24 April 2024

ਲੰਗੜੇ ਕਤੂਰੇ – ਅਮਰਜੀਤ ਕੌਰ ਪੰਨੂੰ

ਲੰਗੜੇ ਕਤੂਰੇ

ਅਮਰਜੀਤ ਕੌਰ ਪੰਨੂੰ

“ਗੈਟ ਅੱਪ ਡੈਨੀ …! ਯੂ ਸਲੀਪ ਲਾਈਕ ਏ ਪਿੱਗ … ਸੂਰ ਵਾਂਗਰ ਸੁੱਤਾ ਰਹਿੰਦਾ ਏਂ ਤੂੰ …” ਚਰਚ ਦੇ ਪਾਦਰੀ ਫਾਦਰ ਵਿਲੀਅਮ ਨੇ ਗੁੱਸੇ ਨਾਲ ਡੈਨੀ ਦਾ ਮੋਢਾ ਝੰਜੋੜਿਆ।

ਡੈਨੀ ਥੋੜ੍ਹਾ ਜਿਹਾ ਹਿੱਲਜੁਲ ਕੇ ਮੂੰਹ ਦੂਜੇ ਪਾਸੇ ਫੇਰ ਕੇ ਮੁੜ ਸੌਂ ਗਿਆ।

ਗੁੱਸੇ ਨਾਲ ਫੁੰਕਾਰਦੇ ਹੋਏ ਫਾਦਰ ਵਿਲੀਅਮ ਨੇ ਡੈਨੀ ਨੂੰ ਘਸੀਟ ਕੇ ਬਿਸਤਰੇ ਵਿੱਚੋਂ ਬਾਹਰ ਵਗਾਹ ਮਾਰਿਆ ਤੇ ਬੁੜਬੁੜਾਉਂਦਾ ਹੋਇਆ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਅੱਖਾਂ ਮਲਦਾ ਹੋਇਆ ਡੈਨੀ ਚੁੱਪ-ਚਾਪ ਫਰਸ਼ ਤੋਂ ਉੱਠਿਆ ਤੇ ਇੱਕ ਲੰਗੜੇ ਕਤੂਰੇ ਵਾਂਗਰ ਲੱਤਾਂ ਘਸੀਟਦਾ ਹੋਇਆ ਬਾਥਰੂਮ ਵੱਲ ਨੂੰ ਹੋ ਤੁਰਿਆ।

ਹਰ ਐਤਵਾਰ ਸੂਰਜ ਦੀ ਪਹਿਲੀ ਕਿਰਨ ਤਕਰੀਬਨ ਏਸੇ ਤਰ੍ਹਾਂ ਹੀ ਡੈਨੀ ਦਾ ਸਵਾਗਤ ਕਰਦੀ। ਹਰ ਐਤਵਾਰ ਡੈਨੀ ਸਵੇਰੇ ਤਿਆਰ ਹੋ ਕੇ ਚਰਚ ਦੇ ਵੱਡੇ ਹਾਲ ਵਿੱਚ ਜਾ ਬੈਠਦਾ। ਲੋਕ ਆਉਣੇ ਸ਼ੁਰੂ ਹੁੰਦੇ … ਇਕ ਇਕ ਕਰਕੇ … ਦੋ ਦੋ ਕਰਕੇ ਤੇ ਕਈ ਪਰਵਾਰਾਂ ਸਮੇਤ ਆਉਂਦੇ। ਅੰਦਰਲੇ ਹਾਲ ਵਿੱਚ ਸੂਲੀ ਤੇ ਚੜ੍ਹੇ ਜੀਜ਼ਸ ਦੇ ਬੁੱਤ ਸਾਹਮਣੇ ਬੈਂਚਾਂ ਤੇ ਬੈਠਦੇ ਜਾਂਦੇ। ਕੋਈ ਜੀਜ਼ਸ ਦੇ ਬੁੱਤ ਵੱਲ ਵੇਖਦਾ … ਤੇ ਕੋਈ ਬੁੱਤ ਬਣੇ ਬੈਠੇ ਡੈਨੀ ਵੱਲ।

… ਤੇ ਫੇਰ ਫਾਦਰ ਵਿਲੀਅਮ ਹਾਲ ਵਿੱਚ ਪ੍ਰਵੇਸ਼ ਕਰਦਾ।

ਉਸਦੇ ਚਿਹਰੇ ਤੇ ਕੋਈ ਅਦੁੱਤੀ ਜਲੌ … ਆਵਾਜ਼ ਵਿੱਚ ਸ਼ਹਿਦ ਜਿਹੀ ਮਿਠਾਸ ਤੇ ਉਸਦੇ ਬੋਲਾਂ ਵਿੱਚ ਨਿਮਰਤਾ ਹੀ ਨਿਮਰਤਾ … ਤੇ ਉਹ ਆਖਦਾ … “ਜੀਜ਼ਸ ਦੁਨੀਆਂ ਦਾ ਚਾਨਣ ਹੈ … ਜੀਜ਼ਸ ਮਨੁੱਖਤਾ ਦਾ ਰਖਵਾਲਾ ਹੈ …।” ਤੇ ਹੋਰ ਕਿੰਨਾ ਕੁਝ ਉਹ ਆਖਦਾ। ਉਸਦੀ ਸਪੀਚ ਉਲਝੇ ਹੋਏ ਮਨਾਂ ਨੂੰ ਸੇਧ ਦੇਂਦੀ … ਬੁਝ ਚੁੱਕੇ ਦਿਲਾਂ ਦੇ ਚਿਰਾਗ ਮੁੜ ਜਗਾ ਦੇਂਦੀ … ਭਟਕੇ ਹੋਇਆਂ ਨੂੰ ਰਾਹੇ ਪਾਉਂਦੀ। ਗਿਰਜੇ ਦਾ ਹਾਲ ਤਾੜੀਆਂ ਨਾਲ ਗੂੰਜ ਉੱਠਦਾ, ਤੇ ਫੇਰ ਉਹ ਡੈਨੀ ਵੱਲ ਇਸ਼ਾਰਾ ਕਰਕੇ ਆਖਦਾ, “ਇਹ ਬੱਚੇ ਗੰਦਗੀ ਦਾ ਕੀੜਾ ਨਹੀਂ … ਇਹ ਮਨੁੱਖਤਾ ਦਾ ਭਵਿੱਖ ਹਨ …”

ਏਸ ਤਰ੍ਹਾਂ ਫੇਰ ਮਨੁੱਖਤਾ ਦੇ ਭਵਿੱਖ ਬਾਰੇ ਉਸਦਾ ਦੂਸਰਾ ਲੈਕਚਰ ਸ਼ੁਰੂ ਹੋ ਜਾਂਦਾ।

ਪਰ ਡੈਨੀ ਨੂੰ ਇਹ ਸਾਰਾ ਕੁਝ ਉੱਕਾ ਹੀ ਨਾ ਸੁਣਦਾ। ਉਹ ਇੰਜ ਬੈਠਾ ਰਹਿੰਦਾ ਜਿਵੇਂ ਸਭ ਕਾਸੇ ਤੋਂ ਦੂਰ ਆਪਣੀ ਇਕ ਵੱਖਰੀ ਹੀ ਦੁਨੀਆਂ ਵਿੱਚ ਪਹੁੰਚਿਆ ਹੋਇਆ ਹੋਵੇ। ਫਾਦਰ ਵਿਲੀਅਮ ਦੇ ਭਾਸ਼ਨ ਅਤੇ ਲੋਕਾਂ ਦੀਆਂ ਤਾੜੀਆਂ ਦਾ ਉਸ ਉੱਤੇ ਕੋਈ ਅਸਰ ਨਾ ਹੁੰਦਾ। ਲੋਕ ਰੱਜ ਕੇ ਦਾਨ ਦੇਂਦੇ ਤੇ ਚਰਚ ਤੋਂ ਬਾਹਰ ਜਾ ਕੇ ਕੋਈ ਆਖਦਾ, “ਫਾਦਰ ਵਿਲੀਅਮ ਤਾਂ ਆਪ ਮਸੀਹਾ ਹੈ …”

“ਇਹ ਤਾਂ ‘ਰੱਬ ਦਾ ਰੂਪ’ ਹੈ…”

ਤੇ ਕੋਈ ਆਖਦਾ, “ਇਹ ਮਨੁੱਖਤਾ ਦੇ ਭਵਿੱਖ ਦੇ ਲੇਲਿਆਂ ਦਾ ਚਾਰਵਾਹਾ ਹੈ …”

ਫਾਦਰ ਵਿਲੀਅਮ ਦੇ ਦੋ ਰੂਪ ਸਨ … ਰੂਪ ਤਾਂ ਪਤਾ ਨਹੀਂ ਉਸਦੇ ਕਿੰਨੇ ਕੁ ਸਨ, ਪਰ ਡੈਨੀ ਨੂੰ ਉਸਦੇ ਦੋ ਰੂਪਾਂ ਦਾ ਹੀ ਪਤਾ ਸੀ। ਇਕ ਚਰਚ ਦੇ ਵੱਡੇ ਹਾਲ ਵਿੱਚ ਲੋਕਾਂ ਸਾਹਮਣੇ ਲੈਕਚਰ ਦੇਣ ਵਾਲਾ ਰੂਪ … ਤੇ ਦੂਜਾ … ਫਾਦਰ ਵਿਲੀਅਮ ਨੂੰ ਜਿਵੇਂ ਕੋਈ ਜਿੰਨ ਚੰਬੜ ਜਾਂਦਾ … ਉਹ ਭੁੱਖੇ ਬਘਿਆੜ ਵਾਂਗ ਡੈਨੀ ਦੀਆਂ ਬੋਟੀਆਂ ਨੋਚਦਾ ਤੇ ਆਪਣੀ ਹਵਸ ਪੂਰੀ ਕਰਦਾ। ਪਰ ਡੈਨੀ ਇਸ ਬਾਰੇ ਕਿਸੇ ਕੋਲ ਧੂੰ ਵੀ ਨਾ ਕੱਢ ਸਕਦਾ।

ਸਕੂਲ ਵਿੱਚ ਵੀ ਡੈਨੀ ਦਾ ਕੋਈ ਦੋਸਤ ਨਹੀਂ ਸੀ। ਉਹ ਆਪ ਹੀ ਕਿਸੇ ਨਾਲ ਗੱਲ ਨਹੀਂ ਸੀ ਕਰਦਾ। ਉਸ ਨੂੰ ਜਾਪਦਾ ਜਿਵੇਂ ਕੋਈ ਵੀ ਉਸਦਾ ਮਦਦਗਾਰ ਨਹੀਂ ਸੀ। ਸਕੂਲ ਤੋਂ ਛੁੱਟੀ ਹੋਣ ਸਾਰ ਹੀ ਉਹ ਸਿੱਧਾ ਆਪਣੇ ਕਮਰੇ ਵਿੱਚ ਜਾਂਦਾ। ਸਕੂਲ ਦੀ ਲਾਇਬ੍ਰੇਰੀ ਵਿੱਚੋਂ ਲਈਆਂ ਕਿਤਾਬਾਂ ਪੜ੍ਹਦਾ ਰਹਿੰਦਾ ਜਾਂ ਫਿਰ ਚਰਚ ਦੇ ਪਿਛਵਾੜੇ ਵਾਲੇ ਗਾਰਡਨ ਵਿਚ ਸਮਾਂ ਬਤੀਤ ਕਰਦਾ। ਦਸਾਂ ਵਰ੍ਹਿਆਂ ਦੇ ਡੈਨੀ ਦੀ ਦੁਨੀਆਂ ਇਸ ਗਾਰਡਨ ਵਿੱਚ ਸੀ। ਪੰਛੀ ਉਸਦੇ ਦੋਸਤ ਸਨ ਤੇ ਰੁੱਖਾਂ ਨਾਲ ਉਸਦੀ ਸਾਂਝ ਸੀ।

ਗਾਰਡਨ ਵਿੱਚ ਕਿੰਨੀਆਂ ਹੀ ਕਿਸਮਾਂ ਦੇ ਰੁੱਖ ਸਨ। ਕੁਝ ਚੀੜ ਦੇ ਰੁੱਖ … ਕੁਝ ਬਰਚ ਦੇ ਰੁੱਖ … ਕੁਝ ਪੌਪਲਰ ਅਤੇ ਕੁਝ ਮੇਪਲ ਦੇ ਰੁੱਖ। ਰੁੱਖਾਂ ਦੀਆਂ ਟਾਹਣੀਆਂ ਨੂੰ ਡੈਨੀ ਪਲੋਸਦਾ, ਰੁੱਖਾਂ ਦੇ ਪੱਤਿਆਂ ਨੂੰ ਨੀਝ ਲਾ ਕੇ ਵੇਖਦਾ … ਹਵਾ ਨਾਲ ਹਿੱਲਦੇ ਰੁੱਖਾਂ ਵੱਲ ਵੇਖਕੇ ਉਹ ਝੂਮ ਉੱਠਦਾ ਤੇ ਉਸਦਾ ਨਿੱਕਾ ਜਿਹਾ ਆਪਾ ਇਸ ਸੁਹਾਣੀ ਕੁਦਰਤ ਨਾਲ ਇੱਕ-ਮਿੱਕ ਹੋ ਜਾਂਦਾ।

ਗਾਰਡਨ ਦੀ ਖੱਬੀ ਨੁੱਕਰ ਲਾਗੇ ਇੱਕ ਵਿੱਲੋ ਦਾ ਰੁੱਖ ਸੀ ਜੋ ਸਾਰਿਆਂ ਤੋਂ ਪਰੇ ਕਰਕੇ ਇਕੱਲਾ ਹੀ ਉੱਗਿਆ ਹੋਇਆ ਸੀ। ਇਸ ਰੁੱਖ ਦੀਆਂ ਬਰੀਕ ਬਰੀਕ ਟਾਹਣੀਆਂ ਆਪਣੇ ਨਿੱਕੇ-ਨਿੱਕੇ ਪੱਤਿਆਂ ਦਾ ਭਾਰ ਨਾ ਸਹਿੰਦੀਆਂ ਹੋਈਆਂ ਹੇਠਾਂ ਵੱਲ ਨੂੰ ਝੁਕੀਆਂ ਹੋਈਆਂ ਸਨ ਜਿਵੇਂ ਮੁੜ ਧਰਤੀ ਵਿੱਚ ਧਸ ਜਾਣਾ ਚਾਹੁੰਦੀਆਂ ਹੋਣ। ਲੋਕ ਇਸ ਰੁੱਖ ਨੂੰ ‘ਵੀਪਿੰਗ ਵਿੱਲੋ’ ਆਖਦੇ ਹਨ। ਪਰ ਡੈਨੀ ਨੂੰ ਇਸ ਰੁੱਖ ਕੋਲੋਂ ਜਿਵੇਂ ਕੋਈ ਨਿੱਘ ਜਿਹਾ ਮਿਲਦਾ। ਪਤਾ ਨਹੀਂ ਕਿਉਂ ਇਹ ਰੁੱਖ ਉਸ ਨੂੰ ਆਪਣੀ ਮਾਂ ਦਾ ਭੁਲੇਖਾ ਪਾਉਂਦਾ …।

… ਕਿੰਨੀ ਅਜੀਬ ਸੀ ਉਸਦੀ ਮਾਂ … ਕਦੇ ਤਾਂ ਡੈਨੀ ਨੂੰ ਆਪਣੀ ਛਾਤੀ ਨਾਲ ਇੰਜ ਘੁੱਟਦੀ ਜਿਵੇਂ ਡੈਨੀ ਨੂੰ ਉਸ ਕੋਲੋਂ ਕੋਈ ਖੋਹ ਰਿਹਾ ਹੋਵੇ … ਪਰ ਅਗਲੇ ਹੀ ਪਲ ਪਤਾ ਨਹੀਂ ਉਸ ਨੂੰ ਕੀ ਹੋ ਜਾਂਦਾ … ਤੇ ਉਹ ਡੈਨੀ ਨੂੰ ਇਕਦਮ ਪਰੇ ਧਕੇਲ ਦੇਂਦੀ ਜਿਵੇਂ ਕਿਸੇ ਨੇ ਭਖਦਾ ਅੰਗਿਆਰ ਉਸਦੀ ਬੁੱਕਲ ਵਿੱਚ ਧਰ ਦਿੱਤਾ ਹੋਵੇ … ਤੇ ਉਹ ਢਿੱਲੀਆਂ ਜਿਹੀਆਂ ਲੱਤਾਂ ਵਾਲੇ ਡਿੱਕੋ-ਡੋਲੇ ਖਾਂਦੇ ਮੇਜ ਤੇ ਸਿਰ ਸੁੱਟ ਕੇ ਪੈ ਜਾਂਦੀ।

ਕਦੇ ਜ਼ਾਰੋ-ਜ਼ਾਰ ਰੋਂਦੀ ਤੇ ਕਦੇ ਬੇਸੁੱਧ ਜਿਹੀ ਹੋਈ ਪਈ ਰਹਿੰਦੀ। ਉਸਦੇ ਵਾਲ ਉਸਦੇ ਮੂੰਹ ਅੱਗੇ ਆ ਪੈਂਦੇ ਤੇ ਉਸਦਾ ਚਿਹਰਾ ਕੱਜ ਲੈਂਦੇ। ਡੈਨੀ ਬਿਟ-ਬਿਟ ਉਸ ਵਲ ਝਾਕਦਾ … ਕਦੇ ਸਹਿਮ ਕੇ ਬੈਠਾ ਰਹਿੰਦਾ ਤੇ ਕਦੇ ਉੱਠ ਕੇ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਉਸਦੇ ਚਿਹਰੇ ਤੋਂ ਵਾਲ ਹਟਾਉਂਦਾ ਤੇ ਉਸਦੇ ਅੱਥਰੂ ਪੂੰਝਦਾ। ਉਹ ਫੇਰ ਡੈਨੀ ਨੂੰ ਛਾਤੀ ਨਾਲ ਲਾ ਲੈਂਦੀ … ਉਸਦਾ ਮੱਥਾ ਚੁੰਮਦੀ … ਉਸਦੀਆਂ ਅੱਖਾਂ ਚੁੰਮਦੀ ਤੇ ਉਸਦੇ ਨਿੱਕੇ-ਨਿੱਕੇ ਹੱਥ ਕਦੇ ਆਪਣੀਆਂ ਅੱਖਾਂ ਨਾਲ ਛੁਹਾਉਂਦੀ ਤੇ ਕਦੇ ਆਪਣੇ ਬੁੱਲ੍ਹਾਂ ਨਾਲ।

ਡੈਨੀ ਨੂੰ ਜਾਪਦਾ ਜਿਵੇਂ ਗਾਰਡਨ ਵਿਚਲੇ ਵਿੱਲੋ ਰੁੱਖ ਦੀਆਂ ਪਤਲੀਆਂ ਪਤਲੀਆਂ ਟਾਹਣੀਆਂ ਉਸਦੀ ਮਾਂ ਵਾਂਗਰ ਸਿਰ ਸੁੱਟੀ ਰੋ ਰਹੀਆਂ ਹੋਣ। ਉਹ ਹੇਠਾਂ ਲਟਕਦੀਆਂ ਟਾਹਣੀਆਂ ਪਰੇ ਹਟਾਉਂਦਾ, ਜਿਵੇਂ ਆਪਣੀ ਰੋ ਰਹੀ ਮਾਂ ਦੇ ਚਿਹਰੇ ਤੋਂ ਵਾਲ ਹਟਾ ਰਿਹਾ ਹੋਵੇ … ਤੇ ਕੁਝ ਪਲਾਂ ਲਈ ਉਹ ਰੁੱਖ ਦੇ ਅੰਦਰ ਸਮਾ ਜਾਂਦਾ … ਕੁਝ ਪਲਾਂ ਲਈ ਉਹ ਫਾਦਰ ਵਿਲੀਅਮ ਦੀ ਦੁਨੀਆਂ ਤੋਂ ਅਲੋਪ ਹੋ ਜਾਂਦਾ।

ਪਰ ਫੇਰ ਉਸ ਨੂੰ ਆਪਣੀ ਮਾਂ ਦਾ ਉਹ ਰੂਪ ਯਾਦ ਆਉਂਦਾ ਜਦ ਕਿਸੇ ਕਿਸੇ ਦਿਨ ਉਹ ਦੁਪਹਿਰ ਹੀ ਸ਼ਰਾਬ ਦੀ ਬੋਤਲ ਖੋਹਲ ਬੈਠਦੀ … ਸਾਰਾ ਦਿਨ ਪੀਂਦੀ ਤੇ ਨਾਲੇ ਆਪਣੇ ਬਾਪ ਨੂੰ ਗਾਲ਼ਾਂ ਦੇਂਦੀ। ਉਸ ਦਿਨ ਉਹ ਆਪਣੀ ਮਾਂ ਕੋਲੋਂ ਡਰਦਾ ਇੱਕ ਖੂੰਜੇ ਵਿੱਚ ਬੈਠਾ ਰਹਿੰਦਾ। ਪਰ ਅਗਲੇ ਦਿਨ ਫੇਰ ਉਹ ਡੈਨੀ ਨੂੰ ਆਪਣੀ ਹਿੱਕ ਨਾਲ ਘੁੱਟ ਲੈਂਦੀ ਤੇ ਉਸਦੇ ਹੱਥ ਚੁੰਮਦੀ।

… ਤੇ ਫੇਰ ਇੱਕ ਆਦਮੀ ਰਹਿਣ ਲੱਗ ਪਿਆ ਸੀ ਉਨ੍ਹਾਂ ਦੇ ਘਰ। ਉਸਦੇ ਡੌਲਿਆਂ ਤੇ ਛਾਤੀ ਉੱਤੇ ਕਈ ਕਿਸਮਾਂ ਦੇ ਡਰਾਉਣੇ ਜਹੇ ‘ਟੈਟੂ’ ਉੱਕਰੇ ਹੋਏ ਸਨ। ਉਸਦੀਆਂ ਅੱਖਾਂ ਵਿਚ ਉੱਭਰੇ ਹੋਏ ਲਾਲ ਡੋਰੇ ਤੇ ਵੱਡੀਆਂ ਵੱਡੀਆਂ ਕੱਕੀਆਂ ਮੁੱਛਾਂ ਵੱਲ ਵੇਖ ਕੇ ਡੈਨੀ ਭੈਅ ਨਾਲ ਇਕੱਠਾ ਜਿਹਾ ਹੋ ਜਾਂਦਾ। ਉਹ ਆਦਮੀ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਕਿੰਨਾ ਨਿੱਕ-ਸੁੱਕ ਜਿਹਾ ਨਿੱਕੀਆਂ ਨਿੱਕੀਆਂ ਪੁੜੀਆਂ ਵਿਚ ਲੈ ਕੇ ਆਉਂਦਾ। ਕਈ ਵੇਰ ਤਾਂ ਆਉਂਦਿਆਂ ਹੀ ਉਸਦੀ ਮਾਂ ਨੂੰ ਏਨੇ ਜ਼ੋਰ ਨਾਲ ਗਲਵੱਕੜੀ ਵਿੱਚ ਘੁੱਟਦਾ ਕਿ ਉਸਦਾ ਸਾਹ ਬੰਦ ਹੋਣ ਤੱਕ ਚਲਿਆ ਜਾਂਦਾ … ਤੇ ਕਈ ਵੇਰ ਸ਼ਰਾਬ ਪੀ ਕੇ ਉਸਦੀ ਮਾਂ ਨੂੰ ਲੱਤਾਂ ਮੁੱਕਿਆਂ ਨਾਲ ਕੁੱਟਦਾ।

ਡੈਨੀ ਆਪਣੀਆਂ ਨਿੱਕੀਆਂ ਨਿੱਕੀਆਂ ਮੁੱਕੀਆਂ ਨਾਲ ਉਸ ਨੂੰ ਪਰੇ ਧਕੇਲਣ ਦਾ ਯਤਨ ਕਰਦਾ, ਪਰ ਉਹ ਤਾਂ ਹੱਟੇ-ਕੱਟੇ ਦੈਂਤ ਵਰਗਾ ਸੀ … ਤੇ ਫੇਰ ਇਕ ਦਿਨ ਝਟਕੇ ਨਾਲ ਉਸ ਡੈਨੀ ਨੂੰ ਪਰ੍ਹਾਂ ਵਗਾਹ ਮਾਰਿਆ। ਡੈਨੀ ਦਾ ਸਿਰ ਮੇਜ਼ ਦੀ ਨੁੱਕਰ ਵਿੱਚ ਵੱਜਣ ਨਾਲ ਸਭ ਪਾਸੇ ਚੁੱਪ ਤੇ ਹਨੇਰਾ ਛਾ ਗਿਆ।

ਜਦ ਡੈਨੀ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਇੱਕ ਪਿਆਰੇ ਜਿਹੇ ਮੂੰਹ ਵਾਲੀ ਨਰਸ ਉਸ ਕੋਲ ਬੈਠੀ ਸੀ। ਡੈਨੀ ਜਿਵੇਂ ਨੀਂਦ ਤੋਂ ਜਾਗਿਆ ਹੋਵੇ, ਪਰ ਉਸਦੇ ਸਿਰ ਵਿੱਚ ਚੀਸਾਂ ਪੈ ਰਹੀਆਂ ਸਨ। ਨਰਸ ਨੇ ਡੈਨੀ ਦਾ ਸਿਰ ਪਲੋਸ ਕੇ ਆਖਿਆ, “ਡੈਨੀ ਡਰਨ ਦੀ ਲੋੜ ਨਹੀਂ, ਏਥੇ ਹੁਣ ਤੈਨੂੰ ਕੋਈ ਖਤਰਾ ਨਹੀਂ।”

ਡੈਨੀ ਨੇ ਆਪਣੀ ਮਾਂ ਬਾਰੇ ਪੁੱਛਣਾ ਚਾਹਿਆ ਪਰ ਉਹ ਬੋਲ ਨਾ ਸਕਿਆ ਤੇ ਬਿਸਤਰੇ ਤੇ ਪਿਆ ਆਪਣੀ ਮਾਂ ਨੂੰ ਉਡੀਕਣ ਲੱਗਾ … ਪਰ ਉਹ ਨਾ ਆਈ। ਤੇ ਕੁਝ ਦਿਨਾਂ ਪਿੱਛੋਂ ਫਾਦਰ ਵਿਲੀਅਮ ਡੈਨੀ ਨੂੰ ਹਸਪਤਾਲ ਵਿੱਚੋਂ ਇਸ ਚਰਚ ਵਿੱਚ ਲੈ ਆਇਆ ਤੇ ਹੁਣ ਦੋ ਸਾਲ ਹੋ ਗਏ ਸਨ ਡੈਨੀ ਨੂੰ ਏਸ ਪਾਦਰੀ ਕੋਲ ਰਹਿੰਦਿਆਂ।

ਸ਼ੁਰੂ ਵਿੱਚ ਜਦ ਉਸ ਨੇ ਪਾਦਰੀ ਨੂੰ ਆਪਣੀ ਮਾਂ ਬਾਰੇ ਪੁੱਛਿਆ ਉਹ ਕਹਿਣ ਲੱਗਾ, “ਯੋਅਰ ਮਦਰ? … ਸ਼ੀ ਇਜ਼ ਇਨ ਜੇਲ੍ਹ … ਪਰ ਤੂੰ ਹੁਣ ਏਥੇ ਹੀ ਰਹੇਂਗਾ … ਮੇਰੇ ਕੋਲ।”

ਡੈਨੀ ਗੁੱਸੇ ਵਿੱਚ ਚੀਕਿਆ, “ਸ਼ੀ ਇਜ਼ ਨੌਟ ਏ ਬਿੱਚ!” ਪਰ ਫਾਦਰ ਵਿਲੀਅਮ ਦੀਆਂ ਅੱਖਾਂ ਵਿਚ ਅੰਗਿਆਰੇ ਤੱਕ ਕੇ ਚੁੱਪ ਹੋ ਗਿਆ। ਉਸ ਦਿਨ ਤੋਂ ਬਾਅਦ ਉਸ ਕਦੇ ਵੀ ਆਪਣੀ ਮਾਂ ਬਾਰੇ ਨਾ ਪੁੱਛਿਆ। ਪਰ ਧਿਆਨ ਉਸਦਾ ਹਮੇਸ਼ਾ ਆਪਣੀ ਮਾਂ ਵੱਲ ਰਹਿੰਦਾ। ਉਸਦਾ ਮਾਸੂਮ ਦਿਲ ਇਹ ਸਮਝਣ ਵਿੱਚ ਅਸਮਰਥ ਸੀ ਕਿ ਕਿਉਂ ਲੋਕ ਉਸਦੀ ਮਾਂ ਨੂੰ ਏਨੀ ਬੁਰੀ ਆਖਦੇ ਸਨ ਤੇ ਕਿਉਂ ਫਾਦਰ ਵਿਲੀਅਮ ਨੂੰ ਏਨਾ ਚੰਗਾ। ਕਿਉਂ ਉਸਦੀ ਮਾਂ ਨੂੰ ਜੇਲ੍ਹ ਵਿੱਚ ਤਾੜਿਆ ਗਿਆ … ਤੇ ਕਿਉਂ ਫਾਦਰ ਵਿਲੀਅਮ ਨੂੰ ਲੋਕ ਪੂਜਦੇ ਸਨ?

ਚਰਚ ਵਿੱਚ ਰਹਿੰਦਿਆਂ ਡੈਨੀ ਦੇ ਕੰਨਾਂ ਨੇ ਵਾਰ ਵਾਰ ਸੁਣਿਆ ਹੋਇਆ ਸੀ ਕਿ ਜੀਜ਼ਸ ਪਿਆਰ ਹੈ … ਜੀਜ਼ਸ ਰਖਵਾਲਾ ਹੈ … ਪਰ ਉਸ ਨੂੰ ਸਮਝ ਨਾ ਪੈਂਦੀ ਕਿ ਬਾਹਰਲੇ ਹਾਲ ਵਿੱਚ ਗਿਰਜ਼ੇ ਦੀ ਤਿਕੋਨੀ ਛੱਤ ਨੂੰ ਛੂੰਹਦਾ ਹੋਇਆ, ਉਤਾਂਹ ਨੂੰ ਬਾਹਾਂ ਫੈਲਾਈ ਜੀਜ਼ਸ ਦਾ ਸੰਗਮਰਮਰੀ ਬੁੱਤ ਅਤੇ ਅੰਦਰਲੇ ਹਾਲ ਵਿੱਚ ਸੂਲੀ ਟੰਗਿਆ ਜੀਜ਼ਸ, ਜਿਸ ਦਾ ਸਿਰ ਇੱਕ ਪਾਸੇ ਨੂੰ ਲਟਕਿਆ ਹੋਇਆ ਸੀ … ਕਿਵੇਂ ਕਿਸੇ ਦਾ ਰਖਵਾਲਾ ਹੋ ਸਕਦਾ ਹੈ … ਕਿਵੇਂ ਡੈਨੀ ਨੂੰ ਫਾਦਰ ਵਿਲੀਅਮ ਦੀਆਂ ਨਹੁੰਦਰਾਂ ਤੋਂ ਬਚਾ ਸਕਦਾ ਹੈ। ਉਸ ਨੂੰ ਜਿੰਨਾ ਗੁੱਸਾ ਫਾਦਰ ਵਿਲੀਅਮ ਤੇ ਆਉਂਦਾ ਓਨਾ ਹੀ ਜੀਜ਼ਸ ਤੇ … ਤੇ ਏਸੇ ਕਰਕੇ ਹੀ ਇਕ ਦਿਨ ਉਸਨੇ ਬਾਹਰਲੇ ਹਾਲ ਵਿੱਚ ਖੜ੍ਹੇ ਜੀਜ਼ਸ ਦੇ ਪੈਰ ਉੱਤੋਂ ਇਕ ਚਿੱਪਰ ਲਾਹ ਸੁੱਟੀ। ਫਾਦਰ ਵਿਲੀਅਮ ਨੇ ਉਸ ਨੂੰ ਠੁੱਡਾਂ ਨਾਲ ਮਾਰਿਆ ਸੀ ਤੇ ਉਹ ਰੋਂਦਾ ਰੋਂਦਾ ਉਸ ਰਾਤ ਭੁੰਜੇ ਹੀ ਸੌਂ ਗਿਆ ਸੀ।

ਉਸ ਰਾਤ ਡੈਨੀ ਨੂੰ ਸੁਪਨਾ ਆਇਆ ਕਿ ਉਸਦੀ ਪਿੱਠ ਵਿੱਚੋਂ ਨਿੱਕੀਆਂ ਨਿੱਕੀਆਂ ਸੁੰਡੀਆਂ ਨਿਕਲ ਕੇ ਉਸਦੇ ਪਿੰਡੇ ਉੱਤੋਂ ਤੇ ਉਸਦੇ ਢਿੱਡ ਉੱਤੋਂ ਦੀ ਰੀਂਗਦੀਆਂ ਹੋਈਆਂ ਉਸਦੇ ਕੰਨਾਂ ਵਿੱਚ ਵੜ ਰਹੀਆਂ ਸਨ। ਸੁੰਡੀਆਂ ਉਸਦੇ ਮੂੰਹ, ਅੱਖਾਂ ਤੇ ਨੱਕ ਵਿੱਚ ਵੜਨ ਲੱਗੀਆਂ … ਡੈਨੀ ਨੇ ਚੀਖਣਾ ਚਾਹਿਆ, ਪਰ ਉਸਦੀ ਆਵਾਜ਼ ਨਾ ਨਿਕਲੀ … ਉਸ ਹੱਥਾਂ ਨਾਲ ਸੁੰਡੀਆਂ ਨੂੰ ਝਾੜਨਾ ਚਾਹਿਆ, ਪਰ ਉਸਦੀਆਂ ਬਾਹਵਾਂ ਪੱਥਰ ਵਾਂਗ ਪਈਆਂ ਰਹੀਆਂ … ਤੇ ਪਰੇ ਖਲੋਤਾ ਪਾਦਰੀ ਮੁਸਕੜੀਆਂ ਹੱਸ ਰਿਹਾ ਸੀ।

ਅਚਾਨਕ ਸਾਰਾ ਕਮਰਾ ਇੱਕ ਵਚਿੱਤਰ ਚਾਨਣ ਨਾਲ ਭਰ ਗਿਆ … ਫਾਦਰ ਵਿਲੀਅਮ ਕਮਰੇ ਵਿੱਚੋਂ ਭੱਜਣ ਲਈ ਆਪਣੀਆਂ ਟੁੱਟੀਆਂ ਹੋਈਆਂ ਲੱਤਾਂ ਘਸੀਟਣ ਲੱਗਾ। ਜਦ ਡੈਨੀ ਦਾ ਧਿਆਨ ਪਾਦਰੀ ਤੋਂ ਪਰੇ ਹਟਿਆ ਤਾਂ ਕੋਈ ਝੁਕ ਕੇ ਉਸਦੇ ਵਾਲਾਂ ਨੂੰ ਪਲੋਸ ਰਿਹਾ ਸੀ … ਉਸਦੇ ਚਿਹਰੇ ਤੇ ਨਿੱਘੀ ਜਿਹੀ ਮੁਸਕਾਨ ਤੇ ਅੱਖਾਂ ਵਿੱਚ ਪਿਆਰ ਹੀ ਪਿਆਰ … ਉਸਦੀ ਦਾਹੜੀ ਡੈਨੀ ਦੇ ਪਿੰਡੇ ਨੂੰ ਛੂਹ ਰਹੀ ਸੀ। ਇਹ ਚਿਹਰਾ ਬਾਹਰਲੇ ਹਾਲ ਵਿੱਚ ਖੜ੍ਹੇ ਜੀਜ਼ਸ ਵਰਗਾ ਸੀ … ਤੇ ਉਸ ਮਾਂ ਵਾਂਗਰ ਘੁੱਟ ਕੇ ਡੈਨੀ ਨੂੰ ਆਪਣੀ ਛਾਤੀ ਨਾਲ ਲਾ ਲਿਆ।

ਉਸ ਦਿਨ ਤੋਂ ਬਾਅਦ ਡੈਨੀ ਨੂੰ ਫਾਦਰ ਵਿਲੀਅਮ ਕੋਲੋਂ ਉੱਕਾ ਹੀ ਡਰ ਨਾ ਲਗਦਾ ਤੇ ਉਹ ਵੀ ਜਿਵੇਂ ਡੈਨੀ ਕੋਲੋਂ ਝਿਜਕਣ ਲੱਗ ਪਿਆ ਸੀ। ਕੁਝ ਚਿਰ ਪਿੱਛੋਂ ਫਾਦਰ ਵਿਲੀਅਮ ਪੀਟਰ ਨੂੰ ਲੈ ਆਇਆ ਸੀ ਜੋ ਡੈਨੀ ਤੋਂ ਦੋ ਕੁ ਸਾਲ ਛੋਟਾ ਸੀ। ਬਹੁਤ ਵਾਰੀ ਪੀਟਰ ਦੀਆਂ ਅੱਖਾਂ ਸਵੇਰ ਨੂੰ ਸੁੱਜੀਆਂ ਹੋਈਆਂ ਹੁੰਦੀਆਂ ਤੇ ਉਸ ਲਈ ਤੁਰਨਾ ਵੀ ਔਖਾ ਹੁੰਦਾ। ਡੈਨੀ ਨੂੰ ਸਮਝ ਨਾ ਪੈਂਦੀ ਕਿ ਉਹ ਕਿਵੇਂ ਪੀਟਰ ਨੂੰ ਫਾਦਰ ਵਿਲੀਅਮ ਦੀ ਹਵਸ ਤੋਂ ਬਚਾਵੇ।

ਇਕ ਐਤਵਾਰ ਪੀਟਰ ਦਾ ਪਿੰਡਾ ਭੱਠੇ ਵਾਂਗਰ ਤਪ ਰਿਹਾ ਸੀ ਤੇ ਡੈਨੀ ਇਕੱਲਾ ਹੀ ਹਾਲ ਵਿੱਚ ਆਇਆ। ਜਿਉਂ ਹੀ ਫਾਦਰ ਵਿਲੀਅਮ ਨੇ ਲੋਕਾਂ ਸਾਹਮਣੇ ਆਪਣੀ ਮਾਖਿਓਂ ਮਿੱਠੀ ਆਵਾਜ਼ ਵਿੱਚ ਸਪੀਚ ਸ਼ੁਰੂ ਕੀਤੀ … ਮਾੜੂਆ ਜਿਹਾ ਡੈਨੀ ਉੱਡ ਕੇ ਫਾਦਰ ਵਿਲੀਅਮ ਤੇ ਝਪਟ ਪਿਆ, “ਯੂ ਸੰਨ ਆਫ ਏ ਬਿੱਚ … ਆਈ ਵਿਲ ਕਿੱਲ ਯੂ … ਅੱਜ ਤੇਰੀ ਮੌਤ ਆ ਗਈ ਏ … ਕੁੱਤੇ …”

ਡੈਨੀ ਚਿੰਘਾੜਿਆ ਤੇ ਦੰਦੀਆਂ ਨਾਲ ਉਸ ਨੇ ਫਾਦਰ ਵਿਲੀਅਮ ਦਾ ਚੋਲਾ ਲੀਰੋ-ਲੀਰ ਕਰ ਸੁੱਟਿਆ। ਪਤਾ ਨਹੀਂ ਕਿੱਥੋਂ ਸੁਕੜੇ ਜਿਹੇ ਡੈਨੀ ਵਿੱਚ ਲੋਹੜੇ ਦਾ ਜ਼ੋਰ ਆ ਗਿਆ ਕਿ ਜੇ ਲੋਕਾਂ ਦਾ ਪੂਰਾ ਟੋਲਾ ਉਸ ਨੂੰ ਤੋੜ ਕੇ ਵੱਖ ਨਾ ਕਰਦਾ ਤਾਂ ਉਸ ਖੌਰੇ ਫਾਦਰ ਵਿਲੀਅਮ ਨੂੰ ਖਾ ਹੀ ਜਾਣਾ ਸੀ। ਪਾਦਰੀ ਭਵੰਤਰਿਆ ਜਿਹਾ ਦੌੜ ਕੇ ਹਾਲ ਵਿੱਚੋਂ ਬਾਹਰ ਚਲਾ ਗਿਆ … ਲੋਕ ਮੂੰਹ ਵਿੱਚ ਉਂਗਲਾਂ ਪਾਈ ਖੜ੍ਹੇ ਕੋਈ ਡੈਨੀ ਨੂੰ ‘ਗੰਦਗੀ ਦਾ ਕੀੜਾ’ ਆਖੇ ਤੇ ਕੋਈ ‘ਪਾਪ ਦੀ ਔਲਾਦ’ ਆਖੇ … ਤੇ ਕੋਈ ਫਾਦਰ ਵਿਲੀਅਮ ਦੀਆਂ ਚੰਗਿਆਈਆਂ ਨੂੰ ਦੁਹਰਾਈ ਜਾਵੇ।

ਤੇ ਏਸ ਤਰ੍ਹਾਂ ਡੈਨੀ ਪਾਦਰੀ ਦੀ ਜੇਲ੍ਹ ਵਿੱਚੋਂ ਛੁੱਟ ਕੇ ‘ਜੁਵਿਨਾਇਲ ਹੋਮ’ ਜਾਂ ਬੱਚਿਆਂ ਦੀ ਜੇਲ੍ਹ ਵਿੱਚ ਪਹੁੰਚ ਵਿੱਚ ਗਿਆ। ਇਸ ਜੇਲ੍ਹ ਵਿੱਚ ਕਈ ਮੁੰਡੇ ਉਸ ਤੋਂ ਵੱਡੇ ਸਨ ਤੇ ਕਈ ਛੋਟੇ। ਕਈਆਂ ਨੇ ਦਿਨ ਦਿਹਾੜੇ ਡਾਕੇ ਮਾਰੇ ਸਨ, ਕਈਆਂ ਨੇ ਰਾਹ ਜਾਂਦਿਆਂ ਨੂੰ ਲੁੱਟਿਆ ਸੀ ਤੇ ਕਈਆਂ ਨੇ ਨਿੱਕੀਆਂ ਨਿੱਕੀਆਂ ਕੁੜੀਆਂ ਤੇ ਕਮਜ਼ੋਰ ਬੁਢੜੀਆਂ ਨੂੰ ਪਲੀਤ ਕੀਤਾ ਸੀ।

ਡੈਨੀ ਦਾ ਪਾਪ ਵੀ ਕੋਈ ਘੱਟ ਨਹੀਂ ਸੀ … ਉਸ ਨੇ ‘ਰੱਬ ਦੇ ਰੂਪ’ ਪਾਦਰੀ ਤੇ ਹਮਲਾ ਕੀਤਾ ਸੀ। ਇੱਥੇ ਇਨ੍ਹਾਂ ਸਾਰੇ ‘ਗੁਨਾਹਗਾਰ’ ਬੱਚਿਆਂ ਕੋਲੋਂ ਸਖ਼ਤ ਕੰਮ ਲਿਆ ਜਾਂਦਾ ਤੇ ਪੜ੍ਹਨ ਲਈ ਕਲਾਸਾਂ ਵੀ ਲਗਦੀਆਂ। ਜੇਲ੍ਹ ਵਿੱਚ ਤਾੜੇ ਬਹੁਤ ਸਾਰੇ ਬੱਚਿਆਂ ਨਾਲ ਵੀ ਉਹੋ ਕੁਝ ਹੁੰਦਾ ਜੋ ਗਿਰਜੇ ਵਿਚ ਤਾੜੇ ਬੱਚਿਆਂ ਨਾਲ। ਇੱਥੇ ਜੇਲ੍ਹ ਦੇ ਕਰਮਚਾਰੀ ਤੇ ਉੱਥੇ ਗਿਰਜੇ ਦਾ ਪਾਦਰੀ।

ਕੰਮ ਕਰਦਿਆਂ ਤੇ ਪੜ੍ਹਦਿਆਂ ਡੈਨੀ ਦੇ ਅੱਠ ਨੌਂ ਵ੍ਹਰੇ ਲੰਘ ਗਏ ਤੇ ਫੇਰ ਉਸ ਨੂੰ ਜੇਲ੍ਹ ਦੇ ਬਾਹਰ ਦੀ ਅਣਜਾਣੀ ਦੁਨੀਆਂ ਵਿੱਚ ਖੁੱਲ੍ਹਾ ਛੱਡ ਦਿੱਤਾ ਗਿਆ। ਉਸ ਨੂੰ ਜੇਲ੍ਹ ਦੇ ਬਾਹਰ ਦੀ ਦੁਨੀਆਂ ਕੋਲੋਂ ਜੇਲ੍ਹ ਦੇ ਅੰਦਰ ਦੀ ਦੁਨੀਆਂ ਨਾਲੋਂ ਵੀ ਵੱਧ ਡਰ ਲਗਦਾ। ਉਹ ਰਾਤ ਵੇਲੇ ਕੰਮ ਕਰਦਾ ਤੇ ਦਿਨ ਵੇਲੇ ਪੜ੍ਹਨ ਜਾਂਦਾ।

ਜਿਉਂ-ਜਿਉਂ ਵਕਤ ਬੀਤਿਆ, ਉਸ ਨੂੰ ਜੇਲ੍ਹ ਵਿੱਚ ਤਾੜੇ ਬੱਚਿਆਂ ਦੀ ਜ਼ਿੰਦਗੀ ਦੇ ਪਿਛੋਕੜ ਤੇ ਉਨ੍ਹਾਂ ਹਾਲਾਤਾਂ ਦਾ ਅਹਿਸਾਸ ਹੋਇਆ ਜਿਨ੍ਹਾਂ ਮਾਸੂਮ ਬੱਚਿਆਂ ਨੂੰ ਗੁਨਾਹਗਾਰੀ ਦੇ ਹਨੇਰੇ ਖੂਹਾਂ ਵਿੱਚ ਧਕੇਲ ਦਿੱਤਾ ਸੀ। ਉਸ ਨੂੰ ਆਪਣੀ ਮਾਂ ਦੀ ਜ਼ਿੰਦਗੀ ਦੇ ਦੁਖਾਂਤ ਦਾ ਅਹਿਸਾਸ ਹੋਇਆ ਜਿਸ ਦੀਆਂ ਖੰਭੜੀਆਂ ਅਜੇ ਉਡਾਰੀ ਮਾਰਨ ਜੋਗੀਆਂ ਵੀ ਨਹੀਂ ਸੀ ਹੋਈਆਂ ਤੇ ਉਸਦੇ ਬਾਪ ਨੇ ਹੀ ਮਰੁੰਡ ਸੁੱਟੀਆਂ ਸਨ … ਤੇ ਉਸ ਪਾਪ ਵਿੱਚੋਂ ਉਪਜੀ ਸੀ ਡੈਨੀ ਦੀ ਹੋਂਦ। ਉਹ ਇਸ ਸਭ ਕਾਸੇ ਤੋਂ ਦੂਰ ਭੱਜ ਜਾਣਾ ਚਾਹੁੰਦਾ ਸੀ … ਪਰ ਆਪੇ ਤੋਂ ਭੱਜ ਕੇ ਜਾਂਦਾ ਕਿੱਥੇ?

ਉਸ ਆਪਣੇ ਆਪ ਨੂੰ ਕਿਤਾਬਾਂ ਵਿੱਚ ਡੁਬੋ ਲਿਆ। ਲਾਇਬ੍ਰੇਰੀ ਉਸਦਾ ਅਨਿੱਖੜਵਾਂ ਅੰਗ ਬਣ ਗਈ। ਉਸ ‘ਵੱਡੇ’ ਲੇਖਕਾਂ ਦੀਆਂ ਲਿਖਤਾਂ ਨੂੰ ਵਿਚਾਰਿਆ … ਉਸ ‘ਛੋਟੇ’ ਲੇਖਕਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਘੋਖੀਆਂ। ਉਸ ਸਾਰੀ ਦੁਨੀਆਂ ਦੇ ਦੇਸਾਂ ਬਾਰੇ ਤੇ ਲੋਕਾਂ ਬਾਰੇ ਪੜ੍ਹਿਆ। ਧਰਮਾਂ ਤੇ ਸਮਾਜਾਂ ਬਾਰੇ ਪੜ੍ਹਿਆ … ਉਨ੍ਹਾਂ ਦੇ ਰਿਸ਼ਤਿਆਂ ਤੇ ਰਿਵਾਜਾਂ ਬਾਰੇ ਪੜ੍ਹਿਆ।

ਡੈਨੀ ਲਾਇਬ੍ਰੇਰੀ ਦੇ ਇੱਕ ਕੋਨੇ ਵਿੱਚ ਬੈਠਾ ਸਾਰੀ ਦੁਨੀਆਂ ਘੁੰਮ ਆਉਂਦਾ … ਬਰਫੀਲੇ ਪਹਾੜਾਂ ਤੇ ਹਨੇਰੀਆਂ ਗੁਫ਼ਾਵਾਂ ਦੀਆਂ ਕੁੰਦਰਾਂ ਨਾਪ ਆਉਂਦਾ। ਨੀਲੇ ਅੰਬਰੀਂ ਤਾਰੀਆਂ ਲਾਉਂਦਾ ਉਹ ਚੰਦ ਤਾਰਿਆਂ ਤੀਕ ਪਹੁੰਚ ਜਾਂਦਾ … ਮਾਰੂਥਲਾਂ ਦੀ ਤਪਦੀ ਰੇਤ ਦੇ ਕਿਣਕਿਆਂ ਤੇ ਵਹਿੰਦੇ ਦਰਿਆਵਾਂ ਦੇ ਕਲ-ਕਲ ਕਰਦੇ ਪਾਣੀਆਂ ਨਾਲ ਗੁਫਤਗੂ ਕਰ ਆਉਂਦਾ … ਪਰ ਧੜ ਉਸਦਾ ਲਾਇਬ੍ਰੇਰੀ ਦੇ ਕੋਨੇ ਵਿੱਚ ਡਿੱਠੇ ਮੇਜ਼ ਤੇ ਪਿਆ ਰਹਿੰਦਾ।

ਵੀਹ ਬਾਈ ਵਰ੍ਹਿਆਂ ਦੀ ਉਮਰੇ ਡੈਨੀ ਦੇ ਚਿਹਰੇ ਤੇ ਗਿਆਨ ਦਾ ਜਲੌ … ਉਸਦੀਆਂ ਅੱਖਾਂ ਵਿੱਚ ਜ਼ਿੰਦਗੀ ਦੇ ਦੁਖਾਂਤ ਦੀ ਗਭੀਰਤਾ … ਤੇ ਉਸਦੇ ਬੋਲਾਂ ਵਿੱਚ ਵਿੱਦਿਅਕ ਗੁਣਾਂ ਦੀ ਗਹਿਰਾਈ … ਪਰ ਕਦਮ ਉਸਦੇ ਅਜੇ ਵੀ ਲੜਖੜਾਉਂਦੇ। ਇਸ ਦੁਨੀਆਂ ਵਿੱਚ ਵਿਚਰਦਿਆਂ ਉਹ ਅਜੇ ਵੀ ਲੰਗੜੇ ਕਤੂਰੇ ਵਾਂਗਰ ਲੱਤਾਂ ਘਸੀਟਦਾ।

ਤੇ ਫੇਰ ਇਕ ਦਿਨ ਲਾਇਬ੍ਰੇਰੀ ਵਿੱਚ ਇਕ ਸੌਲੇ ਜਿਹੇ ਰੰਗ ਦੀ ਹਿਰਨੀ ਜਿਹੀਆਂ ਅੱਖਾਂ ਤੇ ਲੰਮੇ ਕਾਲੇ ਵਾਲਾਂ ਵਾਲੀ ਸੁਬਕ ਜਿਹੀ ਕੁੜੀ ਨੇ ਬੇਧਿਆਨੇ ਹੀ ਉਸਦਾ ਧਿਆਨ ਖਿੱਚ ਲਿਆ … ਤੇ ਉਹ ਰੋਜ਼ ਉਸ ਵੱਲ ਹੋਰ ਖਿੱਚਦਾ ਗਿਆ। ਇੱਕ ਦਿਨ ਬੇਧਿਆਨੇ ਜਿਹੇ ਹੀ ਉਹ ਗੱਲਾਂ ਕਰਨ ਲੱਗੇ … ਤੇ ਫੇਰ ਉਹ ਰੋਜ਼ ਗੱਲਾਂ ਕਰਦੇ ਗਏ।

ਪਿਆਰ ਦੀ ਤੇ ਇਕਰਾਰ ਦੀ ਗੱਲ ਚੱਲੀ … ਇਨਸਾਫ ਤੇ ਬੇਇਨਸਾਫੀ ਦੀ ਗੱਲ ਚੱਲੀ … ਗਿਰਜੇ ਵਿੱਚ ਹੋਏ ਗੁਨਾਹਾਂ ਤੇ ਗੁਰਦਵਾਰੇ ਵਿੱਚ ਚੱਲੀ ਗੋਲੀ ਦੀ ਗੱਲ ਚੱਲੀ … ਦੋਹਾਂ ਦੇਸ਼ਾਂ ਤੇ ਦੋਹਾਂ ਸਮਾਜਾਂ ਦੀ ਗੱਲ ਚੱਲੀ … ਤੇ ਇੱਕ ਦਿਨ ਡੈਨੀ ਨੇ ਕਿਹਾ, “ਪ੍ਰੀਤੀ ਕਿੰਨਾ ਚੰਗਾ ਏ ਤੇਰਾ ਸਮਾਜ, ਬਾਪ ਧੀ ਦਾ ਰਖਵਾਲਾ ਏ ਤੇ ਉਸ ਲਈ ਆਪ ਵਰ ਟੋਲਦਾ ਏ …”

ਪਰ ਪ੍ਰੀਤੀ ਦਾ ਧਿਆਨ ਉਨ੍ਹਾਂ ਮਾਸੂਮ ਜਿੰਦਾਂ ਵੱਲ ਗਿਆ ਜੋ ਦਹੇਜ ਦੀ ਸਲੀਬੇ ਚੜ੍ਹੀਆਂ … ਤੇ ਕੁਝ ਉਹ ਮਾਸੂਮ ਜਿੰਦਾਂ ਜਿਨ੍ਹਾਂ ਦੀ ਸਲੀਬ ਮਾਂ ਦੀ ਕੁੱਖ ਵਿੱਚ ਹੀ ਪਹੁੰਚਾ ਦਿੱਤੀ ਗਈ।

ਇੱਕ ਦੱਬੀ ਹੋਈ ਕੁਰਲਾਹਟ ਨੇ ਉਸ ਦੀ ਸੋਚ ਦੇ ਠਹਿਰ ਚੁੱਕੇ ਪਾਣੀਆਂ ਵਿੱਚ ਪਰਲੋ ਲੈ ਆਂਦੀ। ਉਸ ਨੂੰ ਚੇਤਾ ਆਇਆ, ਜਦ ਉਸਦੇ ਲੱਖਪਤੀ ਸਹੁਰਿਆਂ ਵੱਲੋਂ ਉਸ ਆਪਣੀ ਸਲੀਬ ਦੀ ਘੁਸਰ-ਮੁਸਰ ਸੁਣੀ ਤਾਂ ਉਹ ਰਾਤ ਹੀ ਘਰੋਂ ਨਿਕਲ ਤੁਰੀ ਸੀ। ਕਿਸੇ ਨੇ ਉਸ ਨੂੰ ‘ਉੱਧਲ ਗਈ’ ਆਖਿਆ ਤੇ ਕਿਸੇ ਨੇ ‘ਛੁੱਟੜ’। ਪਰ ਉਹ ਕਾਲਜ ਦੀ ਡਿਗਰੀ ਚੁੱਕੀ ਡਿੱਗਦੀ ਢਹਿੰਦੀ ਏਥੇ ਪਹੁੰਚ ਗਈ … ਏਸ ਸਮਾਜ ਵਿੱਚ ਜਿੱਥੇ ਧੀ ਨੂੰ ਜਨਮ ਦੇ ਕੇ ਮਾਂ ਸ਼ਰਮਿੰਦੀ ਨਹੀਂ ਹੁੰਦੀ … ਤੇ ਉਹ ਅਮਰੀਕਾ ਦੇ ਇਸ ਖੁੱਲ੍ਹੇ-ਡੁਲੇ ਸਮਾਜ ਵਿੱਚ ਸਮਾ ਜਾਣਾ ਚਾਹੁੰਦੀ ਸੀ …।

… ਪਰ ਡੈਨੀ ਨੂੰ ਆਪਣੀ ਮਾਂ ਚੇਤੇ ਆਈ … ਢਿੱਲੀਆਂ ਜਿਹੀਆਂ ਲੱਤਾਂ ਵਾਲੇ ਡਿੱਕੋ-ਡੋਲੇ ਖਾਂਦੇ ਮੇਜ਼ ਤੇ ਸਿਰ ਕੇ ਪਈ ਨਜ਼ਰੀਂ ਆਈ … ਜਿਸ ਜੇਲ੍ਹ ਜਾਂਦਿਆਂ ਹੀ ਫਾਹਾ ਲੈ ਲਿਆ ਸੀ … ਤੇ ਜਿਸਨੇ ਨਾ ਬਚਪਨ ਵੇਖਿਆ ਸੀ, ਨਾ ਜਵਾਨੀ।

ਡੈਨੀ ਅਤੇ ਪ੍ਰੀਤੀ ਰੋਜ਼ ਮਿਲਦੇ ਤੇ ਰੋਜ਼ ਗੱਲਾਂ ਕਰਦੇ … ਇਕ ਦੂਜੇ ਦੇ ਸਮਾਜ ਦੀਆਂ, ਰਿਸ਼ਤਿਆਂ ਤੇ ਰਿਵਾਜਾਂ ਦੀਆਂ … ਇਸ ਦੁਨੀਆਂ ਵਿੱਚ ਹੋ ਰਹੇ ਗੁਨਾਹਾਂ ਤੇ ਮਾਂ ਦੀ ਕੁੱਖ ਵਿੱਚ ਬਣੀਆਂ ਕਤਲਗਾਹਾਂ ਦੀਆਂ … ਤੇ ਫੇਰ ਉੱਠ ਕੇ ਆਪਣੇ ਆਪਣੇ ਰੈਣ ਬਸੇਰੇ ਨੂੰ ਤੁਰ ਪੈਂਦੇ ਲੰਗੜੇ ਕਤੂਰਿਆਂ ਵਾਂਗਰ ਲੱਤਾਂ ਘਸੀਟਦੇ ਹੋਏ।

ਅੱਜ ਜਦ ਡੈਨੀ ਪ੍ਰੀਤੀ ਨੂੰ ਮਿਲਿਆ, ਬੋਲਿਆ, “ਪ੍ਰੀਤੀ, ਪਤਾ ਈ ਕੱਲ੍ਹ ਮੈਂ ਇੱਕ ਕਿਤਾਬ ਵਿੱਚ ਕੀ ਪੜ੍ਹਿਆ?”

“ਡੈਨੀ ਕਿਤਾਬਾਂ ਵਿੱਚ ਤਾਂ ਆਪਾਂ ਰੋਜ਼ ਹੀ ਕਿੰਨਾ ਕੁਝ ਪੜ੍ਹਦੇ ਆਂ!” ਪ੍ਰੀਤੀ ਦਾ ਚਿਹਰਾ ਅੱਜ ਅੱਗੇ ਨਾਲੋਂ ਵੀ ਮਾਯੂਸ ਲੱਗ ਰਿਹਾ ਸੀ।

ਪਰ ਡੈਨੀ ਬੋਲਦਾ ਗਿਆ, “ਆਖਦੇ ਨੇ, ਇੱਕ ਆਦਮੀ ਇਸ ਦੁਨੀਆਂ ਤੇ ਹੋ ਰਹੀ ਬੇਇਨਸਾਫੀ ਤੇ ਅੱਤਿਆਚਾਰ ਨੂੰ ਵੇਖ ਅਤਿਅੰਤ ਦੁਖੀ ਹੋਇਆ … ਤੇ ਉਹ ਰੱਬ ਦੇ ਸਾਹਮਣੇ ਜਾ ਖਲੋਤਾ …”

ਪ੍ਰੀਤੀ ਦੀਆਂ ਮੋਟੀਆਂ ਮੋਟੀਆਂ ਅੱਖਾਂ ਹੋਰ ਵੀ ਅੱਡੀਆਂ ਗਈਆਂ ਤੇ ਉਹ ਡੈਨੀ ਵੱਲ ਇੰਜ ਵੇਖਣ ਲੱਗੀ ਜਿਵੇਂ ਕਿਸੇ ਹੋ ਰਹੇ ਚਮਤਕਾਰ ਵੱਲ ਵੇਖ ਰਹੀ ਹੋਵੇ।

ਤੇ ਡੈਨੀ ਕਹਿ ਰਿਹਾ ਸੀ, “ਉਸ ਰੱਬ ਨੂੰ ਨਿਹੋਰਾ ਮਾਰਿਆ, ਰੱਬਾ, ਕੀ ਤੈਨੂੰ ਤੇਰੀ ਬਣਾਈ ਹੋਈ ਦੁਨੀਆਂ ਵਿੱਚ ਹੋ ਰਹੇ ਅੱਤਿਆਚਾਰਾਂ ਦੀ ਕੁਰਲਾਹਟ ਨਹੀਂ ਸੁਣਦੀ? ਤੂੰ ਕੋਈ ਮਦਦ ਕਿਉਂ ਨਹੀਂ ਭੇਜਦਾ? … ਤੇ ਆਖਦੇ ਹਨ ਕਿ ਰੱਬ ਨੇ ਉਸ ਵੱਲ ਵੇਖਿਆ ਤੇ ਕਿਹਾ, ‘ਮਦਦ ਤਾਂ ਮੈਂ ਭੇਜੀ ਸੀ … ਮੈਂ ਤੈਨੂੰ ਜੁ ਭੇਜਿਆ ਸੀ।’”

ਡੈਨੀ ਦੀ ਗੱਲ ਮੁੱਕਦੇ ਹੀ ਦੋਵੇਂ ਇੰਜ ਤ੍ਰਬਕ ਕੇ ਉੱਠੇ ਜਿਵੇਂ ਕਿਸੇ ਗੂੜ੍ਹੀ ਨੀਂਦ ਤੋਂ ਜਾਗ ਪਏ ਹੋਣ। ਇੱਕ ਰੁਹਾਨੀ ਪਿਆਰ ਨਾਲ ਉਨ੍ਹਾਂ ਦੀ ਗਲਵੱਕੜੀ ਪਈ … ਤੇ ਫੇਰ ਪ੍ਰੀਤੀ ਦੇ ਪੈਰ ਆਪ ਮੁਹਾਰੇ ਏਅਰ ਪੋਰਟ ਵੱਲ ਚੱਲ ਪਏ ਤੇ ਡੈਨੀ ਦੇ ਠੋਸ ਕਦਮ ਉਸ ਰਾਹ ਵੱਲ, ਜਿੱਥੇ ਪਤਾ ਨਹੀਂ ਕਿੰਨੇ ਕੁ ਲੰਗੜੇ ਕਤੂਰਿਆਂ ਜਿਹੇ ਡੈਨੀ ਤੇ ਪੀਟਰ ਉਸ ਨੂੰ ਪੁਕਾਰ ਰਹੇ ਸਨ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 12 ਅਪਰੈਲ 2010)
(ਦੂਜੀ ਵਾਰ 20 ਮਾਰਚ 2022)
***
696

About the author

ਅਮਰਜੀਤ ਕੋਰ ਪੰਨੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ