੋਂ ਕੀਤੀ ਗਈ ਹੈ ਤੇ ਇਹਨਾਂ ਦੋਂਹਾਂ ਵਾਕਾਂ ਨੂੰ ‘ਪਰ’ ਯੋਜਕ ਦੀ ਸਹਾਇਤਾ ਨਾਲ਼ ਜੋਡ਼ਿਆ ਗਿਆ ਹੈ। ਇਸ ਵਾਕ ਵਿੱਚ ਪਹਿਲੀ ਗੱਲ ਜਾਂ ਪਹਿਲਾਂ ਵਾਕ ਹੈ, “ਉਹ ਕੰਮ ‘ਤੇ ਗਿਆ” ਅਤੇ ਅਤੇ ਦੂਜੀ ਗੱਲ ਜਾਂ ਦੂਜਾ ਵਾਕ ਹੈ- “ਉਹ ਛੇਤੀ ਹੀ ਘਰ ਮੁੜ ਆਇਆ।” ਇਸ ਪ੍ਰਕਾਰ ਇੱਥੇ “ਦੂਜੀ ਗੱਲ” ਕਹਿਣ ਦੀ ਬਜਾਏ ਕੇਵਲ ਇੱਕ ਸ਼ਬਦ ‘ਪਰ’ ਤੋਂ ਹੀ ਕੰਮ ਲੈ ਲਿਆ ਗਿਆ ਹੈ। ਤੀਜਾ ‘ਪਰ’ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ- ਪੰਛੀ ਦੇ ਖੰਭ। ਇਹਨਾਂ ਤੋਂ ਬਿਨਾਂ ਇੱਕ ਹੋਰ ‘ਪਰ’ ਸ਼ਬਦ ਵੀ ਹੈ ਜੋਕਿ ਬੋਲ-ਚਾਲ ਦੀ ਭਾਸ਼ਾ ਵਿੱਚ “ਉੱਪਰ” ਦੀ ਥਾਂਵੇਂ ਵਰਤਿਆ ਜਾਂਦਾ ਹੈ, ਜਿਵੇਂ: ‘ਪਰ’ ਤੋਂ ਬਾਅਦ ਦੂਜਾ ਸਜਾਤੀ ਅਗੇਤਰ ਹੈ- ਪਰਿ। ਇਸ ਅਗੇਤਰ ਦੇ ਅਰਥ ਹਨ- ਕਿਸੇ ਚੀਜ਼ ਦੇ ਆਲ਼ੇ-ਦੁਆਲ਼ੇ। ਦਰਅਸਲ ਇਸ ਵਿੱਚ ਲੱਗੀ ਸਿਹਾਰੀ ਦੇ ਅਰਥ ਹੀ ਇਸ ਸ਼ਬਦ ਦੇ ਅਰਥਾਂ ਨੂੰ ਨਿਰਧਾਰਿਤ ਤੇ ਸੀਮਿਤ ਕਰ ਰਹੇ ਹਨ ਤੇ ‘ਪਰ’ ਅਗੇਤਰ ਦੇ ਅਰਥਾਂ ਨਾਲ਼ੋਂ ਨਿਖੇੜ ਰਹੇ ਹਨ। ‘ਪਰ’ ਸ਼ਬਦ ਵਿਚਲੀ ਸਿਹਾਰੀ ਦੇ ਅਰਥ ਹਨ- ਆਲ਼ੇ- ਦੁਆਲ਼ੇ। ਇਸ ਪ੍ਰਕਾਰ ਪਰਿ (ਪਰ+ਸਿਹਾਰੀ) ਸ਼ਬਦ ਜਾਂ ਅਗੇਤਰ ਦੇ ਅਰਥ ਹੋਏ- ਕਿਸੇ ਚੀਜ਼ ਦੇ ਦੂਜੀ ਥਾਂਵੇਂ (ਸੰਬੰਧਿਤ ਚੀਜ਼ ਤੋਂ ਰਤਾ ਹਟ ਕੇ) ਅਰਥਾਤ ਉਸ ਦੇ ਆਲ਼ੇ-ਦੁਆਲ਼ੇ ਤੱਕ ਸੀਮਿਤ ਰਹਿਣਾ ਜਾਂ ਘੁੰਮਣਾ। ਉਦਾਹਰਨ ਵਜੋਂ ਪਰਿਕਰਮਾ (ਪਰਿ+ਕਰਮ/ ਕਦਮ) ਸ਼ਬਦ ਦਾ ਅਰਥ ਹੈ- ਆਪਣੇ ਇਸ਼ਟ ਦੇ ਆਲ਼ੇ-ਦੁਆਲ਼ੇ ਕਦਮ ਪੁੱਟਣੇ ਜਾਂ ਪਰਿਕਰਮਾ ਕਰਨੀ। ਇਸੇ ਤਰ੍ਹਾਂ ਪਰਿਵਹਿਨ (ਹਿੰਦੀ= ਕਿਸੇ ਵਿਸ਼ੇਸ਼ ਸਥਾਨ ਦੇ ਆਲ਼ੇ-ਦੁਆਲ਼ੇ ਜਾਂ ਨੇੜੇ-ਤੇੜੇ ਘੁੰਮਣ ਜਾਂ ਚੱਲਣ ਵਾਲ਼ਾ ਵਾਹਨ ਜਾਂ ਗੱਡੀ, ਜਿਵੇਂ: ‘ਹਿਮਾਚਲ ਰਾਜਯ ਪਰਿਵਹਨ ਨਿਗਮ’ ਅਤੇ ‘ਹਰਿਆਣਾ ਰਾਜਯ ਪਰਿਵਹਨ ਨਿਗਮ’ ਆਦਿ); ਪਰਿਭਾਸ਼ਾ= ਜਿਸ ਨੂੰ ਹਰ ਪੱਖੋਂ ਭਾਸ਼ਾ ਵਿੱਚ ਬੰਨ੍ਹਿਆ ਗਿਆ ਹੋਵੇ ਭਾਵ ਜਿਸ ਦੀ ਚੰਗੀ ਤਰ੍ਹਾਂ ਨਿਸ਼ਾਨਦੇਹੀ ਕੀਤੀ ਗਈ ਹੋਵੇ, ਲੱਛਣ ਜਾਂ ਜਾਣ-ਪਛਾਣ ਆਦਿ; ਇਸੇ ਤਰ੍ਹਾਂ ਪਰਿਵਰਤਨ (ਪਰਿ+ਵ੍ਰਿਤ+ਨ)= ਆਲ਼ਾ-ਦੁਆਲ਼ਾ ਬਦਲ ਜਾਣਾ ਜਾਂ ਤਬਦੀਲੀ ਆਉਣੀ, ਪਰਿਪੂਰਨ (ਪਰਿ+ਪੂਰਨ= ਜੋ ਆਲ਼ੇ-ਦੁਆਲ਼ਿਓਂ ਜਾਂ ਹਰ ਪੱਖੋਂ ਪੂਰਨ ਹੋਵੇ), ਪਰਿਤਿਆਗ (ਪਰਿ+ਤਿਆਗ)= ਆਪਣੇ ਆਲ਼ੇ-ਦੁਆਲ਼ੇ ਨਾਲ਼ ਸੰਬੰਧਿਤ ਹਰ ਚੀਜ਼ ਛੱਡ ਦੇਣੀ/ਤਿਆਗ ਦੇਣੀ; ਪਰਿਵਾਰ= ਚੰਨ ਦੇ ਦੁਆਲ਼ੇ ਪਿਆ ਘੇਰਾ; ਪਰਿਵਾਰ (ਟੱਬਰ, ਕੁਟੰਬ)= ਵਰ ਦੇ ਦੁਆਲ਼ੇ ਅਰਥਾਤ ਨਾਲ਼ ਰਹਿਣ ਵਾਲ਼ੇ ਜੀਅ); ਪਰਿਸਥਿਤੀ (ਪਰਿ+ਸਥਿਤੀ= ਆਲ਼ੇ-ਦੁਆਲ਼ੇ ਦੇ ਹਾਲਾਤ), ਪਰਿਨਾਮ (ਨਤੀਜਾ), ਪਰਿਮਾਣ (ਮਾਤਰਾ), ਪਰੀਖਿਆ (ਇਮਤਿਹਾਨ, ਪਰਖ, ਜਾਂਚ-ਪਡ਼ਤਾਲ ਆਦਿ), ਪਰੀਖਿਅਕ= ਪਰੀਖਿਆ ਲੈਣ ਵਾਲ਼ਾ, ਪਰੀਖਿਆਰਥੀ; ਪਰਿਪਾਟੀ (ਰੀਤ, ਦਸਤੂਰ, ਚਾਲ, ਪਰੰਪਰਾ, ਸਿਲਸਿਲਾ), ਪਰਿਜਨ (ਹਿੰਦੀ= ਪਰਿ+ਜਨ= ਆਲ਼ੇ- ਦੁਆਲ਼ੇ ਦੇ ਅਰਥਾਤ ਪਰਿਵਾਰ ਜਾਂ ਪਰਿਵਾਰ ਨਾਲ਼ ਸੰਬੰਧਿਤ ਲੋਕ/ਰਿਸ਼ਤੇਦਾਰ ਆਦਿ), ਪਰੀਦ੍ਰਿਸ਼ਯ (ਹਿੰਦੀ= ਆਲੇ-ਦੁਆਲ਼ੇ ਦਾ ਦ੍ਰਿਸ਼), ਪਰਿਪੱਕ (ਜੋ ਆਲ਼ੇ-ਦੁਆਲ਼ਿਓਂ ਅਰਥਾਤ ਹਰ ਪੱਖੋਂ ਪੱਕਿਆ ਹੋਇਆ ਜਾਂ ਆਪਣੇ ਕੰਮ ਵਿੱਚ ਮਾਹਰ ਹੋਵੇ) ਆਦਿ। ਉਪਰੋਕਤ ਉਦਾਹਰਨਾਂ ਵਿੱਚੋਂ ‘ਪਰੀਖਿਆ’ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਬਹੁਤੇ ਲੋਕ ਅਕਸਰ ‘ਪ੍ਰੀਖਿਆ’ ਹੀ ਲਿਖ ਦਿੰਦੇ ਹਨ ਜਦਕਿ ਅਜਿਹਾ ਲਿਖਣਾ ਉੱਕਾ ਹੀ ਗ਼ਲਤ ਹੈ। ਦਰਅਸਲ ਇਹ ਸ਼ਬਦ ਸੰਸਕ੍ਰਿਤ ਮੂਲ ਦਾ ਹੈ ਜੋਕਿ ਸੰਸਕ੍ਰਿਤ-ਕੋਸ਼ਾਂ ਅਨੁਸਾਰ ਪਰਿ+ਈਕਸ਼ਾ (ਪਰੀਕਸ਼ਾ) ਸ਼ਬਦਾਂ ਤੋਂ ਬਣਿਆ ਹੈ। ਪੰਜਾਬੀ ਵਿਚ ਆ ਕੇ ‘ਈਕਸ਼ਾ’ ਸ਼ਬਦ ‘ਈਖਿਆ’ ਵਿੱਚ ਬਦਲ ਜਾਂਦਾ ਹੈ। ਇਹਨਾਂ ਵਿੱਚੋਂ ‘ਪਰਿ’ ਅਗੇਤਰ ਦੇ ਅਰਥ ਹਨ- ਆਲ਼ੇ- ਦੁਆਲ਼ਿਓਂ ਅਤੇ ‘ਈਕਸ਼ਾ’ ਸ਼ਬਦ ਜੋਕਿ ਮੂਲ ਰੂਪ ਵਿੱਚ ਸੰਸਕ੍ਰਿਤ ਦੇ ‘ਅਕਸ਼ਿ’ (ਅੱਖ) ਸ਼ਬਦ ਤੋਂ ਬਣਿਆ ਹੈ, ਦੇ ਅਰਥ ਹਨ- ਨਜ਼ਰੀਆ ਅਰਥਾਤ ਖ਼ਿਆਲਾਤ। ਸੋ, ਪਰੀਖਿਆ ਸ਼ਬਦ ਦੇ ਅਰਥ ਹੋਏ- ਕਿਸੇ ਵਿਸ਼ੇ ਜਾਂ ਖ਼ਿਆਲ ਬਾਰੇ ਆਪਣਾ ਨਜ਼ਰੀਆ ਪੇਸ਼ ਕਰਨਾ ਭਾਵ ਇਹ ਦੱਸਣਾ ਕਿ ਸੰਬੰਧਿਤ ਵਿਸ਼ੇ ਬਾਰੇ ਤੁਸੀਂ ਕੀ ਕੁਝ ਜਾਣਦੇ ਹੋ। ਸੋ, ਇਹ ਸ਼ਬਦ ਕਿਉਂਕਿ ਪਰਿ ਅਗੇਤਰ ਨਾਲ਼ ਬਣਿਆ ਹੋਇਆ ਹੈ; ਪਰ ਜਾਂ ਪ੍ਰ ਅਗੇਤਰ ਨਾਲ਼ ਨਹੀਂ ਇਸ ਲਈ ਇਸ ਨੂੰ ਪੂਰਾ ਰਾਰਾ ਪਾ ਕੇ ਹੀ ਲਿਖਣਾ ਹੈ, ਦੁੱਤ ਅੱਖਰ ਰਾਰੇ ਨਾਲ਼ ਨਹੀਂ। ਇਸ ਵਿੱਚ ਰਾਰੇ ਨੂੰ ਬਿਹਾਰੀ (ਪਰੀਖਿਆ ਵਿਚਲੀ ‘ਰੀ’) ਇਸ ਕਾਰਨ ਪਾਈ ਗਈ ਹੈ ਕਿਉਂਕਿ ਇਸ ਵਿੱਚ ਪਰਿ ਅਗੇਤਰ ਦੀ ‘ਸਿਹਾਰੀ’ ਇੱਥੇ ਆ ਕੇ ‘ਈ’ (ਈਕਸ਼ਾ ਦੀ ‘ਈ’) ਨਾਲ਼ ਰਲ਼ ਕੇ ‘ਬਿਹਾਰੀ’ ਦਾ ਰੂਪ ਧਾਰਨ ਕਰ ਗਈ ਹੈ। ਇਸ ਲਈ ਇਸ ਸ਼ਬਦ ਦੇ ਸ਼ੁੱਧ ਸ਼ਬਦ-ਜੋੜ ‘ਪਰੀਖਿਆ’ ਹੀ ਮੰਨੇ ਗਏ ਹਨ,’ਪ੍ਰੀਖਿਆ’ ਨਹੀਂ। ਤੀਜਾ ਅਗੇਤਰ ਹੈ- ਪ੍ਰ। ਇਸ ਅਗੇਤਰ ਦੀ ਵਰਤੋਂ ਪੰਜਾਬੀ/ਹਿੰਦੀ/ ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਬਣਾਉਣ ਲਈ ਕੀਤੀ ਗਈ ਹੈ। ਇਸ ਦੇ ਅਰਥ ਹਨ- ਦੂਰ-ਦੂਰ ਤੱਕ, ਚਾਰੇ ਪਾਸੇ। ਇਸ ਅਗੇਤਰ ਨਾਲ਼ ਬਣਨ ਵਾਲ਼ੇ ਕੁਝ ਸ਼ਬਦ ਹਨ: ਪ੍ਰਬੰਧ= ਦੂਰ-ਦੂਰ ਤੱਕ/ਹਰ ਪਾਸਿਓਂ/ਹਰ ਪੱਖੋਂ ਕਿਸੇ ਚੀਜ਼ ਦਾ ਪੂਰੀ ਤਰ੍ਹਾਂ ਬਾਨ੍ਹਣੂ ਬੰਨ੍ਹਣਾ; ਪ੍ਰਚਲਿਤ= ਕਿਸੇ ਚੀਜ਼ ਦਾ ਚਾਰੇ ਪਾਸੇ ਚਲਨ ਹੋ ਜਾਣਾ ਜਾਂ ਚੱਲ ਨਿਕਲ਼ਨਾ; ਪ੍ਰਸਿੱਧ= ਕਿਸੇ ਵਿਅਕਤੀ ਜਾਂ ਚੀਜ਼ ਆਦਿ ਦੀ ਉਪਯੋਗਤਾ ਦਾ ਚਾਰੇ ਪਾਸੇ ਸਿੱਧ ਜਾਂ ਸਾਬਤ ਹੋ ਜਾਣਾ; ਪ੍ਰਦੇਸ਼ (ਪ੍ਰਾਂਤ)= ਕਿਸੇ ਦੇਸ ਵਿਚਲਾ ਦੂਰ- ਦੂਰ ਤੱਕ ਦਾ ਇਲਾਕਾ; ਪ੍ਰਵਾਹ (ਪ੍ਰ+ਵਹਿ)= ਵਹਿਣ, ਵਹਾਣ, ਜਲ ਵਿੱਚ ਵਹਾਉਣ ਦੀ ਕਿਰਿਆ; ਪ੍ਰਫੁਲਿਤ= ਪ੍ਰ+ਫੁਲਿਤ (ਚੰਗੀ ਤਰ੍ਹਾਂ ਖਿੜਿਆ ਹੋਇਆ, ਵਿਕਸਿਤ, ਪ੍ਰਸੰਨ, ਖ਼ੁਸ਼); ਪ੍ਰਨਾਲ਼ੀ= ਪ੍ਰ+ਨਾਲ਼ੀ (ਪਿੱਛਿਓਂ ਚਲੀ ਆ ਰਹੀ ਕੋਈ ਰੀਤ ਜਾਂ ਰਸਮ ਆਦਿ); ਪ੍ਰਦੀਪਿਤ= ਦੂਰ-ਦੂਰ ਤੱਕ ਰੋਸ਼ਨੀ ਫੈਲਾਉਂਦਾ ਹੋਇਆ; ਪ੍ਰਯੋਗ= ਵਰਤੋਂ, ਇਸਤੇਮਾਲ, ਤਜਰਬਾ; ਪ੍ਰਯੋਜਨ (ਮਤਲਬ, ਉਦੇਸ਼, ਮੰਤਵ); ਪ੍ਰਮੁੱਖ (ਸਭ ਤੋਂ ਪਹਿਲਾ, ਪ੍ਰਧਾਨ, ਮੁੱਖ); ਪ੍ਰਬਲ (ਜ਼ੋਰਦਾਰ, ਤਕੜਾ, ਡਾਢਾ); ਪ੍ਰਬੁੱਧ (ਚੰਗੀ ਤਰ੍ਹਾਂ ਜਾਗ੍ਰਿਤ, ਗਿਆਨੀ, ਪੰਡਤ); ਪ੍ਰਕਾਸ਼, ਪ੍ਰਕਾਸ਼ਿਤ, ਪ੍ਰਮਾਣ, ਪ੍ਰਧਾਨ, ਪ੍ਰਕਿਰਿਆ, ਪ੍ਰਯੁਕਤ ਆਦਿ ਸੋ, ਉਪਰੋਕਤ ਸਾਰੇ ਵਰਤਾਰੇ ਤੋਂ ਇੱਕ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਦੀ ਹਰ ਧੁਨੀ ਜਾਂ ਅੱਖਰ ਦੇ ਆਪਣੇ ਹੀ ਅਰਥ ਹਨ ਤੇ ਉਹਨਾਂ ਅਰਥਾਂ ਦੇ ਆਧਾਰ ‘ਤੇ ਹੀ ਉਹਨਾਂ ਦੀ ਵੱਖ-ਵੱਖ ਸ਼ਬਦਾਂ ਵਿੱਚ ਵਰਤੋਂ ਕਰਨ ਲਈ ਚੋਣ ਕੀਤੀ ਗਈ ਹੈ। ਮਿਸਾਲ ਦੇ ਤੌਰ ‘ਤੇ ਉਪਰੋਕਤ ਅਨੁਸਾਰ ਇਹਨਾਂ ਤਿੰਨਾਂ ਅਗੇਤਰਾਂ ਵਿੱਚ ਹੀ ਭਾਵੇਂ ਪ ਤੇ ਰ ਧੁਨੀਆਂ ਤੇ ਇਹਨਾਂ ਦੇ ਅਰਥਾਂ ਦੀ ਆਪਸੀ ਸਾਂਝ ਹੈ ਪਰ ਵਖਰੇਵਾਂ ਕੇਵਲ ਇਹਨਾਂ ਅਗੇਤਰਾਂ ਵਿਚਲੀਆਂ ਧੁਨੀਆਂ ਦੀ ਵਰਤੋਂ ਅਤੇ ਉਹਨਾਂ ਦੀ ਪ੍ਰਕਿਰਿਆ ਦਾ ਹੀ ਹੈ। ਦੇਖਣਾ ਇਹ ਹੈ ਕਿ ਕੀ ਅਸੀਂ ਇਹਨਾਂ ਅੱਖਰਾਂ/ਧੁਨੀਆਂ (ਪ ਤੇ ਰ) ਨੂੰ ਇੱਕ-ਦੂਜੇ ਨਾਲ਼ ਮੁਕਤੇ ਦੇ ਤੌਰ ‘ਤੇ ਵਰਤ ਰਹੇ ਹਾਂ, ਜਿਵੇਂ- ਪਰ; ਜਾਂ ਇਹਨਾਂ ਵਿਚਲੇ ਕਿਸੇ ਅੱਖਰ ਨੂੰ ਦੁੱਤ ਅੱਖਰ ਵਜੋਂ ਵਰਤ ਰਹੇ ਹਾਂ, ਜਿਵੇਂ- ਪ੍ਰ ਅਤੇ ਜਾਂ ਫਿਰ ਇਹਨਾਂ ਵਿੱਚੋਂ ਕਿਸੇ ਇੱਕ ਅੱਖਰ ਨਾਲ਼ ਸਿਹਾਰੀ ਦੀ ਵਰਤੋਂ ਕਰ ਰਹੇ ਹਾਂ, ਜਿਵੇਂ: ਪਰਿ। ਇਸ ਦੇ ਨਾਲ਼ ਹੀ ਇੱਕ ਹੋਰ ਗੱਲ ਇਹ ਵੀ ਵਿਸ਼ੇਸ਼ ਤੌਰ ‘ਤੇ ਦੇਖਣ ਵਾਲ਼ੀ ਹੈ ਕਿ ਜਿਵੇਂ-ਜਿਵੇਂ ਸ਼ਬਦਾਂ ਵਿਚਲੀਆਂ ਧੁਨੀਆਂ ਬਦਲਦੀਆਂ ਜਾਂਦੀਆਂ ਹਨ, ਤਿਵੇਂ-ਤਿਵੇਂ ਉਹਨਾਂ ਧੁਨੀਆਂ ਤੋਂ ਬਣੇ ਸ਼ਬਦਾਂ ਦੇ ਅਰਥ ਵੀ ਬਦਲਦੇ ਜਾਂਦੇ ਹਨ। ਦਰਅਸਲ ਸ਼ਬਦ-ਵਿਉਤਪਤੀ ਦਾ ਸਾਰਾ ਵਰਤਾਰਾ ਧੁਨੀਆਂ ਤੇ ਉਹਨਾਂ ਦੇ ਅਰਥਾਂ ਦੀ ਹੀ ਖੇਡ ਹੈ। ਇਸੇ ਕਾਰਨ ਹੀ ਕਿਸੇ ਸ਼ਬਦ ਨੂੰ ਜਿਹੋ-ਜਿਹੇ ਅਰਥ ਦੇਣ ਦੀ ਲੋੜ ਸੀ, ਸਾਡੇ ਵਡੇਰਿਆਂ ਨੇ ਉਸ ਵਿੱਚ ਉਹਨਾਂ ਅਰਥਾਂ ਦੇ ਅਨੁਰੂਪ ਹੀ ਧੁਨੀਆਂ ਦੀ ਵਰਤੋਂ ਕੀਤੀ ਹੈ। ਕਿਧਰੇ ਵੀ ਕੋਈ ਧੁਨੀ ਬਿਨਾਂ ਲੋੜ ਤੋਂ ਜਾਂ ਮਹਿਜ਼ ਖ਼ਾਨਾਪੂਰਤੀ ਦੀ ਖ਼ਾਤਰ ਨਹੀਂ ਵਰਤੀ ਗਈ ਸਗੋਂ ਜਿੱਥੇ ਜਿਸ ਧੁਨੀ ਤੇ ਉਸ ਦੇ ਅਰਥਾਂ ਦੀ ਲੋੜ ਸੀ, ਉੱਥੇ ਉਸੇ ਹੀ ਧੁਨੀ ਨੂੰ ਵਰਤਿਆ ਗਿਆ ਹੈ। ਨੋਟ:- ਵੱਖ-ਵੱਖ ਸ਼ਬਦਾਂ ਵਿੱਚ ‘ਪ’ ਧੁਨੀ ਦੇ ਉਪਰੋਕਤ ਅਰਥ ਵਿਸਤ੍ਰਿਤ ਰੂਪ ਵਿੱਚ ਦੇਖਣ ਲਈ ‘ਸ਼ਬਦਾਂ ਦੀ ਪਰਵਾਜ਼’ ਲੇਖ-ਲੜੀ ਅਧੀਨ ਭਾਗ 4 ਅਤੇ 5 ਵੀ ਦੇਖਿਆ ਜਾ ਸਕਦਾ ਹੈ। ੭. ਗੁਰਮੁਖੀ ਅੱਖਰਾਂ ਦੇ ਪੈਰਾਂ ਹੇਠ ਬਿੰਦੀ ਕਦੋਂ ਅਤੇ ਕਿਉਂ?- ਭਾਗ (ੳ) ਗੁਰਮੁਖੀ ਲਿਪੀ ਅਨੁਸਾਰ ਇਸ ਦੇ ਨਵੀਨ ਵਰਗ ਵਾਲ਼ੇ ਛੇ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਪਾਈ ਜਾਂਦੀ ਹੈ। ਇਹ ਅੱਖਰ ਹਨ: ਸ ਖ ਗ ਜ ਫ ਅਤੇ ਲ। ਇਹ ਸਾਰੇ ਵਿਅੰਜਨ ਅੱਖਰ ਹਨ। ਬਿੰਦੀ ਲੱਗਣ ਉਪਰੰਤ ਇਹ ਸ਼ ਖ਼ ਗ਼ ਜ਼ ਫ਼ ਅਤੇ ਲ਼ ਦਾ ਰੂਪ ਧਾਰ ਲੈਂਦੇ ਹਨ। ਦਰਅਸਲ ਇਹਨਾਂ ਅੱਖਰਾਂ ਦੀ ਲੋੜ ਅਰਬੀ/ਫ਼ਾਰਸੀ ਭਾਸ਼ਾਵਾਂ ਤੋਂ ਆਏ ਸ਼ਬਦਾਂ ਨੂੰ ਗੁਰਮੁਖੀ ਵਿੱਚ ਹੂ-ਬਹੂ ਲਿਖਣ ਦੀ ਲੋੜ ਵਿੱਚੋਂ ਨਿਕਲ਼ੀ ਸੀ ਜੋਕਿ ਉਸ ਸਮੇਂ ਦੇ ਵਿਦਵਾਨਾਂ ਵੱਲੋਂ ਲਿਆ ਗਿਆ ਇੱਕ ਅਤਿ ਅਹਿਮ ਅਤੇ ਬਹੁਤ ਹੀ ਸਹੀ ਫ਼ੈਸਲਾ ਸੀ। ਅਜ਼ਾਦੀ ਤੋਂ ਪਹਿਲਾਂ ਸਿੱਖਿਆ ਦਾ ਮਾਧਿਅਮ ਵਧੇਰੇ ਕਰਕੇ ਉਰਦੂ ਹੀ ਸੀ। ਉਸ ਸਮੇਂ ਦੇ ਉਰਦੂ ਪੜ੍ਹੇ ਲੋਕ ਇਹ ਤਾਂ ਜਾਣਦੇ ਸਨ ਕਿ ਪੈਰ-ਬਿੰਦੀ ਵਾਲ਼ੇ ਅੱਖਰਾਂ ਦਾ ਉਚਾਰਨ ਕਿਵੇਂ ਕਰਨਾ ਹੈ ਕਿਉਂਕਿ ਫ਼ਾਰਸੀ ਲਿਪੀ ਵਿੱਚ ਇਹ ਸਾਰੇ ਅੱਖਰ ਮੌਜੂਦ ਸਨ ਪਰ ਉਹਨਾਂ ਨੂੰ ਵੀ ਸਮੱਸਿਆ ਉਦੋਂ ਆਉਂਦੀ ਸੀ ਜਦੋਂ ਅਜਿਹੇ ਅੱਖਰਾਂ ਵਾਲ਼ੇ ਸ਼ਬਦਾਂ ਨੂੰ ਗੁਰਮੁਖੀ ਵਿੱਚ ਉਸੇ ਉਚਾਰਨ ਅਨੁਸਾਰ ਲਿਖਣਾ ਪੈਂਦਾ ਸੀ। ਇਹੋ ਸਮੱਸਿਆ ਅਜ਼ਾਦੀ ਤੋਂ ਬਾਅਦ ਉਰਦੂ ਦੀ ਥਾਂ ਪੰਜਾਬੀ ਲਾਗੂ ਹੋਣ ਕਾਰਨ ਉਸ ਸਮੇਂ ਦੇ ਪੰਜਾਬੀ ਦੇ ਵਿਦਿਆਰਥੀਆਂ ਅਤੇ ਕਿਸੇ ਹੱਦ ਤਕ ਉਹਨਾਂ ਨੂੰ ਪੜ੍ਹਾਉਣ ਵਾਲ਼ੇ ਅਧਿਆਪਕਾਂ ਦੇ ਰੂ-ਬਰੂ ਵੀ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਹੀ ਪੈਰ-ਬਿੰਦੀ ਵਾਲ਼ੇ ਅੱਖਰਾਂ ਨੂੰ ਗੁਰਮੁਖੀ ਲਿਪੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਦਾ ਮੁੱਢ ਬੱਝਿਆ ਸੀ। ਬਾਅਦ ਵਿੱਚ ਲ ਪੈਰ ਬਿੰਦੀ ਵਾਲੇ ਲ਼ (ਉਲਟ ਜੀਭੀ ਧੁਨੀ) ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਉਰਦੂ ਵਿੱਚ ਜ਼ ਧੁਨੀ ਲਈ ਚਾਰ ਅੱਖਰ; ਸ ਧੁਨੀ ਲਈ ਤਿੰਨ; ਕ ਧੁਨੀ ਲਈ ਦੋ, ਅ ਲਈ ਦੋ; ਹ ਲਈ ਦੋ ਅਤੇ ਤ ਲਈ ਵੀ ਦੋ ਅੱਖਰ ਮੌਜੂਦ ਹਨ। ਇਹ ਸਾਰੇ ਅੱਖਰ ਵੱਖ-ਵੱਖ ਸ਼ਬਦਾਂ ਲਈ ਵਰਤੇ ਜਾਂਦੇ ਹਨ। ਮਿਸਾਲ ਦੇ ਤੌਰ ‘ਤੇ ਟੈਲੀਵੀਜ਼ਨ ਸ਼ਬਦ ਲਿਖਣ ਲਈ ਜ਼ (ਜ਼ੇ) ਹੋਰ ਅੱਖਰ ਹੈ ਅਤੇ ਜ਼ਿਆਦਾ ਲਈ ਜ਼ (ਜ਼ੇ) ਹੋਰ, ਜ਼ਾਲਮ ਲਿਖਣ ਲਈ ਜ਼ (ਜ਼ੋਏ) ਹੋਰ ਅਤੇ ਜ਼ਿਲ੍ਹਾ ਲਿਖਣ ਲਈ ਜ਼ (ਜ਼ਾਦ) ਹੋਰ। ਤੋਤਾ ਲਿਖਣ ਲਈ ਤ (ਤੋਏ) ਹੋਰ ਅਤੇ ਤਾਰੀਖ਼ ਲਿਖਣ ਲਈ ਤ (ਤੇ) ਹੋਰ। ਕਾਗ਼ਜ਼ ਲਿਖਣ ਲਈ ਕ (ਕਾਫ਼) ਹੋਰ ਅਤੇ ਕ਼ਲਮ ਲਿਖਣ ਲਈ ਕ (ਕ਼ਾਫ਼) ਹੋਰ। ਇਸੇ ਤਰ੍ਹਾਂ ਅ਼ੈਨਕ ਲਿਖਣ ਲਈ ਅ਼ (ਅ਼ੈਨ) ਹੋਰ, ਆਦਮੀ ਲਿਖਣ ਲਈ ਅ (ਅਲਿਫ) ਹੋਰ ਅੱਖਰ ਹੈ। ਇਸੇ ਤਰ੍ਹਾਂ ਸਾਫ਼ ਸ਼ਬਦ ਸਾਦ (ਸ) ਅੱਖਰ ਨਾਲ਼, ਸਬੂਤ ਸੇ (ਸ) ਨਾਲ ਅਤੇ ਸਾਦਾ ਸ਼ਬਦ ਸੀਨ (ਸ) ਅੱਖਰ ਨਾਲ਼ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਹਾਦਸਾ ਹੋਰ ਹ (ਹੇ) ਨਾਲ਼ ਅਤੇ ਹਾਜ਼ਮਾ ਹੋਰ ਹ (ਹੇ) ਅੱਖਰ ਨਾਲ਼ ਲਿਖਿਆ ਜਾਂਦਾ ਹੈ। ਜੇਕਰ ਉਰਦੂ ਲਿਖਣ ਵਾਲੇ ਇਸ ਤਰ੍ਹਾਂ ਦੇ ਵੱਖ-ਵੱਖ ਅੱਖਰਾਂ ਨਾਲ਼ ਲਿਖੇ ਜਾਣ ਵਾਲ਼ੇ ਸ਼ਬਦਾਂ ਅਤੇ ਉਹਨਾਂ ਨਾਲ਼ ਸੰਬੰਧਿਤ ਅੱਖਰਾਂ ਨੂੰ ਯਾਦ ਰੱਖ ਸਕਦੇ ਹਨ ਤੇ ਵੱਖ -ਵੱਖ ਸ਼ਬਦਾਂ ਵਿੱਚ ਉਹਨਾਂ ਦੀ ਵਰਤੋਂ ਨੂੰ ਯਾਦ ਰੱਖ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ? ਫਿਰ, ਅਸੀਂ ਤਾਂ ਕੇਵਲ ਪੈਰ-ਬਿੰਦੀ ਹੀ ਪਾਉਣੀ ਹੈ, ਉਰਦੂ ਵਾਂਗ ਕਿਸੇ ਅੱਖਰ ਜਾਂ ਉਸ ਦੀ ਵਰਤੋਂ ਕਿਸ ਸ਼ਬਦ ਵਿੱਚ ਕਰਨੀ ਹੈ, ਦੇ ਬਾਰੇ ਵੀ ਸਾਨੂੰ ਯਾਦ ਰੱਖਣ ਦੀ ਲੋੜ ਨਹੀਂ ਹੈ। ਜੇਕਰ ਮੱਧ-ਕਾਲ ਵੱਲ ਝਾਤੀ ਮਾਰੀਏ ਤਾਂ ਮੁਗ਼ਲ-ਕਾਲ ਸਮੇਂ ਫ਼ਾਰਸੀ ਹੀ ਰਾਜ-ਕਾਜ ਦੀ ਭਾਸ਼ਾ ਅਤੇ ਪੜ੍ਹਾਈ ਦਾ ਮਾਧਿਅਮ ਵੀ ਸੀ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਵਿੱਚ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਕਈ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਹ ਠੀਕ ਹੈ ਕਿ ਉਸ ਸਮੇਂ ਦੀ ਪੰਜਾਬੀ ਦੀ ਲਿਪੀ ਵਿੱਚ ਪੈਰ-ਬਿੰਦੀ ਵਾਲ਼ੇ ਅੱਖਰਾਂ ਦੀ ਕੋਈ ਹੋਂਦ ਨਹੀਂ ਸੀ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਗੁਰੂ ਜੀ ਖ਼ੁਦ ਵੀ ਪੈਰ- ਬਿੰਦੀ ਵਾਲ਼ੇ ਅੱਖਰਾਂ ਦਾ ਉਚਾਰਨ ਪੈਰ-ਬਿੰਦੀ ਸਮੇਤ ਹੀ ਕਰਦੇ ਹੋਣਗੇ; ਬਿੰਦੀ ਤੋਂ ਬਿਨਾਂ ਨਹੀਂ, ਜਿਵੇਂ: ਇਸ ਇੱਕ ਸਤਰ ਵਿੱਚ ਹੀ ਕਾਜੀਆ (ਕਾਜ਼ੀਆਂ), ਅਗਦੁ (ਅਕਦ, ਨਿਕਾਹ, ਵਿਆਹ) ਅਤੇ ਸੈਤਾਨੁ (ਸ਼ੈਤਾਨ) ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਨਾਲ਼ ਸੰਬੰਧ ਰੱਖਦੇ ਹਨ। ਜ਼ਾਹਰ ਹੈ ਕਿ ਗੁਰੂ ਜੀ ਇਹਨਾਂ ਸ਼ਬਦਾਂ ਵਿਚਲੇ ‘ਕਾਜੀਆ’ ਸ਼ਬਦ ਦਾ ਉਚਾਰਨ ਵੀ ‘ਕਾਜ਼ੀਆਂ’ ਅਰਥਾਤ ਪੈਰ-ਬਿੰਦੀ ਨਾਲ ਹੀ ਕਰਦੇ ਹੋਣਗੇ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਕੁਝ ਥਾਂਵਾਂ ‘ਤੇ ‘ਕਾਜ਼ੀਆਂ’ ਸ਼ਬਦ ਦਾ ਤਦਭਵ ਰੂਪ ‘ਕਾਦੀਆਂ’ ਵੀ ਇਸਤੇਮਾਲ ਕੀਤਾ ਹੈ। ਸੋ, ਗੁਰੂ ਸਾਹਿਬਾਨ ਤੋਂ ਬਿਨਾਂ ਉਸ ਸਮੇਂ ਦੇ ਹੋਰ ਲੋਕਾਂ ਨੂੰ ਵੀ ਪੈਰ-ਬਿੰਦੀ ਵਾਲ਼ੇ ਅੱਖਰਾਂ ਦੀ ਸੁਵਿਧਾ ਨਾ ਹੋਣ ਕਾਰਨ ਇਹੋ-ਜਿਹੇ ਸ਼ਬਦਾਂ ਨੂੰ ਜ਼ ਦੀ ਥਾਂ ਜ ਅੱਖਰ ਨਾਲ਼ ਹੀ ਲਿਖਣਾ ਪੈਂਦਾ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜ਼ਫ਼ਰਨਾਮਾ ਲਿਖਿਆ ਹੀ ਫਾਰਸੀ ਭਾਸ਼ਾ ਵਿੱਚ ਹੈ। ਸੂਫ਼ੀ-ਕਾਵਿ ਅਤੇ ਕਿੱਸਾ-ਕਾਵਿ ਲਿਖਣ ਵਾਲ਼ੇ ਬਹੁਤੇ ਲੇਖਕ ਮੁਸਲਮਾਨ ਕਵੀ ਹੀ ਹੋਏ ਹਨ। ਉਹਨਾਂ ਨੇ ਅਤੇ ਹੋਰ ਗ਼ੈਰਮੁਸਲਿਮ ਲੇਖਕਾਂ ਨੇ ਵੀ ਬੇਸ਼ੱਕ ਆਪਣੀਆਂ ਰਚਨਾਵਾਂ ਪੰਜਾਬੀ ਭਾਸ਼ਾ ਵਿੱਚ ਹੀ ਲਿਖੀਆਂ ਹਨ ਪਰ ਲਿਪੀ ਸਭ ਨੇ ਲਗ-ਪਗ ਫ਼ਾਰਸੀ ਹੀ ਅਪਣਾਈ ਹੈ। ਸੋ, ਉਪਰੋਕਤ ਵਿਚਾਰ-ਚਰਚਾ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਉਹਨਾਂ ਦੁਆਰਾ ਵਰਤੇ ਗਏ ਅਰਬੀ/ਫ਼ਾਰਸੀ ਦੇ ਪੈਰ-ਬਿੰਦੀ ਵਾਲ਼ੇ ਸ਼ਬਦਾਂ ਨੂੰ ਬਿੰਦੀ ਸਮੇਤ ਹੀ ਲਿਖਣਾ ਜਾਂ ਪੜ੍ਹਨਾ/ਪੜ੍ਹਾਉਣਾ ਚਾਹੀਦਾ ਹੈ ਕਿਉਂਕਿ ਆਪਣੀਆਂ ਮੂਲ ਰਚਨਾਵਾਂ ਵਿੱਚ ਉਹਨਾਂ ਨੇ ਪੈਰ-ਬਿੰਦੀ ਵਾਲ਼ੇ ਸ਼ਬਦਾਂ ਨੂੰ ਫ਼ਾਰਸੀ ਲਿਪੀ ਵਿੱਚ ਬਿੰਦੀ-ਯੁਕਤ ਹੀ ਲਿਖਿਆ ਹੋਵੇਗਾ। ਹੁਣ ਜੇਕਰ ਸਾਡੀ ਅੱਜ ਦੀ ਪੀੜ੍ਹੀ ਨੂੰ ਇਹ ਸੁਵਿਧਾ ਪ੍ਰਾਪਤ ਹੋ ਚੁੱਕੀ ਹੈ ਤਾਂ ਸਾਨੂੰ ਇਹਨਾਂ ਨਿਯਮਾਂ ਦਾ ਲਾਭ ਕਿਉਂ ਨਹੀਂ ਉਠਾਉਣਾ ਚਾਹੀਦਾ? ਇਸ ਨਾਲ਼ ਪੈਰ-ਬਿੰਦੀ ਵਾਲ਼ੇ ਅੱਖਰਾਂ ਨੂੰ ਲਿਖਣ ਅਤੇ ਬੋਲਣ ਪੱਖੋਂ ਵਧੇਰੇ ਸਪਸ਼ਟਤਾ ਆਈ ਹੈ। ਕੁਝ ਲੋਕ ਏਨਾ ਕੁ ਕਸ਼ਟ ਵੀ ਨਹੀਂ ਉਠਾਉਣਾ ਚਾਹੁੰਦੇ। ਉਹਨਾਂ ਦੀ ਰਾਏ ਹੈ ਕਿ ਸਾਨੂੰ ਮੱਧ-ਯੁੱਗ ਵੱਲ ਵਾਪਸ ਪਰਤ ਜਾਣਾ ਚਾਹੀਦਾ ਹੈ ਅਤੇ ਪੈਰ-ਬਿੰਦੀ ਵਾਲੇ ਅੱਖਰਾਂ ਨੂੰ ਫਿਰ ਤੋਂ ਗੁਰਮੁਖੀ ਵਿੱਚੋਂ ਖ਼ਾਰਜ ਕਰ ਦੇਣਾ ਚਾਹੀਦਾ ਹੈ। ਅਜਿਹਾ ਕਹਿਣ ਵਾਲ਼ੇ ਲੋਕ ਅਜਿਹੀਆਂ ਗੱਲਾਂ ਨਾਲ਼ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਸ਼ ਕਰ ਰਹੇ ਹਨ ਤਾਂਕਿ ਇਸ ਸੰਬੰਧ ਵਿੱਚ ਹੋਣ ਵਾਲੀਆਂ ਕੁਤਾਹੀਆਂ ਤੋਂ ਉਹ ਆਪ ਵੀ ਸੁਰਖ਼ਰੂ ਹੋ ਸਕਣ ਅਤੇ ਲੋਕਾਂ ਵਿੱਚ ਉਹਨਾਂ ਦੀ ਭੱਲ ਵੀ ਬਣੀ ਰਹੇ। ਅਖੇ- ਨਾ ਰਹੇ ਬਾਂਸ ਤੇ ਨਾ ਵੱਜੇ ਬੰਸਰੀ। ਯਾਦ ਰਹੇ ਕਿ ਸਮੇਂ ਨੂੰ ਪੁੱਠਾ ਗੇੜਾ ਕਦੇ ਵੀ ਨਹੀਂ ਦਿੱਤਾ ਜਾ ਸਕਦਾ। ਸਮਾਂ ਹਮੇਸ਼ਾਂ ਅੱਗੇ ਵੱਲ ਹੀ ਵਧਦਾ ਹੈ। ਸਮੇਂ ਦੇ ਨਾਲ਼ ਮਿਲ਼ ਕੇ ਚੱਲਣ ਵਿੱਚ ਹੀ ਸਭ ਦੀ ਭਲਾਈ ਹੈ। ਭਾਸ਼ਾ ਦੀ ਸ਼ੁੱਧਤਾ ਅਤੇ ਸੁਹਜ ਵਿੱਚ ਜਿਹੜਾ ਵਾਧਾ ਇਹਨਾਂ ਅੱਖਰਾਂ ਦੀ ਗੁਰਮੁਖੀ ਲਿਪੀ ਵਿੱਚ ਆਮਦ ਨਾਲ਼ ਹੋਇਆ ਹੈ, ਉਹ ਇਸ ਤੋਂ ਪਹਿਲਾਂ ਕਦੇ ਨਹੀਂ ਸੀ। ਜ ਪੈਰ ਬਿੰਦੀ ਵਾਲ਼ੇ ਕੁਝ ਆਮ ਵਰਤੋਂ ਵਿੱਚ ਆਉਣ ਵਾਲ਼ੇ ਸ਼ਬਦ ਹਨ: ਜ਼ੰਜੀਰ, ਇਜਾਜ਼ਤ, ਜ਼ਰਖ਼ੇਜ਼, ਜਬਰ-ਜ਼ੁਲਮ, ਜ਼ਾਹਰ, ਹਾਜ਼ਰ, ਸਾਜ਼ਸ਼, ਵਰਜ਼ਸ਼, ਜ਼ਬਰਦਸਤੀ, ਜ਼ਹਿਰ, ਵਜ਼ੀਰ, ਅਜ਼ੀਜ਼, ਲਜ਼ੀਜ਼, ਜਜ਼ਬਾ, ਨਜ਼ਲਾ, ਮਜ਼ਬੂਤ, ਮਜ਼ੇਦਾਰ, ਮੰਜ਼ਲ, ਰੋਜ਼, ਰੁਜ਼ਗਾਰ, ਵਜ਼ੀਰ, ਵਜ਼ਾਰਤ, ਹਜ਼ੂਰ, ਇਜਾਜ਼ਤ, ਗੁਜ਼ਾਰਾ, ਗੁਲਜ਼ਾਰ ਆਦਿ। ਉਪਰੋਕਤ ਸ਼ਬਦਾਂ ਵਿੱਚੋਂ ਜ਼ਰਖ਼ੇਜ਼ ਇੱਕ ਅਜਿਹਾ ਸ਼ਬਦ ਹੈ ਜਿਸ ਦੇ ਚਹੁੰ ਅੱਖਰਾਂ ਵਿਚੋਂ ਤਿੰਨ ਅੱਖਰਾਂ ਹੇਠ ਬਿੰਦੀਆਂ ਪੈਂਦੀਆਂ ਹਨ ਪਰ ਸ਼ਬਦ- ਜੋੜ ਕੋਸ਼ ਵਾਲ਼ੇ ਪਤਾ ਨਹੀਂ ਖ ਪੈਰ ਬਿੰਦੀ ਪਾਉਣੀ ਹੀ ਭੁੱਲ ਗਏ ਹਨ ਜਾਂ ਫਿਰ ਉਹਨਾਂ ਨੇ ਇਹ ਬਿੰਦੀ ਪਾਉਣ ਦੀ ਹੀ ਛੋਟ ਦੇ ਦਿੱਤੀ ਹੈ ਪਰ ਕਿਉਂਕਿ ਹੋਰ ਕਿਸੇ ਸ਼ਬਦ ਵਿੱਚ ਅਜਿਹੀ ਛੋਟ ਨਹੀਂ ਦਿੱਤੀ ਗਈ ਇਸ ਲਈ ਜਾਪਦਾ ਇਹੋ ਹੈ ਕਿ ਇੱਥੇ ਸ਼ਾਇਦ ਉਹਨਾਂ ਪਾਸੋਂ ਇੱਕ ਵੱਡੀ ਕੁਤਾਹੀ ਹੋ ਗਈ ਹੈ। ਹੋ ਸਕਦਾ ਹੈ ਕਿ ਇਹ ਗ਼ਲਤੀ ਸ਼ਾਇਦ ਛਾਪੇਖ਼ਾਨੇ ਦੀ ਹੀ ਹੋਵੇ। ਇਸੇ ਤਰ੍ਹਾਂ ਕੁਝ ਗਲ਼ਤੀਆਂ ਅਸੀਂ ਉਰਦੂ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਦੇ ਬਹੁਵਚਨ-ਰੂਪ ਬਣਾਉਣ ਸਮੇਂ ਵੀ ਕਰਦੇ ਹਾਂ, ਜਿਵੇਂ: ਜਜ਼ਬਾ ਸ਼ਬਦ ਦਾ ਬਹੁਵਚਨ ਜਜ਼ਬਾਤ ਹੁੰਦਾ ਹੈ ਪਰ ਅਸੀਂ ਜਜ਼ਬਾਤ ਸ਼ਬਦ ਦਾ ਵੀ ਅੱਗੋਂ ਹੋਰ ਬਹੁਵਚਨ ‘ਜਜ਼ਬਾਤਾਂ’ ਬਣਾ ਦਿੰਦੇ ਹਾਂ ਜੋਕਿ ਉੱਕਾ ਹੀ ਗ਼ਲਤ ਹੈ। ਅੰਗਰੇਜ਼ੀ ਦੇ ਅੱਖਰ ਜ਼ੈੱਡ (Z) ਅਤੇ ਐੱਸ (S) ਨਾਲ਼ ਬਣਨ ਵਾਲ਼ੇ ਕੁਝ ਸ਼ਬਦਾਂ, ਜਿਵੇਂ: ਜ਼ੈਬਰਾ (Zebra), ਜ਼ੀਰੋ (Zero), ਰਾਈਜ਼ (Rise), ਰੋਜ਼ (Rose) ਆਦਿ ਨੂੰ ਪੰਜਾਬੀ ਵਿੱਚ ਲਿਖਣ ਸਮੇਂ ਵੀ ਜ਼ ਅੱਖਰ ਦੀ ਲੋੜ ਪੈਂਦੀ ਹੈ। ਜ਼ ਅੱਖਰ ਵਾਲ਼ੇ ਸ਼ਬਦਾਂ ਨੂੰ ਲਿਖਣ ਸਮੇਂ ਜਿਹੜੀ ਕੁਤਾਹੀ ਅਕਸਰ ਕੀਤੀ ਜਾਂਦੀ ਹੈ, ਉਹ ਇਹ ਹੈ ਕਿ ਕਈ ਵਾਰ ਅਸੀਂ ਅਨਜਾਣਪੁਣੇ ਕਾਰਨ ਜਾਂ ਭੁਲੇਖੇਵੱਸ ਜ ਅੱਖਰ ਦੀ ਥਾਂ ‘ਜ਼’ ਅਤੇ ਜ਼ ਅੱਖਰ ਦੀ ਥਾਂ ‘ਜ’ ਅੱਖਰ ਦੀ ਵਰਤੋਂ ਕਰ ਲੈਂਦੇ ਹਾਂ ਜਦਕਿ ਅਜਿਹੀ ਭੁੱਲ ਭਾਸ਼ਾ ਪ੍ਰਤਿ ਸਾਡੀ ਜ਼ਿੰਮੇਵਾਰੀ ਤੋਂ ਸਾਡੇ ਅਵੇਸਲ਼ੇ ਹੋਣ ਦੇ ਪੱਖ ਨੂੰ ਉਜਾਗਰ ਕਰਦੀ ਹੈ। ਮਿਸਾਲ ਦੇ ਤੌਰ ‘ਤੇ ਕਈ ਵਾਰ ਅਸੀਂ ਜ਼ੰਜੀਰ ਨੂੰ ਜੰਜ਼ੀਰ ਜਾਂ ਜੰਜੀਰ ਹੀ ਲਿਖ ਦਿੰਦੇ ਹਾਂ, ਤਜਰਬਾ ਨੂੰ ਤਜ਼ਰਬਾ, ਜ਼ਬਰਦਸਤੀ ਨੂੰ ਜਬਰਦਸਤੀ, ਰੁਜ਼ਗਾਰ ਨੂੰ ਰੁਜਗਾਰ ਅਤੇ ਜਬਰ-ਜ਼ੁਲਮ ਨੂੰ ਜ਼ਬਰ-ਜੁਲਮ ਆਦਿ। ਆਪਣੀ ਮਾਤ-ਭਾਸ਼ਾ ਪ੍ਰਤਿ ਅਜਿਹੀਆਂ ਅਣਗਹਿਲੀਆਂ ਤੋਂ ਸਾਨੂੰ ਬਚਣ ਦੀ ਲੋੜ ਹੈ। ੮. ਗੁਰਮੁਖੀ ਅੱਖਰਾਂ ਦੇ ਪੈਰਾਂ ਹੇਠ ਬਿੰਦੀ ਕਦੋਂ ਅਤੇ ਕਿਉਂ?-ਭਾਗ (ਅ) (ਫ ਪੈਰ ਬਿੰਦੀ= ਫ਼) ਪੈਰ ਬਿੰਦੀ ਵਾਲ਼ੇ ਗੁਰਮੁਖੀ ਦੇ ਛੇ ਵਿੱਚੋਂ ਚਾਰ ਅੱਖਰਾਂ; ਖ਼ ਗ਼ ਜ਼ ਅਤੇ ਫ਼ ਦੇ ਪੈਰਾਂ ਹੇਠ ਬਿੰਦੀਆਂ ਨਿਰੋਲ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਪ੍ਰਭਾਵ ਅਧੀਨ ਹੀ ਪਾਈਆਂ ਜਾਂਦੀਆਂ ਹਨ ਅਰਥਾਤ ਇਹਨਾਂ ਦੀ ਵਰਤੋਂ ਕੇਵਲ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਇਹਨਾਂ ਅੱਖਰਾਂ ਵਾਲ਼ੇ ਸ਼ਬਦਾਂ ਨੂੰ ਹੂ-ਬਹੂ ਲਿਖਣ ਲਈ ਹੀ ਕੀਤੀ ਜਾਂਦੀ ਹੈ, ਪੰਜਾਬੀ/ਹਿੰਦੀ ਭਾਸ਼ਾਵਾਂ ਦੇ ਪਿਛੋਕੜ ਵਾਲੇ ਸ਼ਬਦਾਂ ਲਈ ਨਹੀਂ। ਇਹਨਾਂ ਤੋਂ ਬਿਨਾਂ ਸ਼ ਅੱਖਰ ਦੀ ਵਰਤੋਂ ਇਸ ਅੱਖਰ ਦੀ ਸ਼ਮੂਲੀਅਤ ਵਾਲ਼ੇ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਦੇ ਨਾਲ਼-ਨਾਲ਼ ਸੰਸਕ੍ਰਿਤ ਭਾਸ਼ਾ ਦੇ ਪਿਛੋਕੜ ਵਾਲ਼ੇ ਸ਼ਬਦਾਂ ਵਿੱਚ ਵੀ ਕੀਤੀ ਜਾਂਦੀ ਹੈ। ਲ ਪੈਰ ਬਿੰਦੀ ਲ਼ ਅੱਖਰ ਦੀ ਵਰਤੋਂ ਇਨ੍ਹਾਂ ਭਾਸ਼ਾਵਾਂ (ਪੰਜਾਬੀ /ਹਿੰਦੀ /ਅਰਬੀ /ਫਾਰਸੀ) ਵਿੱਚੋਂ ਕੇਵਲ ਪੰਜਾਬੀ ਭਾਸ਼ਾ ਦੇ ਸ਼ਬਦਾਂ ਵਿੱਚ ਹੀ ਕੀਤੀ ਜਾਂਦੀ ਹੈ ਕਿਉਂਕਿ ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਵਿੱਚ ਲ਼ ਧੁਨੀ ਦਾ ਉਚਾਰਨ ਪੁਰਾਤਨ ਸਮਿਆਂ ਤੋਂ ਹੀ ਕੀਤਾ ਜਾਂਦਾ ਰਿਹਾ ਹੈ, ਬੇਸ਼ੱਕ ਇਸ ਨੂੰ ਲਿਖਤੀ ਰੂਪ ਵਿੱਚ ਬੀਤੀ ਸਦੀ ਵਿੱਚ ਬਾਕੀ ਦੀਆਂ ਉਪਰੋਕਤ ਪੰਜ ਧੁਨੀਆਂ ਦੇ ਨਾਲ਼ ਹੀ ਅਪਣਾਇਆ ਗਿਆ ਹੈ। ਫ਼ਾਰਸੀ ਦੇ ‘ਫ਼ੇ’ ਅੱਖਰ (ਪੰਜਾਬੀ ਵਿੱਚ ਫ਼) ਨਾਲ਼ ਬਣਨ ਵਾਲ਼ੇ ਕੁਝ ਸ਼ਬਦ ਇਸ ਪ੍ਰਕਾਰ ਹਨ: ਫ਼ਸਲ, ਫ਼ਸਾਦ, ਫ਼ਰਸ਼, ਫ਼ੱਕ (ਚੌਲਾਂ ਆਦਿ ਦੀ), ਫ਼ੱਕਰ, ਹਰਫ਼ (ਅੱਖਰ), ਹਲਫ਼, ਫ਼ਕੀਰ, ਫ਼ਜ਼ੂਲ, ਹਿਫ਼ਾਜ਼ਤ, ਹੌਸਲਾ-ਅਫ਼ਜ਼ਾਈ, ਫ਼ਤਵਾ, ਫ਼ਤਿਹ, ਬਰਫ਼, ਬਰਫ਼ੀ, ਅਫ਼ਸਾਨਾ, ਫ਼ਿਜ਼ਾ, ਫ਼ਜ਼ੂਲ, ਫਤੂਹੀ, ਫ਼ਰ (ਖੰਭ), ਫ਼ਰਕ, ਫ਼ਰਜ਼, ਫ਼ਰਦ, ਫ਼ਰਮਾਨ, ਦਫ਼ਤਰ, ਫ਼ਰਮਾਇਸ਼, ਫ਼ਰਾਰ, ਗਰਿਫ਼ਤਾਰ, ਫ਼ਲਸਫ਼ਾ, ਫ਼ਾਇਦਾ, ਫ਼ਾਸਲਾ, ਫ਼ਾਕਾ, ਫ਼ਿਕਰ, ਫ਼ੁਹਾਰਾ, ਫ਼ਿਰਕਾ, ਫ਼ਿਕਰਾ (ਵਾਕ), ਫ਼ੀਤਾ, ਫ਼ੌਜ, ਫ਼ੌਤ, ਖ਼ੌਫ਼, ਫ਼ੌਰਨ ਆਦਿ। ਯਾਦ ਰਹੇ ਕਿ ਫ਼ਾਰਸੀ ਲਿਪੀ ਵਿੱਚ ਪੰਜਾਬੀ ਦੇ ਫ ਮੁਕਤਾ ਦੀ ਧੁਨੀ ਲਈ ਕੋਈ ਅੱਖਰ ਹੀ ਨਹੀਂ ਹੈ ਅਤੇ ਇੱਥੋਂ ਤੱਕ ਕਿ ਅਰਬੀ ਭਾਸ਼ਾ ਵਿੱਚ ਤਾਂ ਫ ਦੇ ਨਾਲ-ਨਾਲ ਇਸ ਦੀ ਨਜ਼ਦੀਕੀ ਧੁਨੀ ਪ ਵੀ ਨਦਾਰਦ ਹੈ ਅਰਥਾਤ ਅਰਬੀ ਭਾਸ਼ਾ ਵਿਚ ਪ ਨਾਂ ਦਾ ਵੀ ਕੋਈ ਅੱਖਰ ਨਹੀਂ ਹੈ। ਹਾਂ, ਫ਼ਾਰਸੀ ਵਿੱਚ ਇਸ ਧੁਨੀ ਲਈ ਪੇ (ਪ ਧੁਨੀ ਲਈ) ਅੱਖਰ ਜ਼ਰੂਰ ਮੌਜੂਦ ਹੈ। ਫ਼ੇ (ਫ਼) ਅੱਖਰ ਦੋਂਹਾਂ ਭਾਸ਼ਾਵਾਂ ਵਿੱਚ ਹੀ ਮੌਜੂਦ ਹੈ। ਉਰਦੂ ਭਾਸ਼ਾ ਵਿੱਚ ‘ਫ’ ਅੱਖਰ ਵਾਲ਼ੇ ਸ਼ਬਦਾਂ ਨੂੰ ਲਿਖਣ ਲਈ ਫ਼ਾਰਸੀ ਲਿਪੀ ਦੇ ਪੇ (ਪ) ਅਤੇ ਹੇ (ਹ) ਅੱਖਰਾਂ ਨੂੰ ਮਿਲ਼ਾ ਕੇ ਅੱਖਰ ‘ਫ’ ਜ਼ਰੂਰ ਬਣਾ ਲਿਆ ਜਾਂਦਾ ਹੈ। ਇਸੇ ਤਰਜ਼ ‘ਤੇ ਹੀ ਬੇ (ਬ) ਅਤੇ ਹੇ ਨੂੰ ਜੋੜ ਕੇ ਭ, ਚੇ (ਚ) ਅਤੇ ਹੇ ਨੂੰ ਜੋੜ ਕੇ ਛ, ਗਾਫ਼ (ਗ) ਅਤੇ ਹੇ ਨੂੰ ਜੋੜ ਕੇ ਘ, ਕਾਫ਼ ਅਤੇ ਹੇ ਨੂੰ ਜੋੜ ਕੇ ਖ ਅਤੇ ਜੀਮ (ਜ) ਅਤੇ ਹੇ ਨੂੰ ਜੋੜ ਕੇ ਝ ਆਦਿ ਅੱਖਰ ਬਣਾ ਲਏ ਜਾਂਦੇ ਹਨ। ਅਰਬੀ/ਫ਼ਾਰਸੀ ਭਾਸ਼ਾਵਾਂ ਦੀ ਫ਼ (ਫ਼ੇ) ਦੀ ਧੁਨੀ ਦੀ ਵਰਤੋਂ ਇਹਨਾਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਖਣ ਤੋਂ ਬਿਨਾਂ ਅੰਗਰੇਜ਼ੀ ਦੇ ‘ਐੱਫ਼’ ਅੱਖਰ ਵਾਲ਼ੇ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਣ ਲਈ ਵੀ ਕੀਤੀ ਜਾਂਦੀ ਹੈ, ਜਿਵੇਂ; ਫ਼ਰਾਕ (frock), ਫ਼ਰਿੱਜ, ਫ਼ਾਰਮ (form), ਫ਼ੋਰਮ (forum), ਫ਼੍ਰੇਮ (frame), ਫ਼ਿਲਮ (film), ਫ਼ੈਕਸ, ਫ਼ੋਮ (foam), ਅਫ਼ਸਰ (officer), ਫ਼ੈਮਿਲੀ (family), ਫ਼੍ਰੈਂਡ (friend), ਫ਼ਿੱਗਰ, ਫ਼ਿੰਗਰ ਅਤੇ ਫ਼ਿਕਸ ਆਦਿ। ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਪੰਜਾਬੀ ਵਿੱਚ ਵਰਤੇ ਜਾਣ ਵਾਲ਼ੇ ਫ (ਬਿੰਦੀ-ਮੁਕਤ) ਅੱਖਰ ਨਾਲ਼ ਬਣਿਆ ਸ਼ਬਦ ਫੂਕ (ਫੂਕ ਮਾਰਨਾ/ ਫੂਕ ਭਰਨਾ/ ਫੂਕ ਛਕਾਉਣਾ) ਵੀ ਦਰਅਸਲ ਫ਼ਾਰਸੀ ਭਾਸ਼ਾ ਦੇ ‘ਪੂਕ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ ਭਾਵ ‘ਫੂਕ’ ਸ਼ਬਦ ‘ਪੂਕ’ ਦਾ ਹੀ ਤਦਭਵ ਰੂਪ ਹੈ। ਯਾਦ ਰਹੇ ਕਿ ‘ਐੱਫ਼’ ਅੱਖਰ ਵਾਲ਼ੇ ਅੰਗਰੇਜ਼ੀ ਦੇ ਲਗ-ਪਗ ਸਾਰੇ ਸ਼ਬਦ ਤਾਂ ਉਪਰੋਕਤ ਅਨੁਸਾਰ ਗੁਰਮੁਖੀ ਵਿੱਚ ਪੈਰ-ਬਿੰਦੀ ਪਾ ਕੇ ਹੀ ਲਿਖਣੇ ਹਨ ਪਰ ਅੰਗਰੇਜ਼ੀ ਦੇ p+h= ਫ (ਬਿੰਦੀ-ਮਕਤ ਅੱਖਰ) ਵਾਲ਼ੇ ਲਗ-ਪਗ ਸਾਰੇ ਹੀ ਸ਼ਬਦ ਬਿਨਾਂ ਫੱਫੇ ਪੈਰ ਬਿੰਦੀ ਤੋਂ ਲਿਖਣੇ ਹਨ, ਜਿਵੇਂ: ਟੈਲੀਫੂਨ (telephone), ਫੇਜ਼ (phase), ਫਾਸਫੋਰਸ (phosphorus), ਫਗਵਾੜਾ, ਫਿਲੌਰ, ਸਲਫਰ(sulphur), ਫਾਸਫੇਟ (phosphate), ਗ੍ਰਾਫ (graph),ਸਲਫਿਊਰਿਕ ਐਸਿਡ, ਡੌਲਫਿਨ (dolphin), ਪੈਰਾਗ੍ਰਾਫ (paragraph), ਫੋਟੋਗ੍ਰਾਫ (photograph), ਫੋਟੋਗ੍ਰਾਫੀ ਆਦਿ। ਉਪਰੋਕਤ ਸ਼ਬਦਾਂ ਵਿੱਚੋਂ ਇੱਕਾ-ਦੁੱਕਾ ਸ਼ਬਦਾਂ, ਜਿਵੇਂ: p+h= ਫ ਵਾਲ਼ੇ ਫ਼ੋਨ, ਮੋਬਾਈਲ ਫ਼ੋਨ ਅਤੇ ਅੰਗਰੇਜ਼ੀ ਦੇ philosophy (ਫ਼ਲਸਫ਼ਾ) ਆਦਿ ਸ਼ਬਦਾਂ ਨੂੰ ਹੀ ਛੋਟ ਹੈ। philosophy ਸ਼ਬਦ ਨੂੰ ਛੋਟ ਸ਼ਾਇਦ ਇਸ ਕਾਰਨ ਹੈ ਕਿ ਇਸ ਦਾ ਮੂਲ ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਦਾ ਸ਼ਬਦ ‘ਫ਼ਲਸਫ਼ਾ’ ਹੈ। ਸੋ, ਇਸ ਸ਼ਬਦ ਦੀਆਂ ਮੂਲ ਧੁਨੀਆਂ ਨੂੰ ਬਰਕਰਾਰ ਰੱਖਣ ਲਈ ਪੰਜਾਬੀ ਵਾਲਿਆਂ ਨੇ ਫ ਅੱਖਰ ਦੇ ਪੈਰਾਂ ਵਿੱਚ ਬਿੰਦੀ ਦੇ ਪ੍ਰਭਾਵ ਨੂੰ ਕਾਇਮ ਰੱਖਿਆ ਹੈ। ਇਸੇ ਤਰ੍ਹਾਂ ‘ਸਿਫ਼ਰ’ ਸ਼ਬਦ ਵੀ ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ ਜੋਕਿ ਅੰਗਰੇਜ਼ੀ ਵਿੱਚ ਆ ਕੇ cipher ਜਾਂ cypher ਬਣ ਗਿਆ ਹੈ ਪਰ ਪੰਜਾਬੀ ਵਿੱਚ ਇਸ ਨੂੰ ਇਸ ਦੇ ਮੂਲ (ਅਰਬੀ/ਫ਼ਾਰਸੀ) ਅਨੁਸਾਰ ‘ਸਿਫ਼ਰ’ ਅਰਥਾਤ ਫੱਫੇ ਪੈਰ ਬਿੰਦੀ ਪਾ ਕੇ ਹੀ ਲਿਖਿਆ ਜਾਂਦਾ ਹੈ। ਟੈਲੀਫੂਨ ਨੂੰ ਸ਼ੁਰੂ ਤੋਂ ਹੀ ਪੰਜਾਬੀ ਇਸੇ ਨਾਂ ਨਾਲ਼ ਅਰਥਾਤ ਫ ਨੂੰ ਦੁਲੈਂਕੜ ਪਾ ਕੇ ਹੀ ਇਸ ਦਾ ਉਚਾਰਨ ਕਰਦੇ ਰਹੇ ਹਨ ਇਸ ਲਈ ਇਸ ਸ਼ਬਦ ਦੇ ਇਹੋ ਸ਼ਬਦ-ਜੋੜ ਹੀ ਨਿਸ਼ਚਿਤ ਕਰ ਦਿੱਤੇ ਗਏ ਹਨ। ਪਿੰਡਾਂ ਵਿੱਚ ਅਜੇ ਵੀ ਬਹੁਤੇ ਲੋਕ ਇਸ ਨੂੰ ‘ਟੈਲੀਫੂਨ’ ਹੀ ਕਹਿੰਦੇ ਹਨ। ਪੁਰਾਣੇ ਸਮਿਆਂ ਵਿੱਚ ਤਾਂ ਕਈ ਲੋਕ ਇਸ ਨੂੰ ਕੇਵਲ ‘ਖੂਨ’ ਕਹਿੰਦੇ ਵੀ ਸੁਣੇ ਗਏ ਹਨ। ਟੈਲੀਫੂਨ ਸੰਬੰਧੀ ਕਿਸੇ ਸਮੇਂ ਇੱਕ ਹਿੰਦੀ ਫ਼ਿਲਮ ਦਾ ਇਹ ਗਾਣਾ ਵੀ ਬੜਾ ਮਸ਼ਹੂਰ ਰਿਹਾ ਹੈ: “ਮੇਰੇ ਪੀਆ ਗਏ ਰੰਗੂਨ, ਵਹਾਂ ਸੇ ਕੀਆ ਹੈ ਟੈਲੀਫੂਨ…।” ਹੁਣ ਲੋਕਾਂ ਦੇ ਪੜ੍ਹ-ਲਿਖ ਜਾਣ ਕਾਰਨ ਥੋੜ੍ਹਾ ਫ਼ਰਕ ਜ਼ਰੂਰ ਪੈ ਗਿਆ ਹੈ ਤੇ ਪੜ੍ਹੇ-ਲਿਖੇ ਬਹੁਤੇ ਲੋਕ ਟੈਲੀਫੂਨ ਨੂੰ ਟੈਲੀਫੋਨ ਵੀ ਕਹਿਣ ਲੱਗ ਪਏ ਹਨ ਪਰ ਸ਼ਬਦ-ਜੋੜ ਕੋਸ਼ ਅਨੁਸਾਰ ਇਸ ਦੇ ਸ਼ਬਦ-ਜੋੜ ‘ਟੈਲੀਫੂਨ’ ਹੀ ਰੱਖੇ ਗਏ ਹਨ। ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਹਿੰਦੀ/ਸੰਸਕ੍ਰਿਤ ਮੂਲ ਵਾਲ਼ੇ ਸ਼ਬਦਾਂ ਨੂੰ ਵੀ ਪੈਰ-ਬਿੰਦੀ ਪਾ ਕੇ ਹੀ ਲਿਖ ਦਿੰਦੇ ਹਨ। ਹਿੰਦੀ/ ਪੰਜਾਬੀ /ਸੰਸਕ੍ਰਿਤ ਭਾਸ਼ਾਵਾਂ ਵਿੱਚ ਤਾਂ ਪੈਰ-ਬਿੰਦੀ ਦਾ ਕੋਈ ਪ੍ਰਾਵਧਾਨ ਹੀ ਨਹੀਂ ਹੈ। ਬਿੰਦੀ ਦਾ ਇਹ ਚਿੰਨ੍ਹ ਤਾਂ ਕੇਵਲ ਅਰਬੀ/ ਫ਼ਾਰਸੀ ਵਾਲ਼ੇ ਪਾਸਿਓਂ ਆਏ ਸ਼ਬਦਾਂ ਨੂੰ ਹੂ-ਬਹੂ ਲਿਖਣ ਲਈ ਜਾਂ ਅੰਗਰੇਜ਼ੀ ਦੇ ਐੱਫ਼ ਅੱਖਰ ਵਾਲ਼ੇ ਸ਼ਬਦਾਂ ਨੂੰ ਲਿਖਣ ਲਈ ਹੀ ਨਿਸ਼ਚਿਤ ਕੀਤਾ ਗਿਆ ਹੈ ਪਰ ਕਈ ਲੋਕ ਇਸ ਤੱਥ ਨੂੰ ਉੱਕਾ ਹੀ ਵਿਸਾਰ ਦਿੰਦੇ ਹਨ ਅਤੇ ਲਿਖਣ ਲੱਗਿਆਂ ਸੰਬੰਧਿਤ ਸ਼ਬਦ ਨੂੰ ਬੋਲ ਕੇ ਦੇਖਣਾ ਸ਼ੁਰੂ ਕਰ ਦਿੰਦੇ ਹਨ। ਜੇਕਰ ਉਹਨਾਂ ਨੂੰ ਜਾਪੇ ਕਿ ‘ਫ’ ਦੀ ਅਵਾਜ਼ ਜ਼ਰਾ ਹਲਕੀ ਜਾਂ ਨਰਮ ਜਿਹੀ ਲੱਗਦੀ ਹੈ ਤਾਂ ਪੈਰ ਵਿੱਚ ਬਿੰਦੀ ਪਾ ਦਿੰਦੇ ਹਨ, ਨਹੀਂ ਤਾਂ ਫ ਮੁਕਤਾ (ਬਿਨਾਂ ਪੈਰ-ਬਿੰਦੀ ਤੋਂ ਫ)। ਫ ਦੇ ਪੈਰ ਵਿੱਚ ਬਿੰਦੀ ਪਾਉਣ ਜਾਂ ਨਾ ਪਾਉਣ ਦਾ ਇਹ ਕੋਈ ਪੈਮਾਨਾ ਨਹੀਂ ਹੈ। ਪੈਮਾਨਾ ਕੇਵਲ ਇੱਕ ਹੀ ਹੈ, ਉਹ ਇਹ ਕਿ ਜੇਕਰ ਸ਼ਬਦ ਅਰਬੀ/ ਫ਼ਾਰਸੀ ਭਾਸ਼ਾਵਾਂ ਨਾਲ਼ ਸੰਬੰਧਿਤ ਹੈ ਜਾਂ ਅੰਗਰੇਜ਼ੀ ਦੇ ਐੱਫ਼ ਅੱਖਰ ਵਾਲ਼ਾ ਹੈ ਤਾਂ ਫ ਦੇ ਪੈਰ ਵਿੱਚ ਬਿੰਦੀ ਹਰ ਹਾਲਤ ਵਿੱਚ ਪਾਈ ਜਾਣੀ ਹੈ ਨਹੀਂ ਤਾਂ ਬਿਲਕੁਲ ਨਹੀਂ। ਇਸ ਸੰਬੰਧ ਵਿੱਚ ਇੱਕ ਗੱਲ ਜਿਸ ਦਾ ਇਸ ਲੇਖ ਦੇ ਅਰੰਭ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ, ਉਹ ਇਹ ਹੈ ਕਿ ਪੰਜਾਬੀ ਭਾਸ਼ਾ ਦੇ ਸ਼, ਲ਼ ਤੇ ਉਪਰੋਕਤ ਹੋਰ ਚਾਰ ਅੱਖਰਾਂ ਨੂੰ ਛੱਡ ਕੇ ਕਿਸੇ ਵੀ ਅੱਖਰ ਹੇਠਾਂ ਬਿੰਦੀ ਨਹੀਂ ਪੈਂਦੀ। ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਨੂੰ ਅਸੀਂ ਉਪਰੋਕਤ ਧਾਰਨਾ ਅਨੁਸਾਰ ਅਰਬੀ /ਫ਼ਾਰਸੀ ਭਾਸ਼ਾਵਾਂ ਦੇ ਸ਼ਬਦ ਸਮਝ ਕੇ ਫ ਦੇ ਪੈਰ ਹੇਠਾਂ ਬਿੰਦੀ ਪਾ ਦਿੰਦੇ ਹਾਂ ਜੋਕਿ ਇੱਕ ਵੱਡੀ ਕੁਤਾਹੀ ਹੈ, ਜਿਵੇਂ: ਚਾਰ-ਚੁਫੇਰਾ ਨੂੰ ਚਾਰ-ਚੁਫ਼ੇਰਾ, ਫਿਰਕੀ ਨੂੰ ਫ਼ਿਰਕੀ, ਫੁੰਕਾਰਾ ਨੂੰ ਫ਼ੁੰਕਾਰਾ, ਫਲ਼ ਨੂੰ ਫ਼ਲ਼, ਸਫਲ ਨੂੰ ਸਫ਼ਲ, ਅਸਫਲ ਨੂੰ ਅਸਫ਼ਲ, ਧੂਫ ਨੂੰ ਧੂਫ਼, ਫੁਰਨਾ ਨੂੰ ਫ਼ੁਰਨਾ ਅਤੇ ਸੁਫਨਾ ਨੂੰ ਸੁਫ਼ਨਾ ਆਦਿ। ਉਪਰੋਕਤ ਉਦਾਹਰਨਾਂ ਵਿੱਚੋਂ ਜੇਕਰ ਇੱਕ ਸ਼ਬਦ ‘ਸੁਫਨਾ’ ਵੱਲ ਹੀ ਝਾਤ ਮਾਰ ਲਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਸ੍ਵਪ’ (ਸਵ੍ਪ) ਤੋਂ ਬਣਿਆ ਹੋਇਆ ਹੈ ਜਿਸ ਦਾ ਅਰਥ ਹੈ- ਨੀਂਦਰ ਦੀ ਅਵਸਥਾ ਵਿੱਚ ਚਲੇ ਜਾਣਾ ਜਾਂ ਸੌਂ ਜਾਣਾ। ਜ਼ਾਹਰ ਹੈ ਕਿ ਸੁਫਨੇ ਵੀ ਉਦੋਂ ਹੀ ਆਉਂਦੇ ਹਨ ਜਦੋਂ ਅਸੀਂ ਗੂੜ੍ਹੀ ਨੀਂਦ ਵਿੱਚ ਸੁੱਤੇ ਹੁੰਦੇ ਹਾਂ। ਇਸੇ ਤੋਂ ਹੀ ਅੱਗੋਂ ਸ਼ਬਦ ‘ਸ੍ਵਪਨ’ ਬਣਿਆ ਹੈ ਜਿਸ ਤੋਂ ਸ਼ਬਦ ‘ਸੁਫਨਾ’ ਹੋਂਦ ਵਿੱਚ ਆਇਆ ਹੈ। ਇਸ ਪ੍ਰਕਾਰ ਸੰਸਕ੍ਰਿਤ ਭਾਸ਼ਾ ਦੇ ‘ਸ੍ਵਪਨ’ ਤੋਂ ਇਹ ਸ਼ਬਦ ਹਿੰਦੀ ਵਿੱਚ ‘ਸਪਨਾ’ ਅਤੇ ਪੰਜਾਬੀ ਭਾਸ਼ਾ ਵਿੱਚ ਆ ਕੇ ‘ਸੁਫਨਾ’ ਬਣ ਗਿਆ ਹੈ। ਸੋ, ਇਹ ਜਾਣਦਿਆਂ ਹੋਇਆਂ ਕਿ ਇਸ ਸ਼ਬਦ ਨੇ ਸੰਸਕ੍ਰਿਤ/ਹਿੰਦੀ ਭਾਸ਼ਾਵਾਂ ਵਾਲੇ ਪਾਸਿਓਂ ਪੰਜਾਬੀ ਭਾਸ਼ਾ ਵਿੱਚ ਪ੍ਰਵੇਸ਼ ਕੀਤਾ ਹੈ, ਅਸੀਂ ਕਦੇ ਵੀ ‘ਸੁਫਨੇ’ ਦੇ ਫ ਅੱਖ਼ਰ ਹੇਠਾਂ ਬਿੰਦੀ ਨਹੀਂ ਪਾਵਾਂਗੇ। ਇਸੇ ਤਰ੍ਹਾਂ ਕਈ ਲੋਕ ‘ਧੂਫ’ ਸ਼ਬਦ ਦੇ ਫ ਅੱਖਰ ਹੇਠਾਂ ਵੀ ਬਿੰਦੀ ਪਾ ਦਿੰਦੇ ਹਨ ਜਦਕਿ ਇਹ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਧੂਪ’ ਤੋਂ ਬਣਿਆ ਹੈ ਅਤੇ ਪੰਜਾਬੀ ਵਿੱਚ ਆ ਕੇ ‘ਧੂਫ’ ਵਿੱਚ ਬਦਲ ਗਿਆ ਹੈ। ‘ਫਾਂਸੀ’ ਸ਼ਬਦ ਵੀ ਸੰਸਕ੍ਰਿਤ ਦੇ ‘ਪਾਸ਼’ ਸ਼ਬਦ (ਬੰਨ੍ਹਣਾ/ਗੰਢ ਬੰਨ੍ਹਣੀ) ਤੋਂ ਬਣਿਆ ਹੋਇਆ ਹੈ। ਇਸ ਵਿਚਲੀ ਪ ਧੁਨੀ ਵੀ ਫ ਵਿੱਚ ਬਦਲ ਗਈ ਹੈ। ਸੋ, ਇਸ ਦੇ ਫ ਥੱਲੇ ਬਿੰਦੀ ਪਾਉਣ ਬਾਰੇ ਵੀ ਸੋਚਣਾ ਪੂਰੀ ਤਰ੍ਹਾਂ ਗ਼ਲਤ ਹੈ। ਪਸ਼ੂ/ਪਸੂ (ਜਿਸ ਨੂੰ ਬੰਨ੍ਹ ਕੇ ਰੱਖਿਆ ਜਾਵੇ) ਸ਼ਬਦ ਵੀ ਇਸੇ ‘ਪਾਸ਼’ ਸ਼ਬਦ ਤੋਂ ਹੀ ਬਣਿਆ ਹੋਇਆ ਹੈ। ਇਸ ਪ੍ਰਕਾਰ ਕਿਸੇ ਸ਼ਬਦ ਵਿਚਲੇ ਫ ਪੈਰ ਬਿੰਦੀ ਪਾਉਣ ਸਮੇਂ ਸਾਨੂੰ ਇਸ ਗੱਲ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਸ਼ਬਦ ਅਰਬੀ/ਫਾਰਸੀ ਪਿਛੋਕੜ ਦਾ ਹੈ ਕਿ ਸਾਡੀਆਂ ਦੇਸੀ ਭਾਸ਼ਾਵਾਂ ਦਾ ਹੈ। ਫ ਅੱਖਰ ਦੇ ਪੈਰ ਵਿੱਚ ਬਿੰਦੀ ਤਦੇ ਹੀ ਪਾਉਣੀ ਹੈ ਜੇਕਰ ਉਹ ਅਰਬੀ/ਫ਼ਾਰਸੀ ਭਾਸ਼ਾਵਾਂ ਨਾਲ਼ ਸੰਬੰਧਿਤ ਹੋਵੇ ਜਾਂ ਫਿਰ ਅੰਗਰੇਜ਼ੀ ਦੇ ਐੱਫ਼ ਅੱਖਰ ਵਾਲ਼ਾ ਹੋਵੇ, ਨਹੀਂ ਤਾਂ ਬਿਲਕੁਲ ਨਹੀਂ। ਇਸ ਦੇ ਉਲਟ ਜੇਕਰ ਸਾਨੂੰ ਪੱਕਾ ਯਕੀਨ ਹੋਵੇ ਕਿ ਸੰਬੰਧਿਤ ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਪਿਛੋਕੜ ਵਾਲ਼ਾ ਹੈ ਤਾਂ ਫ ਦੀ ਸ਼ਮੂਲੀਅਤ ਵਾਲ਼ੇ ਸ਼ਬਦ ਦੇ ਫ ਪੈਰ ਬਿੰਦੀ ਜ਼ਰੂਰ ਪਾਉਣੀ ਹੈ ਕਿਉਂਕਿ ਪੰਜਾਬੀ ਦਾ ਫ ਮੁਕਤਾ ਅੱਖਰ (ਬਿਨਾਂ ਪੈਰ-ਬਿੰਦੀ ਤੋਂ ਫ) ਇਹਨਾਂ ਭਾਸ਼ਾਵਾਂ ਦਾ ਅੱਖਰ ਹੀ ਨਹੀਂ ਹੈ। ਇਹਨਾਂ ਭਾਸ਼ਾਵਾਂ ਦਾ ਅੱਖਰ ਕੇਵਲ ਫ਼ੇ (ਫੱਫੇ ਪੈਰ ਬਿੰਦੀ ਵਾਲ਼ਾ ‘ਫ਼ੇ’) ਹੀ ਹੈ। |
*** 582 *** |
ਸ਼ੁੱਧ ਪੰਜਾਬੀ ਕਿਵੇਂ ਲਿਖੀਏ?—ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।