4 December 2022

ਬੜੇ ਮਹਾਨ ਹਾਂ ਅਸੀਂ ਹਿੰਦੁਸਤਾਨੀ – ਹਰਬੀਰ ਸਿੰਘ ਭੰਵਰ

ਬੜੇ ਮਹਾਨ ਹਾਂ ਅਸੀਂ ਹਿੰਦੁਸਤਾਨੀ

-ਹਰਬੀਰ ਸਿੰਘ ਭੰਵਰ-

ਸਾਡਾ ਦੇਸ਼ ਬਹੁਤ ਵਧੀਆ ਹੈ, ਜਿਸਦੀ ਗਵਾਹੀ ਇਕ ਨਾਮਵਰ ਉਰਦੂ ਸ਼ਾਇਰ ਡਾ. ਇਕਬਾਲ ਨੇ “ਸਾਰੇ ਜਹਾਨ ਸੇ ਅੱਛਾ ਹਿੰਦੁਸਤਾਨ ਹਮਾਰਾ” ਕਹਿ ਕੇ ਭਰੀ ਹੈ। ਸਾਡਾ ਦੇਸ਼ ਜਿਸ ਨੂੰ ਹੁਣ ਭਾਰਤ ਕਿਹਾ ਜਾਣ ਲੱਗਾ ਹੈ, ਬੜਾ ਮਹਾਨ ਹੈ। ਇਸਦੀ ਹਜ਼ਾਰਾਂ ਸਾਲ ਪੁਰਾਣੀ ਸ਼ੰਸਕ੍ਰਿਤੀ ਬੜੀ ਹੀ ਅਮੀਰ ਤੇ ਵਿਲੱਖਣ ਹੈ। ਸਾਨੂੰ ਆਪਣੀ ਇਸ ਸ਼ਾਨਦਾਰ ਵਿਰਾਸਤ `ਤੇ ਬੜਾ ਹੀ ਮਾਣ ਹੈ। ਦੇਸ਼ ਦੀ ਅਤੇ ਆਪਣੀ ਮਹਾਨਤਾ ਬਣਾਈ ਰੱਖਣ ਲਈ ਅਸੀਂ ਹਮੇਸ਼ਾ ਯਤਨਸ਼ੀਲ ਰਹਿੰਦੇ ਹਾਂ ਅਤੇ ਉਸ ਸਮੇਂ ਦੇ ਸੱਭਿਆਚਾਰ ਨੂੰ ਵੀ ਸੰਭਾਲਣ ਦਾ ਯਤਨ ਕਰ ਰਹੇ ਹਾਂ, ਜਦੋਂ ਮਨੁੱਖ ਜੰਗਲਾਂ ਅਤੇ ਪਹਾੜਾਂ ਵਿੱਚ ਰਹਿੰਦਾ ਸੀ। ਇਸ ਜੰਗਲੀ ਸੱਭਿਆਚਾਰ ਨੂੰ ਜਿ਼ੰਦਾ ਰੱਖਣ ਲਈ ਅਜਿਹੇ ਕਾਰਨਾਮੇ ਕਰਦੇ ਰਹਿੰਦੇ ਹਾਂ ਜਿਸਦੀ ਸਾਰੀ ਦੁਨੀਆ ਵਿੱਚ ਵਰ੍ਹਿਆਂ ਤੱਕ ਚਰਚਾ ਹੁੰਦੀ ਰਹਿੰਦੀ ਹੈ।

ਕਿਹਾ ਜਾਂਦਾ ਹੈ ਕਿ ਪੁਰਾਤਨ ਜ਼ਮਾਨੇ ਵਿੱਚ ਸਾਡੇ ਦੇਸ਼ ਵਿੱਚ ਔਰਤਾਂ ਦੀ ਪੂਜਾ ਹੁੰਦੀ ਸੀ, ਬੜੀ ਇੱਜ਼ਤ ਕੀਤੀ ਜਾਂਦੀ ਸੀ। ਅਸੀਂ ਹੁਣ ਵੀ ਅਜਿਹਾ ਕਰ ਰਹੇ ਹਾਂ। ਵੈਸੇ ਸ਼ੁਗਲ ਵਜੋਂ ਕਦੀ ਕਦੀ ਅਸੀਂ ਆਪਣੀ ਪਤਨੀ ਨੂੰ ਦਾਜ ਘੱਟ ਲਿਆਉਣ ਲਈ ਅੱਗ ਲਗਾ ਕੇ ਖਤਮ ਕਰ ਦਿੰਦੇ ਹਾਂ ਤੇ ਕਈ ਵਾਰੀ ਪਤਨੀ ਨੂੰ ਮਾਰ ਮੁਕਾ ਕੇ ਉਸ ਦਾ ਨਾਂ ਨਿਸ਼ਾਨ ਮਿਟਾਉਣ ਲਈ ਉਸ ਦੀ ਲਾਸ਼ ਦੇ ਟੁਕੜੇ ਟੁਕੜੇ ਕਰ ਕੇ ਤੰਦੂਰ ਵਿੱਚ ਸਾੜ ਸੁੱਟਦੇ ਹਾਂ। ਅਸੀਂ ਭਾਰਤੀ ਜੇ ਉੱਤਰ ਪਰਦੇਸ਼ ਦੇ ਅਮਰ ਮਣੀ ਵਾਂਗ ਕਿਸੇ ਸੂਬੇ ਦੇ ਮੰਤਰੀ ਜਾਂ ਰਵੀ ਸ਼ਰਮਾ ਵਾਂਗ ਸਿਵਲ ਜਾਂ ਪੁਲਿਸ ਅਫ਼ਸਰ ਬਣ ਜਾਈਏ ਤਾਂ ਖੂਬਸੂਰਤ ਕੁੜੀਆਂ ਨਾਲ ਇਸ਼ਕ ਲੜਾਉਣ ਤੇ ਉਨ੍ਹਾਂ ਨੂੰ ਵਿਆਹ ਆਦਿ ਦੇ ਲਾਰੇ ਲਾ ਕੇ ਗੁੰਮਰਾਹ ਕਰਨ ਵਿੱਚ ਮਾਹਰ ਹਾਂ। ਜੇ ਕਦੀ ਕਿਸੇ ਕੁਆਰੀ ਹਸੀਨਾ ਨੂੰ ਗਰਭ ਠਹਿਰ ਜਾਏ ਤਾਂ ਉਸ ਨੂੰ ਗਰਭ ਗਿਰਾਉਣ ਜਾਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਲਈ ਆਖਦੇ ਹਾਂ। ਜੇਕਰ ਉਹ ਸਾਡਾ “ਹੁਕਮ” ਨਾ ਮੰਨੇ ਤਾਂ ਉਸ ਨੂੰ ਗੱਡੀ ਚਾੜ੍ਹ ਦਿੰਦੇ ਹਾਂ ਭਾਵੇਂ ਪਿੱਛੋਂ ਇਸ ਦੀ ਜਾਂਚ ਸੀ.ਬੀ.ਆਈ. ਨੂੰ ਕਿਉਂ ਨਾ ਦਿੱਤੀ ਜਾਵੇ।

ਅਸੀਂ ਕੁੜੀਆਂ ਨਾਲ ਛੇੜ ਛਾੜ ਕਰਨ, ਪ੍ਰੇਸ਼ਾਨ ਕਰਨ ਅਤੇ ਬਲਾਤਕਾਰ ਕਰਨ ਲਈ ਸਭ ਦੇਸ਼ਾਂ ਨਾਲੋਂ ਅੱਗੇ ਹਾਂ। ਕੋਈ ਵੀ ਦੇਸ਼ ਸਾਡਾ ਮੁਕਾਬਲਾ ਨਹੀਂ ਕਰ ਸਕਦਾ। ਇਸਦਾ ਸਬੂਤ ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਮਿਲ ਜਾਂਦਾ ਹੈ ਕਿ ਅਸੀਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੀਆਂ ਕੁੜੀਆਂ, ਜੋ ਰਿਸ਼ਤੇ ਵਿੱਚ ਸਾਡੀਆਂ ਆਪਣੀਆਂ ਹੀ ਭੈਣਾਂ ਜਾਂ ਧੀਆਂ ਲਗਦੀਆਂ ਹੁੰਦੀਆਂ ਹਨ, ਨੂੰ ਵੀ ਨਹੀਂ ਬਖ਼ਸ਼ਦੇ। ਆਪਣੇ ਕਿਸੇ ਦੋਸਤ ਜਾਂ ਗਵਾਂਢੀ ਦੀ ਧੀ ਭੈਣ ਜਾਂ ਪਤਨੀ ਦੀ ਤਾਂ ਗੱਲ ਹੀ ਕੀ ਕਰਨੀ ਹੈ, ਉਨ੍ਹਾਂ ਨਾਲ ਛੇੜ ਛਾੜ ਕਰਨਾ, ਵਰਗਲਾਉਣਾ, ਰੇਪ ਕਰਨਾ ਆਦਿ ਤਾਂ ਸਾਡਾ ਪੈਦਾਇਸ਼ੀ ਹੱਕ ਹੈ। ਦੁਨੀਆ ਵਿੱਚ ਇਹ ਮਾਣ ਕੇਵਲ ਤੇ ਕੇਵਲ ਸਾਨੂੰ ਹੀ ਹੈ ਕਿ ਅਸੀਂ ਦੂਜੇ ਦੇਸ਼ ਦੇ ਸਫ਼ਾਰਤਖਾਨੇ ਵਿੱਚ ਕੰਮ ਕਰਨ ਵਾਲੀ ਕਿਸੇ ਔਰਤ ਅਧਿਕਾਰੀ ਨਾਲ ਬਲਾਤਕਾਰ ਕੀਤਾ ਹੈ। ਕਿਸੇ ਕਾਲਜ ਜਾਂ ਯੂਨਵਿਰਸਿਟੀ ਵਿੱਚ ਪੜ੍ਹਨ ਆਈ ਕੇਤੀਆ ਵਰਗੀ ਵਿਦੇਸ਼ੀ ਕੁੜੀ ਨੂੰ ਵੀ ਨਹੀਂ ਬਖ਼ਸਿ਼ਆ। ਜੇ ਕਿਸੇ ਨੇ ਕੇਸ ਕੀਤਾ ਤਾਂ ਡਰਾ ਧਮਕਾ ਕੇ ਉਸ ਨੂੰ ਆਪਣੇ ਦੇਸ਼ ਵਾਪਸ ਜਾਣ `ਤੇ ਮਜਬੂਰ ਕਰ ਦਿੱਤਾ। ਆਪਣੀਆਂ ਭਾਰਤੀ ਕੁੜੀਆਂ ਨੂੰ ਤਾਂ ਅਸੀਂ ਮੌਜ ਮਸਤੀ ਲਈ “ਬਲਾਤਕਾਰ” ਕਰਨ ਪਿੱਛੋਂ ਕੁਝ ਨਹੀਂ ਕਹਿੰਦੇ ਪਰ ਜੇ ਰੌਲਾ ਰੱਪਾ ਪਾਉਣ ਦੀ ਗ਼ਲਤੀ ਕਰਨ, ਨਾਂ ਨਿਸ਼ਾਨ ਮਿਟਾ ਦਿੰਦੇ ਹਾਂ। ਇਹ ਕੰਮ ਸਾਡੇ ਕਈ ਸਤਿਕਾਰਯੋਗ ਮੰਤਰੀਆਂ ਨੇ ਵੀ ਕੀਤਾ ਹੈ ,ਜਿਨ੍ਹਾਂ ਦੇ ਪੂਰਨਿਆਂ `ਤੇ ਚੱਲ ਕੇ ਅਸੀਂ ਵੀ ਅਜਿਹਾ ਕਰਨ ਲੱਗੇ ਹਾਂ।

ਜਿਵੇਂ ਉੱਪਰ ਕਿਹਾ ਕਿ ਸਾਡਾ ਸੱਭਿਆਚਾਰ ਬੜਾ ਅਮੀਰ ਹੈ। ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾਂ, ਸੰੰਮੀ ਢੋਲਾ ਆਦਿ ਪਿਆਰ ਕਥਾਵਾਂ ਤੇ ਕਿੱਸੇ ਸਾਡੀ ਜਿ਼ੰਦਗੀ ਦਾ ਅਟੁੱਟ ਅੰਗ ਹਨ। ਪਰ ਜੇ ਕਰ ਸਾਡੀ ਆਪਣੀ ਕੋਈ ਧੀ ਭੈਣ ਕਿਸੇ ਨਾਲ ਅੱਖਾਂ ਲੜਾਏ ਜਾਂ ਸਾਡੀ ਮਰਜ਼ੀ ਦੇ ਖਿਲਾਫ਼ ਕਿਤੇ ਵਿਆਹ ਕਰਵਾਉਣਾ ਚਾਹੇ, ਅਸੀਂ ਉਸ ਨੂੰ ਇਕ ਮਿੰਟ ਵਿੱਚ ਗੱਡੀ ਚਾੜ੍ਹ ਦਿੰਦੇ ਹਾਂ।

ਅਸੀਂ ਮੁੰਬਈ ਵਰਗੇ ਮਹਾਂਨਗਰ ਵਿੱਚ ਚੱਲਦੀ ਹੋਈ ਰੇਲ ਗੱਡੀ ਵਿੱਚ ਕਿਸੇ ਖ਼ੂਬਸੂਰਤ ਕੁੜੀ ਨਾਲ ਬਲਾਤਕਾਰ ਕਰਨ ਦੀ ਮੁਹਾਰਤ ਤੇ ਹਿੰਮਤ ਰੱਖਦੇ ਹਾਂ। ਚੱਲਦੀਆਂ ਗੱਡੀਆਂ ਵਿੱਚ ਕੁੜੀਆਂ ਨਾਲ ਹਾਸਾ ਮਖੌਲ, ਛੇੜ ਛਾੜ ਆਦਿ ਦਾ ਮਾਮੂਲੀ ਗੱਲਾਂ ਹਨ। ਜੇ ਸਾਨੂੰ ਕੋਈ ਰੋਕੇ ਤਾਂ ਉਸ ਨੂੰ ਇਕ ਦੰਮ “ਸਬਕ” ਸਿਖਾਉਣਾ ਵੀ ਆਉਂਦਾ ਹੈ। ਉਸਦੀ “ਸੇਵਾ” ਕਰ ਕੇ ਚੱਲਦੀ ਹੋਈ ਗੱਡੀ `ਚੋਂ ਹੇਠਾਂ ਵਗਾਹ ਮਾਰਦੇ ਹਾਂ, ਭਾਵਂੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਜ਼ਦੀਕੀ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ। ਸਾਨੂੰ ਮੰਗੇ ਜਾਣ `ਤੇ ਸ਼ਰਾਬ ਨਾ ਦੇਣ `ਤੇ ਅਸੀਂ ਕਿਸੇ ਸੁੰਦਰੀ ਮਾਡਲ ਗਰਲ ਨੂੰ ਝੱਟ ਗੋਲੀ ਨਾਲ ਸਭ ਦੇ ਸਾਹਮਣੇ ਉਡਾ ਦਿੰਦੇ ਹਾਂ, ਫਿਰ ਚਸ਼ਮਦੀਦ ਗਵਾਹਾਂ ਨੂੰ ਆਪਣੇ ਸਿਆਸੀ ਅਹੁਦੇ ਤੇ ਪੈਸੇ ਦੇ ਜ਼ੋਰ ਨਾਲ ਖਰੀਦ ਕੇ ਅਦਾਲਤ `ਚੋਂ ਸਾਫ ਬਰੀ ਹੋ ਜਾਂਦੇ ਹਾਂ।

ਅਸੀਂ ਬੜੇ ਹੀ ਜੁਝਾਰੂ ਹਾਂ, ਹਿੰਮਤੀ ਹਾਂ ਤੇ ਜੇਲ੍ਹਾਂ ਵਿੱਚ ਬੰਦ ਵਿਦੇਸ਼ੀ ਔਰਤਾਂ ਨਾਲ ਵੀ ਬਲਾਤਕਾਰ ਕਰ ਲੈਂਦੇ ਹਾਂ। ਯਕੀਨ ਨਹੀਂ ਤਾਂ ਉਸ ਔਰਤ ਨੂੰ ਦੇਖ ਲਓ ਜਿਸ ਨੇ ਪਾਕਿਸਤਾਨ ਵਿੱਚ ਵਹਿੰਦੇ ਦਰਿਆ ਜੇਹਲਮ ਵਿੱਚ ਖੁਦਕਸ਼ੀ ਕਰਨ ਲਈ ਛਾਲ ਮਾਰੀ ਸੀ,ਪਰ ਬਚ ਗਈ ਤੇ ਪਾਣੀ ਦੇ ਵਹਾਓ ਨਾਲ ਭਾਰਤੀ ਇਲਾਕੇ ਵਿੱਚ ਆ ਗਈ। ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਜਿੱਥੇ ਅਸੀਂ ਬਲਾਤਕਾਰ ਕਰ ਕੇ ਉਸ ਨੂੰ ਇਕ ਬੇਟੀ ਨੂੰ ਜਨਮ ਦੇਣ ਦਾ ਮਾਣ ਬਖ਼ਸਿਆ। ਉਹ ਦੋ ਕੁ ਸਾਲ ਪਹਿਲਾਂ ਹੀ ਆਪਣੀ ਇਸ “ਭਾਰਤੀ” ਬੱਚੀ ਦੇ ਤੋਹਫੇ ਨਾਲ ਆਪਣੇ ਦੇਸ਼ ਪਾਕਿਸਤਾਨ ਵਾਪਸ ਗਈ ਹੈ।

ਇਹ ਤਾਂ ਸਾਰਾ ਸੰਸਾਰ ਜਾਣਦਾ ਹੈ ਕਿ ਅਸੀਂ ਬੜੇ ਹੀ ਬਹਾਦਰ ਹਾਂ, ਸੂਰਬੀਰ ਹਾਂ। ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੰਦੇ ਹਾਂ। ਸਾਨੂੰ ਕੋਈ ਹੇਰਾ ਫੇਰੀ, ਇਸ਼ਕ ਮਜ਼ਾਜ਼ੀ, ਚੋਰੀ ਯਾਰੀ, ਮੱਕਾਰੀ, ਸ਼ੈਤਾਨੀਅਤ ਆਦਿ ਤੋਂ ਰੋਕੇ ਤਾਂ ਉਸ ਨੂੰ ਦੂਜੇ ਜਹਾਨ ਪਹੁੰਚਾ ਕੇ ਉਸ ਦੀ ਲਾਸ਼ ਦਾ ਵੀ ਨਾਂ ਨਿਸ਼ਾਨ ਮਿਟਾ ਦਿੰਦੇ ਹਾਂ। ਅਸੀਂ ਇੱਥੇ ਘੱਟ ਗਿਣਤੀ ਧਰਮਾਂ ਦਾ ਬਹੁਤ ਹੀ ਖਿਆਲ ਰੱਖਦੇ ਹਾਂ। ਉਨ੍ਹਾਂ ਦੀ ਬਹੁਤ ਹੀ ਮਾਡਰਨ ਢੰਗ ਨਾਲ ਮੁਕਤੀ ਕਰਦੇ ਹਾਂ, ਗਲਾਂ ਵਿੱਚ ਟਾਇਰ ਪਾ ਕੇ ਅੱਗ ਲਗਾ ਦਿੰਦੇ ਹਾਂ ਤੇ ਜਦੋਂ ਉਹ ਤੜਪ ਤੜਪ ਕੇ “ਨੱਚਦੇ ਟੱਪਦੇ” ਹਨ ਤਾਂ ਸਾਨੂੰ ਬਹੁਤ ਚੰਗੇ ਲਗਦੇ ਹਨ। ਬੇਕਰੀ ਵਿੱਚ ਬਰੈੱਡ ਵਾਂਗ ਭੁੰਨ ਸੁੱਟਦੇ ਹਾਂ, ਘਰਾਂ ਜਾਂ ਦੁਕਾਨਾਂ ਅੰਦਰ ਹੀ ਜਿ਼ੰਦਾ ਰੋਸਟ ਕਰ ਦਿੰਦੇ ਹਾਂ। ਇਸ ਤਰ੍ਹਾਂ ਆਪਣੀ ਭਾਰਤੀ ਸੰਸਕ੍ਰਿਤੀ ਨੂੰ ਬੜਾ ਅਮੀਰ ਕਰ ਰਹੇ ਹਾਂ। ਅਸੀਂ ਉਨ੍ਹਾਂ ਨੂੰ ਜਿ਼ੰਦਾ ਸਾੜ ਕੇ ਜਿ਼ੰਦਾ ਸ਼ਹੀਦ ਬਣਾ ਦਿੰਦੇ ਹਾਂ। ਇਸ ਸਬੰਧੀ ਕਿਸੇ ਮੁਕੱਦਮੇ ਵਿੱਚ ਕੋਈ ਸਾਡੇ ਵਿਰੁੱਧ ਗਵਾਹੀ ਦੇਣ ਦਾ ਭੁੱਲ ਭਲੇਖੇ ਜੇਰਾ ਕਰ ਲਏ, ਉਸ ਨੂੰ ਵੀ “ਸਬਕ” ਸਿਖਾ ਦਿੰਦੇ ਹਾਂ। ਮੰਗੇ ਜਾਣ ਉੱਤੇ “ਸ਼ਰਾਬ” ਨਾ ਦਿੱਤੇ ਜਾਣ `ਤੇ ਭਰੀ ਮਹਿਫਲ ਵਿੱਚ ਅਸੀਂ ਕਿਸੇ ਹੁਸੀਨ ਕੁੜੀ ਨੂੰ ਗੋਲੀ ਦਾ ਨਿਸ਼ਾਨਾ ਬਣਾ ਸਕਦੇ ਹਾਂ ਅਤੇ ਫਿਰ ਆਪਣੇ ਰਸੂਖ ਨਾਲ ਗਵਾਹਾਂ ਨੂੰ ਡਰਾ ਕੇ ਅਦਾਲਤੀ ਫੈਸਲੇ ਵਿੱਚ ਵੀ ਬਰੀ ਹੋ ਜਾਂਦੇ ਹਾਂ।

ਪੁਰਾਤਨ ਮੰਦਰਾਂ `ਚੋਂ ਮੂਰਤੀਆਂ ਚੁਰਾ ਕੇ ਤੇ ਸਮੱਗਲਿੰਗ ਕਰ ਕੇ ਵਿਦੇਸਾਂ ਵਿੱਚ ਭੇਜ ਕੇ ਮਹਿੰਗੇ ਭਾਅ ਵੇਚਣ ਲਈ ਤਾਂ ਸਾਰੀ ਦੁਨੀਆਂ ਸਾਡਾ ਸਿੱਕਾ ਮੰਨਦੀ ਹੈ। ਹੁਣ ਸਾਨੂੰ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਵਰਗੇ ਮਹਾਂਕਵੀਆਂ ਨੂੰ ਮਿਲੇ ਨੋਬਲ ਪੁਰਸਕਾਰ ਵੀ ਚੋਰੀ ਕਰਨ ਦਾ ਮਾਣ ਹਾਸਲ ਹੋ ਗਿਆ ਹੈ।

ਆਪਣੇ ਪਿਆਰੇ ਦੇਸ਼ ਵਾਸੀਆਂ ਦੀਆਂ ਕੀ ਕੀ ਸਿਫ਼ਤਾਂ ਕਰਾਂ, ਇਹ ਤਾਂ ਖਤਮ ਹੋਣੀਆਂ ਹੀ ਨਹੀਂ। ਅਸੀਂ ਕਿਸੇ ਤੋਂ ਲੋੜ ਵੇਲੇ ਪੈਸੇ ਉਧਾਰ ਲਈਏ ਤਾਂ ਕਦੀ ਮੋੜਦੇ ਹੀ ਨਹੀਂ। ਕਿਸੇ ਦਾ ਮਕਾਨ ਜਾਂ ਦੁਕਾਨ ਕਿਰਾਏ `ਤੇ ਲਈਏ ਤਾਂ ਖਾਲੀ ਕਰਨ ਦਾ ਨਾਂ ਹੀ ਨਹੀਂ ਲੈਂਦੇ,ਭਾਵੇਂ ਸਬੰਧਤ ਵਿਅਕਤੀ ਨੂੰ ਕਿੰਨੀ ਹੀ ਲੋੜ ਕਿਉਂ ਨਾ ਹੋਵੇ। ਉਸ ਨੂੰ ਸ਼ਰਨਾਰਥੀਆਂ ਵਰਗਾ ਬਣਾ ਦਿੰਦੇ ਹਾਂ। ਜਿਹੜੇ ਸਾਡੇ ਤਾਏ ਚਾਚੇ, ਮਾਸੀਆਂ ਮਾਮੇ, ਭੂਆ ਫੁੱਫੜ, ਭੈਣ ਭਰਾ ਵਿਦੇਸ਼ ਚਲੇ ਗਏ ਹਨ, ਉਨ੍ਹਾਂ ਦੇ ਘਰ ਬਾਰ, ਦੁਕਾਨ, ਜ਼ਮੀਨਾਂ ਜਾਇਦਾਦਾਂ ਦੀ ਸਾਂਭ ਸੰਭਾਲ ਤਾਂ ਅਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਕਰਦੇ ਹਾਂ, ਬਿਲਕੁਲ ਆਪਣੀਆਂ ਸਮਝ ਕੇ। ਕੋਈ ਅਦਾਲਤ ਵੀ ਸਾਡੇ ਤੋਂ ਇਸਦਾ ਕਬਜ਼ਾ ਨਹੀਂ ਛੁਡਵਾ ਸਕਦੀ। ਉਹ ਪਰਦੇਸਾਂ ਵਿੱਚ ਡਾਲਰ, ਪੌਂਡ ਕਮਾ ਰਹੇ ਹਨ, ਬੜੇ ਅਮੀਰ ਹਨ, ਵੱਡੀਆਂ ਵੱਡੀਆਂ ਸ਼ਾਨਦਾਰ ਕੋਠੀਆਂ ਕਾਰਾਂ ਵਾਲੇ ਹਨ, ਖੁਸ਼ ਹਨ, ਭਲਾ ਉਨ੍ਹਾਂ ਨੇ ਹੁਣ ਇੱਧਰ ਇੰਡੀਆ ਵਿੱਚ ਆਪਣੇ ਇਹ ਘਰ ਬਾਰ, ਕੋਠੀਆਂ ਬੰਗਲੇ, ਜ਼ਮੀਨਾਂ ਜਾਇਦਾਦਾਂ ਕੀ ਕਰਨੀਆਂ ਹਨ? ਸਾਡੇ ਨਾਲੋਂ ਇਨ੍ਹਾਂ ਦੀ ਵਧੀਆ “ਦੇਖ ਭਾਲ” ਹੋਰ ਕੌਣ ਕਰ ਸਕਦਾ ਹੈ?

ਵਿਦੇਸ਼ਾਂ ਨੂੰ ਪਰਵਾਸ ਕਰਨ ਲਈ ਭਾਵੇਂ ਬੜੇ ਹੀ ਸਿੱਧੇ ਸਾਦੇ ਨਿਯਮ ਹਨ ਜਿਵੇਂ ਅਸੀਂ ਕਿਸੇ ਦੇਸ਼ ਦੇ ਨਾਗਰਿਕ ਕੁੜੀ ਮੁੰਡੇ ਨਾਲ ਵਿਆਹ ਕਰਵਾ ਕੇ ਉਸ ਦੇਸ਼ ਵਿੱਚ ਜਾ ਸਕਦੇ ਹਾਂ। ਸਾਡੇ ਬੱਚੇ ਸਾਨੂੰ ਬੁਲਾ ਸਕਦੇ ਹਨ। ਕਿਸੇ ਵਿਦੇਸ਼ੀ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਕੇ, ਕਿਸੇ ਪੇਸ਼ੇ ਵਿੱਚ ਨਿਪੁੰਨਤਾ ਹਾਸਲ ਕਰ ਕੇ ਆਪਣੀ ਯੋਗਤਾ ਦੇ ਆਧਾਰ `ਤੇ ਜਾ ਸਕਦੇ ਹਾਂ। ਪਰ ਸਾਨੂੰ ਇਹ ਢੰਗ ਚੰਗੇ ਨਹੀਂ ਲਗਦੇ। ਅਸੀਂ ਤਾਂ ਟਰੈਵਲ ਏਜੰਟਾਂ ਦੇ ਸਹਿਯੋਗ ਨਾਲ “ਕਬੂਤਰ” ਬਣ ਕੇ ਜਾਣ ਵਿੱਚ ਆਪਣੀ ਸ਼ਾਨ ਅਤੇ ਮਾਣ ਸਮਝਦੇ ਹਾਂ। ਇਸ “ਕਬੂਤਰਬਾਜ਼ੀ” ਦੀ ਖੇਡ ਵਿੱਚ ਸਾਡੇ ਕਈ ਮੰਤਰੀ, ਗਾਇਕ, ਸਾਧ ਸੰਤ ਅਤੇ ਸੱਭਿਆਚਾਰਕ ਜਥੇਬੰਦੀਆਂ ਪੂਰਾ ਪੂਰਾ ਸਹਿਯੋਗ ਦੇ ਰਹੀਆਂ ਹਨ। ਇਸ ਤੋਂ ਬਿਨਾਂ ਅਸੀਂ ਰਿਸ਼ਤੇ ਵਿੱਚ ਆਪਣੀ “ਭੈਣ” ਨਾਲ ਕਾਗ਼ਜ਼ੀ ਵਿਆਹ ਕਰਵਾਉਣ ਵਿੱਚ ਵੀ ਬੜੇ ਮਾਹਰ ਹਾਂ। ਕਿਸੇ ਦੇਸ਼ ਦੀ ਨਾਗਰਿਤਾ ਹਾਸਿਲ ਕਰ ਕੇ ਆਪਣੀ ਪਤਨੀ ਦੇ ਹੁੰਦਿਆਂ ਆਪਣੀ ਜਨਮ-ਭੂਮੀ ਆ ਕੇ ਧੋਖੇ ਨਾਲ ਦੂਜਾ ਜਾਂ ਤੀਜਾ ਵਿਆਹ ਕਰਵਾਉਣਾ ਤਾਂ ਸਾਡਾ ਚੁਟਕੀ ਦਾ ਕੰੰਮ ਹੈ। ਵਿਦੇਸ਼ ਜਾਣ ਦੇ ਲਾਲਚ ਵਿੱਚ ਮਾਪੇ ਆਪਣੀਆਂ ਪੜ੍ਹੀਆਂ ਲਿਖੀਆਂ ਖੂਬਸੂਰਤ ਧੀਆਂ ਲੈ ਕੇ ਸਾਡੇ ਪਿੱਛੇ ਪਿੱਛੇ ਫਿਰਦੇ ਰਹਿੰਦੇ ਹਨ। ਅਸੀਂ ਬੜੀਆਂ ਆਕੜਾਂ ਅਤੇ ਸਿਫਾਰਸ਼ਾਂ ਨਾਲ ਕਿਸੇ ਕੁੜੀ ਨੂੰ ਪਸੰਦ ਕਰਦੇ ਹਾਂ।

ਅਸੀਂ ਹਿੰਦੁਸਤਾਨੀ ਜਾਅਲੀ ਡਿਗਰੀਆਂ ਤੇ ਸਰਟੀਫੀਕੇਟ ਲੈ ਕੇ ਯੂਨੀਵਰਸਿਟੀਆਂ ਤੇ ਹੋਰ ਅਨੇਕਾਂ ਮਹੱਤਵਪੂਰਨ ਅਦਾਰਿਆਂ ਵਿੱਚ ਨੌਕਰੀਆਂ ਕਰ ਲੈਂਦੇ ਹਾਂ। ਹਾਈ ਕੋਰਟਾਂ ਵਿੱਚ ਵਕਾਲਤ ਕਰ ਸਕਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿਰਮੌਰ ਧਾਰਮਿਕ ਸੰਸਥਾ ਵਿੱਚ ਨੌਕਰੀ ਲੈ ਕੇ ਸਕੱਤਰ ਵਰਗੇ ਉੱਚੇ ਅਤੇ ਮਹੱਤਵਪੂਰਨ ਅਹੁਦੇ `ਤੇ ਪਹੰੁਚ ਸਕਦੇ ਹਾਂ। ਇਕ ਸਰਟੀਫੀਕੇਟ ਨਾਲ ਦੋ ਭਰਾ ਵੱਖ ਵੱਖ ਜਿ਼ਲ੍ਹਿਆਂ ਜਾਂ ਸੂਬਿਆਂ ਵਿੱਚ ਨੌਕਰੀ ਕਰ ਸਕਦੇ ਹਾਂ।

ਸਾਡੇ ਦੇਸ਼ ਦੀ ਜਮਹੂਰੀਅਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ “ਡੈਮੋਕਰੇਸੀ” ਕਿਹਾ ਜਾਂਦਾ ਹੈ। ਇਸ ਡੈਮੋਕਰੇਸੀ ਨੂੰ ਮਜ਼ਬੂਤ ਕਰਨ ਲਈ ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਸਾਡੇ ਪਾਸ ਬੜੇ ਹੀ ਵਧੀਆ ਤੇ ਅਨੋਖੇ ਤਰੀਕੇ ਹਨ। ਜਾਅਲੀ ਵੋਟਾਂ ਬਣਾਉਣ, ਪਾਉਣ ਅਤੇ ਪੁਆਉਣ ਵਿੱਚ ਸਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅਸੀਂ ਤਾਂ ਕਈ ਵਰ੍ਹੇ ਪਹਿਲਾਂ ਮਰੇ ਹੋਏ ਵਿਅਕਤੀਆਂ ਦੀਆਂ ਵੋਟਾਂ ਬਣਵਾ ਕੇ ਤੇ ਭੁਗਤਾ ਕੇ ਕਮਾਲ ਕਰ ਦਿੰਦੇ ਹਾਂ। ਆਮ ਵੋਟਰਾਂ ਨੂੰ ਅਸੀਂ ਭੇਡਾਂ ਬੱਕਰੀਆਂ ਤੋਂ ਵੱਧ ਨਹੀਂ ਸਮਝਦੇ। ਉਨ੍ਹਾਂ ਨੂੰ ਅਫ਼ੀਮ, ਭੁੱਕੀ, ਸ਼ਰਾਬ ਆਦਿ ਨਸ਼ੇ ਵੰਡ ਕੇ ਜਾਂ ਥੋੜ੍ਹੇ ਜਿਹੇ ਪੈਸੇ ਦੇ ਕੇ ਜਿੱਧਰ ਮਰਜ਼ੀ ਹੈ ਵੋਟ ਪੁਆ ਲਈਏ। ਜਿੱਤ ਹਾਸਲ ਕਰ ਕੇ ਇਹ ਪੈਸੇ ਤਾਂ ਅਸੀਂ ਕੁਝ ਮਹੀਨਿਆਂ ਵਿੱਚ ਹੀ ਕਮਾ ਲੈਣੇ ਹਨ। ਬੂਥਾਂ `ਤੇ ਕਬਜ਼ੇ ਕਰਨੇ, ਵਿਰੋਧੀ ਉਮੀਦਵਾਰ ਦੇ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਣ ਦੇ ਢੰਗ ਵੀ ਸਾਨੂੰ ਆਉਂਦੇ ਹਨ। ਇਹ ਕਾਰਨਾਮੇ ਅਸੀਂ ਕੇਵਲ ਪਾਰਲੀਮੈਂਟ ਤੇ ਅਸੈਂਬਲੀ ਚੋਣਾਂ ਵਿਚ ਹੀ ਨਹੀਂ ਕਰਦੇ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਵਿਚ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਕੱਪੜਿਆਂ ਵਾਂਗ ਪਾਰਟੀਆਂ ਅਤੇ ਵਫ਼ਾਦਾਰੀਆਂ ਬਦਲਣ ਨੂੰ ਤਾਂ ਅਸੀਂ ਮਿੰਟ ਵੀ ਨਹੀਂ ਲਾਉਂਦੇ।

ਕਿਸ ਕਿਸ ਖੇਤਰ ਦੀ ਗੱਲ ਕਰਾਂ। ਅਸੀਂ ਹਿੰਦੁਸਤਾਨੀ ਹਰਫਨ ਮੌਲਾ ਹਾਂ, ਹਰ ਖੇਤਰ ਵਿੱਚ ਕਮਾਲ ਕਰ ਰਹੇ ਹਾਂ। ਹਰ ਪਾਸੇ ਸਾਡੀਆਂ ਧੁੰਮਾਂ ਪੈਂਦੀਆਂ ਰਹਿੰਦੀਆਂ ਹਨ। ਇਸੇ ਲਈ ਤਾਂ ਕਿਹਾ ਜਾਂਦਾ ਹੈ, “ਸਾਰੇ ਜਹਾਨ ਸੇ ਅੱਛਾ ਹਿੰਦੁਸਤਾਨ ਹਮਾਰਾ।”  ਅਤੇ  “ਮੇਰਾ ਭਾਰਤ ਮਹਾਨ।”

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 15 ਅਕਤੂਬਰ 2006)
(ਦੂਜੀ ਵਾਰ 28 ਫਰਵਰੀ 2022)

***
660

About the author

ਹਰਬੀਰ ਸਿੰਘ ਭੰਵਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ

ਹਰਬੀਰ ਸਿੰਘ ਭੰਵਰ

# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ

View all posts by ਹਰਬੀਰ ਸਿੰਘ ਭੰਵਰ →