10 October 2024

ਅੱਜ ਵੀ ਨਵ ਸਾਮਰਾਜਵਾਦ ਨੂੰ ਵੰਗਾਰ ਰਹੀ ਹੈ ਮੋਹਨ ਸਿੰਘ ਦੀ ਕਵਿਤਾ – ਬਲਜਿੰਦਰ ਪਾਲ

ਅੱਜ ਵੀ ਨਵ ਸਾਮਰਾਜਵਾਦ ਨੂੰ ਵੰਗਾਰ ਰਹੀ ਹੈ ਮੋਹਨ ਸਿੰਘ ਦੀ ਕਵਿਤਾ

-ਬਲਜਿੰਦਰ ਪਾਲ-

ਨਾਲ ‘ਸਮਾਨਾਂ ਗੱਲ੍ਹਾਂ ਕਰਦਾ ਬਾਂਦਰ ਬੈਠਾ ਰੁੱਖ ਦੀ ਚੋਟੀ
ਦੋਹਾਂ ਮੁੱਠੀਆਂ ਦੇ ਵਿਚ ਘੁੱਟੀ ਤਿੰਨ ਚੌਥਾਈ ਜੱਗ ਦੀ ਰੋਟੀ
ਬਾਂਦਰ ਸਮਝੇ ਸਦਾ ਬਿਰਛ ਨੇ, ਨਾਲ ਸਮਾਨਾਂ ਖਹਿੰਦੇ ਰਹਿਣਾ
ਨਾ ਸ਼ੇਰਾਂ ਨੇ ਉੱਪਰ ਚੜ੍ਹਨਾ ਨਾ ਹੀ ਉਸਨੇ ਹੇਠਾਂ ਲਹਿਣਾ
ਨਾ ਜਾਣੇ ਕੋਈ ਬਾਜ਼ ਆਕਾਸ਼ੋਂ, ਉਸ ਦੀ ਗਿੱਚੀ ਨੂੰ ਫੜ ਸਕਦਾ
ਯਾ ਕੋਈ ਚਿੱਟਾ ਰਿੱਛ ਬਰਫਾਨੀ, ਬਿਰਛ ਦੇ ਉੱਤੇ ਵੀ ਚੜ੍ਹ ਸਕਦਾ।

ਸੰਸਾਰ ਦੀ ਸਰਮਾਏਦਾਰੀ ਸਾਹਮਣੇ ਇਕ ਲਲਕਾਰ ਪੇਸ਼ ਕਰਦੀਆਂ ਇਹ ਸਤਰਾਂ ਪ੍ਰਗਤੀਵਾਦ ਦੇ ਮੋਢੀ ਕਵੀ ਮੋਹਨ ਸਿੰਘ ਦੀਆਂ ਲਿਖੀਆਂ ਹੋਈਆਂ ਹਨ। ਇਹ ਕਵਿਤਾ ਅਜੋਕੇ ਸਮੇਂ ਅੰਦਰ ਅਮਰੀਕਾ ਤੇ ਇੰਗਲੈਡ ਵਰਗੀਆਂ ਨਵਸਾਮਰਾਜਵਾਦੀ ਤਾਕਤਾਂ ਦੁਆਰਾ ਆਪਣੇ ਪ੍ਰਮਾਣੂ ਹਥਿਆਰਾਂ ਦੇ ਜ਼ੋਰ ਤੇ ਪੂਰੀ ਦੁਨੀਆਂ ਨੂੰ ਦਿਖਾਈ ਜਾ ਰਹੀ ਧੌਂਸ ਦੇ ਖਿਲਾਫ਼ ਬਿੱਲਕੁਲ ਉਚਿਤ ਢੱੁਕਦੀਆਂ ਹਨ। ਅੱਜ ਅਮਰੀਕਾ ਆਪਣੀ ਸਰਮਾਏਦਾਰਾਨਾ ਹਵਸ ਪੂਰੀ ਕਰਨ ਲਈ ਸਾਰੀ ਦੁਨੀਆਂ ਅੰਦਰ ਅਰਾਜਕਤਾ ਫੈਲਾ ਰਿਹਾ ਹੈ। ਉਸ ਨੇ ਈਰਾਨ ਤੇ ਅਫਗਾਨਿਸਤਾਨ ਦੀ ਭੋਲੀ ਭਾਲੀ ਜਨਤਾ ਤੇ ਅਣਮਨੁੱਖੀ ਤਸ਼ੱਦਦ ਢਾਹਿਆ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਅੱਜ ਸਯੁੰਕਤ ਰਾਸ਼ਟਰ ਸੰਘ ਵਰਗੀ ਸੰਸਥਾ ਉਸ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਉਸ ਦੀਆਂ ਵਹਿਸ਼ੀ ਕਾਰਵਾਈਆਂ ਨੂੰ ਸੰਸਾਰ ਅਮਨ ਲਈ ਜ਼ਰੂਰੀ ਹੋਣ ਦੇ ਸਰਟੀਫਿਕੇਟ ਜਾਰੀ ਕਰ ਰਹੀ ਹੈ। ਉਪਰੋਕਤ ਸਤਰਾਂ ਸਰਮਾਏਦਾਰੀ ਦੀਆਂ ਇੰਨ੍ਹਾਂ ਨੀਤੀਆਂ ਨੂੰ ਹਮੇਸ਼ਾਂ ਲਾਅਨਤਾਂ ਪਾਉਂਦੀਆਂ ਰਹਿਣਗੀਆਂ। ਇਹ ਹਮੇਸਾਂ ਲਈ ਪ੍ਰਗਤੀਸ਼ੀਲ ਤੇ ਅਗਾਹਵਧੂ ਲੋਕਾਂ ਦੀ ਸਮਝ ਸਾਫ਼ ਕਰਦੀਆਂ ਰਹਿਣਗੀਆਂ।

ਪੋ੍ਰ. ਮੋਹਨ ਸਿੰਘ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਉਸ ਨੂੰ ਪੰਜਾਬੀ ਪ੍ਰਗਤੀਵਾਦੀ ਕਵਿਤਾ ਦਾ ਮੋਢੀ ਕਵੀ ਮੰਨਿਆ ਜਾਂਦਾ ਹੈ। ਮੋਹਨ ਸਿੰਘ ਦਾ ਜਨਮ 20 ਅਕਤੂਬਰ 1905 ਨੂੰ ਹੋਤੀ ਮਰਦਾਨ, ਸੂਬਾ ਸਰਹੰਦ (ਅੱਜਕਲ੍ਹ ਪਾਕਿਸਤਾਨ) ਵਿਚ ਹੋਇਆ। ਉਸ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਸੀ। 1921 ਵਿਚ ਉਸ ਦੀ ਕਵਿਤਾ ‘ਸਾਡਾ ਗੁਰੂ ਤੇ ਗੁਰੂ ਕਾ ਬਾਗ ਸਾਡਾ’ ਬਹੁਤ ਜਿਆਦਾ ਮਕਬੂਲ ਹੋਈ ਕਿਉਂਕਿ ਉਨ੍ਹਾਂ ਦਿਨਾਂ ਵਿਚ ਸਿੱਖ ਗੁਰੂਦੁਆਰਾ ਸੁਧਾਰ ਲਹਿਰ ਆਪਣੇ ਪੂਰੇ ਜੋਬਨ ਤੇ ਸੀ। ਸਮੇਂ ਦੇ ਮੁਤਾਬਿਕ ਲਿਖੀ ਗਈ ਇਹ ਰਚਨਾ ਸਿੱਖ ਜਗਤ ਵਿਚ ਪ੍ਰਸਿਧੀ ਪਾਉਣ ਦਾ ਸੁਨਹਿਰਾ ਮੌਕਾ ਸੀ, ਜਿਸ ਦਾ ਮੋਹਨ ਸਿੰਘ ਨੂੰ ਪੂਰਾ ਲਾਭ ਵੀ ਹੋਇਆ।

ਪ੍ਰੋ. ਮੋਹਨ ਸਿੰਘ ਨੇ ਪੰਜਾਬੀ ਕਵਿਤਾ ਨੂੰ ਨੌਂ ਕਾਵਿ ਸੰਗ੍ਰਹਿ ਸਾਵੇ ਪੱਤਰ (1936), ਕਸੁੰਭੜਾ (1939),ਅਧਵਾਟੇ (1943), ਕੱਚ ਸੱਚ (1950), ਆਵਾਜ਼ਾਂ (1954), ਵੱਡਾ ਵੇਲਾ (1958), ਜੰਦਰੇ (1964), ਜੈ ਮੀਰ (1968) ਅਤੇ ਬੂਹੇ (1977) ਦਿੱਤੇ ਹਨ। ਇਸ ਤੋਂ ਇਲਾਵਾ ਉਸ ਦੇ ਦੋ ਮਹਾਂਕਾਵਿ ਏਸ਼ੀਆ ਦਾ ਚਾਨਣ (ਅਨੁਵਾਦਿਤ) ਅਤੇ ਨਨਕਾਇਣ (1972) ਵੀ ਸ਼ਾਮਿਲ ਹਨ। ਮੋਹਨ ਸਿੰਘ ਨੇ ਆਪਣੀ ਕਾਵਿ ਲੇਖਣੀ ਦੀ ਸੁਰੂਆਤ ਚਾਰ ਹੰਝੂ ਨਾ ਦੇ ਲਘੂ ਕਾਵਿ ਸੰਗ੍ਰਹਿ ਤੋਂ ਕੀਤੀ ਜਿਸ ਵਿਚ ਉਸ ਦੀਆਂ ਸਿਰਫ਼ ਚਾਰ ਕਵਿਤਾਵਾਂ ਸ਼ਾਮਲ ਹਨ। ਜਿੰਨ੍ਹਾਂ ਦੇ ਨਾਂ ਹਨ ਰੱਬ, ਬਸੰਤ, ਅਨਾਰਕਲੀ ਤੇ ਨੂਰਜਹਾਂ। ਜਿਵੇਂ ਕਿ ਨਾਮ ਤੋਂ ਹੀ ਸਪੱਸਟ ਹੋ ਜਾਂਦਾ ਹੈ ਕਿ ਇੰਨ੍ਹਾਂ ਦਾ ਪ੍ਰਮੁੱਖ ਵਿਸ਼ਾ ਪ੍ਰੇਮ ਪਿਆਰ ਹੈ। ਇਨ੍ਹਾਂ ਚਾਰਾਂ ਕਵਿਤਾਵਾਂ ਦੇ ਸ਼ੁਰੂ ਵਿਚ ਦਿੱਤੀ ਰੁਬਾਈ ਦਿੱਤੀ ਪੂਰੀ ਕਵਿਤਾ ਦਾ ਨਿਚੋੜ ਪੇਸ਼ ਕਰਦੀ ਹੈ। ਜਿਵੇਂ ਕਿ ‘ਨੂਰਜਹਾਂ’ ਕਵਿਤਾ ਦੇ ਆਰੰਭ ਵਿਚ;

ਰੋਜ਼ਾ ਤੇਰਾ ਸੋਹਣੀਏ, ਲੋਕਾਂ ਲਈ ਮਸਾਨ
ਪਰ ਸ਼ਾਇਰ ਦੀ ਨਜ਼ਰ ਵਿਚ, ਇਹ ਇਕ ਪਾਕ ਕੁਰਾਨ
ਤੇੜਾਂ ਇਹਦੀਆਂ ਆਇਤਾਂ, ਜੇ ਪੜ੍ਹੀਏ ਨਾਲ ਧਿਆਨ
ਖੁੱਲਦੀ ਤਕੱਬਰ ਛੱਡ ਕੇ,ਬਣ ਜਾਈਏ ਇਨਸਾਨ।

ਇਹ ਕਵਿਤਾਵਾਂ ਬਾਦ ਵਿਚ ਸਾਵੇ ਪੱਤਰ ਕਾਵਿ ਸੰਗ੍ਰਹਿ ਵਿਚ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਹ ਚਾਰੇ ਕਵਿਤਾਵਾਂ ਦਾ ਪਰੰਪਰਾਗਤ ਛੰਦ ਬੈਂਤ ਹੈ।
ਪੋ੍ਰ. ਮੋਹਨ ਸਿੰਘ ਦੇ ਕਾਵਿ ਸਫ਼ਰ ਦੀ ਅਸਲ ਸ਼ੁਰੂਆਤ ਉਸ ਦੇ ਕਾਵਿ ਸੰਗ੍ਰਹਿ ਸਾਵੇ ਪੱਤਰ ਤੋਂ ਹੀ ਮੰਨੀ ਜਾਂਦੀ ਹੈ। ਸੁਰੂ ਵਿਚ ਕਵੀ ਨੇ ਪ੍ਰੇਮ ਪਿਆਰ ਤੇ ਪ੍ਰਕਿਰਤੀ ਨਾਲ ਸੰਬੰਧਿਤ ਗੀਤਾਂ ਦੀ ਰਚਨਾ ਕੀਤੀ। ਉਹ ਹਰ ਥਾਂ ਪ੍ਰਕਿਰਤੀ ਨੂੰ ਮਾਨਵ ਜਗਤ ਨਾਲ ਜੋੜ ਕੇ ਦੇਖਦਾ ਹੈ। ਉਹ ਆਪਣੇ ਨਿੱਜੀ ਪਿਆਰ ਦਾ ਪ੍ਰਾਕਿਰਤੀ ਨਾਲ ਤੁਲਨਾਤਮਿਕ ਸਬੰਧ ਸਥਾਪਿਤ ਕਰਦਾ ਲਿਖਦਾ ਹੈ;

ਕੀ ਵੇਖੋ ਤੁਸੀ ਤਾਰਿਓ ? ਕੀ ਲਵੋ ਕਨਸੋ
ਤੁਸੀ ਚੀਜ਼ ਕਿਸੇ ਅਰਸ਼ ਦੀ, ਮੈਨੂੰ ਲੱਗੀ ਜਿ਼ਮੀਂ ਦੀ ਛੋਹ।

ਮੋਹਨ ਸਿੰਘ ਆਪਣੀ ਕਵਿਤਾ ਦੇ ਸੋਮੇ ਨੂੰ ਪਛਾਨਣ ਦਾ ਯਤਨ ਕਰਦਾ ਹੈ। ਉਹ ਆਪਣੀ ਕਵਿਤਾ ‘ਬਸੰਤ’ ਵਿਚ ਕਹਿੰਦਾ ਹੈ;

ਵੇਖ ਬਸੰਤ ਖਾਬ ਅੰਦਰ ਮੈਂ, ਦੱਸੀ ਪੀੜ ਹਿਜ਼ਰ ਦੀ
ਹੰਝੂਆਂ ਦੇ ਦਰਿਆ ਫੁੱਟ ਨਿਕਲੇ, ਵੇਖ ਚਿਰੋਕਾ ਦਰਦੀ
ਪੂੰਝ ਅੱਥਰੂ ਮੇਰੇ ਬੋਲੀ, ਜੋ ਰੱਬ ਕਰਦਾ ਚੰਗੀ
ਮੋਹਨ! ਕਿੰਝ ਬਣਦਾ ਤੂੰ ਸ਼ਾਇਰ, ਜੇਕਰ ਮੈਂ ਨਾ ਮਰਦੀ।

ਪਹਿਲੇ ਪੜਾਅ ਵਿਚ ਉਸ ਨੇ ਸਿੱਖ ਧਰਮ ਨਾਲ ਸਬੰਧਿਤ ਕਵਿਤਾਵਾਂ ਦੀ ਵੀ ਰਚਨਾ ਕੀਤੀ। ਉਹ ਪੰਜਾਬ ਦਾ ਵਾਸੀ ਹੋਣ ਕਾਰਨ ਸਿੱਖ ਗੁਰੂਆਂ ਦੀ ਕੁਰਬਾਨੀ ਤੇ ਦੇਣ ਤੋਂ ਬਹੁਤ ਪ੍ਰਭਾਵਿਤ ਸੀ। ‘ਸਿੱਖੀ’ ਨਾ ਦੀ ਕਵਿਤਾ ਵਿਚ ਉਹ ਸਿੱਖੀ ਵਿਚ ਕੁਰਬਾਨੀਆਂ ਦੀ ਸ਼ਲਾਘਾ ਕਰਦਾ ਹੋਇਆ ਲਿਖਦਾ ਹੈ:

ਉਹ ਕਿਹੜਾ ਬੂਟਾ ਏ?
ਹਰ ਥਾਂ ਜੋ ਪਲਦਾ ਏ
ਆਰੇ ਦੇ ਦੰਦਿਆਂ ਤੇ, ਰੰਬੀ ਦੀਆਂ ਧਾਰਾਂ ਤੇ
ਖੈਬਰ ਦੇ ਦਰਿਆਂ ਤੇ, ਸਰਸਾ ਦੀਆਂ ਲਹਿਰਾਂ ਤੇ।

ਉਸ ਦੀ ਕਵਿਤਾ ਵਿਚ ਜਦੋਂ ਝਨਾਂ ਵਿਚ ਫੁੱ਼ਲ ਪਾਉਣ ਦੀ ਗੱਲ ਹੁੰਦੀ ਹੈ ਤਾਂ ਉਹ ਆਪਣਾ ਨਾਤਾ ਪੰਜਾਬੀ ਦੇ ਪ੍ਰੇਮ-ਨਾਇਕਾਂ ਨਾਲ਼ ਜੋੜਦਾ ਹੈ। ਇਸ ਵਿਚੋਂ ਉਸ ਦਾ ਪੰਜਾਬ ਤੇ ਪੰਜਾਬੀ ਸਭਿਆਚਾਰ ਪ੍ਰਤੀ ਪ੍ਰੇਮ ਵੀ ਝਲਕਦਾ ਨਜ਼ਰ ਆਉਂਦਾ ਹੈ। ਜਿਵੇਂ;

ਮੇਰੇ ਫੁੱਲ ਝਨਾਂ ਵਿਚ ਪਾਣੇ,
ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ
ਕਦਰ ਇੰਨ੍ਹਾਂ ਦੇ ਕੋਈ ਆਸ਼ਕ ਪਾਵੇ।
ਗੰਗਾ ਬਾਹਮਣੀ ਕੀ ਜਾਣੇ
ਮੇਰੇ ਫੁੱਲ ਝਨਾਂ ਵਿਚ ਪਾਣੇ।
ਮੋਹਨ ਸਿੰਘ ਦੀ ਇਹ ਇੱਛਾ ਉਸਦੇ ਮਰਨ ਬਾਦ ਪੂਰੀ ਵੀ ਕੀਤੀ ਗਈ।

ਮੋਹਨ ਸਿੰਘ ਦੀ ਕਵਿਤਾ ਦੇ ਦੂਜੇ ਪੜਾਅ ਵਿਚ ਉਸ ਦੇ ਕੁਦਰਤ ਪ੍ਰੇਮ ਦਾ ਝਲਕਾਰਾ ਵਧੇਰੇ ਮਿਲਦਾ ਹੈ। ਇਸ ਪੜਾਅ ਤੇ ਉਹ ਆਦਰਸ਼ਵਾਦ ਤੋਂ ਵਿਆਕਤੀਵਾਦ ਵਾਲੇ ਪਾਸੇ ਮੋੜਾ ਕੱਟਦਾ ਹੈ। ਉਸ ਦਾ ਵਿਆਕਤੀਵਾਦ ਜਦੋਂ ਨਾਇਕਾ ਦੇ ਸਵਰ ਵਿਚ ਗੁਣਗੁਣਾਉਂਦਾ ਹੈ ਤਾਂ ‘ਕੋਈ ਤੋੜੇ ਵੇ ਤੋੜੇ’ ਜਿਹੀਆਂ ਕਵਿਤਾਵਾਂ ਜਨਮ ਲੈਂਦੀਆਂ ਹਨ। ਪੋ੍ਰ. ਮੋਹਨ ਸਿੰਘ ਇਸਤਰੀ ਦੇ ਹਿਰਦੇ ਵਿਚ ਬਹਿ ਕੇ ਉਸ ਦੀਆਂ ਦਿਲੀ ਸੋਚਾਂ ਤੇ ਪ੍ਰਤੀਕਿਰਿਆਵਾਂ ਨੂੰ ਚਿਤਰਦਾ ਹੈ। ਅਜਿਹੀਆਂ ਕਵਿਤਾਵਾਂ ਕਾਰਣ ਉਸ ਉਪਰ ਅਸ਼ਲੀਲਤਾ ਦਾ ਦੋਸ਼ ਵੀ ਲਾਇਆ ਜਾਂਦਾ ਹੈ। ਜਿਵੇਂ,

ਕੋਈ ਤੋੜੇ ਵੇ ਕੋਈ ਤੋੜੇ, ਮੇਰੀ ਵੀਣੀ ਨੂੰ ਮਚਕੋੜੇ
ਮੈਂ ਕੱਜਾ ਕਿਵੇਂ ਜਵਾਨੀ,ਨਹੀਂ ਰੁਕਦੀ ਇਹ ਦੀਵਾਨੀ
ਮੈਂ ਹੋ ਚੱਲੀ ਹਾਂ ਬਉਰਾਨੀ
ਮੈਨੂੰ ਬਾਗ ਜਾਪਦੇ ਸੌੜੇ- ਕੋਈ ਤੋੜੇ ਵੇ ਕੋਈ ਤੋੜੇ।

ਪ੍ਰੋ ਮੋਹਨ ਸਿੰਘ ਦਾ ਤੀਜਾ ਪੜਾਅ ਪ੍ਰਗਤੀਵਾਦੀ ਦਾ ਪੜਾਅ ਹੈ। ਜਦੋਂ ਦੂਜੇ ਸੰਸਾਰ ਯੁੱਧ ਦਾ ਖਤਰਾ ਪੂਰੀ ਦੁਨੀਆਂ ਦੇ ਸਿਰ ਤੇ ਮੰਡਰਾ ਰਿਹਾ ਸੀ। ਸੰਸਾਰ ਅੰਦਰ ਨਾਜ਼ੀਵਾਦੀ ਤੇ ਫ਼ਾਸੀਵਾਦੀ ਤਾਕਤਾਂ ਅਗਾਹਵਧੂ ਲੋਕਾਂ ਦੀਆਂ ਜਾਨਾਂ੍ਹ ਦੀਆਂ ਦੁਸ਼ਮਣ ਬਣ ਗਈਆਂ ਸਨ,ਹਰ ਪਾਸੇ ਡਰ ਦਾ ਮਾਹੌਲ ਸੀ। ਇਸ ਸਮੇਂ ਸੰਸਾਰ ਭਰ ਦੇ ਪ੍ਰਗਤੀਵਾਦੀ ਲੇਖਕ ਸਾਹਮਣੇ ਆਏ ਤੇ ਉਨ੍ਹਾਂ ਨੇ ਇਸ ਦੇ ਖਿਲਾਫ਼ ਲਾਮਬੰਦੀ ਕੀਤੀ। 1935 ਵਿਚ ਸੰਸਾਰ ਪ੍ਰਸਿਧ ਲੇਖਕਾਂ ਦਾ ਸੰਮੇਲਨ ਫਰਾਂਸ ਵਿਚ ਸੱਦਿਆ ਗਿਆ, ਇਸ ਵਿਚ ਲੰਦਨ ਪੜ੍ਹਦੇ ਦੋ ਭਾਰਤੀ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਬਾਦ ਭਾਰਤ ਵਿਚ ਵੀ ਪ੍ਰਗਤੀਵਾਦੀ ਲਹਿਰ ਨੇ ਜੋ਼ਰ ਫੜਿਆ। ਪੰਜਾਬੀ ਕਵਿਤਾ ਇਸ ਤੋਂ ਅਛੂਤੀ ਕਿਵੇਂ ਰਹਿ ਸਕਦੀ? ਪੰਜਾਬੀ ਸਾਹਿਤ ਤਾਂ ਮੁੱਢ ਕਦੀਮ ਤੋਂ ਹੀ ਪ੍ਰਗਤੀਮੁੱਖ ਰਿਹਾ ਹੈ। ਪ੍ਰਗਤੀਵਾਦੀ ਲਹਿਰ ਦੇ ਪ੍ਰਭਾਵ ਥੱਲੇ ਪੋ੍ਰ. ਮੋਹਨ ਸਿੰਘ ਨੇ ਵੀ ਰੋਮਾਸਵਾਦ ਤੋਂ ਪ੍ਰਗਤੀਵਾਦ ਵਾਲੇ ਪਾਸੇ ਮੋੜਾ ਕੱਟਿਆ। ਉਸ ਨੇ 1936 ਵਿਚ ਸਾਵੇ ਪੱਤਰ ਕਾਵਿ ਸੰਗ੍ਰਹਿ ਦੇ ਕੇ ਅਗਾਂਹਵਧੂ ਪ੍ਰਗਤੀਸ਼ੀਲ ਲਹਿਰ ਵਿਚ ਆਪਣਾ ਨਾਮ ਦਰਜ ਕਰਵਾਇਆ।

ਡਾ. ਸਤਿੰਦਰ ਸਿੰਘ ਨੂਰ ਲਿਖਦਾ ਹੈ; “ਮੋਹਨ ਸਿੰਘ 1935 ਪਿੱਛੋਂ ਸਾਹਮਣੇ ਆਈ ਪੰਜਾਬੀ ਰੁਮਾਟਿਕ ਪ੍ਰਗਤੀਵਾਦੀ ਕਵਿਤਾ ਦਾ ਪ੍ਰਮੁੱਖ ਕਵੀ ਹੈ। ਉਸ ਦੀ ਕਵਿਤਾ ਨੇ ਆਲੇ ਦੁਆਲੇ ਦੇ ਵਿਸੇਸ਼-ਅਵਿਸ਼ੇਸ਼ ਬਹੁਤ ਸਾਰੇ ਕਵੀਆਂ ਨੂੰ ਪ੍ਰਭਾਵਿਤ ਕੀਤਾ। ਉਸ ਦੇ ਕਾਵਿ ਜਗਤ ਦਾ ਅਧਿਐਨ ਕਰਦਿਆਂ, ਉਸ ਦੀ ਕਾਵਿ ਸਮਰੱਥਾ-ਅਸਮਰੱਥਾ ਨੂੰ ਜਾਣਦਿਆ ਉਸ ਦੌਰ ਦੀ ਕਵਿਤਾ ਦੀਆਂ ਮੁੱਖ ਬਿਰਤੀਆਂ ਦਾ ਪਤਾ ਲੱਗ ਜਾਂਦਾ ਹੈ।” ਪ੍ਰੋ. ਮੋਹਨ ਸਿੰਘ ਨੇ ਫੋਕੇ ਕਰਮ ਕਾਂਡਾ, ਆਦਰਸ਼ਵਾਦੀ ਵਿਸ਼ਵਾਸ਼ ਪ੍ਰਬੰਧ ਅਤੇ ਧਾਰਮਿਕ ਚੇਤਨਾ ਉਪਰ ਕਿੰਤੂ ਕਰਨਾ ਸੁਰੂ ਕੀਤਾ। ਉਸ ਨੇ ਧਾਰਮਿਕ ਕੱਟੜਤਾ ਨੂੰ ਕਈ ਬੀਮਾਰੀਆਂ ਦੀ ਜੜ੍ਹ ਮੰਨਿਆ, ਕਿਉਂਕਿ ਧਾਰਮਿਕ ਨੇਤਾ ਫਿਰਕੂ ਪ੍ਰਚਾਰ ਰਾਹੀਂ ਜਾਤ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜ੍ਹਾ ਰਹੇ ਸਨ। ਉਹ ‘ਮੈਂ ਨਹੀ ਤੇਰੇ ਗਰਾਂ’ ਕਵਿਤਾ ਵਿਚ ਇਸੇ ਤਰ੍ਹਾਂ ਦੀ ਸੋਚ ਦਾ ਪ੍ਰਗਟਾਵਾ ਕਰਦਾ ਹੈਂ;

ਜਿੱਥੇ ਵੀਰ ਵੀਰਾਂ ਨੂੰ ਖਾਂਦੇ
ਸਿਰੋਂ ਮਾਰ ਧੁੱਪੇ ਸੁੱਟ ਜਾਂਦੇ
ਜਿੱਥੇ ਲੱਖ ਮਣਾਂ ਦਾ ਲੋਹਿਆ
ਜ਼ੰਜੀਰਾਂ ਹੱਥਕੜੀਆਂ ਹੋਇਆ
ਜਿੱਥੇ ਮਜ਼ਹਬ ਦੇ ਨਾਂ ਥੱਲੇ
ਦਰਿਆਂ ਕਈ ਖੂਨ ਦੇ ਚੱਲੇ
ਮੈਂ ਨਹੀਂ ਰਹਿਣਾ ਐਸੀ ਥਾਂ।

ਮੋਹਨ ਸਿੰਘ ਦਾ ਨਿੱਜੀ ਪਿਆਰ ਤੇ ਪ੍ਰਕਿਰਤੀ ਪਿਆਰ ਹੌਲੀ ਹੌਲੀ ਪ੍ਰਗਤੀਵਾਦ ਦੀ ਪਾਣ ਚੜ੍ਹ ਕੇ ਸਾਰੇ ਸੰਸਾਰ ਲਈ ਪ੍ਰੇਮ, ਮਾਨਵਤਾ ਦੇ ਦਰਦ, ਦੱਬੇ ਕੁਚਲੇ ਲੋਕਾਂ ਦੇ ਦਰਦ ਵਿਚ ਬਦਲ ਕੇ ਨਵਾਂ ਸੁਹਜ ਸਿਰਜਦਾ ਹੈ। ਜਿੱਥੇ ਵੀ ਕਿਰਤ ਦੀ ਲੁੱਟ ਹੁੰਦੀ ਹੈ ਉਸ ਨੂੰ ਦੁੱਖ ਹੁੰਦਾ ਅਤੇ ਮਿਹਨਤਕਸ਼ਾਂ ਨਾਲ ਭਾਵਨਾਤਮਕ ਤੌਰ ਤੇ ਉਹ ਸਾਂਝ ਬਣਾੳਂਦਾ ਹੈ। ਜਿਵੇਂ ਉਹ ਖੁਦ ਹੀ ਲਿਖਦਾ ਹੈ;

ਪੈ ਕੁਠਾਲੀ ਇਸ਼ਕ ਵਾਲੀ
ਤੜਪ ਬਦਲੀ ਵੇਗ ਵਿਚ
ਹੌਲੀ ਹੌਲੀ ਬਣ ਗਿਆ
ਮਿੱਤਰਾਂ ਦਾ ਗ਼ਮ ਲੋਕਾਂ ਦਾ ਗ਼ਮ।

ਮੋਹਨ ਸਿੰਘ ਨੂੰ ਪੰਜਾਬੀ ਤੇ ਪੰਜਾਬੀਅਤ ਨਾਲ ਵੀ ਗੂੜਾ ਪ੍ਰੇਮ ਸੀ। ਇਸ ਦਾ ਝਲਕਾਰਾ ਉਸ ਦੀ ਕਵਿਤਾ ਵਿਚ ਹਰ ਥਾਂ ਮਿਲਦਾ ਹੈ। ਉਹ ਪੰਜਾਬ ਤੇ ਪੰਜਾਬੀ ਮੁਟਿਆਰਾਂ ਦੀ ਸਿਫ਼ਤ ਕਈ ਵਾਰ ਆਪਣੀਆਂ ਕਵਿਤਾਵਾਂ ਵਿਚ ਕਰਦਾ ਹੈ। ਉਹ ਪੰਜਾਬ ਬਾਰੇ ਲਿਖਦਾ ਹੈ;

ਭਾਰਤ ਹੈ ਵਾਂਗ ਮੁੰਦਰੀ
ਵਿਚ ਨਗ ਪੰਜਾਬ ਦਾ
ਭਾਰਤ ਹੈ ਜੇ ਸ਼ਰਾਬ
ਇਹ ਨਸ਼ਾ ਸ਼ਰਾਬ ਦਾ।

ਪ੍ਰੋ. ਮੋਹਨ ਸਿੰਘ ਪ੍ਰਗਤੀਵਾਦੀ ਕਵੀ ਹੋਣ ਕਾਰਨ ਹਰ ਘਟਨਾ ਜਾਂ ਸਥਿਤੀ ਨੂੰ ਮਾਰਕਸ਼ਵਾਦੀ ਨਜ਼ਰੀਏ ਤੋਂ ਪਰਖਦਾ ਹੈ। ਉਹ ਦਾ ਸੁਪਨਾ ਵਰਗ ਰਹਿਤ ਸਮਾਜ ਦੀ ਸਿਰਜਣਾ ਹੈ। ਉਹ ਹਮੇਸ਼ਾ ਬੁਰਜੂਆ ਦੇ ਖਿਲਾਫ਼ ਅਤੇ ਪ੍ਰੋਲੇਤਾਰੀ ਦੇ ਹੱਕ ਵਿਚ ਭੁਗਤਦਾ ਹੈ। ਪੂੰਜੀਵਾਦੀ ਸਮਾਜ ਤੇ ਲੋਕਾਂ ਦੀ ਲੁੱਟ ਦਾ ਜਿ਼ਕਰ ਵਾਰ ਵਾਰ ਉਸ ਦੀ ਕਵਿਤਾ ਵਿਚ ਮਿਲਦਾ ਹੈ। ਉਹ ਸਮਾਜ ਦਾ ਢਾਂਚਾ ਦੋ ਵਰਗਾਂ ਤੇ ਅਧਾਰਿਤ ਮੰਨਦਾ ਹੈ, ਜਿਸ ਵਿਚ ਇਕ ਵਰਗ ਲੋਕਾਂ ਦਾ ਤੇ ਦੂਜਾ ਵਰਗ ਜੋਕਾਂ ਦਾ ਹੈ। ਇੰਨ੍ਹਾਂ ਵਿਚ ਹਮੇਸ਼ਾ ਹੀ ਆਪਣੇ ਆਪਣੇ ਹੱਕਾਂ ਨੂੰ ਲੈ ਕਿ ਸੰਘਰਸ਼ ਚੱਲਦਾ ਰਹਿੰਦਾ ਹੈ। ਅੰਤ ਵਿਚ ਜਿੱਤ ਮਿਹਨਤਕਸ਼ ਆਵਾਮ ਦੀ ਹੀ ਹੁੰਦੀ ਹੈ। ਸਮਾਜ ਦੀ ਕਾਣੀ ਵੰਡ ਬਾਰੇ ਉਹ ਲਿਖਦਾ ਹੈ;

ਦੋ ਟੋਟਿਆਂ ਵਿਚ ਭੋਂ ਟੁੱਟੀ
ਇਕ ਮਹਿਲਾਂ ਦਾ ਇਕ ਢੋਕਾਂ ਦਾ
ਦੋ ਧੜ੍ਹਿਆਂ ਵਿਚ ਖਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦਾ।

ਪ੍ਰੋ. ਮੋਹਨ ਸਿੰਘ ਸੰਸਾਰ ਸ਼ਾਂਤੀ ਤੇ ਭਾਈਚਾਰੇ ਦਾ ਵੀ ਸਮਰਥੱਕ ਹੈ। ਉਹ ਧਾਰਮਿਕ ਕੰਟੜਪੰਥੀਆਂ ਦੀਆਂ ਤੇ ਫਿ਼ਰਕਾਪ੍ਰਸਤ ਤਾਕਤਾਂ ਦੀਆਂ ਘਿਣਾਉਣੀਆਂ ਕਾਰਵਾਈਆਂ ਤੋਂ ਬਹੁਤ ਜਿ਼ਆਦਾ ਚਿੰਤਤ ਰਿਹਾ ਹੈ, ਕਿਉਂ ਕਿ ਸੰਨ ਸੰਤਾਲ਼ੀ ਦੀ ਵੰਡ ਉਸ ਨੇ ਅੱਖੀ ਦੇਖੀ ਸੀ ,ਉਜੜੇ ਘਰਾਂ ਦੇ ਮੰਜ਼ਰ ਉਸ ਦੀਆਂ ਯਾਦਾਂ ਵਿਚ ਸਨ। ਉਹ ਮੰਨਦਾ ਹੈ ਕਿ ਦੇਸ਼ ਦੀ ਵੰਡ ਲਈ ਮੁੱਖ ਤੌਰ ਤੇ ਜਿ਼ੰਮੇਵਾਰ ਧਾਰਮਿਕ ਕੱਟੜਪੰਥੀ ਅਤੇ ਦੇਸ਼ ਦੇ ਰਾਜਨੀਤੀਵਾਨ ਸਨ। ਉਹ ਦੇਸ਼ ਦੀ ਵੰਡ ਬਾਰੇ ਵੀ ਆਪਣੀ ਕਵਿਤਾ ਵਿਚ ਇਤਿਹਾਸਕ ਹਵਾਲੇ ਦਿੰਦਾ ਹੈ। ਜਦੋਂ ਬਾਬਰ ਨੇ ਹਿੰਦੋਸਤਾਨ ਤੇ ਹਮਲਾ ਬੋਲਿਆ ਸੀ ਤਾਂ ਬਹੁਤ ਸਾਰੇ ਨਿਹੱਥੇ ਲੋਕ ਉਸ ਦੇ ਤਸੱਦਦ ਦਾ ਸਿ਼ਕਾਰ ਹੋਏ ਸਨ, ਇਸ ਸਮੇਂ ਗੁਰੂ ਨਾਨਕ ਸਾਹਿਬ ਨੇ ਬਾਬਰ ਦਾ ਵਿਰੋਧ ਕੀਤਾ ਸੀ ਅਤੇ ਆਪਣੀ ਰਚਨਾ ‘ਬਾਬਰਬਾਣੀ’ ਵਿਚ ਰੱਬ ਨੂੰ ਉਲਾਭਾ ਦਿੰਦਿਆ ਲਿਖਿਆ ਸੀ, ‘ਏਤੀ ਮਾਰ ਪਈ ਕੁਰਲਾਣੇ,ਤੈ ਕੀ ਦਰਦ ਨਾ ਆਇਆ’। ਇਸੇ ਤਰਜ਼ ਤੇ 1947 ਦੀ ਵੰਡ ਤੋਂ ਬਾਦ ਪੋ੍ਰ. ਮੋਹਨ ਸਿੰਘ ਨੇ ਆਪਣੀ ਇਕ ਕਵਿਤਾ ‘ਗੁਰੂ ਨਾਨਕ ਨੂੰ’ ਵਿਚ ਗੁਰੂ ਨਾਨਕ ਨੂੰ ਉਲਾਭਾਂ ਦਿੱਤਾ ਹੈ;

ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ
ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ
ਇਕ ਪਾਸੇ ਪਾਕ-ਪਾਕੀ ਪਾਕਿਸਤਾਨ ਹੋ ਗਿਆ
ਇਕ ਪਾਸੇ ਹਿੰਦੂ-ਹਿੰਦੀ ਹਿੰਦੁਸਤਾਨ ਹੋ ਗਿਆ
ਮੁੜ ਭਾਗੋਆਂ ਦੀ ਚਾਦਰੀਂ ਨੇ ਛਿੱਟੇ ਖੂਨ ਦੇ
ਮੁੜ ਲਾਲੋਆਂ ਦੇ ਖੂਨ ਦਾ ਨੁਚੜਾਨ ਹੋ ਗਿਆ।
ਤੂੰ ਰੱਬ ਨੂੰ ਵੰਗਾਰਿਆ ਤੈਨੂੰ ਵੰਗਾਰਾਂ ਮੈਂ
ਆਇਆ ਨਾ ਤੈਂ ਕੀ ਦਰਦ ਏਨਾ ਘਾਣ ਹੋ ਗਿਆ।

ਮੋਹਨ ਸਿੰਘ ਦੀ ਕਵਿਤਾ ਸਮੇਂ ਦੇ ਬਿਲਕੁਲ ਅਨਕੂਲ ਹੈ, ਅੱਜ ਦੇ ਹਾਲਾਤ ਤੇ ਵੀ ਬਿਲਕੁਲ ਠੀਕ ਢੁੱਕਦੀ ਹੈ ਕਿਉਂਕਿ ਅੱਜ ਵੀ ਹਿੰਦੁਸਤਾਨ ਅੰਦਰ ਸੰਪ੍ਰਦਾਇਕ ਝਗੜਿਆਂ ਨੇ ਆਮ ਲੋਕਾਂ ਦਾ ਜਿਉਂਣਾ ਦੁੱਭਰ ਕਰ ਦਿੱਤਾ ਹੈ। ਕਿਤੇ ਹਿੰਦੂ ਸਿੱਖ ਲੜ੍ਹਾਏ ਜਾ ਰਹੇ ਹਨ, ਕਿਤੇ ਦੰਗੇ ਕਰਵਾਏ ਜਾ ਰਹੇ ਹਨ। ਰੋਟੀ, ਕੱਪੜੇ ,ਰੁਜਗਾਰ ਦੀ ਮੰਗ ਤੋਂ ਧਿਆਨ ਹਟਾਉਣ ਲਈ ਨੌਜੁਆਨਾਂ ਦਾ ਧਿਆਨ ਮੰਦਿਰ-ਮਸਜਿਦ ਬਣਾਉਣ ਦਿਆਂ ਝਗੜਿਆਂ ਵਿਚ ਉਲਝਾਇਆ ਜਾ ਰਿਹਾ ਹੈ। ਅੱਜ ਸੰਪ੍ਰਦਾਇਕ ਨੇਤਾ ਸਾਂਤੀ ਦਾ ਸੰਦੇਸ਼ ਦੇਣ ਦੀ ਬਜਾਏ ਧਾਰਮਿਕ ਸਮਾਗਮਾਂ ਮੌਕੇ ਫਿ਼ਰਕੂ ਜ਼ਹਿਰ ਵੰਡ ਰਹੇ ਹਨ। ਅੱਜ ਮਜ਼ਹਬ ਇਕ ਦੂਸਰੇ ਖਿਲਾਫ਼ ਲੜ੍ਹਾਈ ਲਈ ਹਥਿਆਰ ਤੇ ਟਰੇਨਿੰਗ ਮਹੁੱਈਆ ਕਰਵਾ ਰਿਹਾ ਹੈ। ਇਸ ਹਾਲਾਤ ਵਿਚ ਮੋਹਨ ਸਿੰਘ ਦੀਆਂ ਕਈ ਕਵਿਤਾਵਾਂ ਬਿਲਕੁਲ ਢੁੱਕਦੀਆਂ ਹਨ।

ਪ੍ਰੋ. ਮੋਹਨ ਸਿੰਘ ਸੰਸਾਰ ਅਮਨ ਤੇ ਸ਼ਾਂਤੀ ਦਾ ਮੁਦੱਈ ਹੈ। ਇਸ ਲਈ ਉਹ ਸੰਸਾਰ ਭਾਈਚਾਰੇ ਨੂੰ ਤੋੜਨ ਵਾਲੇ ਲੋਕਾਂ ਦਾ ਵਿਰੋਧ ਕਰਦਾ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਧਾਰਮਿਕ ਸੰਕੀਰਣਤਾ, ਅੰਧ ਵਿਸ਼ਵਾਸ਼, ਫਿ਼ਰਕੂ ਸੋਚ ਅਤੇ ਰੂੜ੍ਹੀਵਾਦੀ ਸਨਾਤਨੀ ਜੀਵਨ ਮੁੱਲਾਂ ਦਾ ਸੁਚੇਤ ਤੌਰ ਤੇ ਵਿਰੋਧ ਕਰਦਿਆਂ, ਮਨੁੱਖੀ ਭਲਾਈ, ਧਰਤੀ ਤੇ ਸਮਕਾਲੀ ਜੀਵਨ ਦੀਆਂ ਸਮੱਸਿਆਵਾਂ ਨੂੰ ਆਪਣੀ ਕਵਿਤਾ ਦਾ ਵਿਸ਼ੇ ਬਣਾਉਂਦਾ ਹੈ। ਸਾਂਝੀਆਂ ਸਮੱਸਿਆਵਾਂ ਲਈ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਾ ਹੈ;

ਦਾਤੀਆਂ ਕਲਮਾਂ ਅਤੇ ਹਥੌੜੇ
ਕੱਠੇ ਕਰ ਲਓ ਸੰਦ ਓ ਯਾਰ,
ਤਗੜੀ ਇਕ ਤ੍ਰੈਸੂਲ ਬਣਾਉ
ਯੁੱਧ ਕਰੋ ਪਰਚੰਡ ਓ ਯਾਰ।

ਇਸ ਤਰ੍ਹਾਂ ਉਹ ਸਮਾਜ ਅੰਦਰ ਗਲਤ ਕਦਰਾਂ ਕੀਮਤਾਂ ਅਤੇ ਕਾਣੀ ਵੰਡ ਨੂੰ ਦੂਰ ਕਰਨ ਲਈ ਸੰਘਰਸ਼ ਦਾ ਸੱਦਾ ਦਿੰਦਾ ਹੈ। ਮੋਹਨ ਸਿੰਘ ਨੇ ਆਪਣੀ ਕਵਿਤਾ ਵਿਚ ਨਿੱਜੀ ਪਿਆਰ, ਦੇਸ਼ ਪਿਆਰ, ਭਾਈਚਾਰਾ, ਸੰਘਰਸ਼, ਇਨਕਲਾਬ, ਕ੍ਰਾਂਤੀ ਆਦਿ ਵਿਸ਼ੇ ਛੋਹੇ ਹਨ। ਇਨ੍ਹਾਂ ਕਵਿਤਾਵਾਂ ਦਾ ਰੂਪਗਤ ਮੁੱਲ ਵੀ ਕੋਈ ਘੱਟ ਨਹੀਂ ਹੈ।

ਪ੍ਰੋ. ਮੋਹਨ ਸਿੰਘ ਦੀ ਕਵਿਤਾ ਕਲਾਤਮਕ ਤੇ ਸੁਹਜਾਤਮਕ ਪੱਖਾਂ ਤੋਂ ਪੂਰਣ ਹੈ। ਉਸ ਨੇ ਆਪਣੀ ਕਵਿਤਾ ਨੂੰ ਕਲਪਨਾ, ਬਿੰਬਾਂ, ਅਲੰਕਾਰਾਂ ਤੇ ਪ੍ਰਤੀਕਾਂ ਨਾਲ ਸਿੰ਼ਗਾਰਿਆ ਹੈ। ਉਸ ਦੀ ਭਾਸ਼ਾ ਸਰਲ ਅਤੇ ਠੇਠ ਪੰਜਾਬੀ ਹੈ, ਜੋ ਪਾਠਕ ਨੂੰ ਪਹਿਲੀ ਨਜ਼ਰੇ ਹੀ ਪ੍ਰਭਾਵਿਤ ਕਰਦੀ ਹੈ। ਉਸ ਨੇ ਵਿਸੇ਼ ਦੇ ਅਨੁਕਲੂ ਪ੍ਰਭਾਵਸ਼ਾਲੀ ਸ਼ਬਦ-ਚੋਣ ਕੀਤੀ ਹੈ। ਉਸ ਨੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਪਿਛੋਕੜ ਨੂੰ ਖੁਬ ਉਭਾਰਿਆ ਹੈ। ਕਵਿਤਾ ਵਿਚ ਇਤਿਹਾਸਕ ਹਵਾਲਿਆਂ ਦਾ ਵੀ ਪ੍ਰਯੋਗ ਕੀਤਾ ਗਿਆ ਹੈ।

ਸੰਗੀਤਾਤਮਕਤਾ ਮੋਹਨ ਸਿੰਘ ਦੀ ਰਚਨਾ ਦੀ ਉਚੇਰੀ ਵਿਸ਼ੇਸ਼ਤਾ ਹੈ, ਉਸ ਨੇ ਸੰਗੀਤਾਤਮਕਤਾ ਲਿਆਉਣ ਲਈ ਸ਼ਾਬਦਿਕ ਧੁਨੀਆਂ ਦੇ ਅਨੁਪ੍ਰਾਸਾਂ, ਲੈਅ,ਤਾਲ,ਗਤੀ, ਤੋਲ ਅਤੇ ਤੁਕਾਂਤ ਆਦਿ ਦਾ ਵਿਸੇ਼ਸ਼ ਧਿਆਨ ਰੱਖਿਆ ਹੈ। ਮੋਹਨ ਸਿੰਘ ਸ਼ਾਬਦਿਕ ਛੰਦਾਂ ਅਤੇ ਸੰਗੀਤ ਕਲਾ ਨਾਲ ਸਬੰਧਿਤ ਸਭ ਜੁਗਤਾਂ ਦੀ ਵਰਤੋਂ ਕਰਦਾ ਹੈ। ਮੋਹਨ ਸਿੰਘ ਦੇ ਗੀਤਾਂ ਦੀ ਅਸਲੀ ਵਿਸੇ਼ਸਤਾ ਕਵੀ ਦੀ ਮੌਲਿਕ ਕਲਪਨਾ ਦੁਆਰਾ ਸਿਰਜੇ ਗਏ ਕਲਪਨਾ ਚਿੱਤਰ ਹਨ, ਜੋ ਅਤਿ ਸੁੰਦਰ ਬਿੰਬਾਂ ਦਾ ਰੂਪ ਧਾਰਨ ਕਰਕੇ ਉਸ ਦੇ ਗੀਤਾਂ ਅਤੇ ਪ੍ਰਗੀਤਾਂ ਨੂੰ ਮੁੰਦਰੀ ਦੇ ਨਗਾਂ ਸਮਾਨ ਅਨੂਠੇ ਸੁਹਜ ਵਿਚ ਬੰਨ ਦਿੰਦੇ ਹਨ।

ਮੋਹਨ ਸਿੰਘ ਨੇ ਆਪਣੀਆਂ ਕਵਿਤਾਵਾਂ ਵਿਚ ਲੋਕਧਾਰਾ ਦੀ ਸਮੱਗਰੀ ਦੀ ਭਰਪੂਰ ਵਰਤੋਂ ਕੀਤੀ ਹੈ। ਉਸ ਦੀਆਂ ਕਈ ਧੁਨਾਂ ਲੋਕਾਂ ਦੇ ਮੂੰਹਾਂ ਤੇ ਚੜ੍ਹ ਕੇ ਅਖਾਣ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਉਹ ਲੋਕ ਗੀਤਾਂ ਦੀਆਂ ਸੁਰਾਂ ਨੂੰ ਧਿਆਨ ਵਿਚ ਰੱਖਦਿਆ ਗੀਤ ਦੀ ਰਚਨਾ ਕਰਦਾ ਹੈ ਜਿਵੇਂ;

(1) ਵਿਚ ਸੁੱਖਾਂ ਦੇ ਸਾਰੀ ਦੁਨੀਆਂ
ਨੇੜੇ ਢੁੱਕ ਢੁੱਕ ਬਹਿੰਦੀ
ਪਰਖੇ ਜਾਣ ਮਿੱਤਰ ਉਸ ਵੇਲੇ
ਜਦੋਂ ਬਾਜ਼ੀ ਪੁੱਠੀ ਪੈਂਦੀ।

(2)- ਚੰਨਾ ਵੇ ਤੇਰੀ ਚਾਨਣੀ
ਤਾਰਿਆ ਵੇ ਤੇਰੀ ਲੋਅ
ਚੰਨ ਪਕਾਵੇ ਰੋਟੀਆਂ
ਤਾਰਾ ਕਰੇ ਰਸੋ।

ਲੋਕ ਗੀਤਾਂ ਦੀਆਂ ਧੁਨਾਂ ਉੱਤੇ ਉਸ ਨੇ ਹੋਰ ਬਹੁਤ ਸਾਰੇ ਗੀਤ ਰਚੇ ਹਨ। ਜਿਵੇਂ ‘ਆਵਾਜ਼ਾਂ’ ਦਾ ‘ਗੱਜਣ ਸਿੰਘ’ ਲੋਕ ਬੋਲੀਆਂ ਦੇ ਰੂਪ ਵਿਚ ਅਤੇ ‘ਜੱਟੀਆਂ ਦੇ ਗੀਤ’ ਘੋੜੀਆਂ ਦੀ ਸ਼ੈਲੀ ਵਿਚ ਲਿਖਿਆਂ ਗਿਆ ਹੈ।

ਬਿੰਬ ਮੋਹਨ ਸਿੰਘ ਦੇ ਰੂਪ ਵਿਧਾਨ ਦਾ ਮਹੱਤਵਪੂਰਨ ਤੱਤ ਹਨ। ਉਸ ਦੀ ਹਰ ਕਵਿਤਾ ਕਿਸੇ ਨਾ ਕਿਸੇ ਬਿੰਬ ਨੂੰ ਰੂਪਮਾਨ ਕਰਦੀ ਹੈ। ਉਸ ਦੇ ਬਿੰਬ ਲਘੂ ਵੀ ਹਨ ਅਤੇ ਵਿਸ਼ਾਲ ਵੀ, ਸੂਖਮ ਵੀ ਹਨ ਅਤੇ ਸਥੂਲ ਵੀ। ਕਈ ਵਾਰ ਤਾਂ ਪੋ੍ਰ.ਮੋਹਨ ਸਿੰਘ ਦੀ ਕਵਿਤਾ ਵਿਚ ਪ੍ਰਕਿਰਤਕ ਜੀਵਨ,ਇਤਿਹਾਸ, ਮਿਥਿਹਾਸ ਆਦਿ ਉਪਮਾਨਾਂ ਤੇ ਬਿੰਬਾਵਲੀ ਦੀ ਰਚਨਾ ਕਰਦਾ ਹੈ। ਡਾ. ਦਲੀਪ ਸਿੰਘ ਦੀਪ ਉਸ ਦੀ ਬਿੰਬਾਵਲੀ ਬਾਰੇ ਲਿਖਦਾਸ ਹੈ ਕਿ, “ਪ੍ਰੋ. ਮੋਹਨ ਸਿੰਘ ਦਾ ਗਿਆਨ ਕਾਫ਼ੀ ਉੱਚਾ ਹੈ। ਕਲਪਨਾ, ਯਾਦ ਤੇ ਜਾਣਕਾਰੀ ਵਿਚ ਆਧੁਨਿਕ ਕਵੀਆਂ ਵਿਚੋਂ ਉਹ ਸਿਰਮੌਰ ਹੈ। ਨਵੀਨ ਕਾਵਿ ਬਿੰਬਾਂ ਦੇ ਸਾਰੇ ਨਮੂਨੇ ਉਸ ਦੀਆਂ ਕਵਿਤਾਵਾਂ ਵਿਚ ਦੇਖੇ ਜਾ ਸਕਦੇ ਹਨ।” ਜਿਵੇਂ

ਉੱਠੋ ਦੁਰਗਾ ਵਾਂਗਰਾ ਮਹਿਖਾਸਰਾਂ ਨੂੰ ਸੋਧੀਏ
ਚੰਡ ਮੰੁਡ ਰਕਤ ਬੀਜ਼ਾਂ ਨੂੰ ਮੁਕਾਈਏ ਸਾਥੀਓ ।

ਉਪਰੋਕਤ ਵਿਵੇਚਨ ਤੋਂ ਪਤਾ ਲਗਦਾ ਹੈ ਕਿ ਪੋ੍ਰ. ਮੋਹਨ ਸਿੰਘ ਕਈ ਪ੍ਰਗਤੀਵਾਦੀ ਕਵੀਆਂ ਦਾ ਆਦਰਸ਼ ਬਣਿਆ ਹੈ। ਭਾਵੇਂ ਪ੍ਰਗਤੀਵਾਦੀ ਕਵਿਤਾ ਹਮੇਸ਼ਾ ਤੋਂ ਹੀ ਸੰਘਰਸ਼ਸ਼ੀਲ ਤੇ ਅਗਾਂਹਵਧੂ ਰਹੀ ਹੈ, ਫਿਰ ਵੀ ਆਧੁਨਿਕ ਪ੍ਰਗਤੀਵਾਦੀ ਕਵਿਤਾ ਵਿਚ ਮੋਹਨ ਸਿੰਘ ਦਾ ਇਕ ਵੱਖਰਾ ਮੁਕਾਮ ਹੈ। ਮੋਹਨ ਸਿੰਘ ਨੇ ਸੁਰੂ ਵਿਚ ਭਾਵੇਂ ਪ੍ਰੇਮ ਪਿਆਰ ਨਾ ਸੰਬੰਧਿਤ ਰਚਨਾ ਕੀਤੀ ਅਤੇ ਫਿਰ ਵਿਆਕਤੀਵਾਦ ਵੱਲ ਰੁਚਿਤ ਰਿਹਾ ਪਰ ਉਸ ਦੀ ਪੰਜਾਬੀ ਸਾਹਿਤ ਵਿਚ ਅਸਲ ਪਛਾਣ ਉਸ ਦੀ ਪ੍ਰਗਤੀਵਾਦੀ ਕਵਿਤਾ ਵਿਚ ਦੇਣ ਕਾਰਨ ਹੈ। ਉਸ ਦੀ ਕਵਿਤਾ ਮਿਹਨਤਕਸ਼ ਆਵਾਮ ਤੇ ਸੰਘਰਸ਼ਸ਼ੀਲ ਜਮਾਤ ਲਈ ਇਕ ਚਾਨਣ ਮੁਨਾਰਾ ਹੈ। ਉਸ ਨੇ ਹਮੇਸ਼ਾ ਉਸ ਵਰਗ ਦੀ ਤਰਜਮਾਨੀ ਕੀਤੀ ਜੋ ਸਦੀਆਂ ਤੋਂ ਦੱਬਿਆ ਕੁਚਲਿਆ ਤੇ ਜਿ਼ੱਲਤ ਦਾ ਜੀਵਨ ਬਤੀਤ ਕਰ ਰਿਹਾ ਹੈ। ਉਸ ਨੇ ਇਸ ਜਮਾਤ ਵਿਚੋਂ ਨਿਰਾਸ਼ਾ ਦੂਰ ਕਰਕੇ ਉਨ੍ਹਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਕੁੱਦਣ ਲਈ ਪ੍ਰੇਰਿਤ ਕੀਤਾ। ਉਸ ਅਨੁਸਾਰ ਦੁੱਖਾਂ ਤੋਂ ਮੁਕਤੀ ਦਾ ਇਕੋ ਇਕ ਰਾਹ ਸਮਾਜਵਾਦੀ ਕ੍ਰਾਂਤੀ ਹੈ, ਹੱਕ ਕਦੇ ਵੀ ਥਾਲੀ’ਚ ਪਰੋਸ ਕੇ ਨਹੀਂ ਮਿਲਦੇ, ਇਹ ਤਾਂ ਹਮੇਸ਼ਾ ਖੋਹੇ ਜਾਂਦੇ ਹਨ। ਇਸ ਲਈ ਉਸ ਨੇ ਆਪਣੀ ਕਵਿਤਾ ਵਿਚ ਸਰਮਾਏਦਾਰੀ ਨੂੰ ਵੰਗਾਰਦਿਆ ਕ੍ਰਾਂਤੀ ਦਾ ਬਿਗੁਲ ਵਜਾਇਆ ਹੈ;

ਬਣਕੇ ਸ਼ਸਤਰ ਚਮਕਣੇ
ਤੇ ਲਿਸ਼ਕਣੇ ਦਾ ਸਾਨੂੰ ਚਾਅ
ਛੱਡ ਦਿੱਤਾ ਹੈ ਅਸਾਂ ਹੁਣ
ਵਿਚ ਮਿਆਨਾਂ ਜੰਗਣਾ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 13 ਜਨਵਰੀ 2006)
(ਦੂਜੀ ਵਾਰ 12 ਅਕਤੂਬਰ 2021)

***
431
***

ਬਲਜਿੰਦਰ ਪਾਲ,
ਪਿੰਡ ਤੇ ਡਾਕਖਾਨਾ ਖੀਵਾ ਕਲਾਂ,
ਵਾਇਆ ਭੀਖੀ,
ਜ਼ਿਲਾ ਮਾਨਸਾ,
ਪੰਜਾਬ (ਇੰਡੀਆ)

ਬਲਜਿੰਦਰ ਪਾਲ

ਬਲਜਿੰਦਰ ਪਾਲ, ਪਿੰਡ ਤੇ ਡਾਕਖਾਨਾ ਖੀਵਾ ਕਲਾਂ, ਵਾਇਆ ਭੀਖੀ, ਜ਼ਿਲਾ ਮਾਨਸਾ, ਪੰਜਾਬ (ਇੰਡੀਆ)

View all posts by ਬਲਜਿੰਦਰ ਪਾਲ →