26 April 2024

ਮੈਂ ਵਿਕਾਊ ਹਾਂ – ਹਰਬੀਰ ਸਿੰਘ ਭੰਵਰ

ਮੈਂ ਵਿਕਾਊ ਹਾਂ। ਮੇਰਾ ਕੋਈ ਸਿਧਾਂਤ ਨਹੀਂ ਹੈ, ਕੋਈ ਅਸੂਲ ਨਹੀਂ ਹੈ, ਕੋਈ ਜਮੀਰ ਨਹੀਂ ਹੈ। ਬਸ ਮੈਂ ਤਾਂ ਚੌਧਰ ਦਾ ਭੁੱਖਾ ਹਾਂ, ਸੱਤਾਧਾਰੀ ਪਾਰਟੀ ਤੇ ਕੁਰਸੀ ਦੇ ਨੇੜੇ ਰਹਿਣਾ ਚਾਹੁੰਦਾ ਹਾਂ, ਇਸ ਤਰ੍ਹਾਂ ਚਾਰ ਪੈਸੇ ਜੇਬ ਵਿਚ ਪਾਉਣਾ ਚਾਹੁੰਦਾ ਹਾਂ। ਮੈਂ ਆਪਣੀ ਕੀਮਤ ਵੀ ਖੁੱਦ ਹੀ ਨਿਸਚਿਤ ਕਰ ਲਈ ਹੈ, ਖਰੀਦਣਾ ਚਾਹੁੰਦੇ ਹੋ ਤਾਂ ਖਰੀਦ ਲਓ।

ਮੈਂ ਇਕ ਰਾਜਸੀ ਨੇਤਾ ਹਾਂ। ਰੱਬ ਦਾ ਸ਼ੁਕਰ ਹੈ ਕਿ ਧੰਨ ਦੌਲਤ ਦੀ ਕੋਈ ਕਮੀ ਨਹੀਂ ਹੈ। ਤਿੜਕਮਬਾਜ਼ੀ ਕਰਕੇ ਗੈਸ ਏਜੰਸੀ, ਪੈਟਰੋਲ ਪੰਪ, ਬੱਸ ਜਾਂ ਟਰੱਕ ਦਾ ਪਰਮਿਟ, ਕੋਈ ਡੀਪੂ ਆਦਿ ਲੈਣ ਲਈ ਕੋਸ਼ਿਸ਼ ਕਰਦਾ ਰਿਹਾਂ, ਕੁਝ ਨਾ ਕੁਝ ਮਿਲ ਹੀ ਜਾਂਦਾ ਰਿਹਾ ਹੈ। ਆਪਣੀ ਪਾਰਟੀ ਲਈ ਫੰਡ ਇਕੱਠਾ ਕਰ ਕੇ ਗਾਹੇ ਬਗਾਹੇ ਦਿੰਦਾ ਰਹਿੰਦਾ ਹਾਂ। ਪਿਛਲੀਆਂ ਚੋਣਾ ਸਮੇਂ ਆਪਣੀ ਪਾਰਟੀ ਨੂੰ ਚੋਖਾ ਤਕੜਾ ਫੰਡ ਦਿੱਤਾ, ਜਿਸ ਚੋਂ ਆਪਾਂ ਵੀ ਆਪਣਾ ਹਿੱਸਾ ਰਖ ਲਿਆ ਸੀ। ਇਸ ਮਾਇਕ ਸੇਵਾ ਸਦਕਾ ਯਾਰਾਂ ਨੂੰ ਵੀ ਟਿਕਟ ਮਿਲ ਗਈ। ਚੋਣਾਂ ਸਮੇਂ ਹਵਾ ਸਾਡੀ ਪਾਰਟੀ ਦੇ ਹੱਕ ਵਿਚ ਚੱਲ ਰਹੀ ਸੀ, ਜਿਸ ਦਾ ਕਾਰਨ ਮਹਾਤੜ ਵੀ ਜਿੱਤ ਕੇ ਆਪਣੇ ਹਲਕੇ ਤੋਂ ਸੁਬੇ ਦੀ ਵਿਧਾਨ ਸਭਾ ਦੇ ਮੈਂਬਰ ਬਣ ਗਏ। ਸਿਆਸਤ ਵਿਚ ਮੇਰਾ ਕੋਈ ”ਗਾਡ ਫਾਦਰ” ਨਹੀਂ ਹੈ, ਜਿਸ ਕਾਰਨ ਮੰਤਰੀ ਨਾ ਬਣ ਸਕਿਆ। ਮੈਂ ਆਪਣੇ ਮੁੱਖ ਮੰਤਰੀ ਦੀ ਚਮਚਾਗਿਰੀ ਵਿਚ ਕੋਈ ਕਸਰ ਤਾਂ ਨਹੀਂ ਛੱਡੀ ਸੀ ਪਰ ਮੈਥੋਂ ਵੀ ਕਈ ਵੱਡੇ ਅਤੇ ਪੁਰਾਣੇ ”ਚਮਚੇ” ਬੈਠੇ ਸਨ, ਜਿਨ੍ਹਾਂ ਦਾ ਦਾਅ ਲੱਗ ਗਿਆ। ਵਿਧਾਨ ਸਭਾ ਵਿਚ ਸਾਡੀ ਪਾਰਟੀ ਨੂੰ ਇਤਨੀ ਜਿਆਦਾ ਬਹੁ-ਗਿਣਤੀ ਹੈ ਕਿ ਮੁੱਖ ਮੰਤਰੀ ਮੇਰੇ ਵਰਗੇ ਐਮ.ਐਲ.ਏ. ਦੀ ਉਕਾ ਹੀ ਪ੍ਰਵਾਹ ਨਹੀਂ ਕਰਦੇ ਸਨ। ਕਿਸੇ ਨਿੱਕੇ ਮੋਟੇ ਕੰਮ ਲਈ ਵੀ ਮੰਤਰੀਆਂ ਦੇ ਤਰਲੇ ਕਰਨੇ ਪੈਂਦੇ ਸਨ।

ਪਿਛਲੇ ਕੁਝ ਦਿਨਾਂ ਤੋਂ ਸਾਡੀ ਪਾਰਟੀ ਦੇ ਇਕ ਬਜ਼ੁਰਗ ਨੇਤਾ ਝੰਡਾ ਸਿੰਘ ਜੋ ਖੁਦ ਵੀ ਇਕ ਮੰਤਰੀ ਹਨ, ਨੇ ਮੁੱਖ ਮੰਤਰੀ ਵਿਰੁੱਧ ਬਗਾਵਤ ਦਾ ਝੰਡਾ ਚੁਕ ਲਿਆ ਅਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਨੂੰ ਬਦਲਿਆ ਜਾਏ। ਮੁੱਖ ਮੰਤਰੀ ਜੀ ਦਾਅਵਾ ਕਰ ਰਹੇ ਹਨ ਕਿ ਵਿਧਾਇਕਾਂ ਦੀ ਬਹੁ-ਗਿਣਤੀ ਉਨ੍ਹਾਂ ਨਾਲ ਹੈ, ਜਦੋਂ ਕਿ ਝੰਡਾ ਸਿੰਘ ਵੀ ਜਵਾਬੀ ਦਾਅਵਾ ਕਰ ਰਹੇ ਹਨ, ਕਿ ਬਹੁਤੇ ਵਿਧਾਇਕ ਉਨ੍ਹਾਂ ਨਾਲ ਖੜੇ ਹਨ। ਸਾਡੀ ਪਾਰਟੀ ਦੀ ਹਾਈ-ਕਮਾਂਡ ਹਾਲੇ ਚੁੱਪ ਹੈ। ਉਨ੍ਹਾਂ ਦਾ ਖਿਆਲ ਹੈ ਕਿ ਦੱਧ ਦੇ ਉਬਾਲ ਵਾਂਗ ਛੇਤੀ ਹੀ ਸ਼ੁਭ ਕੁਝ ਸ਼ਾਂਤ ਹੋ ਜਾਏਗਾ। ਸੱਚੀ ਗੱਲ ਤਾਂ ਇਹ ਹੈ ਕਿ ਹਾਈ ਕਮਾਂਡ ਵੀ ਵੰਡੀ ਹੋਈ ਹੈ। ਮੁੱਖ ਮੰਤਰੀ ਅਤੇ ਝੰਡਾ ਸਿੰਘ ਦੋਨਾਂ ਦੇ ਹੀ ਉਥੇ ”ਗਾਡ ਫਾਦਰ” ਬੈਠੇ ਹਨ।

ਮੇਰੇ ਵਰਗੇ ਅਣਗੌਲੇ ਵਿਧਾਇਕਾਂ ਲਈ ਦੋਨੋ ਲੀਡਰਾਂ ਦੀ ਆਪਣੀ ਲੜਾਈ ਬੜੀ ਲਾਹੇਬੰਦ ਸਿੱਧ ਹੋ ਰਹੀ ਹੈ, ਹੁਣ ਪਹਿਲੀ ਵਾਰੀ ਸਾਡੀ ਪੁਛ ਗਿਛ ਹੋਣ ਲਗੀ ਹੈ।ਅਜੇਹੀ ਹਾਲਤ ਵਿਚ ਹੁਣ ਦੋਨੋ ਧੜੇ ਅਪਣੇ ਅਪਣੇ ਵਲ ਖਿੱਚਣ ਦਾ ਯਤਨ ਕਰ ਰਹੇ ਹਨ ਅਤੇ ਸਬਜ਼ ਬਾਗ਼ ਦਿਖਾ ਰਹੇ ਹਨ। ਮੈਂ ਹਾਲੇ ਕਿਸੇ ਨੰ ਹਾਮੀ ਨਹੀਂ ਭਰੀ, ਹਾਲਾਤ ਦਾ ਜਾਇਜ਼ਾ ਲੈ ਰਿਹਾ ਹਾਂ, ਜਿਹੜਾ ਪਲੜਾ ਭਾਰੀ ਲਗੇ ਗਾ,ਆਪਾਂ ਟਪੂਸੀ ਮਾਰ ਕੇ ਉਧਰ ਜਾ ਖੜਾਂ ਗੇ। ਮੁਖ ਮੰਤਰੀ ਨੇ ਜੇ ਮੈਨੂੰ ਵੀ ਝੰਡੀ ਵਾਲੀ ਕਾਰ ਜਾਂ ਕਿਸੇ ਨਿਗਮ ਜਾਂ ਬੋਰਡ ਦਾ ਚੇਅਰਮੈਨ ਬਣਾ ਦਿਤਾ ਤਾਂ ਉਨ੍ਹਾਂ ਨਾਲ ਖੜਾਂ ਗਾ, ਨਹੀਂ ਤਾ ਬਾਗ਼ੀ ਧੜੇ ਨਾਲ ਯਾਰੀ ਨਿਭਾਵਾਂ ਗਾ।ਇਸ ਸਮੇਂ ਤਾਂ ਯਾਰਾਂ ਦੇ ਦੋਨੋ ਹੱਥ ਲੱਡੂ ਹਨ।

ਮੈਂ ਇਕ ਬੁਧੀਜੀਵੀ ਹਾਂ। ਰੱਬ ਦੀ ਮਿਹਰ ਨਾਲ ਚੰਗਾ ਨਾਂਅ ਹੈ। ਸਾਡੀ ਸਿਆਸੀ ਪਾਰਟੀ ਦੀਆਂ ਤਿੰਨ ਚਾਰ ਬੁਧੀਜੀਵੀ ਕੌਂਸਲਾਂ ਹਨ, ਜੋ ਕਿਸੇ ਨਾ ਕਿਸੇ ਇਕ ਲੀਡਰ ਨਾਲ ਜੁੜੀਆਂ ਹੋਈਆਂ ਹਨ। ਸਾਡੇ ਮੁਖ ਮੰਤਰੀ, ਜੋ ਪਾਰਟੀ ਪ੍ਰਧਾਨ ਵੀ ਹਨ, ਤੇ ਬਜ਼ੁਰਗ ਨੇਤਾ ਝੰਡਾ ਸਿੰਘ ਵਿਚ ਪਿਛਲੇ ਕੁਝ ਦਿਨਾਂ ਤੋਂ ” ਸੁਪਰਮੇਸੀ” ਲਈ ਰੇੜਕਾ ਚਲ ਰਿਹਾ ਹੈ। ਸਾਰੇ ਬੁਧੀਜੀਵੀ ਵੀ ਵੰਡੇ ਹੋਏ ਹਨ, ਕੋਈ ਮੁਖ ਮੰਤਰੀ ਦੇ ਪੱਖ ਵਿਚ ਬਿਆਨ ਦਾਗ਼ ਰਿਹਾ ਹੈ, ਕੋਈ ਝੰਡਾ ਸਿੰਘ ਦੇ ਹੱਕ ਵਿਚ। ਮੈਂ ਤਾਂ ਹਾਲੇ ਰੰਗ ਢੰਗ ਰੇਖ ਰਿਹਾ ਹਾਂ, ਵੈਸੇ ਅੱਖ ਮਟੱਕਾ ਦੋਨਾਂ ਨਾਲ ਚਲ ਰਿਹਾ ਹੈ। ਪੇਸ਼ੇ ਵਜੋਂ ਮੈਂ ਇਕ ਪ੍ਰਾਈਵੇਟ ਕਾਲਜ ਵਿਚ ਪ੍ਰੋਫੈਸਰ ਦੇ ਤੌਰ ‘ਤੇ ਕੰਮ ਕਰ ਰਿਹਾ ਹਾਂ। ਸਾਡੇ ਸੂਬੇ ਵਿਚ ਇਕ ਦਰਜਨ ਦੇ ਕਰੀਬ ਯੂਨੀਵਰਸਿਟੀਆਂ ਹਨ। ਮੁਖ ਮੰਤਰੀ ਕਿਸੇ ਯੁਨੀਵਰਸਿਟੀ ਦਾ ਵਾਈਸ-ਚਾਂਸਲਰ ਜਾਂ ਪ੍ਰੋ-ਵਾਈਸ-ਚਾਂਸਲਰ ਬਣਾ ਦੇਣ, ਜੋ ਮਰਜ਼ੀ ਹੈ ਬਿਆਨ ਦਿਲਵਾ ਲੈਣ, ਕੋਰੇ ਕਾਗ਼ਜ਼ ਤੇ ਹਸਤਾਖਰ ਕਰ ਕੇ ਦੇਣ ਨੂੰ ਤਿਆਰ ਹਾਂ। ਨਹੀਂ ਥਾ ਝੰਡਾ ਸਿੰਘ ਨਾਲ ਹੀ ਯਾਰੀ ਨਿਭਾਵਾਂਗੇ।

ਮੈਂ ਇਕ ਪੱਤਰਕਾਰ ਹਾ। ਦਰਅਸਲ ਪੱਤਰਕਾਰੀ ਖੇਤਰ ਵਿਚ ਸਬੱਬ ਨਾਲ ਹੀ ਆ ਗਿਆ, ਪੜ੍ਹ ਲਿਖ ਕੇ ਬੜੇ ਯਤਨ ਕੀਤੇ, ਕਿਤੇ ਨੌਕਰੀ ਨਹੀਂ ਮਿਲੀ। ਦੇਖਿਆ ਕਿ ਪੱਤਰਕਾਰਾਂ ਦੀ ਬੜੀ ਟੌਹਰ ਹੈ, ਸਰਕਾਰੇ ਦਰਬਾਰੇ ਉਨ੍ਹਾ ਦੀ ਕਦਰ ਹੈ, ਵੱਡੇ ਵੱਡੇ ਅਫਸਰਾਂ ਦੁ ਦਫਤਰਾਂ ਵਿਚ ਸਿੱਧੇ ਜਾ ਵੜਦੇ ਹਨ, ਉਨ੍ਹਾ ਦੇ ਸਾਰੇ ਕੰਮ ਮਿੰਟਾਂ ਸਕਿੰਟਾਂ ਵਿਚ ਹੋ ਜਾਂਦੇ ਹਨ। ਇਹ ਵੀ ਦੇਖਿਆ ਐਰਾ ਗੈਰਾ ਨੱਥੂ ਖਰਾ ਪੱਤਰਕਾਰ ਬਣਿਆ ਫਿਰਦਾ ਹੈ, ਨਾ ਡਾਕਟਰਾਂ ਤੇ ਵਕੀਲਾਂ ਵਾਗ ਕਿਸੇ ਵਿਸ਼ੇਸ ਸਿਖਿਆ ਤੇ ਟਰੇਨਿੰਗ ਦੀ ਲੋੜ। ਇਕ ਛੋਟੇ ਜਿਹੇ ਅਖ਼ਬਾਰ ਦਾ ਪੱਤਰ ਪ੍ਰੇਰਕ ਘਸੀਟਾ ਸਿੰਹੁ ਮੇਰੇ ਨਾਲੋਂ ਵੀ ਪੜ੍ਹਣ ਲਿਖਣ ਨੂੰ ਢਿੱਲਾ ਸੀ, ਪਰ ਅਜ ਉਹ ਆਪਣੇ ਆਪ ਨੂੰ ਕੁਲਦੀਪ ਨਈਅਰ ਜਾਂ ਖੁਸ਼ਵੰਤ ਸਿੰਘ ਵਰਗਾ ਵੱਡਾ ਪੱਤਰਕਾਰ ਸਮਝ ਰਿਹਾ ਹੈ। ਬਸ ਕਿਸੇ ਪੱਤਰਕਾਰ ਪਾਸ ਚਾਰ ਦਿਨ ਬੈਠੇ , ਪੱਤਰਕਾਰੀ ਆ ਗਈ, ਮੈਂ ਵੀ ਉਸ ਪਾਸ ਚਾਰ ਦਿਨ ”ਟਰੇਨਿੰਗ” ਲੈ ਕੇ ਉਸ ਨਾਲ ਪੱਤਰਕਾਰ ਬਣ ਗਿਆ ਹਾਂ। ਹੁਣ ਮਿੱਤਰਾਂ ਦੀ ਵੀ ਚਾਂਦੀ ਹੈ, ਸਾਰੇ ਲੀਡਰ ਆਪਣੇ ਯਾਰ ਬਣੇ ਹੋਏ ਹਨ, ਕੋਈ ਕੰਮ ਰੁਕਦਾ ਨਹੀਂ। ਲੀਡਰਾਂ ਨੂੰ ਬਲੈਕ-ਮੇਲ ਵੀ ਦੱਬ ਕੇ ਕਰੀਦਾ ਹੈ ਅਤੇ ਉਨ੍ਹਾਂ ਤੋਂ ਆਪਣੇ ਤੇ ਆਪਣੇ ਯਾਰਾਂ ਮਿੱਤਰਾਂ ਦੇ ਕੰਮ ਵੀ ਕਰਵਾਈਦੇ ਹਨ, ਇਸ ਨਾਲ ਵੀ ਮੈਨੂੰ ਚਾਰ ਪੈਸੇ ਬਣ ਜਾਂਦੇ ਹਨ।

ਜੀ ਹਾਂ, ਮੈਂ ਇਕ ਅਖ਼ਬਾਰ ਦਾ ਮਾਲਕ ਵੀ ਹਾਂ ਤੇ ਮੁਕ-ਸੰਪਾਦਕ ਵੀ। ਆਪਾਂ ਨੂੰ ਪ੍ਰੈਸ ਦੇ ਨਿਯਮਾਂ, ਕਾਨੂੰਨਾਂ ਤੇ ਨੈਤਿਕ ਕਦਰਾਂ ਕੀਮਤਾਂ ਦੀ ਕੋਈ ਪਰਵਾਹ ਨਹੀਂ। ਅਖ਼ਬਾਰ ਵਾਸਤੇ ਇਸ਼ਤਿਹਰ ਚਾਹੀਦੇ ਹਨ। ਇਸ ਲਈ ਕਿਸੇ ਵੀ ਸਰਕਾਰੀ ਜਾਂ ਗੈਰ-ਸਰਕਾਰੀ ਅਦਾਰੇ, ਸਨਅਤੀ ਅਦਾਰੇ, ਰਾਜਸੀ ਜਾਂ ਧਾਰਮਿਕ ਨੇਤਾ, ਕਿਸੇ ਅਧਿਖਾਰੀ ਆਦਿ ਦੇ ਹੱਕ ਵਿਚ ਜਾਂ ਵਿਰੋਧ ਵਿਚ ਕੋਈ ਵੀ ਖ਼ਬਰ ਜਾਂ ਤਸਵੀਰ ਲਗਵਾ ਸਕਦਾ ਹਾਂ, ਭਾਵੇਂ ਇਸ ਨਾਲ ਦੇਸ਼ ਵਿਚ ਗਿੰਸਾ ਭੜਕ ਉਠੇ, ਬੱਸ ਮੇਰੇ ਅਖ਼ਬਾਰ ਦੀ ਸਰਕੂਲੇਸ਼ਨ ਵੱਧਣੀ ਚਾਹੀਦੀ ਹੈ ਤੇ ਇਸ਼ਤਿਹਾਰ ਮਿਲਣੇ ਚਾਹੀਦੇ ਹਨ। ਉਨ੍ਹਾਂ ਵਿਰੁਧ ਖ਼ਬਰ ਆਈ ਹੋਵੇ,ਤਾਂ ਇਸ਼ਤਿਹਾਰ ਜਾਂ ਪੈਸੇ ਲੈ ਕੇ ਰੁਕਵਾ ਸਕਦਾ ਹਾਂ।

ਇਹ ਜਿਹੜਾ ਸਾਡੇ ਮੁਖ ਮੰਤਰੀ ਤੇ ਝੰਡਾ ਸਿੰਘ ਵਿਚਕਾਰ ”ਸੁਪਰਮੇਸੀ” ਲਈ ਸੀਤ ਯੁਧ ਚਲ ਰਿਹਾ ਹੈ, ਦੋਨੋ ਧੜੇ ਮੇਰੇ ਪਾਸ ਖਬਰਾਂ ਲਗਵਾਉਣ ਲਈ ਦੌੜੇ ਰਹਿੰਦੇ ਹਨ। ਮੈਂ ਕਿਹਾ ਹੈ ਕਿ ਆਪਣੀ ਕਲਮ ਤਾਂ ਵਿਕਾਊ ਹੈ,ਜੋ ਮਰਜ਼ੀ ਹੈ, ਖਬਰ ਲਿਖਵਾ ਲਓ। ਕਿਸੇ ਨੇ ਕੋਈ ਖਬਰ ਲਗਵਾਉਣੀ ਹੋਵੇ, ਆਪਾਂ ਵਿਸਕੀ ਦੀ ਬੋਤਲ ਤੇ ਪੈਸੇ ਪਹਿਲਾਂ ਧਰਾ ਲਈਦੇ ਹਨ, ਜਿੰਨਾ ਗੁੜ ਉਤਨਾ ਹੀ ਮਿੱਠਾ, ਮੈਂ ਇਸ ਵਿਚ ਸ਼ਰਮ ਵਾਲੀ ਕੋਈ ਗਲ ਨਹੀਂ ਸਮਝਦਾ, ਮੇਰੇ ਕਿਹੜਾ ਹਲ ਚਲਦੇ ਹਨ, ਆਖਰ ਪੈਸੇ ਦੀ ਮੈਨੂੰ ਵੀ ਲੋੜ ਹੈ। ਮੁਖ ਮੰਰੀ ਵਲੋਂ ਆਪਣੇ ਹੱਕ ਵਿਚ ਖਬਰਾਂ ਲਗਵਾਉਣ ਲਈ ਜ਼ਿਆਦਾ ਦਬਾਓ ਪੈ ਰਿਹਾ ਹੈ। ਮੈਂ ਉਨ੍ਹਾ ਦੇ ਚਮਚਿਆਂ ਨੂੰ ਕਹਿ ਦਿਤਾ ਹੈ ਕਿ ਭਾਵੇਂ ਮੇਰੇ ਬਾਜ਼ੀ ਨੇਤਾ ਝੰਡਾ ਸਿੰਘ ਨਾਲ ਵੀ ਚੰਗੇ ਸਬੰਦ ਹਨ ਪਰ ਮੁਖ ਮੰਤਰੀ ਜੀ ਮੈਨੂੰ ਰਾਜ ਸਭਾ ਵਿਚ ਭਿਜਵਾਉਣ ਦਾ ਵਾਂਅਦਾ ਕਰ ਲੈਣ ਜਾਂ ਪਬਲਿਕ ਸਰਵਿਸਜ਼ ਕਮਿਸ਼ਨ ਦਾ ਛਵੀ ਮਿੱਧੂ ਵਾਂਗ ਚੇਅਰਮੈਨ ਬਣਾ ਦੇਣ, ਮੈਥੋਂ ਜੋ ਮਰਜ਼ੀ ਹੈ ਲਿਖਵਾ ਲੈਣ, ਆਪਾਂ ਝੰਡਾ ਸਿੰਘ ਦੇ ਪੱਤਰੇ ਉਡਾ ਦੇਵਾਂ ਗੇ, ਮੇਰਾ ਕਿਹੜਾ ਉਹ ਮਾਸੀ ਦਾ ਪੁੱਤ ਹੈ।ਜੇ ਉਨ੍ਹਾਂ ਹਾਮੀ ਨਾ ਭਰੀ ਤਾਂ ਆਪਾਂ ਝੰਡਾ ਸਿੰਘ ਦਾ ਸਾਥ ਦਿਆਂ ਗੇ ਅਤੇ ਮੁਖ ਮੰਤਰੀ ਨੂੰ ਦਿਨੇ ਹੀ ਤਾਰੇ ਦਿਖਾ ਦਿਆਂ ਗੇ।

ਮੈਂ ਇਕ ਵਕੀਲ ਹਾਂ, ਮੇਰਾ ਕੰਮ ਆਪਣੇ ਸਾਇਲ ਦੇ ਕੇਸ ਨੂੰ ਜਿੱਤਣ ਲਈ ਸਾਰਾ ਜ਼ੋਰ ਲਗਾਉਣਾ ਹੈ, ਅਦਾਲਤ ਵਿਚ ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਨਾ ਹੈ। ਆਪਾਂ ਨੂੰ ਤਾਂ ਪੈਸੇ ਚਾਹੀਦੇ ਹਨ, ਭਾਵੇ ਕਿਸੇ ਕਾਤਲ ਜਾਂ ਕੱਤਲ ਹੋਏ ਵਿਅਕਤੀ ਦੇ ਪਰਿਵਾਰ ਦਾ, ਕਿਸੇ ਲੁਟੇ ਗਏ ਵਿਅਕਤੀ ਜਾਂ ਡਾਕੂ ਦਾ ਬਲਾਤਕਾਰ ਦਾ ਸ਼ਿਕਾਰ ਕੋਈ ਮਜ਼ਲੂਮ ਔਰਤ ਜਾਂ ਬਲਾਤਕਾਰੀ, ਕੋਈ ਦੇਵਤੇ ਵਰਗਾ ਵਿਅਕਤੀ ਜਾਂ ਸ਼ੈਤਾਨ ,ਕੋਈ ਸ੍ਰੀਫ ਮਾਲਕ ਮਕਾਨ ਜਾਂ ਮੱਕਾਰ ਕਿਰਾਏਦਾਰ, ਕੋਈ ਦੇਸ਼ ਭਗਤ ਜਾਂ ਦੇਸ਼ ਨਾਲ ਗੱਦਾਰੀ ਕਰਨ ਵਾਲੇ ਦਾ ਵੀ ਕੇਸ ਹੋਵੇ, ਆਪਾਂ ਮੋਟੀ ਤਕੜੀ ਰਕਮ ਚਾਹੀਦੀ ਹੇ, ਉਹ ਲੈ ਕੇ ਕੇਸ ਲੜਾਂ ਗੇ। ਕਿਤੇ ਕੋਰਟ ਵਿਚ ਮੁਕੱਦਮਾ ਲੜ ਰਹੀਆਂ ਦਾ ਸਮਝੌਤਾ ਹੋਣ ਲਗੇ, ਆਪਾਂ ਹੋਣ ਨਹੀਂ ਦਿੰਦੇ, ਜੇ ਇਸ ਤਰ੍ਹਾਂ ਸਮਝੌਤੇ ਹੋਣ ਲਗੇ, ਤਾਂ ਸਾਨੂੰ ਕੌਣ ਪੁਛੇ ਗਾ ? ਅਪਣੀ ਕੋਈ ਜ਼ਮੀਰ ਨਹੀਂ, ਕੋਈ ਸਿਧਾਂਤ ਨਹੀਂ, ਬਸ ਪੈਸਾ ਚਾਹੀਦਾ ਹੈ। ਮੈਂ ਤਾਂ ਪੈਸੇ ਲੈ ਕੇ ਆਪਣੇ ਸਾਇਲ ਨਾਲ ਉਸਦੀ ਵਕਾਲਤ ਕਰਨ ਲਈ ਧਰਮ-ਰਾਜ ਦੀ ਅਦਾਲਤ ਵਿਚ ਜਾਣ ਲਈ ਵੀ ਤਿਆਰ ਹਾਂ।

ਜੀ ਹਾਂ, ਮੈਂ ਵਿਕਾਊ ਹਾਂ। ਆਪਣੀ ਕੀਮਤ ਆਪ ਹੀ ਮਿੱਥ ਕੇ ਅਤੇ ਸੀਸ ਹਥੇਲੀ ‘ਤੇ ਰਖ ਰਖ ਕੇ ਵਿੱਕਣ ਲਈ ਤੁਰ ਪਿਆ ਹਾਂ, ਖਰੀਦਣਾ ਚਾਹੁੰਦੇ ਹੋ ਤਾਂ ਖਰੀਦ ਲਓ।

ਟਿੱਪਣੀ: ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ। —ਲਿਖਾਰੀ

(ਪਹਿਲੀ ਵਾਰ ਛਪਿਆ 7 ਮਾਰਚ 2010)
(ਦੂਜੀ ਵਾਰ 8 ਸਤੰਬਰ 2021)

***
329
***

About the author

ਹਰਬੀਰ ਸਿੰਘ ਭੰਵਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ

ਹਰਬੀਰ ਸਿੰਘ ਭੰਵਰ

# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ

View all posts by ਹਰਬੀਰ ਸਿੰਘ ਭੰਵਰ →