20 April 2024

ਬਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021—-ਸ਼ਿੰਦਰ ਪਾਲ ਸਿੰਘ, ਯੂਕੇ

ਸਾਲ 2021 ਦੀ ਜਨਗਣਨਾ

ਦਸ ਸਾਲ ਬਾਅਦ ਫੇਰਾ ਪਾਉਣ ਵਾਲ਼ੀ, ਸਾਲ 2021 ਦੀ ਜਨਗਣਨਾ ਇੱਕ ਵਾਰ ਫੇਰ ਬਰਤਾਨੀਆ ਦੀਆਂ ਬਰੂਹਾਂ ਤੇ ਦਸਤਕ ਦੇ ਰਹੀ ਹੈ। ਇਸ ਜਨਗਣਨਾ ਜਾਂ ਮਰਦਮਸ਼ੁਮਾਰੀ ਕਰਨ ਦਾ ਕਾਰਨ, ਇਸਦੀ ਲੋੜ ਜਾਂ ਇਸਦੀ ਅਹਿਮੀਅਤ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਹੈ। ਬਾਈਵੀਂ ਸਦੀ ਦੇ ਸਰਗਰਮ ਪੰਜਾਬੀ ਮੀਡੀਏ ਦੀ ਕਿਰਪਾ ਨਾਲ਼ ਸ਼ਾਇਦ ਇਸਦੀ ਸੂਝਬੂਝ ਤਾਂ ਹੁਣ ਸਾਰੇ ਹੀ ਪੰਜਾਬੀਆਂ ਨੂੰ ਹੋ ਹੀ ਚੁੱਕੀ ਹੈ। ਇਸ ਸਦੀ ਦੀ ਮਹਾਨ ਦੇਣ, ਜਨਤਕ ਮਾਧਿਅਮ ਦੇ ਰੋਲ ਬਾਰੇ ਵੀ ਬਹੁਤਾ ਕਹਿਣ ਦੀ ਲੋੜ ਸ਼ਾਇਦ ਉੱਕਾ ਹੀ ਨਹੀਂ ਹੈ। 

ਭਾਵੇਂ ਸਭ ਕੁੱਝ ਬਹੁਤ ਤੇਜ਼ੀ ਨਾਲ਼ ਬਦਲ ਗਿਆ ਅਤੇ ਰਿਹਾ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੰਪਿਊਟਰ ਮੁਹਾਰਤ ਵਿੱਚ ਪੰਜਾਬੀ ਅਜੇ ਵੀ ਬਹੁਤ ਪਿੱਛੇ ਜਾਂ ਪਛੜੇ ਹੋਏ ਹਨ। ਇਸਦਾ ਤਜਰਬਾ ਵੀ ਪਿਛਲੇ ਚਾਰ ਕੁ ਸਾਲਾਂ ਤੋਂ ਲਗਾਤਾਰ ਅਤੇ ਬਹੁਤ ਚੰਗੀ ਤਰਾਂ ਹੋ ਚੁੱਕਾ ਅਤੇ ਰਿਹਾ ਹੈ। ਅੱਜ ਕੱਲ੍ਹ ਜਨਗਣਨਾ ਦਾ ਵਿਸ਼ਾ ਸਾਡੇ ਪੰਜਾਬੀ ਅਖ਼ਬਾਰਾਂ, ਰੇਡੀਓ, ਟੈਲੀਵਿਯਨ ਅਤੇ ਜਨਤਕ ਮਾਧਿਆਮ ਉੱਤੇ ਭਰਪੂਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬੀ ਕਾਗ਼ਜ਼ੀ ਜਾਂ ਔਨ ਲਾਈਨ ਫਾਰਮ ਭਰਨ ਨੂੰ ਲੈ ਕੇ ਪੰਜਾਬੀਆਂ ਵਿੱਚ ਕਈ ਤਰਾਂ ਦੀ ਦੁਚਿੱਤੀ ਤਾਂ ਪਹਿਲਾਂ ਹੀ ਪਾਈ ਜਾ ਰਹੀ ਸੀ। ਪਰ ਇਸ ਵਾਰ ਇਸ ਸਬੰਧੀ ਭਾਂਤ ਭਾਂਤ ਦੇ ਮੀਡੀਏ ਦੇ ਭਰਪੂਰ ਯੋਗਦਾਨ ਸਦਕਾ ਲੋਕਾਂ ਵਿੱਚ, ਸਾਹਿਤਕ ਅਤੇ ਧਾਰਮਿਕ ਜਥੇਬੰਦੀਆਂ ਵਿੱਚ ਵੀ ਕਈ ਤਰਾਂ ਦੇ ਵਖਰੇਵੇਂ ਪਾਏ ਜਾ ਰਹੇ ਹਨ। ਖ਼ਾਸ ਤੌਰ ਤੇ ਜਨਗਣਨਾ ਫਾਰਮ ਦੇ 15, 16 ਅਤੇ 18 ਨੰਬਰਾਂ ਬਾਰੇ ਹੀ ਜ਼ਿਆਦਾ ਗੱਲਬਾਤ ਉੱਭਰ ਕੇ ਆ ਰਹੀ ਹੈ। ਨੰਬਰ 16 ਅਤੇ 18 ਬਾਰੇ ਕਿਸੇ ਕਿਸਮ ਦੀ ਦੁਚਿੱਤੀ ਨਹੀਂ ਹੈ। ਨੰਬਰ 16, ਧਰਮ ਦਾ ਖਾਨਾ ਹੈ ਜਿੱਥੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿੱਚ ਵਿਸ਼ਵਾਸ਼ ਰੱਖਣ ਵਾਲ਼ੇ ਲੋਕ ਸਿੱਖ ਅਤੇ ਏਸੇ ਤਰਾਂ ਬਾਕੀ ਧਰਮਾਂ ਦੇ ਪੰਜਾਬੀ ਲੋਕ ਆਪਣਾ ਵਿਸ਼ਵਾਸ਼ ਭਰ ਸਕਦੇ ਹਨ। ਨੰਬਰ 18 ਸਾਰੇ ਹੀ ਪੰਜਾਬੀਆਂ ਲਈ ਪੰਜਾਬੀ ਭਰਨਾ ਪਹਿਲਾ ਫ਼ਰਜ਼ ਬਣਦਾ ਹੈ। ਜੋ ਬੱਚੇ ਪੰਜਾਬੀ ਬੋਲਦੇ ਅਤੇ ਸਮਝਦੇ ਹਨ, ਉਹ ਵੀ ਪੰਜਾਬੀ ਜ਼ਰੂਰ ਭਰਨ। ਖਾਨਾ ਨੰ. 15 ਦੇ ਵਿਸ਼ੇ ਜਾਤਿਅਤਾ (ethnicity)  ਨੂੰ ਲੈ ਕੇ ਬਹੁਤ ਲੋਕਾਂ ਦੀ ਦੁਚਿੱਤੀ ਅਤੇ ਭਾਂਤ ਭਾਂਤ ਦੀ ਆਪਣੀ ਰਾਇ ਹੈ, ਜਿਸਦੀ ਅੱਜ ਗੱਲ ਨਿਖ਼ਾਰ ਕੇ ਕਰਨ ਦੀ ਅਹਿਮ ਲੋੜ ਹੈ। 

ਜਾਤਿਅਤਾ (ethnicity) ਕੀ ਹੈ? ਇਸ ਗੱਲ ਨੂੰ ਇਸ ਤਰਾਂ ਪ੍ਰਭਾਸ਼ਿਤ ਕੀਤਾ ਗਿਆ ਹੈ ਕਿ ਇਹ “ਇੱਕ ਖ਼ਾਸ ਖ਼ਿੱਤੇ ਦੀ, ਛਤਰੀ ਵਾਂਗ ਹੁੰਦੀ ਹੈ, ਜਿਸ ਥੱਲੇ ਸਾਰਾ ਸਮਾਜ, ਜਿਸ ਵਿੱਚ ਮਾਤ ਭਾਸ਼ਾ, ਵਿਰਸਾ, ਸੱਭਿਆਚਾਰ, ਇਤਿਹਾਸ, ਧਰਮ, ਰੀਤੀ ਰਿਵਾਜ, ਪਰੰਪਰਾ, ਧਾਰਨਾਵਾਂ / ਮਨੌਤਾਂ ਸਾਰਾ ਕੁੱਝ ਹੀ ਸਮੋਇਆ ਹੋਇਆ ਹੁੰਦਾ ਹੈ।” ਇਸ ਬਾਰੇ ਕੀਤੀ ਗਈ ਖੋਜ ਦੇ ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਸਦਾ ਸਬੰਧ ਕਿਸੇ ਵਿਅਕਤੀ ਦੇ ਪਿਛੋਕੜ ਭਾਵ ਜੜ੍ਹਾਂ ਜਾਂ ਮੂਲ ਨਾਲ਼ ਹੁੰਦਾ ਹੈ। ਜਿਵੇਂ ਗੁਰੂ ਅਮਰਦਾਸ ਜੀ ਦਾ ਕਥਨ ਹੈ: “ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ ॥” (ਅੰਗ 441) ਪੰਜਾਬ ਦੇ ਪਿੰਡਾਂ ਵਿੱਚ ਬਹੁਤੇ ਪਰਿਵਾਰਾਂ ਦੀ ਅੱਲ, ਪ੍ਰਚੱਲਤ ਨਾਮ ਭਾਵ ਇੱਕ ਵਿਲੱਖਣ ਪਛਾਣ ਹੈ। ਮਿਸਾਲ ਦੇ ਤੌਰ ਤੇ ਕਿਸੇ ਪਰਿਵਾਰ ਦੇ ਵਡੇਰਿਆਂ ਕੋਲ਼ ਊਠ ਹੋਇਆ ਕਰਦੇ ਹੋਣਗੇ ਉਨ੍ਹਾਂ ਦੀ ਅੱਲ ਊਠਾਂ ਵਾਲ਼ਿਆਂ ਦੀ ਪੈ ਗਈ। ਕਈ ਪਰਿਵਾਰ ਦੇਸ਼ ਦੀ ਵੰਡ, ਰੌਲ਼ਿਆਂ ਵੇਲੇ, ਪਾਕਿਸਤਾਨ ਤੋਂ ਹਿਜਰਤ ਕਰਕੇ ਭਾਰਤ ਆ ਗਏ ਤੇ ਉਨ੍ਹਾਂ ਦੀ ਅੱਲ ਬਾਰੀਆਂ ਜਾਂ ਬਾਰ ਵਾਲ਼ਿਆਂ ਦੀ ਪੈ ਗਈ, ਚਾਰ ਪੈਸੇ ਵਾਲ਼ਿਆਂ ਦੀ ਸਰਮਾਏਦਾਰਾਂ ਦੀ। ਪਰ ਜਦ ਹੁਣ ਇਹ ਗੱਲ ਪਿੰਡ ਤੋਂ ਉੱਠਕੇ, ਜ਼ਿਲ੍ਹੇ, ਇਲਾਕੇ, ਸੂਬੇ ਅਤੇ ਦੇਸ਼ ਦੀਆਂ ਸਰਹੱਦਾਂ ਟੱਪਦੀ ਹੈ ਤਾਂ ਅਮ੍ਰੀਕਣ, ਕਨੇਡੀਏ, ਵਲੈਤੀਏ ਜਾਂ ਫਿਜੀ ਵਾਲ਼ੇ ਵਰਗੇ ਨਾਮ ਵੀ ਮਸ਼ਹੂਰ ਹੋ ਜਾਂਦੇ ਹਨ। ਪੰਜਾਬੀਆਂ ਵਿੱਚ ਦੁਆਬੀਏ, ਮਝੈਲ, ਮਲਵਈ ਨਾਂਵ ਆਮ ਹੀ ਪ੍ਰਚੱਲਤ ਹਨ – ਜੋ ਕਿ ਸ਼ਾਇਦ ਸਦੀਆਂ ਤੋਂ ਹੀ ਹਨ।

ਠੀਕ ਏਸੇ ਤਰਾਂ ਜਿੰਨੇ ਵੀ ਪੰਜਾਬੀ, ਪੰਜਾਬ ਤੋਂ ਉੱਠਕੇ ਦੂਰ ਦੁਰਾਡੇ ਦੇਸ਼ਾਂ ਵਿੱਚ ਗਏ, ਮੂਲ ਰੂਪ ਵਿੱਚ ਉਹ ਭਾਰਤੀ ਹੀ ਮੰਨੇ ਜਾਣਗੇ। ਹੋ ਸਕਦੈ ਬਹੁਤ ਸਮਾਂ ਪ੍ਰਦੇਸਾਂ ਦੇ ਮੁਲਕਾਂ ਵਿੱਚ ਰਹਿਣ ਕਰਕੇ ਬਹੁਤਿਆਂ ਨੇ ਉਸ ਦੇਸ਼ ਦੀ ਨਾਗਰਿਤਾ ਵੀ ਲੈ ਲਈ ਤੇ ਉਹ ਪੱਕੇ ਤੌਰ ਤੇ ਭਾਵ ਕਨੂੰਨੀ ਤੌਰ ਤੇ ਉੱਥੋਂ ਦੇ ਵਾਸਨੀਕ ਭਾਵ ਨਾਗਰਿਕ ਬਣ ਗਏ। ਭਾਵੇਂ ਹੁਣ ਉਨ੍ਹਾਂ ਦੀ ਤੀਜੀ ਜਾਂ ਚੌਥੀ ਪੁਸ਼ਤ ਦਾ ਜਨਮ ਵੀ ਉੱਥੇ ਹੀ ਹੋਇਆ ਹੋਵੇ ਪਰ ਤਾਂ ਵੀ ਉਨ੍ਹਾਂ ਦੀਆਂ ਜੜ੍ਹਾਂ ਪੰਜਾਬ ਤੋਂ ਹੀ ਸ਼ੁਰੂ ਹੋਈਆਂ। ਪੰਜਾਬ ਹੀ ਉਨ੍ਹਾਂ ਦਾ ਮੂਲ ਸੀ ਅਤੇ ਰਹੇਗਾ। ਜਿਵੇਂ ਕਈ ਚੀਨਿਆਂ ਦਾ ਮੂਲ ਮੰਗੋਲ ਹੈ। ਗੱਲ ਪੰਜਾਬੀਆਂ ਦੀ ਚੱਲ ਰਹੀ ਸੀ। ਸੋ ਭਾਵੇਂ ਇਹ ਪੰਜਾਬੀ, ਬੰਗਾਲੀ, ਤਾਮਿਲ ਜਾਂ ਗੁਜਰਾਤੀ ਲੋਕਾਂ ਵਾਂਗ ਹੀ ਵਿਦੇਸ਼ਾਂ ਵਿੱਚ ਪੂਰਨ ਤੌਰ ਤੇ ਪੱਕੇ ਪ੍ਰਦੇਸੀ, ਪ੍ਰਵਾਸੀ ਭਾਰਤੀ NRI ਬਣ ਗਏ ਹਨ, ਪਰ ਉਨ੍ਹਾਂ ਦੀ ਅਸਲ ਮੂਲ, ਪਛਾਣ ਜਾਂ ਡੀਨਿਅਃ ਭਾਰਤੀ ਹੀ ਰਹੇਗਾ। ਇਹ ਵੱਖਰੀ ਗੱਲ ਹੈ ਕਿ ਪੰਜਾਬ ਅਤੇ ਕਸ਼ਮੀਰ ਜਾਂ ਤਾਮਿਲਨਾਡੂ ਦੇ ਜੰਮੇ ਜਾਇਆਂ ਦੇ ਨਿੱਜੀ ਗੁਣਾਂ ਜਾਂ ਉਨ੍ਹਾਂ ਦੇ ਸੱਭਿਆਚਾਰਿਕ ਗੁਣਾਂ ਵਿੱਚ ਥੋੜ੍ਹਾ ਬਹੁਤ ਜਾਂ ਬਹੁਤ ਅੰਤਰ ਹੋ ਵੀ ਸਕਦਾ ਹੈ। ਇਹ ਅੰਤਰ ਧਰਾਤਲ ਪੱਧਰ ਤੇ ਭੂਗੋਲਿਕ ਸਥਿਤੀ ਕਾਰਨ ਸੁਭਾਵਿਕ ਵੀ ਹੈ। ਜਿਵੇਂ ਅਲਾਸਕਾ ਅਤੇ ਨੇਵਾਡਾ ਦੇ ਬਸ਼ਿੰਦਿਆਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੋ ਸਕਦੈ।  

ਪੱਛਮੀ ਮੁਲਕਾਂ ਵਿੱਚ ਮੂਲ ਦੇ ਅਧਾਰ ਤੇ ਲੋਕਾਂ ਦੀ ਸਹੀ ਗਿਣਤੀ ਅਤੇ ਅੰਕੜਿਆਂ ਦੇ ਅਧਾਰ ਉੱਤੇ ਪੜ੍ਹਾਈ, ਆਵਾਜਾਈ, ਮਨੋਰੰਜਨ ਭਾਵ ਜਨਤਕ ਸੇਵਾਵਾਂ ਖ਼ਾਸ ਕਰ ਸਿਹਤ ਸਬੰਧੀ ਸਹੂਲਤਾਂ ਬਾਰੇ ਵੱਖ ਵੱਖ ਪ੍ਰਬੰਧ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ। ਉੱਥੇ ਇਹ ਗੱਲ ਵੀ ਲਾਜ਼ਮੀ ਧਿਆਨ ਵਿੱਚ ਰੱਖਣ ਵਾਲ਼ੀ ਹੈ ਕਿ ਭਾਰਤੀ ਮੂਲ ਦੇ ਲੋਕਾਂ ਦਾ ਅੰਗ੍ਰੇਜ਼ਾਂ ਨਾਲ਼ੋਂ ਜੀਨ, ਡੀਨਿਅਃ ਭਾਵ ਖ਼ੂਨ ਦਾ ਵਿਸ਼ੇਸ਼ ਮਾਦਾ, ਵੱਖਰਾ ਹੈ। ਜ਼ਾਹਰ ਹੈ ਕਿ ਪੰਜਾਬੀਆਂ ਦੇ ਖ਼ੂਨ ਵਿੱਚ ਉਨ੍ਹਾਂ ਦੇ ਪਿਤਾ ਪੁਰਖਿਆਂ ਦੇ ਜੀਨ, ਖ਼ੂਨ ਹੈ। ਮਨੁੱਖ ਦੇ ਏਸੇ ਤੱਤ ਉੱਤੇ ਵੱਖ ਵੱਖ ਬਿਮਾਰੀਆਂ ਦੇ ਜੀਵਾਣੂੰ ਵੱਖ ਵੱਖ ਪ੍ਰਭਾਵ ਪਾਉਂਦੇ ਜਾਂ ਅਸਰ ਕਰਦੇ ਹਨ। ਇਸ ਪ੍ਰਭਾਵ ਦੀ ਸ਼ਨਾਖ਼ਤ ਕਰਨਾ ਵੀ ਪੱਛਮੀ ਮੁਲਕਾਂ ਦੀ ਜਨਗਣਨਾ ਦਾ ਮੁੱਖ ਮਕਸਦ, ਨਿਸ਼ਾਨਾ ਹੁੰਦਾ ਹੈ। 

ਕਰੋਨਾ ਮਹਾਂਮਾਰੀ ਦੇ ਕਹਿਰ ਦੌਰਾਨ ਉਪ੍ਰੋਕਤ ਤੱਥ ਸਾਫ਼ ਉੱਭਰ ਕੇ ਸਾਹਮਣੇ ਆਏ ਹਨ। ਇਸ ਕਰਕੇ ਹੀ ਬਰਤਾਨੀਆ ਦੇ ਸਿਹਤ ਪ੍ਰਬੰਧ ਵੱਲੋਂ ਪ੍ਰਵਾਸੀ ਨਾਗਰਿਕਾਂ, ਬਾਹਰੋਂ ਆਕੇ ਵੱਸੇ, ਭਾਂਤ ਭਾਂਤ ਦੇ ਮੂਲ ਦੇ ਲੋਕਾਂ ਦੇ ਸਮੂਹ ਨੂੰ ਇੱਕ ਵੱਖਰਾ ਤੇ ਵਿਸ਼ੇਸ਼ ਨਾਮ ਦਿੱਤਾ ਗਿਆ। ਇਹ ਨਾਮ ਉਨ੍ਹਾਂ ਦੇ ਮੂਲ ਦੀ ਪਛਾਣ ਨੂੰ ਮੁੱਖ ਰੱਖ ਕੇ ਹੀ ਦਿੱਤਾ ਗਿਆ ਹੈ।  ਇਸ ਨਾਮ ਨੂੰ ਸਥਾਪਿਤ ਕਰਨ ਲਈ ਬਲੈਕ, ਏਸ਼ੀਅਨ, ਮਾਇਨੌਰਿਟੀ ਐਥਨਿਕ ਤੋਂ BAME ਨਾਮ ਦਿੱਤਾ ਗਿਆ। ਇਸ ਨਾਮ ਦਾ ਮੁੱਖ ਅਧਾਰ ਹੀ ਇਨ੍ਹਾਂ ਲੋਕਾਂ ਦਾ ਮੂਲ ਮੰਨਿਆ ਗਿਆ ਹੈ। ਇਸ ਸਮੂਹ ਵਿੱਚ ਅਰਬ, ਏਸ਼ੀਆਈ ਜਾਂ ਏਸ਼ੀਆਈ ਬ੍ਰਿਟਿਸ਼ ਲੋਕ, ਕਾਲ਼ੇ ਜਾਂ ਕਾਲ਼ੇ ਬ੍ਰਿਟਿਸ਼ ਕਾਲ਼ੇ ਲੋਕ ਜਾਂ ਰਲ਼ਵੀਂ ਨਸਲ ਦੇ ਲੋਕ ਸ਼ਾਮਿਲ ਕੀਤੇ ਗਏ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਸ ਵਿੱਚ ਮਜ਼੍ਹਬ ਜਾਂ ਧਰਮ ਦੀ ਕੋਈ ਵੀ ਦਖ਼ਲ ਅੰਦਾਜ਼ੀ ਬਿਲਕੁਲ ਹੀ ਨਹੀਂ।  

ਉਪ੍ਰੋਕਤ ਤੱਥ ਤੋਂ ਇਹ ਵੀ ਜ਼ਾਹਰਾ ਤੌਰ ਤੇ ਸਪਸ਼ਟ ਹੋ ਗਿਆ ਹੈ ਕਿ ਲੋਕ ਆਪਣਾ ਦੇਸ਼ ਜਾਂ ਨਾਗਰਿਕਤਾ ਤਾਂ ਬਦਲ ਸਕਦੇ ਹਨ ਪਰ ਮੂਲ ਨਹੀਂ, ਭਾਵ ਖ਼ੂਨ ਵਿੱਚਲਾ ਡੀਨਿਅਃ ਨਹੀਂ ਬਦਲ ਸਕਦੇ।  ਪਿਛਲੀ 2011 ਦੀ ਜਨਗਣਨਾ ਦੱਸਦੀ ਹੈ ਕਿ ਇੱਥੇ ਭਾਰਤੀ ਮੂਲ ਦੇ ਲੱਗਭੱਗ ਸਾਢੇ 14 ਲੱਖ ਤੋਂ ਵੱਧ ਅਤੇ ਪਾਕਿਸਤਾਨੀ ਮੂਲ ਦੇ ਪੌਣੇ 12 ਲੱਖ ਦੇ ਕਰੀਬ ਲੋਕ ਸਨ। ਇਸ ਵਾਰ ਇਹ ਗਿਣਤੀ ਵਧੀ ਹੀ ਹੋਵੇਗੀ। ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਉਪ੍ਰੋਕਤ ਮੂਲ ਦੇ ਪਰਿਵਾਰਾਂ ਵਿੱਚ ਜੰਮੇ ਬੱਚਿਆਂ ਕਰਕੇ ਹੋਵੇਗੀ। ਇਹ ਅੰਕੜੇ ਹੀ ਇੱਥੋਂ ਦੀ ਸਰਕਾਰ ਦੀਆਂ ਆਪਣੀਆਂ ਭਵਿੱਖਤ ਨੀਤੀਆਂ ਦੀ ਘਾੜਤ ਦਾ ਅਧਾਰ ਬਣਦੇ ਹਨ। ਇਹ ਗੱਲ ਵੱਖਰੀ ਹੈ ਕਿ ਕਿੰਨੇ ਲੋਕ ਆਪਣੇ ਆਪਨੂੰ ਆਪਣੇ ਮੂਲ ਦੀ ਸਹੀ ਪਛਾਣ ਦੀ ਤਸਦੀਕ ਕਰਦੇ ਹਨ। ਇੱਥੇ ਇਹ ਗੱਲ ਵੀ ਮਾਣ ਨਾਲ਼ ਕਹੀ ਜਾ ਸਕਦੀ ਹੈ ਕਿ ਕਿਸੇ ਵੇਲੇ ਯੂਨਾਨ, ਚੀਨ ਅਤੇ ਭਾਰਤ (ਸਮੇਤ ਅੱਜ ਦੇ ਬੰਗਲਾ ਦੇਸ਼, ਪਾਕਿਸਤਾਨ, ਭੁਟਾਨ, ਸ੍ਰੀ ਲੰਕਾ, ਬਰਮਾ (ਮਿਆਂਮਾਰ), ਅਫ਼ਗ਼ਾਨਿਸਤਾਨ) ਯੂਰਪੀ ਦੇਸ਼ਾਂ ਨਾਲੋਂ ਹਰ ਤਰਾਂ ਤਾਕਤਵਰ ਦੇਸ਼ ਸਨ। ਬੌਧਿਕ ਗਿਆਨ ਅਤੇ ਅਮੀਰੀ ਪੱਖੋਂ। 

ਜਿਵੇਂ ਸ਼ੁਰੂ ‘ਚ ਕਿਹਾ ਹੀ ਹੈ ਕਿ ਇਸ ਵਾਰ ਮੂਲ ਸਮੂਹ (ਐਥਨਿਕ ਗਰੁੱਪ) ਦਾ ਮੁੱਦਾ ਬਹੁਤ ਜ਼ਿਆਦਾ ਭਖ਼ ਗਿਆ ਹੈ। ਜਿਸਦਾ ਪ੍ਰਤੱਖ ਕਾਰਨ ਲੋਕਾਂ ਵਿੱਚ ਚੇਤਨਤਾ, ਜਨਤਕ ਮਾਧਿਅਮ ਦਾ ਬੋਲ ਬਾਲਾ, ਪੰਜਾਬੀ ਮੀਡੀਏ ਦੀ ਬਹੁਤਾਤ ਕਾਰਨ ਵਧਿਆ ਪ੍ਰਭਾਵ ਵੀ ਕਿਹਾ ਜਾ ਸਕਦਾ ਹੈ। ਇਸ ਵਾਰ ਮੁੱਖ ਮੁੱਦਾ ਜਾਤਿਅਤਾ (Ethnicity) ਹੀ ਹੈ। ਇਸ ਵਿੱਚ ਭਾਰਤੀ ਲੋਕਾਂ, ਖ਼ਾਸ ਕਰ ਪੰਜਾਬੀਆਂ ਨੂੰ ਆਪਣਾ ਮੂਲ ਭਾਰਤ ਦੱਸਣ ਤੋਂ ਗੁਰੇਜ਼ ਹੋਣ ਲੱਗ ਪਿਆ ਹੈ ਜਾਂ ਸ਼ਰਮ ਆਉਣ ਲੱਗ ਪਈ ਹੈ। ਇਸ ਹਿਕਾਰਤ ਜਾਂ ਅਲਰਜੀ ਦਾ ਕਾਰਨ ਵੀ ਸਪਸ਼ਟ ਹੈ। 

ਅਜ਼ਾਦੀ ਤੋਂ ਹੀ ਭਾਰਤ ਦੇ ਹਕੂਮਤੀ ਢਾਂਚੇ ਦਾ ਅਣ-ਮਨੁੱਖੀ ਅਤੇ ਫਿਰਕੂ ਵਿਵਹਾਰ ਹੀ ਕਿਹਾ ਜਾ ਸਕਦਾ ਹੈ। ਇਸ ਵਿੱਚ ਵੀ ਹੁਣ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਮੇਂ ਦੇ ਭਾਰਤੀ ਹੁਣ, ਅਜ਼ਾਦੀ ਵੇਲੇ ਦੇ ਬ੍ਰਤਾਨਵੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਇਸ ਵਿਚਾਰ ਨਾਲ਼ ਸਹਿਮਤ ਹੋਣ ਲੱਗ ਪਏ ਹਨ ਕਿ “ਦੇਸ਼ ਦੀ ਸੱਤਾ ਲੁੱਚਿਆਂ, ਬਦਮਾਸ਼ਾਂ, ਅਤੇ ਮੁਫ਼ਤਖੋਰਿਆਂ ਦੇ ਹੱਥਾਂ ਵਿੱਚ ਚਲੇ ਜਾਵੇਗੀ। ਉਨ੍ਹਾਂ ਦੀ ਜ਼ੁਬਾਨ ਮਿੱਠੀ ਹੋਵੇਗੀ ਅਤੇ ਦਿਲ ਵਿੱਚ ਬਦਮਾਸ਼ੀ ਹੋਵੇਗੀ।” ਅਤੇ ਇਸ ਸੱਚਾਈ ਨੂੰ ਭਾਰਤੀ ਹਾਕਮਾਂ ਨੇ ਸਮੇਂ ਸਮੇਂ ਸਿਰ ਸੱਚ ਕਰ ਦਿਖਾਇਆ ਹੈ। ਪਰ ਇਸਦੇ ਬਾਵਜੂਦ ਵੀ ਦੇਸ਼ ਦੀ ਮਹਾਨ ਸੰਸਕ੍ਰਿਤੀ ਨੂੰ ਤਾਂ ਦੋਸ਼ ਨਹੀਂ ਦਿੱਤਾ ਜਾ ਸਕਦਾ। ਉਹ ਮਹਾਨ ਸੱਭਿਅਤਾ ਜਿੱਥੇ ਦੁਨੀਆਂ ਭਰ ਵਿੱਚ ਚਾਨਣ ਵੰਡਣ ਵਾਲ਼ੇ ਮੁਨਾਰਿਆਂ ਵਿੱਚੋਂ ਸਭ ਤੋਂ ਉੱਚੇ ਚਾਨਣ ਮੁਨਾਰੇ ਨਾਲੰਦਾ ਅਤੇ ਤਕਸ਼ਿਲਾ ਵਿਦਿਆਲੇ ਰਹੇ ਹੋਣ। ਜਿੱਥੇ ਪੋਰਸ, ਅਸ਼ੋਕ, ਮਹਾਰਾਣਾ ਪ੍ਰਤਾਪ, ਸ਼ਿਵਾ ਜੀ ਮਰਹੱਟਾ, ਟੀਪੂ ਸੁਲਤਾਨ ਵਰਗੇ ਅਣਖੀ ਯੋਧੇ ਪੈਦਾ ਹੋਏ ਤੇ ਆਪਣੀ ਤਾਕਤ ਦਾ ਸਿੱਕਾ ਮਨਵਾਇਆ। ਗੁਰੂ ਗੋਬਿੰਦ ਸਿੰਘ ਦੀ ਲਾਸਾਨੀ ਕੁਰਬਾਨੀ ਭਲਾ ਕੌਣ ਭੁਲਾ ਸਕਦਾ ਹੈ?

ਬ੍ਰਤਾਨੀਆ ਦੀਆਂ ਸਿੱਖ ਸੰਸਥਾਵਾਂ ਵਿੱਚ ਜਾਤਿਅਤਾ ਦੇ ਵਿਸ਼ੇ ਨੂੰ ਧਰਮ ਨਾਲ਼ ਜੋੜਨ ਦੀ ਵਿਆਪਕ ਅਪੀਲ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਹੁਣ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੇ ਵੀ ਇਸਦੀ ਪ੍ਰੋੜ੍ਹਤਾ ਕਰ ਦਿੱਤੀ ਹੈ। ਜੋ ਕਿ ਧਾਰਮਿਕ ਪੱਖ ਤੋਂ ਤਾਂ ਸਹੀ ਹੈ ਅਤੇ ਸਿੱਖ ਸਫ਼ਾਂ ਵਿੱਚ ਪਰਵਾਨ ਹੋ ਰਹੀ ਹੈ। ਪਰ ਜਾਤਿਅਤਾ ਜਾਂ “ਐਥਨੀਸਿਟੀ” ਦੇ ਮੁੱਦੇ ਦੀ ਭਾਵਨਾ ਸਬੰਧੀ ਉੱਪਰ ਦਿੱਤੇ ਗਏ ਤਰਕ ਦੇ ਇਹ ਪੂਰੀ ਅਨੁਕੂਲ ਨਹੀਂ ਹੈ। ਜਿਸਤੋਂ, ਮਾਫ਼ ਕਰਨਾ, ਸ਼ਾਇਦ ਜਥੇਦਾਰ ਸਾਹਿਬ ਜੀ ਵੀ ਅਣਜਾਣ ਲਗਦੇ ਹਨ। ਹਰ ਪੰਜਾਬੀ ਦਾ ਮੂਲ ਧੁਰਾ, ਜੜ੍ਹਾਂ, ਪੰਜਾਬ ਹਨ। ਸਿੱਖ ਧਰਮ ਅਨੁਸਾਰ ਵੀ ਖਾਲਸਾ ਪੰਥ ਦੀ ਜਨਮ ਭੂਮੀ ਵੀ ਪੰਜਾਬ ਹੈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਬੱਬਰਾਂ ਅਕਾਲੀਆਂ ਦੀ ਕਰਮ ਭੂਮੀ ਪੰਜਾਬ ਹੈ। ਲੋਕ ਕਵੀ ਸੰਤ ਰਾਮ ਉਦਾਸੀ ਦੇ ਇੱਕ ਗੀਤ, “ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼”  ਦੇ ਬੋਲ ਹਨ: “ਮੈਨੂੰ ਜੁੜਿਆ ਜੜ੍ਹਾਂ ਦੇ ਨਾਲ਼ ਰਹਿਣ ਦੇ – ਘੱਟ ਮੰਡੀ ਵਿੱਚ ਮੁੱਲ ਪੈਂਦਾ ਪੈਣ ਦੇ!” ਸੋ ਪੰਜਾਬੀਆਂ, ਜਿਸ ਵਿੱਚ ਬਹੁਗਿਣਤੀ ਸਿੱਖ ਹਨ, ਨੂੰ ਆਪਣੀਆਂ ਜੜ੍ਹਾਂ ਨਾਲ਼ ਨਾਤਾ ਬਣਾਈ ਰੱਖਣ ਲਈ 15 ਖ਼ਾਨੇ ਦੇ C ਭਾਗ ਵਿੱਚ ਭਾਰਤੀ ਵਾਲ਼ਾ ਖਾਨਾ ਟਿੱਕ ਦੇਣਾ ਚਾਹੀਦਾ ਹੈ। ਜਿਸਨੂੰ ਇਹ ਮੰਜ਼ੂਰ ਨਹੀਂ ਉਹ ਏਸੇ ਭਾਗ ਥੱਲੇ “ਕਿਸੇ ਹੋਰ ਏਸ਼ੀਆਈ ਪਿਛੋਕੜ (ਬੈਕਗ੍ਰਾਂਊਂਡ) ਤੇ ਟਿੱਕ ਕਰਕੇ ਖ਼ੁਦ ਹੱਥ ਨਾਲ਼ “ਭਾਰਤੀ ਪੰਜਾਬੀ” ਭਰ ਸਕਦੇ ਹਨ। ਪਰ ਜੇ ਇਹ ਵੀ ਪਸੰਦ ਨਹੀਂ ਤਾਂ ਫਿਰ “ਪੰਜਾਬੀ ਭਾਰਤੀ” ਲਿਖ ਸਕਦੇ ਹਨ। ਜਿਵੇਂ ਕਿ ਕਨੇਡੀਅਨ ਜਨਗਣਨਾ ਵਿੱਚ ਕੁਬੈੱਕ ਪ੍ਰਾਂਤ ਦੇ ਲੋਕ ਖ਼ੁਦ ਨੂੰ “ਫ਼ਰੈੰਚ ਕਨੇਡੀਅਨ” ਦੱਸ ਕੇ ਮਾਣ ਮਹਿਸੂਸ ਕਰਦੇ ਹਨ। ਠੀਕ ਏਸੇ ਤਰਾਂ ਹੀ ਕੇਨੀਆ ਦੇ ਜੰਮਪਲ਼ ਪੰਜਾਬੀ “ਪੰਜਾਬੀ ਕੇਨੀਅਨ” ਵੀ ਲਿਖ ਸਕਦੇ ਹਨ ਤਾਂ ਕਿ ਉਨ੍ਹਾਂ ਦੇ ਮੂਲ ਦੀ ਪਛਾਣ ਹੋ ਸਕੇ। ਜਿਸ ਨਾਲ਼ ਤੁਹਾਡੇ ਮਾਣਮੱਤੇ ਪੰਜਾਬੀ ਹੋਣ ਦੀ ਝਲਕ ਜ਼ਰੂਰ ਉੱਘੜ ਸਕੇ। ਜਥੇਦਾਰ ਅਕਾਲ ਤਖਤ ਸਾਹਿਬ ਜੀ ਵੀ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਪੰਜਾਬ ਨਾਲ਼ੋਂ ਤੋੜ ਕੇ ਵਧੀਆ ਕਾਰਜ ਨਹੀਂ ਕਰ ਰਹੇ। ਆਪਣੀਆਂ ਜੜ੍ਹਾਂ, ਨਾਲ਼ੋਂ ਟੁੱਟ ਕੇ ਕੋਈ ਵੀ ਦਰਖ਼ਤ, ਵੇਲ ਬੂਟਾ ਹਰਿਆਵਲ ਨਹੀਂ ਰਹਿ ਸਕਦਾ। ਅਸੀਂ ਆਉਣ ਵਾਲ਼ੀਆਂ ਪੀੜ੍ਹੀਆਂ/ਨਸਲਾਂ ਤੋਂ ਆਪ ਹੀ ਉਨ੍ਹਾਂ ਦਾ ਆਪਣਾ ਮੂਲ ਖੋਹ ਰਹੇ ਹਾਂ। ਦਿਸਦੇ ਨਤੀਜੇ ਹੋਰ ਦੋ ਚਾਰ ਦਹਾਕਿਆਂ ਵਿੱਚ ਬਹੁਤ ਘਾਤਕ ਸਿੱਧ ਹੋ ਸਕਦੇ ਹਨ। 

ਰਹੀ ਗੱਲ ਸਾਡੀ ਪੰਜਾਬੀ ਪਛਾਣ ਦੀ  ਨੰਬਰ 18 ਵਿੱਚ ਤਾਂ ਪੰਜਾਬੀ ਭਰਨਾ ਹੀ ਹੈ। ਪਰ ਇੱਥੇ ਵੀ ਸਾਡੇ ਬਹੁਤ ਸਾਰੇ ਪੰਜਾਬੀ ਇੱਕਮੱਤ ਨਹੀਂ ਹਨ। ਇੱਥੋਂ ਦੇ ਜੰਮਪਲ਼ ਕਈ ਬੱਚੇ ਪੰਜਾਬੀ ਭਰਨ ਤੋਂ ਇਨਕਾਰੀ ਵੀ ਹਨ। ਚੜ੍ਹਦੇ ਅਤੇ ਲਹਿੰਦੇ ਦੀ ਪੰਜਾਬੀ  ਬੋਲੀ ਜਾਂ ਭਾਸ਼ਾ ਦੀ ਗੱਲ ਤੁਰਦੀ ਹੈ ਤਾਂ ਲਿੱਪੀ ਪੰਜਾਬੀ ਦੇ ਰਾਹ ਵਿੱਚ ਵੱਡਾ ਅੜਿੱਕਾ ਬਣ ਖੜ੍ਹ ਜਾਂਦੀ ਹੈ। ਬਹੁਤ ਸਾਰੇ ਪੰਜਾਬੀ ਆਪਣੀ ਬੋਲੀ ਨੂੰ ਬ੍ਰਤਾਨੀਆ ਦੀ ਦੂਜੀ ਭਾਸ਼ਾ ਬਣਾਉਣ ਲਈ ਬਜ਼ਿਦ ਹਨ। ਬੋਲਣ ਵਾਲ਼ਿਆਂ ਦੀ ਗਿਣਤੀ ਵਧੇ ਚੰਗੀ ਗੱਲ ਹੈ। ਪਰ ਇਹ ਲਿਖਣੀ ਪੜ੍ਹਨੀ ਵੀ ਹਰ ਪੰਜਾਬੀ ਨੂੰ ਆਉਣੀ ਚਾਹੀਦਾ ਹੈ ਜਿਸ ਵੱਲ੍ਹ ਹਰ ਪੰਜਾਬੀ ਨੂੰ ਧਿਆਨ ਦੇਣ ਅਤੇ ਅਮਲ ਕਰਨ ਦੀ ਲੋੜ ਹੈ। ਜਨਗਣਨਾ ਦੇ ਫਾਰਮ ਬੋਲ ਕੇ ਤਾਂ ਨਹੀਂ ਭਰੇ ਜਾ ਸਕਣੇ! ਜਦ ਵੀ ਪੜ੍ਹਨ ਲਿਖਣ ਦੀ ਗੱਲ ਚੱਲੇਗੀ ਤਾਂ ਲਿੱਪੀ ਦਾ ਰੇੜਕਾ ਵੱਡਾ ਅੜਿੱਕਾ ਬਣੇਗਾ ਹੀ। ਇਹ ਮਸਲਾ ਕਿਵੇਂ ਹੱਲ ਕਰਨਾ ਹੈ? ਇਹ ਸਤਰਾਂ ਪੜ੍ਹ ਅਤੇ ਸਮਝ ਸਕਣ ਵਾਲ਼ੇ ਹਰ ਪੰਜਾਬੀ ਨੂੰ ਪਤਾ ਹੈ ਕਿ ਇਹ ਸਾਡੀ ਬੋਲੀ ਪੰਜਾਬੀ ਅਤੇ ਗੁਰਮੁਖੀ ਇਸਦੀ ਲਿੱਪੀ ਹੈ। ਸਾਡੀ ਇਸ ਮਹਾਨ ਲਿੱਪੀ ਦਾ ਮਾਈਕ੍ਰੋਸੌਫਟ ਅਤੇ ਐਪਲ ਵੱਲੋਂ ਪ੍ਰਮਾਣਿਤ ਅਤੇ ਵਿਲੱਖਣ (ਸਟੈਂਡ ਅਲੋਨ) ਯੂਨੀਕੋਡ ਇੰਸਕ੍ਰਿਪਟ ਕੀਬੋਰਡ  ਹੈ। ਸਾਡੀ ਪੰਜਾਬੀ ਲਿੱਪੀ ਨੂੰ ਬੀਬੀਸੀ ਵੱਲੋਂ ਵੀ ਵਿਆਪਕ ਤੌਰ ਤੇ ਮਾਨਤਾ ਮਿਲ਼ ਚੁੱਕੀ ਹੈ। ਇਹ ਲਿੱਪੀ ਕੌਮਾਂਤਰੀ ਪੱਧਰ ਉੱਤੇ ਬੀਬੀਸੀ ਸਮੇਤ ਹਜ਼ਾਰਾਂ ਰੇਡੀਓ, ਟੀਵੀ ਚੈਨਲਾਂ ਅਤੇ ਵੈੱਬਸਾਈਟਾਂ ਦਾ ਸ਼ਿੰਗਾਰ ਬਣੀ ਹੋਈ ਹੈ। ਇਹ ਲਿੱਪੀ ਕਰੋੜਾਂ ਪੰਜਾਬੀਆਂ ਦਾ ਮਾਣ ਅਤੇ ਪਛਾਣ ਹੈ। ਪਰ ਮਹਾਂ ਤ੍ਰਾਸਦਿਕ ਅਫ਼ਸੋਸ ਕਿ ਪੰਜਾਬੀ ਅਜੇ ਵੀ ਸਾਰੇ ਗੁਰਦਵਾਰਿਆਂ ਦੀ ਭਾਸ਼ਾ ਨਹੀਂ ਬਣ ਸਕੀ। ਬੀਬੀਸੀ ਨੇ ਸਾਢੇ ਤਿੰਨ ਸਾਲ ਤੋਂ ਆਪਣੀ ਵੈੱਬਸਾਈਟ ਪੰਜਾਬੀ ਵਿੱਚ ਸ਼ੁਰੂ ਕਰ ਦਿੱਤੀ ਹੈ, ਪਰ ਸਾਡੇ ਗੁਰਦਵਾਰਿਆਂ ਅਤੇ ਪੰਜਾਬੀ ਸਕੂਲਾਂ ਦੇ ਦਫ਼ਤਰਾਂ ਵਿੱਚ ਜ਼ਿਆਦਾ ਕੰਪਿਊਟਰੀ ਕੰਮ ਜਾਂ ਤਾਂ ਅੰਗ੍ਰੇਜ਼ੀ ਵਿੱਚ ਹੀ ਹੋ ਰਿਹਾ ਹੈ ਅਤੇ ਜਾਂ ਫਿਰ ਜੋ ਮਾੜਾ ਮੋਟਾ ਪੰਜਾਬੀ ਵਿੱਚ ਹੋ ਵੀ ਰਿਹਾ ਹੋਵੇਗਾ, ਉਹ ਆਪਣਾ ਸਮਾਂ ਵਿਹਾ ਚੁੱਕੇ ਅਣਮਿਆਰੀ ਪੰਜਾਬੀ ਕੀਬੋਰਡਾਂ ਦੀ ਵਰਤੋਂ ਨਾਲ਼ ਹੀ ਹੋ ਰਿਹਾ ਹੋਵੇਗਾ। ਸ਼ਾਇਦ ਮੇਰਾ ਇਹ ਨਿੱਜੀ ਦਾਅਵਾ ਅਤਿਕਥਨੀ ਨਾ ਹੋਵੇ ਕਿ ਬ੍ਰਤਾਨੀਆ ਦੇ ਕਿਸੇ ਵੀ ਸਕੂਲ ਵਿੱਚ ਬੱਚਿਆਂ ਨੂੰ ਪੰਜਾਬੀ ਯੂਨੀਕੋਡ ਕੀਬੋਰਡ ਦੀ ਸਿਖਲਾਈ ਨਹੀਂ ਦਿੱਤੀ ਜਾ ਰਹੀ। ਜਿਸਦਾ ਮੁੱਖ ਕਾਰਨ ਪੰਜਾਬੀ ਅਧਿਆਪਕਾਂ ਨੂੰ ਵੀ ਇਸਦੀ ਮੁਹਾਰਤ ਨਾ ਹੋਣਾ ਹੀ ਹੈ। ਇਸ ਵੱਲ੍ਹ ਵੀ ਸਮੂਹ ਪੰਜਾਬੀ ਅਤੇ ਸਿੱਖ ਜਥੇਬੰਦੀਆਂ, ਧਾਰਮਿਕ ਅਦਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ। 

ਅਠਾਰਾਂ ਨੰਬਰ ਵਿੱਚ ਭਰੀ ਪੰਜਾਬੀ ਦਾ ਮਾਣ ਤੁਸੀਂ, ਅਸੀਂ ਰਲ਼ ਕੇ ਤਾਂ ਹੀ ਵਧਾ ਸਕਾਂਗੇ ਅਤੇ ਆਪਣੇ ਆਪ ਨਾਲ਼ ਤਾਂ ਹੀ ਪੂਰੇ ਸੱਚੇ ਹੋ ਸਕਾਂਗੇ। ਇੱਕ ਦਹਾਕਾ ਪਹਿਲਾਂ ਦਾ ਯੁਨੈਸਕੋ ਦਾ ਇਹ ਦਾਅਵਾ ਕਿ ਅਗਲੇ 50 ਸਾਲਾਂ ‘ਚ ਬਹੁਤ ਬੋਲੀਆਂ ਖ਼ਤਮ ਹੋ ਜਾਣਗੀਆਂ, ਵੀ ਸੱਚਾ ਹੀ ਹੋ ਜਾਵੇਗਾ।  ਪਰ ਸਾਡਾ ਇਹ ਵੀ ਦਾਅਵਾ ਪੱਕਾ ਹੈ ਕਿ ਜਿਨ੍ਹਾਂ ਭਾਸ਼ਾਵਾਂ ਕੋਲ਼ ਆਪਣਾ ਯੂਨੀਕੋਡ ਅਧਾਰਿਤ ਕੀਬੋਰਡ ਨਹੀਂ, ਜਾਂ ਉਹ ਲੋਕ ਸਿੱਖਦੇ ਜਾਂ ਵਰਤਦੇ ਨਹੀਂ, ਉਨ੍ਹਾਂ ਦੀ ਬੋਲੀ ਵੀ ਜ਼ਰੂਰ ਮਰ ਹੀ ਜਾਵੇਗੀ। ਸੋ ਕਿਸੇ ਵੀ ਧਰਮ ਨੂੰ ਖ਼ੁਦ ਨੂੰ ਸਮੇਂ ਦਾ ਹਾਣੀ ਬਣਾਈ ਰੱਖਣ ਅਤੇ ਪ੍ਰਫੱਲਤ ਕਰਨ ਲਈ ਆਪਣੀ ਭਾਸ਼ਾ ਦੀ, ਖ਼ਾਸ ਕਰ ਅਧੁਨਿਕ ਕੰਪਿਊਟਰੀ ਯੁੱਗ ਵਿੱਚ, ਮਿਆਰੀ ਕੀਬੋਰਡ ਦੀ ਲੋੜ ਲਾਜ਼ਮੀ ਹੈ। ਕਾਸ਼, ਬਹੁ-ਗਿਣਤੀ ਪੰਜਾਬੀ ਕੰਪਿਊਟਰ ਮੁਹਾਰਤ ਵਿੱਚ ਪਰਬੀਨ ਹੁੰਦੇ ਤਾਂ ਦੋ ਹਫਤਿਆਂ ਵਿੱਚ ਹੀ ਸੈਂਸਸ ਫਾਰਮ ਭਰਕੇ ਵਿਹਲੇ ਹੋ ਸਕਦੇ ਸਨ।

ਅੰਤ ਵਿੱਚ: ਯਾਦ ਰਹੇ ਕਿ ਫਾਰਮ ਭਰਨਾ ਸਭ ਦਾ ਕਨੂੰਨੀ ਫ਼ਰਜ਼ ਹੈ, ਨਹੀਂ ਤਾਂ ਇੱਕ ਹਜ਼ਾਰ ਪੌਂਡ ਜੁਰਮਾਨਾ ਹੋ ਸਕਦਾ ਹੈ। ਸਮੇਂ ਸਿਰ ਫਾਰਮ ਭਰਕੇ ਨਾ ਭੇਜਿਆ ਗਿਆ ਤਾਂ ਸਰਕਾਰੀ ਕਰਮਚਾਰੀ ਤੁਹਾਡੇ ਘਰ ਪੁੱਛ ਗਿੱਛ ਕਰਨ ਵੀ ਆ ਸਕਦੇ ਹਨ। ਉਮੀਦ ਹੈ ਬਹੁਤੇ ਪਾਠਕਾਂ ਨੂੰ ਇਹ ਲੇਖ ਪੜ੍ਹਕੇ ਫਾਰਮ ਭਰਨ ਵਿੱਚ ਮੱਦਦ ਮਿਲ਼ੇਗੀ।
(5abi.com ਦੇ  ਧੰਨਵਾਦ ਨਾਲ)
***
115
***

About the author

ਸ਼ਿੰਦਰਪਾਲ ਸਿੰਘ ਮਾਹਲ, ਯੂਕੇ   
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸ਼ਿੰਦਰਪਾਲ ਸਿੰਘ ਮਾਹਲ, ਯੂਕੇ   

View all posts by ਸ਼ਿੰਦਰਪਾਲ ਸਿੰਘ ਮਾਹਲ, ਯੂਕੇ    →