28 March 2024

ਹਾਜ਼ਰ ਨੇ ਨਾਮਵਰ ਗ਼ਜ਼ਲਗੋ ਗੁਰਸ਼ਰਨ ਸਿੰਘ ਅਜੀਬ (ਲੰਡਨ) ਦੀਆਂ ਛੇ ਗ਼ਜ਼ਲਾਂ

 ਛੇ ਗ਼ਜ਼ਲਾਂ
ਕਰੋਨੇ ਦਾ ਮੈਂ ਰੁਖ਼ ਬਦਲਾਂ ਖ਼ਿਜ਼ਾਵਾਂ ਨੂੰ ਫ਼ਜ਼ਾਵਾਂ ਵਿਚ!
(ISSS.ISSS.ISSS.ISSS)  –   ਬਹਿਰ: ਹਜ਼ਜ1. ਗ਼ਜ਼ਲ

ਕਰੋਨੇ ਦਾ ਮੈਂ ਰੁਖ਼ ਬਦਲਾਂ ਖ਼ਿਜ਼ਾਵਾਂ ਨੂੰ ਫ਼ਜ਼ਾਵਾਂ ਵਿਚ॥
ਪਹਾੜਾਂ ਦਾ ਮਜ਼ਾ ਲੈਨਾਂ ਮੈਂ ਬਹਿ ਬਹਿ ਕੇ ਗੁਫ਼ਾਵਾਂ ਵਿਚ॥

ਜਦੋਂ ਚਿਤਵਾਂ ਸਦਾ ਚਿਤਵਾਂ ਭਲਾਈ ਲੋਕਤਾ ਖ਼ਾਤਰ,
ਰਹਾਂ ਮੈਂ ਵਿਚ ਭਰਾਵਾਂ ਦੇ ਗੁਜ਼ਾਰਾਂ ਦਿਨ ਕਲਾਵਾਂ ਵਿਚ॥

ਮੁਸੀਬਤ ਸੰਗ ਲੜਣਾ ਰੋਜ਼ ਮੈਂ ਬਚਪਨ ਤੋਂ ਹੀ ਸਿੱਖਿਐ,
ਹਵਾਈਆਂ ਮੈਂ ਨਹੀਂ ਛਡਦਾ ਨਹੀਂ ਉਡਦਾ ਹਵਾਵਾਂ  ਵਿਚ॥

ਜ਼ਮੀਂ ‘ਤੇ ਰਹਿ ਕੇ ਵੀ ਝੂਟਾਂ ਸਦਾ ਮੈਂ ਪੀਂਘ ਸਤਰੰਗੀ,
ਜਹੰਨਮ ਨੂੰ ਬਣਾ ਕੇ ਸੁਰਗ ਬੈਠਾਂ ਸੀਤ ਛਾਵਾਂ ਵਿਚ॥

ਪਤਾ ਨਈਂ ਹੁੰਦੀਆਂ ਜਾਂ ਨਾ ਇਹ ਪਰੀਆਂ ਵਿਚ ਸੁਰਗਾਂ ਦੇ,
ਮਗਰ ਅਪਣੇ ਉਸਾਰੇ ਸੁਰਗ ‘ਚ ਹਾਂ ਮੈਂ ਅਪਸਰਾਵਾਂ ਵਿਚ॥

ਮਿਰਾ ਨਿਸਚਾ ਰਿਹੈ! ਕਹਿਣੇ ਤੇ ਕਰਨੇ ਵਿਚ ਹਮੇਸ਼ਾ ਹੀ,
ਨਹੀਂ ਵਿਸਵਾਸ ਮੈਂ ਰੱਖਦਾਂ ਕਦੇ ਸੁਣੀਆਂ ਕਥਾਵਾਂ ਵਿਚ॥

ਦੁਆਵਾਂ! ਮਿੱਤਰਾਂ ਦੀਆਂ!!  ਨੇ  ਮੈਨੂੰ ਮੁੜ ਜਿਵਾ ਦਿੱਤੈ,
ਮਿਰਾ ਵਿਸ਼ਵਾਸ ਹੈ ਬੱਝਾ  ਤੁਸਾਂ ਦੀਆਂ ਦੁਆਵਾਂ ਵਿਚ॥

ਤੁਹਾਡੇ ਪਿਆਰ ਨੇ ਬਖ਼ਸ਼ੀ ਇਨਾਇਤ ਹੈ ਸਦਾ ਯਾਰੋ,
ਤੁਹਾਡਾ ਪਿਆਰ ਮੈਂ ਮਾਣਾਂ ਤੇ ਵਿਚਰਾਂ ਸ਼ੁਭ-ਇਛਾਵਾਂ ਵਿਚ॥

ਗੁਜ਼ਰ ਜਾਂਦਾ ਏ ਇ੍ਹ ਜੀਵਨ ਕਰੇਂਦੇ ਰੋਜ਼ ਕਿਰਿਆਵਾਂ,
ਉਹ ਕਾਦ੍ਹੀ ਜ਼ਿੰਦਗੀ ਯਾਰੋ ਰਹੇ ਬਿਨ ਭਾਵਨਾਵਾਂ ਵਿਚ॥

ਕਿਸੇ ਦੀ ਰਹਿਨੁਮਾਈ ਹੇਠ ਰਹਿ ਹੁੰਦੈ ਜੇ ਕੁਝ ਹਾਸਲ,
ਮੈਂ ਸਾਰੀ ਉਮਰਰ ਰਹਿ ਸਕਦਾਂ ਉਨ੍ਹਾਂ ਹੀ ਰਹਿਨੁਮਾਵਾਂ ਵਿਚ॥

ਗਜ਼ਲ ਦੀ ਸਿਨਫ਼ ਅਪਨਾਈ ਸਕੂੰਨੇ-ਜ਼ਿਹਨ ਦੀ ਖ਼ਾਤਰ,
ਨਹੀਂ ਮੈਂ ਮਾਰਦਾ ਟਕਰਾਂ ਹਾਂ ਵਾਧੂ ਦੀਆਂ ਵਿਧਾਵਾਂ ਵਿਚ॥

ਗਜ਼ਲ ਕਹਿਣੀ ‘ਅਜੀਬਾ’ ਇਕ ਕਲਾ ਕੁਦਰਤ ਜੋ ਬਖ਼ਸ਼ੀ ਹੈ,
ਭਰਾਂ ਵਿਚ ਜਾਨ ਇਸ ਅੰਦਰ ਮੈਂ ਰਹਿ ਸੂਖ਼ਮ ਕਲਾਵਾਂ ਵਿਚ॥
(ISSSx4)
25.09.2021
**

ਦਿਲ ਦੀ ਕਿਤਾਬ ਉੱਤੇ ਜਜ਼ਬਾਤ ਲਿਖ ‘ਅਜੀਬਾ’
(SSI+SISS x2)

2. ਗ਼ ਜ਼ ਲ

ਦਿਲ  ਦੀ    ਕਿਤਾਬ  ਉੱਤੇ  •ਜਜ਼ਬਾਤ  ਲਿਖ  ‘ਅਜੀਬਾ’।
ਨਵ-ਸੋਚ  ਦੀ   ਬੁਲੰਦੀ   ਦਿਨ  ਰਾਤ  ਲਿਖ  ‘ਅਜੀਬਾ’।

ਹਰ ਇਕ ਸ਼ਿਅਰ ਗ਼ਜ਼ਲ ਦਾ ਖ਼ੁਸ਼ੀਆਂ ਦੀ  ਕਿਰਨ  ਹੋਵੇ,
ਚਮਕਣ ਜੋ ਵਾਂਗ  ਸੂਰਜ •ਨਗ਼ਮਾਤ   ਲਿਖ  ‘ਅਜੀਬਾ’।

ਕਰਦੀ    ਗ਼ਜ਼ਲ   ਹੈ    ਨਖ਼ਰੇ     ਵਾਂਗਰ  ਤ੍ਰੀਮਤਾਂ   ਦੇ,
ਇਸ ਦੀ  ਅਦਾ ਤੇ  ਇਸ ਦੇ  •ਨਖ਼ਰਾਤ ਲਿਖ ‘ਅਜੀਬਾ’।

ਜੋ  ਜੋ   ਵੀ  ਹੋ  ਰਿਹਾ  ਹੈ  ਗ਼ਜ਼ਲਾਂ  ਦੇ  ਵਿਚ  ਸਮਾ  ਲੈ,
ਹਾਲਾਤ    ਦਾ    ਤਕਾਜ਼ਾ   ਹਾਲਾਤ     ਲਿਖ  ‘ਅਜੀਬਾ’।

ਭਾਵੇ    ਜੋ     ਲੋਕਤਾ     ਨੂੰ    ਹੋਵੇ     ਅਵਾਮ   ਖ਼ਾਤਰ,
ਕੁਝ  ਦਾਸਤਾਂ   ਅਨੋਖੀ    ਸੌਗ਼ਾਤ    ਲਿਖ   ‘ਅਜੀਬਾ’।

•ਰੰਗਾਂਵਲੀ     ਬਣੇਗੀ   ਆਖੇਂ  ਗ਼ਜ਼ਲ  ਜੋ   ਤੂੰ    ਨਿਤ,
ਰੰਗਾਂ   ‘ਚ  ਰੰਗੀਆਂ  ਜੋ  •ਗ਼ਜ਼ਲਾਤ  ਲਿਖ  ‘ਅਜੀਬਾ।

ਤੇਰੇ    ਤੇ   ਉਸ ਦੇ ਵਿਚ  ਹੈ   ਅੰਤਰ  ‘ਅਜੀਬ’ ਲਗਦੈ,
ਉਹ ਆਪਣੀ  ਤੂੰ  ਅਪਣੀ  ਗੱਲ-ਬਾਤ ਲਿਖ  ‘ਅਜੀਬਾ।

ਲੈ   ਕੇ    ਬਹਾਰ    ਆਵੇ   ਸਰਬੱਤ   ਦਾ    ਭਲਾ   ਵੀ,
ਤੂੰ   ਸ਼ਾਮ  ਰਾਤ  ਸ਼ੁਭ  ਉਹ  ਪ੍ਰਭਾਤ   ਲਿਖ  ‘ਅਜੀਬਾ’।

ਹੋਵੇ   ‘ਅਜੀਬ’   ਉਮਦਾ   ਬਿਨ   ਵਿਤਕਰੇ   ਤੋਂ    ਹੋਵੇ,
ਖ਼ੁਸ਼ੀਆਂ  ਦਾ  ਨਾਚ  ਨਚਦੀ  ਬਾਰਾਤ  ਲਿਖ ‘ਅਜੀਬਾ।

ਮਾਨਸ  ਦੀ  ਜ਼ਾਤ   ਇਕ  ਹੈ  ‘ਗੁਰਸ਼ਰਨ’  ਯਾਰ  ਮੇਰੇ,
ਨਾਂ  ਆਪਣੇ  ਦੇ  ਸੰਗ  ਨਾ  ਤੂੰ ਜ਼ਾਤ  ਲਿਖ  ‘ਅਜੀਬਾ’।

•ਜਜ਼ਬਾਤ: ਜਜ਼ਬੇ
•ਨਗ਼ਮਾਤ: ਨਗ਼ਮੇ
•ਨਖ਼ਰਾਤ: ਨਖ਼ਰੇ
•ਰੰਗਾਂਵਲੀ: ਕਾਲਪਨਿਕ ਗ਼ਜ਼ਲ ਸੰਗ੍ਰਹਿ
•ਗ਼ਜ਼ਲਾਤ: ਗ਼ਜ਼ਲਾਂ

ਜ਼਼ਰਾ਼ ਠਹਿਰੋ ਅਜੇ ਕਰਨੀ ਅਸਾਂ ਨੇ ਬਾਤ ਬਾਕੀ ਹੈ
ISSS. ISSS. ISSS.ISSS

3  ਗ਼ ਜ਼ ਲ

ਜ਼ਰਾ ਠਹਿਰੋ ਅਜੇ ਕਰਨੀ ਅਸਾਂ ਨੇ ਬਾਤ ਬਾਕੀ ਹੈ॥
ਗਿਆ ਦਿਨ ਬੀਤ ਹੈ ਭਾਵੇਂ ਸੁਹਾਨੀ ਰਾਤ ਬਾਕੀ ਹੈ॥

ਦਬਾਈ ਬੈਠੇ ਹਾਂ ਦਿਲ ਵਿਚ ਅੜੇ ਅਰਮਾਨ ਗ਼ਮ ਸ਼ਿਕਵੇ,
ਜੋ ਸੁਣਣੀ ਇਕ ਦੁਏ ਦੀ ਤਹਿ-ਦਿਲੋਂ ਗਲਬਾਤ ਬਾਕੀ ਹੈ॥

ਸਦਾ ਜਲਦੀ ਤੁਹਾਨੂੰ ਜਾਣ ਦੀ ਲੱਗੀ ਹੀ ਰਹਿੰਦੀ ਏ,
ਜ਼ਰਾ ਰੁਕਣਾ ਅਜੇ ਪਾਉਣੀ ਤੁਹਾਡੀ ਝਾਤ ਬਾਕੀ ਹੈ॥

ਅਜੇ ਤਾਂ ਕੁਝ ਨਹੀਂ ਹੋਇਆ ਗ਼ਮਾਂ ਘਰ ਪੈਰ ਹੀ ਪਾਏ,
ਜੋ ਖ਼ੁਸ਼ੀਆਂ ਵਾਲੜੀ ਢੁਕਣੀ ਅਜੇ ਬਾਰਾਤ ਬਾਕੀ ਹੈ॥

ਤਿਰੀ ਆਮਦ ‘ਤੇ ਐ ਜਾਨੁਮ ਖਿੜੇ ਫੁਲ ਸਿਰ ਝੁਕਾਂਦੇ ਨੇ,
ਨਿਵਾਣਾ ਸੀਸ ਜਿਸ ਔਣੀ ਅਜੇ ਪਰਭਾਤ ਬਾਕੀ ਹੈ॥

ਅਜੇ ਤਾਂ ਇਬਤਦਾਏ-ਜ਼ਿੰਦਗੀ ਆਗ਼ਾਜ਼ ਹੋਇਆ ਏ,
ਜੋ ਮਿਲਣੀ ਇਕ ਦੁਏ ਤੋਂ ਪ੍ਰੇਮ ਦੀ ਉਹ ਦਾਤ ਬਾਕੀ ਹੈ॥

ਅਜੇ ਚੰਦ ਸ਼ਿਅਰ ਹੀ ਆਖੇ ਬੜੇ ਅਰਮਾਨ ਨੇ ਬਾਕੀ,
ਵਿਖਾਣੀ ਮਿਸਰਿਆਂ ਦੀ ਜੰਝ  ਜੋ ਔਕਾਤ ਬਾਕੀ ਹੈ॥

ਕਹੇ ‘ਗੁਰਸ਼ਰਨ’ ਨਾ ਜਾਣਾ ਇਕੱਲਾ ਛੱਡ ਕੇ  ਮੈਨੂੰ,
ਅਜੇ ਜੋ ਮਾਣਨੀ ਆਪਾਂ  ਝੜੀ ਬਰਸਾਤ ਬਾਕੀ ਹੈ॥

ਲਗਨ ਲੱਗੀ ਰਹੇ ਮਨ ਨੂੰ ‘ਅਜੀਬਾ’ ਕਹਿਣ ਨੂੰ ਗ਼ਜ਼ਲਾਂ,
ਜੋ ਕਹਿਣੀ ਮੈਂ ਗ਼ਜ਼ਲ ਉੱਤਮ ਅਜੇ ਹਜ਼ਰਾਤ ਬਾਕੀ ਹੈ॥

ਪਾਣੀ ਸਰਾਪੇ ਦੇਸ ਦੇ ਹੈ ਗੰਧਲ਼ੀ ਹਰ ਇਕ ਨਦੀ
(SSISx4)

4. ਗ਼ ਜ਼ ਲ

ਪਾਣੀ ਸਰਾਪੇ ਦੇਸ ਦੇ ਹੈ ਗੰਧਲ਼ੀ ਹਰ ਇਕ ਨਦੀI।
ਸਾਗਰ ‘ਚ ਜਾ ਜਦ ਰਲਣਗੇ ਤਦ ਹੋਣਗੇ ਨਿਰਮਲ ਅਤੀ।

ਨੇਕੀ ਬਦੀ ਦਾ ਵੈਰ ਹੈ ਮੁੱਦਤਾਂ ਤੋਂ ਚਲਦਾ ਆ ਰਿਹਾ,
ਨੇਕੀ ਨਾ ਅਜਕਲ ਮੌਲ਼ਦੀ ਜੇ ਮੌਲ਼ਦੀ ਕੇਵਲ ਬਦੀ।

ਕਰਦੇ ਰਹੇ ਕੁਰਬਾਨੀਆਂ ਤੇ ਖੋ ਲਏ ਘਰ ਘਾਟ ਸਭ,
ਜੀਵਨ ਸੰਘਰਸ਼ਾਂ ਵਿਚ ਬਿਤਾਈ ਹੈ ਜਿਨ੍ਹਾਂ ਪੂਰੀ ਸਦੀ।

ਪਰਵਾਸ ਦਾ ਸਹਿਣਾ ਕਿਸੇ ਵੀ “ਉਮਰ-ਕੈਦੋਂ” ਘਟ ਨਾ,
ਹਰ ਵਕਤ ਹੀ ਇਹ ਰੂਹ ਨਿਮਾਣੀ ਦੇਸ ਨੂੰ ਹੈ ਤਰਸਦੀ॥

ਮੇਰਾ ਵਤਨ ਹੈ ਦੋਸਤੋ ਹੁਣ ਹਥ ਜਲਾਦਾਂ ਆ ਗਿਆ,
ਜੋ ਨੋਚ ਕੇ ਹਨ ਖਾ ਗਏ ਸੋਨੇ ਦੀ ਇਹ ਸੁੰਦਰ ਚਿੜੀ।

ਮੇਰੇ ਲਈ ਸਭ ਇੱਕ ਨੇ ਨਦੀਆਂ ਜਹਾਂ ਸਾਰੇ ਦੀਆਂ,
ਕੀ ਫ਼ਰਕ ਪੈਂਦਾ ਹੈ ਉਹ ਹੈ ਨਰਬਦਾ ਜਾਂ ਨਰਬਦੀ।

ਬੋਲਣ ਤੋਂ ਪਹਿਲਾਂ ਤੋਲ ਤੇ ਫਿਰ  ਕਹਿ ‘ਅਜੀਬਾ’  ਸੋਚ  ਕੇ,
ਜੋ ਗੱਲ ਮੂੰਹੋਂ  ਨਿਕਲਦੀ ਮੁੜ ਕੇ ਕਦੇ ਨਾ ਪਰਤਦੀ।

ਤੂੰ ਰੱਖਣਾ ਹਰ ਇਕ ਗ਼ਜ਼ਲ ਦਾ ਹੀ  ਵਜ਼ਨ ਪੂਰਾ ‘ਅਜੀਬ’,
ਸੋਨੇ ਖ਼ਰੇ ਦੇ ਵਾਂਗ ਤੇਰੀ ਤਾਂ ਗ਼ਜ਼ਲ ਬਣਨੀ ਖ਼ਰੀ।

ਦਿਲਰੁਬਾ ਆਖਾਂ ਮੈਂ ਤੈਨੂੰ ਜਾਂ ਕਹਾਂ ਐ ਗੁਲਬਦਨ
(SISSX3+SIS)

5.  ਗ਼ ਜ਼ ਲ

ਦਿਲਰੁਬਾ ਆਖਾਂ  ਮੈਂ  ਤੈਨੂੰ  ਜਾਂ  ਕਹਾਂ  ਐ  ਗੁਲਬਦਨ।
ਤੂੰ  ਮੇਰੀ  ਮਹਿਬੂਬ  ਮੇਰੀ  ਹਮ-ਸਫ਼ਰ   ਮੇਰੀ  ਲਗਨ।

ਨਾਲ    ਤੇਰੇ   ਗੰਢਿਆ    ਰਿਸ਼ਤਾ   ਮੇਰਾ   ਪਰਮਾਤਮਾ,
ਦੁੱਖ-ਸੁੱਖ  ਤੇਰਾ  ਮੇਰਾ, ਸਾਂਝੀ ਖ਼ੁਸ਼ੀ ਸਭ  ਗ਼ਮ  ਸ਼ਗਨ।

ਵੰਡਿਆ  ਤੇਰਾ  ਨਾ  ਮੇਰਾ,  ਇੱਕ   ਰੂਹ  ਦੋ   ਜਾਨ  ਹਾਂ,
ਬਿਨ   ਤੇਰੇ  ਵੀਰਾਨ  ਮੇਰੀ   ਜ਼ਿੰਦਗੀ   ਮੇਰਾ  ਚਮਨ।

ਸ਼ਬਨਮੀ ਤੁਪਕੇ  ਦੇ  ਵਾਂਗੂੰ ਸਾਫ਼ ਨਿਰਮਲ  ਮਨ  ਤੇਰਾ,
ਪਾਕ  ਤੋਂ  ਵੀ  ਪਾਕ ਤੇਰੀ ਛੋਹ  ਤੇਰਾ ਤਨ-ਮਨ ਬਦਨ।

ਹਰ ਗ਼ਜ਼ਲ  ਦੀਪਕ ਮੇਰੀ ਰੌਸ਼ਨ ਜਿਵੇਂ  ਚੰਨ-ਪੁਰਨਮੀ,
ਏਸ ਦੀ ਹਰ ਇਕ ਅਦਾ ਹੈ ਚਾਂਦਨੀ ਦੀ  ਨਵ-ਕਿਰਨ।

ਰਬ   ਕਰੇ  ਹਰ  ਸ਼ਹਿਰ ਕੂਚੇ  ਹਰ ਮੁਹੱਲੇ  ਸੱਥ  ਵਿਚ,
ਨਿਤ ਖ਼ੁਸ਼ੀਆਂ ਲੋਕ ਮਾਣਨ  ਹੋਣ ਖ਼ੁਸ਼ੀਆਂ  ਦੇ  ਹਵਨ।

ਚੋਰ   ਲੋਟੂ    ਤੇ   ਲੁਟੇਰੇ   ਬਣ   ਗਏ   ਨੇਤਾ  ਤਮਾਮ,
ਡਾਕੂਆਂ  ਦਾ  ਗੜ੍ਹ  ਨਿਰਾ  ਹੈ  ਦੇਸ  ਮੇਰੇ  ਦਾ ਸਦਨ।

ਆਖਦੇ ਸੁੰਦਰ ਗ਼ਜ਼ਲ ਅਜਕਲ  ਪੰਜਾਬੀ  ਸ਼ਾਇਰ  ਵੀ,
ਸਿਰ ਝੁਕਾ ਸਜਦਾ ਕਰਾਂ ‘ਗੁਰਸ਼ਰਨ’ ਸਭ ਨੂੰ ਵੀ ਨਮਨ॥

ਕਮਾਈ ਰੱਝ ਕੇ ਕੀਤੀ ਕਮਾਇਆ ਨਾਮ ਉਚਿਆਰਾ
(ISSS. ISSS. ISSSS. ISSS)

6. ਗ਼ਜ਼ਲ

ਕਮਾਈ ਰੱਝ ਕੇ ਕੀਤੀ ਕਮਾਇਆ ਨਾਮ ਉਚਿਆਰਾ॥
ਬਣਾਇਆ ਫੇਰ ਜਾ ਕੇ ਆਪਣਾ ਜੀਵਨ ਇਹ ਉਜਿਆਰਾ॥

ਕਦੇ ਪਤਝੜ ਕਦੇ ਖੇੜਾ ਕਦੇ ਵੀਰਾਨਗੀ ਵੇਖੀ,
ਕਦੇ ਵੇਖਣ ਨੂੰ ਵੀ ਮਿਲਿਆ ਇਹ ਜੀਵਨ ਪਰੇਮ ਦੀ ਧਾਰਾ॥

ਕਦੇ ਪੁਤ ਲਾਡਲਾ ਬਣ ਕੇ ਕਦੇ ਬੇਗਮ ਦਾ ਬਣ ਖ਼ਾਦਮ,
ਬਿਤਾਇਆ ਇਸ ਤਰਾਂ ਜੀਵਨ ਇਹ ਆਪਾਂ ਆਪਣਾ ਸਾਰਾ॥

ਪਲਾਂ ਵਿਚ ਤੋਲ਼ਾ ਹੋ ਜਾਂਦੈ ਪਲਾਂ ਦੇ ਵਿੱਚ ਹੀ ਮਾਸਾ,
ਰਹੇ ਚੜ੍ਹਦਾ ਅਤੇ ਲਹਿੰਦਾ ਸਨਮ ਮੇਰੇ ਦਾ ਨਿਤ ਪਾਰਾ॥

ਮਿਲੀ ਅੱਧੀ ਜਦੋਂ ਖਾਧੀ ਅਸਾਂ ਨੇ ਚੱਪਾ ਹੀ ਕੇਵਲ,
ਇਵੇਂ ਤਦ ਸਬਰ ਕਰ ਕਰ ਕੇ ਲੰਘਾਇਆ ਵਕਤ ਦੁਖਿਆਰਾ॥

ਜਦੋਂ ਦਿਨ ਆ ਗਏ ਮਾੜੇ ਲਏ ਕੱਸ ਸੀ ਕਮਰਕੱਸੇ,
ਨਾ ਮੱਠਾ ਹੋਣ ਹੀ ਦਿੱਤਾ ਅਸਾਂ ਸੰਘਰਸ਼ ਅੰਗਿਆਰਾ॥

ਗ਼ਜ਼ਲ ਵਿਚ ਰੰਗ ਭਰ ਭਰ ਕੇ ਬਣਾਈਦੈ ਇਨੂੰ ਸੁੰਦਰ,
‘ਅਜੀਬਾ’ ਇਸ ਲਈ ਚਮਕੇ ਚਮਨ ਵਿਚ ਅਜ ਗ਼ਜ਼ਲ-ਤਾਰਾ॥

***

9 ਸਤੰਬਰ 2021

***
423
***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →