29 March 2024

ਪੰਜ ਪਿਆਰੇ – ਹਰਜਿੰਦਰ ਸਿੰਘ ਕੰਵਲ

ਪੰਜ ਪਿਆਰੇ

-ਹਰਜਿੰਦਰ ਸਿੰਘ ਕੰਵਲ-

ਵੈਸਾਖ 1756 ਬਿ: ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਕ ਨਵਾਂ ਸੂਰਬੀਰ ਪੰਥ ਤਿਆਰ ਕਰਨ ਦੀ ਗੁਰੂ ਜੀ ਨੂੰ ਕਿਉਂ ਲੋੜ ਪਈ, ਇਸਨੂੰ ਭਾਈ ਸੰਤੋਖ ਸਿੰਘ ਜੀ ਇੰਜ ਬਿਅਨ ਕਰਦੇ ਹਨ :-

‘ਛਾਇ ਜਾਤੀ ਏਕਤਾ, ਅਨੇਕਤਾ ਬਲਾਇ ਜਾਤੀ।
ਧਾਇ ਜਾਤੀ ਕੁਚਲਤਾ ਕਤੇਬਨ ਕੁਰਾਨ ਕੀ।
ਪਾਪ ਪ੍ਰਪੱਕ ਜਾਤੇ, ਧਰਮ ਧਸਕ ਜਾਤੇ,
ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ।
ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ,
ਰੀਤ ਮਿਟ ਜਾਤੀ ਕਥਾ ਵੇਦ ਔ ਪੁਰਾਨ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਤਿਤ ਪਾਵਨ ਸੂਰ,
ਮੂਰਤੀ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ।’

ਗੁਰੂ ਜੀ ਨੇ ਖਾਲਸਾ ਪੰਥ ਨੂੰ ਇਕ ਐਸਾ ਅੰਮ੍ਰਿਤ ਬਖਸਿ਼ਆ ਜਿਸ ਨੇ ਸਿੱਖ ਕੌਮ ਵਿਚ ਇਹੋ ਜਹੀ ਸਪਿਰਿਟ ਪੈਦਾ ਕੀਤੀ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੀ ਨਹੀਂ ਬਲਕੇ ਅਸੰਭਵ ਹੈ। ਗੁਰੂ ਜੀ ਨੇ ਪੰਜ ਪਿਆਰਿਆਂ ਦੀ ਚੋਣ ਇਕ ਬਹੁਤ ਹੀ ਅਜੀਬ ਢੰਗ ਨਾਲ ਕੀਤੀ। ਉਨ੍ਹਾਂ ਨੇ ਤੇਗ ਦੀ ਧਾਰ ਤੇ ਪੰਜਾਂ ਦੇ ਸੀਸ ਪਰਖੇ ਅਤੇ ਫਿਰ ਸੰਜੀਵਨੀ ਅੰੰਿਮ੍ਰਤ ਨਾਲ ਉਨ੍ਹਾਂ ਨੂੰ ਸਰਸ਼ਾਰ ਕਰਕੇ ਜੀਵਨ ਦਾਨ ਬਖਸਿ਼ਆ। ਇਕ ਐਸਾ ਪੰਥ ਤਿਆਰ ਕੀਤਾ ਜਿਸ ਦਾ ਵਰਨਣ ਗੁਰੂ ਜੀ ਇੰਝ ਕਰਦੇ ਹਨ :-

‘ਭਣੋ ਖਾਲਸਾ ਜਗ ਮੇ ਤੀਆ
ਹਿੰਦੂ ਤੁਰਕ ਦੁਹੁਨ ਤੇ ਨਯਾਰੋ,
ਸ੍ਰੀ ਅਕਾਲ ਕੌ ਦਾਸ ਵਿਚਾਰੋ।’ (ਗੁ.ਪ.ਸੂ)

ਇਹ ਇਕ ਨਿਆਰਾ ਹੀ ਪੰਥ ਸਜਾ ਦਿਤਾ ਜਿਸ ਦੀਆਂ ਧੁੰਮਾਂ ਹਿੰਦੁਸਤਾਨ ਦੇ ਕੋਨੇ ਕੋਨੇ ਵਿਚ ਗੂੰਜ ਉਠੀਆਂ। ਸਿੱਖ ‘ਸਿੰਘ’ ਦੇ ਨਾਮ ਨਾਲ ਇਸ ਸੰਸਾਰ ਉਤੇ ਗਰਜਨਾ ਕਰਨ ਲਗਾ। ਇਹ ਗਰਜਨਾ ਕੋਈ ਦਹਿਸ਼ਤ ਫਲੌਣ ਲਈ ਨਹੀਂ ਬਲਕਿ ਉਨ੍ਹਾਂ ਮਾਸੂਮਾ, ਮਜ਼ਲੂਮਾਂ, ਗਊ ਅਤੇ ਗ਼ਰੀਬਾਂ ਲਈ ਇਕ ਐਸੀ ਢਾਲ ਬਣਕੇ ਆਈ ਜਿਸਨੇ ਸਾਮਰਾਜਿਆਂ ਦੀਆਂ ਜੜਾਂ ਹਿਲਾ ਸੁਟੀਆਂ। ਗੁਰੂ ਜੀ ਨੇ ਜੋ ਅੰਮ੍ਰਿਤ ਤਿਆਰ ਕੀਤਾ ਓਹ ਪੰਜਾਂ ਪਿਆਰਿਆਂ ਨੂੰ ਛਕਾਇਆ ਅਤੇ ਫਿਰ ਉਨ੍ਹਾ ਤੋਂ ਹੀ ਆਪ ਛਕਿਆ ਅਤੇ ‘ਆਪੇ ਗੁਰ ਚੇਲਾ’ ਕਹਾਏ।

ਪੰਜ ਪਿਆਰੇ ਕੌਣ ਸਨ ? ਇਨ੍ਹਾਂ ਬਾਰੇ ਕਾਫੀ ਚਿਰ ਤੋਂ ਵਾਦ-ਵਿਵਾਦ ਚਲਦਾ ਆ ਰਿਹਾ ਹੈ। ਜੋ ਪੰਥ ਭੂਸ਼ਨ ਭਾਈ ਕ੍ਹਾਨ ਸਿੰਘ ਜੀ ਨਾਭਾ ਨੇ ਆਪਣੇ ਮਹਾਨ ਕੋਸ਼ ਵਿਚ ਦਰਜ਼ ਕੀਤਾ ਹੈ ਓਹ ਇਸ ਤਰ੍ਹਾਂ ਹੈ :-

“ਅਫਸੋਸ ਹੈ ਕਿ ਇਨ੍ਹਾਂ ਮਹਾਨ ਪਰਉਪਕਾਰੀ ਗੁਰਮੁਖਾਂ ਦਾ ਸਹੀ ਜੀਵਨ ਸਾਨੂੰ ਜਤਨ ਕਰਨ ਤੇ ਵੀ ਪਰਾਪਤ ਨਹੀਂ ਹੋਇਆ, ਜੋ ਕੁਝ ਲਿਖਿਆ ਮਿਲਿਆ ਹੈ ਉਸ ਨਾਲ ਸਾਡੀ ਪੂਰੀ ਸੰਮਤੀ ਨਹੀਂ …”

ਇਸ ਦੇ ਬਾਵਜੂਦ ਕਈਆਂ ਲਿਖਾਰੀਆਂ ਨੇ ਭਿੰਨ ਭਿੰਨ ਥਾਵਾਂ ਤੋਂ ਉਨ੍ਹਾਂ ਦੇ ਆਉਣ ਦਾ ਅਤੇ ਜਾਤਾਂ ਦਾ ਵਰਨਣ ਕੀਤਾ ਹੈ। ਆਮ ਰਵਾਇਤ ਜੋ ਮੰਨੀ ਜਾਂਦੀ ਹੈ ਉਸਦਾ ਵੇਰਵਾ ਕੁਝ ਇਸ ਤਰ੍ਹਾਂ ਹੈ :-

1. ਦਯਾ ਰਾਮ-ਖੱਤਰੀ-ਲਾਹੌਰ ਨਿਵਾਸੀ।
2. ਧਰਮ ਚੰਦ-ਜੱਟ-ਸਹਾਰਨਪੁਰ (ਯਾਂ ਹਸਤਨਾਪੁਰ)।
3. ਹਿੰਮਤ ਚੰਦ-ਝੀਵਰ-ਪਟਿਆਲਾ (ਯਾਂ ਜਗਨ ਨਾਥ ਪੁਰੀ )।
4. ਮੋਹਕਮ ਚੰਦ-ਛੀਂਬਾ-ਅੰਬਾਲਾ (ਯਾਂ ਦਵਾਰਕਾ)।
5.ਸਾਹਿਬ ਚੰਦ-ਨਾਈ-ਹੁਸਿ਼ਆਰਪੁਰ (ਯਾਂ ਬਿਦਰ)।

ਇਕ ਹੋਰ ਲਿਖਾਰੀ ਜਿਸ ਦਾ ਨਾਮ ਕਲਿਆਨ ਦਾਸ ਵੈਦ ਹੈ ਅਤੇ ਜਿਸਨੇ ਇਕ ਕਿਤਾਬ ‘ਵਿਸ਼ਕਰਮਾ ਬੰਸ ਬਿੰਦੀ ਬ੍ਰਾਹਮਣ ਜਗਤ ਗੁਰੂ’ ਵਿਚ ਜੋ ਪੰਜ ਪਿਆਰਿਆਂ ਦੇ ਨਾਮ ਅਤੇ ਜਾਤਾਂ ਦਸੀਆਂ ਹਨ ਉਹ ਇਸ ਤਰ੍ਹਾਂ ਹਨ :-

1. ਦਯਾ ਰਾਮ-ਬ੍ਰਾਹਮਣ।
2. ਦਇਆ ਰਾਮ-ਖੱਤਰੀ।
3. ਧਰਮ ਚੰਦ-ਜੱਟ।
4. ਭਾਈ ਹਰਦਾਸ-ਤ੍ਰਖਾਣ।
5. ਭਾਈ ਜੈਤਾ-ਰੰਘਰੇਟਾ।

ਇਹੋ ਜਹੇ ਹੋਰ ਵੀ ਅਨੇਕਾਂ ਹੀ ਪਰਮਾਣ ਹਨ ਜੋ ਵੱਖ ਵੱਖ ਲਿਖਾਰੀਆਂ ਨੇ ਆਪਣੀ ਬੁਧ ਅਨੁਸਾਰ ਲਿਖੇ ਹਨ। ਸਿਰਫ ਇਕ ਪ੍ਰਮਾਣ ਹੋਰ ਦਿੰਦਾ ਹਾਂ ਕਿ ਮਸ਼ਹੂਰ ਇਤਿਹਾਸਕਾਰ ਸਰਦੂਲ ਸਿੰਘ ਕਵੀਸ਼ਰ ਜੀ ਨੇ ਇਕ ਜਲਸੇ ਵਿਚ ਇਸ ਗਲ ਦਾ ਜਿ਼ਕਰ ਕੀਤਾ ਕਿ ਉਨ੍ਹਾਂ ਦੇ ਕਕੜ ਦਾਦਾ ਬਾਬਾ ਸਾਹਿਬ ਸਿੰਘ ਪੰਜਾਂ ਪਿਆਰਿਆਂ ਵਿਚ ਸ਼ਾਮਲ ਸਨ।

ਇਸ ਬਹਿਸ ਵਿਚ ਮੈਂ ਹਾਲੇ ਨਹੀਂ ਪੈਣਾ ਚਾਹੁੰਦਾ ਕਿਉਂਕਿ ਇਹ ਆਪਣੇ ਆਪ ਵਿਚ ਇਕ ਹੋਰ ਵਿਸ਼ਾ ਬਣ ਜਾਂਦਾ ਹੈ।

ਦਾਸ ਦੀ ਸਹਿਮਤੀ ਹਾਲੇ ਤਕ ਭਾਈ ਸਾਹਿਬ ਕ੍ਹਾਨ ਸਿੰਘ ਨਾਭਾ ਨਾਲ ਹੈ ਜਿਨ੍ਹਾਂ ਦੇ ਉਪ੍ਰੋਕਤ ਵਾਕ ਪਾਠਕ ਪਿਛੇ ਪੜ੍ਹ ਆਏ ਹਨ ਜੋ ਉਨ੍ਹਾਂ ਮਹਾਨ ਕੋਸ਼ ਵਿਚ ਦਰਜ਼ ਕੀਤੇ ਹਨ। ਇਸਦਾ ਇਕ ਖਾਸ ਕਾਰਨ ਹੈ :-

ਗੁਰੂ ਜੀ ਨੇ ਪੰਜਾਂ ਪਿਆਰਿਆਂ ਦੇ ਨਾਮ ਜੋ ਰੱਖੇ ਓਹ ਕੋਈ ਅਕਸਮਾਤ ਹੀ ਨਹੀਂ ਰੱਖੇ ਗਏ ਬਲਕਿ ਇਕ ਬੜਾ ਵੱਡਾ ਫਲਸਫਾ ਉਨ੍ਹਾਂ ਨਾਵਾਂ ਪਿਛੇ ਹੈ। ਜਿਵੇਂ ਪਹਿਲੇ ਪਿਆਰੇ ਦਾ ਨਾਮ ਦਇਆ ਸਿੰਘ, ਦੂਸਰੇ ਦਾ ਧਰਮ ਸਿੰਘ, ਤੀਸਰੇ ਦਾ ਹਿੰਮਤ ਸਿੰਘ, ਚੌਥੇ ਦਾ ਮੋਹਕਮ ਸਿੰਘ ਅਤੇ ਪੰਜਵੇਂ ਦਾ ਸਾਹਿਬ ਸਿੰਘ। ਇਹ ਸਾਰੇ ਨਾਮ ਇੰਜ ਹੀ ਤਰਤੀਬ ਵਾਰ ਲਏ ਜਾਂਦੇ ਹਨ ਅਤੇ ਇਨ੍ਹਾਂ ਦੇ ਅੱਗੇ ਪਿਛੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਨ੍ਹਾਂ ਨਾਵਾਂ ਦਾ ਮੁਲਾਂਕਣ ਅਸੀਂ ਇਸ ਤਰ੍ਹਾਂ ਕਰਾਂਗੇ:-

ਸਭ ਤੋਂ ਪਹਿਲਾਂ ‘ਦਇਆ’ ਦੀ ਸਥਾਪਨਾ ਕੀਤੀ (ਦਇਆ ਧਰਮ ਕਾ ਮੂਲ ਹੈ) ਕਿਉਂਕਿ ਜਿਸ ਘਰ ਵਿਖੇ ਦਿਆਲਤਾ ਦਾ ਵਾਸਾ ਹੋਵੇ ਉਸ ਵਿਚ ‘ਧਰਮ’ ਕਰਨ ਦਾ ਉੱਦਮ ਆ ਜਾਂਦਾ ਹੈ ਕਉਂਕਿ ਧਰਮ ਇਕ ਸਹਾਰਾ ਦੇਣ ਵਾਲੀ ਧਿਰ (ਆਸਰਾ) ਹੈ ਜੋ ਕਿਸੇ ਡਿਗਣ ਲਗੀ ਵਸਤੂ ਨੂੰ ਸਹਾਰਾ ਦੇ ਕੇ ਢਹਿਣ ਨਹੀਂ ਦੇਂਦੀ, ਤੇ ਜਦ ਕਿਸੇ ਡਿਗਦੇ ਨੂੰ ਕੋਈ ਸਹਾਰਾ ਮਿਲ ਜਾਵੇ ਤਾਂ ਉਸ ਵਿਚ ‘ਹਿੰਮਤ’ ਆ ਜਾਂਦੀ ਹੈ ਅਤੇ ਹਿੰਮਤ ਵਾਲਾ ਪੁਰਸ਼ਾਰਥੀ ਆਪਣੇ ਬਲ ਸੱਤਾ ਦੇ ਸਹਾਰੇ ਸਭ ਨੂੰ ‘ਮੈਂ-ਹੁਕਮ’ (ਮੋਹਕਮ), ਹੁਕਮ ਸਾਥ ਚਲਣ ਦੀ ਪ੍ਰੇਰਨਾ ਕਰਦਾ ਹੋਇਆ ਇਕ ਇਤਫਾਕ ਦੇ ਧਾਗੇ ਵਿਚ ਪਰੋ ਲੈਂਦਾ ਹੈ, ਉਹ ਫਿਰ ਐਸੇ ਪੂਰਨ ਗੁਣਾਂ ਵਾਲਾ ਪ੍ਰਾਣੀ ਉਪ੍ਰੋਕਤ ਸੱਤਾ ਨੂੰ ਪ੍ਰਾਪਤ ਕਰਕੇ ਹੁਕਮਰਾਨ ‘ਸਾਹਿਬ’ ਕਹਿਲੌਂਦਾ ਹੈ । ਇਸ ਤਰ੍ਹਾ ਗੁਰੂ ਜੀ ਨੇ ਖਾਲਸੇ ਦੀ ਨੀਂਹ ਪੂਰਣ ਪ੍ਰਤਾਪੀ ਪੰਜਾਂ ਤੱਤਾਂ ਦੇ ਅਧਾਰ ਤੇ ਰੱਖੀ ਅਤੇ ਆਪਣੇ ਘਰ (ਖਾਲਸਾ ਪੰਥ ਵਿਚ) ‘ਰਾਜ ਅਤੇ ਯੋਗ’ ਦੋਹਾਂ ਦਾ ਮੇਲ ਕੀਤਾ।

ਇਨ੍ਹਾਂ ਉਪਰ ਦੱਸੇ ਹਵਾਲਿਆਂ ਤੋਂ ਭਾਵ ਇਹ ਨਿਕਲਦਾ ਹੈ ਕਿ ਜਿਸ ਦਾਨਿਸ਼ਮੰਦੀ ਨਾਲ ਪੰਜਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਰੱਖੇ ਓਹ ਮਹਿਜ਼ ਇਤਫਾਕ ਨਹੀਂ ਬਲਕੇ ਇਕ ਬਹੁਤ ਡੂੰਘੀ ਰੂਹਾਨੀਅਤ ਭਰਪੂਰ ਅਤੇ ਮਹੱਤਵਪੂਰਨ ਯੋਜਨਾ ਸੀ ਜਿਸਨੇ ਖਾਲਸਾ ਪੰਥ ਦੀ ਬਣਤਰ ਅਤੇ ਪ੍ਰਫੁਲਤਾ ਲਈ ਇਕ ਪੇਸ਼ ਖੈਂਮੇ ਦਾ ਕੰਮ ਕੀਤਾ।

ਗੁਰੂ ਜੀ ਨੇ ਇਹ ਗੁਣ ਆਪਣੇ ਹਰ ਇਕ ਸਿੱਖ ਨੂੰ ਪਰਦਾਨ ਕੀਤੇ ਅਤੇ ਇਨ੍ਹਾਂ ਉਪਰ ਚਲਣ ਦੀ ਪੁਰਜ਼ੋਰ ਹਦਾਇਤ ਕੀਤੀ ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 14.04.2004)
(ਦੂਜੀ ਵਾਰ 26 ਅਕਤੂਬਰ 2021)

***
464
***

About the author

ਹਰਜਿੰਦਰ ਸਿੰਘ ਕੰਵਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਹਰਜਿੰਦਰ ਸਿੰਘ ਕੰਵਲ

View all posts by ਹਰਜਿੰਦਰ ਸਿੰਘ ਕੰਵਲ →