2 February 2023

ਅਰਪਨ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ—ਜਰਨੈਲ ਸਿੰਘ ਤੱਗੜ

ਕੈਲਗਰੀ (ਜਰਨੈਲ ਸਿੰਘ ਤਗੱੜ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਇਸ ਸਾਲ ਦੀ ਆਖ਼ਰੀ ਤੇ ਮਾਸਿਕ ਮਿਲਣੀ ਕੋਸੋ ਹਾਲ ਵਿੱਚ ਡਾ. ਜੋਗਾ ਸਿੰਘ ਅਤੇ ਗੁਰਦੀਪ ਗਹੀਰ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਸਕੱਤਰ ਜਰਨੈਲ ਸਿੰਘ ਤੱਗੜ ਨੇ ਆਏ ਹੋਏ ਸਾਰੇ  ਸਾਹਿਤ ਪ੍ਰੇਮੀਆਂ ਅਤੇ ਸਾਹਿਤਕਾਰਾਂ ਨੂੰ ਜੀ ਆਇਆ ਆਖਿਆ।ਸਰੋਤਿਆਂ ਨਾਲ ਦੁੱਖਦਾਈ ਖ਼ਬਰ ਸਾਂਝੀ ਕਰਦਿਆਂ ਦੱਸਿਆ ਕਿ ਕੈਲਗਰੀ ਦੇ ਨਾਮਵਰ ਬਿਜਨਿਸਮੈਨ ਗੁਰਦੀਪ ਸਿੰਘ ਸ਼ੇਰਗਿੱਲ ਦੇ ਨੋਜੁਆਨ ਸਪੁੱਤਰ ਦੀ ਕਾਰ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਸਭਾ ਵੱਲੋਂ ਸ਼ੋਕ ਮਤਾ ਪਇਆ ਗਿਆ ਅਤੇ ਸ਼ੇਰਗਿੱਲ ਪਰਿਵਾਰ ਨਾਲ ਦੁੱਖ ਸਾਂਝਾਂ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।

ਇਕਬਾਲ ਖ਼ਾਨ ਨੇ ‘ਸੁੱਤੀ ਛੱਡ ਗਿਆ ਦਿਲਾਂ ਦਾ ਜਾਨੀ ਮੁੜ ਆਇਆ ਰੱਬ ਬਣ ਕੇ’ ਮਾਹਾਤਮਾਂ ਬੁੱਧ ਦੀ ਪਤਨੀ ਦੇ ਜਜ਼ਬਾਤਾਂ ਦੀ ਬਾਤ ਪਾਉਂਦੀ ਕਵਿਤਾ ਨਾਲ ਸ਼ੁਰੂਆਤ ਕੀਤੀ। ਲਖਵਿੰਦਰ ਸਿੰਘ ਜੌਹਲ ਨੇ ਗੁਰਦੀਸ਼ ਗਰੇਵਾਲ ਦੀ ਲਿਖੀ ‘ਧੰਨ ਮਾਤਾ ਗੁਜ਼ਰੀ’ ਨਾਂ ਦੀ ਕਵਿਤਾ ਸੁਣਾ ਕੇ ਮਹੌਲ ਨੂੰ ਹੋਰ ਭਾਵੁਕ ਬਣਾ ਦਿੱਤਾ। ਸੰਗੀਤ ਦੇ ਗਿਅਤਾ ਡਾ. ਜੋਗਾ ਸਿੰਘ ਨੇ ‘ਮਾਂ ਵਰਗਾਂ ਮਿੱਠਾ ਕੋਈ ਹੋਰ ਨਾ ਡਿੱਠਾ’ ਨਾਂ ਦੀ ਕਵਿਤਾ ਕੈਸੀਓ ਨਾਲ ਸੁਣਾਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਪੈਰੀ ਮਾਹਲ ਨੇ ਪੰਜਾਬ ਅਤੇ ਕੈਨੇਡਾ ਦੇ ਭੱਖਦੇ ਮਸਲਿਆਂ ਤੇ ਬਹੁਤ ਹੀ ਭਾਵਪੂਰਤ ਵਿਚਾਰ ਪੇਸ਼ ਕਰਨ ਦੇ ਨਾਲ ਨਾਲ ਇਤਿਹਾਸਕ ਤੱਥਾਂ ਤੋਂ ਜਾਣੂ ਕਰਾਉਂਦਿਆਂ ਔਰੰਗਜ਼ੇਬ ਦੀ ਵਸੀਅਤ, ਅੰਗਰੇਜ਼ੀ ਅਤੇ ਪੰਜਾਬੀ ਵਿਚ ਸਰੋਤਿਆਂ ਨਾਲ ਸਾਂਝੀ ਕੀਤੀ। ਜਿਸ ਨਾਲ ਇਤਿਹਾਸ ਦੇ ਪੰਨਿਆਂ ਬਾਰੇ ਕੁਝ ਨਵਾਂ ਸਿੱਖਣ ਨੂੰ ਮਿਲਿਆ, ਇਸ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਹਿਆ ਗਿਆ। 

ਸਤਨਾਮ ਸਿੰਘ ਢਾਅ ਨੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਦਿਦਿਆਂ ਅਮਰ ਸਿੰਘ ਸ਼ੌਕੀ ਦੀ ਬਹੁਤ ਹੀ ਮਕਬੂਲ ਰਚਨਾ ‘ਛੋਟੇ ਲਾਲ ਦੋ ਪਿਆਰੇ’ ਕਵੀਸ਼ਰੀ ਰੰਗ ਵਿਚ ਪੇਸ਼ ਕਰਕੇ ਗੁਰੂ ਜੀ ਦੇ ਪਰਿਵਾਰਕ ਵਿਛੋੜੇ ਦਾ ਦ੍ਰਿਸ਼ ਸਾਕਾਰ ਕਰ ਦਿੱਤਾ। ਜਰਨੈਲ ਸਿੰਘ ਤੱਗੜ ਨੇ ਆਰਥਿਕ ਮੰਦੀ ਤੇ ‘ਨਸੀਅਤ’ ਨਾਮੀਂ ਕਵਿਤਾ ‘ਹੱਥ ਘੁੱਟ ਕੇ ਕੀਤੇ ਖ਼ਰਚੇ ਜਿੰਦਗੀ ਬਣਾ ਦਿੰਦੇ ਨੇ, ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ’ ਸੁਣਾ ਕੇ ਸਮੇਂ ਦਾ ਯਥਾਰਥ ਬਿਆਨ ਕੀਤਾ। ਉਪਰੰਤ,ਸਰੋਤਿਆਂ ਦੀ ਬੇਨਤੀ ਤੇ ਇਕ ਵਾਰ ਫੇਰ ਡਾ. ਜੋਗਾ ਸਿੰਘ ਨੇ ਗੁਲਾਮ ਅਲੀ ਦੀ ਗਾਈ ਹੋਈ ਬਹੁਤ ਹੀ ਹਰਮਨ ਪਿਆਰੀ ਗ਼ਜ਼ਲ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਆਰਥਿਕ ਮਸਲਿਆਂ ਦੇ ਮਾਹਿਰ (ਇਕੌਨੋੌਮੈਕਸ) ਬਲਦੇਵ ਸਿੰਘ ਢਾਅ ਨੇ ਦੁਨੀਆਂ ਭਰ ਵਿਚ ਮੰਦੀ ਦੇ ਹਾਲਾਤ ਤੇ ਗੱਲ ਕਰਦਿਆਂ ਕੈਨੇਡਾ ਦੇ ਆਰਥਿਕ ਮੰਦੀ ਦਾ ਮੁਕਾਬਲਾ ਕਰਨ ਦੇ ਕੁਝ ਨੁਕਤਿਆਂ ਤੇ ਵਿਚਾਰ ਰੱਖੇ ਅਤੇ ਕੁਝ ਸਵਾਲਾਂ ਦੇ ਜਵਾਬ ਵੀ ਬਹੁਤ ਹੀ ਸਰਲ ਭਾਸ਼ਾ ਵਿਚ ਦਿੱਤੇ। ਨਾਲ ਹੀ ਕੈਨੇਡੀਅਨ ਆਰਥਿਕ ਹਾਲਾਤ ਲਈ ਆਸ਼ਾਵਾਦੀ ਸਨੇਹਾ ਦਿੱਤਾ। ਇਨ੍ਹਾਂ ਤੋਂ ਇਲਾਵਾ ਇਸ ਸਾਹਿਤਕ ਚਰਚਾ ਵਿਚ ਗੁਰਦੀਪ ਗਹੀਰ, ਅਵਤਾਰ ਕੌਰ ਤਗੱੜ, ਗੁਰਮੀਤ ਸਿੰਘ ਢਾਅ ਅਤੇ ਸੁਬ੍ਹਾ ਸ਼ੇਖ ਨੇ ਭਰਪੂਰ ਹਿੱਸਾ ਲਿਆ। ਸਕੱਤਰ ਤਗੱੜ ਨੇ ਸਟੇਜ ਦੀਆਂ ਸੇਵਾਵਾਂ ਨਿਭਉਦਿਆਂ ਸਰੋਤਿਆਂ ਨੂੰ ਨਿੱਕੇ ਕਾਵਿ-ਟੋਟਿਆਂ ਨਾਲ ਰਿਝਾਈ ਰੱਖਿਆ। 

ਅਖ਼ੀਰ ਤੇ ਡਾ. ਜੋਗਾ ਸਿੰਘ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ। ਕ੍ਰਿਸਮਿਸ ਦੀ ਦੀ ਵਧਾਈ ਦਿੱਤੀ। ਅਗਲੇ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ, ਆਸ ਪ੍ਰਗਟ ਕੀਤੀ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਸਾਹਿਤਕ ਅਤੇ ਸਮਾਜਿਕ ਵਿਸ਼ਿਆਂ ਤੇ ਖੁੱਲ੍ਹੇ  ਵਿਚਾਰ ਵਟਾਂਦਰੇ ਹੁੰਦੇ ਰਹਿਣਗੇ। ਅਗਲੀ ਮੀਟਿੰਗ 14 ਜਨਵਰੀ 2023 ਨੂੰ ਹੋਣ ਦੀ ਜਾਣਕਾਰੀ ਸਾਂਝੀ ਕੀਤੀ। 

ਹੋਰ ਜਾਣਕਾਰੀ ਲਈ 403-207-4412 ‘ਤੇ ਡਾ. ਜੋਗਾ ਸਿੰਘ ਨੂੰ ਅਤੇ 587-917-1295 ‘ਤੇ ਜਰਨੈਲ ਸਿੰਘ ਤੱਗੜ ਨੂੰ ਸੰਪਰਕ ਕੀਤਾ ਜਾ ਸਕਦਾ ਹੈ।
***
(965)
***

About the author

ਡਾ. ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦਿਆਲ ਸਿੰਘ ਰਾਏ

View all posts by ਡਾ. ਗੁਰਦਿਆਲ ਸਿੰਘ ਰਾਏ →