23 April 2024

ਛੇ ਗ਼ਜ਼ਲਾਂ—ਮਨਿੰਦਰ ਸ਼ੌਕ, ਲੁਧਿਆਣਾ

ਜਗਾਵਾਂ ਕਿਸ ਤਰ੍ਹਾਂ ਦੀਵਾ, ਬੜੇ ਤੂਫ਼ਾਨ ਦੇ ਅੱਗੇ,
ਜਹਾਲਤ ਦਾ ਹਨੇਰਾ ਦੂਰ ਕਰਨੇ ਦਾ ਇਰਾਦਾ ਹੈ।
ਗ਼ਜ਼ਲ-1

ਜਗਾਵਾਂ ਕਿਸ ਤਰ੍ਹਾਂ ਦੀਵਾ, ਬੜੇ ਤੂਫ਼ਾਨ ਦੇ ਅੱਗੇ,
ਜਹਾਲਤ ਦਾ ਹਨੇਰਾ ਦੂਰ ਕਰਨੇ ਦਾ ਇਰਾਦਾ ਹੈ।

ਕਿਸੇ ਜ਼ਖ਼ਮੀ ਪਰਿੰਦੇ ਦੀ ਤਰ੍ਹਾਂ ਤੜਪੇ ਜਿਸਮ ਮੇਰਾ,
ਮਗਰ ਫਿਰ ਵੀ ਨਵੀਂ ਪਰਵਾਜ਼ ਭਰਨੇ ਦਾ ਇਰਾਦਾ ਹੈ।

ਕਦੇ ਹੁਣ ਰੁਕ ਨਹੀਂ ਸਕਦਾ ਇਰਾਦਾ ਸੋਚ ਦਾ ਉੱਚਾ,
ਮੇਰੇ ਦਿਲ ਵਿਚ ਬੜਾ ਕੁਝ ਕਰ ਗੁਜ਼ਰਨੇ ਦਾ ਇਰਾਦਾ ਹੈ।

ਲਗਾਵੇ ਜ਼ੋਰ ਕਿੰਨਾ ਵੀ ਮੁਸੀਬਤ ਕਰ ਲਵੇ ਮਰਜ਼ੀ,
ਅਬਦ ਤਕ ਹਰ ਤਰ੍ਹਾਂ ਦੀ ਪੀੜ ਜ਼ਰਨੇ ਦਾ ਇਰਾਦਾ ਹੈ।

ਸਮਾਂ ਚਲਦਾ ਸਦਾ ਅੱਗੇ, ਨਹੀਂ ਰੁਕਦਾ ਕਿਸੇ ਥਾਂ ਤੇ,
ਸਮੇਂ ਦੇ ਵੇਗ ਤੋਂ ਵੀ ਤੇਜ਼ ਤੁਰਨੇ ਦਾ ਇਰਾਦਾ ਹੈ।

ਜਿਊਣਾ ਤਾਂ ਹੀ ਜਿਊਣਾ ਹੈ, ਕਿਸੇ ਖ਼ਾਤਿਰ ਕਰਾਂ ਚੰਗਾ,
ਸਦਾਕਤ ਦੇ ਲਈ ਦਿਨ ਰਾਤ ਮਰਨੇ ਦਾ ਇਰਾਦਾ ਹੈ।

ਮੇਰਾ ਤਾਂ `ਸ਼ੌਕ` ਹੈ ਸਿਰਜਣ, ਇਸੇ ਹੀ ਸ਼ੌਕ ਵਿਚ ਜੀਣਾ,
ਸਮੁੰਦਰ ਸੁਰਤ ਦਾ ਹਰ ਰੋਜ਼ ਤਰਨੇ ਦਾ ਇਰਾਦਾ ਹੈ।
**

ਗ਼ਜ਼ਲ-2

ਜਦੋਂ ਵੀ ਤੂੰ ਚਲੀ ਆਈ, ਸੁਹਾਨਾ ਹੋ ਗਿਆ ਮੌਸਮ।
ਜਿਵੇਂ ਸਾਵਣ ਘਟਾ ਛਾਈ, ਸੁਹਾਨਾ ਹੋ ਗਿਆ ਮੌਸਮ।

ਬਹਾਰਾਂ ਦਾ ਇਹ ਮੌਸਮ ਵੀ ਬੜਾ ਵੀਰਾਨ ਸੀ ਪਹਿਲਾਂ,
ਜਦੋਂ ਖੁਲ੍ਹ ਕੇ ਤੂੰ ਮੁਸਕਾਈ, ਸੁਹਾਨਾ ਹੋ ਗਿਆ ਮੌਸਮ।

ਅਧੂਰਾ ਨਾ ਰਿਹਾ ਮੇਰੀ ਗ਼ਜ਼ਲ ਦਾ ਰੇਸ਼ਮੀ ਮਕਤਾ,
ਤੇਰੀ ਜਦ ਜ਼ੁਲਫ਼ ਲਹਿਰਾਈ, ਸੁਹਾਨਾ ਹੋ ਗਿਆ ਮੌਸਮ।

ਦਿਸੇ ਤਿਤਲੀ ਵੀ ਫੁੱਲਾਂ ਤੇ, ਨਵੇਂ ਅੰਦਾਜ਼ ਵਿਚ ਉਡਦੀ,
ਜਿਵੇਂ ਤੇਰੀ ਅਦਾ ਪਾਈ, ਸੁਹਾਨਾ ਹੋ ਗਿਆ ਮੌਸਮ।

ਜਦੋਂ ਤਾਰੀਫ਼ ਲਿਖ ਦਿੱਤੀ, ਤੇਰੀ ਇਸ ਸਾਦਗੀ ਉੱਤੇ,
ਅਦਾ ਅੰਦਰ ਤੂੰ ਸ਼ਰਮਾਈ, ਸੁਹਾਨਾ ਹੋ ਗਿਆ ਮੌਸਮ।

ਮੇਰੇ ਤਾਂ ਹਰਫ਼ ਸੀ ਕੋਰੇ, ਨਿਰੇ ਜਜ਼ਬਾਤ ਤੋਂ ਖ਼ਾਲੀ,
ਉਨ੍ਹਾਂ ਵਿਚ ਤੂੰ ਜਦੋਂ ਆਈ, ਸੁਹਾਨਾ ਹੋ ਗਿਆ ਮੌਸਮ।

ਮਚੀ ਜੋ ਸ਼ੌਕ ਦੇ ਦਿਲ ਵਿਚ, ਅਦਬ ਅਲਫ਼ਾਜ਼ ਦੀ ਸਰਗਮ,
ਗ਼ਜ਼ਲ ਤੇਰੇ ਲਈ ਗਾਈ, ਸੁਹਾਨਾ ਹੋ ਗਿਆ ਮੌਸਮ।
**

ਗ਼ਜ਼ਲ-3

ਗ਼ੁਲਾਮੀ ਦੀ ਮਨੋਵਿਰਤੀ, ਮਿਟਾਈ ਨਾ ਗਈ ਸਾਥੋਂ।
ਅਜ਼ਾਦੀ ਖ਼ੂਬਸੂਰਤ ਪਲ, ਬਣਾਈ ਨਾ ਗਈ ਸਾਥੋਂ।

ਨਵੇਲੇ ਦੌਰ ਅੰਦਰ ਵੀ, ਜਹਾਲਤ ਹੈ ਘਣੀ ਛਾਈ,
ਬੜੀ ਗ਼ਫ਼ਲਤ ਭਰੀ ਗ਼ੁਰਬਤ,ਮਿਟਾਈ ਨਾ ਗਈ ਸਾਥੋਂ।

ਪੁਰਾਣੀ ਸੋਚ ’ਤੇ ਅਟਕੇ, ਨਵੇਂ ਇਸ ਦੌਰ ਦੇ ਬੰਦੇ,
ਨਵੀਂ ਤਹਿਜ਼ੀਬ ਦੀ ਪੌੜੀ ਲਗਾਈ ਨਾ ਗਈ ਸਾਥੋਂ।

ਅਜ਼ਾਦੀ ਤਾਂ ਮਿਲੀ ਸਾਨੂੰ, ਮਗਰ ਆਜ਼ਾਦ ਨਾ ਹੋਏ,
ਗ਼ੁਲਾਮੀ ਦੀ ਕੋਈ ਬੇੜੀ ਹਟਾਈ ਨਾ ਗਈ ਸਾਥੋਂ।

ਮਚੇ ਕਿਸ ਜੋਸ਼ ਦੇ ਅੰਦਰ, ਜਦੋਂ ਕਿ ਹੋਸ਼ ਨਾ ਆਈ,
ਚਿਰਾਂ ਦੀ ਦਹਿਕਦੀ ਅਗਨੀ ਬੁਝਾਈ ਨਾ ਗਈ ਸਾਥੋਂ।

ਕਦੇ ਸੁਰਤੀ `ਚ ਨਾ ਹਿੰਮਤ, ਨ ਸੋਚਾਂ ਵਿਚ ਉਚੇਰਾਪਨ,
ਨਵੇਂ ਨਿਰਮਾਣ ਦੀ ਨਿਸ਼ਠਾ ਜਗਾਈ ਨਾ ਗਈ ਸਾਥੋਂ।

ਨਹੀਂ ਹੈ ਸਿਰਜਣਾ ਮਨ ਵਿਚ, ਨ ਹਿੰਮਤ ਦਾ ਫੁਟਾਲਾ ਹੈ,
ਜੋ ਮਚਣੀ `ਸ਼ੌਕ` ਦੇ ਅੰਦਰ, ਮਚਾਈ ਨਾ ਗਈ ਸਾਥੋਂ।
**
ਗ਼ਜ਼ਲ-4

ਜਗੀ ਸੀ ਰੌਸ਼ਨੀ, ਫਿਰ ਤੋਂ ਹਨੇਰਾ ਛਾ ਗਿਆ ਗਹਿਰਾ।
ਨਵੀਂ ਇਕ ਆਸ ਉੱਤੇ ਕਹਿਰ ਹੈ ਬਰਪਾ ਗਿਆ ਗਹਿਰਾ।

ਡਿਗੀ ਹੈ ਤਾਸ਼ ਦੇ ਵਾਂਗੂੰ ਹਕੂਮਤ ਸੀ ਜੋ ਅਫ਼ਗ਼ਾਨੀ,
ਕਿਸੇ ਦੇ ਰਾਜਸੀ ਹਿਤ ਨੂੰ ਬੜਾ ਸਮਝਾ ਗਿਆ ਗਹਿਰਾ।

ਮਹਿਕ ਬਣ ਕੇ ਖਿੜੇ ਨਾ ਦੌਰ ਅੰਦਰ ਪਲ ਖੁਸ਼ੀ ਵਾਲੇ,
ਕੋਈ ਮਲਹਾਰ ਵਿਚ ਹੀ ਰਾਗ ਬਿਰਹਾ ਗਾ ਗਿਆ ਗਹਿਰਾ।

ਕਦੇ ਸੀ ਆਸ ਕਿ ਫਿਰ ਜਗਮਗਾਵੇਗਾ ਜ਼ਿਹਨ ਅੰਦਰ,
ਮਗਰ ਅਮ੍ਰਿਤ ਦੇ ਅੰਦਰ ਜ਼ਹਿਰ ਕੋਈ ਪਾ ਗਿਆ ਗਹਿਰਾ।

ਨਵੀਂ ਭਰਨੀ ਉਡਾਰੀ ਸੀ ਜਿਨ੍ਹਾਂ ਆਕਾਸ਼ ਦੇ ਉੱਤੇ,
ਸੀ ਤਰਨਾ ਲਹਿਰ ਦੇ ਉੱਤੇ, ਸਮੁੰਦਰ ਖਾ ਗਿਆ ਗਹਿਰਾ।

ਉਹ ਸਮਝਣਗੇ ਕਦੋਂ ਤੀਕਰ ਕਿਸੇ ਇਨਸਾਨ ਦੀ ਕੀਮਤ,
ਉਠਾਣੀ ਸੁਰਤ ਸੀ ਉੱਚੀ ਜ਼ਿਹਾਦੀਂ ਲਾ ਗਿਆ ਗਹਿਰਾ।

ਨ ਜਜ਼ਬਾਤੀ ਸੁਰਾਂ ਹੁਣ ਟਿਕਣੀਆਂ ਬੰਦੂਕ ਦੇ ਅੱਗੇ,
ਨਵੇਂ ਨਿਰਮਾਣ ਦਾ ਹਰ ‘ਸ਼ੌਕ’ ਫਿਰ ਦਫ਼ਨਾ ਗਿਆ ਗਹਿਰਾ।
**

ਗ਼ਜ਼ਲ-5

ਜ਼ਰਾ ਜਿੰਨਾ ਤੂੰ ਮੁਸਕਾ ਕੇ ਜਦੋਂ ਵੀ ਦੇਖਦੀ ਮੈਨੂੰ।
ਹਵਾ ਵਿਚ ਤੈਰਦੀ ਖ਼ੁਸ਼ਬੂ ਜਿਹੀ ਤੂੰ ਜਾਪਦੀ ਮੈਨੂੰ।

ਸੁਹਾਨੇ ਮੌਸਮਾਂ ਅੰਦਰ, ਸਜਾ ਕੇ ਰੇਸ਼ਮੀ ਆਂਚਲ,
ਤੇਰੀ ਚੰਦਨ ਜਿਹੀ ਚਿਤਵਨ, ਦਿਸੇ ਹੈ ਭਾਲਦੀ ਮੈਨੂੰ।

ਝਰੇ ਨੇ ਸੁਰਮਈ ਨਗ਼ਮੇ, ਗੁਲਾਬੀ ਦੋ ਲਬਾਂ ਉੱਤੇ,
ਤੇਰੇ ਗੇਸੂ ਦੀ ਉਲਝੀ ਲਟ, ਜਦੋਂ ਹੈ ਲੋਚਦੀ ਮੈਨੂੰ।

ਗੁਲਾਬੀ ਪੱਤੀਆਂ ਵਰਗੇ, ਤੇਰੇ ਅੰਦਾਜ਼ ਲਗਦੇ ਨੇ,
ਲਬਾਂ ਦੀ ਲਰਜ਼ ਦੇ ਅੰਦਰ, ਜਦੋਂ ਕੁਝ ਬੋਲਦੀ ਮੈਨੂੰ।

ਰਚਾਂ ਜਦ ਮਿਸਰਿਆਂ ਅੰਦਰ, ਸਲੀਕੇ ਦੇ ਸੁਹੱਪਣ ਨੂੰ,
ਮੇਰੇ ਅਹਿਸਾਸ ਦੇ ਅੰਦਰ, ਦਿਸੇਂ ਤੂੰ ਮਾਣਦੀ ਮੈਨੂੰ।

ਤੇਰਾ ਰੁਕਣਾ, ਤੇਰਾ ਮਿਲਣਾ, ਬਸੰਤੀ ਮੌਸਮਾਂ ਵਰਗਾ,
ਕਈ ਦਿਨ ਮਹਿਕਦੇ ਲਗਦੇ ਜਦੋਂ ਕੁੱਝ ਆਖਦੀ ਮੈਨੂੰ।

ਮੈਂ ਝਰਿਆ ‘ਸ਼ੌਕ’ ਬਣ ਬਣ ਕੇ, ਅਦਾ ਵਿਚ ਦੇਖ ਲੈ ਮੈਨੂੰ,
ਫ਼ਿਜ਼ਾ ਵਿਚ ਮਹਿਕ ਉਠਦਾ ਹਾਂ ਜਦੋਂ ਤੂੰ ਸੋਚਦੀ ਮੈਨੂੰ।
**

ਗ਼ਜ਼ਲ-6

 

 

 

 

 

 

 

 

ਕਦੇ ਸੌਂਦਾ ਨਹੀਂ ਹੁਣ ਤਾਂ, ਹਮੇਸ਼ਾ ਜਾਗਦਾ ਮਸਤਕ।
ਕਰੇ ਖੋਜਾਂ ਦਿਨੇ ਰਾਤੀਂ, ਨਵਾਂ ਕੁਝ ਭਾਲਦਾ ਮਸਤਕ।

ਹਨੇਰੇ ਦੇ ਕਈ ਪਹਿਲੂ ਉਜਾਗਰ ਕਰ ਰਿਹਾ ਹਰਦਮ,
ਸਦਾ ਹੀ ਗਿਆਨ ਅੰਦਰ ਸਿਰਜਣਾ ਨੂੰ ਮਾਣਦਾ ਮਸਤਕ।

ਕਰੇ ਅਧਿਐਨ `ਯੂਨੀਵਰਸ` ਦੇ ਲੁਕਵੇਂ ਪੜਾਵਾਂ ਦਾ,
ਕਦੇ `ਦਿਸਦੇ ਤੇ ਅਣਦਿਸਦੇ` ਦੇ ਬਾਰੇ ਸੋਚਦਾ ਮਸਤਕ।

ਰਚੇ `ਸੂਖਮ ਕਣਾਂ` ਦੀ ਥਿਰਕਣਾ ਵਿਚ ਸੁਰਮਈ ਅੱਖਰ,
ਉਸੇ ਨੂੰ ਜਾਨਣਾ ਚਾਹੇ, ਨਹੀਂ ਜੋ ਜਾਣਦਾ ਮਸਤਕ।

ਕਿਉਂ ਹਾਂ, ਕਿਸ ਲਈ ਹਾਂ ਤੇ ਕਦੋਂ ਤਕ ਦਾ ਸਫ਼ਰ ਮੇਰਾ,
ਕਿਵੇਂ ਬਣਦਾ, ਕਿਵੇਂ ਮਿਟਦਾ ਉਸੇ ਨੂੰ ਖੋਜਦਾ ਮਸਤਕ।

ਨਵਾਂ ਹੋ ਉਪਜਦਾ ਹਰ ਪਲ, ਪੁਰਾਣਾ ਮਿਟ ਰਿਹਾ ਹਰ ਛਿਣ,
ਗਤੀ ਅੰਦਰ, ਨਵੇਂ ਸਿਰਜਣ, ਨਵਾਂ ਨਿਤ ਜਾਪਦਾ ਮਸਤਕ।

ਕਦੇ ਜਦ `ਸ਼ੌਕ` ਅੰਦਰ ਉਤਰਿਆ ਸਿਰਜਣ ਕਲਾ ਬਣ ਕੇ
ਖ਼ੁਦਾ ਬਣ ਕੇ ਹੈ ਆਪੇ `ਚੋਂ ਉਹੀ ਪਹਿਚਾਣਦਾ ਮਸਤਕ।
***
-ਮਨਿੰਦਰ ਸ਼ੌਕ, ਲੁਧਿਆਣਾ (ਪੰਜਾਬ) ਭਾਰਤ
ਮੋਬਾਇਲ : +91 98882-11906
Email : parkashbindu@gmail.com

***
(ਪਹਿਲੀ ਵਾਰ ਛਪਿਆ 17 ਸਤੰਬਰ 2021 )
***
370
***ਨੋਟ: ਮਨਿੰਦਰ ਸ਼ੌਕ ਦੀਅਾਂ ‘ਲਿਖਾਰੀ’ ਵਿੱਚ ਛਪੀਅਾਂ ਸੱਤ ਗ਼ਜ਼ਲਾਂ ਪੜ੍ਹਨ ਲਈ ਕਲਿੱਕ ਕਰੋ

About the author

ਮਨਿੰਦਰ ਸ਼ੌਕ
+91 98882 11906 | parkashbindu@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ