ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (24 ਅਕਤੂਬਰ 2021 ਨੂੰ) 59ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸਫ਼ਲ ਗੀਤਕਾਰ ਤੇ ਗਲਪਕਾਰ ਮੱਤ ਸਿੰਘ ਢਿੱਲੋਂ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਗੀਤਕਾਰ ਤੇ ਗਲਪਕਾਰ ਮੱਤ ਸਿੰਘ ਢਿੱਲੋਂ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
ਸਫ਼ਲ ਗੀਤਕਾਰ ਤੇ ਗਲਪਕਾਰ ਮੱਤ ਸਿੰਘ ਢਿੱਲੋਂ—ਹਰਮੀਤ ਸਿੰਘ ਅਟਵਾਲਸਾਹਿਤ ਦੇ ਸਿਰਜਣਾਤਮਕ ਖੇਤਰ ਵਿਚ ਸਫ਼ਲਤਾ ਉਸ ਨੂੰ ਹੀ ਮਿਲਦੀ ਹੈ ਜਿਸ ਕੋਲ ਗੱਲ ਵੀ ਹੋਵੇ ਤੇ ਜਿਸ ਨੂੰ ਗੱਲ ਕਹਿਣੀ ਵੀ ਆਉਦੀ ਹੋਵੇ। ਸਾਡਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ ’ਚ ਵੱਸਦਾ ਕਲਮਕਾਰ ਮੱਤ ਸਿੰਘ ਢਿੱਲੋਂ ਇਸ ਪੱਖੋਂ ਸੰਪੰਨ ਹੈ। ਉਸ ਦਾ ਜ਼ਿਹਨੀ ਸੁਭਾਅ ਵੀ ਬਰੀਕੀ ਵਾਲਾ ਹੈ ਤੇ ਉਸ ਦੀ ਸਿਰਜਣਾ ਪੱਖੋਂ ਗੀਤਕਾਰੀ ਤੇ ਗਲਪਕਾਰੀ ਵੀ ਅਸਰਦਾਇਕ ਹੈ, ਪ੍ਰਭਾਵਸ਼ਾਲੀ ਹੈ ਤੇ ਪਾਠਕਾਂ ’ਚ ਪ੍ਰਵਾਨ ਹੈ। ਦਰਅਸਲ ਸਿਆਣੇ ਕਹਿੰਦੇ ਨੇ ਕਿ ਰਚਨਾਵਾਂ ਵੀ ਧੀਆਂ ਧਿਆਣੀਆਂ ਵਾਂਗ ਹੀ ਹੁੰਦੀਆਂ ਹਨ। ਪਾਠਕ ਵਰਗ ਇਨ੍ਹਾਂ ਦੇ ਸਹੁਰੇ ਘਰ ਸਮਾਨ ਹੀ ਹੰੁਦਾ ਹੈ। ਜਿਵੇਂ ਸਹੁਰੇ ਘਰ ਵਿਚ ਉਸੇ ਧੀ ਦਾ ਵਾਸਾ ਹੁੰਦਾ ਹੈ ਜਿਸ ਵਿਚ ਗੁਣ ਹੋਵੇ। ਇੰਝ ਹੀ ਸਾਹਿਤਕ ਰਚਨਾਵਾਂ ਵੀ ਪਾਠਕਾਂ ਵਿਚ ਉਹੀ ਪ੍ਰਵਾਨ ਹੁੰਦੀਆਂ ਹਨ ਜਿਨ੍ਹਾਂ ਵਿਚ ਸਾਹਿਤਕਤਾ ਹੋਵੇ ਭਾਵ ਪਰਵਾਨਗੀ ਵਾਲੇ ਗੁਣ ਹੋਣ। ਮੱਤ ਸਿੰਘ ਢਿੱਲੋਂ ਦਾ ਇਹ ਸੁਭਾਗ ਹੀ ਹੈ ਕਿ ਉਸ ਦੀਆਂ ਅਦਬੀ ਰਚਨਾਵਾਂ ਜਦੋਂ-ਜਦੋਂ ਵੀ ਕਿਤਾਬੀ ਰੂਪ ’ਚ ਪਾਠਕਾਂ ਕੋਲ ਪੁਜੀਆਂ ਹਨ ਉਦੋਂ-ਉਦੋਂ ਉਨ੍ਹਾਂ ਨੂੰ ਪਾਠਕਾਂ ਵੱਲੋਂ ਤਸੱਲੀ ਬਖ਼ਸ਼ ਪ੍ਰਵਾਨਗੀ ਮਿਲੀ ਹੈ। ਇਸ ਪ੍ਰਵਾਨਗੀ ਨੂੰ ਰਚਨਾਤਮਕ ਸਫ਼ਲਤਾ ਵੀ ਕਹਿ ਸਕਦੇ ਹਾਂ। ਮੱਤ ਸਿੰਘ ਦਾ ਜਨਮ 5 ਅਪ੍ਰੈਲ 1954 ਨੂੰ ਪਿਤਾ ਉਂਕਾਰ ਸਿੰਘ ਢਿੱਲੋਂ ਤੇ ਮਾਤਾ ਰਣਜੀਤ ਕੌਰ ਢਿੱਲੋਂ ਦੇ ਘਰ (ਨਾਨਕਿਆਂ ਦੇ ਪਿੰਡ) ਪਿੰਡ ਉਦਰਪੁਰ (ਪਹਿਲਾਂ ਜ਼ਿਲ੍ਹਾ ਲੁਧਿਆਣਾ ਤੇ ਹੁਣ ਫਤਹਿਗੜ੍ਹ ਸਾਹਿਬ) ਹੋਇਆ। ਢਿੱਲੋਂ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਪਿੰਡ ਸ਼ੇਰਪੁਰ ਪੱਕਾ (ਹੁਸ਼ਿਆਰਪੁਰ) ਵਿੱਚ ਕੀਤੀ। ਢਿੱਲੋਂ ਨੇ ਬੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਤੇ ਡੀਪੀਈ ਐੱਡ ਨਾਗਪੁਰ ਯੂਨੀਵਰਸਿਟੀ ਤੋਂ ਕੀਤੀ। ਉਹ ਆਪਣੇ ਸਮੇਂ ਦਾ ਵੈਸਟ ਐਥਲੀਟ ਤੇ ਚੰਗਾ ਖਿਡਾਰੀ ਰਿਹਾ ਹੈ। ਕਲੱਕਤਾ ਯੂਨੀਵਰਸਿਟੀ ਵਿਚ ਉਸ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਬੌਕਸਿੰਗ ਵੀ ਖੇਡੀ ਹੋਈ ਹੈ। ਵਿਆਹ ਉਪਰੰਤ ਮੱਤ ਸਿੰਘ ਢਿੱਲੋਂ 1980 ਤੋਂ ਅਮਰੀਕਾ ਵਿਚ ਹੈ ਤੇ ਆਪਣੇ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਆਪਣੇ ਕਾਰੋਬਾਰ ਵਿਚ ਵੀ ਪੂਰੀ ਤਰ੍ਹਾਂ ਸਫ਼ਲ ਹੈ। ਮੱਤ ਸਿੰਘ ਢਿੱਲੋਂ ਦੀ ਜਦੋਂ ਰਚਨਕਾਰੀ ਵੱਲ ਨਜ਼ਰ ਮਾਰਦੇ ਹਾਂ ਤਾਂ ਉਸ ਦੀਆਂ ਹੁਣ ਤਕ ਆਈਆਂ ਦੋ ਪੁਸਤਕਾਂ ‘ਤੁਰ ਪਰਦੇਸ਼ ਗਿਓਂ’ (ਗੀਤ ਸੰਗ੍ਰਹਿ) ਤੇ ‘ਸਿਆਸਤਦਾਨ’ (ਨਾਵਲ) ਸਾਡੇ ਅਧਿਐਨ ਦੇ ਅੰਤਰਗਤ ਆਉਦੀਆਂ ਹਨ। ਮੱਤ ਸਿੰਘ ਢਿੱਲੋਂ ਦੇ ਇਸ ਗੀਤ ਸੰਗ੍ਰਹਿ ਵਿਚ ਤਕਰੀਬਨ ਤਿੰਨ ਕੁ ਦਰਜਨ ਗੀਤ ਹਨ ਜਿਨ੍ਹਾਂ ਦਾ ਵਿਸ਼ਾ ਵਸਤੂ ਜਿਥੇ ਮਾਨਵੀ ਸੰਬੰਧਾਂ ਅੰਦਰਲੀ ਅਨੇਕ ਤਰ੍ਹਾਂ ਦੀ ਹਾਂ-ਨਾਂਹਪੱਖੀ ਕਸ਼ਮਕਸ਼ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ ਉੱਥੇ ਵਿਅਕਤੀ ਵੱਲੋਂ ਪਰਵਾਸ ਧਾਰਨ ਕਰਨ ਉਪਰੰਤ ਝੱਲੇ ਜਾਂਦੇ ਸੱਭਿਆਚਾਰਕ ਤਣਾਓ, ਨਸਲੀ ਵਿਤਕਰੇ, ਉਦਰੇਵੇ ਮੂਲ ਸੱਭਿਆਚਾਰਕ ਪਛਾਣ ਦੇ ਸਕਟਾਂ, ਪੀੜ੍ਹੀ ਪਾੜੇ, ਅਵਚੇਤਨ ’ਚ ਡੂੰਘੀਆਂ ਵਸੀਆਂ-ਧਸੀਆਂ ਕਦਰਾਂ-ਕੀਮਤਾਂ ਤੇ ਹੋਰ ਕਈ ਤਰ੍ਹਾਂ ਸੀਮਾਵਾਂ-ਸਥਿਤੀਆਂ-ਮਨੋਸਥਿਤੀਆਂ ਤੇ ਕੌੜੇ-ਮਿੱਠੇ ਤਜਰਬਿਆਂ ਦਾ ਵੀ ਭਾਵਪੂਰਤ ਇਜ਼ਹਾਰ ਕਰਦਾ ਹੈ। ਮੱਤ ਸਿੰਘ ਢਿੱਲੋਂ ਅਨੁਸਾਰ ਡਾ. ਬਲਦੇਵ ਸਿੰਘ ਧਾਲੀਵਾਲ ਤੇ ਭੁਪਿੰਦਰ ਪ੍ਰੀਤ ਨੇ ਇਸ ਗੀਤ ਸੰਗ੍ਰਹਿ ਦਾ ਖਰੜਾ ਤਿਆਰ ਕਰਨ ’ਚ ਕਾਫ਼ੀ ਸਹਾਇਤਾ ਕੀਤੀ ਹੈ। ਡਾ. ਜੋਗਿੰਦਰ ਸਿੰਘ ਕੈਰੋਂ ਨੇ ਇਹ ਗੀਤ ਸੰਗ੍ਰਹਿ ਪ੍ਰਕਾਸ਼ਿਤ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੈ। ਗੌਰਤਲਬ ਹੈ ਕਿ ਡਾ. ਬਲਦੇਵ ਸਿੰਘ ਧਾਲੀਵਾਲ 50 ਤੋਂ ਵੱਧ ਪੁਸਤਕਾਂ ਲਿਖਣ ਵਾਲਾ ਸਾਡਾ ਪੰਜਾਬੀ ਦਾ ਵਿਦਵਾਨ ਆਲੋਚਕ ਹੈ। ਧਾਲੀਵਾਲ ਦਾ ਮੱਤ ਸਿੰਘ ਢਿੱਲੋਂ ਤੇ ਉਸ ਦੀ ਗੀਤਕਾਰੀ ਬਾਰੇ ਆਖਣਾ ਹੈ ਕਿ ਮੱਤ ਸਿੰਘ ਢਿੱਲੋਂ ਅਜਿਹਾ ਗੀਤਕਾਰ ਹੈ ਜਿਹੜਾ ਹੁਣ ਤਕ ਪੰਜਾਬੀ ਦੇ ਪਾਠਕਾਂ ਅਤੇ ਸਰੋਤਿਆਂ ਤੋਂ ਛੁਪਿਆ ਰਿਹਾ ਹੈ। ਭਾਵੇਂ ਉਹ ਪਿਛਲੇ 20-25 ਸਾਲਾਂ ਤੋਂ ਗੀਤ ਲਿਖ ਰਿਹਾ ਹੈ। ਗੀਤਾਂ ਦੀ ਸਾਦਗੀ ਅਤੇ ਲੈਆਤਮਕਤਾ ਪ੍ਰਭਾਵਤ ਕਰਨ ਵਾਲੀ ਹੈ। ਨਿੱਕੇ-ਨਿੱਕੇ ਵਾਕਾਂ ਨੂੰ ਦਰਦ ਦੀ ਚਾਸ਼ਣੀ ’ਚ ਡੁਬੋਕੇ ਇਉ ਗੁੰਦਿਆ ਗਿਆ ਕਿ ਸੁਤੇਸਿੱਧ ਹੀ ਅੰਦਰ ਉੱਤਰਦੇ ਜਾਂਦੇ ਹਨ। ਢਿੱਲੋਂ ਡਾਲਰਾਂ ਪਿੱਛੇ ਪਾਗਲ ਹੋਇਆ ਨਹੀਂ ਫਿਰਦਾ ਸਗੋਂ ਹਰ ਪਲ ਕਲਾ ਨਾਲ ਜੁੜਨਾ ਲੋਚਦਾ ਰਹਿੰਦਾ ਹੈ। ਪੰਜਾਬੀ ਫਿਲਮਾਂ ਬਣਾਉਣਾ ਉਸ ਦਾ ਸ਼ੌਂਕ ਹੈ। ਗੀਤ, ਕਹਾਣੀਆਂ, ਨਾਵਲ ਲਿਖਣਾ ਉਸ ਦਾ ਜਨੂੰਨ ਹੈ। ਇਨ੍ਹਾਂ ਗੀਤਾਂ ’ਚ ਵਜਨ ਪੱਖੋਂ ਭਾਵੇਂ ਕਿਧਰੇ ਕੁਝ ਫ਼ਰਕ ਲੱਗੇ ਪਰ ਇਨ੍ਹਾ ਵਿਚਲੇ ਭਾਵਾਂ ਦੀ ਵੇਗਾਤਮਕ ਅਭਿਵਿਅਕਤੀ ਆਪਣੇ ਆਪ ’ਚ ਅਹਿਮ ਹੈ। ਇੱਕ ਗੀਤ ਦੇ ਕੁਝ ਬੰਦ ਇਥੇ ਸਾਂਝੇ ਕੀਤੇ ਜਾਂਦੇ ਹਨ ਜਿਸ ਦਾ ਨਾਂ ਹੈ ‘ਜੱਟ ਸ਼ਰਾਬੀ’:- ਪੱਬਾਂ ਵਿਚ ਪੀ ਕੇ ਜੱਟ ਕਦੇ ਕਦੇ ਦਾਰੂ ਪੀ ਕੇ ਸੜਕ ਦੇ ਉੱਤੇ ਖੜ੍ਹਾ ਜ਼ਿਕਰਯੋਗ ਹੈ ਕਿ ਮੱਤ ਸਿੰਘ ਢਿੱਲੋਂ ਦੇ ਗੀਤਾਂ ਨੂੰ ਇਨ੍ਹਾਂ ਦੀ ਗੁਣਾਤਮਿਕਤਾ ਕਰਕੇ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਗਾਇਆ ਵੀ ਹੈ। ਇਸ ਗੀਤ ਸੰਗ੍ਰਹਿ ਦਾ ਪਹਿਲਾ ਸੰਸਕਰਣ 1998 ’ਚ ਛਪਿਆ ਹੈ। ਮੱਤ ਸਿੰਘ ਢਿੱਲੋਂ ਦੀ ਦੂਜੀ ਮਹੱਤਵਪੂਰਨ ਪੁਸਤਕ ਹੈ ‘ਸਿਆਸਤਦਾਨ’ (ਨਾਵਲ) ਜਿਸ ਦਾ ਪਹਿਲਾ ਐਡੀਸ਼ਨ 2017 ਵਿਚ ਛਪਿਆ ਹੈ। 160 ਪੰਨਿਆਂ ਦਾ ਇਹ ਨਾਵਲ ਆਪਣੇ ਨਾਂ ਤੋਂ ਹੀ ਸਪੱਸ਼ਟ ਕਰਦਾ ਹੈ ਕਿ ਇਹ ਰਾਜਨੀਤੀਵਾਨਾਂ/ਸਿਆਸਤਦਾਨਾਂ ਬਾਰੇ ਹੈ। ਇਸ ਨਾਵਲ ਦਾ ਅਧਿਐਨ ਉਜਾਗਰ ਕਰਦਾ ਹੈ ਕਿ ਬਦੀ ਉੱਤੇ ਨੇਕੀ ਦੀ ਸਦਾ ਜਿੱਤ ਹੁੰਦੀ ਹੈ ਭਾਵੇਂ ਕਿੰਨੀਆਂ ਹੀ ਕਠਿਨਾਈਆਂ ਕਿਉ ਨਾ ਝੱਲਣੀਆਂ ਪੈਣ। ਨਾਵਲ ਦੇ ਮੁੱਖ ਬੰਦ ਵਿਚ ਹੀ ਮੱਤ ਸਿੰਘ ਢਿੱਲੋਂ ਨੇ ਲਿਖਿਆ ਹੈ ਕਿ ਇਹ ਨਾਵਲ ਉਨ੍ਹਾਂ ਦੇਸ਼ ਭਗਤਾਂ ਅਤੇ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਅਤੇ ਦੇਸ਼ ਵਿਚ ਨਵਾਂ ਨਿਜ਼ਾਮ ਖੜ੍ਹਾ ਕਰਨ ਲਈ ਆਪਣੀਆਂ ਜਾਨਾਂ ਹੂਲ ਦਿੱਤੀਆਂ। ਮੱਤ ਸਿੰਘ ਢਿੱਲੋਂ ਨੇ ‘ਸਿਆਸਤਦਾਨ’ ਨਾਵਲ ਵਿਚ ਅੱਜ ਦੀ ਸਿਆਸਤ ਦੇ ਸੁਭਾਅ ਦੇ ਨਕਾਰਾਤਮਕ ਪੱਖ ਨੂੰ ਬਹੁਤ ਟੁੰਬਵੀਂ ਗਲਪੀ ਸ਼ੈਲੀ ਵਿਚ ਪਾਠਕਾਂ ਸਨਮੁਖ ਰੱਖਿਆ ਹੈ। ਪੂਰਾ ਨਾਵਲ ਪੜ੍ਹਨ ਉਪਰੰਤ ਪਾਠਕ ਉੱਪਰ ਇਕ ਫਿਲਮ ਜਿਹਾ ਪ੍ਰਭਾਵ ਪੈਂਦਾ ਹੈ ਜਿਹੜੀ ਉਸ ਨੇ ਨਾਵਲ ਦੀ ਕਹਾਣੀ ਵਿੱਚੋਂ ਬਿੰਬਾਤਮਕ ਰੂਪ ’ਚ ਦੇਖੀ ਹੁੰਦੀ ਹੈ। ਨਾਵਲ ਦੀ ਮੂਲ ਕਹਾਣੀ ਪਿਓ (ਧਰਮ ਸਿੰਘ ਸਰਪੰਚ) ਤੇ ਪੁੱਤਰ (ਮੰਗਲ ਸਿੰਘ ਪੁਲਸ ਅਫ਼ਸਰ) ਦੁਆਲੇ ਘੁੰਮਦੀ ਹੈ। ਪਿਓ ਆਪਣੀਆਂ ਮਾੜੀਆਂ ਆਦਤਾਂ ਨਹੀਂ ਛੱਡਦਾ ਤੇ ਪੁੱਤਰ ਆਪਣੀਆਂ ਚੰਗੀਆਂ ਨਹੀਂ ਛੱਡਦਾ। ਅੰਤ ਜਿੱਤ ਪੁੱਤਰ ਦੀ ਹੁੰਦੀ ਹੈ। ਪੂਰਾ ਨਾਵਲ ਪੂਰੀ ਇਕਾਗਰਤਾ ਨਾਲ ਪੜ੍ਹਿਆ ਜਾਣ ਵਾਲਾ ਹੈ। ਮੱਤ ਸਿੰਘ ਢਿੱਲੋਂ ਨਾਲ ਸਾਡਾ ਅਕਸਰ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ। ਉਸ ਵੱਲੋਂ ਗੱਲਬਾਤ ’ਚੋਂ ਕੁਝ ਅੰਸ਼ ਇਥੇ ਹਾਜ਼ਰ ਹਨ :-
ਨਿਰਸੰਦੇਹ ਮੱਤ ਸਿੰਘ ਢਿੱਲੋਂ ਉੱਦਮੀ ਸਾਹਿਤਕਾਰ ਹੈ ਜਿਸ ਦੀ ਕਲਮ ਹਮੇਸ਼ਾ ਸਰਗਰਮੀ ਵਿਚ ਰਹਿੰਦੀ ਹੈ। ਪਰਦੇਸਾਂ ਦੀ ਰੁਝੇਵਿਆਂ ਭਰੀ ਵੱਖਰੇ ਸੱਭਿਆਚਾਰ ਵਾਲੀ ਜ਼ਿੰਦਗੀ ’ਚੋਂ ਸਮਾਂ ਕੱਢ ਕੇ ਮਿਆਰੀ ਸਾਹਿਤ ਸਫ਼ਲਤਾ ਸਹਿਤ ਲਿਖਣਾ ਆਪਣੇ ਆਪ ਵਿਚ ਇਕ ਪ੍ਰਾਪਤੀ ਹੈ। |
*** |