2 February 2023

ਲੇਖਕ ਅਤੇ ਲਿਖਤ-ਭਾਗ ਦੂਜਾ – ਡਾ: ਗੁਰਦਿਆਲ ਸਿੰਘ ਰਾਏ

ਲੇਖਕ ਅਤੇ ਲਿਖਤ-ਭਾਗ ਦੂਜਾ

– ਗੁਰਦਿਆਲ ਸਿੰਘ ਰਾਏ-

Bartanvi Punjabi Kalman
ਬਰਤਾਨਵੀ ਪੰਜਾਬੀ ਕਲਮਾਂ

ਹੱਥਲੀ ਲਿਖਤ ਦਾ ਮਕਸਦ, ਲੇਖਕ ਜਾਂ ਲੇਖਕ ਦੀ ਲਿਖਤ ਸਬੰਧੀ ਕੋਈ ਹੋਰ ਨਵੀਂ ਪਰਿਭਾਸ਼ਾ ਲੱਭਣ-ਘੜਨ ਦਾ ਨਹੀਂ ਹੈ ਸਗੋਂ ਲੇਖਕ ਦੀਆਂ ਹਾਂ ਪੱਖੀ ਰੁੱਚੀਆਂ ਦੀ ਸੰਭਾਵਨਾ ਬਾਰੇ ਸੰਕੇਤ ਦੇ ਕੇ ਲੇਖਕ ਅਤੇ ਲਿੱਖਤ ਸਬੰਧੀ ਵਿਚਾਰ ਨੂੰ ਕੁਝ ਹੋਰ ਅਗ੍ਹਾਂ ਤੋਰਨ ਦਾ ਯਤਨ ਕਰਨਾ ਹੈ। ਬਹੁਮੁੱਲੇ ਸਮੇਂ ਦੀ ਸਹੀ ਢੰਗ ਨਾਲ ਵਰਤੋਂ ਨਾ ਕਰ ਸਕਣ ਦੀ ਸਜ਼ਾ ਤਾਂ ਅਕਸਰ ਲੇਖਕ ਨੂੰ ਭੁਗਤਣੀ ਹੀ ਪੈਂਦੀ ਹੈ ਪਰ ਇਸਦੇ ਨਾਲ ਹੀ ਨਾਲ ਜੇਕਰ ਇੱਕ ਲੇਖਕ ਆਪਣੇ ਦਿਲ ਅਤੇ ਦਿਮਾਗ ਦੀ ਗੱਲ ਪੁਰੀ ਖੁਲ੍ਹਦਿਲੀ ਨਾਲ ਨਾ ਕਰ ਸਕੇ ਤਾਂ ਉਸਦੀ ਮਾਰ ਲਈ ਵੀ ‘ਲੇਖਕ ਅਤੇ ਲਿਖਤ’ ਨੂੰ ਹੀ ਤਿਆਰ ਰਹਿਣਾ ਪੈਂਦਾ ਹੈ। ਇਸੇ ਹੀ ਸੰਦਰਭ ਵਿਚ ‘ਲੇਖਕ ਅਤੇ ਲਿਖਤ’ ਨੂੰ ਇੱਕ ਹੋਰ ਢੰਗ ਨਾਲ ਵਿਚਾਰਨਾ ਬਣਦਾ ਹੈ।

ਪਹਿਲਾਂ ਵੀ ਆਖਿਆ ਗਿਆ ਹੈ ਅਤੇ ਹੁਣ ਫਿਰ ਇਸਦੀ ਪੁਸ਼ਟੀ ਕਰਨੀ ਬਣਦੀ ਹੈ ਕਿ ਲੇਖਕ, ਲਿਖਦਾ ਹੈ, ਇਸ ਲਈ ਹੀ ਲੇਖਕ ਹੁੰਦਾ ਹੈ। ਲੇਖਕ ਕਿਉਂਕਿ ਲਿਖਦਾ ਹੈ ਇਸ ਲਈ ਇਹ ਅੰਦਾਜ਼ਾ ਲਗਾਉਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਲੇਖਕ ਨੂੰ ‘ਲਿਖਣ’ ਨਾਲ ਪਿਆਰ ਹੈ। ਇਸ ਪਿਆਰ ਕਾਰਨ ਹੀ ਉਹ ਲਿਖਦਾ ਹੈ। ਲੇਖਕ ਨੂੰ ਆਪਣੀ ਲੇਖਣੀ ਉਤੇ ਭਰੋਸਾ ਹੁੰਦਾ ਹੈ ਕਿ ਉਸਨੇ ਲਿਖਣਾ ਹੀ ਹੈ ਅਤੇ ਇਸ ਡੂੰਘੇ ਭਰੋਸੇ ਕਾਰਨ ਉਹ ਲਿਖਦਾ ਹੈ। ਪਰ ਹਰ ਉਹ ਬੰਦਾ ਜਿਹੜਾ ਕਿ ਕੁਝ ਲਿਖਦਾ ਹੈ, ਲਿਖ ਸਕਦਾ ਹੈ ਅਤੇ ਜਿਸਦਾ ਲਿਖਿਆ ਦਿਲਚਸਪੀ ਵਾਲਾ ਨਾ ਹੋਵੇ, ‘ਲੇਖਕ’ ਜਾਂ ‘ਲਿਖਤ’ ਦੀ ਕਿਸੇ ਵੀ ਬੱਝ੍ਹੀ ਜਾਣ ਵਾਲੀ ਪਰਿਭਾਸ਼ਾਂ ਅਧੀਨ ਨਹੀਂ ਆ ਸਕਦਾ। ਉਂਝ ਹਾਂ, ਜੇਕਰ ਦੂਜੇ ਵਿਅਕਤੀ ਤੁਹਾਨੂੰ ਲਿਖਣ ਲਈ ਪ੍ਰੇਰਦਿਆਂ ਤੁਹਾਥੋਂ ਉਹੀ ਕੁਝ ਲਿਖਵਾਂਦੇ ਨੇ ਜੋ ਕਿ ਉਹ ਚਾਹੁੰਦੇ ਹਨ ਤਾਂ ਇਹ ਕਾਰਜ-ਖੇਤਰ, ਇਕ ਲੇਖਕ ਜਾਂ ਇਕ ਲੇਖਕ ਬਣਨ ਦੇ ਚਾਹਵਾਨ ਨੂੰ ‘ਲਿਖਣ ਦੀ ਸਥਿਤੀ’ ਦੇ ਨੇੜੇ ਲੈ ਜਾਂਦਾ ਹੈ। ਹੁਣ ਇਸ ਮਗਰੋਂ ਜੇਕਰ ‘ਲੇਖਕ’ ਨੇ ਆਪਣਾ ਧਿਆਨ ਅਤੇ ਸੋਚ ਆਪਣੀਆਂ ਦਿਲਚਸਪੀਆਂ ਵਲ ਲਗਾ ਲਈ ਹੈ ਤਾਂ ਸਮਝ ਲਿਆ ਜਾਣਾ ਚਾਹੀਦਾ ਹੈ ਕਿ ਲਿਖਣ ਦੀ ਸਮੱਸਿਆ ਨੂੰ ਹੱਲ ਕਰਨ ਸਬੰਧੀ ਵਿਚਾਰ ਬਣ ਗਈ ਹੈ। ਇਸ ਮਗਰੋਂ ਨਿਸਚੈ ਹੀ ‘ਲਿਖਣ’ ਸਬੰਧੀ ਅਗਲੇ ਕਦਮ ਵੀ ਪੁੱਟੇ ਹੀ ਜਾਣਗੇ।

”ਐਨੌਟਮੀ ਆਫ਼ ਐਨ ਇਲਨਿਸ ਅਤੇ ਹੀਲੰਿਗ ਹਾਰਟ’ ਦੇ ਕਰਤਾ ਨਾਰਮਨ ਕਜ਼ਨਿਜ਼’ ਨੇ ਮਨੁੱਖੀ ਨਸਲ ਨੂੰ ‘ਹਾਂ ਪੱਖੀ’ ਅਤੇ ‘ਨਾਂਹ ਪੱਖੀ’ ਲੋਕਾਂ ਵਿਚ ਵੰਡਿਆ ਹੈ। ਲੇਖਕ ਵੀ ਮਨੁੱਖ ਹੋਣ ਦੇੇ ਨਾਤੇ ਇਸ ਵੰਡ ਦੀ ਮਾਰ ਹੇਠ ਆਉਂਦੇ ਹਨ। ਲੇਖਕ ਵੀ ਹਾਂ ਪੱਖੀ ਅਤੇ ਨਾਂਹ ਪੱਖੀ ਹੁੰਦੇ ਹਨ, ਹੋ ਸਕਦੇ ਹਨ। ਹਾਂ ਪੱਖੀ ਲੋਕੀਂ ਚਮਤਕਾਰੀ ਕਾਰਜ ਕਰਦੇ ਹਨ ਅਤੇ ਉਹਨਾਂ ਵਿਚ ਜੀਵਨ ਨੂੰ, ਜੀਵਨ ਦੀ ਸਿਖਰ ਤੱਕ ਜੀਉਣ ਦੀ ਸਿੱਕ, ਲਾਲਸਾ ਅਤੇ ਸ਼ਕਤੀ ਹੁੰਦੀ ਹੈ। ਨਾਂਹ ਪੱਖੀ ਲੋਕ ਜੀਵਨ ਨੂੰ ਠੇਡੇ ਖਾਂਦਿਆਂ ਹੀ ਬਿਤਾਉਂਦੇ ਹਨ ਅਤੇ ਉਹ ਰੱਜਕੇ ਪਿਛਾਂ-ਖਿਚੂ ਅਤੇ ਬੇਤਰਤੀਬੇ ਹੁੰਦੇ ਹਨ। ਅਜਿਹੇ ਨਾਂਹ ਪੱਖੀ ਲੇਖਕ ਸਬੰਧੀ ਕਿਆਸ ਵੀ ਨਹੀਂ ਕੀਤਾ ਜਾ ਸਕਦਾ।

‘ਕੈਨਿਥ ਐਟਚਿਟੀ’ ਨੇ ਮਨੁੱਖੀ ਨਸਲ ਦੀ ਇਕ ਹੋਰ ਢੰਗ ਨਾਲ ਵੰਡ ਕੀਤੀ ਹੈ। ਉਸਨੇ ਮਨੁੱਖੀ ਨਸਲ ਨੂੰ ‘ਸਾਰਥਕ ਉਤਪਾਦਕ’ ਅਤੇ ‘ਨਿਰਾਰਥਕ ਉਤਪਾਦਕ’ ਦੇ ਰੂਪ ਵਿਚ ਵੰਡਿਆ ਹੈ। ਇੱਕ ਉਹ ਜੋ ਸਾਰਥਕ ਕਾਰਜ ਕਰ ਸਕਣ ਦੀ ਸ਼ਕਤੀ ਅਤੇ ਯੋਗਤਾ ਰੱਖਦੇ ਹਨ ਅਤੇ ਦੂਜੇ ਉਹ ਜਿਹੜੇ ਬਹੁਤਾ ਸਮਾਂ ਜਾਂ ਸਾਰਾ ਸਮਾਂ ਨਿਰਾਰਥਕ ਕੰਮਾਂ ਵਿਚ ਹੀ ਲੰਘਾ ਦਿੰਦੇ ਹਨ। ਹੁਣ ਜੇਕਰ ‘ਨਸਲ’ ਸਬੰਧੀ ਕੀਤੀਆਂ ਗਈਆਂ ਦੋਹਾਂ ਹੀ ਵੰਡਾਂ ਨੂੰ ਜੋੜ ਲਿਆ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ: ਹਾਂ ਪੱਖੀ ਸਾਰਥਕ ਉਤਪਾਦਕ ਅਤੇ ਨਾਂਹ ਪੱਖੀ ਸਾਰਥਕ ਉਤਪਾਦਕ। ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਇੱਕ ਉਹ ਜਿਹੜੇ ਕਾਰਜ ਕਰ ਸਕਦੇ ਹਨ ਅਤੇ ਦੂਜੇ ਉਹ ਜਿਹੜੇ ਕੇਵਲ ਕਾਰਜ ਕਰਨ, ਕਰ ਸਕਣ ਜਾਂ ਨਾ ਕਰ ਸਕਣ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਹਨ।

ਸਾਰਥਕ ਕਾਰਜ ਕਰ ਸਕਣ ਦੀ ਯੋਗਤਾ ਅਤੇ ਸ਼ਕਤੀ ਰੱਖਦੇ, ਹਾਂ ਪੱਖੀ ਲੋਕੀਂ ਆਪਣੇ ਹਿੱਸੇ ਆਏ ਸਮੇਂ ਨਾਲ ਪਿਆਰ ਕਰਦੇ ਹਨ। ਉਹ ‘ਸਮੇਂ’ ਪਾਸੋਂ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਪਰਾਪਤ ਕਰਦੇ ਹਨ। ਉਹਨਾਂ ਨੂੰ ਸਮਝ ਪੈ ਚੁੱਕੀ ਹੁੰਦੀ ਹੈ ਕਿ ਨਿਰਾਰਥਕ ਕਾਰਜ ਕਰਨ ਵਾਲੇ ਨਾਂਹ ਪੱਖੀ ਲੋਕਾਂ ਦੇ ਮੁਕਾਬਲੇ ਸਮੇਂ ਦੀ ਠੀਕ ਵਰਤੋਂ ਕਿਵੇਂ ਕਰਨੀ ਹੈ। ਇਸਤੋਂ ਵੀ ਵੱਧ ਉਹ ਇਹ ਵੀ ਜਾਣਦੇ ਹਨ ਕਿ ਸਮੇਂ ਨੂੰ ਨਿਰਾਰਥਕ ਤੌਰ ਤੇ ਲੰਘਾਉਣਾ ਪੈਣ ਤੇ ਵੀ, ਬਾਕੀ ਬੱਚਦੇ ਸਮੇਂ ਵਿਚ ਕਿਵੇਂ ਕਰਤਾਰੀ ਅਤੇ ਸਿਰਜਣਾਤਮਿਕ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਹੈ।

ਇੱਥੇ ਇੱਕ ਉਦਾਹਰਣ ਦੇ ਕੇ ਸਾਰਥਕ ਤੇ ਨਿਰਾਰਥਕ ਨੂੰ ਸਪਸ਼ਟ ਕਰਨ ਦਾ ਇੱਕ ਹੋਰ ਯਤਨ ਹੈ। ਅਮਰੀਕਾ ਵਿਚ ਜੌਹਨ ਪੀ. ਬੌਡੀ ਹੈਰਿੰਗਟਨ ਨਾਂ ਦਾ ਇੱਕ ਸੁਪ੍ਰਸਿੱਧ ਐਂਥਰੋਪੌਲੇਜਿਸਟ ਹੋਇਆ ਹੈ। ਜਦੋਂ ਉਸਦੀ ਮੌਤ ਹੋਈ, ਉਸ ਸਮੇਂ ਤੱਕ, ਉਸ ਵਲੋਂ ਲਏ ਗਏ ਵਿਵਰਣ, ਦਰਜਣਾਂ ਖੋਤਿਆਂ ਉਤੇ ਲੱਦੇ ਜਾਣ ਜੋਗੇ ਸਨ। ਉਸਦੇ ਖਰੜੇ ਰੱਖਣ ਅਤੇ ਸੰਭਾਲਣ ਨੂੰ ਥਾਂ ਨਹੀਂ ਸੀ ਲੱਭ ਰਹੀ। ਉਸਦੇ ਲਏ ਗਏ ਵਿਉਰਿਆਂ ਅਤੇ ਖਰੜਿਆਂ ਨਾਲ ਵਾਸ਼ਿੰਗਟਨ ਡੀਸੀ ਦੇ ਸਮਿਥਸੋਨੀਅਨ ਇੰਨਸਟੀਟਿਊਸ਼ਨ ਦੀ ਬੇਸਮੈਂਟ ਭਰ ਗਈ। ਇਹੋ ਹੀ ਨਹੀਂ, ਉਸਦੇ ਬਾਕੀ ਬੱਚਦੇ ਖਰੜਿਆਂ ਨੂੰ ਸੰਭਾਲਣ ਲਈ ਕਈ ਹੋਰ ਵੇਅਰ-ਹਾਊਸ ਕਿਰਾਏ ਉਤੇ ਲੈਣੇ ਪਏ। ਹੈਰਿੰਗਟਨ ਦੀ ਜੀਵਨੀ ਲਿਖਣ ਵਾਲੀ ਲੇਖਿਕਾ ਕੈਰੋੱਿਬਥ ਲੇਅਰਡ ਨੇ, ਹੈਰਿੰਗਟਨ ਨੂੰ ਆਪਣੇ ਸਮੇਂ ਦਾ ਸਭ ਤੋਂ ਵੱਡਾ ਸਮਾਂ ਗੁਆਊ ਆਖਿਆ ਹੈ। ਤੁਸੀਂ ਸ਼ਾਇਦ ਜਾਣ ਹੀ ਲਿਆ ਹੋਵੇਗਾ ਕਿ ਕਿਉਂ?

ਯੋਜਨਾ-ਬੱਧ ਜੀਵਨ ਵਾਂਗ ਹੀ ਯੋਜਨਾ-ਬੱਧ ਕਾਰਜ ਕੁਸ਼ਲਤਾ ਅਤੇ ਯੋਜਨਾ-ਬੱਧ ‘ਲੇਖਣੀ’ ਦਾ ਮਹੱਤਵ ਹੈ। ਨਹੀਂ ਤਾਂ ਐਵੇਂ ਹਵਾ ਵਿਚ ਸੋਟੇ ਹੀ ਮਾਰਨ ਵਾਲੀ ਗੱਲ ਹੈ। ਅਰਸਤੂ ਨੇ ਤਾਂ ਇੱਕ ਕਦਮ ਹੋਰ ਅੱਗੇ ਪੁੱਟਦਿਆਂ ਕਿਹਾ ਸੀ ਕਿ ਮਨੁੱਖੀ ਵਰਤਾਰਾ ਹੀ ਜੀਵਨ ਦੀ ਵਿਉਂਤਬੰਦੀ ਹੈ ਪਰ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਕਿਵੇਂ ਬਹੁਤ ਥੋੜੇ ਲੋਕੀਂ ਹੀ ‘ਯੋਜਨਾ-ਬੱਧ’ ਜੀਵਨ ਨੂੰ ਗੰਭੀਰਤਾ ਅਤੇ ਸਾਰਥਕਤਾ ਨਾਲ ਲੈਂਦੇ ਹਨ।

ਬਿਨਾਂ ਸ਼ੱਕ, ਅਜਿਹੇ ਲੋਕ, ਜਿਹੜੇ ਕਿ ਸੱਥ ਵਿਚ ਵਿਛੀਆਂ ਦਰੀਆਂ ਦੇ ਕੋਣਿਆਂ ਹੇਠ ਹੀ ਗੁਆਚ ਨਹੀਂ ਜਾਂਦੇ, ਸਮੇਂ ਨੂੰ ਸਾਰਥਕ ਕਾਰਜ ਲਈ ਵਰਤਦਿਆਂ ਜੇਕਰ ਸੰਸਾਰ ਦਾ ਹਰ ਕੋਣਾ ਨਹੀਂ ਤਾਂ ਘੱਟੋ-ਘੱਟ ਆਪਣੇ ਹਿੱਸੇ ਆਇਆ ਕੋਣਾ ਤਾਂ ਜ਼ਰੂਰ ਹੀ ਉਜਲਾ ਬਣਾ ਦਿੰਦੇ ਹਨ। ਚਮਕਾ ਦਿੰਦੇ ਹਨ। ਯੂਨਾਨੀਆਂ ਨੇ ਵੀ ਪਲਾਨਿੰਗ ਦੀ ਮਹੱਤਤਾ ਨੂੰ ਸਮਝਦਿਆਂ ਜੀਵਨ ਨੂੰ ਸੱਤ-ਸੱਤ ਵਰਿੵਅਾਂ ਦੇ ਖੰਡਾਂ ਵਿਚ ਵੰਡ ਲਿਆ ਤਾਂ ਜੋ ਫੈਸਲੇ ਲਏ ਜਾ ਸਕਣ ਕਿ ਇਸ ਸਮੇਂ ਵਿਚ ਕੀ ਕੀ ਜਾਂ ਕੀ ਕੁਝ ਕਰਨਾ ਅਤੇ ਪਰਾਪਤ ਕਰਨ ਲਈ ਯਤਨ ਕਰਨਾ ਹੈ। ਪਰ ਕਈ ਆਹੰਦੇ ਸੁਣਦੇ ਹਾਂ ਕਿ ਯੋਜਨਾ-ਬੱਧ ਜੀਣ ਲਈ ਸਮਾਂ ਹੀ ਕਿੱਥੇ ਹੈ?

ਅਤੇ ਆਉ ਵੇਖੀਏ, ਲੇਖਕ ਦੇ ਵਿਹੜੇ ਸਮੇਂ ਨੂੰ। ਸਮਾਂ ਤਾਂ ਸਭ ਪਾਸ ਅਤੇ ਸਭ ਲਈ ਇੱਕੋ ਜਿਹਾ ਹੀ ਹੁੰਦਾ ਹੈ। ਇਹ ਨਹੀਂ ਕਿ ਸਾਡੇ ਲਈ ਸਮਾਂ ਘੱਟ ਹੈ ਅਤੇ ਕਿਸੇ ਦੂਸਰੇ ਪਾਸ ਸਮਾਂ ਵੱਧ। ਸਾਡੇ ਪਾਸ, ਹਾਂ ਸਾਡੇ ਪਾਸ ਸਮੇਂ ਦੀ ਘਾਟ ਨਹੀਂ ਸਗੋਂ ਜੇਕਰ ਘਾਟ ਹੈ ਤਾਂ ਯੋਜਨਾ-ਬੱਧ ਵਿਉਂਤਬੰਦੀ ਦੀ। ਇਤਾਲਵੀਆਂ ਦਾ ਵਿਚਾਰ ਹੈ ਕਿ ਮਨੁੱਖ ਪਾਸ ਜੀਵਨ ਨਾਲੋਂ ਵੀ ਵੱਧ ਸਮਾਂ ਹੈ। ਉਹਨਾਂ ਦਾ ਵਿਚਾਰ ਹੈ ਕਿ ਹਰ ਇੱਕ ਪਾਸ, ਹਰ ਕਾਰਜ ਕਰਨ ਲਈ ਸਮਾਂ ਮਿਲ ਸਕਦਾ ਹੈ ਬਸ਼ਰਤੇ ਕਿ ਮਨੁੱਖ ਠੀਕ ਢੰਗ ਨਾਲ ਸਮੇਂ ਦੀ ਵੰਡ ਕਰ ਸਕੇ ਤਾਂ।

ਇਸ ਲਈ ਲੇਖਕ ਜਾਂ ਲੇਖਕ ਬਣਨ ਦੀ ਇੱਛਾ ਰੱਖਣ ਵਾਲਿਆਂ ਨੂੰ ਅੱਜ ਹੀ ਆਪਣੇ ਲਿਖਣ-ਜੀਵਨ ਦਾ ਨੀਂਹ-ਪੱਥਰ ਰੱਖ ਦੇਣਾ ਚਾਹੀਦਾ ਹੈ। ਤੁਹਾਡੀ ਤਸੱਲੀ, ਲਿਖਣ ਸਬੰਧੀ ਸੋਚ ਨਾਲ ਹੀ ਸਮਾਪਤ ਨਹੀਂ ਹੋਣੀ ਚਾਹੀਦੀ ਸਗੋਂ ‘ਲਿਖਣ’ ਦੇ ਕਾਰਜ ਨਾਲ ਹੋਣੀ ਚਾਹੀਦੀ ਹੈ। ਬਣੀਆਂ, ਸਥਾਪਤ, ਰਚਿਤ ਲਿਖਤਾਂ-ਵਸਤਾਂ ਸਬੰਧੀ ਹੀ ਨਾ ਸੋਚੀ ਜਾਵੋ ਸਗੋਂ ਬਨਾਉਣ, ਸਥਾਪਤ ਕਰਨ ਅਤੇ ਰਚਣ ਸਬੰਧੀ ਵੀ ਸੋਚੋ।

ਇਹ ਦਰੁਸਤ ਅਤੇ ਸਮਝ ਆ ਸਕਣ ਵਾਲੀ ਗੱਲ ਹੈ ਕਿ ਕਿਸੇ ਵੀ ਯੋਜਨਾ ਜਾਂ ਵਿਉਂਤਬੰਦੀ ਦਾ ਆਰੰਭ ਸਦਾ ਹੀ ਇੱਕ ਸੁਪਨੇ ਨਾਲ ਹੁੰਦਾ ਹੈ। ਲੇਖਕ ਦੀ ਲਿਖਤ ਦਾ ਅਰੰਭ ਵੀ ਤਾਂ ਇੱਕ ਸੁਪਨਾ ਹੀ ਹੁੰਦਾ ਹੈ। ਪਰ ਜ਼ਰੂਰੀ ਗੱਲ ਇਹ ਹੈ ਕਿ ਇਹ ਸੁਪਨਾ ਬਹੁਤ ਹੀ ਤੰਦਰੁਸਤ, ਤੱਕੜਾ, ਗੰਭੀਰ ਅਤੇ ਸੁੰਦਰਤਾ ਰਲਿਆ ਹੋਣਾ ਚਾਹੀਦਾ ਹੈ। ਅਜਿਹਾ ਸਮਰਥ ਸੁਪਨਾ, ਫਿਰ ਲੇਖਕ ਦੇ ਸਿਰ ਵਿਚ, ਇੱਕ ਬੱਚੇ ਦੇ ਜਨਮ-ਬੀਜ ਵਾਂਗ ਪਲਣਾ ਆਰੰਭ ਹੁੰਦਾ ਹੈ। ਅਤੇ ਫਿਰ ਇਸ ਸੁਪਨੇ ਦਾ ਪਲੇਠਾ ਜਨਮ ਕਾਗ਼ਜ਼ ਉਤੇ ਇੱਕ ਖਾਕੇ ਦੇ ਰੂਪ ਵਿਚ ਆਉਂਦਾ ਹੈ। ਇਸਨੂੰ ਪਹਿਲਾ ਖਰੜਾ ਵੀ ਕਿਹਾ ਜਾ ਸਕਦਾ ਹੈ। ਇਸ ਉਪਰੰਤ ਇਸ ‘ਉਪਜ’ ਨੂੰ ਦੂਰੋਂ ਖੜੋ ਕੇ ਦੇਖਣ ਦੀ ਲੋੜ ਂਪੈਂਦੀ ਹੈ। ਇਸ ਮਗਰੋਂ ਫਿਰ ਦੁਹਰਾਉ, ਕਾਂਟ-ਛਾਂਟ ਅਤੇ ਸੋਧ-ਸੁਧਾਈ ਦੀ ਵਾਰੀ ਆਉਂਦੀ ਹੈ।

ਦਰਅਸਲ, ਮਨੁੱਖੀ ਜੀਵਨ ਦੀ ਸਹੀ ਤਰਜਮਾਨੀ ਆਸਾਨ ਕੰਮ ਨਹੀਂ। ਮਨੁੱਖ ਦੀ ਸਿਰਜਣਾ ਵਿਚ ਸੱਚ ਦੀ ਥਾਂ ਹੈ। ਪਰ ਸਿਰਜਣਾਤਮਿਕ ਕਲਾ ਦੀਆਂ ਸਿੱਖਰਾਂ ਛੋਹਣ ਲਈ, ਲੇਖਕ ਨੂੰ ਆਪਣਾ ਆਪਾ ਪਹਿਚਾਨਣ ਮਗਰੋਂ ਸੱਚ ਨੂੰ ਬੜੀ ਮਜ਼ਬੂਤੀ ਨਾਲ ਪਕੜਨਾ ਪੈਂਦਾ ਹੈ। ਇੱਕ ਲੇਖਕ ਬਨਣ ਦੇ ਇਛੁੱਕ ਨੇ ਆਪਣੇ ਆਪ ਦਾ ਕਿਹੋ ਜਿਹਾ ਖਾਕਾ ਬਣਾਕੇ ਰੱਖਿਆ ਹੋਇਆ ਹੈ ਉਸਨੂੰ ਬਾਹਰ ਆਉਣ ਦੇਣ ਦੀ ਲੋੜ ਹੈ। ਅਜਿਹੇ ‘ਆਪੇ ਦੇ ਖਾਕੇ’ ਨੂੰ ਆਪਣੇ ਨਿੱਜ ਦੇ ‘ਲੁਕਵੇਂ ਪੁੱਛ ਪੜਤਾਲ ਦੇ ਕੇਂਦਰ’ ਵਿਚ ਤੱਕੋ, ਵਿਚਾਰੋ, ਪਰਖੋ, ਘੋਖੋ ਅਤੇ ਪਰੀਖਿਆ ਲੈ ਕੇ ਆਪਣੇ ਆਪ ਨੂੰ ਪੁੱਛੋ ਕਿ ਕੀ ਤੁਹਾਡੀ ਪਹੁੰਚ ਯੋਗ ਹੈ? ਕੀ ਇਹ ਯਥਾਰਥ ਦੇ ਨੇੜੇ ਹੈ? ਅਜਿਹੇ ਟੀਚੇ ਜਾਂ ਨਿਸ਼ਾਨੇ ਜਿਹੜੇ ਪਹੁੰਚ ਤੋਂ ਬਹੁਤ ਹੀ ਉੱਚੇ ਹੋਣ, ਲਾਹੇਵੰਦ ਨਹੀਂ ਹੁੰਦੇ। ਇਸਦੇ ਉਲਟ, ਅਜਿਹੇ ਟੀਚੇ ਜਿਹੜੇ ਬਹੁਤ ਹੀ ਹੇਠਲੇ ਦਰਜੇ ਦੇ ਹੋਣ ਉਹਨਾਂ ਸਬੰਧੀ ਤਾਂ ਵਿਚਾਰ ਕਰਨੀ ਹੀ ਗ਼ਲਤ ਹੋਵੇਗੀ। ਫਿਰ ਜਦੋਂ ਤੁਸੀਂ ਆਪਣੇ ਦਿਮਾਗ ਵਿਚ ਇਸਦੇ ਆਕਾਰ ਜਾਂ ਰੂਪ ਉਤੇ ਟਿੱਕਟਿਕੀ ਲਗਾ ਰੱਖੀ ਹੋਵੇ ਤਾਂ ਆਪਣੇ ਆਪ ਨੂੰ ਪੁੱਛੋ ਕਿ ਇਸ ਸੁਪਨਮਈ ਆਕਾਰ ਨੂੰ ਸੱਚ ਬਨਾਉਣ ਲਈ ਕਿਹੜੇ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ। ਬੱਚਾ, ਮਨੁੱਖ ਬਨਣ ਲਈ ਜਿਵੇਂ ਸਿੱਖਦਾ ਹੈ ਤੁਸੀਂ ਵੀ ਇਸਦੀ ਸਫ਼ਲਤਾ ਲਈ ਸਾਰੇ ਹੀ ਪੁੱਟੇ ਜਾਣ ਵਾਲੇ ਕਦਮਾਂ ਸਬੰਧੀ ਸਿਖਣ ਲਈ ਤਿਆਰ ਹੋਵੋ। ਨਕਲ ਕਰਕੇ ਸਿੱਖੋ, ਸਵੈ-ਵਿਦਿਆ ਪਰਾਪਤ ਕਰੋ, ਸਕੂਲ, ਕਾਲਜ, ਟੈਕਨੀਕਲ ਕਾਲਜ, ਯੂਨੀਵਰਸਿਟੀ, ਲਾਇਬਰੇਰੀ ਜਾਕੇ ਪੜ੍ਹੋ, ਗੁੜ੍ਹੋ। ਇਹ ਵਿੱਦਿਆ/ਸਿੱਖਿਆ ਕੇਵਲ ਅਕਾਦਮਿਕ ਹੀ ਹੋਵੇ ਇੰਝ ਨਹੀਂ ਹੈ। ਅਕਾਦਮਕਿ ਵਿਦਿਆ ਹਾਸਲ ਹੋ ਸਕੇ ਤਾਂ ਚੰਗੀ ਗੱਲ ਹੈ। ਪਰ ਗਿਆਨ ਪਰਾਪਤੀ ਲਈ ਸਭ ਦਰਵਾਜ਼ੇ ਖੁਲ੍ਹੇ ਹਨ। ਜਿੱਥੋਂ ਵੀ, ਜਿਵੇਂ ਵੀ ਲੇਖਕ ਦਾ ਦਿਮਾਗ ਗਿਆਨ ਦਾ ਭੰਡਾਰਾ ਹਾਸਲ ਕਰ ਸਕੇ ਕਰਦਾ ਰਹੇ।

ਲੇਖਕ ਦੀ ਲਿਖਤ ਦੀ ਸਫ਼ਲਤਾ ਲਈ ਹੀ ਨਹੀਂ ਸਗੋ ਜੀਵਨ ਦੀ ਹਰ ਸਫ਼ਲਤਾ ਦੀ ਗਾਰੰਟੀ ਦਾ ਨਿਰਭਰ ਕ੍ਰਮਵਾਰ ਅਗ੍ਹਾਂ ਦਰਜ ਕੁਝ ਗੱਲਾਂ ਉਤੇ ਵੀ ਹੈ:

(1) ਉੱਦਮ, ਯਤਨ, ਅਣਥੱਕ ਮਿਹਨਤ ਅਤੇ ਦ੍ਰਿੜਤਾ ਦੀ ਰੁਚੀ ਦਾ ਹੋਣਾ ਬੇਹੱਦ ਜ਼ਰੂਰੀ ਹੈ।

(2) ਇਸ ਪਿੱਛੋਂ ਵਾਰੀ ਆਉਂਦੀ ਹੈ ਤੁਹਾਡੇ ਸਬੰਧਾਂ ਦੀ, ਮੇਲ-ਜੋਲ ਦੀ, ਸੰਪਰਕ ਦੀ। ਤੁਸੀਂ ਕੀ ਹੋ ਜਾਂ ਕੀ ਕਰਨ ਦੇ ਯੋਗ ਹੋ ਤੋਂ ਬਾਅਦ ਤੁਹਾਡੇ ਸੰਪਰਕ ਕਿਹੋ ਜਿਹੇ ਹਨ, ਬਹੁਤ ਮਹੱਤਤਾ ਰੱਖਦੇ ਹਨ।

(3) ਕੀ ਲੇਖਕ ਨੂੰ ਲਿਖਣ ਦੀ ਚਾਹ ਹੈ? ਕੀ ਉਸ ਨੁੰ ਲਿਖਣ ਵਿਚ ਪਰਸੰਨਤਾ ਮਿਲਦੀ ਹੈ?

(4) ਪ੍ਰਤਿਭਾ, ਯੋਗਤਾ, ਨਿਪੁੰਨਤਾ, ਲਿਆਕਤ ਚੌਥੇ ਥਾਂ ਦੀ ਗੱਲ ਹੈ।

ਸੰਸਾਰ ਭਰ ਦੇ ਲੇਖਕ ਇਸ ਗੱਲੇ ਸਹਿਮਤ ਹਨ ਕਿ ਉੱਪਰ ਦਿੱਤੀਆਂ ਚਾਰੇ ਗੱਲਾਂ ਇੱਕ ਲੇਖਕ ਅਤੇ ਉਸਦੀ ਲਿਖਤ ਦੀ ਸਫ਼ਲਤਾ ਲਈ ਬੇਹੱਦ ਜ਼ਰੂਰੀ ਹਨ। ਲੇਖਕ ਦੀ ਸਫ਼ਲਤਾ ਦਾ ਨਿਰਭਰ ਉਸਦੇ ਉੱਦਮ ਭਾਵ ਲਿਖਣ ਵਿਚ ਹੈ, ਲਿੱਖ ਕੇ ਛੱਪਣ ਲਈ ਭੇਜਣ ਵਿਚ ਹੈ ਅਤੇ ਲਿਖਣਾ ਜਾਰੀ ਰੱਖਣ ਵਿਚ ਹੈ ਕਿ ਉਸਦੀ ਲਿਖਤ ਨੂੰ ਪਰਵਾਨਗੀ ਮਿਲੇ। ਜੇਕਰ ਲੇਖਕ ਦੀ ਲਿਖਤ ਨੂੰ ਪਹਿਲਾਂ ਪਹਿਲ ਪਰਵਾਨਗੀ ਨਾ ਮਿਲੇ ਤਾਂ ਅਪਰਵਾਨਗੀ ਤੋਂ ਬਿਲਕੁਲ ਹੀ ਘਬਰਾਉਣ ਦੀ ਲੋੜ ਨਹੀਂ (ਮੰਦੇਭਾਗੀਂ ਪੰਜਾਬੀ ਵਿਚ ਤਾਂ ਜੋ ਮਰਜੀ ਲਿਖੀ ਜਾਵੋ ਸਭ ਪਰਵਾਨ ਹੀ ਪਰਵਾਨ ਹੈ)। ਪੂਰਾ ਧਿਆਨ ਲਗਾ ਕੇ ਲਿਖਣਾ ਅਤੇ ਲਿੱਖ ਕੇ ਭੇਜਦੇ ਰਹਿਣਾ ਚਾਹੀਦਾ ਹੈ। ਲਿੱਖ ਲਿੱਖ ਕੇ ਲੇਖਕ ਲਈ ਇਹ ਪਤਾ ਲਗਾ ਸਕਣ ਦੀ ਯੋਗਤਾ ਪੈਦਾ ਕਰ ਲੈਣੀ ਜ਼ਰੂਰੀ ਹੈ ਕਿ ਉਹ ਹਠੀਲੀ, ਦੰਭੀ, ਬੇ-ਅਸੂਲੀ ਅਤੇ ਵਿਘਨ ਪਾਉਣ ਵਾਲੀ ਲਿਖਤ ਅਤੇ ਸਿਰਜਣਾਤਮਿਕ (ਕਰਤਾਰੀ) ਲਿਖਤ ਦੇ ਅੰਤਰ ਨੂੰ ਸਮਝ ਸਕੇ। ਲੇਖਕ ਨੂੰ ਚਾਹੀਦਾ ਹੈ ਕਿ ਉਹ ਇੱਕ ਬਾਰ ਫੈਸਲਾ ਲੈ ਲਵੇ ਕਿ ਉਸਨੇ ਕਿਹੋ ਜਿਹਾ ਲਿਖਣਾ ਹੈ ਅਤੇ ਇਸ ਮਗਰੋਂ ਫਿਰ ਦਲੇਰੀ ਨਾਲ ਲਿਖਦੇ ਜਾਣ ਦੀ ਲੋੜ ਹੈ। ਅਜਿਹਾ ਫੈਸਲਾ ਲੈ ਚੁੱਕੇ ਲੇਖਕ ਦੀ ਲਿਖਤ, ਕੇਵਲ ਸਵੈ-ਵਿਸ਼ਵਾਸ਼ ਅਤੇ ਅਨੁਸਾਸ਼ਨ ਜਾਂ ਨਿਯਮ-ਪਾਲਣਾ ਦੀ ਘਾਟ ਕਾਰਨ ਹੀ ਅਸਫ਼ਲ ਹੋਣ ਦੀ ਸੰਭਾਵਨਾ ਰੱਖੇਗੀ ਨਹੀਂ ਤਾਂ ਸਦਾ ਹੀ ਸਫ਼ਲਤਾ ਦੀਆਂ ਪੌੜੀਆਂ ਹੀ ਚੜ੍ਹਦੀ ਜਾਵੇਗੀ।

ਪਾਠਕਾਂ ਨੇ ਦੇਖਿਆ ਹੋਵੇਗਾ ਕਿ ਪ੍ਰਤਿਭਾ ਨੂੰ ਚੌਥੀ ਥਾਂ ਤੇ ਰੱਖਿਆ ਗਿਆ ਹੈ। ਦਰਅਸਲ ਇਹ ਗੱਲ ਨਹੀਂ ਕਿ ਲੇਖਕ ਜਾਂ ਉਸਦੀ ਲਿਖਤ ਵਿਚ ਪ੍ਰਤਿਭਾ ਦਾ ਕੋਈ ਦਖ਼ਲ ਨਹੀਂ ਹੁੰਦਾ। ਪ੍ਰਤਿਭਾ ਦੀ ਥਾਂ ਹੈ ਪਰ ਇਹ ਇੰਨੀ ਦਰਕਾਰੀ ਨਹੀਂ ਜਿੰਨੀ ਕਿ ਅਨੁਸਾਸ਼ਨ ਅਤੇ ਨਿਯਮ-ਬੱਧ ਲਿਖਣ ਦੀ ਜੁਗਤ ਦੀ ਪਾਲਣਾ ਕਰਨੀ। ਅਨੁਸਾਸ਼ਨ ਲਈ, ਸਵੈ-ਵਿਸ਼ਵਾਸ ਤੋਂ ਵੀ ਵੱਧ ਦ੍ਰਿੜਤਾ ਦੀ ਲੋੜ ਹੈ। ਲੇਖਕ ਦੇ ਸੁਪਨੇ ਦੀ ਪੂਰਤੀ ਦਾ ਦਾਰੋਮਦਾਰ ਉਸਦੇ ਦ੍ਰਿੜਤਾ ਨਾਲ ਕੀਤੇ ਗਏ ਅਣਥੱਕ ਯਤਨਾਂ ਸਦਕਾ ਉਪਜੀ ਲਿਖਤ ਉਤੇ ਹੀ ਹੈ।

ਅਕਸਰ ਕਈ ਚਿੰਤਕ, ਪ੍ਰਤਿਭਾ, ਪ੍ਰੇਰਨਾ ਜਾਂ ਪ੍ਰੋਤਸਾਹਨ ਨੁੰ ਸੁਰਸਵਤੀ ਦੇ ਵਰਦਾਨ ਨਾਲ ਵੀ ਜੋੜਦੇ ਹਨ। ਸੱਚ ਜਾਨਣਾ, ਲੇਖਕ ਲਈ ਕਿਸੇ ਸੁਰਸਵਤੀ ਦੇਵੀ ਦੀ ਲੋੜ ਨਹੀਂ। ਸਗੋਂ ਸੁਰਸਵਤੀ ਦਾ ਪਿੱਛਾ ਛੱਡ ਕੇ, ਲੇਖਕ ਜੀ! ਅਨੁਸਾਸ਼ਣ ਦੀ ਪਕੜ-ਜਕੜ ਹੇਠ ਆਉ। ਅਨੁਸਾਸ਼ਣ ਨਾਲ ਹੀ ਉਤਪਾਦਿਕਤਾ ਹੁੰਦੀ ਹੈ। ਉਪਜ ਹੁੰਦੀ ਹੈ। ਜੇਕਰ ਸੁਰਸਵਤੀ ਦੇ ਵਰਦਾਨ ਦੀ ਹੀ ਉਡੀਕ ਕੀਤੀ ਜਾਂਦੀ ਰਹੀ ਤਾਂ ਇਹ ਲਿਖਤ ਤੁਹਾਡੀ ਨਹੀਂ ਹੋਵੇਗੀ, ਸੁਰਸਵਤੀ ਦੇਵੀ ਦੀ ਹੋਵੇਗੀ। ਪਰ ਜੇਕਰ ਲੇਖਕ, ਆਪਣੇ ਵਲੋਂ ਬਣਾਈ ਅਤੇ ਨਿਰਧਾਰਿਤ ਕੀਤੀ ਗਈ ਸਮੇਂ ਦੀ ਵੰਡ ਪ੍ਰਣਾਲੀ ਅਨੁਸਾਰ ਲਿਖਣਾ ਆਰੰਭੇਗਾ ਤਾਂ ਪਹਿਲਾਂ ਤਾਂ ਸੁਰਸਵਤੀ ਲੇਖਕ ਨੂੰੰ ਅੱਖਾਂ ਕੱਢ ਕੇ ਦਿਖਾਵੇਗੀ ਅਤੇ ਫਿਰ ਉਹ ਆਪਣੇ ਆਪ ਹੀ ਤੁਹਾਡੀ ਲਗਨ ਨੂੰ ਦੇਖਦਿਆਂ ਤੁਹਾਡੇ ਲਿਖਣ ਟੇਬਲ ਉਤੇ ਬੈਠੀ ਤੁਹਾਡੇ ਸਾਹਮਣੇ ਮੁਸਕਾਏਗੀ।

ਲੇਖਕ ਦੀ ਲਿਖਤ ਭਾਵ ਲਿਖੇ ਹੋਏ ਸ਼ਬਦਾਂ ਨੂੰ ਕਿਸੇ ਉਤਪਾਦਕ ਵਸਤੂਆਂ ਦਾ ਦਰਜਾ ਦੇਣਾ ਸ਼ਾਇਦ ਪਾਠਕਾਂ ਨੂੰ ਜਚਿਆ ਨਾ ਹੋਵੇ। ਪਰ ਸਹੀ ਅਰਥਾਂ ਵਿਚ ਲੇਖਕ ਦਾ ਉਤਪਾਦਨ ਹੈ ਉਸਦੀ ਲਿਖਤ। ਥੋੜਾ ਜਾਂ ਬਹੁਤ, ਪਾਠਕ ਲੇਖਕ ਦੇ ਉਤਪਾਦਨ ਦਾ ਮੁੱਲ ਪਾਉਂਦੇ ਹਨ। ਪਾਉਂਦੇ ਹਨ ਜਾਂ ਨਹੀਂ ਪਰ ਲੇਖਕ ਦੀ ਲਿਖਤ ਛੱਪਣ ਉਪਰੰਤ ਲੇਖਕ ਅਜਿਹਾ ਕਿਆਸ ਤਾਂ ਸਕਦਾ ਹੈ। ਬਸ ਲੇਖਕ ਦੇ ਹੱਥ ਇੱਕ ਤਸੱਲੀ ਹੀ ਆਉਂਦੀ ਹੈ ਹੋਰ ਕੁਝ ਨਹੀਂ।

ਹੱਥਲੀ ਵਿਚਾਰ ਨੂੰ ਹੋਰ ਅਗ੍ਹਾਂ ਤੋਰਨ ਦੀ ਲਾਲਸਾ ਵਿਚ ਕੁਝ ਟਿੱਪਣੀਆਂ ਹਾਜ਼ਰ ਹਨ। ਵਿਚਾਰ ਕਰ ਦੇਖਣਾ:

* ਗੋਗੋਲ ਆਖਦਾ ਹੈ: ਲੇਖਕ ਨੂੰ ਆਪਣੀ ਕਲਮ ਦੀ ਉਸੇ ਤਰ੍ਹਾਂ ਹੀ ਲਗਾਤਾਰ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਚਿਤਰਕਾਰ ਆਪਣੇ ਬੁਰਸ਼ ਦੀ ਕਰਦਾ ਹੈ। ਉਸਨੂੰ ਰੋਜ਼ ਹੀ ਕੁਝ ਨਾ ਕੁਝ ਲਿਖਣਾ ਚਾਹੀਦਾ ਹੈ। ਹੱਥ ਨੂੰ, ਹੱਥ ਵਿਚ ਫੜੀ ਕਲਮ ਨੂੰ, ਵਿਚਾਰਾਂ ਦੀ ਪੂਰੀ ਅਧੀਨਗੀ ਵਿਚ ਕੰਮ ਕਰਨਾ ਸਿੱਖਣਾ ਚਾਹੀਦਾ ਹੈ।

* ਕਹਾਣੀਕਾਰ ਰਾਮ ਸਰੂਪ ਅੱਣਖੀ ਕੂਕਦਾ ਹੈ: ਸਾਹਿਤ ਰਚਨਾ ਕੋਈ ਸ਼ੁਗਲ ਨਹੀਂ ਤੇ ਨਾ ਹੀ ਕੋਈ ਮਜ਼ਬੂਰੀ ਹੈ।

* ਪ੍ਰੋ: ਹਮਦਰਵੀਰ ਨੌਸ਼ਹਿਰਵੀ ਕਹਿੰਦਾ ਹੈ: ਲਿਖਣਾ ਕੋਈ ਮਨੋਰੰਜਨ ਨਹੀਂ, ਕੋਈ ਤਫਰੀਹ ਨਹੀਂ। ਲਿਖਣਾ ਇੱਕ ਸਾਧਨਾ ਹੈ — ਇੱਕ ਕਿਰਤ ਹੈ।

* ਇਕ ਹੋਰ ਵਿਦਵਾਨ ਅਨੁਸਾਰ ਇਸ ਵਿਚ 99 ਪ੍ਰਤੀਸ਼ਤ ਪ੍ਰਤਿਭਾ ਹੁੰਦੀ ਹੈ ਅਤੇ 99 ਪ੍ਰਤੀਸ਼ਤ ਮਿਹਨਤ।

ਤੁਸੀਂ ਦਸੋ, ਤੁਸੀਂ ਕੀ ਕਰਨਾ ਹੈ? ਪ੍ਰਤਿਭਾ ਦੀ ਭਾਲ ਕਰਨੀ ਹੈ ਕਿ ਮਿਹਨਤ।
***
(199 ਵਿਚ ਛਪੀ ਪੁਸਤਕ “ਬਰਤਾਨਵੀ ਕਲਮਾਂ” ਦਾ ਇੱਕ ਲੇਖ)

ਇਸ ਲੇਖ ਦਾ ਪਹਿਲਾ ਭਾਗ ਪੜ੍ਹਨ ਲਈ ਕਲਿੱਕ ਕਰੋ

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001)
(ਦੂਜੀ ਵਾਰ 19 ਅਪਰੈਲ 2022)

***
741
***

About the author

ਡਾ. ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦਿਆਲ ਸਿੰਘ ਰਾਏ

View all posts by ਡਾ. ਗੁਰਦਿਆਲ ਸਿੰਘ ਰਾਏ →