ਦੋ ਗੱਲਾਂ: ਡਾ: ਰਾਂਗੇ ਰਾਘਵ:
ਡਾ: ਰਾਂਗੇ ਰਾਘਵ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਵਿਦਵਾਨ ਲੇਖਕ ਸੀ। ਉਸਨੂੰ ਚਿੱਤਰਕਾਰੀ, ਸੰਗੀਤ ਅਤੇ ਪੁਰਾਤਤਵ ਵਿਗਿਆਨ(Archaeology) ਵਿਚ ਵੀ ਗੰਭੀਰ ਦਿਲਚਸਪੀ ਸੀ। ਇਹਨਾਂ ਵੱਖ ਵੱਖ ਕਲਾਵਾਂ ਦੇ ਸੁਮੇਲ ਨੇ ਉਸਦੀ ਕਲਮ ਨੂੰ ਬਹੁਤ ਸ਼ਕਤੀ ਦਿੱਤੀ। ਪਰ ਅਫਸੋਸ ਕਿ 39 ਵਰਿੵਆਂ ਦੀ ਉਮਰ ਵਿੱਚ, ਇੱਕ ਲੰਬੀ ਬਿਮਾਰੀ ਉਪਰੰਤ 12 ਸਤੰਬਰ 1962 ਨੂੰ ਉਸਦੀ ਮੌਤ ਹੋ ਗਈ। ਪਰ ਉਸਨੇ ਆਪਣੇ ਜੀਵਨ ਦੇ ਬਹੁਤ ਹੀ ਛੋਟੇ ਜਿਹੇ ਸਮੇਂ ਵਿਚ ਹਿੰਦੀ ਸਾਹਿਤ ਨੂੰ 150 ਤੋਂ ਵੀ ਵੱਧ ਨਾਵਲ, ਕਹਾਣੀ ਸੰਗ੍ਰਿਹ, ਨਾਟਕ, ਆਲੋਚਨਾ, ਕਲਾ ਅਤੇ ਸਭਿਆਚਾਰ ਸਬੰਧੀ ਪੁਸਤਕਾਂ ਦਿੱਤੀਆਂ। ਡਾ. ਰਾਂਗੇ ਰਾਘਵ ਨੂੰ ਉਸਦੀਆਂ ਸਾਹਿਤਕ ਪ੍ਰਾਪਤੀਆਂ ਲਈ ਬਹੁਤ ਸਾਰੇ ਐਵਾਰਡ ਮਿਲੇ ਜਿਵੇਂ ਕਿ 1947 ਵਿਚ ‘ਹਿੰਦੁਸਤਾਨੀ ਅਕੈਡਮੀ ਐਵਾਰਡ’, 1957 ਅਤੇ ਫਿਰ 1959 ਵਿਚ ਉੱਤਰ ਪ੍ਰਦੇਸ਼ ਸਰਕਾਰੀ ਐਵਾਰਡ, 1961 ਵਿਚ ਰਾਜਸਥਾਨੀ ਲਿਟਰੇਚਰ ਐਵਾਰਡ ਅਤੇ ਉਸਦੀ ਮੌਤ ਉਪਰੰਤ 1966 ਵਿਚ ਮਹਾਤਮਾ ਗਾਂਧੀ ਐਵਾਰਡ। ਡਾ: ਰਾਂਗੇ ਰਾਘਵ ‘ਮਾਨਵਵਾਦੀ’ ਕਦਰਾਂ-ਕੀਮਤਾਂ ਉੱਤੇ ਪਹਿਰਾ ਦੇਣ ਵਾਲਾ ਲੇਖਕ ਸੀ। ਉਸ ਨੇ ਇਤਿਹਾਸ ਅਤੇ ਸੱਭਿਆਚਾਰ ਨੂੰ ਕਦੇ ਵੀ ਪਰੰਪਰਾ ਦਾ ਕੈਦੀ ਨਹੀਂ ਸੀ ਸਮਝਿਆ। ਉਸਦਾ ਇਹ ਵੀ ਮੰਨਣਾ ਸੀ ਕਿ ‘ਸੱਚਾ ਸੁੱਚਾ ਸਾਹਿਤ’ ਕਦੇ ਵੀ ਬੋਲੀਆਂ ਜਾਂ ਹੱਦਾਂ-ਬੰਨਿਆਂ ਦੀ ਪਰਵਾਹ ਨਹੀਂ ਕਰਦਾ। – (ਗ.ਸ.ਰਾਏ) ਨਵੀਂ ਜ਼ਿੰਦਗੀ ਲਈ ਅਸੀਂ ਨੌਂ ਕੁੜੀਆਂ ਸਾਂ। ਮੇਰੀ ਉਮਰ ਉਦੋਂ ਪੰਦਰਾਂ ਵਰਿੵਆਂ ਦੀ ਸੀ। ਅੱਜ ਜਦ ਮੈਂ ਖ਼ੁਦ ਤਿੰਨ ਬੱਚਿਆਂ ਦੀ ਮਾਂ ਹਾਂ, ਮੇਰਾ ਦ੍ਰਿਸ਼ਟੀਕੋਣ ਬਦਲ ਚੁੱਕਿਆ ਹੈ, ਪਰ ਉਦੋਂ ਮੇਰੀ ਪਹਿਲੀ ਉਮਰ ਸੀ। ਉਦੋਂ ਕਿਤੇ ਮੈਂ ਐਡੀ ਅਕਲਮੰਦ ਸਾਂ ਕਿ ਸਮਝ ਸਕਦੀ? ਪਰ ਤੁਹਾਨੂੰ ਉਦੋਂ ਦੀ ਹੀ ਗੱਲ ਸੁਣਾਉਂਦੀ ਹਾਂ। ਪੰਦਰ੍ਹਾਂ ਸਾਲਾਂ ਦੀ ਉਮਰ ਵਿੱਚ ਹੀ ਮੈਂਨੂੰ ਬਹੁਤ ਕੰਮ ਕਰਨਾ ਪੈਂਦਾ ਸੀ। ਮਾਂ ਇੱਕ ਹੋਰ ਬੱਚੇ ਦੀ ਮਾਂ ਬਣਨ ਵਾਲੀ ਸੀ। ਉਹਨਾਂ ਦੇ ਨੌਂ ਬਾਰ ਕੁੜੀਆਂ ਹੋ ਚੁੱਕੀਆਂ ਸਨ। ਇਕ ਤੇ ਦੂਜੀ ਭੈਣ ਵਿੱਚ ਉਮਰ ਦਾ ਇਤਨਾ ਘੱਟ ਅੰਤਰ ਸੀ ਕਿ ਉਹਨਾਂ ਨੂੰ ਸੰਭਾਲਣਾ ਬੜਾ ਕਠਿਨ ਸੀ। ਰੱਬ ਹੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਸ਼ਾਇਦ ਅੱਜ ਵੀ ਉਹ ਪਹਿਲੇ ਵਾਲੀ ਹੀ ਰਵਾਇਤ ਚੱਲ ਰਹੀ ਹੋਵੇ। ਗਲੀ ਵਿੱਚ ਕਿਸੇ ਕਿਸੇ ਦੇ ਘਰ ਹੀ ਨਲਕਾ ਸੀ। ਅਸੀਂ ਸੜਕ ’ਤੇ ਲੱਗੇ ਨਲਕੇ ਤੋਂ ਹੀ ਪਾਣੀ ਭਰ ਲਿਆਇਆ ਕਰਦੀਆਂ ਸਾਂ। ਇੱਕ ਦਿਨ ਜਦ ਮੈਂ ਨਲਕੇ ਤੋਂ ਪਾਣੀ ਭਰਨ ਲੱਗੀ ਤਾਂ ਠਕੁਰਾਇਨ ਨੇ ਪੁੱਛਿਆ: ‘ਕਿਉਂ ਤੇਰੀ ਮਾਂ ਦੇ ਕੁਝ ਹੋਣ ਵਾਲਾ ਹੈ?’ ਮੈਂ ਸਿਰ ਹਿਲਾ ਕੇ ਸਵੀਕਾਰ ਕੀਤਾ। ਠਕੁਰਾਇਨ ਅਤੇ ਚੁੱਪ ਕੀ? ਪੁੱਛ ਬੈਠੀ: ‘ਕਿੰਨੇ ਦਿਨ ਰਹਿ ਗਏ?’
ਠਕੁਰਾਇਨ ਹੱਸ ਪਈ। ਮੈਂ ਉਸ ਤੋਂ ਬਹੁਤ ਡਰਦੀ ਸਾਂ ਕਿਉਂਕਿ ਉਸ ਨੂੰ ਲੜਨ ਦਾ ਚੰਗਾ ਅਭਿਆਸ ਸੀ ਅਤੇ ਚੀਕ ਚੀਕ ਕੇ ਉਹ ਸਾਰਾ ਮੁਹੱਲਾ ਸਿਰ ਤੇ ਚੁੱਕ ਲਿਆ ਕਰਦੀ ਸੀ। ਸ਼ਾਇਦ ਸਾਹਮਣੇ ਖਿੜਕੀ ਵਿਚ ਬੈਠੇ ਮੁੰਡੇ ਨੇ ਸਾਡੀ ਗੱਲ ਸੁਣ ਲਈ ਕਿਉਂ ਜੁ ਉਹ ਹੱਸ ਰਿਹਾ ਸੀ। ਮੈਂ ਬੜੀ ਸ਼ਰਮ ਮਹਿਸੂਸ ਕੀਤੀ ਹਾਲਾਂਕਿ ਗੱਲ ਕੁਝ ਵੀ ਨਹੀਂ ਸੀ। ਮੈਂ ਅੰਦਰ ਆ ਗਈ ਅਤੇ ਝੱਟ ਦਰਵਾਜ਼ਾ ਢੋ ਲਿਆ। ਬਾਬੂ ਜੀ ਦਫ਼ਤਰ ਵਿਚ ਨੌਕਰ ਸਨ। ਉਹਨਾਂ ਦੀ ਤਨਖਾਹ ਅੱਸੀ ਰੁਪਏ ਤੋਂ ਵੱਧ ਨਹੀਂ ਸੀ। ਮੈਂ ਉਹਨਾਂ ਨੂੰ ਕਦੇ ਵੀ ਖੁਸ਼ ਨਹੀਂ ਸੀ ਦੇਖਿਆ। ਉਹਨਾਂ ਦੇ ਮੱਥੇ ਦੀਆਂ ਲਕੀਰਾਂ ਸਦਾ ਡੂੰਘੀਆਂ ਹੀ ਹੋਈਆਂ ਰਹਿੰਦੀਆਂ ਸਨ। ਮੁੱਛਾਂ ਕਾਲੀਆਂ ਤੇ ਲੰਬੀਆਂ ਸਨ। ਲੋਕੀਂ ਕਹਿੰਦੇ ਨੇ ਕਿ ਮੈਂ ਆਪਣੇ ਪਿਉ ’ਤੇ ਗਈ ਹਾਂ। ਜਦ ਉਹ ਦਫ਼ਤਰ ਤੋਂ ਆਉਂਦੇ ਤਾਂ ਥੱਕੇ ਹੋਏ ਦਿਸਦੇ ਪਰ ਜਦ ਉਹ ਦਫ਼ਤਰ ਜਾਂਦੇ ਤਾਂ ਵੀ ਥੱਕੇ ਹੋਏ ਹੀ ਦਿਸਦੇ ਸਨ। ਇਸੇ ਹੀ ਥਕਾਨ ਕਾਰਨ ਉਹਨਾਂ ਦੇ ਬੁਲ੍ਹਾਂ ’ਤੇ ਕਾਲਾਪਨ ਨਜ਼ਰੀਂ ਆਉਂਦਾ ਸੀ ਅਤੇ ਅੱਖਾਂ ਵਿਚ ਇੱਕ ਟਿਮਟਿਮਉਂਦੀ ਲੌ ਜਿਹੀ ਦਿਸਦੀ। ਦਫ਼ਤਰ ਤੋਂ ਆਉਂਦਿਆਂ ਹੀ ਉਹ ਸਾਨੂੰ ਝਿੜਕਣ ਲੱਗ ਪੈਂਦੇ। ਮੈਂ ਰੋ ਪੈਂਦੀ। ਉਸਦੀ ਅਵਾਜ਼ ਸੁਣ ਕੇ ਪਿਤਾ ਜੀ ਚੌਂਕ ਪੈਂਦੇ। ਉਹਨਾਂ ਦਾ ਸਿਰ ਝੁਕ ਜਾਂਦਾ ਅਤੇ ਉਹ ਸੁੰਨੀਆਂ ਸੁੰਨੀਆਂ ਅੱਖਾਂ ਨਾਲ ਵੇਖਣ ਲੱਗ ਪੈਂਦੇ। ਇੱਧਰ ਮਾਂ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ। ਮਾਂ, ਪਿਤਾ ਜੀ ਦੀ ਮਾਨਸਿਕ ਪੀੜ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਅੱਜਕਲ ਕਦੇ ਕਦੇ ਉਹਨਾਂ ਨੂੰ ਉਲਟੀ ਆ ਜਾਂਦੀ ਅਤੇ ਜੀ ਘਬਰਾਉਣ ਲੱਗ ਪੈਂਦਾ। ਸਿਰ ਦਾ ਦਰਦ ਵੀ ਵੱਧ ਗਿਆ ਸੀ। ਹੱਥ ਪੈਰ ਪੀਲੇ ਪੈ ਗਏ ਸਨ। ਜਦੋਂ ਵੀ ਮੈਂ ਉਹਨਾਂ ਨੂੰ ਵੇਖਦੀ ਮੈਂਨੂੰ ਲਗਦਾ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਡਰ ਪਸਰਿਆ ਹੋਇਆ ਹੈ। ਬਾਬੂ ਜੀ ਸਾਰਾ ਦਿਨ ਪੂਜਾ ਕਰਦੇ। ਦਫ਼ਤਰ ਵਿਚ ਵੀ ‘ਸੂਤ’ ਅਤੇ ਹਨੂਮਾਨ ਗੁਟਕਾ ਹੀ ਹੁੰਦਾ ਜਿਹੜਾ ‘ਬਾਬਾ ਸਾਂਵਲ ਦਾਸ’ ਨੇ ਉਹਨਾਂ ਨੂੰ ਪੁੱਤਰ ਹੋਣ ਲਈ ਦਿੱਤਾ ਸੀ। ਬਾਬਾ ਸਾਂਵਲ ਦਾਸ ਨੇ ਕਿਹਾ ਸੀ ਕਿ ਇਸ ਮੰਤਰ ਨਾਲੋਂ ਵਧ ਕੇ ਕੁਝ ਵੀ ਨਹੀਂ। ਜੇ ਇਹ ਵੀ ਕੰਮ ਨਹੀਂ ਕਰਦਾ ਤਾਂ ਸਮਝ ਲਈਂਂ ਕਿ ਤੇਰੀ ਕਿਸਮਤ ਵਿਚ ਆਟੇ ਦਾ ਵੀ ਪੁੱਤਰ ਨਹੀਂ। ਪਿਤਾ ਜੀ ਨੇ ਇਸ ਨੂੰ ਦੇਵ ਵਾਕ ਸਮਝ ਕੇ ਦਿਲ ਵਿਚ ਰੱਖ ਲਿਆ। ਸ਼ਾਮ ਨੂੰ ਜਦ ਪਿੱਪਲ ਦੇ ਪੱਤ ਖੜਕਦੇ, ਜਦ ਹਨੇਰੇ ਵਿੱਚ ਅੰਦਰ ਦੀ ਬਦਬੂ ਭਰਿਆ ਧੂੰਆਂ ਫੈਲ ਜਾਂਦਾ, ਮੈਂ ਇੱਕ ਛੋਟੀ ਜਿਹੀ ਨਵਾਰ ਦੀ ਪੀੜ੍ਹੀ ਉੱਤੇ ਬੈਠ, ਆਪਣੀ ਅੱਠਵੀਂ ਅਤੇ ਨੌਵੀਂ ਭੈਣ ਨੂੰ ਪੁਚਕਾਰਦੀ ਕੁਝ ਖਿਲਾਇਆ ਕਰਦੀ। ਕਦੇ ਕਦੇ ਹੀ ਤਾਂ ਮੈਂਨੂੰ ਵਿਹਲ ਮਿਲਦੀ ਸੀ। ਬੱਸ, ਉਹਨਾਂ ਨੂੰ ਬੁਲਾਇਆ ਨਹੀਂ ਕਿ ਇੱਕ ਨਿੱਕੇ ਨਿੱਕੇ ਪੈਰੀਂ ਤੁਰੀ ਆਉਂਦੀ ਅਤੇ ਦੂਜੀ ਗੋਡਿਆਂ ਭਾਰ ਰਿੜ੍ਹੀ ਆਉਂਦੀ। ਮੈਂਨੂੰ ਦੋਵੇਂ ਹੀ ਬੜੀਆਂ ਚੰਗੀਆਂ ਲਗਦੀਆਂ। ਵਿਚਾਰੀਆਂ! ਉਹਨਾਂ ਨੂੰ ਕੋਈ ਪਿਆਰ ਦੇਣ ਵਾਲਾ ਵੀ ਨਹੀਂ। ਠਕੁਰਾਇਣ ਕਹਿੰਦੀ ਸੀ: ਮਾਰਦਾ ਹੈ? ਮਾਰੇਗਾ ਨਹੀਂ? ਨੌਂ ਨੌਂ ਸ਼ੇਰ ਜਿਸਨੂੰ ਪਾਲਣੇ ਪੈਣ ਉਸਦੀ ਅਕਲ ਉਸਨੂੰ ਜਵਾਬ ਨਹੀਂ ਦੇਵੇਗੀ? ਘਰ ਇਕ ਵੀ ਨਹੀਂ ਰਹੇਗੀ, ਉਮਰ ਆਉਣ ’ਤੇ ਸਭ ਤੁਰ ਜਾਣਗੀਆਂ। ਬੇਚਾਰੇ ਬੁੱਢੇ ਨੂੰ ਕੰਗਾਲ ਕਰ ਦੇਣਗੀਆਂ ਅਤੇ ਉਸਦੀ ਦੇਖ-ਰੇਖ ਕਰਨ ਵਾਲਾ ਕੋਈ ਵੀ ਨਹੀਂ ਰਹੇਗਾ। ਕਿਤੇ ਕਿਸੇ ਇਕ ਨੇ ਉਸਦਾ ਮੂੰਹ ਕਾਲਾ ਕਰ ਦਿੱਤਾ ਤਾਂ ਉਸ ਨੂੰ ਡੁੱਬਣ ਨੂੰ ਵੀ ਥਾਂ ਨਹੀਂ ਮਿਲੇਗੀ। ਰਾਮ! ਰਾਮ!! ਇੱਕ ਹੋਵੇ, ਦੋ ਹੋਣ, ਇੱਥੇ ਤਾਂ ਪੂਰੀ ਫ਼ੌਜ ਹੈ। ਬਾਪ ਰੇ! ਕੰਨਿਆ-ਦਾਨ ਕਰਦਾ ਕਰਦਾ ਹੀ ਵਿਚਾਰਾ ਮਰ ਜਾਵੇਗਾ। ਜਦ ਠਕੁਰਾਇਣ ਅਜਿਹੀਆਂ ਗੱਲਾਂ ਕਰਦੀ ਤਾਂ ਮੈਂ ਘਰ ਆ ਕੇ ਮੰਜੇ ’ਤੇ ਆ ਪੈਂਦੀ। ਸੋਚਦੀ: ਤਦ ਕੀ ਸਾਨੂੰ ਮਰ ਜਾਣਾ ਚਾਹੀਦਾ ਹੈ? ਹਮੇਸ਼ਾਂ ਦੀ ਤਰ੍ਹਾਂ, ਐਤਕੀਂ ਵੀ ਭੂਆ ਦੇ ਘਰੋਂ ਕੁਰਤਾ ਅਤੇ ਰੋਟੀ ਆਏ ਜਿਨ੍ਹਾਂ ਨੂੰ ਵੇਖ ਕੇ ਮੈਂ ਸਮਝ ਗਈ ਕਿ ਇਸ ਵਾਰ ਜ਼ਰੂਰ ਹੀ ਮੇਰੇ ‘ਵੀਰ’ ਆਏਗਾ। ਨੀਂਦ ਮੈਂਨੂੰ ਇੰਨੀ ਗੂੜ੍ਹੀ ਆਉਂਦੀ ਕਿ ਲੇਟਦਿਆਂ ਹੀ ਸੁੱਧ-ਬੁੱਧ ਗੁਆਚ ਜਾਂਦੀ। ਫਿਰ ਭਾਵੇਂ ਕੋਈ ਕਿੰਨੀਆਂ ਹੀ ਅਵਾਜ਼ਾਂ ਦੇਵੇ ਸਹਿਜੇ ਕਰਕੇ ਉੱਠਿਆ ਹੀ ਨਹੀਂ ਸੀ ਜਾਂਦਾ। ਠਕੁਰਾਇਣ ਮੈਂਨੂੰ ਕਹਿੰਦੀ: ‘ਕਿਉਂ ਜੰਮ ਪਈਆਂ ਹੋ ਕੰਬਖਤੋ! ਕੀ ਆਪਣੇ ਪਿਉ ਨੂੰ ਜਿਉਂਦਿਆਂ ਹੀ ਮਾਰ ਦਿਉਂਗੀਆਂ?’ ਜਦੋਂ ਮੈਂ ਇਹ ਸੁਣਦੀ, ਮੇਰਾ ਰੋਣ ਨੂੰ ਜੀਅ ਕਰਦਾ। ਇਸ ਵਿਚ ਸਾਡਾ ਕੀ ਕਸੂਰ ਸੀ? ਪਰ ਜਦ ਮੈਂ ਮਾਂ ਵਲ ਵੇਖਦੀ ਤਾਂ ਲਗਦਾ ਕਿ ਇਹ ਸਭ ਝੂਠ ਹੈ। ਮਾਂ ਦੀਆਂ ਅੱਖਾਂ ਵਿਚ ਦੁੱਖ ਹੀ ਦੁੱਖ ਭਰਿਆ ਹੁੰਦਾ ਪਰ ਜਦ ਉਹ ਅੱਖਾਂ ਮੈਂਨੂੰ ਵੇਖਦੀਆਂ ਤਾਂ ਉਹਨਾਂ ਵਿੱਚੋਂ ਇਕ ਬੇਨਤੀ ਝਲਕਦੀ। ਮੈਂ, ਮਾਂ ਦੀ ਇਸ ਜਾਚਕਾਂ ਵਾਲੀ ਹਾਲਤ ਨੂੰ ਵੇਖ ਕੇ, ਉਹਨਾਂ ਦੀ ਗੋਦ ਵਿਚ ਸਿਰ ਰੱਖਕੇ ਉਹਨਾਂ ਨੂੰ ਹਸਾਉਣ ਲੱਗ ਪੈਂਦੀ। ਮੈਂ ਸਮਝਦੀ ਤਾਂ ਸੀ ਪਰ ਗਲ ਦੀ ਅਸਲੀਅਤ ਨੂੰ ਤੋਲਣ ਦੀ ਜਾਚ ਹਾਲਾਂ ਨਹੀਂ ਸੀ ਆਈ। ਬਾਬੂ ਜੀ ਦੀਆਂ ਗੱਲਾਂ ਇਕ ਦਿਨ ਮੈਂ ਮਾਂ ਨਾਲ ਹੁੰਦੀਆਂ ਸੁਣੀਆਂ। ਬਾਬੂ ਜੀ ਕਹਿ ਰਹੇ ਸਨ: ‘ਜੇ ਤੇਰੇ ਵਰਗੀ ਅਭਾਗਣ ਮੇਰੇ ਘਰ ਨਾ ਆਉਂਦੀ ਤਾਂ ਮੇਰੀ ਜ਼ਿੰਦਗੀ ਹਰਾਮ ਕਿਉਂ ਹੁੰਦੀ? ਹੁਣ ਉਹ ਬੁੱਢੀ ਤਾਂ ਹੈ ਨਹੀਂ, ਜਿਸਨੇ ਪਹਿਲੀਆਂ ਦੋ ਦੀਆਂ ਮੌਤਾਂ ਤੇ ਹਾਏ, ਹਾਏ, ਕਰਕੇ ਕਿਹਾ ਸੀ ਕਿ ਪੁੱਤਰ! ਵਿਆਹ ਕਰ ਲੈ, ਨਹੀਂ ਤਾਂ ਘਰ ਦਾ ਦੀਪ ਬੁੱਝ ਜਾਵੇਗਾ। ਹੁਣ ਜਲ ਰਹੇ ਨੇ ਨਾ ਨੌਂ ਦੀਪ! ਦਿਨ ਨੂੰ ਵੀ ਨਹੀਂ ਬੁੱਝਦੇ।’ ਉਹਨਾਂ ਦੀ ਅਵਾਜ਼ ਵਿਚ ਗੁੱਸਾ ਸੀ। ਮਾਂ ਨੇ ਹੌਲੀ ਅਵਾਜ਼ ਵਿਚ ਕਿਹਾ: ‘ਇਹ ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ। ਜੋ ਰੱਬ ਦੇਵੇ ਲੈਣਾ ਹੀ ਪੈਂਦਾ ਹੈ। ਪਰ ਜੇ ਇੰਝ ਹੀ ਹੈ ਤਾਂ ਦੋਂਹ-ਚੌਂਹ ਦੇ ਗਲ਼ ਘੁੱਟ ਕੇ ਅਜ਼ਾਦ ਹੋ ਜਾ। ਉਹਨਾਂ ਦੀ ਜ਼ਿੰਦਗੀ ਵੀ ਹਰਾਮ ਕਰਨ ਨਾਲ ਕੀ ਮਿਲੇਗਾ?’ *** ਬਾਬੂ ਜੀ ਦੌੜ ਰਹੇ ਸਨ, ਕਦੇ ਇੱਧਰ ਕਦੇ ਉੱਧਰ। ਉਹ ਦੁਖੀ ਸਨ। ਮੈਂ ਉਹਨਾਂ ਦਾ ਘਬਰਾਇਆ ਚਿਹਰਾ ਵੇਖ ਕੇ ਡਰ ਗਈ ਸਾਂ। ਕੀ ਹੋਣ ਵਾਲਾ ਹੈ ਮੇਰੀ ਸਮਝ ਵਿੱਚ ਨਹੀਂ ਸੀ ਆ ਰਿਹਾ। ਤਦ ਹੀ ਪਿਤਾ ਜੀ ਦੀ ਅਵਾਜ਼ ਸੁਣਾਈ ਪਈ: ‘ਦਾਈ ਆ ਗਈ।’ ਇੱਕ ਬੁੱਢੀ ਅੰਦਰ ਆਈ। ਮੈਂ ਉਹਨੂੰ ਜਾਣਦੀ ਸਾਂ। ਉਹ ਸਾਡੇ ਘਰ ਅਕਸਰ ਆਉਂਦੀ ਰਹਿੰਦੀ ਸੀ। ਉਹ ਸਾਡੇ ਘਰ ਦੀ ਚੰਗੀ-ਮੰਦੀ ਤੋਂ ਵਾਕਫ ਸੀ। ਬਿਨਾਂ ਮੇਰੀ ਮਦਦ ਦੇ ਹੀ ਉਸ ਰਾਹ ਲੱਭ ਲਿਆ। ਉਹ ਇਕ ਕਮਰੇ ਵਿਚ ਚਲੇ ਗਈ ਜਿੱਥੇ ਜਗਦਾ-ਬੁਝਦਾ ਟਿਮਟਮਾਉਂਦਾ ਦੀਪ ਜਗ ਰਿਹਾ ਸੀ। ਮੈਂ ਕਦੇ ਅੰਦਰ ਆਉਂਦੀ ਸਾਂ ਕਦੇ ਬਾਹਰ। ਮੈਂ ਬਿਲਕੁਲ ਬੇਕਾਰ ਜਿਹੀ ਹੋ ਗਈ ਸਾਂ। ਦਾਈ ਨੇ ਮੈਂਨੂੰ ਵੇਖਿਆ ਤਾਂ ਕਿਹਾ: ‘ਜਾਹ ਪੁੱਤਰ! ਥੋੜ੍ਹੀ ਦੇਰ ਜਾ ਕੇ ਸੌਂ ਜਾ। ਤੈਂਨੂੰ ਇੰਨੀ ਖੇਚਲ ਕਰਨ ਦੀ ਲੋੜ ਨਹੀਂ। ਜਦ ਲੋੜ ਪਈ ਤਾਂ ਜਗਾ ਲਵਾਂਗੀ।’ ਮੈਂਨੂੰ ਲੱਗਾ ਕਿ ਉਹ ਦੇਵੀ ਹੈ। ਡਰਦੀ ਡਰਦੀ ਮੈਂ ਕੋਠੜੀ ਵਿਚ ਜਾ ਕੇ ਪੈ ਗਈ। ਥਕਾਵਟ ਨਾਲ ਅੱਗੇ ਹੀ ਚੂਰ ਸਾਂ। ਪੈਂਦਿਆਂ ਹੀ ਸੌਂ ਗਈ। ਅਚਾਨਕ ਘਰ ਵਿੱਚ ਹੰਗਾਮਾ ਜਿਹਾ ਮਚ ਗਿਆ। ਨੀਂਦ ਵਿੱਚ ਪਹਿਲਾਂ ਤਾਂ ਮੈਂ ਕੁਝ ਸਮਝ ਨਾ ਸਕੀ। ਪਰ ਜਦ ਕੋਈ ਮੇਰੇ ਨਾਲ ਆ ਕੇ ਟਕਰਾਇਆ ਅਤੇ ਡਿੱਗ ਪਿਆ, ਤਾਂ ਮੇਰੀ ਜਾਗ ਖੁੱਲ੍ਹ ਗਈ। ਪਹਿਲਾਂ ਤਾਂ ਮੈਂਨੂੰ ਕੁਝ ਵਿਖਾਈ ਨਾ ਦਿੱਤਾ। ਫਿਰ ਮੈਂ ਹੌਲੀ ਹੌਲੀ ਪਹਿਚਾਣਿਆ। ਉਹ ‘ਸੁਖਦਾ’ ਸੀ। ਇੱਕ ਇੱਕ ਕਰਕੇ ਸਭ ਬੱਚੀਆਂ ਮੇਰੇ ਲਾਗੇ ਇਕੱਠੀਆਂ ਹੋ ਗਈਆਂ। ਬਾਬੂ ਜੀ ਦਹਿਲੀਜ਼ ’ਤੇ ਸਿਰ ਮਾਰ ਮਾਰ ਕੇ ਰੋ ਰਹੇ ਸਨ। ਮੈਨੂੰ ਭਾਸਿਆ ਕਿ ਮੇਰੇ ਸਰੀਰ ਦਾ ਸਾਰਾ ਖ਼ੂਨ ਜੰਮ ਗਿਆ। ਮੈਂ ਡਰਦਿਆਂ ਡਰਦਿਆਂ ਮਾਂ ਦੇ ਕਮਰੇ ਵਿਚ ਗਈ। ਦਾਈ ਨੇ ਮੈਨੂੰ ਬੜੀ ਦਇਆ ਦੀ ਦ੍ਰਿਸ਼ਟੀ ਨਾਲ ਵੇਖਿਆ। ਮੈਂ ਕੁਝ ਵੀ ਨਾ ਸਮਝੀ। ਪੁੱਛਿਆ: ‘ਕੀ ਹੋਇਆ?’ ਜਵਾਬ ਸੀ ਮੇਰੀ ਇੱਕ ਹੋਰ ਭੈਣ ਹੋਈ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਗੁਰਦਿਆਲ ਸਿੰਘ ਰਾਏ
ਮੁੱਖ-ਸੰਪਾਦਕ,
‘ਲਿਖਾਰੀ’
(www.likhari.net)
ਜਨਮ : 1 ਮਈ 1937
ਜਨਮ ਸਥਾਨ: ਤਿੰਨਸੁਖੀਆ, (ਆਸਾਮ)
ਪਿਤਾ ਦਾ ਨਾਮ : ਸ. ਬਿਸ਼ਨ ਸਿੰਘ
ਮਾਤਾ ਦਾ ਨਾਮ: ਸਰਦਾਰਨੀ ਗੁਰਬਚਨ ਕੌਰ
ਵਿੱਦਿਆ:
ਐਮ.ਏ. (ਪੰਜਾਬੀ), ਐਮ.ਐਸਸੀ (ਨੀਊਟਰੀਸ਼ੀਅਨ), ਪੀ.ਐਚ-ਡੀ(ਨੀਊਟਰੀਸ਼ੀਅਨ)
Three Years Teaching Certificate in Education(Univ. Of London)
Dip. In Teaching in a Multi-Ethnic School (CNAA)
Dip. In Language Teaching (RSA)
D. Hom, D.I.Hom (British Institute of Homeopathy
Reflex Zone Therapy (ITEC)
Fellow British Institute of Homeopathy
Fellow Institute of Holistic Health
ਕਿੱਤਾ:
ਡਾਕੀਆ, ਅਧਿਆਪਨ, ਸੰਪਾਦਨਾ (ਅਤੇ ਕਈ ਛੋਟੇ-ਮੋਟੇ ਹੋਰ ਕੰਮ)
ਪ੍ਰਮੁੱਖ ਰਚਨਾਵਾਂ:
1. ਅੱਗ (ਕਾਵਿ ਸੰਗ੍ਰਹਿ)
2. ਮੋਏ ਪੱਤਰ (ਕਹਾਣੀ ਸੰਗ੍ਰਹਿ)
3. ਗੋਰਾ ਰੰਗ ਕਾਲੀ ਸੋਚ (ਕਹਾਣੀ ਸੰਗ੍ਰਿਹ)
4. ਲੇਖਕ ਦਾ ਚਿੰਤਨ (ਨਿਬੰਧ/ਆਲੋਚਨਾ)
5. ਗੁਆਚੇ ਪਲਾਂ ਦੀ ਤਲਾਸ਼ (ਨਿਬੰਧ)
6. ਅੱਖੀਆਂ ਕੂੜ ਮਾਰਦੀਆਂ (ਅਨੁਵਾਦ: ਉਰਦੂ ਕਹਾਣੀਆਂ)
7. ਬਰਤਾਨਵੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (15 ਕਹਾਣੀਆਂ ਦਾ ਅਨੁਵਾਦ)
8. ਬਰਤਾਨਵੀ ਕਲਮਾਂ (ਨਿਬੰਧ/ਆਲੋਚਨਾ)
ਮਾਣ/ਸਨਮਾਨ:
1. ਆਲ ਇੰਡੀਆ ਲਿਟਰੇਰੀ ਕੌਂਸਲ, (ਸ਼ਿਮਲਾ) ਵਲੋਂ ‘ਕਹਾਣੀ’ ਲਈ ਸਨਮਾਨ—-1959
2. ਅੰਤਰ ਰਾਸ਼ਟਰੀ ਸੈਮੀਨਾਰ (27 ਮਾਰਚ-31 ਮਾਰਚ 1989) ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਿਸ਼ਵ ਪੰਜਾਬੀ ਸਾਹਿਤ ਤੇ ਰਾਸ਼ਟਰੀ ਜਾਗਰੂਕਤਾ ਸਮੇਂ ਬਦੇਸ਼ੀ ਪੰਜਾਬੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ
2. ਈਸਟ ਮਿਡਲੈਂਡਜ਼ ਆਰਟਸ ਕੌਂਸਲ ਵਲੋਂ ‘ਕਹਾਣੀ’ ਲਈ ਇਨਾਮ/ਸਨਮਾਨ
3. ਪੰਜਾਬੀ ਰਾਈਟਰਜ਼ ਫੋਰਮ, ਸਾਊਥੈਂਪਟਨ ਵਲੋਂ ਸਾਹਿਤਕ ਐਵਾਰਡ ਆਫ ਆਨਰ
4. ਪੰਜਾਬੀ ਕਵੀ ਦਰਬਾਰ ਵਾਲਥਮਸਟੋ ਵਲੋਂ ‘ਲਿਖਾਰੀ’ ਅਤੇ ਸਾਹਿਤਕ ਘਾਲਣਾ ਲਈ ਸਨਮਾਨ
5. ਆਲਮੀ ਪੰਜਾਬੀ ਕਾਨਫਰੰਸ ਲੰਡਨ ਵਲੋਂ ‘ਵਾਰਸ ਸ਼ਾਹ ਐਵਾਰਡ’
6. ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆ ਵਲੋਂ ਸਰਵੋਤਮ ਸਾਹਿਤਕਾਰ ਸਨਮਾਨ ਚਿੰਨ੍ਹ
Before migrating to the U.K. in 1963:
(a) Worked as a School Teacher/Lecturer/Sub-Editor/Editor
(b) Editted a literary Punjabi Monthly Magazine PATTAN (Adampur, Jalandhar)
(c) Worked as Sub-Editor in the Daily Akali Patrika (Jalandhar)
Upon arrival in the U.K.
Worked as a postman. Then after acquiring Three Years Teaching Certificate in Education from the University of London worked as a teacher in different Education Authorities in the U.K…… Newham, Sandwell, Wolverhampton and the City of Birmingham.
In the U.K. also edited various papers and magazines such as: Mamta (weekly/Monthly), Punjabi Post(weekly), Asian Post and Likhari.
His literary work appeared in well known monthlies, weeklies and daily News-papers such as Des Perdase, Sirnawaan, Mehram, Kahani Punjab, Punjabi Digest, Akaas, Nwaan Jamana, Akali Patrika, Punjabi Tribune, Ajit, Des Pardes, Punjab Times Weekly, Punjab Mail International, Meri Boli Mera Dharam etc.
His work in Hindi has also appeared in Mukta, Man-Mukta, Naya Akaash and Ira India. His work in Urdu has appeared in Ravi, Lehraan, Daily Front.
***