18 September 2024

ਚਾਰ ਕਵਿਤਾਵਾਂ—ਅਮਰਜੀਤ ਸਿੰਘ ਸਿੱਧੂ, ਜਰਮਨੀ

ਪਛਤਾਉਣਾ ਨੀ ਪੈਂਦਾ 

ਜੇ ਕੀਤਾ ਹੋਵੇ ਚੰਗਾ ਤਾਂ ਪਛਤਾਉਂਣਾ ਨੀ ਪੈਂਦਾ। 
ਮਾੜੇ ਤੋਂ ਦੂਰ ਰਹੀਏ ਤਾਂ ਘਬਰਾਉਂਣਾ ਨੀ ਪੈਂਦਾ। 

ਜੇਕਰ ਹੋਵੇ ਇਤਫਾਕ ਘਰਾਂ ‘ਚੋਂ ਰੌਲੇ ਮੁਕ ਜਾਵਣ,
ਭਾਈ ਨੂੰ ਭਾਈ ਦਾ ਦਰਦ ਫਿਰ ਹਢਾਉਂਣਾ ਨੀ ਪੈਂਦਾ। 

ਰਾਖੇ ਜੇਕਰ ਸੱਜਣ ਦੀ ਇੱਜਤ ਦੇ ਬਣ ਜਾਈਏ, 
ਸੱਥ ਚ ਪੈਚਾਂ ਸਾਹਮਣੇ ਮੁੱਖ ਲਕਾਉਂਣਾ ਨੀ ਪੈਂਦਾ। 

ਦਿੱਤਾ ਹੈ ਸਤਿਕਾਰ ਜਿਨ੍ਹਾਂ ਨੇ ਮਾਂ ਪਿਉ ਤਾਈਂਂ ਪੂਰਾ,
ਲੋਕਾਂ ਦੇ ਵਿਚ ਉਹਨਾਂ ਨੂੰ ਮੂੰਹ ਛਪਾਉਂਣਾ ਨੀ ਪੈਂਦਾ। 

ਲੋਕ ਭਲਾਈ ਦੇ ਚੰਗੇ ਕੀਤੇ ਹੋਵਣ ਕਾਰਜ ਜੇ, 
ਲੀਡਰ ਨੂੰ ਪਿੰਡਾਂ ਵਿਚ ਜਾ ਕੇ  ਸ਼ਰਮਾਉਣਾ ਨੀ ਪੈਂਦਾ।
**
ਰੰਗਾਂ ਨੂੰ ਤੱਕ ਕੇ 

ਤੇਰੇ ਰੰਗਾਂ ਨੂੰ ਤੱਕ ਕੇ ਹੈ ਮਨ ਵਿਚ ਸੋਚ ਰਹੀ ਇਹ ਆ। 
ਰੰਗ ਅਨੋਖੇ ਰੰਗੀ ਦੁਨੀਆਂ ਵੇਖ ਰਹੀ ਕੀ ਰੰਗ ਦਿਖਾ। 

ਖੇਡਣ ਰੰਗਾਂ ਦੀ ਖੇਡ ਜੋ ਉਹ ਰੰਗੋਲੀ ਵੀ ਲੈਣ ਸਜਾ, 
ਇਕ ਨੈਣਾਂ ‘ਚੋਂ ਹੰਝੂ ਕਿਰਦੇ ਦੂਸਰਿਆਂ ਵਿਚ ਨੱਚਣ ਚਾ। 

ਰੰਗਾਂ ਰੰਗਾਂ ਦੇ ਭੇਦ ਨੇ ਜੀਵਨ ਦੇ ਦਿੱਤੇ ਰੰਗ ਵਿਖਾ, 
ਚਿੱਟੇ ਗੋਰੇ ਨੇ ਸਵਰਗ ਨਰਕ ਦੇ ਨਕਸ਼ੇ ਦਿੱਤੇ ਵਾਹ। 

ਜੇ ਜੀਵਨ ਦਾ ਲੈਣਾ ਲੁਤਫ ਤੂੰ ਕੋਈ ਐਸਾ ਰੰਗ ਚੜ੍ਹਾ। 
ਤੇਰੇ ਰੰਗਾਂ ਨੂੰ ਵੇਖ ਕੇ ਦੂਜੇ ਤਾਈਂਂ ਚੜ ਜਾਵੇ ਚਾਅ। 

ਲਾਲ ਗੁਲਾਬੀ ਤੇ ਸੰਤਰੀ ਨੀਲੇ ਚਿੱਟੇ ਕਾਲੇ ਭਗਵੇਂ ਪਾ, 
ਮਾਰੇ ਸਾਰੇ ਰੰਗਾਂ ਵਿਚੋਂ ਕੋਈ ਇਕ ਅਦਭੁੱਤ ਜਿਹੀ ਭਾਅ। 

ਕੁਦਰਤ ਨੇ ਦਿੱਤੇ ਤੋਹਫੇ ਸਾਨੂੰ ਰੁੱਤਾਂ ਧੁੱਪ ਅਤੇ ਛਾਂ, 
ਰੱਖੋ ਸਾਂਭ ਮਨਾਂ ਦੇ ਵਿਚ ਇਨ੍ਹਾਂ ਤੋਹਫਿਆਂ ਤਾਈਂਂ ਚਮਕਾ। 

ਚੜਿਆ ਹੋਇਆ ਇਹ ਰੰਗ ਤੈਨੂੰ ਜਿਹਨਾਂ ਨੇ ਵੀ ਤੱਕ ਲਿਆ, 
ਆਪਸ ਦੇ ਛੱਡ ਕੇ ਝਗੜੇ ਉਹ ਤਾਂ ਬੈਠਣ ਜੱਫੀਆਂ ਪਾ। 

ਰੰਗ ਹੋਵੇ ਦਇਆ ਨਿਮਰਤਾ ਵਾਲਾ  ਤੂੰ ਪੂਰਾ ਪੱਕਾ ਚੜ੍ਹਾ, 
ਵੇਖਣ ਵਾਲੇ ਲੋਕ ਜਿਸ ਨੂੰ ਦਿੱਲਾਂ ਦੇ ਅੰਦਰ ਲੈਣ ਬਿਠਾ। 

ਜਾਤਾਂ ਪਾਤਾਂ ਦੇ ਰੰਗ ਨੂੰ ਤੂੰ ਹੋਣ ਨਹੀਂ ਦੇਣਾ  ਗੂੜ੍ਹਾ, 
ਤਕੜੇ ਮਾੜੇ ਦੇ ਫਰਕ ਨੂੰ ਸਿੱਧੂ ਮੁੱਢੋਂ ਹੀ ਦਿਉ ਮਿੱਟਾ।
**

ਕਦੇ ਸੋਚਿਆ ਨਹੀਂ ਸੀ

ਇਹ ਕਦੇ ਸੋਚਿਆ ਨਹੀਂ ਸੀ, ਦਿਨ ਅਜਿਹੇ ਆਉਂਣਗੇ। 
ਜੋ ਸੀ ਸਿਰ ਤੇ ਬੈਠਾਉਂਦੇ ਉਹ, ਮਿੱਟੀ ‘ਚ ਰਲਾਉਂਣਗੇ। 
ਇਹ ਕਦੇ ਸੋਚਿਆ – – – – – – 

ਗੱਲਾਂ ਸਾਡੀਆਂ ਸੀ ਜਿਹੜੇ ਲੋਕ, ਸੁਣ ਸੁਣ ਹੁੰਦੇ ਖੁਸ਼, 
ਨਹੀਂ ਸੀ ਪਤਾ ਤੋਹਫੇ ਹਾਰਦੇ, ਸਾਡੀ ਝੋਲੀ ਪਾਉਂਣਗੇ। 
ਇਹ ਕਦੇ ਸੋਚਿਆ – – – – – – 

ਅਸੀਂ ਲਾਰੇ ਲਾ ਕੇ ਜਿੰਨਾ ਤਾਂਈ, ਹੁਣ ਤੱਕ ਪਰਚਾਇਆ, 
ਪਤਾ ਨਹੀਂ ਸੀ ਇਹ ਲੋਕ ਦਿਨ, ਆਹ ਵੀ ਵਿਖਾਉਂਣਗੇ। 
ਇਹ ਕਦੇ ਸੋਚਿਆ – – – – – – 

ਉਹ ਅੱਖਾਂ ਵਿਚ ਅੱਖਾਂ ਪਾ ਕੇ, ਬੋਲਣਗੇ ਸਿਰ ਉਠਾਕੇ, 
ਅਰਸ਼ੋਂ ਲਾਹ ਕੇ ਸਾਨੂੰ ਫਰਸ਼, ਉਤੇ ਵੀ ਪਟਕਾਉਂਣਗੇ। 
ਇਹ ਕਦੇ ਸੋਚਿਆ – – – – – – 

ਜਿੰਨਾ ਲੋਕਾਂ ਨੂੰ ਰਹੇ ਮੰਨਦੇ ਅਸੀਂ, ਲਕੀਰ ਦੇ ਫ਼ਕੀਰ, 
ਸਾਡੇ ਜਿਹਨ ਚ ਨਹੀਂ ਸੀ ਉਹ, ਉਂਗਲੀਂ ਨਚਾਉਂਣਗੇ। 
ਇਹ ਕਦੇ ਸੋਚਿਆ – – – – – 

ਇਕ ਪੈਸਿਆਂ ਦਾ ਲਾਲਚ ਦੂਜਾ, ਭੁੱਖ ਚੌਧਰ ਦੀ ਸਿੱਧੂ, 
ਨਹੀਂ ਸੀ ਪਤਾ ਕਿ ਜਲੀਲ ਸਾਨੂੰ, ਇੰਨਾ ਕਰਵਾਉਂਣਗੇ।
ਇਹ ਕਦੇ ਸੋਚਿਆ – – – – –  

ਇਹ ਕਦੇ ਸੋਚਿਆ ਨਹੀਂ ਸੀ, ਦਿਨ ਅਜਿਹੇ ਆਉਂਣਗੇ। 
ਜੋ ਸੀ ਸਿਰ ਤੇ ਬੈਠਾਉਂਦੇ ਉਹ, ਮਿੱਟੀ ‘ਚ ਰਲਾਉਂਣਗੇ।
ਇਹ ਕਦੇ ਸੋਚਿਆ – – – – –
**
ਦੀਪ ਜਗਾਉਂਣੇ ਪੈਣਗੇ

ਜੇ ਨ੍ਹੇਰੇ ਨੂੰ ਦੂਰ ਭਜਾਉਣਾ ਤਾਂ ਦੀਪ ਜਗਾਉਂਣੇ ਪੈਣਗੇ। 
ਜੇ ਹੱਕਾਂ ਦੀ ਜੰਗ ਜਿੱਤਣੀ ਤਾਂ ਸੀਸ ਲਗਾਉਂਣੇ ਪੈਣਗੇ। 

ਕੀਤਾ ਪਿਆਰ ਜਿੰਨਾ ਨੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ, 
ਪਰ ਜਾਗਦਿਆਂ ਨੂੰ ਖਾਬਾਂ ਦੇ ਮਹਿਲ ਬਨਾਉਂਣੇ ਪੈਣਗੇ। 

ਜੇ ਮਹਿਲਾਂ ਵਾਲਿਆਂ ਰੱਖਣੇ  ਨੇ ਮਹਿਲ ਬਚਾ ਕੇ ਆਪਣੇ, 
ਤਾਂ ਕੁੱਲੀਆਂ ਵਾਲਿਆਂ ਦੇ ਨਾਲ ਹੱਥ ਮਿਲਾਉਂਣੇ ਪੈਣਗੇ। 

ਇੱਸ਼ਕ ਹੈ ਕਾਮਲ ਜਿਨ੍ਹਾਂ ਦਾ ਝੱਲਣਗੇ ਉਹ ਹੀ ਦੁੱਖੜੇ, 
ਪੈਣਾ ਤਰਨਾ ਕੱਚਿਆਂ ‘ਤੇ ਪੱਟ ਚੀਰ ਖਵਾਉਂਣੇ ਪੈਣਗੇ। 

ਖੇਡਦਿਆਂ ਖੇਡ ਪਿਆਰ ਦੀ ਸਿੱਧੂ ਸਿੱਖ ਰੋਸੇ ਜਰਨੇ 
ਜੇ ਰੁੱਸੇ ਯਾਰ ਮਨਾਉਣੇ ਤਾਂ ਘੁੰਗਰੂ ਪਾਉਣੇ ਪੈਣਗੇ। 

ਗ਼ਜ਼ਲ 
ਖਾਬ ਜੋ ਪਾਲੇ ਦਿਲ ਵਿਚ ਮੁਠੀ ਦੀ ਰੇਤ ਵਾਂਗ ਕਿਰ ਗਏ।
ਇਦਾਂ ਕਰਦੇ ਨਹੀਂ ਦੁਸ਼ਮਣ ਜਿਸ ਤਰ੍ਹਾਂ ਆਪਣੇ ਫਿਰ ਗਏ। 

ਜਿਹਨਾਂ ਲਈ ਜਾਨ ਹਾਜਰ ਸੀ ਉਹ ਗੈਰਾਂ ਵਾਗ ਪੇਸ਼ ਆਏ, 
ਫੋਕੀ ਸ਼ੋਹਰਤ ਦੇ ਮਹਿਲਾਂ ਵਿੱਚ ਜੋ ਕੈਦੀ ਬਣਕੇ ਘਿਰ ਗਏ। 

ਇਹ ਬੰਦੇ ਦੇ ਨਾਲ ਨਹੀਂ ਆਇਆ ਪੈਸੇ ਨੇ ਨਾਲ ਨਹੀਂ ਜਾਣਾ, 
ਇਹਨੂੰ ਪਾਉਂਦੇ ਪਾਉਂਦੇ ਕਈ ਅਰਸ਼ ਤੋਂ ਫਰਸ਼ ਤੇ ਗਿਰ ਗਏ।

ਭੁੱਲਕੇ ਆਪਣੇ ਅਸੂਲਾਂ ਨੂੰ ਕਈਆਂ ਦੀ ਬਣ ਗਈ ਫਿਤਰਤ,
ਮੁਰੀਦ ਬਣਕੇ ਪੈਸੇ ਦੇ ਉਹ ਆਪਣੇ ਹੀ ਬਚਨਾਂ ਤੋਂ ਫਿਰ ਗਏ। 

ਜਿਹੜਾ ਲੰਘ ਗਿਆ ਸਮਾਂ ਉਹ ਸਿੱਧੂ ਮੁੜਕੇ ਤਾਂ ਨਹੀਂ ਆਉਂਦਾ, 
ਕਈ ਕਰਦੇ ਉਡੀਕ ਉਸ ਦੀ ਆਪਣੇ ਆਪ ਵਿੱਚ ਘਿਰ ਗਏ।
**
760

ਅਮਰਜੀਤ ਸਿੰਘ ਸਿੱਧੂ
ਬੱਧਨੀ ਕਲਾਂ 142037, ਜਿਲ੍ਹਾ ਮੋਗਾ
ਹਾਲ ਆਬਾਦ
Amarjit Singh sidhu
Ellmenreich Str 26, 
20099 Hamburg (Germany) 
+4917664197996
Amarjit Sidhu <amarjitsidhu365@gmail.com>

ਅਮਰਜੀਤ ਸਿੰਘ ਸਿੱਧੂ

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 142037, ਜਿਲ੍ਹਾ ਮੋਗਾ ਹਾਲ ਆਬਾਦ Amarjit Singh sidhu Ellmenreich Str 26,  20099 Hamburg (Germany)  +4917664197996 Amarjit Sidhu <amarjitsidhu365@gmail.com> 

View all posts by ਅਮਰਜੀਤ ਸਿੰਘ ਸਿੱਧੂ →