21 September 2024

ਗੁਰਬਾਣੀ ਅਤੇ ਰਾਗ -ਹਰਜਿੰਦਰ ਸਿੰਘ ਕੰਵਲ

ਗੁਰਬਾਣੀ ਅਤੇ ਰਾਗ

-ਹਰਜਿੰਦਰ ਸਿੰਘ ਕੰਵਲ-

ਰਾਗ ਉਸ ਸੁਰ-ਪ੍ਰਬੱਧ ਨੂੰ ਕਿਹਾ ਜਾਂਦਾ ਹੈ ਜਿਸ ਦੇ ਸੁਣਨ ਨਾਲ ਮਨ ਵਿਚ ਰਾਗ (ਪ੍ਰੇਮ – ਉਲਹਾਸ) ਪੈਦਾ ਹੁੰਦਾ ਹੈ, ਜਿਸਨੂੰ ਸੰਗੀਤ ਵੀ ਕਹਿੰਦੇ ਹਨ । ਭਾਰਤੀ ਸੰਸਕ੍ਰਿਤੀ ਵਿਚ ਰਾਗ ਦੀ ਬਹੁਤ ਪੁਰਾਤਨ ਪਰੰਪਰਾ ਹੈ ਜਿਸ ਦਾ ਵੇਰਵਾ ਵੇਦਾਂ ਅਤੇ ਮੁਢਲੀਆਂ ਰਚਨਾਵਾਂ ਵਿਚ ਆਉਂਦਾ ਹੈ । ਇਸ ਦੇ ਸੁਰਾਂ ਦਾ ਵਿਕਾਸ ਕਰਮ ਅਨੁਸਾਰ ਵਧਦਾ ਗਿਆ ਅਤੇ ਆਖਿਰ ਵਿਚ ਇਹ ਗਿਣਤੀ ਵਿਚ ਸੱਤ ਸੁਰ ਹੋ ਗਏ ਜੋ ਇਸ ਤਰਾਂ੍ਹ ਹਨ:- ਖਾੜਜ, ਰਿਸ਼ਭ, ਗਾਂਧਾਰ, ਮਧਯਮ, ਪੰਚਮ, ਧੈਵਤ ਅਤੇ ਨਿਸ਼ਾਦ ।

ਰਾਗਾਂ ਦੀ ਲੰਬੀ ਪਰੰਪਰਾ ਤੋਂ ਪ੍ਰੇਰਿਤ ਹੋ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੀ ਰਚਨਾ ਰਾਗ-ਬੱਧ ਕੀਤੀ । ਭਾਈ ਮਰਦਾਨਾ ਬਾਣੀ ਦੇ ਗਾਉਣ ਵੇਲੇ ਰਬਾਬ ਨਾਲ ਸੁਰ ਪੂਰਦਾ ਸੀ । ਮਰਦਾਨੇ ਵਰਗੇ ਸੰਗੀਤਕਾਰ ਨੂੰ ਹਮੇਸ਼ਾਂ ਨਾਲ ਰੱਖਣ ਦਾ ਮਤਲਬ ਹੀ ਇਹੋ ਸੀ ਕਿ ਗੁਰਬਾਣੀ ਨੂੰ ਰਾਗ-ਬੱਧ ਕਰਕੇ ਅਲਾਪਿਆ ਜਾਵੇ । ਬਾਕੀ ਗੁਰੂਆਂ ਨੇ ਵੀ ਰਾਗ-ਅਨੁਸ਼ਾਸਨ ਅਧੀਨ ਬਾਣੀ ਦੀ ਰਚਨਾ ਕੀਤੀ । ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਦੇ ਸੰਪਾਦਨ ਵੇਲੇ ਬਹੁਤ ਸਾਰੀ ਬਾਣੀ ਨੂੰ ਰਾਗ-ਬੱਧ ਕਰਕੇ ਤਕਨੀਕੀ ਤੌਰ ਨਾਲ ਇਸਦਾ ਸਰੂਪ ਸਥਿਰ ਕਰ ਦਿਤਾ । ਗੁਰਬਾਣੀ ਨੂੰ ਰਾਗ-ਬੱਧ ਕਰਨ ਦਾ ਮੁੱਖ ਮੰਤਵ ਇਹ ਸੀ ਕਿ ਪਰਮਾਤਮਾ ਦਾ ਸੰਕੀਰਤਨ ਰਾਹੀਂ ਯੱਸ਼-ਗਾਇਨ ਕੀਤਾ ਜਾਵੇ । ਸੰਗੀਤ ਰਾਹੀਂ ਮਨ ਨੂੰ ਸਥਿਰ ਕੀਤਾ ਜਾ ਸਕਦਾ ਹੈ । ਇਹ ਸਾਰੀਆਂ ਕੋਮਲ ਕਲਾਵਾਂ ਨਾਲੋਂ ਅਧਿਕ ਪ੍ਰਭਾਵਸ਼ਾਲੀ ਹੈ । ਇਸ ਨਾਲ ਕਠੋਰ ਹਿਰਦਾ ਵੀ ਕੋਮਲ ਹੋ ਜਾਂਦਾ ਹੈ ਅਤੇ ਅੰਦਰ ਦੀ ਮੈਲ ਧੁਲ ਜਾਂਦੀ ਹੈ, ਜੀਵਨ ਦੀ ਉਪਰਾਮਤਾ ਮਿਟਦੀ ਹੈ ਅਤੇ ਪ੍ਰਾਣੀ ਦਾ ਮਨ ਪਰਮਾਤਮਾ ਵਿਚ ਟਿਕਦਾ ਹੈ ।

ਇਹ ਗੁਰਬਾਣੀ ਸੰਗੀਤ ਦੂਸਰੇ ਸੰਗੀਤ ਨਾਲੋਂ ਵਖਰਾ ਹੈ । ਇਸਦਾ ਉਦੇਸ਼ ਸਰੋਤਿਆਂ ਦਾ ਸਿਰਫ ਮਨੋਰੰਜਨ ਕਰਨਾ ਨਹੀਂ ਹੈ ਬਲਕੇ ਅਗੰਮੀ ਅਤੇ ਵਿਸਮਾਦੀ ਅਵਸਥਾ ਵਿਚ ਲਿਆਉਣਾ ਅਤੇ ਸਰੋਤਿਆਂ ਨੂੰ ਧਰਤੀ ਤੋਂ ਸਚਖੰਡੀ ਅਵਸਥਾ ਵਿਚ ਪਹੁੰਚਾਉਣ ਦੀ ਭੂਮਕਾ ਨਿਭਾਉਂਣਾ ਹੈ । ਇਸ ਲਈ ਗੁਰੂ ਸਾਹਿਬ ਨੇ ਕਿਤੇ-ਕਿਤੇ ਰਾਗਾਂ ਸੰਬੰਧੀ ਜੋ ਆਪਣੀਆਂ ਮਾਨਤਾਵਾਂ ਸਥਾਪਿਤ ਕੀਤੀਆਂ ਹਨ, ਉਹ ਵੀ ਸੰਗੀਤ ਸ਼ਾਸਤਰੀਆਂ ਤੋਂ ਹਟ ਕੇ ਧਰਮ-ਸਾਧਕਾਂ ਵਾਲੀਆਂ ਹਨ ਅਤੇ ਅਧਿਆਤਮਿਕ ਰਸ ਨਾਲ ਭਰਪੂਰ ਹਨ ।

ਸਾਰਿਆਂ ਰਾਗਾਂ ਵਿਚ ਕਿਹੜਾ ਸ੍ਰੇਸ਼ਠ ਹੈ, ਇਸ ਬਾਰੇ ਗੁਰੂ ਰਾਮ ਦਾਸ ਦੀ ਧਾਰਣਾ ਹੈ ਕਿ ਉਹੀ ਰਾਗ ਉੱਤਮ ਹੈ ਜਿਸ ਦੇ ਗਾਉਣ ਨਾਲ ਪ੍ਰਭੂ ਮਨ ਵਿਚ ਵਸ ਜਾਂਦਾ ਹੈ ਅਤੇ ਇਸਦੇ ਨਾਲ ਗੁਰੂ ਦੇ ਹੁਕਮ ਮੰਨਣ ਅਤੇ ਸਮਝਣ ਵਿਚ ਵੀ ਸੌਖ ਮਿਲਦੀ ਹੈ:-

‘ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ।
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ।
ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ।’ (ਗੁ.ਗ੍ਰ.1423)

ਅਤੇ ‘ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਿਜ ਧਿਆਨੁ ’ ( ਗਗ 849)

‘ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ।’ (ਗਗ 948)

ਅਤੇ ‘ਕਲਿਜੁਗ ਮਹਿ ਕੀਰਤਨ ਪਰਧਾਨਾ, ਗੁਰਮੁਖੁ ਜਪੀਏ ਲਾਇ ਧਿਆਨਾ’ (ਗਗ 1075) ਇਥੇ ਜਾਪ ਨੂੰ ਵੀ ਕੀਰਤਨ ਦਾ ਰੂਪ ਦੇਣਾ ਆਖਿਆ ਹੈ ।

ਸੰਗੀਤ ਮਨੁੱਖ ਦੀ ਰੂਹਾਨੀ ਖੁਰਾਕ ਹੈ । ਸਾਰੇ ਬ੍ਰਹਮੰਡ ਦੀ ਹਰ ਇਕ ਵਸਤੂ ਵਿਚੋਂ ਸੰਗੀਤ ਦੀ ਇਲਾਹੀ ਧੁੁਨਿ ਦਾ ਨਾਦ ਗੂੰਜ ਰਿਹਾ ਹੈ । ‘ਘਟ ਘਟ ਵਾਜਹਿ ਨਾਦ’ ਤੋਂ ਇਹ ਗੱਲ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ । ਨਾਦ ‘ਬ੍ਰਹਮ’ ਹੈ ਜੋ ਹਰ ਪ੍ਰਾਣੀ ਦੇ ਵਿਚ ਗੂੰਜਦਾ ਹੈ ਜਿਸ ਦਾ ਸੰਕੇਤ ਰਿਸ਼ੀ ਮੁਨੀ ਅਤੇ ਯੋਗੀ ਕਰਦੇ ਹਨ । ਸਿਮਰਨ ਅਤੇ ਮੈਡੀਟੇਸ਼ਨ ਕਰਦੇ ਸਮੇ ਵੀ ਇਹ ਨਾਦ ਸੁਣੀਦਾ ਹੈ । ਗੁਰੂ ਸਾਹਿਬਾਨ ਇਸ ਭੇਦ ਨੂੰ ਅਛੀ ਤਰ੍ਹਾਂ ਸਮਝਦੇ ਸਨ ਕਿ ਮਨੁੱਖ ਦੀ ਆਤਮਾ ਦੇ ਸਾਜ਼ ਨੂੰ ਸੁਰ ਕਰਨ ਲਈ ਖੁਸ਼ਕ ਗਿਆਨ ਦੀ ਨਹੀਂ, ਭਗਤੀ-ਮਈ ਕੀਰਤਨ ਦੀ ਲੋੜ ਹੈ । ਗੁਰੂ ਨਾਨਕ ਜਦੋਂ ਰਬਾਬ ਦੀ ਧੁਨਿ ਨਾਲ ਇਕ-ਸੁਰ ਕਰਕੇ ‘ਧੁਰ ਕੀ ਬਾਣੀ’ ਜਿਸਨੂੰ ਬ੍ਰਿਹਮੰਡੀ ਨਾਦ ਵੀ ਆਖਦੇ ਹਨ, ਨੂੰ ਗਾਇਆ ਕਰਦੇ ਸਨ ਤਾਂ ਸਾਰਾ ਵਾਤਾਵਰਣ, ਮਨੁੱਖ ਅਤੇ ਪਸੂ ਪੰਛੀ, ਭਗਤੀ-ਰਸ ਨਾਲ ਅਨੰਦ ਵਿਭੋਰ ਹੋ ਜਾਂਦੇ ਸੀ ।

ਸੰਗੀਤ ਨੂੰ ਅਧਿਆਤਮਿਕ ਅਗਵਾਈ ਦਾ ਸਰਬੋਤਮ ਸਾਧਨ ਦਸਿਆ ਗਿਆ ਹੈ । ‘ਜਪੁਜੀ’ ਵਿਚ ਗੁਰੂ ਨਾਨਕ ਨੇ ਕੀਰਤਨ ਨੂੰ ਸ਼੍ਰਵਣ ਅਤੇ ਮਨਨ ਤੋਂ ਪਹਿਲਾਂ ਸਥਾਨ ਦਿੰਦੇ ਹੋਇਆਂ, ਇਸ ਦੁਆਰਾ ਪਰਮਾਰਥ ਦੀ ਪ੍ਰਾਪਤੀ ਸੰਭਵ ਹੋਈ ਦਸੀ ਹੈ:- ‘ਹਰਿ ਗੁਣਿ ਗਾਵਹਿ ਮਿਲਿ ਪਰਮਾਰਥੰ’ (ਗਗ 413) ਅਤੇ ਗੁਰੂ ਅਰਜਨ ਜੀ ਕਹਿੰਦੇ ਹਨ ਕਿ ਕੀਰਤਨ ਕਰਨ ਵਾਲੇ ਉਤੇ ਜਮ-ਕਾਲ ਦਾ ਪ੍ਰਭਾਵ ਨਹੀਂ ਪੈ ਸਕਦਾ :-‘ਜੋ ਜਨੁ ਕਰੈ ਕੀਰਤਨੁ ਗੋਪਾਲ । ਤਿਸੁ ਕਉ ਪੋਹਿ ਨ ਸਕੈ ਜਮੁ ਕਾਲੁ ।’ (ਗਗ 837)

ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਨਾ ਕੇਵਲ ਕੀਰਤਨ ਉਤੇ ਬਲ ਦਿਤਾ ਬਲਕੇ ਖੁਦ ਵੀ ਕੀਰਤਨਮਈ ਜੀਵਨ ਜੀਵਿਆ । ਗੁਰੂ ਸਾਹਿਬਾਨ ਸ਼ਾਇਰ ਵੀ ਸਨ (ਨਾਨਕ ਸ਼ਾਯਰ ਏਵ ਕਹਿਤ ਹੈ) ਅਤੇ ਸੰਗੀਤਕਾਰ ਵੀ (ਹਉ ਢਾਢੀ ਦਰ ਪ੍ਰਭੁ ਖਸਮ ਕਾ ਨਿਤ ਗਾਵੈ ਹਰਿ ਗੁਣ ਛੰਂਦਾ ) । ਗੁਰਬਾਣੀ ਕਵਿਤਾ ਵਿਚ ਹੋਣ ਦੇ ਇਲਾਵਾ ਰਾਗ-ਬੱਧ ਇਸ ਲਈ ਹੈ ਕਿ ਇਸ ਦਾ ਕੀਰਤਨ ਕਰਨਾ ਬੁਨਿਆਦੀ ਲੋੜ ਹੈ । ਰਾਗ ਉਦਾਸ ਮਨਾ ਨੂੰ ਸੁਰਜੀਤ ਕਰਦਾ ਹੈ ਅਤੇ ਪ੍ਰਭੂ ਭਗਤੀ ਨੂੰ ਰਸ-ਯੁਕਤ ਬਣਾਉਂਦਾ ਹੈ । ਬੁਝੇ ਹੋਏ ਮਨ ਨੂੰ ਟੁੰਬ ਦਿੰਦਾ ਹੈ ਅਤੇ ਉਸ ਵਿਚ ਅਧਿਆਤਮਿਕ ਕੰਬਣੀ ਛੇੜ ਦਿੰਦਾ ਹੈ । ਇਸੇ ਕਰਕੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨੂੰ ਆਪਣੇ ਨਾਲ ਰਖਦੇ ਸਨ ਤਾਂ ਕਿ ਜਦੋਂ ਉਹ ਰਬਾਬ ਦੀਆਂ ਸੁਰਾਂ ਛੇੜੇ ਤਾਂ ਜਗਿਆਸੂਆਂ ਦੇ ਮਨ ਕੀਲ ਹੋ ਜਾਣ ਅਤੇ ਉਹ ਪ੍ਰਾਣੀ ਆਧਿਆਤਮਿਕਤਾ ਤੋਂ ਸਖਣੇ ਨਾ ਰਹਿ ਜਾਣ ।

ਭਾਈ ਗੁਰਦਾਸ ਦੀ 11ਵੀ ਵਾਰ ਵਿਚ ਇਕ ਸਾਖੀ ਵਿਚ ਆਉਂਦਾ ਹੈ, ‘ਕੁਝ ਸਿਖ ਗੁਰੂ ਦੇ ਦਰਬਾਰ ਵਿਚ ਆ ਕੇ ਆਪਣੇ ਸੰਸਾਰਿਕ ਉਧਾਰ ਦਾ ਸਾਧਨ ਪੁਛਦੇ ਹਨ, ਜਿਸਤੇ ਗੁਰੂ ਜੀ ਕਹਿੰਦੇ ਹਨ:-

“ਤਾਂ ਬਚਨ ਹੋਇਆ-ਤੁਸਾਂ ਨੂੰ ਰਾਗ ਦੀ ਸਮਝ ਹੈ ਤੇ ਕਲਿਜੁਗ ਵਿਚ ਕੀਰਤਨ ਦੇ ਸਮਾਨ ਹੋਰ ਕੋਈ ਜੋਗ ਤਪ ਨਹੀਂ । ਇਹ ਸਾਤਕੀ ਸਾਧਨ ਹੈ, ਤੁਸੀਂ ਕੀਤਾ ਕਰੋ ।”

ਗੁਰੂ ਸਾਹਿਬ ਨੇ ਰਾਗਾਂ ਦੇ ਵਿਧਾਨ ਵੇਲੇ ਸੰਗੀਤ ਦੀਆਂ ਉਤਰੀ ਅਤੇ ਦੱਖਣੀ ਰੀਤੀਆਂ ਦੇ ਨਾਲ ਨਾਲ ਦੇਸੀ ਅਤੇ ਮਾਰਗੀ ਰਾਗਾਂ ਨੂੰ ਵੀ ਨਾਲ ਮਿਲਾਇਆ ਅਤੇ ਸਾਮੀ ਤੇ ਭਾਰਤੀ ਸਭਿਆਚਾਰਾਂ ਦਾ ਵੀ ਸਮਨਵੈ ਕੀਤਾ । ਗੁਰੂ ਗ੍ਰੰਥ ਵਿਚ ਕਈ ਬਾਣੀਆਂ ਇਹੋ ਜਹੀਆਂ ਵੀ ਹਨ ਜੇਹੜੀਆਂ ਰਾਗ-ਮੁਕਤ ਹਨ, ਜਿਨ੍ਹਾਂ ਦਾ ਸਰੂਪ ਰਾਗ-ਬੱਧ ਬਾਣੀਆਂ ਨਾਲੋਂ ਵਖਰਾ ਹੈ ਅਤੇ ਇਨ੍ਹਾਂ ਬਾਣੀਆਂ ਦਾ ਸਥਾਨ ਰਾਗ-ਬੱਧ ਬਾਣੀਆਂ ਤੋਂ ਬਾਅਦ ਦਿਤਾ ਗਿਆ ਹੈ । ਇਨ੍ਹਾਂ ਬਾਣੀਆਂ ਵਿਚੋਂ ਇਕ ਬਾਣੀ ਹੈ ‘ਸਵੱਯੇ ਮਹਲੇ ਪਹਿਲੇ ਕੇ’- ਇਸ ਬਾਣੀ ਵਿਚ ਆਉਂਦਾ ਹੈ :-

“ਸਤਿਜੁਗਿ ਤੈ ਮਾਣਿਓ , ਛਲਿਓ ਬਲਿ, ਬਾਵਨ ਭਾਇਓ ॥
ਤੇ੍ਰਤੈ ਤੈ ਮਾਣਿਓ , ਰਾਮ ਰਘੁਵੰਸੁ ਕਹਾਇਓ ॥
ਦੁਆਪੁਰਿ ਕ੍ਰਿਸਨ ਮੁਰਾਰਿ, ਕੰਸੁ ਕਿਰਤਾਰਥੁ ਕੀਓ ॥
ਉਗ੍ਰਸੈਣ ਕਉ ਰਾਜੁ, ਅਭੈ ਭਗਤਹ ਜਨ ਦੀਓ ॥
ਕਲਿਜੁਗਿ ਪ੍ਰਮਾਣੁ, ਨਾਨਕ ਗੁਰੁ ਅੰਗਦ ਅਮਰੁ ਕਹਾਇਓ ॥
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ , ਆਦਿ ਪੁਰਖਿ ਫੁਰਮਾਇਓ ॥”

ਇਸ ਸਲੋਕ ਵਿਚ ਸਾਫ ਜ਼ਾਹਿਰ ਹੈ ਕਿ ਸਾਰੇ ਹੀ ਗੁਰੂ ਨਾਨਕ ਦੇ ਅਵਤਾਰ ਸਨ । ਜੋ ਪ੍ਰਾਣੀ ਕੋਝੇ ਸ਼ਬਦ ਸ੍ਰੀ ਕ੍ਰਿਸ਼ਨ ਜੀ ਜਾਂ ਸ੍ਰੀ ਰਾਮ ਜੀ ਲਈ ਵਰਤਦਾ ਹੈ ਉਹ ਵਾਸਤਵਿਕ ਤੌਰ ਤੇ ਗੁਰੂ ਨਾਨਕ ਦਾ ਹੀ ਘੋਰ ਨਿਰਾਦਰ ਕਰਦਾ ਹੈ । ਦਸਮੇਸ਼ ਜੀ ਨੇ ਦਸਮ ਗ੍ਰੰਥ ਵਿਚ ਕ੍ਰਿਸ਼ਨਾ ਅਵਤਾਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ ਪੂਰਨ ਪ੍ਰਮੇਸ਼ਵਰ ਹਰੀ ਕਰਕੇ ਸੰਬੋਧਨ ਕੀਤਾ ਹੈ । ਕ੍ਰਿਸ਼ਨਾ ਅਵਤਾਰ ਵਿਚ ਇਕ ਸਲੋਕ ਹੈ :-

‘ਮਾਲਸਿਰੀ ਅਰੁ ਰਾਮਕਲੀ ਸੁਭ ਸਾਰੰਗ ਭਾਵਨ ਸਾਥ ਬਸਾਵੈ ॥
ਜੈਤਸਿਰੀ ਅਰੁ ਸੁਧ ਮਲਾਰ ਬਿਲਾਵਲ ਕੀ ਧੁਨਿ ਕੂਕ ਸੁਨਾਵੈ ॥
ਲੈ ਮੁਰਲੀ ਅਪੁਨੇ ਕਰਿ ਕਾਨ੍ਹ ਕਿਧੌ ਅਤਿ ਹੀ ਹਿਤ ਸਾਥ ਬਜਾਵੈ ॥
ਪਉਨ ਚਲੈ ਨ ਰਹੈ ਜਮੁਨਾ ਥਿਰ ਮੋਹਿ ਰਹੈ ਧੁਨਿ ਜੋ ਸੁਨਿ ਪਾਵੈ ॥457॥

(ਕਾਨ੍ਹ) ਸ਼ੁਭ ਭਾਵ ਨਾਲ (ਮੁਰਲੀ ਵਿਚ) ਮਾਲਸਿਰੀ, ਰਾਮਕਲੀ ਅਤੇ ਸਾਰੰਗ ਰਾਗਾਂ ਨੂੰ ਵਜਾਉਂਦੇ ਹਨ । ਜੈਤਸਰੀ ਅਤੇ ਸੁੱਧ ਮਲ਼੍ਹਾਰ ਤੇ ਬਿਲਾਵਲ ਰਾਗਾਂ ਦੀ ਸੁਰ ਨੂੰ ਉੱਚੀ ਆਵਾਜ਼ ਵਿਚ ਸੁਣਾਉਂਦੇ ਹਨ । ਕਾਨ੍ਹ ਆਪਣੇ ਹੱਥ ਵਿਚ ਮੁਰਲੀ ਲੈ ਕੇ ਬਹੁਤ ਹਿਤ ਨਾਲ ਵਜਾਉਂਦੇ ਹਨ (ਜਿਸ ਦੀ ਸੁਰ ਨੂੰ ਸੁਣ ਕੇ) ਪਵਨ ਚਲਣੋ ਰੁੱਕ ਜਾਂਦੀ ਹੈ ਅਤੇ ਜਮਨਾ (ਵਗਣਾ ਛੱਡ ਕੇ) ਸਥਿਰ ਹੋ ਜਾਂਦੀ ਹੈ , (ਹੋਰ ਕੋਈ ਵੀ) ਜੋ ਮੁਰਲੀ ਦੀ ਧੁਨ ਸੁਣ ਲੈਂਦਾ ਹੈ, (ਉਹ ਵੀ) ਮੋਹਿਤ ਹੋ ਜਾਂਦਾ ਹੈ ।

ਅਤੇ ਇਕ ਦੋਹਰੇ ਵਿਚ ਗੁਰੂ ਜੀ ਕਹਿੰਦੇ ਹਨ:_

“ਜਬੈ ਕ੍ਰਿਸਨ ਸੰਗ ਗੋਪੀਅਨ ਕਰੀ ਮਾਨੁਖੀ ਬਾਨ ।
ਸਭ ਗੋਪੀ ਤਬ ਯੌ ਲਖਿਯੋ ਭਯੋ ਬਸਯ ਭਗਵਾਨ ।

ਆਖਿਰ ਵਿਚ ਇਹ ਕਹਾਂਗਾ ਕਿ ਕਿਸੇ ਵੀ ਮਹਾਂਪੁਰਸ਼ ਦੀ ਨਿੰਦਿਆ ਕਰਨ ਤੋਂ ਪਹਿਲਾਂ ਇਹ ਜ਼ਰੂਰ ਯਾਦ ਰਖਣਾ ਕਿ ‘ਸਾਡੇ ਆਪਣੇ ਵਿਚ ਕਿਨੇ ਵਲ ਫਰੇਬ ਅਤੇ ਈਰਖਾ ਦਵੈਸ਼ ਭਰੀ ਹੋਈ ਹੈ’ ।ਇਸ ਨੂੰ ਦੂਰ ਕਰਨ ਦੀ ਕੋਸਿ਼ਸ਼ ਕਰੀਏ । ਜੀਸਸ ਕਰਾਈਸਟ ਦੇ ਕਹਿਣ ਵਾਂਗੂ, ਕਿ “ਇਸ ਵੇਸਵਾ ਉਤੇ ਸਭ ਤੋਂ ਪਹਿਲਾ ਪਰਹਾਰ ਉਹ ਕਰੇ ਜਿਸ ਨੇ ਕੋਈ ਪਾਪ ਨਾ ਕੀਤਾ ਹੋਵੇ” ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001-2007)
(ਦੂਜੀ ਵਾਰ 30 ਨਵੰਬਰ 2021)

***
527
***

ਹਰਜਿੰਦਰ ਸਿੰਘ ਕੰਵਲ

View all posts by ਹਰਜਿੰਦਰ ਸਿੰਘ ਕੰਵਲ →