28 March 2024

ਅਕਰਖਣ -ਕੁਲਦੀਪ ਸਿੰਘ ਬਾਸੀ

ਅਕਰਖਣ

-ਕੁਲਦੀਪ ਸਿੰਘ ਬਾਸੀ-

ਅਮਰੀਕਾ ਦੇ ਇਸ ਸ਼ਹਿਰ ਵਿੱਚ, ਥੋੜ੍ਹੀ ਜਿਹੀ ਸੰਗਤ, ਗੁਰੂ ਘਰ ਦਾ, ਛੋਟਾ ਜਿਹਾ ਹਾਲ, ਇੱਕ ਪੂਜਾ ਅਸਥਾਨ ਵੀ ਸੀ ਅਤੇ ਸ਼ੋਸ਼ੀਅਲ ਇਕੱਠ ਦੀ ਥਾਂ ਵੀ। ਲੰਗਰ ਤੋਂ ਬਾਅਦ ਕਿਸੇ ਦਾ ਵੀ ਘਰ ਜਾਣ ਨੂੰ ਦਿਲ ਹੀ ਨਹੀਂ ਸੀ ਕਰਦਾ। ਹਾਸੇ ਮਜ਼ਾਕ ਐਦਾਂ ਚਲਦੇ ਜਿਵੇਂ ਪਿਕਨਿਕਾਂ ਵਿੱਚ ਹੁੰਦਾ ਹੈ। ਹਰ ਕੋਈ ਐਤਵਾਰ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰਦਾ। ਮਹਿੰਦਰ ਹਮੇਸ਼ਾ ਅਪਣੀ ਮਿੱਥੀ ਹੋਈ ਥਾਂ ‘ਤੇ ਹੀ ਆਕੇ ਬੈਠਦਾ। ਉਹ ਥਾਂ ਜਿਵੇਂ ਉਸ ਵਾਸਤੇ ਰਿਜ਼ਰਵ ਕੀਤੀ ਹੋਵੇ। ਉਸਨੂੰ ਅਮਰੀਕਾ ਆਇਆਂ ਕਈ ਸਾਲ ਹੋ ਗਏ ਸਨ। ਕੁੱਝ ਮਹੀਨਿਆਂ ਬਾਅਦ ਇੰਡੀਆ ਜਾ ਕੇ, ਉਸਦਾ, ਜੀਵਨ ਸਾਥੀ ਭਾਲਣ ਦਾ ਇਰਾਦਾ ਸੀ। ਕੁੜੀਆਂ ਨਾਲ ਗੱਲਾਂ ਵੀ ਕਰਦਾ ਪਰ ਗੁਰੂੁਘਰ ਵਿੱਚ ਆਉਣ ਵਾਲੀਆਂ ਮੁਟਿਆਰ ਕੁੜੀਆਂ ਵਿੱਚੋਂ ਕਿਸੇ ਨਾਲ ਅਜੇ ਤੱਕ ਕੋਈ ਮੇਲ ਜੋਲ ਨਹੀਂ ਸੀ ਹੋ ਸਕਿਆ। ਉਸਦੀ ਭੈਣ ਕਹਿੰਦੀ ਸੀ ਕਿ ਜੇਕਰ ਜੀਵਨ ਸਾਥੀ ਅਮਰੀਕਾ ਵਿੱਚ ਹੀ ਮਿਲ ਜਾਵੇ ਤਾਂ ਚੰਗਾ ਰਹੇਗਾ। ਗੁਰੂੁ ਨਾਨਕ ਦੇਵ ਜੀ ਦੇ ਜਨਮ ਦਿਨ ਦਾ ਗੁਰਪੁਰਬ ਨੇੜੇ ਹੀ ਸੀ। ਉਸ ਮੌਕੇ ਤੇ ਕੀਤੇ ਜਾਣ ਵਾਲੇ ਅਖੰਡ ਪਾਠ ਦੀ ਤਿਆਰੀ ਅਤੇ ਸੇਵਾ ਲਈ ਸੈਕਟਰੀ ਸਾਹਿਬ ਨੇ ਮਾਈਕ ਫੜ ਕੇ ਬੋਲਿਆ, ” ਮਹਿੰਦਰ, ਕੁਲਵੰਤ, ਪਾਲੀ ਅਤੇ ਮੱਕੂ ਵਰਗੇ ਵੀਹ ਪੰਝੀ ਸਾਲਾਂ ਦੇ ਨੌਜਵਾਨ ਅੱਗੇ ਆਉਣ।” ਲੰਗਰ ਤੋਂ ਬਾਅਦ ਮਹਿੰਦਰ ਸੈਕਟਰੀ ਜੀ ਕੋਲ ਗਿਆ ਅਤੇ ਅਪਣੀ ਮਜਬੂਰੀ ਦੱਸੀ।

” ਅੰਕਲ ਜੀ, ਮੈਂ ਸਾਰਾ ਦਿਨ ਕੰਮ ਕਰਦਾ ਹਾਂ। ਦੋ ਘੰਟੇ ਜਿੰਮ ਜਾਂਦਾ ਹਾਂ। ਫੇਰ ਅੰਨ ਪਾਣੀ ਖਾ ਪੀ ਕੇ ਮਸਾਂ ਦਸ ਵਜੇ ਤੱਕ ਵਿਹਲਾ ਹੁੰਦਾ ਹਾਂ। ਦੱਸੋ ਸੇਵਾ ਕਿਵੇਂ ਕਰਾਂ?”

” ਬੇਟਾ ਜੀ, ਇਹ ਸਭ ਬਹਾਨੇ ਹਨ। ਦੋ ਦਿਨ ਜਿੰਮ ਨਾ ਵੀ ਗਿਆ ਤਾਂ ਕਿਹੜੈ ਤੇਰੇ ਡੌਲੇ ਪਤਲੇ ਹੋ ਜਾਣਗੇ। ਤੇਰੇ ਵਰਗੇ ਚੌਬੀ ਪੱਚੀ ਸਾਲ ਦੇ ਜੁਆਨ ਤਾਂ ਬਹੁਤ ਸੇਵਾ ਕਰ ਸਕਦੇ ਹਨ। ਤੇਰੀ ਡਿਉਟੀ ਚਾਰ ਵਜੇ ਤੋਂ ਦਸ ਵਜੇ ਰਾਤ ਦੀ ਲਗਾ ਦਿੱਤੀ ਹੈ। ਸਿਰਫ ਦੋ ਦਿਨ ਦੀ ਗੱਲ ਹੈ।”

ਮਹਿੰਦਰ ਨੂੰ ਦੁਬਾਰਾ ਨਾਂਹ ਕਰਨੀ ਔਖੀ ਹੋ ਗਈ। ਉਹ ਅਪਣੀ ਡਿਉੁਟੀ ਉੱਤੇ ਮਿੱਥੇ ਦਿਨ, ਮਿੱਥੇ ਸਮਂੇ ਤੇ ਪਹੁੰਚ ਗਿਆ। ਪਾਠੀਆਂ ਨੂੰ ਫੋਨ ਕਰਕੇ ਰੌਲ ਬਾਰੇ ਯਾਦ ਦਿਲਵਾਉਣਾ, ਸ਼ਰਧਾਲੂਆਂ ਨੂੰ ਕੜਾਹ ਪ੍ਰਸ਼ਾਦ ਦੇਣਾ, ਆਏ ਫੋਨ ਸੰਭਾਲਣਾਂ, ਅਤੇ ਚਾਹ ਦੀ ਸੇਵਾ ਆਦਿ ਕਈ ਨਿੱਕੇ ਨਿੱਕੇ ਕੰਮ ਕਰਕੇ ਉਹ ਕੰਧ ਨਾਲ ਢੋ ਲਗਾ ਕੇ ਬੈਠ ਜਾਂਦਾ। ਸੋਚਾਂ ਵਿੱਚ ਡੁੱਬ ਜਾਂਦਾ ਜਾਂ ਫੇਰ ਵਾਹਿਗੁਰੁੂ ਨੂੰ ਹੀ ਯਾਦ ਕਰਨ ਲਗ ਪੈਂਦਾ।

ਪੰਜ ਕੁ ਵਜੇ ਹੋਣਗੇ। ਮਿੰਨੀ ਨੇ ਪਰਸ ਰੱਖਕੇ ਮੱਥਾ ਟੇਕਿਆ। ਕੰਧ ਨਾਲ ਢੋ ਲਗਾਕੇ ਬੈਠ ਗਈ, ਔਰਤਾਂ ਵਾਲੇ ਪਾਸੇ। ਮਹਿੰਦਰ ਦੇ ਸਾਹਮਣੇ। ਸ਼ਰਧਾ ਨਾਲ ਅੱਖਾਂ ਮੀਟੀਆਂ ਅਤੇ ਵਾਹਿਗੁਰੂ ਵਾਹਿਗੁ੍ਰੁਰੂ ਬੋਲਣ ਲਗ ਪਈ।

ਮਹਿੰਦਰ ਨੇ ਵੀ ਅਪਣੀ ਸਮਾਧੀ ਤੋੜੀ। ਉਸ ਨੇ ਅੱਧ ਮੀਟੀਆਂ ਅੱਖਾਂ ਨਾਲ ਆਉਣ ਵਾਲੀ ਸ਼ਰਧਾਲੂ ਨੂੰ ਵੇਖਿਆ। ਮਹਿੰਦਰ ਨੇ ਪ੍ਰਸ਼ਾਦ ਵਰਤਾਇਆ। ਮਿੰਨੀ ਨੇ ਪ੍ਰਸ਼ਾਦ ਲਈ ਹੱਥ ਜੋੜੇ ਅਤੇ ਅੱਖਾਂ ਉਤਾਂਹ ਚੁੱਕ ਕੇ ਮਹਿੰਦਰ ਵੱਲ ਤੱਕਿਆ। ਉਸ ਦੀ ਤੱਕਣੀ ਦੇ ਅਕਰਸ਼ਣ ਤੋਂ ਮਹਿੰਦਰ ਪ੍ਰਭਾਵਤ ਹੋਣੋਂ ਨਾਂ ਰਹਿ ਸਕਿਆ। ਦਿਲ ਵਿੱਚ ਖਿਆਲ ਆਇਆ, ” ਕੁੜੀ ਤਾਂ ਚੰਗੀ ਐ ਜੇ ਕੰਮ ਬਣ ਜਾਵੇ।”

ਮਿੰਨੀ ਨੂੰ ਵੀ ਮਹਿੰਦਰ ਬਾਰੇ ਅਜੇਹਾ ਹੀ ਖਿਆਲ ਆਇਆ। ਉਸ ਨੂੰ ਮਹਿੰਦਰ ਦਾ ਤੰਦਰੁਸਤ ਸਰੀਰ ਚੰਗਾ ਲੱਗਾ। ਕੁੱਝ ਦੇਰ ਮਿੰਨੀ ਨੇ ਅੱਖਾਂ ਬੰਦ ਕਰਕੇ ਹੋਰ ਪਾਠ ਸੁਣਿਆ। ਮਹਿੰਦਰ ਚਾਹ ਪਿਆਉੁਣ ਦੀ ਤਿਆਰੀ ਕਰਨ ਲੱਗਾ। ਸੋਚ ਰਿਹਾ ਸੀ ਕੁੜੀ ਨਾਲ ਗੱਲ ਬਾਤ ਕਿਵੇਂ ਚਾਲੂ ਕਰੇ। ਇਹ ਪਹਿਲਾਂ ਕਦੇ ਵੀ ਗੁਰੂਘਰ ਨਹੀਂ ਵੇਖੀ।

ਮਿੰਨੀ ਅੱਖਾਂ ਮੀਟਣ ਦੀ ਕੋਸ਼ਿਸ਼ ਕਰਦੀ ਪਰ ਚੋਰੀ ਚੋਰੀ ਮਹਿੰਦਰ ਵੱਲ ਵੀ ਤੱਕਦੀ ਰਹਿੰਦੀ। ਸੋਚ ਰਹੀ ਸੀ, ” ਮੁੰਡਾ ਤਾਂ ਚੰਗਾ ਹੈ। ਕੁੱਝ ਸੋਚਕੇ ਹੀ ਮੁਲਾਕਾਤ ਕਰਵਾਈ ਹੈ ਰੱਬ ਨੇ। ਮੈਨੂੰ ਜੀਵਨ ਸਾਥੀ ਦੀ ਜ਼ਰੂੁਰਤ ਤਾਂ ਹੈ ਹੀ। ਕੀ ਪਤਾ ਰੱਬ ਦੀ ਵੀ ਰਜ਼ਾਮੰਦੀ ਮਿਲ ਜਾਏ। ਮੁੰਡੇ ਨਾਲ ਕੋਈ ਗੱਲ ਕਰ ਹੀ ਲੇੈਣੀ ਚਾਹੀਦੀ ਹੈੇ। ਘੱਟੋ ਘੱਟ ਨਾਂਅ ਤਾਂ ਪਤਾ ਕਰ ਹੀ ਲੈਣਾਂ ਚਾਹੀਦਾ ਹੈ। ਉਤਸੁਕ ਹੋਈ ਮਿੰਨੀ ਖਲੋ ਗਈ। ਥੋੜੀ ਝਿਜਕੀ ਫੇਰ ਤੁਰ ਪਈ।

ਮਹਿੰਦਰ ਭੱਜਕੇ ਉਸ ਦੇ ਸਾਹਮਣੇ ਆ ਖਲੋਤਾ। ਕਹਿਣ ਲੱਗਾ, ” ਤੁਸੀਂ ਜਾ ਰਹੇ ਹੋ? ਮੈਂ ਚਾਹ ਬਣਾ ਰਿਹਾ ਹਾਂ ਪੀ ਕੇ ਹੀ ਜਾਣਾ। ਮੈਂ ਚਾਹ ਇਲਾਚੀਆਂ ਪਾ ਕੇ ਬਣਾ ਰਿਹਾ ਹਾਂ, ਸੁਆਦ।”

” ਲੇਡੀਜ਼ ਰੂਮ ਕਿੱਧਰ ਨੇ? ਮਿੰਨੀ ਨੇ ਉੱਠਣ ਦਾ ਬਹਾਨਾ ਵੀ ਲੱਭ ਲਿਆ।” ਥੋੜੀ ਦੇਰ ਰੁਕਣ ਦਾ ਮੌਕਾ ਮਿਲ ਗਿਆ।

ਚਾਹ ਬਣ ਗਈ। ਮਹਿੰਦਰ ਨੇ ਗਰਮ ਗਰਮ ਚਾਹ ਦਾ ਕੱਪ ਮਿੰਨੀ ਨੂੰ ਫੜਾਕੇ ਹੋਰ ਰੁਕਣ ਲਈ ਪਰੇਰਿਆ।

” ਤੁਸੀਂ ਨਹੀਂ ਪੀਓਗੇ?” ਮਿੰਨੀ ਨੇ ਕੱਪ ਫੜਿਆ ਅਤੇ ਪੁਛਿਆ।

” ਤਾਜ਼ੀ ਐ। ਮੈਂ ਵੀ ਪੀ ਹੀ ਲੈਂਦਾ ਹਾਂ।” ਉਹ ਮਿਂੰਨੀ ਦੇ ਸਾਹਮਣੇ ਬੈਠ ਗਿਆ।

” ਤੁਸੀਂ ਨਵੇਂ ਆਏ ਲਗਦੇ ਹੋ। ਪਹਿਲਾਂ ਕਦੇ ਨਹੀਂ ਵੇਖਿਆ।”

” ਹਾਂ, ਮੈਂ ਮਿੰਨੀ ਹਾਂ। ਪਿਛਲੇ ਹਫਤੇ ਇੰਡੀਆ ਤੋਂ ਆਈ ਹਾਂ, ਸਟੂਡੈਂਟ ਵਿਸਾ ਲੈ ਕੇ। ਪਬਲਿਕ ਹੈਲਥ ਇੰਪਰੂਵਮੈਂਟ ਐਂਡ ਡਿਜ਼ੀਜ਼ ਕੰਟਰੋਲ ਵਿੱਚ ਪੀ ਐਚ ਡੀ ਕਰ ਰਹੀ ਹਾਂ। “

” ਮੇਰਾ ਨਾਂਅ ਮਹਿੰਦਰ ਸਿੰਘ ਹੈ। ਮੈਂ ਅਲੈਕਟਰਿਕਲ ਇੰਜਨੀਅਰ ਹਾਂ। ਸ਼ਹਿਰ ਵਿੱਚ ਗੌਰਮਿੰਟ ਦੀ ਨੌਕਰੀ ਕਰਦਾ ਹਾਂ।”

” ਤੁਹਾਡਾ ਨਾਂਅ ਖਾਲੀ ਮਹਿੰਦਰ ਸਿੰਘ ਹੈ?”

” ਨਹੀਂ ਅਸੀਂ ਬਾਜਵੇ ਹਾਂ। ਜੱਟਾਂ ਦਾ ਗੋਤ ਹੈ। ਸਰਟੀਫਿਕੇਟਾਂ ਵਿੱਚ ਮਹਿੰਦਰ ਸਿੰਘ ਹੀ ਲਿਖਿਆ ਹੈ, ਬਦਲਿਆ ਹੀ ਨਹੀਂ। ਨਾਲੇ ਗੁਰੂ ਨਾਨਕ ਦੇ ਸਿੱਖ ਗੋਤ ਘੱਟ ਹੀ ਲਿਖਦੇ ਨੇ।”

” ਮੇਰਾ ਨਾ ਸਰਟਿਫਿਕੇਟਾਂ ਵਿੱਚ ਮਨਜੀਤ ਕੌਰ ਸਿੱਧੂ ਹੈ। ਘਰਦੇ ਮਿੰਨੀ ਕਹਿ ਕੇ ਹੀ ਬੁਲਾਉਂਦੇ ਨੇ।”

” ਤੁਸੀਂ ਸਟੁਡੈਂਟ ਬਣਕੇ ਆਏ ਹੋ, ਵਾਪਸ ਚਲੇ ਜਾਣ ਦੇ ਵਿਚਾਰ ਨਾਲ਼ ਆਏ ਹੋ? ਘਰੋਂ ਬਹੁਤ ਅਮੀਰ ਲਗਦੇ ਹੋ? ਨਹੀਂ ਤਾਂ ਪੜ੍ਹਾਈ ਵਾਸਤੇ ਆਉਣਾ ਥੋੜ੍ਹਾ ਔਖਾ ਹੈ।”

” ਅਮੀਰ ਤਾਂ ਨਹੀਂ ਪਰ ਮੇਰੀ ਭੂਆ ਇਥੇ ਰਹਿੰਦੀ ਹੈ। ਉਸੇ ਦੀ ਕਿਰਪਾ ਹੋ ਗਈ। ਭੂਆ ਕਹਿੰਦੀ ਸੀ ਕਿ ਅਮਰੀਕਾ ਵਿੱਚ ਹੀ ਕੋਈ ਮੁੰਡਾ ਲੱਭ ਕੇ ਵਿਆਹ ਕਰਦਾਂਗੀ। ਵੇਖੋ ਕੀ ਬਣਦਾ ਹੈ?”

” ਘੁੱਟ ਕੁੁ ਹੋਰ ਪਇੋਗੇ?”

” ਚਾਹ ਤਾਂ ਬਹੁਤ ਸੁਆਦ ਹੈ, ਪਰ ਨਹੀਂ, ਹੋਰ ਨਹੀਂ। ਮੈਂ ਚਲਦੀ ਆਂ। ਦੇਰ ਹੋ ਰਹੀ ਐ। ਮੱਥਾ ਟੇਕਣ ਹੀ ਆਈ ਸਾਂ। ਤੁਸੀਂ ਸੇਵਾਦਾਰ ਵਧੀਆ ਹੋ।”

” ਝੂਠ ਨਹੀਂ ਬੋਲਦਾ। ਸੈਕਟਰੀ ਸਾਹਿਬ ਨੇ ਮੱਲੋ ਮੱਲੀ ਡਿਉੁਟੀ ਲਗਾ ਦਿੱਤੀ। ਅੱਜ ਅਤੇ ਕੱਲ੍ਹ ਦੋ ਦਿਨ ਚਾਰ ਵਜੇ ਸ਼ਾਮ ਤੋਂ ਦਸ ਵਜੇ ਸ਼ਾਮ ਤੱਕ। ਪਰਸੋਂ ਦੁਪਿਹਰ ਨੂੰ ਤੇ ਭੋਗ ਹੀ ਪੈ ਜਾਏਗਾ। ਅੱਜ ਅੱਠ ਤੋਂ ਨੌਂ ਵਜੇ ਤੱਕ ਕੀਰਤਨ ਵੀ ਹੋਵੇਗਾ। ਭੂਆ ਨੂੰ ਲੈ ਕੇ ਆਇਓ।”

ਮਿੰਨੀ ਸਮਝ ਗਈ। ” ਸੋਚਾਂਗੀ।” ਆਖ ਕੇ ਮੁਸਕੁਰਾਈ ‘ਤੇ ਚਲੀ ਗਈ।

ਮਿੰਨੀ ਬਾਰੇੇ ਉਲਝੇਵੇਂ ਵਿੱਚ ਪਿਆ ਦਿਮਾਗ ਟਿਕ ਕਿਵੇਂ ਸਕਦਾ ਸੀ। ਮਹਿੰਦਰ ਸੋਚ ਰਿਹਾ ਸੀ ਕਿ ਕੁੜੀ ਸਾਂਵਲੇ ਰੰਗ ਦੀ ਐ, ਪਤਲੀ ਐ ਪਰ ਹੈ ਤਾਂ ਮੇਚਦੀ। ਪੰਜ ਫੁੱਟ ਅੱਠ ਕੁ ਇੰਚ ਦੀ ਹੋਵੇਗੀ। ਵਾਲ ਕਿੰਨੇ ਸੁਹਣੇ, ਭਾਰੇ ਅਤੇ ਲੰਮੇ ਨੇ। ਦਿਲ ਖਿੱਚਵੀਂ ਚੀਜ਼ ਹੈ। ਅਪਣੀ ਜਾਤ ਦੀ ਵੀ ਹੈ। ਮੇਰੀ ਮਾਤਾ ਨੂੰ ਕੋਈ ਇਤਰਾਜ਼ ਵੀ ਨਹੀਂ ਹੋਵੇਗਾ। ਮਾਤਾ ਹੀ ਬੱਸ ਪੁਰਾਣੇ ਖਿਆਲਾਂ ਦੀ ਹੈ, ਸਾਡੇ ਘਰ ਵਿੱਚ। ਕਿਤੇ ਉਮਰ ਦਾ ਕੋਈ ਚੱਕਰ ਨਾ ਪੈ ਜਾਵੇ। ਮੇਰੀ ਉਮਰ ਤਾਂ ਤੇਤੀ ਸਾਲ ਦੀ ਹੋ ਗਈ ਹੈ। ਇਹ ਜੇ ਪੱਚੀ ਛੱਬੀ ਸਾਲ ਦੀ ਹੋਈ ਤਾਂ ਵੀ ਚੱਲੇਗੀ। ਥੋੜਾ ਲਗਾਓ ਜਿਹਾ ਵਿਖਾ ਤਾਂ ਰਹੀ ਸੀ। ਵੇਖਣ ਵਿੱਚ ਤਾਂ ਮੈਂ ਵੀ ਪੱਚੀ ਛੱਬੀ ਦਾ ਹੀ ਲਗਦਾ ਹੋਵਾਂਗਾ ਜਿਵੇਂ ਸੈਕਟਰੀ ਸਾਹਿਬ ਨੇ ਕਈ ਵੇਰ ਮੈਨੂੰ ਆਖਿਆ ਹੈ।

ਮਿੰਨੀ ਘਰ ਪਹੁੰਚ ਗਈ। ਕਮਰੇ ਵਿੱਚ ਮੰਜੇ ਤੇ ਲੇਟ ਗਈ। ਸੋਚਣ ਲੱਗੀ, ਮੁੰਡਾ ਤਾਂ ਪਸੰਦ ਹੈੇ। ਅਪਣੀ ਜਾਤ ਦਾ ਵੀ ਹੇੈ। ਭੂਆ ਵੀ ਖੁਸ਼ੀ ਨਾਲ ਮੰਨ ਜਾਏਗੀ। ਭੂਆ ਨੇ ਜਾਤ ਪਾਤ ਦਾ ਅਮਰੀਕਾ ਆ ਕੇ ਵੀ ਖਹਿੜਾ ਨਹੀਂ ਛੱਡਿਆ। ਅਪਣੇ ਦੇਸੀ ਤਾਂ ਗੋਰਿਆਂ ਨਾਲ, ਕਾਲਿਆਂ ਨਾਲ, ਚੀਨੇ, ਫਿਲਪੀਨੇ ਅਤੇ ਮੁਸਲਮਾਨਾਂ ਆਦਿ ਨਾਲ ਆਮ ਹੀ ਵਿਆਹ ਕਰਵਾਈ ਜਾਂਦੇ ਨੇ। ਇਨ੍ਹਾਂ ਦੀ ਕੋਈ ਜਾਤ ਨਹੀਂ। ਭੂਆ ਦੀ ਮੁਲਾਕਾਤ ਕਰਵਾ ਕੇ ਵੇਖਾਂਗੀ। ਮੇਰਾ ਖਿਆਲ ਹੈ ਗਰੀਨ ਕਾਰਡ ਤਾਂ ਇਹਦੇ ਕੋਲ ਜ਼ਰੂਰ ਹੋਵੇਗਾ, ਗੋਰਮਿੰੰਟ ਦੀ ਨੌਕਰੀ ਕਰਦਾ ਹੈ। ਵੈਸੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਤਾਂ ਇੰਡੀਆ ਵਿੱਚ ਵੀ ਰਹਿ ਸਕਦੀ ਹਾਂ। ਅਪਣੇ ਖਿਆਲਾਂ ਵਿੱਚ ਉਲਝੀ ਮਿੰਨੀ ਥੋੜਾ ਉਂਘਣ ਲਗ ਪਈ।

” ਨੀ ਧੀਏ, ਉੱਠ। ਛੇਤੀ ਤਿਆਰ ਹੋ। ਅਸੀਂ ਗੁਰੂਘਰ ਕੀਰਤਨ ਸੁਣਨ ਜਾਵਾਂਗੇ। ਦੇਸੋਂ ਚੰਗੇ ਰਾਗੀ ਆਏ ਹੋਏ ਨੇਂ।” ਭੂਆ ਨੇ ਜਿਵੇਂ ਮਨ ਦੀ ਬੁੱਝ ਲਈ ਹੋਵੇ। ਮਿੰਨੀ ਬਹੁਤ ਖੁਸ਼ ਹੋਈ।

” ਹਾਂ ਭੂਆ ਜੀ, ਹੁਣੇ ਆਈ।”

” ਕੋਈ ਚੰਗਾ ਸੂਟ ਪਹਿਨ ਕੇ ਆਈਂ। ਕੀ ਪਤਾ ਕਿਸੇ ਮੁੰਡੇੇ ਨੂੰ ਭਾਅ ਹੀ ਜਾਵੇਂ।” ਭੂਆ ਨੇ ਮਜ਼ਾਕ ਕੀਤਾ।

” ਭੂਆ ਜੀ, ਤੁਸੀਂ ਵੀ ਲਗਦਾ ਅਮਰੀਕਨ ਬਣ ਗਏ ਹੋ। ਮੇਰੀ ਮੰਮੀ ਤਾਂ ਭੱਦੇ ਜਿਹੇ ਖੱਦਰ ਦੇ ਸੂਟ ਪੁਆ ਕੇ ਕੱਢਦੀ ਸੀ ਬਾਹਰ।” ਮਿੰਨੀ ਨੇ ਤੁਰਤ ਜਆਬ ਦਿੱਤਾ।

ਗੁਰੂਦੁਆਰੇ ਦੀ ਭੀੜ ਵਿੱਚਕਾਰ, ਅਪਣੀ ਥਾਂ ਤੇ ਬਾਕਾਇਦਾ ਬਰਾਜਮਾਨ, ਮਹਿੰਦਰ, ਦਰਵਾਜੇ ਉੱਤੇ ਨਿਗਾਹ ਟਿਕਾਈਂ ਬੈਠਾ ਸੀ। ਭੂਆ ਨੇ ਪਹਿਲਾਂ ਅਤੇ ਮਿੰਨੀ ਨੇ ਬਾਅਦ ਵਿੱਚ ਮੱਥਾ ਟੇਕਿਆ। ਇੱਕ ਦੋ ਵੇਰ ਮਹਿੰਦਰ ਵੱਲ ਵੇਖਿਆ, ਫੇਰ ਸ਼ਰਮਾ ਗਈ।ੇ ਮਹਿੰਦਰ ਵੀ ਉਸੇ ਵੱਲ ਤੱਕ ਰਿਹਾ ਸੀ। ਮਹਿੰਦਰ ਬਾਰ ਬਾਰ ਉਸ ਵੱਲ ਵੇਖ ਰਿਹਾ ਸੀ। ਉਹ ਬਹੁਤ ਖੁਸ਼ ਹੋਈ।

ਮਿੰਨੀ ਸ਼ਬਦ ਸੁਣਨ ਦਾ ਬਹਾਨਾ ਕਰਦੀ, ਕਈ ਵੇਰ ਅੱਖਾਂ ਬੰਦ ਕਰਦੀ, ਖੋਲ੍ਹਦੀ ਪਰ ਵਾਹਿਗੁਰੂ ਲਈ ਮਨ ਵਿੱਚ ਕੋਈ ਥਾਂ ਖਾਲੀ ਨਹੀਂ ਸੀ। ਸੋਚ ਰਹੀ ਸੀ ਕਿ ਪੜ੍ਹਾਈ ਤਾਂ ਵਿਆਹ ਤੋਂ ਬਾਅਦ ਵੀ ਹੋ ਸਕਦੀ ਹੈ। ਵਿਆਹ ਭੂਆ ਕੋਲ ਰਹਿ ਕੇ ਕਰਵਾਉਣਾਂ ਹੀ ਠੀਕ ਰਹੇਗਾ। ਪਰ ਮੰਮੀ ਨਹੀਂ ਮੰਨੇਗੀ। ਇੰਡੀਆ ਹੀ ਜਾਣਾ ਪਏਗਾ। ਅਜੇ ਤਾਂ ਮਹਿੰਦਰ ਦਾ ਵੀ ਕੀ ਪਤਾ, ਮੰਨੇਗਾ ਕਿ ਨਹੀਂ। ਅਮਰੀਕਾ ਵਿੱਚ ਆਕੇ ਮੁੰਡੇ ਅੱਖਾਂ ਬਹੁਤ ਉੱਚੀਆਂ ਕਰ ਲੈਂਦੇ ਨੇ। ਹੋਰ ਕਿੰਨੇ ਹੀ ਖਿਆਲ ਆਏ, ਮਨ ਦੀ ਉਤਸੁਕਤਾ ਨੇ ਘੇਰੀ ਰੱਖਿਆ। ਫੇਰ ਸ਼ਾਂਤੀ ਲਈ ਹੱਥ ਜੋੜਕੇ ਵਾਹਿਗੁਰੁ ਵਾਹਿਗੁਰੂ ਵੀ ਕੀਤਾ, ਪਰ ਮਿਹਨਤ ਅਸਫਲ ਹੀ ਰਹੀ।

ਮਹਿੰਦਰ ਸੋਚ ਰਿਹਾ ਸੀ , ਅਮਰੀਕਾ ਵਿੱਚ ਆਕੇ ਵੀ ਸ਼ਰਮ ਕਿਉ? ਸਿੱਧਾ ਭੂਆ ਨਾਲ ਹੀ ਗੱਲ ਕਰ ਲੈਂਦਾ ਹਾਂ। ਜ਼ਿਆਦਾ ਤੋਂ ਜ਼ਿਆਦਾ ਕੀ ਹੋਊ? ਭੂਆ ਦੋ ਗਾਲਾਂ ਕੱਢ ਦਊ। ਸਿਆਣਿਆਂ ਦੀਆਂ ਗੱਲਾਂ ਦਾ ਗੁੱਸਾ ਵੀ ਕੀ ਕਰਨਾਂ। ਪਰ ਮਿੰਨੀ ਨੂੰ ਹੀ ਕਿਉਂ ਨਾਂ ਪੁੱਛ ਲਿਆ ਜਾਵੇ। ਪੜ੍ਹੀ ਲਿੱਖੀ ਜਾਗ੍ਰਿਤ ਕੁੜੀ ਐ। ਨਹੀਂ, ਨਹੀਂ। ਕੁੜੀ ਦੇ ਮੂੰਹੋਂ ਨਾਂਹ ਸੁਣਨੀ ਸ਼ਾਇਦ ਚੰਗੀ ਨਾਂ ਲੱਗੇ।

ਭਾਈ ਜੀ ਨੇ ਕੀਰਤਨ ਦਾ ਭੋਗ ਪਾਇਆ ਅਤੇ ਰਸਮ ਅਨੁਸਾਰ ਬੋਲਿਆ ” ਤੂੰ ਠਾਕੁਰ ਤੁਮ ———–।” ਅਰਦਾਸ ਸ਼ੁਰੂ ਹੋ ਗਈ। ਸੰਗਤ ਵਾਂਗ ਮਿੰਨੀ ਅਤੇ ਮਹਿੰਦਰ ਵੀ ਹੱਥ ਜੋੜਕੇ , ਅੱਖਾਂ ਮੀਟ ਕੇ ਅਰਦਾਸ ਦਾ ਅਨੰਦ ਮਾਣਨ ਲਗੇ, ਸ਼ਾਇਦ।

ਮਿੰਨੀ ਵਾਹਿਗੁਰੂੁ ਤੋਂ ਮੰਗ ਰਹੀ ਸੀ, ” ਹੇ ਵਾਹਿਗੁਰੂ ਜੀ, ਆਪ ਜੀ ਤੋਂ ਕਦੇ ਕੁੱਝ ਨਹੀਂ ਮੰਗਿਆ। ਮੇਰਾ ਸੰਜੋਗ ਕਿਸੇ ਤਰਾਂ ਮਹਿੰਦਰ ਨਾਲ ਹੀ ਜੋੜਦੇ। ਛੇਤੀ ਕੰਮ ਨਿੱਬੜੇਗਾ। ਘਰਦਿਆਂ ਦੇ ਸਿਰੋਂ ਭਾਰ ਲੱਥੇਗਾ। ਭੂਆ ਦੀ ਨਿਗਾਹ ਮਹਿੰਦਰ ਤੇ ਕਿਉਂ ਨਹੀਂ ਪੈ ਰਹੀ, ਰੱਬ ਜੀ? ਬਾਬਾ ਜੀ ਕਰੋ ਚਮਤਕਾਰ। ਪਰ ਸਾਡਾ ਬਾਬਾ ਤਾਂ ਚਮਤਕਾਰਾਂ ਤੋਂ ਦੂਰ ਰਹਿੰਦਾ ਹੈ।”

ਮਹਿੰਦਰ ਵੀ ਬਾਬੇ ਅੱਗੇ ਫਰਿਆਦ ਕਰ ਰਿਹਾ ਸੀ। ” ਵਾਹਿਗੁਰੂ ਜੀ ਕਰੋ ਕੁੱਝ ਕਿਰਪਾ। ਮਿਲਾ ਦਿਓ ਮਿੰਨੀ ਨਾਲ ਟੇਵਾ। ਕੁੜੀ ਮੈਨੂੰ ਬਹੁਤ ਪਸੰਦ ਹੈ। ਮੈਨੂੰ ਤਾਂ ਜਾਤ ਪਾਤ ਦਾ ਵੀ ਕੋਈ ਚੱਕਰ ਨਹੀਂ ਸੀ। ਐਥੇ ਤਾਂ ਘਰਦੇ ਵੀ ਇਤਰਾਜ਼ ਨਹੀਂ ਕਰਨਗੇ। ਪ੍ਰਭੂ ਜੀ ਇੱਕ ਤੀਰ ਨਾਲ ਦੋ ਬਟੇਰੇ, ਮੈਂ ਵੀ ਖੁਸ਼ ਅਤੇ ਘਰਦੇ ਵੀ।”

ਭਾਈ ਜੀ ਨੇ ਬੋਲਿਆ, ” ਸੇਈ ਪਿਆਰੇ ਮੇਲਣਾ ਜਿਨ੍ਹਾ ਮਿਲਿਆਂ ਆਪ ਦਾ ਨਾਮ ਚਿੱਤ ਆਵੇ——–।” ਮਿੰਨੀ ਅਤੇ ਮਹਿੰਦਰ ਨੇ ਅਪਣੇ ਆਪ ਨੂੰ ਕੋਸਿਆ। ਗੁਰੂੁ ਘਰ ਵਿੱਚ ਰੱਬ ਦਾ ਚੇਤਾ ਹੀ ਨਹੀਂ ਆਇਆ। ਬਹੁੁਤ ਬੁਰੀ ਗੱਲ ਹੈ। ਬਾਬੇ ਤੋਂ ਮੁਆਫੀ ਮੰਗੀ। ਪਰ ਬਾਬਾ ਜੀ ਸੇਈ ਪਿਆਰੇ ਮੇਲਣ ਵਾਲੀ ਗੱਲ ਜ਼ਰਾ ਹੌਲੀ ਕਿਹਾ ਕਰੋ। ਐਦਾਂ ਮੁੰਡਿਆਂ ਅਤੇੇ ਕੁੜੀਆਂ ਦਾ ਮਿਲਣਾਂ ਅਸੰਭਵ ਹੋ ਜਾਏਗਾ।

ਭਾਈ ਜੀ ਨੇ ਉੱਚੀ ਆਵਾਜ਼ ਵਿੱਚ ਬੋਲਿਆ, ” ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ।”

ਮਹਿੰਦਰ ਨੇ ਮਨ ਹੀ ਮਨ ਕਿਹਾ, ” ਵਾਹਿਗੁਰੂ ਜੀ ਕਰੋ ਸਾਡਾ ਵੀ ਕੁੱਝ ਭਲਾ।”

ਲੰਗਰ ਦੀਆਂ ਲਾਇਨਾ ਸਜ ਗਈਆਂ। ਮਹਿੰਦਰ ਹਮੇਸ਼ਾ ਦਾਲ ਵਰਤਾਉਂਦਾ ਸੀ। ਪਰ ਅੱਜ ਪਾਣੀ ਦਾ ਜੱਗ ਚੁੱਕ ਕੇ ਹੀ ਭੱਜ ਲਿਆ। ਮਿੰਨੀ ਵਾਲੀ ਲਾਇਨ ਵਿੱਚ ਕੋਈ ਹੋਰ ਉਸਤੋਂ ਵੀ ਪਹਿਲਾਂ ਚਲਾ ਗਿਆ। ਫੇਰ ਉਸਨੇ ਵੀ ਫੇਰੀ ਪਾਈ ਅਤੇ ਆਖਿਆ , ” ਮਿੰਨੀ ਜੀ ਸੇਵਾ ਦਾ ਮੌਕਾ ਦਿਓ। ਅਪਣਾਂ ਪਾਣੀ ਦਾ ਗਲਾਸ ਅੱਗੇ ਕਰੋ ਜੀ।”

” ਪਾਣੀ ਤਾਂ ਮਿਲ ਗਿਆ ਜੀ। ਚਾਵਲਾਂ ਦੀ ਲੋੜ ਹੈ, ਕਰੋਗੇ ਸੇਵਾ।”

ਦੋਹਾਂ ਨੇ ਇੱਕ ਦੂਜੇ ਵੱਲ ਵੇਖਿਆ। ਅੱਖਾਂ ਨਾਲ ਅੱਖਾਂ ਟਕਰਾਈਆਂ। ਦੋਵੇਂ ਮੁਸਕੁਰਾਏ। ਚਾਵਲ ਵਾਲੇ ਸੇਵਾਦਾਰ ਨੂੰ ਆਉਂਦਿਆਂ ਵੇਖ ਮਿੰਨੀ ਨੇ ਅਪਣਾਂ ਪਾਣੀ ਦਾ ਗਲਾਸ ਖਾਲੀ ਕਰਕੇ ਮਹਿੰਦਰ ਦੇ ਅੱਗੇ ਕੀਤਾ ‘ਤੇ ਆਖਿਆ, ” ਥੋੜਾ ਪਾਣੀ ਪਲੀਜ਼।”

” ਲਓ ਜੀ, ਮੈਂ ਚਾਵਲ ਲੈ ਕੇ ਹੁਣੇ ਆਇਆ।”

ਪਿੱਛੇ ਖਲੋਤੇ ਚਾਵਲ ਵਾਲੇ ਸੇਵਾਦਾਰ ਨੇ ਆਖਿਆ, ” ਸਾਨੂੰ ਵੀ ਅੱਗੇ ਵਧਣ ਦਿਓ ਮਹਿੰਦਰ ਜੀ।” ਮਹਿੰਦਰ ਚਲਾ ਗਿਆ।

ਹਫਤਿਆਂ ਵਿੱਚ ਹੀ ਜਾਣ ਪਹਿਚਾਣ ਕਾਫੀ ਵਧ ਗਈ। ਗੱਲ ਬਾਤ ਆਮ ਤੌਰ ਤੇ ਫੋਨ ਰਾਹੀਂ ਹੀ ਹੁੰਦੀ। ਕਦੇ ਕਦੇ ਹੋਟਲ ਜਾਂ ਕੌਫੀ ਸ਼ਾਪ ‘ਤੇ ਵੀ ਮਿਲਦੇ। ਭੂਆ ਨੂੰ ਵੀ ਮਹਿੰਦਰ ਪਸੰਦ ਆਇਆ।

” ਧੀਏ, ਮੈਂ ਮਹਿੰਦਰ ਨਾਲ ਤੇਰੇ ਵਿਆਹ ਦੀ ਗੱਲ ਕਰਨਾਂ ਚਾਹੁੁੰਦੀ ਹਾਂ। ਤੁਸੀਂ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਹੋ।” ਭੂਆ ਨੇ ਇੱਕ ਦਿਨ ਅਚਾਨਕ ਹੀ ਮਿੰਨੀ ਨੂੰ ਕਿਹਾ। ਮਿੰਨੀ ਮੁਸਕੁਰਾਈ ਪਰ ਚੁੱਪ ਰਹੀ।

” ਪਰ ਪਹਿਲਾਂ ਮੈਂ ਭਾਈ ਜੀ ਤੋਂ ਮੁੰਡੇੇ ਬਾਰੇ ਹੋਰ ਜਾਣਕਾਰੀ ਲੈਣਾਂ ਚਾਹੂੰਦੀ ਆਂ। ਉਹ ਇਨ੍ਹਾਂ ਦੇ ਪਿੰਡ ਦੇ ਨੇੜੇ ਦੇ ਪਿੰਡ ਦਾ ਹੀ ਹੈ। ਉਹ ਇਸ ਮੁੰਡੇ ਨੂੰ ਕਾਫੀ ਚੰਗੀ ਤਰਾਂ ਜਾਣਦਾ ਹੈ।”

ਗੁਰੁੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਸੀ। ਭੂਆ ਨੇ ਸਮਾਂ ਕੱਢਕੇ ਮਹਿੰਦਰ ਬਾਰੇ ਪੁੱਛ ਗਿੱਛ ਕੀਤੀ। ਮਿੰਨੀਂ ਮਨ ਹੀ ਮਨ ਖੁਸ਼ ਹੋਈ। ਘਰ ਪਹੁੰਚਕੇ ਭੂਆ ਨੇ ਮਿੰਨੀ ਨੂੰ ਅਪਣੇ ਕੋਲ ਬੁਲਾਕੇ ਪਿਆਰ ਨਾਲ ਕਿਹਾ, ” ਧੀਏ, ਇਸ ਮਿੁੰਡੇ ਨਾਲ ਜ਼ਿਆਦਾ ਉੱਠਣ ਬੈਠਣ ਠੀਕ ਨਹੀਂ। ਇਸਦਾ ਪਿਛਲੇ ਸਾਲ ਹੀ ਤਲਾਕ ਹੋਇਆ ਹੈ। ਉਮਰ ਵਿੱਚ ਤੇਰੇ ਨਾਲੋਂ ਬਹੁਤ ਵੱਡਾ ਹੈ। ਮੈਂ ਤਾਂ ਤੇਰੇ ਵਾਸਤੇ ਨਵਾਂ ਨਕੋਰ ਮੁੰਡਾ ਲੱਭਾਂਗੀ।”

ਮਿੰਨੀ ਉਦਾਸ ਹੋ ਗਈ। ਸੁਪਨੇ ਸੰਪੂੁਰਨ ਨਹੀਂ ਸੀ ਹੋ ਸਕਦੇ। ਉਹ ਸੋਚ ਰਹੀ ਸੀ, ” ਭੁਆ ਜੀ ਨਵਾਂ ਨਕੋਰ ਮੁੰਡਾਉਹ ਵੀ ਅਮਰੀਕਾ ਵਿੱਚਕਿੱਥੇ ਮਿਲੇਗਾ?”

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 27 ਜਨਵਰੀ 2006)
(ਦੂਜੀ ਵਾਰ 20 ਸਤੰਬਰ 2021)

***
382
***

About the author

ਕੁਲਦੀਪ ਸਿੰਘ ਬਾਸੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ