15 October 2024

ਦਿਵਾਲੀ: ਦੀਪਾਵਲੀ – ਹਰਜਿੰਦਰ ਸਿੰਘ ਕੰਵਲ

ਦਿਵਾਲੀ: ਦੀਪਾਵਲੀ

-ਹਰਜਿੰਦਰ ਸਿੰਘ ਕੰਵਲ-

ਹਿੰਦੁਸਤਾਨ ਵਿਚ ਤਿਓਹਾਰਾਂ ਦੀ ਕਮੀ ਨਹੀਂ ਅਤੇ ਇਕ ਸਾਲ ਦੇ ਵਿਚ ਅਨੇਕਾਂ ਹੀ ਤਿਓਹਾਰ ਮਨਾਉਣ ਦੀ ਪ੍ਰੰਪਰਾ ਕਈ ਸਦੀਆਂ ਤੋਂ ਹੀ ਪ੍ਰਚਲਤ ਹੈ, ਲੇਕਿਨ ਇਨ੍ਹਾਂ ਸਾਰਿਆਂ ਹੀ ਤਿਓਹਾਰਾਂ ਵਿਚੋਂ ਸਭ ਤੋਂ ਰਮਣੀਕ ਅਤੇ ਖੁਸ਼ੀਆਂ ਵਾਲਾ ਤਿਓਹਾਰ ਹੈ ਦਿਵਾਲੀ ਜਾਂ ਦੀਪਾਵਲੀ ।

ਇਹ ਤਿਓਹਾਰ ਤਕਰੀਬਨ ਪੰਜ ਹਜ਼ਾਰ ਤੋਂ ਸੱਤ ਹਜ਼ਾਰ ਸਾਲ ਪੁਰਾਣਾ ਦਸਿਆ ਜਾਂਦਾ ਹੈ, ਜਦੋਂ ਸ੍ਰੀ ਰਾਮ ਚੰਦਰ ਜੀ ਮਹਾਰਾਜ ਜੀ ਨੇ ਲੰਕਾ ਪਤੀ ਰਾਵਨ ਦਾ ਸੰਘਾਰ ਕਰਕੇ ਅਯੋਧਿਆ ਪਰਤੇ ਤਾਂ ਉਸ ਵੇਲੇ ਜੋ ਅਯੋਧਿਆ ਵਾਸੀਆਂ ਦੇ ਵਲਵਲੇ ਸਨ ਉਹਨਾਂ ਨੂੰ ਉਨ੍ਹਾਂ ਨੇ ਦੀਵੇ ਬਾਲਕੇ ਅਤੇ ਖੁਸ਼ੀ ਵਿਚ ਝੂਮ ਝੂਮ ਕੇ ਗਾਯਣ ਕਰਕੇ ਸ੍ਰੀ ਰਾਮ ਜੀ ਨੂੰ ਜੀ ਆਇਆਂ ਆਖਿਆ ।

ਦਿਵਾਲੀ ਦਾ ਅਸਲ ਨਾਮ ਦੀਪਾਵਲੀ ਹੈ, ਜਿਸ ਦਾ ਮਤਲਬ ਹੈ ਦੀਵਿਆਂ ਦੀ ਕਤਾਰ । ਦਿਵਾਲੀ ਉਤੇ ਲੋਗ ਘਰਾਂ ਵਿਚ ਮਿਟੀ ਦੇ ਦੀਵੇ ਬਾਲਕੇ ਘਰਾਂ ਨੂੰ ਸਜਾਉਂਦੇ ਹਨ, ਅਤੇ ਨਦੀਆਂ ਜਾਂ ਛਪੜਾਂ ਦੇ ਕਿਨਾਰਿਆਂ ਤੇ ਜਾ ਕੇ ਦੀਵੇ ਤਾਰਨ ਦਾ ਰਵਾਜ ਭੀ ਹੈ, ਜੋ ਲਕਸ਼ਮੀ ਪੂਜਾ ਦਾ ਪ੍ਰਤੀਕ ਹੁੰਦਾ ਹੈ ਕਿਉਂਕਿ ਇਸ ਦਿਨ ਹੀ ਵਪਾਰੀ ਲੋਕ ਲਕਸ਼ਮੀ ਦਾ ਅਰਾਧਨ ਵੀ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਵਪਾਰ ਆਦਿ ਵਿਚ ਵਾਧਾ ਹੋਵੇ ।

ਇਹ ਵੀ ਹੋ ਸਕਦਾ ਹੈ ਕਿ ਇਹ ਤਿਓਹਾਰ ਸਰਦੀਆਂ ਆਉਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੋਵੇ ਜਦੋਂ ਲੋਗ ਗਰਮੀ ਦੀ ਮਾਰੂ ਮਾਰ ਝਲਕੇ, ਤਰਾਹ ਤਰਾਹ ਕਰ ਉਠਦੇ ਹਨ ਤਾਂ ਸਰਦੀ ਉਨ੍ਹਾਂ ਲਈ ਇਕ ਵਰਦਾਨ ਸਾਬਤ ਹੁੰਦੀ ਹੈ । ਵਪਾਰੀ ਲੋਕ ਬਾਰਸ਼ਾਂ ਤੋਂ ਬ੍ਹਾਦ ਦੂਸਰੇ ਮੁਲਕਾਂ ਜਾਂ ਸ਼ਹਿਰਾਂ ਨੂੰ ਜਾਣ ਤੋਂ ਪਹਿਲਾਂ ਲਕਸ਼ਮੀ ਪੂਜਾ ਕਰਦੇ ਹਨ, ਅਤੇ ਪੁਰਾਣਾ ਵਿਚ ਇਹ ਵੀ ਲਿਖਿਆ ਹੈ ਕਿ ਇਸੇ ਹੀ ਦਿਨ ਦੇਵਤਿਆਂ ਅਤੇ ਦਾਨਵਾਂ ਨੇ ਸਮੁੰਦਰ ਮੰਥਨ ਕੀਤਾ ਸੀ, ਜਿਸ ਵਿਚੋਂ ਲਕਸ਼ਮੀ ਉਤਪਨ ਹੋਈ ਸੀ, ਇਸ ਲਈ ਇਸ ਦਿਨ ਲਕਸ਼ਮੀ ਜੀ ਦਾ ਪ੍ਰਕਾਸ਼ ਦਿਵਸ ਵੀ ਮੰਨਿਆ ਜਾਂਦਾ ਹੈ ।

ਦਿਵਾਲੀ ਕਿਉਂ ਮਨਾਈ ਜਾਂਦੀ ਹੈ, ਇਹ ਜੁਦੇ ਜੁਦੇ ਪ੍ਰਾਂਤਾ ਵਿਚ ਉਨ੍ਹਾਂ ਦੇ ਆਪਣੇ ਅਕੀਦਿਆਂ ਤੇ ਮੁਨੱਸਰ ਹੈ । ਜੋ ਸਭ ਤੋਂ ਵੱਧ ਇਸਨੂੰ ਮਨਾਉਣ ਦਾ ਕਾਰਨ ਹੈ ਓਹ ਉਤਰ ਭਾਰਤ ਦਾ ਹੈ ਜੋ ਇਸਨੂੰ ਸ੍ਰੀ ਰਾਮ ਜੀ ਦੀ ਰਾਵਣ ਉਪਰ ਵਿਜੈ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ, ਜਿਦੋਂ ਚੌਦਾਂ ਬਰਸਾਂ ਬ੍ਹਾਦ ਵਿਸ਼ਨੂੰ ਜੀ ਦੇ ਸੱਤਵੇਂ ਅਵਤਾਰ ਸ੍ਰੀ ਰਾਮ ਚੰਦਰ ਜੀ ਰਾਵਣ ਨੂੰ ਮਾਰ ਕੇ ਅਯੁਧਿਆ ਵਾਪਸ ਪਰਤੇ । ਰਾਵਣ ਇਕ ਬੜਾ ਹੀ ਵਿਦਵਾਨ ਪੁਰਸ਼ ਸੀ ਜਿਸਨੇ ਚਾਰੇ ਵੇਦ ਕੰਠ ਕੀਤੇ ਹੋਏ ਸਨ ਲੇਕਿਨ ਬੁੱਧੀ ਭਰਿਸ਼ਟ ਹੋਣ ਕਰਕੇ ਸੀਤਾ ਜੀ ਦਾ ਅਪਹਰਣ ਕੀਤਾ ਅਤੇ ਆਪਣੇ ਨਾਮ ਉਤੇ ਨਾ ਲਹਿਣ ਵਾਲਾ ਕਲੰਕ ਲਗਵਾ ਲਿਆ । ਇਸ ਨੂੰ ਮਾਰਨ ਨਾਲ ਧਰਮ ਦੀ ਅਧਰਮ ਉਤੇ ਜਿੱਤ ਦੀ ਇਕ ਅਨਮੋਲ ਨਿਸ਼ਾਨੀ ਦਿਵਾਲੀ ਦੇ ਰੂਪ ਵਿਚ ਮੂਰਤੀਮਾਨ ਹੋਈ ।
ਪਛਮੀ ਭਾਰਤ ਵਿਚ ਦਿਵਾਲੀ ਮਨਾਉਣ ਦਾ ਕਾਰਨ ਹੈ ਵਿਸ਼ਨੂੰ ਜੀ ਦੇ ਪੰਜਵੇਂ ਅਵਤਾਰ ਵਾਮਨ ਦੀ ਰਾਜੇ ਬਲ ਉਤੇ ਵਿਜੈ । ਦੈਂਤ ਰਾਜਾ ਬਲ ਇਕ ਭਾਰੀ ਯੱਗ ਕਰ ਰਿਹਾ ਸੀ ਜਿਸ ਨਾਲ ਦੇਵਤਿਆਂ ਦੀ ਹਾਰ ਨਿਸਚਿਤ ਸੀ, ਲੇਕਿਨ ਵਿਸ਼ਨੂੰ ਜੀ ਨੇ ਬੌਨੇ ਦਾ ਅਵਤਾਰ ਧਾਰਕੇ ਰਾਜੇ ਕੋਲੋਂ ਤਿੰਨ ਕਰਮਾ ਧਰਤੀ ਦੀ ਮੰਗ ਕਰ ਲਈ । ਰਾਜੇ ਨੇ ਸਮਝਿਆ ਕਿ ਇਸ ਬੌਨੇ ਦੀ ਤਾਂ ਬੜੀ ਤੁਛ ਜਹੀ ਮੰਗ ਹੈ ਇਸ ਲਈ ਪ੍ਰਣ ਦੇ ਦਿਤਾ ਕਿ ਧਰਤੀ ਤਿੰਨ ਕਰਮਾ ਲੈ ਲਵੋ । ਬੌਨੇ ਨੇ ਦੇਹ ਵਧਾ ਲਈ ਅਤੇ ਇਕ ਪੈਰ ਇਕ ਲੋਕ ਵਿਚ ਅਤੇ ਦੂਜਾ ਪੈਰ ਪਰਲੋਕ ਵਿਚ ਰੱਖ ਦਿਤਾ ਅਤੇ ਰਾਜੇ ਬੱਲ ਨੂੰ ਆਖਿਆ ਕਿ ਹੁਣ ਦੱਸ ਮੈਂ ਤੀਸਰਾ ਪੈਰ ਕਿਥੇ ਰੱਖਾਂ । ਤਾਂ ਰਾਜਾ ਪੈਰੀ ਪੈ ਗਿਆ ਅਤੇ ਵੀਸ਼ਨੂੰ ਨੇ ਉਸਨੂੰ ਪਤਾਲ ਵਿਚ ਧੱਕ ਦਿਤਾ । ਇਸ ਬਲ ਰਾਜੇ ਨੇ ਬਹੁਤ ਦੇਵਤੇ, ਲਕਸ਼ਮੀ ਅਤੇ ਗਨੇਸ਼ ਜੀ ਨੂੰ ਵੀ ਕੈਦ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਵਿਸ਼ਨੂੰ ਜੀ ਨੇ ਛੁਡਾਇਆ ।ਲਕਸ਼ਮੀ ਅਤੇ ਗਣੇਸ਼ ਜੀ ਨੇ ਇਸ ਖੁਸ਼ੀ ਵਿਚ ਧਰਤੀ ਦੇ ਲੋਗਾਂ ਨੂੰ ਬਹੁਤ ਖੁਸ਼ਹਾਲੀ ਬਖਸ਼ੀ ।

ਦਖਸ਼ਣ ਭਾਰਤ ਵਿਚ ਦਿਵਾਲੀ ਮਨੌਣ ਦਾ ਕਾਰਨ ਹੈ ਸ੍ਰੀ ਕ੍ਰਿਸ਼ਨ ਜੀ ਦਾ ਦੈਂਤ ਨਰਕਾਸੁਰ ਦਾ ਵੱਧ, ਜਿਸਨੇ ਲੋਕਾਂ ਨੂੰ ਬਹੁਤ ਸਤਾਇਆ ਸੀ ਅਤੇ ਉਨ੍ਹਾਂ ਨੂੰ ਦੈਂਤ ਬਿਰਤੀਆਂ ਦਾ ਸ਼ਿਕਾਰ ਬਣਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਸੀ ਰਖੀ । ‘ਨਰਕ ਚਤੁਰਥੀ’ ਜਾਂ ਦਿਵਾਲੀ ਇਸੇ ਹੀ ਦੇਵ ਬਿਰਤੀ ਦਾ ਦਾਨਵ ਬਿਰਤੀ ਉਤੇ ਵਿਜੈ ਦਾ ਦਿਨ ਹੈ ।

ਕਈ ਹੋਰ ਭਾਰਤੀ ਪ੍ਰਾਂਤਾਂ ਵਿਚ ਇਸਨੂੰ ਨਵਾਂ ਸਾਲ ਚੜ੍ਹਨ ਦੀ ਖੁਸ਼ੀ ਕਰਕੇ ਮਨਾਇਆ ਜਾਂਦਾ ਹੈ ।ਇਸ ਦਿਨ ਮਹਾਰਾਜ ਬਿਕਰਮਾਦਿੱਤ, ਓਹ ਪਰਾਕਰਮੀ ਰਾਜਾ ਜਿਸ ਤੋਂ ਬਿਕਰਮੀ ਸੰਮਤ ਸ਼ੁਰੂ ਹੋਇਆ, ਉਜੈਨ ਦੀ ਰਾਜਧਾਨੀ ਉਤੇ ਰਾਜ ਗੱਦੀ ਉਤੇ ਬੈਠਾ ਸੀ ।

ਦਿਵਾਲੀ ਦੀ ਰਾਤ ਨੂੰ ਜਦ ਭਾਰਤ ਦੇ ਲਗ ਭਗ ਸਾਰੇ ਪ੍ਰਾਂਤ ਲਕਸ਼ਮੀ ਪੂਜਨ ਕਰਦੇ ਹਨ, ਤਾਂ ਪੂਰਬੀ ਭਾਰਤੀ, ਖਾਸ ਕਰਕੇ ਬੰਗਾਲ ਦੇ ਲੋਗ ਮਹਾਂ ਕਾਲੀ ਦੀ ਪੂਜਾ ਕਰਦੇ ਹਨ ।

ਤਾਂਤਰਿਕ ਲੋਗ ਇਸ ਰਾਤ ਲਕਸ਼ਮੀ ਦੀ ਕਈ ਹੋਰ ਨਾਵਾਂ ਨਾਲ ਪੂਜਾ ਕਰਦੇ ਹਨ, ਜਿਨ੍ਹਾਂ ਵਿਚੋਂ ਤਰੀਪੁਰਾ ਸੁੰਦਰੀ, ਮਾਹਾਂ ਲਕਸ਼ਮੀ, ਲਲੀਤਾ ਆਦਿ ਨਾਮ ਹਨ , ਤਾਂ ਕਿ ਉਹ ਕੋਈ ਸਿਧੀ ਦੀ ਪ੍ਰਾਪਤੀ ਕਰ ਸਕਣ ।

ਹਿੰਦੂ ਇਸ ਤਿਓਹਾਰ ਉਤੇ ਕਈ ਕਰਮਕਾਂਡ ਕਰਦੇ ਹਨ । ਓਹ ਅਪਣੇ ਘਰ ਦੀ ਸਫਾਈ ਕਰਦੇ ਹਨ, ਜਿਸ ਦਾ ਮਤਲਬ ਹੈ ਸ੍ਰੀਰਕ ਤੌਰ ਅਤੇ ਆਤਮਕ ਤੌਰ ਉਤੇ ਸਫਾਈ ਕਰਨਾ, ਜਿਸਦੀ ਪੂਰਤੀ ਸਿਮਰਨ ਅਤੇ ਪੂਜਾ ਦੁਆਰਾ ਹੁੰਦੀ ਹੈ । ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਨੂੰ ਵੱਸ ਕਰਨਾ ਅਤੇ ਆਪਣੇ ਮਨ ਵਿਚ ਸ਼ਾਤੀ ਅਤੇ ਸ਼ੁੱਧ ਵਿਚਾਰਾਂ ਨਾਲ ਆਪਣੇ ਆਪ ਨੂੰ ਨਿਖਾਰਨਾ, ਇਹ ਸਭ ਜੋ ਬਾਹਰਲੇ ਕਰਮ ਹਨ ਉਨ੍ਹਾਂ ਨੂੰ ਆਪਣੇ ਸਰੀਰਕ ਤੌਰ ਤੇ ਮੇਲ ਖਾਣ ਕਰਕੇ ਇਨਾਂਹ ਦੀ ਇਕਸਾਰਤਾ ਇਸ ਦਿਨ ਮਾਨਵਤਾ ਨੂੰ ਇਸ ਰਾਹ ਉਤੇ ਚਲਣ ਦਾ ਪਵਿਤ੍ਰ ਉਪਦੇਸ਼ ਦਿੰਦੀ ਹੈ।

ਜੋ ਇਹ ਮਿੱਟੀ ਦੇ ਦੀਵੇ ਹਨ, ਇਹ ਸਾਡਾ ਸਰੀਰ ਹੈ, ਜੋ ਅੱਗ, ਪਾਣੀ , ਹਵਾ, ਧਰਤੀ ਅਤੇ ਅਕਾਸ਼ ਦੀ ਬਣਤਰ ਹੈ ਜੋ ਸਾਨੂੰ ਸਿਰਫ ਕੁਝ ਸਮੇ ਲਈ ਹੀ ਪ੍ਰਦਾਨ ਕੀਤਾ ਗਿਆ ਹੈ, ਜਿਸ ਤੋਂ ਬ੍ਹਾਦ ਇਹ ਸਰੀਰ ਮਿੱਟੀ ਵਿਚ ਹੀ ਰਲ ਜਾਂਦਾ ਹੈ । ਦੀਵੇ ਦੀ ਜੋ ਲਾਟ ਹੈ ਓਹ ਆਤਮਾਂ ਹੈ ਜਿਸਦਾ ਲਕਸ਼ ਪਰਮਆਤਮਾਂ ਨਾਲ ਜੁੜਨਾ ਹੈ ਜੋ ਜੀਵਨ ਨੂੰ ਇਕ ਪੂਰਨ ਜੋਤ ਬਖਸ਼ ਕੇ ਰੌਸ਼ਨਾ ਰਿਹਾ ਹੈ । ਦੀਵੇ ਦਾ ਜੋ ਤੇਲ ਹੈ ਇਹ ਬ੍ਰਹਮ ਗਿਆਨ ਹੈ, ਜੋ ਇਸ ਗੱਲ ਦੀ ਹਮੇਸ਼ਾਂ ਯਾਦ ਦਿਲਾਉਂਦਾ ਰਹਿੰਦਾ ਹੈ ਕਿ ਇਹ ਜੋਤ ਹਮੇਸ਼ਾਂ ਉਹ ਪਰਮ ਜੋਤ ਅਕਾਲ ਪੁਰਖ ਦੀ ਦਿਤੀ ਹੋਈ ਨਯਾਬ ਚੀਜ਼ ਹੈ । ਇਥੇ ਇਹ ਯਾਦ ਕਰਵਾਉਂਦਾ ਹੈ ਕਿ ਅਸੀਂ ਆਪਣੀ ਨੀਂਦ ਤੋਂ ਜਾਗੀਏ ਅਤੇ ਉਸ ਪਰਮਆਤਮਾ ਨਾਲ ਆਪਣੀ ਆਤਮਾ ਦਾ ਸਿਮਰਨ ਦੁਆਰਾ ਮੇਲ ਕਰੀਏ । ਜੋਤ ਦਾ ਧਿਆਨ ਧਰੋ, ਜੋਤ ਨੂੰ ਸਮਝੋ, ਜੋਤ ਨੂੰ ਜੱਗ ਵਿਚ ਫੈਲਾਓ, ਕਿਉਂਕਿ ਤੁਸੀਂ ਹੀ ਸੰਸਾਰ ਦੀ ਅਨੂਪਮ ਜੋਤ ਹੋ ।

ਦੀਪਾਵਲੀ ਚਾਰ ਦਿਨਾ ਦਾ ਤਿਓਹਾਰ ਹੈ ਜਿਸ ਵਿਚ ਧੰਨਤੇਰਸ, ਨਰਕ ਚਤੁਰਦਸ਼ੀ, ਦੀਪਾਵਲੀ ਅਤੇ ਭਾਈ ਦੂਜ ਸ਼ਮਿਲਤ ਹਨ। ਧੰਨਤੇਰਸ ਵਾਲੇ ਦਿਨ ਲੋਗ ਨਵੇਂ ਬਰਤਨ ਆਦਿ ਖਰੀਦਦੇ ਹਨ । ਨਰਕ ਚਤੁਰਦਸੀ ਨੂੰ ਛੋਟੀ ਦਿਵਾਲੀ ਵੀ ਕਹਿੰਦੇ ਹਨ, ਜਿਸ ਵਿਚ ਹਰ ਘਰ ਪੰਜ/ਸੱਤ ਦੀਵੇ ਬਾਲਕੇ ਘਰ ਦੇ ਕੋਣਿਆਂ ਅਤੇ ਦਰਵਾਜ਼ਿਆਂ ਵਿਚ ਰੱਖਦੇ ਹਨ । ਦਿਵਾਲੀ ਅਮਾਵਸ ਵਾਲੇ ਦਿਨ ਆਉਂਦੀ ਹੈ, ਅਤੇ ਉਸਤੋਂ ਦੂਸਰਾ ਦਿਨ ‘ਪ੍ਰਤੀਪਦ’ ਹੁੰਦਾ ਹੈ ਜਦੋਂ ਕੋਈ ਵੀ ਵਿਹਾਰ ਕਾਰ ਨਹੀਂ ਕੀਤਾ ਜਾਂਦਾ । ਇਸ ਦਿਨ ਕਈ ਲੋਕ ਜੂਏ ਵਿਚ ਆਪਣੀ ਕਿਸਮਤ ਅਜ਼ਮਾਈ ਕਰਦੇ ਹਨ ।

ਭਾਈ ਦੂਜ ਦਿਵਾਲੀ ਤੋਂ ਦੂਸਰਾ ਦਿਨ ਹੁੰਦਾ ਹੈ ਜਦੋਂ ਭਰਾ ਆਪਣੀਆਂ ਭੈਣਾ ਨੂੰ ਆਪਣਾ ਪਿਆਰ ਅਤੇ ਸਨੇਹ ਜਤਾਉਣ ਲਈ ਮਿਲਣ ਜਾਂਦੇ ਹਨ ।

ਦਿਵਾਲੀ ਦੀ ਖੁਸ਼ੀ ਵਿਚ ਸਾਰੇ ਅਮੀਰ, ਗਰੀਬ, ਜਵਾਨ ਬੁੱਢੇ, ਗੱਲ ਕੀ ਸਾਰੇ ਹੀ ਇਸ ਤਿਓਹਾਰ ਮਨਾਉਣ ਦੀ ਚਾਹ ਵਿਚ ਜੁੱਟ ਜਾਂਦੇ ਹਨ। ਘਰ, ਦਰੱਖਤ, ਜਾਨਵਰ, ਬੁੱਤ ਆਦਿ ਸਾਰੇ ਫੁੱਲਾਂ ਅਤੇ ਲਾਈਟਾਂ ਨਾਲ ਸ਼ਿੰਗਾਰੇ ਜਾਂਦੇ ਹਨ । ਇਸ ਤਿਓਹਾਰ ਦਾ ਨਸ਼ਾ ਹਵਾ ਨੂੰ ਵੀ ਇਕ ਨਸ਼ੀਲਾਪਨ ਬਖਸ਼ ਦਿੰਦਾ ਹੈ ।

ਇੱਕੀ ਦਿਨ ਦੁਸਹਿਰੇ ਤੋਂ ਬ੍ਹਾਦ ਸਾਰੇ ਘਰਾਂ ਵਿਚ ਦੀਪਕ ਪ੍ਰਜਵਲਤ ਕਰਕੇ ਦਿਵਾਲੀ ਦੀ ਆਮਦ ਕੀਤੀ ਜਾਂਦੀ ਹੈ, ਜਿਸ ਵਿਚ ਪਟਾਕੇ, ਫੁਲਝੜੀਆਂ, ਆਦਿ ਨਾਲ ਰੰਗਾ ਰੰਗ ਪ੍ਰੋਗਰਾਮ ਵੀ ਨਿਯੁਕਤ ਕੀਤੇ ਜਾਂਦੇ ਹਨ ਤਾਂਕਿ ਸ੍ਰੀ ਰਾਮ ਜੀ ਦਾ ਚੌਦਾਂ ਬਰਸ ਬਨਬਾਸ ਕਟਕੇ ਆਉਣਾ ਬੜੀ ਧੂਮ ਧਾਮ ਨਾਲ ਮਨਾਇਆ ਜਾਵੇ । ਇਸੇ ਹੀ ਦੌਰਾਨ ਵਪਾਰੀ ਲੋਕ ਆਪਣੇ ਵਹੀ ਖਾਤੇ ਬੰਦ ਕਰਕੇ ਨਵੇਂ ਸਿਰਿਓ ਸਾਰਾ ਕੰਮ ਸ਼ੁਰੂ ਕਰਦੇ ਹਨ । ਇਸ ਦਾ ਇਹ ਵੀ ਮਤਲਬ ਹੈ ਕਿ ਪ੍ਰਾਣੀ ਆਪਣੀਆਂ ਬੁਰੀਆਂ ਆਦਤਾਂ ਛੱਡ ਕੇ ਨਵੇਂ ਸਿਰਿਓ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਸ਼ ਕਰਨ, ਅਤੇ ਆਪਣੇ ਆਂਢੀ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨਾਲ ਮੇਲ ਜੋਲ ਕਰਕੇ ਸੁਖ ਦਾ ਜੀਵਨ ਬਤੀਤ ਕਰਨ ।

ਮਠਿਆਈ ਵੰਡਣੀ ਅਤੇ ਧੂਪ ਦੀਪ ਕਰਨਾ ਇਸ ਸਮੇਂ ਇਹ ਜਾਂਚ ਕਰਾਉਂਦਾ ਹੈ ਕਿ ਇਸ ਮਿਠੀ ਮਠਿਆਈ ਦੀ ਤਰ੍ਹਾਂ ਸਾਡਾ ਵੀ ਜੀਵਨ ਮਿੱਠਾ ਅਤੇ ਧੂਪ ਦੀ ਤਰ੍ਹਾਂ ਸੁਗੰਧਿਤ ਹੋਵੇ । ਇਸ ਪਵਿੱਤ੍ਰ ਦਿਹਾੜੇ ਤੇ ਲੋਗ ਮਾਸ ਸ਼ਰਾਬ, ਸਿਗਰਟ ਨੋਸ਼ੀ ਅਤੇ ਕਾਮ ਤੋਂ ਵੀ ਪਰਹੇਜ਼ ਕਰਦੇ ਹਨ, ਜਿਸ ਦਾ ਭਾਵ ਹੈ ਕੇ ਬੁਰੇ ਕੰਮਾ ਤੋਂ ਅਤੇ ਵੈਰ ਵਿਰੋਧ ਤੋਂ ਬਚਿਆ ਜਾਵੇ ।

ਦਿਵਾਲੀ ਦੀ ਰਾਤ ਲੱਖਾਂ ਹੀ ਮੋਮਬੱਤੀਆਂ, ਦੀਵਿਆਂ ਅਤੇ ਅਨਾਰਾਂ ਪਟਾਕਿਆਂ ਨਾਲ ਇਕ ਐਸਾ ਮਹੌਲ ਅਖਤਿਆਰ ਕਰਦੀ ਹੈ ਜਿਸ ਲਈ ਇਸ ਨੂੰ ਦੀਵਿਆਂ ਦਾ ਤਿਓਹਾਰ (ਢੲਸਟਵਿੳਲ ੋਡ ਲ਼ਗਿਹਟਸ) ਵੀ ਆਖਿਆ ਜਾਂਦਾ ਹੈ ।

ਅੰਧੇਰੀ (ਅਮਾਵਸ) ਰਾਤ ਨੂੰ ਦੀਵੇ ਅਤੇ ਲੰਪ ਜਗਾਣੇ ਇਸ ਤਿਓਹਾਰ ਦਾ ਇਕ ਅਹਿਮ ਅੰਗ ਹੈ ਜੋ ਵਾਸਤਵ ਵਿਚ ਇਹ ਦਰਸਾਉਂਦਾ ਹੈ ਕਿ ਆਪਣੇ ਜੀਵਨ ਦੀ ਅਸੀਂ ਕਿਸ ਤਰ੍ਹਾਂ ਜੀਵਨ ਜੋਤ ਉਜਾਗਰ ਕਰਨੀ ਹੈ । ਇਤਿਹਾਸਕਾਰਾਂ ਦਾ ਖਿਆਲ ਹੈ ਕਿ ਸ਼ਾਇਦ ਇਹ ਜੈਨ ਮੱਤ ਵਿਚੋਂ ਲਿਆ ਗਿਆ ਆਸ਼ਾ ਹੈ , ਕਿਉਂਕਿ ਜੈਨੀ ਦੀਵੇ ਆਪਣੀ ਆਤਮਕ ਅਵੱਸਥਾ ਦੀ ਜੋਤੀ ਨੂੰ ਇਨ੍ਹਾਂ ਦੀਵਿਆਂ ਦੁਆਰਾ ਦਰਸਾਉਣ ਦੀ ਕੋਸ਼ਸ਼ ਕਰਦੇ ਹਨ । ਘਰ ਦੇ ਸਾਰੇ ਕੋਣਿਆਂ, ਖਾਸ ਕਰਕੇ ਅੰਧੇਰੀਆਂ ਜਗਾਵਾਂ ਵਿਚ ਦੀਵਾ ਜਾ ਲੰਪ ਜਗਾਏ ਜਾਂਦੇ ਹਨ । ਅੱਜ ਕਲ ਤਾਂ ਬਿਜਲੀ ਦੇ ਲੰਪ ਵੀ ਐਸੇ ਬਣ ਗਏ ਹਨ ਜੋ ਦੇਖਣ ਵਿਚ ਬਹੁਤ ਸੁੰਦਰ ਹਨ ਅਤੇ ਕਈ ਤਾਂ ਦੇਵਤਿਆ ਦੀ ਸ਼ਕਲ ਵਰਗੇ ਬਣਾਏ ਜਾਂਦੇ ਹਨ ।

ਭਾਰਤ ਦੇ ਜੁਦੇ ਜੁਦੇ ਪ੍ਰਾਂਤਾ ਵਿਚ ਦਿਵਾਲੀ
ਕੁਮਾਓਂ : ਦਿਵਾਲੀ ਵਾਲੇ ਦਿਨ ਭਿੱਜੇ ਚਾਵਲਾਂ ਨੂੰ ਰਗੜਕੇ ਉਸਦੇ ਆਟੇ ਨਾਲ ਕਈ ਕਿਸਮਾਂ ਦੇ ਆਕਾਰ ਬਣਾਏ ਜਾਂਦੇ ਹਨ । ਛੋਟੀਆਂ ਲੜਕੀਆਂ ਇਨ੍ਹਾਂ ਆਕਾਰਾਂ ਦਾ ਅਰਾਧਨ ਘਾਹ ਅਤੇ ਮੁਸ਼ਕ ਕਪੂਰ ਨਾਲ ਕਰਦੀਆਂ ਹਨ । ਕਈ ਜਗ੍ਹਾ ਤਾਂ ਚੰਦਨ ਦੀ ਲਕੜੀ ਨਾਲ ਲਕਸ਼ਮੀ ਦਾ ਬੁੱਤ ਇਕ ਪਿਤਲ ਦੀ ਥਾਲੀ ਵਿਚ ਰਖਕੇ ਉਸ ਉਪਰ ਗੱਨਿਆਂ ਦਾ ਛਤਰ ਬਣਾਕੇ ਉਸਦੀ ਪੂਜਾ ਕੀਤੀ ਜਾਂਦੀ ਹੈ ।

ਰਾਜਸਥਾਨ : ਰਾਜਸਥਾਨ ਵਿਚ ਬਿੱਲੀ ਨੂੰ ਲਕਸ਼ਮੀ ਦਾ ਰੂਪ ਸਮਝਿਆ ਜਾਂਦਾ ਹੈ । ਬਹੁਤ ਸੁੰਦਰ ਭੋਜਨ ਤਿਆਰ ਕਰਕੇ ਬਿੱਲੀ ਅੱਗੇ ਰਖਿਆ ਜਾਂਦਾ ਹੈ, ਜੇ ਓਹ ਪੂਰਾ ਖਾ ਲਵੇ ਤਾਂ ਬਹੁਤ ਹੀ ਭਾਗਸ਼ਾਲੀ ਮੰਨਿਆ ਜਾਂਦਾ ਹੈ ।

ਗੁਜਰਾਤ : ਗੁਜਰਾਤ ਵਿਚ ਦਿਵਾਲੀ ਨੂੰ ‘ਬਧਾਵਸਰ ਅਲਪਨਾ’ ਆਖਿਆ ਜਾਂਦਾ ਹੈ, ਜਿਸਦਾ ਮਤਲਬ ਦਰਵਾਜ਼ੇ ਦੀ ਸਜਾਵਟ ਹੈ, ਜੋ ਚੌਲਾਂ ਦੇ ਆਟੇ ਨਾਲ ਸਜਾਇਆ ਜਾਂਦਾ ਹੈ । ਲੂਣ ਖ੍ਰੀਦਣ ਦੀ ਪ੍ਰੰਪਰਾ ਵੀ ਇਕ ਬਹੁਤ ਇਸ ਤਿਓਹਾਰ ਦਾ ਜ਼ਰੂਰੀ ਅੰਗ ਹੈ, ਅਤੇ ਇਹ ਸਮਾਂ ਬਰਕਤ ਵਾਲਾ ਮੰਨਿਆ ਜਾਂਦਾ ਹੈ ।

ਬਿਹਾਰ: ਬਿਹਾਰ ਦੇ ਆਦੀਵਾਸੀ ਕਾਲੀ ਦਾ ਅਰਾਧਨ ਇਸ ਦਿਨ ਉਤੇ ਕਰਦੇ ਹਨ । ਕੱਚਾ ਨਾਰੀਅਲ ਅਤੇ ਪਾਨ ਖਾਣਾ ਇਸ ਸਮੇ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ।

ਮਾਏਸੂਰ : ਦਿਵਾਲੀ ਮਾਏਸੂਰ ਦੀ ਮਸ਼ਹੂਰ ਹੈ, ਜਿਸ ਵਿਚ ਔਰਤਾਂ ਆਪਣੇ ਮਰਦਾਂ ਅਤੇ ਬਚਿਆਂ ਦੇ ਮੱਥਿਆਂ ਤੇ ਤਿਲਕ ਲਗਾਉਂਦੀਆਂ ਹਨ ਅਤੇ ‘ਨਰਕਾਸੁਰ’ ਦੈਂਤ ਦੀ ਸਾਖੀ ਸੁਣਾਉਂਦੀਆਂ ਹਨ । ਇਸ ਤੋਂ ਬ੍ਹਾਦ ਇਸ਼ਨਾਨ ਕੀਤਾ ਜਾਂਦਾ ਹੈ ਜਿਹੜਾ ਗੰਗਾ ਦੇ ਇਸ਼ਨਾਨ ਵਾਂਗੂੰ ਹੀ ਪਵਿਤੱ੍ਰ ਸਮਝਿਆ ਜਾਂਦਾ ਹੈ ।

ਆਂਧਰਾ : ਹੈਦਰਾਬਾਦ ਵਿਚ ਦਿਵਾਲੀ ਦੇ ਦਿਨ ਪਸੂਆਂ ਨੂੰ ਇਸ਼ਨਾਨ ਕਰੌਣ ਦੀੱ ਰਸਮ ਪਰਸਿੱਧ ਹੈ । ਕਾਗਜ਼ ਦੇ ਬਣੇ ਬੁੱਤ ਸਜੌਣ ਦੀ ਵੀ ਪ੍ਰੰਪਰਾ ਹੈ ।

ਮਹਾਂਰਾਸ਼ਟਰ : ਇਸ ਜਗ੍ਹਾ ਯਮ ਦੀ ਪੂਜਾ ਕੀਤੀ ਜਾਂਦੀ ਹੈ, ਅਤੇ ਔਰਤਾਂ ਆਪਣੇ ਪਤੀਆਂ ਅਤੇ ਬਜ਼ੁਰਗਾਂ ਦੀ ਆਰਤੀ ਵੀ ਉਤਰਦੀਆਂ ਹਨ ।

ਬੰਗਾਲ : ਦਿਵਾਲੀ ਦਾ ਤਿਓਹਾਰ ਬੰਗਾਲ ਵਿਚ ‘ਮਹਾਂਨਿਸ਼ਾ’ ਕਰਕੇ ਮਸ਼ਹੂਰ ਹੈ । ਦਸਦੇ ਹਨ ਕੇ ਇਸ ਦਿਨ ਮਹਾਂ ਕਾਲੀ ਆਪਣੀਆਂ 64000 ਯੋਗਣੀਆਂ ਨਾਲ ਪਰਗਟ ਹੋਈ ਸੀ ।
ਭਾਰਤ ਤੋਂ ਬਾਹਰ ਦਿਵਾਲੀ

ਸ਼੍ਰੀ ਲੰਕਾ : ਭਾਰਤ ਦੀ ਤਰ੍ਹਾਂ ਦਿਵਾਲੀ ਇਥੇ ਭੀ ਬੜੀ ਸਜ ਧਜ ਨਾਲ ਮਨਾਈ ਜਾਂਦੀ ਹੈ । ਸਜਾਵਟ ਦਾ ਵੀ ਕੋਈ ਅੰਤ ਨਹੀਂ, ਔਰ ਜਿਥੇ ਭਾਰਤ ਵਿਚ ਖਿਲੌਣੇ ਮਿੱਟੀ ਦੇ ਬਣਾਏ ਜਾਂਦੇ ਹਨ, ਇਥੇ ਇਨੈਮਲ ਕਰਕੇ ਵੇਚੇ ਜਾਂਦੇ ਹਨ । ਮਿਸ਼ਰੀ ਦੇ ਬਣੇ ਹੋਏ ਬੁੱਤ ਬੜੀ ਤਾਦਾਦ ਵਿਚ ਖਰੀਦ ਕੀਤੇ ਜਾਂਦੇ ਹਨ ।

ਜਪਾਨ : ਜਪਾਨੀ ਲੋਕ ਇਹ ਮੰਨਦੇ ਹਨ ਕਿ ਦਿਵਾਲੀ ਦਾ ਤਿਓਹਾਰ ਖੁਸ਼ੀਆਂ, ਆਰਥਕ ਉਨਤੀ, ਖੁਸ਼ਹਾਲੀ ਅਤੇ ਲੰਬੀ ਉਮਰ ਦਾ ਪ੍ਰਤੀਕ ਹੈ । ਦਿਵਾਲੀ ਜਪਾਨ ਵਿਚ ਸਤੰਬਰ ਦੇ ਮਹੀਨੇ ਵਿਚ ਮਨਾਈ ਜਾਂਦੀ ਹੈ, ਜਦੋਂ ਲੋਗ ਖੇਤਾਂ ਅਤੇ ਬਾਗਾਂ ਵਿਚ ਲਾਲਟੈਨਾ ਅਤੇ ਕਾਗਜ਼ ਦੇ ਬਣੇ ਸੋਹਣੇ ਦੀਵੇ ਲਟਕਾਉਂਦੇ ਹਨ । ਨਾਚ ਗਾਣਾ ਸਾਰੀ ਰਾਤ ਜਾਰੀ ਰਹਿੰਦਾ ਹੈ, ਅਤੇ ਖੁਬਸੂਰਤ ਕਪੜੇ ਪਾ ਕੇ ਲੋਗ ਕਿਸ਼ਤੀਆਂ ਵਿਚ ਸੈਰ ਕਰਦੇ ਹਨ । ਘਰਾਂ ਵਿਚ ਇਸ ਦਿਨ ਝਾੜੂ ਮਾਰਨ ਨੂੰ ਅਸ਼ੁੱਭ ਮੰਨਿਆ ਗਿਆ ਹੈ । ਸਾਰੇ ਮੰਦਰ ਅਤੇ ਪੂਜਾ ਦੇ ਅਸਥਾਨ ਇਸ ਦਿਨ ਸਜਾਏ ਜਾਂਦੇ ਹਨ ।

ਮੌਰਿਸ਼ਸ : ਇਸ ਜਗ੍ਹਾ ਦੇ ਲੋਗ ਇਹ ਮੰਨਦੇ ਹਨ ਕੇ ਦਿਵਾਲੀ ਦਾ ਤਿਓਹਾਰ ਰਾਮ ਚੰਦਰ ਜੀ ਦੀ ਤਾਜਪੋਸ਼ੀ ਤੋਂ ਬਹੁਤ ਪਹਿਲਾਂ ਮਨਾਇਆ ਜਾਂਦਾ ਸੀ, ਲੇਕਿਨ ਉਸ ਪੁਰਾਣੇ ਤਿਓਹਾਰ ਨੂੰ ਰਾਮ ਜੀ ਨਾਲ ਜੋੜਕੇ ਹੋਰ ਵੀ ਮਹੱਤਵਪੂਰਨ ਅਤੇ ਰੌਚਕ ਬਣਾ ਦਿਤਾ ਹੈ । ਮਿੱਟੀ ਦੇ ਦੀਵੇ ਭਾਰਤ ਦੀ ਤਰ੍ਹਾਂ ਹੀ ਜਗਾਏ ਜਾਂਦੇ ਹਨ ਅਤੇ ਲਕਸ਼ਮੀ ਪੂਜਨ ਅਤੇ ਪਟਾਕਿਆਂ ਦਾ ਇਸਤੇਮਾਲ ਵੀ ਮੌਰੀਸ਼ਨ ਲੋਗ ਭਾਰਤੀਆਂ ਤਰ੍ਹਾਂ ਹੀ ਕਰਦੇ ਹਨ ।

ਥਾਈਲੈਂਡ : ਇਥੇ ਦਿਵਾਲੀ ‘ਲਾਮ ਕਰੀਯੋਨਗ਼’ ਦੇ ਨਾਮ ਨਾਲ ਅਕਤੂਬਰ/ਨਵੰਬਰ ਦੇ ਮਹੀਨਿਆਂ ਵਿਚ ਮਨਾਈ ਜਾਂਦੀ ਹੈ । ਦੀਪਕ ਕੇਲੇਆਂ ਦੇ ਛਿਲਕਿਆਂ ਦੇ ਬਣਾਕੇ ਉਸ ਵਿਚ ਮੋਮਬਤੀਆਂ ਅਤੇ ਕੁਝ ਪੈਸੇ ਅਤੇ ਧੂਫ ਰਖਕੇ ਇਨ੍ਹਾਂ ਨੂੰ ਪਾਣੀ ਵਿਚ ਤਾਰਿਆ ਜਾਂਦਾ ਹੈ, ਜੋ ਇਕ ਬਹੁਤ ਹੀ ਸੁੰਦਰ ਅਤੇ ਮਨਮੋਹਕ ਦਰਿਸ਼ਯ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ਲ਼ੋਗ ਆਪਣੇ ਦੋਸਤਾਂ ਮਿਤ੍ਰਾਂ ਅਤੇ ਸਗੇ ਸਨਬੰਧੀਆਂ ਨੂੰ ਮਠਿਆਈਆਂ ਅਤੇ ਵਧਾਈਆਂ ਆਦਿ ਦਿੰਦੇ ਹਨ ।

ਨਿਪਾਲ : ਨਿਪਾਲ ਵਿਚ ਦਿਵਾਲੀ ਨੂੰ ‘ਤਿਹਾਰ’ ਕਰਕੇ ਜਾਣਿਆ ਜਾਂਦਾ ਹੈ, ਜੋ ਪੰਜ ਦਿਨ ਬਹੁਤ ਹੀ ਜ਼ੋਰ ਸ਼ੋਰ ਅਤੇ ਦਿਲ ਖਿਚਵੇਂ ਤਰੀਕਿਆਂ ਨਾਲ ਮਨਾਈ ਜਾਂਦੀ ਹੈ । ਪਹਿਲੇ ਦਿਨ ਕਾਂਵਾਂ ਨੂੰ ਚੌਲ ਖਵਾਏ ਜਾਂਦੇ ਹਨ, ਅਤੇ ਇਹ ਅਰਦਾਸ ਕੀਤੀ ਜਾਂਦੀ ਹੈ ਕਿ ਧਨ ਲਕਸ਼ਮੀ ਉਨ੍ਹਾਂ ਨੂੰ ਨਸੀਬ ਹੋਵੇ । ਦੂਸਰੇ ਦਿਨ ਨੂੰ ‘ਸਵਾਨ ਦਿਨ’ (ਸਵਾਨ, ਕੁੱਤੇ ਨੂੰ ਕਹਿੰਦੇ ਹਨ ਜੋ ਭੈਰਵ ਦਾ ਵਾਹਨ ਹੈ ) ਆਖਿਆ ਜਾਂਦਾ ਹੈ ਜਿਸ ਦਿਨ ਖਾਣਾ ਕੁੱਤੇ (ਸਵਾਨ) ਨੂੰ ਖਿਲਾਇਆ ਜਾਂਦਾ ਹੈ, ਅਤੇ ਉਸਦੀ ਆਰਤੀ, ਤਿਲਕ ਅਤੇ ਹਾਰ ਪਾਕੇ, ਉਤਾਰੀ ਜਾਂਦੀ ਹੈ । ਤੀਸਰਾ ਦਿਨ ਭਾਰਤ ਦੀ ਤਰ੍ਹਾ ਹੀ ਸ਼੍ਰੀ ਰਾਮ ਜੀ ਦੀ ਆਮਦ ਦਾ ਦੀਵਿਆਂ ਅਤੇ ਲਾਈਟਾਂ ਨਾਲ ਅਤੇ ਪਟਾਕਿਆਂ ਦੇ ਧਮਾਕਿਆਂ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਧੰਨ ਦੀ ਦੇਵੀ ਲਕਸ਼ਮੀ ਦੀ ਪੂਜਾ ਵੀ ਹੁੰਦੀ ਹੈ । ਚੌਥਾ ਦਿਨ ਯਮ ਰਾਜ ਦੀ ਅਰਾਧਨਾ ਦਾ ਹੁੰਦਾ ਹੈ, ਜਿਸ ਵਿਚ ਯਮ ਰਾਜ ਤੋਂ ਲੰਬੀ ਉਮਰ ਦਾ ਵਰਦਾਨ ਲੋਗ ਮੰਗਦੇ ਹਨ । ਪੰਜਵਾਂ ਅਤੇ ਅਖੀਰਲਾ ਦਿਨ ਭਾਰਤ ਵਾਂਗੂੰ ਭਾਈ ਦੂਜ ਦਾ ਦਿਨ ਮਨਾਇਆ ਜਾਂਦਾ ਹੈ।
ਮਯਾਂਨਮਾਰ : ਜਿਸਦਾ ਪੁਰਾਣਾ ਨਾਮ ਬਰਮਾ ਸੀ ਵਿਖੇ ਵੀ ਦਿਵਾਲੀ ਭਾਰਤ ਦੀ ਤਰ੍ਹਾਂ ਹੀ ਮਨਾਈ ਜਾਂਦੀ ਹੈ । ਲੋਗ ਦੇਵਤਿਆਂ ਅਗੇ ਬੈਠਕੇ ਪੂਜਨ ਕਰਦੇ ਹਨ, ਫਿਰ ਸੋਹਣੇ ਸੋਹਣੇ ਕਪੜੇ ਪਾ ਕੇ ਸੁਆਦਿਸ਼ ਖਾਣੇ ਦਾ ਪਕਵਾਨ ਕਰਦੇ ਅਤੇ ਨਾਚ ਗਾਣਾ ਕਰਦੇ ਹਨ । ਰਾਤ ਨੂੰ ਦੀਵਿਆਂ ਅਤੇ ਲਾਈਟਾਂ ਨਾਲ ਜਗ ਮਗਾਇਆ ਜਾਂਦਾ ਹੈ ।

ਸਿਖਾਂ ਵਿਚ ਦਿਵਾਲੀ ਦੀ ਮਹਾਨਤਾ

ਸਿੱਖ ਵੀ ਆਮ ਹਿੰਦੂਆਂ ਵਾਂਗ ਦਿਵਾਲੀ ਦਾ ਤਿਓਹਾਰ ਸਾਰੇ ਜਗਤ ਵਿਚ ਮਨਾਉਂਦੇ ਹਨ । ਸ੍ਰੀ ਹਰਿਮੰਦਰ ਸਾਹਿਬ ਦਿਵਾਲੀ ਉਪਰ ਦੀਪ ਮਾਲਾ ਕੀਤੀ ਜਾਂਦੀ ਹੈ । ਇਸ ਤਿਓਹਾਰ ਨੂੰ ਚਾਰ ਚੰਨ ਉਦੋਂ ਲਗੇ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਬੰਦੀ ਤੋਂ ਛੁੜਵਾ ਕੇ ਅੰਮ੍ਰਿਤਸਰ ਪਧਾਰੇ ਸਨ ਤਾਂ ਸਬੱਬ ਨਾਲ ਓਹ ਦਿਵਾਲੀ ਵਾਲਾ ਦਿਨ ਸੀ ਅਤੇ ਉਸ ਵੇਲੇ ਬਾਬਾ ਬੁਢਾ ਜੀ ਦੇ ਕਹਿਣ ਤੇ ਸਾਰੇ ਸ਼ਹਿਰ ਵਿਚ ਰੌਸ਼ਨੀ ਕੀਤੀ ਗਈ । ਇਹ ਪ੍ਰੰਪਰਾ ਹੁਣ ਤਕ ਕਾਯਿਮ ਹੈ ।

ਆਧੁਨਿਕ ਸਮੇਂ ਦੀ ਦਿਵਾਲੀ

ਜਦ ਤਕ ਭਾਰਤ ਵਿਚ ਧਰਮ ਕਾਇਮ ਰਿਹਾ ਇਹ ਮੁਲਕ ‘ਸੋਨੇ ਦੀ ਚਿੜੀਆ’ ਕਹਿਲਾਉਂਦਾ ਰਿਹਾ ਅਤੇ ਇਸ ਨੂੰ ਧਰਤੀ ਉਤੇ ‘ਸਵਰਗ’ ਦੇ ਖਿਤਾਬ ਨਾਲ ਵੀ ਸੰਬੋਧਤ ਕੀਤਾ ਜਾਂਦਾ ਸੀ, ਜਿਸ ਵਿਚ ਸ਼ਾਂਤੀ ਅਤੇ ਖੁਸਹਾਲੀ ਨਾਲ ਲੋਗ ਜੀਵਨ ਬਤੀਤ ਕਰਦੇ ਸਨ । ਲੇਕਿਨ ਕਲਯੁਗ ਦੇ ਪਸਾਰ ਨਾਲ ਦੇਸ਼ ਵਿਚ ਮਾਤਮ ਛਾ ਗਿਆ ਹੈ । ਇਸ ਦਿਵਾਲੀ ਵਾਲੇ ਕਾਰਤਿਕ ਕ੍ਰਿਸ਼ਨ ਚਤੁਰਦਸ਼ੀ ਵਾਲੇ ਦਿਨ 2500 ਸਾਲ ਪਹਿਲਾਂ ਮਹਾਂਪੁਰਸ਼ ਮਹਾਵੀਰ ਨੂੰ ਗਿਆਨ ਦੀ ਪ੍ਰਾਪਤੀ ਹੋਈ । ਇਸੇ ਹੀ ਦਿਨ ਸਵਾਮੀ ਰਾਮਤੀਰਥ ਜੀ ਨੇ ਸੱਚ ਦਾ ਮਾਰਗ ਭਾਰਤ ਵਾਸੀਆਂ ਨੂੰ ਦਰਸਾਇਆ । ਜੋ ਇਸ ਤਿਓਹਾਰ ਦੀ ਸੁਚਮਤਾ ਅਤੇ ਸਚਾਈ ਸੀ ਓਹ ਹੌਲੀ ਹੌਲੀ ਸਮੇ ਦੀ ਧੂੜ ਵਿਚ ਅਲੋਪ ਹੋ ਗਈ ਅਤੇ ਉਸਦੀ ਜਗ੍ਹਾ ਕੰਨ ਪਾੜ ਪਟਾਕਿਆਂ ਅਤੇ ਅਮੀਰੀ ਠਾਠ ਬਾਠ ਨੇ ਲੈ ਲਈ ਹੈ । ਅਤੇ ਅੱਜ ਕਲ ਇਹ ਵੇਖਿਆ ਜਾਂਦਾ ਹੈ ਕਿ ਕੌਣ ਕਿਨਾ ਖਰਚਾ ਕਿਸ ਚੀਜ਼ ਉਤੇ ਕਰਦਾ ਹੈ, ਅਤੇ ਗ਼ਰੀਬ ਦੀ ਦਿਵਾਲੀ ਅਤੇ ਅਮੀਰ ਦੀ ਦਿਵਾਲੀ ਵਿਚ ਜ਼ਮੀਨ ਅਸਮਾਨ ਦਾ ਅੰਤਰ ਆ ਗਿਆ ਹੈ ।

ਪਰ ਫਿਰ ਵੀ ਇਕ ਛੋਟਾ ਜਿਹਾ ਦੀਪਕ ਇਸ ਅਮਾਵਸੀ ਰਾਤ ਵਿਚ ਕਿਤੇ ਬਲ ਰਿਹਾ ਹੈ ਜੋ ਸਾਨੂੰ ਇਹ ਯਾਦ ਦਿਲਾਉਂਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਕਿਸ ਕਾਰਜ ਲਈ ਇਸ ਧਰਤੀ ਉਤੇ ਆਏ ਹਾਂ ਅਤੇ ਸਾਡਾ ਮਾਨਵਤਾ ਲਈ ਕੀ ਧਰਮ ਹੈ । ਖੁਸ਼ੀ, ਸ਼ਾਂਤੀ ਅਤੇ ਤਰੱਕੀ ਅਸਲ ਵਿਚ ਉਦੋਂ ਹੋਵੇਗੀ ਜਦੋਂ ਮਾਨਵਤਾ ਵਿਚੋਂ ਘਿਰਣਾ, ਹੰਕਾਰ ਅਤੇ ਲੋਭ ਉਡਾਰੀ ਮਾਰ ਜਾਣਗੇ, ਅਤੇ ਜਿਨਾ ਤਿਕਰ ਇਹ ਨਹੀਂ ਹੁੰਦਾ ਉਨਾ ਤਿਕਰ ਇਸ ਜੱਗ ਵਿਚ ਸ਼ਾਂਤੀ ਅਤੇ ਪਿਆਰ ਆਉਣਾ ਮੁਸ਼ਕਲ ਹੀ ਨਹੀਂ ਬਲਕੇ ਨਾ ਮੁਮਕਿਨ ਹੈ । ਦਿਵਾਲੀ ਦਾ ਇਹੋ ਹੀ ਉਦੇਸ਼ ਹੈ ਜੇ ਇਸ ਨੂੰ ਅਸੀਂ ਠੰਢੇ ਦਿਮਾਗ ਨਾਲ ਸੋਚੀਏ ਅਤੇ ਸਿਮਰਨ ਅਤੇ ਸੇਵਾ ਨਾਲ ਸਚਾਈ ਦਾ ਦੀਪਕ ਆਪਣੇ ਅੰਧੇਰੇ ਹਿਰਦਿਆਂ ਵਿਚ ਬਾਲੀਏ ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 10.10.2007)
(ਦੂਜੀ ਵਾਰ 3 ਨਵੰਬਰ 2021)

***
481
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਹਰਜਿੰਦਰ ਸਿੰਘ ਕੰਵਲ

View all posts by ਹਰਜਿੰਦਰ ਸਿੰਘ ਕੰਵਲ →