22 July 2024

ਅਦੀਬ ਸਮੁੰਦਰੋਂ ਪਾਰ ਦੇ : ਡੂੰਘੇ ਅਦਬੀ ਵਿਵੇਕ ਦਾ ਮਾਲਕ ਸੰਤੋਖ ਸਿੰਘ ਹੇਅਰ — ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (27 ਨਵੰਬਰ 2022 ਨੂੰ) 89ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਡੂੰਘੇ ਅਦਬੀ ਵਿਵੇਕ ਦਾ ਮਾਲਕ ਸੰਤੋਖ ਸਿੰਘ ਹੇਅਰ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਸੰਤੋਖ ਸਿੰਘ ਹੇਅਰ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਸੰਤੋਖ ਸਿੰਘ ਹੇਅਰ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਦੀਬ ਸਮੁੰਦਰੋਂ ਪਾਰ ਦੇ :
ਡੂੰਘੇ ਅਦਬੀ ਵਿਵੇਕ ਦਾ ਮਾਲਕ ਸੰਤੋਖ ਸਿੰਘ ਹੇਅਰ
-ਹਰਮੀਤ ਸਿੰਘ ਅਟਵਾਲ-

ਕਿਸੇ ਵੀ ਵਿਵੇਕਸ਼ੀਲ ਬੰਦੇ ਨੂੰ ਸਿਦਕ ਦਿਲੀ ਤੇ ਮਾਨਵੀ ਵਚਨਬੱਧਤਾ ਦੀ ਅਹਿਮੀਅਤ ਬਾਖੂਬੀ ਪਤਾ ਹੁੰਦੀ ਹੈ। ਅਦਬ ਦੇ ਖੇਤਰ ਵਿਚਲਾ ਅਜਿਹਾ ਸ਼ਖ਼ਸ ਤਾਂ ਸਬੰਧਿਤ ਖੇਤਰ ਲਈ ਇਕ ਤਰ੍ਹਾਂ ਦਾ ਵਰਦਾਨ ਹੋ ਨਿਬੜਦਾ ਹੈ। ਬਰਤਾਨੀਆ ਦੇ ਸ਼ਹਿਰ ਕਾਵੈਂਟਰੀ ’ਚ ਵੱਸਦਾ ਡੂੰਘੇ ਅਦਬੀ ਵਿਵੇਕਵਾਲਾ ਬਹੁਪੱਖੀ ਸਾਹਿਤਕ ਪ੍ਰਤਿਭਾ ਦਾ ਮਾਲਕ ਅਦੀਬ ਸੰਤੋਖ ਸਿੰਘ ਹੇਅਰ ਇਕ ਕਾਬਲ ਕਵੀ ਵੀ ਹੈ ਤੇ ਕਮਾਲ ਦਾ ਕਹਾਣੀਕਾਰ ਵੀ। ਉਸ ਦੀ ਚੇਤੰਨ ਬੁੱਧੀ ਉਸ ਨੂੰ ਇਸ ਗੱਲ ਦੀ ਤਿੱਖੀ ਤੇ ਡੂੰਘੀ ਸਮਝ ਦਿੰਦੀ ਹੈ ਕਿ ਉਸਨੇ ਕਿੱਥੇ, ਕੀ ਤੇ ਕਿਵੇਂ ਕਹਿਣਾ ਹੈ। ਇਸੇ ਸੂਝ, ਸਮਝ ਤੇ ਸਮਰੱਥਾ ਸਦਕਾ ਉਹ ਆਪਣੀਆਂ ਅਦਬੀ ਰਚਨਾਵਾਂ ’ਚ ਧੱਕਾ ਸਹਿੰਦੀਆਂ ਧਿਰਾਂ ਦੀ ਸੰਵੇਦਨਾ ਨੂੰ ਵੀ ਸਿਰਜਦਾ ਹੈ ਤੇ ਆਪਣੇ ਰਚਨਾਤਮਕ ਧਰਮ ਨੂੰ ਵੀ ਕਾਇਮ ਰੱਖਦਾ ਹੈ। ਕਿਸੇ ਵੀ ਤਰ੍ਹਾਂ ਦੀ ਰੁਦਨਮਈ ਰੁਚੀ ਤੋਂ ਮੁਕਤ ਉਸ ਦਾ ਕਾਵਿ-ਸੰਸਾਰ ਲੋਕ ਗੀਤਾਂ ਵਰਗੀ ਸਰਲ ਸੁਰ ਦਾ ਧਾਰਨੀ ਹੈ ਤੇ ਉਸ ਦੀਆਂ ਕਥਾ ਕਿਰਤਾਂ ਵੀ ਅਧਿਐਨ ਦੌਰਾਨ ਪੜ੍ਹਨ ਵਾਲੇ ਦੇ ਮਨ-ਮਸਤਕ ਵਿਚ ਘਰ ਕਰਦੀਆਂ ਜਾਂਦੀਆਂ ਹਨ ਤੇ ਅੰਤ ’ਚ ਚਿੰਤਨ-ਮੰਥਨ ਲਈ ਉਤਸ਼ਾਹਿਤ ਵੀ ਕਰਦੀਆਂ ਹਨ।

ਸੰਤੋਖ ਸਿੰਘ ਹੇਅਰ ਦਾ ਜਨਮ 12 ਅਪ੍ਰੈਲ 1950 ਨੂੰ ਪਿਤਾ ਚਰਨ ਸਿੰਘ ਤੇ ਮਾਤਾ ਊਧਮ ਕੌਰ ਦੇ ਘਰ ਪਿੰਡ ਲਿੱਤਰਾਂ (ਜਲੰਧਰ) ਵਿਖੇ ਹੋਇਆ।ਪਿਛਲੇ ਕਈ ਵਰਿੵਅਾਂ ਤੋਂ ਵਲੈਤ ’ਚ ਵੱਸਦੇ ਸੰਤੋਖ ਸਿੰਘ ਹੇਅਰ ਦੀਆਂ ਕੁਲ 6 ਪੁਸਤਕਾਂ ਪਾਠਕਾਂ ਕੋਲ ਪੁੱਜੀਆਂ ਹਨ ਜਿਨ੍ਹਾਂ ਦੇ ਨਾਂ ਹਨ ‘ਏਦਾਂ ਨਾ ਸੋਚਿਆ ਸੀ’, ‘ਸੋਚਾਂ ਦੇ ਵਣ’ (ਦੋਵੇਂ ਕਾਵਿ-ਸੰਗ੍ਰਹਿ), ‘ਸੁਹਾਗਣ ਵਿਧਵਾ’, ‘ਹਰਾ ਚੂੜਾ’ (ਦੋਵੇਂ ਕਹਾਣੀ ਸੰਗ੍ਰਹਿ), ‘ਕਲਮਾਂ ਕਾਵੈਂਟਰੀ ਦੀਆਂ’ ਤੇ ‘ਕਲਮਾਂ ਯੂ.ਕੇ. ਦੀਆਂ’ (ਦੋਵੇਂ ਸੰਪਾਦਿਤ)।

ਸੰਤੋਖ ਸਿੰਘ ਹੇਅਰ ਦੇ ਰਚਨਾ ਸੰਸਾਰ ਬਾਰੇ ਸੰਖਿਪਤ ਗੱਲ ਵੀ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਹੇਅਰ ਦਾ ਕਾਵਿ-ਸੰਸਾਰ ਲੋਕਯਾਨਕ ਰੰਗ ਵਾਲਾ ਤਾਂ ਹੈ ਹੀ ਨਾਲ-ਨਾਲ ਸਟੇਜੀ ਸੁਭਾਅ ਵਾਲਾ ਵੀ ਹੈ। ਉਸ ਦੇ ਕਾਵਿ-ਸੰਸਾਰ ਬਾਰੇ ਉੱਘੇ ਸ਼ਾਇਰਾਂ ਜਿਹਾ ਕਿ ਸੁਲੱਖਣ ਸਰਹੱਦੀ, ਮਿਹਰ ਸਿੰਘ ਰੰਧਾਵਾ, ਗੁਰਦਿਆਲ ਰੌਸ਼ਨ ਤੇ ਸੰਤੋਖ ਸਿੰਘ ਸੰਧੂ ਦੇ ਪ੍ਰਗਟਾਏ ਵਿਚਾਰ ਕਾਫ਼ੀ ਵਜ਼ਨਦਾਰ ਹਨ। ਮਸਲਨ :-

* ਸੰਤੋਖ ਸਿੰਘ ਹੇਅਰ ਦੇ ਸੀਨੇ ਵਿਚ ਲੰਮੀਆਂ ਬਾਤਾਂ ਦਾ ਜ਼ਖੀਰਾ ਹੈ। ਉਸ ਦੀ ਕਵਿਤਾ ਦੇ ਪੱਲੇ ਵਿਚ ਖ਼ਿਆਲਾਂ ਦੀ ਦਾਤ ਨੱਕੋ ਨੱਕ ਭਰੀ ਹੋਈ ਹੈ।
* ਸੰਤੋਖ ਸਿੰਘ ਹੇਅਰ ਆਧੁਨਿਕ ਪੰਜਾਬੀ ਗ਼ਜ਼ਲਕਾਰੀ ਵਿਚ ਇਕ ਮੌਲਿਕ ਦਿੱਖ ਵਾਲਾ ਅਤੇ ਸਮਾਜਿਕ ਨੈਤਿਕਤਾਵਾਂ ਦਾ ਪਹਿਰੇਦਾਰ ਸ਼ਾਇਰ ਹੈ। (ਸੁਲੱਖਣ ਸਰਹੱਦੀ)

ਹੇਅਰ ਨੇ ਗੀਤ ਵੀ ਲਿਖੇ ਹਨ ਤੇ ਗ਼ਜ਼ਲਾਂ ਵੀ। ਉਸ ਨੇ ਸਾਰੀਆਂ ਕਾਵਿ-ਰਚਨਾਵਾਂ ਛੰਦ-ਬੱਧ ਹੀ ਲਿਖੀਆਂ ਹਨ। ਕੁਝ ਕਾਵਿ ਅੰਸ਼ ਇਥੇ ਹਾਜ਼ਰ ਹਨ :-

1. ਖ਼ਾਹਸ਼ਾਂ ਅਧੂਰੀਆਂ ਨਾ ਦੇਖੋ,
ਆਸਾਂ ਪੂਰੀਆਂ ਵੀ ਦੇਖੋ।
ਛੱਡੋ ਸ਼ਿਕਵੇ-ਸ਼ਿਕਾਇਤਾਂ,
ਮਜਬੂਰੀਆਂ ਵੀ ਦੇਖੋ।
ਤੁਸੀਂ ਜੰਮ ਜੰਮ ਦੇਖੋ
ਨਿੱਤ ਕੋਠੀਆਂ ਚੁਬਾਰੇ,
ਨੰਗੇ ਪਿੰਡੇ ਸੌਂਦੇ ਕਰ
ਮਜ਼ਦੂਰੀਆਂ ਵੀ ਦੇਖੋ।
ਐਵੇਂ ਡਾਲਰਾਂ ਤੇ ਪੌਂਡਾਂ
ਉੱਤੇ ਫੁੱਲੇ ਨਾ ਸਮਾਓ
ਪਈਆਂ ਮਾਪਿਆਂ-ਔਲਾਦ
ਵਿਚ ਦੂਰੀਆਂ ਵੀ ਦੇਖੋ।
——-੦——-
ਨਾ ਐਵੇਂ ਆਸ਼ਕਾਂ ਨੂੰ ਨਿੰਦੋ,
ਨਾ ਸਲਾਹੀ ਐਵੇਂ ਜਾਓ
ਬਾਰਾਂ ਸਾਲ ਵੀ ਗਿਣੋ ਤੇ
ਛੰਨੇ ਚੂਰੀਆਂ ਵੀ ਦੇਖੋ।
——-੦——-
ਯਾਰੋ ਜ਼ਿੰਦਗੀ ਦੀ ਸਿੱਪੀ ’ਚੋਂ
ਹੈ ਮੋਤੀ ਜੇ ਪਰੋਣਾ
ਕੱਲੇ ਬਹਿਕੇ ਸੋਚੋ,
ਛੱਡ ਮਗਰੂਰੀਆਂ ਵੀ ਦੇਖੋ।

2. ਕੀਤੇ ਇਕਰਾਰ ਆਪਾਂ
’ਕੱਠੇ ਜੀਵਾਂ ਤੇ ਮਰਾਂਗੇ,
ਦੁੱਖ ਜੋ ਵੀ ਆਇਆ
ਜ਼ਿੰਦਗੀ ’ਚ ਰਲ਼ਕੇ ਜ਼ਰਾਂਗੇ,
’ਕੱਲੇ ਤੁਰ ਗਏ ਕਿਉ
ਕੋਰਾ ਦੇ ਜੁਆਬ ਸੋਹਣਿਓ।
ਲੰਮੀ ਦਾਸਤਾਂ ਹੈ ਸਾਡੀ
ਬੇਹਿਸਾਬ ਸੋਹਣਿਓ
ਕਬੂਲ ਕਰ ਲੈਣੀ ਅਸਾਂ
ਦੀ ਆਦਾਬ ਸੋਹਣਿਓ
ਲੰਮੀ ਦਾਸਤਾਂ ਹੈ…।

ਕਵਿਤਾ ਵਾਂਗ ਸੰਤੋਖ ਸਿੰਘ ਹੇਅਰ ਦੀਆਂ ਕਹਾਣੀਆਂ ਵੀ ਉੱਚ ਪਾਏ ਦੀਆਂ ਹਨ। ਇਹ ਮਨੁੱਖ ਦੇ ਮਨੋਭਾਵੀ ਸੰਸਾਰ ਨੂੰ ਬਿਹਤਰ ਸਮਝਦੀਆਂ ਹਨ। ਵਸਤਾਂ ਤੇ ਵਰਤਾਰਿਆਂ ਦੇ ਸੁਭਾਅ ਦੀ ਸੂਖਮਤਾ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਸਿਰਜਦੀਆਂ ਹਨ। ਹੇਅਰ ਦੀਆਂ ਕਹਾਣੀਆਂ ਦੀਆਂ ਉਪਰੋਕਤ ਵਰਣਿਤ ਦੋਵਾਂ ਪੁਸਤਕਾਂ ਵਿਚ ਕੁਲ 19 ਕਹਾਣੀਆਂ ਹਨ। ਇਨ੍ਹਾਂ ਵਿਚ ਕਥਾਰਸ ਵੀ ਪੂਰਾ ਹੈ। ਇਨ੍ਹਾਂ ਵਿਚਲੇ ਪਾਤਰ ਪ੍ਰਤੀਕੂਲ ਸਥਿਤੀਆਂ ਵਿਚ ਵੀ ਆਪਣੀ ਆਨ-ਸ਼ਾਨ ਨੂੰ ਖੋਰਾ ਨਹੀਂ ਲੱਗਣ ਦਿੰਦੇ। ਇਨ੍ਹਾਂ ਵਿਚਲਾ ਕਥਾ ਵਿਵੇਕ ਕਮਾਲ ਦਾ ਹੈ। ‘ਕਬਿਓ ਬਾਚ’ ਵਾਂਗ ਇਨ੍ਹਾਂ ਕਹਾਣੀਆਂ ’ਚ ਵੀ ਕਈ ਅਰਕਨੁਮਾ ਕਥਨ ਹਨ। ਉਦਾਹਰਣ ਵਜੋਂ:-

* ਜਿਹੜਾ ਇਨਸਾਨ ਔਝੜੇ ਰਾਹੀਂ ਲੰਘ ਚੱੁਕਾ ਹੋਵੇ, ਉਸ ਨੂੰ ਦੂਸਰੇ ਦੀ ਪੀੜ ਆਪਣੀ ਮਹਿਸੂਸ ਕਰਨ ਲੱਗਿਆਂ ਬਹੁਤੀ ਦੇਰ ਨਹੀਂ ਲਗਦੀ।
* ਜੇ ਪਿਆਰ ਦੇ ਬੂਟੇ ਨੂੰ ਵਫ਼ਾਦਾਰੀ ਦਾ ਪਾਣੀ ਨਾ ਮਿਲੇ ਤਾਂ ਉਹ ਜਲਦੀ ਹੀ ਮੁਰਝਾ ਜਾਂਦਾ ਏ।

* ਦੁਨੀਆਂ ਵਿਚ ਪਿਆਰ ਇਕ ਅਜਿਹੀ ਸ਼ੈਅ ਹੈ ਜਿਸ ਨੂੰ ਪਾਉਣ ਲਈ ਇਸ ਦਾ ਮੁੱਲ ਵੀ ਪਿਆਰ ਵਿਚ ਹੀ ਤਾਰਨਾ ਪੈਂਦਾ ਹੈ।
* ਇਕ ਔਰਤ ਭਾਵੇਂ ਕਿੰਨੇ ਵੀ ਕਠੋਰ ਹਿਰਦੇ ਵਾਲੀ ਕਿਉ ਨਾ ਹੋਵੇ ਪਰ ਆਪਣੇ ਘਰ ਵਾਲੇ ਦੀ ਜ਼ਿੰਦਗੀ ਵਿਚ ਦੂਸਰੀ ਔਰਤ ਨੂੰ ਸਵੀਕਾਰ ਨਹੀਂ ਕਰ ਸਕਦੀ।
* ਵਿਆਹ ਇਨਸਾਨ ਦੀ ਬਣਾਈ ਹੋਈ ਇਕ ਐਸੀ ਸਮਾਜਿਕ ਰਸਮ ਹੈ… ਇਕ ਐਸਾ ਜੂਆ ਹੈ ਜਿਸ ਨੂੰ ਖੇਡਣ ਵਾਲੇ ਜ਼ਿਆਦਾਤਰ ਬਾਜ਼ੀ ਹਾਰ ਹੀ ਜਾਂਦੇ ਹਨ। ਟਾਵੇਂ-ਟਾਵੇਂ ਖ਼ੁਸ਼ਨਸੀਬ ਹੀ ਜਿੱਤ ਦਾ ਮੂੰਹ ਦੇਖਦੇ ਹਨ। ਹਾਰੇ ਹੋਏ ਨਾ ਚਾਹੁੰਦੇ ਹੋਏ ਵੀ ਸਾਰੀ ਜ਼ਿੰਦਗੀ ਗਲ਼ ਪਿਆ ਢੋਲ ਵਜਾਈ ਜਾਂਦੇ ਹਨ।

‘ਹਰਾ ਚੂੜਾ’, ‘ਚੜ੍ਹਦੀਕਲਾ’, ‘ਗਿੱਲੀ ਲੱਕੜੀ’, ‘ਕਤੀੜ’, ‘ਸੁਹਾਗਣ ਵਿਧਵਾ’, ‘ਵਲੈਤੀਆ’, ‘ਲੈਸਬੀਅਨ’, ‘ਚਿੰਤਾ ਰੋਗ’, ‘ਜ਼ਿੰਦਗੀ ਖ਼ੂਬਸੂਰਤ ਹੈ’ ਆਦਿ ਜਿਹੜੀ ਮਰਜ਼ੀ ਕਹਾਣੀ ਪੜ੍ਹ ਲਓ, ਸਾਰੀਆਂ ਇੱਕੋ ਜਿਹੇ ਸਾਹਿਤਕ ਸੁਹਜ ਸੰਪੰਨ ਤੇ ਸਾਰਥਕ ਹਨ। ਇਨ੍ਹਾਂ ਕਹਾਣੀਆਂ ਬਾਰੇ ਵਰਿਆਮ ਸਿੰਘ ਸੰਧੂ ਤੇ ਨਦੀਮ ਪਰਮਾਰ ਦੇ ਵਿਚਾਰ ਕਾਫ਼ੀ ਇਕਾਗਰਤਾ ਨਾਲ ਵਿਚਾਰਨਯੋਗ ਹਨ। ਪਿਛਲੇ ਦਿਨਾਂ ’ਚ ਸੰਤੋਖ ਸਿੰਘ ਹੇਅਰ ਨਾਲ ਹੋਈ ਅਦਬੀ ਗੱਲਬਾਤ ’ਚੋਂ ਉਸ ਵਲੋਂ ਕੁਝ ਅੰਸ਼ ਵੀ ਇਥੇ ਸਾਂਝੇ ਕੀਤੇ ਜਾਂਦੇ ਹਨ।

ਸਾਡੇ ਇੱਥੇ ਕਵਿਤਾ, ਖ਼ਾਸ ਤੌਰ ’ਤੇ ਖੁੱਲ੍ਹੀ ਕਵਿਤਾ ਤਾਂ ਬਹੁਤ ਲਿਖੀ ਜਾ ਰਹੀ ਹੈ ਪਰ ਮੇਰੀ ਜਾਣਕਾਰੀ ਅਨੁਸਾਰ ਇਸ ਸਮੇਂ ਕਹਾਣੀਕਾਰ ਸਿਰਫ਼ ਦੋ-ਤਿੰਨ ਹੀ ਹਨ। ਕਾਵਿ-ਪੁਸਤਕਾਂ ਖ਼ੂਬ ਛਪ ਰਹੀਆਂ ਨੇ ਅਤੇ ਮੁਫ਼ਤ ਵਿਚ ਵੰਡੀਆਂ ਵੀ ਜਾਂਦੀਆਂ ਨੇ ਪਰ ਪੜ੍ਹਦੇ ਕਿੰਨੇ ਕੁ ਨੇ? ਇਹ ਮੇਰੀ ਜਾਣਕਾਰੀ ਤੋਂ ਬਾਹਰ ਹੈ।
* ਸਾਹਿਤ ਸਭਾਵਾਂ ਬਹੁਤ ਨੇ। ਗਰਮੀਆਂ ਦੇ ਮੌਸਮ ਵਿਚ ਤਾਂ ਕਵੀ ਸੰਮੇਲਨ ਵੀ ਖ਼ੂਬ ਕਰਵਾਏ ਜਾਂਦੇ ਨੇ।

* ਜ਼ਿੰਦਗੀ ਦੇ ਸਫ਼ਰ ਦੌਰਾਨ ਚੌਗਿਰਦੇ ਵਿਚ ਵਾਪਰੀਆਂ ਅਤੇ ਵਾਪਰ ਰਹੀਆਂ ਘਟਨਾਵਾਂ ਨੂੰ ਕਵਿਤਾ ਰਾਹੀਂ ਬਿਆਨ ਕਰਨਾ ਜਦੋਂ ਵੱਸ ਤੋਂ ਬਾਹਰ ਲੱਗਾ ਤਾਂ ਮੈਨੂੰ ਕਹਾਣੀ ਦਾ ਦਰ ਖੜਕਾਉਣਾ ਪਿਆ।
* ਮੈਂ ਸਮਝਦਾ ਹਾਂ ਕਿ ਜਿਸ ਤਰ੍ਹਾਂ ਹਰ ਇਨਸਾਨ ਦਾ ਚਿਹਰਾ ਵੱਖਰਾ-ਵੱਖਰਾ ਹੈ ਇਸ ਤਰ੍ਹਾਂ ਹੀ ਕੰਮ ਕਰਨ ਜਾਂ ਸੋਚਣ ਦਾ ਢੰਗ ਵੀ ਅਕਸਰ ਇਕ-ਦੂਸਰੇ ਤੋਂ ਭਿੰਨ ਹੋ ਸਕਦੇ ਹਨ। ਕੋਈ ਪਾਣੀ ਦੀ ਉੱਪਰਲੀ ਸਤਹ ਉੱਪਰ ਹੀ ਤਾਰੀਆਂ ਲਾ ਕੇ ਖ਼ੁਸ਼ ਹੈ ਤੇ ਕੋਈ ਉਸ ਦੀ ਡੂੰਘਾਈ ਮਾਪਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਜਦੋਂ ਲਿਖਦਾ ਹਾਂ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਪਾਤਰ ਜਿਸ ਸਥਿਤੀ ਵਿਚ ਗੁਜ਼ਰ ਰਿਹਾ ਹੁੰਦਾ ਹੈ ਮੈਂ ਆਪ ਉਨ੍ਹਾਂ ਹਾਲਾਤ ਨੂੰ ਮਹਿਸੂਸ ਕਰਕੇ ਉਸਦੇ ਹਾਵ-ਭਾਵ ਹੂ-ਬਹੂ ਬਿਆਨ ਕਰ ਸਕਾਂ।
* ਬਹੁਤ ਹੀ ਜ਼ਰੂਰੀ ਹੈ ਦੂਸਰਿਆਂ ਨੂੰ ਪੜ੍ਹਨਾ। ਜੇ ਅਸੀਂ ਆਪਣੀ ਖੁਡ ਵਿਚ ਹੀ ਵੜੇ ਰਹਾਂਗੇ ਤਾਂ ਚਾਨਣ ਤੋਂ ਵਾਂਝੇ ਰਹਿ ਜਾਵਾਂਗੇ।
* ਮੇਰੀਆਂ ਕਈ ਗ਼ਜ਼ਲਾਂ ਤੇ ਗੀਤ ਗਾਏ ਵੀ ਗਏ ਹਨ।
* ਬਰਤਾਨੀਆ ਵਿਚ ਪੰਜਾਬੀ ਦਾ ਭਵਿੱਖ ਇਸ ਸਮੇਂ ਵਧੀਆ ਨਹੀਂ ਲੱਗ ਰਿਹਾ। ਸਾਡੇ ਪਰਿਵਾਰ ਦੀ ਇਸ ਮੁਲਕ ਵਿਚ ਪੰਜਵੀਂ ਪੀੜ੍ਹੀ ਵਿਚਰ ਰਹੀ ਹੈ। ਸਾਡੇ ਵਾਂਗ ਹੀ 60-70 ਸਾਲ ਤੋਂ ਇਸ ਮੁਲਕ ਵਿਚ ਰਹਿ ਰਹੇ ਮਾਪਿਆਂ ਦੀ ਔਲਾਦ ਪੰਜਾਬੀ ਤੋਂ ਬਹੁਤ ਦੂਰ ਜਾ ਚੱੁਕੀ ਹੈ। ਪੜ੍ਹਨਾ ਲਿਖਣਾ ਤਾਂ ਦੂਰ ਦੀ ਗੱਲ, ਬਹੁਤ ਸਾਰੇ ਬੱਚੇ ਤਾਂ ਪੰਜਾਬੀ ਬੋਲ ਹੀ ਨਹੀਂ ਸਕਦੇ।
* ਜਿੱਥੇ ਮਰਜ਼ੀ ਰਹੋ ਪਰ ਆਪਣੀ ਮਾਂ ਬੋਲੀ ਨੂੰ ਆਂਚ ਨਾ ਆਉਣ ਦਿਓ। ਖੂਬ ਲਿਖੋ ਪਰ ਲਿਖਣ ਤੋਂ ਪਹਿਲਾਂ ਦੱਬ ਕੇ ਪੜ੍ਹੋ ਜ਼ਰੂਰ।

ਨਿਰਸੰਦੇਹ ਡੂੰਘੇ ਅਦਬੀ ਵਿਵੇਕ ਦੇ ਮਾਲਕ ਸੰਤੋਖ ਸਿੰਘ ਹੇਅਰ ਦੀਆਂ ਚਿੰਤਨੀ ਪੱਧਰ ਦੀਆਂ ਅਦਬ ਤੇ ਆਲਾ-ਦੁਆਲਾ ਆਧਾਰਤ ਗੱਲਾਂ ਕਾਫ਼ੀ ਮਾਅਨੇ ਰੱਖਦੀਆਂ ਹਨ। ਉਸ ਦੀਆਂ ਸਾਹਿਤਕ ਕਿਰਤਾਂ ਉਸ ਦੀ ਅਦਬੀ ਪੁਖਤਗੀ ਦਾ ਪੁਖਤਾ ਪ੍ਰਮਾਣ ਹਨ। ਸਭ ਨੂੰ ਪੜ੍ਹਨੀਆਂ ਚਾਹੀਦੀਆਂ ਹਨ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
954
***

ਹਰਮੀਤ ਸਿੰਘ ਅਟਵਾਲ