4 December 2022

ਉਸਤਾਦ – ਅਵਤਾਰ ਗਿੱਲ

ਉਸਤਾਦ

-ਅਵਤਾਰ ਗਿੱਲ-

ਦੋ ਸ਼ਬਦ ਇਸ ਕਹਾਣੀ ਬਾਰੇ:
ਅਵਤਾਰ ਗਿੱਲ ਦਾ ਇੱਕ ਕਹਾਣੀ ਸੰਗ੍ਰਹਿ ‘ਸੱਤੀਂ ਵੀਹੀਂ ਸੌ’ ਪ੍ਰਕਾਸਿ਼ਤ ਹੋ ਚੁੱਕਾ ਹੈ।
ਕਹਾਣੀਕਾਰ ਅਵਤਾਰ ਗਿੱਲ ‘ਲਿਖਾਰੀ’ ਨਾਲ ਪਿਛਲੇ ਪੰਜ ਵਰ੍ਹਿਆਂ ਤੋਂ ਜੁੜੇ ਆ ਰਹੇ ਹਨ। ‘ਲਿਖਾਰੀ’ ਵਿੱਚ ਛਪੀ ਉਹਨਾਂ ਦੀ ਪਹਿਲੀ ਕਹਾਣੀ ‘ਪੁਆੜੇ ਦੀ ਜੜ੍ਹ’ ਬਹੁਤ ਹੀ ਸਲਾਹੀ ਗਈ ਅਤੇ ਚਰਚਾ ਦਾ ਵਿਸ਼ਾ ਵੀ ਰਹੀ। ਹੁਣ ਤੱਕ ਉਹਨਾਂ ਦੀਆਂ ‘ਲਿਖਾਰੀ’ ਵਿੱਚ ਪੰਜ ਕਹਾਣੀਆਂ ਅਤੇ ਇੱਕ ਲੇਖ ਪ੍ਰਕਾਸਿ਼ਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਅਸੀਂ ਉਹਨਾਂ ਦੀ ਇੱਕ ਹੋਰ ਕਹਾਣੀ ‘ਉਸਤਾਦ’ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਹੇ ਹਾਂ। ਦਰਅਸਲ ਇਹ ਕਹਾਣੀ ‘ਲਿਖਾਰੀ’ ਵਿੱਚ ਪਹਿਲਾਂ ਛਪ ਚੁੱਕੀ ਕਹਾਣੀ ‘ਪੁਆੜੇ ਦੀ ਜੜ੍ਹ’ ਦਾ ਹੀ ਨਵਾਂ, ਕੱਸਵਾਂ ਅਤੇ ਚੁਸਤ ਰੂਪ ਹੈ। ਕਹਾਣੀਕਾਰ ਨੇ ਪਹਿਲਾਂ ਛਪ ਚੁੱਕੀ ਕਹਾਣੀ ਨੂੰ ਮੁੜ ਗੌਲਦਿਆਂ ਨਵਾਂ ਰੂਪ ਦੇ ਕੇ ਸਿੱਧ ਕੀਤਾ ਹੈ ਕਿ ਸਿਰਜਣਾਤਮਕ ਕਲਾ ਬਹੁਤ ਮਿਹਨਤ ਅਤੇ ਸਿਰੜ ਮੰਗਦੀ ਹੈ। ‘ਲਿਖਣਾ’ ਕੋਈ ਖਾਲਾ ਜੀ ਦਾ ਵਾੜਾ ਨਹੀਂ। ਹਰ ਲੇਖਕ ਨੂੰ ਆਪਣੀ ਲਿਖਤ ਨੂੰ ਹੋਰ ਮਾਂਜਣ, ਸੋਧਣ, ਕੱਟਣ-ਵੱਢਣ, ਸੁੰਦਰ ਅਤੇ ਸਦ-ਰਹਿਣਾ ਬਣਾਉਣ ਲਈ ਸਦਾ ਹੀ ਤੱਤਪਰ ਰਹਿਣਾ ਚਾਹੀਦਾ ਹੈ।

ਪੁਆੜੇ ਦੀ ਜੜ੍ਹ ਅਤੇ ‘ਉਸਤਾਦ’ ਕਹਾਣੀ ਪੜ੍ਹ ਕੇ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਕ ਲੇਖਕ ਲਈ ਆਪਣੀ ਸਿਰਜਣ ਕਲਾ ਵਿੱਚ ਨਿਖਾਰ ਲਿਆਉਣ ਅਤੇ ਉੱਤਮਤਾ ਪੈਦਾ ਕਰਨ ਲਈ ਕਿੰਨਾ ਸਬਰ, ਮਿਹਨਤ ਅਤੇ ਕਲਾ-ਨਿਪੁੰਨਤਾ ਦਰਕਾਰੀ ਹੈ। ‘ਗਿੱਲ’ ਜੀ ਦੀ ਮਿਹਨਤ ਨੂੰ ਸਲਾਮ।–ਲਿਖਾਰੀ

******

ਉਸਤਾਦ

“ਤੇਰੀ ਜੁਰਅਤ ਕਿਵੇਂ ਹੋਈ ਅਸੈੱਸਰ ਨੂੰ ਵਾਪਸ ਮੋੜਨ ਦੀ? ਜਾਤ ਦੀ ਕੋੜ੍ਹ ਕਿਰਲੀ, ਛਤੀਰਾਂ ਨੂੰ ਜੱਫੇ?” ਘਰ ਪਹੁੰਚਦਿਆਂ ਹੀ ਬਲਿਹਾਰ ਸਿੰਘ ਆਪਣੀ ਪਤਨੀ ਉੱਤੇ ਵਰ੍ਹ ਪਿਆ।

“ਦੇਖ ਬੱਲ! ਮੇਰੇ ਨਾਲ ਲੋਹਾ-ਲਾਖਾ ਹੋਣ ਦੀ ਕੋਈ ਲੋੜ ਨਹੀਂ।” ਅੰਮ੍ਰਿਤ ਠਰ੍ਹੰਮੇ ਨਾਲ ਆਖਣ ਲੱਗੀ, “ਤੁਸੀਂ ਟੈਕਸੀਆਂ ਦਾ ਝਮੇਲਾ ਪਾਇਆ, ਮੈਂ ਚੁੱਪ ਰਹੀ। ਤੁਸੀਂ ਘਰ ਨਾਲੋਂ ਨਾਤਾ ਤੋੜ ਲਿਆ, ਮੈਂ ਚੁੱਪ ਰਹੀ। ਧੀ-ਪੁੱਤ ਨੇ ਯੂਨੀਵਰਸਿਟੀ ਜਾਣ ਲਈ ਪੈਸੇ ਮੰਗੇ, ਤੁਸੀਂ ਸਿਰ ਫੇਰ ਦਿੱਤਾ, ਮੈਂ ਚੁੱਪ ਰਹੀ। ਪਰ ਹੁਣ … ਹੁਣ ਮੈਂ ਇਸ ਛੱਤ ਨੂੰ ਸਿਰ ਉੱਪਰੋਂ ਕਤਈ ਨਹੀਂ ਖਿਸਕਣ ਦਿਆਂਗੀ।”

“ਇਸ ਘਰ ਵਿਚ ਮੇਰਾ ਵੀ ਅੱਧ ਐ, ਇਹ ਤੂੰ ਸ਼ਾਇਦ ਭੁੱਲ ਗਈ ਐਂ।”

“ਪਿਛਲੇ ਪੰਜਾਂ ਸਾਲਾਂ ਵਿਚ ਜੇ ਮੌਰਗੇਜ ਦੀ ਇਕ ਵੀ ਕਿਸ਼ਤ ਤਾਰੀ ਐ ਤਾਂ ਦੱਸੋ? ਬਿੱਲ-ਬੱਤੀਆਂ ਦਾ ਖਰਚਾ ਦਿੱਤਾ ਐ ਕਦੇ? ਕਦੇ ਗਰੌਸਰੀ ਸਾਰਖੀ ਖਰੀਦ ਕੇ ਲਿਆਂਦੀ ਐ? … ਦੱਸੋ ਹੁਣ? … ਲੇਖਾ ਕਰਨ ਬਹਿ ਗਏ ਤਾਂ ਲੈਣੇ ਦੇ ਦੇਣੇ ਪੈ ਜਾਣਗੇ।”

ਅੰਮ੍ਰਿਤ ਦੀਆਂ ਖ਼ਰੀਆਂ-ਖ਼ਰੀਆਂ ਸੁਣ ਕੇ ਬਲਿਹਾਰ ਸਿੰਘ ਠਠੰਬਰ ਜ਼ਰੂਰ ਗਿਆ, ਪਰ ਮੈਦਾਨ ਵਿੱਚੋਂ ਭੱਜਿਆ ਬਿਲਕੁਲ ਨਹੀਂ; ਆਖਣ ਲੱਗਾ, “ਬੜੀ ਵਕੀਲਾਂ ਵਾਂਗ ਜਿਰ੍ਹਾ ਕਰਨ ਲੱਗ ਪਈ ਐਂ। ਕਿਤੇ ਕਿਸੇ ਨੇ ਪੱਟੀ ਤਾਂ ਨਹੀਂ ਪੜ੍ਹਾ ਦਿੱਤੀ?”

“ਪਹਿਲਾਂ ਤਾਂ ਇੱਦਾਂ ਦੇ ਹੈ ਨਹੀਂ ਸੀ ਤੁਸੀਂ ਵੀ। ਘਰ ਵਿਚ ਬਹਿੰਦੇ ਸੀ; ਦੁੱਖ-ਸੁੱਖ ਦੀਆਂ ਕਰਦੇ ਸੀ। ਬੱਚਿਆਂ ਨੂੰ ਛੇ ਮਹੀਨੇ ਹੋ ਗਏ ਐ ਟਰੰਟੋ ਗਿਆਂ; ਖਰਚ ਭੇਜਣ ਦੀ ਗੱਲ ਤਾਂ ਰਹੀ ਇਕ ਪਾਸੇ, ਕਦੇ ਸੁੱਖ-ਸਾਂਦ ਵੀ ਪੁੱਛੀ ਐ? ਪੜ੍ਹਾਈ ਬਾਰੇ ਪੁੱਛਿਆ ਐ ਕਦੇ? ਪੱਟੀ ਪੜ੍ਹਾਈ ਐ ਤੁਹਾਨੂੰ, ਤੁਹਾਡੇ ਉਸ ਮੀਸਣੇ ਜਿਹੇ ਉਸਤਾਦ ਨੇ; ਜਿਸ ਦੀ ਕੱਛ ਵਿਚ ਵੜੇ ਰਹਿੰਦੇ ਓ ਦਿਨ ਰਾਤ।”

ਤਪਿਆ ਤਾਂ ਬਲਿਹਾਰ ਸਿੰਘ ਪਹਿਲਾਂ ਹੀ ਪਿਆ ਸੀ, ਘਰ ਵਿਚ ਪਈ ਭਸੂੜੀ ਦਾ ਭਾਂਡਾ ਉਸਤਾਦ ਸਿਰ ਭੱਜਦਾ ਦੇਖ ਕੇ ਹੋਰ ਤਮਕ ਉੱਠਿਆ। ਹੱਥੀਂ ਉੱਤਰ ਪਿਆ। ਅੰਮ੍ਰਿਤ ਬਹੁੜੀਆਂ ਪਾਉਣ ਲੱਗ ਪਈ।

ਬਲਿਹਾਰ ਸਿੰਘ ਸਮਝਦਾ ਸੀ, ਉਸਦੇ ਵਾਰੇ-ਨਿਆਰੇ ਉਸਤਾਦ ਦੀ ਬਦੌਲਤ ਹੀ ਹੋਏ ਸਨ। ਆਪਣੇ ਕਾਰੋਬਾਰ ਦੀਆਂ ਬਰਕਤਾਂ ਨੂੰ ਯਾਦ ਕਰਦਿਆਂ ਬਲਿਹਾਰ ਸਿੰਘ ਨੂੰ ਉਹ ਦਿਨ ਯਾਦ ਆ ਗਿਆ, ਜਿਸ ਦਿਨ ਉਹ ਖਾਲੀ ਹੱਥ ਇਸ ਸ਼ਹਿਰ ਵਿਚ ਆਇਆ ਸੀ। ਉਨ੍ਹੀਂ ਦਿਨੀਂ ਇਸ ਸ਼ਹਿਰ ਵਿਚ ਟੈਕਸੀ ਕੰਪਨੀਆਂ ਦਾ ਏਅਰਪੋਰਟ ਦੀ ਮੈਨੇਜਮੈਂਟ ਨਾਲ ਪੇਚਾ ਪਿਆ ਹੋਇਆ ਸੀ। ਏਅਰਪੋਰਟ ਮੈਨੇਜਮੈਂਟ ਨੇ ਸਿਰਫ ਇਕ ਹੀ ਕੰਪਨੀ ਨੂੰ ਏਅਰਪੋਰਟ ਤੋਂ ਸਵਾਰੀਆਂ ਚੁੱਕਣ ਦਾ ਠੇਕਾ ਦਿੱਤਾ ਹੋਇਆ ਸੀ। ਹੋਰ ਟੈਕਸੀਆਂ ਵਾਲੇ ਸ਼ਹਿਰ ਤੋਂ ਏਅਰਪੋਰਟ ਨੂੰ ਸਵਾਰੀਆਂ ਲਿਆ ਤਾਂ ਸਕਦੇ ਸਨ ਪਰ ਏਅਰਪੋਰਟ ਤੋਂ ਲਿਜਾ ਨਹੀਂ ਸਨ ਸਕਦੇ। ਏਅਰਪੋਰਟ ਸ਼ਹਿਰ ਤੋਂ ਬਾਹਰਵਾਰ ਹੋਣ ਕਰਕੇ ਉੱਥੋਂ ਖਾਲੀ ਮੁੜਦਿਆਂ ਦੋ-ਢਾਈ ਡਾਲਰ ਦਾ ਪੈਟਰੋਲ ਮੁਫਤ ਵਿਚ ਹੀ ਫੂਕਿਆ ਜਾਂਦਾ। ਖਸਾਰਾ ਸਹਿ-ਸਹਿ ਕੇ ਸਤੇ ਹੋਏ ਟੈਕਸੀ ਡਰਾਈਵਰਾਂ ਨੇ ਏਅਰਪੋਰਟ ਮੈਨੇਜਮੈਂਟ ਦੀ ਇਸ ਧੱਕੜਸ਼ਾਹੀ ਵਿਰੁੱਧ ਮੋਰਚਾ ਵਿੱਢ ਲਿਆ। ਕਮਾਂਡ ਬਲਿਹਾਰ ਸਿੰਘ ਨੇ ਸੰਭਾਲ ਲਈ। ਪਿਕਟਿੰਗ ਸ਼ੁਰੂ ਹੋ ਗਈ। ਦੋਂਹ ਤਿੰਨਾਂ ਹਫਤਿਆਂ ਵਿਚ ਏਅਰਪੋਰਟ ਮੈਨੇਜਮੈਂਟ ਨੇ ਗੋਡੇ ਟੇਕ ਦਿੱਤੇ।

ਸਮਝੋ ਬਲਿਹਾਰ ਸਿੰਘ ਦੇ ਪੈਰ ਹੇਠ ਬਟੇਰਾ ਆ ਗਿਆ। ਉਹ ਰਾਤੋਰਾਤ ਨੇਤਾ ਬਣ ਗਿਆ। ਜਿੱਤ ਦੀ ਖੁਸ਼ੀ ਵਿਚ ਬੋਤਲਾਂ ਦੇ ਨਾਲ ਕੁੱਕੜ ਉਡਾਏ ਗਏ, ਬੱਕਰੇ ਬੁਲਾਏ ਗਏ। ਬਲਿਹਾਰ ਸਿੰਘ ਦੀ ਸੁਚੱਜੀ ਅਗਵਾਈ ਦੇ ਸੋਹਲੇ ਗਾਏ ਗਏ।

“ਲਗਦੇ ਹੱਥ ਹੁਣ ਲਾਇਸੈਂਸ ਪਲੇਟਾਂ ਫਰੀਜ਼ ਕਰਵਾਉਣ ਵਾਲਾ ਮੋਰਚਾ ਵੀ ਲਾ ਹੀ ਦੇ। ਪਿੜ ਭਖਿਆ ਪਿਆ।” ਬਲਿਹਾਰ ਸਿੰਘ ਦਾ ਇਕ ਸਾਥੀ ਬੋਲਿਆ।

“ਉਹਦਾ ਕੀ ਫੈਦਾ ਹੋਊ?” ਜਾਣਦਿਆਂ ਬੁੱਝਦਿਆਂ ਵੀ ਬਲਿਹਾਰ ਸਿੰਘ ਨੇ ਪੁੱਛ ਲਿਆ।

“ਫੈਦਾ ਕਿਤੇ ਥੋੜ੍ਹਾ ਜਿਹਾ? ਜਦੋਂ ਲਾਇਸੈਂਸ ਪਲੇਟਾਂ ਫਰੀਜ਼ ਹੋਣ ਪਿੱਛੋਂ ਨਵੀਂ ਟੈਕਸੀ ਕੋਈ ਪੈ ਨਹੀਂ ਸਕਣੀ, ਜਿਹੜੀਆਂ ਇਸ ਵੇਲੇ ਹੈਗੀਆਂ ਨੇ, ਇਨ੍ਹਾਂ ਦੀਆਂ ਕੀਮਤਾਂ ਚੜ੍ਹਨ ਲੱਗ ਪੈਣਗੀਆਂ। ਚੌਂਹ ਸਾਲਾਂ ਨੂੰ ਵੇਚ ਕੇ ਚਾਰ ਪੈਸੇ ਹੱਥ ਆਉਣਗੇ।”

‘ਨਾਲੇ ਪੁੰਨ, ਨਾਲੇ ਫਲੀਆਂ।’ ਬਲਿਹਾਰ ਸਿੰਘ ਨੇ ਕਿਹਾ। ਟਰੰਟੋ ਵਿਚ ਟੈਕਸੀਆਂ ਦੀਆਂ ਪਲੇਟਾਂ ਬਹੁਤ ਵਰ੍ਹੇ ਪਹਿਲਾਂ ਫਰੀਜ਼ ਹੋ ਚੁੱਕੀਆਂ ਸਨ। ਇਸ ਵੇਲੇ ਉੱਥੇ ਇਕ-ਇਕ ਪਲੇਟ ਸੱਠ-ਸੱਠ ਹਜ਼ਾਰ ਡਾਲਰ ਦੀ ਵਿਕ ਰਹੀ ਸੀ। ਬਲਿਹਾਰ ਸਿੰਘ ਦੀ ਇੰਨੀ ਪੁੱਜਤ ਹੁੰਦੀ, ਉਹ ਉੱਥੇ ਪਲੇਟ ਖਰੀਦ ਕੇ ਆਪਣੀ ਟੈਕਸੀ ਪਾ ਲੈਂਦਾ। ਉਹਨੂੰ ਟੱਬਰ-ਟੀਹਰ ਧੂਹ-ਘਸੀਟ ਕੇ ਇੱਥੇ ਨਾ ਲਿਆਉਣਾ ਪੈਂਦਾ। ਉਹ ਬੋਲਿਆ, “ਲਓ ਫੇਰ, ਚੜ੍ਹ ਜਾਨੇ ਆਂ ਟੈਕਸੀ ਕਮਿਸ਼ਨ ’ਤੇ ਲਾਮ-ਲਸ਼ਕਰ ਲੈ ਕੇ।”

ਸਾਰੇ ਟੈਕਸੀ ਡਰਾਈਵਰਾਂ ਦੀ ਇਕ ਮੀਟਿੰਗ ਬੁਲਾਈ ਗਈ। ਬੁਲਾਰਿਆਂ ਨੇ ਭਾਸ਼ਣਾਂ ਦੀ ਝੜੀ ਲਾ ਦਿੱਤੀ। ਪਟਕੇ ਦੀ ਤਕਰੀਰ ਬਲਿਹਾਰ ਸਿੰਘ ਦੀ ਹੀ ਰਹੀ। ਸਰਕਾਰ ਵੱਲੋਂ ਲੋਕ-ਸੇਵਾਵਾਂ ਵਿਚ ਕੀਤੀ ਜਾ ਰਹੀ ਕਟੌਤੀ ਦਾ ਵਿਰੋਧ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਪ੍ਰਣ ਦੁਹਰਾਉਣ ਤੋਂ ਬਾਅਦ ਬਲਿਹਾਰ ਸਿੰਘ ਨੇ ਟੋਟਕਾ ਇੱਥੇ ਆ ਕੇ ਝਾੜਿਆ, “ਸਾਥੀਓ, ਪਲੇਟਾਂ ਫਰੀਜ਼ ਕਰਨ ਦਾ ਅਧਿਕਾਰ ਹੈ ਟੈਕਸੀ ਕਮਿਸ਼ਨ ਨੂੰ। ਟੈਕਸੀ ਕਮਿਸ਼ਨ ਹੈ ਕੌਂਸਲ ਦੀ ਮੁੱਠੀ ਵਿਚ ਬੰਦ। ਅੱਜ ਤੋਂ ਆਪੋ ਆਪਣੇ ਇਲਾਕੇ ਦੇ ਕੌਂਸਲਰਾਂ ਪਿੱਛੇ ਪੈ ਜਾਓ ਹੱਥ ਧੋ ਕੇ। ਜਿਸ ਦਿਨ ਆਪਾਂ ਕੌਂਸਲਰਾਂ ਦਾ ਸ਼ਕੰਜਾ ਕੱਸ ਦਿੱਤਾ, ਉਸੇ ਦਿਨ ਪਲੇਟਾਂ ਫਰੀਜ਼ ਹੋਈਆਂ ਸਮਝੋ।”

ਤਾੜੀਆਂ ਵੱਜੀਆਂ। ਟੈਕਸੀ ਕਮਿਸ਼ਨ ਨਾਲ ਗੱਲਬਾਤ ਕਰਨ ਲਈ ਚੌਂਹ ਡਰਾਈਵਰਾਂ ਦੀ ਐਡਹਾਕ ਕਮੇਟੀ ਬਣਾਈ ਗਈ। ਕਨਵੀਨਰ ਬਲਿਹਾਰ ਸਿੰਘ ਆਪ ਬਣ ਗਿਆ।

ਹੁਣ ਬਲਿਹਾਰ ਸਿੰਘ ਵਿਹਲੇ ਵੇਲੇ ਲਾਇਬਰੇਰੀ ਵਿਚ ਆ ਬਹਿੰਦਾ। ਅਖਬਾਰਾਂ, ਰਸਾਲਿਆਂ ਅਤੇ ਪੁਸਤਕਾਂ ਦੇ ਪੰਨੇਂ ਫਰੋਲ ਛੱਡਦਾ। ਜੇ ਕਿਤਿਉਂ ਕੋਈ ਟੋਟਕਾ ਹੱਥ ਲੱਗ ਜਾਂਦਾ ਤਾਂ ਆਪਣੇ ਅਗਲੇ ਭਾਸ਼ਣ ਵਿਚ ਵਰਤਣ ਜਾਂ ਆਪਣੀ ਢਾਣੀ ਵਿਚ ਸੁਣਾਉਣ ਲਈ ਨੋਟਬੁੱਕ ਵਿਚ ਦਰਜ ਕਰ ਲੈਂਦਾ।

“ਬਲਿਹਾਰ ਸਿੰਘ ਜੀ, ਪਲੇਟਾਂ ਫਰੀਜ਼ ਕਰਵਾਉਣ ਵਾਲਾ ਝੰਡਾ ਤਾਂ ਚੁੱਕ ਲਿਆ, ਆਪ ਮੁਢਲੀ ਤਿਆਰੀ ਵੀ ਕੀਤੀ ਐ?” ਕੰਡ ਪਿੱਛੇ ਖੜ੍ਹੇ ਵਿਅਕਤੀ ਨੇ ਆਖਿਆ। ਬਲਿਹਾਰ ਸਿੰਘ ਭੁਚੱਕਾ ਜਿਹਾ ਹੋ ਗਿਆ। ਉਹਨੇ ਭੌਂ ਕੇ ਉਸ ਵਿਅਕਤੀ ਵੱਲ ਦੇਖਿਆ ਤੇ ਆਖਣ ਲੱਗਾ, “ਭਾਈ ਸਾਅਬ, ਮੈਂ ਪਛਾਣਿਆ ਨਹੀਂ।”

ਉਹ ਵਿਅਕਤੀ ਬੋਲਿਆ, “ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਵਕਤ ਆਉਣ ’ਤੇ ਜਾਣ ਵੀ ਜਾਓਗੇ, ਪਛਾਣ ਵੀ ਜਾਓਗੇ। … ਉਂਝ ਕੰਮ ਮੇਰਾ ਐ ਭੁੱਲਿਆਂ ਭਟਕਿਆਂ ਨੂੰ ਰਾਹੇ ਪਾਉਣਾ … ਇਸੇ ਕਰਕੇ ਜਾਣੂ-ਪਛਾਣੂ ਸਾਰੇ ਪਿਆਰ ਨਾਲ ‘ਉਸਤਾਦ ਜੀ’ ਸੱਦ ਲੈਂਦੇ ਐ।”

‘ਉਸਤਾਦ ਜੀ’ ਲੋਕ ਉਸ ਨੂੰ ਮੂੰਹ ਉੱਪਰ ਹੀ ਸੱਦਦੇ ਸਨ, ਪਿੱਠ ਪਿੱਛੇ ਸਿਰਫ ‘ਉਸਤਾਦ’।

ਉਸਤਾਦ ਨੇ ਭਲਿਆਂ ਵੇਲਿਆਂ ਵਿਚ ਇਕ ਘਰ ਖਰੀਦ ਕੇ ਕਿਰਾਏ ਉੱਤੇ ਚਾੜ੍ਹਿਆ ਸੀ। ਚਾਰ ਪੈਸੇ ਇਕੱਠੇ ਹੋਣ ਲੱਗੇ ਤਾਂ ਇਕ ਹੋਰ ਖਰੀਦ ਲਿਆ। ਫਿਰ ਇਕ ਹੋਰ। ਘਰ ਉਸ ਪਾਸ ਕਈ ਹੋ ਗਏ, ਪਰ ਘਰ ਦੇ ਜੀ ਸਾਰੇ ਖਿੰਡ-ਪੁੰਡ ਗਏ। ਫਿਰ ਉਹਨੇ ਆਪਣੇ ਇਕ ਮਿੱਤਰ ਦੇ ਆਖੇ ਲੱਗ ਕੇ ਸਾਰੇ ਘਰ ਵੇਚ ਦਿੱਤੇ ਅਤੇ ਇਕ ਕੰਪਨੀ ਦੇ ਸ਼ੇਅਰ ਖਰੀਦ ਲਏ। ਜਿਵੇਂ ਥੋੜ੍ਹੇ ਜਿਹੇ ਅਰਸੇ ਵਿਚ ਘਰਾਂ ਦੀਆਂ ਕੀਮਤਾਂ ਉਤਾਂਹ ਚੜ੍ਹ ਗਈਆਂ ਸਨ, ਓਵੇਂ ਹੀ ਥੋੜ੍ਹੇ ਜਿਹੇ ਦਿਨਾਂ ਵਿਚ ਉਸਤਾਦ ਦੇ ਖਰੀਦੇ ਹੋਏ ਸ਼ੇਅਰਾਂ ਦਾ ਭਾਅ ਡਿੱਗ ਪਿਆ। ਉਸਤਾਦ ਚੌਪਟ ਹੋ ਕੇ ਬਹਿ ਗਿਆ। ਹੁਣ ਉਹ ਅਗਲੇ ਡੰਗ ਦੇ ਦਾਰੂ ਫੁਲਕੇ ਲਈ ਘੁੰਮ ਫਿਰ ਕੇ ਕੋਈ ਸਾਮੀ ਭਾਲਦਾ। ਕਦੇ ਕਿਸੇ ਚੌਕ ਵਿਚ ਖੜ੍ਹ ਜਾਂਦਾ, ਕਦੇ ਕਿਸੇ ਬੈਂਕ ਅੱਗੇ। ਕਦੇ-ਕਦੇ ਲਾਇਬਰੇਰੀ ਵਿਚ ਗੇੜਾ ਮਾਰ ਲੈਂਦਾ। ਕਿਸੇ ਨੂੰ ਨਵੇਂ ਖਰੀਦੇ ਮਕਾਨ ਦੀਆਂ, ਕਿਸੇ ਨੂੰ ਨਵੇਂ ਸ਼ੁਰੂ ਕੀਤੇ ਕੰਮ ਦੀਆਂ, ਕਿਸੇ ਨੂੰ ਨਵੇਂ ਬਿਜ਼ਨਸ ਦੀਆਂ ਅਤੇ ਕਿਸੇ ਨੂੰ ਨਵੇਂ ਜੰਮੇਂ ਮੁੰਡੇ ਦੀਆਂ ਵਧਾਈਆਂ ਦੇਣ ਲੱਗ ਪੈਂਦਾ। ਹੋਰ ਨਹੀ ਤਾਂ ਕੋਈ ਨਾ ਕੋਈ ਵਿਆਹ ਕੁੜਮਾਈ ਵਾਲਾ ਹੀ ਟੱਕਰ ਜਾਂਦਾ। ਜੇ ਚਾਰੇ ਸਿਰੇ ਕਿਸੇ ਹੀਲੇ ਵੀ ਝਾਕ ਪੂਰੀ ਹੁੰਦੀ ਨਾ ਦਿਸਦੀ ਤਾਂ ਉਹ ਲੰਘਦੇ ਵੜਦੇ ਕੋਲੋਂ ਦਸ ਵੀਹ ਡਾਲਰ ਉਧਾਰ ਮੰਗ ਲੈਂਦਾ। ਫਿਰ ਨਾ ਕੋਈ ਇਹ ਪੈਸੇ ਵਾਪਸ ਮੰਗਦਾ, ਨਾ ਉਸਤਾਦ ਮੋੜਦਾ। ਉਸਤਾਦ ਕਦੋਂ ਦਾ ਬਲਿਹਾਰ ਸਿੰਘ ਦੇ ਪਿੱਛੇ ਆ ਖੜ੍ਹਾ ਹੋਇਆ ਸੀ, ਬਲਿਹਾਰ ਸਿੰਘ ਨੂੰ ਕੋਈ ਖਬਰ ਨਹੀਂ ਸੀ। ਬਲਿਹਾਰ ਸਿੰਘ ਪੁੱਛਣ ਲੱਗਾ, “ਤੁਸੀਂ ਕੋਈ ਮੁਢਲੀ ਤਿਆਰੀ ਦੀ ਗੱਲ ਕੀਤੀ ਸੀ, ਉਹ ਕੀ ਸ਼ੈ ਹੋਈ?”

“ਅੱ ਹ ਹ ਹਾ … ” ਹੱਥ ਉੱਤੇ ਹੱਥ ਮਾਰ ਕੇ ਪਹਿਲਾਂ ਉਸਤਾਦ ਹੱਸ ਪਿਆ, ਫਿਰ ਬਲਿਹਾਰ ਸਿੰਘ ਦੇ ਕੰਨ ਵਿਚ ਕੁਝ ਬੋਲਿਆ। ਦੋਵੇਂ ਲਾਇਬਰੇਰੀ ਤੋਂ ਬਾਹਰ ਆ ਗਏ। ਦੋਹਾਂ ਵਿਚਾਲੇ ਘੁਸਰ-ਮੁਸਰ ਹੋਈ। ਉਸਤਾਦ ਨੇ ਆਪਣੀ ਕਾਰ ਅੱਗੇ ਲਾ ਲਈ, ਬਲਿਹਾਰ ਸਿੰਘ ਨੇ ਆਪਣੀ ਟੈਕਸੀ ਪਿੱਛੇ। ਕਈ ਮੋੜ-ਘੇੜ ਲੰਘ ਕੇ ਦੋਵੇਂ ਦਰਿਆ ਦੇ ਕੰਢੇ ਬਣੇ ਹੋਏ ਪੱਬ ਦੀ ਡੈੱਕ ਉੱਤੇ ਜਾ ਬੈਠੇ। ਵੇਟਰੈੱਸ ਉਸਤਾਦ ਦੀ ਜਾਣੂ ਸੀ। ਉਂਗਲਾਂ ਦਾ ਇਸ਼ਾਰਾ ਮਿਲਦਿਆਂ ਹੀ ਉਹ ਦੋ ਡਬਲ ਵਿਸਕੀਆਂ ਅਤੇ ਇਕ ਬੈਗ ਚਿਪਸਾਂ ਦਾ ਲੈ ਆਈ। ਵਿਸਕੀ ਦੀ ਚੁਸਕੀ ਲਾ ਕੇ ਉਸਤਾਦ ਆਖਣ ਲੱਗਾ, “ਬਲਿਹਾਰ ਸਿੰਘ ਜੀ, ਤੁਸੀਂ ਬਹੁਤ ਜ਼ਹੀਨ ਇਨਸਾਨ ਓ, ਪਰ ਕਦੀ-ਕਦੀ ਮੌਕਾ ਸੰਭਾਲਣ ਵਿਚ ਉਕਾਈ ਕਰ ਜਾਂਦੇ ਓ।”

ਬਲਿਹਾਰ ਸਿੰਘ ਉਸਤਾਦ ਦੇ ਪਹਿਲੇ ਬੋਲਾਂ ਨਾਲ ਪ੍ਰਸੰਨ ਹੋ ਉੱਠਿਆ, ਦੂਸਰਿਆਂ ਨਾਲ ਅਚੰਭਤ। ਆਖਣ ਲੱਗਾ, “ਉਸਤਾਦ ਜੀ, ਮੈਨੂੰ ਤੁਹਾਡੀ ਦੂਸਰੀ ਗੱਲ ਦੀ ਭੋਰਾ ਸਮਝ ਨਹੀਂ ਲੱਗੀ।”

“ਦੱਸਦਾਂ … ਹੁਣੇ ਦੱਸਦਾਂ। ਤਾਂਹੀਓਂ ਤਾਂ ਤੈਨੂੰ ਇੱਥੇ ਨਵੇਕਲੇ ਥਾਂ ਲੈ ਕੇ ਆਇਆਂ।” ਉਸਤਾਦ ਦੱਸਣ ਲੱਗਾ, “ਜੇ ਬਲਿਹਾਰ ਸਿੰਘ ਜੀ ਤੁਹਾਡੇ ਕੋਲ ਇਕ ਮਕਾਨ ਹੋਵੇ ਅਤੇ ਮਕਾਨਾਂ ਦੀਆਂ ਕੀਮਤਾਂ ਚੜ੍ਹਨ ਲੱਗ ਪੈਣ, ਦੱਸੋ ਤੁਹਾਨੂੰ ਕੀ ਲਾਭ ਹੋਊ? … ਕੁਛ ਨਹੀਂ ਨਾ? ਉਹ ਪੁੱਛੋ ਕਿਉਂ? … ਮੈਂ ਦੱਸਦਾਂ … ਕਿਉਂਕਿ ਇਕ ਮਕਾਨ ਤਾਂ ਬੰਦੇ ਨੂੰ ਹਰ ਵਕਤ ਰਿਹਾਇਸ਼ ਲਈ ਚਾਹੀਦਾ ਐ। ਅੱਜ ਮਹਿੰਗਾ ਵੇਚੋ, ਕੱਲ੍ਹ ਨੂੰ ਮਹਿੰਗਾ ਖਰੀਦੋ। ਪੱਲੇ ਕੀ ਪਊ? ਵੜੇਵਾਂ? ਹੈ ਨਾ? ਮੇਰੀ ਮੰਨੋ, ਅੱਠ ਦਸ ਟੈਕਸੀਆਂ ਪਾ ਲਵੋ।”

ਬਲਿਹਾਰ ਸਿੰਘ ਵੱਲੋਂ ਕੋਈ ਹੁੰਗਾਰਾ ਨਾ ਮਿਲਣ ’ਤੇ ਉਸਤਾਦ ਫਿਰ ਬੋਲਿਆ, “ਮੈਨੂੰ ਐਂਝ ਲਗਦਾ ਐ ਕਿ ਮੈਂ ਆਪਣੀ ਗੱਲ ਸਮਝਾਉਣ ਵਿਚ ਕਾਮਯਾਬ ਨਹੀਂ ਹੋਇਆ।”

“ਨਹੀਂ ਉਸਤਾਦ ਜੀ, ਐਸੀ ਕੋਈ ਗੱਲ ਨਹੀਂ। ਮੈਂ ਤੁਹਾਡੀ ਸਾਰੀ ਗੱਲ ਸੁਣ ਲਈ ਐ। ਬੱਸ, ਸਮਝਣ ਦਾ ਜਤਨ ਕਰ ਰਿਹਾਂ।” ਬਲਿਹਾਰ ਸਿੰਘ ਨੇ ਸੋਚਾਂ ਦੇ ਤਾਣੇ-ਬਾਣੇ ਵਿੱਚੋਂ ਨਿਕਲਦਿਆਂ ਆਖਿਆ।

“ਬਾਅਜ਼ ਔਕਾਤ ਐਂਝ ਹੁੰਦਾ ਐ ਬਲਿਹਾਰ ਸਿੰਘ,” ਉਸਤਾਦ ਸਮਝਾਉਣ ਲੱਗਾ, “ਬੰਦੇ ਨੇ ਟਿਕਟ ਹੱਥ ਵਿਚ ਫੜੀ ਹੋਈ ਹੁੰਦੀ ਐ, ਪਲੇਟਫਾਰਮ ਉੱਤੇ ਖੜ੍ਹਾ ਹੁੰਦਾ ਐ, ਗੱਡੀ ਚੀਕ ਮਾਰ ਕੇ ਤੁਰ ਪੈਂਦੀ ਐ। ਬੱਸ, ਛਾਲ ਮਾਰ ਕੇ ਚੜ੍ਹਨੋਂ ਰਹਿ ਜਾਂਦਾ ਐ।”

“ਪ ਪ ਪਰ … ” ਬਲਿਹਾਰ ਸਿੰਘ ਦੀ ਜ਼ਬਾਨ ਥਿੜਕ ਰਹੀ ਸੀ।

“ਯਾਰ ਤੂੰ ਦੁਬਿਧਾ ਨੂੰ ਬਾਹਰ ਕੱਢ ਧੂਹ ਕੇ। ਬੰਦਾ ਬੰਦੇ ਦਾ ਦਾਰੂ ਐ।” ਉਸਤਾਦ ਨੇ ਆਪਣੀ ਸੀਟ ਤੋਂ ਉੱਠ ਕੇ ਬਲਿਹਾਰ ਸਿੰਘ ਦੀ ਪਿੱਠ ਥਾਪੜੀ, ਜਿਵੇਂ ਡਕਾਰ ਦਿਵਾਉਣ ਲਈ ਬੱਚੇ ਦੀ ਪਿੱਠ ਥਾਪੜੀਦੀ ਹੈ।

“ਕਈ ਅੜਚਣਾਂ ਨੇ ਛੋਟੀਆਂ-ਛੋਟੀਆਂ, ਉਨ੍ਹਾਂ ਨੂੰ ਨਜਿੱਠ ਕੇ ਫੇਰ … ” ਦੁਚਿੱਤੀ ਨੇ ਫਿਰ ਵੀ ਬਲਿਹਾਰ ਸਿੰਘ ਦਾ ਖਹਿੜਾ ਨਹੀਂ ਛੱਡਿਆ। ਵਾਰਤਾਲਾਪ ਦਾ ਰੁਖ ਮੋੜਨ ਦੇ ਇਰਾਦੇ ਨਾਲ ਉਹ ਬੋਲਿਆ, “ਇਕ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਉਸਤਾਦ ਜੀ, ਪੱਬ ਤਾਂ ਉੱਥੇ ਨਜ਼ਦੀਕ ਬਥੇਰੇ ਸਨ, ਤੁਸੀਂ ਇੱਥੇ ਐਡੀ ਦੂਰ ਕਿਉਂ ਆਏ?”

“ਗੱਲ ਬੜੀ ਸਿੱਧੀ ਜਿਹੀ ਐ ਬਲਿਹਾਰ ਸਿੰਘ, ਤੈਥੋਂ ਲੁਕੋ ਕਾਹਦਾ।” ਉਸਤਾਦ ਦੱਸਣ ਲੱਗਾ, “ਮੈਂ ਬਹੁਤ ਸ਼ਾਂਤੀ ਪਸੰਦ ਇਨਸਾਨ ਹਾਂ। ਖੱਪਖਾਨਾ ਮੈਨੂੰ ਉੱਕਾ ਪਸੰਦ ਨਹੀਂ। ਪਿੱਛੇ ਜਿਹੇ ਪਿਛਵਾੜਲੇ ਗਵਾਂਢੀਆਂ ਦੇ ਕਤੂਰੇ ਨੇ ਮੇਰਾ ਨੱਕ ਵਿਚ ਦਮ ਕਰ ਦਿੱਤਾ। ਉਹ ਪੁੱਛੋ ਕਿਵੇਂ? ਮੈਂ ਦੱਸਦਾਂ … ਜਦੋਂ ਕਿਤੇ ਮੈਂ ਪਿਛਲੇ ਵਿਹੜੇ ਵਿਚ ਨਿਕਲਣਾ, ਸਾਲੇ ਨੇ ਚਾਰੇ ਖੁਰ ਚੁੱਕ ਕੇ ਪੈ ਜਾਣਾ। ਵਿਚਾਲੇ ਵਾੜ ਸੀ, ਵਿਗਾੜਨਾ ਤਾਂ ਉਹਨੇ ਕੀ ਸੀ ਮੇਰਾ, ਬੱਸ, ਸ਼ਾਂਤੀ ਭੰਗ ਕਰ ਦੇਣੀ। ਮਨ ਬੜਾ ਖਰਾਬ ਹੋਣਾ। ਦੋ ਕੁ ਵਾਰ ਬੇਹੀ ਰੋਟੀ, ਮਾੜਾ ਜਿਹਾ ਮੱਖਣ ਲਾ ਕੇ ਵਾੜ ਦੇ ਉੱਤੋਂ ਦੀ ਸੁੱਟੀ, ਅੱਜ ਭੌਂਕਦਾ ਐ ਮੁੜ ਕੇ। … ਹੁਣ ਤਾਂ ਸਗੋਂ ਆਲਮ ਇਹ ਐ ਕਿ ਮੈਨੂੰ ਦੇਖ ਕੇ ਪੂਛ ਹਿਲਾਉਂਦਾ ਫਿਰਦਾ ਐ, ਘਰਦਿਆਂ ਨੂੰ ਦੇਖ ਕੇ ਘੁਰ-ਘੁਰ ਕਰਨ ਲੱਗ ਪੈਂਦਾ ਐ।”

ਬਲਿਹਾਰ ਸਿੰਘ ਉੱਠ ਕੇ ਤੁਰਨ ਲੱਗਿਆ ਤਾਂ ਉਸਤਾਦ ਬੋਲਿਆ, “ਇਕ ਗੱਲ ਲੜ ਬੰਨ੍ਹ ਲਵੀਂ ਬਲਿਹਾਰ ਸਿੰਘ, ਬਾਹਰ ਕਿਸੇ ਕੋਲ ਭਾਫ ਨਹੀਂ ਕੱਢਣੀ। ਕਿਸੇ ਵੀ ਬਿਜ਼ਨਸ ਦੀ ਕਾਮਯਾਬੀ ਦਾ ਰਾਜ਼ ਹੁੰਦਾ ਐ, ਗੁਪਤ ਕਾਰਵਾਈ। ਜੋ ਕੁਛ ਵੀ ਕਰਨਾ ਹੈ, ਚੁੱਪ-ਚਾਪ ਕਰੋ। ਕਿਸੇ ਦੇ ਕੰਨੀਂ ਕਨਸੋ ਨਾ ਪਵੇ। ਦੇਖੋ, ਘਰ ਆਪਾਂ ਦਾਲ, ਸਬਜ਼ੀ ਜਾਂ ਮੀਟ ਬਣਾਉਂਦੇ ਹਾਂ, ਸੇਕ ਤਾਂ ਓਨਾ ਹੀ ਹੁੰਦਾ ਐ, ਪਰ ਇਹ ਚੀਜ਼ਾਂ ਪ੍ਰੈੱਸ਼ਰ ਕੁੱਕਰ ਵਿਚ ਤੁਰਤ-ਫੁਰਤ ਬਣ ਜਾਂਦੀਆਂ ਹਨ। ਉਹ ਪੁੱਛੋ ਕਿਉਂ? ਮੈਂ ਦੱਸਦਾਂ … ਕਿਉਂਕਿ ਪ੍ਰੈੱਸ਼ਰ ਕੁੱਕਰ ਦਾ ਢੱਕਣ ਆਪਾਂ ਨੇ ਘੁੱਟ ਕੇ ਬੰਦ ਕੀਤਾ ਹੋਇਆ ਹੁੰਦਾ ਐ। ਸਮਝੇ ਮੇਰੀ ਗੱਲ? ਜੇ ਹਾਰੀ-ਸਾਰੀ ਨੇ ਦਸ-ਦਸ ਟੈਕਸੀਆਂ ਪਾ ਲਈਆਂ, ਫੇਰ ਚੜ੍ਹ ਚੁੱਕੀਆਂ ਪਲੇਟਾਂ ਦੀਆਂ ਕੀਮਤਾਂ।”

ਕਈ ਦਿਨ ਬਲਿਹਾਰ ਸਿੰਘ ਦੇ ਸਿਰ ਵਿਚ ਉਥਲ-ਪੁਥਲ ਚਲਦੀ ਰਹੀ। ਆਹਿਸਤਾ-ਆਹਿਸਤਾ ਗੱਲ ਦੀ ਗਿਰੀ ਉਹਦੇ ਹੱਥ ਆ ਗਈ। ਉਹ ਗੁੰਮ-ਸੁੰਮ ਰਹਿਣ ਲੱਗ ਪਿਆ। ਆਪਣੀ ਢਾਣੀ ਵਿਚ ਉੱਠਣਾ-ਬਹਿਣਾ ਉਹਨੇ ਛੱਡ ਦਿੱਤਾ। ਉਹਦੇ ਜੋਟੀਦਾਰ ਉਹਨੂੰ ਉਡੀਕਦੇ ਰਹਿੰਦੇ, ਪਰ ਉਹ ਉਸ ਪਾਸੇ ਮੂੰਹ ਨਾ ਕਰਦਾ।

ਉਸਤਾਦ ਨੇ ਤਾਂ ਆਪਣੇ ਵੱਲੋਂ ਇਹ ਤਰਕੀਬ ਬਲਿਹਾਰ ਸਿੰਘ ਨੂੰ ਲੀਹੋਂ ਲਾਹ ਕੇ ਗਧੀਗੇੜ ਵਿਚ ਪਾਉਣ ਲਈ ਦੱਸੀ ਸੀ ਪਰ ਬਲਿਹਾਰ ਸਿੰਘ ਨੂੰ ਇਹ ਰਾਸ ਆ ਗਈ। ਉਹਨੇ ਕਿਸੇ ਨੂੰ ਭਿਣਕ ਪੈਣ ਦਿੱਤੇ ਬਗੈਰ ਬੈਂਕ ਤੋਂ ਕਰਜ਼ਾ ਚੁੱਕ ਕੇ ਸੱਤ ਅੱਠ ਟੈਕਸੀਆਂ ਪਾ ਲਈਆਂ। ਡਰਾਈਵਰਾਂ ਦੀ ਏਕਤਾ ਅਤੇ ਦੌੜ-ਭੱਜ ਸਦਕਾ ਚੌਂਹ ਕੁ ਮਹੀਨਿਆਂ ਵਿਚ ਪਲੇਟਾਂ ਫਰੀਜ਼ ਹੋ ਗਈਆਂ। ਅੱਜ ਹੋਰ, ਕੱਲ੍ਹ ਹੋਰ, ਹੌਲੀ-ਹੌਲੀ ਪਲੇਟਾਂ ਦੀਆਂ ਕੀਮਤਾਂ ਵਧਣ ਲੱਗ ਪਈਆਂ। ਛੇਆਂ ਸਾਲਾਂ ਵਿਚ ਇਕ-ਇਕ ਪਲੇਟ ਤੀਹ-ਤੀਹ ਹਜ਼ਾਰ ਡਾਲਰ ਤੀਕ ਪਹੁੰਚ ਗਈ। ਦੋ ਢਾਈ ਲੱਖ ਡਾਲਰ ਪਲੇਟਾਂ ਦਾ, ਉੱਪਰੋਂ ਹਰ ਹਫਤੇ ਆਉਂਦਾ ਟੈਕਸੀਆਂ ਦਾ ਕਿਰਾਇਆ; ਬਲਿਹਾਰ ਸਿੰਘ ਦੇ ਹਰ ਸਾਹ ਨਾਲ ਫੁਰਕੜੇ ਵੱਜਣ ਲੱਗ ਪਏ। ਦਫਤਰ ਵਿਚ ਬੈਠਿਆਂ-ਬੈਠਿਆਂ ਉਹ ਊਂਘਣ ਲੱਗ ਪੈਂਦਾ। ਖਾਂਦਾ-ਪੀਂਦਾ ਬਾਹਰ, ਘਰ ਸਿਰਫ ਸੌਣ ਲਈ ਜਾਂਦਾ। ਬਿਸਤਰੇ ਵਿਚ ਪਿਆ ਜ਼ਰਬਾਂ ਤਕਸੀਮਾਂ ਵਿਚ ਉਲਝਿਆ ਪਾਸੇ ਪਲਟਦਾ ਰਹਿੰਦਾ। ਅੰਮ੍ਰਿਤ ਦੀ ਅੱਖ ਖੁੱਲ੍ਹ ਜਾਂਦੀ। ਪਰ ਉਹ ਸਹਿਮ ਕੇ ਪਈ ਰਹਿੰਦੀ।

ਟੈਕਸੀ ਕੰਪਨੀਆਂ ਨੇ ਥੋੜ੍ਹੇ ਜਿਹੇ ਅਰਸੇ ਵਿਚ ਟੈਕਸੀਆਂ ਦੇ ਕਿਰਾਏ, ਜਿਹੜੇ ਉਹ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ ਆਪਣੇ ਡਰਾਈਵਰਾਂ ਪਾਸੋਂ ਵਸੂਲਦੀਆਂ ਸਨ, ਬਹੁਤ ਵਧਾ ਦਿੱਤੇ। ਉਨ੍ਹਾਂ ਦੀ ਚਾਂਦੀ ਬਣਨ ਲੱਗ ਪਈ। ਜਿਨ੍ਹਾਂ ਟੈਕਸੀਆਂ ਵਾਲਿਆਂ ਕੋਲ ਆਪਣੀਆਂ ਪਲੇਟਾਂ ਸਨ, ਉਨ੍ਹਾਂ ਦਾ ਸਾਵਾਂ-ਸਿੱਕਾ ਸਰ ਰਿਹਾ ਸੀ। ਜਿਹੜੇ ਡਰਾਈਵਰ ਟੈਕਸੀ ਕਿਰਾਏ ਉੱਤੇ ਲੈ ਕੇ ਆਪਣੇ ਟੱਬਰ ਪਾਲਦੇ ਸਨ, ਉਨ੍ਹਾਂ ਲਈ ਲੜ ਮੇਲਣੇ ਮੁਸ਼ਕਿਲ ਹੋ ਗਏ। ਇਸੇ ਕਾਰਨ ਕਦੇ ਕਿਸੇ ਕਦੇ ਕਿਸੇ ਡਰਾਈਵਰ ਨਾਲ ਬਲਿਹਾਰ ਸਿੰਘ ਦੀ ਤੂੰ ਤੂੰ, ਮੈਂ ਮੈਂ ਹੋ ਜਾਂਦੀ। ਉਸ ਨੂੰ ਸਾਰੀ-ਸਾਰੀ ਰਾਤ ਭੈੜੇ-ਭੈੜੇ ਸੁਫਨੇ ਆਉਂਦੇ ਰਹਿੰਦੇ। ਉੱਚੀ-ਉੱਚੀ ਬਰੜਾਉਣ ਲੱਗ ਪੈਂਦਾ। ਜਦੋਂ ਇਸ ਉਪਰਾਮਤਾ ਤੋਂ ਖਹਿੜਾ ਛੁਡਾਉਣ ਲਈ ਅੰਮ੍ਰਿਤ ਕੋਈ ਸਲਾਹ ਦਿੰਦੀ, ਬਲਿਹਾਰ ਸਿੰਘ ਚਾਰੇ ਖੁਰ ਚੁੱਕ ਕੇ ਪੈ ਜਾਂਦਾ।

ਅਚਾਨਕ ਇਕ ਦਿਨ ਬਲਿਹਾਰ ਸਿੰਘ ਨੂੰ ਪਤਾ ਨਹੀਂ ਕੀ ਸੁੱਝੀ, ਉਹ ਉਸਤਾਦ ਨੂੰ ਨਾਲ ਲੈ ਕੇ ਦਰਿਆ ਦੇ ਕੰਢੇ ਪਹੁੰਚ ਗਿਆ। ਆਖਣ ਲੱਗਾ, “ਟੈਕਸੀਆਂ ਦਾ ਕਾਰੋਬਾਰ ਤਾਂ ਯੱਭ ਜਿਹਾ ਬਣ ਗਿਆ ਐ ਉਸਤਾਦ ਜੀ। ਡਰਾਈਵਰਾਂ ਨਾਲ ਕੋਈ ਨਾ ਕੋਈ ਰੇੜਕਾ ਪਿਆ ਈ ਰਹਿੰਦਾ ਐ। ਹੁਣ ਕੋਈ ਨਵਾਂ ਨੁਸਖਾ ਦੱਸੋ।”

ਉਸਤਾਦ ਦੇ ਚਿਹਰੇ ਉੱਤੇ ਖਚਰੀ ਜਿਹੀ ਮੁਸਕਰਾਹਟ ਪਸਰ ਗਈ। ਫਿਰ ਉਹ ਸੰਜੀਦਾ ਹੋ ਗਿਆ। ਉਹ ਆਪ ਇਸ ਸੁਭਾਗੀ ਘੜੀ ਦੀ ਤਾਕ ਵਿਚ ਸੀ ਕਿ ਕਦੋਂ ਮੌਕਾ ਬਣੇ, ਅਤੇ ਕਦੋਂ ਉਹ ਬਲਿਹਾਰ ਸਿੰਘ ਦੇ ਗੁਬਾਰੇ ਵਿੱਚੋਂ ਹਵਾ ਕੱਢਣ ਦਾ ਕੋਈ ਜੁਗਾੜ ਬਣਾਵੇ। ਉਹ ਬੋਲਿਆ, “ਓਏ ਬਲਿਹਾਰ ਸਿਹਾਂ, ਮਾਇਆ `ਕੱਠੀ ਕਰਨ ਦੇ ਨੁਸਖੇ ਬੜੇ, ਤੂੰ ਸਿੱਖਣ ਵਾਲਾ ਬਣ।” ਉਸਤਾਦ ਦੱਸਣ ਲੱਗਾ, “ਇਕ ਅਮਰੀਕਨ ਕੰਪਨੀ ਐ, ਨਾਂ ਐ ਉਹਦਾ ‘ਟਰੀ-ਐਕਸ’। ਕੰਮ ਐ ਉਹਦਾ ਉੱਤਰ-ਪੱਛਮੀ ਚੀਨ ਦੇ ਇਲਾਕੇ ਤੀਅਨਸ਼ਾਨ ਵਿਚ ਟਰੀ, ਭਾਵ ਦਰੱਖਤ ਲਾਉਣਾ, ਵੱਢਣਾ ਅਤੇ ਵੇਚਣਾ। ਹੋਰ ਅੱਠਾਂ ਦਸਾਂ ਸਾਲਾਂ ਨੂੰ ਤਾਜਿਕਸਤਾਨ, ਕਿਰਗਿਜ਼ਸਤਾਨ ਅਤੇ ਉਜ਼ਬੇਕਿਸਤਾਨ ਵਿਚ ਮਕਾਨ ਇਸੇ ਕੰਪਨੀ ਵੱਲੋਂ ਤਿਆਰ ਕੀਤੀ ਹੋਈ ਲੱਕੜ ਨਾਲ ਬਣਿਆ ਕਰਨਗੇ। ਦੱਸਦੇ ਐ, ਹੈ ਭਾਵੇਂ ਲੱਕੜ, ਪਰ ਸਖ਼ਤ ਸਟੀਲ ਵਰਗੀ ਐ। ਤੀਅਨਸ਼ਾਨ ਨੂੰ ਇੰਡੀਆ ਤੋਂ ਜਾਣਾ ਹੋਵੇ ਤਾਂ ਰਾਹ ਕਸ਼ਮੀਰ ਵਿੱਚੀਂ ਪੈਂਦਾ ਐ, ਪਰ ਹੈ ਇੱਧਰੋਂ ਦੂਰ। ਕਾਜ਼ਖ਼ਸਤਾਨ ਤੋਂ ਨੇੜੇ ਐ, ਬਾਰਡਰ ਦੇ ਮੁੱਢ।”

“ਤੁਸੀਂ ਗੇੜਾ ਮਾਰ ਆਏ ਓ?” ਬਲਿਹਾਰ ਸਿੰਘ ਦੀ ਉਤਸੁਕਤਾ ਵਧ ਗਈ।

“ਓਏ ਭਲਿਆ ਲੋਕਾ! ਮੈਂ ਉੱਥੇ ਤਾਂ ਜਾਂਦਾ, ਜੇ ਮੇਰਾ ਸਰੋਕਾਰ ਬੂਟੇ ਗਿਣਨ ਨਾਲ ਹੁੰਦਾ। ਮੇਰਾ ਵਾਸਤਾ ਤਾਂ ਅੰਬ ਚੂਪਣ ਨਾਲ ਐ। … ਬਾਰਾਂ ਹਜ਼ਾਰ ਡਾਲਰ ਲਾਇਆ ਸੀ, ਅਠਾਰਾਂ ਹਜ਼ਾਰ ਬਣ ਗਿਆ ਐ।” ਖੀਸਿਓਂ ਖਾਲੀ ਉਸਤਾਦ ਨੇ ਫੜ੍ਹ ਮਾਰ ਦਿੱਤੀ ਅਤੇ ਨਾਲ ਹੀ ਅਖ਼ਬਾਰ ਵਿੱਚੋਂ ਪੜ੍ਹੀ ਚਲੰਤ ਜਿਹੀ ਖਬ਼ਰ ਨੂੰ ਮਿਰਚ ਮਸਾਲਾ ਲਾ ਕੇ ਦੱਸਣ ਲੱਗ ਪਿਆ, “ਛੋਟੇ-ਛੋਟੇ ਪੌਦਿਆਂ ਦੀ ਪੰਜ ਸੱਤ ਮੀਲ ਲੰਮੀ ਪਾਲ ਲਾਉਣੀ ਸ਼ੁਰੂ ਕਰੋ, ਅਖੀਰ ਤੀਕ ਪਹੁੰਚਦਿਆਂ, ਮੁੱਢ ਵਿਚ ਲਾਏ ਪੌਦੇ ਇੰਨੇ ਉੱਚੇ ਹੋ ਜਾਂਦੇ ਐ, ਐਕਸ, ਯਾਨੀ ਕਿ ਕੁਹਾੜੀ ਲੈ ਕੇ ਵੱਢਣੇ ਸ਼ੁਰੂ ਕਰ ਦਿਓ। ਚੀਨੇ ਤਾਂ ਹੈਗੇ ਐ ਮਧਰੇ-ਮਧਰੇ, ਦਰੱਖਤ ਝੱਟ ਇੰਨੇ ਲੰਮ-ਸਲੰਮੇ ਕਿਵੇਂ ਨਿਕਲ ਆਉਂਦੇ ਐ? ਮੈਨੂੰ ਪੁੱਛੋ, … ਮੈਂ ਦੱਸਦਾਂ। ਪਨੀਰੀ ਜਾਂਦੀ ਐ ਅਮਰੀਕਾ ਤੋਂ। ਇਹੋ ਹੀ ਇਸ ਕੰਪਨੀ ਦੀ ਕਾਮਯਾਬੀ ਦਾ ਰਾਜ਼ ਐ। ਸਮਝੇ ਮੇਰੀ ਗੱਲ?”

“ਬਹੁਤ-ਬਹੁਤ ਧੰਨਵਾਦ ਉਸਤਾਦ ਜੀ!” ਆਖਦਾ ਹੋਇਆ ਬਲਿਹਾਰ ਸਿੰਘ ਉੱਠ ਖੜ੍ਹਾ ਹੋਇਆ। ਮੇਜ਼ ਤੋਂ ਚਾਬੀਆਂ ਵਾਲਾ ਗੁੱਛਾ ਚੁੱਕਿਆ, ਰਿੰਗ ਵਿਚ ਉਂਗਲ ਪਾ ਕੇ ਚਾਬੀਆਂ ਨੂੰ ਘੁਮਾਉਂਦਾ ਹੋਇਆ ਤੁਰ ਪਿਆ। ਉਹਦੀ ਪਿੱਠ ਅਜੇ ਓਹਲੇ ਹੋਈ ਹੀ ਹੋਵੇਗੀ, ਉਹਦੇ ਵਰਗਾ ਇਕ ਹੋਰ ਸੱਜਣ ਉਹਦੇ ਵਾਂਗ ਹੀ ਚਾਬੀਆਂ ਘੁਮਾਉਂਦਾ ਹੋਇਆ ਉਸਤਾਦ ਦੇ ਸਾਮ੍ਹਣੇ ਆ ਖੜ੍ਹਾ ਹੋਇਆ। ਉਸਤਾਦ ਨਾਲ ਨਜ਼ਰਾਂ ਮਿਲੀਆਂ ਤਾਂ ਆਖਣ ਲੱਗਾ, “ਸਾਂਢੂ ਸੈਅਬ ਜੀਓ, ਕਿਹੜੀਆਂ ਗਿਣਤੀਆਂ-ਮਿਣਤੀਆਂ ਵਿਚ ਗ੍ਰਸੇ ਹੋਏ ਓ?”

“ਹੱ ਹੱ ਹਾਅ, ਇਹ ਰਿਸ਼ਤੇਦਾਰੀ ਕਿੱਧਰੋਂ ਕੱਢ ਲਈ ਕੱਕੜ ਸਾਅਬ ਜੀ?” ਟੋਪ ਉੁੱਪਰ ਚੁੱਕ ਕੇ ਘੋਨਮੋਨ ਸਿਰ ਉੱਤੇ ਹੱਥ ਫੇਰਦਾ ਹੋਇਆ ਉਸਤਾਦ ਬੋਲਿਆ।

“ਜੁਆਕ ਤੁਹਾਡੇ ਵੀ ਘਰੋਂ ਭੱਜ ਗਏ ਐ, ਤੇ ਮੇਰੇ ਵੀ। ਜਨਾਨੀ ਤੁਹਾਡੀ ਵੀ ਤੁਹਾਨੂੰ ਛੱਡ ਗਈ ਐ, ਤੇ ਮੇਰੀ ਵੀ। ਹੱਥ ਤਵੇ ਉੱਤੇ ਤੁਹਾਨੂੰ ਵੀ ਸਾੜਨੇ ਪੈਂਦੇ ਐ, ਤੇ ਮੈਨੂੰ ਵੀ। ਹੁਣ ਦੱਸੋ, ਆਪਾਂ ਸਾਂਢੂ ਹੋਏ ਕਿ ਨਾ? … ਹੀ ਹੀ ਹੀ।” ਕੱਕੜ ਸਾਹਬ ਦਾ ਗਿੱਠ ਕੁ ਅਗਾਂਹ ਨੂੰ ਵਧਿਆ ਹੋਇਆ ਢਿੱਡ ਉੱਛਲਣ ਲੱਗ ਪਿਆ।

ਅਚਨਚੇਤ ਉਸਤਾਦ ਨੂੰ ਆਪਣੀਆਂ ਧੀਆਂ, ਮਿੰਦੀ ਅਤੇ ਪਿੰਦੀ ਦੀ ਯਾਦ ਆ ਗਈ। ਪਤਾ ਨਹੀਂ ਕਿੱਥੇ ਹੋਣਗੀਆਂ? ਕਿਸ ਹਾਲ ਵਿਚ ਹੋਣਗੀਆਂ? ਉਹ ਸੋਚਣ ਲੱਗਾ। ਪਤਨੀ, ਸ਼ਮਿੰਦਰ ਦਾ ਖਿਆਲ ਆਉਂਦਿਆਂ ਹੀ ਉਸਦਾ ਮੂੰਹ ਕਸੈਲਾ ਜਿਹਾ ਹੋ ਗਿਆ।

ਜਦੋਂ ਬਲਿਹਾਰ ਸਿੰਘ ਆਪਣੇ ਦਫਤਰ ਵਿਚ ਪਹੁੰਚਿਆ, ਉਸਦਾ ਸਾਮ੍ਹਣਾ ਉਸ ਡਰਾਈਵਰ ਨਾਲ ਹੋ ਗਿਆ, ਜਿਸ ਨੇ ਉਸਦਾ ਕੁਝ ਬਕਾਇਆ ਦੇਣਾ ਸੀ। ਉਹਨੇ ਪੈਸੇ ਮੰਗੇ ਤਾਂ ਡਰਾਈਵਰ ਬੋਲਿਆ, “ਭਾਈ ਸਾਹਬ, ਹੁਣ ਜਾਵਾਂਗਾ, ਚਾਰ ਡਾਲਰ ਕਮਾਵਾਂਗਾ ਤੇ ਤੁਹਾਡੇ ਮੋੜ ਦਿਆਂਗਾ। ਪੈਸੇ ਕਿਤੇ ਦਰੱਖਤਾਂ ਨੂੰ ਲਗਦੇ ਆ, ਬਈ ਝਾੜ ਕੇ ਤੁਹਾਡੇ ਬੋਝੇ ਵਿਚ ਪਾ ਦਿਆਂ?”

ਜਿਨ੍ਹਾਂ ਦਰੱਖਤਾਂ ਦਾ ਦ੍ਰਿਸ਼ ਉਸਤਾਦ ਨੇ ਦਿਖਾਇਆ ਸੀ, ਉਹ ਤਾਂ ਬਲਿਹਾਰ ਸਿੰਘ ਨੂੰ ਕੁਝ ਇਸੇ ਤਰ੍ਹਾਂ ਦੇ ਜਾਪਦੇ ਸਨ। ਡਰਾਈਵਰ ਦੇ ਦਫਤਰੋਂ ਬਾਹਰ ਹੁੰਦਿਆਂ ਹੀ ਉਹ ਅਖ਼ਬਾਰ ਫਰੋਲਣ ਲੱਗ ਪਿਆ। ਅਖ਼ਬਾਰ ਵਿੱਚੋਂ ਕੁਝ ਵੀ ਹੱਥ ਪੱਲੇ ਨਾ ਪਿਆ ਤਾਂ ਉਹਨੇ ਕੰਪਿਊਟਰ ਚਾਲੂ ਕਰ ਲਿਆ। ਖਾਤਾ ਖੋਲ੍ਹ ਕੇ ਸ਼ੇਅਰ ਖਰੀਦਣ ਤੀਕ ‘ਟਰੀ-ਐਕਸ’ ਦਾ ਭਾਅ ਤੀਹ ਸੈਂਟ ਤੀਕ ਪਹੁੰਚ ਗਿਆ। ਬਲਿਹਾਰ ਸਿੰਘ ਨੇ ਔਖਾ-ਸੌਖਾ ਹੋ ਕੇ ਹੂਲਾ ਫੱਕ ਲਿਆ।

ਦੋ ਕੁ ਮਹੀਨਿਆਂ ਵਿਚ ‘ਟਰੀ ਐਕਸ’ ਦੇ ਸ਼ੇਅਰਾਂ ਦਾ ਮੁੱਲ ਸੱਠ ਸੈਂਟ ਤੀਕ ਪਹੁੰਚ ਗਿਆ। ਹੋਰ ਸ਼ੇਅਰ ਖਰੀਦਣ ਲਈ ਬਲਿਹਾਰ ਸਿੰਘ ਲੂਹਰੀਆਂ ਲੈਣ ਲੱਗਾ। ਪਰ ਕੈਸ਼ ਵਾਲੇ ਭੰਡਾਰੇ ਮਸਤਾਨੇ ਹੋ ਚੁੱਕੇ ਸਨ। ਅਖੀਰ ਦੋ ਟੈਕਸੀਆਂ ਵੇਚ ਕੇ ਇੰਤਜ਼ਾਮ ਕਰਨਾ ਪਿਆ। ਮਹੀਨੇ ਕੁ ਬਾਅਦ ਦੋ ਹੋਰ ਤੇ ਫਿਰ ਦੋ ਹੋਰ। ਸਮੁੱਚੀ ਟੈਕਸੀ ਕੰਪਨੀ ਦਾ ਭੋਗ ਪਾ ਕੇ ਬਲਿਹਾਰ ਸਿੰਘ ਨੇ ‘ਟਰੀ-ਐਕਸ’ ਦੇ ਸ਼ੇਅਰ ਖਰੀਦ ਲਏ। ਅੱਜ ਹੋਰ, ਕੱਲ੍ਹ ਹੋਰ, ਹੌਲੀ-ਹੌਲੀ ਸ਼ੇਅਰਾਂ ਦੀ ਕੀਮਤ ਪੰਜ ਡਾਲਰ ਨੂੰ ਜਾ ਢੁੱਕੀ।

ਇੰਨੇ ਲਾਹੇਵੰਦ ਵਸੀਲੇ ਬਾਰੇ ਬਲਿਹਾਰ ਸਿੰਘ ਨੇ ਪਹਿਲਾਂ ਕਦੀ ਨਾ ਤਾਂ ਸੁਣਿਆ ਸੀ, ਨਾ ਸੋਚਿਆ। ‘ਗੁਲਗੁਲਿਆਂ ਦਾ ਮੀਂਹ ਰੋਜ਼-ਰੋਜ਼ ਨਹੀਂ ਪੈਂਦਾ ਹੁੰਦਾ।’ ਉਹ ਸੋਚਣ ਲੱਗਾ। ਉਹਦੇ ਮਨ ਵਿਚ ਵਿਚਾਰ ਆਇਆ ਕਿ ਕਿਸੇ ਹੀਲੇ-ਵਸੀਲੇ ਹੋਰ ਦੋ ਚਾਰ ਹਜ਼ਾਰ ਸ਼ੇਅਰਾਂ ਦਾ ਜੁਗਾੜ ਬਣਾ ਲਿਆ ਜਾਵੇ। ਉਹ ਬੈਂਕ ਗਿਆ। ਬੈਂਕ ਵਾਲਿਆਂ ਨੇ ਗਰੰਟੀ ਮੰਗ ਲਈ। ਘਰ ਤੋਂ ਬਿਨਾਂ ਬਲਿਹਾਰ ਸਿੰਘ ਦੇ ਹੱਥਾਂ ਵਿਚ ਇਸ ਵੇਲੇ ਕੁਝ ਵੀ ਨਹੀਂ ਸੀ ਬਚਿਆ। ਘਰ ਦਾ ਮੁੱਲ ਪਾਉਣ ਲਈ ਗਏ ਬੈਂਕ ਦੇ ਅਸੈੱਸਰ ਨੂੰ ਅੰਮ੍ਰਿਤ ਨੇ ਬਰੰਗ ਵਾਪਸ ਮੋੜ ਦਿੱਤਾ।

ਅੰਮ੍ਰਿਤ ਨੇ ਬਲਿਹਾਰ ਸਿੰਘ ਨੂੰ ਸ਼ਾਂਤ ਕਰਨ ਲਈ ਆਪਣੀ ਪੂਰੀ ਵਾਹ ਲਾਈ ਪਰ ਸਫਲਤਾ ਨਾ ਮਿਲੀ। ਉਸਤਾਦ ਦਾ ਜਿ਼ਕਰ ਸੁਣਦਿਆਂ ਹੀ ਬਲਿਹਾਰ ਸਿੰਘ ਜਾਮਿਓਂ ਬਾਹਰ ਹੋ ਗਿਆ। ਆਖਣ ਲੱਗਾ, “ਖਬਰਦਾਰ ਜੇ ਉਸਤਾਦ ਬਾਰੇ ਕੋਈ ਮੰਦਾ ਬੋਲ ਬੋਲਿਆ …” ਤੇ ਇਸਦੇ ਨਾਲ ਹੀ ਉਸ ਨੇ ਸੱਜੇ ਹੱਥ ਦੀ ਚਪੇੜ ਚੁੱਕ ਲਈ।

“ਲੈ, ਦੇਖ ਮਾਰ ਕੇ …” ਅੰਮ੍ਰਿਤ ਦੇ ਮੂਹੋਂ ਸੁਤੇਸਿੱਧ ਨਿਕਲ ਗਿਆ।

ਬਲਿਹਾਰ ਸਿੰਘ ਬੁਖਲਾ ਗਿਆ। ਸੁੱਧ-ਬੁੱਧ ਜਾਂਦੀ ਰਹੀ।

ਡਿਗਦੀ ਢਹਿੰਦੀ ਅੰਮ੍ਰਿਤ ਨੇ ਆਪਣੀ ਸਹੇਲੀ ਨੂੰ ਫੋਨ ਕਰ ਦਿੱਤਾ। ਪਾਲੀ ਉਸ ਨੂੰ ਉਸੇ ਵੇਲੇ ਆਸਰਾ ਦੇ ਕੇ ਆਪਣੇ ਘਰ ਲੈ ਗਈ। ਦੋਂਹ ਕੁ ਦਿਨਾਂ ਬਾਅਦ ਜਦੋਂ ਅੰਮ੍ਰਿਤ ਦੀ ਸਿਹਤ ਵਿਚ ਥੋੜ੍ਹਾ ਜਿਹਾ ਸੁਧਾਰ ਆਇਆ, ਉਹ ਫਲਾਈਟ ਫੜ ਕੇ ਆਪਣੇ ਬੱਚਿਆਂ ਪਾਸ ਜਾ ਪਹੁੰਚੀ।

ਹਫਤੇ ਦੋਂਹ ਹਫਤੀਂ ਅੰਮ੍ਰਿਤ ਅਤੇ ਪਾਲੀ ਵਿਚਾਲੇ ਫੋਨ ਉੱਤੇ ਗੱਲ ਹੁੰਦੀ ਰਹਿੰਦੀ। ਇਕ ਦਿਨ ਜਿਵੇਂ ਪਾਲੀ ਨੂੰ ਕੁਝ ਭੁੱਲਿਆ ਵਿੱਸਰਿਆ ਯਾਦ ਆ ਗਿਆ ਹੋਵੇ, ਅੰਮ੍ਰਿਤ ਨੂੰ ਪੁੱਛਣ ਲੱਗੀ, “ਭੈਣ ਜੀ, ਕਦੇ ਸ਼ਮਿੰਦਰ ਭੈਣ ਜੀ ਵੀ ਮਿਲੇ ਤੁਹਾਨੂੰ?”

ਉਸਤਾਦ ਦੀ ਪਤਨੀ ਸ਼ਮਿੰਦਰ ਵੀ ਕਈ ਵਰ੍ਹੇ ਪਹਿਲਾਂ ਅੰਮ੍ਰਿਤ ਵਾਂਗ ਹੀ ਘਰ ਵਿਚ ਪਏ ਹੋਏ ਕਲੇਸ਼ ਤੋਂ ਤੰਗ ਆ ਕੇ ਆਪਣੀ ਭੈਣ ਪਾਸ ਟਰੰਟੋ ਚਲੀ ਗਈ ਸੀ।

“ਹਾਂ …” ਅੰਮ੍ਰਿਤ ਬੋਲੀ, “ਆਈ ਸੀ ਇਕ ਦਿਨ। ਬੈਠੀ ਆਪਣੇ ਰੋਣੇ ਰੋਂਦੀ ਰਹੀ।”

“ਮਿੰਦੀ ਅਤੇ ਪਿੰਦੀ ਵੀ ਮੁਟਿਆਰਾਂ ਹੋ ਗਈਆਂ ਹੋਣਗੀਆਂ ਹੁਣ ਤਾਂ?”

“ਹਾਂਅ …” ਅੰਮ੍ਰਿਤ ਦੀ ਅਵਾਜ਼ ਵਿਚ ਉਦਾਸੀ ਭਾਰੂ ਹੋ ਗਈ।

“ਸੋਨੂੰ ਸਾਡੇ ਦੀ ਜੋੜੀ ਕਿਹੜੀ ਨਾਲ ਜਚੂ?” ਪਾਲੀ ਪੁੱਛਣ ਲੱਗੀ। ਜਦੋਂ ਸ਼ਮਿੰਦਰ ਇੱਥੇ ਰਹਿੰਦੀ ਸੀ, ਪਾਲੀ ਦੀ ਉਸ ਨਾਲ ਮੀਜਾ ਵਾਹਵਾ ਮਿਲਦੀ ਸੀ। ਸ਼ਮਿੰਦਰ ਦੀਆਂ ਦੋਵੇਂ ਧੀਆਂ, ਮਿੰਦੀ ਅਤੇ ਪਿੰਦੀ ਬਹੁਤ ਸੁਨੱਖੀਆਂ ਸਨ। ਉਨ੍ਹਾਂ ਵਿੱਚੋਂ ਇਕ ਨੂੰ ਪਾਲੀ ਆਪਣੀ ਨੂੰਹ ਬਣਾਉਣਾ ਲੋਚਦੀ ਸੀ।

ਅੰਮ੍ਰਿਤ ਕੁਝ ਵੀ ਕਹਿਣ ਤੋਂ ਝਿਜਕ ਗਈ। ਉਂਝ ਸ਼ਮਿੰਦਰ ਉਸ ਅੱਗੇ ਮਿੰਦੀ ਅਤੇ ਪਿੰਦੀ ਦੇ ਚਾਲਿਆਂ ਬਾਰੇ ਹਟਕੋਰੇ ਲੈਂਦੀ ਹੋਈ ਆਪਣਾ ਢਿੱਡ ਨੰਗਾ ਕਰ ਗਈ ਸੀ। ਅੰਮ੍ਰਿਤ ਨੇ ਇਹ ਆਖਦਿਆਂ ਗੱਲ ਮੁਕਾ ਦਿੱਤੀ, “ਪਾਲੀ, ਮਿੰਦੀ ਅਤੇ ਪਿੰਦੀ ਮੈਨੂੰ ਅਜੇ ਤੀਕ ਮਿਲੀਆਂ ਨਹੀਂ। ਕਿਸੇ ਦਿਨ ਮੈਂ ਜਾਵਾਂਗੀ ਉਨ੍ਹਾਂ ਦੇ ਘਰ, ਫਿਰ ਦੱਸਾਂਗੀ ਤੈਨੂੰ।”

ਪਾਲੀ ਚੁੱਪ ਕਰ ਰਹੀ।

ਇਨ੍ਹੀਂ ਦਿਨੀਂ ਕੀ ਰੇਡੀਓ, ਕੀ ਟੈਲੀਵੀਯਨ ਅਤੇ ਕੀ ਅਖ਼ਬਾਰਾਂ, ਸਾਰੇ ਪਾਸੀਂ ‘ਟਰੀ-ਐਕਸ’ ਦਾ ਰਾਮ-ਰੌਲਾ ਪਿਆ ਹੋਇਆ ਸੀ। ਜਿਵੇਂ ‘ਟਰੀ-ਐਕਸ’ ਵੱਲੋਂ ਉਗਾਏ ਜਾਂਦੇ ਦਰੱਖਤਾਂ ਨੂੰ ਸੱਚਮੁੱਚ ਹੀ ਡਾਲਰ ਲੱਗਣ ਲੱਗ ਪਏ ਹੋਣ।

ਦੇਖਦਿਆਂ ਹੀ ਦੇਖਦਿਆਂ ਬਲਿਹਾਰ ਸਿੰਘ ਦੇ ਤੌਰ ਬਦਲ ਗਏ, ਅਤੇ ਤੋਰ ਵੀ। ਦਿਨ ਵੇਲੇ ਹੀ ਨਹੀਂ, ਉਹ ਰਾਤ ਵੇਲੇ ਵੀ ਧੁੱਪ ਵਾਲੀਆਂ ਐਨਕਾਂ ਲਾ ਕੇ ਰੱਖਦਾ। ਲੱਤਾਂ ਬਾਹਾਂ ਚੌੜੀਆਂ ਕਰ ਕੇ ਅਤੇ ਧੌਣ ਅਕੜਾ ਕੇ ਇੰਜ ਤੁਰਦਾ ਕਿ ਦੂਰੋਂ ਪਛਾਣਿਆ ਹੀ ਨਾ ਜਾਂਦਾ। ਜਦੋਂ ਕਦੇ ਉਹਨੇ ਮਨ ਸੱਟਾ ਬਜ਼ਾਰ ਤੋਂ ਲਾਂਭੇ ਕਰਨਾ ਹੁੰਦਾ, ਕੰਪਿਊਟਰ ਅਤੇ ਟੈਲੀਵੀਯਨ ਬੰਦ ਕਰ ਦਿੰਦਾ, ਬੋਤਲ ਖੋਲ੍ਹ ਲੈਂਦਾ। ਘਰ ਵਿਚ ਹੁਣ ਉਹ ਅਰਿੰਡ ਪ੍ਰਧਾਨ ਸੀ। ਰੋਕਣ-ਟੋਕਣ ਵਾਲਾ ਕੋਈ ਨਹੀਂ ਸੀ।

ਬੋਤਲ-ਬੋਟੀ ਦੀ ਝਾਕ ਵਿਚ ਉਸਤਾਦ ਬਲਿਹਾਰ ਸਿੰਘ ਦੇ ਘਰ ਗੇੜਾ ਮਾਰਦਾ ਰਹਿੰਦਾ ਅਤੇ ਝੂਰਦਾ ਰਹਿੰਦਾ ਕਿ ਕੀ ਸੋਚ ਕੇ ਉਹਨੇ ‘ਟਰੀ ਐਕਸ’ ਵਾਲਾ ਨੁਸਖ਼ਾ ਬਲਿਹਾਰ ਸਿੰਘ ਨੂੰ ਦੱਸਿਆ ਸੀ, ਬਣ ਕੀ ਗਿਆ। ਪਰ ਅੱਜ ਉਸਦੇ ਝੋਰੇ ਦਾ ਅੰਤ ਆ ਗਿਆ; ‘ਟਰੀ ਐਕਸ’ ਵਾਲੀ ਬਿੱਲੀ ਥੈਲਿਓਂ ਬਾਹਰ ਆ ਗਈ। ਕੁਝ ਠੱਗਾਂ ਵੱਲੋਂ ਰਚੇ ਛੜਜੰਤਰ ਦਾ ਪਾਜ ਖੁੱਲ੍ਹ ਗਿਆ। ਲੱਭਣ ਵਾਲਿਆਂ ਨੂੰ ਚੀਨ ਵਿਚ ਅਜਿਹਾ ਕੋਈ ਇਲਾਕਾ ਨਹੀਂ ਲੱਭਿਆ, ਜਿੱਥੇ ਇਸ ਕੰਪਨੀ ਵੱਲੋਂ ਦਰੱਖਤ ਉਗਾਏ ਜਾਂਦੇ ਦੱਸੀਦੇ ਸਨ। ‘ਟਰੀ ਐਕਸ’ ਦੇ ਜਿਹੜੇ ਸ਼ੇਅਰ ਕੱਲ੍ਹ ਅੱਠ ਡਾਲਰ ਨੂੰ ਵਿਕ ਰਹੇ ਸਨ, ਅੱਜ ਉਨ੍ਹਾਂ ਨੂੰ ਕੋਈ ਅੱਠ ਸੈਂਟ ਨੂੰ ਨਹੀਂ ਸੀ ਪੁੱਛ ਰਿਹਾ।

ਸਾਰਾ ਦਿਨ ਮੀਡੀਏ ਵਿਚ ‘ਟਰੀ ਐਕਸ’ ਦੇ ਚਰਚੇ ਚਲਦੇ ਰਹੇ। ਬਲਿਹਾਰ ਸਿੰਘ ਮਾਂਜਿਆ ਗਿਆ ਕਿ ਬਚ ਗਿਆ, ਇਹ ਜਾਨਣ ਲਈ ਉਸਤਾਦ ਨੇ ਟੈਲੀਫੋਨ ਖੜਕਾ ਦਿੱਤਾ। ਕੋਈ ਹੁੰਗਾਰਾ ਨਾ ਮਿਲਿਆ ਤਾਂ ਜਾ ਉਸਦਾ ਬੂਹਾ ਖੜਕਾਇਆ। ਬਾਰੀ ਵਿੱਚੀਂ ਅੰਦਰ ਝਾਕਦੇ ਨੂੰ ਦੇਖ ਕੇ ਗਵਾਂਢੀ ਗੋਰਾ ਬਾਹਰ ਨਿਕਲ ਆਇਆ।

“ਮਿਸਟਰ ਸਿੰਘ ਨੂੰ ਮਿਲਣਾ ਸੀ, ਇੱਥੇ ਤਾਂ ਕੋਈ ਵੀ … ”

ਉਸਤਾਦ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬਲਿਹਾਰ ਸਿੰਘ ਦਾ ਗਵਾਂਢੀ ਬੋਲ ਪਿਆ, “ਸਵੇਰੇ ਐਂਬੂਲੈਂਸ ਆਈ ਸੀ, ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਾ।”

ਉਸਤਾਦ ਹਸਪਤਾਲ ਪਹੁੰਚ ਗਿਆ। ਬਲਿਹਾਰ ਸਿੰਘ ਦਾ ਪੀਲਾ ਭੂਕ ਚਿਹਰਾ ਅਤੇ ਸਾਹ ਉੱਖੜਿਆ-ਉੱਖੜਿਆ ਆਉਂਦਾ ਦੇਖ ਕੇ ਉਸਤਾਦ ਨੂੰ ਇਹ ਸਮਝਣ ਵਿਚ ਦੇਰ ਨਹੀਂ ਲੱਗੀ ਕਿ ‘ਟਰੀ ਐਕਸ’ ਨੇ ਆਪਣੀ ਕਲਾ ਵਰਤਾ ਦਿੱਤੀ ਸੀ, ਭਾਵੇਂ ਦੇਰ ਬਾਅਦ ਹੀ ਸਹੀ।

ਜਸ਼ਨ ਮਨਾਉਣ ਲਈ ਉਸਤਾਦ ਆਪਣੇ ਜੋਟੀਦਾਰ ਕੱਕੜ ਸਾਹਬ ਕੋਲ ਪਹੁੰਚ ਗਿਆ। ਮੇਜ਼ ਉੱਪਰ ਪਈ ਅਖ਼ਬਾਰ ਦੀ ਤਹਿ ਖੋਲ੍ਹਦਾ ਹੋਇਆ ਕੱਕੜ ਸਾਹਬ ਬੋਲਿਆ, “ਸਾਂਢੂ ਸੈਅਬ ਜੀਓ, ਸੁਣਿਆ ਕੁਛ?”

“ਨਹੀਂ ਤਾਂ?”

“ਵੈਨਕੂਵਰ ਵਿਚ ਦੋ ਕੁੜੀਆਂ ਹੋਰ ਮਾਰ ਦਿੱਤੀਆਂ ਕਿਸੇ ਨੇ …।”

“ਮੈਂ ਸੋਚਿਆ ਸ਼ਾਇਦ ਕੋਈ ਖਾਸ ਖਬਰ ਸੁਣਾਉਣ ਲੱਗੇ ਓ।”

“ਸਾਂਢੂ ਸੈਅਬ, ਇਹ ਖਬਰ ਕੋਈ ਘੱਟ ਖਾਸ ਆ? ਇਕ ਨਹੀਂ, ਦੋ ਨਹੀਂ, ਪੂਰੀਆਂ ਪੰਜਾਹ ਕੁੜੀਆਂ ਮਾਰੀਆਂ ਜਾ ਚੁੱਕੀਆਂ ਐਂ, … ਬਹੁਤੀਆਂ ਕੱਚੀ ਉਮਰ ਦੀਆਂ। ਕਾਤਲ ਅਜੇ ਤੀਕ ਨਹੀਂ ਫੜ ਹੋਇਆ।”

“ਉਹ ਗੱਲ ਕੱਕੜ ਸਾਅਬ ਹੋਰ ਆ। ਉਹ ਤਾਂ ‘ਧੰਦਾ’ ਹੀ ਇੱਦਾਂ ਦਾ ਕਰਦੀਆਂ ਸਨ ਕਿ …”

“ਸਾਂਢੂ ਸੈਅਬ ਜੀਓ, ਆਖਰ ਸਨ ਤਾਂ ਕਿਸੇ ਦੀਆਂ ਧੀਆਂ ਭੈਣਾਂ ਹੀ।”

ਨਸਿ਼ਆਂ ਦੇ ਵਪਾਰੀ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਚਾਟੇ ਲਾਉਣ ਲਈ ਪਹਿਲਾਂ ਮੁਫਤ ਨਸ਼ੇ ਸਪਲਾਈ ਕਰਦੇ, ਤੇ ਫਿਰ ਨਸ਼ਾ ਜਿਸਦੀਆਂ ਹੱਡੀਆਂ ਵਿਚ ਰਚ ਜਾਂਦਾ, ਉਸ ਨੂੰ ਮੁੱਲ ਵੇਚਣ ਲਗਦੇ। ਜਿਸਦਾ ਪੈਸਿਆਂ ਨੂੰ ਕਿਸੇ ਪਾਸੇ ਹੱਥ ਨਾ ਪੈਂਦਾ, ਉਹ ਵਪਾਰੀਆਂ ਅੱਗੇ ਲਿਲ੍ਹਕੜੀਆਂ ਕੱਢਦਾ। ਮੁੰਡਿਆਂ ਨੂੰ ਡਰੱਗ ਡੀਲਰ ਨਸ਼ੇ ਵੇਚਣ ਲਈ ਅੜੁੰਗ ਲੈਂਦੇੇ, ਕੁੜੀਆਂ ਦੱਲਿਆਂ ਦੇ ਚੁੰਗਲ ਵਿਚ ਫਸ ਜਾਂਦੀਆਂ। ਜਿਨ੍ਹਾਂ ਪਰਿਵਾਰਾਂ ਵਿਚ ਰਿਸ਼ਤੇ ਤਿੜਕ ਰਹੇ ਸਨ, ਉਨ੍ਹਾਂ ਵਿਚ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਬਚਾਉਣਾ ਹੋਰ ਵੀ ਔਖਾ ਸੀ।

ਉਸਤਾਦ ਦੀ ਇਸ ਦੁਖਾਂਤ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹਨੇ ਚਟਖ਼ਾਰੇ ਲੈਣ ਲਈ ਬਲਿਹਾਰ ਸਿੰਘ ਦੀ ਕਹਾਣੀ ਛੇੜ ਲਈ।

ਕੁਝ ਦਿਨਾਂ ਪਿੱਛੋਂ ਬਲਿਹਾਰ ਸਿੰਘ ਨੂੰ ਫਿਰ ਦਿਲ ਦਾ ਦੌਰਾ ਪੈ ਗਿਆ। ਡਾਕਟਰਾਂ ਨੇ ਉਸ ਨੂੰ ਬਚਾਉਣ ਲਈ ਬੜੀ ਵਾਹ ਲਾਈ, ਪਰ ਕੋਈ ਪੇਸ਼ ਨਹੀਂ ਗਈ।

ਬਲਿਹਾਰ ਸਿੰਘ ਦੀ ਮੌਤ ਦੀ ਖਬਰ ਸੁਣਦੇ ਸਾਰ ਅੰਮ੍ਰਿਤ ਟਰੰਟੋ ਤੋਂ ਆ ਗਈ, ਅਤੇ ਨਾਲ ਹੀ ਉਸਦੇ ਧੀ ਅਤੇ ਪੁੱਤਰ ਵੀ। ਇਮਤਿਹਾਨ ਦੇ ਦਿਨ ਸਨ; ਬੱਚੇ ਤਾਂ ਸਸਕਾਰ ਵਾਲੇ ਦਿਨ ਹੀ ਰਾਤ ਦੀ ਫਲਾਈਟ ਫੜ ਕੇ ਵਾਪਸ ਪਰਤ ਗਏ ਪਰ ਅੰਮ੍ਰਿਤ ਆਪਣੀ ਸਹੇਲੀ ਦੇ ਘਰ ਰਹਿ ਪਈ।

ਪਾਲੀ ਨੇ ਜਿਵੇਂ ਸਾਹਾ ਬੰਨ੍ਹਣਾ ਹੋਵੇ, ਮੌਕਾ ਮਿਲਦਿਆਂ ਹੀ ਮਿੰਦੀ ਅਤੇ ਪਿੰਦੀ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਅੰਮ੍ਰਿਤ ਬੋਲੀ, “ਇਹ ਗੱਲਾਂ ਅੱਜ ਕਰਨ ਵਾਲੀਆਂ ਨਹੀਂ ਪਾਲੀ।”

“ਭੈਣ ਜੀ, ਮੰਨੋ, ਭਾਵੇਂ ਨਾ ਮੰਨੋ, … ਅਜਿਹਾ ਕੁਛ ਹੈ, ਜੋ ਤੁਸੀਂ ਸਾਨੂੰ ਦੱਸਣਾ ਨਹੀਂ ਚਾਹੁੰਦੇ।” ਅੰਮ੍ਰਿਤ ਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਅਟਾਸਟਾ ਲਾ ਕੇ ਪਾਲੀ ਨੇ ਆਖਿਆ।

“ਦੱਸਾਂਗੀ ਪਾਲੀ, ਦੱਸਾਂਗੀ। ਕੁਛ ਦਿਨ ਅਟਕ, ਪਹਿਲਾਂ ਮੈਨੂੰ ਉਨ੍ਹਾਂ ਦੇ ਪਿਓ ਨਾਲ ਗੱਲ ਕਰ ਲੈਣ ਦੇ।” ਇਹ ਬੋਲ ਅੰਮ੍ਰਿਤ ਨੇ ਅਜਿਹੇ ਸਲੀਕੇ ਨਾਲ ਆਖੇ ਕਿ ਪਾਲੀ ਹੋਰ ਕੁਝ ਪੁੱਛਣ ਤੋਂ ਝਿਜਕ ਗਈ।

ਦੋ ਤਿੰਨ ਦਿਨ ਪਾਲੀ ਹੋਰਾਂ ਦੇ ਘਰ ਰਹਿ ਕੇ ਅੰਮ੍ਰਿਤ ਜਦੋਂ ਆਪਣੇ ਘਰ ਪਹੁੰਚੀ, ਅੰਦਰ ਵੜਦਿਆਂ ਹੀ ਉਹਨੂੰ ਘਰ ਵਿੱਚੋਂ ਭੈ ਜਿਹਾ ਆਇਆ। ਸਰੀਰ ਸੁੰਨ ਪੈਣ ਲੱਗਾ। ਉਹ ਥਾਏਂ ਬਹਿ ਗਈ। ਫਿਰ ਉਹ ਹਿੰਮਤ ਕਰ ਕੇ ਹੌਲੀ-ਹੌਲੀ ਉੱਠੀ। ਪਰਦੇ ਪਿਛਾਂਹ ਹਟਾਏ। ਬਾਰੀਆਂ ਖੋਲ੍ਹੀਆਂ। ਫਰਸ਼ ਉੱਤੇ ਖਿੱਲਰੀਆਂ ਪਈਆਂ ਦਾਰੂ ਦੀਆਂ ਖਾਲੀ ਬੋਤਲਾਂ ਇਕੱਠੀਆਂ ਕਰ ਕੇ ਬਾਹਰ ਗਰਾਜ ਵਿਚ ਰੱਖੀਆਂ। ਸਫਾਈ ਕਰਦਿਆਂ ਮੁੜ-ਮੁੜ ਉਹਦੀ ਨਿਗਾਹ ਅੰਗੀਠੀ ਉੱਤੇ ਪਈ ਤਸਵੀਰ ਉੱਤੇ ਜਾ ਪੈਂਦੀ। ਉਹਦੀਆਂ ਅੱਖਾਂ ਭਰ ਆਉਂਦੀਆਂ।

ਪਾਲੀ ਨੇ ਘਰੋਂ ਤੁਰਨ ਲੱਗੀ ਅੰਮ੍ਰਿਤ ਨੂੰ ਆਖਿਆ ਸੀ, ‘ਭੈਣ ਜੀ! ਜਾਓ, ਗੇੜਾ ਮਾਰ ਆਓ। ਰਾਤ ਉੱਥੇ ਇਕੱਲੇ ਨਾ ਰਿਹੋ; ਇੱਥੇ ਸਾਡੇ ਕੋਲ ਆ ਜਾਇਉ।’ ਅੰਮ੍ਰਿਤ ਨੇ ਉਦੋਂ ਬੜੇ ਤਹੱਈਏ ਨਾਲ ਆਖ ਦਿੱਤਾ ਸੀ, ‘ਪਾਲੀ, ਮੈਂ ਆਟੇ ਦਾ ਦੀਵਾ ਨਹੀਂ, ਜਿਸ ਨੂੰ ਚੂਹੇ ਜਾਂ ਕਾਂ ਖਾ ਜਾਣਗੇ।’ ਪਰ ਹੁਣ ਉਸ ਨੂੰ ਲੱਗ ਰਿਹਾ ਸੀ, ਜੇ ਰਾਤ ਇਕੱਲੀ ਉਹ ਇੱਥੇ ਰਹੀ ਤਾਂ ਸੀਨੇ ਹੇਠਾਂ ਉੱਠ ਰਹੇ ਝੱਖੜ ਨੂੰ ਥੰਮ੍ਹ ਨਹੀਂ ਸਕੇਗੀ। ਭਾਵੇਂ ਹੋਰ ਦਸਾਂ ਕੁ ਦਿਨਾਂ ਤੀਕ ਇਮਤਿਹਾਨਾਂ ਦਾ ਕੰਮ ਮੁੱਕਦਿਆਂ ਹੀ ਧੀ ਅਤੇ ਪੁੱਤਰ ਨੇ ਉਸ ਪਾਸ ਆ ਜਾਣਾ ਸੀ ਪਰ ਸਮੱਸਿਆ ਤਾਂ ਅੱਜ ਦੀ ਰਾਤ ਲੰਘਾਉਣ ਦੀ ਸੀ। ਕਈ ਵਾਰ ਉਹਦੇ ਮਨ ਵਿਚ ਖਿਆਲ ਆਇਆ ਕਿ ਉਹ ਅੰਗੀਠੀ ਉੱਤੇ ਪਈ ਤਸਵੀਰ ਦੇ ਸਾਮ੍ਹਣੇ ਖੜ੍ਹੀ ਹੋ ਕੇ ਆਪਣੇ ਦਿਲ ਦਾ ਗੁਬਾਰ ਕੱਢ ਲਵੇ। ਸ਼ਾਇਦ ਵਿਛੋੜੇ ਦਾ ਦਰਦ ਵੀ ਦੁੱਧ ਦੇ ਉਬਾਲ ਵਾਂਗ ਇਕ ਵਾਰ ਉਮਡ ਕੇ ਠੱਲ੍ਹ ਜਾਵੇ। ਦੋ ਕੁ ਵਾਰ ਉਹ ਵਾਸ਼ਰੂਮ ਵਿਚਲੇ ਸ਼ੀਸ਼ੇ ਦੇ ਸਾਮ੍ਹਣੇ ਹੋਈ; ਜੈਂਪਰ ਦੇ ਗਲਮੇ ਨੂੰ ਪਾਸੇ ਕਰ ਕੇ ਗਰਦਣ ਉੱਤੇ ਪਏ ਝਰੀਟਾਂ ਦੇ ਨਿਸ਼ਾਨਾਂ ਨੂੰ ਦੇਖਿਆ; ਤਸਵੀਰ ਦੇ ਸਾਮ੍ਹਣੇ ਹੋਣ ਲੱਗੀ ਉਹ ਫਿਰ ਸਹਿਮ ਗਈ। ਡਰ ਉਸ ਨੂੰ ਤਸਵੀਰ ਤੋਂ ਨਹੀਂ, ਤਸਵੀਰ ਵਿਚਲੇ ਉਸ ਸ਼ਖ਼ਸ ਤੋਂ ਆ ਰਿਹਾ ਸੀ, ਜਿਹੜਾ ਇਸ ਵੇਲੇ ਇਸ ਜਹਾਨ ਵਿਚ ਨਹੀਂ ਸੀ ਰਿਹਾ।

ਬੱਚਿਆਂ ਦੇ ਕਮਰਿਆਂ ਦੀਆਂ ਸਾਰੀਆਂ ਵਸਤਾਂ ਥਾਉਂ-ਥਾਈਂ ਟਿਕਾ ਚੁੱਕਣ ਤੋਂ ਬਾਅਦ ਜਦੋਂ ਅੰਮ੍ਰਿਤ ਆਪਣੇ ਕਮਰੇ ਵੱਲ ਹੋਈ, ਉਹਦੇ ਪੈਰ ਦਰਵਾਜੇ ਵਿਚ ਹੀ ਜਾਮ ਹੋ ਗਏ। ਉਹਦੇ ਕਾਲਜੇ ਨੂੰ ਡੋਬੂ ਪੈਣ ਲੱਗੇ। ਕੋਈ ਚੀਜ਼ ਵੀ ਤਾਂ ਰੁਖ਼ ਸਿਰ ਨਹੀਂ ਸੀ। ਬਿਸਤਰੇ ਉੱਤੇ ਗੁੱਛਾ-ਮੁੱਛਾ ਹੋਈ ਪਈ ਰਜ਼ਾਈ ਨੂੰ ਦੇਖ ਕੇ ਅੰਮ੍ਰਿਤ ਨੂੰ ਲੱਗਿਆ, ਜਿਵੇਂ ਹੁਣੇ ਹੀ ਬਲਿਹਾਰ ਸਿੰਘ ਰਜ਼ਾਈ ਵਿੱਚੋਂ ਬਾਹਰ ਆ, ਉਸ ਨੂੰ ਇਕ ਵਾਰ ਫਿਰ ਗਲੋਂ ਫੜ ਲਵੇਗਾ ਤੇ ਆਪਣੀ ਪਕੜ ਪੀਡੀ, ਹੋਰ ਪੀਡੀ, ਕਰਦਾ ਹੋਇਆ ਆਖੇਗਾ, ‘ਲੈ … ਲੈ ਫੇਰ ਉਸਤਾਦ ਦਾ ਨਾਂ ਮੁੜ ਕੇ …’

ਭਾਵੇਂ ਉਸ ਦਿਨ ਅੰਮ੍ਰਿਤ ਨੇ ਦੁਬਾਰਾ ਉਸਤਾਦ ਦਾ ਨਾਂ ਨਹੀਂ ਸੀ ਲਿਆ, ਫਿਰ ਵੀ ਬਲਿਹਾਰ ਸਿੰਘ ਨੇ ਅੰਮ੍ਰਿਤ ਦੀ ਘੁੱਗੀ ਵਰਗੀ ਧੌਣ ਦੁਆਲਿਓਂ ਆਪਣੀ ਪਕੜ ਇਕਦਮ ਢਿੱਲੀ ਨਹੀਂ ਸੀ ਕੀਤੀ। ਨਹੁੰ ਖੁੱਭ ਕੇ ਝਰੀਟਾਂ ਪੈ ਗਈਆਂ ਸਨ। ਲਹੂ ਸਿੰਮ ਆਇਆ ਸੀ। ਇਹ ਪਕੜ ਤਾਂ ਉਦੋਂ ਢਿੱਲੀ ਹੋਈ ਸੀ, ਜਦੋਂ ਅੰਮ੍ਰਿਤ ਦੇ ਸੁਰਖ਼ ਚਿਹਰੇ ਦਾ ਰੰਗ ਪੀਲੇ ਤੋਂ ਬਾਅਦ ਨੀਲਾ ਪੈਣ ਲੱਗ ਪਿਆ ਸੀ।

ਅੰਮ੍ਰਿਤ ਤੋਂ ਇਹ ਭਿਆਨਕ ਆਲਮ ਗਵਾਰਾ ਨਾ ਹੋ ਸਕਿਆ। ਆਪਣਾ ਆਪਾ ਘਸੀਟਦੀ ਹੋਈ ਉਹ ਪੌੜੀਆਂ ਉੱਤਰ ਗਈ। ਗਰਦਣ ਉੱਤੇ ਪਏ ਝਰੀਟਾਂ ਦੇ ਨਿਸ਼ਾਨਾਂ ਨੂੰ ਪੋਟਿਆਂ ਨਾਲ ਪਲੋਸਦੀ ਹੋਈ ਤਸਵੀਰ ਦੇ ਸਨਮੁਖ ਹੋਈ ਤਾਂ ਆਪ ਮੁਹਾਰੇ ਉਹਦੇ ਮੂਹੋਂ ਨਿਕਲ ਗਿਆ, “ਆਹ ਦੇਖ! … ਦੇਖ ਆਹ ਆਪਣੀ ਕਰਤੂਤ! … ਉਸ ਦਿਨ … ਉਸ ਦਿਨ ਤੂੰ ਵਹਿਸ਼ੀ ਨਾ ਬਣ ਗਿਆ ਹੁੰਦਾ ਬੱਲ … ਮੈਂ … ਮੈਂ ਆਪਣਾ ਇਹ ਪੋਹਰਿਆ-ਪੋਹਰਿਆ ਕਰ ਕੇ ਬਣਾਇਆ ਆਹਲਣਾ ਛੱਡ ਕੇ ਕਦੇ ਨਾ ਜਾਂਦੀ … ਪਤਾ ਨਹੀਂ ਖਚਰ ਵਿੱਦਿਆ ਦੀ ਖੱਟੀ ਖਾਣ ਵਾਲੇ ਉਸਤਾਦ ਨੇ ਕੀ ਧੂੜ ਦਿੱਤਾ ਤੇਰੇ ਸਿਰ ਵਿਚ, ਤੂੰ ਉਸੇ ਦਾ ਹੋ ਕੇ ਰਹਿ ਗਿਆ। ਸਾਡੇ ਨਾਲੋਂ ਨਾਤਾ ਈ ਤੋੜ ਲਿਆ। ਜੇ ਕਿਤੇ ਝੂਠਿਓਂ ਸੱਚਿਓਂ ਵੀ ਅਵਾਜ਼ ਮਾਰਦਾ, ਮੈਂ ਖੰਭ ਲਾ ਕੇ ਉੱਡ ਆਉਂਦੀ … ਤੂੰ … ਤੂੰ ਤਾਂ ਡਾਲਰਾਂ ਪਿੱਛੇ ਬੱਸ … ਤੇਰੇ ਲਈ ਧੀ ਡਾਲਰ … ਪੁੱਤ ਡਾਲਰ … ਸਭ ਕੁਛ ਡਾਲਰ …” ਨੱਕ ਪੂੰਝ, ਗਲਾ ਸਾਫ ਕਰ ਕੇ ਅੰਮ੍ਰਿਤ ਫਿਰ ਡੁਸਕਣ ਲੱਗ ਪਈ, “ਔਲਾਦ ਤੇਰੀ ਮਾੜੀ ਨ੍ਹੀਂ … ਪੜ੍ਹਾਈ ਪੂਰੀ ਕਰ ਕੇ ਜੌਬਾਂ ਵਧੀਆ ਲੈ ਲੈਣਗੇ … ਕਮਾਈ ਬਥੇਰੀ ਕਰ ਲੈਣਗੇ … ਤੂੰ ਸਿੱਕਿਆਂ ਦੀ ਚਮਕ-ਦਮਕ ਪਿੱਛੇ ਲੱਗ ਕੇ ਕਿਉਂ ਭਟਕ ਗਿਆ ਚੰਦਰਿਆ! … ਦੱਸ … ਦੱਸ ਕਾਲੀ ਬੋਲੀ ਰਾਤ ਵਰਗੀ ਇਹ ਜਿ਼ੰਦਗੀ ਮੈਂ ਇਕੱਲੀ ਕਿਵੇਂ …?”

ਅੰਮ੍ਰਿਤ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਘਰਾਲਾਂ ਵਗ ਤੁਰੀਆਂ। ਵਿਰਲਾਪ ਕਰਦੀ ਹੋਈ ਉਹ ਕਦੋਂ, ਜਿੱਥੇ ਖੜ੍ਹੀ ਸੀ ਉੱਥੇ ਹੀ ਬਹਿ ਗਈ, ਉਹਨੂੰ ਕੁਝ ਪਤਾ ਨਹੀਂ ਲੱਗਾ। ਕਦੋਂ ਦੀ ਘੁਸਮੁਸੇ ਪਿੱਛੋਂ ਰਾਤ ਪੈ ਚੁੱਕੀ ਸੀ, ਉਹਨੂੰ ਇਹ ਵੀ ਸਾਰ ਨਹੀਂ ਸੀ। ਸੋਚਾਂ ਵਿਚ ਡੁੱਬੀ ਹੋਈ ਦੀ ਸੁਰਤੀ ਤਾਂ ਉਦੋਂ ਉੱਖੜੀ, ਜਦੋਂ ਦਰਵਾਜੇ ਦੀ ਘੰਟੀ ਖੜਕੀ। ਇਹ ਵਿਚਾਰ ਮਨ ਵਿਚ ਆਉਣ ਤੋਂ ਪਹਿਲਾਂ ਕਿ ਇੰਨੇ ਕੁਵੇਲੇ ਉਹਨੂੰ ਦਰਵਾਜਾ ਖੋਲ੍ਹਣਾ ਚਾਹੀਦਾ ਹੈ ਜਾਂ ਨਹੀਂ, ਉਹਨੇ ਉੱਠ ਕੇ ਦਰਵਾਜਾ ਖੋਲ੍ਹ ਦਿੱਤਾ। ਅੱਗੇ ਉਸਤਾਦ ਖੜ੍ਹਾ ਸੀ। ਬਦਹਵਾਸ ਹੋਈ ਅੰਮ੍ਰਿਤ ਦੇ ਮੂਹੋਂ ਅਜੇ ਇਕ ਬੋਲ ਵੀ ਨਹੀਂ ਸੀ ਨਿਕਲਿਆ ਕਿ ਉਸਤਾਦ ਅੰਦਰ ਲੰਘ ਆਇਆ ਅਤੇ ਸੋਫੇ ਉੱਤੇ ਆਸਣ ਜਮਾ ਕੇ ਬਹਿ ਗਿਆ।

ਅੰਮ੍ਰਿਤ ਦੀ ਕੋਠੀ ਧੜਕਣ ਲੱਗ ਪਈ। ਘਬਰਾਹਟ ਦਾ ਭੋਰਾ-ਮਾਸਾ ਪ੍ਰਗਟਾਵਾ ਕੀਤੇ ਬਗੈਰ ਉਹ ਆਖਣ ਲੱਗੀ, “ਵੀਰ ਜੀ, ਆਉਣ ਤੋਂ ਪਹਿਲਾਂ ਟੈਲੀਫੂਨ ਕਰ ਲੈਣਾ ਸੀ?”

“ਅੰਮ੍ਰਿਤ ਜੀ, … ਸੋਚਿਆ, ਕਿਹੜਾ ਓਪਰਾ ਥਾਂ ਐਂ … ਆਪਣਾ ਈ ਘਰ ਐ।”

“ਵੀਰ ਜੀ, ਇੰਨੀਂ ਰਾਤ ਗਈ ਆਉਣ ਦਾ ਸਬੱਬ?”

“ਅੰਮ੍ਰਿਤ ਜੀ, … ਸ਼ਾਮੀਂ ਇੱਧਰੋਂ ਲੰਘਿਆ ਸਾਂ। ਬੱਤੀ ਜਗਦੀ ਦੇਖੀ ਸੀ … ਸੋਚਿਆ ਦੋ ਘੜੀਆਂ …।”

ਉਸਤਾਦ ਦੇ ਇਹ ਬੋਲ ਅੰਮ੍ਰਿਤ ਦਾ ਸੀਨਾ ਚੀਰਦੇ ਹੋਏ ਧੁਰ ਅੰਦਰ ਤੀਕ ਲਹਿ ਗਏ। ਲਹੂ-ਲੁਹਾਣ ਹੋਈ ਉਹ ਸ਼ੀਹਣੀ ਵਾਂਗ ਚੰਘਾੜਨਾ ਚਾਹੁੰਦੀ ਹੋਈ ਵੀ ਆਪਣੇ ਆਪੇ ਉੱਤੇ ਕਾਬੂ ਪਾ ਕੇ ਆਖਣ ਲੱਗੀ, “ਵੀਰ ਜੀ, ਟੀਵੀ ਤਾਂ ਕਦੇ-ਕਦਾਈਂ ਦੇਖਦੇ ਹੀ ਹੋਵੋਗੇ?”

“ਹਾਂਅ … ਉਹ ਤਾਂ ਰੋਜ਼ ਦੇਖਦੇ ਹਾਂ। ਦਿੱਲੀ ਦੱਖਣ ਦੀ ਖਬਰ ਰੱਖੀਦੀ ਐ ਕਿ …”

“ਤਾਂ ਫਿਰ ਵੈਨਕੂਵਰ ਵਿਚ ਮਾਰੀਆਂ ਗਈਆਂ ਕੁੜੀਆਂ ਬਾਰੇ ਵੀ ਕੁਛ ਪਤਾ ਹੋਊ?”

“ਅੰਮ੍ਰਿਤ ਜੀ, ਛੱਡੋ ਪਰੇ। ਕੀ ਵਿਆਹ ਵਿਚ ਬੀ ਦਾ ਰੌਲਾ ਪਾਉਣ ਲੱਗੇ ਓ?”

“ਵੀਰ ਜੀ, ਮੈਂ ਵਿਆਹ ਵਿਚ ਬੀ ਦਾ ਰੌਲਾ ਨਹੀਂ ਪਾਉਣ ਲੱਗੀ, ਮੈਂ ਤਾਂ ਸਗੋਂ ਬੀ ਦੇ ਰੌਲੇ ਵਿਚ ਵਿਆਹ ਦੀ ਗੱਲ ਕਰਨ ਲੱਗੀ ਹਾਂ। ਟਾਲ-ਮਟੋਲ ਛੱਡੋ, ਮੇਰੀ ਗੱਲ ਦਾ ਜਵਾਬ ਦਿਓ।”

ਉਸਤਾਦ ਖਿਝ ਗਿਆ, “ਇੰਨਾਂ ਹੇਰਵਾ ਕਰ ਰਹੀ ਐਂ ਉਨ੍ਹਾਂ ਕੁੜੀਆਂ ਦਾ, ਕੋਈ ਸਕੀਰੀ ਸੀ ਤੇਰੀ ਉਨ੍ਹਾਂ ਨਾਲ?”

“ਇਕ ਧੀ ਦੀ ਮਾਂ ਹਾਂ। ਉਹ ਵੀ ਕਿਸੇ ਦੀਆਂ ਧੀਆਂ ਸਨ। ਸਕੀਰੀ ਤਾਂ ਹੋਈ ਹੀ। ਪਰ ਸਵਾਲ ਇੱਥੇ ਸਕੀਰੀ ਦਾ ਨਹੀਂ, ਸਵਾਲ ਇਹ ਐ ਪਈ ਬਚਾਈਆਂ ਜਾਣੀਆਂ ਚਾਹੀਦੀਆਂ ਸਨ ਕਿ ਨਹੀਂ?” ਅੰਮ੍ਰਿਤ ਨੇ ਧੀਰਜ ਦਾ ਪੱਲਾ ਨਹੀਂ ਛੱਡਿਆ।

“ਆਖ ਤਾਂ ਐਂਝ ਰਹੀ ਐਂ, ਜਿਵੇਂ ਉਨ੍ਹਾਂ ਨੂੰ ਬਚਾਉਣਾ ਮੇਰੀ ਜਿ਼ੰਮੇਵਾਰੀ ਬਣਦੀ ਹੋਵੇ?”

“ਉਨ੍ਹਾਂ ਨੂੰ ਬਚਾਉਣਾ ਕਿਸ ਦੀ ਜਿ਼ੰਮੇਵਾਰੀ ਬਣਦੀ ਸੀ, ਮੈਂ ਇਸ ਬਹਿਸ ਵਿਚ ਨਹੀਂ ਪੈਂਦੀ; ਪਰ ਮੈਨੂੰ ਇਹ ਦੱਸ ਮਿਸਟਰ, ਮਿੰਦੀ ਅਤੇ ਪਿੰਦੀ ਨੂੰ ਬਚਾਉਣਾ ਤੇਰੀ ਜਿ਼ੰਮੇਵਾਰੀ ਬਣਦੀ ਐ, ਜਾਂ ਨਹੀਂ?”

ਉਸਤਾਦ ਦੇ ਸਿਰ ਵਿਚ ਭੜਾਕਾ ਜਿਹਾ ਹੋਇਆ। ਸਰੀਰ ਕੱਚਾ ਪੈਣ ਲੱਗਾ। ਕੰਨਾਂ ਵਿਚ ਸਾਂ-ਸਾਂ ਹੋਣ ਲੱਗ ਪਈ। ਉੱਥੋਂ ਭੱਜ ਜਾਣਾ ਚਾਹੁੰਦਾ ਹੋਇਆ ਵੀ ਉਹ, ਹੌਲੀ-ਹੌਲੀ ਪੈਰ ਘਸੀਟਦਾ ਮਸਾਂ ਨਿਕਲਿਆ।

* * * * * *

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 29 ਅਕਤੂਬਰ 2005)
(ਦੂਜੀ ਵਾਰ  12 ਮਾਰਚ 2022)

***
678

About the author

ਅਵਤਾਰ ਗਿੱਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ