25 April 2024

ਪੰਜਾਬੀ ਕਲਮ ਦਾ ਯੋਧਾ ਸੰਤੋਖ਼ ਸਿੰਘ ਧੀਰ – ਡਾਕਟਰ ਸਾਥੀ ਲੁਧਿਆਣਵੀ

ਪੰਜਾਬੀ ਕਲਮ ਦਾ ਯੋਧਾ ਸੰਤੋਖ਼ ਸਿੰਘ ਧੀਰ

ਡਾਕਟਰ ਸਾਥੀ ਲੁਧਿਆਣਵੀ

ਸੰਤੋਖ਼ ਸਿੰਘ ਧੀਰ ਮੇਰੇ ਮਨ ਚਿੰਦੇ ਲੇਖ਼ਕ ਸਨ। ਉਨ੍ਹਾਂ ਦੀ ਚੁਸਤ ਵਾਰਤਕ ਅਜੀਤ ਕੌਰ ਅਤੇ ਬਲਬੰਤ ਗਾਰਗੀ ਵਰਗੀ ਸੀ। ਉਹ ਛੋਟੇ ਛੋਟੇ ਵਾਕ ਲਿਖ਼ਦੇ ਸਨ ਤੇ ਵਿਸ਼ੇ ਦਾ ਸਪਸ਼ਟੀਕਰਣ ਕਰਨ ਦੇ ਮਾਹਰ ਸਨ। ਉਹਨਾਂ ਦੀਆਂ ਕਹਾਣੀਆਂ ਵਧੀਆ ਵਾਰਤਕ ਦੀਆਂ ਵਧੀਆ ਨਮੂਨਾਂ ਕਹੀਆਂ ਜਾ ਸਕਦੀਆਂ ਹਨ। ਉਹੀ ਲੇਖ਼ਕ ਸਫ਼ਲ ਲੇਖ਼ਕ ਹੁੰਦਾ ਹੈ ਜਿਹੜਾ ਪਾਠਕ ਨੂੰ ਉਦੋਂ ਤੀਕ ਬੰਨ੍ਹੀ ਰੱਖ਼ੇ ਜਦੋਂ ਤੀਕ ਕਿ ਕਹਾਣੀ ਜਾਂ ਲੇਖ਼ ਦਾ ਕਲਾਈਮੈਕਸ ਨਹੀਂ ਆ ਜਾਂਦਾ। ਸੰਤੋਖ਼ ਸਿੰਘ ਧੀਰ ਦੀ ਕਥਾਕਾਰੀ ਵਿਚ ਇਸ ਗੱਲ ਦੀ ਭਰਪੂਰ ਹੋਂਦ ਸੀ। ਇਸੇ ਲਈ ਉਹ ਹਰਮਨ ਪਿਆਰੇ ਸਨ। ੳਨ੍ਹਾਂ ਦੇ ਜਾਣ ਨਾਲ਼ ਇਕ ਯੁਗ ਦਾ ਅੰਤ ਹੋ ਗਿਆ ਹੈ।

ਬੜੇ ਘੱਟ ਪੰਜਾਬੀ ਲੇਖ਼ਕ ਹਨ ਜਿਹੜੇ ਕੁੱਲਵਕਤੀ ਹੋ ਕੇ ਗ਼ੁਜ਼ਾਰਾ ਕਰ ਸਕੇ ਹਨ। ਉਨ੍ਹਾਂ ਵਿਚੋਂ ਇਕ ਸੰਤੋਖ਼ ਸਿੰਘ ਧੀਰ ਜੀ ਸਨ। ਭਾਂਵੇਂ ਉਨ੍ਹਾ ਨੇ ਬਥੇਰੀਆਂ ਤੰਗੀਆਂ ਤੁਰਸ਼ੀਆਂ ਵੇਖ਼ੀਆਂ ਸਨ ਪਰ ਉਨ੍ਹਾਂ ਦਾ ਮੱਤ ਸੀ ਕਿ ਅਗ਼ਰ ਦੂਜੀਆਂ ਭਾਸ਼ਾਵਾਂ ਦੇ ਲੇਖ਼ਕ ਰੋਜ਼ਗ਼ਾਰ ਦੇ ਹੋਰ ਸਾਧਨ ਲੱਭੇ ਬਿਨਾਂ ਗ਼ੁਜ਼ਾਰਾ ਕਰ ਸਕਦੇ ਹਨ ਤਾਂ ਪੰਜਾਬੀ ਵਿਚ ਇਹ ਕੁੱਝ ਕਿਓਂ ਨਹੀਂ ਹੋ ਸਕਦਾ? ਮਾਰਕਸੀ ਅਤੇ ਪ੍ਰਗਤੀਵਾਦੀ ਸੋਚ ਦੇ ਧਾਰਨੀਂ ਧੀਰ ਜੀ ਦੀ ਗੱਲ ਤਾਂ ਸੱਚੀ ਹੈ ਪਰ ਜਿੰਨ੍ਹਾਂ ਲੋਕਾਂ ਵਿਚ ਆਪਣੀ ਭਾਸ਼ਾ ਅਤੇ ਸਾਹਿਤ ਪ੍ਰਤੀ ਮਾਣ ਹੀ ਨਾ ਹੋਵੇ ਉਨ੍ਹਾਂ ਤੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਕੁਲਵਕਤੀ ਲੇਖ਼ਕ ਪੈਦਾ ਕਰ ਸੱਕਣ?ਭਿਸ਼ਟਾਚਾਰ ਭਾਰਤ ਦੇ ਹਰ ਖ਼ੇਤਰ ਵਿਚ ਘਰ ਕਰ ਚੁੱਕਾ ਹੈ। ਕੁਝ ਪੰਜਾਬੀ ਪ੍ਰਕਾਸ਼ਨ ਅਦਾਰੇ ਵੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦਾ ਮੰਤਵ ਪੈਸੇ ਬਨਾਉਣਾ ਹੈ। ਮੈਂ ਸਾਰੇ ਪ੍ਰਕਾਸ਼ਕਾਂ ਦੀ ਗੱਲ ਨਹੀਂ ਕਰਦਾ ਪਰ ਕਈਆਂ ਦਾ ਮੁੱਦਾ ਇਸ ਨੂੰ ਇਕ ਵਧੀਆ ਦੁਕਾਨਦਾਰੀ ਸਮਝਣ ਤੋਂ ਵੱਧ ਕੁਝ ਵੀ ਨਹੀਂ ਹੈ। ਉਪਰੰਤ ਪਾਠਕਾਂ ਦਾ ਵੀ ਇਹ ਹਾਲ ਹੈ ਕਿ ਕਿਤਾਬਾਂ ਉੱਤੇ ਪੈਸੇ ਖ਼ਰਚਣ ਤੋਂ ਕਤਰਾਉਂਦੇ ਹਨ। ਦੇਸੋਂ ਬਾਹਰ ਰਹਿੰਦੇ ਪੰਜਾਬੀ ਉਂਝ ਤਾਂ ਪੰਜਾਬੀ ਅਤੇ ਪੰਜਾਬੀ ਨਾਲ਼ ਬੜਾ ਹੇਜ ਦਿਖ਼ਾਉਂਦੇ ਹਨ ਪਰ ਉਹ ਧਰਮ ਦੇ ਨਾਂ ‘ਤੇ ਤਾਂ ਸੱਭ ਕੁਝ ਕਰਨ ਲਈ ਤਿਆਰ ਹਨ ਪਰ ਸਾਹਿਤ ਦੇ ਮਾਮਲੇ ਵਿਚ ਕੰਜੂਸੀ ਵਰਤ ਜਾਂਦੇ ਹਨ। ਸਾਹਿਤਕਾਰਾਂ/ਕਵੀਆਂ ਦਾ ਯੋਗ਼ ਹੱਕ ਉਨ੍ਹਾਂ ਨੂੰ ਨਹੀਂ ਮਿਲਦਾ। ਚਲੋ ਇਸ ਵਿਸ਼ੇ ਵਾਰੇ ਕਦੇ ਫ਼ੇਰ ਸਹੀ।

ਜਦੋਂ ਕਿਸੇ ਬਜ਼ੁਰਗ਼ ਸਾਹਿਤਕਾਰ ਦੇ ਆਖ਼ਰੀ ਦਿਨ ਆ ਜਾਂਦੇ ਹਨ ਤਾਂ ਸਾਡੇ ਸਰਕਾਰੀ ਅਤੇ ਗ਼ੈਰਸਰਕਾਰੀ ਅਦਾਰੇ ਐਕਸ਼ਨ ਵਿਚ ਆ ਜਾਂਦੇ ਹਨ ਤੇ ਹਰ ਸਹਾਇਤਾ ਕਰਨ ਲਈ ਕਾਹਲ਼ੇ ਪੈ ਜਾਂਦੇ ਹਨ ਪਰ ਕਾਸ਼ ਕਿ ਇਹ ਕਾਹਲ ਉਸ ਵੇਲੇ ਦਿਖ਼ਾਈ ਜਾਂਦੀ ਜਦੋਂ ਲੇਖ਼ਕ ਜਿਉਂਦਾ ਰਹਿ ਕੇ ਆਪਣੀਆਂ ਲੋੜਾਂ ਪੁਰੀਆਂ ਕਰ ਸਕਣ ਦੇ ਕਾਬਲ ਹੁੰਦਾ ਹੈ। ਪਿਛਲੇ ਸਾਲ ਇੰਦਰਜੀਤ ਹਸਨਪੁਰੀ ਜਦੋਂ ਇਥੇ ਆਏ ਸਨ ਤਾਂ ਇਸ ਵਿਸ਼ੇ ਨੂੰ ਮੈਂ ਇਕ ਟੈਲੀਵੀਯਨ ਇੰਟਰਵਿਊ ਦੌਰਾਨ ਉਠਾਇਆ ਸੀ। ਉਨ੍ਹਾਂ ਨੇ ਵਾਪਸ ਭਾਰਤ ਪਰਤ ਕੇ ਇਹਦੇ ਵਾਰੇ ਕੁਝ ਕਰਨ ਦਾ ਕੌਲ ਕੀਤਾ ਸੀ ਪਰ ਨਾਲ਼ ਹੀ ਇਹ ਵੀ ਕਿਹਾ ਸੀ ਕਿ ਸਰਕਾਰ ਨੂੰ ਹੁਣ ਇਸ ਸਮੱਸਿਆਂ ਦਾ ਅਹਿਸਾਸ ਤਾਂ ਹੋ ਰਿਹਾ ਹੈ ਪਰ ਸਰਕਾਰੀ ਮਸ਼ੀਨਰੀ ਦੀਆਂ ਗ਼ਰਾਰੀਆਂ ਰੈਲ਼ੀਆਂ ਨਹੀਂ ਹਨ ਤੇ ਇਹ ਬੜੀਆਂ ਹੌਲ਼ੀ ਹੌਲ਼ੀ ਚਲਦੀਆਂ ਹਨ।

ਸੰਤੋਖ਼ ਸਿੰਘ ਧੀਰ ਸੱਤਰਵਿਆਂ ਵਿਚ ਜਦੋਂ ਇੰਗਲੈਂਡ ਆਏ ਸਨ ਤਾਂ ਦੋ ਕੁ ਦਿਨ ਸਾਡੇ ਘਰ ਵੀ ਰਹੇ ਸਨ। ਉਂਨ੍ਹੀਂ ਦਿਨੀਂ ਅਸੀਂ ਐਡਮਿੰਟਨ (ਨੌਰਥ ਲੰਡਨ) ਵਿਖ਼ੇ ਰਿਹਾ ਕਰਦੇ ਸਾਂ। ਧੀਰ ਜੀ ਆਏ ਤਾਂ ਅਸੀਂ ਰੋਜ਼ ਲੰਡਨ ਦੇ ਨਜ਼ਾਰੇ ਵੇਖ਼ਣ ਚਲੇ ਜਾਂਦੇ। ਰੱਜ ਕੇ ਗੱਲਾਂ ਕਰਦੇ। ਗੱਪ ਸ਼ੱਪ ਚਲਦੀ। ਸਾਹਿਤਕ ਗੁਫ਼ਤਗੂ ਹੁੰਦੀ। ਧੀਰ ਜੀ ਇਸ ਦੇਸ ਤੋਂ ਬਹੁਤ ਪ੍ਰਭਾਵਤ ਹੋ ਰਹੇ ਸਨ ਤੇ ਭਾਰਤ ਦੀ ਭੁਖ਼ਮਰੀ ਤੇ ਭਿਸ਼ਟਾਚਾਰ ਦੀ ਤਕੜੀ ਅਲੋਚਨਾ ਕਰ ਰਹੇ ਸਨ। ਉਨ੍ਹੀਂ ਦਿਨੀਂ ਮੈਂ ”ਪ੍ਰੀਤ ਲੜੀ” ਵਿਚ ”ਸਮੁੰਦਰੋਂ ਪਾਰ” ਕਾਲਮ ਲਿਖ਼ਿਆ ਕਰਦਾ ਸਾਂ ਜਿਹੜਾ ਕਾਫ਼ੀ ਲੋਕ-ਪ੍ਰੀਆ ਸੀ ਤੇ ਧੀਰ ਜੀ ਨੇ ਦਸਿਆ ਸੀ ਕਿ ਉਹ ਵੀ ਉਸ ਦੇ ਪਾਠਕ ਸਨ। ਸਾਡੀ ਬਹੁਤੀ ਸਾਂਝ ਇਹ ਵੀ ਸੀ ਕਿ ਅਸੀਂ ਦੋਵੇਂ ਨਵਤੇਜ ਸਿੰਘ ਦੇ ਦੋਸਤ ਸਾਂ। ਉਹ ਬਹੁਤ ਸਾਰੇ ਹੋਰ ਲੇਖ਼ਕਾਂ ਵਾਂਗ ”ਪ੍ਰੀਤ ਲੜੀ” ਵਿਚ ਛਪ ਕੇ ਬੜਾ ਮਾਣ ਮਹਿਸੂਸ ਕਰਿਆ ਕਰਦੇ ਸਨ। ਉਨ੍ਹੀਂ ਦਿਨੀ ਬਲਵੰਤ ਗਾਰਗੀ ਨੇ ਧੀਰ ਜੀ ਵਾਰੇ ਇਕ ਅਜਿਹਾ ਰੇਖ਼ਾ ਚਿੱਤਰ ਲਿਖ਼ ਮਾਰਿਆ ਸੀ, ਜਿਸ ਦਾ ਧੀਰ ਨੇ ਬਹੁਤ ਬੁਰਾ ਨੋਟਿਸ ਲਿਆ ਸੀ। ਉਹ ਗਾਲ੍ਹਾਂ ਕੱਢ ਕੱਢ ਕੇ ਗਾਰਗੀ ਦੀ ਐਸੀ ਤੈਸੀ ਕਰ ਰਹੇ ਸਨ ਤੇ ਉਹਨੂੰ ਝੂਠਾ ਤੇ ਮੱਕਾਰ ਗਰਦਾਨ ਰਹੇ ਸਨ। ਲੇਕਿਨ ਨਾਲ਼ ਨਾਲ਼ ਆਪ ਹੱਸ ਵੀ ਰਹੇ ਸਨ ਤੇ ਕਹਿ ਰਹੇ ਸਨ ਕਿ ਅਗਰ ਮੇਰੇ ਵੱਸ ਹੁੰਦਾ ਤਾਂ ਮੈਂ ਇਸ ਨਾਢੂਖ਼ਾਨ ਦੀ ਮਾਂ ਦੇ ਘਰ ਜੰਮਦਾ।

ਧੀਰ ਜੀ ਨਾਲ਼ ਸਮਾਂ ਬਿਤਾਉਂਦਿਆਂ ਮੈਨੂੰ ਅਹਿਸਾਸ ਹੋਇਆ ਸੀ ਕਿ ਉਹ ਬਹੁਤ ਜਲਦ ਨਿੱਕੀ ਨਿੱਕੀ ਗੱਲ ਪਿੱਛੇ ਖ਼ਫ਼ਾ ਹੋ ਜਾਇਆ ਕਰਦੇ ਸਨ। ਉਹ ਆਪਣੀ ਅਲੋਚਨਾ ਤਾਂ ਬਿਲਕੁੱਲ ਹੀ ਨਹੀਂ ਸਹਾਰ ਸਕਦੇ ਸਨ। ਪਤਾ ਲੱਗਾ ਕਿ ਧੀਰ ਜੀ ਕਈ ਵੇਰ ਮਾਨਸਕ ਤੌਰ ਤੇ ਸੰਤੁਲਤ ਨਹੀਂ ਸਨ ਰਹਿੰਦੇ ਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਸੀ। ਬਾਅਦ ‘ਚ ਪਤਾ ਲੱਗਾ ਕਿ ਉਨ੍ਹਾਂ ਨੇ ਇਸ ਦਾ ਇਲਾਜ ਕਰਾਇਆ ਵੀ ਸੀ। ਸਾਡੇ ਸਮਾਜ ਵਿਚ ਅਜਿਹੀਆਂ ਮਾਨਸਕ ਬੀਮਾਰੀਆ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਪੱਛਮ ਵਿਚ ਇਨ੍ਹਾਂ ਬੀਮਾਰੀਆਂ ਨੂੰ ਕਲੀਨੀਕਲ/ਸਾਈਕੋਲੌਜੀਕਲ ਟਰੀਟਮੈਂਟ ਦਿੱਤਾ ਜਾਂਦਾ ਹੈ। ਬੇਸ਼ੱਕ ਇਥੇ ਵੀ ਇਸ ਪ੍ਰਤੀ ਵਿਤਕਰਾ ਪੂਰੀ ਤਰ੍ਹਾਂ ਗ਼ਾਇਬ ਨਹੀਂ ਹੈ।

ਧੀਰ ਜੀ ਕਲਮ ਦੇ ਯੋਧੇ ਸਨ। ਅਜਿਹੇ ਕਲਮੀਂ ਯੋਧੇ ਕਿੱਥੇ ਮਿਲਦੇ ਹਨ? ਧੀਰ ਜੀ ਦੀ ਗ਼ੈਰਹਾਜ਼ਰੀ ਪੂਰੀ ਤਰ੍ਹਾਂ ਰੜਕੇਗੀ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 15 ਫਰਵਰੀ 2010)
(ਦੂਜੀ ਵਾਰ 24 ਅਪ੍ਰੈਲ 2022)

***
751

About the author

ਸਾਥੀ ਲੁਧਿਆਣਵੀ
drsathi@hotmail.co.uk | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ