ਤੇਰੵਵੀਂ ਸੰਤਾਨ-ਅਮਰਜੀਤ ਕੋਰ ਪੰਨੂ- |
ਸੂਜ਼ੀ ਦੇ ਬੈੱਡਰੂਮ ਦੀ ‘ਐਂਟਰਟੇਨਮੈਂਟ ਵਾਲ’ (ਮਨੋਰੰਜਨ ਕੰਧ) ਪੂਰੇ ਟਾਈਮ ਤੇ ‘ਆਨ’ ਹੋ ਗਈ ਅਤੇ ਸਕਰੀਨ ਉੱਤੇ ਕੈਲੀ ਦੀ ਤਸਵੀਰ ਉੱਭਰ ਆਈ ਸੀ। ‘ਕੰਪਿਊਟਰ ਮੇਡ’ ਕੈਲੀ ਨੇ ਆਪਣੀ ਸੰਗੀਤਕ ਆਵਾਜ਼ ਵਿੱਚ ਸੂਜ਼ੀ ਨੂੰ ਪੁੱਛਿਆ, “ਡਾਕਟਰ ਸੂਜ਼ੀ, ਸ਼ੁੱਡ ਆਈ ਸੈਂਡ ਸਮ ਕੌਫੀ …? … ਕੀ ਤੁਸੀਂ ਅਜੇ ਕੁਝ ਦੇਰ ਹੋਰ ਸੌਣਾ ਚਾਹੋਗੇ ਜਾਂ ਤੁਹਾਡੇ ਲਈ ਕੌਫੀ ਦਾ ਕੱਪ ਭੇਜ ਦਿਆਂ …?”
ਸੂਜ਼ੀ ਜਾਗਦੀ ਤਾਂ ਪਹਿਲਾਂ ਹੀ ਸੀ ਪਰ ਕੰਪਿਊਟਰ ਮੇਡ ਕੈਲੀ ਦੀ ਆਵਾਜ਼ ਸੁਣ ਕੇ ਉਸ ਅੱਖਾਂ ਖੋਲ੍ਹੀਆਂ। “ਕੌਫੀ ਪਲੀਜ਼ …” ਸੂਜ਼ੀ ਨੇ ਅੰਗੜਾਈ ਲੈਂਦਿਆਂ ਹੋਇਆਂ ਉਬਾਸੀ ਲਈ। “ਐਜ਼ ਯੂ ਵਿਸ਼ … ਡਾਕਟਰ ਸੂਜ਼ੀ” ਕੰਪਿਊਟਰ ਮੇਡ ਕੈਲੀ ਨੇ ਆਖਿਆ ਅਤੇ ਨਾਲ ਹੀ ਪਾਣੀ ਦੇ ਝਰਨੇ ਦੀ ਆਵਾਜ਼ ਵਰਗਾ ਮੱਧਮ ਮੱਧਮ ਸੰਗੀਤ ਸ਼ੁਰੂ ਹੋ ਗਿਆ। ਇੱਕ ਡੇਢ ਮਿੰਟ ਪਿੱਛੋਂ ਹੀ ਸੂਜ਼ੀ ਦੇ ਬੈੱਡ ਦੇ ਸੱਜੇ ਪਾਸੇ ਤਕਰੀਬਨ ਇੱਕ ਫੁੱਟ ਦੀ ਦੂਰੀ ਉੱਤੋਂ ਥੋੜ੍ਹਾ ਜਿਹਾ ਫਰਸ਼ ਖੁੱਲ੍ਹਿਆ। ਟਾਇਲਾਂ ਇੱਕ ਪਾਸੇ ਨੂੰ ਹਟ ਗਈਆਂ ਅਤੇ ਇੱਕ ਸ਼ੀਸ਼ੇ ਵਾਂਗਰ ਚਮਕਦੀ ਹੋਈ ਪਾਈਪ ਫਰਸ਼ ਵਿੱਚੋਂ ਨਿਕਲ ਕੇ ਸੂਜ਼ੀ ਦੇ ਬੈੱਡ ਦੀ ਉਚਾਈ ਤੇ ਪਹੁੰਚ ਕੇ ਰੁਕ ਗਈ। ਹੌਲੀ-ਹੌਲੀ ਜਿਵੇਂ ਫੁੱਲ ਦੀਆਂ ਪੱਤੀਆਂ ਖਿੜਦੀਆਂ ਹਨ, ਪਾਈਪ ਦਾ ਉੱਪਰਲਾ ਹਿੱਸਾ ਖੁੱਲ੍ਹਣਾ ਸ਼ੁਰੂ ਹੋ ਗਿਆ ਤੇ ਇੱਕ ਛੋਟੇ ਜਿਹੇ ਮੇਜ਼ ਦੀ ਸ਼ਕਲ ਅਖਤਿਆਰ ਕਰ ਗਿਆ। ਮੇਜ਼ ਦੇ ਵਿਚਕਾਰੋਂ ਪਾਈਪ ਦੇ ਖੋਲ ਵਾਲੇ ਥਾਂ ਤੋਂ ਸਹਿਜੇ ਸਹਿਜੇ ਕੌਫੀ ਦਾ ਭਰਿਆ ਮੱਗ ਉੱਪਰ ਆਇਆ ਜੋ ਮੇਜ਼ ਉੱਤੇ ਥੋੜ੍ਹਾ ਜਿਹਾ ਇੱਕ ਪਾਸੇ ਨੂੰ ਸਰਕ ਗਿਆ। ਉਸ ਤੋਂ ਬਾਅਦ ਪਾਈਪ ਵਿੱਚੋਂ ਇੱਕ ‘ਸਿੰਥੈਟਿਕ’ ਗੁਲਾਬ ਦੀ ਟਾਹਣੀ ਉੱਪਰ ਆਈ ਅਤੇ ਉਸ ਉੱਤੇ ਲੱਗੀ ਹੋਈ ਡੋਡੀ ਪਲਾਂ ਵਿੱਚ ਹੀ ਖੁੱਲ੍ਹ ਕੇ ਇੱਕ ਖੁਸ਼ਬੂਦਾਰ ਗੁਲਾਬ ਦਾ ਫੁੱਲ ਖਿੜ ਪਿਆ ਜਿਸ ਦੀ ਸੁਗੰਧੀ ਨਾਲ ਸਾਰਾ ਕਮਰਾ ਮਹਿਕ ਉੱਠਿਆ। ਡਾ. ਸੂਜ਼ੀ ਨੇ ਕੌਫੀ ਮੱਗ ਉੱਤੋਂ ਢੱਕਣ ਚੁੱਕਿਆ … ਕੌਫੀ ਦੀ ਖੁਸ਼ਬੂ ਗੁਲਾਬ ਦੀ ਸੁਗੰਧੀ ਨਾਲ ਰਲ ਕੇ ਕਮਰੇ ਵਿੱਚ ਫੈਲਣ ਲੱਗੀ। ਮੱਠਾ-ਮੱਠਾ ਸੰਗੀਤ ਉੱਭਰਦਾ ਰਿਹਾ ਤੇ ਸੂਜ਼ੀ ਕੌਫੀ ਦੇ ਘੁੱਟ ਭਰਦੀ ਹੋਈ ਅੱਜ ਦੇ ਕੰਮ ਬਾਰੇ ਸੋਚਣ ਲੱਗੀ। ਇੱਕ ਤਾਂ ਉਸ ਨੇ ਅੱਜ ‘ਐਂਡਰਸਨ ਕਲੋਨਿੰਗ ਕਾਰਪੋਰੇਸ਼ਨ’ ਵਾਸਤੇ ਮੁਲਾਇਮ ਚਮੜੀ ਦਾ ਆਰਡਰ ਪੂਰਾ ਕਰਨਾ ਸੀ। ਪੂਰੇ ਤਿੰਨ ਸੌ ਕਲੋਨਜ਼ ਜੋਗੀ ਚਮੜੀ ਦਾ ਆਰਡਰ ਪੂਰਾ ਕਰਨ ਲਈ ਕਾਫੀ ਵਕਤ ਚਾਹੀਦਾ ਸੀ। ਪਿਛਲੇ ਦੋ ਮਹੀਨੇ ਤੋਂ ਇਸ ਉੱਤੇ ਕੰਮ ਹੋ ਰਿਹਾ ਸੀ। ‘ਐਂਡਰਸਨ ਕਲੋਨਿੰਗ ਕੰਪਨੀ’ ਕੁਝ ਸਮੇਂ ਤੋਂ ਘਾਟੇ ਵਿਚ ਜਾ ਰਹੀ ਸੀ ਕਿਉਂਕਿ ਪਿਛਲੇ ਸਾਲ ਉਨ੍ਹਾਂ ਦੀ ਫੈਕਟਰੀ ਵਿਚ ਜਿੰਨੇ ਵੀ ਕਲੋਨਿੰਗ ਆਰਡਰ ਆਏ ਸਨ, ਸਾਰਿਆਂ ਵਿਚ ਹੀ ਕੋਈ ਨਾ ਕੋਈ ਨੁਕਸ ਰਹਿ ਗਿਆ ਸੀ। ਬਹੁਤਾ ਵੱਡਾ ਨੁਕਸ ਸਕਿੱਨ ਜੀਨਜ਼ ਦੀ ਮਿਉਟੇਸ਼ਨ (DNA Alteration) ਹੋ ਜਾਣ ਕਰਕੇ ਪਿਆ ਸੀ। ਇੱਕ ਦਮ ਹੀ ਚਿੱਟੀ ਤੇ ਮੁਲਾਇਮ ਚਮੜੀ ਦੀ ਜਗ੍ਹਾ ਖੁਰਦਰੀ ਤੇ ਪਾਟੀ ਹੋਈ ਚਮੜੀ ਵਾਲੇ ਕਲੋਨ ਤਿਆਰ ਹੋ ਗਏ ਸਨ। ਏਸੇ ਕਰਕੇ ਹੀ ਸਾਰੀ ਦੀ ਸਾਰੀ ਕਲੋਨਿੰਗ ਕਰਾਪ (Cloning Crop) ਰੱਦ ਕਰਨੀ ਪਈ ਸੀ। ਇਨਕੁਬੇਟਰਾਂ (Incubators) ਵਿੱਚੋਂ ਬਾਹਰ ਆਉਂਦਿਆਂ ਹੀ ਥਾਂ ਥਾਂ ਤੋਂ ਲਹੂ ਸਿੰਮਣਾ ਸ਼ੁਰੂ ਹੋ ਗਿਆ ਸੀ। ਵੇਖਦੇ ਵੇਖਦੇ ਜਿਵੇਂ ਗਰਮੀ ਨਾਲ ਮੋਮ ਪਿਘਲਦੀ ਹੈ … ਚਮੜੀ ਪਿਘਲਣ ਲੱਗ ਪਈ ਸੀ। ਸਾਰੇ ਅੰਦਰਲੇ ਅੰਗ ਤੇ ਹੱਡੀਆਂ ਨੰਗੀਆਂ ਹੋ ਗਈਆਂ … ਕੰਨ ਪਾੜਵਾਂ ਚੀਕ ਚਿਹਾੜਾ ਤੇ ਨਾਲ ਹੀ ਕੰਪਨੀ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਸਨ। ਹਫ਼ੜਾ ਦਫ਼ੜੀ ਵਿਚ ਹੀ ਇਨ੍ਹਾਂ ਨਿੱਕੇ ਨਿੱਕੇ ਮਨੁੱਖੀ ਕਲੋਨਾਂ ਦੀਆਂ ਆਵਾਜ਼ਾਂ ਨੂੰ ਖ਼ਾਮੋਸ਼ ਕਰਨ ਵਾਸਤੇ ਪਹਿਲਾਂ ਉਨ੍ਹਾਂ ਨੂੰ ਐਨੇਸਥੀਸੀਆ (ਬੇਹੋਸ਼ੀ ਦੀ ਦਵਾਈ) ਟੈਂਕਾਂ ਵਿੱਚ ਸੁੱਟਿਆ ਗਿਆ ਤੇ ਫੇਰ ਦੋ ਦੋ ਤਿੰਨ ਤਿੰਨ ਦੇ ਗਰੁੱਪਾਂ ਵਿੱਚ ਭਸਮ ਭੱਠੀ (Incinerator) ਦੀਆਂ ਲਪਟਾਂ ਹਵਾਲੇ ਕਰ ਦਿੱਤਾ ਗਿਆ ਸੀ। ਐਂਡਰਸਨ ਕਲੋਨਿੰਗ ਕੰਪਨੀ ਦੀ ਭਸਮ ਭੱਠੀ ਦੋ ਦਿਨ ਤੇ ਦੋ ਰਾਤਾਂ ਲਗਾਤਾਰ ਚੱਲਦੀ ਰਹੀ ਸੀ। ਚਾਰ ਹਜ਼ਾਰ ਮਨੁੱਖੀ ਕਲੋਨਾਂ ਦੀ ਮੁੱਠ ਕੁ ਹੀ ਸਵਾਹ ਬਚੀ ਸੀ। ਭਸਮ ਭੱਠੀ ਦਾ ਖਿਆਲ ਆਉਂਦਿਆਂ ਹੀ ਡਾ. ਸੂਜ਼ੀ ਅੰਦਰੋਂ ਬਾਹਰੋਂ ਇੱਕ ਵਾਰ ਕੰਬ ਉੱਠੀ … ਤੇ ਫੇਰ ਉਹਦੀ ਕੰਬਣੀ ਬੁੱਲ੍ਹਾਂ ਉੱਤੇ ਆ ਕੇ ਅੱਖਰ ਬਣ ਬਣ ਹਵਾ ਵਿੱਚ ਰਲਣ ਲੱਗੀ …“ਮਿਉਟੇਸ਼ਨ … ਮਿਉਟੇਸ਼ਨ … ਮਿਉਟੇਸ਼ਨ …!!! “ਆਖਰ ਏਨੀਆਂ ਘਾਤਕ ਮਿਉਟੇਸ਼ਨਜ਼ ਕਿਉਂ …?” ਸੂਜ਼ੀ ਜਿਵੇਂ ਹਵਾ ਕੋਲੋਂ ਪੁੱਛ ਰਹੀ ਹੋਵੇ … ਜਾਂ ਸ਼ਾਇਦ ਹਵਾ ਨੂੰ ਦੱਸ ਰਹੀ ਹੋਵੇ … “ਕਦੇ ਲੱਤਾਂ ਵਿੰਗੀਆਂ … ਕਦੇ ਬਾਹਵਾਂ … ਕਦੇ ਦਿਮਾਗ ਦਾ ਕੋਈ ਹਿੱਸਾ ਗਾਇਬ ਤੇ ਕਦੇ ਚੇਹਰੇ ਤੋਂ ਅੱਖਾਂ ਹੀ ਅਲੋਪ … ਪਰ ਹੁਣ ਤਾਂ ਚਮੜੀ ਵਿੱਚ ਹੀ ਲੰਗਾਰ ਪੈਣੇ ਸ਼ੁਰੂ ਹੋ ਗਏ … ਕੀ ਪਤਾ ਸਿੰਥੈਟਿਕ ਚਮੜੀ ਵੀ ਪੂਰੀ ਤਰ੍ਹਾਂ ਕੰਮ ਕਰੇਗੀ ਜਾ ਨਹੀਂ … ਜਿਸ ਨਾਲ ਪੂਰੇ ਤਿੰਨ ਸੌ ਕਲੋਨਜ਼ ਦਾ ਆਰਡਰ ਅੱਜ ਹੀ ਭਰਿਆ ਜਾਣਾ ਸੀ … “ਕਿੰਜ ਕਾਬੂ ਪਾਇਆ ਜਾ ਸਕਦਾ ਏ ਇਨ੍ਹਾਂ ਘਾਤਕ ‘ਰੈਟਰੋਵਾਇਰਲ ਜੀਨਜ਼’ ਉੱਤੇ ਜੋ ਮਨੁੱਖੀ ਜੀਨੋਮ (Human Genome) ਦਾ ਹਿੱਸਾ ਹੀ ਬਣ ਚੁੱਕੀਆਂ ਹਨ … ਅਤੇ ਜੋ ਵੇਲੇ ਕੁਵੇਲੇ ‘ਐਕਟਿਵ’ ਹੋ ਕੇ ਮਨੁੱਖੀ ਬਣਤਰ ਨੂੰ ਉੱਕਾ ਹੀ ਵਿਗਾੜ ਦੇਂਦੀਆਂ ਹਨ … “ਕੋਈ ਵਕਤ ਸੀ, ਜਦ ਮਨੁੱਖੀ ਕਲੋਨ ਇੱਕ ਅਦਭੁਤ ਵਚਿੱਤਰਤਾ ਦਾ ਨਮੂਨਾ ਹੋਇਆ ਕਰਦੇ ਸਨ … ਪਰ ਹੁਣ?” ਆ ਪਣੇ ਆਪ ਨਾਲ ਗੱਲਾਂ ਕਰ ਰਹੀ ਡਾ. ਸੂਜ਼ੀ ਨੇ ਘਬਰਾ ਕੇ ਆਪਣੇ ਹੱਥਾਂ ਵੱਲ ਵੇਖਿਆ … ਕੌਫੀ ਦਾ ਕੱਪ ਹੱਥਾਂ ਵਿੱਚੋਂ ਛੁੱਟ ਜਾਣ ਦੇ ਡਰੋਂ ਉਸਨੇ ਮੁੜ ਮੇਜ਼ ਉੱਤੇ ਰੱਖ ਦਿੱਤਾ ਅਤੇ ਦੋਵਾਂ ਹਥੇਲੀਆਂ ਉੱਤੇ ਦਸ ਦੀਆਂ ਦਸ ਉਂਗਲਾਂ ਵਲ ਵੇਖਦਿਆਂ ਹੋਇਆਂ ਉਸ ਨੇ ਦੋ ਤਿੰਨ ਵਾਰ ਮੁੱਠਾਂ ਮੀਚੀਆਂ ਤੇ ਖੋਲ੍ਹੀਆਂ … ਫੇਰ ਆਪਣੇ ਚੇਹਰੇ ਉੱਤੇ ਹੱਥ ਫੇਰਿਆ … ਸੱਜੀ ਕੰਧ ਉੱਤੇ ਲੱਗੇ ਹੋਏ ਆਦਮ ਕੱਦ ਸ਼ੀਸ਼ੇ ਵਿੱਚ ਤੱਕਦਿਆਂ … ਦੋ ਨੀਲੀਆਂ ਅੱਖਾਂ, ਮੱਥਾ, ਬੁੱਲ੍ਹ, ਨੱਕ ਤੇ ਸੰਧੂਰੀ ਭਾਅ ਮਾਰਦੀਆਂ ਗੱਲ੍ਹਾਂ … ਉਸਨੂੰ ਆਪਣਾ ਆਪ ਸੰਪੂਰਨਤਾ ਦਾ ਪ੍ਰਤੀਕ ਜਾਪਿਆ। ਉਸਨੇ ਆਪਣੀ ਗਰਦਨ ਹਿਲਾਈ … ਮੋਢਿਆਂ ਨੂੰ ਸੁਕੋੜਿਆ … ਫੇਰ ਉੱਠ ਕੇ ਸ਼ੀਸ਼ੇ ਵਿੱਚ ਆਪਣੀ ਪੂਰੀ ਬਣਤਰ ਨੂੰ ਨਿਹਾਰਿਆ … ਸਾਰੇ ਅੰਗ ਨਵੇਂ ਨਰੋਏ … ਪਰ … ਪਰ ਕਿਤੇ ਨਾ ਕਿਤੇ ਕੋਈ ਕਮੀ ਜ਼ਰੂਰ ਸੀ, ਜਿਸ ਦਾ ਅਹਿਸਾਸ ਉਸਦੇ ਚੇਤਿਆਂ ਵਿੱਚੋਂ ਉੱਭਰਦਾ ਹੋਇਆ ਮਨ ਵਿੱਚ ਕੋਈ ਝੌਲਾ ਜਿਹਾ ਪਾ ਜਾਂਦਾ … ਇਹ ਕਿਸ ਕਿਸਮ ਦੀ ਘਾਟ ਸੀ, ਜਿਸ ਦਾ ਅਹਿਸਾਸ ਇੱਕ ਪ੍ਰਛਾਵੇਂ ਵਾਂਗਰ ਉਸਦੇ ਅੱਗਿਓਂ ਦੀ ਲੰਘ ਜਾਂਦਾ … ਪਰ ਕਦੇ ਕੁਝ ਚੰਗੀ ਤਰ੍ਹਾਂ ਚੇਤੇ ਨਹੀਂ ਸੀ ਆਉਂਦਾ। ਉਸ ਘਾਟ ਦਾ ਅਨੁਭਵ ਸੂਜ਼ੀ ਨੂੰ ਗਹਿਰੀ ਉਦਾਸੀ ਭਰੇ ਪਲਾਂ ਦੇ ਹਵਾਲੇ ਕਰ ਜਾਂਦਾ … ਡੂੰਘੀ ਚੁੱਪ ਵਿੱਚੋਂ ਇੰਜ ਜਾਪਦਾ ਜਿਵੇਂ ਕੋਈ ਅਣਹੋਣੀ ਵਾਪਰ ਕੇ ਹਟੀ ਹੋਵੇ … ਜਿਵੇਂ ਮਨੁੱਖਤਾ ਕੋਲੋਂ ਕੋਈ ਡਾਢਾ ਵੱਡਾ ਗੁਨਾਹ ਹੋ ਗਿਆ ਹੋਵੇ ਤੇ ਸ਼ਾਇਦ ਏਸੇ ਕਰਕੇ ਹੀ ਮਨੁੱਖੀ ਕਲੋਨਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਸੀ। ਸੂਜ਼ੀ ਨੂੰ ਪਤਾ ਨਹੀਂ ਕਿਉਂ ਇੰਜ ਜਾਪਦਾ ਜਿਵੇਂ ਉਸਦਾ ਕੋਈ ‘ਆਪਣਾ’ ਉਸਤੋਂ ਨਿੱਖੜ ਗਿਆ ਹੋਵੇ ਤੇ ਉਹ ਇਕੱਲੀ ਰਹਿ ਗਈ ਹੋਵੇ … ਪਰ ਬਾਕੀ ਦੇ ਮਨੁੱਖੀ ਕਲੋਨ ਵੀ ਤਾਂ ਸਾਰੇ ਇਕੱਲੇ-ਇਕੱਲੇ ਹੀ ਰਹਿੰਦੇ ਸਨ। ਹਰ ਇੱਕ ਦਾ ਆਪੋ ਆਪਣਾ ਕੰਮ ਅਤੇ ਹਰ ਇੱਕ ਦੇ ਆਪੋ ਆਪਣੇ ਰੋਬਾਟਿਕ ਨੌਕਰ। ਹਰ ਇੱਕ ਕਲੋਨ ਦਾ ਆਪਣਾ ‘ਕੰਪਿਉਟਰਾਇਜ਼ਡ’ ਰਹਿਣ ਦਾ ਕਮਰਾ ਅਤੇ ਉਨ੍ਹਾਂ ਦੇ ਸੌਣ ਜਾਗਣ, ਖਾਣ ਪੀਣ ਤੇ ਨਹਾਉਣ ਧੋਣ ਦਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲੀਆਂ ‘ਕੰਪਿਊਟਰ ਮੇਡਜ਼’ (Computer maids)। ਸੂਜ਼ੀ ਦੀ ਕੰਪਿਊਟਰ ਮੇਡ ‘ਕੈਲੀ’ ਕਿੰਨੀ ਹਰ ਕੰਮ ਵਿੱਚ ਨਿਪੁੰਨ ਸੀ। ਘਰਾਂ ਵਿੱਚ ਹਰ ਇੱਕ ਕੋਲ ਰੋਬਾਟਿਕ ਨੌਕਰ … ਪਰ ਰੌਬਾਟਿਕ ਕੰਪਨੀਆਂ ਤੇ ਕਲੋਨਿੰਗ ਕੰਪਨੀਆਂ ਵਿੱਚ ਹਰ ਕੋਈ ਆਪ ਰੋਬਾਟ ਦੀ ਤਰ੍ਹਾਂ ਕੰਮ ਕਰਦਾ। ਕੋਈ ਨਵੇਂ ਰੋਬਾਟ ਬਣਾਉਂਦਾ … ਤੇ ਕੋਈ ਪੁਰਾਣਿਆਂ ਦੀ ਮੁਰੰਮਤ ਕਰਦਾ। ਪਰ ਸੂਜ਼ੀ ਤਾਂ ਡਾਕਟਰ ਸੀ … ਮਨੁੱਖੀ ਅੰਗਾਂ ਦੀ ਮਾਹਰ ਅਤੇ ‘ਔਰਗੈਨ ਫਾਰਮ’ (Organ Farm) ਦੀ ਡਾਇਰੈਕਟਰ ! ਉਸ ਨੂੰ ਘਟ ਰਹੀ ਗਿਣਤੀ ਤੇ ਮਾਰੂ ਮਿਉਟੇਸ਼ਨਾਂ ਦਾ ਫਿਕਰ ਦਿਨੇ ਰਾਤ ਬੇਚੈਨ ਕਰੀ ਰੱਖਦਾ। ਵੱਡੇ ਆਕਾਰ ਵਾਲੇ ‘ਐਫ’ ਕਲੋਨ ਜੋ ਕਿ ਬਹੁਤ ਤਕੜੇ ਤੇ ਮਜ਼ਬੂਤ ਹੋਇਆ ਕਰਦੇ ਸਨ … ਹੁਣ ਕਿੰਨੇ ਬਦਲਦੇ ਜਾ ਰਹੇ ਸਨ। ਕਲੋਨਿੰਗ ਦੇ ਦੌਰਾਨ ਅੰਗਾਂ ਦੀ ਅਸੈਂਬਲੀ ਦੇ ਅਖੀਰਲੇ ਪੜਾਅ ਤੇ ਜਾ ਕੇ ਕੋਈ ਨਾ ਕੋਈ ਮਿਉਟੇਸ਼ਨ ਵਾਪਰ ਜਾਂਦੀ ਤੇ ਕਿਸੇ ਨਾ ਕਿਸੇ ਅੰਗ ਨੂੰ ਨਕਾਰਾ ਕਰ ਕੇ ਰੱਖ ਜਾਂਦੀ। ਡਾ. ਸੂਜ਼ੀ ਦੇ ਆਪਣੇ ਵਰਗੇ ਨਿੱਕੇ ਆਕਾਰ ਤੇ ਕੋਮਲ ਅੰਗਾਂ ਵਾਲੇ ‘ਐਮ’ ਕਲੋਨ ਵੀ ਤਾਂ ਘਟ ਕੇ ਗਿਣਤੀ ਜੋਗੇ ਹੀ ਰਹਿ ਗਏ ਸਨ … ਤੀਹਾਂ ਪੈਂਤੀਆਂ ਵਰ੍ਹਿਆਂ ਦੀ ਉਮਰੇ ਹੀ ਬੁੱਢੇ ਜਿਹੇ ਹੋਣ ਲਗ ਪਏ ਸਨ। ਡਾ. ਸੂਜ਼ੀ ਇਨ੍ਹਾਂ ਸੋਚਾਂ ਵਿੱਚ ਡੁੱਬੀ ਹੋਈ ਠੰਡੀ ਹੋ ਚੁੱਕੀ ਕੌਫੀ ਦੇ ਘੁੱਟ ਭਰ ਰਹੀ ਸੀ। ਐਂਟਰਟੇਨਮੈਂਟ ਵਾਲ ਉੱਤੇ ਚੱਲ ਰਹੇ ਪ੍ਰੋਗਰਾਮ ਵੱਲੋਂ ਬੇਧਿਆਨ ਉਹ ਕਲੋਨਿੰਗ ਦੀਆਂ ਉਲਝਣਾਂ ਸੁਲਝਾਉਣ ਵਿੱਚ ਉਲਝੀ ਪਈ ਸੀ। ਚੱਲ ਰਿਹਾ ਪ੍ਰੋਗਰਾਮ ਥੋੜ੍ਹੀ ਦੇਰ ਲਈ ਰੁਕਿਆ ਅਤੇ ਉਸਦੀ ਥਾਵੇਂ ਡਾ. ਸੂਜ਼ੀ ਦੀ ਆਪਣੀ ਕੰਪਨੀ ਦੇ ਮਸ਼ਹੂਰੀ ਵਾਸਤੇ ਇਸ਼ਤਿਹਾਰ ਆਉਣ ਲੱਗੇ। ਰੰਗ ਬਰੰਗੀ ਸਕਰੀਨ ਉੱਤੇ ਕਿਸੇ ‘ਐਮ’ ਕਲੋਨ ਦੀ ਬਰੀਕ ਜਹੀ ਆਵਾਜ਼ ਆ ਰਹੀ ਸੀ’ “ਲਾ ਜਵਾਬ ਮਸ਼ੀਨਾਂ ਅਤੇ ਇਨਕੁਬੇਟਰ … ਅਤੇ ਨਾਲ ਹੀ ਕੰਪਨੀ ਦੇ ਪ੍ਰੈਜ਼ੀਡੈਂਟ ਦੀ ਤਸਵੀਰ ਸਾਹਮਣੇ ਆ ਗਈ। ਉਸਤੋਂ ਬਾਅਦ ਡਾ. ਸੂਜ਼ੀ ਅਤੇ ਉਸਦੇ ਨਾਲ ਕੰਮ ਕਰਨ ਵਾਲਿਆਂ ਦੀਆਂ ਤਸਵੀਰਾਂ ਸਕਰੀਨ ਉੱਤੇ ਫਲੈਸ਼ ਕਰਨ ਲੱਗੀਆਂ। ਆਪਣੀ ਤਸਵੀਰ ਵੱਲ ਵੇਖਦਿਆਂ ਹੀ ਸੂਜ਼ੀ ਨੂੰ ਖਿਝ ਜਿਹੀ ਆਈ … ਉਸਦਾ ਮਨ ਕੀਤਾ ਕਿ ਹੁਣੇ ਹੀ ਪ੍ਰੋਗਰਾਮ ਨੂੰ ਬੰਦ ਕਰ ਦੇਵੇ … ਪਰ ਉਹ ਉਸੇ ਤਰ੍ਹਾਂ ਕੌਫੀ ਦੇ ਖਾਲੀ ਮੱਗ ਨੂੰ ਹੱਥਾਂ ਵਿੱਚ ਫੜੀ ਸਕਰੀਨ ਵੱਲ ਤੱਕਦੀ ਰਹੀ। ਉਹ ਮਨ ਹੀ ਮਨ ਇਸ ਝੂਠੇ ਪ੍ਰਚਾਰ ਬਾਰੇ ਸੋਚ ਰਹੀ ਸੀ। ਕੰਪਨੀ ਦੇ ਪ੍ਰੈਜ਼ੀਡੈਂਟ ਨੂੰ ਸਾਰੀਆਂ ਤਰੁੱਟੀਆਂ ਦਾ ਪਤਾ ਹੋਣ ਦੇ ਬਾਵਜੂਦ ਵੀ ਉਹ ‘ਵਿਯੁਅਲ ਮੀਡੀਏ’ ਰਾਹੀਂ ਆਪਣੀ ਕੰਪਨੀ ਦਾ ਏਨਾਂ ਪ੍ਰਚਾਰ ਕਰਵਾ ਰਿਹਾ ਸੀ। “ਸਟਾਪ ਲਾਈਂਗ …! ਯੂ ਗਰੀਡੀ ਮਾਨਸਟਰ …!” ਸੂਜ਼ੀ ਦੇ ਮੂਹੋਂ ਅੱਭੜਵਾਹੇ ਨਿਕਲੇ ਬੋਲ ਉਸਨੂੰ ਆਪ ਨੂੰ ਹੈਰਾਨ ਜਿਹਾ ਕਰ ਗਏ। “ਲਾਲਚੀ ਦਰਿੰਦਾ … ਖ਼ੁਦਗਰਜ਼ ਕਿਤੋਂ ਦਾ …” ਆਖਦਿਆਂ ਹੋਇਆਂ ਸੂਜ਼ੀ ਨੇ ਕੌਫੀ ਦਾ ਖਾਲੀ ਮੱਗ ਮੇਜ਼ ਉੱਤੇ ਰੱਖਿਆ … ਮੇਜ਼ ਸਣੇ ਮੱਗ ਦੇ ਫੁੱਲ ਪੱਤੀਆਂ ਵਾਂਗਰ ਬੰਦ ਹੋ ਗਿਆ ਅਤੇ ਸ਼ੀਸ਼ੇ ਵਾਂਗਰ ਚਮਕਦੀ ਪਾਈਪ ਉਸੇ ਰਾਹ ਵਾਪਸ ਮੁੜ ਗਈ। ਸਕਰੀਨ ਉੱਤੇ ਹੁਣ ਕੁਝ ਰੋਬਾਟ ਕੰਪਨੀਆਂ ਅਤੇ ਕੁਝ ‘ਸਪੇਸ ਵੇਕੇਸ਼ਨ’ ਦੇ ਇਸ਼ਤਿਹਾਰ ਆਉਣ ਲੱਗ ਪਏ ਸਨ। ਸੂਜ਼ੀ ਪ੍ਰੋਗਰਾਮ ਬੰਦ ਕਰ ਕੇ ਬੈੱਡ ਤੋਂ ਉੱਠਣ ਹੀ ਵਾਲੀ ਸੀ ਜਦ ਇੱਕ ਨਵੀਂ ਕਲੋਨਿੰਗ ਕੰਪਨੀ ਬਾਰੇ ਇਸ਼ਤਿਹਾਰ ਆਉਣ ਲੱਗੇ। ਇੱਕ ਬਹੁਤ ਸੁਨੱਖਾ ‘ਐਫ’ ਕਲੋਨ ਕੰਪਨੀ ਬਾਰੇ ਦੱਸ ਰਿਹਾ ਸੀ, “ਪਰਫੈਕਟ ਡੁਪਲੀਕੇਸ਼ਨ ਆਫ ਯੋਅਰਸੈਲਫ … ਬਿਲਕੁਲ ਤੁਹਾਡੀ ਆਪਣੀ ਕਾਰਬਨ ਕਾਪੀ … ਆਲ ਨੈਚੁਰਲ … ਨੋ ਕੈਮੀਕਲਜ਼ … ਨੋ ਮਿਉਟੇਸ਼ਨਜ਼ …” ਇਹ ਕੰਪਨੀ ‘ਦ ਨੈਚੁਰਲ ਕੰਟੀਨਿਉਏਸ਼ਨ’ (The Natural Continuation) ਸੂਜ਼ੀ ਨੂੰ ਆਪਣੀ ਕੰਪਨੀ ਨਾਲੋਂ ਬਹੁਤ ਵੱਖਰੀ ਕਿਸਮ ਦੀ ਜਾਪੀ … ਤੇ ਇਸ਼ਤਿਹਾਰ ਦੇਣ ਵਾਲਾ ‘ਐਫ’ ਕਲੋਨ ਵੀ ਆਮ ਐਫ ਕਲੋਨਾਂ ਨਾਲੋਂ ਕਿੰਨਾ ਵੱਖਰਾ ਜਿਹਾ ਸੀ। ਉਸ ਸੁਹਣੇ ‘ਐਫ’ ਕਲੋਨ ਵੱਲ ਤੱਕਦਿਆਂ ਹੀ ਸੂਜ਼ੀ ਨੂੰ ਇੰਜ ਜਾਪਿਆ ਜਿਵੇਂ ਢੇਰ ਚਿਰ ਤੋਂ ਉਹ ਇਸ ਆਵਾਜ਼ ਨੂੰ ਸੁਣਨ ਲਈ ਤਰਸਦੀ ਜਹੀ ਰਹੀ ਹੋਵੇ। ਉਸਦੇ ਮੂਹੋਂ ਨਿਕਲੇ ਇੱਕ ਇੱਕ ਬੋਲ ਨੂੰ ਧਿਆਨ ਨਾਲ ਸੁਣਦੀ ਹੋਈ ਉਹ ਜਿਵੇਂ ਅੰਤਰ-ਮੁਗਧ ਜਹੀ ਹੋ ਗਈ ਸੀ … ਐਡਵਰਟਾਈਜ਼ਮੈਂਟ ਅਜੇ ਵੀ ਜਾਰੀ ਸੀ- “ਨੋ ਕੈਮੀਕਲਜ਼ ?” ਸੂਜ਼ੀ ਸੋਚ ਰਹੀ ਸੀ, “ਇਹ ਕਿਵੇਂ ਹੋ ਸਕਦਾ ਏ?” ਸੂਜ਼ੀ ਦੀ ਆਪਣੀ ਕੰਪਨੀ ਵਿੱਚ ਤਾਂ ਗਾਹਕ ਦੇ ਖੂਨ ਵਿੱਚੋਂ ਲਏ ਸੈਲਾਂ ਤੋਂ ਸਰੀਰ ਦੇ ਸਾਰੇ ਲੋੜੀਂਦੇ ਅੰਗ ਵੱਖੋ-ਵੱਖਰੇ ਕੈਮੀਕਲ ਪਲਾਂਟਾਂ ਵਿੱਚ ਬਣਾਏ ਜਾਂਦੇ ਸਨ। ਫੇਰ ਉਨ੍ਹਾਂ ਨੂੰ ਅਸੈਂਬਲੀ ਇਨਕੁਬੇਟਰਾਂ ਵਿੱਚ ਇਕੱਤਰ ਕੀਤਾ ਜਾਂਦਾ ਜਿੱਥੇ ਬੜੇ ਸੂਖਮ ਢੰਗ ਨਾਲ ਸਾਰੇ ਅੰਗ ਆਪੋ ਆਪਣੀ ਠੀਕ ਜਗ੍ਹਾ ਤੇ ਪਹੁੰਚ ਕੇ ਬਿਜਲੀ ਦੇ ਨਿਯਮਤ ਝਟਕਿਆਂ ਅਤੇ ਮੈਗਨੈਟਿਕ ਇੰਪਲਸ ਨਾਲ ਆਪਣਾ ਕੰਮ ਸ਼ੁਰੂ ਕਰ ਦੇਂਦੇ … ਅਤੇ ਫੇਰ ਉਨ੍ਹਾਂ ਉੱਤੇ ਇੱਕ ਵੱਖਰੇ ਪਲਾਂਟ ਵਿੱਚ ਬਣਾਈ ਗਈ ਚਮੜੀ ਦਾ ਖੋਲ ਚੜ੍ਹਾਇਆ ਜਾਂਦਾ। ਮਨੁੱਖੀ ਕਲੋਨ ਤਿਆਰ ਕਰਨ ਦਾ ਹੁਣ ਤੀਕ ਏਹ ਸਭ ਤੋਂ ਵਧੀਆ ਤਰੀਕਾ ਸੀ … ਅਤੇ ਡਾ. ਸੂਜ਼ੀ ਸੀ ਇਹਨਾਂ ਮਨੁੱਖੀ ਅੰਗਾਂ ਦੀ ਮਾਹਰ। ‘ਨੈਚੁਰਲ ਕੰਟੀਨਿਉਏਸ਼ਨ’ ਕੰਪਨੀ ਦੇ ਇਸ਼ਤਿਹਾਰ ਨੂੰ ਵੇਖਦਿਆਂ ਹੋਇਆਂ ਸੂਜ਼ੀ ਨੂੰ ਜਾਪਿਆ ਜਿਵੇਂ ਉਸਨੂੰ ਕੋਈ ਆਵਾਜ਼ ਮਾਰ ਕੇ ਬੁਲਾ ਰਿਹਾ ਹੋਵੇ। ਪਤਾ ਨਹੀਂ ਇਹ ਉਸ ਐਫ ਕਲੋਨ ਦੇ ਸੁਨੱਖੇਪਨ ਦੀ ਖਿੱਚ ਸੀ ਜਾਂ ਉਹ ਸਚਮੁਚ ਹੀ ਕੰਪਨੀ ਬਾਰੇ ਜਾਨਣਾ ਚਾਹੁੰਦੀ ਸੀ, ਉਸ ਕੈਲੀ ਨੂੰ ਆਵਾਜ਼ ਦਿੱਤੀ। ਮਿੰਨਾ-ਮਿੰਨਾ ਮੁਸਕਰਾਉਂਦੀ ਹੋਈ ਕੈਲੀ ਦੀ ਆਦਮ ਕੱਦ ਤਸਵੀਰ ਐਂਟਰਟੇਨਮੈਂਟ ਵਾਲ ਉੱਤੇ ਉੱਭਰ ਕੇ ਸਾਹਮਣੇ ਆ ਗਈ, “ਯੈਸ ਡਾ. ਸੂਜ਼ੀ …!” ਹਮੇਸ਼ਾਂ ਦੀ ਤਰ੍ਹਾਂ ਸੰਗੀਤਕ ਆਵਾਜ਼ ਵਿੱਚ ਕੈਲੀ ਨੇ ਆਖਿਆ। “ਕੈਲੀ ਮੈਂ ਨੈਚੁਰਲ ਕੰਟੀਨਿਉਏਸ਼ਨ ਕੰਪਨੀ ਬਾਰੇ ਜਾਨਣਾ ਚਾਹੁੰਦੀ ਹਾਂ … ਜਿੰਨੀ ਛੇਤੀ ਹੋ ਸਕੇ ਉਨ੍ਹਾਂ ਨਾਲ ਐਪਾਇੰਟਮੈਂਟ ਬਣਾ ਦਿਉ।” “ਯੈਸ ਡਾ. ਸੂਜ਼ੀ, ਜਿਵੇਂ ਤੁਸੀਂ ਹੁਕਮ ਕਰੋ …” ਆਖ ਕੇ ਕੈਲੀ ਦੀ ਤਸਵੀਰ ਅਲੋਪ ਹੋ ਗਈ ਤੇ ਐਂਟਰਟੇਨਮੈਂਟ ਵਾਲ ਉੱਤੇ ਕੋਈ ਹੋਰ ਪ੍ਰੋਗਰਾਮ ਆਉਣ ਲੱਗ ਪਿਆ। ਪ੍ਰੋਗਰਾਮ ਵੱਲ ਧਿਆਨ ਦਿੱਤੇ ਬਗੈਰ ਸੂਜ਼ੀ ਆਉਣ ਵਾਲੀ ਮੁਲਾਕਾਤ ਬਾਰੇ ਸੋਚਣ ਲੱਗੀ। ਅਜੇ ਕੁਝ ਮਿੰਟ ਹੀ ਬੀਤੇ ਸਨ ਜਦ ਕੈਲੀ ਫੇਰ ਸਕਰੀਨ ਉੱਤੇ ਆ ਗਈ, “ਯੈਸ ਮਿਸ ਕੈਲੀ … ਯੂ ਆਰ ਦ ਬੈਸਟ … ਮੇਰੀ ਚੰਗੀ ਦੋਸਤ …” ਸੂਜ਼ੀ ਨੇ ਆਖਿਆ ਅਤੇ ਉੱਠ ਕੇ ਬਾਥਰੂਮ ਵੱਲ ਚੱਲ ਪਈ। ਏਸੇ ਦੌਰਾਨ ਕੈਲੀ ਨੇ ਉਸਦੇ ਕੱਪੜੇ ਬੈਲਟ ਰਾਹੀਂ ਬਾਥਰੂਮ ਵਿੱਚ ਪਹੁੰਚਾ ਦਿੱਤੇ ਸਨ। ਤਿਆਰ ਹੋ ਕੇ ਉਸ ਜਲਦੀ ਕੰਮ ਤੇ ਪਹੁੰਚਣਾ ਸੀ ਤਾਂ ਕਿ ਜਾਣ ਤੋਂ ਪਹਿਲਾਂ ਉਹ ਆਪਣੀ ਕੰਪਨੀ ਦੇ ਜ਼ਰੂਰੀ ਕੰਮ ਨਿਪਟਾ ਸਕੇ। ਅਣਮੰਨੇ ਜਿਹੇ ਦਿਲ ਨਾਲ ਉਸ ਨਾਸ਼ਤਾ ਕੀਤਾ ਪਰ ਕੰਮ ਤੇ ਜਾਣ ਲਈ ਉਸਦਾ ਮਨ ਨਹੀਂ ਸੀ ਕਰ ਰਿਹਾ। ਉਸਨੂੰ ਚੇਤਾ ਆਇਆ ਕਿ ਐਂਡਰਸਨ ਕੰਪਨੀ ਦਾ ਆਰਡਰ ਵੀ ਅੱਜ ਹੀ ਪੂਰਾ ਕਰਨਾ ਸੀ। ਉਸਨੇ ਆਪਣੇ ਅਸਿਸਟੈਂਟ ਡਾ. ਨੇਬਲ ਨੂੰ ਕੰਪਿਊਟਰ ਰਾਹੀਂ ਹਦਾਇਤਾਂ ਭੇਜ ਦਿਤੀਆਂ ਤੇ ਆਪ ਕੰਮ ਤੇ ਨਾ ਜਾਣ ਦਾ ਫੈਸਲਾ ਕਰ ਲਿਆ। ਉਂਝ ਵੀ ਤਾਂ ਉਸਨੇ ਸਿਰਫ ਇੱਕ ਦੋ ਘੰਟੇ ਵਾਸਤੇ ਹੀ ਜਾਣਾ ਸੀ। ਉਸਦੀ ਸਾਰੀ ਸੋਚ ਤਾਂ ਉਸ ਨਵੀਂ ਕੰਪਨੀ ਬਾਰੇ ਜਾਨਣ ਵਿੱਚ ਲੱਗੀ ਹੋਈ ਸੀ। ਇੱਕ ਵੱਜਣ ਤੋਂ ਪੰਜ ਸੱਤ ਮਿੰਟ ਪਹਿਲਾਂ ਸੂਜ਼ੀ ਦਾ ਰਾਕਟ ਕੈਰਿਜ ਸ਼ਾਂ ਸ਼ਾਂ ਕਰਦਾ ਉਸਦੀ ਬਾਲਕੋਨੀ ਵਿੱਚ ਆ ਉੱਤਰਿਆ। ਸੂਜ਼ੀ ਦੇ ਕੈਰਿਜ ਵਿੱਚ ਬੈਠਦਿਆਂ ਹੀ ਰਾਕਟ ਦੀ ਸਕਰੀਨ ਉੱਤੇ ਆਟੋ ਪਾਇਲਟ ਅਤੇ ਕੰਪਿਊਟਰ ਮੇਡ ਕੈਲੀ ਦੀ ਆਪਸ ਵਿੱਚ ਕੋਈ ਗੁਫ਼ਤਗੂ ਸ਼ੁਰੂ ਹੋ ਗਈ। ਕਈ ਬਟਨ ਪਰੈੱਸ ਹੋਏ, ਕਈ ਨਿੱਕੀਆਂ ਨਿੱਕੀਆਂ ਲਾਈਟਾਂ ਜਗੀਆਂ ਤੇ ਬੁਝੀਆਂ, ਕਈ ਤਰ੍ਹਾਂ ਦੀਆਂ ਸੰਗੀਤਕ ਆਵਾਜ਼ਾਂ ਉੱਭਰੀਆਂ ਤੇ ਆਖਰ ਵਿੱਚ ਰਾਕਟ ਕੈਰਿਜ ਦੀ ਸਕਰੀਨ ਉੱਤੇ ਇੱਕ ਨਕਸ਼ਾ ਆ ਗਿਆ ਜਿਸ ਵਿੱਚ ਸੂਜ਼ੀ ਦੇ ਘਰ ਤੋਂ ਲੈ ਕੇ ਨਵੀਂ ਕੰਪਨੀ ਤਕ ਦਾ ਰਸਤਾ ਉਲੀਕਿਆ ਹੋਇਆ ਸੀ। ਆਟੋ ਪਾਇਲਟ ਤੇ ਕੈਲੀ ਨੇ ਇੱਕ ਦੂਜੇ ਦਾ ਧੰਨਵਾਦ ਕੀਤਾ ਤੇ ਫੇਰ ਕੈਲੀ ਦੀ ਤਸਵੀਰ ‘ਬਾਏ’ ਆਖਦੀ ਹੋਈ ਅਲੋਪ ਹੋ ਗਈ। ਆਟੋ ਪਾਇਲਟ ਨੇ ਬੜੀ ਨਿਮਰਤਾ ਨਾਲ ਸੂਜ਼ੀ ਨੂੰ ਆਖਿਆ, “ਡਾ. ਸੂਜ਼ੀ ਤੁਹਾਡੇ ਹੈਲਮੈਟ ਦੀ ਮੈਗਨੈਟਿਕ ਇੰਪਲਸ ‘ਆਨ’ ਕਰ ਦਿੱਤੀ ਗਈ ਹੈ, ਜਿਸ ਨਾਲ ਸਫ਼ਰ ਦੇ ਦੌਰਾਨ ਤੁਹਾਡੀ ਦਿਮਾਗੀ ਅਤੇ ਸਰੀਰਕ ਐਕਟੀਵਿਟੀ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ, ਤਾਂ ਕਿ ਤੁਹਾਨੂੰ ਰਾਕਟ ਦੀ ਤੇਜ ਗਤੀ ਨਾਲ ਕੋਈ ਨੁਕਸਾਨ ਨਾ ਪਹੁੰਚੇ।” ਉਸੇ ਪਲ ਸੂਜ਼ੀ ਨੂੰ ਆਪਣੀਆਂ ਅੱਖਾਂ ਕੁਝ ਬੋਝਲ ਜਹੀਆਂ ਮਹਿਸੂਸ ਹੋਈਆਂ … ਤੇ ਕੁਝ ਸਕਿੰਟਾਂ ਵਿੱਚ ਹੀ ਉਹ ਘੂਕ ਸੌਂ ਗਈ। ਪੂਰੇ ਇੱਕ ਵਜੇ ਕੈਰਿਜ ਉੱਡਿਆ ਤੇ ਦੋ ਵੱਜਣ ਤੋਂ ਪੰਜ ਮਿੰਟ ਪਹਿਲਾਂ ਦਸ ਹਜ਼ਾਰ ਮੀਲ ਦੀ ਦੂਰੀ ਨੂੰ ਤਹਿ ਕਰਦਾ ਹੋਇਆ ਨੈਚੁਰਲ ਕੰਟੀਨਿਉਏਸ਼ਨ ਕੰਪਨੀ ਦੇ ਡੈੱਕ ਤੇ ਜਾ ਉੱਤਰਿਆ। ਆਟੋ ਪਾਇਲਟ ਦੀ ਆਵਾਜ਼ ਨਾਲ ਸੂਜ਼ੀ ਨੇ ਅੱਖਾਂ ਖੋਹਲੀਆਂ। ਉਸਨੂੰ ਮਾਮੂਲੀ ਜਿਹੀ ਥਕਾਵਟ ਮਹਿਸੂਸ ਹੋਈ ਜੋ ਕੈਰਿਜ ਵਿੱਚੋਂ ਬਾਹਰ ਆਉਂਦਿਆਂ ਹੀ ਆਲੇ ਦਵਾਲੇ ਦਾ ਦਰਿਸ਼ ਵੇਖ ਕੇ ਉਤਰਨੀ ਸ਼ੁਰੂ ਹੋ ਗਈ। ਆਬਾਦੀ ਤੋਂ ਕੋਹਾਂ ਦੂਰ ਇਸ ਕੰਪਨੀ ਦੀ ਬਿਲਡਿੰਗ ਸਚਮੁਚ ਦੇ ਰੁੱਖਾਂ ਨਾਲ ਘਿਰੀ ਹੋਈ ਸੀ। ਕਈ ਤਰ੍ਹਾਂ ਦੇ ਰੁੱਖ … ਕੁਝ ਘਣੀ ਛਾਂ ਵਾਲੇ ਹਰੇ ਪੱਤਿਆਂ ਵਾਲੇ ਰੁੱਖ … ਕੁਝ ਬਰੀਕ ਬਰੀਕ ਟਾਹਣੀਆਂ ਤੇ ਨਿੱਕੇ ਨਿੱਕੇ ਪੱਤਿਆਂ ਵਾਲੇ ਰੁੱਖ … ਕੁਝ ਸਿੱਧੇ ਤਣੇ ਤੇ ਉੱਪਰ ਛਤਰੀਆਂ ਵਰਗੇ ਰੁੱਖ … ਰੰਗ ਬਰੰਗੇ ਸੁਗੰਧੀ ਛੱਡਦੇ ਫੁੱਲਾਂ ਨਾਲ ਭਰੀਆਂ ਹੋਈਆਂ ਕਿਆਰੀਆਂ ਤੇ ਕਈ ਤਰ੍ਹਾਂ ਦੇ ਪੰਛੀ। ਫੁਰ ਫੁਰ ਕਰਕੇ ਇੱਕ ਟਾਹਣੀ ਤੋਂ ਦੂਜੀ ਤੇ ਉੱਡਦੀਆਂ ਬਹਿੰਦੀਆਂ, ਚਹਿਕਦੀਆਂ ਚਿੜੀਆਂ ਤੇ ਫੁੱਲਾਂ ਨਾਲ ਗੁਫ਼ਤਗੁ ਕਰਦੀਆਂ … ਪਿਆਰ ਸੁਨੇਹੇ ਪਹੁੰਚਾਉਂਦੀਆਂ ਤਿਤਲੀਆਂ। ਸੂਜ਼ੀ ਨੇ ਜਦ ਇਹ ਸਾਰਾ ਕੁਝ ਦੇਖਿਆ ਤਾਂ ਦੇਖਦੀ ਹੀ ਰਹਿ ਗਈ। ਪਤਾ ਨਹੀਂ ਕਿੰਨੇ ਸਾਲ ਹੋ ਗਏ ਸਨ ਉਸਨੂੰ ਜਿਉਂਦੇ ਜਾਗਦੇ, ਉਡਾਰੀਆਂ ਮਾਰਦੇ ਪੰਛੀ ਤੇ ਸਚਮੁਚ ਦੇ ਲਹਿਲਹਾਉਂਦੇ … ਹਵਾ ਨਾਲ ਝੂਮਦੇ ਰੁੱਖਾਂ ਨੂੰ ਵੇਖਿਆਂ। ਸੂਜ਼ੀ ਦੇ ਟਾਊਨ ਦੀਆਂ ਸੜਕਾਂ ਉੱਤੇ ਤਾਂ ਪਲਾਸਟਿਕ ਦੇ ਰੁੱਖ ਸਨ ਜਿਨ੍ਹਾਂ ਉੱਤੇ ਪਲਾਸਟਿਕ ਦੇ ਪੰਛੀ ਜਿੱਥੇ ਕਈ ਵਰ੍ਹੇ ਪਹਿਲਾਂ ਬਿਠਾਏ … ਉੱਥੇ ਹੀ ਬੈਠੇ ਬੈਠੇ ਕਦੀ ਬੇਜਾਨ ਜਿਹੀ ਆਵਾਜ਼ ਵਿੱਚ ਸੀਟੀ ਮਾਰਦੇ ਜਾਂ ਆਪਸ ਵਿਚ ਕਲੋਲਾਂ ਜਹੀਆਂ ਕਰਦੇ … ਪਰ ਸਾਰਾ ਕੁਝ ਕਿੰਨਾਂ ਬੇਜਾਨ ਜਿਹਾ ਲਗਦਾ ਸੀ। ਪਰ ਏਸ ਥਾਂ ਦੀ ਤਾਂ ਗੱਲ ਹੀ ਹੋਰ ਸੀ। ਸੂਜ਼ੀ ਨੂੰ ਜਾਪਿਆ ਜਿਵੇਂ ਉਹ ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚ ਗਈ ਹੋਵੇ … ਕੋਈ ਰਾਕਟਾਂ ਦੀ ਸ਼ਾਂ ਸ਼ਾਂ ਨਹੀਂ, ਕੋਈ ਫੈਕਟਰੀਆਂ ਦੀ ਟੱਕ ਟੱਕ ਨਹੀਂ। ਰਾਕਟ ਕੈਰਿਜ ਵਿੱਚੋਂ ਉੱਤਰ ਕੇ ਆਲੇ ਦਵਾਲੇ ਨੂੰ ਵੇਖਦੀ ਹੋਈ ਉਹ ਤਾਂ ਜਿਵੇਂ ਆਪਣੇ ਉੱਥੇ ਆਉਣ ਦੇ ਮਕਸਦ ਨੂੰ ਹੀ ਭੁੱਲ ਬੈਠੀ ਸੀ। ਅਜੇ ਕੁਝ ਪਲ ਹੀ ਬੀਤੇ ਹੋਣੇ ਨੇ ਜਦ ਉਸਨੂੰ ਮਨੁੱਖੀ ਕਲੋਨ ਦੀ ਆਵਾਜ਼ ਸੁਣਾਈ ਦਿੱਤੀ, “ਵੈਲਕਮ, ਡਾ. ਸੂਜ਼ੀ … ਜੀ ਆਇਆਂ ਨੂੰ … ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸਾਂ।” ਸੂਜ਼ੀ ਨੇ ਮੁੜ ਕੇ ਦੇਖਿਆ ਤਾਂ ਕੰਪਨੀ ਦਾ ਪ੍ਰੈਜ਼ੀਡੈਂਟ ਡਾ. ਸੈਂਡਿਊ ਤੇ ਉਸਦਾ ਐਸੋਸੀਏਟ ਡਾ. ਕੇਲਨ ਕਾਹਲੀ ਕਾਹਲੀ ਉਸ ਵਲ ਆ ਰਹੇ ਸਨ। ਸੂਜ਼ੀ ਨੂੰ ਯਾਦ ਆਇਆ ਉਸ ਨੇ ਡਾ. ਕੇਲਨ ਨੂੰ ਹੀ ਟੀ. ਵੀ. ਤੇ ਵੇਖਿਆ ਸੀ ਜਿਸ ਦੀ ਖਿੱਚ ਉਸਨੂੰ ਏਥੋਂ ਤੱਕ ਲੈ ਆਈ ਸੀ। ਉਹ ਦੋਵੇਂ ਬੜੇ ਤਪਾਕ ਨਾਲ ਸੂਜ਼ੀ ਨੂੰ ਗਲੇ ਮਿਲੇ। ਡਾ. ਸੈਂਡੀਊ ਨੇ ਜਿਵੇਂ ਸੂਜ਼ੀ ਦਾ ਮਨ ਪੜ੍ਹ ਲਿਆ ਹੋਵੇ, ਉਸ ਸੂਜ਼ੀ ਨੂੰ ਆਖਿਆ, “ਡਾ. ਸੂਜ਼ੀ, ਮੇਰਾ ਖਿਆਲ ਹੈ ਕਿ ਲੇਬੋਰੇਟਰੀ ਵੇਖਣ ਤੋਂ ਪਹਿਲਾਂ ਸ਼ਾਇਦ ਤੁਸੀਂ ਸਾਡਾ ਗਾਰਡਨ ਵੇਖਣਾ ਚਾਹੋਗੇ। ਇੱਕ ਤਾਂ ਰਾਕਟ ਦੀ ਮੈਗਨੈਟਿਕ ਇੰਪਲਸ ਨਾਲ ਹੋਈ ਥਕਾਵਟ ਦੂਰ ਹੋ ਜਾਵੇਗੀ, ਦੂਸਰੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਵੀ ਅਸੀਂ ਗਾਰਡਨ ਵਿੱਚ ਹੀ ਕੀਤਾ ਹੈ।” “ਯੈਸ ਡਾ. ਸੈਂਡੀਊ … ਜ਼ਰੂਰ ਦੇਖਣਾ ਚਾਹਵਾਂਗੀ ਤੁਹਾਡਾ ਗਾਰਡਨ … ਮੈਂ ਤਾਂ ਪਹਿਲਾਂ ਹੀ ਇਸ ਬਾਰੇ ਸੋਚ ਰਹੀ ਸਾਂ।” ਸੂਜ਼ੀ ਦੀਆਂ ਨੀਲੀ ਭਾਅ ਮਾਰਦੀਆਂ ਅੱਖਾਂ ਹੋਰ ਵੀ ਬਲੌਰੀ ਹੋ ਗਈਆਂ … ਤੇ ਬੁਲ੍ਹਾਂ ਦੀ ਮੁਸਕਾਨ ਨਿੱਕੇ ਜਿਹੇ ਹਾਸੇ ਵਿੱਚ ਬਦਲ ਗਈ। ਡਾ. ਕੇਲਨ ਨੇ ਆਪਣੀ ਗੁੱਟ ਘੜੀ ਤੋਂ ਕੁਝ ਬਟਨ ਦਬਾਏ। ਮੇਨ ਬਿਲਡਿੰਗ ਤੋਂ ਹਟਵੇਂ ਗੈਰੇਜ ਦਾ ਗੇਟ ਖੁੱਲ੍ਹਿਆ ਤੇ ਇੱਕ (ਬਗੈਰ ਛੱਤ ਤੋਂ) ਬੱਘੀ ਉਹਨਾਂ ਕੋਲ ਆ ਕੇ ਰੁਕ ਗਈ। ਤਿੰਨਾਂ ਦੇ ਬੈਠਦਿਆਂ ਹੀ ਬੱਘੀ ਹੌਲੀ-ਹੌਲੀ ਬਿਨਾਂ ਕਿਸੇ ਆਵਾਜ਼ ਕੀਤਿਆਂ ਗਾਰਡਨ ਵਿੱਚ ਬਣੀਆਂ ਵਲ-ਵਲੇਵੇਂ ਖਾਂਦੀਆਂ ਸੜਕਾਂ ਉੱਤੇ ਤੁਰਨ ਲੱਗੀ। ਕੰਪਨੀ ਦੇ ਪਿੱਛੇ ਦਾ ਦ੍ਰਿਸ਼ ਹੋਰ ਵੀ ਮਨਮੋਹਣਾ ਜਾਪਿਆ … ਇੱਕ ਨਿੱਕੀ ਜਿਹੀ ਪਹਾੜੀ ਤੋਂ ਵਹਿ ਰਿਹਾ ਪਾਣੀ ਦਾ ਚਸ਼ਮਾ ਤੇ ਹੇਠਾਂ ਇੱਕ ਸ਼ਾਂਤ ਜਿਹੀ ਝੀਲ ਜਿਸ ਵਿੱਚ ਨਿੱਕੀਆਂ ਨਿੱਕੀਆਂ ਮੁਰਗਾਬੀਆਂ ਤੈਰ ਰਹੀਆਂ ਸਨ। ਝੀਲ ਦੇ ਪਹਾੜੀ ਵਾਲੇ ਪਾਸੇ ਲੰਮੀਆਂ ਲੰਮੀਆਂ ਲੱਤਾਂ ਵਾਲੇ ਦੋ ਤਿੰਨ ਬਗਲੇ ਇੱਕੋ ਥਾਂ ਖਲੋਤੇ ਪਤਾ ਨਹੀਂ ਕਿਸ ਦਾ ਰਾਹ ਤੱਕ ਰਹੇ ਜਾਪਦੇ ਸਨ। ਪਹਾੜੀ ਤੋਂ ਵਹਿ ਰਹੇ ਪਾਣੀ ਦੀ ਕਲਕਲ … ਹਵਾ ਦੇ ਰੁੱਖਾਂ ਦੀਆਂ ਟਾਹਣੀਆਂ ਨਾਲ ਖਹਿ ਕੇ ਲੰਘਣ ਦੀ ਸਰਸਰਾਹਟ … ਕਬੂਤਰ੍ਹਾਂ ਦੀ ਗੂੰ ਗੂੰ ਤੇ ਚਿੜੀਆਂ ਦਾ ਚਹਿਕਣ…! ਇੱਕੋ ਵਾਰੀ ਕਿੰਨੀਆਂ ਹੀ ਆਵਾਜ਼ਾਂ…ਪਰ ਫੇਰ ਵੀ ਕਿੰਨੀ ਚੁੱਪ … ਕਿੰਨੀ ਸ਼ਾਂਤੀ … ਕਿੰਨਾ ਸਕੂਨ … ਬੱਘੀ ਝੀਲ ਕਿਨਾਰੇ ਬਣੀ ਹੋਈ ਪਟੜੀ ਤੇ ਚਲਦੀ ਹੋਈ ਇੱਕ ਪਲੈਟਫਾਰਮ ਤੇ ਆ ਕੇ ਰੁਕ ਗਈ। ਡਾ. ਕੇਲਨ ਨੇ ਫੇਰ ਆਪਣੀ ਘੜੀ ਤੋਂ ਕੁਝ ਬਟਨ ਦਬਾਏ … ਕੁਝ ਇੱਕ ਸਕਿੰਟਾਂ ਵਿੱਚ ਹੀ ਪਲੈਟਫਾਰਮ ਦੇ ਇੱਕ ਪਾਸੇ ਤੋਂ ਟਾਈਲਾਂ ਪਿੱਛੇ ਹਟੀਆਂ … ਫ਼ਰਸ਼ ਖੁੱਲ੍ਹਿਆ, ਤਿੰਨ ਕੁਰਸੀਆਂ ਤੇ ਵਿਚਕਾਰ ਇੱਕ ਸ਼ੀਸ਼ੇ ਵਾਂਗਰ ਚਮਕਦੀ ਹੋਈ ਪਾਈਪ ਉੱਤੇ ਟਿਕਿਆ ਹੋਇਆ ਗੋਲ ਮੇਜ਼ ਤੇ ਉੱਪਰ ਹਲਕੇ ਅਸਮਾਨੀ ਰੰਗ ਦੀ ਅਠਨੁਕਰੀ ਛਤਰੀ … ਕਲਿੱਕ ਕਲਿੱਕ ਕਰਕੇ ਸਾਰਾ ਕੁਝ ਇੱਕ ਅੱਧ ਮਿੰਟਾਂ ਵਿਚ ਹੀ ਫਿੱਟ ਹੋ ਗਿਆ। ਕੁਰਸੀਆਂ ਤੇ ਬੈਠਣ ਪਿੱਛੋਂ ਮੇਜ਼ ਦੇ ਵਿਚਕਾਰੋਂ ਗੋਲ ਢੱਕਣ ਖੁੱਲ੍ਹਿਆ ਤੇ ਪਾਈਪ ਵਿੱਚੋਂ ਕੌਫੀ ਤੇ ਹੋਰ ਖਾਣ ਪੀਣ ਦਾ ਸਾਮਾਨ ਹੌਲੀ-ਹੌਲੀ ਮੇਜ਼ ਉੱਤੇ ਇਕੱਠਾ ਹੋਣ ਲੱਗਾ। ਆਲੇ ਦੁਆਲੇ ਦੇ ਦ੍ਰਿਸ਼ ਵਾਂਗਰ ਹੀ ਡਾ. ਸੈਂਡੀਊ ਤੇ ਕੇਲਨ ਸੂਜ਼ੀ ਨੂੰ ਰਹੱਸਮਈ ਤੇ ਸੁੰਦਰ ਜਾਪ ਰਹੇ ਸਨ। ਦੋਹਵਾਂ ਦੀ ਚਮੜੀ ਦਾ ਰੰਗ ਆਮ ਮਨੁੱਖੀ ਕਲੋਨਾਂ ਦੀ ਪਿੱਲੀ ਜਹੀ ਚਮੜੀ ਨਾਲੋਂ ਬਹੁਤ ਵੱਖਰਾ ਜਿਵੇਂ ਕਿਸੇ ਨੇ ਥੋੜ੍ਹਾ ਜਿਹਾ ਸੂਰਜ … ਥੋੜ੍ਹੀ ਜਿਹੀ ਧਰਤੀ ਤੇ ਥੋੜ੍ਹਾ ਜਿਹਾ ਚੰਦਰਮਾ ਰਲਾ ਕੇ ਬਣਾਈ ਹੋਵੇ। ਡਾ. ਸੂਜ਼ੀ ਦੀ ਕੰਪਨੀ ਵਿੱਚ ਬਣਾਈ ਗਈ ਸਿੰਥੈਟਿਕ ਚਮੜੀ ਤਾਂ ਬਿਲਕੁਲ ਹੀ ਚਿੱਟੀ ਰਬੜ ਜਿਹੀ … ਬੇਜਾਨ ਜਿਹੀ ਹੁੰਦੀ ਸੀ … ਪਰ ਫੇਰ ਵੀ ਅੱਜਕਲ ਉਸਦੀ ਕਿੰਨੀ ਡਿਮਾਂਡ ਸੀ। ਸੂਜ਼ੀ ਨੇ ਆਪਣੀ ਉਮਰ ਵਿੱਚ ਪਹਿਲੀ ਵਾਰ ਏਨਾ ਸੁਹਣਾ ਦ੍ਰਿਸ਼ ਤੇ ਏਨੇ ਸੁਹਣੇ “ਐਫ” ਕਲੋਨ ਵੇਖੇ ਸਨ। ਉਨ੍ਹਾਂ ਦੇ ਸਾਹਮਣੇ ਬੈਠੀ ਉਹ ਉਨ੍ਹਾਂ ਦੇ ਚਿਹਰਿਆਂ ਨੂੰ ਨਿਹਾਰ ਰਹੀ ਸੀ। “ਮੈਨੂੰ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਏਸੇ ਧਰਤੀ ਉੱਤੇ ਬਣਾਏ ਗਏ ਹੋ … ਕੀ ਤੁਹਾਡੀ ਕਲੋਨਿੰਗ ਕਿਸੇ ਵੱਖਰੇ ਢੰਗ ਨਾਲ ਹੋਈ ਸੀ? ਡਾ. ਸੂਜ਼ੀ ਨੇ ਕੇਲਨ ਕੋਲੋਂ ਕੌਫੀ ਦਾ ਕੱਪ ਫੜਦਿਆਂ ਪੁੱਛਿਆ। “ਯੈੱਸ ਡਾ. ਸੂਜ਼ੀ, ਏਸੇ ਧਰਤੀ ਉੱਤੇ … ਅਤੇ ਏਥੇ ਹੀ … ਉਸ ਸਾਹਮਣੀ ਬਿਲਡਿੰਗ ਦੀ ਚਾਰ ਨੰਬਰ ਲੈਬੋਰੈਟਰੀ ਵਿੱਚ …” ਕੇਲਨ ਨੇ ਮੁਸਕਰਾਉਂਦਿਆਂ ਹੋਇਆਂ ਸੂਜ਼ੀ ਦੀਆਂ ਅੱਖਾਂ ਵਿੱਚ ਡੂੰਘਾ ਤੱਕਿਆ। “ਡਾ. ਸੂਜ਼ੀ, ਤੁਹਾਡੀ ਬਣਤਰ ਵੀ ਤਾਂ ਕੋਈ ਘੱਟ ਨਹੀਂ … ਬਿਲਕੁਲ ਪਰਫੈਕਟ ਹੈ…” ਸੈਂਡੀਊ ਨੇ ਸੂਜ਼ੀ ਨੂੰ ਸਿਰ ਤੋਂ ਪੈਰਾਂ ਤਕ ਨਿਹਾਰਦੇ ਹੋਏ ਆਖਿਆ। “ਥੈਂਕਯੂ ਡਾ. ਸੈਂਡੀਊ … ਪਰ ਅੱਜਕਲ ਤਾਂ ਪਤਾ ਨਹੀਂ ਕਿਉਂ ਏਨੀਆਂ ਘਾਤਕ ਮਿਉਟੇਸ਼ਨਜ਼ ਹੋ ਰਹੀਆਂ ਹਨ ਕਿ ਕਈ ਵਾਰੀ ਸਾਰੀ ਦੀ ਸਾਰੀ ਕਲੋਨਿੰਗ ਕਰੌਪ (Cloning Crop) ਵਿਅਰਥ ਚਲੇ ਜਾਂਦੀ ਹੈ। “ਤੁਹਾਡੀ ਕੰਪਨੀ ਦੀ ਐਡਵਰਟਾਈਜ਼ਮੈਂਟ ਅਤੇ ਤੁਹਾਨੂੰ ਮਿਲਣ ਤੋਂ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੇ ਕੋਲ ਕਲੋਨਿੰਗ ਦਾ ਕੋਈ ਵੱਖਰਾ ਤਰੀਕਾ ਹੈ।” ਡਾ. ਸੂਜ਼ੀ ਨੂੰ ਕੁਦਰਤੀ ਦ੍ਰਿਸ਼ ਮਾਣਦਿਆਂ ਹੋਇਆਂ ਅਚਾਨਕ ਹੀ ਜਿਵੇਂ ਆਪਣੇ ਉੱਥੇ ਆਉਣ ਦੇ ਅਸਲੀ ਮੰਤਵ ਦਾ ਚੇਤਾ ਆ ਗਿਆ ਹੋਵੇ। “ਸਾਡਾ ਕਲੋਨਿੰਗ ਮੈਥਡ ਬਿਲਕੁਲ ਨੈਚੁਰਲ ਹੈ। ਅਸੀਂ ਇਨਕੁਬੇਟਰਾਂ ਦੀ ਥਾਂ ਖਾਸ ਕਿਸਮ ਦੇ ਮਨੁੱਖੀ ਕਲੋਨ ਹੀ ਵਰਤਦੇ ਹਾਂ, ਜਿਸ ਨਾਲ ਮਿਉਟੇਸ਼ਨਾਂ ਦੀ ਸੰਭਾਵਨਾ ਨਾ ਦੇ ਬਰਾਬਰ ਹੈ।” ਸੈਂਡੀਊ ਸੂਜ਼ੀ ਨੂੰ ਦੱਸ ਰਿਹਾ ਸੀ, “ਸਾਡੀ ਕੰਪਨੀ ਦਾ ਕੰਮ ਬਹੁਤ ਛੋਟੇ ਸਕੇਲ ਤੇ ਹੈ, ਅਤੇ ਹੁਣ ਤਕ ਅਸੀਂ ਇਸ ਨੂੰ ਗੁਪਤ ਹੀ ਰੱਖਿਆ ਹੈ। ਹਰ ਸਾਲ ਸਿਰਫ ਗਿਣਤੀ ਦੇ ਕਲੋਨ ਹੀ ਬਣਦੇ ਹਨ। ਮਨੁੱਖੀ ਕਲੋਨਾਂ ਦੀ ਗਿਣਤੀ ਦਿਨੋਂ ਦਿਨ ਘਟ ਰਹੀ ਹੋਣ ਕਰਕੇ ਅਸੀਂ ਆਪਣੀ ਕੰਪਨੀ ਦਾ ਕੰਮ ਵਧਾਉਣਾ ਚਾਹੁੰਦੇ ਹਾਂ …” ਸੂਜ਼ੀ ਬੜੇ ਧਿਆਨ ਨਾਲ ਸੁਣ ਰਹੀ ਸੀ, ਪਰ ਅੰਦਰੋਂ ਉਸਨੂੰ ਇੱਕ ਕਿਸਮ ਦੀ ਕਾਹਲੀ ਜਿਹੀ ਪੈ ਰਹੀ ਸੀ ਕਿ ਕਦੋਂ ਉਹ ਲੈਬਾਰਟਰੀ ਵਿੱਚ ਜਾ ਕੇ ਉਨ੍ਹਾਂ ਦਾ ਕੰਮ ਵੇਖ ਸਕੇ। “ਡਾ. ਸੂਜ਼ੀ ਸਾਨੂੰ ਪਤਾ ਹੈ ਕਿ ‘ਮਨੁੱਖੀ ਕਲੋਨਤਾ’ ਨੂੰ ਤੁਹਾਡੀ ਬੜੀ ਵੱਡੀ ਦੇਣ ਹੈ। ਤੁਹਾਡਾ ‘ਜੀਨ ਮਿਉਟੇਸ਼ਨ’ ਤੇ ਕੀਤਾ ਜਾ ਰਿਹਾ ਕੰਮ ਬਹੁਤ ਪ੍ਰਭਾਵਸ਼ਾਲੀ ਹੈ। ਅਸੀਂ ਕੁਝ ਦੇਰ ਤੋਂ ਤੁਹਾਡੇ ਨਾਲ ਸੰਪਰਕ ਕਰਨ ਬਾਰੇ ਸੋਚਦੇ ਰਹੇ ਹਾਂ … ਇਤਫ਼ਾਕ ਦੀ ਗੱਲ ਹੈ ਕਿ ਤੁਸੀਂ ਆਪ ਹੀ ਸਾਡੀ ਕੰਪਨੀ ਵਿੱਚ ਦਿਲਚਸਪੀ ਦਿਖਾਈ ਹੈ। ਅਸੀਂ ਚਾਹੁੰਦੇ ਹਾਂ ਕਿ …” ਸੂਜ਼ੀ ਨੇ ਇਕਦਮ ਸੈਂਡੀਊ ਦੇ ਮੂੰਹ ਵਲ ਵੇਖਿਆ, ‘ਕੀ ਉਹ ਉਸਨੂੰ ਆਪਣੇ ਨਾਲ ਕੰਮ ਕਰਨ ਵਾਸਤੇ ਆਖ ਰਿਹਾ ਸੀ?’ ਗੱਲਾਂ ਕਰਦੇ ਕਰਦੇ ਉਹ ਫੇਰ ਬੱਘੀ ਵਿੱਚ ਆ ਬੈਠੇ। ਫੁੱਲਾਂ ਲੱਦੀਆਂ ਕਿਆਰੀਆਂ ਵਿੱਚੋਂ ਦੀ ਵਲ ਵਲੇਂਵੇ ਖਾਂਦੀ ਸੜਕ ਤੋਂ ਹੁੰਦੇ ਹੋਏ ਉਹ ਕੰਪਨੀ ਦੇ ਸਾਹਮਣੇ ਵਾਲੇ ਡੈੱਕ ਤੇ ਆ ਉੱਤਰੇ ਜਿੱਥੇ ਸੂਜ਼ੀ ਦਾ ਰਾਕਟ ਕੈਰਿਜ ਪਾਰਕ ਕੀਤਾ ਹੋਇਆ ਸੀ। ਕੇਲਨ ਨੇ ਫੇਰ ਆਪਣੀ ਘੜੀ ਤੋਂ ਕੁਝ ਬਟਨ ਦਬਾਏ, ਬੱਘੀ ਗੈਰੇਜ ਵੱਲ ਜਾਂਦੇ ਨੂੰ ਰਾਹ ਪੈ ਗਈ ਤੇ ਉਨ੍ਹਾਂ ਦੇ ਆਪਣੇ ਵਾਸਤੇ ਕੰਪਨੀ ਦਾ ਐਂਟਰੈਂਸ ਗੇਟ ਖੁੱਲ ਗਿਆ। ਬਿਲਡਿੰਗ ਦਾ ਵੱਡਾ ਹਾਲ ਏਨਾ ਸਜਾਇਆ ਹੋਇਆ ਸੀ ਜਿਵੇਂ ਕੋਈ ਆਰਟ ਗੈਲਰੀ ਹੋਵੇ। ਗੁੰਬਦ ਵਰਗੀ ਉੱਚੀ ਛੱਤ ਤੋਂ ਲਟਕ ਰਹੇ ਕਈ ਤਰ੍ਹਾਂ ਦੇ ਝਾੜ ਫ਼ਨੂਸ ਤੇ ਕੰਧਾਂ ਉੱਤੇ ਵੱਡੀਆਂ ਵੱਡੀਆਂ ਪੇਂਟਿੰਗਜ਼। ਕੁਝ ਬੱਦਲਾਂ ਤੇ ਪਹਾੜਾਂ ਦੀਆਂ ਪੇਂਟਿੰਗਜ਼, ਕੁਝ ਛੱਲਾਂ ਮਾਰਦੇ ਤੁਫ਼ਾਨੀ ਸਮੁੰਦਰ ਅਤੇ ਅਡੋਲ ਖਲੋਤੇ ਝੀਲ ਦੇ ਪਾਣੀਆਂ ਦੀਆਂ ਪੇਂਟਿੰਗਜ਼, ਕੁਝ ਮਨੁੱਖੀ ਕਲੋਨਾਂ ਅਤੇ ਜਾਨਵਰਾਂ ਦੀਆਂ ਤਸਵੀਰਾਂ। ਸੂਜ਼ੀ ਇਨ੍ਹਾਂ ਤਸਵੀਰਾਂ ਨੂੰ ਵੇਖਦੀ ਹੋਈ ਇੱਕ ਵਾਰ ਫੇਰ ਜਿਵੇਂ ਗਵਾਚ ਜਿਹੀ ਗਈ। ਇਹ ਸਾਰਾ ਕੁਝ ਕਿੰਨਾ ਵੱਖਰਾ ਸੀ ਉਸਦੀ ਆਪਣੀ ਕੰਪਨੀ ਨਾਲੋਂ … ਹਾਲ ਦੇ ਅਖੀਰ ਜਹੇ ਤੇ ਜਾ ਕੇ ਸੂਜ਼ੀ ਦੇ ਕਦਮ ਇੱਕ ਪ੍ਰਾਚੀਨ ਕਾਲ ਦੀ ਪੇਂਟਿੰਗ ਕੋਲ ਠਠੰਬਰ ਕੇ ਰੁਕ ਗਏ … ਉਹ ਮੁੜ ਕੇ ਸੈਂਡੀਊ ਨੂੰ ਤਸਵੀਰ ਬਾਰੇ ਪੁੱਛਣ ਹੀ ਲੱਗੀ ਸੀ ਕਿ ਉਹ ਆਪ ਹੀ ਬੋਲ ਪਿਆ, “ਡਾ. ਸੂਜ਼ੀ ਇਸ ਤਸਵੀਰ ਦੀ ਲੰਮੀ ਕਹਾਣੀ ਹੈ … ਇਸ ਤੋਂ ਪਹਿਲਾਂ ਮੈਂ ਤੁਹਾਨੂੰ ਲੈਬੌਰੇਟਰੀ ਦਾ ਟੂਰ ਕਰਵਾਉਣਾ ਚਾਹੁੰਦਾ ਹਾਂ … ਤਾਂ ਕਿ ਮੈਂ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ ਸਕਾਂ …” ਆਖ ਕੇ ਸੈਂਡੀਊ ਅੱਗੇ ਅੱਗੇ ਚੱਲ ਪਿਆ ਤੇ ਸੂਜ਼ੀ ਅਤੇ ਕੇਲਨ ਉਸ ਦੇ ਪਿੱਛੇ। ਇੱਕ ਲੰਮੀ ਸੁਰੰਗ ਨੁਮਾ ਗਲੀ ਵਿੱਚੋਂ ਲੰਘਦੇ ਹੋਏ ਉਹ ਤਿੰਨੇ ਲੈਬੋਰੇਟਰੀ ਵਿੱਚ ਦਾਖਲ ਹੋਏ … ਅੰਦਰ ਦਾ ਦ੍ਰਿਸ਼ ਵੇਖ ਕੇ ਸੂਜ਼ੀ ਦਾ ਮੂੰਹ ਅੱਡੇ ਦਾ ਅੱਡਿਆ ਰਹਿ ਗਿਆ … ਦਸ ਡਰੀਆਂ ਡਰੀਆਂ ਤੇ ਲਾਚਾਰ ਜਹੀਆਂ ਅੱਖਾਂ ਇੱਕੋ ਵਾਰ ਉਸ ਵਲ ਮੁੜੀਆਂ … ਇੱਕ ਦੋ ਪਲ ਉਸਦੇ ਚੇਹਰੇ ਨੂੰ ਨਿਹਾਰਿਆ … ਤੇ ਫੇਰ ਨਿਰਜਿੰਦ ਜਹੀਆਂ … ਪੱਥਰ ਜਹੀਆਂ ਹੋ ਗਈਆਂ … “ਹੈਂ ਇਹ ਕੀ …?” ਸੂਜ਼ੀ ਦੀ ਚੀਕ ਜਿਹੀ ਨਿਕਲ ਗਈ। ਲੈਬੋਰੇਟਰੀ ਵਿੱਚ ਕਿਸੇ ਤਰਲ ਪਦਾਰਥ ਦੇ ਭਰੇ ਹੋਏ, ਸੱਤ ਕੁ ਫੁੱਟ ਲੰਮੇ ਤੇ ਛੇ ਕੁ ਫੁੱਟ ਚੌੜੇ ਸ਼ੀਸ਼ੇ ਦੇ ਪੰਜ ਟੱਬ, ਤੇ ਉਨ੍ਹਾਂ ਵਿੱਚ ਪਏ ਹੋਏ ਪੰਜ ਮਨੁੱਖੀ ਆਕਾਰ। ਮੂੰਹਾਂ ਤੋਂ ਵੇਖਿਆਂ ਕੁਝ ਕੁਝ ‘ਐਮ’ ਕਲੋਨਾਂ ਵਰਗੇ … ਪਰ ਨਾ ਲੱਤਾਂ ਤੇ ਨਾ ਬਾਹਵਾਂ … ਸਿਰਫ ਧੜ ਹੀ ਧੜ … ਉਹ ਵੀ ਏਨੇ ਵੱਡੇ ਕਿ ਟੱਬ ਦੀ ਚੁੜਾਈ ਵਿੱਚ ਮਸਾਂ ਫਿੱਟ ਹੋਣ ਜੋਗੇ … ਅੱਧੇ ਕੁ ਅੱਡੇ ਹੋਏ ਮੂੰਹ ਤੇ ਪਥਰਾਈਆਂ ਹੋਈਆਂ ਅੱਖਾਂ ਜੋ ਸੂਜ਼ੀ ਵੱਲ ਪਲ ਕੁ ਤੱਕ ਕੇ ਫੇਰ ਪਥਰਾਅ ਗਈਆਂ ਸਨ। ਕੇਲਨ ਦੇ ਆਖਣ ਤੇ ਸੂਜ਼ੀ ਹੌਲੀ ਹੌਲੀ ਅੱਗੇ ਵਧੀ … “ਇਹ ਕਲੋਨਿੰਗ ਦਾ ਸਭ ਤੋਂ ਲੰਮਾ ਤੇ ਆਖਰੀ ਪੜਾਅ ਹੈ … ਇੱਥੋਂ ‘ਕਲੋਨਿੰਗ ਕਰੌਪ’ ਹਾਰਵੈਸਟ (Cloning Crop Harvest) ਕਰਕੇ ਨਰਸਰੀ ਵਿੱਚ ਜਾਂਦੀ ਹੈ … ਅਤੇ ਉਸ ਤੋਂ ਬਾਅਦ …” ਸੈਂਡੀਊ ਸੂਜ਼ੀ ਨੂੰ ਦੱਸ ਰਿਹਾ ਸੀ, ਪਰ ਸੂਜ਼ੀ ਨੂੰ ਤਾਂ ਜਿਵੇਂ ਕੁਝ ਸੁਣਾਈ ਹੀ ਨਹੀਂ ਸੀ ਦੇ ਰਿਹਾ … ਉਹ ਤਾਂ ਹੈਰਾਨ ਹੋਈ ਟੱਬਾਂ ਵਿੱਚ ਪਏ ‘ਐਮ’ ਕਲੋਨਾਂ ਜਹੇ ਮਨੁੱਖੀ ਆਕਾਰਾਂ ਵੱਲ ਵੇਖ ਰਹੀ ਸੀ ਜਿਨ੍ਹਾਂ ਨੂੰ ਕਲੋਨਿੰਗ ਇਨਕੁਬੇਟਰਾਂ ਦੀ ਤਰ੍ਹਾਂ ਵਰਤਿਆ ਜਾ ਰਿਹਾ ਸੀ। ਹਰ ਇੱਕ ਦੇ ਅੰਦਰ ਤਕਰੀਬਨ ਦਸ-ਬਾਰਾਂ ਨਿੱਕੇ ਨਿੱਕੇ ਮਨੁੱਖੀ ਕਲੋਨ ਜੋ ਕਿ ਪਾਰਦਰਸ਼ੀ ਚਮੜੀ ਵਿੱਚੋਂ ਦੀ ਹਿਲਦੇ-ਜੁਲਦੇ ਨਜ਼ਰ ਆ ਰਹੇ ਸਨ। ਟੱਬਾਂ ਵਿੱਚ ਪਏ ਕਲੋਨਾਂ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਉੱਤੇ ਕਿੰਨੀਆਂ ਹੀ ਨਿੱਕੀਆਂ ਵੱਡੀਆਂ ਬੱਤੀਆਂ ਜਗ ਬੁਝ ਰਹੀਆਂ ਸਨ। ਨਿੱਕੇ ਨਿੱਕੇ ਪਲ ਰਹੇ ਕਲੋਨਾਂ ਦੇ ਦਿਲ, ਫੇਫੜੇ, ਗੁਰਦੇ ਆਦਿ ਦੀਆਂ ਤਸਵੀਰਾਂ ਵਾਰੀ ਵਾਰੀ ਕੰਪਿਊਟਰ ਸਕਰੀਨਾਂ ਉੱਤੇ ਉੱਭਰ ਰਹੀਆਂ ਸਨ, ਜਿਨ੍ਹਾਂ ਤੋਂ ‘ਸਭ ਠੀਕ ਹੈ’ ਦਾ ਸੁਨੇਹਾ ਪਰਿੰਟਰਾਂ ਉੱਤੇ ਲਗਾਤਾਰ ਪਰਿੰਟ ਹੋ ਰਿਹਾ ਸੀ। “ਡਾ. ਸੂਜ਼ੀ, ਇਨਕੁਬੇਟਰ ਕਲੋਨਾਂ ਦੀ ਇਹ ਜੋ ਪਾਰਦਰਸ਼ੀ ਚਮੜੀ ਤੁਸੀਂ ਵੇਖ ਰਹੇ ਹੋ, ਇਹ ਡਾ. ਕੇਲਨ ਦੀ ਦੇਣ ਹੈ। ਇਸ ਨੇ ਬੜੀ ਮਿਹਨਤ ਨਾਲ ਆਮ ਚਮੜੀ ਨੂੰ ਰੰਗ ਦੇਣ ਵਾਲੇ ‘ਮੈਲੇਨੋਸਾਈਟਸ’ ਦੀਆਂ ਜੀਨਜ਼ ਨੂੰ ਮਿਉਟੇਟ ਕਰਕੇ ਪਾਰਦਰਸ਼ੀ ਚਮੜੀ ਹੋਂਦ ਵਿੱਚ ਲਿਆਂਦੀ ਹੈ। ਇਸ ਨਾਲ ਪਲ ਰਹੇ ਕਲੋਨਾਂ ਨੂੰ ਬਾਹਰੋਂ ਹੀ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਹੈ ਅਤੇ ਕੋਈ ਨੁਕਸ ਪੈਣ ਸਾਰ ਹੀ ਉਸਦੀ ‘ਰਿਪੇਅਰ’ ਕੀਤੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਸਾਡੀ ਕੰਪਨੀ ਵਿੱਚ ਤਿਆਰ ਕੀਤੇ ਕਲੋਨਾਂ ਵਿੱਚ ਮਿਉਟੇਸ਼ਨ ਨਹੀ ਹੁੰਦੀ … ਉਹ ਆਪਣੇ ਵਡੇਰੇ ਕਲੋਨਾਂ ਵਰਗੇ ਹੀ ਹੁੰਦੇ ਹਨ … ਮੇਰੀ ਹੀ ਉਦਾਹਰਨ ਲੈ ਲਵੋ … ਰਿਕਾਰਡਾਂ ਦੇ ਮੁਤਾਬਕ ਮੈਂ ਆਪਣੇ-ਆਪ ਦੀ ਤੇਰ੍ਹਵੀਂ ਸੰਤਾਨ ਹਾਂ ਅਤੇ ਬਿਲਕੁਲ ਆਪਣੇ ਵਡੇਰਿਆਂ ਵਾਂਗਰ ਸਾਬਤ ਸਾਲਮ ਹਾਂ।” ਸੈਂਡੀਊ ਆਪਣੇ ਹੱਥਾਂ ਵੱਲ ਵੇਖਦਾ ਹੋਇਆ ਸੂਜ਼ੀ ਨਾਲ ਗੱਲਾਂ ਕਰ ਰਿਹਾ ਸੀ। ਸੂਜ਼ੀ ਨੇ ਆਪਣਾ ਸਿਰ ਝਟਕਿਆ, ਇਹ ਕਿਹੋ ਜਿਹੀ ਸੋਚ ਉਸਦੇ ਮਨ ਵਿੱਚ ਆ ਗਈ ਸੀ …। ਇਹ ਕਿਹੋ ਜਿਹੀ ਘਾਟ ਸੀ ਜੋ ਉਸਨੂੰ ਕੇਲਨ ਅਤੇ ਸੈਂਡੀਊ ਵਿੱਚ ਵੀ ਮਹਿਸੂਸ ਹੋਈ ਸੀ। ਹਾਲਾਂਕਿ ਸੂਜ਼ੀ ਵਾਂਗਰ ਹੀ ਉਹ ਦੋਵੇਂ ਵੀ ਮਿਉਟੇਸ਼ਨਾਂ ਤੋਂ ਰਹਿਤ ਸਨ। ਪਰ ਉਹਨੂੰ ਦੋਵਾਂ ਵਿੱਚ ਹੀ ਕੋਈ ਵੱਡਾ ਨੁਕਸ ਰਹਿ ਗਿਆ ਜਾਪਦਾ ਸੀ ਸਣੇ ਉਸਦੇ ਆਪਣੇ ਆਪ ਦੇ। ਉਹ ਤਿੰਨੇ ਸਾਬਤ ਸਾਲਮ ਦਿਸਣ ਵਾਲੇ … ਪਰ ਕੋਈ ਬਹੁਤ ਵੱਡੀ ਘਾਟ … “ਪਤਾ ਨਹੀਂ ਇਨ੍ਹਾਂ ਦੋਵਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਜਾਂ ਨਹੀਂ …?” ਡਾ. ਸੂਜ਼ੀ ਮਨ ਹੀ ਮਨ ਆਪਣੇ ਆਪ ਨੂੰ ਪੁੱਛਣ ਲੱਗੀ … ਤੇ ਨਾਲ ਹੀ ਉਸਨੂੰ ਹਾਲ ਵਿੱਚ ਲੱਗੀ ਹੋਈ ਤਸਵੀਰ ਦਾ ਖਿਆਲ ਆਇਆ। ਤਸਵੀਰ ਵਿਚਲੇ ‘ਐਫ’ ਕਲੋਨ ਦੀ ਇੱਕ ਪਲ ਦੀ ਤੱਕਣੀ ਜਿਵੇਂ ਸੂਜ਼ੀ ਦੇ ਧੁਰ ਅੰਦਰ ਤਾਈਂ ਲਹਿ ਗਈ ਸੀ। ਕਿੰਨਾ ਫ਼ਰਕ ਸੀ ਉਸ ‘ਐਫ’ ਕਲੋਨ ਵਿੱਚ ਤੇ ਇਹਨਾਂ ਦੋਵਾਂ ਵਿੱਚ। ਪਰ ਉਹ ਆਪ ਵੀ ਤਾਂ ਕਿੰਨੀ ਸੱਖਣੀ ਜਹੀ ਸੀ ਤਸਵੀਰ ਵਿਚਲੇ ‘ਐਮ’ ਕਲੋਨ ਦੇ ਮੁਕਾਬਲੇ ਵਿੱਚ। ਚਿਰਾਂ ਤੋਂ ਚੁੱਪ ਖਲੋਤੇ ਕੇਲਨ ਦੀ ਆਵਾਜ਼ ਨਾਲ ਸੂਜ਼ੀ ਦੀ ਸੋਚ ਟੁੱਟੀ। “ਡਾ. ਸੂਜ਼ੀ ਸਾਡੇ ਕੋਲ ਇੱਕ ਅਜਿਹੀ ਟੈਕਨੀਕ ਹੈ, ਜਿਸ ਨਾਲ ਅਸੀਂ ‘ਡੌਰਮੈਂਟ’ (ਸੁੱਤੀਆਂ ਹੋਈਆਂ) ਜੀਨਜ਼ ਦੇ ਡੀ. ਐਨ. ਏ. (DNA) ਨੂੰ ਮੁੜ ਜਗਾ ਸਕਦੇ ਹਾਂ ਅਤੇ ਐਕਟਿਵ ਜੀਨਜ਼ ਦੇ ਡੀ.ਐਨ.ਏ ਨੂੰ ਮੁੜ ਡੌਰਮੈਂਟ ਕਰ ਸਕਦੇ ਹਾਂ ਜਾਂ ਪੂਰੇ ਤੌਰ ਤੇ ‘ਡਿਲੀਟ’ ਵੀ ਕਰ ਸਕਦੇ ਹਾਂ … ਜਿਵੇਂ ਕਿ ਇਨ੍ਹਾਂ ਇਨਕੁਬੇਟਰ ਕਲੋਨਾਂ ਨੂੰ ਲੱਤਾਂ ਬਾਹਵਾਂ ਦੀ ਜ਼ਰੂਰਤ ਨਹੀਂ ਸੋ ਅਸੀਂ ਉਨ੍ਹਾਂ ਜੀਨਜ਼ ਨੂੰ ਡੌਰਮੈਂਟ ਕਰ ਦਿੱਤਾ ਹੈ, ਪਰ ਲੋੜ ਪੈਣ ਤੇ ਉਨ੍ਹਾਂ ਨੂੰ ਫੇਰ ਤੋਂ ਸੁਰਜੀਤ ਕੀਤਾ ਜਾ ਸਕਦਾ ਹੈ ਅਤੇ ਲੱਤਾਂ ਬਾਹਵਾਂ ਵਾਲੇ ਨਾਰਮਲ ਕਲੋਨ ਤਿਆਰ ਕੀਤੇ ਜਾ ਸਕਦੇ ਹਨ। ਜਿਵੇਂ ਅਸੀਂ ਇਨ੍ਹਾਂ ਇਨਕੁਬੇਟਰ ਕਲੋਨਾਂ ਦੀਆਂ ਅੱਖਾਂ ਨੂੰ ਮੁੜ ਕੇ ਹੋਂਦ ਵਿੱਚ ਲੈ ਆਂਦਾ ਹੈ। ਇਸ ਤੋਂ ਪਹਿਲਾਂ ਵਾਲੇ ਕਲੋਨ ਅੱਖਾਂ ਤੋਂ ਰਹਿਤ ਸਨ।” ਸੂਜ਼ੀ ਡਾ. ਕੇਲਨ ਦੀ ਗੱਲ ਸੁਣਦੇ ਹੋਏ ਨਾਲ ਦੀ ਨਾਲ ਸੋਚ ਰਹੀ ਸੀ, “ਕੀ ਉਸ ਅਣਜਾਣੀ ਘਾਟ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ ਜੋ …?” ਪਰ ਸੂਜ਼ੀ ਆਪ ਹੀ ਆਪਣੀ ਗੱਲ ਦਾ ਜੁਆਬ ਦੇ ਦਿੱਤਾ, “ਜਦ ਘਾਟ ਦਾ ਹੀ ਨਹੀਂ ਪਤਾ ਕੀ ਹੈ … ਤਾਂ ਪੂਰੀ ਕਿਵੇਂ ਹੋ ਸਕਦੀ ਹੈ ?” ਅਜੀਬ ਕਿਸਮ ਦੀ ਹਲਚਲ ਮੱਚੀ ਹੋਈ ਸੀ ਸੂਜ਼ੀ ਦੇ ਅੰਦਰ … ਇੱਕ ਪਾਸੇ ਟੱਬਾਂ ਵਿੱਚ ਪਏ ਹੋਏ ਲੋਥਾਂ ਜਹੀਆਂ ਵਰਗੇ ‘ਇਨਕੁਬੇਟਰ ਕਲੋਨ’ ਅਤੇ ‘ਸਭ ਠੀਕ ਹੈ’ ਦਾ ਸੁਨੇਹਾ ਦੇਣ ਵਾਲੇ ਕੰਪਿਊਟਰਾਂ ਨਾਲ ਜੁੜੇ ਹੋਏ ਕਿਰਚ-ਕਿਰਚ ਦੀ ਆਵਾਜ਼ ਨਾਲ ਚੱਲ ਰਹੇ ਪਰਿੰਟਰ … ਦੂਸਰੇ ਪਾਸੇ ਉਹ ਤਿੰਨੇ ਆਪ … ਕਲੋਨਿੰਗ ਦੇ ਮਾਹਰ ਡਾਕਟਰ … ਸਾਬਤ ਸਾਲਮ ਜਾਪਣ ਵਾਲੇ … ਪਰ ਕਿੰਨੇ ਊਣੇ ਕਿੰਨੇ ਅਧੂਰੇ ਜਹੇ … ਤੀਸਰੇ, ਹਾਲ ਵਿੱਚ ਕੰਧ ਉੱਤੇ ਲੱਗੀ ਹੋਈ ਹੁਣੇ ਹੀ ਵੇਖੀ ਤਸਵੀਰ ਦਾ ਪ੍ਰਛਾਵਾਂ ਜਿਹਾ … ਜੋ ਆਪਣੇ ਆਪ ਵਿੱਚ ਕੋਈ ਗਹਿਰਾ ਭੇਦ ਲੁਕਾਈ ਬੈਠਾ ਸੀ- ਸੂਜ਼ੀ ਦਾ ਜੀਅ ਕੀਤਾ ਕਿ ਉਹ ਸਭ ਕੁਝ ਛੱਡ ਕੇ ਉਸ ਤਸਵੀਰ ਕੋਲ ਫੇਰ ਜਾ ਖਲੋਵੇ। ਉਹ ਉਸ ਭੇਦ ਨੂੰ ਜਾਨਣਾ ਚਾਹੁੰਦੀ ਸੀ, ਜਿਸ ਦਾ ਝੌਲਾ ਜਿਹਾ ਪਹਿਲਾਂ ਵੀ ਕਈ ਵਾਰ ਉਸਦੇ ਚੇਤਿਆਂ ਨੂੰ ਕੁਰੇਦਦਾ ਰਿਹਾ ਸੀ। ਪਰ ਸੈਂਡੀਊ ਤੇ ਕੇਲਨ ਦੋਵੇਂ ਹੀ ਉਸਦੀ ਬੇਚੈਨੀ ਤੋਂ ਬੇਖ਼ਬਰ ਆਪਣੀ ਲੈਬੋਰੇਟਰੀ ਦੇ ਕਲੋਨਿੰਗ ਢੰਗ ਦੀਆਂ ਸਿਫ਼ਤਾਂ ਕਰਦੇ ਹੋਏ ਸੂਜ਼ੀ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। “ਡਾ. ਸੂਜ਼ੀ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਮਨੁੱਖ ਦੇ ਅੰਦਰ ਡੌਰਮੈਂਟ ਹੋ ਚੁੱਕੀਆਂ ਜੀਨਜ਼ ਨੂੰ ਫੇਰ ਤੋਂ ਐਕਟਿਵ ਕਰ ਸਕਦੇ ਹਾਂ … ਸੈਂਡੀਊ ਦੀ ਗੱਲ ਸੁਣਦੇ ਹੀ ਸੂਜ਼ੀ ਨੇ ਤ੍ਰਭਕ ਕੇ ਉਸ ਵਲ ਵੇਖਿਆ, “ਕੀ ਤੁਸੀਂ ਵੀ ਉਸ ਘਾਟ ਤੋਂ ਜਾਣੂ ਹੋ?” ਸੈਂਡੀਊ ਨੇ ਪਹਿਲੀ ਵਾਰ ਸੂਜ਼ੀ ਦੀਆਂ ਅੱਖਾਂ ਵਿੱਚ ਸਿੱਧਾ ਤੱਕਿਆ, “ਓ ਡਾ. ਸੂਜ਼ੀ … ਆਪਣੇ ਵਿੱਚੋਂ ਕੋਈ ਵੀ ਪ੍ਰਫੈਕਟ ਨਹੀਂ, ਆਪਾਂ ਸਾਰੇ ਹੀ …” ਅੱਗੋਂ ਉਹ ਕੁਝ ਬੋਲ ਨਾ ਸਕਿਆ ਪਰ ਇੰਝ ਮਹਿਸੂਸ ਹੋਇਆ ਜਿਵੇਂ ਤਿੰਨਾਂ ਨੇ ਇੱਕੋ ਵਾਰ ਹੀ ਇੱਕ ਦੂਜੇ ਦਾ ਮਨ ਪੜ੍ਹ ਲਿਆ ਹੋਵੇ। ਸਿਰਫ ਸੂਜ਼ੀ ਹੀ ਨਹੀਂ ਕੇਲਨ ਅਤੇ ਸੈਂਡੀਊ ਵੀ ਉਨੇ ਹੀ ਬੇਚੈਨ ਸਨ। ਉਨ੍ਹਾਂ ਨੂੰ ਵੀ ਉਸ ਅਣਜਾਣੀ ਘਾਟ ਦਾ ਉਨਾਂ ਹੀ ਅਹਿਸਾਸ … ਪਰ ਉਨ੍ਹਾਂ ਵਾਸਤੇ ਤਾਂ ਸ਼ਾਇਦ ਉਹ ਘਾਟ ਅਣਜਾਣੀ ਵੀ ਨਹੀਂ ਸੀ। “ਡਾ. ਸੂਜ਼ੀ, ਤੁਸੀਂ ਸ਼ਾਇਦ ਅਜੇ ਵੀ ਉਸ ਤਸਵੀਰ ਬਾਰੇ ਸੋਚ ਰਹੇ ਹੋ। ਯਕੀਨ ਕਰਨਾ, ਅਸੀਂ ਦੋਵੇਂ ਵੀ ਤੁਹਾਨੂੰ ਉਸ ਬਾਰੇ ਦੱਸਣ ਲਈ ਉਨੇਂ ਹੀ ਬੇਤਾਬ ਹਾਂ … ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਲਾਇਬ੍ਰੇਰੀ ਦਾ ਟੂਰ ਵੀ ਕਰਵਾਉਣਾ ਚਾਹੁੰਦਾ ਹਾਂ …” ਆਖ ਕੇ ਸੈਂਡੀਊ ਕਾਹਲੇ-ਕਾਹਲੇ ਕਦਮ ਪੁੱਟਦਾ ਹੋਇਆ ਲਾਇਬ੍ਰੇਰੀ ਵੱਲ ਨੂੰ ਚੱਲ ਪਿਆ ਅਤੇ ਸੂਜ਼ੀ ਤੇ ਕੇਲਨ ਉਸ ਦੇ ਪਿੱਛੇ। ਲਾਇਬ੍ਰੇਰੀ ਸੂਜ਼ੀ ਦੀ ਉਮੀਦ ਨਾਲੋਂ ਕਾਫੀ ਛੋਟੀ ਸੀ। ਸਿਰਫ ਇੱਕ ਦਰਮਿਆਨੇ ਸਾਈਜ਼ ਦਾ ਬਿਨਾਂ ਖਿੜਕੀ ਤੋਂ ਕਮਰਾ ਅਤੇ ਕਮਰੇ ਦੀ ਪਿਛਲੀ ਕੰਧ ਨਾਲ ਛੱਤ ਨੂੰ ਛੂੰਹਦਾ ਹੋਇਆ ਇੱਕ ਕੰਪਿਊਟਰ ਮਾਨੀਟਰ। ਕਮਰੇ ਦੇ ਅੰਦਰ ਦਾਖਲ ਹੁੰਦਿਆਂ ਹੀ ਚੀਫ਼ ਕੰਪਿਊਟਰ ਦੀ ਆਵਾਜ਼- “ਹੈਲੋ ਚੀਫ਼, ਹਾਓ ਆਰ ਯੂ!” ਆਖ ਕੇ ਸੈਂਡੀਊ ਤੇ ਕੇਲਨ ਦੋਵਾਂ ਨੇ ਜ਼ਰਾ ਕੁ ਆਪਣਾ ਸਿਰ ਝੁਕਾ ਕੇ ਸਲਾਮ ਜਹੀ ਕੀਤੀ। “ਆਇ ਐਮ ਵੈੱਲ … ਥੈਂਕਯੂ … ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ …” ਚੀਫ਼ ਕੰਪਿਊਟਰ ਨੇ ਬੜੇ ਅਦਬ ਨਾਲ ਪੁੱਛਿਆ। “ਚੀਫ਼, ‘ਗੁਆਚੀ ਸਦੀ’ ਦਾ ਕਿੰਨਾ ਕੁ ਰਿਕਾਰਡ ਮਿਲਿਆ ਹੈ ਹੁਣ ਤੱਕ … ਪਿਛਲੇ ਹਫ਼ਤੇ ਤੋਂ ਕੋਈ ਪ੍ਰੌਗਰੈਸ ਹੋਈ ?” ਸੈਂਡੀਊ ਨੇ ਪੁੱਛਿਆ। “ਗੁੱਡ ਨਿਊਜ਼ ਡਾ. ਸੈਂਡੀਊ …! ਮੇਰੇ ਸਹਾਇਕ ਕੰਪਿਊਟਰਾਂ ਨੇ ਲਗਾਤਾਰ ਕੰਮ ਕਰਕੇ ‘ਗੁਆਚੀ ਸਦੀ’ ਦਾ ਕੋਡ ਲੱਭ ਲਿਆ ਹੈ। ਇਸ ਵਕਤ ਸਾਰੀ ਇਨਫਰਮੇਸ਼ਨ ਡਾਊਨਲੋਡ ਕੀਤੀ ਜਾ ਰਹੀ ਹੈ।” ਸੈਂਡੀਊ ਤੇ ਕੇਲਨ ਦੋਵਾਂ ਨੇ ਖੁਸ਼ੀ ਵਿੱਚ ਤਾੜੀਆਂ ਮਾਰੀਆਂ, ਇੱਕ ਦੂਜੇ ਨੂੰ ਗਲਵੱਕੜੀ ਪਾਈ, ‘ਕੰਗਰੈਚੁਲੇਸ਼ਨ’ ਆਖਿਆ ਤੇ ਨਾਲ ਹੀ ਚੀਫ਼ ਕੰਪਿਊਟਰ ਨੂੰ ਸ਼ਾਬਾਸ਼ ਦਿੱਤੀ। ਪਰ ਦੂਸਰੇ ਪਾਸੇ ਸੂਜ਼ੀ ਲਈ ਇੱਕ ਰਹੱਸ ਹੋਰ ਵਧ ਗਿਆ … “ਗੁਆਚੀ ਸਦੀ? ਕੌਣ ਹਨ ਇਹ ਦੋਵੇਂ …? ਕਿਹੜੀ ਗੁਆਚੀ ਸਦੀ ਦੀ ਗੱਲ ਕਰ ਰਹੇ ਹਨ ਇਹ?” ਕੇਲਨ ਸੂਜ਼ੀ ਵੱਲ ਮੁੜਿਆ। “ਡਾ. ਸੂਜ਼ੀ ਅਸੀਂ ਪਿਛਲੇ ਦੋ ਸਾਲ ਤੋਂ ‘ਹਿਸਟਰੀ ਆਫ਼ ਹਿਉਮੈਨ ਐਵੋਲਿਊਸ਼ਨ’ (History of Human Evolution) ਤੇ ਕੰਮ ਕਰ ਰਹੇ ਹਾਂ। ਪਿਛਲੇ ਛੇ ਸੌ ਸਾਲ ਦਾ ਮਨੁੱਖੀ ਕਲੋਨਤਾ ਦਾ ਸਮਾਂ (Era of Human Cloning) ਹਰ ਕੰਪਿਊਟਰ ਵਿੱਚ ਦਰਜ ਹੈ … ਪਰ …” ਸੈਂਡੀਊ ਜਿਵੇਂ ਆਪਣੇ ਆਪ ਉੱਤੇ ਕਾਬੂ ਨਾ ਰੱਖ ਸਕਦਾ ਹੋਵੇ, ਕੇਲਨ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਬੋਲ ਪਿਆ, “ਓ ਡਾ. ਸੂਜ਼ੀ, ਤੁਹਾਨੂੰ ਸ਼ਾਇਦ ਪਤਾ ਨਹੀਂ ‘ਗੁਆਚੀ ਸਦੀ’ ਦਾ ਲੱਭ ਜਾਣਾ ਮਨੁੱਖੀ ਕਲੋਨਤਾ ਦੇ ਭਵਿੱਖ ਵਾਸਤੇ ਕਿੰਨਾ ਕੁ ਮਹੱਤਵਪੂਰਨ ਹੈ … “ਪਿਛਲੇ ਸਾਲ ਸਾਡੇ ਚੀਫ਼ ਕੰਪਿਊਟਰ ਨੇ ਕਈ ਹਜ਼ਾਰ ਸਾਲ ਪਹਿਲਾਂ ਦਾ ‘ਧਰਤੀ ਦਾ ਇਤਿਹਾਸ’ ਲੱਭ ਲਿਆ ਸੀ … ਪਰ ਇਕੀਵੀਂ ਸਦੀ ਦੇ ਅਖੀਰ ਜਹੇ ਤੋਂ ਲੈ ਕੇ ਸੌ ਡੇਢ ਸੌ ਸਾਲ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ। ਉਸਦੀ ਥਾਵੇਂ ਸਕਰੀਨ ਉੱਤੇ ‘ਗੁਪਤ ਸਮਾਂ’ ਫਲੈਸ਼ ਕਰਨ ਲੱਗ ਜਾਂਦਾ ਹੈ ਅਤੇ ਨਾਲ ਹੀ ‘ਪਲੀਜ਼ ਐਂਟਰ ਦਾ ਕੋਡ…’ ਜਿਸ ਬਾਰੇ ਸਾਨੂੰ ਉੱਕਾ ਹੀ ਕੋਈ ਜਾਣਕਾਰੀ ਨਹੀਂ। ਸਾਡੇ ਚੀਫ਼ ਕੰਪਿਊਟਰ ਨੇ ਪਿਛਲੇ ਦੋ ਸਾਲ ਤੋਂ ਇਸ ‘ਗੁਪਤ ਸਮੇਂ’ ਦਾ (ਜਿਸ ਨੂੰ ਕੇਲਨ ਨੇ ‘ਗੁਆਚੀ ਸਦੀ’ ਦਾ ਨਾਮ ਦਿੱਤਾ ਹੈ) ‘ਕੋਡ’ ਲੱਭਣ ਵਾਸਤੇ ਦੁਨੀਆਂ ਦੇ ਸਾਰੇ ਕੰਪਿਊਟਰਾਂ ਨਾਲ ਪੁੱਛ-ਗਿੱਛ ਕੀਤੀ ਹੈ … ਤੇ ਅੱਜ ਹੀ … ਹੁਣੇ ਹੀ ਸਾਨੂੰ ਇਸਦੀ ਕਾਮਯਾਬੀ ਬਾਰੇ ਖ਼ਬਰ ਮਿਲੀ ਹੈ।” ਏਨੇ ਨੂੰ ਚੀਫ਼ ਦੀ ਆਵਾਜ਼ ਆਈ, “ਡਾਊਨਲੋਡ ਕੰਪਲੀਟ … ਕੀ ਤੁਸੀਂ ਏਸੇ ਪਲ ਵੇਖਣਾ ਚਾਹੋਗੇ ਜਾਂ ਬਾਅਦ ਵਿੱਚ…” “ਹੁਣੇ ਹੀ ਦੇਖਣਾ ਚਾਹੁੰਦੇ ਹਾਂ ਚੀਫ਼, ਇਸ ਦੀ ਤਾਂ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਾਂ … ” ਲਾਇਬ੍ਰੇਰੀ ਹਾਲ ਦੀ ਪਿਛਲੀ ਕੰਧ ਕੋਲੋਂ ਫਰਸ਼ ਖੁੱਲ੍ਹਿਆ ਤੇ ਮਖਮਲੀ ਢੋਅ ਵਾਲੀਆਂ ਕੁਰਸੀਆਂ ਦੀ ਕਤਾਰ ਲੱਗ ਗਈ। ਵੱਡੀ ਸਕਰੀਨ ਉੱਤੇ ਮੋਟੇ ਮੋਟੇ ਅੱਖਰਾਂ ਵਿੱਚ ਸਿਰਲੇਖ, ਨਸਲਾਂ ਦੇ ਅਧਾਰ ਤੇ ਧਰਤੀ ਕਿੰਨੇ ਹੀ ਮੁਲਕਾਂ ਵਿੱਚ ਵੰਡੀ ਹੋਈ … ਕਈ ਵੱਡੇ ਮੁਲਕ ਤੇ ਕਈ ਛੋਟੇ। ਕਈ ਅਮੀਰ ਮੁਲਕ ਤੇ ਕਈ ਗਰੀਬ। ਅਮੀਰ ਮੁਲਕਾਂ ਦੇ ਲੋਕ ਹੱਟੇ-ਕੱਟੇ, ਅਯਾਸ਼ੀਆਂ ਕਰਦੇ, ਮਹਿਲਾਂ ਵਰਗੇ ਘਰਾਂ ਵਿੱਚ ਵੱਸਦੇ, ਆਲੀਸ਼ਾਨ ਗੱਡੀਆਂ ਚਲਾਉਂਦੇ … ਅੱਸੀ… ਨੱਬੇ … ਸੌ ਸਾਲ ਤੱਕ ਦੀ ਉਮਰ ਭੋਗਦੇ। ਅਮੀਰ ਮੁਲਕਾਂ ਦੀਆਂ ਖੁੱਲ੍ਹੀਆਂ ਸਾਫ ਸੁਥਰੀਆਂ ਸੜਕਾਂ, ਉੱਚੀਆਂ ਅਸਮਾਨ ਛੂੰਹਦੀਆਂ ਇਮਾਰਤਾਂ ਅਤੇ ਲਿਸ਼-ਲਿਸ਼ ਕਰਦੇ ਸ਼ਹਿਰ ਤੇ ਬਾਜ਼ਾਰ। ਦੂਸਰੇ ਪਾਸੇ ਗਰੀਬ ਮੁਲਕਾਂ ਵਿੱਚ ਸਾਰੀ ਪੂੰਜੀ ਕੁਝ ਇੱਕ ਹੱਥਾਂ ਵਿੱਚ, ਪਰ ਬਾਕੀ ਦੀ ਜਨਤਾ ਰੋਟੀਓਂ ਵੀ ਆਤਰ … ਕੂੜੇ ਦੇ ਢੇਰ ਅਤੇ ਭਿਣ-ਭਿਣ ਕਰਦੀਆਂ ਮੱਖੀਆਂ। ਲੋਕ ਬਿਮਾਰੀਆਂ ਨਾਲ ਘੁਲਦੇ, ਫਾਕੇ ਕੱਟਦੇ, ਉਮਰੋਂ ਪਹਿਲਾਂ ਹੀ ਬੁੱਢੇ ਹੋ ਜਾਂਦੇ … ਪਰ ਫੇਰ ਵੀ ਹਰ ਨਸਲ ਦੀ ਗਿਣਤੀ ਵਿੱਚ ਲਗਾਤਾਰ ਵਾਧਾ … ਗਰੀਬ ਮੁਲਕਾਂ ਵਿੱਚ ਹੋਰ ਵੀ ਜ਼ਿਆਦਾ। ਲੋਕ ਇਕੱਲੇ ਇਕੱਲੇ ਨਹੀਂ, ਟੱਬਰਾਂ ਵਿੱਚ ਵੱਸਦੇ … ਵਿਆਹ ਹੁੰਦੇ … ਜੋੜੀਆਂ ਬਣਦੀਆਂ … ਸ਼ਹਿਨਾਈਆਂ ਵੱਜਦੀਆਂ … ਮਹਿਫਲਾਂ ਲਗਦੀਆਂ … ਪਿਆਰ ਕਲੋਲਾਂ ਹੁੰਦੀਆਂ … ਮਾਵਾਂ ਬੱਚੇ ਜਣਦੀਆਂ … ਦੁੱਧ ਚੁੰਘਾਉਂਦੀਆਂ … ਨਿਆਣਿਆਂ ਨੂੰ ਲਪੇਟ ਲਪੇਟ ਰੱਖਦੀਆਂ … ਬੱਚਾ ਉਡਾਰੂ ਹੋਣ ਲਗਦਾ … ਕਦੇ ਕਿਲਕਾਰੀਆਂ ਮਾਰਦਾ ਬਾਪ ਦੇ ਮੋਢੀਂ ਜਾ ਚੜ੍ਹਦਾ … ਕਦੇ ਭੱਜ ਕੇ ਮਾਂ ਦੀ ਬੁੱਕਲ ਵਿੱਚ ਜਾ ਵੜਦਾ … ਕਦੇ ਦੋਹਵਾਂ ਦੀ ਉਂਗਲ ਫੜੀ ਮਟਕ-ਮਟਕ ਤੁਰਦਾ। ਸੂਜ਼ੀ ਮੂੰਹ ਅੱਡ ਕੇ ਕੰਪਿਊਟਰ ਸਕਰੀਨ ਵੱਲ ਵੇਖਦੀ ਹੋਈ ਦਾ ਧਿਆਨ ਕਦੇ ਹਾਲ ਵਿੱਚ ਲੱਗੀ ਹੋਈ ਤਸਵੀਰ ਵੱਲ ਚਲੇ ਜਾਂਦਾ … ਤੇ ਕਦੇ ਆਪਣੇ ਆਪ ਵੱਲ। ਗੌਹ ਨਾਲ ਤੱਕਦੀ ਹੋਈ ਨੂੰ ਅਹਿਸਾਸ ਹੋਇਆ ਕਿ ਉਸਦੇ ਅੰਦਰਲੀ ਅਣਜਾਣੀ ਘਾਟ ਹੁਣ ‘ਅਣਜਾਣੀ’ ਨਹੀਂ ਸੀ ਰਹਿ ਗਈ। ਬੇਧਿਆਨੇ ਹੀ ਉਸ ਆਪਣਾ ਹੱਥ ਛਾਤੀ ਤੇ ਰੱਖਿਆ। ਜ਼ੋਰ ਜ਼ੋਰ ਨਾਲ ਧੜਕ ਰਹੇ ਦਿਲ ਤੋਂ ਸਿਵਾ ਉਸਨੂੰ ਕੁਝ ਹੋਰ ਮਹਿਸੂਸ ਨਾ ਹੋਇਆ, ਪਰ ਧੁਰ ਅੰਦਰੋਂ ਨਿਕਲਿਆ ਇੱਕ ਹਉਕਾ ਉਸਨੂੰ ਮਾਂ ਦੀ ਮਮਤਾ ਦਾ ਬੇਮਲੂਮਾ ਜਿਹਾ ਅਹਿਸਾਸ ਕਰਵਾ ਗਿਆ … ਤੇ ਨਾਲ ਹੀ ਸੈਂਡੀਊ ਨੇ ਉਸ ਵੱਲ ਇੰਝ ਤੱਕਿਆ ਜਿਵੇਂ ਹੁਣੇ ਹੀ ਉਸਨੂੰ ਹਾਲ ਵਿੱਚ ਲੱਗੀ ਹੋਈ ਤਸਵੀਰ ਦਾ ਭੇਤ ਦੱਸ ਕੇ ਹਟਿਆ ਹੋਵੇ। ਕੰਪਿਊਟਰ ਸਕਰੀਨ ਉੱਤੇ ‘ਗੁਪਤ ਸਮਾਂ’ ਪਰਗਟ ਹੋਣ ਲੱਗਾ। “ਇੱਕੀਵੀਂ ਸਦੀ ਦਾ ਅੰਤਲਾ ਦਹਾਕਾ ਅਤੇ ਗੁਆਚੀ ਸਦੀ” ਕੰਪਿਊਟਰ ਸਕਰੀਨ ਉੱਤੇ ਬੰਬਾਰੀ ਕਰ ਰਹੇ ਜਹਾਜ਼ … ਅੱਗ ਦੇ ਭਾਂਬੜ … ਢਹਿ ਢੇਰੀ ਹੁੰਦੀਆਂ ਇਮਾਰਤਾਂ … ਵਿਲਕਦੇ ਜੁਆਕ ਤੇ ਭੁੱਬਾਂ ਮਾਰਦੇ ਲੋਕਾਂ ਵੱਲ ਵੇਖ ਕੇ ਡਾ. ਸੂਜ਼ੀ ਦੇ ਅੰਦਰੋਂ ਕੁਝ ਝੰਜੋੜਿਆ ਗਿਆ। ਕੁਝ ਪਲਾਂ ਵਾਸਤੇ ਉਸ ਅੱਖਾਂ ਬੰਦ ਕਰ ਲਈਆਂ … ਉਹ ਸੋਚ ਰਹੀ ਸੀ, ਕਿੰਝ ਦੇ ਲੋਕ ਹਨ ਇਹ … ? ਕਿੰਨੇ ਰੂਪ ਹਨ ਮਨੁੱਖਤਾ ਦੇ … ? ਇੱਕ ਪਾਸੇ ਤਾਂ ਇਹ ਜ਼ਿੰਦਗੀ ਦੇ ਜਸ਼ਨ ਮਨਾਉਂਦੇ, ਪਿਆਰ ਗਲਵੱਕੜੀਆਂ ਪਾਉਂਦੇ, ਨੱਚਦੇ ਹੱਸਦੇ ਟੱਪਦੇ … ਇੱਕ ਦੂਜੇ ਤੋਂ ਜਾਨ ਵਾਰਨ ਤਾਈਂ ਜਾਂਦੇ … ਕਿਸੇ ਦੇ ਮਰਨ ਉੱਤੇ ਤਰਲੋ ਮੱਛੀ ਹੋਏ ਜ਼ਾਰੋ ਜਾਰ ਰੋਂਦੇ … ਪਰ ਦੂਸਰੇ ਪਾਸੇ ਇੱਕ ਦੂਜੇ ਉੱਤੇ ਬੰਬ ਸੁੱਟਦੇ, ਅੱਗਾਂ ਲਾਉਂਦੇ, ਕਤਲੇਆਮ ਕਰਦੇ ਜ਼ਰਾ ਵੀ ਨਹੀਂ ਝਿਜਕਦੇ … ਚੀਫ਼ ਦੀ ਆਵਾਜ਼ ਸੁਣ ਕੇ ਨਾ ਚਾਹੁੰਦਿਆਂ ਹੋਇਆਂ ਵੀ ਸੂਜ਼ੀ ਨੇ ਅੱਖਾਂ ਖੋਹਲੀਆਂ। ਚੀਫ਼ ਕੰਪਿਉਟਰ ਜਿਵੇਂ ਹੁਣ ‘ਤਸਵੀਰ ਦਾ ਦੂਜਾ ਪਾਸਾ’ ਵਿਖਾ ਰਿਹਾ ਹੋਵੇ … ਉਹ ਆਖ ਰਿਹਾ ਸੀ- ਦੂਸਰੇ ਪਾਸੇ ਦੇ ਲੀਡਰ ਧਰਮ ਦੇ ਨਸ਼ੇ ਵਿੱਚ ਅੰਨ੍ਹੇ ਹੋਏ, ਬਾਕੀ ਦੀ ਸਾਰੀ ਦੁਨੀਆਂ ਨੂੰ ‘ਕਾਫਰ’ ਸਮਝਣ ਵਾਲੇ … ਜਵਾਨੀ ਦੀ ਦਹਿਲੀਜ਼ ਵਿੱਚ ਪੈਰ ਰੱਖ ਰਹੇ ਭੁੱਖ ਨਾਲ ਵਿਲਕਦੀਆਂ ਆਂਦਰਾਂ ਵਾਲੇ ਮਾਸੂਮ ਬੱਚਿਆਂ ਨੂੰ ਅਗਲੇ ਜਨਮ ਵਿੱਚ ਹੂਰਾਂ ਤੇ ਅੰਗੂਰਾਂ ਦੇ ਲਾਰੇ ਲਾਉਂਦੇ ਹੋਏ … ਉਨ੍ਹਾਂ ਦੇ ਪਿੰਡਿਆਂ ਨਾਲ ਬਾਰੂਦ ਬੰਨ੍ਹ ਕੇ ਮਰਨ ਤੇ ਮਾਰਨ ਲਈ ਭੇਜ ਦੇਂਦੇ, ਜਦ ਕਿ ਉਨ੍ਹਾਂ ਦੇ ਆਪਣੇ ਬੱਚੇ ਤੇ ਪਰਿਵਾਰ ਸੁਰੱਖਿਅਤ ਥਾਵਾਂ ਤੇ ਬੈਠੇ ਏਸੇ ਜਨਮ ਵਿੱਚ ਹੀ ਹੂਰਾਂ ਤੇ ਅੰਗੂਰਾਂ ਦੇ ਗੁਲਸ਼ਰੇ ਉਡਾ ਰਹੇ ਹੰਦੇ। ਟੀ. ਵੀ. ਉੱਤੇ ਬਾਰੂਦ ਨਾਲ ਮਰਨ ਵਾਲਿਆਂ ਦੀਆਂ ਤਸਵੀਰਾਂ ਵੇਖ ਕੇ ਧਰਮੀਂ ਲੀਡਰ ਗਦ-ਗਦ ਹੋ ਜਾਂਦੇ … ਵਾਹ-ਵਾਹ ਕਰ ਉੱਠਦੇ। ਪਰ ਪਿੰਡੇ ਨਾਲ ਬਾਰੂਦ ਬੰਨ੍ਹ ਕੇ ਭੇਜੇ ਪੁਤਰ ਦੀ ਮਾਂ ਲਹੂ ਭਿੱਜੇ ਮਾਸ ਦੇ ਲੋਥੜਿਆਂ ਵਿੱਚੋਂ ਆਪਣੇ ਬੱਚੇ ਦੀ ਬੋਟੀ ਪਛਾਨਣ ਦੀ ਕੋਸ਼ਸ਼ ਕਰਦੀ ਹੋਈ ਧਰਮੀਂ ਲੀਡਰਾਂ ਤੋਂ ਡਰਦੀ ਅੱਖਾਂ ਵਿੱਚ ਪਾਣੀ ਵੀ ਨਾ ਲਿਆਉਂਦੀ। “ਸ਼ਹੀਦ ਦੀ ਮਾਂ ਲਈ ਰੋਣਾ ਪਾਪ ਹੈ !” ਲੀਡਰਾਂ ਦੇ ਆਖੇ ਬੋਲ ਉਸਦੇ ਕਲੇਜੇ ਨੂੰ ਵਿੰਨ੍ਹਦੇ ਹੋਏ … ਅੱਖਾਂ ਦੇ ਪਾਣੀ ਤੇ ਸਿਸਕੀਆਂ ਦੀ ਆਵਾਜ਼ ਨੂੰ ਅੰਦਰੇ ਅੰਦਰ ਹੀ ਨਪੀੜ ਦੇਂਦੇ … ਭੈਭੀਤ ਹੋਈ ਡਾ. ਸੂਜ਼ੀ ਵਾਸਤੇ ਕਿੰਨਾ ਅਜੀਬ ਸੀ ਇਹ ਸਾਰਾ ਕੁਝ। ਧਰਮ, ਕਾਫ਼ਰ, ਸ਼ਹੀਦ, ਅਮੀਰ, ਗਰੀਬ … ਇਹ ਸਾਰੇ ਲਫਜ਼ ਉਸਦੀ ਸਮਝ ਤੋਂ ਬਾਹਰ ਸਨ। ‘ਕੀ ਹੁੰਦਾ ਹੈ ਧਰਮ…? ਤੇ ਕਿਸ ਸ਼ੈਅ ਦਾ ਨਾਂ ਹੈ ‘ਰੱਬ’…? ਕਿਸ ਵਾਸਤੇ ਇਹ ਲੋਕ ਏਨਾਂ ਲਹੂ ਵਹਾ ਰਹੇ ਸਨ? ਕੀ ਕਾਰਨ ਸੀ ਕਿ ਕੁਝ ਲੋਕ ਅਮੀਰ ਸਨ ਤੇ ਕੁਝ ਗਰੀਬ? ਅਮੀਰਾਂ ਦੇ ਬੱਚਿਆਂ ਕੋਲ ਅਣਗਿਣਤ ਕਿਸਮਾਂ ਦੇ ਖਿਡੌਣੇ, ਖਾਣੇ ਤੇ ਕੱਪੜੇ … ਪਰ ਝੁੱਗੀਆਂ ਵਿੱਚ ਵੱਸਦੇ ਗਰੀਬਾਂ ਦੇ ਬੱਚੇ ਚੀਥੜੇ ਪਹਿਨੀ, ਕੂੜੇ ਦੇ ਢੇਰਾਂ ਉੱਤੋਂ ਬੋਤਲਾਂ ਤੇ ਕੱਚ ਦੇ ਟੁਕੜੇ ਚੁੱਕ ਚੁੱਕ ਕੇ ਲੱਕ ਨਾਲ ਬੱਧੀਆਂ ਝੋਲੀਆਂ ਵਿੱਚ ਪਾਉਂਦੇ … ਇੱਕ ਦੂਜੇ ਦੇ ਮਗਰ ਨੱਠਦੇ … ਭੁੱਖ ਲੱਗੀ ਤੋਂ ਜੂਠੇ ਡੂਨੇ ਚੱਟਦੇ … ਸੂਜ਼ੀ ਦਾ ਧਿਆਨ ਫੇਰ ਚੀਫ਼ ਕੰਪਿਉਟਰ ਦੀ ਆਵਾਜ਼ ਵੱਲ ਗਿਆ, ਉਹ ਆਖ ਰਿਹਾ ਸੀ- ਪਰ ਲੀਡਰਾਂ ਦੀਆਂ ਅੱਖਾਂ ਅਤੇ ਦਿਮਾਗ ਉੱਤੇ ਹੈਂਕੜ ਤੇ ਸਵਾਰਥ ਦੇ ਖੋਪੇ ਚੜ੍ਹੇ ਹੋਏ … ਉਨ੍ਹਾਂ ਦੇ ਅੰਦਰੋਂ ਉੱਠਦਾ ਜਨੂੰਨ ਬਾਹਰ ਵਾਪਰ ਰਹੀਆਂ ਘਟਨਾਵਾਂ ਦੇ ਮਾਰੂ ਅਸਰ ਪਛਾਨਣ ਤੋਂ ਮੁਨਕਰ … ਤੇ ਸਾਇੰਸਦਾਨਾਂ ਦਾ ਧਿਆਨ ਧਰਤੀ ਤੋਂ ਉੱਠ ਕੇ ਹੋਰ ਗ੍ਰਿਹਾਂ ਤੇ ਉਪਗ੍ਰਿਹਾਂ ਉੱਤੇ ਪਹੁੰਚਣ ਵੱਲ ਲੱਗਾ ਹੋਇਆ … ਜਿਵੇਂ ਏਸ ਧਰਤੀ ਉੱਤੇ ਉਨ੍ਹਾਂ ਦਾ ਮਨ ਨਾ ਲਗਦਾ ਹੋਵੇ। ਜੇ ਕਿਸੇ ਬਿਮਾਰੀ ਦਾ ਇਲਾਜ ਨਿਕਲਿਆ ਵੀ ਤਾਂ ਅਮੀਰਾਂ ਜੋਗਾ ਹੋ ਕੇ ਰਹਿ ਗਿਆ … ਗਰੀਬਾਂ ਦੀ ਪਹੁੰਚ ਤੋਂ ਬਾਹਰ। ਤੇ ਫੇਰ ਕੁਝ ਉਹ ਲੋਕ ਜੋ ਚਿਰਾਂ ਤੋਂ ਅਮੀਰਾਂ ਦੀ ਮਾਰ ਖਾ ਰਹੇ ਸਨ, ਆਪਣੇ ਹੀ ਸਾਇੰਸ ਦੇ ਤਜ਼ਰਬੇ ਕਰਨ ਲੱਗੇ। ਵਾਇਰਸ ਤੇ ‘ਰੇਡੀਓ ਐਕਟਿਵ’ ਧਾਤਾਂ ਨਾਲ ਲੈਸ ‘ਡਰਟੀ ਬੰਬ’ ਬਣਾਉਣ ਲੱਗੇ। ਨਿੱਕੇ-ਨਿੱਕੇ ਗਰੁੱਪਾਂ ਵਿੱਚ ਵੰਡੇ ਹੋਏ ਉਹ ਅਮੀਰ ਮੁਲਕਾਂ ਦੀਆਂ ਮਸ਼ੀਨੀ ਅੱਖਾਂ ਅਤੇ ਮਾਰੂ ਹਥਿਆਰਾਂ ਤੋਂ ਬਚਦੇ ਬਚਾਉਂਦੇ ਦੁਨੀਆਂ ਦੇ ਹਰ ਕੋਨੇ ਵਿੱਚ ਜਾ ਬੈਠੇ… ਤੇ ਫੇਰ ਅਣਹੋਣੀ … ਹੋਣੀ ਬਣ ਕੇ ਵਾਪਰ ਗਈ। ਬਿਨਾਂ ਖੜਾਕ ਕੀਤੇ ਵਾਇਰਸਾਂ ਨਾਲ ਭਰੇ ‘ਰੇਡੀਓ ਐਕਟਿਵ’ ਬੰਬ ਥਾਂ-ਥਾਂ ਤੇ ਚੱਲਣ ਲੱਗੇ … ਦਿਨਾਂ ਵਿੱਚ ਹੀ ਹਰੇ ਭਰੇ ਲਹਿਲਹਾਉਂਦੇ ਖੇਤ ਤੇ ਰੁੱਖ ਰੁੰਡ ਮਰੁੰਡ ਹੋ ਗਏ … ਉੱਡਦੇ ਪੰਛੀਆਂ ਦੇ ਖੰਭ ਝੜ ਗਏ … ਮਨੁੱਖ ਲੁੰਝਾ ਹੋ ਗਿਆ … ਤੇ ਮਨੁੱਖਤਾ ਨੂੰ ਚਿੱਬ ਪੈ ਗਏ … ਇਹ ਕਿਹੋ ਜਿਹਾ ਮੋੜ ਕੱਟ ਲਿਆ ਸੀ ਮਨੁੱਖਤਾ ਨੇ …? ਰੇਡੀਓ ਐਕਟੀਵਿਟੀ ਨਾਲ ਮਿਉਟੇਟ ਹੋ ਕੇ ਇੱਕ ਨਵਾਂ ਹੀ ਵਾਇਰਸ ਹੋਂਦ ਵਿੱਚ ਆ ਗਿਆ … “ਆਰ. ਓ. ਡੀ. ਵਾਇਰਸ R. O. D. (Reproductive Organ Degeneration Virus) ਜਿਹੜਾ ਹਵਾ ਦੇ ਬੁੱਲਿਆਂ ਤੇ ਸਵਾਰ ਹੋ ਕੇ ਦੂਰ ਦੁਰਾਡੇ ਮੁਲਕਾਂ ਤਾਈਂ … ਹਰ ਗਲੀ ਹਰ ਮੁਹੱਲੇ ਵਿੱਚ ਪਹੁੰਚ ਗਿਆ। ਜਿਸ ਕਿਸੇ ਨੇ ਵੀ ਉਸ ਹਵਾ ਵਿੱਚ ਸਾਹ ਲਿਆ, ‘ਆਰ. ਓ. ਡੀ.’ ਵਾਇਰਸ ਦੀ ਮਾਰ ਹੇਠ ਆ ਗਿਆ। ਕੁਝ ਕੁ ਸਾਲਾਂ ਵਿੱਚ ਹੀ ਔਰਤਾਂ ਬਾਂਝ ਹੋ ਗਈਆਂ … ਤੇ ਮਰਦ ਮਰਦ ਨਾ ਰਹੇ … ਚੀਫ਼ ਕੰਪਿਉਟਰ ਦੀ ਆਵਾਜ਼ ਵਿੱਚ ਇਕ ਦਮ ਰੋਹ ਜਿਹਾ ਭਰਨਾ ਸ਼ੁਰੂ ਹੋ ਗਿਆ ਸੀ। ਹੁਣ ਤੱਕ ਉਹ ਬੜੇ ਅਦਬ ਨਾਲ ਨਰਮ ਆਵਾਜ਼ ਵਿੱਚ ਸਭ ਕੁਝ ਸੁਣਾ ਰਿਹਾ ਸੀ ਜਿਵੇਂ ਸਕੂਲ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਹੋਵੇ। ਪਰ ਹੁਣ ਉਸਦੀ ਆਵਾਜ਼ ਵਿੱਚ ਉਹ ਨਰਮੀ ਨਹੀਂ ਸੀ ਰਹੀ … ਸਕਰੀਨ ਉੱਤੇ ਉੱਭਰ ਰਹੀਆਂ ਤਸਵੀਰਾਂ ਦੇ ਨਾਲ ਨਾਲ ਉਹ ਨਿਰੰਤਰ ਬੋਲ ਰਿਹਾ ਸੀ- ਉਹ ਜਿਹੜੇ ਟੀਰੀ ਅੱਖ ਨਾਲ ਦੂਜੇ ਮੁਲਕਾਂ ਦੇ ਕੁਦਰਤੀ ਭੰਡਾਰਾਂ ਵੱਲ ਵੇਖਿਆ ਕਰਦੇ ਸਨ … ਤੇ ਉਹ ਵੀ ਜਿਹੜੇ ਰੱਬ ਨਾਲ ਆਪਣਾ ਖਾਸ ਰਿਸ਼ਤਾ ਬਣਾਈ ਬੈਠੇ ਸਨ … ਅਤੇ ਨਾਲ ਹੀ ਉਹ ਵੀ ਜਿਨ੍ਹਾਂ ਨਾ ਕਦੇ ਕਿਸੇ ਦਾ ਬੁਰਾ ਤੱਕਿਆ ਸੀ ਤੇ ਨਾ ਹੀ ਕਦੇ ਕਿਸੇ ਨੂੰ ਕੋਈ ਦੁੱਖ ਦਿੱਤਾ … ‘ਆਰ. ਓ. ਡੀ.’ ਵਾਇਰਸ ਨੇ ਕਿਸੇ ਦਾ ਵੀ ਲਿਹਾਜ ਨਾ ਕੀਤਾ। ਨਾ ਕਿਸੇ ਦੀ ਅਮੀਰੀ ਕੰਮ ਆਈ ਤੇ ਨਾ ਕਿਸੇ ਦਾ ਰੱਬ ਬਹੁੜਿਆ … ਚਿੱਬੀ ਹੋ ਚੁੱਕੀ ਮਨੁੱਖਤਾ ਤਰਲੇ ਲੈਂਦੀ, ਲਿਲਕੜੀਆਂ ਕੱਢਦੀ ਦਿਨ ਬਦਿਨ ਦਸਾਂ ਤੋਂ ਪੰਜ ਤੇ ਪੰਜਾਂ ਤੋਂ ਢਾਈ ਹੁੰਦੀ ਹੁੰਦੀ ਉੱਕਾ ਹੀ ਅਲੋਪ ਹੋਣਾ ਸ਼ੁਰੂ ਹੋ ਗਈ … ਤੇ ਫੇਰ ਪਤਾ ਨਹੀਂ ਕਿਵੇਂ ਕਿਸੇ ਚੰਗੇ ਦੀ ਚੰਗਿਆਈ ਨੇ ਸਲਾਹ ਦਿੱਤੀ- ਮਨੁੱਖੀ ਕਲੋਨਾਂ ਦੀ ਗਿਣਤੀ ਵੱਧਣ ਲੱਗੀ … ਕੰਪਿਊਟਰਾਂ ਤੇ ਰਾਕਟਾਂ ਦੀ ਗਤੀ ਵਿੱਚ ਵੀ ਦਿਨੋ ਦਿਨ ਵਾਧਾ ਹੋਣ ਲੱਗਾ … ਕਿਤੇ ਕਿਤੇ ਰੁੱਖ ਤੇ ਪੰਛੀ ਵੀ ਹਰਕਤ ਵਿੱਚ ਆਉਣ ਲੱਗ ਪਏ … ਤੇ ਫੇਰ ਕਿਸੇ ਕੰਪਿਊਟਰ ਸਾਇੰਟਿਸਟ ਨੇ ਇਸ ਭਿਆਨਕ ਸਦੀ ਨੂੰ ਗੁਪਤ ਕੋਡ ਲਾ ਦਿੱਤਾ … ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਡੇਰਿਆਂ ਦੀ ਮੂਰਖਤਾਈ ਤੋਂ ਸ਼ਰਮਸਾਰ ਨਾ ਹੋਣ … ਚੀਫ਼ ਕੰਪਿਊਟਰ ਦੀ ਆਵਾਜ਼ ਗਰਜ਼ੀ … ਕਮਰੇ ਦੀਆਂ ਕੰਧਾਂ ਉਸਦੀ ਆਵਾਜ਼ ਨਾਲ ਕੰਬ ਉੱਠੀਆਂ। ਚੀਫ਼ ਦੀ ਆਵਾਜ਼ ਦੀ ਗਰਜ਼ ਕਮਰੇ ਵਿੱਚੋਂ ਨਿਕਲ ਕੇ ਸਾਰੇ ਵਾਤਾਵਰਣ ਵਿੱਚ ਫੈਲਣ ਲੱਗੀ। ਰੁੱਖ ਵੀ ਜਿਵੇਂ ਹਨੇਰੀ ਦਾ ਬੁੱਲਾ ਆਇਆ ਹੋਵੇ … ਇੱਕ ਵਾਰ ਜਿਵੇਂ ਦੋਹਰੇ ਤੀਹਰੇ ਜਹੇ ਹੋ ਗਏ। ਝੀਲ ਦੇ ਪਾਣੀਆਂ ਵਿੱਚ ਉੱਠੀ ਇੱਕ ਵੱਡੀ ਸਾਰੀ ਛੱਲ ਨਾਲ ਇੱਕੋ ਲੱਤ ਤੇ ਖਲੋਤੇ ਬਗਲਿਆਂ ਅਤੇ ਪਾਣੀ ਵਿੱਚ ਤੈਰ ਰਹੀਆਂ ਮੁਰਗਾਬੀਆਂ ਤੇ ਬੱਤਖਾਂ ਵਿੱਚ ਵੀ ਹਲ-ਚਲ ਜਹੀ ਮੱਚ ਗਈ। ਆਵਾਜ਼ ਦੀ ਗਰਜ਼ ਪਹਾੜੀਆਂ ਨਾਲ ਟਕਰਾ ਕੇ ਹੋਰ ਵੀ ਦੂਣੀ ਚੌਗੁਣੀ ਹੋਈ ਦੂਰ ਦੁਰਾਡੇ ਪਹੁੰਚ ਗਈ। ਗੁਪਤ ਸਮਾਂ ਹੁਣ ‘ਗੁਪਤ’ ਨਹੀ ਸੀ ਰਿਹਾ … ਸੈਂਡੀਊ, ਸੂਜ਼ੀ ਤੇ ਕੇਲਨ ਗਲਵੱਕੜੀ ਪਾਈ ਖੜ੍ਹੇ ਜਿਵੇਂ ਸਦੀਆਂ ਤੋਂ ਵਿੱਛੜੇ ਹੁਣ ਮਿਲੇ ਹੋਣ। ਸੇਜਲ ਅੱਖਾਂ ਨਾਲ ਉਹ ਢੇਰ ਚਿਰ ਤਕ ਇੱਕ ਦੂਜੇ ਵੱਲ ਤੱਕਦੇ ਰਹੇ …। |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 6 ਅਕਤੂਬਰ 2010) *** |