ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (30 ਅਕਤੂਬਰ 2022 ਨੂੰ) 88ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਜ਼ਮਾਨੇ ਦੇ ਦਰਦ ਨੂੰ ਦਰਸਾਉਂਦਾ ਸ਼ਾਇਰ ਕੁਲਵਿੰਦਰ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਜ਼ਮਾਨੇ ਦੇ ਦਰਦ ਨੂੰ ਦਰਸਾਉਂਦਾ ਸ਼ਾਇਰ ਕੁਲਵਿੰਦਰ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਸ਼ਾਇਰ ਕੁਲਵਿੰਦਰ’ ਨੂੰ ਹਾਰਦਿਕ ਵਧਾਈ ਹੋਵੇ। ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
ਅਦੀਬ ਸਮੁੰਦਰੋਂ ਪਾਰ ਦੇ: ਕੈਲੇਫੋਰਨੀਆ (ਅਮਰੀਕਾ) ਦੇ ਸ਼ਹਿਰ ਸਾਨਫਰਾਂਸਿਸਕੋ ਦੇ ਲਾਗੇ ਵੱਸਦਾ ਸਾਡਾ ਜ਼ਹੀਨ ਸ਼ਾਇਰ ਕੁਲਵਿੰਦਰ ਪੰਜਾਬੀ ਸ਼ਾਇਰੀ ਵਿਚ ਆਪਣੀ ਵਿਲੱਖਣ ਤੇ ਵਿਸ਼ੇਸ਼ ਥਾਂ ਰੱਖਦਾ ਹੈ। ਉਸ ਦੀ ਸ਼ਾਇਰੀ ਬੁਲੰਦ ਤੇ ਗਹਿਰੀ ਹੈ। ਉਸ ਦਾ ਰਚਨਾ ਸੰਸਾਰ ਕੁਲ ਆਲਮ ਦੇ ਦੁੱਖਾਂ-ਦਰਦਾਂ ਵਿਯੋਗਾਂ, ਉਦਾਸੀਆਂ, ਤਲਖ਼ ਹਕੀਕਤਾਂ, ਤੰਗੀਆਂ-ਤੁਰਸ਼ੀਆਂ, ਦੁਸ਼ਵਾਰੀਆਂ, ਵਿਸੰਗਤੀਆਂ ਆਦਿ ਦੀ ਬਾਤ ਵੀ ਪਾਉਦਾ ਹੈ ਤੇ ਆਪਣਾ ਆਸ਼ਾਵਾਦੀ ਨਜ਼ਰੀਆ ਵੀ ਬਰਕਰਾਰ ਰੱਖਦਾ ਹੈ। ਜੇ ਪੰਜਾਬੀ ਦਾ ਨਾਮਵਰ ਸ਼ਾਇਰ ਡਾ. ਜਗਤਾਰ ਕੁਲਵਿੰਦਰ ਨੂੰ ਬਹੁ ਅਯਾਮੀ ਸ਼ਾਇਰ ਆਖਦਾ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੈ। ਕੁਲਵਿੰਦਰ ਦੇ ਕਾਵਿ-ਸੰਸਾਰ ਦੀਆਂ ਕਈ ਪਰਤਾਂ ਹਨ। ਇਨ੍ਹਾਂ ਪਰਤਾਂ ਦੀ ਅੰਤਰੀਵ ਧਾਰਾ ਬਹੁਤ ਗਹਿਰ-ਗੰਭੀਰ ਹੈ। ਇਸ ਵਿੱਚੋਂ ਅਜੋਕੇ ਮਾਨਵ ਦੀ ਆਂਤਿ੍ਰਕ ਤੇ ਬਾਹਰੀ ਸਥਿਤੀ ਨੂੰ ਬਿਹਤਰ ਸਮਝਿਆ ਜਾ ਸਕਦਾ ਹੈ। ਦਰਅਸਲ ਮਿਥਿਕ ਚੇਤਨਾ ਤੋਂ ਮੁਕਤ ਜਦੋਂ ਕੋਈ ਸ਼ਾਇਰਾਨਾ ਬਿਰਤੀ ਵਾਲਾ ਸੰਜੀਦਾ ਮਨੁੱਖ ਮਨ ਦੀਆਂ ਡੂੰਘਾਣਾਂ ਤਕ ਉਤਰਕੇ ਵੇਖਦਾ ਹੈ ਤਾਂ ਉਸ ਨੂੰ ਜ਼ਮਾਨੇ ਦੇ ਦਰਦ ਦੀ ਸਮਝ ਪੈਂਦੀ ਹੈ। ਤਦ ਉਸ ਨੂੰ ਉਪਰੋਂ ਦਿਸਦੇ ਸੁੱਖਾਂ ਵਿੱਚੋਂ ਵੀ ਦੁੱਖ-ਦਰਦ ਸਾਫ਼ ਨਜ਼ਰ ਆਉਣ ਲੱਗਦਾ ਹੈ। ਨਾਲ ਹੀ ਸਬਰ-ਸੰਤੋਖ ਦੀ ਵੀ ਅਹਿਮੀਅਤ ਪਤਾ ਲੱਗਣ ਲਗਦੀ ਹੈ। ਸਿੱਟੇ ਵਜੋਂ ਕੋਲ ਪਈਆਂ ਵਸਤਾਂ ਵੀ ਵਾਧੂ ਲੱਗਣ ਲਗਦੀਆਂ ਹਨ। ਉਂਜ ਵੀ ਸ਼ਾਇਰ ਲੋਕ ਸ਼ੋਰ-ਸ਼ਰਾਬੇ ’ਚੋਂ ਵੀ ਬੜੀ ਸ਼ਿੱਦਤ ਨਾਲ ਚੱੁਪ ਦੀ ਆਵਾਜ਼ ਸੁਣਨਾ ਜਾਣਦੇ ਹੁੰਦੇ ਹਨ। ਇਹ ਆਵਾਜ਼ ਬੜੀ ਅਸਲੀਅਤ ਤੇ ਅਰਥ ਭਰਪੂਰ ਹੁੰਦੀ ਹੈ। ਇਹ ਮੁਸਕਾਨ ਦੇ ਮਤਲਬ ਵੀ ਦੱਸਦੀ ਹੈ ਤੇ ਦਰਦਮੰਦਾਂ ਦੀ ਦਾਸਤਾਨ ਵੀ। ਇਸੇ ਸੰਦਰਭ ’ਚ ਕੁਲਵਿੰਦਰ ਦੀਆਂ ਗ਼ਜ਼ਲਾਂ ’ਚੋਂ ਅੱਜ ਦੇ ਸਮੇਂ ਦੀ ਸਹੀ ਸੂਰਤ ਵੇਖੀ-ਵਾਚੀ ਜਾ ਸਕਦੀ ਹੈ। ਅੱਜ ਦੇ ਮਨੁੱਖ ਦੀ ਹੋਣੀ ਨੂੰ ਪਰਿਭਾਸ਼ਤ ਵੀ ਕੀਤਾ ਜਾ ਸਕਦਾ ਹੈ। ਕੁਲਵਿੰਦਰ ਦਾ ਜਨਮ ਦੁਆਬਾ ਮੰਜਕੀ ਦੇ ਪਿੰਡ ਬੁੰਡਾਲਾ (ਜਲੰਧਰ) 11 ਦਸੰਬਰ 1961 ਨੂੰ ਪਿਤਾ ਗੁਰਦੇਵ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਹੋਇਆ। ਬਚਪਨ ਦੀਆਂ ਗੱਲਾਂ ਦਾ ਕੁਝ ਵਿਸਤਾਰ ਕੁਲਵਿੰਦਰ ਦੇ ਆਪਣੇ ਸ਼ਬਦਾਂ ਵਿਚ ਇਉ ਹੈ :- ਮੇਰੇ ਪਿਤਾ ਜੀ ਰੁਜ਼ਗਾਰ ਵਾਸਤੇ ਆਗਰੇ ਰਹਿੰਦੇ ਸਨ। ਸੋ ਬਚਪਨ ਦੇ ਥੋੜ੍ਹੇ ਵਰ੍ਹੇ ਮੈਂ ਉੱਥੇ ਵੀ ਗੁਜ਼ਾਰੇ। ਆਗਰੇ ਵਿਚ ਸਕੂਲ ਬਿਲਕੁਲ ਜਮਨਾ ਦੇ ਕਿਨਾਰੇ ਹੁੰਦਾ ਸੀ। ਸਵੇਰੇ-ਸਵੇਰੇ ਜਮਨਾ ਕਿਨਾਰੇ ਪਾਣੀ ਵਿਚ ਤਰਦੀਆਂ ਕਾਂਸੀ ਰੰਗੀਆਂ ਗਾਗਰਾਂ ’ਚ ਜਗਦੇ ਨਿੱਕੇ-ਨਿੱਕੇ ਦੀਵੇ ਮੇਰੇ ਵਾਸਤੇ ਇਕ ਅਜੀਬ ਮਾਹੌਲ ਸਿਰਜ ਦਿੰਦੇ ਸਨ। ਅਸੀਂ ਪੁਲ ’ਤੇ ਖੜ੍ਹੇ ਹਰ ਰੋਜ਼ ਉਨ੍ਹਾਂ ਨੂੰ ਦੇਖਦੇ ਰਹਿੰਦੇ ਜਦੋਂ ਤਕ ਸਕੂਲ ਨਾ ਸ਼ੁਰੂ ਹੋ ਜਾਂਦਾ। … ਅਸੀਂ ਪੰਜਾਬ ਵਾਪਸ ਪਰਤੇ ਤਾਂ ਮੈਂ ਪਿੰਡ ਦੇ ਸਕੂਲ ਪੜ੍ਹਨ ਲੱਗਿਆ। ਮੇਰੀ ਸੁਰਤ ਵਿਚ ਉਹ ਦਿਨ ਅਜੇ ਵੀ ਯਾਦ ਹਨ ਜਦੋਂ ਮੈਂ ਪੰਜਵੀਂ-ਛੇਵੀਂ ਵਿਚ ਪੜ੍ਹਦਾ ਸੀ ਤਾਂ ਲਾਲ ਟੈਨ ਦੇ ਨਿੰਮੇ ਜਹੇ ਚਾਨਣ ਵਿਚ ਮੇਰਾ ਵੱਡਾ ਭਰਾ ਸ਼ਿਵ ਕੁਮਾਰ ਦੀ ਲੂਣਾ ਉੱਚੀ-ਉੱਚੀ ਪੜ੍ਹਕੇ ਮੈਨੂੰ ਸੁਣਾਇਆ ਕਰਦਾ ਸੀ। ਮੈਨੂੰ ਭਾਵੇਂ ਉਸ ਕਵਿਤਾ ਦੇ ਪੂਰੇ ਅਰਥ ਤਾਂ ਨਹੀਂ ਸਨ ਸਮਝ ਆਉਦੇ ਪਰ ਮੇਰੇ ਵਜੂਦ ਉੱਤੇ ਇਕ ਅਜੀਬ ਕਿਸਮ ਦਾ ਰਹੱਸਮਈ ਆਲਮ ਤਾਰੀ ਹੋ ਜਾਂਦਾ ਸੀ ਜਿਸ ਆਲਮ ਨੂੰ ਮੈਂ ਅੱਜ ਤਕ ਵੀ ਸ਼ਬਦਾਂ ਦਾ ਰੂਪ ਦੇਣ ਦਾ ਯਤਨ ਕਰ ਰਿਹਾ ਹਾਂ। ਸਾਹਿਤਕ ਚਿਣਗ ਦੀ ਪ੍ਰਾਪਤੀ ਬਾਬਤ ਕੁਲਵਿੰਦਰ ਦਾ ਆਖਣਾ ਹੈ ਕਿ :- ‘‘ਸਾਡੇ ਪਿੰਡ ਦਾ ਹੀ ਇਕ ਲੋਕ ਸ਼ਾਇਰ ਗੁਰਦਾਸ ਰਾਮ ਆਲਮ ਅਤੇ ਪਿੰਡ ਤੋਂ ਮਸਾਂ ਇਕ ਕਿਲੋਮੀਟਰ ਦੀ ਦੂਰੀ ’ਤੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਡਾ. ਜਗਤਾਰ ਪਿੰਡ ਰਾਜਗੁਮਾਲ ਵਿਚ ਰਹਿੰਦੇ ਸਨ। ਇਸ ਕਰਕੇ ਕਵਿਤਾ ਸਾਡੇ ਪਿੰਡ ਦੀਆਂ ਜੂਹਾਂ ਵਿਚ ਹੀ ਵੱਸਦੀ ਸੀ। ਕਦੇ-ਕਦੇ ਗੁਰਦਾਸ ਰਾਮ ਆਲਮ ਨੇ ਸਾਡੇ ਮਹੱਲੇ ਆ ਜਾਣਾ ਤੇ ਠਾਕਰਦੁਆਰੇ ਦੀ ਉੱਚੀ ਥੜੀ ਉੱਤੇ ਖੜ੍ਹ ਕੇ ਕਵਿਤਾਵਾਂ ਸੁਣਾਉਣੀਆਂ ਸ਼ੁਰੂ ਕਰ ਦੇਣੀਆਂ। ਉਨ੍ਹਾਂ ਨੂੰ ਸੁਣਨ ਵਾਸਤੇ ਹੌਲੀ-ਹੌਲੀ ਪਿੰਡ ਦੇ ਲੋਕਾਂ ਦਾ ਵੱਡਾ ਇਕੱਠਾ ਹੋ ਜਾਣਾ। ਮੈਂ ਵੀ ਉਨ੍ਹਾਂ ਨੂੰ ਬੜੀ ਨੀਝ ਨਾਲ ਸੁਣਨਾ। …ਪਿੰਡ ਦੇ ਹਾਈ ਸਕੂਲ ਵਿਚ ਸਾਨੂੰ ਗਿਆਨੀ ਤਿ੍ਰਲੋਕ ਕਾਲੜਾ ਪੰਜਾਬੀ ਪੜ੍ਹਾਉਦੇ ਸਨ। ਉਨ੍ਹਾਂ ਮੈਨੂੰ ਪੇਪਰ ਰੀਡਿੰਗ ਮੁਕਾਬਲਿਆਂ ਵਿਚ ਹਿੱਸਾ ਲੈਣਾ ਸਿਖਾਇਆ। ਕਿਉਕਿ ਉਹ ਖ਼ੁਦ ਤਰੱਕੀ ਪਸੰਦ ਕਵੀ ਸਨ ਇਸ ਲਈ ਉਹ ਪੇਪਰ ਰੀਡਿੰਗ ਵਿਚ ਆਪਣੀਆਂ ਕਵਿਤਾਵਾਂ ਕੋਟ ਕਰਵਾਉਦੇ ਰਹਿੰਦੇ ਸਨ। ਇਹ ਕਵਿਤਾ ਨਾਲ ਮੇਰੀ ਮੁਢਲੀ ਜਾਣ ਪਛਾਣ ਸੀ। ਸੱਤਵੀਂ-ਅੱਠਵੀਂ ਤਕ ਅੱਪੜਦਿਆਂ ਮੈਂ ਵੀ ਕਵਿਤਾ ਦੇ ਬੰਦ ਜੋੜਨੇ ਸ਼ੁਰੂ ਕਰ ਦਿੱਤੇ। ਉਹ ਬੰਦ ਰੁਮਾਂਸ ਦੀ ਸੰਘਣੀ ਤੇ ਸੁਨਹਿਰੀ ਧੁੰਦ ਵਿਚ ਲਿਪਟੇ ਹੁੰਦੇ ਸਨ। ‘ਬਿਰਖਾਂ ਅੰਦਰ ਉੱਗੇ ਖੰਡਰ’, ‘ਨੀਲੀਆਂ ਲਾਟਾਂ ਦਾ ਸੇਕ’ ਅਤੇ ‘ਸ਼ਾਮ ਦੀ ਸ਼ਾਖ ’ਤੇ’ ਕੁਲ ਤਿੰਨ ਗ਼ਜ਼ਲ ਸੰਗ੍ਰਹਿ ਕੁਲਵਿੰਦਰ ਦੇ ਹੁਣ ਤਕ ਪਾਠਕਾਂ ਨੇ ਪੜ੍ਹੇ ਹਨ। ਇਨ੍ਹਾਂ ਗ਼ਜ਼ਲਾਂ ਬਾਰੇ ‘ਅਗਰਬੱਤੀ’ ਵਾਲੇ ਸ਼ਾਇਰ ਜਸਵਿੰਦਰ ਦਾ ਆਖਣਾ ਇਹ ਬਿਲਕੁਲ ਅਰਥ ਭਰਪੂਰ ਹੈ ਕਿ ਇਨ੍ਹਾਂ ਵਿਚ ਸਮਕਾਲ ਦੀ ਭਿਆਨਕਤਾ ਅਤੇ ਮਨੁੱਖੀ ਬੇਵੱਸੀ ਦਾ ਚਿਤਰਣ ਭਉਜਲ ’ਚੋਂ ਪਾਰ ਜਾਣ ਲਈ ਵਾਰ-ਵਾਰ ਆਉਦਾ ਹੈ। ਇਉ ਇਹ ਸ਼ਾਇਰੀ ਦੁੱਖਾਂ ਨੂੰ ਹੀ ਦਾਰੂ ਬਣਾਉਣ ਦੇ ਬਿਖੜੇ ਪੈਂਡੇ ’ਤੇ ਤੁਰਦੀ ਹੈ। ਇਹ ਗੁੰਝਲਦਾਰ ਯੁੱਗ ਦੀ ਹੂਕ ਹੈ ਜਿਸ ਦੇ ਸ਼ਿਅਰ ਪੀਢੀਆਂ ਗੰਢਾਂ ਖੋਲ੍ਹਕੇ ਪਾਠਕ ਦੀ ਆਤਮਾ ਨੂੰ ਹਲੂਣਦੇ ਨੇ। ਕੁਲਵਿੰਦਰ ਦੀ ਸ਼ਾਇਰੀ ਦੇ ਕੁਝ ਅੰਸ਼ ਆਪ ਦੀ ਨਜ਼ਰ ਹਨ :- ਦੀਵਿਆਂ ਦਾ ਧਰਮ ਹੈ ਜਾਂ ਹੈ ਮੁਕੱਦਰ ਕੁਲਵਿੰਦਰ ਦੀਆਂ ਗ਼ਜ਼ਲਾਂ ਦਾ ਰੂਪਕ ਪੱਖ ਵੀ ਨਿਪੁੰਨਤਾ ਵਾਲਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਕਈ ਸਰਵੋਤਮ ਸ਼ਿਅਰ ਭਾਵ ਸ਼ਾਹ ਬੈਂਤ ਹਨ ਜਿਨ੍ਹਾਂ ਨੂੰ ਪੜ੍ਹਕੇ ਮਨ-ਮਸਤਕ ਨੂੰ ਇਕ ਵੱਖਰੀ ਕਿਸਮ ਦੀ ਸ਼ਾਦਮਾਨੀ ਮਿਲਦੀ ਹੈ। ਕੁਲਵਿੰਦਰ ਦੇ ਕਾਵਿ-ਸੰਸਾਰ ਨੂੰ ਹੋਰ ਵਿਸਤਿ੍ਰਤ ਰੂਪ ’ਚ ਸਮਝਣ ਲਈ ਡਾ. ਜਗਵਿੰਦਰ ਜੋਧਾ ਵਲੋਂ ਸੰਪਾਦਿਤ ਪੁਸਤਕ ‘ਕੁਲਵਿੰਦਰ ਦੀ ਗ਼ਜ਼ਲ ਚੇਤਨਾ’ ਪੜ੍ਹੀ ਜਾ ਸਕਦੀ ਹੈ। ਪੰਜਾਬੀ ਦੇ ਨਾਮਵਰ ਕਹਾਣੀਕਾਰ ਅਜਮੇਰ ਸਿੱਧੂ ਵਲੋਂ ਕੁਲਵਿੰਦਰ ਨਾਲ ਅਮਰੀਕਾ ਵਿਚ ਕੀਤੀ ਲੰਬੀ ਮੁਲਾਕਾਤ ਦਾ ਅਧਿਐਨ ਵੀ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਕੁਲਵਿੰਦਰ ਨਾਲ ਹੋਈ ਸਾਹਿਤਕ ਵਿਚਾਰ ’ਚੋਂ ਉਸ ਵਲੋਂ ਕੁਝ ਅੰਸ਼ ਵੀ ਇੱਥੇ ਹਾਜ਼ਰ ਹਨ :- *ਮੇਰੇ ਲਈ ਹਰ ਮਨੁੱਖ ਕੰਮਕਾਰ ਤੇ ਬੋਲਬਾਣੀ ਕਰਕੇ ਹੀ ਆਪਣਾ ਮਹੱਤਵ ਰੱਖਦਾ ਹੈ। *ਮੈਨੂੰ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਬਾਰਹਮਾਹ ਨੇ ਪ੍ਰਭਾਵਿਤ ਕੀਤਾ ਤੇ ਫਿਰ ਮੈਂ ਕਦੇ-ਕਦੇ ਸੋਚਦਾ ਕਿ ਬਾਬੇ ਨਾਨਕ ਨੇ ਅਨੁਭਵ ਦੀ ਸ਼ਿੱਦਤ ਦੀ ਕਿਸ ਸਿਖ਼ਰ ’ਤੇ ਬੈਠ ਕੇ ਆਰਤੀ ਦੀ ਸਿਰਜਣਾ ਕੀਤੀ ਹੋਵੇਗੀ। *ਅਮਰੀਕਾ ਦਾ ਹਰ ਗ਼ਜ਼ਲਕਾਰ ਚੰਗਾ ਲਿਖ ਰਿਹਾ ਹੈ। ਕੁਝ ਗ਼ਜ਼ਲਕਾਰ ਤਾਂ ਸਮੁੱਚੇ ਪੰਜਾਬੀ ਗ਼ਜ਼ਲ ਸੰਸਾਰ ਵਿਚ ਆਪਣਾ ਜ਼ਿਕਰਯੋਗ ਸਥਾਨ ਹਾਸਲ ਕਰ ਚੱੁਕੇ ਹਨ। *ਜੀਵਨ ਵਿਚ ਧੁੰਦ ਜਿੰਨੀ ਮਰਜ਼ੀ ਸੰਘਣੀ ਹੋਵੇ, ਅੰਤ ਨੂੰ ਸੂਰਜ ਨੇ ਚੜ੍ਹਨਾ ਹੀ ਹੁੰਦਾ ਹੈ। *ਨਿਸ਼ਚੇ ਹੀ ਮੇਰੀ ਗ਼ਜ਼ਲ ਲੱੁਟੀ ਪੁੱਟੀ ਜਾ ਰਹੀ ਲੋਕਾਈ ਦੀ ਗੱਲ ਕਰਦੀ ਹੈ। *ਜਦੋਂ ਤੋਂ ਇਸ ਸਮਾਜ ਵਿਚ ਰਿਸ਼ਤਿਆਂ ਤੋਂ ਵੱਡਾ ਪੈਸਾ ਤੇ ਪਦਾਰਥ ਹੋ ਗਿਆ ਹੈ ਉਦੋਂ ਤੋਂ ਮਨੁੱਖ ਦੀ ਸ਼ਖ਼ਸੀਅਤ ਦੋਫਾੜ ਤੇ ਉਲਝੀ ਹੋਈ ਹੈ। * ਚੰਗੀ ਗ਼ਜ਼ਲ ਦੀ ਸਿਰਜਣਾ ਵਾਸਤੇ ਵੀ ਦਿਲ-ਦਿਮਾਗ਼ ਦਾ ਬਰਾਬਰ ਅਨੁਪਾਤ ਹੋਣਾ ਜ਼ਰੂਰੀ ਹੁੰਦਾ ਹੈ। ਨਿਰਸੰਦੇਹ ਕੁਲਵਿੰਦਰ ਦੇ ਕਲਾਮ ਵਾਂਗ ਉਸ ਦੀ ਗੱਲਬਾਤ ਵੀ ਗੁਣਕਾਰੀ ਹੈ। ਉਸ ਦੀ ਗ਼ਜ਼ਲ ਅਸਲੋਂ ਜ਼ਮਾਨੇ ਦਾ ਅਕਸ ਹੈ। ਮਾਨਵਤਾ ਦੇ ਮਹੱਤਵ ਦੇ ਅੰਗ ਸੰਗ ਰਚੀ ਗਈ ਉਸ ਦੀ ਕਾਵਿ-ਰਚਨਾਕਾਰੀ ਬਹੁਤ ਇਕਾਗਰਚਿਤ ਹੋ ਕੇ ਵਿਚਾਰਨਯੋਗ ਹੈ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* |