ਮੁਹੱਬਤ ਕਦੇ ਜਾਤ ਨਹੀਂ ਪੁੱਛਦੀ |
ਮੁਹੱਬਤ ਕਦੇ ਜਾਤ ਨਹੀਂ ਪੁੱਛਦੀ ਤੇ ਨਾ ਹੀ ਮੁਹੱਬਤ ਦਾ ਕੋਈ ਧਰਮ ਹੁੰਦਾ ਹੈ। ਮੁਹੱਬਤ ਹੋ ਜਾਂਦੀ ਹੈ-ਕੀਤੀ ਨਹੀਂ ਜਾਂਦੀ। ਮੁਹੱਬਤ ਦੇ ਰਾਹ ਬਹੁਤ ਹੀ ਔਝੜ ਹਨ-ਇਹ ਪੁਛਣਾ ਹੈ ਤਾਂ ਸੱਸੀ, ਸੋਹਣੀ ਜਾਂ ਫਿਰ ਹੀਰ ਨੂੰ ਕਦੇ ਪੁਛਿਓ!! ਇਹ ਤਾਂ ਸਿਰਫ ਦਿਲਾਂ ਨੂੰ ਦਿਲਾਂ ਦੇ ਰਾਹ ਹੀ ਪਛਾਣਦੀ ਹੈ-ਮਰ ਮਿਟਦੀ ਹੈ ਇਸ਼ਕ ਦੇ ਬਿਖੜੇ ਰਾਹ ਕਿਨਾਰੇ। ਮੁਹੱਬਤ ਦੀ ਇਜ਼ਤਾਂ ਨੂੰ ਲੱਗੀ ਕਾਲਖ ਉਤਾਰਨ ਲਈ ਅੰਤਰਜਾਤੀ ਵਿਆਹਾਂ ਕਾਰਨ ਲੋਕਾਂ ਵੱਲੋਂ ਕਈ ਵਾਰ ਮੁਹੱਬਤ ਹਰੇਕ ਸਾਲ ਕਤਲ ਹੁੰਦੀ ਰਹਿੰਦੀ ਹੈ। ਲੁਧਿਆਣੇ ‘ਚ ਪਿਛਲੇ 2 ਹਫ਼ਤੇ ਹੋਏ, ਜੱਟ ਪ੍ਰਵਾਰ ਦੀ ਡਾਕਟਰ ਬਣਨ ਜਾ ਰਹੀ ਇੱਕ ਲੜਕੀ ਵੱਲੋਂ ਇੱਕ ਦਲਿਤ ਮੁੰਡੇ ਨਾਲ ਵਿਆਹ ਕਰਾਉਣ ਦੇ ਦੋਸ਼ ਵਿੱਚ, ਲੜਕੇ ਤੇ ਲੜਕੀ ਨੂੰ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਤੇ ਇਸ ਦੋਸ਼ ਵਿੱਚ ਲੜਕੀ ਦੇ ਪਿਤਾ, ਨਾਨੇ, ਅਤੇ ਫੁੱਫੜ ਦਾ ਹੱਥ ਲਗਦਾ ਹੈ, ਦੱਸਿਆ ਜਾਦਾ ਹੈ। ਇੰਝ ਹੀ ਇੱਕ ਸਿੱਖ ਲੜਕਾ ਹੁਸ਼ਿਆਰਪੁਰ ‘ਚ ਬੀਤੇ ਸਾਲ ਇਸ ਲਈ ਕਤਲ ਕਰ ਦਿੱਤਾ ਗਿਆ। ਇੱਕ ਬੱਚੀ ਨੂੰ ਉਸ ਦੇ ਅੰਮ੍ਰਿਤਧਾਰੀ ਪ੍ਰਵਾਰ ਨੇ ਸਿਰਫ਼ ਇਸ ਲਈ ਹੀ ਭਾੜੇ ਦੇ ਕਾਤਲਾਂ ਤੋਂ ਕਥਿਤ ਤੌਰ ‘ਤੇ ਕਤਲ ਕਰਵਾ ਦਿੱਤਾ ਕਿ ਉਸ ਨੇ ਆਪਣੇ ਨਾਨਕੇ ਪਿੰਡ ਦੇ ਇੱਕ ਮੁੰਡੇ ਨਾਲ ਪਿਆਰ ਵਿਆਹ ਕੀਤਾ ਸੀ। ਏਦਾਂ ਦੀਆਂ ਵਾਰਦਾਤਾਂ ਨਿੱਤ ਸੁਰਖੀਆਂ ਬਣਦੀਆਂ ਮਿਟ ਰਹੀਆਂ ਹਨ।
ਆਪਣੇ ਸਮੇਂ ਦੀਆਂ ਹੋਰ ਧਾਰਮਿਕ ਕੁਰੀਤੀਆਂ ਦੇ ਨਾਲ ਗੁਰੂ ਨਾਨਕ ਨੇ ਜਾਤ ਪਾਤ ਦੇ ਵਿਤਕਰੇ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਸੀ ਕਿ ਅੱਗੇ ਜਾ ਕੇ ਕਿਸੇ ਦੀ ਜ਼ਾਤ ਦਾ ਜ਼ੋਰ ਨਹੀਂ ਚੱਲਦਾ;ਚੰਗੇ ਕਰਮਾਂ ਵਾਲੇ ਜਾਂ ਚੰਗੇ ਇਨਸਾਨ ਹੀ ਅੱਗੇ ਸਵੀਕਾਰ ਹੁੰਦੇ ਹਨ-ਕਈਆਂ ਨੇ ਲਿਖਿਆ ਹੈ, ਪੜ੍ਹਿਆ ਹੈ। ਨਾਮ ਤੇ ਜ਼ਾਤਾਂ ਸਭ ਫਜ਼ੂਲ ਹਨ। ਮਾਂ ਦੇ ਗਰਭ ‘ਚ ਕਿਸੇ ਦੀ ਕੋਈ ਜ਼ਾਤ ਨਹੀਂ ਹੁੰਦੀ। ਕੋਈ ਬ੍ਰਾਮਣ ਨਹੀਂ ਨਾ ਹੀ ਕੋਈ ਸ਼ੂਦਰ। ਲਹੂ ਦਾ ਰੰਗ ਇੱਕ ਹੈ-ਗਿਆਨ ਇੰਦਰੀਆਂ ਇਕੋ ਜੇਹੀਆਂ ਹਨ। ਜੀਵ ਜੰਤੂ, ਧਰਤੀ ਤੇ ਬੂਟੇ ਸਭ ਕੁਦਰਤੀ ਹੈ। ਰੱਬ ਸੱਭ ਤੋਂ ਵੱਡਾ ਇਨਸਾਫ਼ੀ ਹੈ, ਨਿਰਵੈਰ ਹੈ (ਪਰ ਸੁਨਾਮੀ ਵੇਲੇ ਇਹ ਵੀ ਸ਼ੱਕ ਹੋ ਗਈ ਹੈ) ਤੇ ਕਿਸੇ ਨੂੰ ਉਚਾ ਨੀਵਾਂ ਸਾਜਣਾ ਉਸਦੀ ਕਿਤਾਬ ਚ ਨਹੀਂ ਲਿਖਿਆ ਹੋਇਆ। ਲੋਕ ਸਿੱਖੀ ਨੂੰ ਵੱਡਾ ਧਰਮ ਹੋਣ ਦਾ ਦਾਅਵਾ ਕਰਦੇ ਹਨ ਤੇ ਨਾਨਕ ਇੱਕੋ ਨਜ਼ਰ ਨਾਲ ਦੇਖਣ ਦਾ ਸੰਦੇਸ਼ ਦਿੰਦਾ ਹੈ ਸਾਰੇ ਸੰਸਾਰ ਨੂੰ। ਜਾਤ ਪਾਤ, ਊਚ ਨੀਚ, ਤੇ ਹੋਰ ਉਚਾ ਨੀਵਾਂ ਬੰਦਿਆਂ ਨੇ ਹੀ ਸੁਰੂ ਕੀਤਾ। ਨਮਾਜ਼ਾਂ, ਆਰਤੀਆਂ, ਤੇ ਪਾਠਾਂ ਨਾਲ ਰੱਬ ਦੇ ਸਿਰ ਅਹਿਸਾਨ ਕਰਨ ਵਾਲੇ ਇਹ ਦਾਸਾਂ ਨੇ ਥਾਂ 2 ਵਿਉਪਾਰ ਸੈਂਟਰ ਸ਼ੁਰੂ ਕਰ ਲਏ ਹਨ। ਗੋਲਕਾਂ ਤੇ ਪਹਿਰੇ ਲੱਗ ਗਏ ਹਨ, ਹੋਰ ਕੋਈ ਚਿੰਤਾ ਹੀ ਨਹੀਂ ਰਹੀ ਇਹਨਾਂ ਨੂੰ। ਪਾਵਨ ਪੁਸਤਕਾਂ ਕਈ 2 ਮਖਮਲੀ ਰੁਮਾਲਿਆਂ ‘ਚ ਲਪੇਟੀਆਂ ਮਸੀਂ ਸਾਹ ਲੈ ਰਹੀਆਂ ਹਨ। ਛੈਣੇ ਤੇ ਢੋਲਕੀਆਂ, ਟੱਲੀਆਂ ਨਾਲ ਚੌਗਿਰਦਾ ਬੇਰਸ ਕਰ ਦਿਤਾ ਗਿਆ ਹੈ। ਰਾਗ ਦੀ ਮਹਿਮਾ ਕੋਈ ਸਕੂਲੋਂ ਭੱਜੇ ਭਾਈ ਦੀ ਚਿੱਟੀ ਦਾੜੀ੍ਹ ਚ ਹੀ ਛੁਪੀ ਪਈ ਹੈ। ਹਵਾਵਾਂ ਚ ਫਿਲਮੀਂ ਧੁੰਨਾਂ ਭਰ ਦਿੱਤੀਆਂ ਗਈਆਂ ਹਨ, ਬੇਸੁਰ ਸੰਗੀਤ ਤੇ ਰਾਗਾਂ ਨਾਲ ਪੌਣਾਂ ਤੰਗ ਆ ਚੁਕੀਆਂ ਹਨ, ਧਰਮ ਮਾਰਚਾਂ ਨਾਲ ਰਸਤੇ ਖੁਰ ਗਏ ਹਨ, ਫਿਲਮੀਂ ਧੁੰਨਾਂ ਤੇ ਸੁਰਾਂ ਨੇ ਲੋਕਾਂ ਨੂੰ ਜਰਾ ਫੜ ਕੇ ਬਿਠਾਇਆ ਹੋਇਆ ਹੈ-ਬਹੁਤੇ ਤਾਂ ਲੰਗਰ ਦੀ ਕਾਹਲ ਚ, ਉਡੀਕਦੇ ਥਾਲਾਂ ਦੀ ਖੜਾਕ ਸੁਣ ਰਹੇ ਹਨ। ਸਦੀਆਂ ‘ਚ ਨਾਨਕ ਦੇ ਕਹਿਣ ਤੇ ਵੀ ਨਹੀ ਕੋਈ ਬੰਦਾ ਤੇ ਅਸਰ ਹੋਇਆ। ਨਾ ਮੋਹ ਲੋਭ ਨੂੰ ਅਲਵਿਦਾ ਕਹੀ ਹੈ ਕਿਸੇ ਨੇ, ਤੇ ਨਾ ਹੀ ਹੰਕਾਰ ਦਾ ਸਿਰ ਨੀਵਾਂ ਹੋਇਆ ਹੈ- ਈਰਖਾ ਤਾਂ ਇਹ ਹਰ ਰੋਜ ਪਾਲਦੇ ਨੇ ਇਹ ਦਾਸ । ਰੱਬ ਦੇ ਪਿੰਗਲ ‘ਚ ਜਾਤ ਪਾਤ ਤੇ ਊਚ ਨੀਚ ਦੀ ਗੱਠ ਇਹਨਾਂ ਸਿਰ ਚੱੁਕੀ ਹੋਈ ਹੈ। ਪਾਠਾਂ ਦੀਆਂ ਗੱਲਾਂ ਹੀ ਇਹ ਕਰਦੇ ਨੇ ਪਰ ਸੋਚਣੀ ਚ ਭੇਦਭਾਵ ਹੈ। ਗੁਰਬਾਣੀ ਨੂੰ ਰਟੀ ਜਾ ਰਹੇ ਹਨ, ਬਿਨ ਅਮਲ। ਅਮਲ ਕਿਤੇ ਰਸਤੇ ਚ ਗੁਆਚ ਗਿਆ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ‘ਚ ਇਹ ਖੁੱਭੇ ਪਏ ਪਏ ਹਨ। ਗੁਰਬਾਣੀ ਦੀਆਂ ਸਤਰਾਂ ਸਿਰਫ ਯਾਦ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਯਾਦ ਹੈ ਕਰਨਾ ਨਹੀਂ- ਜੇ ਕੋਈ ਉੱਚਾ ਨੀਵਾਂ ਨਹੀਂ ਹੈ ਤਾਂ ਮੁਹੱਬਤ ਨੂੰ ਫਤਵੇ ਕਿਉਂ? ਪਿਆਰ ਵਿਆਹਾਂ ਕਾਰਨ ਹੁੰਦੇ ਕੰਜਕਾਂ ਦੇ ਕਤਲ ਕਿਉਂ? ਹਰੀਜਨਾਂ ਨੂੰ ਦੁਰਕਾਰਿਆ ਜਾਂਦਾ ਹੈ। ਉਨ੍ਹਾਂ ਦੇ ਗੁਰਦੁਵਾਰ ਵੀ ਵੱਖ, ਉਨ੍ਹਾਂ ਨਾਲ ਵਿਆਹਾਂ ਦੇ ਸਬੰਧ ਮਨਜ਼ੂਰ ਕਰਨੇ ਸਖਤ ਮਨਾ੍ਹ। ਜੇ ਗੁਰੂ ਦੇ ਸੱਚੇ ਸਿੱਖ ਹੁੰਦੇ ਤਾਂ ਜਾਤ ਪਾਤ ਕਿਤੇ ਧੂੜ ‘ਚ ਹੀ ਮਿਟਾ ਦਿੰਦੇ। ਅਸੀਂ ਸਿਰਫ ਧਰਮ ਦੀ ਮਾਡਲ ਫਲਾਸਫੀ ਹੀ ਸਿਰ ਚੁੱਕੀ ਹੋਈ ਹੈ, ਪਰ ਅਮਲ ਪਤਾ ਨਹੀਂ ਕਦੋਂ ਸੁਰੂ ਕਰਾਂਗੇ। ਹੰਕਾਰ,ਝੂਠ, ਭ੍ਰਿਸ਼ਟਾਚਾਰ ਰਿਸ਼ਵਤਖੋਰੀ, ਚੁਗਲੀ, ਤੇ ਨਿੰਦਿਆ, ਚ ਅਸੀਂ ਸਭ ਤੋਂ ਅੱਗੇ ਹਾਂ- ਕਦੇ ਸੱਸੀ ਟਿੱਬਿਆਂ ਚ ਪੁੰਨੂ ਨੂੰ ਲੱਭਦੀ 2 ਹਫ ਗਈ ਸੀ, ਸੋਹਣੀ ਨੇ ਜੇ ਦਗਾ ਕਮਾਇਆ ਸੀ ਤਾਂ ਲੋਕਾਂ ਨੂੰ ਉਹ ਵੀ ਨਹੀਂ ਸੀ ਚੰਗਾ ਲੱਗਾ, ਓਸ ਵੇਲੇ। ਹੀਰ ਨੇ ਸਾਰੀ ਜਿੰਦੜੀ ਹੀ ਰਾਂਝੇ ਦੇ ਝੋਲੀ ਪਾ ਦਿਤੀ-ਫਿਰ ਅੱਜ ਕਿਉਂ ਇਹਨਾਂ ਕੰਜਕਾਂ ਨੂੰ ਵਰ ਲੱਭਣ ਤੇ ਤਲਵਾਰ ਜਾਂ ਗੋਲੀ ਮਿਲਦੀ ਹੈ ਹਿੱਕ ਚ। ਆਪ ਇਹ ਕੌਮ ਦੇ ਸਿਰਜਕ ਭਾਵੇ ਜੋ ਮਰਜੀ ਰਾਤ ਦਿਨ ਕਰਨ,ਪਰ ਜੇ ਕਿਸੇ ਪਿਆਰ, ਮੁਹੱਬਤ ਜਾਂ ਇਸ਼ਕ ਨੇ ਦੁਨੀਆਂ ਦੇ ਸਾਹਮਣੇ ਤੁਰਨਾ ਚਾਹਿਆ ਤਾਂ ਲੋਕਾਂ ਨੇ ਮੁਹੱਬਤ ਨੂੰ ਫਤਵੇ ਸੁਣਾ ਦਿਤੇ। ਫ਼ਾਹੇ ਲਾ ਦਿਤਾ ਰੀਝਾਂ ਨੂੰ। ਕਿੱਥੇ ਨੇ ਧਾਰਮਿਕ ਸੰਸਥਾਵਾਂ, ਗੁਰਦਵਾਰਾ ਕਮੇਟੀਆਂ ਤੇ ਨਿੱਤ ਸਾਜੇ ਜਾਂਦੇ ਜੱਥੇਦਾਰ। ਥਾਂ 2 ਪੰਜਾਬ ਵਿੱਚ ਧੀਆਂ ਨੂੰ ਕੁੱਖਾਂ ‘ਚ ਹੀ ਦਫਨ ਕਰ ਦਿਤਾ ਜਾਂਦਾ ਹੈ। ਪੰਜਾਬ ਵਿੱਚ ਜਾਤ-ਪਾਤ ਸਿਖ਼ਰ ਤੇ ਹੈ ਤੇ ਅੰਤਰਜਾਤੀ ਵਿਆਹਾਂ ਕਾਰਨ ਗੱਲ ਕਤਲਾਂ ਤੀਕ ਪਹੁੰਚ ਜਾਂਦੀ ਹੈ। ਜੱਥੇਦਾਰ ਬੁੱਧੀਜੀਵੀਆਂ ਨੂੰ ਤਾਂ ਅੰਤਰਾਸ਼ਟਰੀ ਪੱਧਰ ਉੱਤੇ ਹੁਕਮਨਾਮੇ ਜਾਰੀ ਕਰ ਸਕਦੇ ਹਨ, ਪਰ ਪੰਜਾਬ ਚ ਹੋ ਰਹੇ ਧੀਆਂ ਨਾਲ ਘੋਰ ਅਤਿਆਚਾਰ ਬਾਰੇ ਕਦੇ ਕਿਸੇ ਨੇ ਬਿਆਨ ਨਹੀਂ ਦਿਤਾ- ਜਾਂ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨ’ ‘ਤੇ ਪਹਿਰਾ ਦਿਓ ਜਾਂ ਫਿਰ ਨਾਨਕ ਨੂੰ ਗਲਤ ਕਹੋ! ਕਿਉਂ ਨਹੀਂ ਅਜੇਹੇ ਲੋਕ ਜੋ ਮੁਹੱਬਤ ਨੂੰ ਦਿਨ ਦਿਹਾੜੇ ਕਤਲ ਕਰਦੇ ਹਨ- ਕਿਤੇ ਤਖ਼ਤ ‘ਤੇ ਤਲਬ ਕੀਤੇ ਜਾਂਦੇ ਜਾਂ ਫਿਰ ਮੁਹੱਬਤ ਨੂੰ ਤਲਬ ਕਰ ਕੇ ਵਿਖਾਓ ਦੇਖੋ ਫਿਰ ਕੀ ਨਤੀਜਾ ਹੋਵੇਗਾ-ਵਾਰਸ ਸ਼ਾਹ ਨੂੰ ਕਬਰ ਚੋਂ ਬੋਲਣਾ ਪਏਗਾ । ਕੀ ਮੁਹੱਬਤ ਇੰਜ ਹੀ ਦਮ ਤੋੜਦੀ ਰਹੇਗੀ ਨਿੱਤ-ਵਿਲਕਦੀ ਤੇ ਸਿੱਸਕਦੀ? |
***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 2001-2009) *** |