ਵਿਸ਼ਵੀਕਰਨ ਦੇ ਦੌਰ ਵਿਚ ਗੁਰੂ ਨਾਨਕ ਬਾਣੀ ਦੀ ਪ੍ਰਸੰਗਕਤਾਹਰਸਿਮਰਨ ਸਿੰਘ ਰੰਧਾਵਾ (ਡਾ.) |
ਵਿਸ਼ਵੀਕਰਨ ਉੱਤਰ ਆਧੁਨਿਕ ਯੁਗ ਦਾ ਵਰਤਾਰਾ ਹੈ। ਉੱਤਰ ਆਧੁਨਿਕ ਯੁੱਗ ਇਕ ਅਜਿਹਾ ਯੁੱਗ ਹੈ ਜੋ ਆਧੁਨਿਕ ਯੁੱਗ ਦੀਆਂ ਹੀ ਨਹੀਂ, ਬਲਕਿ ਹਰ ਯੁੱਗ ਦੀਆਂ ਮਾਨਤਾਵਾਂ ਨੂੰ ਨਕਾਰ ਰਿਹਾ ਹੈ। ਇਸ ਯੁੱਗ ਵਿਚ ਕਿਸੇ ਵੀ ਪੂਰਵ ਭਾਸ (premonition) ਨੂੰ ਪ੍ਰਸ਼ਨ ਚਿੰਨ੍ਹ ਨਾਲ ਦੇਖਿਆ ਜਾ ਰਿਹਾ ਹੈ। ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਇਹ ਯੁੱਗ ਵਿਚਾਰਧਾਰਾਵਾਂ ਦੇ ਅੰਤ ਦਾ ਹੀ ਨਹੀਂ ਬਲਕਿ ਹਰ ਮਾਨਤਾ ਦੇ ਅੰਤ ਦਾ ਹੈ। ਇਸ ਸਮੇਂ ਦਾ ਪ੍ਰੱਿਸਧ ਚਿੰਤਕ Fredric Jameson ਆਪਣੀ ਪੁਸਤਕ Postmodernism-The Cultural Logic of Late Capitalism ਵਿਚ ਇਹ ਵਿਚਾਰ ਪੇਸ਼ ਕਰਦਾ ਹੈ ਕਿ ਉੱਤਰ ਆਧੁਨਿਕ ਯੁੱਗ ਦੇ ਆਰੰਭ ਦੇ ਨਿਸ਼ਾਨ 1950ਵਿਆਂ ਦੇ ਅਖੀਰ ਅਤੇ 1960ਵਿਆਂ ਦੇ ਸ਼ੁਰੂ ਵਿਚ ਦੇਖੇ ਜਾ ਸਕਦੇ ਹਨ। ਇਹ ਉਹ ਸਮਾਂ ਹੈ ਜਦੋਂ ਸਮਾਜਕ ਗਤੀਵਿਧੀਆਂ ਨੂੰ ਹਰ ਪੱਧਰ ‘ਤੇ ਨਵੀਆਂ ਮਾਨਤਾਵਾਂ ਅਨੁਸਾਰ ਸਿਰਜਨ, ਦੇਖਣ ਅਤੇ ਸਮਝਾਉਣ ਦੇ ਜਤਨ ਆਰੰਭ ਹੁੰਦੇ ਹਨ। ਇਸ ਦਾ ਆਰੰਭ ਇਮਾਰਤੀ ਸ਼ੈਲੀ, ਸੰਗੀਤ, ਫਿਲਮ, ਸਾਹਿਤ ਆਲੋਚਨਾ ਅਤੇ ਹੋਰ ਅਨੁਸ਼ਾਸਨਾਂ ਤੇ ਕਲਾਵਾਂ ਵਿਚ ਸੁਚੇਤ ਪੱਧਰ ‘ਤੇ ਨਵਾਂ ਸਿਰਜਨ ਦੀ ਆਹਰ ਨਾਲ ਹੋਇਆ। ਪਹਿਲੀ ਪੱਧਰ ‘ਤੇ ਇਹ ਦੇਖਣ ਅਤੇ ਸੁਣਨ ਵਿਚ ਚੰਗਾ ਅਤੇ ਸਮਝਣ ਵਿਚ ਆਸਾਨ ਨਜ਼ਰ ਆਇਆ। ਪਰ ਹੁਣ ਜਦੋਂ ਅਸੀਂ ਇਸ ਸਥਿਤੀ ਉੱਪਰ ਪੁਨਰ ਝਾਤ ਮਾਰਦੇ ਹਾਂ ਤਾਂ ਸਥਿਤੀ ਧੁੰਧਲਕੇ ਵਾਲੀ ਨਜ਼ਰ ਆਉਂਦੀ ਹੈ। ਕਿਉਂਕਿ ਪਿਛਲੇ ਪੰਜਾਹ ਸਾਲਾਂ ਦੋਰਾਨ ਏਨਾ ਕੁਝ ਵਾਪਰ ਚੁੱਕਾ ਹੈ ਕਿ ਜਿਸ ਨੂੰ ਸਮਝਾਉਣਾ ਹੀ ਮੁਸ਼ਕਲ ਨਹੀਂ, ਬਲਕਿ ਸਮਝਣਾ ਵੀ ਖਾਸਾ ਕਠਿਨ ਹੈ। ਇਸ ਉੱਤਰ ਆਧੁਨਿਕ ਯੁੱਗ ਵਿਚ ਜਿਸ ਸੋਚ ਦਾ ਉਭਾਰ ਹੋ ਰਿਹਾ ਹੈ ਉਹ ਪਰੰਪਰਾ ਵਿਚ ਪ੍ਰਾਪਤ ਸਮੁੱਚੇ ਸੰਕਲਪਾਂ ਅਤੇ ਵਿਆਖਿਆਵਾਂ; ਚਾਹੇ ਉਹ ਸੱਚ, ਮੁਕਤੀ, ਤਰਕ, ਬ੍ਰਹਿਮੰਡੀ ਵਿਕਾਸ ਅਤੇ ਪਛਾਣ ਆਦਿ ਨਾਲ ਸਬੰਧਤ ਹਨ, ਨੂੰ ਰੱਦ ਕਰਦੀ ਹੈ ਅਤੇ ਇਸਦੇ ਬਦਲ ਵਿਚ ਸੰਕਲਪਾਂ ਦਾ ਦੇਖਣ ਨੂੰ ਜੋ ਬਹੁਰੂਪੀ ਪੱਖ ਸਾਹਮਣੇ ਆ ਰਹੇ ਹਨ ਉਹ ਬਹੁਤ ਹੀ ਨਿਰਾਧਾਰ, ਅਸਥਿਰ ਅਤੇ ਅਨਿਸ਼ਚਿਤ ਕਿਸਮ ਦਾ ਹਨ।
ਇਸ ਸਾਰੀ ਵਸਤੂ ਸਥਿਤੀ ਨੂੰ ਸਹੀ ਰੂਪ ਵਿਚ ਸਮਝਣ ਵਾਲੇ ਵਿਦਵਾਨ ਜਦੋਂ ਆਪਣੇ ਵਿਚਾਰ ਪੇਸ਼ ਕਰਦੇ ਹਨ ਤਾਂ ਉਹ ਕਹਿੰਦੇ ਹਨ ਕਿ ਉੱਤਰ ਆਧੁਨਿਕ ਯੁੱਗ ਦਾ ਆਰੰਭ, ਉਸਾਰ ਅਤੇ ਇਸ ਵਿਚਲਾ ਸਮੁੱਚਾ ਵਿਕਾਸ ਆਰਥਿਕ ਲਾਭ; ਬੇਸ਼ੱਕ ਦੇਖਣ ਨੂੰ ਇਹ ਆਰਥਿਕ ਵਿਕਾਸ ਹੀ ਲਗਦਾ ਹੈ, ਦੇ ਆਧਾਰ ਉੱਤੇ ਹੋਇਆ ਹੈ। ਆਰਥਿਕ ਲਾਭ ਲਈ ਵਿਕਸਿਤ ਦੇਸ਼ਾਂ ਨੇ ਅਜਿਹੀ ਵਿਗਿਆਨ ਅਤੇ ਤਕਨਾਲੋਜੀ ਨੂੰ ਵਿਕਸਿਤ ਕੀਤਾ ਜਿਸ ਨਾਲ ਸੂਚਨਾਵਾਂ ਦੇ ਖੇਤਰ ਵਿਚ ਕ੍ਰਾਂਤੀਕਾਰੀ ਪਰਿਵਰਤਨ ਆਇਆ। ਇਲੈਕਟ੍ਰਾਨਿਕ ਮੀਡੀਆ ਦੇ ਨਾਲ ਬਾਜ਼ਾਰ ਦੀ ਪਰਿਭਾਸ਼ਾ ਹੀ ਬਦਲ ਗਈ। ਇਸ ਲਈ ਸਾਡੇ ਸਮਿਆਂ ਵਿਚ ਬਹੁਤ ਕੁਝ ਜਲਦੀ ਜਲਦੀ ਵਾਪਰ ਰਿਹਾ ਹੈ। ਹਰ ਦਿਨ ਹਰ ਖੇਤਰ ਵਿਚ ਵੱਡੀ ਮਾਤਰਾ ਵਿਚ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਜੋ ਵਸਤ ਬਾਜ਼ਾਰ ਵਿਚ ਪੇਸ਼ ਕੀਤੀ ਜਾ ਰਹੀ ਹੈ ਉਹ ਜੇ ਅੱਜ ਹੀ ਆਈ ਹੈ, ਤਾਂ ਉਸਦਾ ਮੁੱਲ ਅਤੇ ਕੀਮਤ ਦੋਵੇਂ ਹੀ ਪੈਣਗੇ। ਜੇਕਰ ਉਹ ਕੁਝ ਦਿਨ ਪਹਿਲਾਂ ਦੀ ਹੈ ਤਾਂ ਉਸਦਾ ਖਰੀਦਦਾਰ ਨਹੀਂ ਹੁੰਦਾ। ਕਿਉਂਕਿ ਉਸ ਕੀਮਤ ਵਿਚ ਉਸਤੋਂ ‘ਚੰਗੀ’ ਵਸਤ ਬਾਜ਼ਾਰ ਵਿਚ ਮਿਲ ਜਾਵੇਗੀ। ਪਰ ਇਸਦਾ ਮਤਲਬ ਇਹ ਨਹੀਂ ਕਿ ਇਸ ਸਾਮਾਨ ਨੂੰ ਵੇਚਣ ਵਾਲੇ ਨੂੰ ਕੋਈ ਘਾਟਾ ਪੈ ਰਿਹਾ ਹੁੰਦਾ ਹੈ। ਦਰਅਸਲ ਬਹੁ-ਰਾਸ਼ਟਰੀ ਕੰਪਨੀਆਂ ਜਦੋਂ ਕੋਈ ਨਵਾਂ ਸਾਮਾਨ ਬਣਾਉਂਦੀਆਂ ਹਨ ਤਾਂ ਉਹ ਵੱਡੀ (bulk) ਮਾਤਰਾ ਵਿਚ ਹੀ ਬਣਾਉਂਦੀਆਂ ਹਨ ਅਤੇ ਬਾਜ਼ਾਰ ਵਿਚੋਂ ਉਸਦੀ ਮਨ ਮਰਜੀ ਦੀ ਕੀਮਤ ਅਤੇ ਮੁੱਲ ਨੂੰ ਵਸੂਲਦੀਆਂ ਹਨ ਅਤੇ ਇਸ ਲਈ ਇਲੈਕਟ੍ਰਾਨਿਕ ਮੀਡੀਆ ਨੂੰ ਹੀ ਖੂਬ ਨਹੀਂ ਵਰਤਿਆ ਜਾਂਦਾ ਹੈ ਬਲਕਿ ਪ੍ਰਚਾਰ ਅਤੇ ਪ੍ਰਸਾਰ ਦੇ ਹੋਰ ਵੀ ਕਈ ਹੱਥਕੰਡੇ ਅਪਣਾਏ ਜਾਂਦੇ ਹਨ। ਇਲੈਕਟ੍ਰਾਨਿਕ ਮੀਡੀਆ ਨੂੰ ਸਿਰਫ਼ ਬਾਜ਼ਾਰ ਵਿਚ ਵਿਕਣ ਵਾਲੀ ਵਸਤੂ ਦੇ ਪ੍ਰਚਾਰ ਲਈ ਹੀ ਨਹੀਂ ਵਰਤਿਆ ਜਾ ਰਿਹਾ ਬਲਕਿ ਟੈਲੀਵੀਜਨ ਉੱਪਰ ਹਿਸਟਰੀ ਅਤੇ ਡਿਸਕਵਰੀ ਵਰਗੇ ਚੈਨਲਾਂ ਰਾਹੀਂ ਇਤਿਹਾਸ, ਪ੍ਰਕਿਰਤੀ, ਜੀਵ ਜੰਤੂਆਂ ਅਤੇ ਵਿਗਿਆਨਕ ਲੱਭਤਾਂ ਨੂੰ ਜਿਸ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ ਉਸਦੀ ਪ੍ਰਮਾਣਿਕਤਾ ਬਾਰੇ ਹਮੇਸ਼ਾ ਸਵਾਲ ਉਠਦੇ ਰਹੇ ਹਨ। ਐਮ.ਟੀ.ਵੀ. ਵਰਗੇ ਚੈਨਲਾਂ ‘ਤੇ ਜੋ ਜੀਵਨ ਦਰਸਾਇਆ ਜਾ ਰਿਹਾ ਹੈ ਉਹ ਅਸਲੀਅਤ ਤੋਂ ਕੋਹਾਂ ਦੂਰ ਹੈ। ਇੰਟਰਨੈੱਟ ਰਾਹੀਂ ਗਿਆਨ ਦੇ ਨਾਂ ‘ਤੇ ਜੋ ਸੂਚਨਾਵਾਂ ਮਿਲ ਰਹੀਆਂ ਹਨ ਉਸ ਵਿਚ ਬਹੁਤ ਕੁਝ ਫਾਲਤੂ ਅਤੇ ਅਪ੍ਰਮਾਣਿਕ ਹੈ। ਸੂਚਨਾ ਅਤੇ ਤਕਨਾਲੋਜੀ ਦੇ ਇਸ ਲੱਭਤ ਨਾਲ ਹੀ ਵਿਸ਼ਵੀਕਰਨ ਦੇ ਸੰਕਲਪ ਦਾ ਉਭਾਰ ਹੋਇਆ ਹੈ। ਪਰ ਉੱਤਰ ਆਧੁਨਿਕ ਯੁੱਗ ਵਿਚ ਇਸ ਸੂਚਨਾ ਅਤੇ ਤਕਨਾਲੋਜੀ ਦੀ ਵਰਤੋਂ ਆਰਥਕ ਲਾਭ ਲਈ ਹੀ ਹੋ ਰਹੀ ਹੈ। ਇਸ ਲਈ ਅਜਿਹੀ ਸਥਿਤੀ ਵਿਚ ਵਿਸ਼ਵੀਕਰਨ ਦੀ ਅਹਿਮੀਅਤ ਕੀ ਹੈ, ਇਹ ਵਿਚਾਰਨ ਵਾਲੀ ਗੱਲ ਹੈ। ਕਿਹਾ think global, act local ਜਾਂਦਾ ਹੈ, ਪਰ ਹੋ show global, think and act local ਰਿਹਾ ਹੈ। Fredric Jameson ਇਸ ਉੱਤਰ ਆਧੁਨਿਕ ਯੁੱਗ ਨੂੰ ਵਿਚਾਰਦਾ ਹੋਇਆ ਕਹਿੰਦਾ ਹੈ ਕਿ ਇਹ ਯੁੱਗ ਸੁਹਜ ਉਤਪਾਦਨ ਦਾ ਨਹੀਂ ਬਲਕਿ ਵਸਤ ਉਤਪਾਦਨ ਦਾ ਹੈ। ਜੇਮਸਨ ਦੇ ਇਸ ਕਥਨ ਦਾ ਪ੍ਰਮਾਣ ਇਹ ਹੈ ਕਿ ਇਸ ਯੁੱਗ ਦੇ ਸਮਾਜ ਨੂੰ ਜੇ ਪ੍ਰਸਿੱਧ ਵਿਦਵਾਨ Daniel Bell ਨੇ Postindustrial society ਕਿਹਾ ਹੈ ਤਾਂ ਕੁਝ ਹੋਰ ਵਿਦਵਾਨ Consumer society, media society, information society, electronic society ਅਤੇ hi-tech society ਦਾ ਨਾਂ ਦਿੰਦੇ ਹਨ। ਸਮਝਣ ਵਾਲੀ ਗੱਲ ਇਹ ਹੈ ਕਿ ਕੀ ਇਸ ਤਰ੍ਹਾਂ ਦੇ ਸਮਾਜ ਦੇ ਨਿਰਮਾਣ ਅਤੇ ਵਿਕਾਸ ਪਿੱਛੇ ਕੋਈ ਸਿਆਸਤ ਕੰਮ ਕਰ ਰਹੀ ਹੈ। ਇਸ ਸਬੰਧ ਵਿਚ ਜਵਾਬ ‘ਹਾਂ’ ਵਿਚ ਹੀ ਮਿਲਦਾ ਹੈ। ਹੁਣ ਤਾਂ ਇਹ ਜੱਗ ਜਾਹਰ ਹੈ ਕਿ ਇਸ ਵਿਸ਼ਵੀਕਰਨ ਅਤੇ ਉੱਤਰ ਆਧੁਨਿਕ ਯੁੱਗ ਦਾ ਮੁੱਖ ਸੂਤਰਧਾਰ ਅਮਰੀਕਾ ਹੈ। ਜਿਸ ਦਾ ਇਕ ਲੁਕਵਾਂ ਅਜੰਡਾ ਹੈ। ਇਹ ਅਜੰਡਾ ਆਰਥਕ ਲਾਭ ਦਾ ਹੈ। ਉਹ ਆਪਣੇ ਆਰਥਕ ਲਾਭ ਲਈ ਵਿਸ਼ਵ ਦੇ ਕੁਝ ਕੁ ਦੇਸਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਦੇਸ਼ ਨੂੰ ਵਰਤਣ ਦੀ ਸਮਰੱਥਾ ਰੱਖਦਾ ਹੈ। ਇਸ ਵਿਚ ਉਹ ਲਾਲਚ ਅਤੇ ਡਰਾਵਾ ਦੋਵੇਂ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰਦਾ ਹੈ। ਜੇਕਰ ਫਿਰ ਵੀ ਕੰਮ ਨਹੀਂ ਬਣਦਾ ਤਾਂ ਫਿਰ ਅਸਲ ਹਥਿਆਰਾਂ ਨਾਲ ਕਾਰਵਾਈ ਕਰਦਾ ਹੈ। ਇਸੇ ਲਈ ਹੀ ਨੌਮ ਚੌਮਸਕੀ ਵਰਗਾ ਵਿਦਵਾਨ ਅਮਰੀਕਾ ਨੂੰ ‘ਬਦਮਾਸ਼ ਅਮਰੀਕਾ’ ਦੇ ਨਾਂ ਨਾਲ ਬੁਲਾਉਂਦਾ ਹੈ। ਇਸ ਸਮੇਂ ਸਮੁੱਚੇ ਵਿਸ਼ਵ ਵਿਚ ਅਮਰੀਕਾ ਦੀ ਮਿਲਟਰੀ ਅਤੇ ਆਰਥਕਤਾ ਦਾ ਪਹਿਰਾ ਹੈ-ਜਿਸ ਕਾਰਨ ਖੂਨ, ਤਸੀਹੇ, ਮੌਤ ਅਤੇ ਦਹਿਸ਼ਤ ਦਾ ਮੌਸਮ ਬਣਿਆ ਹੋਇਆ ਹੈ ਅਤੇ ਹਰ ਤਰ੍ਹਾਂ ਦੀ ਨੈਤਿਕਤਾ ਛਿੱਕੇ ਟੰਗੀ ਹੋਈ ਹੈ। ਹੁਣ ਸਵਾਲ ਇਹ ਹੈ ਕਿ ਇਸ ਸਾਰੀ ਵਸਤੂ ਸਥਿਤੀ ਵਿਚ ਗੁਰੂ ਨਾਨਕ ਬਾਣੀ ਦੀ ਪ੍ਰਸੰਗਕਤਾ ਨੂੰ ਕਿਵੇਂ ਵਿਚਾਰਿਆ ਜਾਵੇ। ਇਸ ਸਬੰਧ ਵਿਚ ਸਭ ਤੋਂ ਪਹਿਲਾਂ ਇਹ ਸਮਝਣਾ ਹੋਵੇਗਾ ਕਿ ਗੁਰੂ ਨਾਨਕ ਦਾ ਸਮਾਂ ਮੱਧਕਾਲ ਦਾ ਸੀ। ਗੁਰੂ ਨਾਨਕ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਸਮੇਂ ਦੀਆਂ ਗਲਤ ਕਦਰਾਂ ਕੀਮਤਾਂ ਨੂੰ ਵੰਗਾਰਦੇ ਹੀ ਨਹੀਂ ਬਲਕਿ ਉਸ ਦਾ ਬਦਲ ਵੀ ਤਰਕ ਸੰਗਤ ਢੰਗ ਨਾਲ ਪੇਸ਼ ਕਰਦੇ ਹਨ। ਗੁਰੂ ਨਾਨਕ ਨੇ ਆਪਣੀ ਬਾਣੀ ਵਿਚ ਨਾ ਸਿਰਫ਼ ਧਰਮ ਨੂੰ ਬਲਕਿ ਰੱਬ ਦੀ ਹੋਂਦ ਨੂੰ ਵੀ ਪੁਨਰ ਪਰਿਭਾਸ਼ਤ ਕੀਤਾ ਅਤੇ ਇਸ ਦੇ ਨਾਲ ਨਾਲ ਹਰ ਸਮਾਜਕ ਵਸਤੂ ਸਥਿਤੀ ਬਾਰੇ ਵੀ ਆਪਣੇ ਵਿਚਾਰ ਰੱਖੇ। ਗੁਰੂ ਨਾਨਕ ਦੇ ਜੀਵਨ ਅਤੇ ਬਾਣੀ ਨੂੰ ਧਿਆਨ ਨਾਲ ਵਿਚਾਰਿਆਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਉਨ੍ਹਾਂ ਦੀ ਸੋਚ ਅਤੇ ਵਿਹਾਰ ਕ੍ਰਾਂਤੀਕਾਰੀ ਸੀ। ਉਹ ਆਪਣੀ ਗੱਲ ਕਹਿਣ ਲਈ ਬੁਰੇ ਦੇ ਘਰ ਤੱਕ ਵੀ ਗਏ। ਉਨ੍ਹਾਂ ਦੇ ਜੀਵਨ ਵਿਹਾਰ ਨੂੰ ਪੜ੍ਹਦਿਆਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦੁਆਰਾ ਕੀਤੀਆਂ ਉਦਾਸੀਆਂ ਦਾ ਉਦੇਸ਼ ਲੋਕਾਈ ਨੂੰ ਜੀਵਨ ਦੀ ਅਸਲੀਅਤ ਦੇ ਨਾਲ ਰੂ-ਬ-ਰੂ ਕਰਵਾੳਣਾ ਹੀ ਸੀ। ਇਸ ਲਈ ਉਹ ਹਰਿਦੁਆਰ ਜਾ ਕੇ ਉਲਟੀ ਦਿਸ਼ਾ ਵੱਲ ਪਾਣੀ ਦਿੰਦੇ ਹਨ, ਮੱਕੇ ਜਾ ਕੇ ਮਸੀਤ ਵੱਲ ਲੱਤਾਂ ਪਸਾਰ ਕੇ ਪੈਂਦੇ ਹਨ, ਵਕਤ ਦੇ ਬਾਦਸ਼ਾਹ ਨੂੰ ‘ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ ਬੈਠੇ ਸੁਤੇ॥’ ਜਾਂ ‘ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ’ ਕਹਿ ਕੇ ਵੰਗਾਰਦੇ ਹਨ ਅਤੇ ਅਜਿਹੇ ਹੀ ਸਮੇਂ ਰੱਬ ਨੂੰ ‘ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦੁ ਨਾ ਆਇਆ’ ਵਰਗੇ ਬੋਲਾਂ ਨਾਲ ਨਿਹੋਰਾ ਵੀ ਮਾਰਦੇ ਹਨ। ਦਰਅਸਲ ਗੁਰੂ ਨਾਨਕ ਆਪਣੇ ਜੀਵਨ ਵਿਹਾਰ ਅਤੇ ਬਾਣੀ ਰਾਹੀਂ ਇਕ ਅਜਿਹੇ ਜੀਵਨ ਸਭਿਆਚਾਰ ਨੂੰ ਰੱਖ ਰਹੇ ਹਨ ਜੋ ਉਸ ਸਮੇਂ ਦੇ ਲੋਕਾਂ ਲਈ ਬਿਲਕੁਲ ਨਵਾਂ ਹੈ। ਉਸ ਸਮੇਂ ਜੋ ਜੀਵਨ ਜੀਵਿਆ ਜਾ ਰਿਹਾ ਹੈ ਉਹ ਗੁਰੂ ਨਾਨਕ ਨੂੰ ਪਸੰਦ ਨਹੀਂ। ਇਸ ਲਈ ਗੁਰੂ ਨਾਨਕ ਉਨ੍ਹਾਂ ਜੀਵਨ ਮੁੱਲਾਂ ਨੂੰ ਵੰਗਾਰਦੇ ਹਨ। ਪਰ ਸਿੱਖ ਸਮਾਜ ਨੇ ਗੁਰੂ ਨਾਨਕ ਦੁਆਰਾ ਪੇਸ਼ ਜੀਵਨ ਸਭਿਆਚਾਰ ਨੂੰ ਅਜੇ ਤੱਕ ਖੁਦ ਹੀ ਚੰਗੀ ਤਰ੍ਹਾਂ ਵਿਚਾਰਿਆ ਨਹੀਂ, ਦੁਨੀਆਂ ਦੇ ਸਾਹਮਣੇ ਇਸਦੇ ਸਹੀ ਮੁੱਲ ਨੂੰ ਰੱਖਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਹਰ ਰੋਜ਼ ਗੁਰੂ ਨਾਨਕ ਦੀ ਤਸਵੀਰ ਅਤੇ ਬਾਣੀ ਅੱਗੇ ਨਤਮਸਤਕ ਤਾਂ ਹੁੰਦੇ ਹਾਂ ਪਰ ਉਨ੍ਹਾਂ ਕਰਦਾਂ ਕੀਮਤਾਂ ਨੂੰ ਆਪਣੇ ਜੀਵਨ ਵਿਹਾਰ ਵਿਚ ਅਪਣਾਉਣ ਲੱਗਿਆਂ ਗੁਰੇਜ਼ ਕਰਦੇ ਹਾਂ ਜੋ ਗੁਰੁ ਨਾਨਕ ਨੇ ਦੱਸੀਆਂ ਹਨ। ਇਸ ਸਮੁੱਚੀ ਵਸਤੂ ਸਥਿਤੀ ਦੇ ਹੁੰਦਿਆਂ ਵਿਸ਼ਵੀਕਰਨ ਦੇ ਦੌਰ ਵਿਚ ਗੁਰੂ ਨਾਨਕ ਬਾਣੀ ਦੀ ਪ੍ਰਸੰਗਕਤਾ ਨੂੰ ਵਿਚਾਰਨਾ ਹੋਰ ਵੀ ਮੁਸ਼ਕਲ ਕਾਰਜ ਹੋ ਜਾਂਦਾ ਹੈ। ਖੈਰ, ਅਸੀਂ ਇਥੇ ਕੁਝ ਕੁ ਸੰਕੇਤਾਂ ਰਾਹੀਂ ਵਿਸ਼ਵੀਕਰਨ ਦੇ ਦੌਰ ਵਿਚ ਗੁਰੂ ਨਾਨਕ ਬਾਣੀ ਦੀ ਪ੍ਰਸੰਗਕਤਾ ਨੂੰ ਸਮਝਾਉਣ ਦਾ ਜਤਨ ਕਰਾਂਗੇ। ਇਸ ਸਬੰਧ ਵਿਚ ਸਭਤੋਂ ਪਹਿਲੀ ਗੱਲ ਇਹ ਕਹਿਣੀ ਬਣਦੀ ਹੈ ਕਿ ਗੁਰੂ ਨਾਨਕ ਬਾਣੀ ਦੀ ਪ੍ਰਸੰਗਕਤਾ ਨੂੰ ਵਿਸ਼ਵ ਦੇ ਸਾਹਮਣੇ ਰੱਖਣ ਲੱਗਿਆਂ ਇਸ ਬਾਣੀ ਨੂੰ ਕਿਸੇ ਅਧਿਆਤਮਕ ਰਚਨਾ (spiritual text) ਦੇ ਤੌਰ ‘ਤੇ ਪੇਸ਼ ਨਹੀਂ ਕਰਨਾ ਹੋਵੇਗਾ ਬਲਕਿ ਗਿਆਨ ਦੀ ਰਚਨਾ (text of knowledge) ਜਾਂ ਸਭਿਆਚਾਰਕ ਰਚਨਾ (cultural text) ਦੱਸਣਾ ਹੋਵੇਗਾ। ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਇਹ ਸਿੱਖ ਸਮਾਜ ਦੀ ਅਧਿਆਤਮਕ ਰਚਨਾ spiritual text ਹੈ। ਇਹ ਗੱਲ ਸਮਝਣੀ ਹੋਵੇਗੀ ਕਿ ਗੁਰੂ ਨਾਨਕ ਬਾਣੀ ਨੂੰ ਵਿਸ਼ਵ ਨੇ ਜਦੋਂ ਵੀ ਸਵੀਕਾਰ ਕੀਤਾ ਤਾਂ ਉਹ ਗਿਆਨ ਦੀ ਰਚਨਾ (text of knowledge) ਜਾਂ ਸਭਿਆਚਾਰਕ ਰਚਨਾ (cultural text) ਵੱਜੋਂ ਹੀ ਸਵੀਕਾਰ ਹੋਵੇਗੀ। ਇਸ ਲਈ ਇਸ ਗਿਆਨ ਦੀ ਰਚਨਾ (text of knowledge) ਜਾਂ ਸਭਿਆਚਾਰਕ ਰਚਨਾ (cultural text) ਨੂੰ ਦੁਨੀਆਂ ਸਾਹਮਣੇ ਰੱਖਣ ਲੱਗਿਆਂ ਵਿਸ਼ਵੀਕਰਨ ਦੇ ਦੋਰ ਦੇ ਮਹੱਤਵਪੂਰਨ ਸੰਦਾਂ, ਜਿਸ ਨੂੰ ਅਸੀਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡਿਆ ਕਹਿੰਦੇ ਹਾਂ, ਦੀ ਹੀ ਵਰਤੋਂ ਕਰਨੀ ਹੋਵੇਗੀ। ਗੁਰੁ ਨਾਨਕ ਬਾਣੀ ਦਾ ਵਿਸ਼ਵ ਦੀਆਂ ਸਾਰੀਆਂ ਨਹੀਂ ਤਾਂ ਪ੍ਰਮੁੱਖ ਭਾਸ਼ਾਵਾਂ ਵਿਚ ਅਨੁਵਾਦ ਕਰਵਾ ਕੇ ਪਿੰਟ ਮੀਡਿਆ ਰਾਹੀਂ ਘਰੋਂ ਘਰੀਂ ਪਹੁੰਚਾਉਣਾ ਹੋਵੇਗਾ। ਏਨਾ ਹੀ ਨਹੀਂ ਬਲਕਿ ਇਸ ਬਾਣੀ ਦਾ ਵਰਤਮਾਨ ਪ੍ਰਸੰਗ ਵਿਚ ਮਹੱਤਵ ਅਤੇ ਵਿਸ਼ਲੇਸ਼ਣ ਵੀ ਪੇਸ਼ ਕਰਨਾ ਹੋਵੇਗਾ। ਇਸ ਮਹੱਤਵ ਅਤੇ ਵਿਸ਼ਲੇਸ਼ਣ ਨੂੰ ਤਾਂ ਹੀ ਪ੍ਰਗਟਾਇਆ ਜਾ ਸਕਦਾ ਹੈ ਜੇਕਰ ਇਸਦੇ ਨਾਲ ਹੀ ਅਜੋਕੇ ਦੌਰ ਦੇ ਜੀਵਨ ਦੀ ਅਰਥਹੀਨਤਾ ਨੂੰ ਪਹਿਲਾਂ ਸਪੱਸ਼ਟ ਕੀਤਾ ਜਾਵੇ। ਇਥੇ ਇਹ ਗੱਲ ਸਮਝਣੀ ਹੋਵੇਗੀ ਕਿ ਗੁਰੂ ਨਾਨਕ ਨੇ ਆਪਣੇ ਸਮੇਂ ਦੇ ਸਮਾਜਕ ਜੀਵਨ ਦੀ ਅਰਥਹੀਨਤਾ ਨੂੰ ਲੋਕਾਂ ਸਾਹਮਣੇ ਰੱਖਿਆ ਅਤੇ ਉਸਦਾ ਬਦਲ ਪੇਸ਼ ਕੀਤਾ। ਹੁਣ ਸਾਡੇ ਕੋਲ ਸਿਰਫ਼ ਗੁਰੂ ਨਾਨਕ ਬਾਣੀ ਹੈ ਅਤੇ ਸਾਡੇ ਸਮੇਂ ਦਾ ਵਿਕਸਿਤ ਪੂੰਜੀਵਾਦੀ ਸਮਾਜ ਹੈ। ਇਸ ਸਮਾਜ ਦੇ ਜੀਵਨ ਦੀ ਅਰਥਹੀਨਤਾ ਨੂੰ ਸਮਝਦੇ ਹੋਏ ਗੁਰੂ ਨਾਨਕ ਬਾਣੀ ਦੀ ਪ੍ਰਸੰਗਕਤਾ ਨੂੰ ਰੱਖਣਾ ਇਕ ਵੱਡੀ ਵੰਗਾਰ ਹੈ। ਇਸ ਲਈ ਗੁਰੂ ਨਾਨਕ ਬਾਣੀ ਦੇ ਵਿਚ ਪਏ ਉਸ ਗਿਆਨ ਨੂੰ ਪਛਾਣਨਾ ਹੋਵੇਗਾ ਜੋ ਵਿਸ਼ਵ ਵਿਚ ਅਜੋਕੇ ਮਾਨਵ ਜੀਵਨ ਦੇ ਮੁੱਲ ਨੂੰ ਸਥਾਪਤ ਕਰ ਸਕਦਾ ਹੈ। ਇਸ ਸਬੰਧ ਇਹ ਸਮਝਣਾ ਹੋਵੇਗਾ ਕਿ ਅਜੋਕਾ ਦੌਰ ਵਸਤ ਸਮਾਜ (commodity society) ਦਾ ਹੈ। ਜਿਸ ਵਿਚ ਹਰ ਵਸਤ ਦੀ ਕੀਮਤ ਹੈ। ਵਸਤ ਦੀ ਕੀਮਤ ਤਾਂ ਹੈ ਹੀ, ਨੈਤਿਕਤਾ ਵੀ ਵਿੱਕ ਰਹੀ ਹੈ। ਇਸ ਬਾਜ਼ਾਰ ਵਿਚ ਮਨੁੱਖ ਮਾਤਰ ਵਸਤ ਬਣ ਕੇ ਰਹਿ ਗਿਆ ਹੈ। ਕੀ ਇਹ ਮਨੁੱਖ ਦੀ ਵਿਰਾਸਤ ਹੈ? ਮਨੁੱਖ ਦਾ ਵਸਤ ਬਣਨਾ ਜਾਂ ਮਨੁੱਖ ਨੂੰ ਵਸਤ ਵਾਂਗ ਵਰਤਣਾ ਗੁਰੂ ਨਾਨਕ ਨੂੰ ਇਹ ਦੋਵੇਂ ਹੀ ਸਵੀਕਾਰ ਨਹੀਂ। ਵਰਤਮਾਨ ਸਮਾਜ ਦੇ ਮਨੁੱਖ ਨੂੰ ਉਸ ਦੇ ਵਸਤ ਵਾਲੇ ਜੀਵਨ ਸੱਚ ਦਾ ਅਹਿਸਾਸ ਕਰਵਾਉਣਾ ਅਤੇ ਫਿਰ ਗੁਰੂ ਨਾਨਕ ਬਾਣੀ ਵਿਚ ਪਏ ਜੀਵਨ ਆਚਾਰ ਦੇ ਸੰਕਲਪ ਨੂੰ ਸਪੱਸ਼ਟ ਕਰਨ ਨਾਲ ਇਸ ਬਾਣੀ ਦੀ ਪ੍ਰਸੰਗਕਤਾ ਦੇ ਪਹਿਲੇ ਪੜਾਅ ਨੂੰ ਤੈਅ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਜੀਵਨ ਆਚਾਰ ਦੀ ਬਾਰ ਬਾਰ ਗੱਲ ਕਰਦੇ ਹਨ। ‘ਸਚਹੁ ਓਰੈ ਸਭੁ ਕੋ ਉਪਰਿ ਸਚ ਆਚਾਰੁ’ (ਸ.ਗ.ਗ.ਸ., ਮ. ਪਹਿਲਾ, 62) ਜਾਂ ‘ਆਚਾਰੀ ਨਹੀ ਜੀਤਿਆ ਜਾਇ’ (ਸ.ਗ.ਗ.ਸ., ਮ. ਪਹਿਲਾ, 355) ਜਾਂ ‘ਗਲੀ ਅਸੀ ਚੰਗੀਆ ਆਚਾਰੀ ਬੁਰੀਆਹ’ (ਸ.ਗ.ਗ.ਸ., ਮ. ਚੌਥਾ, 85) ਅਜਿਹੇ ਵਿਚਾਰ ਹਨ ਜੋ ਗੁਰੂ ਹੋਰਾਂ ਨੇ ਮਨੁੱਖੀ ਜੀਵਨ ਵਿਹਾਰ ਨੂੰ ਸਮਝਦਿਆਂ ਹੋਇਆਂ ਪੇਸ਼ ਕੀਤੇ ਹਨ। ਇਸ ਵਿਚ ਸੱਚ ਦੀ ਅਹਿਮੀਅਤ ਵੀ ਦਰਸਾਈ ਗਈ ਹੈ ਪਰ ਨਾਲ ਹੀ ਇਸ ਸੱਚ ਤੋਂ ਵੀ ਉੱਪਰ ਆਚਾਰ ਦਾ ਮੁੱਲ ਅਤੇ ਮਹੱਤਵ ਵਧੇਰੇ ਕਿਹਾ ਗਿਆ ਹੈ। ਇਹ ਮਨੁੱਖੀ ਨੈਤਿਕਤਾ ਦਾ ਪਹਿਲਾ ਪਾਠ ਹੈ ਜਿਸ ‘ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ। ਪਰ ਅਜੋਕਾ ਯੁੱਗ ਇਸ ਪਾਠ ਨੂੰ ਭੁੱਲ ਚੁੱਕਾ ਹੈ ਜਿਸ ਨੂੰ ਗੁਰੂ ਨਾਨਕ ਬਾਣੀ ਦੇ ਹਵਾਲੇ ਨਾਲ ਦੁਬਾਰਾ ਯਾਦ ਕਰਵਾਇਆ ਜਾ ਸਕਦਾ ਹੈ। ਅਜੋਕੇ ਦੌਰ ਵਿਚ ਧਰਮ ਦੀ ਵਾਪਸੀ ਬਾਰੇ ਵਿਚਾਰ ਹੋ ਰਿਹਾ ਹੈ। ਇਕ ਪਾਸੇ ਧਰਮ ਦੇ ਸਭਿਆਚਾਰਕ ਮਹੱਤਵ ਉੱਪਰ ਚਿੰਤਨ ਹੋ ਰਿਹਾ ਹੈ। ਦੂਸਰੇ ਪਾਸੇ ਟੀ.ਵੀ. ਚੈਨਲਾਂ ਅਤੇ ਵੱਡੇ ਵੱਡੇ ਧਰਮ ਅਸਥਾਂਨਾਂ ‘ਤੇ ਜਿਸ ਤਰ੍ਹਾਂ ਦਾ ਧਰਮ ਵਿਚਾਰ ਪੇਸ਼ ਕੀਤਾ ਜਾ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। (ਵਿਅੰਗ ਇਹ ਹੈ ਕਿ 19ਵੀਂ ਸਦੀ ਵਿਚ ਰੱਬ ਦੀ ਮੌਤ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਮਨੁੱਖ ਉਸ ਦੀ ਥਾਂ ਖੁਦ ਲੈਣ ਲਈ ਨਿਰੰਤਰ ਜਤਨਸ਼ੀਲ ਹੈ।) ਇਥੇ ਜਦੋਂ ਅਸੀਂ ਗੁਰੁ ਨਾਨਕ ਦੇ ਰੱਬ ਅਤੇ ਧਰਮ ਬਾਰੇ ਸੰਕਲਪ ਨੂੰ ਵਿਚਾਰਦੇ ਹਾਂ ਤਾਂ ਇਸ ਦੇ ਅਜੋਕੇ ਪ੍ਰਸੰਗ ਵਿਚ ਮਹੱਤਵ ਦੀ ਪਛਾਣ ਹੁੰਦੀ ਹੈ। ਗੁਰੂ ਨਾਨਕ ਦਾ ਧਰਮ ‘ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥’ (ਸ.ਗ.ਗ.ਸ., ਮ. ਪਹਿਲਾ, 474) ਜਾਂ ‘ਘਾਲਿ ਖਾਇ ਕਿਛੁ ਹਥਹੁ ਦੇਇ’ (ਸ.ਗ.ਗ.ਸ., ਮ. ਚੌਥਾ, 1245) ਜਾਂ ‘ਹਸੰਦਿਆ ਖੇਲੰਦਿਆ ਪੈਨੰਦਿਆ ਵਿਚੇ ਹੋਵੈ ਮੁਕਤਿ’ (ਸ.ਗ.ਗ.ਸ., ਮ. ਪੰਜਵਾਂ, 522) ਦਾ ਹੈ, ਜੋ ਮਾਨਵ ਨੂੰ ਜੀਵਨ ਦੀ ਵਿਹਾਰਕਤਾ ਨਾਲ ਜੋੜ ਕੇ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਜਦੋਂ ਰੱਬ ਨੂੰ ਇਕ ਅਤੇ ਅਕਾਲ ਪੁਰਖ ਕਹਿੰਦੇ ਹਨ ਤਾਂ ਉਸ ਸਮੇਂ ਉਹ ਸਮੂਹ ਮਾਨਵ ਨੂੰ ਇਕ ਜਮਾਤ ਦੇ ਰੂਪ ਵਿਚ ਚਿਤਵਦੇ ਹਨ। ਕਿਸੇ ਦੁਨਿਆਵੀ ਹਸਤੀ ਨੂੰ ਰੱਬ ਮੰਨਣਾ ਗੁਰੂ ਨਾਨਕ ਨੂੰ ਸਵੀਕਾਰ ਨਹੀਂ। ਕਿਉਂਕਿ ਇਸ ਕਾਰਨ ਹੀ ਸਮੁੱਚੀਆਂ ਵੰਡੀਆਂ ਪਈਆਂ ਹੋਈਆਂ ਹਨ। ਹਰ ਸਮੂਹ ਆਪਣਾ ਰੱਬ ਬਣਾ ਕੇ ਬੈਠਾ ਹੋਇਆ ਹੈ। ਗੁਰੂ ਨਾਨਕ ਦਾ ਰੱਬ ਬਾਰੇ ਇਹ ਸੰਕਲਪ ਸਮੁੱਚੇ ਵਿਸ਼ਵ ਨੂੰ ਇਕ ਸੂਤਰ ਵਿਚ ਪਿਰੋਣ ਦਾ ਕਾਰਜ ਕਰ ਸਕਦਾ ਹੈ। |
*****
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 19 ਦਸੰਬਰ 2010) *** |
ਪ੍ਰੋਫ਼ੈਸਰ, ਪੰਜਾਬੀ ਵਿਭਾਗ,
ਕੁਰੂਕੁਸ਼ੇਤਰ ਯੁਨੀਵਰਸਿਟੀ, ਕੁਰੂਕੁਸ਼ੇਤਰ।
ਮੋਬਾਈਲ +919416412585
e-mail:hssrkuk@yayoo.com