25 April 2024

ਰਬੜ ਦੀਆਂ ਗੋਲੀਆਂ — ਚਰਨਜੀਤ ਸਿੰਘ ਪੰਨੂ

ਰਬੜ ਦੀਆਂ ਗੋਲੀਆਂ

ਚਰਨਜੀਤ ਸਿੰਘ ਪੰਨੂ

ਚਰਨਜੀਤ ਸਿੰਘ ਪੰਨੂ ਪੰਜਾਬੀ ਦੇ ਸਥਾਪਿਤ ਕਹਾਣੀ ਕਾਰਾਂ ਵਿਚੋਂ ਇੱਕ ਸਿਰਕੱਢਵਾਂ ਨਾਮ ਹੈ। ਉਹ ਭਾਰਤ ਸਰਕਾਰ ਦੇ ਨੈਸ਼ਨਲ ਸੈਂਪਲ ਸਰਵੇ ਸੰਗਠਨ ਵਿਚੋਂ ਬਤੌਰ ਸੁਪਰਿਨਟੈਡੈਂਟ ਸੇਵਾ ਮੁਕਤ ਹੋਏ ਹਨ। ਸਰਕਾਰੀ ਸੇਵਾ ਦੇ ਨਾਲ ਨਾਲ ਪੰਜਾਬੀ ਸਾਹਿਤ ਵਿੱਚ ਵੀ ਚੰਗਾ ਯੋਗਦਾਨ ਪਾਇਆ ਹੈ। 1969 ਵਿੱਚ ਨਾਨਕ ਰਿਸ਼ਮਾਂ ਨਾਮੀ ਧਾਰਮਿਕ ਕਾਵਿ ਸੰਗ੍ਰਹਿ ਨਾਲ ਉਹਨਾਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਭਟਕਦੀ ਰਾਤ-1978, ਪੀਹੜੀਆਂ ਦੇ ਫਾਸਲੇ-1979, ਸੰਦਲ ਦਾ ਸ਼ਰਬਤ-2000, ਸ਼ੀਸ਼ੇ ਦੇ ਟੁਕੜੇ-2004 ਚਾਰ ਕਹਾਣੀ ਸੰਗ੍ਰਹਿ ,ਇੱਕ ਨਾਵਲ ਤਿੜਕੇ ਚਿਹਰੇ-2002 {ਜੋ ਪੰਜਾਬ ਨਿਊਜ਼ ਨਿਊਜ਼ ਕੈਲੀਫੋਰਨੀਆ ਵਿੱਚ ਹਫਤਾਵਾਰ ਛਪ ਰਿਹਾ ਹੈ} ਤੇ ਇੱਕ ਕਾਵਿ ਸੰਗ੍ਰਹਿ ਗੁਲਦਸਤਾ-2003 ਪਿਛਲੇ ਸਾਲਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਭੇਟ ਕੀਤੇ ਅਤੇ ਹੁਣ ਅਜੇ ਇਹ ਸਫ਼ਰ ਜਾਰੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ, ਪੰਜਾਬੀ ਸਾਹਿਤ ਅਕੈਡਮੀ ਦੇ ਜੀਵਨ ਮੈਂਬਰ , ਰਾਮ ਪੁਰ ਸਾਹਿਤ ਸਭਾ ਦੇ ਮੈਂਬਰ, ਲਿਖਾਰੀ ਸਭਾ ਜਗਤ ਪੁਰ ਦੇ ਮੈਂਬਰ, ਪੰਜਾਬੀ ਸਾਹਿਤ ਸੱਭਿਆਚਾਰਕ ਸਦਨ ਫਗਵਾੜਾ ਦੇ ਪ੍ਰਧਾਨ, ਪ੍ਰੀਤ ਸਾਹਿਤ ਸਭਾ ਫਗਵਾੜਾ ਦੇ ਸੰਸਥਾਪਕ ਚੇਅਰਮੈਨ, ਸਾਹਿਤ ਸਭਾ ਬਹਿਰਾਮ ਦੇ ਚੇਅਰਮੈਨ, ਸਿੰਘ ਸਭਾ ਗੁਰਦਵਾਰਾ ਪ੍ਰੀਤ ਨਗਰ ਫਗਵਾੜਾ ਦੇ ਸਕੱਤਰ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਮੈਂਬਰ ਤੇ ਹੋਰ ਕਈ ਸਭਾਵਾਂ ਅਤੇ ਸੰਸਥਾਵਾਂ ਨਾਲ ਸਬੰਧਿਤ ਰਹੇ ਹਨ। ਅੱਜ ਕੱਲ ਸੈਨਹੋਜ਼ੇ-ਅਮਰੀਕਾ ਵਿਖੇ ਪੰਜਾਬੀ ਸਾਹਿਤ ਤੇ ਸਮਾਜ ਸੇਵਾ ਨੂੰ ਅਰਪਣ ਹਨ। ਸੰਪਰਕ ਫੋਨ-408-608-4961—-ਲਿਖਾਰੀ
***

ਕਿੱਲਾ ਤੁੜਾ ਕੇ ਦੌੜੀ ਅਲਕ ਵਿਛੇਰੀ ਵਾਂਗ ਵਾਹੋ-ਦਾਈ ਬੇ ਮੰਜਲੀ ਬੇਮੁਹਾਰੀ, ਮੂੰਹ ਤੇ ਤਲਖ਼ੀ ਭਰੇ ਡੋਰੇ ਲਟਕਾਈ ਉਹ ਡਮੋਰਗਿਨ ਚੌਂਕ ‘ਚ ਜਾ ਕੇ ਰੁਕੀ। ਆਸੇ ਪਾਸੇ ਹਾਰੀਆਂ ਹੋਈਆਂ ਉਦਾਸ ਨਜ਼ਰਾਂ ਦੁੜ੍ਹਾਈ ਉਹ ਖੰਭੇ ਨਾਲ ਲੱਗਾ ਪੈਦਲ ਤੁਰਨ ਦੇ ਸੰਕੇਤ ਵਾਲਾ ਬਟਨ ਨੱਪ ਕੇ ਖਲੋ ਗਈ।

ਪਰਸ ਵਿੱਚੋਂ ਸੈੱਲ ਫੋਨ ਟੋਲਿਆ… ਗਾਇਬ ਸੀ। ਚਾਬੀਆਂ ਦਾ ਗੁੱਛਾ ਵੀ ਕੱਢ ਲਿਆ ਸੀ ਖੌਰੇ ਉਸ ਨੇ। ਉਹ ਨਿਹੱਥੀ ਸੀ ਬਿਲਕੁਲ। ਸਾਹਮਣੇ ਖੰਭੇ ਤੇ ਮਨੁੱਖੀ ਆਕਾਰ ਦਾ ਨੀਲਾ ਚਿੱਟਾ ਨਿਸ਼ਾਨ ਉਜਾਗਰ ਹੋਇਆ ਪਰ ਉਹ ਉਥੇ ਖੜੀ ਇੱਧਰ ਉੱਧਰ ਘੋਖਦੀ ਰਹੀ ਜਿਵੇਂ ਕਿਸੇ ਦੀ ਇੰਤਜ਼ਾਰ ਕਰ ਰਹੀ ਹੋਵੇ। ਡਰੀ ਘਬਰਾਈ ਉਹ ਸੜਕ ਦੇ ਕਿਨਾਰੇ ਚੱਲਦੀ ਪਾਗਲਾਂ ਵਾਂਗ ਸ਼ੋਰ ਮਚਾਉਣ ਲੱਗੀ। ਉਸ ਨੇ ਖੜ੍ਹੋ ਕੇ ਪਿੱਛੇ ਵੇਖਿਆ। ਕੋਈ ਨਹੀਂ ਸੀ… ਨਾ ਕੋਈ ਮਨਾਉਣ ਵਾਲਾ… ਨਾ ਕੋਈ ਡਰਾਉਣ ਵਾਲਾ। ਇਕੇਰਾਂ ਬਲਾ ਟਲ ਗਈ ਸੀ।

ਉਸ ਦੇ ਅੰਦਰਲਾ ਭਿਆਨਕ ਡਰਾਉਣਾ ਭਰਮ-ਜਾਲ ਉਸ ਨੂੰ ਭੈਭੀਤ ਕਰ ਰਿਹਾ ਸੀ।

‘ਲੰਡਰ ਲਫੰਡਰ ਬਦਕਾਰ…ਚੁੜੇਲ ਕਮਜਾਤ! ਇਹਨੂੰ ਨਹੀਂ… ਮੈਂ ਤੈਨੂੰ ਕੱਢੂੰ।‘ ਵਦਾਣ ਜਿੰਨੇ ਭਾਰੇ ਸੁੰਦਰ ਵਿਸ਼ੇਸ਼ਣ ਉਸ ਦੇ ਪਿੱਛੇ ਮੌਰਾਂ ਤੇ ਢੀਮਾਂ ਵਾਗ ਵੱਜਦੇ ਰਹੇ।

ਰੋਗਰ ਦੇ ਹੱਥ ਦਾ ਲਹਿਰਾਉਂਦਾ ਛੁਰਾ ਉਸ ਦੀ ਪਿੱਠ ‘ਚ ਡੰਗ ਮਾਰਨ ਲਈ ਉਠਿਆ ਮੀਜ਼ਾਈਲ ਵਾਂਗ ਉਸ ਦਾ ਪਿੱਛਾ ਕਰ ਰਿਹਾ ਸੀ।

ਨਾਲੇ ਚੋਰ ਨਾਲੇ ਚਤੁਰ! ਕਿੰਨਾ ਜਾਲਮ! ਅੱਖੜ ਜਿਹਾ ਬੇਯਕੀਨਾ ਸੁਭਾਅ ਹੈ ਇਸਦਾ, ਘੜੀ ‘ਚ ਤੋਲਾ ਘੜੀ ‘ਚ ਮਾਸਾ! ਪੰਜਾਬ ਤੋਂ ਲਿਆਂਦਾ ਮੇਰਾ ਵਰੀ ਵਾਲਾ ਸਾਰਾ ਗਹਿਣਾ ਗੱਟਾ ਖਾ ਪੀ ਕੇ ਹਜ਼ਮ ਕਰ ਗਿਆ। ਕਰੈਡਿਟ ਕਾਰਡ ਮੇਰਾ ਘਸਾ ਘਸਾ ਕੇ ਸਿਰੇ ਲਾ ਛੱਡਿਆ। ਮੈਨੂੰ ਖੁੱਡੇ ਲਾਉਣ ਦੇ ਯਤਨਾਂ ‘ਚ ਹਰ ਪਲ ਆਢਾ ਲਾਈ ਰੱਖਦਾ। ਆਵਾਰਾ ਜੇਹਿਆਂ ਗੋਰਿਆਂ ਨੂੰ ਢਾਣੀ ਬਣਾ ਕੇ ਘਰ ਬਿਠਾ ਲੈਂਦਾ ਜਿਵੇਂ ਕੋਈ ਪੱਬ ਹੋਵੇ। ਮੈਂ ਸਾਰਾ ਦਿਨ ਕੰਮ ਕਰਦੀ ਧੱਕੇ ਖਾਂਦੀ ਰਹਿੰਦੀ ਤੇ ਘਰ ਆ ਕੇ ਇਨ੍ਹਾਂ ਚੌਰਿਆਂ ਨੇ ਮੇਰੇ ਗੋਚਰਾ ਜੂਠੇ ਭਾਂਡਿਆਂ ਦਾ ਟੋਕਰਾ ਜਮ੍ਹਾਂ ਕਰ ਰੱਖਿਆ ਹੁੰਦਾ।

ਕੈਲੇਫੋਰਨੀਆਂ ਦੀ ਵਿਸ਼ਾਲ ਸ਼ੇਵਰ ਲੇਕ ਦੀ ਸੈਰ ਕਰਾਉਣ ਲੈ ਗਿਆ। ਉਥੇ ਸਮੁੰਦਰ ਜਿੱਡੇ ਲੰਮੇ ਚੌੜੇ ਛੱਪੜ ਜਿਹੇ ਵਿੱਚ ਪੰਜਾਹ ਡਾਲਰ ਘੰਟੇ ਦੇ ਹਿਸਾਬ ਕਿਰਾਏ ਦਾ ਸਕੂਟਰ ਲੈ ਮੈਨੂੰ ਪਿੱਛੇ ਬਿਠਾ ਕੇ ਠਿੱਲ੍ਹ ਪਿਆ। ਮੇਰੀ ਜਾਨ ਤਰਾਸ ਤਰਾਸ ਕਰਨ ਲੱਗੀ। ਕਈ ਕਿਸਮ ਦੇ ਛੋਟੇ ਫੈਰੀ ਜਹਾਜ਼, ਸੁਹਾਗ ਪਲੰਘ ਵਾਂਗ ਸ਼ਿੰਗਾਰੇ ਲੱਕਜਰੀ ਹਾਊਸ ਬੋਟ, ਸ਼ਿਕਾਰੇ, ਪੈਰਾਂ ਵਾਲੀਆਂ, ਹੜ੍ਹਾਂ ਵਾਲੀਆਂ ਚੱਪੂ ਵਾਲੀਆਂ ਤੇ ਮੋਟਰ ਬੇੜੀਆਂ ਵੱਡੀ ਸਾਰੀ ਝੀਲ ਦਾ ਕਾਲਜਾ ਵਲੂੰਧਰ ਰਹੇ ਸਨ। ਸਾਡੇ ਵਰਗੇ ਹੋਰ ਕਈ ਵਿਆਹੇ ਅਣਵਿਆਹੇ ਜੋੜੇ ਹਨੀਮੂਨ ਮਨਾਉਣ ਲਈ ਜਿੰਦਗੀ ਦੇ ਰੰਗਲੇ ਸੁਪਨੇ ਪੱਲੇ ਬੰਨ੍ਹ ਕੇ ਇਕ ਦੂਸਰੇ ਤੋਂ ਮੂਹਰੇ ਭੀੜ ਭੜਕੇ ਵਿੱਚ ਸ਼ਾਮਲ ਸਨ।

‘ਵੇਖਿਆ ਸਵੀਟੀ! ਕਿੰਨਾ ਸੁੰਦਰ ਦਿਲਕਸ਼ ਹੁਸੀਨ ਨਜ਼ਾਰਾ! ਮੇਰਾ ਦਿਲ ਕਰਦਾ ਹੈ ਆਪਾਂ ਦੋਨੋਂ ਇੱਥੇ ਹੀ ਇਸ ਕੁਦਰਤ ਦੀ ਗੋਦ ਵਿੱਚ ਸਮਾ ਜਾਈਏ।‘ ਪਿੱਛੇ ਨੂੰ ਮੂੰਹ ਕਰਕੇ ਮੈਨੂੰ ਪੁਚਕਾਰਨ ਲੱਗਾ।

ਪਾਣੀ ਤੇ ਗੋਲੀ ਵਾਂਗ ਤੇਜ ਦੌੜਦਾ ਸਕੂਟਰ! ਮੇਰੀ ਜਾਨ ਤੋੜ ਰਿਹਾ ਸੀ।

‘ਸੁੱਖੀ-ਸਾਂਦੀ ਕੋਈ ਚੰਗਾ ਵਰ ਮੰਗੋ ਸਰਸਵਤੀ ਮਾਤਾ ਕੋਲੋਂ!‘ ਮੈਂ ਨਿਹੋਰੇ ਜਿਹੇ ਨਾਲ ਉਸ ਦੀ ਮਣਸਾ ਝਟਕ ਦਿੱਤੀ। ਅਥਾਹ ਡੂੰਘੇ ਨੀਲੇ ਪਾਣੀਆਂ ਦੀ ਹਿੱਕ ਲਿਤਾੜਦੀ ਸਕੂਟਰ ਦੀ ਤੇਜ ਰਫ਼ਤਾਰ ਡੱਕੋ ਡੋਲੇ ਖਾਣ ਲੱਗੀ। ਉਹ ਆਪ ਹੀ ਸ਼ਰਾਬੀ ਚਾਲਕ ਵਾਂਗ ਕਦੇ ਬਹੁਤ ਟੇਢਾ ਕਰ ਦਿੰਦਾ ਕਦੇ ਸਿੱਧਾ ਕਰਦਾ ਝਕਾਨੀਆਂ ਜਿਹੀਆਂ ਮਾਰਨ ਲੱਗਾ। ਮੈਂ ਚੀਕਦੀ ਚਲਾਉਂਦੀ ਉਸ ਨੂੰ ਚੰਬੜ ਗਈ ਪਰ ਉਹ ਹੱਸਦਾ ਹੱਸਦਾ ਚਾਮ੍ਹਲ ਰਿਹਾ ਸੀ। ਫਿਰ ਇਕ ਜੋਰ ਦੀ ਝਟਕਾ ਜਿਹਾ ਮਾਰ ਕੇ ਮੋੜ ਕੱਟਦਾ ਮੈਨੂੰ ਥੱਲੇ ਪਾਣੀ ਵਿੱਚ ਸੁੱਟ ਦਿੱਤਾ। ਮੈਂ ਡੁਬਕੀਆਂ ਲੈਂਦੀ ਲਾਈਫ਼ ਜੈਕਟ ਦੇ ਸਹਾਰੇ ਖੜੀ ਹੋ ਕੇ ਹੱਥ ਮਾਰਦੀ ਤਰਲੇ ਕੱਢਣ ਲੱਗੀ।

‘ਤੂੰ ਗਲਤ ਸਮਝਿਆਂ ਰਾਣੀ! ਮੇਰਾ ਮਤਲਬ ਸੀ ਕਿ ਪਿੱਛੋਂ ਪੈਸੇ ਮੰਗਵਾ ਕੇ ਇੱਥੇ ਸੁੰਦਰ ਮਕਾਨ ਖ਼ਰੀਦ ਲਈਏ ਕੁਦਰਤ ਦੀ ਸੁੰਦਰ ਵਾਦੀ ਵਿੱਚ। ਇਥੇ ਹੀ ਸਾਡੇ ਗਲੋਰੀ ਤੇ ਰੋਨੀ ਜਨਮ ਲੈਣ ਗੇ, ਇਹਨਾਂ ਸ੍ਵਰਗਾਂ ਵਿੱਚ ਜਵਾਨੀ ਚੜ੍ਹਨ ਗੇ. ਵੱਡੇ ਹੋਣਗੇ ਤੇ ਕੁਦਰਤ ਰਾਣੀ ਦੀ ਗੋਦ ‘ਚ ਐਸ਼ ਕਰਨਗੇ।‘ ਖੂਹ ‘ਚ ਡਿੱਗੇ ਝੋਟੇ ਨੂੰ ਨੱਥ ਪਾਉਣ ਵਾਂਗ ਉਹ ਮੇਰੇ ਉਦਾਲੇ ਲਾਵਾਂ ਲੈਂਦਾ ਅੜਾਉਣੀਆਂ ਪੁਗਾਉਣ ਲੱਗਾ।

‘ਹਾਂ ਹਾਂ ਲੈ ਲਵਾਂ ਗੇ ਮੈਨੂੰ ਬਾਹਰ ਕੱਢ ਇੱਕ ਵੇਰਾਂ, ਜੋ ਕਹੇਂ ਮੈਂ ਤੇਰੀ ਈਨ ਮੰਨਾਂ ਗੀ।‘ ਮੈਂ ਤਰਲੇ ਵਾਸਤੇ ਪਾਏ ਤੇ ਉਹ ਸ਼ਰਮਿੰਦਿਆਂ ਵਾਗ ਹੱਸਦਾ ਮੇਰੀ ਬਾਂਹ ਫੜ ਕੇ ਖਿੱਚਣ ਲੱਗਾ। ਮੇਰਾ ਸਾਹ ਸੱਤ ਖ਼ਤਮ ਹੋਣ ਦੇ ਕਿਨਾਰੇ ਸੀ।

ਡੁੱਬਦੀ ਵੇਖ ਕੇ ਖ਼ਤਰੇ ਦੀ ਘੰਟੀ ਵਜਾਉਂਦੇ ਝੀਲ ਦੇ ਲਾਈਫ਼ ਗਾਰਡ ਮੇਰੀ ਮਦਦ ਲਈ ਟੀਅਅਅ….ਕਰਦੀ ਮੋਟਰ ਬੋਟ ਲੈ ਕੇ ਆ ਪਹੁੰਚੇ। ਉਨ੍ਹਾਂ ਇਸ ਨੂੰ ਪਾਸੇ ਦੁਰਕਾਰ ਕੇ ਮੈਨੂੰ ਖਿੱਚ ਕੇ ਬੋਟ ਉੱਪਰ ਬਿਠਾਇਆ ਤੇ ਸਕੂਟਰ ਮੁੜ ਉਨ੍ਹਾਂ ਦੇ ਪਿੱਛੇ ਕਿਨਾਰੇ ਨੂੰ ਮੁੜਨ ਲੱਗਾ। ਮੁੱਢਲੇ ਦਫ਼ਤਰ ਵਿਖੇ ਕਈ ਤਫ਼ਤੀਸ਼ੀ ਸਵਾਲਾਂ ਦੇ ਉੱਤਰ ਲਿਖਵਾ ਕੇ ਖਹਿੜਾ ਛਡਵਾਇਆ। ਉਹ ਤਾਂ ਉਥੇ ਹੀ ਫੜ੍ਹ ਕੇ ਇਸ ਨੂੰ ਜੇਲ੍ਹ ਭੇਜਣ ਲਈ ਦ੍ਰਿੜ੍ਹ ਸਨ ਪਰ ਮੇਰੇ ਹੀ ਮਨ ਮਿਹਰ ਪੈ ਗਈ ਜਾਂ ਮੱਤ ਮਾਰੀ ਗਈ ਮੇਰੀ ਸਮਝੋ… ਨਹੀਂ ਤੇ ਬੇਸ਼ੱਕ ਮੈਨੂੰ ਇਹ ਭੈੜੇ ਦਿਨ ਦੋਬਾਰਾ ਨਾ ਵੇਖਣੇ ਪੈਂਦੇ। ਇਸ ਘਬਰਾਏ ਹੋਏ ਗਿੱਦੜ ਦੇ ਮੂੰਹੋਂ ਤਾਂ ਓਦੋਂ ਕੋਈ ਗੱਲ ਵੀ ਨਹੀਂ ਸੀ ਨਿਕਲਦੀ।

ਮੈਂ ਕਿਹਾ ਮੈਂ ਆਪ ਹੀ ਡਿੱਗੀ ਹਾਂ…ਇਹ ਅਚਨਚੇਤ ਹੀ ਸੀ।

ਪਿੱਛੋਂ ਪਾਪਾ ਕੋਲੋਂ ਦਸ ਲੱਖ ਮੰਗਵਾ ਲਏ, ਅਖੇ ਪੈਸੇ ਥੁੜ ਗਏ ਹਨ, ਅਸਾਂ ਆਪਣਾ ਰੈਣ-ਬਸੇਰਾ ਖਰੀਦਣਾ ਹੈ। ਉਹ ਵੀ ਪਤਾ ਨਹੀਂ ਕਿੱਥੇ ਕਿਸ ਹੋਟਲਾਂ ਕਲੱਬਾਂ ਕੈਸੀਨੋ ਦੇ ਮੂੰਹੀਂ ਉਜਾੜ ਆਇਆ। ਫਰੀਦਕੋਟ ਤੋਂ ਪੈਸੇ ਮੰਗਵਾ ਕੇ ਅਮਰੀਕਾ ਰਸਤੇ ਬਠਿੰਡੇ ਭੇਜਦਾ ਰਿਹਾ। ਮਾਂ ਪਿਓ ਚਿੱਠੀਆਂ ਵਿੱਚ ਸਰਵਣ ਪੁੱਤਰ ਦੀਆਂ ਤਰੀਫ਼ਾਂ ਕਰਦੇ ਨਾ ਥੱਕਦੇ।

ਇਕ ਦਿਨ ਇਕ ਗੋਰੀ ਮਕਸੀਕਨ ਛੋਕਰੀ ਜਿਹੀ ਘਰ ਲੈ ਆਇਆ ਅਖੇ ਬੜੇ ਵੱਡੇ ਸੇਠ ਦੀ ਲੜਕੀ ਹੈ, ਮੈਨੂੰ ਕੰਮ ਦਿਵਾਉਣ ‘ਚ ਮਦਦ ਕਰੇਗੀ। ਪਰ ਸ਼ੁਕਰ ਹੈ! ਉਹ ਰੰਡੀ ਨਿਖਾਫਣੀ ਫੇਰ ਨਹੀਂ ਦਿਸੀ।ਨਹੀਂ

ਹਰ ਰੋਜ਼ ਨਵੇਂ ਨਵੇਂ ਖਾਣੇ, ਪੀਜ਼ਾ, ਪਕਵਾਨ, ਮਠਿਆਈਆਂ ਲਿਆ ਕੇ ਖਵਾਉਂਦਾ ਰਿਹਾ। ਮੈਨੂੰ ਰੋਟੀ ਨਹੀਂ ਸੀ ਪਕੌਣ ਦਿੰਦਾ ਅਖੇ ਹੋਟਲ ਤੋਂ ਲੈ ਆਵਾਂ ਗੇ, ਤੂੰ ਐਵੇਂ ਹੱਥ ਨਾ ਲੂਹਿਆ ਕਰ। ਬਾਅਦ ਵਿੱਚ ਖੋਖਲਾ ਭਾਂਡਾ ਭੱਜ ਗਿਆ ਕਿ ਇਹ ਬੁੱਧੂ ਤਾਂ ਹੋਟਲ ਤੇ ਭਾਂਡੇ ਮਾਂਜਦਾ ਸੀ ਤੇ ਉਥੋਂ ਦੀ ਬਚੀ ਖੁਚੀ ਜੂਠ ਮੀਠ ਰੋਜ਼ ਲਿਆ ਕੇ ਮੈਨੂੰ ਵੀ ਬੁੱਧੂ ਬਣਾਉਂਦਾ ਰਿਹਾ। ਉਥੋਂ ਚੋਰੀ ਛਿਪੇ ਬਰੈੱਡ ਮੱਖਣ ਖਾਂਦਾ ਫੜਿਆ ਗਿਆ, ਅਗਲਿਆਂ ਛਾਂਟੀ ਕਰ ਦਿੱਤੀ। ਭੁੱਖਿਆਂ ਭੁੱਖ ਨਾ ਉੱਤਰੀ….ਦੇ ਕਥਨ ਅਨੁਸਾਰ ਇਸ ਦੀ ਭੁੱਖ ਘੱਟ ਨਾ ਹੋਈ।

ਸਟੋਰ ਵਿੱਚੋਂ ਚੋਰੀ ਸਮਾਨ ਚੁੱਕਦਾ ਕੈਮਰੇ ਨੇ ਫੜ ਲਿਆ। ਸ਼ੌਪ ਲਿਫਟਿੰਗ ਦੇ ਜੁਰਮ ਥੱਲੇ ਦੋ ਦਿਨ ਅੰਦਰ ਰਹਿ ਕੇ ਮਸੀਂ ਜ਼ਮਾਨਤ ਹੋਈ। ਉਸ ਦਿਨ ਇਕ ਹੋਰ ਗੋਰਾ ਯਾਰ ਮਾਈਕਲ ਇਸ ਦੇ ਨਾਲ ਸੀ। ਉਸੇ ਨੇ ਹੀ ਕਹਿੰਦੇ ਇਸ ਦੀ ਮਦਦ ਕੀਤੀ ਤੇ ਇਸ ਦੀ ਜ਼ਮਾਨਤ ਕਰਾਈ ਸੀ। ਘਰ ਆ ਕੇ ਸਾਰਾ ਦਿਨ ਅੰਦਰੋਂ ਕੁੰਡਾ ਮਾਰ ਕੇ ਨਾ ਜਾਣੇ ਕੀ ਜਸ਼ਨ ਕਰਦੇ, ਈਦਾਂ ਮਨਾਉਂਦੇ ਰਹੇ।

‘ਤੂੰ ਸ਼ੁਕਰ ਕਰ ਤੈਨੂੰ ਸਿਟੀਜਨ ਕਾਰਡ ਦਵਾ ਦਿੱਤਾ। ਮੈਂ ਚਾਹਾਂ ਤਾਂ ਅਜੇ ਵੀ ਕੈਂਸਲ ਕਰਵਾ ਸਕਦਾ ਹਾਂ। ਤੈਨੂੰ ਨਹੀਂ ਪਤਾ ਅਮਰੀਕਾ ‘ਚ ਦਸ ਸਾਲ ਬਾਦ ਪੁਰਾਣੀ ਗੱਡੀ ਸੜਕ ਤੇ ਨਹੀਂ ਚੱਲ ਸਕਦੀ ਤੇ ਇਹ ਕਬਾੜੀਆਂ ਨੂੰ ਮੁਫ਼ਤ ਹੀ ਨਹੀਂ ਸਗੋਂ ਜੇਬ ‘ਚੋਂ ਵੀ ਡਾਲਰ ਦੇ ਕੇ ਚੁਕਾਉਣੀ ਪੈਂਦੀ ਹੈ। ਮੈਂ ਸਾਰੀ ਉਮਰ ਤੇਰਾ ਠੇਕਾ ਨਹੀਂ ਲਿਆ ਹੋਇਆ। ਤੇਰੇ ਏਜੰਟ ਨਾਲ ਤਾਂ ਮੇਰਾ ਦੋ ਸਾਲ ਦਾ ਕੰਟ੍ਰੈੱਕਟ ਸੀ। ਸ਼ੁਕਰ ਕਰ ਤੇਰੇ ਸਮਝੌਤੇ ਤੋਂ ਉੱਪਰ ਏਨੇ ਸਾਲ ਲੰਘਾ ਦਿੱਤੇ। ਮੈਂ ਗੋਰੇ ਨਾਲ ਵਿਆਹ ਕਰੌਣਾ ਹੈ ਤੂੰ ਹੁਣ ਮੇਰਾ ਖਹਿੜਾ ਛੱਡ।‘ ਮੱਥੇ ਤੀਊੜੀਆਂ ਭਰ ਕੇ ਦਿਲ ਦੀ ਭੜਾਸ ਕੱਢ ਦਿੱਤੀ।

‘ਹੈ ਹੈ ਤੇਰਾ ਬੇੜਾ ਗਰਕ! ਤੈਨੂੰ ਸਬਰ ਪੈ ਜੈ! ਤੂੰ ਇੱਥੋਂ ਤੱਕ ਗਿਰ ਗਿਆ ਏਂ? ਤੈਨੂੰ ਇਹ ਨਹੀਂ ਖ਼ਬਰ! ਕਿ ਦਸ ਸਾਲ ਪੁਰਾਣਾ ਟਰੱਕ ਵੀ ਸੜਕਾਂ ਤੇ ਨਹੀਂ ਚੜ੍ਹ ਸਕਦਾ। ਮੈਂ ਤਾਂ ਆਪਣੇ ਮਾਪਿਆ ਦੇ ਸੰਸਕਾਰਾਂ ਥੱਲੇ ਨਪੀੜੀ ਸਭ ਕੁਝ ਜਰੀ ਜਾਂਦੀ ਹਾਂ। ਮੇਰਾ ਅਸਲੀ ਰੂਪ ਨਾ ਵੇਖ ਲਵੀ। ਤੀਰ ਹੱਥੋਂ ਨਿਕਲਿਆ ਮੁੜ ਵਾਪਿਸ ਨਹੀਂ ਆ ਸਕਦਾ। ਤੂੰ ਗੋਰੀ ਨੂੰ ਹੁਣ ਘਰ ਲਿਆ ਕੇ ਵੇਖੀ, ਵਿੱਚੇ ਤੈਨੂੰ ਤੇ ਵਿੱਚੇ ਉਸ ਕੁੱਤੀ ਨੂੰ ਕਿਵੇਂ ਡੱਕਰੇ ਕਰਦੀ ਆਂ ਮੈਂ। ਪਿਛਲੇ ਦਸ ਸਾਲ ਤੈਨੂੰ ਇਹ ਕੁਹਜ ਨਹੀਂ ਦਿਸੇ? ਹੁਣ ਮੇਰਾ ਕਾਰਡ ਤੈਥੋਂ ਜਰ ਨਹੀਂ ਹੋਇਆ। ਲੱਗਾਂ ਵਾ ਨੂੰ ਤਲਵਾਰਾਂ ਮਾਰਨ। ਜੇ ਤੂੰ ਮੈਨੂੰ ਧਮਕੀਆਂ ਦੇਣ ਲੱਗੇਂ! ਤਾਂ ਮੈਂ ਵੀ ਉੱਪਰ ਜਾ ਕੇ ਬਿਆਨ ਦੇ ਕੇ ਤੇਰੀ ਕਰਤੂਤ ਦੱਸੂੰ ਕਿ ਇਹ ਉਗਰਵਾਦੀ ਜੇ ਭਾਰਤ ਦਾ! ਅਪਰਾਧੀ ਹੈ ਬੜਾ ਵੱਡਾ। ਮੈਂ ਨਹੀਂ ਹਾਮੀ ਭਰਦੀ ਇਸ ਚੌਰੇ ਦੀ।‘

ਮਾਸੜ ਕੋਲ ਇਸ ਦੀ ਸ਼ਕਾਇਤ ਲਗਾਈ। ਉਸ ਨੇ ਇਕ ਦੋ ਵੇਰਾਂ ਡਰਾ ਧਮਕਾ ਕੇ ਵੀ ਵੇਖ ਲਿਆ, ਪਿਆਰ ਨਾਲ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਕੁੱਤੇ ਦੀ ਪੂਛ ਵਾਂਗ ਵਿੰਗੇ ਦਾ ਵਿੰਗਾ ਹੀ ਰਿਹਾ। ਉਸ ਅੱਗੇ ਬੋਤਲ ਲੈ ਕੇ ਬੈਠ ਗਿਆ ਤੇ ਅਸਲੀ ਮੁੱਦੇ ਤੋਂ ਪਾਸਾ ਵੱਟ ਗਿਆ। ਮਾਸੀ ਨਾਮ੍ਹੋ ਜਿੱਦਣ ਆਈ ਸੀ, ਉਹੀ ਮਾਈਕਲ ਇਸ ਦੀ ਜੁੱਲੀ ‘ਚ ਵੜਿਆ ਬੈਠਾ ਸੀ। ਮਾਸੀ ਨੇ ਅੱਖੀਂ ਵੇਖ ਕੇ ਬੁਰਾ ਮਨਾਇਆ ਤੇ ਸਮਝਾਇਆ।

‘ਪੁੱਤਰ! ਜਵਾਨ ਨੂੰਹ ਧੀ ਜਦ ਘਰ ਹੋਵੇ ਅਜੇਹੇ ਬਿਗਾਨੇ ਮੁੰਡੇ ਨੂੰ ਇਸ ਤਰਾਂ ਅੰਦਰ ਨਹੀਂ ਵਾੜੀ ਦਾ। ਘਰ ਵਿੱਚ ਹਰ ਵੇਲੇ ਰੇੜਕਾ ਚੰਗਾ ਨਹੀਂ ਹੁੰਦਾ। ਕਲਾ ਕਲੇਸ਼ ਵੱਸੇ ਘੜਿਓਂ ਪਾਣੀ ਨੱਸੇ।‘ ਇਸ ਨੇ ਅਣਗੌਲੇ ਕਰਕੇ ਕੋਈ ਸਿਰਾ ਬੰਨਾ ਨਾ ਫੜਾਇਆ।

‘ਚਲ ਪੁੱਤ ਸਬਰ ਕਰ ਜਦ ਕੋਈ ਨਿੱਕਾ ਨਿਆਣਾ ਆ ਗਿਆ, ਆਪੇ ਮੋਹ ਪੈ ਜੂ… ਸੁਧਰ ਜਾਊ।‘ ਮਾਸੀ ਦੇ ਦਿੱਤੇ ਹੌਂਸਲੇ ਨਾਲ ਮੈਂ ਹਉਕਾ ਜਿਹਾ ਭਰ ਕੇ ਰਹਿ ਗਈ।

ਮੇਰੀ ਕੰਪਨੀ ਦਾ ਜੈਕਸਨ ਮੇਰੇ ਅੰਦਰ ਸੰਨ੍ਹ ਮਾਰਦਾ, ਚੋਰੀ ਚੋਰੀ ਖੁਭਦਾ ਜਾਪਿਆ। ਉਹ ਇਕ ਦੋ ਵੇਰਾਂ ਮੈਨੂੰ ਰਾਈਡ ਦਿੰਦਾ ਰਿਹਾ। ਉਸ ਦੀ ਨਿਰਮਲ ਤੇ ਨਿਰਛਲ ਰੂਹ ਮੈਨੂੰ ਕੀਲਣ ਲੱਗੀ ਪਰ ਮੈਂ ਛੇਤੀ ਹੀ ਜਾਗ ਪਈ। ਮੇਰੇ ਮੁਕਲਾਵੇ ਸਮੇਂ ਵਿਚੋਲੀ ਦਾ ਕੰਨ ‘ਚ ਸਮਝਾਇਆ ਪਹਾੜਾ ਯਾਦ ਆਇਆ।

‘ਆਦਮੀ ਦੀ ਜਾਤ ਆਪਣੀ ਜ਼ਨਾਨੀ ਨੂੰ ਕਿਸੇ ਗੈਰ ਮਰਦ ਨਾਲ ਹੱਸਦੀ ਨਹੀਂ ਵੇਖ ਸਕਦੀ, ਆਪ ਭਾਵੇਂ ਜੋ ਮਰਜ਼ੀ ਕਰਦਾ ਫਿਰੇ।‘ ਮੈਂ ਹਮੇਸ਼ਾਂ ਪੱਲੇ ਬੰਨ੍ਹੀਂ ਰੱਖਿਆ।

ਮਾਂ ਪਿਉ ਦੀਆ ਪਤੀਬ੍ਰਤ ਨਸੀਹਤਾਂ ਅਨੁਸਾਰ ਮੈਂ ਕਦੇ ਸੀ ਨਾ ਕੀਤੀ। ਗ੍ਰਹਿਸਤੀ ਜ਼ਾਬਤੇ ਦੀ ਲਛਮਣ ਰੇਖਾ ਮੈਂ ਕਦੇ ਉਲੰਘਣ ਦੀ ਜੁਰਅਤ ਨਹੀਂ ਕੀਤੀ।

ਮਾਸੀ ਜਾਣ ਲੱਗੀ ਗਲੇ ਮਿਲਦੀ ਬੜੀ ਖੁਸ਼ ਹੋਈ।

‘ਹਾ ਅ …! ਨੀਂ ਤੂੰ ਮੈਨੂੰ ਦੱਸਿਆ ਈ ਨਹੀਂ! … ਪੁੱਤ! ਮਾਵਾਂ ਤੋਂ ਓਹਲਾ ਨਹੀਂ ਰੱਖੀਦਾ। ਅਸੀਂ ਤਾਂ ਕਿੰਨੇ ਚਿਰ ਤੋਂ ਮੂੰਹ ਚੁੱਕੀ ਉਡੀਕਦੇ ਹਾਂ। ਇਹਦੇ ਬਿਨਾ ਤਾਂ ਜ਼ਨਾਨੀ ਦੀ ਗਤੀ ਨਹੀਂ ਹੁੰਦੀ।‘

ਮੇਰੀ ਵਧੀ ਹੋਈ ਗੋਗੜ ਤੇ ਹੱਥ ਫੇਰਨ ਲੱਗੀ।

‘ਕਿੰਨਾ ਚਿਰ ਪੁੱਤ?‘

‘ਬੱਸ ਛੇਤੀ ਹੀ ਤੁਹਾਡੀ ਮੁਰਾਦ ਪੂਰੀ ਹੋ ਜੂ ਮਾਸੀ ਜੀ।‘ ਮੈਂ ਹਾਸੇ ਹਾਸੇ ‘ਚ ਉਸ ਨੂੰ ਧਰੂ ਤਾਰੇ ਦਿਖਾ ਦਿੱਤੇ।

ਤੀਜੇ ਦਿਨ ਹੀ ਮੰਮੀ ਦਾ ਫੋਨ ਆ ਗਿਆ। ਉਸ ਨੇ ਖੁਸ਼ੀ ਪ੍ਰਗਟਾਈ ਸੀ ਕਿ ਚੰਗਾ ਹੋਇਆ ਮੈਂ ਵੱਸਣ ਜੋਗੀ ਰਹਿ ਗਈ ਹਾਂ।

‘ਪੁੱਤ! ਮੈਨੂੰ ਕਾਗ਼ਜ਼… ਰਾਹਦਾਰੀ ਭੇਜ ਦਿਓ। ਮੈਂ ਵੀਜ਼ਾ ਲਵਾ ਕੇ ਆਪੇ ਦੌੜ ਆਊਂ… ਮੇਰੇ ਬੁੱਧੂ ਵਰਗਾ ਸ਼ੇਰ ਜੰਮੀਂ… ਸਕੈਨ ਕਰਾ ਲੈਣੀ ਸੀ ਬੇਟਾ! ਕਿਤੇ…..।‘

ਬੀ ਜੀ ਦਾ ਨਿੱਘਾ ਪਿਆਰ ਭਰਿਆ ਫੋਨ ਉਸ ਅੱਧਾ ਘੰਟਾ ਨਾ ਛੱਡਿਆ। ਉਹ ਬਾਰ ਬਾਰ ਰੱਬ ਦਾ ਸ਼ੁਕਰ ਕਰਦੇ ਮੈਨੂੰ ਸਿਹਤ ਬਾਰੇ ਹਦਾਇਤਾਂ ਦਿੰਦੇ ਰਹੇ। ਉਹ ‘ਕਿਤੇ …‘ ਕੁਝ ਕਹਿੰਦੇ ਕਹਿੰਦੇ ਅਟਕ ਗਏ ਪਰ ਮੈਂ ਕਿਹੜੀ ਬੱਚੀ ਸੀ।

ਸ਼ਾਮ ਨੂੰ ਰੋਗਰ ਆਇਆ। ਉਸ ਦੇ ਨਾਲ ਓਹੀ ਗੋਰਾ, ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਕਿਵੇਂ ਇਕ ਦੂਜੇ ਨਾਲ ਪਰਛਾਵੇਂ ਵਾਂਗ ਚੰਬੜੇ ਰਹਿੰਦੇ ਨੇ।

ਡੱਬੀ ‘ਚੋਂ ਇਕ ਚੈਨੀ ਕੱਢ ਕੇ ਪਿੱਛੋਂ ਦੀ ਗਲਵੱਕੜੀ ਪਾ ਕੇ ਮੇਰੇ ਗਲ ਪਾ ਦਿੱਤੀ ਤੇ ਮੈਨੂੰ ਘੁੱਟ ਲਿਆ। ਮੇਰੀਆਂ ਅੱਖਾਂ ਵਿੱਚ ਹੰਝੂ ਡਲ੍ਹਕ ਆਏ, ਵੇਖ ਕੇ ਬੁੱਲ੍ਹਾਂ ਨਾਲ ਚੱਟ ਲਏ। ਸ਼ਰਾਬੀ ਹੋਏ ਦੀ ਜਬਾਨ ਥਿੜਕ ਰਹੀ ਸੀ।

‘ ਤੂੰ ਮੇਰੀ ਇੱਜ਼ਤ ਰੱਖ ਲਈ…ਮੈਂ ਤੋ ਇਸ ਕਾਬਲ ਨਾ ਥਾ, ਬਾਪ ਬਣਾਇਆ ਆਪ ਨੇ…ਧੰਨਵਾਦ ਤੇਰਾ।‘

ਉਸ ਦਾ ਸੱਚ ਉਸ ਦੀ ਜਬਾਨ ਤੇ ਆ ਕੇ ਮੈਨੂੰ ਬਰੀ ਕਰ ਗਿਆ ਪਰ ਮੈਂ ਉਨ੍ਹਾਂ ਵਾਰਸਾਂ ਨੂੰ ਹੋਰ ਦੋ ਮਹੀਨਿਆਂ ਨੂੰ ਕੀ ਜੁਆਬ ਦੇਊਂ? ਮੇਰੇ ਲਈ ਨਵੀਂ ਮੁਸੀਬਤ ਖੜੀ ਹੋ ਗਈ।

‘ਇਹ ਮੇਰੇ ਗਲੋਰੀ ਵਾਸਤੇ!‘ ਇਕ ਹੋਰ ਛੋਟਾ ਜਿਹਾ ਸੁੰਦਰ ਕੜਾ ਕੱਢ ਕੇ ਦਿਖਾਇਆ।

‘ਨਹੀਂ ਗਲੋਰੀ ਨਾਮ ਨਹੀਂ ਰੱਖਣਾ। ਇਹ ਮੈਨੂੰ ਸਾਰੀ ਉਮਰ ਝੀਲ ਦੀ ਮਨਹੂਸ ਯਾਦ ਦਿਵਾਉਂਦਾ ਰਹੇਗਾ। ਮੈਂ ਤਾਂ ਨਾਮ ਰੱਖਾਂਗੀ… ਸਤਨਾਮ ਸ਼ੇਰ।‘ ਮੈਂ ਉਸ ਦੀ ਤਜਵੀਜ਼ ਨਾ-ਮਨਜ਼ੂਰ ਕਰਕੇ ਉਸ ਨੂੰ ਝੀਲ ਵਾਲੀ ਵਾਰਤਾਲਾਪ ਤੇ ਕਾਲੀ ਕਰਤੂਤ ਯਾਦ ਕਰਵਾ ਦਿੱਤੀ।

‘ਜੌੜੇ ਜੰਮ ਦੇਹ ਫਿਰ! ਇਕ ਤੇਰੇ ਨਾਮ ਦਾ ਤੇ ਇਕ ਮੇਰੇ ਵੰਡੇ ਦਾ…। ਅਸੀਂ ਪਹਿਲਾਂ ਹੀ ਪਛੜੇ ਹੋਏ ਹਾਂ, ਸਾਡੀ ਪਛੇਤ ਨਿਕਲ ਜਾਊ।‘

‘ਉਨ੍ਹਾਂ ਲਈ ਕਿਹੜੇ ਮੁਰੱਬੇ ਪਏ ਨੇ ਤੇਰੇ ਪਿੰਡ, ਨਾਲੇ ਤੂੰ ਕੰਮ ਤਾਂ ਕੋਈ ਕਰਨਾ ਨਹੀਂ ਉਨ੍ਹਾਂ ਨੂੰ ਸਾਂਭੂ ਕੌਣ?‘

‘ਤੂੰ ਮੇਰੀ ਮੁਰਾਦ ਪੂਰੀ ਕਰ, ਫੇਰ ਵੇਖੀਂ ਜੱਟ ਦੇ ਹੱਥ! ਤੈਨੂੰ ਕੰਗਣਾ-ਕਾਂਟਿਆਂ ਦੇ ਜੋੜੇ ਤੇ ਹੇਠ ਉੱਤੋਂ ਸਾਰਾ ਸੋਨੇ ਨਾਲ ਭਰ ਦੇਊਂ। ਤੀਹ ਲੱਖ ਮੁੱਲ ਪੈਂਦਾ ਅੱਜ ਕੱਲ੍ਹ…..।‘ ਸ਼ੇਖ਼ ਚਿੱਲੀ ਦੇ ਸੁਪਨਿਆਂ ਵਾਂਗ ਰੇਤ ਦੇ ਮਹੱਲ ਬਣਾਉਂਦਾ ਢਾਹੁੰਦਾ ਮੇਰੇ ਆਸੇ ਪਾਸੇ ਫੁੰਮ੍ਹਣੀਆਂ ਪਾਉਂਦਾ ਉਮਾਹ ਵਿੱਚ ਫੁੱਲ ਗਿਆ।

ਮਹੀਨੇ ਕੁ ਬਾਦ ਬੀ ਜੀ ਦਾ ਫੋਨ ਆ ਗਿਆ, ਵੀਜ਼ਾ ਨਹੀਂ ਮਿਲਿਆ।

‘ਬੇਟਾ ਤੇਰੀ ਮਾਸੀ ਬਿੰਦਰੀ ਰਹਿੰਦੀ ਹੈ ਤੇਰੇ ਕੋਲ, ਨੇੜੇ ਹੀ ਹੈ…ਹੈ ਵੀ ਵਿਹਲੀ । ਉਸ ਨੂੰ ਕਹਿ ਦੇਨੀ ਆਂ ਮੈਂ, ਵੇਲੇ ਕੁਵੇਲੇ ਤੇਰਾ ਪਤਾ ਲੈਂਦੀ ਰਹੂ, ਨਾਲੇ ਤੇਰਾ ਸ਼ਿਲਾ ਕਟਵਾ ਜੂ ਗੀ। ਉਸ ਦਾ ਵੀ ਫੋਨ ਆ ਗਿਆ ਤੇ ਦਿਨਾਂ ਵਿੱਚ ਹੀ ਆਪ ਵੀ ਆ ਖਲੋਤੀ। ਕੰਪਨੀ ਤੋਂ, ਰਿਸ਼ਤੇਦਾਰਾਂ ਤੋਂ ਤੇ ਮਿੱਤਰਾਂ ਦੋਸਤਾਂ ਤੋਂ ਮੁਬਾਰਕਾਂ ਦੇ ਸੁਨੇਹੇ… ਫੋਨ, ਈ ਮੇਲ ਆਉਣੇ ਸ਼ੁਰੂ ਹੋ ਗਏ।

ਇਹ ਮਾਸੀ ਵੀ ਮਾਈਕਲ ਦੀ ਪੈਂਛੜ ਵੇਖ ਕੇ ਬੁੱਲ੍ਹ ਮਰੋੜਨ ਲੱਗੀ। ਰੋਗਰ ਨੂੰ ਕੋਲ ਬਿਠਾ ਕੇ ਮੋਢੇ ਤੇ ਹੱਥ ਧਰ ਲਿਆ।

‘ਪੁੱਤ ਬੇਟਾ! ਵੈਸੇ ਤਾਂ ਤੇਰੇ ਵਰਗੇ ਸਿਆਣੇ ਧੀਆਂ ਪੁੱਤਾਂ ਨੂੰ ਕੁਛ ਕਹਿਣਾ ਨਹੀਂ ਬਣਦਾ, ਪਰ ਮੱਲਾ! ਕੁਝ ਨਸੀਹਤਾਂ ਵਡੇਰਿਆਂ ਦੀਆਂ ਵੀ ਪੱਲੇ ਬੰਨ੍ਹਣੀਆਂ ਬਣਦੀਆਂ ਨੇ ਜੋ ਪ੍ਰੋੜ ਉਮਰ ਦੇ ਤਜਰਬਿਆਂ ‘ਚੋਂ ਘਿਸ-ਪਿਸ ਕੇ ਨਿਕਲੇ ਤੱਤ ਹੁੰਦੇ ਨੇ। ਬਿਗਾਨੇ ਬੰਦੇ ਦੀ ਘਰ ਵਿੱਚ ਘੁਸਪੇਠ, ਬੜੀ ਖਰਾਬੀ ਮਚਾ ਦਿੰਦੀ ਆ। ਰਿਸ਼ਤਿਆਂ ਵਿੱਚ ਤ੍ਰੇੜਾਂ ਪਾ ਦਿੰਦੀ ਆ। ਪ੍ਰਾਈਵੇਸੀ ਖਤਮ ਕਰ ਜਾਂਦੀ ਆ। ਹੁਸਨ ਤੇ ਇਸ਼ਕ ਆਪ ਹੀ ਚੋਰ ਹੁੰਦਾ ਹੈ… ਆਪਣਾ ਆਪ ਬਚਾ ਕੇ ਰੱਖੀਏ ਤੇ ਚੋਰ ਨਾ ਕਿਸੇ ਆਖੀਏ। ਮਾੜੀ ਜਿਹੀ ਕੁਤਾਹੀ ਤੇ ਬੇਧਿਆਨੀ ਗ੍ਰਹਿਸਤੀ ਜੀਵਨ ਟੋਟੇ ਟੋਟੇ ਕਰ ਦਿੰਦੀ ਹੈ। ਤੂੰ ਉਸ ਗੋਰੇ ਨੂੰ ਏਨਾ ਮੂੰਹ ਨਾ ਲਾ।‘

‘ਮਾਸੀ ਜੀ ਤੁਹਾਨੂੰ ਇਹ ਵੀ ਪਤਾ! ਘਰ ਆਇਆ ਅੰਮਾਂ ਜਾਇਆ। ਉਹ ਵਿਚਾਰਾ ਦੁਖੀ ਸ਼ਰੀਫ਼ ਮੁੰਡਾ, ਮਾਂ ਉਸ ਦੀ ਉਹਨੂੰ ਛੱਡ ਕੇ ਕਿਸੇ ਹੋਰ ਖਸਮ ਨਾਲ ਤੁਰੀ ਫਿਰਦੀ ਤੇ ਪਿਓ ਨੇ ਪੰਦਰਾਂ ਸਾਲਾਂ ਦਾ ਕਰ ਕੇ ਘਰੋਂ ਕੱਢ ਦਿੱਤਾ। ਮੈਂ ਉਸ ਨੂੰ ਪਿਆਰ ਦਿੱਤਾ ਹੈ…ਆਸਰਾ ਦਿੱਤਾ ਹੈ…। ਕੋਈ ਮਾੜਾ ਕੰਮ ਨਹੀਂ ਕੀਤਾ।‘ ਇਸ ਵਿਖਿਆਨ ਨੂੰ ਹਾਂ ਹੂੰ ਕਰਦਾ ਅਣਸੁਣਿਆ ਕਰਕੇ ਚਿੱਤੜ ਝਾੜਦਾ ਆਪਣੇ ਹਠ ਨੂੰ ਜਾਇਜ਼ ਦਰਸਾਉਣ ਲੱਗਾ।

ਰੋਗਰ ਬਾਹਰੇ ਬਾਹਰ ਬੇਬੀ-ਸ਼ਾਵਰ ਲਈ ਬੁਕਿੰਗ ਕਰਵਾ ਆਇਆ। ਮੇਰੇ ਅੰਦਰ ਇਕ ਨਵਾਂ ਝੋਰਾ ਮੇਰੇ ਮਨ ਨੂੰ ਅੰਦਰੇ ਅੰਦਰ ਖੁਰਚਣ ਲੱਗਾ। ਮੈਂ ਤਾਂ ਚਾਹੁੰਦੀ ਸੀ ਰੱਬਾ ਇਹ ਭਾਖਿਆ ਸੱਚ ਹੋ ਜਾਏ ਜਾਂ ਕਿਸੇ ਜਣਨ-ਘਰ ਵਿੱਚੋਂ ਹੀ ਭਾਵੇਂ ਬੱਚਾ ਚੁੱਕਣਾ ਪਵੇ।

ਜਸ਼ਨ ਮਨਾਏ ਗਏ। ਵੀਹ ਡਾਲਰ ਪ੍ਰਤੀ ਵਿਅਕਤੀ ਖਰਚਾ। ਵਿਸਕੀ ਦਾਰੂ ਚਿਕਨ ਦਾ ਬਿੱਲ ਇਸ ਤੋਂ ਅਲੱਗ। ਕੋਈ ਸੌ ਤੋਂ ਵੱਧ ਬੰਦੇ ਇਕੱਠੇ ਕਰ ਲਏ ਇਸ ਨੇ। ਡਾਂਸ ਭੰਗੜੇ ਗੀਤ ਬੋਲੀਆਂ ਪਾ ਪਾ ਕੇ ਇਸ ਨੇ ਤੇ ਇਸ ਦੇ ਕਾਲੇ ਗੋਰੇ ਦੇਸੀ ਪਰਦੇਸੀ ਯਾਰਾਂ ਨੇ ਧਰਤ ਹਿਲਾ ਛੱਡੀ ਤੇ ਰੰਗਲਾ ਪੰਜਾਬ ਉਸਾਰ ਦਿੱਤਾ। ਆਉਣ ਵਾਲੇ ਬੱਚੇ ਲਈ ਵੰਨ-ਸੁਵੰਨੇ ਤੋਹਫ਼ੇ ਤੇ ਸ਼ੁੱਭ ਇੱਛਾਵਾਂ ਦੇ ਢੇਰ ਲੱਗ ਗਏ। ਮਾਈਕਲ ਦੀ ਮੰਮੀ ਤੇ ਪਾਪਾ ਨੇ ਵੀ ਇਸ ਦਿਨ ਇਕੱਠੇ ਰਲ ਕੇ ਖੂਬ ਡਾਂਸ ਕੀਤਾ। ਮਾਂ ਨੇ ਇਕ ਡੱਬੀ ਵਿਚ ਵਾਹਵਾ ਮੋਟੀ ਕਰਾਸ ਵਾਲੀ ਜੰਜੀਰੀ ਮੈਨੂੰ ਫੜਾਉਂਦਿਆਂ ਵਧਾਈ ਦੇ ਕੇ ਮੇਰਾ ਮੂੰਹ ਮੱਥਾ ਚੁੰਮਿਆ। ਕੰਨ ਵਿੱਚ ਮੂੰਹ ਪਾ ਕੇ ਪੁੱਛਣ ਲੱਗੀ ਕਿ ਮਾਈਕਲ ਨੇ ਕਿਸੇ ਭਾਰਤੀ ਬਰਾਈਡ ਦੀ ਚੋਣ ਕੀਤੀ ਹੈ, ਉਹ ਕਿਹੜੀ ਹੈ ਪਰ ਮੈਂ ਇਸ ਬਾਰੇ ਅਗਿਆਨਤਾ ਪ੍ਰਗਟਾਈ।

ਕੋਈ ਪੰਜ ਹਜ਼ਾਰ ਖਰਚ ਕਰਕੇ ਹੌਲੇ ਹੋ ਕੇ ਘਰ ਆ ਗਏ। ਉਸ ਨੂੰ ਹੂੰਗਰ ਜਿਹਾ ਮਾਰ ਕੇ ਨਾਲ ਬਿਠਾ ਲਿਆ ਇਸਨੇ।

‘ਯਾਰੀ ਹੋਵੇ ਤਾਂ ਇਹੋ ਜਿਹੀ, ਵੇਖੋ ਗੋਰਾ ਕਿੱਦਾਂ ਜੱਟ ਪਿੱਛੇ ਲਾਰਾਂ ਸੁੱਟਦਾ ਫਿਰਦਾ।‘ ਮਹਿਮਾਨਾਂ ‘ਚੋਂ ਕਿਸੇ ਨੇ ਟਿੱਪਣੀ ਕੀਤੀ।

‘ਬੜਾ ਕੂਲ਼ਾ ਹੈ ਪੋਲਾ ਜਿਹਾ! ਜਿਸ ਬੰਦੇ ਦੇ ਮੂੰਹ ਬੰਦੇ ਦਾ ਮਾਸ ਲੱਗ ਜਾਏ, ਉਸ ਫਿਰ ਜ਼ਨਾਨੀ ਵੱਲ ਕੀ ਤੱਕਣਾ ਹੈ।‘ ਦੂਸਰੇ ਦਾ ਪ੍ਰਤੀਕਰਮ ਬੰਬ ਵਾਂਗ ਫਟਿਆ।

ਮਾਸਟਰ ਰੂਮ ਵਿੱਚ ਮੇਰੇ ਬੈੱਡ ਤੇ ਪੈ ਗਏ ਦੋਵੇਂ ਬੇਸ਼ਰਮ! ਮੈਂ ਵਿਸ ਘੋਲਦੀ ਇਕੱਲੀ ਦੂਸਰੇ ਕਮਰੇ ‘ਚ ਜਾ ਪਈ। ਮੈਂ ਨਹੀਂ ਸੀ ਚਾਹੁੰਦੀ ਏਨੀ ਖੁਸ਼ੀ ਮਨਾ ਕੇ ਆਇਆ, ਹੁਣੇ ਉਤਾਰ ਦਿਆਂ। ਮੈਂ ਸੁਹਾਗਣ ਹੁੰਦੀ ਹੋਈ ਵੀ ਡੋਹਾਗਣਾਂ ਵਾਲੀ ਰਾਤ ਹੰਢਾਉਂਦੀ ਤਪਦੀ ਭੱਠੀ ‘ਚ ਪਈ ਉੱਸਲ-ਵੱਟੇ ਭੰਨਦੀ ਰਹੀ। ਮੈਂ ਜਿਗਰਾ ਕਰ ਕੇ ਉਸ ਦੀ ਬਾਂਹ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਇਕ ਨਵਾਂ ਨਾਸੂਰ ਮਨ ‘ਚ ਲੈ ਕੇ ਵਾਪਸ ਆ ਕੇ ਆਪਣੇ ਪਲੰਘ ਤੇ ਢਹਿ ਪਈ। ਉਹ ਦੋਵੇਂ ਅਲਫ਼ ਨੰਗੇ ਇਕ ਦੂਸਰੇ ਵਿੱਚ ਸਿਮਟੇ ਪਏ ਸਨ।

ਸਵੇਰੇ ਮੇਰੇ ਪੁੱਛਣ ਤੇ ਅੱਗ-ਬਗੋਲਾ ਹੋ ਕੇ ਅਜੇਹੇ ਸਲੋਕ ਮੇਰੇ ਪੱਲੇ ਪਾਏ ਰਹੇ ਰੱਬ ਦਾ ਨਾਮ…ਉਲਟਾ ਚੋਰ ਕੁਤਵਾਲ ਕੋ ਡਾਂਟੇ। ਤਰ੍ਹਾਂ ਤਰ੍ਹਾਂ ਦੇ ਗਾਲਾਂ ਸਲੋਕ ਮੇਰੀ ਝੋਲੀ ਪਾ ਕੇ ਤਾਹਨੇ ਮਿਹਣੇ ਮਾਰਦਾ ਮੇਰਾ ਅੱਗਾ ਪਿੱਛਾ ਨੌਲ਼ਦਾ ਖੰਜਰ ਕੱਢ ਲਿਆਇਆ।

ਉਹ ਆਪਣੇ ਬੀਤੇ ਦਾ ਵਹੀ ਖਾਤਾ ਬਣਾਉਂਦੀ ਆਪਣਾ ਹਿੱਸਾ ਲੱਭਣ ਲੱਗੀ। ਉਸ ਦਾ ਜੀ ਕੀਤਾ ਉਹ ਕਿਸੇ ਚੌਰਾਹੇ ਵਿੱਚ ਖਲੋ ਕੇ ਉੱਚੀ ਉੱਚੀ ਚਿਲਾਏ।

‘ਮੈਂ ਵਿਹਲੀ ਹਾਂ, ਮੈਂ ਆਵਾਰਾ ਹਾ, ਬਜ਼ਾਰੂ ਹਾਂ, ਬਦਮਾਸ਼ ਹਾਂ… ਮੈਨੂੰ ਲੈ ਜਾਏ ਜਿਸਦਾ ਜੀ ਕਰਦਾ, ਜਿੱਥੇ ਮਰਜ਼ੀ ਲੈ ਜਾਏ।‘

ਉਸ ਨੇ ਸੁਣਿਆ ਸੀ,

‘ਬੰਦਾ ਮੰਗੇ ਆਟਾ ਉਹਨੂੰ ਆਟੇ ਤੋਂ ਵੀ ਘਾਟਾ, ਜ਼ਨਾਨੀ ਮੰਗੇ ਪੇੜੇ ਉਹਨੂੰ ਦੇਣ ਵਾਲੇ ਬਥੇਰੇ।‘

ਇਸ ਕਹਾਵਤ ਨੂੰ ਪਰਖਣ ਤੇ ਅੰਜਾਮ ਦੇਣ ਲਈ ਵੀ ਅੱਜ ਉਹ ਆਖਰੀ ਫੈਸਲਾ ਕਰੀ ਬੈਠੀ ਸੀ।

ਉਸ ਨੇ ਇਕ ਕਦਮ ਹਾਈ-ਵੇਅ ਵੱਲ ਪੁੱਟਿਆ ਕਿ ਰੋਜ਼ ਦੀ ਅਜੇਹੀ ਕੁੱਤੇ-ਖਾਣੀ ਤੇ ਮਾਰ ਤੋਂ ਛੁਟਕਾਰਾ ਪਾਉਣ ਲਈ ਕਿਸੇ ਤੇਜ ਚਲਦੀ ਗੱਡੀ ਟਰੱਕ ਥੱਲੇ ਛਾਲ ਮਾਰ ਦੇਵੇ … ਕਿਸੇ ਦਰਿਆ ਸਮੁੰਦਰ ਵੱਲ ਕੂਚ ਕਰ ਦੇਵੇ।

‘ਨਹੀਂ ਨਹੀਂ! ਹਰਗਿਜ਼ ਨਹੀਂ, ਮੈਂ ਖੁਦਕੁਸ਼ੀ ਨਹੀਂ ਕਰਾਂ ਗੀ। ਇਹ ਜਿੰਦਗੀ ਮੇਰੀ ਹੈ, ਅਜਾਈਂ ਨਹੀਂ ਗਵਾਵਾਂ ਗੀ। ਪੁਲਸ ਕੋਲ ਜਾਵਾਂ ਗੀ…ਉਹਨੂੰ ਫੜਾਵਾਂ ਗੀ, ਅੰਦਰ ਕਰਾਵਾਂ ਗੀ।‘ ਉਸ ਦੇ ਅੰਦਰ ਅੰਤਾਂ ਦਾ ਜੋਸ਼ ਆ ਗਿਆ।

ਅਮਰੀਕਾ ਵਿੱਚ ਰਹਿ ਕੇ ਵੀ ਮੈਂ ਆਪਣੇ ਹੱਕ ਦੀ ਵਰਤੋਂ ਨਹੀਂ ਕੀਤੀ। ਦੁਰ-ਲਾਹਨਤ ਹੈ ਮੇਰੇ ਜਿਹੀ ਪੜ੍ਹੀ ਲਿਖੀ ਔਰਤ ਵਾਸਤੇ। ਮੈਨੂੰ ਚੰਗੀ ਤਰਾਂ ਪਤਾ ਹੈ, ਨੌਂ ਇਕ ਇਕ ਟੈਲੀਫੋਨ ਖੜਕਾਓ ਤੇ ਅਜੇਹੇ ਨਿਕੰਮੇ ਹਰਾਮੀ ਖਸਮਾਂ ਤੋਂ ਛੁਟਕਾਰਾ ਪਾਉ।

ਇਹਦਾ ਹੀ ਦੋਸਤ ਐਂਥੋਨੀ ਰੋਜ਼ ਆਪਣੀ ਤੀਵੀਂ ਨਾਲ ਝਗੜਦਾ, ਝਾੜ-ਝੰਬ ਤੇ ਮਾਰ ਕੁਟਾਈ ਕਰਦਾ ਰਹਿੰਦਾ ਸੀ। ਸਕੂਲ ਦੀ ਸਿਖਿਆ ਅਨੁਸਾਰ ਬੱਚਿਆਂ ਨੇ ਆਪਣੀ ਮੰਮੀ ਦੀ ਰੋਜ਼ ਦੀ ਇਹ ਦੁਰਦਸ਼ਾ ਵੇਖ ਕੇ ਇਹੀ ਨੰਬਰ ਘੁਮਾ ਦਿੱਤਾ। ਪੁਲਸ ਆ ਗਈ। ਫਿਰ ਲਿਲ੍ਹਕੜੀਆਂ ਕੱਢੇ ਹੁਣ ਮੈਨੂੰ ਛੁਡਾ… ਦੋਬਾਰਾ ਅਜੇਹਾ ਖਰੂਦ ਨਹੀਂ ਕਰਦਾ ਪਰ ਉਸ ਪਿਉ ਦੀ ਧੀ ਨੇ ਨੰਨਾ ਧਰ ਛੱਡਿਆ। ਹਾੜੇ ਕੱਢਦਾ ਵਾਸਤੇ ਪਾਉਂਦਾ ਉਨ੍ਹਾਂ ਲੰਮਾ ਪਾ ਲਿਆ ਤੇ ਮੁਸ਼ਕਾਂ ਬੰਨ੍ਹ ਕੇ ਲੈ ਗਏ। ਇੱਕ ਹਫ਼ਤਾ ਅੰਦਰ ਰਿਹਾ। ਘਰੇਲੂ ਹਿੰਸਾ ਦੇ ਦੋਸ਼ ਅਧੀਨ ਛੇ ਮਹੀਨੇ ਨੇਕ ਚੱਲਣੀ ਦੀ ਜ਼ਮਾਨਤ, ਛੇ ਮਹੀਨੇ ਆਪਣੀ ਹਦੂਦ ਤੋਂ ਬਾਹਰ ਨਾ ਜਾਣ ਦੀ ਬੰਦਿਸ਼, ਦੋ ਮਹੀਨੇ ਸਮਾਜ ਸੇਵਾ ਕਰਨ ਦੀ ਸਜ਼ਾ ਤੇ ਪੰਜ ਸੌ ਡਾਲਰ ਨਕਦ ਜੁਰਮਾਨਾ ਭੁਗਤਦਾ ਹੁਣ ਕਾਨੇ ਵਾਂਗ ਸਿੱਧਾ ਹੋਇਆ ਕੰਨਾਂ ਨੂੰ ਹੱਥ ਲਗਾਉਂਦਾ ਫਿਰਦਾ ਹੈ।

ਟੂੰ ਟੂੰ ਘੂੰ ਹੂਟਰ ਮਾਰਦੀ ਪੁਲਿਸ ਗੱਡੀ ਉਸ ਕੋਲ ਆ ਕੇ ਰੁਕ ਗਈ।

‘ਥੈਂਕ ਗੌਂਡ! ਇਹ ਆਪੇ ਹੀ ਟੱਕਰ ਗਏ ਨੇ। ਉਸ ਦੀ ਸ਼ਕਾਇਤ ਲਗਾਊਂ…ਮੈਂ ਹੁਣ ਬਿਲਕੁਲ ਨਹੀਂ ਟਲਣਾ।‘

ਸਿਪਾਹੀ ਉੱਤਰ ਕੇ ਉਸ ਵੱਲ ਝਪਟ ਪਏ। ਉਨ੍ਹਾਂ ਦੇ ਵਿੰਗੇ ਟੇਢੇ ਸ਼ਬਦਾਂ ਤੇ ਹੱਥਾਂ ਬਾਂਹਾਂ ਦੇ ਸੰਕੇਤ ਨਾਲ ਉਹ ਫ਼ੁੱਟ-ਪਾਥ ਤੇ ਲੰਮੀ ਪੈ ਗਈ। ਇੱਕ ਸਿਪਾਹੀ ਨੇ ਨੇੜੇ ਆ ਕੇ ਉਸਦਾ ਦੁਪੱਟਾ ਖਿੱਚ ਲਿਆ ਤੇ ਉਸੇ ਨਾਲ ਉਸ ਦੇ ਦੋਨੋਂ ਹੱਥ ਪਿੱਛੇ ਜਕੜ ਦਿੱਤੇ। ਉਸ ਦਾ ਮੂੰਹ ਸੁੰਘਿਆ ਤੇ ਪਰਸ ਫੋਲਿਆ ਸਾਰੀਆਂ ਪਰਤਾਂ ਉਧੇੜ ਕੇ। ਬੇਕਿਰਕੀ ਨਾਲ ਉਸ ਦੇ ਸਾਰੇ ਅੰਗ ਟੋਹ ਟੋਹ ਕੇ ਜਾਮਾ ਤਲਾਸ਼ੀ ਲਈ। ਕਈ ਕਿਸਮ ਦੇ ਉਲਟੇ ਸਿੱਧੇ ਸਵਾਲ ਪੁੱਛ ਕੇ ਉਸ ਦੇ ਪਹਿਲਾਂ ਹੀ ਕੁਰੇਦੇ ਹੋਏ ਜ਼ਖ਼ਮਾਂ ਤੇ ਨਮਕ ਛਿੜਕਣ ਲੱਗੇ।

‘ਮੈਂ ਕੋਈ ਚੋਰ, ਡਾਕੂ, ਆਤੰਕਵਾਦੀ, ਬਲੈਕੀਆ ਜਾਂ ਵੇਸਵਾ ਨਹੀਂ। ਮੈਂ ਇਕ ਇੱਜ਼ਤਦਾਰ ਘਰੇਲੂ ਔਰਤ ਹਾਂ। ਮੈਨੂੰ ਆਸਰਾ ਚਾਹੀਦਾ ਹੈ…ਆਈ ਨੀਡ ਸ਼ੈਲਟਰ…।‘

‘ਕਮ…ਵਿਦ ਮੀ… ਯੂ ਆਰ ਸਾਈਟਡ ਫਾਰ ਆਵਾਰਾ-ਗਰਦੀ ਐਂਡ ਟਰੈਫ਼ਿਕ ਵਿਘਨ ਪਾਉਣ ..ਹੈਜ਼ਰਡ।‘ ਹੋਰ ਕੁੱਝ ਕਹਿਣ ਤੋਂ ਪਹਿਲਾਂ ਹੀ ਜੰਗੀ ਕੈਦੀ ਵਾਂਗ ਮੁਸ਼ਕਾਂ ‘ਚ ਜਕੜੀ ਉਹ ਉਸ ਦੇ ਪਿੱਛੇ ਜਾ ਕੇ ਵੈਨ ਵਿੱਚ ਬੈਠ ਗਈ। ਵੈਨ ਚਲਦੀ ਚਲਦੀ ਕਿਸੇ ਪੁਰਾਣੇ ਮਾਡਲ ਦੇ ਖ਼ਸਤਾ ਜਿਹੇ ਝੌਂਪੜੀ-ਨੁਮਾ ਇਮਾਰਤ ਸਾਹਮਣੇ ਜਾ ਰੁਕੀ। ਪੁਲਸੀਏ ਦੇ ਇਸ਼ਾਰੇ ਨਾਲ ਉਹ ਵੀ ਪਿੱਛੇ ਪੌੜੀਆਂ ਚੜ੍ਹ ਗਈ।

ਦਰਵਾਜ਼ਾ ਖੁੱਲ੍ਹਦੇ ਹੀ ਪਿੰਜਰੇ ‘ਚ ਡੱਕੀਆਂ ਚਿੜੀਆਂ ਤੇ ਤੋਤਿਆਂ ਦੀਆਂ ਜ਼ਬਾਨਾਂ ਹਰਕਤ ਵਿੱਚ ਆਈਆਂ। ਤੋਤੇ ਨੇ ‘ਵੈਲਕਮ…ਵੈਲਕਮ‘ ਕਿਹਾ। ਇਕ ਹੋਰ ਪਿੰਜਰੇ ‘ਚ ਚੂਹਿਆਂ ਵਰਗੀਆਂ ਗਾਲੜੀਆਂ ਚੀਕਣ ਲੱਗੀਆਂ। ਚਿੜੀ ਚੀਂ ਚੀਂ ਕਰਦੀ ਕੋਈ ਨਿਵੇਕਲੀ ਜਿਹੀ ਭਾਸ਼ਾ ਬੋਲੀ ਜਿਵੇਂ ਕਹਿ ਰਹੀ ਹੋਵੇ,

‘ਨਿਕਲ ਜਾ…ਨਿਕਲ ਜਾ।‘

‘ਕੀ ਪੁੱਛਣ ਗੇ ਮੈਨੂੰ? ਬੜੇ ਹਰਾਮੀ ਲਫੰਗੇ ਹੁੰਦੇ ਨੇ ਇਹ! ਕਹਿੰਦੇ ਸੁੱਥਣ ‘ਚ ਚੂਹੇ ਚੜ੍ਹਾਉਂਦੇ ਨੇ, ਬਿਜਲੀ ਦੇ ਮਿੱਠੇ ਝਟਕੇ ਦਿੰਦੇ ਨੇ, ਬੇਹੋਸ਼ੀ ਦੇ ਟੀਕੇ ਲਾ ਕੇ ਪਤਾ ਨਹੀਂ ਕੀ ਕੀ ਕੁਕਰਮ ਕਰਦੇ ਨੇ। ਮੱਥੇ ਤੇ ਯੰਤਰ ਲਾ ਕੇ ਦਿਮਾਗ ‘ਚੋਂ ਝੂਠ ਸੱਚ ਦਾ ਨਿਸਤਾਰਾ ਕਰ ਲੈਂਦੇ ਨੇ। ਇਹ ਜਾਨਵਰ ਤੇ ਪੰਛੀ ਵੀ ਇਸੇ ਕੰਮ ਲਈ ਰੱਖੇ ਹੋਣਗੇ…। ਚੱਲ ਮੈਨੂੰ ਕੀ! ਜਿਨ੍ਹਾਂ ਖਾਧੀਆਂ ਗਾਜਰਾਂ ਉਨ੍ਹਾਂ ਦੇ ਢਿੱਡ ਪੀੜ।‘ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ‘ਚ ਡੁੱਬੀ ਉਹ ਆਪਣੀ ਆਉਣ ਵਾਲੀ ਹੋਣੀ ਦੀ ਕਿਆਸ ਕਰਨ ਲੱਗੀ।

‘ਯੂ ਆਰ ਵੈਰੀ ਸੇਫ ਹੀਰ… ਡੌਂਟ ਵਰੀ! ਤੂੰ ਬਹੁਤ ਚੰਗੀ ਔਰਤ ਜਾਪਦੀ ਹੈ, ਮੈਂ ਤੇਰੀ ਜ਼ਮਾਨਤ ਦੇ ਦਿੱਤੀ ਹੈ।‘ ਸਿਪਾਹੀ ਨੇ ਉੱਪਰ ਹਵਾ ਵਿੱਚ ਸਿਗਰਟ ਦਾ ਧੂੰਆਂ ਸੁੱਟ ਕੇ ਉਸ ਨੂੰ ਸਿਗਰਟ ਪੇਸ਼ ਕੀਤੀ ਜਿਵੇਂ ਸ਼ਿਕਾਰ ਨੂੰ ਦਾਣਾ ਪਾਉਂਦਾ ਹੋਵੇ।

ਕਿਸੇ ਨੂੰ ਫੋਨ ਕਰਦਾ ਕੁਝ ਦੱਸ ਰਿਹਾ ਸੀ, ਜਿਸ ਦਾ ਮਤਲਬ ਜਿਵੇਂ ਉਹ ਸਮਝੀ, ਦੋ ਚਾਰ ਹੋਰ ਮੁਲਾਜ਼ਮ ਉਸ ਦੀ ਰਾਤਰੀ ਸੇਵਾ ਲਈ ਆਉਣ ਵਾਲੇ ਸਨ। ਉਸ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਦਾਲ ਵਿੱਚ ਕੁਝ ਕਾਲਾ ਹੀ ਨਹੀਂ ਸਗੋਂ ਕਿੰਨ੍ਹੇ ਸਾਰੇ ਕੋੜਕੂ ਵੀ ਹਨ ਜੋ ਚੱਬਣੇ ਪੈਣੇ ਨੇ। ਉਹ ਸੱਚੀਂ ਮੁਚੀ ਗਲਤ ਠਿਕਾਣੇ ਪਹੁੰਚ ਗਈ ਸੀ। ਉਸ ਨੇ ਆਸੇ ਪਾਸੇ ਵੇਖਿਆ। ਦੌੜਨ ਦਾ ਰਸਤਾ ਲੱਭਣ ਲੱਗੀ।

‘ਇਧਰ ਆਪ ਕਾ ਸੈੱਲ ਹੈ…ਬੀ ਰੀਲੈੱਕਸ।‘

‘ਨਹੀਂ! ਮੁੜੇ ਛੋੜ ਦੋ… ਮੈਂ ਘਰ ਜਾਣਾ ਹੈ।‘

‘ਇਤਨੀ ਭੀ ਕਿਆ ਜਲਦੀ ਹੈ, ਘਰ ਸੇ ਹੀ ਤੋ ਆਈ ਹੋ। ਰਾਤ ਹਮਾਰੇ ਪਾਸ ਰਹੋ, ਸੁਭਾ ਕੋਰਟ ਸੇ ਪੱਕੀ ਜ਼ਮਾਨਤ ਕਰਾ ਕੇ ਮੈਂ ਜਹਾਂ ਕਹੋ ਛੋੜ ਆਊਂ ਗਾ। ਔਰ ਕਿਸੀ ਕੋ ਫੋਨ ਕਰਨਾ ਚਾਹਤੀ ਹੋ ਤੋ ਕਰ ਲੋ।‘

‘ਮੇਰਾ ਕੋਈ ਫੋਨ ਕਰਨ ਵਾਲਾ ਜਾਂ ਹਮਦਰਦ ਬਣਾਇਆ ਹੁੰਦਾ ਤਾਂ ਮੈਂ ਇੱਥੇ ਤੇਰੇ ਵਰਗੇ ਕੁੱਤਿਆਂ ਦੇ ਪੱਲੇ ਕਿਉਂ ਪੈਂਦੀ.. ।‘ ਮਨ ਹੀ ਮਨ ਵਿੱਚ ਉਸ ਨੇ ਗੁੱਸਾ ਥੁੱਕਦੇ ਨਾਂਹ ਵਿਚ ਸਿਰ ਫੇਰਿਆ।

‘ਆਓ ਮੇਰੇ ਸਾਥ … ਮੇਰੇ ਨੇੜੇ ਆਉ।‘ ਉਸ ਨੇ ਬੋਤਲ ਫੜਦੇ ਇਸ਼ਾਰਾ ਕੀਤਾ।

‘ਨਹੀਂ ਐਸਾ ਨਹੀਂ… ਆਪ ਤੋ ਹਮਾਰੀ ਸੁਰੱਕਸ਼ਾ ਕੇ ਲਿਏ ਹੈਂ।‘ ਉਸ ਨੇ ਆਪੱਤੀ ਜ਼ਾਹਰ ਕੀਤੀ।

‘ਮੈਂ ਸੁਰੱਕਸ਼ਾ ਹੀ ਤੋ ਕਰ ਰਹਾ ਹੂੰ। ਮੈਂ ਸਿਪਾਹੀ ਜਰੂਰ ਹੂੰ ਪਰ ਸਾਥ ਮਰਦ ਭੀ ਤੋ ਹੂੰ…ਔਰ ਮਰਦ ਕੇ ਸਾਮ੍ਹਣੇ ਜਬ ਤੇਰੇ ਜੈਸੀ ਹੁਸੀਨ ਔਰਤ ਆ ਜਾਤੀ ਹੈ ਤੋ ਯਹ ਚੰਚਲ ਮਨ ਡੋਲ ਜਾਤਾ ਹੈ। ਫਿਰ ਨੌਕਰੀ ਕੀ ਕੌਣ ਪ੍ਰਵਾਹ ਕਰਤਾ ਹੈ। ਆਓ ਦੋ ਚਾਰ ਮਿੰਟ ਫੁਰਸਤ ਕੇ ਆਨੰਦ ਲੈ ਲੇਂ। ਨੌਕਰੀ ਉਤਾਰ ਕੇ ਮੈਂ ਕਿੱਲੀ ਨਾਲ ਟੰਗ ਦਿੱਤੀ ਹੈ।‘ ਕੰਧ ਵੱਲ ਉਂਗਲ ਕਰਦਾ ਉਹ ਉਸ ਵੱਲ ਅਹੁਲਿਆ।

‘ਨੋ ਮੈਨ ਬਾਥਰੂਮ……।‘ ਸ਼ੈਤਾਨ ਸ਼ਿਕਾਰੀਆਂ ਦੇ ਜਾਲ ‘ਚ ਫਸੀ ਘੁੱਗੀ ਵਾਂਗ ਉਹ ਫੜਫੜਾਈ।

‘ਯਾ ਯਾ ਮੱਸਟ ਗੋ…।‘ ਉਸ ਦੀ ਰਜ਼ਾਮੰਦੀ ਸਮਝ ਕੇ ਇਕ ਹਾੜਾ ਅੰਦਰ ਸੁੱਟਦੇ ਉਹ ਹੈਵਾਨ ਹੋ ਗਿਆ।

‘ਜਬ ਵੋਹ ਆ ਗਏ ਤੋ ਮੇਰਾ ਨੰਬਰ ਕਹਾਂ ਆਏ ਗਾ।‘ ਬੁੜਬੁੜਾਉਂਦੇ ਇਕ ਹੋਰ ਤਕੜਾ ਪੈੱਗ ਡਕਾਰ ਲਿਆ।

‘ਕਾਸ਼ ਮੇਰੇ ਹੱਥ ਇਹ ਰੀਵਾਲਵਰ ਆ ਜਾਏ, ਪਹਿਲਾਂ ਇਸ ਨੂੰ ਚਿੱਤ ਕਰਾਂ ਤੇ ਫਿਰ ਉਸ ਨੂੰ ਜਾ ਕੇ ਨੋਕ ਦਿਖਾ ਕੇ ਈਨ ਮਨਾਵਾਂ।‘

ਕੰਧ ਨਾਲ ਲਟਕਦਾ ਰੀਵਾਲਵਰ ਉਸ ਦੀ ਨਜ਼ਰੀਂ ਚੜ੍ਹਿਆ।

‘ਪਲੀਜ਼! ਸ਼ਾਵਰ..ਹੈਲਪ!‘ ਉਸ ਬਾਹਰ ਆ ਕੇ ਮਦਦ ਮੰਗੀ।

‘ਸ਼ੁਅਰ!‘…।‘ ਉਹ ਉੱਠ ਕੇ ਰੈੱਸਟ ਰੂਮ ਅੰਦਰ ਜਾ ਕੇ ਉੱਪਰ ਥੱਲੇ ਹੱਥ ਮਾਰਦਾ ਟੂਟੀ ਚਲਾਉਣ ਲੱਗਾ। ਫੁਰਤੀ ਵਿੱਚ ਬਾਥਰੂਮ ਦਾ ਬਾਹਰੋਂ ਬੋਲਟ ਲਗਾ ਕੇ ਰੀਵਾਲਵਰ ਨੇਂਘ ‘ਚ ਅੜੁੰਗਦੀ ਉਹ ਬਰਾਂਡੇ ਤੇ ਫਿਰ ਬਾਹਰ ਵਾਲਾ ਅਰਲ ਲਗਾ ਕੇ ਪੌੜੀਆਂ ਉੱਤਰ ਗਈ।

ਬਿਰਖਾਂ ਦੇ ਝੁੰਡ ਦੇ ਹਨੇਰੇ ਵਿੱਚੋਂ ਲੁਕਦੀ ਛਿਪਦੀ ਬਾਹਰ ਸੁੰਨਸਾਨ ਜਿਹੀ ਜਗ੍ਹਾ ਪਹੁੰਚੀ। ਥੋੜੀ ਦੇਰ ਵਿੱਚ ਇਕ ਕਾਰ ਆਉਂਦੀ ਦਿੱਸੀ। ਉਸ ਅੱਗੇ ਹੋ ਕੇ ਹੱਥ ਜੋੜੇ।

‘ਕਹਾਂ ਜਾਓ ਗੀ ਛੋਹਰੀ! ਵਿਅਰ ਟੂ ਗੋ?‘ ਚਾਲਕ ਨੇ ਉਸ ਦੀ ਤਰਸਯੋਗ ਹਾਲਤ ਵੇਖ ਕੇ ਹਮਦਰਦੀ ਦਾ ਇਜ਼ਹਾਰ ਕੀਤਾ। ਉਰਦੂ ਹਿੰਦੀ ਅੰਗਰੇਜ਼ੀ ਦਾ ਮਿਲਗੋਭਾ ਤਿਰਚੌਲੀ ਸੁਣ ਕੇ ਉਹ ਕੁੱਝ ਸੰਭਲੀ। ਮੂੰਹ ਤੇ ਦਾੜ੍ਹੀ ਤੇ ਸਿਰ ਤੇ ਕੁੱਲਾ ਵੇਖ ਕੇ ਜਾਪਿਆ ਜਿਵੇਂ ਪ੍ਰਭੂ ਨੇ ਉਸ ਦੀ ਡੁੱਬਦੀ ਬੇੜੀ ਪਾਰ ਕੰਢੇ ਲਗਾਉਣ ਲਈ ਹੀ ਕੋਈ ਮਲਾਹ ਭੇਜ ਦਿੱਤਾ ਹੈ।

ਉਸ ਦੇ ਜੁਆਬ ਤੋਂ ਬਗ਼ੈਰ ਹੀ ਤਾਕੀ ਖੋਲ੍ਹ ਕੇ ਚੜ੍ਹ ਗਈ।

‘ਮੈਂ ਸੈਨ ਮੈਟਯੂ ਜਾਣਾ ਹੈ ਬਾਬਾ ਜੀ।‘

‘ਇਤਨੀ ਦੇਰ! ਇਸ ਵੇਲੇ ਬੇਮੌਕਾ ਘਰ ਸੇ ਕਿਉਂ ਨਿਕਲੀ ਹੋ ਬੇਟਾ? ਕਹਾਂ ਕਾਮ ਕਰਦੀ ਹੋ? ਆਪ ਕਾ ਸਾਥੀ ? ਕਾਰ? ਕਿਆ ਮਾਮਲਾ ਹੈ।‘

ਉਸ ਨੇ ਆਪਣੇ ਰਿਅਰ ਮਿਰਰ ਦੀ ਫੋਕੱਸ ਉਸ ਦੇ ਮੂੰਹ ਵੱਲ ਕੇਂਦਰਤ ਕਰ ਲਈ ਜਿਵੇਂ ਉਹ ਉਸ ਅੰਦਰ ਉੱਠ ਰਹੇ ਤਨਾਓ ਭਰਪੂਰ ਤੂਫਾਨ ਤੇ ਮੱਚ ਰਹੇ ਲਾਵੇ ਦੀ ਗਾਥਾ ਪੜ੍ਹ ਰਿਹਾ ਹੋਵੇ। ਉਹ ਬਿੱਲੀ ਸਾਹਮਣੇ ਕਬੂਤਰ ਵਾਂਗ ਅੱਖਾਂ ਮੀਟੀ ਆਪਣੀ ਜਿੰਦਗੀ ਦੇ ਪਲ ਪਲ ਨਿੱਘਰ ਰਹੇ ਹਾਲਾਤ ਬਾਰੇ ਚਿੰਤਤ ਆਪਣੇ ਪਿੱਛੇ ਦੌੜਦੀਆਂ ਪੁਲਸ ਜੀਪਾਂ ਦੇ ਹੂਟਰਾਂ ਦੀ ਬਿੜਕ ਲੈਂਦੀ ਰਹੀ।

‘ਕਿਤਨੇ ਬੱਚੇ ਹੈਂ ਆਪ ਕੇ…?‘

‘ਕੋਈ ਨਹੀਂ…।‘

ਕਾਰ ਪਹਾੜਾਂ ਵਿੱਚ ਘਿਰੀ ਇਕ ਝਿਲਮਿਲ ਕਰਦੇ ਹੋਟਲ ਦੇ ਬਾਹਰ ਰੁਕੀ।

‘ਯਹ ਕੌਣ ਸਾ ਸਟੇਸ਼ਨ ਹੈ ਬਾਬਾ ਜੀ? ਮੈਂ ਆਪਣੇ ਘਰ ਵਾਪਸ ਜਾਊਂ ਗੀ। ਮੁੜੇ ਉੱਧਰ ਛੋੜ ਆਉ…।‘

ਅਜਨਬੀ ਬੁੱਲ੍ਹਾਂ ਨੂੰ ਉਂਗਲ ਛੁਹਾਉਂਦਾ ਚੁੱਪ ਦਾ ਇਸ਼ਾਰਾ ਕਰਕੇ ਕਾਊਂਟਰ ਦੇ ਸਾਹਮਣੇ ਜਾ ਕੜ੍ਹ ਹੋਇਆ। ਪੌੜੀਆਂ ਚੜ੍ਹ ਕੇ ਕਮਰਾ ਨੰਬਰ ਚਾਰ! ਉਸ ਦੇ ਹਿੱਸੇ ਆਇਆ। ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ।

ਸਵੀਟੀ ਨੇ ਅੱਗੇ ਖਤਰਾ ਭਾਂਪ ਕੇ ਹਥਿਆਰ ਟਟੋਲਿਆ।

‘ਜਿੰਨਾ ਚਿਰ ਸਰੀਰ ‘ਚ ਸਾਹ ਸੱਤ ਕੈਮ ਹੈ, ਉਤਨਾ ਚਿਰ ਕੌਣ ਕੋਈ ਮਾਂ ਦਾ ਲਾਲ ਹੱਥ ਲਾ ਜੂ!‘

ਰੈੱਸਟ ਰੂਮ ‘ਚ ਨੇਂਘ ਚੋਂ ਕੱਢ ਕੇ ਹਥਿਆਰ ਪਲੋਸਿਆ। ਦੇਖਿਆਂ ਤਿੰਨ ਗੋਲੀਆਂ ਸਨ। ਤਿਆਰ ਬਰ ਤਿਆਰ ਹੋ ਕੇ ਬੈਗ ‘ਚ ਸਾਂਭ ਲਿਆ।

ਮੇਜ਼ਬਾਨ ਨੇ ਹਾੜਾ ਪਾਇਆ ਤੇ ਉਸ ਨੂੰ ਪੇਸ਼ ਕੀਤਾ। ਇਨਕਾਰ ਕਰਨ ਤੇ,

‘ਸੌਰੀ! ਮੁਆਫ਼ ਕਰਨਾਂ।‘ ਜਿਵੇਂ ਆਗਿਆ ਮੰਗਦਾ ਹੋਵੇ।

ਉਸ ਨੇ ਸਿਗਰਟ ਦਾ ਇੱਕ ਡੂੰਘਾ ਸੂਟਾ ਭਰਿਆ ਤੇ ਮਹਿਮਾਨ ਦੇ ਮੂੰਹ ਵੱਲ ਖਿਲਾਰ ਦਿੱਤਾ। ਉਹ ਚੁੱਪ-ਚੁਪੀਤੀ ਸਹਿਮੀ ਦੜੀ ਰਹੀ।

ਸਵੇਰੇ ਉੱਠੀ, ਇੱਧਰ ਉੱਧਰ ਉੱਪਰ ਨੀਚੇ ਵੇਖਿਆ, ਮੈਂ ਕਿੱਥੇ ਹਾਂ?

ਰਾਤ ਵਾਲਾ ਸੀਨ ਸੁਪਨੇ ਵਾਂਗ ਉਜਾਗਰ ਹੋਇਆ। ਉਹ ਕੁੱਲੇ ਵਾਲਾ! ਨੇੜੇ ਤੇੜੇ ਨਹੀਂ ਸੀ। ਉਹ ਲੁੱਟੀ ਗਈ! ਠੱਗੀ ਜਾ ਚੁੱਕੀ ਸੀ। ਵਹਿਸ਼ੀ ਦਰਿੰਦੇ ਨੇ ਖੋਰੇ ਕੀ ਪਿਲਾ ਦਿੱਤਾ, ਏਨੀ ਬੇਹੋਸ਼ ਹੋ ਗਈ। ਜਿਹੜਾ ਬੇਸੁਰਤੀ ਦਾ ਟੀਕਾ ਉਹ ਪੁਲਸੀਆ ਨਹੀਂ ਲਾ ਸਕਿਆ ਇਸ ਨੇ ਲਾ ਦਿੱਤਾ। ਹਥਿਆਰ ਵਰਤਣ ਦਾ ਮੌਕਾ ਹੀ ਨਹੀਂ ਮਿਲਿਆ। ਆਪਣਾ ਪਰਸ ਟੋਹਿਆ, ਠੀਕ ਠਾਕ ਸੀ ਸਾਰੇ ਦਾ ਸਾਰਾ ਸਾਲਮ ਸਬੂਤਾ।

ਤਿੰਨ ਗੋਲੀਆਂ ਪੂਰੀਆਂ ਦੀਆਂ ਪੁਰੀਆਂ ਹਰੀ ਕੈਮ ਸਨ… ਇਕ ਰੋਗਰ ਵਾਸਤੇ…ਦੂਸਰੀ ਮਾਈਕਲ ਵਾਸਤੇ ਤੇ ਤੀਸਰੀ ਇਹਦੇ ਲਈ ਜੋ ਹੁਣੇ ਹੀ ਸਬੱਬ ਨਾਲ ਇਸ ਹਮਾਮ ‘ਚ ਰਲਿਆ ਹੈ।

ਉਸ ਨੇ ਫੈਸਲਾ ਕਰ ਲਿਆ। ਅਜਨਬੀ ਜਾ ਚੁੱਕਾ ਸੀ।

ਫੋਨ ਘੰਟੀ ਮਾਰ ਕੇ ਯਾਤਰੂ ਰਜਿਸਟਰ ਮੰਗਵਾਇਆ।

‘ਕਿਦਾਰ ਅਹਿਮਦ…ਬੇਗਮ ਨੂਰਾਂ..ਲਾਸ ਏਂਜਲ਼ਜ਼।‘ ਦਾ ਸਰਨਾਵਾਂ ਮਨ ਦੇ ਖ਼ਾਨੇ ‘ਚ ਸੰਭਾਲ ਲਿਆ…ਇੱਕ ਰਾਤ ਵਿੱਚ ਹੀ ਉਹ ਬੇਗਮ ਬਣ ਗਈ ਸੀ।

‘ਓ ਕੇ….ਓ ਕੇ.. ਬੈਂਕ ਯੂ।‘ ਉਸ ਨੇ ਬੈਰੇ ਨੂੰ ਤੋਰ ਦਿੱਤਾ।

ਟੇਬਲ ਤੇ ਇੱਕ ਕਾਗ਼ਜ਼ ਦਾ ਟੁਕੜਾ ਪਿਆ ਸੀ।

‘ ਬੀਬਾ ਜੀ! ਮੈਂ ਤੇਰੇ ਮਨ ਦੀ ਇਬਾਰਤ ਪੜ੍ਹ ਲਈ ਹੈ। ਤੈਨੂੰ ਬੇਅਰਾਮੀ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕੀਤੀ। ਇਹ ਇੱਕ ਸੌ ਡਾਲਰ ਰੱਖ ਰਿਹਾ ਹਾਂ, ਜਿੱਥੇ ਵੀ ਹੋਵੇ ਕੈਬ ਲੈ ਕੇ ਆਪਣੇ ਘਰ ਪਹੁੰਚ ਜਾਈਂ। ਸਮੁੰਦਰ ਦੀਆਂ ਲਹਿਰਾਂ ਨਾਲ ਸਾਂਝ ਬਿਲਕੁਲ ਨਾ ਪਾਈਂ। ਇਹ ਜਿੰਦਗੀ ਦੂਸਰੀ ਵਾਰ ਨਹੀਂ ਮਿਲਨੀ। ਇਹ ਤਿੰਨ ਪੁੜੀਆਂ ਪਈਆਂ ਨੇ। ਇੱਕ ਗੋਲੀ ਆਪ ਖਾ ਲਵੀ ਹੁਣੇ ਹੀ, ਦੂਸਰੀ ਆਪਣੇ ਪਤੀ ਨੂੰ ਖੁਆ ਦੇਵੀ ਤੇ ਤੀਸਰੀ ਤੀਸਰੀ ਧਿਰ ਨੂੰ ਘੋਲ ਕੇ ਪਿਲਾ ਦੇਵੀ।‘

ਇਹ ਤਾਂ ਸੱਚਮੁੱਚ ਹੀ ਕੋਈ ਜਾਦੂਗਰ ਸੀ, ਪਹੁੰਚਿਆ ਹੋਇਆ ਨਜੂਮੀ ਮਸੀਹਾ ਜਿਸ ਨੇ ਮੇਰੇ ਮਨ ਦੀਆ ਸਾਰੀਆਂ ਬੁਝਾਰਤਾਂ ਬੁੱਝ ਲਈਆਂ।

ਦੌੜ ਕੇ ਬਾਹਰ ਨਿਕਲੀ ਸ਼ਾਇਦ ਉਹ ਮਿਲ ਜਾਏ ਪਰ ਵਿਅਰਥ।

ਸ਼ੀਸ਼ੇ ਵਿੱਚੋਂ ਦਿਸਦਾ ਦੂਰ ਤੱਕ ਸਮੁੰਦਰ! ਉੱਚੀਆਂ ਉੱਚੀਆਂ ਛੱਲਾਂ ਉਸ ਦੀ ਲੌਂਜ ਨੇੜੇ ਕੰਢੇ ਨੂੰ ਆ ਕੇ ਵੱਜਦੀਆਂ ਅਠਖੇਲੀਆਂ ਕਰ ਰਹੀਆਂ ਸਨ, ਜਿਵੇਂ ਸ਼ੀਸ਼ਾ ਚੁੰਮ ਕੇ ਅੰਦਰ ਲੰਘ ਕੇ ਉਸ ਨਾਲ ਇੱਕ ਮਿੱਕ ਹੋਣ ਲਈ ਕਾਹਲ਼ੀਆਂ ਹੋਣ। ਇਹ ਸੁੰਦਰ ਰੁਮਾਂਚਕਾਰੀ ਮੰਜ਼ਿਰ ਉਸ ਨੂੰ ਬੀਤੇ ਕੱਲ੍ਹ ਦੇ ਡਰਾਉਣੇ ਡਰਾਮੇ ਦੀ ਯਾਦ ਤਾਜ਼ਾ ਕਰਾ ਕੇ ਮਨ ਵਿੱਚ ਖੋਰੂ ਮਚਾਉਣ ਲੱਗਾ।

‘ਰੋਗਰ ਦੀ ਜਦ ਲੱਥੀ ਤਾਂ ਹੋਸ਼ ਆਊ…ਉਹ ਮੇਰੀ ਤਲਾਸ਼ ਕਰਦਾ ਦਰ ਦਰ ਠੋਕਰਾਂ ਖਾਂਦਾ ਹਫਿਆਂ ਫਿਰਦਾ ਹੋਊ ਵਿਚਾਰਾ। ਪੁਲਸ ਮੇਰੀ ਤਲਾਸ਼ ਕਰਦੀ ਆਉਂਦੇ ਜਾਂਦੇ ਵਾਹਣਾਂ ਦੀ ਫੋਲਾ-ਫ਼ਾਲੀ ਕਰ ਰਹੀ ਹੋਵੇ ਗੀ। ਕਿੱਲੀ ਨਾਲ ਟੰਗੀ ਨੌਕਰੀ ਸੀਖਾਂ ਅੰਦਰ ਬੰਦ ਪਛਤਾਵਾ ਕਰ ਰਹੀ ਹੋਵੇ ਗੀ। ਪੁਲਸ ਮੇਰੀ ਭਾਲ ‘ਚ ਰੋਗਰ ਨੂੰ ਕਬਜ਼ੇ ‘ਚ ਕਰ ਕੇ ਤਸ਼ੱਦਦ ਕਰਦੀ ਉਸ ਦੇ ਚੱਡੇ ਪਾੜਦੀ ਹੋਵੇਗੀ। ਮੈਨੂੰ ਜਾ ਕੇ ਆਪ ਪੇਸ਼ ਹੋ ਕੇ ਉਸ ਨੂੰ ਛੁਡਾਉਣਾ ਚਾਹੀਦਾ ਹੈ।‘ ਇਕ ਇਲਹਾਮ ਉਸ ਦੇ ਚੇਤ-ਅਚੇਤ ਮਨ ਨੂੰ ਪੱਛਦਾ ਰਿਹਾ।

‘ਗੱਲ ਪਈ ਸਲਾਹੀਂ ਉਹ ਵੀ ਗਈ, ਰੰਨ ਪਈ ਰਾਹੀਂ ਉਹ ਵੀ ਗਈ।‘ ਸਕੂਲ ਦਾ ਪੜ੍ਹਾਇਆ ਮੁਹਾਵਰਾ ਅੱਜ ਚੰਗੀ ਤਰ੍ਹਾਂ ਉਸ ਦੀ ਸਮਝ ਵਿੱਚ ਆਇਆ।

‘ਐਕਸਕਯੂਜ਼ ਮੀ ਪਲੀਜ਼!‘… ਯੂਅਰ ਫੋਨ?‘ ਉਸ ਝਕਦੀ ਨੇ ਇਕ ਨਵੇਂ ਜੋੜੇ ਤੋਂ ਸੈੱਲ ਫੋਨ ਲਿਆ ਤੇ ਰੋਗਰ ਦਾ ਨੰਬਰ ਘੁਮਾ ਦਿੱਤਾ। ਮਾਈਕਲ ਨੇ ਉਠਾਇਆ।

‘ਗਿਵ ਇਟ ਟੂ ਰੋਗਰ।‘

ਉਸ ਨੇ ਰੁੱਖਾ ਜਿਹਾ ਲਹਿਜਾ ਵਰਤਿਆ। ਇਹੀ ਹਰਾਮ ਦਾ ਬੀ! ਉਸ ਦਾ ਪੀ ਏ ਬਣਿਆ ਫਿਰਦਾ… ਉਹਦੀਆਂ ਬੇੜੀਆਂ ਵਿੱਚ ਵੱਟੇ ਰੱਖ ਰਿਹਾ ਹੈ।

‘ ਹੈਲੋ ਭਾਬੀ ਜੀ! … ਰੋਗਰ? ਉਹ ਕੱਲ੍ਹ ਕਾ ਆਪ ਕੇ ਪੀਛੇ ਗਿਆ ਵਾਪਸ ਨਹੀਂ ਆਇਆ।‘

ਮਾਈਕਲ ਦੇ ਹਟਕੋਰਿਆਂ ਤੇ ਹਿਚਕੀਆਂ ਨੇ ਸਵੀਟੀ ਨੂੰ ਹੋਰ ਗਮਗੀਨੀਆਂ ਦੇ ਤੁਫਾਨ ਵਿੱਚ ਘਸੋੜ ਦਿੱਤਾ। ਉਹ ਬਹੁਤ ਘਬਰਾਇਆ ਹੋਇਆ ਜਾਰ ਜਾਰ ਰੋ ਰਿਹਾ ਸੀ।

ਕਿੰਨਾ ਭੋਲਾ ਜਿਹਾ ਮਾਸੂਮ ਮੁੰਡਾ ਹੈ ਇਹ। ਜੇ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਬਾਣੀਏ ਨੂੰ ਕੀ ਦੋਸ਼।

‘ਆਈ ਅ ਮ….ਇਨ ‘ਪੈਰੀਮੈਂਟ ਗਲੈਮਰ…80 ਮੀਲ ਦੇ ਫਾਸਲੇ ਤੇ ਲਾਸ ਏਂਜਲ ਫਰੀਵੇ ਤੇ। ਟੇਲ ਹਿਮ …ਇਫ ਹੀ ਨੀਡ ਮੀ।‘

‘ਬੈਂਕਸ!‘ ਆਪਣੀ ਅੰਦਰਲੀ ਪੀੜ ਛੁਪਾਉਂਦੇ ਫੋਨ ਵਾਪਸ ਕਰਕੇ ਧੰਨਵਾਦ ਕੀਤਾ।

ਆਪਣੀ ਕਾਰ ਦੂਰੋਂ ਪਛਾਣ ਕੇ ਉਹ ਬਹੁਤ ਖੁਸ਼ ਹੋਈ। ਉਹ ਪਿਛਲ ਪਾਸੇ ਪੱਥਰ ਤੇ ਉਹਲੇ ਬੈਠ ਕੇ ਲਹਿਰਾਂ ਦੀ ਲੁਕਣ-ਮੀਟੀ ਵੇਖਣ ਲੱਗੀ।

‘ਰੋਗਰ ਆਪੇ ਆ ਕੇ ਟੋਲਦਾ ਤਰਲੋ ਮੱਛੀ ਹੋਵੇਗਾ। ਮੈਨੂੰ ਬੁਲਾਏ ਗਾ… ਮਨਾਏ ਗਾ… ਮੈਂ ਭਾਰਾਂ ਤੇ ਪਵਾਂਗੀ। ਨੱਕ ਨਾਲ ਲਕੀਰਾਂ ਕਢਾਵਾਂ ਗੀ।‘ ਮੁਕਲਾਵੇ ਦੀ ਇੰਤਜ਼ਾਰ ਵਾਂਗ ਉਸ ਦਾ ਦਿਲ ਟੋਟੇ ਟੋਟੇ ਹੋ ਕੇ ਧੜਕਿਆ। ਕਿੰਨੇ ਚਿਰ ਦੀ ਇੰਤਜ਼ਾਰ ‘ਚ ਕੋਈ ਨਾ ਬਹੁੜਿਆ। ਉਹ ਫੇਰ ਬਾਹਰ ਨਿਕਲੀ। ਸ਼ਾਇਦ ਕਾਰ ਅੱਗੇ ਨਿਕਲ ਗਈ ਸੀ…ਵਾਪਸੀ ਆਉਂਦੀ ਦਿਸੀ। ਇਕੱਲਾ ਮਾਈਕਲ ਨਿਕਲਿਆ ਬੜਾ ਘਬਰਾਇਆ ਹੋਇਆ। ਉਹ ਬਹੁਤ ਬੇਸਹਾਰਾ ਹਾਰਿਆ ਜਿਹਾ ਰੋ ਰੋ ਕੇ ਅੱਖਾਂ ਸੁਜਾ ਰਿਹਾ ਸੀ।

‘ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ!‘ ਪੀੜਾਂ ਦੀ ਦੂਜੀ ਪੰਡ ਸਾਹਮਣੇ ਸੀ।

ਦੋਹਾਂ ਦੀਆਂ ਨਜ਼ਰਾਂ ਰੋਗਰ ਦੀ ਤਲਾਸ਼ ਵਿਚ ਇੱਧਰ ਉੱਧਰ ਭਟਕ ਰਹੀਆਂ ਸਨ ਪਰ ਉਹ ਅੱਜ ਬਹੁਤ ਮਹਿੰਗਾ ਦੁਰਲੱਭ ਹੋ ਗਿਆ ਸੀ।

‘ਬਾਬ੍ਹੀ ਜੀ! ਉਸ ਕੀ ਮਦਦ ਕਰੋ। ਹੀ ਨੀਡ ਯੂਅਰ ਹੈਲਪ… ਕਹੀਂ ਕੋਈ ਗ਼ਲਤ ਕਦਮ ਨਾ ਉਠਾ ਲਏ। ਆਪ ਮੁੜ ਜਾਈਏ ਭਾਬੀ ਜੀ ਵੋਹ ਫੇਰ ਨਹੀਂ ਲੜਦਾ ਆਪ ਕੇ ਸਾਥ। ਮੈਂ ਭੀ ਨਹੀਂ ਆਊਂ ਗਾ ਆਪ ਕੇ ਬੀਚ ਮੇਂ…।‘ ਪੱਥਰਾਂ ਨੂੰ ਨਮ੍ਹ ਕਰਨ ਵਾਲੀ ਮਾਈਕਲ ਦੀ ਹਾਲਤ ਤੇ ਕੁਰਲਾਹਟ ਸਵੀਟੀ ਨੂੰ ਨਜ਼ਰਸਾਨੀ ਲਈ ਕਾਫ਼ੀ ਰਹੀ।

‘ ਓ ਕੇ…ਓ ਕੇ! ਟੇਕ ਸਮ ਥਿੰਗ…ਕੋਲਡ ? ਹੋਟ !‘ ਉਹ ਉੱਠ ਕੇ ਅੰਦਰ ਗਏ ਤੇ ਦੋਵੇਂ ਰੰਡੀਆਂ ਸੌਂਕਣਾਂ ਵਾਂਗ ਹੁੱਬ ਹੁੱਬ ਵੈਣ ਪਾ ਪਾ ਕੇ ਇਕ ਦੂਜੇ ਦੇ ਗਲ ਲੱਗ ਕੇ ਰੋਏ।

‘ਹਾਓ ਇਜ਼ ਯੂਅਰ ਬੈਟਰਹਾਫ? ਯੂਅਰ ਮਾਮ ਟੋਲਡ ਮੀ ਦੇਟ ਯੂ ਹੈਵ ਸੀਲੈੱਕਟਡ ਸਮ ਇੰਡੀਅਨ ਬਰਾਈਡ!‘ ਸਵੀਟੀ ਨੇ ਉਸ ਦਾ ਧਿਆਨ ਪਾਸੇ ਮੋੜ ਕੇ ਆਪਣਾ ਮੰਤਵ ਹੱਲ ਕਰਨਾ ਚਾਹਿਆ।

‘ਹੋ ਨੋ ਬਾਬ੍ਹੀ ਜੀ ਨੋ! ਨਾਟ ਲਾਈਕ ਦੇਟ!‘.. ਮੈਂ ਤੇ ਰੋਗਰ ਨੇ ਚਰਚ ਵਿਚ ਜਾ ਕੇ ਇਕੱਠੇ ਰਹਿਣ ਤੇ ਇਕੱਠੇ ਜੀਵਨ ਮਰਨ ਦਾ ਹਲਫ਼ ਲਿਆ ਹੈ। ਵੀ ਆਰ ਬੋਥ ਸਪਾਊਸ ਟੂ ਈਚ ਅਧਰ। ਆਈ ਕਾਂਟ ਲਿਵ ਵਿਦਆਊਟ ਹਿਮ।‘ ਬੱਚਿਆਂ ਵਾਂਗ ਸਿਸਕੀਆਂ ਭਰਦੇ ਮਾਈਕਲ ਨੇ ਗੰਢ ਖੋਲ੍ਹ ਦਿੱਤੀ। ਉਸਦਾ ਸਪੱਸ਼ਟ ਇਕਬਾਲ ਸਵੀਟੀ ਨੂੰ ਬਿਲਕੁਲ ਅਲੋਕਾਰ ਨਹੀਂ ਲੱਗਾ। ਉਸਦੇ ਮੱਥੇ ਸੂਰਜੀ ਜਲਾਲ ਵਾਗ ਲਸ਼ਕੋਰਾਂ ਮਾਰਦੀ ਦਗ ਦਗ ਕਰਦੀ ਮਸੂਮੀਅਤ ਸਵੀਟੀ ਦਾ ਕਾਲਜਾ ਸ਼ਾਂਤ ਕਰ ਗਈ।

‘ਤੇਰੇ ਹੱਥ ਉਸ ਦੀ ਚਾਬੀ ਹੈ। ਤੈਨੂੰ ਪਤਾ ਹੈ ਉਹ ਇਸ ਵੇਲੇ ਕਿੱਥੇ ਹੈ। ਉਸ ਨੂੰ ਇੱਕ ਵੇਰਾਂ ਮਿਲਾ ਦੇਹ, ਤੇਰੇ ਸਾਰੇ ਗਬਨ ਗੁਨਾਹ ਮੁਆਫ਼ ਕਰ ਦਿਆਂ ਗੀ ਤੇ ਨਾਲੇ ਮੂੰਹ ਮੰਗਿਆ ਇਨਾਮ ਵੀ।‘ ਅੰਦਰਲੀ ਪੀੜ ਅੱਖਾਂ ਵਿਚ ਅੱਥਰੂ ਭਰ ਆਈ।

‘ਨਹੀਂ ਬਾਬ੍ਹੀ ਜੀ ਮੁੜੇ ਸੌਂਹ ਕਹਾ ਲੋ, ਮੈਂ ਤੇਰੀ ਕਸਮ ਖਾਂਦਾ ਹਾਂ ਕਿ ਮੈਨੂੰ ਉਸ ਦਾ ਕੋਈ ਪਤਾ ਨਹੀਂ। ਮੈਂ ਭੀ ਉਸ ਕੇ ਬਗੈਰ ਤੜਪ ਰਿਹਾ ਹਾਂ।‘

ਰੋਗਰ ਦੀ ਗੁੰਮਸ਼ੁਦਗੀ ਦੀ ਹਕੀਕਤ ਸੁਣ ਕੇ ਉਹ ਹੋਰ ਤੜਫ਼ ਉੱਠੀ।

ਪੰਜ ਪਹਾੜ ਦਿਨ ਆਪਣਾ ਸਫ਼ਰ ਪੂਰਾ ਕਰਕੇ ਅਮਰੀਕਾ ਨੂੰ ਹਨੇਰੇ ‘ਚ ਡਬੋ ਕੇ ਫਿਰ ਭਾਰਤ ਦੀ ਫੇਰੀ ਤੇ ਚਲਾ ਗਿਆ ਸੀ। ਸਾਰਾ ਦਿਨ ਕੰਢੇ ਦੇ ਪੱਥਰਾਂ ਨੂੰ ਟੱਕਰਾਂ ਮਾਰਦੀਆਂ ਸਮੁੰਦਰੀ ਲਹਿਰਾਂ ਅਜੇ ਥੱਕੀਆਂ ਨਹੀਂ ਸਨ ਸਗੋਂ ਉਨ੍ਹਾਂ ਦਾ ਰੁਝਾਨ ਹੋਰ ਹਮਲਾਵਰ ਹੋ ਗਿਆ ਸੀ।

ਥੋੜਾ ਬਹੁਤ ਪੇਟ ਝੁਲਸਾ ਕਰਕੇ ਪਲੰਘਾਂ ਤੇ ਟੇਢੇ ਹੋ ਗਏ। ਦੋਵੇਂ ਨੀਂਦ ਤੋਂ ਵਾਂਝੇ ਇਕ ਦੂਸਰੇ ਤੋਂ ਚੋਰੀ ਹਉਕੇ ਲੈ ਰਹੇ ਸਨ।

ਰੋਗਰ ਦਾ ਸੱਲ ਦਾਲ ਦੀ ਤੌੜੀ ਵਾਂਗ ਸਵੀਟੀ ਦੇ ਸੀਨੇ ਰਿੱਝਦਾ ਰਿਹਾ। ਪਤਾ ਨਹੀਂ ਇਹ ਹਰਾਮੀ ਕਿੱਥੇ ਖਪਾ ਆਇਆ ਉਹਨੂੰ। ਜਵਾਰ-ਭਾਟੇ ਵਾਂਗ ਉਸ ਦੇ ਮਨ ਵਿਚ ਕਈ ਉਤਰਾ ਚੜ੍ਹਾ ਉਸ ਨੂੰ ਰੰਗ ਦਿਖਾਉਂਦੇ ਰਹੇ। ਉਸ ਦਾ ਜੀ ਕੀਤਾ, ਉੱਠ ਕੇ ਮਾਈਕਲ ਦੀ ਘੰਡੀ ਨੱਪ ਦੇਵੇ ਜਾਂ ਉਸ ਦੇ ਹਿੱਸੇ ਵਾਲੀ ਗੋਲੀ ਦਾਗ਼ ਦੇਵੇ। ਉਹ ਉੱਠੀ… ਦੋਵੇਂ ਹੱਥ ਉਸ ਦੀ ਗਰਦਨ ਵੱਲ ਵਧੇ। ਲਿਸ਼ ਲਿਸ਼ ਕਰਦਾ ਲਾਲ ਗੋਰਾ ਕੋਮਲ ਜਿਹਾ ਰੰਗ! ਛਾਤੀ ‘ਚ ਡਾਂਗਾਂ ਜਿੱਡੇ ਹਟਕੋਰੇ! ਉਹ ਅਟਕ ਗਈ।

ਉਸ ਦੇ ਹਉਕੇ ਤੀਰਾਂ ਵਾਂਗ ਸਵੀਟੀ ਦਾ ਕਾਲਜਾ ਚੋਬ ਗਏ। ਉਹ ਉਥੇ ਹੀ ਉਸ ਦੇ ਬੈੱਡ ਤੇ ਢੇਰੀ ਹੋ ਗਈ। ਮਾਈਕਲ ਤ੍ਰਭਕ ਕੇ ਭੁੜਕ ਖੜਿਆ।

‘ਨਹੀਂ ਬਾਬ੍ਹੀ ਜੀ! ਮੁਆਫ਼ ਕਰਨਾ…ਮੁਝੇ ਡਰ ਲਗਦਾ ਹੈ।‘

‘ਔਹ ਵੇਖ, ਸਮੁੰਦਰ ਦੀਆਂ ਉੱਠਦੀਆਂ ਭਿਆਨਕ ਕਾਂਗਾਂ ਮੇਰੇ ਕਾਲਜੇ ਤੂਫ਼ਾਨ ਮਚਾ ਰਹੀਆਂ ਨੇ ਜਿਵੇਂ ਤੰਦੂਏ ਉੱਠ ਕੇ ਮੈਨੂੰ ਹੜੱਪਣ ਲਈ ਵਧ ਰਹੇ ਹੋਣ। ਮਾਈਕਲ! ਮੈਨੂੰ ਵੀ ਬਹੁਤ ਡਰ ਲਗਦਾ ਹੈ।‘

ਉਹ ਵੀ ਡਰਦਾ ਡਰਦਾ ਬਾਹਰ ਝਾਕਿਆ ਪਰ ਕੁਛ ਵੀ ਤਾਂ ਨਹੀਂ ਸੀ ਉੱਧਰ। ਸਵੀਟੀ ਦੀ ਹਾਲਤ ਵੇਖ ਕੇ ਉਹ ਹੋਰ ਡਹਿਲ ਕੇ ਉਸ ਦੇ ਮੋਢੇ ਲੱਗ ਕੇ ਡੁਸਕਣ ਲੱਗਾ। ਸਵੀਟੀ ਨੇ ਛਾਤੀ ਨਾਲ ਲਾ ਕੇ ਘੁੱਟ ਲਿਆ।

ਸਵੇਰੇ ਇੱਕ ਰਾਤ ਦੀ ਸਫ਼ਰ-ਸਾਂਝ ਨਾਲ ਉਸ ਦਾ ਸਰੀਰ ਸੱਜਰਾ ਸੱਜਰਾ! ਟਹਿਕ ਪਿਆ। ਮਨ ਖਿੜ ਉੱਠਿਆ ਜਿਵੇਂ ਪਤਝੜ ਤੋਂ ਬਾਅਦ ਨਵੀਆਂ ਕਰੂੰਬਲਾਂ ਭਰੀਆਂ ਬਹਾਰਾਂ ਆ ਗਈਆਂ ਹੋਣ… ਮੌਸਮ ਦੀ ਦਿੱਖ ਬਦਲ ਗਈ… ਵਰਤਾਰਾ ਬਦਲ ਗਿਆ।

‘ਮੇਰੇ ਵੀ ਤਾਂ ਕੰਮ ਆਉਣ ਵਾਲਾ ਹੈ ਇਹ।‘ ਉਸ ਨੂੰ ਆਪਣੀ ਵਿਚੋਲੀ ਦਾ ਚੁਟਕਲਾ ਯਾਦ ਆਇਆ ਜਦ ਕਿਸੇ ਦੋਸਤ ਨੂੰ ਮਿੱਤਰ ਨੇ ਕਿਹਾ ਸੀ।

‘ਤੇਰੀ ਭਗਤਣੀ ਬੜੀ ਮਿਲਾਪੜੀ ਮਿਲਨਸਾਰ ਹੈ, ਬੜੇ ਖੁੱਲ੍ਹੇ ਗੱਫੇ ਵੰਡਦੀ ਹੈ।‘

ਉਸ ਹੱਸ ਕੇ ਜੁਆਬ ਦਿੱਤਾ।

‘ਮੈਨੂੰ ਨਿਹਾਲ ਕਰ ਛੱਡਦੀ ਹੈ, ਵਾਧੂ ਭਾਵੇਂ ਲੰਗਰ ਲਾਈ ਜਾਏ! ਮੈਨੂੰ ਕੀ ਇਤਰਾਜ਼ ਹੈ? ਤੇ ਤੈਨੂੰ ਕੀ?‘ ਸ਼ਕਾਇਤ ਕਰਤਾ ਦਾ ਮੂੰਹ ਬੰਦ ਕਰ ਦਿੱਤਾ ਸੀ।

‘ਤੂੰ ਵੀ ਬੜਾ ਲੋਲ੍ਹੜ ਜਿਹਾ, ਬੜਾ ਪਿਆਰਾ ਲੱਗਣ ਲੱਗਾ ਹੈਂ। ਰੋਗਰ ਨੂੰ ਇਕੇਰਾਂ ਲੱਭ ਦੇਹ…ਤੈਨੂੰ ਵਿਚਕਾਰ ਪਾਇਆ ਕਰਾਂਗੇ।‘

ਉਸ ਦੀ ਪੋਲੀ ਜਿਹੀ ਗੱਲ੍ਹ ਤੇ ਚੂੰਢੀ ਵੱਢ ਕੇ ਉਸ ਨੂੰ ਕੱਸ ਕੇ ਜਕੜ ਲਿਆ।

ਸਵੇਰੇ ਰੋਗਰ ਨਾਲ ਸੰਪਰਕ ਹੋ ਗਿਆ। ਉਹ ਟੈਕਸੀ ਲੈ ਕੇ ਪਹੁੰਚ ਗਿਆ। ਬੁਰਾ ਹਾਲ, ਬੌਂਕੇ ਦਿਹਾੜੇ। ਕਰੁਣਾ-ਮਈ ਚਿਹਰਾ ਰੰਗੋਂ ਬਦਰੰਗ! ਅੱਖਾਂ ਰੋ ਰੋ ਸੁੱਜੀਆਂ ਹੋਈਆਂ ਜਿਵੇਂ ਕਿਸੇ ਨੇ ਪਾਣੀ ‘ਚ ਡੋਬ ਡੋਬ ਕੋਹਿਆ ਹੋਵੇ।

‘ਮੈਨੂੰ ਮੁਆਫ਼ੀ ਦੀ ਖੈਰ ਪਾ ਦੇਹ ਸੀਟੀ …। ਮੈਂ ਝੋਲੀ ਅੱਡਦਾ ਹਾਂ ਬਹੁਤ ਖੱਜਲ-ਖੁਆਰੀ ਹੋ ਗਈ। ਫੇਰ ਗੁਸਤਾਖ਼ੀ ਕਰਾਂ ਤਾਂ ਤੇਰੀ ਜੁੱਤੀ ਮੇਰਾ ਸਿਰ।‘ ਉਹ ਸਾਰੇ ਹਥਿਆਰ ਸੁੱਟ ਕੇ ਪੂਰੀ ਤਰ੍ਹਾਂ ਲਿਫ ਗਿਆ ।

‘ਹਥਿਆਰ ਵਰਤਿਆ ਜਾਏ ਜਾ ਪੁੜੀਆਂ?‘ ਸਵੀਟੀ ਦੇ ਮਨ ਵਿਚ ਪਹਿਲਾ ਸਵਾਲ ਉਪਜਿਆ।

‘ਖਿਮਾ ਤੇ ਸਮਝੌਤਾ ਗ੍ਰਹਿਸਤ ਜੀਵਨ ਦਾ ਅਨਮੋਲ ਗੁਰ ਹੈ। ਇਹ ਸ਼ਾਂਤੀ ਦੀਆਂ ਪੁੜੀਆਂ ਨੇ, ਮਨ ਸ਼ਾਂਤ ਰੱਖਦੀਆਂ ਨੇ, ਸਾਫ਼ ਰੱਖਦੀਆਂ ਨੇ ਤੇ ਜ਼ਹਿਰਬਾਦ ਫੈਲਾਉਂਦੇ ਵਿਕਾਰਾਂ ਨੂੰ ਦੂਰ ਰੱਖਦੀਆਂ ਨੇ।‘

ਕਿਸੇ ਵਡੇਰੇ ਦੀ ਦਿੱਤੀ, ਚੁੰਨੀ ਪੱਲੇ ਬੱਧੀ ਗੰਢ ਫੇਰ ਖੁੱਲ੍ਹ ਗਈ। ਇਹ ਸਿਖਿਆਵਾਂ ਉਸ ਦੇ ਮੂਹਰੇ ਆ ਗਈਆਂ।

ਰੋਗਰ ਮਾਨਸਿਕ ਪੀੜਾਂ ਦਾ ਭੰਨਿਆ ਹੋਇਆ ਛੇਤੀ ਹੀ ਹੱਥ ਜੋੜਦਾ ਸਾਰੀਆਂ ਈਨਾਂ ਮੰਨਣ ਨੂੰ ਤਿਆਰ ਹੋ ਗਿਆ।

‘ਬਥੇਰੀ ਬਰਬਾਦੀ ਵੇਖ ਲਈ ਆਪਣੇ ਹੀ ਗੁਲਸ਼ਨ ਦੀ ਮੈਂ…ਹੁਣ ਇਕੇਰਾਂ ਮਾਫ਼ ਕਰ।‘

ਕੰਨਾਂ ਨੂੰ ਹੱਥ ਲਾਉਂਦਾ ਨੱਕ ਨਾਲ ਲਕੀਰਾਂ ਕੱਢਣ ਨੂੰ ਤਿਆਰ ਸੀ।

‘ਅਜਨਬੀ ਦੀਆਂ ਗੋਲੀਆਂ ਦਾ ਵੀ ਕੋਈ ਮਤਲਬ ਹੈ। ਇਹ ਵੀ ਵਰਤ ਕੇ ਦੇਖੋ।‘ ਸਵੀਟੀ ਨੇ ਪਰਸ ਫੋਲਿਆ।

ਪਹਿਲੀ ਪੁੜੀ ਖੋਲ੍ਹ ਕੇ ਉਸ ਨੇ ਆਪਣੇ ਮੂੰਹ ‘ਚ ਸੁੱਟ ਲਈ।

‘ਕੀ ਹੈ ਇਹ?‘ ਹਰਫਲੇ ਰੋਗਰ ਨੇ ਫੜਨ ਦੀ ਕੋਸ਼ਿਸ਼ ਕੀਤੀ। ਉਹ ਹੱਸਦੀ ਰਹੀ ਕਿੰਨੀ ਦੇਰ।

‘ਨਹੀਂ ਮੇਰੀ ਜਾਨ! ਮੈਂ ਹੁਣ ਮਰਨਾ ਨਹੀਂ ਚਾਹੁੰਦੀ…ਕਦੇ ਨਹੀਂ। ਇਹ ਜ਼ਹਿਰ ਨਹੀਂ । ਇਹ ਦੁਰਲੱਭ ਟਾਨਿਕ ਹੈ…ਜੀਵਨ ਦਾਨ ਟਾਨਿਕ! ਲੈ ਤੂੰ ਵੀ ਵੇਖ ਲੈ ਖਾ ਕੇ, ਸ਼ਾਇਦ ਤੈਨੂੰ ਸੋਝੀ ਆ ਜਾਏ।‘

ਦੂਸਰੀ ਪੁੜੀ ਉੱਧਰ ਵਧਾਈ, ਉਹਨੇ ਬੜੇ ਆਰਾਮ ਨਾਲ ਮੂੰਹ ਅੱਡ ਕੇ ਪੁਆ ਲਈ।

‘ਯਾਰਾਂ ਦੀ ਜ਼ਹਿਰ ਪੀਆ ਗਾ ਅੰਮ੍ਰਿਤ ਜਾਣ ਕੇ, ਮੇਰੇ ਹਿੱਸੇ ਪਿਆਲਾ ਇਹ ਆਣ ਦਿਓ ਦੋਸਤੋ।‘

ਦੋਵੇਂ ਹੱਸਦੇ ਹੱਸਦੇ ਗਲੇ ਮਿਲਦੇ ਹੰਝੂ ਕੇਰ ਰਹੇ ਸਨ ਜਿਵੇਂ ਇਕ ਦੂਸਰੇ ਦੇ ਬੱਜਰ ਗੁਨਾਹ ਹੰਝੂਆਂ ਨਾਲ ਧੋ ਰਹੇ ਹੋਣ।

‘ਲੈ ਤੂੰ ਵੀ ਲੈ ਲੈ! ਤੈਨੂੰ ਵੀ ਬੜੀ ਤਕੱਲਫ਼ ਕਰਨੀ ਪਈ। ਤੂੰ ਵੀ ਬੜਾ ਵੱਡਾ ਕਾਰਕੁੰਨ ਹੈਂ ਇਸ ਨੌਟੰਕੀ ਦਾ।‘

ਬਿਨਾ ਕਿਸੇ ਹੀਲ ਹੁੱਜਤ ਮਾਈਕਲ ਨੇ ਮੂੰਹ ‘ਚ ਸੁੱਟ ਲਈ।

ਸਮੁੰਦਰ ਦੀ ਸੈਰ ਨਿਕਲੇ। ਸਮੁੰਦਰ ਦੇ ਕੰਢੇ ਰੇਤ ਤੇ ਲੇਟਦੇ ਅਧਨੰਗੇ ਬਦਨ ਉਸ ਦੀਆਂ ਅੱਖਾਂ ਅੰਦਰ ਨਫ਼ਰਤ ਤੇ ਕਚਿਆਣ ਜਿਹੀ ਭਰ ਗਏ। ਉੱਠ ਰਹੀਆਂ ਲਹਿਰਾਂ ਤੇ ਚੱਲ ਰਹੀਆਂ ਬੇੜੀਆਂ ਦਾ ਆਕਰਸ਼ਕ ਮੰਜ਼ਿਰ ਸਵੀਟੀ ਨੂੰ ਮੁਆਫ਼ਕ ਨਹੀਂ ਆਇਆ।

ਸੰਗਮ ਮੁੜ ਸੁਰਜੀਤ ਹੋਣ ਦੀ ਖੁਸ਼ੀ ਵਿਚ ਰਾਤ ਨੂੰ ਦੌਰ ਚੱਲਿਆ। ਪਹਿਲਾਂ ਤੋਂ ਵੱਧ ਚਿਕਨ ਦਾਰੂ ਦਾ ਇਸਤੇਮਾਲ! ਖੂਬ ਖਾਂਦੇ ਪੀਂਦੇ ਮੌਜ ਮਸਤੀ ਕੀਤੀ। ਸਵੀਟੀ ਨੂੰ ਪੈੱਗ ਪੇਸ਼ ਕਰਦਾ ਹੈ।

‘ਹੁਣ ਤਾਂ ਮੈਂ ਪੀ ਸਕਦੀ ਹਾਂ। ਜੋ ਮਰਜ਼ੀ ਪਿਲਾ ਦੇਹ…ਨੱਚ ਖਲੋਤੀ ਤਾਂ ਘੁੰਗਟ ਕੇਹਾ। ਤੈਨੂੰ ਚਨੇ ਚਬਾ ਕੇ ਹੀ ਬੱਸ ਕਰਾਂਗੀ ਹੁਣ। ਮੈਂ ਵੀ ਤਾਂ ਅਮਰੀਕਾ ਦੀ ਸਿਟੀਜਨ ਹਾਂ।‘ ਉਸ ਨੇ ਚੁੱਕ ਕੇ ਬਿਨ-ਝਿਜਕ ਗਿਲਾਸੀ ਖਾਲੀ ਕਰ ਦਿੱਤੀ।

ਸੌ ਕੋਹ ਦਾ ਘੁੱਸਾ ਸ਼ਾਮ ਨੂੰ ਘਰ ਮੁੜ ਆਏ ਤਾਂ ਉਸ ਨੂੰ ਘੁੱਸਾ ਨਹੀਂ ਕਹਿੰਦੇ। ਸਭ ਠੀਕ ਠਾਕ ਹੋ ਗਿਆ।

ਰੀਵਾਲਵਰ ਉਸ ਦੇ ਪਰਸ ਵਿਚ ਫ਼ਨੀਅਰ ਵਾਂਗੂੰ ਦਹਾੜ ਰਿਹਾ ਸੀ। ਉਸ ਨੇ ਟੋਹਿਆ … ਬਾਹਰ ਕੱਢ ਕੇ ਪਲੋਸਿਆ। ਵੇਖ ਕੇ ਦੋਵੇਂ ਸ਼ਿਕਾਰ ਹੱਥ ਜੋੜਦੇ ਕੰਬਣ ਲੱਗੇ।

‘ਅਜੇ ਇੱਕ ਅਖੀਰਲਾ ਸੀਨ ਬਾਕੀ ਹੈ। ਮੈਂ ਪੁਲਸ ਅੱਗੇ ਆਤਮ ਸਮਰਪਣ ਕਰਾਂਗੀ, ਉਸ ਗੰਦੇ ਕੀੜੇ ਦਾ ਵੀ ਛੁਟਕਾਰਾ ਕਰਾਉਣਾ ਚਾਹੀਦਾ ਹੈ। ਉਸ ਨੂੰ ਵੀ ਬਥੇਰੀ ਸਜ਼ਾ ਮਿਲ ਚੁੱਕੀ ਹੋਵੇਗੀ।‘

ਮੱਠੇ ਜਿਹੇ ਸਰੂਰ ‘ਚ ਝੂਮਦੀ ਹੱਸਦੀ ਸਵੀਟੀ ਨੇ ਸਾਰੀ ਕਹਾਣੀ ਖੋਲ੍ਹ ਦਿੱਤੀ।

ਰੋਗਰ ਗਿੱਦੜ ਵਾਂਗ ਦਰਕਦਾ ਮੋਕ ਮਾਰਨ ਲੱਗਾ। ਮਾਈਕਲ ਨੇ ਹਥਿਆਰ ਫੜਿਆ, ਮਹਿਸੂਸਿਆ, ਵਜ਼ਨ ਦਾ ਅੰਦਾਜ਼ਾ ਲਾਇਆ ਤੇ ਖੋਲ੍ਹ ਦਿੱਤਾ ਜਿਵੇਂ ਹਥਿਆਰਾਂ ਦਾ ਬੜਾ ਵੱਡਾ ਪਾਰਖੂ ਹੋਵੇ।

‘ਹੋ! ਨਹੀਂ ਬਾਬ੍ਹੀ ਜੀ! ਯੇਹ ਤੋ ਨਕਲੀ ਹੈ… ਰਬੜ ਦੀਆਂ ਗੋਲੀਆਂ ਵਾਲਾ।‘ ਉਸ ਨੇ ਗੋਲੀਆਂ ਕੱਢ ਕੇ ਸਵੀਟੀ ਦੇ ਹੱਥ ਫੜ੍ਹਾ ਦਿੱਤੀਆਂ।

‘ਅਬ ਆਪ ਚਿੰਤਾ ਛੋੜੋ ਔਰ ਇਹ ਕੰਮ ਮੇਰੇ ਗੋਚਰਾ ਛੱਡ ਦਿਓ…ਮੈਂ ਕਰਾਂਗਾ। ਕਬਾੜੀਆ ਬਣ ਕੇ ਉਨ੍ਹਾਂ ਦੇ ਢੋਲ ਫੋਲਾਂ ਗਾ ਤੇ ਉਨ੍ਹਾਂ ਦੀ ਅਮਾਨਤ ਰੱਖ ਕੇ ਦੌੜ ਆਵਾਂ ਗਾ।‘

ਮਾਈਕਲ ਨੇ ਇਕ ਦਮ ਉਸ ਦਾ ਭਾਰ ਵੰਡਾਉਣ ਦਾ ਜਿੰਮਾ ਲੈ ਕੇ ਇਸ ਗਧੀ-ਗੇੜ ‘ਚੋ ਦੋਹਾਂ ਨੂੰ ਰਾਹਤ ਦਿਵਾ ਦਿੱਤੀ।

ਰਾਤ ਸਵੀਟੀ ਦੇ ਢਿੱਡ ਤੇ ਹੱਥ ਫੇਰਦਾ, ਕੰਨ ਲਾ ਕੇ ਕੋਈ ਮਿੱਠੀ ਹਰਕਤ ਦੀ ਵੌੜ ਸੁਣਨ ਦੀ ਕੋਸ਼ਿਸ਼ ਕਰਦਾ, ਚੁੰਮਦਾ ਚੱਟਦਾ ਰੋਗਰ ਬਹੁਤ ਹੀ ਜਜ਼ਬਾਤੀ ਹੋ ਰਿਹਾ ਸੀ।

ਸਵੀਟੀ ਦੀ ਛਾਤੀ ਭਾਰੀ ਹੋ ਗਈ, ਥਣਾਂ ‘ਚ ਜਿਵੇਂ ਦੇ ਸਿੰਮ ਆਇਆ ਹੋਵੇ… ਉਹ ਆਪਣੇ ਜਿੱਤ ਦੇ ਆਲਮ ਵਿਚ ਸੀ।

ਮਾਈਕਲ ਸੋਫਾ-ਬੈਡ ਤੇ ਪਿਆ ਲੰਬੇ ਲੰਬੇ ਹੌਕੇ ਭਰਦਾ ਸਵੀਟੀ ਦੇ ਕਾਲਜੇ ਚੁਭਦਾ ਰਿਹਾ।

‘ਇਕੱਲਾ ਪੈ ਗਿਆ ਵਿਚਾਰਾ! ਉਹਦੇ ਨਾਲ ਨਹੀਂ ਜਾਣਾ ਅੱਜ?‘ ਮਾਈਕਲ ਤੇ ਤਰਸ ਕਰਦੀ ਸਵੀਟੀ ਨੇ ਰੋਗਰ ਨੂੰ ਝੰਜੋੜਿਆ।

‘ਨਹੀਂ… ਨਹੀਂ, ਅੱਜ ਨਹੀਂ…ਅੱਜ ਸਿਰਫ਼ ਤੇਰੇ ਨਾਮ! ਇਸ ਸੰਗਮ ਦੇ ਨਾਮ।‘

ਉਹ ਮੱਛੀ ਵਾਂਗ ਤੜਫਿਆਂ ਤੇ ਉਸ ਨੂੰ ਘੁੱਟ ਕੇ ਆਪਣੇ ਨਾਲ ਸਿਮਟ ਲਿਆ।

ਜੀਵਨ ਦੀਆਂ ਤਲਖ਼ ਹਕੀਕਤਾਂ ਦਾ ਸੰਕਟ ਲੰਘ ਕੇ ਸਵੀਟੀ ਨੂੰ ਕਈ ਦਿਨਾ ਬਾਅਦ ਬੇ-ਫਿਕਰੀ ਸਿਹਤਮੰਦ ਘੂਕੀ ਨੀਂਦ ਆਈ।

ਹਾਏ! ਹੁਣ ਕੀ ਬਣੂ? ਉਹੀ ਕੁੱਲੇ ਵਾਲਾ ਫਿਰ ਆ ਰਿਹਾ…ਮੁੜ ਬਹੀ ਕੜੀ ਨੂੰ ਉਬਾਲਾ ਦੇਊ। ਇਸਨੇ ਤਾਂ ਵੇਖ ਕੇ ਫਿਰ ਭੁੜਕ ਡੰਡਿਓਂ ਪਾਰ ਹੋਣਾ ਹੈ। ਕਹਿਣਾ ਪਰੇ ਹੋ ਜਾਹ! ਤੂੰ ਲਿੱਬੜੀ ਹੋਈ ਏਂ ….।

ਕੋਈ ਨਹੀਂ! ਹੁਣ ਨਹੀਂ ਮੈਂ ਡਰਦੀ..ਰੁੜ੍ਹ ਜਾਣਾ ਫੇਰ ਆ ਗਿਆ ਬੁੱਲ੍ਹਾਂ ਤੇ ਜਬਾਨ ਫੇਰਦਾ। ਇਹਦੀ ਤਾਂ ਮੈਂ ਹੁਣੇ ਕਰਦੀ ਹਾਂ ਗਤੀ! ਹਥਿਆਰ ਅਜੇ ਮੇਰੇ ਕੋਲ ਹੈ।

ਨਹੀਂ…ਹਾਏ ਮੈਂ ਮਰਗੀ! ਉਹ ਤਾਂ ਮੇਰੇ ਘਰ ਹੀ ਆਣ ਪਹੁੰਚਾ।

ਇਹ ਉਹ ਸਾਂਈਂ ਜੀ ਨੇ! ਜਿਨ੍ਹਾਂ ਮੈਨੂੰ ਉਸ ਰਾਤ ਪਨਾਹ ਦਿੱਤੀ… ਇਹ ਮੇਰੇ ਜੀਵਨ ਸਾਥੀ ਨੇ।‘ ਹੱਥ ਜੋੜਦੀ ਸਵੀਟੀ ਨੇ ਰੋਗਰ ਨਾਲ ਉਸ ਦੀ ਜਾਣ-ਪਛਾਣ ਕਰਾਈ।

‘ਹਾਂ ਮੈਂ ਹੀ ਇਸ ਨੂੰ ਰਾਤ ਕੋਲ ਰੱਖਿਆ… ਨਹੀਂ ਤੇ ਇਹ ਹੁਣ ਤੱਕ ਸਮੁੰਦਰ ਦੀਆਂ ਲਹਿਰਾਂ ਦੇ ਟੇਟੇ ਚੜ੍ਹ ਗਈ ਹੁੰਦੀ।‘

‘ਥੈਂਕ ਯੂ ਧੰਨਵਾਦ।‘ ਸਾਰੇ ਇਕੱਠੇ ਬੋਲਦੇ ਹਨ।

‘ਮੈਂ ਇਸ ਨੂੰ ਇੱਕ ਰਾਤ ਹੋਰ ਕੋਲ ਰੱਖਣਾ ਚਾਹੁੰਦਾ ਹਾ..ਭੇਜ ਦੇ ਮੇਰੇ ਨਾਲ।‘

ਰੋਗਰ ਦੇ ਸਿਰ ਜਿਵੇਂ ਉਸ ਨੇ ਵਦਾਣ ਦੀ ਸੱਟ ਮਾਰੀ ਹੋਵੇ। ਉਹ ਲੋਹਾ ਲਾਖਾ ਅਹਿਰਨ ਵਾਂਗ ਮਗਣ ਲੱਗਾ।

‘ਕਿਉਂ ਬੁਰਾ ਲੱਗਾ ਹੈ? ਬੋਲੋ! ਬੋਲੋ … ਨਹੀਂ ਦਿਲ ਕਰਤਾ?‘

ਕਿਸੇ ਵੀਰਾਨ ਜਗ੍ਹਾ ਤੇ ਪੁਰਾਣੇ ਜੰਗਾਲੇ ਜਿਹੇ ਤਾਲੇ ਨੂੰ ਚਾਬੀ ਪਾ ਕੇ ਘੁਮਾਉਂਦਾ ਖੋਲ੍ਹ ਰਿਹਾ ਹੈ।

ਡਰਾਉਣੇ ਸੁਪਨੇ ਨਾਲ ਉਹ ਅੱਬੜਵਾਹੀ ਉੱਠੀ। ਉਸ ਦੀ ਸਾਰੀ ਕਾਇਆਂ ਕੰਬ ਰਹੀ ਸੀ। ਰੋਗਰ ਜੋ ਪਹਿਲਾਂ ਹੀ ਜਾਗਦਾ ਰਾਤ ਦੀਆਂ ਘੜੀਆਂ ਗਿਣ ਰਿਹਾ ਸੀ, ਨੂੰ ਹਿਲਾਇਆ ਤੇ ਇਸ਼ਾਰਾ ਕੀਤਾ।

‘ਚਲੋ! ਘਰ ਨਿਆਣੇ ਇਕੱਲੇ ਰੋਂਦੇ ਉਡੀਕਦੇ ਹੋਣਗੇ।‘

ਛਾਤੀ ‘ਚੋਂ ਡੁੱਲ੍ਹਦੀ ਉਸ ਦੀ ਮਮਤਾ ਘਰ ਦਾ ਮੋਹ ਕਰ ਗਈ।

‘ਜੋ ਸੁਖ ਆਪਣੇ ਛੱਪਰ ਢਾਰੇ, ਉਹ ਨਾ ਟਰੇਸੀ ਨਾ ਫਗਵਾੜੇ।‘

ਆਪਣਾ ਆਪ ਸਾਂਭਿਆ ਤੇ ਨਵੀਂ ਤਿੱਕੜੀ ਵਾਪਸੀ ਕਾਰ ਵਿਚ ਜਾ ਬੈਠੀ।
***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 23 ਦਸੰਬਰ 2006)
(ਦੂਜੀ ਵਾਰ ਫਰਵਰੀ 2023)

***
1018

About the author

ਚਰਨਜੀਤ ਸਿੰਘ ਪੰਨੂ
ਚਰਨਜੀਤ ਸਿੰਘ ਪੰਨੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ