ਡਾ. ਸਾਹਿਬ ਸਿੰਘ ਇਹਨਾਂ ਦਿਨਾਂ ਵਿਚ ਆਪਣਾ ਨਾਟਕ ‘ਧੰਨ ਲੇਖਾਰੀ ਨਾਨਕਾ’ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਸਫ਼ਲਤਾ ਨਾਲ ਪੇਸ਼ ਕਰ ਰਹੇ ਹਨ । ਇਸ ਤੋਂ ਪਹਿਲਾਂ ਪਿਛਲੇ ਸਾਲ ਉਹ ਕਿਸਾਨੀ ਜੀਵਨ ਨਾਲ ਸਬੰਧਿਤ ਨਾਟਕ , ‘ਸੰਮਾਂ ਵਾਲੀ ਡਾਂਗ ‘ ਵੀ ਇੱਥੇ ਪੇਸ਼ ਕਰ ਚੁੱਕੇ ਹਨ। ਦੋਹਾਂ ਨਾਟਕਾਂ ਨੂੰ ਦਰਸ਼ਕਾਂ ਨੇ ਵੇਖਿਆ ਅਤੇ ਖ਼ੂਬ ਸਲਾਹਿਆ ਹੈ ।ਇਹਨਾਂ ਦਿਨਾਂ ਵਿੱਚ ‘ ਛੱਲਾ ਮੁੜਕੇ ਨਹੀਂ ਆਇਆ ‘ ਅਤੇ ‘ਲੌਂਗ ਲਾਚੀ-2’ ਪੰਜਾਬੀ ਫ਼ਿਲਮਾਂ ਇੰਗਲੈਂਡ ਦੇ ਸਿਨੇਮਾ ਥੀਏਟਰ ਵਿਚ ਵਿਖਾਈਆਂ ਜਾ ਰਹੀਆਂ ਹਨ , ਇਹਨਾਂ ਵਿਚ ਡਾ. ਸਾਹਿਬ ਸਿੰਘ ਨੇ ਸਹਿ ਅਭਿਨੇਤਾ ਵਜੋਂ ਮਹੱਤਵਪੂਰਨ ਕਿਰਦਾਰ ਨਿਭਾਏ ਹਨ।
ਡਾ. ਸਾਹਿਬ ਸਿੰਘ ਦੇ ਇਸ ਸਫ਼ਰ ਬਾਰੇ ਵਧੇਰੇ ਜਾਣਨ ਵਾਸਤੇ 19 ਅਗਸਤ 2022 ਨੂੰ ਕਲਮ ਐਂਡ ਆਰਟ ਸੋਸਾਇਟੀ , ਯੂ.ਕੇ. ਵੱਲੋਂ ਇੰਗਲੈਂਡ ਦੇ ਸ਼ਹਿਰ ਹੇਜ਼ ਵਿਖੇ ਰੂਬਰੂ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ।
ਡਾ. ਅਮਰ ਜਿਉਤੀ ਸੰਚਾਲਕ ਕਲਮ ਐਂਡ ਆਰਟ ਸੋਸਾਇਟੀ ਨੇ ਡਾ. ਸਾਹਿਬ ਸਿੰਘ ਵੱਲੋਂ ਪੰਜਾਬੀ ਰੰਗ ਮੰਚ ਵਿੱਚ ਪਾਏ ਯੋਗਦਾਨ ਬਾਰੇ ਸੰਖੇਪ ਵਿਚ ਦੱਸਿਆ ਕਿ ਉਹ ਸਫਲ ਅਦਾਕਾਰ , ਨਾਟਕ ਲੇਖਕ , ਨਿਰਦੇਸ਼ਕ ਹਨ । ਇਸ ਦੇ ਨਾਲ ਉਹ ਨਾਟਕ ਵਿਧਾ ਨਾਲ ਸਬੰਧਿਤ ਕਾਲਮ ਵੀ ਅਖ਼ਬਾਰਾਂ ਵਾਸਤੇ ਲਿਖਦੇ ਹਨ ਅਤੇ ਉਹਨਾਂ ਵੱਲੋਂ ਲਿਖੇ ਨਾਟਕ ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ ।
ਇਸ ਤੋਂ ਬਾਅਦ ਡਾ. ਸਾਹਿਬ ਸਿੰਘ ਨੇ ਦੱਸਿਆ ਕਿ ਉਹ ਸਕੂਲ ਦੇ ਦਿਨਾਂ ਤੋਂ ਹੀ ਨਾਟਕ ਨਾਲ ਜੁੜ ਗਏ ਸਨ ਅਤੇ ਕਾਲਜ ਵਿਚ ਡਾਕਟਰ ਬਣਨ ਲਈ ਪੜ੍ਹਦਿਆਂ ਉਹ ਥੀਏਟਰ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਗਏ । ਉਹਨਾਂ ਨੇ ਸ਼ੁਰੂ ਵਿਚ ਅਜਮੇਰ ਔਲ਼ਖ ਨਾਲ ਰੰਗ ਮੰਚ ‘ਤੇ ਕੰਮ ਕੀਤਾ ਅਤੇ ਉਸ ਤੋਂ ਬਾਅਦ ਉਹ ਪੰਜਾਬੀ ਨਾਟਕ ਨੂੰ ਲੋਕ ਲਹਿਰ ਬਣਾਉਣ ਵਾਲੇ ਗੁਰਸ਼ਰਨ ਸਿੰਘ ਜੀ ਨਾਲ ਬਤੌਰ ਅਦਾਕਾਰ ਅਤੇ ਬਾਅਦ ਵਿਚ ਨਾਟਕ ਡਾਇਰੈਕਟਰ ਦੇ ਤੌਰ ‘ਤੇ ਵੀ ਕੰਮ ਕਰਦੇ ਰਹੇ । ਇਸ ਤੋਂ ਬਾਅਦ ਉਹਨਾਂ ਨੇ ਆਪਣੇ ਗੁਰੂ ਦੀ ਮਰਜ਼ੀ ਨਾਲ ਆਪਣਾ ਨਾਟ- ਗਰੁੱਪ ਬਣਾਇਆ ਅਤੇ ਨਾਟਕ ਲਿਖੇ , ਨਿਰਦੇਸ਼ਤ ਕੀਤੇ ਅਤੇ ਅਦਾਕਾਰ ਦੇ ਤੌਰ ‘ਤੇ ਵੀ ਉਹਨਾਂ ਵਿਚ ਕੰਮ ਕੀਤਾ । ਡਾ. ਸਾਹਿਬ ਸਿੰਘ ਹੁਣ ਤਕ 147 ਨਾਟਕ ਖੇਡ ਚੁੱਕੇ ਹਨ ਅਤੇ ਇਸ ਤੋਂ ਬਿਨਾਂ ਟੀ.ਵੀ. ਸੀਰੀਜ਼ ਅਤੇ ਪੰਜਾਬੀ ਫ਼ਿਲਮਾਂ ਵਿਚ ਵੀ ਵੱਖ ਵੱਖ ਕਿਰਦਾਰ ਨਿਭਾ ਚੁੱਕੇ ਹਨ ।ਉਹਨਾਂ ਦੇ ਨਾਟਕਾਂ ਦੇ ਵਿਸ਼ੇ ਸਮਾਜਕ ਸਰੋਕਾਰਾਂ ਨਾਲ ਸਬੰਧਿਤ ਹਨ। ਇਸ ਤੋਂ ਬਿਨਾਂ ਵੇਲਾ ਵਿਹਾ ਚੁੱਕੀਆਂ ਪਰੰਪਰਾਵਾਂ ਉੱਤੇ ਵੀ ਕਟਾਖਸ਼ ਕਰਦੇ ਹਨ ।
ਸਾਹਿਬ ਕੋਲ਼ੋਂ ਪੰਜਾਬੀ ਨਾਟਕ ਦੇ ਇਤਿਹਾਸ ਅਤੇ ਇਸ ਦੀ ਵਿਧਾ ਨਾਲ ਸਬੰਧਿਤ ਸਵਾਲ ਹਾਜ਼ਰੀਨ ਵੱਲੋਂ ਪੁੱਛੇ ਗਏ , ਜਿਨ੍ਹਾਂ ਦੇ ਉਹਨਾਂ ਨੇ ਜਵਾਬ ਦਿੰਦਿਆਂ ਇਹ ਵੀ ਦੱਸਿਆ ਕਿ ਉਹ ਨਾਟਕ ਵਰਕਸ਼ਾਪ ਵੀ ਕਰ ਰਹੇ ਹਨ , ਜਿਨ੍ਹਾਂ ਵਿਚ ਨਾਟਕ ਕਲਾ ਸਿੱਖਣ ਵਾਲੇ ਸਿਖਾਂਦਰੂ ਹਰ ਉਮਰ ਦੇ ਵਿਅਕਤੀ ਭਾਗ ਲੈ ਰਹੇ ਹਨ ।
ਇਸ ਰੂਬਰੂ ਪ੍ਰੋਗਰਾਮ ਵਿਚ ਮੁੱਖ ਰੂਪ ਵਿਚ ਦਲਵਿੰਦਰ ਬੁਟਰ , ਸ਼ਿਵਦੀਪ ਢੇਸੀ , ਸੁਰਿੰਦਰ ਕੌਰ , ਭਿੰਦਰ ਜਲਾਲਾਬਾਦੀ , ਕੁਲਦੀਪ ਕਿਟੀ ਬੱਲ, ਗੁਰਮੇਲ ਸੰਘਾ , ਡਾ. ਅਮਰ ਜਿਉਤੀ ਆਦਿ ਸ਼ਾਮਲ ਹੋਏ।
ਵਲੋਂ : ਡਾ. ਅਮਰ ਜਿਉਤੀ, ਸੰਚਾਲਕ ਕਲਮ ਐਂਡ ਆਰਟ ਸੁਸਾਇਟੀ,ਯੂ ਕੇ
***
858
***
- This author does not have any more posts.