25 July 2024

ਲਉ ਜਨਾਬ ਪੇਸ਼ ਹਨ ਯੂ.ਕੇ. ਦੇ ਪਰਸਿਧ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ ਦੀਆਂ 12 ਗ਼ਜ਼ਲਾਂ !

ਸੂਰਤ ਜਿਦ੍ਹੀ ਮਸਜਿਦ ਜਿਵੇਂ ਸੀਰਤ ਹੈ ਗੁਰਦਵਾਰਾ।
ਮੰਦਰ ਕਹਾਂ ਜਾਂ ਚਰਚ ਨਾਨਕ ਲੋਕਤਾ ਦੀ ਧਾਰਾ।
(1) ਸੂਰਤ ਜਿਦ੍ਹੀ ਮਸਜਿਦ ਜਿਵੇਂ ਸੀਰਤ ਹੈ ਗੁਰਦਵਾਰਾ।
(SSIS. SSIS. SSIS. ISS)
o ਗ਼ਜ਼ਲ
ਸੂਰਤ ਜਿਦ੍ਹੀ ਮਸਜਿਦ ਜਿਵੇਂ ਸੀਰਤ ਹੈ ਗੁਰਦਵਾਰਾ।
ਮੰਦਰ ਕਹਾਂ ਜਾਂ ਚਰਚ ਨਾਨਕ ਲੋਕਤਾ ਦੀ ਧਾਰਾ।
ਮਤਲਾਅ ਸਾਨੀ:
ਹੈ ਸਾਂਝੀਆਂ ਲੀਹਾਂ ਦਾ ਬਾਨੀ ਏਕਤਾ ਦਾ ਤਾਰਾl
ਨਾਨਕ ਨਿਰੰਤਰ ਚਲ ਰਿਹਾ ਸਤਨਾਮ ਦਾ ਫੁਹਾਰਾ।

ਮੁਰਸ਼ਦ ਮਿਰਾ ਮਾਲਕ ਮਿਰਾ ਰਸਤਾ ਵਿਖੌਣ ਵਾਲਾ,
ਨਾਨਕ ਰੁਹਾਨੀ ਸ਼ਾਇਰ ਜਪੁਜੀ ਦਾ ਰਚਨਹਾਰਾ।

ਕਰਦਾ ਉਹ ਤੇਰਾ-ਤੇਰਾ ਵਰਤਾ ਗਿਆ ਉਹ ਤੇਰਾਂ,
ਲੰਗਰ ਚਲਾ ਗਿਆ ਜੋ ਨਾਨਕ ਗੁਰੂ ਨਿਆਰਾ।

ਮਿਲਣਾ ਨਾ ਵਿਚ ਸੰਸਾਰ ਦੇ ਨਾਨਕ ਜਿਹਾ ‘ਅਜੀਬਾ’,
ਨਾਨਕ ਮੁਕੰਮਲ ਫ਼ਲਸਫ਼ਾ ਨਾਨਕ ਵਿਚਾਰਧਾਰਾ।
o

ਨੋਟ: ਉਪਰੋਕਤ ਗ਼ਜ਼ਲ ਗੁਰੂ ਨਾਨਕ ਸਾਹਿਬ ਦੇ 553 ਵੇਂ
ਜਨਮ ਦਿਨ ਦੀ ਖ਼ੁਸ਼ੀ ਵਿਚ ਲੇਖਕ ਵਲੋਂ ਵਿਸ਼ੇਸ਼ ਤੌਰ ‘ਤੇ ਲਿਖੀ
ਗਈ ਜੋ ਕਿ ਪਰਸਿਧ ਗ਼ਜ਼ਲ ਗਾਇਕ ਸੁਨੀਲ ਡੇਗਰਾ ਜੀ ਦੀ

ਸੁਰੀਲੀ ਆਵਾਜ਼ ਵਿਚ ਔਡੀਓ ਤੇ ਵੀਡੀਓ ਰਿਕੌਰਡ ਵੀ ਹੋ
ਚੁਕੀ ਹੈ ‘ਤੇ ਜੋ ਕਿ ਗੁਰੂ ਨਾਨਕ ਸਾਹਿਬ ਦੇ 553 ਵੇਂ ਜਨਮ
ਦਿਹਾੜੇ ‘ਤੇ ਪੀ.ਟੀ.ਸੀ. ਟੈਲੀਵੀਜ਼ਨ ਸਕਾਈ ਚੈਨਲ ‘ਤੇ
ਬਾਕਾਇਦਾ ਰਿਲੀਜ਼ ਕੀਤੀ ਜਾ ਰਹੀ ਹੈ।

To mark Guru Nanak’s
553rd Birth Anniversary
NANAK VICHAARDHARA

“ਨਾਨਕ ਵਿਚਾਰਧਾਰਾ”
A Ghazal-like song written

by a London based writer
GURSHARAN SINGH AJEEB
and sung by famous Ghazal Singer

SUNIL DOGRA
releasing on

Monday, 7th November, 2022
by
PTC TV

all over the world
(Sky Channel 766 in UK)
**

(2) ਬਡ਼ਾ ਮਨ ਲੋਚਦੈ ਕਰੀਏ ਸ਼ੁਰੂ ਮੁਡ਼ ਜ਼ਿੰਦਗੀ ਅਪਣੀ
(ISSSx4)
(ਮੁ਼ਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ )
ਬਹਿਰ: ਹਜ਼ਜ

o ਗ਼ਜ਼ਲ

ਬਡ਼ਾ ਮਨ ਲੋਚਦੈ ਕਰੀਏ ਸ਼ੁਰੂ ਮੁਡ਼ ਜ਼ਿੰਦਗੀ ਅਪਣੀ।
ਦੁਬਾਰਾ ਇੱਕ ਹੋ ਜਾਈਏ ਭੁਲਾ ਸ਼ਿਕਵਾ-ਗਿਲ਼ੀ ਅਪਣੀ।

ਘਡ਼ੀ ਜੀਵਨ ਦੀ ਹਰ ਇਕ ਕੀਮਤੀ ਐਂਵੇਂ ਨਾ ਖੋ ਜਾਵੇ,
ਬਣਾ ਕੇ ਮਹਿਲ ਯਾਦਾਂ ਦਾ ਮਨਾਈਏ ਹਰ ਘਡ਼ੀ ਅਪਣੀ।

ਬਡ਼ਾ ਛੋਟਾ ਜਿਹਾ ਜੀਵਨ ਭੁਲਾ ਦਈਏ ਗਿਲ਼ੇ ਸ਼ਿਕਵੇ,
ਬਣੀ ਰਹਿ ਸਕਦੀ ਹੈ ਏਦਾਂ ਮੁਹੱਬਤ ਦੀ ਲਡ਼ੀ ਅਪਣੀ।

ਬਚੇ ਬਾਕੀ ਹਯਾਤੀ ਦੇ ਲਮ੍ਹੇਂ ਰਲ਼ ਮਾਣੀਏਂ ਨਿਸ ਦਿਨ,
ਇਵੇਂ ਕਟ ਸਕਦੀ ਹੈ ਬਿਹਤਰ ਬਚੀ ਜੋ ਜ਼ਿੰਦਗੀ ਅਪਣੀ।

ਖ਼ਜ਼ਾਨਾ ਕੀਮਤੀ ਜੀਵਨ ਅਜਾਈਂ ਬੀਤ ਜਾਵੇ ਨਾ,
ਨਾ ਫੂੰ ਫਾਂ ਵਿਚ ਯਕੀਂ ਰੱਖੀਏ ਨਾ ਛੱਡੀਏ ਸਾਦਗੀ ਅਪਣੀ।

ਹੈ ਇਕ ਦਿਨ ਸ਼ਾਂਤ ਹੋ ਜਾਣੈਂ ਦਿਲੇ-ਜਜ਼ਬਾਤ ਦਾ ਸਾਗਰ,
ਨਹੀਂ ਫਿਰ ਬੋਲਣੀ ਮੁੜ ਕੇ ਦਮਾਂ ਦੀ ਪੀਪਣੀ ਅਪਣੀ।

ਕੁਈ ਰੁੱਸੇ ! ਮਨਾ ਲੈਣਾ ਇਦ੍ਹੇ ਵਿਚ ਬਿਹਤਰੀ ਹੁੰਦੀ,
ਨਹੀਂ ਕੁਝ ਹਾਸਲ ਹੈ ਹੁੰਦਾ ਵਧਾ ਨਾਰਾਜ਼ਗੀ ਅਪਣੀ।

ਬੜਾ ਚਿਰ ਜੀ ਲਿਆ ਆਪਾਂ ਹੈ ਗ਼ੁੱਸੇ ਗਿਲਿਆਂ ਦੇ ਅੰਦਰ,
ਚਲਾਈਏ ਹੋਰ ਨਾ ਏਦਾਂ ਬਚੀ ਜੋ ਜ਼ਿੰਦਗੀ ਅਪਣੀ।

ਬਡ਼ੇ ਡੌਲ਼ੇ ਵਿਖਾਉਂਦੈ ਉਹ ਬਣੀ ਭਲਵਾਨ ਫਿਰਦਾ ਹੈ,
ਮਗਰ ਘਰ ਨੌਕਰ ਬੀਵੀ ਦਾ ਸਕੇ ਨਾ ਕਰ ਅਡ਼ੀ ਅਪਣੀ।

ਬਿਨਾਂ ਪਿੰਗਲ ‘ਅਜੀਬਾ’ ਕਹਿਣ ਗ਼ਜ਼ਲਾਂ ਜੋ ਕਵੀ ਸਾਰੇ,
ਉਨ੍ਹਾਂ ਨੂੰ ਦੇ ਨਹੀਂ ਸਕਦਾ ਕੋਈ ਪ੍ਰਵਾਨਗੀ ਅਪਣੀ।

ਗ਼ਜ਼ਲ ਮੇਰੀ ‘ਚ ਮੇਰੀ ਜਾਨ ਮੇਰਾ ਖ਼ੂਨ ਵੀ ਖ਼ੌਲੇ,
‘ਅਜੀਬਾ’ ਇਸ ‘ਚ ਮੌਲ਼ੇ ਵੀ ਮਿਰੀ ਦੀਵਾਨਗੀ ਅਪਣੀ।
**

(3) ਪੁਸ਼ਪ ਸੀ ਜਿੱਥੇ ਅਕਸਰ ਉਗਦੇ ਖ਼ਾਰ ਦਿਖਾਈ ਦਿੰਦੇ ਨੇ
(SSx7+S)

o ਗ਼ਜ਼ਲ

ਪੁਸ਼ਪ ਸੀ ਜਿੱਥੇ ਅਕਸਰ ਉਗਦੇ ਖ਼ਾਰ ਦਿਖਾਈ ਦਿੰਦੇ ਨੇ।
ਖੇਤ ਸਰ੍ਹੋਂ ਦੇ ਅੱਜ ਨਾ ਪੀਲ਼ੇ ਯਾਰ ਦਿਖਾਈ ਦਿੰਦੇ ਨੇ।

ਪੰਜਾਬੀ ਕੂਚ ਗਏ ਕਰ ਏਥੋਂ ਦਿੱਸਣ ਹਰ ਥਾਂ ਭਈਏ ਹੀ,
ਵਿੱਚ ਪੰਜਾਬ ਪੰਜਾਬੀ ਹੁਣ ਦੁਸ਼ਵਾਰ ਦਿਖਾਈ ਦਿੰਦੇ ਨੇ।

ਜ਼ਰਖ਼ੇਜ਼ ਜ਼ਮੀਂ ‘ਤੇ ਕੁਦਰਤ-ਰਾਣੀ ਕਰ ਦਿੱਤੈ ਕੋਈ ਟੂਣਾ ਏਂ,
ਨੀਰ ਗਿਆ ਮੁਕ ਹੇਠੋਂ ਨਾ ਗੁਲਜ਼ਾਰ ਦਿਖਾਈ ਦਿੰਦੇ ਨੇ।

ਭੌਂ ਜ਼ਹਿਰੀਲੀ ਦੇ ਵਿਚ ਉੱਗਣ ਖ਼ਰਬੂਜ਼ੇ ਕਮ ਤੁੰਮੇ ਜ਼ੈਦਾ,
ਗੰਨੇ ਅੰਬ ਨਾ ਮਿੱਠੇ ਹੋਸਣ ਯਾਰ ਦਿਖਾਈ ਦਿੰਦੇ ਨੇ।

ਸਿੱਧੇ-ਮੂੰਹ ਕੋਈ ਗੱਲ ਕਰੇ ਨਾ ਹੋਏ ਸਾਰੇ ਬੇਮੁੱਖੇ ਹੀ,
ਵੈਰੀ ਇੱਕ ਦੁਏ ਦੇ ਹੋਏ ਯਾਰ ਦਿਖਾਈ ਦਿੰਦੇ ਨੇ।

ਭੁੱਕੀ ਚਿੱਟਾ ਟੀਕੇ ਆਦਿ ਦੀ ਆਮ ਹੀ ਵਰਤੋਂ ਹੋਵੇ ਨਿਤ,
ਦੁੱਧ ਦਹੀਂ ਦੀ ਲੋਕ ਨਾ ਲੈਂਦੇ ਸਾਰ ਦਿਖਾਈ ਦਿੰਦੇ ਨੇ।

ਦਿਲ ਦੀ ਬਾਤ ਛੁਪਾਵਣ ਸਾਰੇ ਦੂਜੇ ਦੀ ਪਰ ਜਾਣਨ ਸਭ,
ਮਤਲਬਖ਼ੋਰ ਤੇ ਮਨ-ਮੈਲ਼ੇ ਦਿਲਦਾਰ ਦਿਖਾਈ ਦਿੰਦੇ ਨੇ।

ਕਰ ਕੇ ਕੌਲ ਨਿਭਾਵਣ ਤਕ ਨਾ ਵਾਦੇ ਕੀਤੇ ਭੁਲ ਜਾਵਣ,
ਗਿਰਿਆਂ ਤੋਂ ਵੀ ਨੀਵੇਂ •ਜਨ-ਕਿਰਦਾਰ ਦਿਖਾਈ ਦਿੰਦੇ ਨੇ।

ਆਵਾ ਊਤ ਗਿਆ ‘ਗੁਰਸ਼ਰਨਾ’ ਨਾਨਕ ਦੀ ਇਸ ਭੌਂ ਦਾ ਹੈ,
ਪੀਰ ਫ਼ਕੀਰ ਨਾ ਦਿਸਣ ਪਰ ਖ਼ੂੰਖ਼ਾਰ ਦਿਖਾਈ ਦਿੰਦੇ ਨੇ।
**

(4) ਦਿਲਰੁਬਾ ਆਖਾਂ ਮੈਂ ਤੈਨੂੰ ਜਾਂ ਕਹਾਂ ਐ ਗੁਲਬਦਨ
(SISSx3+SIS)

੦ ਗ਼ ਜ਼ ਲ

ਦਿਲਰੁਬਾ ਆਖਾਂ ਮੈਂ ਤੈਨੂੰ ਜਾਂ ਕਹਾਂ ਐ ਗੁਲਬਦਨ।
ਐ ਮਿਰੇ ਹਮਦਮ ਮਿਰੇ ਚਾਹਤ ਮਿਰੀ ਮੇਰੀ ਲਗਨ।

ਗੰਢਿਆ ਤੇਰਾ ਮਿਰਾ ਰਿਸ਼ਤਾ ਮਿਰੇ ਪਰਮਾਤਮਾ,
ਦੁੱਖ-ਸੁਖ ਤੇਰਾ ਮੇਰਾ,ਸਾਂਝੀ ਖ਼ੁਸ਼ੀ ਸਭ ਗ਼ਮ ਸ਼ਗਨ।

ਵੰਡਿਆ ਕੁਝ ਨਾ ਅਸਾਡਾ ਇੱਕ ਰੂਹ ਦੋ ਜਾਨ ਹਾਂ,
ਬਿਨ ਤੇਰੇ ਵੀਰਾਨ ਜੀਵਨ ਜ਼ਿੰਦਗੀ ਦਾ ਭੀ ਚਮਨ।

ਸ਼ਬਨਮੀ ਤੁਪਕੇ ਦੇ ਵਾਂਗੂੰ ਸਾਫ਼ ਨਿਰਮਲ ਮਨ ਤੇਰਾ,
ਪਾਕ ਤੋਂ ਵੀ ਪਾਕ ਤੇਰੀ ਛੋਹ ਤਿਰਾ ਤਨ-ਮਨ ਬਦਨ।

ਦੇਣ ਤੇਰੀ ਦੇ ਸਕਾਂ ਨਾ ਲੈਣ ਨੂੰ ਸੁਖ ਸਭ ਤਿਆਰ,
ਤੇਰੀ ਫ਼ਿਤਰਤ ਨੂੰ ਸਨਮ ਮੇਰਾ ਨਮਨ ਮੇਰਾ ਨਮਨ।

ਬਿਨ ਤਿਰੇ ਕੀ ਜ਼ਿੰਦਗਾਨੀ ਬਿਨ ਤਿਰੇ ਸੁੰਨਾਂ ਜਹਾਂ,
ਬਿਨ ਤਿਰੇ ਜੀਵਨ ਸਜ਼ਾ ਬਿਨ ਤਿਰੇ ਜੀਣਾ ਕਠਨ।

ਹਰ ਗ਼ਜ਼ਲ ਦੀਪਕ ਮਿਰੀ ਰੌਸ਼ਨ ਜਿਵੇਂ ਚੰਨ-ਪੁਰਨਮੀ,
ਏਸ ਦੀ ਹਰ ਇਕ ਸਤਰ ‘ਗੁਰਸ਼ਰਨ’ ਚਮਕੇ ਜਿਉਂ ਕਿਰਨ।
**

(5) ਤਿਰੇ ਰੋਸੇ ਤਿਰੇ ਬੋਸੇ ਬਡ਼ਾ ਹੀ ਯਾਦ ਆਉਂਦੇ ਨੇ
(ISSSx4)

o ਗ਼ਜ਼ਲ

ਤਿਰੇ ਰੋਸੇ ਤਿਰੇ ਬੋਸੇ ਬਡ਼ਾ ਹੀ ਯਾਦ ਆਉਂਦੇ ਨੇ।
ਬਡ਼ਾ ਹੀ ਯਾਦ ਆਉਂਦੇ ਨੇ ਝਡ਼ੀ ਨੈਣਾਂ ਦੀ ਲਾਉਂਦੇ ਨੇ।

ਤਿਰੇ ਚੇਤੇ ਸਤਾਉਂਦੇ ਨੇ ਰੁਲਾਉਂਦੇ ਨੇ ਰੁਆਉਂਦੇ ਨੇ,
ਨਾ ਰਾਤੀਂ ਸੌਣ ਦਿੰਦੇ ਨੇ ਤੇ ਦਿਨ ਭਰ ਭੀ ਜਗਾਉਂਦੇ ਨੇ।

ਮੁਹੱਬਤ ਦਾ ਸਲੀਕਾ ਜਾਪਦੈ ਲੋਕਾਂ ਭੁਲਾ ਦਿੱਤੈ,
ਨਹੀਂ ਪਹਿਲੇ ਜਿਹੀ ਉਲਫ਼ਤ ਸਨਮ ਅਜਕਲ ਨਿਭਾਉਂਦੇ ਨੇ।

ਜਦੋਂ ਵੀ ਗੁਜ਼ਰਿਆਂ ਲਮ੍ਹਿਆਂ ਦੀ ਭੁਲ ਕੇ ਯਾਦ ਆ ਜਾਂਦੀ,
ਕਿ ਬੀਤੇ ਪਲ਼ ਹਸੀਂ, ਬਣ ਮੇਘ ਸਿਰ ‘ਤੇ ਮੰਡਰਾਉਂਦੇ ਨੇ।

ਲਿਆ ਲੁਟ ਚੈਨ ਤਨ ਮਨ ਦਾ ਤਿਰੇ ਦੋ ਨੀਲਿਆਂ ਨੈਣਾਂ,
ਖ਼ਵਾਬਾਂ ਵਿਚ ਵੀ ਇਹ ਜਲਵੇ ਵਿਖਾਉਂਦੇ ਕਹਿਰ ਢਾਉਂਦੇ ਨੇ।

‘ਅਜੀਬਾ’ ਕਿੰਝ ਕਿਵੇਂ ਕੋਈ ਮੁਹੱਬਤ ਕਰ ਨਿਭਾ ਸਕਦੈ,
ਜਿਵੇਂ ਅਜ ਕਲ ਸਨਮ ਡਾਢਾ ਖਪਾਉਂਦੇ ਨੇ ਸਤਾਉਂਦੇ ਨੇ।
**

(6) ਬੜਾ ਹੀ ਸਤਾਉਂਦਾ ਹੈ ਚਿਹਰਾ ਤੁਹਾਡਾ
(ISSx4)

o ਗ਼ਜ਼ਲ

ਬੜਾ ਹੀ ਸਤਾਉਂਦਾ ਹੈ ਚਿਹਰਾ ਤੁਹਾਡਾ।
ਖਪਾਉਂਦਾ ਰਲਾਉਂਦਾ ਹੈ ਚਿਹਰਾ ਤੁਹਾਡਾ।

ਤੁਰੇ ਪਾ ਕੇ ਨੀਵੀਂ ਸਦਾ ਹੀ ਨਜ਼ਰ ਇਹ,
ਕਿ ਪਲਕ਼ਾਂ ਝੁਕਾਉਂਦਾ ਹੈ ਚਿਹਰਾ ਤੁਹਾਡਾ।

ਮੈਂ ਵੇਖਾਂ ਜਦੋਂ ਦਿਲ ‘ਚ ਭੜਥੂ ਇਹ ਪਾਉਂਦੈ,
ਕਿ ਧੜਕਣ ਵਧਾਉਂਦਾ ਹੈ ਚਿਹਰਾ ਤੁਹਾਡਾ।

ਝਲ਼ਕ ਇਸ ਦੀ ਇਕ ਹੀ ਮਿਰੇ ਲਈ ਏ ਕਾਫ਼ੀ,
ਮਰੇ ਨੂੰ ਜਿਵਾਉਂਦਾ ਹੈ ਚਿਹਰਾ ਤੁਹਾਡਾ।

ਨਿਰਾ ਚੰਨ ਹੈ ਪੁਰਨਮ ਦਵੇ ਸੀਤ ਕਰ ਇਹ,
ਰਿਦੇ ਠੰਡ ਪਾਉਂਦਾ ਹੈ ਚਿਹਰਾ ਤੁਹਾਡਾ।

ਰਹੇ ਦੂਰ ਮੈਥੋਂ ਰਹਾਂ ਢੂੰਡਦਾ ਮੈਂ,
ਬੜਾ ਲੜ ਛੁਡਾਉਂਦਾ ਹੈ ਚਿਹਰਾ ਤੁਹਾਡਾ।

ਰਹੇ ਮਨ ਇਕਾਗਰ ਇਦ੍ਹੇ ਵਿਚ ਹਮੇਸ਼ਾਂ,
ਕਿ ਖ਼ੁਦ ਨੂੰ ਜਪਾਉਂਦਾ ਹੈ ਚਿਹਰਾ ਤੁਹਾਡਾ।

ਬਿਨਾਂ ਵੇਖਿਆਂ ਇਸ ਨੂੰ ਨਾ ਚੈਨ ਆਵੇ,
ਕਿ ਖ਼ੁਦ ਨੂੰ ਛੁਪਾਉਂਦਾ ਹੈ ਚਿਹਰਾ ਤੁਹਾਡਾ।

ਤੁਹਾਡੇ ਜਿਹਾ ਕੁਈ ਨਾ ਚੰਨ-ਰੂਪ ਹੋਣੈਂ,
ਬੜਾ ਦਿਲ ਨੂੰ ਭਾਉਂਦਾ ਹੈ ਚਿਹਰਾ ਤੁਹਾਡਾ।

‘ਅਜੀਬਾ’ ਕਰੇ ਦਿਲ ਮੈਂ ਪਲਕੀਂ ਛੁਪਾ ਲਾਂ,
ਬੜਾ ਯਾਦ ਆਉਂਦਾ ਹੈ ਚਿਹਰਾ ਤੁਹਾਡਾ।
**

(7) ਨੇਤਾਵਾਂ ਤੋਂ ਫੜ ਕੇ ਬੈਠੇ ਰੰਗ-ਬਰੰਗੇ ਨੋਟ
(SS. SS. SS. SS. SS. SS.SI)
(ਦੋਹਾ ਟਾਈਪ ਗ਼ਜ਼ਲ)

੦ ਗ਼ਜ਼ਲ

ਨੇਤਾਵਾਂ ਤੋਂ ਫੜ ਕੇ ਬੈਠੇ ਰੰਗ-ਬਰੰਗੇ ਨੋਟ।
ਦੁਬਿਧਾ ਵਿੱਚ ਫਸੇ ਸਭ ਲੋਕੀਂ ਪਾਉਣੀ ਕਿਸ ਨੂੰ ਵੋਟ।

ਰਾਤ ਹਨੇਰੀ ਝੱਖੜ ਬਾਰਿਸ਼ ਦਿਲ ਨੂੰ ਖਾਵੇ ਖ਼ੌਫ਼,
ਤੱਕਿਆ ਜਦ ਕੁਰਲਾਂਦਾ ਭੌਂ ‘ਤੇ ਰੁੱਖੋਂ ਡਿੱਗਿਆ ਬੋਟ।

ਆਉਣਾ ਵਿੱਚ ਵਲਾਇਤ ਦੇ ਸੀ ਪਰ ਨਾ ਧੇਲਾ ਕੋਲ,
ਸ਼ਾਹ ਤੋਂ ਰਕਮ ਉਧਾਰੀ ਫੜ ਕੇ ਲਿਖ ਦਿੱਤਾ ਪਰਨੋਟ।

ਨਾਲ ਮੁਸੀਬਤ ਪਾਲ਼ੇ ਬੱਚੇ ਕੀਤੇ ਖ਼ੂਬ ਜਵਾਨ,
ਮਾਰ ਉਡਾਰੀ ਉੜ ਗਏ ਸਾਰੇ ਜਿਉਂ ਚਿੜੀਆਂ ਦੇ ਬੋਟ।

ਵਿੱਚ ਗ਼ਰੀਬੀ ਕੱਟੇ ਦਿਨ ਖਾ ਰੁੱਖੀ ਮਿੱਸੀ ਰੋਜ਼,
ਅਪਣੀ ਮਿਹਨਤ ਕਰ ਕੁਰ ਕੇ ਹੀ ਪਹਿਨੇ ਪੈਂਟ ਤੇ ਕੋਟ।

ਸਾਫ਼ ਸੋਚ ਤੇ ਨਿਰਮਲ ਮਨ ਹੀ ਕਰਵਾਉਂਦੈ ਸ਼ੁਭ ਕੰਮ,
ਵਰਨਾ ਕਿੰਝ ਕੋਈ ਕਰ ਸਕਦਾ ਦਿਲ ਵਿਚ ਹੈ ਜੇ ਖੋਟ।

ਨਾਲ ਸ਼ਾਨ ਦੇ ਜੀਣਾ ਆਪਾਂ ਇਹ ਸਾਡੀ ਲਲਕਾਰ,
ਲੋੜ ਨਾ ਸਾਨੂੰ ਦਾਨ ਕਿਸੇ ਦੀ ਜਾਂ ਬਿੱਲਾਂ ਵਿਚ ਛੋਟ।

ਕੀ ਹੋਇਆ ਜੇ ਧੰਨ ਨਾ ਪੱਲੇ ਦਿਲ ਦੇ ਹਾਂ ਧਨਵਾਨ,
ਦੇਣਾ ਸੀ ਜੋ ਰਬ ਦੇ ਦਿੱਤਾ ਆਣ ਨਾ ਦਿੱਤੀ ਤੋਟ।

ਕਣ ਕਣ ਵਿਚ ਭਗਵਾਨ ਵਸੇਂਦੈ ਪਰ ਨਾ ਦਿਖੇ ‘ਅਜੀਬ’,
ਪੱਥਰ ਵਿਚ ਮੌਜੂਦ ਹੈ ਜੋ ਨੂੰ ਵੀ ਭੇਜੇ ਉਹ ਰੋਟ।

ਆਖਣ ਨੂੰ ਤਾਂ ਸਾਰੇ ਗ਼ਜ਼ਲਾਂ ਕਹਿੰਦੇ ਯਾਰ ‘ਅਜੀਬ’,
ਗੱਲ ਗ਼ਜ਼ਬ ਦੀ ਵਿੱਚ ਗ਼ਜ਼ਲ ਪਰ ਕਰਦੈ ਖ਼ੂਬ *ਭਨੋਟ।

*ਭਨੋਟ: ਵੈਨਕੂਵਰ, ਕੈਨੇਡਾ ਨਿਵਾਸੀ
ਉਸਤਾਦ ਗ਼ਜ਼ਲਗੋ
ਜਨਾਬ ਕ੍ਰਿਸ਼ਨ ਭਨੋਟ
**

(8) ਤੂੰ ਮਿਲ ਜਾ ਆਣ ਕੇ ਮੇਰੇ ਸਨਮ ਦਿਲਜਾਨੀਆਂ ਮੇਰੇ
(ISSSx4)

o ਗ਼ਜ਼ਲ

ਤੂੰ ਮਿਲ ਜਾ ਆਣ ਕੇ ਮੇਰੇ ਸਨਮ ਦਿਲਜਾਨੀਆਂ ਮੇਰੇ।
ਬਿਨਾਂ ਤੇਰੇ ਨਾ ਘਰ ਰੌਨਕ ਨੇ ਹਨ ਵੀਰਾਨੀਆਂ ਮੇਰੇ!

ਦੁਖਾ ਨਾ ਦਿਲ ਅਤੀ-ਦੁਖਿਆ ਜੋ ਪਹਿਲੋਂ ਹੀ ਰਹੇ ਬੁਝਿਆ,
ਦਿਲੇ-ਵੀਰਾਨ ਵਿਚ ਪੈਦਾ ਨਾ ਕਰ ਪਰਿਸ਼ਾਨੀਆਂ ਮੇਰੇ।

ਹਯਾਤੀ ਗਾਲ਼ ‘ਤੀ ਆਪਾਂ ਤਿਰੀ ਖ਼ਾਤਰ ਮਿਰੇ ਹਮਦਮ,
ਰਤਾ ਘਰ ਆਣ ਕੇ ਕਰ ਜਾ ਤੂੰ ਮਿਹਰਬਾਨੀਆਂ ਮੇਰੇ।

ਬਿਨਾਂ ਤੇਰੇ ਇਹ ਘਰ ਘਰ ਨਾ ਨਿਰਾ ਸ਼ਮਸ਼ਾਨ ਹੈ ਲਗਦਾ,
ਦਿਨੇ ਰਾਤੀਂ ਹੀ ਖਾਦੈ ਖ਼ੌਫ਼ ਦਿਲਬਰ-ਜਾਨੀਆਂ ਮੇਰੇ।

ਨਹੀਂ ਚਲਦੇ ਕਦੇ ਵਲਸ਼ਲ਼ ਮੁਹੱਬਤ ਪਾਕ ਦੇ ਅੰਦਰ,
ਨਾ ਕਰ ਇਕਰਾਰ ਨਾ ਝੂਠੇ ਤੂੰ ਐ ਦਿਲਜਾਨੀਆਂ ਮੇਰੇ।

ਬਿਨਾਂ ਤੇਰੇ ਇਹ ਜਗ ਸੁੰਨਾਂ ਬਹਾਰਾਂ ਖਾਣ ਨੂੰ ਪੈਵਣ,
ਕਿ ਘਰ ਵਿਚ ਆਣ ਕੇ ਕਰ ਜਾ ਰੁਤਾਂ ਮਸਤਾਨੀਆਂ ਮੇਰੇ।

‘ਅਜੀਬਾ’ ਬੀਤ ਨਾ ਜਾਵੇ ਬਿਨਾਂ ਤੇਰੇ ਹਸੀਂ ਸਾਵਨ,
ਤਿਰੀ ਆਮਦ ਤੇ ਮੁਕ ਜਾਸਣ ਜੋ ਘਰ ਤੂਫਾਨੀਆਂ ਮੇਰੇ।
**

(9) ਕਹਿੰਦੇ ਗ਼ਜ਼ਲਗੋ ਗ਼ਜ਼ਲਾਂ ਨੇ ਬੇਸ਼ੁਮਾਰ ਅਜਕਲ
(SSI+SISSx2)

੦ ਗ਼ ਜ਼ ਲ

ਕਹਿੰਦੇ ਗ਼ਜ਼ਲਗੋ ਗ਼ਜ਼ਲਾਂ ਨੇ ਬੇਸ਼ੁਮਾਰ ਅਜਕਲ।
ਹੋਇਆ ਗ਼ਜ਼ਲ ਦਾ ਆਸ਼ਕ ਸੰਸਾਰ ਯਾਰ ਅਜਕਲ।

ਨਾਰੀ ਤੇ ਪੁਰਸ਼ ਰਲ ਕੇ ਨਿਤ ਕਹਿ ਰਹੇ ਨੇ ਗ਼ਜ਼ਲਾਂ,
ਹਰ ਰੋਜ਼ ਵਧ ਰਿਹਾ ਹੈ ਗ਼ਜ਼ਲੀ-ਆਕਾਰ ਅਜਕਲ।

ਅਪਣੀ ਗ਼ਜ਼ਲ ਦੇ ਉੱਤੇ ਕਰਨਾ ਨਾ ਮਾਣ ਯਾਰੋ,
ਭਿੰਨ-ਭਿੰਨ ਨੇ ਸਭ ਦੇ ਹੁੰਦੇ ਅਪਣੇ ਵਿਚਾਰ ਅਜਕਲ।

ਮਿਲਦੇ ਨੇ ਹਰ ਤਰ੍ਹਾਂ ਦੇ ਮਿਸਰੇ ਗ਼ਜ਼ਲ ਦੇ ਅੰਦਰ,
ਹੁੰਦੇ ਨੇ ਕੁਝ ਕੁ ਆਲ੍ਹਾ ਬੱਤੇ ਬੇਕਾਰ ਅਜਕਲ।

ਕੁਝ ਮਾਰਦੇ ਨੇ ਨਾਹਰੇ ਫੋਕੇ ਗ਼ਜ਼ਲ ‘ਚ ਸ਼ਾਇਰ,
ਕੁਝ ਵਿਚ ਗ਼ਜ਼ਲ ਨੇ ਦਿੰਦੇ ਖ਼ੁਦ ਨੂੰ ਉਤਾਰ ਅਜਕਲ।

ਕੁਝ ਫੜ ਕੇ ਪੈੱਨ ਹੱਥ ਵਿਚ ਤੜਕੇ ਹੀ ਬੈਠ ਜਾਂਦੇ,
ਲੋਕਾਂ ਦੀ ਲਿਖਤ ਦੇ ਵਿਚ ਕਰਦੇ ਸੁਧਾਰ ਅਜਕਲ।

ਦਿੰਦੇ ਨੇ ਕੁਝ ਬਦਲ ਰੁਖ਼ ਸ਼ਾਇਰ ਹਕੂਮਤਾਂ ਦਾ,
ਕੁਝ ਨੇ ਗ਼ਜ਼ਲ ਤੋਂ ਕਰਦੇ ਆਪਾ ਨਿਸਾਰ ਅਜਕਲ।

ਕਹਿੰਦੇ ਜੋ ਇਸ਼ਕ ਉੱਤੇ ਗ਼ਜ਼ਲਾਂ ਰੰਗੀਨ ਦਿਲ ‘ਚੋਂ,
ਬਹਿਲਾਂਵਦੇ ਨੇ ਸਭ ਨੂੰ ਦਿੰਦੇ ਖ਼ੁਮਾਰ ਅਜਕਲ।

ਪਾ ਕੇ ਬੁਝਾਰਤਾਂ ਕੁਝ ਮਨ-ਮਾਨੀਆਂ ਨੇ ਕਰਦੇ,
ਕਰਦੇ ਅਮੀਰ ਸਾਹਿਤ ਕੁਝ ਸਾਹਿਤਕਾਰ ਅਜਕਲ।

ਕਹਿੰਦੇ ਗ਼ਜ਼ਲ ਨੇ ਸਾਰੇ ਅਪਣੇ ਹੀ ਰੰਗ-ਢੰਗ ਵਿਚ,
ਸਭ ਨੂੰ ਕਹਾਂ ਮੈਂ ਚੰਗੇ ਕਹਿੰਦੇ ਜੋ ਯਾਰ ਅਜਕਲ।

ਖ਼ਾਮੋਸ਼ ਹੈ ਲੁਕਾਈ ਉਪਰਾਮਤਾ ਹੈ ਛਾਈ,
ਬੱਸ ਜੀ ਰਹੇ ਹਾਂ ਜ਼ਿੰਦਾ ਲੈ ਸਾਹ ਉਧਾਰ ਅਜਕਲ।

ਮਹਾਮਾਰੀਆਂ ਦਾ ਯੁਗ ਹੈ ਦੁੱਖ ਼ਭੋਗਦੀ ਲੋਕਾਈ,
‘ਗੁਰਸ਼ਰਨ’ ਫਿਰ ਵੀ ਵੰਡੇ ਖੁਸ਼ੀਆਂ ਹਜ਼ਾਰ ਅਜਕਲ।

ਜਿਸ ਦਿਨ ਫੁਰੇ ਗ਼ਜ਼ਲ ਨਾ ਤਨ ਮਨ ਉਦਾਸ ਰਹਿੰਦੈ,
‘ਗੁਰਸ਼ਰਨ’ ਬੁਝਿਆ ਰਹਿੰਦੈ ਦਿਲ ਬੇਕਰਾਰ ਅਜਕਲ।
**

(10) ਕਹਾਂ ਮੈਂ ਰੌਸ਼ਨੀ ਤੈਨੂੰ ਜਾਂ ਆਖਾਂ ਚਾਂਦਨੀ ਯਾ਼ਰਾ
(ISSSx4)

ਦੋਸਤੋ ਪੇਸ਼ ਹੈ ਜ਼ੰਜੀਰਦਾਰ ਗ਼ਜ਼ਲ !

ਕਹਾਂ ਮੈਂ ਰੌਸ਼ਨੀ ਤੈਨੂੰ ਜਾਂ ਆਖਾਂ ਚਾਂਦਨੀ ਯਾਰਾ।
ਤਿਰਾ ਮੁਖਡ਼ਾ ਬਡ਼ਾ ਪਿਆਰਾ ਬਡ਼ਾ ਪਿਆਰਾ ਬਡ਼ਾ ਪਿਆਰਾ।

ਤਿਰਾ ਮੁਖਡ਼ਾ ਬਡ਼ਾ ਪਿਆਰਾ ਬਡ਼ਾ ਪਿਆਰਾ ਬਡ਼ਾ ਪਿਆਰਾ।
ਮਿਰੇ ਹਮਦਮ ਮਿਰੇ ਮਹਿਰਮ ਮਿਰੇ ਦਿਲਦਾਰ ਦਿਲਦਾਰਾ।

ਮਿਰੇ ਹਮਦਮ ਮਿਰੇ ਮਹਿਰਮ ਮਿਰੇ ਦਿਲਦਾਰ ਦਿਲਦਾਰਾ।
ਤਿਰਾ ਅੰਗ-ਅੰਗ ਹੈ ਕਾਤਲ਼ ਤਿਰਾ ਮੁਖ ਪ੍ਰੇਮ ਦੀ ਧਾਰਾ।

ਤਿਰਾ ਅੰਗ-ਅੰਗ ਹੈ ਕਾਤਲ਼ ਤਿਰਾ ਮੁਖ ਪ੍ਰੇਮ ਦੀ ਧਾਰਾ।
ਖ਼ੁਦਾ ਨੇ ਬਖ਼ਸ਼ਿਆ ਤੈਨੂੰ ਜ਼ਮਾਨੇ ਦਾ ਹੁਸਨ ਸਾਰਾ।

ਖ਼ੁਦਾ ਨੇ ਬਖ਼ਸ਼ਿਆ ਤੈਨੂੰ ਜ਼ਮਾਨੇ ਦਾ ਹੁਸਨ ਸਾਰਾ।
ਹੈ ਤੈਨੂੰ ਮੰਨਿਆਂ ਆਪਾਂ ਵੀ ਅਪਣਾ •ਰੱਬ-ਇਸ਼ਕਾਰਾ।

ਹੈ ਤੈਨੂੰ ਮੰਨਿਆਂ ਆਪਾਂ ਵੀ ਅਪਣਾ •ਰੱਬ-ਇਸ਼ਕਾਰਾ।
ਨਹੀਂ ਮਿਲਣਾ ਤਿਰੇ-ਵਰਗਾ-ਹਸੀਂ! ਜਗ ਢੂੰਡਿਆਂ ਸਾਰਾ।

ਨਹੀਂ ਮਿਲਣਾ ਤਿਰੇ-ਵਰਗਾ-ਹਸੀਂ! ਜਗ ਢੂੰਡਿਆਂ ਸਾਰਾ।
ਤਿਰਾ ਜੋਬਨ ਹੈ ਦਿਲ-ਟੁੰਬਵਾਂ ਤਿਰਾ ਨਖ਼ਰਾ •ਕ਼ਤਲਹਾਰਾ।

ਤਿਰਾ ਜੋਬਨ ਹੈ ਦਿਲ-ਟੁੰਬਵਾਂ ਤਿਰਾ ਨਖ਼ਰਾ •ਕ਼ਤਲਹਾਰਾ।
ਤਿਰੀ ਠੋਡੀ ‘ਤੇ ਕਾਲ਼ਾ ਤਿਲ਼ ਕਰੇ ਰਾਖੀ ਤਿਰੀ ਯਾਰਾ।

ਤਿਰੀ ਠੋਡੀ ‘ਤੇ ਕਾਲ਼ਾ ਤਿਲ਼ ਕਰੇ ਰਾਖੀ ਤਿਰੀ ਯਾਰਾ।
ਤਿਰਾ ਚੰਨ-ਪੁਰਨਮੀਂ ਚਿਹਰਾ ਰਵੀ ਦੀ ਕਿਰਨ ਜਾਂ ਤਾਰਾ।

ਤਿਰਾ ਚੰਨ-ਪੁਰਨਮੀਂ ਚਿਹਰਾ ਰਵੀ ਦੀ ਕਿਰਨ ਜਾਂ ਤਾਰਾ।
ਤਿਰੀ ਸੂਰਤ ਅਤੀ ਸੁੰਦਰ ਤਿਰਾ ਮਸਤਕ ਹੈ ਉਜਿਆਰਾ।

ਤਿਰੀ ਸੂਰਤ ਅਤੀ ਸੁੰਦਰ ਤਿਰਾ ਮਸਤਕ ਹੈ ਉਜਿਆਰਾ।
ਤਿਰਾ ਚਿਹਰਾ ਨੂਰਾਨੀ ਹੈ ਇਲਾਹੀ ਨੂਰ ਲਿਸ਼ਕਾਰਾ।

ਤਿਰਾ ਚਿਹਰਾ ਨੂਰਾਨੀ ਹੈ ਇਲਾਹੀ ਨੂਰ ਲਿਸ਼ਕਾਰਾ।
ਕਹੇ ‘ਗੁਰਸ਼ਰਨ’ ਤੈਨੂੰ ਕਿਰਨ ਚੰਨ ਦੀ ਰਿਸ਼ਮ ਜਾਂ ਤਾਰਾ।

•ਰੱਬ-ਇਸ਼ਕਾਰਾ: ਇਸ਼ਕ ਦਾ ਰੱਬ
•ਕ਼ਤਲਹਾਰਾ: ਕ਼ਤਲ ਕਰਨ ਵਾਲ਼ਾ
**

(11) ਨਹੀਂ ਡਰਦੇ ਨਹੀਂ ਮਰਦੇ ਅਜੇ ਜਿੰਦ-ਜਾਨ ਬਾਕੀ ਹੈ
(ISSSx4)
(ਮੁ਼ਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ )
ਬਹਿਰ: ਹਜ਼ਜ

o ਗ਼ਜ਼ਲ

ਨਹੀਂ ਡਰਦੇ ਨਹੀਂ ਮਰਦੇ ਅਜੇ ਜਿੰਦ-ਜਾਨ ਬਾਕੀ ਹੈ।
ਨਹੀਂ ਕੰਮ ਕਰਨ ਤੋਂ ਹਟਦੇ ਅਜੇ ਜਿੰਦ-ਜਾਨ ਬਾਕੀ ਹੈ।

ਕੀ ਹੋਇਆ ਢਲ਼ ਰਹੀ ਹੈ ਸ਼ਾਮ ਅਪਣੀ ਜ਼ਿੰਦਗਾਨੀ ਦੀ,
ਨਾ ਗ਼ਜ਼ਲਾਂ ਕਹਿਣ ਤੋਂ ਟਲ਼ਦੇ ਅਜੇ ਜਿੰਦ-ਜਾਨ ਬਾਕੀ ਹੈ।

ਹੈ ਜਿੰਨੀ ਦੇਰ ਤਕ ਹੈ ਦਮ ਲੜਾਂਗੇ ਨਾਲ਼ ਹਾਲਾਤਾਂ,
ਡਟੇ ਰਹਿਣਾ ਨਹੀਂ ਭਜਦੇ ਅਜੇ ਜਿੰਦ-ਜਾਨ ਬਾਕੀ ਹੈ।

ਲੜਾਂਗੇ ਨਾਲ਼ ਤੂਫ਼ਾਨਾਂ ਘੁਲਾਂਗੇ ਪ੍ਰੇਮ ਦੇ ਰੰਗ ਵਿਚ,
ਰਹਾਂਗੇ ਵੱਟਣੇ ਵੱਟਦੇ ਅਜੇ ਜਿੰਦ-ਜਾਨ ਬਾਕੀ ਹੈ।

ਦਿਖਾਂਵਾਂਗੇ ਨਾ ਪਿਠ ਅਪਣੀ ਟੁਰਾਂਗੇ ਤਾਣ ਕੇ ਛਾਤੀ,
ਮੈਦਾਨੇ-ਜੰਗ ਤੋਂ ਨਾ ਭੱਜਦੇ ਅਜੇ ਜਿੰਦ-ਜਾਨ ਬਾਕੀ ਹੈ।

ਅਜੇ ਤਾਂ ਜਾਨ ਬਾਕੀ ਹੈ ਵੀ ਰਹਿੰਦੇ ਕੰਮ ਅਨੇਕਾਂ ਹੀ,
ਨਹੀਂ ਹਾਂ ਮਰਨ ਤੋਂ ਡਰਦੇ ਅਜੇ ਜਿੰਦ-ਜਾਨ ਬਾਕੀ ਹੈ।

ਕੀ ਹੋਇਆ ਕਾਲ਼ਿਆਂ ਵਾਲ਼ਾਂ ‘ਅਜੀਬਾ’ ਸਾਥ ਛਡ ਦਿੱਤੈ,
ਨਾ ਕਹਿਣੋਂ ਸ਼ਿਅਰ ਹਾਂ ਥਕਦੇ ਅਜੇ ਜਿੰਦ-ਜਾਨ ਬਾਕੀ ਹੈ।
**

(12) ਕਿਰਨ ਬਾਂਕੀ ਕਹਾਂ ਤੈਨੂੰ ਜਾਂ ਚੰਨ ਦੀ ਚਾਨਨੀ ਸਜਨੀਂ।
(ISSSx4)
(ਮੁ਼ਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ+ਮੁਫ਼ਾਈਲੁਨ )
ਬਹਿਰ: ਹਜ਼ਜ

o ਗ਼ਜ਼ਲ

ਕਿਰਨ ਬਾਂਕੀ ਕਹਾਂ ਤੈਨੂੰ ਜਾਂ ਚੰਨ ਦੀ ਚਾਨਨੀ ਸਜਨੀਂ।
ਤਿਰੇ ਹਥ ਵਿਚ ਨਿਹੁੰ ਦੀ ਡੋਰ ਮੇਰੀ ਹੈ ਫੜੀ ਸਜਨੀਂ।

ਰਵੀ-ਲਿਸ਼ਕੋਰ ਤੂੰ ਲੱਗੇਂ ਘਟਾ ਘਣਘੋਰ ਤੂੰ ਲੱਗੇਂ,
ਲਵੇਂ ਤੂੰ ਕੀਲ਼ ਦਿਲ ਸਭ ਦਾ ਹੈਂ ਚੁੰਬਕ ਦੀ ਡਲ਼ੀ ਸਜਨੀਂ।

ਤਿਰੀ ਮੌਜੂਦਗੀ ਘਰ ਵਿਚ ਨਿਰਾ ਗੁਲਜ਼ਾਰ ਪੁਸ਼ਪਾਂ ਦਾ,
ਤੂੰ ਜਾਪੇਂ ਮਹਿਕ ਦਾ ਬੂਟਾ ਕਲ਼ੀ ਜਾਂ ਫੁਲਝੜੀ ਸਜਨੀਂ।

ਖ਼ੁਦਾ ਦਾ ਕਰਮ ਤੇਰੇ ‘ਤੇ ਇਨਾਇਤ ਵੀ ਨਹੀਂ ਕਮ ਹੈ,
ਕਿ ਜਿਸ ਨੇ ਹੁਸਨ ਦੀ ਦੌਲ਼ਤ ਤਿਰੇ ਕਦਮੀਂ ਧਰੀ ਸਜਨੀਂ।

ਰਹੇ ਦਿਲ ਧੜਕਦਾ ਹਮਦਮ ਤਿਰੇ ਚਿਹਰੇ ਨੂੰ ਤਕ ਤਕ ਕੇ,
ਤਿਰਾ ਮੈਥੋਂ ਪਰ੍ਹੇ ਰਹਿਣਾ ਸਜ਼ਾ ਮੈਨੂੰ ਕੜੀ ਸਜਨੀਂ।

ਗ਼ਜ਼ਲ ਮੇਰੀ ਦਾ ਤੂੰ ਮਤਲਾ ਗਜ਼ਲ ਮੇਰੀ ਦਾ ਮਕਤਾ ਵੀ,
ਜ਼ਿਕਰ ਤੇਰਾ ਰਹੇ ਇਸ ਵਿਚ ਤੂੰ ਇਸਦੀ ਦਿਲਕਸ਼ੀ ਸਜਨੀਂ।

‘ਅਜੀਬਾ’ ਸੋਚ ਤੂੰ ਮੇਰੀ ਜ਼ਿਹਨ ਵਿਚ ਵਾਸ ਵੀ ਤੇਰਾ,
ਨਮੁਮਕਿਨ ਬਿਨ ਤਿਰੇ ਕਟਣਾ ਮਿਰਾ ਹਰ ਪਲ਼ ਘੜੀ ਸਜਨੀਂ।
**
ਗੁਰਸ਼ਰਨ ਸਿੰਘ ਅਜੀਬ (ਲੰਡਨ)
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
941
***

ਗੁਰਸ਼ਰਨ ਸਿੰਘ ਅਜੀਬ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →