28 April 2024

ਜੇ ਘਰ ਵਿਚ ਕਿਤਾਬਾਂ ਹੋਣ ਤਾਂ— ਕੇਹਰ ਸ਼ਰੀਫ਼

ਜੇ ਘਰ ਵਿਚ ਕਿਤਾਬਾਂ ਹੋਣ ਤਾਂ……

– ਕੇਹਰ ਸ਼ਰੀਫ਼-

ਮਨੁੱਖੀ ਜਿ਼ੰਦਗੀ ਬਹੁਤ ਹੀ ਖੂਬਸੂਰਤ ਹੈ, ਇਸ ਖੂਬਸੂਰਤੀ ਦੇ ਵਾਧੇ ਵਿਚ ਕਿਤਾਬਾਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਹਨ। ਮਨੁੱਖ ਜੀਊਂਦਿਆਂ ਬਹੁਤ ਸਾਰੇ ਸੁਪਨੇ ਸਿਰਜਦਾ ਹੈ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਪੂਰੀ ਵਾਹ ਲਾਉਂਦਾ ਹੈ। ਕਿਤਾਬਾਂ ਪੜ੍ਹਦਿਆਂ ਸੋਚਣ ਦੇ ਨਵੇਂ ਢੰਗ ਤਰੀਕੇ ਸਿੱਖਦਾ ਹੈ ਅਤੇ ਉਨ੍ਹਾਂ ਉੱਤੇ ਅਮਲ ਕਰਨ ਵਲ ਰੁਚਿਤ ਹੁੰਦਾ ਹੈ।

ਹਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚ ਖਾਣ-ਪੀਣ ਅਤੇ ਰਹਿਣ ਆਦਿ ਦੀਆਂ ਸਹੂਲਤਾਂ ਦੀਆਂ ਹੀ ਗੱਲਾਂ ਕੀਤੀਆਂ ਜਾਂਦੀਆਂ ਹਨ। ਪਰ ਜਿਨ੍ਹਾਂ ਲੋਕਾਂ ਨੇ ਬੌਧਿਕਤਾ ਵਲ ਤੁਰਨਾ ਹੁੰਦਾ ਹੈ ਉਨ੍ਹਾਂ ਨੂੰ ਕਿਤਾਬਾਂ ਦੀ ਉਂਗਲ ਫੜਨੀ ਹੀ ਪੈਂਦੀ ਹੈ ਤਾਂ ਜੋ ਗਿਆਨ/ਸੂਝ ਦੇ ਦਰ ਤੱਕ ਪਹੁੰਚ ਸਕਣ। ਅਜ ਉਹ ਵਕਤ ਹੈ ਜਦੋਂ ਕਿਤਾਬ ਬਹੁਤ ਸਾਰੇ ਲੋਕਾਂ ਦੇ ਵਸੋਂ ਬਾਹਰੀ ‘ਸ਼ੈਅ’ ਨਹੀਂ, ਲੋੜ ਤਾਂ ਇਸ ਪਾਸੇ ਰੁਖ ਕਰਕੇ ਤੁਰਨ ਦੀ ਹੈ। ਆਦਤ ਜਾਂ ਗੇਜ੍ਹ ਪਾਉਣ ਦੀ ਹੈ। ਇਸਦਾ ਸਬੰਧ ਮਨ ਦੀ ਜਗਿਆਸੂ ਬਿਰਤੀ ਨਾਲ ਹੈ। ਇਸ ਵਾਸਤੇ ਸੁੱਤੇ ਮਨ ਨੂੰ ਜਗਾਉਣਾ ਪੈਂਦਾ ਹੈ। ਉਂਝ ਵੀ ਅਕਲ ਦੇ ਵਿਹੜੇ ਪੈਰ ਰੱਖਣ ਤੋਂ ਝਿਜਕ/ਸ਼ਰਮ ਕਾਹਦੀ? ਹਰ ਜਗਿਆਸੂ ਮਨੁੱਖ ਕਿਤਾਬ ਨੂੰ ਆਪਣੀ ਲੋੜ ਸਮਝੇ ਤੇ ਇਸਦੇ ਸਿੱਟੇ ਵਜੋਂ ਸਮਾਜ ਜਾਂ ਸਮਾਜਾਂ ਅੰਦਰ ਨਿੱਤ ਪੈਦਾ ਹੁੰਦੇ ਬੇਲੋੜੇ ਤਣਾਵਾਂ/ਟਕਰਾਵਾਂ/ਝਗੜਿਆਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ।

ਹਰ ਮਨੁੱਖ ਹੀ ਆਪਣੇ ਘਰ ਦੀ ਖੁਬਸੂਰਤੀ ਵਾਸਤੇ ਲੋੜ ਦੀਆਂ ਚੀਜ਼ਾਂ ਆਪਣੇ ਵਸੋਂ ਬਾਹਰਾ ਹੋ ਕੇ ਖਰੀਦਦਾ ਹੈ, ਪਰ ਕਿਤਾਬਾਂ ਖਰੀਦਣ ਵੇਲੇ ਕੰਜੂਸੀ ਕਿਉਂ? ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਲੋਕ ਘਰ ਦੇ ਖਰਚ ਨੂੰ ਸਾਵਾਂ ਰੱਖਣ ਵਾਸਤੇ ( ਜਾਂ ਦੂਜਿਆਂ ਸਾਹਮਣੇ ਆਪਣੇ ਆਪ ਨੂੰ ਐਵੇਂ ਹੀ ਸਿਆਣਾ ਦੱਸਣ ਵਾਸਤੇ) ਘਰ ਦਾ ਬੱਜਟ ਬਣਾਉਂਦੇ ਹਨ। ਪਰ ਕਿੰਨੇ ਕੁ ਘਰ ਹੋਣਗੇ ਜਿੱਥੇ ਕਿਤਾਬਾਂ ਲਈ ਖਰਚਣ ਵਾਸਤੇ ਵੀ ਘਰੇਲੂ ਬੱਜਟ ਵਿਚ ਕੁੱਝ ਰੱਖਿਆ ਗਿਆ ਹੋਵੇ। ਪੰਜਾਬੀ ਲੇਖਕਾਂ ਵਿਚ ਇਹ ਰੁਚੀ ਬਹੁਤ ਹੀ ਘੱਟ ਦੇਖੀ ਗਈ ਹੈ ਕਿ ਉਹ ਖੁਦ ਖਰੀਦ ਕੇ ਕਿਤਾਬਾਂ ਪੜ੍ਹਦੇ ਹੋਣ। ਬਹੁਤੇ ਤਾਂ ਮੁਫਤ ਮਿਲਣ ਵਾਲੀਆਂ ਕਿਤਾਬਾਂ ਦੀ ਹੀ ਉਡੀਕ ਕਰੀ ਜਾਂਦੇ ਹਨ। ਇਸ ਕਰਕੇ ਹੀ ਜਦੋਂ ਕਿਸੇ ਪੁਸਤਕ ਉਤੇ ਹੋ ਰਹੀ ਗੋਸ਼ਟੀ/ਵਿਚਾਰ ਚਰਚਾ ਵਿਚ ਭਾਗ ਲੈਣ ਜਾਂਦੇ ਹਨ ਤਾਂ ‘ਮੂੰਹ-ਜ਼ੁਬਾਨੀ’ ਭਾਵ ਬਿਨਾ ਕਿਤਾਬ ਪੜ੍ਹਿਆਂ ਹੀ ਉਸ ਕਿਤਾਬ ਬਾਰੇ ‘ਵਿਦਵਤਾ ਭਰਪੂਰ’ ਲੈਕਚਰ ਝਾੜ ਦੇਣਗੇ। ਜੇ ਕੋਈ ਪੁੱਛ ਲਵੇ ਕਿ ਜਦੋਂ ਕਿਤਾਬ ਪੜ੍ਹੀ ਹੀ ਨਹੀਂ ਤਾਂ ਐਵੇਂ ਹੀ ਬਿਨਾ ਕਿਤਾਬ ਪੜ੍ਹਿਆਂ ਕਮਲ਼ ਘੋਟਣ ਦਾ ਕੀ ਫਾਇਦਾ? ਅੱਗਿੳਂ ਬੇਸ਼ਰਮੀ ਭਰਿਆ ਜਵਾਬ ਦੇਣਗੇ, ‘ਸੱਦਾ ਭੇਜਣ ਵਾਲੇ ਪ੍ਰਬੰਧਕਾਂ ਦਾ ਮਾਣ ਵੀ ਤਾਂ ਰੱਖਣਾਂ ਹੋਇਆ’। ਜਿਨ੍ਹਾਂ ਸਮਾਜਾਂ ਨੇ ਤਰੱਕੀ/ਵਿਕਾਸ ਕਰਨਾ ਹੁੰਦਾ ਹੈ ਉਨ੍ਹਾਂ ਨੂੰ ਨਵੀਂ ਸੋਚ ਦੀ ਲੋੜ ਪੈਂਦੀ ਹੈ। ਫਲਸਫਿਆਂ ਨੂੰ ਜਨਮ ਦੇਣ ਵਾਲੇ, ਲੋਕਾਂ ਦੀ ਅਗਵਾਈ ਕਰਨ ਦੇ ਐਵੇਂ ਹੀ ਯੋਗ ਨਹੀਂ ਹੋ ਜਾਂਦੇ, ਉਨ੍ਹਾਂ ਦੀ ਨਵੀਂ ਦ੍ਰਿਸ਼ਟੀ/ਨਵੇਂ ਵਿਚਾਰ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਸਦਕਾ ਕੋਈ ਨਵੀਂ ਲੀਹ ਤੁਰਦੀ ਹੈ। ਜਦੋਂ ਧਾਰਮਿਕ ਬਿਰਤੀ ਵਾਲੇ ਕਹੇ ਜਾਂਦੇ ਮਹਾਂਪੁਰਸ਼ਾਂ ਨੇ ਲੋਕਾਂ ਨੂੰ ‘ਰੱਬ ਦੇ ਘਰ’ ਦਾ ਰਸਤਾ ਦੱਸਣ ਵਾਸਤੇ ਵੇਦ ਗ੍ਰੰਥ ਰਚੇ ਸਮਾਜ ਜਾਂ ਸਮਾਜਾਂ ਅੰਦਰ ਸੰਚਾਰ ਦੇ ਬਹੁਤ ਘੱਟ ਸਾਧਨ ਮੌਜੂਦ ਸਨ। ਬ੍ਰਾਮਣਵਾਦੀ ਗਲਬੇ ਦੇ ਦੌਰ ਵਿਚ ਭਾਰਤੀ ਸਮਾਜ ਅੰਦਰ ਅਕਲ ਦੀਆਂ ਗੱਲਾਂ ਦੱਸਦੇ ਇਨ੍ਹਾਂ ਵੇਦ-ਗ੍ਰੰਥਾਂ ਨੂੰ ਵਰਤਣ/ਪਰਖਣ/ਸਮਝਣ ਉੱਤੇ ਵੀ ਮਨੁੱਖਾਂ ਨਾਲ ਮੱਤਭੇਦ ਕੀਤਾ ਗਿਆ ਜੋ ਅਜ ਤੱਕ ਵੀ ਭਾਰਤੀ ਨਸਲਵਾਦ ਕਰਕੇ ਹੀ ਜਾਣਿਆ ਜਾਂਦਾ ਹੈ। ਬਹੁਤ ਸਮਾਂ ਬਾਅਦ ਸਮਾਜ ਨੂੰ ਅਸਲੋਂ ਮਨੁੱਖ ਵਾਸਤੇ ਬਨਾਉਣ ਵਾਲਿਆਂ ਨੇ ਆਪਣਾ ਫ਼ਰਜ਼ ਨਿਭਾਉਣ ਵਿਚ ਕੋਤਾਹੀ ਨਹੀਂ ਕੀਤੀ। ਜੇ ਗੱਲ ਦਰਸ਼ਨ ਦੇ ਪੱਧਰ ’ਤੇ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਸਿਆਣੇ ਵਿਚਾਰਾਂ ਨਾਲ ਮਨੁੱਖ ਨੂੰ ਸਦਾ ਹੀ ਨਵੀਂ ਵਿਚਾਰਧਾਰਕ ਧਰਤ ਅਤੇ ਨਵੀਂ ਸੇਧ ਮਿਲੀ ਹੈ। ਜਦੋਂ ਨਿਰੀ “ਧਾਰਮਿਕਤਾ” ਦੀਆਂ ਝੂਠੀਆ ਬਾਤਾਂ ਪਾ ਕੇ ਲੋਕਾਂ ਨੂੰ ਇਸ ਧੁੰਦਵਾਦ ਨਾਲ ਹੀ ਪ੍ਰਚਾਇਆ ਜਾਂਦਾ ਹੋਵੇ ਤਾਂ ਸਮਾਜ ਦੀ ਸੱਚੀ ਨਿਰਖ ਪਰਖ ਕਰਨ ਵਾਲੇ ਵੀ ਪਿੱਛੇ ਨਹੀਂ ਰਹਿੰਦੇ, ਉਹ ਵੀ ਆਪਣਾ ਯੋਗਦਾਨ ਪਾਉਂਦੇ ਹਨ। ਕਾਰਲ ਮਾਰਕਸ ਵਰਗੇ ਮਹਾਨ ਮਨੁੱਖ ਅਤੇ ਉਹਦੇ ਸਾਥੀ ਆਉਂਦੇ ਹਨ ਤੇ ਆਪਣੀਆਂ ਲਿਖਤਾਂ/ਕਿਤਾਬਾਂ ਰਾਹੀਂ ਨਵੇਂ ਵਿਚਾਰਾਂ ਨਾਲ ਮਨੱਖਾਂ/ ਸਮਾਜਾਂ ਨੂੰ ਹਲੂਣ ਕੇ ਨਵੇਂ ‘ਰਾਹ’ ਤੋਰਨ ਦਾ ਸਬੱਬ ਬਣ ਜਾਂਦੇ ਹਨ। (ਕਾਰਲ ਮਾਰਕਸ ਦੀਆਂ ਲਿਖਤਾ ਖਾਸ ਕਰਕੇ ‘ਸਰਮਾਇਆ’ ਲੁੱਟ ਰਹਿਤ ਦੁਨੀਆਂ ਦੇਖਣ ਚਾਹੁਣ ਵਾਲਿਆਂ ਦਾ ਪੱਥ ਪ੍ਰਦਰਸ਼ਕ ਬਣੀ ਅਤੇ ਜਦੋਂ ਤੱਕ ਲੁੱਟ ਰਹਿਤ ਸਮਾਜ ਨਹੀਂ ਬਣਦਾ, ਬਣੀ ਰਹੇਗੀ) ਨਵੀਆਂ ਲੀਹਾਂ ਦੇ ਸਿਰਜਣਹਾਰਿਆਂ ਨੇ ਆਪਣੇ ਆਪ ਨੂੰ ਸ਼ਬਦ ਨਾਲ ਜੋੜਿਆ ਅਤੇ ਆਪਣੇ ਸੰਗੀਆਂ-ਸਾਥੀਆਂ, ਸ਼ੁਭਚਿੰਤਕਾਂ ਅਤੇ ਪੈਰੋਕਾਰਾਂ ਨੂੰ ਵੀ ਇਸੇ ਰਾਹੇ ਤੁਰਨ ਵਾਸਤੇ ਪ੍ਰੇਰਿਤ ਕੀਤਾ। ਧਾਰਮਿਕ ਖੇਤਰ ਵਿਚ ਮੱਥੇ ਰਗੜਨ ਵਾਲੇ ਤਾਂ ਕਰੋੜਾਂ ਹੀ ਨਿੱਤ ਦੇਖੇ ਜਾ ਸਕਦੇ ਹਨ, ਇਨ੍ਹਾਂ ਵਿਚੋਂ ਸ਼ਬਦ ਨਾਲ ਕਿੰਨੇ ਕੁ ਜੁੜੇ ਹੋਏ ਹਨ? ਇੱਥੇ ਸਵਾਲੀਆ ਨਿਸ਼ਾਨ ਕਾਫੀ ਵੱਡਾ ਨਜ਼ਰ ਆਉਂਦਾ ਹੈ।

ਜਾਗਦੇ ਮਨੁੱਖ ਦੇ ਮਨ ਦੀ ਜਗਿਆਸਾ ਮਨੁੱਖ ਨੂੰ ਟਿਕ ਕੇ ਬਹਿਣ ਨਹੀਂ ਦਿੰਦੀ। ਇਹ ਟਿਕ ਕੇ ਨਾ ਬਹਿਣ ਦੀ ਬਿਰਤੀ ਹੀ ਮਨੁੱਖ ਨੂੰ ਕ੍ਰਿਆਸ਼ੀਲ ਰਖਦੀ ਹੈ। ਪੱਛਮੀ ਸਮਾਜਾਂ ਵਿਚ ਜਿੱਧਰ ਵੀ ਜਾਉ ਲੋਕਾਂ ਦੇ ਘਰਾਂ ਵਿਚ ਹੋਰ ਲੋੜ ਵਾਲੀਆਂ ਵਸਤਾਂ ਦੇ ਨਾਲ ਤੁਹਾਨੂੰ ਕਿਤਾਬਾਂ ਵੀ ਨਜ਼ਰੀਂ ਪੈਣਗੀਆਂ। ਬਹੁਤ ਸਾਰੇ ਲੋਕ ਵਿਹਲ ਦੇ ਸਮੇਂ ਨੂੰ ਪੜ੍ਹਨ ਲਈ ਵਰਤਦੇ ਹਨ। ਜਨਮ ਦਿਨਾਂ, ਵਿਆਹ-ਸ਼ਾਦੀਆਂ, ਵਰ੍ਹੇ ਗੰਢਾਂ ਜਾਂ ਹੋਰ ਅਜਿਹੇ ਖੁਸ਼ੀ ਦੇ ਮੌਕਿਆਂ ’ਤੇ ਲੋਕ ਕਿਤਾਬਾਂ ਦੇ ਤੋਹਫੇ ਦਿੰਦੇ ਹਨ।

ਆਪਣੇ ‘ਸਫਰਨਾਮਾ’ ਮਾਰਕਾ ਲੇਖਕ ਜਦੋਂ ਵੀ ਬਾਹਰ ਜਾਂਦੇ ਹਨ ਤਾਂ ਖਾਧੇ ਹੋਏ ਪਕੌੜਿਆਂ-ਸਮੋਸਿਆਂ ਜਾਂ ਪੀਤੀਆਂ ਹੋਈਆਂ ਸ਼ਰਾਬਾਂ ਦਾ ਹੀ ਜਿ਼ਕਰ ਕਰੀ ਜਾਣਗੇ। ਬਾਹਰਲੇ ਸਮਾਜ , ਜਿਸ ਬਾਰੇ ਲਿਖਣ ਦਾ ਉਨ੍ਹਾਂ ਨੇ ਦਾਅਵਾ ਕੀਤਾ ਹੁੰਦਾ ਹੈ ਉਸਦੀ ਉਨ੍ਹਾਂ ਨੂੰ ਸਮਝ ਨਾ ਹੋਣ ਕਰਕੇ ਉਹਦਾ ਨਿਗੂਣਾ/ਚਲਵਾਂ ਜਿਹਾ ਹੀ ਜਿ਼ਕਰ ਹੁੰਦਾ ਹੈ ਜਿਸ ਨਾਲ ਆਪਣੇ ਆਪ ਨੂੰ ਇਹ ‘ਸਿਆਣੇ’ ਕਹਾਉਣ ਵਾਲੇ ਭੰਬਲ਼ਭੂਸੇ ਭਰੀ ਧੁੰਦ ਖਿਲਾਰਨ ਤੋਂ ਵੱਧ ਕੁੱਝ ਵੀ ਨਹੀਂ ਕਰਦੇ। ਇਨ੍ਹਾਂ ਨੂੰ ਬੌਧਿਕ ਗਰੀਬੀ ਢੋਣ ਵਾਲੇ ਦੋ-ਲੱਤੇ ਜੀਵ ਵੀ ਆਖਿਆ ਜਾ ਸਕਦਾ ਹੈ।

ਮਨੁੱਖ ਹਰ ਵੇਲੇ ਤਾਂ ਸਹਿਜ ਅਵਸਥਾ ਵਿਚ ਨਹੀਂ ਹੁੰਦਾ। ਕਦੇ ਮਨ ਵਿਚ ਕਿਸੇ ਗੱਲ ਦੀ ਕੁੜੱਤਣ, ਕਦੇ ਘਰੇਲੂ ਪ੍ਰੇਸ਼ਾਨੀਆਂ ਜਾਂ ਸਮਾਜ ਵਿਚ ਵਾਪਰ ਰਹੇ ਨਵੇਂ ਦਿਲ-ਢਾਹੂ ਵਰਤਾਰੇ ਸੰਵੇਦਨਸ਼ੀਲ ਮਨੁੱਖ ਨੂੰ ਦੁਖੀ ਕਰਦੇ ਹਨ। ਇਨ੍ਹਾਂ ਜਾਂ ਇਨ੍ਹਾਂ ਵਰਗੀਆਂ ਹੋ ਰਹੀਆਂ ਹੋਰ ਗੱਲਾਂ ਦੇ ਕਾਰਨਾਂ ਬਾਰੇ ਸੋਚਣ ਵਾਸਤੇ ਮਨ ਨੂੰ ਇਕਾਗਰ ਕਰਨਾ ਜ਼ਰੂਰੀ ਹੁੰਦਾ ਹੈ। ਅਜਿਹੇ ਮੌਕੇ ਮਨੁੱਖ ਵਾਸਤੇ ਕਿਤਾਬਾਂ ਤੋਂ ਵੱਡਾ ਹੋਰ ਕੌਣ ਸਹਾਈ ਹੋ ਸਕਦਾ ਹੈ? ਵਿਅਕਤੀ ਕੋਈ ਕਵਿਤਾ, ਕਹਾਣੀ ,ਲੇਖ ਜਾਂ ਕੁੱਝ ਵੀ ਪੜੇ ਮਨ ਹੋਰ ਵੀ ਸੋਚਣ ਲਗਦਾ ਹੈ। ਇਹ ‘ਹੋਰ’ ਸੋਚਣਾਂ ਮਨ ਅੰਦਰ ਨਵਾਂ ਵਿਚਾਰ ਪੈਦਾ ਕਰਨ ਦਾ ਸਬੱਬ ਬਣ ਜਾਂਦਾ ਹੈ। ਮਨ ਨੂੰ ਚੜ੍ਹਦੀ ਕਲਾ ਵਲ ਜਾਣ ਦਾ ਰਸਤਾ ਮਿਲ ਜਾਂਦਾ ਹੈ। ਪਰ, ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਾਧਨ ਵੀ ਹੋਵੇ। ਭਾਵ ਜੇ ਘਰ ਵਿਚ ਕਿਤਾਬਾਂ ਮੌਜੂਦ ਹੋਣਗੀਆਂ ਤਾਂ ਘਰੇਲੂ ਔਰਤਾਂ ਵੀ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋ ਕੇ ਜਾਂ ਘਰੇਲੂ ਕੰਮਾਂ ਵਿਚੋਂ ਵਿਹਲ ਕੱਢ ਕੇ ਪੜ੍ਹਨ ਵਲ ਰੁਚਿਤ ਹੋ ਸਕਦੀਆਂ ਹਨ-ਇਸ ਤਰ੍ਹਾਂ ਮਾਵਾਂ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਪੜ੍ਹਨ ਦੀ ਆਦਤ ਪਾ ਸਕਦੀਆਂ ਹਨ। ਛੋਟੇ ਬੱਚਿਆਂ ਵਾਸਤੇ ਤਸਵੀਰਾਂ ਵਾਲੀਆਂ ਕਿਤਾਬਾਂ ਬੇਹੱਦ ਜਰੂਰੀ ਅਤੇ ਲਾਭਦਾਇਕ ਹਨ ਜੋ ਹਰ ਘਰ ਵਿਚ ਹੋਣੀਆਂ ਚਾਹੀਦੀਆਂ ਹਨ, ਤਸਵੀਰਾਂ ਦੇਖਦਿਆਂ ਬੱਚੇ ਸਹਿਜ ਨਾਲ ਹੀ ਨਾਲ ਲਿਖਿਆ ਹੋਇਆ ਪਾਠ ਵੀ ਪੜ੍ਹ ਜਾਣਗੇ। ਬੱਚੇ ਨੂੰ ਬਚਪਨ ਵਿਚ ਕਿਤਾਬ ਦੇ ਕੇ ਉਸਨੂੰ ਸਾਰੀ ਉਮਰ ਵਾਸਤੇ ਕਿਤਾਬ ਨਾਲ ਜੋੜਿਆ ਜਾ ਸਕਦਾ ਹੈ। ਆਉਣ ਵਾਲੇ ਕੱਲ੍ਹ ਨੂੰ ਖੁਸ਼ਗਵਾਰ ਬਨਾਉਣ ਵਾਸਤੇ ਇਹ ਬਹੁਤ ਜ਼ਰੂਰੀ ਹੈ। ਕਿਸੇ ਵੀ ਸਮਾਜ ਨੂੰ ਕਿਤਾਬਾਂ ਦੇ ਲੜ ਲਾ ਕੇ ਉਸ ਸਮਾਜ ਨੂੰ ਅਕਾਰਨ ਹੀ ਪੈਦਾ ਹੋਣ ਵਾਲੇ ਗੈਰ ਜਰੂਰੀ ਝਗੜਿਆਂ ਅਤੇ ਤਣਾਵਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਕਿਤਾਬਾਂ ਦੇ ਆਸਰੇ ਊਚ-ਨੀਚ, ਵਖਰੇਵਿਆਂ, ਪਾੜਿਆਂ, ਜੰਗਾਂ ਅਤੇ ਨਫ਼ਰਤਾਂ ਤੋਂ ਰਹਿਤ ਭਰੱਪਣ ਭਰਿਆ, ਸ਼ਾਂਤਮਈ ਸਮਾਜ/ਸੰਸਾਰ ਵੀ ਸਿਰਜਿਆ ਜਾ ਸਕਦਾ ਹੈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 11 ਅਪਰੈਲ 2006)
(ਦੂਜੀ ਵਾਰ 10 ਅਕਤੂਬਰ 2021)

***
429
***

About the author

kehar sharif
ਕੇਹਰ ਸ਼ਰੀਫ਼, ਜਰਮਨੀ
keharsharif@avcor.de | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →