26 April 2024

ਅਰਪਨ ਲਿਖਾਰੀ ਸਭਾ ਦੀ ਨਵੇਂ ਵਰੵੇ ਦੀ ਪਲੇਠੀ ਇਕੱਤਰਤਾ—ਸਤਨਾਮ ਸਿੰਘ ਢਾਅ

ਕੈਲਗਰੀ (ਸਤਨਾਮ ਸਿੰਘ ਢਾਅ):ਅਰਪਨ ਲਿਖਾਰੀ ਸਭਾ ਦੀ ਇਸ ਵਰੵੇ ਦੀ ਪਹਿਲੀ ਮੀਟਿੰਗ 8 ਜਨਵਰੀ ਨੂੰ ਜ਼ੂਮ ਰਾਹੀਂ ਹੋਈ। ਸਤਨਾਮ ਸਿੰਘ ਢਾਅ ਨੇ ਸਾਰੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਨਵੇਂ ਸਾਲ ਦੀ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਬੀਤੇ ਵਰੵੇ ਵਿਚ ਭਾਵੇਂ ਬਹੁਤ ਸਾਰੀਆਂ ਚਨੌਤੀਆਂ ਦਰਪੇਸ਼ ਆਈਆਂ, ਪਰ ਦੁਨੀਆਂ ਭਰ ਦੇ ਲੋਕਾਂ ਨੇ ਇਨ੍ਹਾਂ ਦਾ ਬਹੁਤ ਹੌਸਲੇ ਨਾਲ ਮੁਕਾਬਲਾ ਕੀਤਾ। ਆਉ ਨਵੇਂ ਵਰੵੇ ਵਿਚ ਵੀ ਪਿਛਲੇ ਵਰੵੇ ਵਾਂਗ ਹੀ ਚਣੌਤੀਆਂ ਦਾ ਹੋਰ ਵੀ ਸ਼ਿਦਤ ਨਾਲ ਟਾਕਰਾ ਕਰੀਏ। ਉਨ੍ਹਾਂ ਆਖਿਆ ਕਿ ਖੁਸ਼ੀਆਂ ਗਮੀਆਂ ਇਨਸਾਨੀ ਜਿੰਦਗੀ ਦਾ ਹਿੱਸਾ ਹੈਨ। ਚੰਗੇ ਦੀ ਆਸ ਨਾਲ ਨਵੇਂ ਵਰੵੇ ਵਿਚ ਹੋਰ ਵੀ ਜੋਸ਼ ਨਾਲ ਕੰਮ ਕਰੀਏ। ਉਨ੍ਹਾਂ ਨੇ ਸਦੀਵੀ ਵਿਛੋੜਾ ਦੇ ਗਈਆਂ ਸ਼ਖ਼ਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ। ਡਾ. ਕਰਨੈਲ ਸਿੰਘ ਥਿੰਦ, ਡਾ. ਸੁਰਿੰਦਰ ਸਿੰਘ ਦੁਸਾਂਝ ਅਤੇ ਕੈਲਗਰੀ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ, ਹਰਭਜਨ ਸਿੰਘ ਕਾਲਕਟ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਕੇਸਰ ਸਿੰਘ ਨੀਰ ਨੇ ਕਰਨੈਲ ਸਿੰਘ ਥਿੰਦ ਦੇ ਜੀਵਨ ਅਤੇ ਲਿਖਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਜਗਦੇਵ ਸਿੰਘ ਸਿੱਧੂ ਨੇ ਡਾ. ਸੁਰਿੰਦਰ ਦੋਸਾਂਝ ਦੇ ਕੀਤੇ ਕੰਮਾਂ ਤੇ ਰੋਸ਼ਨੀ ਪਾਉਦਿਆਂ ਉਨ੍ਹਾਂ ਨਾਲ ਅਪਣੀਆਂ ਯਾਦਾਂ ਦੀ ਸਾਂਝ ਪਾਈ।

ਉਪਰੰਤ ਬਚਨ ਸਿੰਘ ਗੁਰਮ ਨੇ ਆਪਣੀਆਂ ਦੋ ਕਵਿਤਾਵਾਂ ਦਾ ਪਾਠ ਕੀਤਾ ਜੋ ਸਮੇਂ ਦਾ ਸੱਚ ਬਿਆਨ ਕਰ ਗਈਆਂ ‘ਹੁੰਦਿਆਂ ਸੁੰਦਿਆਂ ਭਰੇ ਪਰਿਵਾਰਾਂ ਦੇ, ਹੋ ਗਈਆਂ ਲਾਸ਼ਾਂ ਲਾ-ਵਾਰਸ’। ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀਆਂ ਦੋ ਗ਼ਜ਼ਲਾਂ ਦਾ ਉਚਾਰਨ ਕਰ ਕੇ ਮੋਹਰੀ ਗ਼ਜ਼ਲ-ਗੋ ਹੋਣ ਦਾ ਸਬੂਤ ਦਿੱਤਾ ‘ਜਿਸ ਨੇ ਗ਼ਮ ਦੇ ਸਾਗਰ ਟੁੱਭੀ ਲਾਈਏ ਸੋਚ ਉਸੇ ਦੀ ਮੋਤੀ ਕੱਢ ਲਿਆਈ ਏ’। ਜਗਜੀਤ ਰਹਿਸੀ ਦੇ ਚੋਣਵੇਂ ਸ਼ੇਅਰਾਂ ਨੇ ਗਹਿਰਾ ਅਸਰ ਛੱਡ ਦਿਆਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਜਰਨੈਲ ਤੱਗੜ ਦੀਆਂ ਦੋ ਪੇਸ਼ਕਾਰੀਆਂ ਸੋਚ ਨੂੰ ਹਲੂਣਾ ਦੇ ਗਈਆਂ ‘ਜ਼ਮੀਰ ਵੇਚ ਕੇ ਅਮੀਰ ਹੋ ਜਾਣਾ, ਇਸ ਤੋਂ ਬਿਹਤਰ ਹੈ ਫ਼ਕੀਰ ਹੋ ਜਾਣਾ’। ਤੇਜਾ ਸਿੰਘ ਥਿਆੜਾ ਨੇ ਮਹਾਨ ਕਵੀ ਧਨੀ ਰਾਮ ਚਾਤ੍ਰਿਕ ਦੀ ਕਿਸਾਨੀ ਬਾਰੇ ਬਹੁ-ਚਰਚਿਤ ਕਵਿਤਾ ਸੁਣਾਈ ‘ਜਾਂ ਇੱਕ ਕਿਸਮਤ ਦਾ ਵਲੀ ਜਾਗ ਰਿਹਾ ਕਿਰਸਾਨ’ ਪਾਣੀ ਲਾਉਂਦਿਆਂ ਪੈਰ ਹੱਥ ਜੀਹਦੇ ਨੀਲੇ ਹੁੰਦੇ ਜਾਣ’। ਡਾ. ਮਹਿੰਦਰ ਸਿੰਘ ਹੱਲ੍ਹਣ ਨੇ ਸਾਹਿਤਕਾਰਾਂ ਨੂੰ ਜ਼ਿੰਦਗੀ ਚੰਗੇਰੀ ਬਨਾਉਣ ਦੇ ਫ਼ਰਜ਼ਾਂ ਪ੍ਰਤੀ ਸੁਚੇਤ ਕੀਤਾ। ਉਹਨਾਂ ਨੇ ਤੇਜਾ ਸਿੰਘ ਥਿਆੜਾ ਦੇ ਦੀ ਗੱਲ ਨੂੰ ਅਗੇ ਤੋਰਦਿਆਂ, ਚਾਤ੍ਰਿਕ ਦੀ ਕਵਿਤਾ ‘ਰਾਧਾ ਆਖ ਮਗਰੋਂ ਕ੍ਰਿਸ਼ਨ ਕਹਿਣਗੇ ਵੇ’ ਸਰੋਤਿਆਂ ਨਾਲ ਸਾਂਝੀ ਕੀਤੀ।

ਇਕਬਾਲ ਖ਼ਾਨ ਨੇ ਆਪਣੀ ਇਕ ਕਵਿਤਾ ‘ਆਸ਼ਾਵਾਦੀ’ ਦਾ ਉਚਾਰਨ ਬੜੇ ਨਿਵੇਕਲ਼ੇ ਢੰਗ ਨਾਲ ਕੀਤਾ ‘ਨਵਾਂ ਸਾਲ ਮੁਬਾਰਕ ਕਿ ਆਸ ਅਜੇ ਮਰੀ ਨਹੀਂ’। ਅਜਾਇਬ ਸਿੰਘ ਸੇਖੋਂ ਦੀਆਂ ਦੋ ਕਵਿਤਾਵਾਂ ਵਿੱਚੋਂ ਇੱਕ ਦੇ ਬੋਲ ਸਨ ‘ਚੱਲੀਏ ਸੇਖੋਂ ਸੱਚ ਦੇ ਰਾਹ’। ਸੁਖਵਿੰਦਰ ਤੂਰ ਨੇ ਜਗਦੇਵ ਸਿੱਧੂ ਦੀ ਨਵੀਂ ਰਚਨਾ ‘ਕਿਸਾਨ ਅੰਦੋਲਨ’ ਦੀ ਵਾਰ ਆਪਣੀ ਬੁਲੰਦ ਆਵਾਜ਼ ਵਿੱਚ ਗਾ ਕੇ ਸੋਨੇ ਤੇ ਸੁਹਾਗਾ ਵਾਲੀ ਗੱਲ ਕੀਤੀ। ਤੂਰ ਨੇ, ਕੈਲਗਰੀ ਦੇ ਨਾਮਵਰ ਸ਼ਾਇਰ, ਮਰਹੂਮ ਪ੍ਰੋ. ਮੋਹਨ ਸਿੰਘ ਔਜਲਾ ਦੀ ਗ਼ਜ਼ਲ ‘ਅਜੇ ਹੋਰ ਅੰਬਰ ਦੇ ਤਾਰੇ ਬੜੇ ਨੇ’ ਆਪਣੇ ਅੰਦਾਜ਼ ਵਿਚ ਪੇਸ਼ ਕਰ ਕੇ ਸੁਰੀਲੇ ਸੁਰ ਦਾ ਰੰਗ ਬਿਖੇਰਿਆ। ਸਰੂਪ ਸਿੰਘ ਮੰਡੇਰ ਨੇ ਦਸਮੇਸ਼ ਪਿਤਾ ਬਾਰੇ ਕਵੀਸ਼ਰੀ ਰੰਗ ਰਾਹੀਂ ਨਵੀਂ ਵੰਨਗੀ ਪਰੋਸੀ। ਜਗਦੇਵ ਸਿੰਘ ਸਿੱਧੂ ਨੇ ਲੋਕ-ਧਾਰਨਾ ਦੀਆਂ ਅਟੱਲ ਸਚਾਈਆਂ ਨੂੰ ਸੋਧ ਕੇ ਨਵੀਂ ਤਰਜ਼ ਵਿਚ ਢਾਲ ਕੇ ਪੇਸ਼ ਕੀਤੇ ‘ਮਿਲ ਜਾਣ ਜੇ ਪਲਾਂ ਦੇ ਹਾਸੇ, ਉਮਰਾਂ ਲਈ ਸਾਭ ਰੱਖੀਏ’। ਜਿਸ ਨੂੰ ਸਰੋਤਿਆਂ ਵੱਲੋਂ ਸਲਾਹਿਆ ਗਿਆ।

ਸਤਨਾਮ ਢਾਅ ਨੇ ਭਾਰਤ ਦੇਸ਼ ਦੇ ਸੁਆਰਥੀ ਲੀਡਰਾਂ ਦੀ, ਅਤੇ ਲੋਕਾਂ ਦੀ ਬੇਇਫ਼ਾਕੀ ਬਾਰੇ ਯਥਾਰਥ ਦੀ ਤਸਵੀਰ ਪੇਸ਼ ਕਰਦੀ ਕਵਿਤਾ ‘ਇਹ ਹੈ ਸਰਾਂ ਮੁਸਾਫ਼ਰਾਂ ਦੀ, ਸਦਾ ਬੈਠ ਨਾ ਰਿਹਾ ਸੰਸਾਰ ਕੋਈ’ ਸਭ ਨੂੰ ਸੋਚੀਂ ਪਾ ਗਈ। ਉਸ ਦਾ ਮੰਚ ਸੰਚਾਲਨ ਸਰਾਹਨਾਯੋਗ ਰਿਹਾ। ਅਖ਼ੀਰ ‘ਤੇ ਢਾਅ ਨੇ ਤੰਦਰੁਸਤੀ ਦੀ ਕਾਮਨਾਂ ਕਰਦੇ ਸਾਰੇ ਸਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਅਗਲੀ ਮੀਟਿੰਗ 11 ਫਰਵਰੀ ਨੂੰ ਜ਼ੂਮ ਰਾਹੀਂ ਹੀ ਹੋਵੇਗੀ। ਹੋਰ ਜਾਣਕਾਰੀ ਲਈ ਸੰਪਰਕ 403 285 6091 ‘ਤੇ ਕੀਤਾ ਜਾ ਸਕਦਾ ਹੈ।

***
579
***

About the author

satnam_dhaw
ਸਤਨਾਮ ਢਾਅ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →