1756 ਦੀ ਵਿਸਾਖੀ ਦਾ ਨਜ਼ਾਰਾ ਜਿਨ੍ਹਾਂ ਭਾਗਾਂ ਵਾਲਿਆਂ ਨੇ ਅੱਖੀਂ ਤੱਕਿਆ ਹੋਊ ਅਸਲੀਅਤ ਤਾਂ ਉਹੋ ਹੀ ਜਾਣ ਸਕਦੇ ਹਨ, ਪਰ ਕਵੀ ਸੈਨਾਪਤੀ ਦਾ ਲਿਖਿਆ ਗੁਰ ਸੋਭਾ ਗ੍ਰੰਥ ਅੱਖੀਂ ਦੇਖਿਆ ਦੇ ਵਾਕਿਆਤ ਨੂੰ ਸਪਸ਼ਟਤਾ ਨਹੀਂ ਦਿੰਦਾ, ਕਿਉਂਕਿ ਉਸ ਵਿਚ ਸੀਸਭੇਟ ਪ੍ਰਸੰਗ ਨਹੀਂ ਲਿਖਿਆ ਕੇਵਲ ਏਨਾਂ ਹੀ ਦਿਤਾ ਹੈ ਕਿ, ਚੇਤ ਮਾਸ ਬਤੀਤ ਭੈਯੋ, ਮੇਲਾ ਭੈਯੋ ਅਪਾਰ। ਵੈਸਾਖੀ ਕੇ ਦਿਵਸ ਮੇਂ ਸਤਿਗੁਰ ਕੀਯੋ ਵਿਚਾਰ ॥18॥ ਅਤੇ ਗੋਬਿੰਦ ਸਿੰਘ ਗੁਰ ਕੀ ਖੁਸ਼ੀ ਸੰਗਤ ਕਰੀ ਨਿਹਾਲ। ਕੀਯੋ ਪ੍ਰਗਟਿ ਤਬ ਖਾਲਸਾ, ਚੁਕਯੋ ਸਗਲ ਜੰਜਾਲ। ਭਾ. ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਵਿਖੇ ਇਸ ਤਰ੍ਹਾਂ ਬਿਆਨਿਆਂ ਹੈ :- ਉਸੇ ਤਾਨ ਤੇ ਅੰਤਰਯਾਮੀ। ਇਸ 1756 ਦੀ ਵੈਸਾਖੀ ਤੇ ਖਾਲਸਾ ਪੰਥ ਦੀ ਰਚਨਾ ਹੋਣ ਤੇ ਹਰੇਕ ਲਿਖਾਰੀ ਦੀ ਸਮੁੱਚੀ ਸੰਮਤੀ ਹੈ, ਪ੍ਰੰਤੂ ਅੱਜ ਤਾਈਂ ਕੋਈ ਇਹ ਨਹੀਂ ਦੱਸ ਸਕਿਆ ਕਿ ਦਸਮੇਸ਼ ਨੇ ਖਾਲਸੇ ਦੀ ਸਿਰਜਨਾ ਕਿਵੇਂ ਕੀਤੀ। ਸਾਰਿਆਂ ਦੀ ਵਖਰੀ ਵਖਰੀ ਹੀ ਰਾਇ ਹੈ। ਜਿਨ੍ਹਾਂ ਗ੍ਰਥਾਂ ਦਾ ਸਹਾਰਾ ਲਿਖਾਰੀ ਸੱਜਣ ਲੈਂਦੇ ਆਏ ਹਨ ਉਹ ਇਹ ਹਨ:- 1. ਗੁਰ ਸੋਭਾ, ਕਵੀ ਸੈਨਾਪਤੀ। ਉਪ੍ਰੋਕਤ ਗ੍ਰੰਥਾਂ ਦੇ ਲਿਖਣ ਦਾ ਭਾਵ ਇਹ ਹੈ ਕਿ ਇਹ ਸਾਰੇ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਸਹਾਰਾ ਲੈ ਕਰ ਹੀ ਲਿਖੇ ਗਏ ਹਨ ਅਤੇ ਅਗੋਂ ਹੋਰ ਲਿਖਾਰੀ ਵੀ ਇਹਨਾਂ ਗ੍ਰੰਥਾਂ ਦਾ ਹੀ ਸਹਾਰਾ ਲੈਂਦੇ ਆ ਰਹੇ ਹਨ, ਪਰ ਕਿਸੇ ਵੀ ਸਜਣ ਦੀ ਲਿਖਤ ਜ਼ਾਂ ਖੋਜ ਇਕ ਦੂਜੇ ਨਾਲ ਨਹੀਂ ਮਿਲਦੀ। ਇਹਨਾਂ ਸਾਰਿਆਂ ਵਿਚ ਬੱਕਰੇ ਮਾਰਨ ਦਾ ਪ੍ਰਸੰਗ ਹੀ ਇਧਰ ਉਧਰ ਕਰਕੇ ਲਿਖਿਆ ਮਿਲਦਾ ਹੈ। ਸੂਰਜ ਪ੍ਰਕਾਸ਼ ਵਿਚ ਤੰਬੂ ਵਿਚ ਪੰਜ ਬੱਕਰੇ ਇਕ ਥਾਂ ਬੰਨ੍ਹੇ ਲਿਖੇ ਹਨ। ਭਾਈ ਸੁੱਖਾ ਸਿੰਘ ਜੀ ਨੇ ਲਿਖਿਆ ਹੈ, ਤੰਬੂ ਚਾਰ ਅਧਿਕ ਤਿਹ ਲਾਇਓ ਭਾਵ ਕੱਲੇ ਕੱਲੇ ਤੰਬੂ ਵਿਚ ਜੁਦੇ ਜੁਦੇ ਬੱਕਰੇ ਬੰਨ੍ਹੇ ਹੋਏ ਸਨ ਅਤੇ ਝੱਟਕਾ ਸਿੱਖ (ਪਿਆਰਾ) ਕਰਦਾ ਸੀ, ਤੇ ਸੂਰਜ ਪ੍ਰਕਾਸ਼ ਵਿਖੇ ਝੱਟਕਾ ਗੁਰੂ ਜੀ ਕਰਦੇ ਲਿਖੇ ਹਨ, ਪਰ ਇਹ ਸਾਰੀਆਂ ਦਲੀਲਾਂ ਮਨੋਕਲਪਤ ਹਨ। ਜੇ ਗੁਰ ਸੋਭਾ ਦਾ ਕਰਤਾ ਓਥੇ ਮੌਜੂਦ ਹੁੰਦਾ ਤਾਂ ਉਹ ਸੀਸ ਭੇਟ ਪ੍ਰਸੰਗ ਜ਼ਰੂਰ ਹੀ ਲਿਖਦਾ। ਜਿਨ੍ਹਾਂ ਨੇ ਲਿਖੇ ਹਨ, ਉਹਨਾਂ ਨੇ ਸੁਣੇ ਸੁਣਾਏ ਬਿਨਾ ਵਿਚਾਰੇ ਲਿਖ ਛੱਡੇ ਹਨ। ਕੋਈ ਇਤਿਹਾਸ ਇਹ ਵੀ ਵਾਕਿਆ ਸਹੀ ਨਹੀਂ ਦੱਸ ਰਿਹਾ ਕਿ ਗੁਰੂ ਕਲਗੀਧਰ ਜੀ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਕੇਹੜੀ ਬਾਣੀ ਪੜ੍ਹੀ ਹੋਵੇਗੀ। ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿ ਵਿਚ ਤਿੰਨ ਤਿੰਨ ਬਾਣੀਆਂ ਹੀ ਲਿਖੀਆਂ ਹਨ ਅਤੇ ਭੰਗੂ ਜੀ ਨੇ ਲਿਖ ਦਿਤਾ ਕਿ ਗੁਰੂ ਜੀ ਨੇ ਤੇਜ ਤੇਜ ਜੁ ਚੰਡੀ ਬਾਣੀ, ਸੋ ਪਹੁਲ ਕੇ ਮੱਧੇ ਠਾਣੀ ਅਤੇ ਖੱਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਖੰਡੰ ਬਰਭੰਡੰ। ਬਚਿੱਤ੍ਰ ਨਾਟਕ ਦਾ ਦੂਸਰਾ ਛੰਦ ਪੜ੍ਹ ਕਿ ਅੰਮ੍ਰਿਤ ਤਿਆਰ ਕੀਤਾ। ਅੱਜ ਤੀਕ ਕਿਸੇ ਲਿਖਾਰੀ ਨੂੰ ਇਸ ਗੁਪਤ ਰਹੱਸ ਦਾ ਹੁਣ ਤਕ ਪਤਾ ਨਹੀਂ ਲੱਗ ਸਕਿਆ ਕਿ ਗੁਰੂ ਜੀ ਨੇ ਕਿਹੜਾ ਮੰਤਰ ਪੜ੍ਹਿਆ। ਕਿਆਫੇ ਹੀ ਮਿਲਦੇ ਹਨ, ਜਾਂ ਇਕ ਦੂਜੇ ਦੀ ਨਕਲ ਮਾਰੀ ਹੋਈ ਹੈ। ਗੁਰੂ ਦਸਮੇਸ਼ ਜੀ ਤਾਂ ਗੁਰੂ ਨਾਨਕ ਦੀ ਦਸਵੀਂ ਜੋਤੀ ਦਾ ਪ੍ਰਕਾਸ਼ ਸਰੂਪ ਸਨ। ਸਮਰੱਥ ਪੁਰਖ ਦੇ ਕੀਤੇ ਕੰਮਾਂ ਨੂੰ ਸਮਝਣਾਂ ਸੰਸਾਰੀ ਜੀਵਾਂ ਦੀ ਪਹੁੰਚ ਤੋਂ ਪਰੇ ਹੈ -‘ਮੂਰਖ ਲੋਗ ਅਜਾਣ ਇਹੈ ਕਛੂ ਨਾਥ ਚਰਿਤ੍ਰ ਭੇਦ ਨਾ ਜਾਣੇ।’ ਕਿਵੇਂ ਜਾਣ ਸਕਦੇ ਹਨ? ਉੇਨ੍ਹਾਂ ਬ੍ਰਹਮ ਗਿਆਨੀ ਮਹਾਂ ਪੁਰਸ਼ਾਂ ਦਾ ਪਾਰਾਵਾਰ ਕੌਣ ਪ੍ਰਾਣੀ ਪਾ ਸਕਦਾ ਹੈ? ਦਾਸ ਨੇ ਸੰਤਾਂ ਮਹਾਂਪੁਰਸ਼ਾਂ ਦੇ ਨਜ਼ਦੀਕ ਤੋਂ ਬਚਨ ਸਰਵਣੀ ਸੁਣੇ ਹਨ। ਉਨ੍ਹਾਂ ਦਾ ਨਿਸਚਾ ਇਹ ਨਹੀਂ ਕਿ ਗੁਰੂ ਸਾਹਿਬ ਨੇ ਸਿਖ ਸੰਗਤ ਸਾਹਮਣੇ ਕੋਈ ਨਾਟਕ ਕੀਤਾ। ਗੁਰੂ ਜੀ ਨੇ ਤਾਂ ਲਿਖਿਆ ਹੈ:- “ਨਾਟਕ ਚੇਟਕ ਕੀਏ ਕੁਕਾਜਾ॥ ਅੰਦਰ ਬੱਕਰੇ ਮਾਰਨੇ, ਬਾਹਰ ਪਰਗਟ ਕਰਨਾ ਕਿ ਬੰਦੇ ਮਾਰੇ ਹਨ-ਇਹ ਧੋਖਾ ਗੁਰੂ ਜੀ ਕਿਵੇਂ ਕਰ ਸਕਦੇ ਸਨ? ਜ਼ਫਰਨਾਮੇ ਵਿਚ ਗੁਰੂ ਜੀ ਲਿਖਦੇ ਹਨ :- ‘ਹਮਾ ਮਰਦ ਬਾਇਦ ਸਵੱਦ ਸੁਖਨ ਵਰ॥ ਭਾਵ – ਮਰਦ ਓਹੀ ਹੁੰਦਾ ਹੈ ਜਿਸ ਦੇ ਮਨ ਅਤੇ ਬਾਹਰ ਇਕੋ ਹੀ ਧਾਰਨਾ ਹੋਵੇ ਅਤੇ ‘ਜਿਨ ਮਨ ਹੋਰ ਮੁਖ ਹੋਰ ਸੋ ਕਾਂਢੇ ਕਚਿਆ।’ (ਆਦਿ ਗ੍ਰੰਥ) ਹੁਣ ਅਸੀਂ ਸਮਝਣਾ ਹੈ ਕਿ ਕੀ ਖਾਲਸੇ ਦੀ ਰਚਨਾ ਇਕ ਨਾਟਕ ਸੀ? ਨਹੀਂ, ਕਦਾਚਿਤ ਨਹੀਂ! ਇਹ ਯਥਾਰਥ ਸੀ। ਦੇਖੋ ਹੇਠ ਲਿਖਿਆ ਅੱਖੀਂ ਦੇਖਿਆ ਸਹੀ ਵਾਕਿਆ। ਇਹ ਸਾਨੂੰ ‘ਰਾਮਗੜ੍ਹੀਆ ਇਤਿਹਾਸ’, ਰਚਨਕਾਰ ਬਖਸ਼ੀ ਸਿੰਘ ਆਦਿਲ ਦੀ ਕਿਤਾਬ ਵਿਚੋਂ ਮਿਲਿਆ ਹੈ। ਇਸ ਨੇ ਉਰਦੂ ਦੀ ਇਕ ਕਿਤਾਬ ਜਿਸ ਦਾ ਲਿਖਾਰੀ ਕੋਈ ‘ਅਬੁੱਲ ਤੁਰਾਨੀ’ ਹੈ, ਅਤੇ ਇਹ ਕਿਤਾਬ ਅਲੀਗੜ੍ਹ ਯੁਨੀਵਰਸਿਟੀ ਵਿਚ ਪਈ ਦਸੀਦੀ ਹੈ, ਵਿਚੋਂ ਇਹ ਵਾਕਿਆ ਆਪਣੀ ਕਿਤਾਬ ਵਿਚ ਦਰਜ਼ ਕੀਤਾ ਹੈ, ਜੋ ਇਸ ਤਰ੍ਹਾਂ ਹੈ :- ਇਹ ਅੱਬੁਲ ਤੁਰਾਨੀ ਪਹਿਲਾਂ ਬ੍ਰਾਹਮਣ ਸੀ, ਫਿਰ ਮੁਸਲਮਾਨ ਹੋ ਗਿਆ ਸੀ ਅਤੇ ਔਰੰਗਜ਼ੇਬ ਵਲੋਂ ਦਸਮੇਸ਼ ਜੀ ਦੇ ਦਰਬਾਰ ਵਿਚ ਬ੍ਰਾਹਮਣੀ ਰੂਪ ਵਿਚ ਦਰਬਾਰ ਦੀ ਸਾਰੀ ਰਿਪੋਰਟ ਦਿੱਲੀ ਔਰੰਗਜ਼ੇਬ ਨੂੰ ਘਲਦਾ ਸੀ ਅਤੇ ਇਹ ਗੁਰੂ ਜੀ ਦੇ ਮਾਲੀ ਗੁਲਾਬੇ ਦੇ ਕੋਲ ਰਹਿੰਦਾ ਸੀ। ਭਾ. ਵੀਰ ਸਿੰਘ ਜੀ ਨੇ ਵੀ ਕਲਗੀਧਰ ਚਮਤਕਾਰ ਵਿਚ ਇਸ ਅਬੱਲ ਤੁਰਾਨੀ ਦਾ ਜਿ਼ਕਰ ਕੀਤਾ ਹੈ ਕਿ ਇਹ ਡੇਢ ਦੋ ਸਾਲ ਇਸੀ ਤਰ੍ਹਾਂ ਬ੍ਰਾਹਮਣ ਬਣ ਕੇ ਗੁਰੂ ਜੀ ਦੇ ਦਰਬਾਰ ਵਿਚ ਜਾਸੂਸੀ ਕਰਦਾ ਰਿਹਾ। ਇਹ ਆਪਣੀ ਉਪਰ ਦੱਸੀ ਕਿਤਾਬ ਵਿਚ ਲਿਖਦਾ ਹੈ :- ‘ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣ ਲਈ ਵੱਡਾ ਇਕੱਠ ਕੀਤਾ, ਉਸ ਦਿਨ ਦੀਵਾਨ ਦੀ ਹਾਜ਼ਰੀ 35/40 ਹਜ਼ਾਰ ਦੇ ਕਰੀਬ ਸੀ।’ ਅਗੋਂ ਦਸਦਾ ਹੈ ਕਿ ਮੁਗਲਾਂ ਦੇ ਚਾਰ ਤਖਤ ਸਨ – ਦਿੱਲੀ, ਆਗਰਾ, ਕਲਾਨੌਰ ਤੇ ਲਾਹੌਰ। ਪਰ ਗੁਰੂ ਜੀ ਦੇ ਤਖਤ ਦੀ ਸ਼ੋਭਾ ਨਿਆਰੀ ਸੀ। ਇਸ ਪਰ ਭਾ. ਸੁਖਾ ਸਿੰਘ ਨੇ ਵੀ ਲਿਖਿਆ ਹੈ :- “ਅਧਿਕ ਓਪ ਗਢ ਕੇਸ ਕੀ, ਅਤੇ ਭਾਈ ਸੰਤੋਖ ਸਿੰਘ ਜੀ ਨੇ ਵੀ ਇਸ ਤਖਤ ਦੀ ਸ਼ੋਭਾ, ਸੁੰਦਰਤਾ ਦਾ ਅਤੇ ਅੰਮ੍ਰਿਤ ਵੇਲੇ ਦੀ ਸ਼ੋਭਾ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਦੀ ਬਹਾਰ ਦਾ ਇਸ ਤਰ੍ਹਾਂ ਵਰਨਣ ਕੀਤਾ ਹੈ ਕਿ ਉਸ ਸਮੇਂ ਜੋ ਉਸ ਸਚਖੰਡ ਦੀ ਸੀ, ਮਾਨੋਂ ਬੈਕੁੰਠ ਇੰਦਰ ਸਭਾ ਵਿਚ ਗੰਧਰਬ ਰਾਗ ਰਾਗਣੀਆਂ ਦਾ ਅਲਾਪ ਕਰ ਰਹੇ ਸਨ, ਤੇ ਅੰਮ੍ਰਿਤ ਮਈ ਰਸ ਸੰਗਤਾਂ ਦੇ ਹਿਰਦੇ ਵਿਚ ਪ੍ਰਵੇਸ਼ ਕਰਦਾ ਜਨਮਾਂ ਜਨਮਾਂ ਦੀ ਮੈਲ ਕੱਟ ਕੇ ਨਿਰਮਲ ਸਵਾਂਤੀ ਬੂੰਦਾਂ ਪਪੀਹੇ ਸਰੋਤਿਆਂ ਨੂੰ ਬਖਸ਼ਸ਼ ਕਰ ਤ੍ਰਿਪਤ ਕਰੀ ਜਾ ਰਹੀਆਂ ਸਨ। ਜੈਸੇ :- “ਤਿਹ ਸੰਗਤ ਕੋ ਮੇਲ ਉਦਾਰ, ਨੋਟ:- ਇਹ ਸਾਰੇ ਰਾਗ ਅੰਮ੍ਰਿਤ ਵੇਲੇ ਦੇ ਨਹੀਂ ਕੇਵਲ ਦਰਬਾਰ ਦੀ ਸੋਭਾ ਹਿਤ ਹੀ ਰਾਗਾਂ ਦੀ ਕਾਵਿ ਰਚਨਾ ਹੈ (ਸ਼ਿੰਗਾਰ ਰਸ)। ਅੱਗੇ ਅਬੁੱਲ ਤੁਰਾਨੀ ਲਿਖਦਾ ਹੈ ਕਿ ਇਹ ਤਖਤ ਮੁਗਲ ਬਾਦਸ਼ਾਹਾਂ ਦੇ ਤਖਤਾਂ ਨੂੰ ਮਾਤ ਕਰਦਾ ਸੀ। ਉਸ ਦਿਨ ਗੁਰੂ ਜੀ ਦਾ ਲਿਬਾਸ, ਚੜ੍ਹਤ, ਜਲਾਲ ਅਤੇ ਤੇਜ ਅਝੱਲਵਾਂ ਸੀ। ਗੁਰੂ ਜੀ ਦਰਬਾਰ ਵਿਚ ਆਏ ਅਤੇ ਕਿਰਪਾਨ ਨੂੰ ਮਿਆਨ ਵਿਚੋਂ ਕਢਕੇ ਬਾ-ਅਵਾਜ਼ ਬੁਲੰਦ ਕਿਹਾ, “ਮੈਨੂੰ ਇਕ ਸਿਰ ਦੀ ਲੋੜ ਹੈ।” ਬਗੈਰ ਦੇਰੀ ਸੋਚ ਵਿਚਾਰ ਅਤੇ ਕਿਸੇ ਵੀ ਹੀਲ-ਹੁੱਜਤ ਦੇ ਦਯਾ (ਸਿੰਘ) ਆ ਹਾਜ਼ਰ ਹੋਇਆ । ਗੁਰੂ ਜੀ ਨੇ ਭਰੇ ਦਰਬਾਰ ਵਿਚ ਜਿਥੇ ਉਹ ਖਲੋਤੇ ਸਨ, ਸਭਨਾ ਦੇ ਸਾਹਮਣੇ ਇਕ ਭਰਪੂਰ ਵਾਰ ਕੀਤਾ ਅਤੇ ਸਿਰ ਧੜ ਨਾਲੋਂ ਜੁਦਾ ਹੋ ਗਿਆ। ਦੀਵਾਨ ਵਿਚ ਸਨਸਨੀ ਫੈਲ ਗਈ ਅਤੇ ਬਹੁਤ ਆਦਮੀ ਸਤੰਭ ਤੇ ਅਵਾਕ ਰਹਿ ਗਏ। ਗੁਰੂ ਜੀ ਨੇ ਫਿਰ ਗਰਜਵੀਂ ਅਤੇ ਕੜਕਵੀਂ ਅਵਾਜ਼ ਵਿਚ ਕਿਹਾ,“ਮੈਨੂੰ ਇਕ ਹੋਰ ਸਿਰ ਦੀ ਲੋੜ ਹੈ।” ਝੱਟ ਧਰਮ (ਸਿੰਘ) ਉਠਿਆ, ਜਾ ਗੁਰੂ ਜੀ ਨੂੰ ਨਿਮਸ਼ਕਾਰ ਕੀਤੀ ਅਤੇ ਇਸਦਾ ਵੀ ਸਿਰ ਧੜ ਨਾਲੋਂ ਵਖਰਾ ਕਰ ਦਿਤਾ। ਦੀਵਾਨ ਵਿਚ ਖਲਬਲੀ ਮਚ ਗਈ, ਭਾਜੜ ਪੈ ਗਈ। ਗੁਰੂ ਜੀ ਨੇ ਬਾ-ਅਵਾਜ਼ ਇਕ ਸਿਰ ਹੋਰ ਮੰਗਿਆ ਤੇ ਬਕੇ ਬਾਦ ਦੀਗਰੇ ਹਿੰਮਤ (ਸਿੰਘ), ਮੋਹਕਮ (ਸਿੰਘ) ਅਤੇ ਸਾਹਿਬ (ਸਿੰਘ), ਇਨ੍ਹਾਂ ਪੰਜਾ ਨੂੰ ਕਤਲ ਕਰ, ਸਿਰ ਧੜਾਂ ਨਾਲੋਂ ਵੱਖ ਕਰ ਦਿਤੇ ਅਤੇ ਕਈ ਆਦਮੀ ਮਾਤਾ ਜੀ ਪਾਸ ਪਹੁੰਚੇ ਤੇ ਸਾਰੀ ਵਿਥਿਆ ਜਾ ਸੁਣਾਈ। ਇਸ ਪਰ ਭਾ. ਸੁੱਖਾ ਸਿੰਘ ਜੀ ਨੇ ਇਸ ਪ੍ਰਕਾਰ ਲਿਖਿਆ ਹੈ। ਯਥਾ :- “ਪਾਂਚ ਸਿੱਖ ਸਤਿਗੁਰ ਇਮ ਘਾਇਓ, ਹਾਹਾਕਾਰ ਸਬਦ ਧਰ ਛਾਇਓ। ਊਚ ਨੀਚ ਸਭ ਹੀ ਨਰ ਨਾਰੀ, ਨਿੰਦਾ ਕਰਨ ਲਗੇ ਸੰਸਾਰੀ। ਇਨ ਕਹਿ ਕਹਾਂ ਸਿਰਰ ਹਵੇ ਗਇਆ, ਅਜਾਸੂ ਅਨ ਜਿਉਂ ਸਿਖਨ ਘਇਆ। ਉਲਟ ਪਰੀ ਇਨ ਪੈ ਸੁ ਭਵਾਨੀ, ਤਾਂ ਤੇ ਇਨ ਕੀ ਨਾਤਿ ਬਉਰਾਨੀ। ਪ੍ਰਥਮ ਸਕਲ ਮਸੰਦ ਇਨ ਜਾਰੇ, ਪੈ ਸੂ ਅਜਾ ਅਬ ਸਿੱਖ ਸੰਘਾਰੇ। ਮਾਤਾ ਤੀਰ ਕੋਲ ਇਕ ਜਾਹੀ, ਇਹ ਬਿਧ ਬਤੀਆ ਬਰਨ ਸੁਨਾਹੀ। ਤਿਲਕ ਪੇਡੇ ਨਾਲ ਸੁ ਦੀਜੈ, ਇਨਕੇ ਇਕ ਜਾਂ ਪਕਰ ਬਨੀਜੈ।” ਗੁਰੂ ਜੀ ਨੇ ਓਨ੍ਹਾਂ ਦੇ ਪੰਜਾਂ ਸਰੀਰਾਂ ਅਤੇ ਕਪੜਿਆਂ ਨੂੰ ਚੰਗੀ ਤਰ੍ਹਾਂ ਧ੍ਹੋਤਾ, ਫਰਸ਼ ਵੀ ਸਾਫ ਕੀਤਾ ਅਤੀ ਖੂਨ ਦਾ ਦਾਗ ਕਿਤੇ ਵੀ ਰਹਿਣ ਨਾ ਦਿਤਾ। ਫਿਰ ਉਸ ਕਾਫਰਾਂ (ਹਿੰਦੂਆਂ) ਦੇ ਪੀਰ ਨੇ, ਇਕ ਸਿਰ ਦੂਸਰੇ ਧੜ ਨਾਲ, ਭਾਵ ਇਹ ਨਹੀਂ ਦੇਖਿਆ ਕਿ ਧੜ ਕਿਸ ਦਾ, ਰਲਾ ਮਿਲਾ ਜੋੜ ਦਿਤੇ। ਤਕਰੀਬਨ ਘੰਟੇ ਕੁ ਬੀਚ ਹੀ ਹਿਕਮਤੇ ਅਮਲੀ ਨਾਲ ਸੀਂ ਦਿਤੇ ਅਤੇ ਉਨ੍ਹਾਂ ਪੰਜਾਂ ਲਾਸ਼ਾਂ ਉਪਰ ਚਿੱਟੇ ਕਪੜੇ ਪਾ ਦਿਤੇ। ਫਿਰ ਪੱਥਰ ਦੇ ਕੂੰਡੇ ਉਤੇ ਲੋਹੇ ਦੀ ਕੜਾਹੀ ( ਸਿੱਖ ਜਿਸਨੂੰ ਬਾਟਾ ਆਖਦੇ ਹਨ ) ਵਿਚ ਪਾਣੀ ਪਾ ਆਪਣੀ ਤਲਵਾਰ ਫੇਰਨ ਲਗ ਪਿਆ ਤੇ ਕੋਈ ਕਲਮਾਂ ਪੜ੍ਹਦਾ ਰਿਹਾ। ਇਹ ਅਮਲ ਡੇਢ ਦੋ ਘੰਟੇ ਹੁੰਦਾ ਰਿਹਾ। ਏਸੇ ਸਮੇਂ ਕਾਫਰਾਂ (ਹਿੰਦੂਆਂ) ਦੇ ਪੀਰ ਦੀ ਕਿਸੇ ਔਰਤ ਨੇ ਬਾਟੇ ਵਿਚ ਕੁਝ ਲਿਆ ਕੇ ਪਾ ਦਿਤਾ। ਹੁਣ ਆਬੇ ਹਿਯਾਤ ਤਿਆਰ ਹੋ ਚੁਕਾ ਸੀ। ਗੁਰੂ ਜੀ ਨੇ ਉਨ੍ਹਾਂ ਲਾਸ਼ਾਂ ਤੋਂ ਪੜਦਾ ਚੁਕ ਪਹਿਲਾਂ ਦਯਾ (ਸਿੰਘ) ਦੇ ਸਰ੍ਹਾਣੇ ਬੈਠ ਮੂੰਹ ਖੋਲ੍ਹ ਆਬੇ ਹਯਾਤ ਉਸ ਦੇ ਮੂੰਹ ਵਿਚ ਪਾਇਆ ਤੇ ਸਾਰੇ ਸਰੀਰ ਤੇ ਛਿੜਕਿਆ ਤੇ ਆਖਿਆ “ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।” ਇਹ ਕਹਿੰਦੇ ਸਾਰ ਹੀ ਦਯਾ (ਸਿੰਘ) ਉਠ ਖਲੋ ਗਿਆ ਅਤੇ ਉਚੀ ਸਾਰੀ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ’ ਬੋਲਿਆ। ਭਰੇ ਦਿਵਾਨ ਵਿਚ ਸਕਤਾ ਦਾ ਆਲਮ ਤਾਰੀ ਹੋ ਗਿਆ। ਹਜ਼ਾਰਾਂ ਇਨਸਾਨਾਂ ਦੇ ਹੁੰਦਿਆਂ ਹੋਇਆਂ ਕੋਈ ਉਚੀ ਸਾਹ ਨਹੀਂ ਸੀ ਲੈ ਰਿਹਾ ਅਤੇ ਦੀਵਾਨ ਵਿਚ ਬੈਠੇ ਆਦਮੀ ਗੁਰੂ ਜੀ ਦੀ ਕਰਾਮਾਤ ਉਤੇ ਮੁਗਧ ਹੋਏ ਕਿਸੇ ਜਾਦੂ ਦੇ ਅਸਰ ਹੇਠ ਕੀਲੇ ਹੋਏ ਬੈਠੇ ਸਨ। ਏਸੇ ਤਰ੍ਹਾਂ ਯਕੇ ਬਾਦ ਦੀਗਰੇ ਉਨ੍ਹਾਂ ਚੌਹਾਂ ਨੂੰ ਵੀ ਆਬੇ ਹਯਾਤ ਪਿਲਾ, ਓਸੇ ਤਰ੍ਹਾਂ ਆਬੇ ਹਯਾਤ ਛਿੜਕ ਬੋਲੇ, ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗ੍ਰੁੂਰੁ ਜੀ ਕੀ ਫਤਹਿ’ ਬੁਲਾ ਮੁੜ ਜਿ਼ੰਦਾ ਕਰ ਦਿਤਾ। ਪਿਛੇ ਫਿਰ ਪੀਰ (ਗੁਰੂ) ਓਨ੍ਹਾਂ ਨੂੰ ਤੰਬੂ ਅੰਦਰ ਲੈ ਗਏ। ਕੁਝ ਚਿਰ ਬਾਅਦ ਗੁਰੂ ਆਪ ਅਤੇ ਉਹ ਪੰਜੇ ਆਦਮੀ ਪਿਛੇ ਤੰਬੂ ‘ਚੋਂ ਬਾਹਰ ਨਿਕਲ ਆਏ ਅਤੇ ਉਹ ਨਾਲੇ ਸਫੈਦ ਬੇ-ਦਾਗ ਲਿਬਾਸ ਪਾਏ ਹੋਏ ਸਨ। (ਭਾਈ ਵੀਰ ਸਿੰਘ ਜੀ ਨੇ ਵੀ ਕਲਗੀਧਰ ਚਮਤਕਾਰ ਵਿਚ ਸਫੈਦ ਬਸਤਰ ਹੀ ਲਿਖੇ ਹਨ) ਉਹ ਪੰਜੇ ਮੁੜ ਜਿ਼ੰਦਾ ਕੀਤੇ ਆਦਮੀ ਤੰਬੂ ਤੋਂ ਬਾਹਰ ਆ ਖਲੋ ਗਏ ਅਤੇ ਗੁਰੂ ਜੀ ਨੇ ਬੀਰ ਆਸਨ ਕਰ ਉਨ੍ਹਾਂ ਤੋਂ ਆਪ ਆਬੇ ਹਯਾਤ ਮੰਗਿਆ। ਭਾ. ਸੁੱਖਾ ਸਿੰਘ ਜੀ ਨੇ ਗੁਰੂ ਜੀ ਦੁਆਰਾ ਅੰਮ੍ਰਿਤ ਦੀ ਮੰਗ ਨੂੰ ਇਸ ਤਰ੍ਹਾਂ ਬਿਆਨਿਆ ਹੈ। ਯਥਾ :- ਸ਼ੇਸ਼ ਸੁਰੇਸ਼ ਦਨੇਸ਼ ਪ੍ਰਮੇਸ਼ਰ, ਔਰ – ਛੀਰ ਸਮੁੰਦਰ ਕਿਧੋ ਗੁਰ ਪੂਰਨ, ਉਨ੍ਹਾ ਕਿਹਾ, ‘ਅਸੀਂ ਸਿਰ ਦੇ ਕੇ ਇਹ ਅਮੋਲ ਵਸਤੂ ਲਈ ਹੈ, ਤੁਸੀਂ ਇਸ ਲਈ ਕੀ ਦਿਓਗੇ?’ ਗੁਰੂ ਜੀ ਨੇ ਕਿਹਾ,‘ਮੈਂ ਪ੍ਰਣ ਕਰਦਾ ਹਾਂ ਕਿ ਆਪਣਾ ਸਾਰਾ ਸਰਬੰਸ, ਮਾਤਾ ਪਿਤਾ, ਪੁਤੱਰ, ਸਗੇ ਸਬੰਧੀ, ਸਭ ਕੁਝ ਕੁਰਬਾਨ ਕਰ ਦਿਆਂਗਾ।’ ਇਸ ਤੇ ਉਨ੍ਹਾਂ ਪੰਜਾਂ ਨੇ ਗੁਰੂ ਜੀ ਨੂੰ ਆਬੇ ਹਯਾਤ ਦੇ ਦਿਤਾ ਅਤੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਹੋ ਗਿਆ ਅਤੇ ਉਨ੍ਹਾਂ ਦੇ ਨਾਮ ਨਾਲ ਵੀ ਸਿੰਘ ਪਦ ਜੋੜ ਦਯਾ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ ਹੋ ਗਿਆ। ਅਬੁੱਲ ਤੁਰਾਨੀ ਲਿਖਦਾ ਹੈ, “ਮੈਂ ਬਹੁਤ ਪਛੋਤਾਇਆ ਤੇ ਰੋਇਆ। ਉਸ ਸਮੇ ਓਥੇ ਹੀ ਹਜ਼ਾਰਾਂ ਆਦਮੀਆਂ ਨੇ ਓਹ ਆਬੇਹਯਾਤ ਪੀਤਾ। ਮੈਥੋਂ ਵੀ ਰਿਹਾ ਨਾ ਗਿਆ। ਮੈਂ ਵੀ ਆਪਣੇ ਆਪ ਨੂੰ ਧਿੱਕਾਰਦਾ-ਪਛਤਾਂਦਾ ਹੋਇਆ ਓਸੇ ਵਕਤ ਕਿਸੇ ਮਿਕਨਾਤੀਸੀ ਕਸ਼ਸ਼ ਅਧੀਨ ਝੱਟ ਹੀ ਗੁਰੂ ਜੀ ਦੇ ਚਰਨਾਂ ਤੇ ਡਿਗ ਉਸ ਤੋਂ ਆਬੇ ਹਯਾਤ ਦੀ ਦਾਤ ਮੰਗੀ। ਗੁਰੂ ਨੇ, ਜਿਹੜਾ ਮੇਰੇ ਪਖੰਡ ਤੇ ਡੰਭ ਨੂੰ ਜਾਣਦਾ ਸੀ, ਬੜੇ ਪਿਆਰ ਨਾਲ ਮੈਨੂੰ ਥਾਪਨਾ ਦੇ ਆਬੇ ਹਯਾਤ ਪਿਲਾਕੇ ਮੇਰਾ ਨਾਮ ਅਜਮੇਰ ਸਿੰਘ ਰੱਖ ਦਿਤਾ। ਮੇਰੇ ਜਨਮ ਜਨਮਾਂਤਰਾਂ ਦੇ ਪਾਪ ਇਸ ਤਰ੍ਹਾਂ ਉਸ ਦਿਨ ਕੱਟੇ ਗਏ। ਮੈਂ ਗੁਰੂ ਜੀ ਦੀ ਫੌਜ ਵਿਚ ਭਰਤੀ ਹੋ ਗਿਆ ਅਤੇ ਕਈ ਜੰਗਾਂ ਵਿਚ ਜ਼ੁਲਮ ਨਾਲ ਦੂ-ਬ-ਦੂ ਲੜਿਆ। ਉਸੇ ਦਿਨ ਹੀ ਮੈਂ ਆਪਣੀ ਜਿ਼ੰਦਗੀ ਦੀ ਰਿਪੋਰਟ ਔਰੰਗਜ਼ੇਬ ਨੂੰ ਘੱਲ ਦਿਤੀ। ਇਸ ਦੀਵਾਨ ਵਿਚ ਵਾਪਰੀ ਅਤੇ ਅੱਖੀ ਡਿੱਠੀ ਘਟਨਾ ਦਾ ਸਾਰਾ ਹਾਲ ਵਿਸਥਾਰ ਨਾਲ ਖ੍ਹੋਲ ਕਿ ਰੱਖ ਦਿਤਾ ਅਤੇ ਬੜੇ ਜ਼ੋਰਦਾਰ ਲਫਜ਼ਾਂ ਵਿਚ ਔਰੰਗਜ਼ੇਬ ਨੂੰ ਤਾੜਨਾ ਕੀਤੀ ਕਿ ਖਬਰਦਾਰ! ਜੀਉਂਦੇ ਜਾਗਦੇ ਖੁਦਾ ਨਾਲ ਜ਼ੁਲਮ ਨਾ ਕਮਾ, ਅਤੇ ਜੇ ਮੇਰੀ ਸਿਫਾਰਸ਼ ਤੇ ਅਮਲ ਨਾ ਕੀਤਾ ਤਾਂ ਤੇਰੀ ਸਲਤਨਤ ਅਤੇ ਖਾਨਦਾਨ ਤਬਾਹ ਹੋ ਜਾਏਗਾ ਤੇ ਤੇਰੇ ਤਖਤ ਦਾ ਦੁਨੀਆਂ ਤੋਂ ਨਾਮੋਂ-ਨਿਸ਼ਾਂ ਮਿਟ ਜਾਵੇਗਾ। ਆਦਿ।” ਸਾਰੰਸ਼ ਇਸ ਉਪਰ ਦਿਤੀ ਵਾਰਤਾ ਦਾ ਇਹ ਨਿਕਲਦਾ ਹੈ ਕਿ ਅਸੀਂ ਗੁਰੂਆਂ ਨੂੰ ਗੁਰੂ ਆਖਦੇ ਜ਼ਰੂਰ ਹਾਂ, ਪਰ ਓਹਨਾਂ ਦੀਆਂ ਕਰਨੀਆਂ ਤੇ ਸ਼ੱਕ ਕਰਦੇ ਰਹਿੰਦੇ ਹਾਂ। ਸੁਖਮਨੀ ‘ਚ ਵਾਕ ਹੈ – ‘ਬ੍ਰਹਮ ਗਿਆਨੀ ਆਪ ਪ੍ਰਮੇਸਰ॥’ ਤਾਂ ਫਿਰ ਪ੍ਰਮੇਸਰ ਦੇ ਕੀਤੇ ਕੰਮਾ ਨੂੰ ਇਕ ਸਾਧਾਰਨ ਮਨੁੱਖਾਂ ਦੇ ਤੁੱਲ ਆਖਣਾ ਅਤੇ ਗ਼ਲਤ ਪ੍ਰਚਾਰਨਾ ਓਨ੍ਹਾਂ ਮਹਾਂਪੁਰਸ਼ਾਂ ਦੀ ਨਿੰਦਾ ਨਹੀਂ ਤਾਂ ਹੋਰ ਕੀ ਹੈ? ਸਾਨੂੰ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਤੋਂ ਸਬਕ ਸਿੱਖਣਾ ਲੋੜੀਦਾ ਹੈ :- ਜਾਂਕੇ ਏਕ ਫਣ ਅਗ੍ਰ ਹੈ ਧਰਣ ਧਾਰੀ, ਗੁਰੂ ਘਰ ਵਿਚ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਤੀਕ ਇਨ੍ਹਾਂ ਜੋ ਵੀ ਆਪਣੇ ਜੀਵਨ ਵਿਚ ਕੌਤਕ ਕੀਤੇ ਉਹ ਸਚਾਈ ਭਰਪੂਰ ਅਤੇ ਛਲ ਕਪਟੋਂ ਰਹਿਤ ਸਨ। ਐਸੇ ਕਿਤਨੇ ਹੀ ਉਦਾਹਰਣ ਗੁਰੂ ਸ਼ਕਤੀ ਦੇ ਸਾਨੂੰ ਮਿਲਦੇ ਹਨ, ਜੈਸੇ ਬਾਬਾ ਅਟੱਲ ਜੀ ਦੁਆਰਾ ਮੋਹਨ ਨੂੰ ਜੀਵਨ ਦਾਨ ਦੇਣਾ, ਬਾਬਾ ਗੁਰਦਿੱਤਾ ਜੀ ਦਾ ਮੋਈ ਗਊ ਜਿ਼ੰਦਾ ਕਰਨਾ, ਗੁਰੂ ਅਮਰਦਾਸ ਜੀ ਨੇ ਬਿਰਧ ਮਾਈ ਦੇ ਪੁਤੱਰ ਨੂੰ ਜੀਵਨ ਦਾਨ ਬਖਸ਼ ਕੇ ਅੱਗੋਂ ਏਹ ਵਰ ਦੇਣਾ ਕਿ ਜਦ ਤੀਕ ਮੈਂ ਗੋਇੰਦਵਾਲ ਵਿਚ ਹਾਂ, ਕਿਸੇ ਵੀ ਮਾਈ ਦਾ ਪੁੱਤਰ ਨਹੀਂ ਮਰੇਗਾ। ਸਾਡੇ ਗੁਰੂਆਂ ਨੇ ਜੋ ਗੁਰਬਾਣੀ ਵਿਚ ਲਿਖਿਆ ਹੈ ਉਸ ਨੂੰ ਸੰਪੂਰਨ ਕਹਿਣੀ ਅਤੇ ਕਰਨੀ ਕਰਕੇ ਨਿਭਾਇਆ ਹੈ, ਜੈਸੇ:- ‘ ਸਤਿਗੁਰੂ ਮੇਰਾ ਮਾਰ ਜਿਵਾਲੇ ’ ਸਤਿਗੁਰੂ ਨੂੰ ਪੂਰਨ ਅਧਿਕਾਰ ਪ੍ਰਾਪਤ ਹੁੰਦੇ ਹਨ। ਗੁਰੂ ਨਾਨਕ ਦੇ ਚਰਨਾ ਦੀ ਕਸ਼ਸ਼ ਨਾਲ ਮੱਕਾ ਘੁੰਮ ਜਾਣਾ, ਰਾਮ ਰਾਇ ਨੇ ਗੁਰੂ ਹਰ ਰਾਇ ਜੀ ਦੀ ਸ਼ਕਤੀ ਨਾਲ ਔਰੰਗਜ਼ੇਬ ਨੂੰ 72 ਕਰਾਮਾਤਾਂ ਦਿਖਾਈਆਂ ਪ੍ਰਸਿੱਧ ਹਨ, ਜਿਸ ਵਿਚ ਕਾਜ਼ੀ ਦੁਆਰਾ ਮਰੇ ਹੋਏ ਬੱਕਰੇ ਦੀ ਲੱਤ ਕੱਟ ਲੈਣੀ ਤੇ ਬਾਦਸ਼ਾਹ ਤੋਂ ਹੁਕਮ ਕਰਵਾਣਾ ਕਿ ਰਾਮ ਰਾਇ ਨੂੰ ਕਹੋ ਕੇ ਬੱਕਰਾ ਜਿ਼ੰਦਾ ਕਰੇ। ਭਰੀ ਕਚਹਿਰੀ ਹੈਰਾਨ ਰਹਿ ਗਈ ਜਦ ਬੱਕਰਾ ਤਿੰਨ ਲੱਤਾਂ ਨਾਲ ਤੁਰ ਕੇ ਆਇਆ। ਰਾਮ ਰਾਇ ਨੇ ਕਿਹਾ, ਇਸ ਦੀ ਚੌਥੀ ਲੱਤ ਕਾਜ਼ੀ ਨੂੰ ਕਹੋ ਲਾਵੇ, ਆਦਿ। ਐਸੇ ਅਨੇਕਾਂ ਉਦਾਹਰਣ ਗੁਰੂ ਘਰ ਵਿਚ ਰੌਸ਼ਨ ਮਿਨਾਰ ਹਨ ਜੋ ਸਦਾ ਹੀ ਜਗਤ ਵਿਚ ਆਪਣੀ ਨੂਰਾਨੀ ਝਲਕ ਦਾ ਝੰਡਾ ਝੁਲਾਉੰਦੇ ਰਹਿਣਗੇ। ਇਹ ਸਾਰੀ ਨਾਮ ਦੀ ਬਰਕਤ ਹੈ। ਸਾਡੇ ਵਿਦਵਾਨਾਂ ਦੀ ਮੱਤ ਪੱਛਮੀ ਸਭਯਤਾ ਨੇ ਖੁਰਦ ਬੁਰਦ ਕਰ ਰੱਖੀ ਹੈ। ਮੌਜਜ਼ੇ (ਕਰਾਮਾਤਾਂ) ਅੱਜ ਵੀ ਸੰਸਾਰ ਵਿਚ ਉਜਾਗਰ ਹਨ। ਪਰ ਅਸੀਂ ਇਸ ਕਹਾਵਤ ਅਨੁਸਾਰ – ‘ਆਪ ਨ ਦੀਏ ਚੁਲੂ ਭਰ ਪਾਨੀ, ਤਹਿ ਨਿੰਦੇ ਜਹਿ ਗੰਗਾ ਆਨੀ।’ ਅਸੀਂ ਆਪ ਤਾਂ ਕੁਛ ਕਰ ਨਹੀਂ ਸਕਦੇ, ਪਰ ਜਿਨ੍ਹਾਂ ਨੇ ਕੁੱਝ ਕਰਕੇ ਵਿਖਾ ਦਿਤਾ ਹੋਇਆ ਹੈ, ਉਨ੍ਹਾਂ ਨੂੰ ਨਿੰਦੀ ਜਾ ਰਹੇ ਹਾਂ। ਇਤੀ। ਅਬੁੱਲ ਤੁਰਾਨੀ ਦੀ ਇਹ ਪੁਸਤਕ ਖੋਜ ਦੇ ਨਜ਼ਰੀਏ ਖਾਲਸਾ ਪੰਥ ਲਈ ਇਕ ਅਮੁੱਲ ਖਜ਼ਾਨਾ ਹੈ, ਇਸ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ। |
ਟਿੱਪਣੀ: ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ(ਪਹਿਲੀ ਵਾਰ ਛਪਿਆ 2004) (ਦੂਜੀ ਵਾਰ 10 ਅਪਰੈਲ 2022) *** 728 |
ਤਿਉਹਾਰ / ਪਹਿਲੀਆਂ ਲਿਖਤਾਂ / ਲਿਖਾਰੀ 2001-2007 / ਲਿਖਾਰੀ 2004 / ਲੇਖ / ਵਿਸ਼ੇਸ਼