29 February 2024

ਹਾਜ਼ਰ ਹੈ ਸ਼ਾਇਰ ‘ਗੌਤਮ’ ਦਾ ਕਲਾਮ

ਚਲਦੇ ਚਲਦੇ ਐਸੇ ਮੋੜ ‘ਤੇ ਆ ਪਹੁੰਚੇ
ਪਿੱਛੇ ਅਪਣੇ ਖੂਹ ਹੈ ਅੱਗੇ ਖਾਈ ਹੈ

ਇੱਕ:

ਚਲਦੇ ਚਲਦੇ ਐਸੇ ਮੋੜ ‘ਤੇ ਆ ਪਹੁੰਚੇ
ਪਿੱਛੇ ਅਪਣੇ ਖੂਹ ਹੈ ਅੱਗੇ ਖਾਈ ਹੈ
ਪੈਰਾਂ ਹੇਠੋਂ ਖਿਸਕ ਰਹੀ ਹੈ ਧਰਤੀ ਵੀ
ਅੰਬਰ ‘ਤੇ ਵੀ ਗਰਦ ਸਿਰੇ ਤਕ ਛਾਈ ਹੈ

ਕੀ ਹੋਇਆ ਜੇ ਰੂਹ ਦੇ ਰਿਸ਼ਤੇ ਮਰ ਚੁੱਕੇ
ਕੀ ਹੋਇਆ ਜੇ ਮੋਹ ਤੋਂ ਗਰਜ਼ਾਂ ਭਾਰੀ ਨੇ
ਹਾਲੇ ਵੀ ਜਗਦੇ ਨੇ ਦੀਪ ਉਮੀਦਾਂ ਦੇ
ਹਾਲੇ ਵੀ ਕੁਝ ਅੱਖਾਂ ਵਿਚ ਰੁਸ਼ਨਾਈ ਹੈ

ਮੇਲੇ ਗੇਲੇ ਹਾਸੇ ਰੋਣੇ ਉੱਡ ਗਏ
ਹਰ ਸੀਨੇ ਵਿਚ ਬਚਿਆ ਹੈ ਸੰਨਾਟਾ ਹੀ
ਅਪਣੀ ਹੀ ਛਾਂ ਕੋਲੋਂ ਡਰਦੇ ਫਿਰਦੇ ਹਾਂ
ਇਕਲਾਪੇ ਨੇ ਏਨੀ ਦਹਿਸ਼ਤ ਪਾਈ ਹੈ

ਇਉਂ ਲਗਦੈ ਹੁਣ ਮੈਂ ਜੋ ਅਕਸਰ ਲਿਖਦਾ ਹਾਂ
ਕਾਗਜ਼ ਉੱਤੇ ਹੈ ਵਾਧੂ ਦਾ ਭਾਰ ਜਿਹਾ
ਇਉਂ ਲਗਦੈ ਜਿਉਂ ਸੂਖਮਤਰ ਅਹਿਸਾਸਾਂ ‘ਤੇ
ਕਲਮ ਨਹੀਂ ਤਲਵਾਰ ਮੈਂ ਹੁਣੇ ਚਲਾਈ ਹੈ

ਜਿਸ ਦਿਨ ਵੀ ਉਹ ਹਾਲ ਅਸਾਂ ਦਾ ਪੁੱਛ ਲੈਂਦੇ
ਉਸ ਦਿਨ ਸਾਡਾ ਰੋਗ ਸਵਾਇਆ ਹੋ ਜਾਂਦਾ
ਹਾਲੇ ਜ਼ਖ਼ਮ ਪੁਰਾਣੇ ਰਿਸਦੇ ਫਿਰ ਕਾਹਤੋਂ
ਅੱਜ ਸਿਆਸਤ ਚੱਲ ਕੇ ਏਧਰ ਆਈ ਹੈ
**

ਦੋ:

ਗਰਦਿਸ਼ ਮੈਨੂੰ ਖੜ੍ਹਨ ਨਾ ਦੇਵੇ ਤਾਰੇ ਭੌਣ ਨਾ ਦਿੰਦੇ
ਜਾਗਦਿਆਂ ਟੁੱਟ ਜਾਵਣ ਫਿਰ ਵੀ ਸੁਪਨੇ ਸੌਣ ਨਾ ਦਿੰਦੇ

ਕਿਹੜੇ ਖੂੰਜੇ ਰੱਖਾਂ ਮੈਂ ਹੁਣ ਮਹਿਕਦੀਆਂ ਇਹ ਯਾਦਾਂ।
ਮੇਰੇ ਘਰ ਦੇ ਫੁੱਲ ਹੀ ਮੈਨੂੰ ਘਰ ਮਹਿਕਾਉਣ ਨਾ ਦਿੰਦੇ।

ਕਾਵਾਂ ਦੀ ਸਰਕਾਰ ਹੈ ਏਥੇ ਸੁਰ ’ਤੇ ਹੈ ਪਾਬੰਦੀ,
ਜਿਸ ਦੇ ਮਨ ਵਿਚ ਕੋਇਲ ਵੱਸਦੀ ਉਸ ਨੂੰ ਗਾਉਣ ਨਾ ਦਿੰਦੇ।

ਗ਼ੈਰਾਂ ਦਾ ਪਿੜ ਗਾਹੁੰਦੇ-ਗਾਹੁੰਦੇ ਘਸ ਗਈਆਂ ਨੇ ਖੁਰੀਆਂ,
ਸਿਰ ਕਟਵਾਉਦੇ ਚੰਗੇ ਰਹਿੰਦੇ ਪਰ ਇਹ ਧੌਣ ਨਾ ਦਿੰਦੇ।

ਵੇਚ ਰਹੇ ਨੇ ਅੱਜ ਵੀ ਮਾਲੀ ਖ਼ੁਦ ਕਲੀਆਂ ਦੀ ਲਾਲੀ,
ਜਿਸਮਾਂ ਦੇ ਸੌਦਾਗਰ ਹੱਥੀਂ ਚੂੜਾ ਪਾਉਣ ਨਾ ਦਿੰਦੇ।

ਵੇਲ਼ਾ ਸੀ ਜਦ ਬੰਦ ਕਰੇ ਤੂੰ ਆਪਣੇ ਦਿਲ ਦੇ ਬੂਹ,ੇ
ਸ਼ਾਮ ਪਈ ਹੁਣ ਕਿਹੜਾ ਆਵੇ ਰਸਤੇ ਆਉਣ ਨਾ ਦਿੰਦੇ।
**

23 ਫਰਵਰੀ 2022
***
652
***

About the author

ਸ਼ਾਇਰ ਗੌਤਮ, ਕੈਨੇਡਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸ਼ਾਇਰ ਗੌਤਮ, ਕੈਨੇਡਾ

View all posts by ਸ਼ਾਇਰ ਗੌਤਮ, ਕੈਨੇਡਾ →