ਪ੍ਰਵਾਸੀ ਪੰਜਾਬੀਓ! ਸਮੇਂ ਨਾਲ ਸੋਚ ਵੀ ਬਦਲੋ -ਸ਼ਿੰਦਰ ਮਾਹਲ
ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਦੁਨੀਆਂ ਦੀਆਂ ਬਹਾਦਰ ਕੌਮਾਂ ‘ਚੋਂ ਇੱਕ ਕੌਮ ਹੈ ਅਤੇ ਬਹੁਤ ਸਾਰੇ ਹੀ ਨਹੀਂ ਬਲਕਿ ਹਰ ਵਰਗ ਦੇ ਪੰਜਾਬੀ, ਕੀ ਨੌਜਵਾਨ ਅਤੇ ਕੀ ਅੱਧਖੜ ਅਤੇ ਕੀ ਬਜ਼ੁਰਗ, ਬਹੁਤ ਮਾਣ ਨਾਲ ਪੰਜਾਬੀ ਹੋਣ ਦਾ ਮਾਣ ਮੱਤਾ ਦਾਅਵਾ ਕਰਦੇ ਹਨ। ਖਾਸ ਕਰ ਪ੍ਰਦੇਸਾਂ ਵਿੱਚ ਰਹਿਣ ਵਾਲੇ ਪੰਜਾਬੀ ਮੂਲ ਦੇ ਪੰਜਾਬੀ। ਇਸ ਦਾਅਵੇ ਨੂੰ ਹੀ ਭਾਰਤੀ ਖਾਸ ਕਰ ਪੰਜਾਬੀ ਸਿਆਸਤ ਅਤੇ ਹਕੂਮਤ ਨੇ ਹਰ ਕੋਨੇ ਤੋਂ ਆਪਣੇ ਹਿੱਤਾਂ ਲਈ, ਹਰ ਪੁੱਠੇ ਸਿੱਧੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕੀਤੀ ਹੈ ਅਤੇ ਬਹੁਤ ਹੱਦ ਤੱਕ ਕਾਮਯਾਬ ਵੀ ਹੋਏ। ਇਹਨਾਂ ਸਤਰਾਂ ਵਿੱਚ ਅਸੀਂ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਵਾਸੀ ਪੰਜਾਬੀਆਂ ਦੀ ਸੋਚ ਦਾ ਮੌਜੂਦਾ ਪੰਜਾਬ ਤੇ ਜਾਂ ਵਿਦੇਸ਼ਾਂ ਵਿੱਚ ਵੱਚ ਗਏ ‘ਪੰਜਾਬਾਂ’ ਕੀ ਅਸਰ ਪਿਆ ਹੈ ਜਾਂ ਪੈ ਰਿਹਾ ਹੈ।
ਸਮਾਂ ਬਦਲ ਗਿਆ ਪੰਜਾਬੀ ਸੁਭਾਓ ਨਾ ਬਦਲਿਆ
ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਪੰਜਾਬੀ ਆਪਣੇ ਫ਼ਰਾਖ਼ ਦਿਲ ਸੁਭਾਅ ਕਾਰਨ ਸਾਰੀ ਦੁਨੀਆਂ ਵਿੱਚ ਹੀ ਸਤਿਕਾਰੇ ਜਾਂਦੇ ਹਨ। ਪੰਜਾਬੀ ਤਰੱਕੀ ਪਸੰਦ ਕੌਮ ਹੈ। ਦੂਜੀਆਂ ਕੌਮਾਂ ਦੇ ਲੋਕਾਂ ਦੀ ਜਾਂ ਆਪਣੇ ਆਲੇ ਦੁਆਲੇ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਉਣਾ ਇਹਨਾਂ ਦੇ ਸੁਭਾਅ ਦਾ ਇੱਕ ਅਹਿਮ ਖ਼ਾਸਾ ਹੈ। ਪਰ ਇਸ ਵਿੱਚ ਨਿਰੋਲ ਸ਼ਰਧਾ ਪੂਰਕ ਸੇਵਾ ਦੇ ਨਾਲ ਨਾਲ ‘ਬੱਲੇ ਬੱਲੇ’ ਜਾਂ ਜ਼ਾਤੀ ਹਾਉਮੈਂ ਦਾ ਅਹਿਮ ਪਰ ਅਕਸਰ ਲੁਕਿਆ ਅੰਸ਼ ਹਮੇਸ਼ਾ ਮੌਜੂਦ ਰਿਹਾ ਹੈ ਅਤੇ ਇਹ ਮੌਜੂਦਾ ਧਾਰਮਿਕ ਵਿਰਤੀ ਵਾਲੇ ਪ੍ਰਚਾਰਕਾਂ ਸੰਤ ਮਹਾਤਮਾਵਾਂ ਵਿੱਚ ਵੀ ਪਾਇਆ ਜਾਂਦਾ ਹੈ। ਇਹ ਵੀ ਇੱਕ ਲੰਬਾ ਚੌੜਾ ਵਿਸ਼ਾ ਹੈ ਕਿ ਇਹਨਾਂ ਲੋਕਾਂ ਨੇ ਪੰਜਾਬੀਆਂ ਦੇ ਇੱਕ ਭੋਲੇ ਭਾਲੇ ਅਤੇ ਬਹੁਤ ਵੱਡੇ ਵਰਗ ਨੂੰ ਗੁਮਰਾਹ ਕਰਕੇ ਕਿਵੇਂ ਮਗਰ ਲਾਇਆ ਅਤੇ ਆਪਣੀ ਤੂਤੀ ਬਜਾਈ ਕਿਸੇ ਤੋਂ ਲੁਕਿਆ ਨਹੀਂ ਹੈ।
“ਬੱਲੇ ਪੰਜਾਬੀਓ”, “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ”, ‘ਪੰਜਾਬੀਆਂ ਦੀ ਦੁਨੀਆਂ ਤੇ ਸਰਦਾਰੀ’, ਵਰਗੇ ਅਖੌਤੀ ਮੁਹਾਵਰਿਆਂ ਦੀ ਰਾਜਨੀਤਕ ਵਰਤੋਂ ਨੇ ਆਪਣੇ ਕਮਾਲ ਖੂਬ ਦਿਖਾਏ ਹਨ। “ਜੱਟ ਤਾਂ ਸੁਹਾਗੇ ਤੇ ਚੜ੍ਹਿਆਂ ਮਾਨ ਨ੍ਹੀਂ ਹੁੰਦਾ” ਵਰਗੇ ਮੁਹਾਵਰਿਆਂ ਨੇ ਇੱਕ ਖਾਸ ਵਰਗ ਦੇ ਪੰਜਾਬੀਆਂ ਦੀ ਇੱਕ ਵਿਲੱਖਣ ਸੋਚ ਨੂੰ ਖੂਬ ਪੱਠੇ ਪਾਏ ਤੇ ਦੂਜੀਆਂ ਬ੍ਰਾਦਰੀਆਂ ਨੂੰ ਗੁੱਸਾ ਵੀ ਚਾੜ੍ਹਿਆ। ਜਿਵੇਂ ਉੱਪਰ ਕਿਹਾ ਹੈ ਕਿ ਪੰਜਾਬੀਆਂ ਦੇ ਸੁਭਾਅ ਵਿੱਚ ‘ਲੁਕਵੇਂ ਖੁਦਗ਼ਰਜ਼’ ਅੰਸ਼ ਨੇ ਬਹੁਤ ਮਾਰੂ ਰੋਲ ਨਿਭਾਇਆ ਹੈ ਅਤੇ ਬਹੁਤੀ ਵਾਰੀ ਸਥਿਤੀ ਨੂੰ ਖਤਰਨਾਕ ਮੋੜ ਤੇ ਵੀ ਪਹੁੰਚਾਇਆ ਹੈ।
‘ਖੁਦ ਦੀ ਬੱਲੇ ਬੱਲੇ’ ਦੀ ਲਾਲਸਾ ਅੱਜ ਵੀ ਮੂੰਹ ਚੜ੍ਹ ਬੋਲ ਰਹੀ ਹੈ। ਪੰਜਾਬ ‘ਚ ਕਬੱਡੀ ਦੇ ਦਸ ਦਸ ਅੰਤਰਰਾਸ਼ਟਰੀ ਟੂਰਨਾਮੈਂਟ ਹੋ ਰਹੇ ਹਨ ਜਦ ਕਿ ਏਸ਼ੀਆਂ ਤੋਂ ਬਾਹਰ ਕਬੱਡੀ ਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ ਹੈ। ਜਿਹੜਾ ਵੀ ਚਾਰ ਪੈਸੇ ਜੋੜ ਲੈਂਦਾ ਹੈ ਪੰਜਾਬ ਜਾਕੇ ਅੰਤਰਰਾਸ਼ਟਰੀ ਟੂਰਨਾਮੈਂਟ ਰਚਾ ਲੈਂਦਾ ਹੈ ਤੇ ਸਮੇਂ ਦੇ ਲੀਡਰਾਂ ਨਾਲ ਭਾਈਵਾਲੀ ਗੰਢਣ ਜਾਂ ਗੰਢੀ ਹੋਈ ਨੂੰ ਪਕਿਆਉਣ ਲਈ ਇਨਾਮ ਵੰਡ ਤੇ ਮੁੱਖ ਮਹਿਮਾਨ ਸੱਦ ਲੈਂਦਾ ਹੈ। ਪੰਜਾਬ ਦੇ ਪਿੰਡਾਂ ਵਿੱਚਲੇ ਗੰਦ ਦਾ, ਸਕੂਲਾਂ ਦੀ ਨਿੱਘਰਦੀ ਹਾਲਤ ਦਾ, ਹੱਸਪਤਾਲਾਂ ਵਿੱਚ ਵਰਤੀਂਦੀਆਂ ਨਕਲੀਆਂ ਦਵਾਈਆਂ ਦਾ, ਹਵਾ ‘ਚ ਫੈਲੇ ਪ੍ਰਦੂਸ਼ਣ ਦਾ, ਪੰਜਾਬ ‘ਚ ਵਧਦੇ ਖਤਰਨਾਕ ਪੱਧਰ ਤੇ ਵਧਦੀਆਂ ਅਪ੍ਰਾਧਿਕ ਵਾਰਦਾਤਾਂ ਦਾ, ਪੰਜਾਬੀ ਬੋਲੀ ਦੇ ਹੋ ਰਹੇ ਸੋਸ਼ਣ ਦਾ, ਹਿਮਾਚਲ ਤੇ ਰਾਜਸਥਾਨ ਵਾਂਗ ਪੰਜਾਬ ‘ਚ ਆਕੇ ਜਇਦਾਦਾਂ ਖ੍ਰੀਦਣ ਤੇ ਰੋਕ ਲਾਉਣ ਦਾ, ਜਰਾਇਮ ਪੇਸ਼ਾ ਲੋਕਾਂ ਦੇ ਪੰਜਾਬ ‘ਚ ਦਾਖਲੇ ਦਾ, ਮੋੜ ਮੋੜ ਤੇ ਖੁਲ੍ਹੇ ਠੇਕਿਆਂ ਦਾ, ਸਰਕਾਰੀ ਸ਼ਹਿ ਤੇ ਹੋ ਰਹੇ ਨਸ਼ਿਆਂ ਦੇ ਖੁਲ੍ਹੇ ਵਪਾਰ ਦਾ ਕਿਸੇ ਨੂੰ ਭੋਰਾ ਵੀ ਫਿਕਰ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਦੁਨੀਆਂ ਵਿੱਚ ਐਵਰੈਸਟ ਚੋਟੀ ਵਾਂਗ ਖੜ੍ਹੀਆਂ ਹਨ। ਪਰ ਇਹਨਾਂ ਨੂੰ ਵੀ ਸਮੇਂ ਸਮੇਂ ਸਿਰ ਲੋੜ ਮੁਤਾਬਿਕ ‘ਸਿੱਖਾਂ ਦੀਆਂ ਕੁਰਬਾਨੀਆਂ’ ਅਤੇ ‘ਪੰਜਾਬੀਆਂ ਦੀਆਂ ਕੁਬਾਨੀਆਂ’ ਦੇ ਵਰਗਾਂ ਵਿੱਚ ਵੰਡ ਲਿਆ ਜਾਂਦਾ ਰਿਹਾ ਹੈ ਤੇ ਸਿਲਸਿਲਾ ਅਜੇ ਵੀ ਜਾਰੀ ਹੈ। ਮੋਜੂਦਾ ਸਮੇਂ ਦੇ ਸੰਤਾਪ, ਜੋ ਬਹੁਤ ਹੀ ਗਹਿਰ ਗੰਭੀਰ ਵਿਸ਼ਾ ਹੈ, ਵਿੱਚ ਵੀ ‘ਪੰਜਾਬੀ ਸੁਭਾਅ’ ਦਾ ਬਹੁਤ ਅਹਿਮ ਰੋਲ ਹੈ ਅਤੇ ‘ਹੁਸ਼ਿਆਰ ਆਗੂ ਜਮਾਤ’ ਇਸਨੂੰ ਆਪਣੇ ਫਾਇਦੇ ਲਈ ਆਪਣੇ ਹੱਕ ‘ਚ ਵਰਤਣ ‘ਚ ਪੂਰੀ ਕਾਮਯਾਬ ਹੁੰਦੀ ਰਹੀ ਹੈ। ਜਿਸ ਵਿੱਚ ਅਨਪੜ੍ਹਤਾ ਨੇ ਵੀ ਬਣਦਾ ਯੋਗਦਾਨ ਪਾਇਆ ਹੈ।
ਦੂਰ-ਅੰਦੇਸ਼ੀ ਅਤੇ ਸੁਹਿਰਦਤਾ ਦੀ ਘਾਟ
ਵਿਸ਼ਾ ਬਹੁਤ ਗੰਭੀਰ ਹੋਣ ਕਰਕੇ ਕਈ ਵਿਸ਼ੇ ਵਿੱਚੋ ਵਿੱਚ ਸਿਰ ਚੁੱਕ ਰਹੇ ਹਨ। ਕੁੱਝ ਵੀ ਹੋਵੇ ਪ੍ਰਵਾਸੀ ਪੰਜਾਬੀਆਂ ਦੇ ਤਰੱਕੀ ਪਸੰਦ ਸੁਭਾਅ ਨੇ ਅੱਜ ਦੇ ਪੰਜਾਬ ਦਾ ਹੁਲੀਆ ਹੀ ਬਦਲ ਕੇ ਰੱਖ ਦਿੱਤਾ ਹੈ। ਕੁੱਝ ਸੂਝਵਾਨ ਅਤੇ ਪਾਰਖੂ ਦਿਮਾਗ ਅਤੇ ਸੁਹਿਰਦ ਸੋਚ ਵਾਲੇ ਇਸਨੂੰ ‘ਨਕਸ਼ਾ ਵਿਗਾੜਨ’ ਦਾ ਨਾਮ ਵੀ ਦੇ ਰਹੇ ਹਨ। ਉਹਨਾਂ ਦਾ ਅਕਸਰ ਸੰਕੇਤ ਲੋਕਾਂ ‘ਚ ਪੈਸੇ ਦੇ ਲਾਲਚ ਦਾ ਪਸਾਰ ਅਤੇ ਪੰਜਾਬ ‘ਚ ਵਧੀਆਂ ਕੀਮਤਾਂ ਵੱਲ੍ਹ ਹੁੰਦਾ ਹੈ। ਕਿਉਂਕਿ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਤੋਂ ਬਹੁਤ ਸਮਾਂ ਪਹਿਲਾਂ ਤੋਂ ਹੀ, ਜਾਂ ਕਹਿ ਲਈਏ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਹੀ ਸੁਹਿਰਦ ਅਤੇ ਦੂਰ ਅੰਦੇਸ਼ੀ ਵਾਲੇ ਆਗੂ ਨਹੀਂ ਮਿਲੇ ਜੋ ਆਪਣੇ ਆਪ ਵਿੱਚ ਇੱਕ ਸੰਤਾਪ ਹੈ। ਮਹਾਰਾਜਾ ਖੁਦ ਬਹੁਤ ਪੜ੍ਹਿਆ ਲਿਖਿਆ ਨਾ ਹੋਣ ਕਾਰਨ ਸਹੀ ਮਾਅਨਿਆਂ ‘ਚ ਪੰਜਾਬ ਨੂੰ ਉਹ ਕੁੱਝ ਨਾ ਦੇ ਸਕਿਆ ਜੋ ਉਹ ਦੇ ਸਕਦਾ ਸੀ। ਪੰਜਾਬੀ ਭਾਸ਼ਾ ਪ੍ਰਤੀ ਉਸਦੀ ਉਦਾਸੀਨਤਾ ਅਹਿਮ ਮਿਸਾਲ ਕਹੀ ਜਾ ਸਕਦੀ ਹੈ। ਅਤੇ ਜਿਹੜੇ ਕੁੱਝ ਰੋਸ਼ਨ ਦਿਮਾਗ਼ਾਂ ਨੇ ਅਕਲ ਦੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹ ਵੀ ‘ਠੱਗ ਟੋਲਿਆਂ’ ਨੇ ਊਈਂ ਰੋਲ ਕੇ ਰੱਖ ਦਿੱਤੇ ਜਾਂ ਅਣਸੁਣੇ ਅਤੇ ਅਣਗੌਲ਼ੇ ਰਹਿ ਜਾਣ ਦੇ ਝੋਰੇ ਨੇ ਉਨ੍ਹਾਂ ਨੂੰ ਵੈਸੇ ਹੀ ਸ਼ਕਤੀ ਜਾਂ ਪ੍ਰਭਾਵ ਹੀਣ ਕਰਤਾ। ਜੇ ਕੋਈ ਆਪਣੇ ਬਲਬੂਤੇ ਹਿੰਤ ਕਰਕੇ ਉੱਠਿਆ ਵੀ ਉਸ ਨੂੰ ਸੱਤਾ ਦੇ ਕਾਬਜ਼ ਲੋਕਾਂ ਜਾਂ ਹਾਕਮਾਂ ਨੇ ਭਰਮਾ ਕੇ ਆਪਣਾ ਹੱਥ ਠੋਕਾ ਬਣਾ ਲਿਆ। ‘ਜ਼ੋਰਾਵਰਾਂ ਦਾ ਸੱਤੀਂ ਬੀਹੀਂ ਸੌ’ ਵਾਲੀ ਕਹਾਵਤ ਅੱਜ ਵੀ ਦਨਦਨਾਉਂਦੀ ਫਿਰਦੀ ਹੈ। ਇਸ ਕਾਰਜ ਵਿੱਚ ਵੀ ਪੰਜਾਬੀਆਂ ਦੇ ‘ਵਿਲੱਖਣ ਸੁਭਾਅ’ ਨੇ ਅਹਿਮ ਰੋਲ ਅਦਾ ਕੀਤਾ। ਲੋਕ-ਪ੍ਰਿਆ ਉਹਨਾਂ ਆਗੂਆਂ ਨੇ ਆਪਣੀ ਹੀ ‘ਰੀੜ੍ਹ ਦੀ ਹੱਡੀ’ ਨਾਲ ਦਗ਼ਾ ਕਮਾਇਆ।
ਪੰਜਾਬ ਅਤੇ ਦਿੱਲੀ ਤਖਤ
ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੇਂਦਰ ਜਾਂ ਦਿੱਲੀ ਤਖ਼ਤ ਕਦੇ ਵੀ, ਕਿਸੇ ਤਰਾਂ ਵੀ ਪੰਜਾਬ ਲਈ ਸੁਹਿਰਦ ਨਹੀਂ ਰਿਹਾ। ਕੇਂਦਰ ਲਈ ਪੰਜਾਬ ਹਮੇਸ਼ਾ ਹੀ ਹਊਆ ਬਣਿਆ ਰਿਹਾ। ਇਸ ਗੱਲ, ਤਖਤ ਦੀਆਂ ਕੋਝੀਆਂ ਚਾਲਾਂ, ਨੂੰ ਪਹਿਲੇ ਅਤੇ ਮੌਜੂਦਾ ਸਮੇਂ ਦੇ ਹਾਕਮ ਕਦੇ ਵੀ ਨਾ ਸਮਝ ਸਕੇ। ਜੇ ਸਮਝ ਸਕੇ ਤਾਂ ਉਹਨਾਂ ਦੀ ਗਿੱਦੜ ਸੋਚ ਕਦੇ ਵੀ ਕੋਈ ਜ਼ੁਅੱਰਤ ਨਾ ਕਰ ਸਕੀ। ਨਹੀਂ ਤਾਂ ਕੋਈ ਹੋਰ ਕਾਰਨ ਨਹੀਂ ਸੀ ਕਿ ਪੰਜਾਬ ਦੀ ਏਨੀ ਬਰਬਾਦੀ ਹੁੰਦੀ। ਦਿੱਲੀ ਦਾ ਤਖ਼ਤ ਅਮਰੀਕਾ ਦੀ ਖੁਫੀਆ ਅਜੰਸੀ ਸੀ.ਆਈ.ਏ ਨਾਲੋਂ ਕਿਸੇ ਵੀ ਤਰਾਂ ਘੱਟ ਨਹੀਂ ਰਿਹਾ ਜਿਸਨੇ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚ ਲਹੂ ਦੀਆਂ ਨਹਿਰਾਂ ਵਹਾਉਣ ਵਿੱਚ ਗਾਡੀ ਰੋਲ ਦਾ ਕੀਤਾ। ਇਤਿਹਾਸ ਗਵਾਹ ਹੈ ‘ਸ਼ੈਤਾਨ ਚਾਚੇ ਨਹਿਰੂ’ ਨੇ ਪਰਤਾਪ ਸਿੰਘ ਕੈਰੋਂ ਦੇ ਵਿਲੱਖਣ ਪੰਜਾਬੀ ਖੂਨ ਦੇ ਸੁਭਾਅ ਨੂੰ ਕਿਵੇਂ ਵਰਤਿਆ ਅਤੇ ਪਿੱਠ ਤੇ ਥਾਪੀ ਦੇ ਕੇ ਕੰਮ ਲਿਆ। ਮਾਸਟਰ ਤਾਰਾ ਸਿੰਘ ਦੀ ‘ਉਸਾਰੂ ਅਤੇ ਫ਼ਰਾਖ਼ ਦਿਲ ਸੋਚ’ ਤੋਂ ਪੰਜਾਬੀ ਅਤੇ ਸਿੱਖ ਇਤਿਹਾਸ ਦੇ ਵਿਦਿਆਰਥੀ ਭਲੀ ਭਾਂਤ ਜਾਣੂੰ ਹਨ। ਪਿੱਛੇ ਜਹੇ ਹਾਕਮ ਜਮਾਤ ਨੇ ਸਮਾਜਕ ਪਾੜ ਨੂੰ ਹੋਰ ਡੂੰਘਾ ਕਰਨ ਲਈ ਕਈ ਹੋਰ ‘ਨੀਵੀਆਂ ਜਾਤੀਆਂ ਨੂੰ ਵਿਸ਼ੇਸ਼ ਹੱਕ’ ਦੇ ਨਾਹਰੇ ਤਹਿਤ ਆਪਣੀ ਸੋਚ ਦੀ ਬਿੱਲੀ ਅਸਲੋਂ ਹੀ ਥੈਲਿਓਂ ਬਾਹਰ ਕੱਢ ਕੇ ਆਪਣੇ ਵੋਟ ਖਾਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਨਵੀ ਸਕੀਮ ਘੜੀ ਤੇ ਲਾਗੂ ਕਰ ਮਾਰੀ। ਇਸ ਤਖ਼ਤ ਦੀਆਂ ਕੋਝੀਆਂ ਤੇ ਕੂੜ ਚਾਲਾਂ ਅਜੇ ਵੀ ਨਿਰੰਤਰ ਜਾਰੀ ਨੇ ਤੇ ਨੇੜਲੇ ਭਵਿੱਖ ਵਿੱਚ ਇਹਨਾਂ ਦਾ ਕਿਤੇ ਅੰਤ ਨਹੀਂ ਦਿਸਦਾ।
ਪ੍ਰਵਾਸੀ ਪੰਜਾਬੀ ਚੋਗਾ
ਪੰਜਾਬ ਵਿੱਚ ਕੁੱਝ ਅਮਨ ਸ਼ਾਂਤੀ ਹੁੰਦਿਆਂ ਹੀ ਪੰਜਾਬੀਆਂ ਦਾ ‘ਵਿਲੱਖਣ ਸੁਭਾਅ’ ਫਿਰ ਤੋਂ ਸਿਰ ਚੁੱਕਣ ਲੱਗ ਪਿਆ। ਇਸ ਵਿੱਚ ਪਰਵਾਸੀ ਪੰਜਾਬੀਆਂ ਨੇ ਵੀ ਸੁਭਾਅ ਮੁਤਾਬਿਕ ਕਿਸੇ ਤੋਂ ਪਿੱਛੇ ਰਹਿ ਜਾਣ ਦੀ ਗੱਲ ਨਾ ਸਹਾਰਦਿਆਂ ਹੋਇਆ ਆਪਣਾ ਝੰਡਾ ਬੁਲੰਦ ਕਰਨ ਤੇ ਰੱਖਣ ਵਿੱਚ ਆਵਾਜ਼ ਉੱਚੀ ਕੀਤੀ। ਕਿਉਂਕਿ, ਜਿਵੇਂ ਉੱਪਰ ਜ਼ਿਕਰ ਕੀਤਾ ਹੈ, ਕੇਂਦਰ ਦਾ ਜੂਠਾ ਖਾਣ ਵਾਲੀ ਪੰਜਾਬ ਦੀ ਹਾਕਮ ਜਮਾਤ ਵੀ ਆਪਣਾ ਉੱਲੂ ਸਿੱਧਾ ਕਰਨ ਲਈ ‘ਬੱਲੇ ਪੰਜਾਬੀਓ’ ਵਾਲਾ ਆਪਣਾ ਡੌਰੂ ਸਮੇਂ ਸਮੇਂ ਖੂਬ ਖੜਕਾਉਂਦੀ ਰਹੀ ਹੈ ਜਿਸਦੀ ਅਵਾਜ਼ ਤੇ ਬਹੁਤ ਸਾਰੇ ਪ੍ਰਵਾਸੀ ਨੱਚ ਉੱਠਦੇ ਹਨ। ‘ਵਿਲੱਖਣ ਪੰਜਾਬੀ ਸੁਭਾਅ’ ਆਪਣੇ ਕੰਨ ਖੜ੍ਹੇ ਕਰ ਲੈਂਦਾ ਹੈ ਬੱਸ ਫੇਰ ਜਾ ਰਲਦਾ ਹੈ ਓਸੇ ਅਮੁੱਕ ਦੌੜ ਵਿੱਚ ਜਿਸਦਾ ਅੰਤ ਚਿੰਨ੍ਹ (ਫਿਨਿਸ਼ਿੰਗ ਪੁਆਇੰਟ) ਕਿਤੇ ਵੀ ਨਹੀਂ ਹੁੰਦਾ। ਇਹ ਦੌੜ ਕਈ ਦਹਾਕਿਆਂ ਤੋਂ ਜਾਰੀ ਹੈ।
ਅਗਰ ਪੰਜਾਬ ਸਰਕਾਰਾਂ ਪ੍ਰਵਾਸੀਆਂ ਲਈ ਦਿਲੋਂ ਸੁਹਿਰਦ ਹਨ ਤਾਂ ਉਹਨਾਂ ਨੂੰ ਪੰਜਾਬੀਆਂ ਕਦਰ ਦੇ ਨਾਲ ਨਾਲ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਵੱਲ੍ਹ ਵੀ ਧਿਆਨ ਦੇਣਾ ਚਾਹੀਦਾ ਹੈ। ਮੌਜੂਦਾ ਪਿਛਲੀਆਂ ਸਰਕਾਰਾਂ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਜੇਬ੍ਹਾਂ ‘ਚੋਂ ਪੈਸੇ ਕਢਾਉਣ ਲਈ ਤਰਾਂ ਤਰਾਂ ਦੇ ਲਾਰੇ ਲਾਏ, ਢੌਂਗ ਰਚਾਏ ਗਏ, ਤਰਾਂ ਤਰਾਂ ਦੇ ਪ੍ਰਵਾਸੀ ਚੋਗੇ ਪਾਏ ਗਏ ਜਿਨ੍ਹਾਂ ਬਾਰੇ ਪੜ੍ਹਨ ਲਿਖਣ ਵਾਲੇ ਪੰਜਾਬੀਆਂ ਨੂੰ ਭਲੀ ਭਾਂਤ ਜਾਣਕਾਰੀ ਹੈ। ਪਰ ਅੱਜ ਦੀ ਤਰੀਕ ਵਿੱਚ ਵੀ ਅਸਲੀਅਤ ਤਾਂ ਇਹ ਹੈ ਕਿ ਪੰਜਾਬ ‘ਚ ‘ਲਾਠੀ ਵਾਲੇ ਦੀ ਹੀ ਮੱਝ’ ਹੈ। ਪਾਠਕ ਰੋਜ਼ ਸੁਰਖੀਆਂ ‘ਚ ਪੜ੍ਹਦੇ ਹਨ ਕਿ ਕਿੰਨੇ ਪ੍ਰਵਾਸੀਆਂ ਨਾਲ ਧੋਖੇ ਹੋਏ ਅਤੇ ਪੰਜਾਬ ‘ਚ ਕਿੰਨੇ ਪ੍ਰਵਾਸੀ ਪੰਜਾਬੀ ਕਤਲ ਹੋਏ ਕੀ ਕਿਸੇ ਸਰਕਾਰ ਨੇ ਕਦੇ ਕੋਈ ਮੁਆਫੀ ਮੰਗੀ ? ਜਾਂ ਕੋਈ ਕੇਸ ਆਪਣੇ ਆਪ ਸੁਲਝਾਉਣ ਦਾ ਯਤਨ ਕੀਤਾ? ਕੀ ਕਦੇ ਦਫਤਰਾਂ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਬਿਨਾਂ ਵੱਢੀ ਦਿੱਤਿਆਂ ਜਾਂ ਸਿਫਾਰਸ਼ ਕੀਤਿਆਂ ਕੋਈ ਇਨਸਾਫ ਮਿਲਿਆ? ਅਜਿਹੇ ਬਹੁਤ ਸਾਰੇ ਹੋਰ ਹੋਰ ਸਵਾਲ ਹਨ ਜੋ ਕਿ ਪ੍ਰੇਸ਼ਾਨ ਪ੍ਰਵਾਸੀ ਪੰਜਾਬੀਆਂ ਦੀਆਂ ਸੋਚਾਂ ਵਿੱਚ ਨਿਤਾ ਪ੍ਰਤੀ ਸੁਨਾਮੀ ਤੂਫਾਨ ਬਣਕੇ ਉੱਭਰਦੇ ਰਹਿੰਦੇ ਹਨ।
‘ਪੰਜਾਬੀ ਥਿੰਕ ਟੈਂਕ’ ਸਮੇਂ ਦੀ ਜ਼ਰੂਰਤ
ਪੰਜਾਬੀ ਸੋਚ ਹੁਣ ਵਿਕਾਊ ਸੋਚ ਵੀ ਬਣਦੀ ਜਾ ਰਹੀ ਹੈ, ਫੀਸ ਦਿਓ ਤੇ ਕੰਮ ਕਰਾਓ ਭਾਵੇਂ ਉਹ ਪੰਚਾਇਤ ਦਾ ਕੰਮ ਹੈ ਜਾਂ ਪਿੰਡ ਦੇ ਗੁਰਦਵਾਰੇ ਦਾ, ਧਰਮਸ਼ਾਲਾ ਲਈ ਗ੍ਰਾਂਟ ਲੈਣੀਂ ਹੈ ਜਾਂ ਸਕੂਲ ਲਈ। ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕੋਈ ਸੁਹਿਰਦ ‘ਥਿੰਕ ਟੈਂਕ’ ਨਹੀਂ ਹੈ। ਨਾ ਹੀ ਪੰਜਾਬ ਵਿੱਚ ਅਤੇ ਨਾ ਹੀ ਵਿਦੇਸ਼ਾਂ ਵਿੱਚ। ਪ੍ਰਵਾਸੀ ਪੰਜਾਬੀਆਂ ਨੇ ਵੀ ਦਿੱਲੀ ਤਖ਼ਤ ਦੀ ਚਾਲ ਅਤੇ ਖ਼ੁਸ਼ਨਸੀਬੀ ਮੁਤਾਬਿਕ, ਪਹਿਲਾਂ ਆਪਣੇ ਆਪ ਨੂੰ ਧਰਮਾਂ, ਮਜ਼੍ਹਬਾਂ, ਫਿਰ ਜ਼ਾਤਾਂ ਪਾਤਾਂ ਅਤੇ ਅਨੇਕਾਂ ਸ਼੍ਰੇਣੀਆਂ ਵਿੱਚ ਵੰਡ ਲਿਆ ਹੈ। ਉਸਤੋਂ ਬਾਅਦ ਅਗਰ ਕੁੱਝ ਬਚ ਗਿਆ ਤਾਂ ਉਸਨੂੰ ਰਾਜਨੀਤਕ ਪਾਰਟੀਆਂ ਦੇ ਅਧਾਰ ਤੇ, ਫੇਰ ਸਿੱਖ ਅਤੇ ਕਬੱਡੀ ਫੈਡਰੇਸ਼ਨਾਂ ਦੇ ਅਧਾਰ ਤੇ ਵੰਡ ਲਿਆ ਗਿਆ। ਪੰਜਾਬੀਆਂ ਦਾ ਇਹ ‘ਵਿਲੱਖਣ ਸੁਭਾਅ’ ਹਿੰਦੋਸਤਾਨ ਅਤੇ ਖ਼ਾਸ ਕਰ ਪੰਜਾਬ ਦੀ ਹਾਕਮ ਅਤੇ ਆਗੂ ਜਮਾਤ ਨੂੰ ਹਰ ਤਰਾਂ ਹੀ ਮਾਫਕ ਬੈਠਦਾ ਹੈ। ਇਹ ਆਗੂ ਗਾਹੇ ਬਗਾਹੇ ਵਿਦੇਸ਼ਾਂ ਦੀਆਂ ਸੈਰਾਂ ਕਰ ਜਾਂਦੇ ਹਨ, ਪੰਜਾਬ ਦੀ ਪਿੰਡਾ ਲੂੰਹਦੀ ਰੋਹੀ ਤੋਂ ਨਾਲੇ ਸਰੀਰ ਨੂੰ ਅਰਾਮ ਦੁਆ ਜਾਂਦੇ ਹਨ ਨਾਲੇ ਗਲਾਂ ‘ਚ ਹਾਰ ਪੁਆ ਕੇ ਪਾਰਟੀ ਅਤੇ ਨਿੱਜ ਲਈ ਚੰਦਾ ਲੈ ਜਾਂਦੇ ਹਨ। ‘ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ’। ਲਾਰਿਆਂ, ਭਰੋਸਿਆਂ, ਬਿਆਨਾਂ ਨਾਲ ਪ੍ਰਵਾਸੀ ਪੰਜਾਬੀਆਂ ਨੂੰ ਮਾਲ ਮਾਲ ਕਰਕੇ ਮੁੜ ਦਰਸ਼ਨ ਤਾਂ ਕੀ ਦੇਣੇ ਟੈਲੀਫੋਨ ਤੇ ਵੀ ਸਿੱਧੇ ਮੂੰਹ ਗੱਲ ਨਹੀਂ ਕਰਦੇ। ਇਹ ਮੈਂ ਨਹੀਂ ਕਹਿੰਦਾ ਤੁਹਾਡਾ ਦਿਲ ਕਹਿ ਰਿਹਾ ਹੈ, ਤੁਹਾਡਾ ਜਾਤੀ ਤਜਰਬਾ ਬੋਲ ਕੇ ਦੱਸ ਰਿਹਾ ਹੈ ਜੋ ਤੁਹਾਨੂੰ ਪੱਛ ਵੀ ਰਿਹਾ ਹੈ।
ਗੱਲ ਚੱਲੀ ਸੀ ‘ਥਿੰਕ ਟੈਂਕ’ ਦੀ। ਇਸ ਹੈਰਾਨ ਕਰਨ ਵਾਲੀ ਟਰਮ ਦਾ ਭਾਵ ਤਾਂ ਬੁੱਧੀਜੀਵੀ ਵਰਗ ਚੰਗੀ ਤਰਾਂ ਸਮਝਦਾ ਹੈ ਪਰ ਜਿਨ੍ਹਾਂ ਇਹ ਸ਼ਬਦ ਨਹੀਂ ਸੁਣਿਆਂ ਉਹਨਾਂ ਦੇ ਗਿਆਤ ਲਈ ਕਿ ‘ਕੁੱਝ ਰੌਸ਼ਨ ਅਤੇ ਪਾਰਦਰਸ਼ੀ ਦਿਮਾਗ’ ਜੋ ਭਵਿੱਖਤ ਸਮੱਸਿਆਵਾਂ ਨੂੰ ਪਛਾਣ ਕੇ ਲੋਕ ਭਲਾਈ ਦਾ ਨਿਰਣਾ ਕਰ ਸਕਣ। ਇਹ ਸਮੱਸਿਆ ਕਿਸੇ ਵੀ ਖੇਤਰ ਦੀ ਹੋ ਸਕਦੀ ਹੈ ਜਿਵੇਂ ਕਿ ਸਿਹਤ ਸਬੰਧੀ, ਸੱਭਿਆਚਾਰਕ, ਵਿੱਦਿਅਕ, ਕਨੂੰਨੀ ਜਾਂ ਵੱਡੇ ਪੱਧਰ ਤੇ ਕਹਿ ਲਈਏ ਕਿ ਸਮਾਜਕ, ਆਰਥਿਕ, ਵਿਗਿਆਨਕ ਜਾਂ ਧਾਰਮਿਕ। ਪੰਜਾਬ ਵਿੱਚ ਪਿਛਲੇ ਸਮਿਆਂ ਵਿੱਚ ਬਣੀਆਂ ਐਨ.ਆਈ.ਆਰ ਸਭਾਵਾਂ ਦੀ ਕਾਰਗੁਜ਼ਾਰੀ ਜਾਂ ਸਫਲਤਾ ਤੋਂ ਬਹੁਤ ਸਾਰੇ ਪੰਜਾਬੀ ਭਲੀ ਭਾਂਤ ਜਾਣੂੰ ਹੀ ਹਨ ਦੁਹਰਾਉਣ ਦੀ ਲੋੜ ਨਹੀਂ। ਖ਼ੈਰ! ਹੈਰਾਨੀ ਹੈ ਕਿ ਪ੍ਰਵਾਸੀ ਪੰਜਾਬੀ ਚਾਹੇ ਉਹ ਬ੍ਰਤਾਨੀਆਂ ਜਾਂ ਕਿਸੇ ਵੀ ਹੋਰ ਮੁਲਕ ਵਿੱਚ ਹਨ ਉਹ ਹੀ ਜਾਣਦੇ ਹਨ ਕਿ ਉਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਹਨ। ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਕਿ ਪੰਜਾਬੀਆਂ ਨੇ ਆਪਣੇ ਸੁਭਾਅ ਮੁਤਾਬਿਕ ਆਪਣੇ ਆਪ ਨੂੰ ਆਪੋ ਆਪਣੇ ਤੰਗ ਖੁੱਡਿਆਂ ਅੰਦਰ ਤਾਂ ਤਾੜ ਲਿਆ ਹੈ ਸ਼ਾਇਦ ਏਹੋ ਵਜ੍ਹਾ ਹੈ ਕਿ ਕਿਸੇ ਵੀ ਮੁਲਕ ਵਿੱਚ ਕੋਈ ‘ਪੰਜਾਬੀ ਥਿੰਕ ਟੈਂਕ’ ਹੋਂਦ ਵਿੱਚ ਨਹੀਂ ਆ ਸਕਿਆ। ‘ਅਤੇ ਆ ਵੀ ਨਹੀਂ ਸਕਦਾ’ ਕਹਿਕੇ ਬਹੁਤ ਸਾਰੇ ਪੰਜਾਬੀ ਮੂਲ਼ੋਂ ਈ ਆਪਣੀ ਨਾਕਾਰਤਮਿਕ (ਨੈਗੇਟਿਵ) ਸੋਚ ਦਾ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਪ੍ਰਵਾਸੀਆਂ ਦਾ ਸੰਮੇਲਨ
ਪੰਜਾਬ ਸਰਕਾਰ ਵਲੋਂ ਪਿਛਲੇ ਹਫਤੇ 5 ਅਤੇ 6 ਜਨਵਰੀ ਨੂੰ ਦੋ ਐਨ. ਆਈ. ਆਰ ਸਭਾਵਾਂ, ਚੰਡੀਗੜ੍ਹ ਅਤੇ ਜਲੰਧਰ ਵਿੱਚ ਕਰਾਈਆਂ ਗਈਆਂ। ਇਹਨਾਂ ਬਾਰੇ ਚੁੰਝ ਚਰਚਾ ਹੁਣ ਆਉਣ ਵਾਲੇ ਅਖਬਾਰਾਂ ਦੀਆਂ ਸੁਰਖੀਆਂ ਬਣੇਗੀ। ਕਿਉਂਕਿ ਇਹ ਸਰਕਾਰਾਂ ਦੇ ਰਾਜਨੀਕਤ ਹੱਥਕੰਡੇ (ਪੁਲੀਟੀਕਲ ਸਟੰਟ) ਹੁੰਦੇ ਹਨ ਅਤੇ ਸਾਰਿਆਂ ਨੂੰ ਇਹ ਮਾਫਕ ਨਹੀਂ ਬਹਿ ਸਕਦੇ। ਜਿਨ੍ਹਾਂ ਨੂੰ ਇਹ ਚੋਗਾ ਨਸੀਬ ਹੋਿੲਆ ਉਹ ਤਾਰੀਫਾਂ ਦੇ ਪੁਲ ਬੰਨਣਗੇ ਅਤੇ ਜਿਹੜੇ ਵਿਚਾਰੇ ਵਾਂਝੇ ਰਹਿ ਗਏ ਉਹ ਵੀ ਆਪਣੀ ਭੜਾਸ ਆਪਣੇ ਤਰੀਕੇ ਨਾਲ ਕੱਢਣਗੇ। ਕੁੱਝ ਵੀ ਹੋਵੇ ਅਜੇਹੇ ਸੰਮੇਲਨਾਂ ਨਾਲ, ਜੋ ਅਕਸਰ ਪ੍ਰਵਾਸੀ ਚੰਦੇ ਨਾਲ ਹੀ ਸਫ਼ਲ ਹੁੰਦੇ ਹਨ, ਕੁੱਝ ਵੀ ਸੌਰਨ ਦੇ ਇਮਕਾਨ ਨਜ਼ਰ ਨਹੀਂ ਆਉਣਗੇ। ਪੰਜਾਬੀ ਆਗੂ ਆਪਣੇ ‘ਵਿਲੱਖਣ ਸੁਭਾਅ’ ਹੱਥੋਂ ਮਜ਼ਬੂਰ ਹੈ। ਜਨਵਰੀ ਦੇ ਅਖ਼ੀਰ ਤੋਂ ਪਹਿਲਾਂ ਪਹਿਲਾਂ ਹੀ ਇਹਨਾਂ ਸੰਮੇਲਨਾਂ ਗੱਲ ਆਈ ਗਈ ਹੋ ਨਿੱਬੜਨੀ ਹੈ। ਵੈਸੇ ਵੀ ਹੁਣ ਬਹੁਤ ਸਾਰੇ ਪੰਜਾਬੀਆਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਹੀ ਗਿਆ ਹੈ ਕਿ ਐਨ.ਆਰ.ਆਈ ਦਾ ਭਾਵ ਉਹ ਨਹੀਂ ਜੋ ਸਰਕਾਰ ਦਾਅਵਾ ਕਰਦੀ ਹੈ ਜਾਂ ਸਰਕਾਰ ਹਮਾਇਤੀ ਲੋਕ ਸਮਝਦੇ ਹਨ। ਬਹੁਤ ਸਾਰੇ ਪੰਜਾਬੀਆਂ ਲਈ ਐਨ.ਆਰ.ਆਈ ਦੇ ਅਰਥ ਹੁਣ ਬਦਲ ਕੇ ‘ਨੌਟ ਰਿਕੁਆਰਿਡ ਇੰਡੀਅਨਜ਼’ ਰਹਿ ਗਏ ਹਨ। ਭਾਵ ਇਹਨਾਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਹੈ ਦੂਜੇ ਸ਼ਬਦਾਂ ‘ਚ ਇਹਨਾਂ ਦੀ ਇੱਥੇ ਹੁਣ ਕੋਈ ਪੁੱਛ ਪ੍ਰਤੀਤ ਨਹੀਂ ਰਹਿ ਗਈ।
ਅਜੇ ਵੀ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਰਾਜਨੀਤਕ ਧਾਰਮਿਕ ਅਤੇ ਜਜ਼ਬਾਤੀ ਤੌਰ ਤੇ ਪੰਜਾਬ ਨਾਲ ਹੀ ਜੁੜੇ ਹੋਏ ਹਨ। ਆਪਣੀ ਹੋਂਦ ਤੇ ਉਹ ਇਸ ਸਾਂਝ ਦਾ ਪ੍ਰਤੱਖ ਅਸਰ ਵੇਖਦੇ ਹਨ। ਇਹੋ ਕਾਰਨ ਹੈ ਕਿ ਉਹ ਉੱਨਤ ਮੁਲਕਾਂ ਦੇ ਪਾਰਦਰਸ਼ੀ ਸਿਸਟਮ ਵਿੱਚ ਰਹਿੰਦੇ ਹੋਏ ਵੀ ਕਿਸੇ ਵੀ ਤਰਾਂ ਦਾ ਵੱਖਰਾ ਸੋਚ ਸਕਣ ਅਤੇ ਸੁਝਾਅ ਸਕਣ ਵਿੱਚ ਅਸਫਲ ਰਹਿੰਦੇ ਹਨ। ਅੱਜ ਤੱਕ ਕੋਈ ਵੀ ਪ੍ਰਵਾਸੀ ਆਗੂ ਪੰਜਾਬੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀ ਬਜਾਏ ਪੰਜਾਬੀ ਰਾਜਨੀਤੀ ਤੋਂ ਹੀ ਪ੍ਰਭਾਵਿਤ ਹੋਇਆ ਬੈਠਾ ਹੈ ਤੇ ਤੇ ਇਹ ਪ੍ਰਭਾਵ ਲਗਾਤਾਰ ਕਬੂਲਿਆ ਜਾ ਰਿਹਾ ਹੈ। ਕਿਉਂਕਿ ਉਹਨਾਂ ਨੂੰ ਗੁੜ੍ਹਤੀ ਹੀ ਪੰਜਾਬੀ ਰਾਜਨੀਤੀ ਤੋਂ ਮਿਲੀ ਹੈ। ਇਸ ਕਰਕੇ ਵੀ ਉਹਨਾਂ ਦੇ ਵੱਸ ਦੀ ਗੱਲ ਨਹੀਂ ਜਾਂ ਕਹਿ ਲਈਏ ਕਿ ਉਹ ਵੀ ਆਪਣੇ ‘ਵਿਲਖਣ ਸੁਭਾਅ’ ਦੇ ਪ੍ਰਭਾਵ ਤੋਂ ਨਹੀਂ ਬਚ ਸਕੇ। ਪੰਜਾਬ ਅਤੇ ਪੰਜਾਬ ਤੋਂ ਬਾਹਰ ਨਿਗਾਹ ਮਾਰ ਕੇ ਦੇਖ ਲਵੋ ਕਿ ਪੰਜਾਬੀ ਸਿਆਸਤ ਜਾਂ ਰਾਜਨੀਤੀ ਵਿੱਚ ਪੈਸੇ ਦਾ ਬੋਲਬਾਲਾ ਹੈ। ਲੋਕਾਂ ਦੀਆਂ ਸਮੂਹਿਕ ਮੁਸ਼ਕਲਾਂ ਹੱਲ ਕਰਨ ਦੀ ਬਜਾਏ ਜਾਂ ਉਹਨਾਂ ਨੂੰ ਨਾਲ ਜੋੜਨ ਦੀ ਬਜਾਏ ਮੌਕੇ ਤੇ ਵੋਟਾਂ ਦਾ ਮੁੱਲ ਉਹਨਾਂ ਦੀ ਝੋਲੀ ਪਾ ਦਿੱਤਾ ਜਾਂਦਾ ਹੈ ਤੇ ਫੇਰ ਪੰਜ ਸਾਲ ਸੁਖ ਦੇ ਲੰਘ ਜਾਂਦੇ ਹਨ ਤੇ ਅਗਲੀ ਵਾਰ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ।
ਕੀ ਹੋਵੇ ਫੇਰ…?
ਸੋਚਦੇ ਹੋਵੋਗੇ ਕੀ ਹੋਣਾ ਜਾਂ ਕੀ ਕੀਤੇ ਜਾਣਾ ਚਾਹੀਦੈ? ਕਰਨਾ ਕੀ ਹੈ ਬੱਸ ਹੱਥ ਤੇ ਹੱਥ ਧਰਕੇ ਨਾ ਬੈਠਿਆ ਜਾਵੇ। ਹੋ ਤਾਂ ਵੈਸੇ ਬਹੁਤ ਕੁੱਝ ਰਿਹਾ ਹੈ ਪਰ ਬਹੁਤ ਹੇਠਲੇ ਪੱਧਰ ਤੇ ਆਪੋ ਆਪਣੇ ਘੇਰੇ ਅਤੇ ਦਾਇਰੇ ਵਿੱਚ ਰਹਿਕੇ। ਇਹ ਕਈਆਂ ਦੀ ਆਪਣੀ ਸੋਚ ਵੀ ਹੈ ਅਤੇ ਕਈਆਂ ਦੀ ਆਪਣੀ ਮਜ਼ਬੂਰੀ ਵੀ। ਪਹਿਲਾਂ ਆਪਣੇ ਆਪਣੇ ਵਾੜੇ ਤੋਂ ਬਾਹਰ ਆਓ, ਖੂਹ ਤੋਂ ਦਰਿਆ ‘ਚ ਤੇ ਦਰਿਆ ਚੋਂ ਸਮੁੰਦਰ ‘ਚ ਨਿੱਤਰੋ ਤੇ ਦੇਖੋ ਕਿ ਕਿੰਨਾ ਕੁੱਝ ਕਰਨ ਵਾਲਾ ਪਿਆ ਹੈ। ਆਪੋ ਆਪਣੇ ਤੌਰ ਤੇ ਸੈਂਕੜੇ ਪੰਜਾਬੀਆਂ ਨੇ ਪੰਜਾਬ ਵਿੱਚ ਸੁਧਾਰ ਅਤੇ ਤਰੱਕੀ ਹਿੱਤ ਹੁਣ ਤੱਕ ਕ੍ਰੋੜਾਂ ਪੌਂਡ ਖ਼ਰਚ ਕਰ ਮਾਰੇ ਹਨ ਤੇ ਖ਼ਰਚ ਰਹੇ ਹਨ। ਇਸ ਨਾਲ ਉਹਨਾਂ ਦੀ ‘ਜ਼ਾਤੀ ਬੱਲੇ ਬੱਲੇ’ ਤਾਂ ਜ਼ਰੂਰ ਹੋਈ ਹੋਵੇਗੀ ਪਰ ਹੇਠਲੇ ਜਨਤਕ ਪੱਧਰ ਤੇ ਇਸਦਾ ਅਸਰ ਆਟੇ ‘ਚ ਲੂਣ ਹੈ। ਅਗਰ ਪੰਜਾਬ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਹੇਠਲੇ ਵਰਗ ਦੀ ਜਾਂ ਖੁਦ ਆਪਣੇ ਹਿੱਤਾਂ ਦੀ ਰਾਖੀ ਕਰਨੀ ਹੈ ਤਾਂ ਬ੍ਰਤਾਨੀਆ ਪੱਧਰ ਤੇ ਰਾਜਨੀਤਕ ਅਤੇ ਧਾਰਮਿਕ ਸੋਚ ਨਾਲੋਂ ਵਿਗਿਆਨਕ ਸੋਚ ਵੱਧ ਅਪਨਾ ਕੇ ਇੱਕ ਵਿਸ਼ਾਲ ‘ਪੰਜਾਬੀ ਥਿੰਕ ਟੈਂਕ’ ਹੋਂਦ ‘ਚ ਲਿਆਂਦਾ ਜਾਣਾ ਚਾਹੀਦਾ ਹੈ। ਅੱਜ ਪੰਜਾਬੀਆਂ ਕੋਲ ਆਪਣੇ ਅਖ਼ਬਾਰ, ਰਸਾਲੇ, ਰੇਡੀਓ ਅਤੇ ਟੈਲੀਵੀਯਨ ਅਤੇ ਫਿਲਮਾਂ ਬਣਾਉਣ ਵਾਲੇ ਮੌਜੂਦ ਹਨ ਅਤੇ ਇਹਨਾਂ ਦੀ ਸੁਹਿਰਦਾ ਦਾ ਪੱਧਰ ਵੀ ਸਿਖਰ ਦਾ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਵੀ ਤਰਾਂ ਦੇ ਜ਼ਾਤੀ ਅਸਰ ਜਾਂ ਮੁਫ਼ਾਦ ਤੋਂ ਉੱਪਰ ਹੋਵੇ। ਮਸਲਾ ਹੈ ਸਿਰਫ਼ ‘ਰੌਸ਼ਨ ਦਿਮਾਗ਼ਾਂ ਨੂੰ ਝੰਜੋੜਨ ਦਾ, ਹਥਿਆਰ ਸੁੱਟੀ ਬੈਠੇ ਯੋਧਿਆਂ ਨੂੰ ਨਾਲ ਜੋੜਨ ਅਤੇ ਨਾਲ ਤੋਰਨ ਦਾ।
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ। (ਪਹਿਲੀ ਵਾਰ ਛਪਿਆ 2008) (ਦੂਜੀ ਵਾਰ 2022)
ਲਿਖਾਰੀ Tweet
- ਸ਼ਿੰਦਰਪਾਲ ਸਿੰਘ ਮਾਹਲ, ਯੂਕੇhttps://likhari.net/author/%e0%a8%b8%e0%a8%bc%e0%a8%bf%e0%a9%b0%e0%a8%a6%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ae%e0%a8%be%e0%a8%b9%e0%a8%b2-%e0%a8%af%e0%a9%82%e0%a8%95%e0%a9%87/
- ਸ਼ਿੰਦਰਪਾਲ ਸਿੰਘ ਮਾਹਲ, ਯੂਕੇhttps://likhari.net/author/%e0%a8%b8%e0%a8%bc%e0%a8%bf%e0%a9%b0%e0%a8%a6%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ae%e0%a8%be%e0%a8%b9%e0%a8%b2-%e0%a8%af%e0%a9%82%e0%a8%95%e0%a9%87/